You are here

ਲੁਧਿਆਣਾ

ਐਸ ਪੀ ਸਕੂਟਰ ਬਜ਼ਾਰ ਦਾ ਨਵਾਂ ਦਫ਼ਤਰ ਖੋਲਿਆਂ

ਜਗਰਾਓਂ,17 ਸਤੰਬਰ (ਡਾ.ਮਨਜੀਤ ਸਿੰਘ ਲੀਲਾਂ ) ਸਥਾਨਕ ਸੇਰਪੁਰਾ ਚੌਂਕ ਨੇੜੇ ਅੱਜ ਪ੍ਰਦੀਪ ਸਿੰਘ ਅਤੇ ਕੋਮਲ ਸਿੰਘ ਵੱਲੋਂ ਅਪਣਾ ਨਵਾਂ ਦਫ਼ਤਰ ਐਸ ਪੀ ਸਕੂਟਰ ਬਜ਼ਾਰ  ਖੋਲਿਆਂ ਗਿਆ ਅਤੇ ਸੁਖਮਨੀ ਸਾਹਿਬ ਦੇ ਭੋਗ ਪਾਏ ਗਏ।ਇਸ ਮੌਕੇ ਪੰਜਾਬ ਪੁਲਿਸ ਵੈਲਫੇਅਰ ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਸਤਨਾਮ ਸਿੰਘ ਬੈਂਸ ਸਾਬਕਾ ਐਸ ਪੀ ਵਿਸ਼ੇਸ਼ ਤੌਰ ਤੇ ਪਹੁੰਚੇ।ਇਸ ਮੌਕੇ ਜਗਰਾਓਂ ਸਕੂਟਰ ਮੋਟਰਸਾਈਕਲ ਬਜ਼ਾਰ ਯੂਨੀਅਨ ਦੇ ਸਰਪ੍ਰਸਤ ਜਗਤਾਰ ਸਿੰਘ ਬਰਾੜ, ਪ੍ਰਧਾਨ ਜਗਤਾਰ ਸਿੰਘ ਚਾਵਲਾ, ਚੇਅਰਮੈਨ ਰਛਪਾਲ ਸਿੰਘ ਤੂਰ, ਗੁਰਮੀਤ ਸਿੰਘ ਮਾਨ, ਜਗਤਾਰ ਸਿੰਘ ਲਾਲਾ, ਅਸ਼ਵਨੀ ਕੁਮਾਰ, ਜਗਸੀਰ ਸਿੰਘ ਗਾਲਿਬ, ਰਾਕੇਸ਼ ਕੁਮਾਰ ਬਾਗੜੀ, ਭੁਪਿੰਦਰ ਸਿੰਘ ਆਈਡੀਐਫਸੀ ਬੈਂਕ ਅਤੇ ਸਕੂਟਰ ਬਜ਼ਾਰ ਦੇ ਹੋਰ ਮੈਂਬਰਾਂ ਤੋਂ ਇਲਾਵਾ ਰਿਸ਼ਤੇਦਾਰ ਪਹੁੰਚੇ।

ਵਿਧਾਇਕ  ਛੀਨਾ ਵਲੋਂ  ਇੰਡੀਅਨ ਸਵੱਛਤਾ ਲੀਗ 2.O ਦਾ ਆਗਾਜ਼

ਲੁਧਿਆਣਾ, 17 ਸਤੰਬਰ (ਟੀ. ਕੇ. ) – ਵਾਤਾਵਰਣ ਨੂੰ ਸਾਫ ਸੁਥਰਾ ਅਤੇ ਸ਼ਹਿਰ ਨੂੰ ਕੂੜਾ-ਕਰਕਟ ਰਹਿਤ ਬਣਾਉਣ ਦੇ ਮੰਤਵ ਨਾਲ ਵਿਧਾਨ ਸਭਾ ਹਲਕਾ ਲੁਧਿਆਣਾ ਦੱਖਣੀ ਤੋਂ ਵਿਧਾਇਕ ਰਾਜਿੰਦਰਪਾਲ ਕੌਰ ਛੀਨਾ ਵਲੋਂ  ਇੰਡੀਅਨ ਸਵੱਛਤਾ ਲੀਗ 2.O ਦਾ ਆਗਾਜ਼ ਕੀਤਾ ਗਿਆ।

ਨਗਰ ਨਿਗਮ ਲੁਧਿਆਣਾ ਕਮਿਸ਼ਨਰ ਸੰਦੀਪ ਰਿਸ਼ੀ, ਜੋਨਲ ਕਮਿਸ਼ਨਰ ਕੁਲਪ੍ਰੀਤ ਸਿੰਘ ਅਤੇ ਸਿਹਤ ਅਫਸਰ ਡਾ. ਵਿਪਲ ਮਲਹੋਤਰਾ ਦੀ ਅਗਵਾਈ ਵਿੱਚ ਨਗਰ ਨਿਗਮ ਲੁਧਿਆਣਾ ਜੋਨ-ਸੀ ਵਿਖੇ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ।

ਇਸ ਰੈਲੀ ਮੌਕੇ ਐਨ.ਸੀ.ਸੀ., ਸੈਲਫ ਹੈਲਪ ਗਰੁੱਪ, ਐਨ ਜੀ ਓ ਅਤੇ ਮੁਹੱਲਾ ਨਿਵਾਸੀਆਂ ਨੇ ਵੱਧ ਚੜ੍ਹਕੇ ਸ਼ਮੂਲੀਅਤ ਕੀਤੀ। ਇਸ ਰੈਲੀ ਦੀ ਮੁੱਖ ਮੰਤਵ ਘਰ ਘਰ ਜਾ ਕੇ ਸੁਨੇਹਾ ਦੇਣਾ ਹੈ ਕਿ ਆਪਣੇ ਘਰ ਨੂੰ ਸਾਫ ਸੁਥਰਾ  ਰੱਖਣਾ, ਆਪਣੇ ਘਰ ਦੇ ਆਲੇ ਦੁਆਲੇ ਦੀ ਸਫਾਈ ਰੱਖਣੀ ਅਤੇ ਗਿੱਲੇ ਤੇ ਸੁੱਕੇ ਕੂੜੇ ਨੂੰ ਵੱਖ-ਵੱਖ ਰੱਖਿਆ ਜਾਣਾ ਹੈ। 

ਵਿਧਾਇਕ ਛੀਨਾ ਵਲੋਂ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਘਰ ਘਰ ਜਾ ਕੇ ਲੋਕਾਂ ਨੂੰ ਸਫਾਈ ਪ੍ਰਤੀ ਜਾਗਰੂਕ ਕੀਤਾ ਜਾਵੇ। ਉਨ੍ਹਾਂ ਮੁਹੱਲਾ ਨਿਵਾਸੀਆਂ ਨੂੰ ਆਪਣੇ ਘਰ ਵਿੱਚ ਗਿੱਲੇ ਕੂੜੇ ਤੋਂ ਖਾਦ ਬਣਾਉਣ ਲਈ ਵੀ ਪ੍ਰੇਰਿਤ ਕੀਤਾ ਅਤੇ  ਕਿਹਾ ਕਿ ਜੇਕਰ ਕਿਸੇ ਨੂੰ ਖਾਦ ਬਣਾਉਣ ਵਿੱਚ ਸਮੱਸਿਆ ਆਉਂਦੀ ਹੈ ਤਾਂ ਉਹ ਨਿਗਮ ਦਫ਼ਤਰ ਨਾਲ ਸੰਪਰਕ ਕਰ ਸਕਦਾ ਹੈ।  ਕਰੀਬ 5-6 ਕਿਲੋਮੀਟਰ ਲੰਬੀ ਇਹ ਰੈਲੀ ਬਾਬਾ ਮਾਰਕੀਟ, 33 ਫੁੱਟਾ ਰੋਡ ਤੋਂ ਹੁੰਦੇ ਹੋਏ ਪਿੱਪਲ ਚੌਂਕ ਵਿਖੇ ਸਮਾਪਤ ਕੀਤੀ ਗਈ।  ਇਸ ਰੈਲੀ ਦੌਰਾਨ ਵਿਧਾਇਕ ਛੀਨਾ ਵਲੋਂ ਰਸਤੇ ਵਿੱਚ ਰੁਕ-ਰੁਕ ਕੇ ਹਰ ਦੁਕਾਨਦਾਰ ਅਤੇ ਘਰਾਂ 'ਚ ਸਫਾਈ ਪ੍ਰਤੀ ਜਾਗਰੂਕ ਕੀਤਾ।

ਇਸ ਤੋਂ ਇਲਾਵਾ ਸਿੰਗਲ ਯੂਜ ਪਲਾਸਟਿਕ ਨਾ ਵਰਤਣ ਲਈ ਵੀ ਪ੍ਰੇਰਿਤ ਕੀਤਾ ਗਿਆ ਤਾਂ ਜੋ ਕੂੜੇ ਦੀ ਮਾਤਰਾ ਘੱਟ ਸਕੇ। ਇਸ ਰੈਲੀ ਵਿੱਚ ਸਿਹਤ ਸ਼ਾਖਾ ਦੇ ਸੀ ਐਸ ਆਈ ਬਲਜੀਤ ਸਿੰਘ, ਐਸ ਆਈ ਗੁਰਿੰਦਰ ਸਿੰਘ, ਸਤਿੰਦਰਜੀਤ ਸਿੰਘ ਬਾਵਾ,ਅਮਨਦੀਪ  ਸਿੰਘ, ਸੀ ਡੀ ਓ ਮਹੇਸ਼ਵਰ ਸਿੰਘ, ਸੀ ਐਫ ਪਰਦੀਪ ਕੁਮਾਰ, ਕਮਾਲ ਅਤੇ ਹੋਰ ਸ਼ਾਮਲ ਸਨ।

ਪਿੰਡ ਪਮਾਲੀ ਦੇ ਮੈਡੀਕਲ ਕੈਂਪ ਦਾ ਉਦਘਾਟਨ ਕੈਪਟਨ ਸੰਦੀਪ ਸੰਧੂ ਨੇ ਕੀਤਾ

400 ਦੇ ਕਰੀਬ ਮਰੀਜ ਪੁੱਜੇ,200 ਨੂੰ ਮੁਫ਼ਤ ਐਨਕਾਂ ਦਿੱਤੀਆਂ
ਮੁੱਲਾਂਪੁਰ ਦਾਖਾ,17 ਸਤੰਬਰ(ਸਤਵਿੰਦਰ ਸਿੰਘ ਗਿੱਲ)—
ਇਥੋਂ ਦੇ ਲਾਗਲੇ ਪਿੰਡ ਪਮਾਲੀ ਵਿੱਚ ਲੋਕਾਂ ਦੀ ਸਹੂਲਤ ਵਾਸਤੇ ਮੈਡੀਕਲ ਕੈਂਪ ਲਗਾਇਆ ਗਿਆ ਸੀ ਜਿਸ ਦਾ ਉਦਘਾਟਨ ਹਲਕਾ ਦਾਖਾ ਦੇ ਇੰਚਾਰਜ ਕੈਪਟਨ ਸੰਦੀਪ ਸਿੰਘ ਸੰਧੂ ਨੇ ਰਿਬਨ ਕੱਟ ਕੇ ਕੀਤਾ। ਇਸ ਫਰੀ ਮੈਡੀਕਲ ਕੈਂਪ ਚ 400 ਦੇ ਕਰੀਬ ਮਰੀਜ ਪੁੱਜੇ ਜਿਨ੍ਹਾ ਚ 200 ਮਰੀਜਾਂ ਨੂੰ ਮੁਫ਼ਤ ਐਨਕਾਂ ਦਿੱਤੀਆਂ ਗਈਆਂ ਸਨ ਅਤੇ ਵੱਡੀ ਗਿਣਤੀ ਲੋਕਾਂ ਨੇ ਖ਼ੂਨ ਵੀ ਦਾਨ ਕੀਤਾ।ਮੈਡੀਕਲ ਕੈਂਪ ਦੇ ਉਦਘਾਟਨ ਮੌਕੇ ਪਿੰਡ ਪਮਾਲੀ ਦੇ ਮੌਜੂਦਾ ਸਰਪੰਚ ਤੇ ਕਾਂਗਰਸ ਦੇ ਬਲਾਕ ਮੁੱਲਾਂਪੁਰ ਦਾਖਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਗੋਲੂ ਪਮਾਲੀ ,ਬਲਾਕ ਸਿੱਧਵਾਂ ਬੇਟ ਦੇ ਪ੍ਰਧਾਨ ਪਰੇਮ ਸਿੰਘ ਸੇਖੋਂ,ਸੀਨੀਅਰ ਕਾਂਗਰਸੀ ਆਗੂ ਮਨਪ੍ਰੀਤ ਸਿੰਘ ਈਸੇਵਾਲ,ਕੁਲਦੀਪ ਸਿੰਘ ਬੋਪਾਰਾਏ ਸੀਨੀਅਰ ਮੀਤ ਪ੍ਰਧਾਨ ਬਲਾਕ ਮੁੱਲਾਂਪੁਰ ਤੇ ਸਾਬਕਾ ਸਰਪੰਚ (ਛਪਾਰ),ਸੀਨੀਅਰ ਮੀਤ ਪ੍ਰਧਾਨ ਗੁਰਮੀਤ ਸਿੰਘ ਮਿੰਟੂ ਰੂਮੀ,ਮੈਬਰ ਜਿਲ੍ਹਾ ਪ੍ਰੀਸ਼ਦ ਕੁਲਦੀਪ ਸਿੰਘ ਬਦੋਵਾਲ, ਗੁਰਮੀਤ ਸਿੰਘ ਜੀ ਓ ਜੀ ਅਦਿ ਆਗੂ ਇਸ ਮੌਕੇ ਵਿਸ਼ੇਸ਼ ਤੌਰ ਤੇ ਪੁੱਜੇ ਸਨ।ਸਰਪੰਚ ਸੁਖਵਿੰਦਰ ਸਿੰਘ ਗੋਲੂ ਪਮਾਲੀ ਨੇ ਇਸ ਮੌਕੇ ਜਿੱਥੇ ਕੈਪਟਨ ਸੰਧੂ ਦਾ ਧੰਨਵਾਦ ਕੀਤਾ ਉਥੇ ਇਸ ਮੈਡੀਕਲ ਕੈਂਪ ਨੂੰ ਸਹਿਯੋਗ ਦੇਣ ਵਾਲੇ ਲੋਕਾਂ ਦਾ ਅਤੇ ਇਸ ਮੌਕੇ ਪੁੱਜੇ ਡਾਕਟਰ ਹਰਜੀਤ,ਡਾਕਟਰ ਦਲਜੀਤ ਸ਼ਰਮਾਂ,ਡਾਕਟਰ ਰਾਜ ਸਮੇਤ ਐਡਵੋਕੇਟ ਬਲਰਾਜ ਜੀ,ਇੰਦਰਪਾਲ ਸਿੰਘ,ਦਸੌਂਦਾ ਸਿੰਘ, ਨਿੱਕਾ,ਤੀਰਥ ਸਿੰਘ,ਕਰਨੈਲ ਸਿੰਘ ਅਤੇ ਰਵਿੰਦਰ ਸਿੰਘ ਅਦਿ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਨੇ ਇਸ ਮੈਡੀਕਲ ਕੈਂਪ ਦੌਰਾਨ ਆਪਣੀ ਹਾਜਰੀ ਭਰੀ। ਇਸ ਮੌਕੇ ਕੈਪਟਨ ਸੰਧੂ ਨੇ ਮੈਡੀਕਲ ਕੈਂਪ ਲਗਾਉਣ ਵਾਲੀ ਸੰਸਥਾ ਸਤਿਗੁਰੂ ਰਵਿਦਾਸ ਵੈਲਫੇਅਰ ਓਰਗੇਨਾਇਜੇਸ਼ਨ (ਰਜਿ:)ਪੰਜਾਬ ਦਾ ਧੰਨਵਾਦ ਕੀਤਾ।ਇਸ ਕੈਂਪ ਦੌਰਾਨ  ਮਨਦੀਪ ਸਿੰਘ ਸੇਖੋ ਮੀਤ ਪ੍ਰਧਾਨ ਸਤਿਗੁਰੂ ਰਵਿਦਾਸ ਮਿਸ਼ਨ,ਅਵਤਾਰ ਸਿੰਘ ਰਿਟਾਇਰਡ ਖੇਤੀਬਾੜੀ ਅਫ਼ਸਰ,ਗੁਰਮੀਤ ਸਿੰਘ ਫੋਜੀ,ਬਹਾਦਰ ਸਿੰਘ,ਚਮਕੌਰ ਸਿੰਘ ਫੋਜੀ,ਸੁਖਦੇਵ ਸਿੰਘ ਫੋਜੀ ਆਦਿ ਹਾਜਰ ਸਨ ।

ਡਿਠੇ ਸਭੇ ਥਾਵ ਨਹੀ ਤੁਧੁ ਜੇਹਿਆ ।।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਗੁਰਪੁਰਬ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ ਵਿਖੇ ਸੁੰਦਰ ਫੁੱਲਾਂ ਦੀ ਸਜਾਵਟ। ਪਾਵਨ ਗੁਰਬਾਣੀ ਮਨੁੱਖ ਦੇ ਜੀਵਨ ਨੂੰ ਸੁਖਦਾਈ ਬਣਾਉਣ ਲਈ ਪ੍ਰੇਰਣਾ ਸਰੋਤ ਹੈ, ਜਿਸ ਦੀ ਰੋਸ਼ਨੀ ਵਿੱਚ ਚੱਲਣਾ ਹਰ ਸਿੱਖ ਦਾ ਫ਼ਰਜ਼ ਹੈ। ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸੰਨ 1604 ਈ. ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਕੇ ਮਨੁੱਖਤਾ ਨੂੰ ਸਰਬਸਾਂਝਾ ਪਾਵਨ ਗ੍ਰੰਥ ਬਖ਼ਸ਼ਿਸ਼ ਕੀਤਾ, ਜਿਸ ਦੀਆਂ ਮੁੱਲਵਾਨ ਸਿੱਖਿਆਵਾਂ ਮਨੁੱਖੀ ਜੀਵਨ ਲਈ ਮਾਰਗ ਦਰਸ਼ਨ ਹਨ। ਗੁਰਬਾਣੀ ਮਨੁੱਖ ਨੂੰ ਕੁਰੀਤੀਆਂ ਤੋਂ ਵਰਜਦੀ ਹੈ ਅਤੇ ਸੱਚ ਦੇ ਮਾਰਗ ’ਤੇ ਚੱਲਣ ਦਾ ਉਪਦੇਸ਼ ਦਿੰਦੀ ਹੈ। ਦੁਨੀਆਂ ਵਿੱਚ ਵਸਦੀਆਂ ਸ੍ਰੀ ਗੁਰੂ ਨਾਨਕ ਨਾਮਲੇਵਾ ਸੰਗਤਾਂ ਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ" ਪਹਿਲੇ ਪ੍ਰਕਾਸ਼ ਪੁਰਬ " ਦੀਆਂ ਬਹੁਤ ਬਹੁਤ ਮੁਬਾਰਕਾਂ .

ਪ੍ਰਤਾਪ ਕਾਲਜ ਵਿਚ ਹਿੰਦੀ ਦਿਵਸ ਮਨਾਇਆ 

ਲੁਧਿਆਣਾ, 15 ਸਤੰਬਰ (ਟੀ. ਕੇ.) ਪ੍ਰਤਾਪ ਕਾਲਜ ਆਫ਼ ਐਜੂਕੇਸ਼ਨ ਲੁਧਿਆਣਾ ਵਿਖੇ ਹਿੰਦੀ ਦਿਵਸ ਮੌਕੇ ‘ਹਿੰਦੀ ਦਿਵਸ’ ਪ੍ਰੋਗਰਾਮ ਕਰਵਾਇਆ ਗਿਆ।ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਕਾਲਜ ਵਿੱਚ ਹਿੰਦੀ ਦੀ ਸਹਾਇਕ ਅਧਿਆਪਕਾ ਪੂਨਮ ਸਪਰਾ ਨੇ ਸਮੂਹ ਹਾਜ਼ਰ ਸਰੋਤਿਆਂ ਨੂੰ ਹਿੰਦੀ ਦਿਵਸ ਦੀ ਵਧਾਈ ਦਿੱਤੀ। ਉਨ੍ਹਾਂ ਪ੍ਰੋਗਰਾਮ ਦੀ ਸ਼ੁਰੂਆਤ ਹਿੰਦੀ ਵਿੱਚ ਕਵਿਤਾ ਸੁਣਾ ਕੇ ਕੀਤੀ। ਇਸ ਮੌਕੇ ਕਾਲਜ ਪ੍ਰਿੰਸੀਪਲ  ਡਾ: ਮਨਪ੍ਰੀਤ ਕੌਰ, ਸਮੂਹ ਸਟਾਫ਼ ਮੈਂਬਰਾਂ ਅਤੇ ਵਿਦਿਆਰਥੀਆਂ ਨੂੰ ਹਿੰਦੀ ਦਿਵਸ ਦੀ ਸ਼ੁਭ-ਕਾਮਨਾਵਾਂ ਦਿੱਤੀਆਂ ਅਤੇ ਹਿੰਦੀ ਭਾਸ਼ਾ ਦੇ ਅਮੀਰ ਇਤਿਹਾਸ  'ਤੇ ਝਾਤ ਮਾਰਦਿਆਂ ਅਜੋਕੇ ਸਮੇਂ ਵਿੱਚ ਹਿੰਦੀ ਭਾਸ਼ਾ ਦੀਆਂ ਪ੍ਰਾਪਤੀਆਂ ਬਾਰੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਅੱਜ ਹਿੰਦੀ ਵਿਸ਼ਵ ਮੰਚ 'ਤੇ ਆਪਣਾ ਝੰਡਾ ਲਹਿਰਾ ਰਹੀ ਹੈ। ਭਾਰਤ ਸਰਕਾਰ ਦੀ ਪ੍ਰਧਾਨਗੀ ਹੇਠ ਹਾਲ ਹੀ ਵਿੱਚ ਹੋਏ ਜੀ—20 ਦੇਸ਼ਾਂ ਦੇ ਸਿਖਰ ਸੰਮੇਲਨ ਰਾਹੀਂ ਹਿੰਦੀ ਦੁਨੀਆ ਦੇ ਕੋਨੇ—ਕੋਨੇ ਵਿੱਚ ਪਹੁੰਚ ਗਈ ਹੈ। 


ਬੀ.ਐੱਡ., ਬੀ.ਕਾਮ ਅਤੇ ਬੀ.ਏ. ਸਾਰੀਆਂ ਜਮਾਤਾਂ ਦੇ ਵਿਦਿਆਰਥੀਆਂ ਵੱਲੋਂ ਰੰਗਾ-ਰੰਗ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਬੀ.ਏ. ਕਲਾਸ ਦੇ ਵਿਦਿਆਰਥੀਆਂ ਨੇ ਸੰਸਕ੍ਰਿਤ ਦੀਆਂ ਤੁਕਾਂ ਦੇ ਸੁੰਦਰ ਚਾਰਟ ਬਣਾ ਕੇ ਉੱਚੀ ਆਵਾਜ਼ ਵਿੱਚ ਸੁਣਾਏ।ਨਾਚ, ਗਾਇਨ, ਭਾਸ਼ਣ ਅਤੇ ਕਵਿਤਾ ਪਾਠ ਦੀ ਖੂਬਸੂਰਤ ਪੇਸ਼ਕਾਰੀ ਦੇ ਕੇ ਅਮੀਰ ਭਾਰਤੀ ਸਭਿਅਤਾ ਅਤੇ ਸੰਸਕ੍ਰਿਤ ਦੀ ਇੱਕ ਝਲਕ ਦਿਖਾਈ ਗਈ।
ਕਾਲਜ ਪ੍ਰਿੰਸੀਪਲ ਡਾ: ਮਨਪ੍ਰੀਤ ਕੌਰ ਨੇ ਹਿੰਦੀ ਦਿਵਸ ਦੀ ਵਧਾਈ ਦਿੰਦੇ ਹੋਏ, ਹਿੰਦੀ ਦਿਵਸ  ਸਫਲਤਾਪੂਰਵਕ ਕਰਵਾਉਣ ਲਈ ਸ਼ਲਾਘਾ ਕੀਤੀ ਅਤੇ ਕਿਹਾ ਕਿ ਸਾਨੂੰ ਆਪਣੀਆਂ ਸਾਰੀਆਂ ਭਾਰਤੀ ਭਾਸ਼ਾਵਾਂ ਤੇ ਮਾਣ ਮਹਿਸੂਸ ਕਰਨਾ ਚਾਹੀਦਾ ਹੈ ਅਤੇ ਆਪਣੀ ਭਾਸ਼ਾ ਵਿਚ ਗੱਲ ਕਰਦੇ ਸਮੇਂ ਮਾਣ ਮਹਿਸੂਸ ਕਰਨਾ ਚਾਹੀਦਾ ਹੈ।
ਉਨ੍ਹਾਂ ਇਸ ਸਮਾਗਮ ਵਿੱਚ ਸ਼ਿਰਕਤ ਕਰਦਿਆਂ ਕਾਲਜ ਦੇ ਵਿਦਿਆਰਥੀਆਂ ਵਲੋਂ ਪੇਸ਼ ਕੀਤੀਆਂ ਸਾਰੀਆਂ ਪੇਸ਼ਕਾਰੀਆਂ ਦੀ ਵਿਸ਼ੇਸ਼ ਤੌਰ  'ਤੇ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਪ੍ਰਤਾਪ ਕਾਲਜ ਆਫ਼ ਐਜੂਕੇਸ਼ਨ ਨੇ ਅੰਤਰਰਾਸ਼ਟਰੀ ਪੱਧਰ ਤੇ ਨਾਮਣਾ ਖੱਟਿਆ ਹੈ, ਅਜਿਹੇ ਸਮਾਗਮ ਕਰਵਾ ਕੇ ਅਸੀਂ ਆਪਣੇ ਦੇਸ਼ ਦੀ ਭਾਸ਼ਾ ਅਤੇ ਸੱਭਿਆਚਾਰ ਨੂੰ ਪ੍ਰਫੁੱਲਤ ਕਰ ਰਹੇ ਹਾਂ। 
ਇਸ ਉਪਰੰਤ ਸਾਰਿਆਂ ਨੇ ਚਾਹ ਅਤੇ ਸਮੋਸੇ ਦਾ ਆਨੰਦ ਲੈਂਦੇ ਹੋਏ ਕੇਕ ਕੱਟ ਕੇ ਆਪਣੀ ਖੁਸ਼ੀ ਸਾਂਝੀ ਕੀਤੀ।

ਕੁੜੀਆਂ ਨੇ ਐਮ.ਕਾਮ ਚੌਥਾ ਸਮੈਸਟਰ ਦੀਆਂ ਪ੍ਰੀਖਿਆਵਾਂ ਵਿੱਚ ਯੂਨੀਵਰਸਿਟੀ ਦੀਆਂ ਚੋਟੀ ਦੀਆਂ ਪੁਜ਼ੀਸ਼ਨਾਂ ਹਾਸਲ ਕੀਤੀਆਂ

ਲੁਧਿਆਣਾ, 15 ਸਤੰਬਰ (ਟੀ. ਕੇ.) ਗੁਰੂ ਨਾਨਕ ਖਾਲਸਾ ਕਾਲਜ ਫ਼ਾਰ ਵੂਮੈਨ, ਗੁੱਜਰਖਾਨ ਕੈਂਪਸ, ਮਾਡਲ ਟਾਊਨ, ਲੁਧਿਆਣਾ ਦੀਆਂ ਵਿਦਿਆਰਥਣਾਂ ਨੇ ਮਈ, 2023 ਵਿੱਚ ਹੋਈਆਂ ਐਮ. ਕਾਮ. ਚੌਥਾ ਸਮੈਸਟਰ ਦੀਆਂ ਸਲਾਨਾ ਪ੍ਰੀਖਿਆਵਾਂ ਵਿੱਚ ਸ਼ਾਨਦਾਰ ਨਤੀਜਾ ਪ੍ਰਾਪਤ ਕਰਕੇ ਕਾਲਜ ਦਾ ਨਾਂ ਰੌਸ਼ਨ ਕੀਤਾ। ਪ੍ਰਿੰਸੀਪਲ ਡਾ ਮਨੀਤਾ ਕਾਹਲੋਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਦਿਆਰਥਣ ਰੀਤੀ ਭੋਲਾ ਨੇ 87. 89ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਪੰਜਾਬ ਯੂਨੀਵਰਸਿਟੀ ਵਿੱਚੋਂ ਦੂਜਾ ਸਥਾਨ ਹਾਸਲ ਕੀਤਾ। ਦਮਨਪ੍ਰੀਤ ਕੌਰ ਨੇ 87. 17 ਪ੍ਰਤੀਸ਼ਤ ਅੰਕ ਲੈ ਕੇ ਯੂਨੀਵਰਸਿਟੀ ਵਿੱਚੋਂ ਚੌਥਾ ਸਥਾਨ ਹਾਸਲ ਕੀਤਾ। ਤਰਨਜੋਤ ਕੌਰ ਨੇ 85. 82 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਕਾਲਜ ਵਿੱਚੋਂ ਤੀਜਾ ਸਥਾਨ ਹਾਸਲ ਕੀਤਾ।ਇਸ ਮੌਕੇ ਕਾਲਜ ਗਵਰਨਿੰਗ ਬਾਡੀ ਦੇ ਜਨਰਲ ਸਕੱਤਰ ਇੰਜੀਨੀਅਰ ਗੁਰਵਿੰਦਰ ਸਿੰਘ ਨੇ ਵਿਦਿਆਰਥੀਆਂ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਵਧਾਈ ਦਿੱਤੀ।

ਲਾਲਾ ਜਗਤ ਨਰਾਇਣ ਦੀ ਬਰਸੀ ਮੌਕੇ ਖੂਨਦਾਨ ਕੈਂਪ ਲਗਾਇਆ

ਜਗਰਾਉਂ, 10 ਸਤੰਬਰ  (ਕੁਲਦੀਪ ਸਿੰਘ ਕੋਮਲ/ਮੋਹਿਤ ਗੋਇਲ ) 

ਅੱਜ ਪੰਜਾਬ ਕੇਸਰੀ ਲਾਲਾ ਜਗਤ ਨਰਾਇਣ ਜੀ ਦੀ ਬਰਸੀ ਮੌਕੇ ਨਗਰ ਕੌਸ਼ਲ ਜਗਰਾਉਂ ਦੇ ਸੀਨੀਅਰ ਮੀਤ ਪ੍ਰਧਾਨ ਅਮਰਜੀਤ ਸਿੰਘ ਮਾਲਵਾ ਦੀ ਅਗਵਾਈ ਹੇਠ ਅੱਜ ਫਿਰ ਤੋਂ ਅਰੋੜਾ ਪ੍ਰਾਪਰਟੀ ਐਡਵਾਈਜ਼ਰ ਦੇ ਦਫਤਰ ਵਿਖੇ ਪਬਲਿਕ ਦੇ ਸਹਿਯੋਗ ਨਾਲ ਖੂਨਦਾਨ ਕੈਂਪ ਲਗਾਇਆ ਗਿਆ। ਸੇਵਾ ਕਮੇਟੀ। ਕੈਂਪ ਦਾ ਉਦਘਾਟਨ ਪ੍ਰਸ਼ਾਸਨਿਕ ਅਧਿਕਾਰੀ ਏਡੀਸੀ ਮੇਜਰ ਅਮਿਤ ਸਰੀਨ ਨੇ ਆਪਣੇ ਕਰ ਕਮਲਾਂ ਨਾਲ ਕੀਤਾ। ਇਸ ਮੌਕੇ ਏ.ਡੀ.ਸੀ ਮੇਜਰ ਅਮਿਤ ਸਰੀਨ ਨੇ ਕਿਹਾ ਕਿ ਖੂਨਦਾਨ ਕੈਂਪ ਲਗਾਉਣਾ ਬਹੁਤ ਹੀ ਮਹੱਤਵਪੂਰਨ ਕਾਰਜ ਹੈ। ਖੂਨ ਦੀ ਹਰ ਬੂੰਦ ਕੀਮਤੀ ਹੈ ਕਿਉਂਕਿ ਖੂਨ ਕਿਸੇ ਵੀ ਲੈਬ ਜਾਂ ਫੈਕਟਰੀ ਵਿੱਚ ਨਹੀਂ ਬਣਾਇਆ ਜਾ ਸਕਦਾ। ਜਦੋਂ ਕੋਈ ਦਾਨੀ ਆਪਣਾ ਖ਼ੂਨ ਦਿੰਦਾ ਹੈ ਤਾਂ ਸਿਰਫ਼ ਇੱਕ ਵਿਅਕਤੀ ਦੀ ਜਾਨ ਬਚ ਜਾਂਦੀ ਹੈ। ਸਾਡੇ ਦੇਸ਼ ਵਿੱਚ ਹਰ ਦੋ ਸੈਕਿੰਡ ਵਿੱਚ ਕਿਸੇ ਨੂੰ ਖੂਨ ਦੀ ਲੋੜ ਹੁੰਦੀ ਹੈ ਪਰ ਕਈ ਵਾਰ ਖੂਨ ਨਾ ਮਿਲਣ ਕਾਰਨ ਲੋਕਾਂ ਦੀ ਮੌਤ ਹੋ ਜਾਂਦੀ ਹੈ। ਇਸ ਮੌਕੇ ਖੂਨਦਾਨ ਕਰਨ ਉਪਰੰਤ ਪ੍ਰੈੱਸ ਕਲੱਬ ਰਜਿਸਟਰ ਜਗਰਾਉਂ ਦੇ ਮੁਖੀ ਸੁਖਦੀਪ ਨਾਹਰ ਨੇ ਦੱਸਿਆ ਕਿ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ 375 ਮਿਲੀਲੀਟਰ ਦਾ ਇੱਕ ਖੂਨ ਦਾ ਬੈਗ ਤਿੰਨ ਵਿਅਕਤੀਆਂ ਦੀ ਜਾਨ ਬਚਾ ਸਕਦਾ ਹੈ। ਪਰ ਅਸਲੀਅਤ ਇਹ ਹੈ ਕਿ ਦੇਸ਼ ਵਿੱਚ ਹਰ ਸਾਲ ਛੇ ਲੱਖ ਲੀਟਰ ਤੋਂ ਵੱਧ ਖੂਨ ਬਰਬਾਦ ਹੁੰਦਾ ਹੈ। ਭਾਰਤ ਵਿੱਚ 1000 ਵਿੱਚੋਂ ਸਿਰਫ਼ 8 ਲੋਕ ਆਪਣੀ ਮਰਜ਼ੀ ਨਾਲ ਖ਼ੂਨਦਾਨ ਕਰਦੇ ਹਨ। ਖੂਨਦਾਨ ਕਰਨ ਆਏ ਪਤਵੰਤੇ ਸੱਜਣਾਂ ਨੂੰ ਸੰਬੋਧਨ ਕਰਦਿਆਂ ਲੋਕ ਸੇਵਾ ਸੰਮਤੀ ਦੇ ਰਾਜੀਵ ਗੁਪਤਾ ਨੇ ਕਿਹਾ ਕਿ ਸਾਡੇ ਦੇਸ਼ ਵਿਚ ਖੂਨਦਾਨ ਕਰਨ ਵਾਲਿਆਂ ਦੀ ਗਿਣਤੀ ਘੱਟ ਹੈ ਪਰ ਦਾਨ ਕੀਤਾ ਗਿਆ ਖੂਨ ਕਿਵੇਂ ਬਰਬਾਦ ਹੋ ਜਾਂਦਾ ਹੈ ਅਤੇ ਇਸ ਦੇ ਪਿੱਛੇ ਕੀ ਕਾਰਨ ਹਨ, ਇਹ ਜਾਣਨਾ ਜ਼ਰੂਰੀ ਹੈ | .
    ਨਗਰ ਕੌਾਸਲ ਦੇ ਸੀਨੀਅਰ ਡਿਪਟੀ ਹੈੱਡ ਅਮਰਜੀਤ ਸਿੰਘ ਮਾਲਵਾ ਨੇ ਬਲੱਡ ਬੈਂਕਾਂ ਦੀ ਘਾਟ ਬਾਰੇ ਬੋਲਦਿਆਂ ਕਿਹਾ ਕਿ ਡਾ.
       ਦੇਸ਼ ਵਿੱਚ 3840 ਲਾਇਸੰਸਸ਼ੁਦਾ ਬਲੱਡ ਬੈਂਕ ਹਨ, ਜਿਨ੍ਹਾਂ ਵਿੱਚੋਂ ਸਿਰਫ਼ 1244 ਬਲੱਡ ਬੈਂਕ ਹੀ ਸਰਕਾਰੀ ਮਾਲਕੀ ਵਾਲੇ ਹਨ। ਭਾਵ 68% ਤੋਂ ਵੱਧ ਬਲੱਡ ਬੈਂਕ ਨਿੱਜੀ ਹਨ ਜਾਂ NGO ਦੁਆਰਾ ਚਲਾਏ ਜਾਂਦੇ ਹਨ।
        ਲਾਲਾ ਜਗਤ ਨਰਾਇਣ ਜੀ ਦੀ ਬਰਸੀ 'ਤੇ ਲਗਾਏ ਜਾ ਰਹੇ ਖੂਨਦਾਨ ਕੈਂਪ 'ਚ ਨੌਜਵਾਨ ਪੀੜ੍ਹੀ ਨੇ ਵੱਧ ਚੜ੍ਹ ਕੇ ਹਿੱਸਾ ਲਿਆ | ਜਿਨ੍ਹਾਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਪ੍ਰੈੱਸ ਕਲੱਬ ਜਗਰਾਉਂ ਰਜਿਸਟਰ ਦੇ ਪ੍ਰਧਾਨ ਸੁਖਦੀਪ ਕੁਮਾਰ ਨਾਹਰ, ਦੀਪਕ ਜੈਨ, ਸੁਖਦੇਵ ਗਰਗ, ਪ੍ਰਵੀਨ ਧਵਨ, ਬਲਜੀਤ ਗੋਲਡੀ, ਪ੍ਰਦੀਪ ਪਾਲ, ਚਰਨਜੀਤ ਸਿੰਘ, ਹਰਵਿੰਦਰ ਸਿੰਘ ਚਾਹਲ, ਸਰਬਜੀਤ ਸਿੰਘ, ਸਤਪਾਲ ਸਿੰਘ ਦੇਹੜਕਾ, ਅਮਿਤ ਖੰਨਾ ਅਤੇ ਲੋਕ ਸੇਵਾ ਦੇ ਰਾਜੀਵ ਕਮੇਟੀ।ਗੁਪਤਾ, ਰਾਜਿੰਦਰ ਪਾਲ ਜੈਨ, ਪ੍ਰਿੰਸੀਪਲ ਚਰਨਜੀਤ ਸਿੰਘ ਭੰਡਾਰੀ, ਮੁਕੇਸ਼ ਗੁਪਤਾ, ਮਨੋਹਰ ਸਿੰਘ ਟੱਕਰ, ਲੋਕੇਸ਼ ਟੰਡਨ, ਕੁਲਭੂਸ਼ਨ ਗੁਪਤਾ, ਰਾਜਿੰਦਰ ਗੋਇਲ, ਨਵੀਨ ਗੁਪਤਾ, ਹਰੀਓਮ, ਅਨਿਲ ਮਲਹੋਤਰਾ, ਸੁਨੀਲ ਗੁਪਤਾ, ਨਗਰ ਕੌਾਸਲ ਜਗਰਾਉਂ ਦੇ ਕੌਾਸਲਰ ਕੰਵਰ ਸਿੰਘ, ਕੰਵਰ ਸਿੰਘ ਸ. , ਅਨਮੋਲ ਗੁਪਤਾ, ਰਵਿੰਦਰ ਕੁਮਾਰ ਸੱਭਰਵਾਲ, ਸੰਜੀਵ ਕੱਕੜ, ਸਾਜਨ ਮਲਹੋਤਰਾ, ਪੱਤਰਕਾਰ ਬੌਬੀ ਸਹਿਜਲ, ਸਾਬਕਾ ਸਰਪੰਚ ਬਲਵੰਤ ਸਿੰਘ, ਪ੍ਰਦੀਪ ਕੁਮਾਰ ਦੂਆ ਆਦਿ ਹਾਜ਼ਰ ਸਨ। ਇਸ ਖੂਨਦਾਨ ਕੈਂਪ ਵਿੱਚ ਖੂਨ ਇਕੱਤਰ ਕਰਨ ਵਾਲੀ ਟੀਮ ਵਿੱਚ ਡਾ: ਅੰਕੁਸ਼, ਸੁਖਵਿੰਦਰ ਸਿੰਘ, ਨਿਰਮਲ ਸਿੰਘ, ਬਲਜੀਤ ਕੌਰ, ਬਬੀਤਾ, ਅਰਸ਼ਦੀਪ ਸਿੰਘ ਅਤੇ ਐਂਬੂਲੈਂਸ ਡਰਾਈਵਰ ਸੰਦੀਪ ਸਿੰਘ ਨੇ ਆਪਣੀਆਂ ਵਿਸ਼ੇਸ਼ ਸੇਵਾਵਾਂ ਦਿੱਤੀਆਂ। ਇਸ ਮੌਕੇ ਆਮ ਆਦਮੀ ਪਾਰਟੀ ਪੰਜਾਬ ਦੇ ਸਕੱਤਰ ਗੋਪੀ ਸ਼ਰਮਾ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।

ਜਵੱਦੀ ਟਕਸਾਲ ਵਿਖੇ ਹਫਤਾਵਰੀ ਨਾਮ ਸਿਮਰਨ ਅਭਿਆਸ ਸਮਾਗਮ ਹੋਏ

ਮਨੁੱਖ ਜਨਮ ਤੋਂ ਪਾਪੀ ਨਹੀਂ ਹੁੰਦਾ, ਉਸਦੇ ਕਰਮ ਪ੍ਰਭੂ ਦੇ ਨੇੜੇ ਵੀ ਕਰ ਦਿੰਦੇ ਨੇ ਤੇ ਦੂਰ ਵੀ -ਸੰਤ ਅਮੀਰ ਸਿੰਘ
ਲੁਧਿਆਣਾ 10 ਸਤੰਬਰ (     ਕਰਨੈਲ ਸਿੰਘ ਐੱਮ ਏ  )   
      ਸਿੱਖ ਧਰਮ ਦੇ ਪ੍ਰਚਾਰ-ਪਸਾਰ ਲਈ ਨਿਰੰਤਰ ਕਾਰਜਸ਼ੀਲ ‘ਜਵੱਦੀ ਟਕਸਾਲ’ ਦੇ ਕੇਂਦਰੀ ਅਸਥਾਨ ਗੁਰਦੁਆਰਾ “ਗੁਰ ਗਿਆਨ ਪ੍ਰਕਾਸ਼” ਸਾਹਿਬ ਵਿਖੇ ਹਫਤਾਵਾਰੀ “ਨਾਮ ਸਿਮਰਨ ਅਭਿਆਸ”  ਸਮਾਗਮ ਹੋਇਆ। ਜਿਸ ਵਿਚ ਮੌਜੂਦਾ ਮੁਖੀ ਸੰਤ ਬਾਬਾ ਅਮੀਰ ਸਿੰਘ ਜੀ ਨੇ “ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ” ਅੰਦਰ ਸ਼ਸ਼ੋਭਿਤ ਗੂੜ੍ਹੇ ਗਿਆਨ ਦੇ ਭੇਦ ਸਮਝਾਉਦਿਆਂ ਗੁਰਬਾਣੀ ਦੇ ਹਵਾਲਿਆਂ ਨਾਲ ਪ੍ਰੇਰਣਾਂ ਦਿੰਦਿਆਂ ਫੁਰਮਾਇਆ ਕਿ ਸਮਰੱਥ ਪਿਤਾ ਅਕਾਲ ਪੁਰਖ “ਵਾਹਿਗੁਰੂ” ਜੀ ਦਾ ਹੋ ਕੇ ਰਹਿਣਾ, ਉਸਦੀ ਅਨੰਤ ਕਲਾ ਨੂੰ ਜਾਨਣਾ ਆਪਣੇ ਆਪ ਵਿਚ ਅਸਾਨ ਨਹੀਂ, ਤੇ ਨਾ ਹੀ ਖਿਆਲੀ ਕਥਨ ਹੈ। ਅਲੂਣੀ ਸਿਲ ਚੱਟਣ ਦੇ ਤੁਲ ਹੈ। ਦੁਰਗਮ ਤੇ ਔਖਾ ਪੈਂਡਾ ਹੈ। ਮਨ ਦੇ ਸੰਸੇ ਦੀ ਮੈਲ ਨੂੰ ਸਾਫ਼ ਕਰਕੇ ਪਵਿੱਤਰ ਤੇ ਸ਼ਰਧਾ ਵਰਗੇ ਸਦ-ਗੁਣ ਨਾਲ ਓਤ-ਪੋਤ ਕਰਨਾ ਪੈਂਦਾ ਹੈ।  ਉਨ੍ਹਾਂ ਸਮਝਾਇਆ ਕਿ ਪ੍ਰਭੂ ਨਾਲ ਇਕਮਿਕ ਹੋਣ ਅਤੇ ਉਸ ਨਾਲ ਮਿਲਾਪ ਦੇ ਸਾਧਨ ਲਈ ਵਿਕਾਰਾਂ ਤੋਂ ਬਚਿਆ ਜਾਵੇ, ਕਿਉਕਿ ਜਦੋਂ ਮਾੜੇ ਸੰਸਕਾਰ ਸਰੀਰ ਨੂੰ ਚੰਬੜ ਜਾਂਦੇ ਨੇ, ਤਾਂ ਮਨ ਵਿਕਾਰੀ ਹੋ ਕੇ ਆਪਣੀ ਦੁਨੀਆ ਸਿਰਜ ਲੈਂਦਾ ਹੈ। ਇਸ ਲਈ ਝੂਠੇ ਅਡੰਬਰਾਂ ਤੋਂ ਬਚਣ ਲਈ ਹਰ ਵਕਤ ਪ੍ਰਭੂ ਦੀ ਅਰਾਧਨਾ ਕਰਨ ਨਾਲ ਪਰਮ-ਪਿਤਾ “ਵਾਹਿਗੁਰੂ ਜੀ” ਨੂੰ ਅੰਗ-ਸੰਗ ਸਮਝਦਿਆਂ, ਘਰ-ਬਾਰ ਉਸ ਦਾ ਭਰਵਾਸਾ ਜਾਣਨਾ ਚਾਹੀਦਾ ਹੈ। ਬਿਨ ਮੰਗਿਆਂ ਹੀ ਸਭ ਕਲਾ ਦਾ ਮਾਲਕ “ ਵਿਣ ਬੋਲਿਆ ਸਭੁ ਕਿਛੁ ਜਾਣਦਾ” ਹੈ। ਬਿਨ ਮੰਗਿਆ ਹੀ ਸਭ ਕੁਝ ਦੇਣ ਵਾਲਾ ਹੈ। ਇਥੇ-ਉਥੇ ਹਰ ਥਾਂ ਸਾਡੀ ਪ੍ਰਤਿਪਾਲਣਾ ਕਰਦਾ ਹੈ।
ਬਾਬਾ ਜੀ ਨੇ ਜੋਰ ਦਿੰਦਿਆਂ ਸਮਝਾਇਆ ਕਿ ਮਨੁੱਖ ਜਨਮ ਤੋਂ ਪਾਪੀ ਨਹੀਂ ਹੁੰਦਾ, ਉਸਦੇ ਕਰਮਾਂ ਅਨੁਸਾਰ ਪ੍ਰਭੂ ਦੀ ਨੇੜਤਾ ਨਸੀਬ ਹੋ ਜਾਂਦੀ ਹੈ ਤੇ ਦੂਰੀ ਵੀ। ਪੂਰਾ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਪਤਿਤ ਨੂੰ ਵੀ ਪਵਿੱਤਰ ਕਰਨ ਦੇ ਸਮਰੱਥ ਹੈ, ਕਿਉਕਿ ਆਪ ਮੁਕਤ ਹੈ, ਪਾਪੀਆਂ ਨੂੰ ਪੁੰਨੀ ਬਣਾ ਸਕਦਾ ਹੈ। ਐਸੇ ਸਮਰੱਥ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਆਪਣਾ ਤਨ, ਮਨ, ਧਨ ਸਭ ਕੁਝ ਸੌਪ ਕੇ ੳਸੁ ਦੇ ਹੁਕਮ ਵਿਚ ਰਹਿਣਾ ਹੈ। ਉਸ ਅੱਗੇ ਅਰਦਾਸ ਬੇਨਤੀ ਕਰਨੀ  ਚਾਹੀਦੀ ਹੈ।

ਨਿਸ਼ਕਾਮ ਨਾਮ ਸਿਮਰਨ ਸੇਵਾ ਸੁਸਾਇਟੀ ਵੱਲੋਂ ਸਾਕਾ ਸਾਰਾਗੜ੍ਹੀ ਨੂੰ ਸਮਰਪਿਤ ਕੀਰਤਨ ਸਮਾਗਮ ਆਯੋਜਿਤ

 21 ਸੂਰਬੀਰ ਯੋਧਿਆਂ ਦੀ ਲਾਸਾਨੀ ਸ਼ਹਾਦਤ ਸੂਰਮਗਤੀ ਦੀ ਅਨੋਖੀ ਮਿਸਾਲ- ਭੁਪਿੰਦਰ ਸਿੰਘ

ਲੁਧਿਆਣਾ, 10 ਸਤੰਬਰ (     ਕਰਨੈਲ ਸਿੰਘ ਐੱਮ ਏ    )  ਨਿਸ਼ਕਾਮ ਨਾਮ ਸਿਮਰਨ ਸੇਵਾ ਸੁਸਾਇਟੀ ਦੇ ਵੱਲੋਂ ਅੱਜ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਨਸ਼ਨ ਲੁਧਿਆਣਾ ਵਿਖੇ ਬੜੀ ਸ਼ਰਧਾ ਭਾਵਨਾ ਦੇ ਨਾਲ ਸਾਕਾ ਸਾਰਾਗੜ੍ਹੀ ਦੇ 21 ਸਿੱਖ ਫੌਜ਼ੀਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਹਫਤਾਵਾਰੀ ਕੀਰਤਨ ਸਮਾਗਮ ਕਰਵਾਇਆ ਗਿਆ। ਜਿਸ ਅੰਦਰ  ਵਿਸ਼ੇਸ਼ ਤੌਰ ਤੇ  ਆਪਣੇ ਕੀਰਤਨੀ ਜੱਥੇ ਸਮੇਤ ਹਾਜ਼ਰੀ ਭਰਨ  ਲਈ ਪੁੱਜੇ ਪੰਥ ਦੇ ਪ੍ਰਸਿੱਧ ਕੀਰਤਨੀਏ  ਭਾਈ ਦਵਿੰਦਰ ਸਿੰਘ ਬਟਾਲਾ ਹਜ਼ੂਰੀ ਰਾਗੀ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਾਲਿਆਂ ਦੇ ਕੀਰਤਨੀ ਜੱਥੇ ਨੇ ਗੁਰਬਾਣੀ ਦਾ ਇਲਾਹੀ ਕੀਰਤਨ ਕਰਕੇ  ਜਿੱਥੇ ਸੰਗਤਾਂ ਨੂੰ ਨਿਹਾਲ ਕੀਤਾ, ਉੱਥੇ ਨਾਲ ਹੀ  ਸੰਗਤਾਂ ਦੇ ਨਾਲ ਆਪਣੇ ਵਿਚਾਰਾਂ ਦੀ ਸਾਂਝ ਕਰਦਿਆਂ ਕਿਹਾ ਕਿ ਸ਼ਹੀਦ ਕੌਮ ਦਾ ਵੱਡਮੁੱਲਾ ਸਰਮਾਇਆ ਹੁੰਦੇ ਹਨ,ਖਾਸ ਕਰਕੇ ਸਾਕਾ ਸਾਰਾਗੜ੍ਹੀ ਵਿੱਚ ਆਪਣੀ ਅਣਖ,ਗੈਰਤ  ਤੇ ਗੁਰੂ ਸਾਹਿਬ ਦੇ ਬਖਸ਼ੇ ਸਿਧਾਂਤਾਂ ਦੀ ਪਾਲਣਾ ਕਰਦਿਆਂ ਸ਼ਹੀਦ ਹੋਣ ਵਾਲੇ 36 ਸਿੱਖ ਰੈਜ਼ੀਮੈਂਟ ਦੇ 21ਸਿੱਖ ਫੌਜ਼ੀਆਂ ਦੀ ਲਾਸਾਨੀ ਕੁਰਬਾਨੀ ਸਾਡੇ ਸਾਰਿਆਂ ਲਈ ਪ੍ਰੇਰਣਾ ਦਾ ਸਰੋਤ ਹੈ ।ਸਮਾਗਮ ਦੌਰਾਨ ਸੰਗਤਾਂ ਦੇ ਨਾਲ ਆਪਣੇ ਵਿਚਾਰਾਂ ਦੀ ਸਾਂਝ ਕਰਦਿਆਂ ਹੋਇਆਂ  ਨਿਸ਼ਕਾਮ ਨਾਮ ਸਿਮਰਨ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਸ.ਭੁਪਿੰਦਰ ਸਿੰਘ ਨੇ ਕਿਹਾ ਕਿ

 ਸਿੱਖ ਕੌਮ ਦੀ ਸਭ ਤੋਂ ਵੱਡੀ ਪ੍ਰਾਪਤੀ ਇਸਦੇ ਸ਼ਹੀਦ ਹਨ, ਜਿਨਾਂ ਦੀ ਬਦੌਲਤ ਸਿੱਖ ਕੌਮ ਇੱਕ ਸ਼ਹੀਦਾਂ ਦੀ ਕੌਮ ਹੋਣ ਦਾ ਮਾਣ ਮਹਿਸੂਸ ਕਰਦੀ ਹੈ। ਉਨ੍ਹਾਂ ਨੇ ਆਪਣੀ ਪ੍ਰਭਾਵਸ਼ਾਲੀ ਤਕਰੀਰ ਵਿੱਚ ਕਿਹਾ ਕਿ ਦੁਨੀਆ ਦੇ ਇਤਿਹਾਸ ਵਿੱਚ ਸਾਰਾਗੜ੍ਹੀ ਦੀ ਲੜਾਈ ਵਰਗੀਆਂ ਮਿਸਾਲਾਂ ਵਿਰਲੀਆਂ ਹੀ ਮਿਲਦੀਆਂ ਹਨ , ਕਿ ਕਿਵੇਂ 36ਵੀਂ ਸਿੱਖ ਰੈਜ਼ੀਮੈਂਟ ਦੇ 21 ਅਣਖੀਲੇ, ਬਹਾਦਰ ਸੂਰਮਿਆਂ ਵੱਲੋਂ 12 ਸਤੰਬਰ 1897 ਨੂੰ ”ਨਿਸ਼ਚੈ ਕਰ ਅਪਨੀ ਜੀਤ ਕਰੂ” ਦੇ ਸਿਧਾਂਤ ਨੂੰ ਲੈ ਕੇ ਆਪਣੇ ਤੋਂ 500 ਗੁਣਾਂ ਵੱਧ ਹਥਿਆਰਾਂ ਨਾਲ ਲੈਸ ਕਬਾਇਲੀ ਅਫਗਾਨੀਆਂ ਤੇ ਪਠਾਣਾਂ ਨਾਲ ਲੜਦੇ ਹੋਏ ਦ੍ਰਿੜ ਇਰਾਦੇ ਅਤੇ ਹਿੰਮਤ ਦਾ ਜ਼ੋਰਦਾਰ ਪ੍ਰਦਰਸ਼ਨ ਕੀਤਾ । ਜਿਸ ਦੀ ਬਦੌਲਤ ਸ਼ਹੀਦ ਹੋਣ ਵਾਲੇ ਸਮੂਹ ਸਿੱਖ ਫ਼ੌਜ਼ੀਆਂ ਨੂੰ ਉਸ ਵੇਲੇ ਦੀ ਬ੍ਰਿਟਿਸ਼ ਸਰਕਾਰ ਨੇ ਆਪਣੇ ਸਭ ਤੋਂ ਵੱਡੇ ਐਵਾਰਡ ਬ੍ਰਿਟਿਸ਼ ਕਰਾਉਨ ਨਾਲ ਸਨਮਾਨਿਤ ਕੀਤਾ ਸੀ ।ਉਨ੍ਹਾਂ ਨੇ ਕਿਹਾ ਕਿ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਕੀਰਤਨ ਸਮਾਗਮ ਕਰਵਾਉਣੇ ਤਾਂ ਹੀ  ਸਫਲਾ ਹੋ ਸਕਦੇ ਹਨ  ਜੇਕਰ ਅਸੀਂ ਉਨ੍ਹਾਂ ਦੇ ਕੁਰਬਾਨੀ ਭਰੇ ਇਤਿਹਾਸ ਨੂੰ ਸਮੁੱਚੀ ਮਾਨਵਤਾ ਤੱਕ ਪੁਹੰਚਾਣ ਦਾ ਯਤਨ ਕਰੀਏ ਅਤੇ ਆਪ ਇੱਕ ਸੰਪੂਰਨ ਸਿੱਖ ਬਣ ਕੇ  ਨਿਰਭਉ ਤੇ ਨਿਰਵੈਰ ਦੇ ਸਿਧਾਂਤ ਨਾਲ ਜੁੜੀਏ। ਇਸ ਦੌਰਾਨ ਨਿਸ਼ਕਾਮ ਨਾਮ ਸਿਮਰਨ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਸ.ਭੁਪਿੰਦਰ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਜਿੱਥੇ ਸਾਂਝੇ ਤੌਰ ਤੇ ਗੁਰੂ ਘਰ ਦੇ ਕੀਰਤਨੀ ਜੱਥਿਆਂ ਦੇ ਮੈਂਬਰਾਂ ਨੂੰ ਸਿਰੋਪਾਉ ਭੇਟ ਕਰਕੇ ਸਨਮਾਨਿਤ ਕੀਤਾ,ਉੱਥੇ ਨਾਲ ਹੀ ਸਾਰਾਗੜ੍ਹੀ ਫਾਊਂਡੇਸ਼ਨ ਦੇ ਮੀਡੀਆ ਸਲਾਹਕਾਰ ਸ.ਰਣਜੀਤ ਸਿੰਘ ਖਾਲਸਾ ਦੀ ਪ੍ਰੇਰਣਾ ਸਦਕਾ ਸਾਰਾਗੜ੍ਹੀ ਸਵਾਲ -ਜਵਾਬ ਪ੍ਰਤੀਯੋਗਤਾ ਵਿੱਚ ਜੇਤੂ ਰਹਿਣ ਵਾਲੇ ਬੱਚਿਆਂ ਨੂੰ ਸਰਟੀਫਿਕੇਟ ਤੇ ਪੁਸਤਕਾਂ ਭੇਟ ਕਰਕੇ ਸਨਮਾਨਿਤ ਵੀ ਕੀਤਾ ਗਿਆ।ਕੀਰਤਨ ਸਮਾਗਮ ਦੌਰਾਨ ਸ. ਇੰਦਰਜੀਤ ਸਿੰਘ ਮੱਕੜ,ਸ.ਜਤਿੰਦਰਪਾਲ ਸਿੰਘ ਸਲੂਜਾ,ਕਰਨੈਲ ਸਿੰਘ ਬੇਦੀ, ਮਨਜੀਤ ਸਿੰਘ ਟੋਨੀ ,ਭੁਪਿੰਦਰਪਾਲ  ਸਿੰਘ ਧਵਨ  ,ਬਲਬੀਰ ਸਿੰਘ ਭਾਟੀਆ,  ਜਗਪ੍ਰੀਤ ਸਿੰਘ ਮੱਕੜ, ਨਰਿੰਦਰਪਾਲ ਸਿੰਘ, ਮਨਜੀਤ ਸਿੰਘ ,ਤਰਲੋਚਨ ਸਿੰਘ ਸਾਂਬਰ,ਰਵਿੰਦਰ ਸਿੰਘ ਪੈਰੀ,ਆਗਿਆਪਾਲ ਸਿੰਘ ਚਾਵਲਾ,ਜੀਤ ਸਿੰਘ,  ਗੁਰਵਿੰਦਰ ਸਿੰਘ  ਆੜਤੀ, ਸੁਰਿੰਦਰ ਸਿੰਘ ਸਚਦੇਵਾ,ਇੰਦਰਪਾਲ ਸਿੰਘ ਕਾਲੜਾ, ਕਮਲਦੀਪ ਸਿੰਘ ਕਾਲੜਾ,ਹਰਕੀਰਤ ਸਿੰਘ ਬਾਵਾ,ਜੁਗਿੰਦਰ ਸਿੰਘ, ਸਰਪੰਚ ਗੁਰਚਰਨ ਸਿੰਘ,ਏ.ਪੀ ਸਿੰਘ ਅਰੋੜਾ , ਜਗਦੇਵ ਸਿੰਘ ਕਲਸੀ,ਅੱਤਰ ਸਿੰਘ ਮੱਕੜ,ਮਹਿੰਦਰ ਸਿੰਘ ਡੰਗ, ਰਜਿੰਦਰ ਸਿੰਘ ਡੰਗ,ਗੁਰਪ੍ਰੀਤ ਸਿੰਘ ਪ੍ਰਿੰਸ, ਸੁਖਪ੍ਰੀਤ ਸਿੰਘ ਮਨੀ, ਬਾਦਸ਼ਾਹ ਦੀਪ ਸਿੰਘ,ਕਰਨਦੀਪ ਸਿੰਘ,, ਬਲ ਫਤਹਿ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਸਨ

 

11 ਸਤੰਬਰ ਨੂੰ ਜਨਮ-ਦਿਨ ਤੇ

ਕਲਮ ਦੇ ਧਨੀ-ਪਿ੍ੰ: ਨਰਿੰਦਰ ਸਿੰਘ ‘ਸੋਚ’
ਪਿ੍ੰ ਨਰਿੰਦਰ ਸਿੰਘ ‘ਸੋਚ’ ਦਾ ਜਨਮ 11 ਸਤੰਬਰ 1908 ਈ: ਨੂੰ ਗਦਰੀ ਬਾਬਾ ਸੋਭਾ ਸਿੰਘ ਦੇ ਘਰ ਮਾਤਾ ਰੂਪ ਕੌਰ ਦੀ ਕੁੱਖ ਤੋਂ ਹਰੀ ਕੇ ਪੱਤਣ ਨੇੜੇ  ਪਿੰਡ ਮਰ੍ਹਾਣਾ ,ਪੱਤੀ ਬਾਬਾ ਲਾਲ ਸਿੰਘ ਜੀ, ਤਹਿਸੀਲ ਤਰਨਤਾਰਨ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਹੋਇਆ। ਉਹਨਾਂ ਗੁਰਮਤਿ ਪ੍ਰਚਾਰਕ ਵਿਦਿਆਲਾ ਤਰਨਤਾਰਨ ਤੋਂ ਗੁਰਮਤਿ ਦਾ ਕੋਰਸ ਕਰਨ ਉਪਰੰਤ ਸੰਤ ਗਿਆਨੀ ਅਮੀਰ ਸਿੰਘ ਜੀ ਸੱਤੋਵਾਲੀ ਗਲੀ ਅੰਮ੍ਰਿਤਸਰ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪਰਦਾਈ ਅਰਥਾਂ ਦੀ ਸੰਥਿਆ ਪ੍ਰਾਪਤ ਕੀਤੀ। 1926 ਈ: ਵਿੱਚ ਉਹਨਾਂ ਲਿਖਣਾ ਸ਼ੁਰੂ ਕੀਤਾ ਤੇ ਉਹਨਾਂ ਦੇ ਲੇਖ ਅਖ਼ਬਾਰਾਂ ਵਿੱਚ ਛਪਣੇ ਸ਼ੁਰੂ ਹੋ ਗਏ। 1930 ਈ: ਵਿੱਚ ਉਹਨਾਂ ਨੇ ਆਪਣੀ ਪਹਿਲੀ ਕਾਵਿ ਰਚਨਾ ‘ਉਡਾਰੀਆਂ’ ਪ੍ਰਕਾਸ਼ਿਤ ਕੀਤੀ, ਜਿਸ ਵਿੱਚ 102 ਰੁਬਾਈਆਂ ਸ਼ਾਮਲ ਸਨ। ‘ਸੋਚ’ ਜੀ ਨੇ 1933 ਈ: ਵਿੱਚ ਨਾਵਲ ‘ਸਤੀ ਸਵਿਤਰੀ’ ਲਿਖਿਆ। 1926-27 ਈ: ਵਿੱਚ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਗੁਰਦੁਆਰਾ ਦੁੱਖ-ਭੰਜਨੀ ਬੇਰੀ ’ਤੇ ਗ੍ਰੰਥੀ ਦੀ ਸੇਵਾ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਦੋ ਸਾਲ ਆਪ ਨੇ ਇਹ ਸੇਵਾ ਨਿਭਾਈ।
ਪਿ੍ੰ: ਨਰਿੰਦਰ ਸਿੰਘ ਸੋਚ ਦਾ ਵਿਆਹ 4 ਮਾਰਚ 1934 ਈ: ਨੂੰ ਗਿਆਨੀ ਲਾਲ ਸਿੰਘ ਦੀ ਸਪੁੱਤਰੀ ਬੀਬੀ ਸੁਖਵੰਤ ਕੌਰ ਨਾਲ ਹੋਇਆ ਉਹਨਾਂ ਦੇ ਗ੍ਰਹਿ ਚਾਰ ਲੜਕੇ ਤੇ ਇੱਕ ਲੜਕੀ ਨੇ ਜਨਮ ਲਿਆ। ਉਹਨਾਂ ਦਾ ਵੱਡਾ ਬੇਟਾ ਡਾ: ਹਰਭਜਨ ਸਿੰਘ ਸੋਚ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ ਸੇਵਾ ਮੁਕਤ ਹੋਇਆ। ਛੋਟਾ ਬੇਟਾ ਪਰਮਿੰਦਰ ਸਿੰਘ ਅਤੇ ਬੇਟੀ ਡਾ: ਇੰਦੁੂ ਅਮਰੀਕਾ ਵਿੱਚ ਹਨ। 1935 ਵਿੱਚ ਉਹਨਾਂ ਗਿਆਨੀ ਦੀਆਂ ਕਲਾਸਾਂ ਲੈਣੀਆਂ ਸ਼ੁਰੂ ਕੀਤੀਆਂ। 1936 ਵਿੱਚ ਲਖਨਉੂ ਵਿਖੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਗ੍ਰੰਥੀ ਦੀ ਸੇਵਾ ਨਿਭਾਈ। ਇੱਥੇ ਹੀ ਸੇਵਾ ਦੌਰਾਨ ਆਪ ਨੇ 200 ਭੱਠਾ ਮਜ਼ਦੂਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ। ਤਿੰਨ ਸਾਲ ਸੇਵਾ ਕਰਨ ਤੋਂ ਬਾਅਦ ਵਾਪਸ ਅੰਮ੍ਰਿਤਸਰ ਆ ਗਏ। ਅੰਮ੍ਰਿਤਸਰ ਤੋਂ ਛਪ ਰਹੇ ਪੰਜਾਬੀ ਅਖ਼ਬਾਰ ‘ਪੰਚਕ’ ਦੇ ਐਡੀਟਰ ਲੱਗੇ । ਫਿਰ ਖ਼ਾਲਸਾ ਹਾਈ ਸਕੂਲ ਕੋਟਾ ਵਿਖੇ ਪੰਜਾਬੀ ਟੀਚਰ ਦੇ ਤੌਰ ’ਤੇ ਚਾਰ ਸਾਲ ਪੜ੍ਹਾਉਣ ਦੀ ਸੇਵਾ ਕੀਤੀ। ਇੱਥੇ ਹੀ ਸੋਚ ਜੀ ਸਵੇਰ ਸਮੇਂ ਗੁਰਦੁਆਰਾ ਸਿੰਘ ਸਭਾ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਕਰਦੇ ਰਹੇ। ਇੱਥੇ ਹੀ ਪੰਜਾਬੀ ਯੂਨੀਵਰਸਿਟੀ ਵੱਲੋਂ ਮਾਨਤਾ ਪ੍ਰਾਪਤ ਗਿਆਨੀ ਕਾਲਜ ਖੋਲ੍ਹਿਆ। ਕੁਝ ਸਮਾਂ ਖ਼ਾਲਸਾ ਹਾਈ ਸਕੂਲ ਅੰਬਾਲਾ ਵਿਖੇ ਸੇਵਾ ਕਰਨ ਤੋਂ ਬਾਅਦ ਸ਼੍ਰੀ ਗੁਰੂ ਰਾਮਦਾਸ ਸਕੂਲ ਅੰਮ੍ਰਿਤਸਰ ਵਿਖੇ ਆ ਕੇ 1945 ਈ: ਤੱਕ ਧਾਰਮਿਕ ਅਧਿਆਪਕ ਦੀ ਸੇਵਾ ਨਿਭਾਉਂਦੇ ਰਹੇ। ਇਸ ਸਮੇਂ ਦੌਰਾਨ ਧਰਮ ਪ੍ਰਚਾਰ ਕਮੇਟੀ ਵੱਲੋਂ ਲਈ ਜਾਂਦੀ ਧਾਰਮਿਕ ਪ੍ਰੀਖਿਆ ਲਈ ਧਾਰਮਿਕ ਪੁਸਤਕਾਂ ਲਿਖੀਆਂ।
1945 ਵਿੱਚ ਉਹਨਾਂ ਕਹਾਣੀ ਸੰਗ੍ਰਹਿ ‘ਰਾਹ ਜਾਂਦਿਆਂ’ ਪੰਜਾਬੀ ਸਾਹਿਤ ਦੀ ਝੋਲੀ ਪਾਇਆ। ਇਸ ਤੋਂ ਬਾਅਦ ਸੋਚ ਜੀ ਲਾਹੌਰ ਚਲੇ ਗਏ ਤੇ ਗਿਆਨੀ ਦੀਆਂ ਕਲਾਸਾਂ ਲੈਣੀਆਂ ਸ਼ੁਰੂ ਕਰ ਦਿੱਤੀਆਂ।
1947 ਦੀ ਵੰਡ ਤੋਂ ਬਾਅਦ ਉਹਨਾਂ ਅੰਮ੍ਰਿਤਸਰ ਆ ਕੇ ਪੰਜਾਬੀ ਦਾ ਰੋਜ਼ਾਨਾ ਅਖ਼ਬਾਰ ‘ਵਰਤਮਾਨ’ ਕੱਢਿਆ। ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਪੰਜਵੀਂ ਸ਼ਤਾਬਦੀ ਮਨਾਉਣ ਸਮੇਂ ਉਹਨਾਂ ਨੂੰ ਸ਼ਤਾਬਦੀ ਸਮਾਰੋਹ ਦਾ ਇੰਚਾਰਜ ਥਾਪਿਆ ਗਿਆ। 9 ਸੂਬਿਆਂ ਵਿੱਚ ਪੰਜਵੀਂ ਸ਼ਤਾਬਦੀ ਨੂੰ ਸਫਲਤਾ ਸਹਿਤ ਮਨਾਉਣ ਲਈ ਕਮੇਟੀਆਂ ਦਾ ਗਠਨ ਕੀਤਾ। ਛੇ ਸੂਬਿਆਂ ਵਿੱਚ ਪ੍ਰਦਰਸ਼ਨੀਆਂ ਲਗਵਾਈਆਂ। ਇਸ ਸਮੇਂ ਸੋਚ ਜੀ ‘ਗੁਰਮਤਿ ਪ੍ਰਕਾਸ਼’ ਮੈਗਜ਼ੀਨ ਦੇ ਸੰਪਾਦਕ ਦੀ ਸੇਵਾ ਨਿਭਾ ਰਹੇ ਸਨ। ਪੰਜਵੀਂ ਸ਼ਤਾਬਦੀ ਸਮੇਂ ‘ਗੁਰੂ ਨਾਨਕ ਬਾਣੀ ਦਰਸ਼ਨ’ ਵਿਸ਼ੇਸ਼ ਅੰਕ ਕੱਢਿਆ। ਗੁਰਦਿਆਲ ਸਿੰਘ ਫੋਟੋਗ੍ਰਾਫਰ ਨੂੰ ਨਾਲ ਲੈ ਕੇ ਉਹਨਾਂ ਪੰਜਾਬ ਅਤੇ ਹਰਿਆਣਾ ਦੇ ਇਤਿਹਾਸਕ ਗੁਰਦੁਆਰਿਆਂ ਦੀਆਂ ਫੋਟੋਆਂ ਖਿੱਚੀਆਂ ਤੇ ਇਤਿਹਾਸ ਲਿਖਿਆ। ਡੇਰਾ ਸੰਤਪੁਰਾ ਯਮੁਨਾ ਨਗਰ (ਹਰਿਆਣਾ) ਵਿਖੇ ਸੰਤ ਪੰਡਿਤ ਨਿਸ਼ਚਲ ਸਿੰਘ ਜੀ ਦੀ ਸਰਪ੍ਰਸਤੀ  ਹੇਠ ਛਪ ਰਹੇ ਮੈਗਜ਼ੀਨ ‘ਗੁਰ ਸੰਦੇਸ਼’ ਦੀ ਉਹਨਾਂ ਚਾਰ ਸਾਲ ਤੱਕ ਸੇਵਾ ਕੀਤੀ।
ਪ੍ਰਿੰ : ਸੋਚ ਨੇ ਵਿਸ਼ਵ ਪ੍ਰਸਿੱਧ ਪੁਸਤਕਾਂ---ਚਾਰਲਸ ਡਿੰਕਨਜ਼ ਦਾ ਨਾਵਲ ‘ਟੇਲ ਆਫ ਟੂ ਸਿਟੀਜ਼’ ,ਵਿਕਟਰ ਹਿਉੂਗੋ ਦਾ ਨਾਵਲ ‘ਨਾਇਨਟੀ ਥਰੀ’ ਅਤੇ ਰਵਿੰਦਰ ਨਾਥ ਠਾਕੁਰ ਦੀ ਨੋਬਲ ਇਨਾਮ ਜੇਤੂ ਪੁਸਤਕ ‘ਗੀਤਾਂਜਲੀ’ ਦੇ ਪੰਜਾਬੀ ਅਨੁਵਾਦ ਕ੍ਰਮਵਾਰ ਕੈਦੀ, ਮਾਂ ਅਤੇ ਗੀਤਾਂਜਲੀ ਸਿਰਲੇਖ ਅਧੀਨ ਕੀਤੇ। 1942-43 ਵਿੱਚ ਗੋਰਕੀ ਦੇ ਪ੍ਰਸਿੱਧ ਨਾਵਲ ‘ਦਾ ਮਦਰ’ (ਮਾਂ) ਨੂੰ ਪੰਜਾਬੀ ਵਿੱਚ ਪਹਿਲੀ ਵਾਰ ਅਨੁਵਾਦ ਕੀਤਾ। ਖਲੀਲ ਜ਼ਿਬਰਾਨ ਦੀ ਪ੍ਰਸਿੱਧ ਪੁਸਤਕ ‘ਪ੍ਰਾਫੇਟ’ ਦਾ ਅਨੁਵਾਦ ‘ਜ਼ਿੰਦਗੀ’, ਗੋਰਕੀ ਦਾ ਨਾਵਲ ‘ਥ੍ਰੀ’ ਦਾ ਅਨੁਵਾਦ ‘ਚਮਕਦੇ ਤਾਰੇ’, ਸਪੈਨਿਸ਼ ਇਨਕਲਾਬ ਨਾਲ ਸੰਬੰਧਿਤ ਪ੍ਰਸਿੱਧ ਪੁਸਤਕ ‘ਸੈਵਨ ਰੈੱਡ ਸੰਡੇ’ ਦਾ ਅਨੁਵਾਦ ‘ਸੱਤ ਖ਼ੂਨੀ ਐਤਵਾਰ’ ਦੇ ਨਾਂ ਹੇਠ ਕੀਤਾ। 1949 ਵਿੱਚ ਉਹਨਾਂ ਨੇ ‘ਨੋਬਲ ਪ੍ਰਾਈਜ਼ ਜੇਤੂ’ ਕਿਤਾਬ ਲਿਖੀ ਜਿਸ ਵਿੱਚ ਸੰਸਾਰ ਦੇ 35 ਨੋਬਲ ਇਨਾਮ ਜੇਤੂ ਲੇਖਕਾਂ ਤੇ ਉਹਨਾਂ ਦੀਆਂ ਰਚਨਾਵਾਂ ਦਾ ਹਵਾਲਾ ਪੇਸ਼ ਕੀਤਾ। ਸ਼ੈਕਸਪੀਅਰ ਦੀਆਂ ਕਹਾਣੀਆਂ ਦਾ ਅਨੁਵਾਦ ‘ਸ਼ਾਮਾਂ ਪੈ ਗਈਆਂ’ ਅਤੇ ‘ਤਾਰੇ ਗਿਣਦਿਆਂ’ ਪ੍ਰਕਾਸ਼ਿਤ ਕੀਤਾ।
ਪ੍ਰਿੰ: ਨਰਿੰਦਰ ਸਿੰਘ ‘ਸੋਚ’ ਨੇ ਗੁਰੂ ਨਾਨਕ ਦਰਸ਼ਨ, ਬਾਣੀ ਤੇ ਸ਼ਬਦਾਰਥ, ਬ੍ਰਹਮ-ਗਿਆਨੀ ਬਾਬਾ ਬੁੱਢਾ ਜੀ, ਜੀਵਨ ਦਰਸ਼ਨ ਬਾਬਾ ਖੜਕ ਸਿੰਘ ਜੀ, ਸੁਧਾਸਰ ਦੇ ਹੰਸ, ਪੰਜਾਬ ਦਾ ਖ਼ੂਨੀ ਇਤਿਹਾਸ, ਜੀਵਨ ਤੇ ਜੀਵਨ ਦਰਸ਼ਨ ਬ੍ਰਹਮ-ਗਿਆਨੀ ਬਾਬਾ ਜਗਤਾ ਜੀ, ਬਾਬਾ ਗੁਰਦਿੱਤ ਸਿੰਘ ਜੀ ਕਾਮਾਗਾਟਾਮਾਰੁੂ, ਜੀਵਨ ਗਿਆਨੀ ਕਿ੍ਰਪਾਲ ਸਿੰਘ ਜੀ, ਅਮੀਰ ਸਿਧਾਂਤ ਸੰਤ ਗਿਆਨੀ ਅਮੀਰ ਸਿੰਘ ਜੀ, ਪਰਮਾਰਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਸਮਾਜ ਦਾ ਨਰਕ (ਨਾਵਲ), ਟੁੱਟਦੇ ਤਾਰੇ (ਨਾਵਲ), ਰਾਤ ਹਨੇਰੀ (ਨਾਵਲ), ਫਾਂਸੀ (ਨਾਵਲ), ਜ਼ਿੰਦਗੀ, ਦੁਨੀਆਂ ਵਿੱਚ ਪਹਿਲੀ ਮੌਤ, ਪਿੰਡ ਫਾਟਾ ਮਾਰਾ (ਨਾਵਲ), ਬੱਚਿਆਂ ਲਈ ਸਿੱਖ ਇਤਿਹਾਸ, ਸੰਤ ਮਰਾਲ ਜੀਵਨ ਤੇ ਜੀਵਨ ਦਰਸ਼ਨ, ਨਹਿਰੂ ਪਰਿਵਾਰ, ਚਿੜੀਆ ਘਰ, ਬਾਬਾ ਲਖਮੀ ਚੰਦ, ਬਾਬਾ ਸ੍ਰੀ ਚੰਦ ਦਰਸ਼ਨ, ਅਣਕੰਡਿਆਲਾ ਗੁਲਾਬ ਬੀਬੀ ਕਰਤਾਰ ਕੌਰ, ਅਣਮੋਲ ਹੀਰੇ, ਭਗਤ ਪੂਰਨ ਸਿੰਘ ਜੀਵਨ (ਦੋ ਭਾਗਾਂ ਵਿੱਚ), ਮਰਯਾਦਾ ਪੁਰਸ਼ੋਤਮ ਸੰਤ ਬਾਬਾ ਸੁੱਚਾ ਸਿੰਘ ਜੀ, ਹਮ ਰੁਲਤੇ ਫਿਰਤੇ ਸਵੈ-ਜੀਵਨੀ ਸਮੇਤ 70 ਤੋਂ ਵੱਧ ਪੁਸਤਕਾਂ ਅਨੁਵਾਦ, ਸੰਪਾਦਨਾ ਤੇ ਕਲਮ ਰਾਹੀਂ ਲਿਖ ਕੇ ਸਿੱਖ ਜਗਤ ਨੂੰ ਭੇਟ ਕੀਤੀਆਂ।
ਪ੍ਰਿੰ: ਨਰਿੰਦਰ ਸਿੰਘ ਸੋਚ ਆਪਣੇ ਆਪ ਵਿੱਚ ਇੱਕ ਮੁਕੰਮਲ ਕੋਸ਼ ਸਨ। ਉਹਨਾਂ ਜ਼ਲ੍ਹਿਆਂਵਾਲਾ ਬਾਗ਼ ਦਾ ਸਾਕਾ, ਦੁਨੀਆਂ ਦੀਆਂ ਦੋਵੇਂ ਜੰਗਾਂ, 1947 ਦੀ ਵੰਡ ਦਾ ਦੁਖਾਂਤ, ਅਕਾਲੀ ਲਹਿਰ ਦੇ ਉਤਰਾਅ-ਚੜ੍ਹਾਅ, ਅਕਾਲੀਆਂ ਦੇ ਮੋਰਚੇ, ਪੰਜਾਬੀ ਸੂਬੇ ਲਈ ਜੱਦੋ-ਜਹਿਦ, 1978 ਤੋਂ ਆਰੰਭ ਹੋਏ ਪੰਜਾਬ ਦੇ ਸੰਤਾਪ, 1984 ਵਿੱਚ ਵਾਪਰੇ ਦੁਖਾਂਤ ਪਿੱਛੋਂ ਖੁੰਬਾਂ ਵਾਂਗ ਉੱਗਦੀਆਂ ਢਹਿੰਦੀਆਂ ਸਰਕਾਰਾਂ ਦੇ ਉਹ ਚਸ਼ਮਦੀਦ ਗਵਾਹ ਸਨ।
ਪ੍ਰਿੰ: ਨਰਿੰਦਰ ਸਿੰਘ ਸੋਚ ਆਪਣੀ ਜ਼ਿੰਦਗੀ ਵਿੱਚ ਸਭ ਤੋਂ ਜ਼ਿਆਦਾ ਪ੍ਰਭਾਵਿਤ ਸੰਤ ਪੰਡਿਤ ਨਿਸ਼ਚਲ ਸਿੰਘ ਜੀ ‘ਸੇਵਾਪੰਥੀ’ ਤੋਂ ਹੋਏ। ਡੇਰਾ ਸੰਤਪੁਰਾ ਯਮੁਨਾ ਨਗਰ ਵਿਖੇ ਰਹਿ ਕੇ ਉਹਨਾਂ ‘ਗੁਰ ਸੰਦੇਸ਼’ ਮੈਗਜ਼ੀਨ ਦੇ ਸੰਪਾਦਕ ਦੇ ਨਾਲ-ਨਾਲ ਗੁਰਬਾਣੀ, ਗੁਰਮਤਿ ਦੀਆਂ ਕਲਾਸਾਂ ਲੈ ਕੇ ਹਜ਼ਾਰਾਂ ਹੀ ਬੱਚੇ-ਬੱਚੀਆਂ ਨੂੰ ਗੁਰਸਿੱਖੀ ਜੀਵਨ ਨਾਲ ਜੋੜਿਆ। ਉਹਨਾਂ ਦਾ ਰੋਜ਼ਾਨਾ ਨੇਮ ਸੀ ਕਿ ਸਭ ਤੋਂ ਪਹਿਲਾਂ ਅੰਮ੍ਰਿਤ ਵੇਲੇ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਰੀਲੇਅ (ਸਿੱਧਾ ਪ੍ਰਸਾਰਣ) ਹੋ ਰਹੇ ਕੀਰਤਨ ਨੂੰ ਰੇਡੀਓ ਤੋਂ ਸੁਣਦੇ ਸਨ। ਫਿਰ ਇਸ਼ਨਾਨ ਕਰਨ ਉਪਰੰਤ ਨਿੱਤ-ਨੇਮ ਕਰਦੇ ਸਨ। ਫਿਰ ਸੈਰ ਕਰਨ ਵਾਸਤੇ ਚਲੇ ਜਾਂਦੇ ਸਨ। ਸੈਰ ਤੋਂ ਬਾਅਦ ਆਪ ਨਾਸ਼ਤਾ ਕਰਕੇ ਲਿਖਣਾ ਆਰੰਭ ਕਰ ਦਿੰਦੇ ਸਨ। ਪ੍ਰਿੰ: ਸੋਚ ਮਿਲਣ ਵਾਲਿਆਂ ਨੂੰ ਪੂਰਾ ਖੁੱਲ੍ਹਾ ਸਮਾਂ ਦਿੰਦੇ ਸਨ। ਉਹਨਾਂ ਦੇਸ਼ ਦੀ ਵੰਡ ਸਮੇਂ ਅੰਮ੍ਰਿਤਸਰ ਦੇ ਲੋਕਾਂ ਨੂੰ ਲੁੱਟ-ਮਾਰ ਤੋਂ ਬਚਾਇਆ ਤੇ ਫਿਰ ਜੱਜ ਨੂੰ ਦਫ਼ਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬੁਲਾ ਕੇ ਸ਼ਰਨਾਰਥੀਆਂ ਨੂੰ ਅਲਾਟਮੈਂਟ ਕਰਵਾਈ।
ਪ੍ਰਿੰ: ਨਰਿੰਦਰ ਸਿੰਘ ‘ਸੋਚ’ ਬਹੁਤ ਹੀ ਮਿੱਠਬੋਲੜੇ ਤੇ ਮਿਲਣਸਾਰ ਸਨ। ਉਹਨਾਂ ਦੇ ਮਿੱਠੇ ਬੋਲ ਹੀ ਵਿਅਕਤੀ ਨੂੰ ਆਪਣੇ ਵੱਲ ਖਿੱਚ ਲੈਂਦੇ ਸਨ। ਉਹ ਪੰਜਾਬੀ, ਹਿੰਦੀ, ਸੰਸਕ੍ਰਿਤ, ਬ੍ਰਜ, ਉਰਦੂ, ਫ਼ਾਰਸੀ, ਅਰਬੀ ਤੇ ਅੰਗਰੇਜ਼ੀ ਭਾਸ਼ਾਵਾਂ ਚੰਗੀ ਤਰ੍ਹਾਂ ਪੜ੍ਹ ਲੈਂਦੇ ਸਨ। ਉਹਨਾਂ ਦੀ ਯਾਦ ਸ਼ਕਤੀ ਬਹੁਤ ਤੇਜ਼ ਸੀ। ਪ੍ਰਿੰ: ‘ਸੋਚ’ ਨੇ ‘ਜੀਵਨ ਤੇ ਜੀਵਨ ਦਰਸ਼ਨ ਬਾਬਾ ਤੀਰਥ ਸਿੰਘ ਸੇਵਾਪੰਥੀ’ ਲਿਖਣਾ ਸ਼ੁਰੂ ਕੀਤਾ। ਇਹਨਾਂ ਸਤਰਾਂ ਦਾ ਲੇਖਕ ਅੰਮ੍ਰਿਤਸਰ ਜਾ ਕੇ ‘ਭਾਈ ਕਨੱਈਆ ਸੇਵਾ ਜੋਤੀ’ ਪੰਜਾਬੀ ਮਾਸਿਕ ਮੈਗਜ਼ੀਨ ਵਿੱਚ ਛਾਪਣ ਲਈ ਮਹੰਤ ਤੀਰਥ ਸਿੰਘ ਜੀ ਦੇ ਜੀਵਨ-ਗਾਥਾ ਦੀਆਂ ਕਿਸ਼ਤਾਂ ਸੋਚ ਜੀ ਪਾਸੋਂ ਲਿਖਵਾ ਕੇ ਲਿਆਉਂਦਾ ਰਿਹਾ ਜੋ ਮੈਗਜ਼ੀਨ ਵਿੱਚ ਛਪਦੀਆਂ ਰਹੀਆਂ।
ਨਰਿੰਦਰ ਸਿੰਘ ਸੋਚ ਜਿਨ੍ਹਾਂ ਨੇ ਸੇਵਾਪੰਥੀ ਮਹਾਂਪੁਰਸ਼ ਬਾਬਾ ਜਗਤਾ ਜੀ ਦਾ ਜੀਵਨ ਮਾਖਿਓਂ ਮਿੱਠੀ ਤੇ ਬਹੁਤ ਹੀ ਸੁਖੈਨ ਬੋਲੀ ਵਿੱਚ ਲਿਖਿਆ, ਜਿਸ ਨੂੰ ਪਾਠਕਾਂ ਨੇ ਬਹੁਤ ਪਸੰਦ ਕੀਤਾ। ਇਸ ਪੁਸਤਕ ਦੇ ਸੱਤ ਐਡੀਸਨ  ਛਪ ਚੁੱਕੇ ਹਨ। ਮੈਨੂੰ ਯਾਦ ਹੈ,ਦਸੰਬਰ 1996 ਵਿੱਚ  ਦਾਸ ਨਾਲ ਬਚਨ ਬਿਲਾਸ ਕਰਦਿਆਂ  ਮਹੰਤ ਤੀਰਥ ਸਿੰਘ ਜੀ 'ਸੇਵਾਪੰਥੀ' ਨੇ ਕਿਹਾ ਕਿ ਬਾਬਾ ਜਗਤਾ ਜੀ ਦੇ ਸਾਲਾਨਾ ਯੱਗ- ਸਮਾਗਮ ਤੇ ਪ੍ਰਿੰ: ਨਰਿੰਦਰ ਸਿੰਘ 'ਸੋਚ' ਨੂੰ ਸਨਮਾਨਿਤ ਕਰਨਾ ਹੈ। ਜਦੋਂ ਮੈਂ (ਲੇਖਕ) ਸੋਚ  ਜੀ ਕੋਲ ਗਿਆ ਤਾਂ ਉਹਨਾਂ ਕਿਹਾ ਕਿ  ਬਿਰਧ ਅਵਸਥਾ ਹੋਣ ਕਰਕੇ ਹੁਣ ਚੱਲ ਨਹੀਂ ਸਕਦਾ। ਮੈਂ ਜਦ ਅੰਮ੍ਰਿਤਸਰ ਤੋਂ ਵਾਪਸ ਆ ਕੇ ਮਹੰਤ ਤੀਰਥ ਸਿੰਘ ਜੀ ਨੂੰ ਦੱਸਿਆ ਤਾਂ ਮਹੰਤ ਤੀਰਥ ਸਿੰਘ ਜੀ ਨੇ ਸ੍ਰ: ਜੋਗਿੰਦਰ ਸਿੰਘ ਘੜੀਆਂ ਵਾਲੇ ਜੋ ਹਾਲ ਬਜ਼ਾਰ ਅੰਮ੍ਰਿਤਸਰ ਰਹਿੰਦੇ ਸਨ, ਉਹਨਾਂ ਦੀ ਡਿਊਟੀ ਲਗਾ ਦਿੱਤੀ ਤੇ ਕਿਹਾ ਕਿ ਜਦੋਂ ਆਪ ਯੱਗ -ਸਮਾਗਮ ਤੇ ਆਉ  ਤਾਂ ਪ੍ਰਿੰ :  ਨਰਿੰਦਰ ਸਿੰਘ 'ਸੋਚ' ਨੂੰ ਗੱਡੀ (ਕਾਰ) ਵਿੱਚ ਨਾਲ ਲੈਂਦੇ ਆਉਣਾ। ਮਹੰਤ ਪਰਮਜੀਤ ਸਿੰਘ ਜੀ 'ਸੇਵਾਪੰਥੀ ' ਰੋਹਤਕ ਵਾਲੇ 14 ਜਨਵਰੀ ਨੂੰ ਸਵੇਰੇ ਅੰਮ੍ਰਿਤਸਰ ਕਿਸੇ ਪ੍ਰੋਗਰਾਮ ਤੇ ਗਏ ਹੋਏ ਸਨ। ਮਹੰਤ ਤੀਰਥ ਸਿੰਘ ਜੀ ਨੇ ਫੋਨ ਕਰਕੇ ਮਹੰਤ ਪਰਮਜੀਤ ਸਿੰਘ ਜੀ ਨੂੰ ਕਿਹਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਵਾਈਸ -ਚਾਂਸਲਰ ਡਾਕਟਰ ਹਰਭਜਨ ਸਿੰਘ 'ਸੋਚ' ਦੇ ਪਿਤਾ ਪ੍ਰਿੰ: ਨਰਿੰਦਰ ਸਿੰਘ 'ਸੋਚ' ਨੂੰ ਅੱਜ ਰਾਤ ਨੂੰ ਸਨਮਾਨਿਤ ਕਰਨਾ ਹੈ , ਉਹਨਾਂ ਨੂੰ ਨਾਲ ਲੈਂਦੇ ਆਉਣਾ। ਪ੍ਰਿੰ: ਨਰਿੰਦਰ ਸਿੰਘ ‘ਸੋਚ’ ਨੂੰ ਮਹੰਤ ਤੀਰਥ ਸਿੰਘ ‘ਸੇਵਾਪੰਥੀ’ ਨੇ 14 ਜਨਵਰੀ 1997 ਈ: ਰਾਤ ਨੂੰ ਭਰੇ ਹੋਏ ਦੀਵਾਨ ਹਾਲ ਵਿੱਚ ਸੰਗਤਾਂ ਦੇ ਜੈਕਾਰਿਆਂ ਦੀ ਗੂੰਜਾਰ ਵਿੱਚ 11000 ਰੁਪਏ ਨਕਦ, ਸ਼ਾਲ ਤੇ ਸਿਰੋਪਾਉ ਨਾਲ ਸਨਮਾਨਿਤ ਕੀਤਾ। ਧਰਮ ਪ੍ਰਚਾਰ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਵਸ ’ਤੇ 16 ਸਤੰਬਰ 1993 ਈ: ਨੂੰ ਪ੍ਰਿੰ: ਨਰਿੰਦਰ ਸਿੰਘ ‘ਸੋਚ’ ਨੂੰ ਸਨਮਾਨਿਤ ਕੀਤਾ ਗਿਆ। ਭਾਸ਼ਾ ਵਿਭਾਗ ਪੰਜਾਬ ਵੱਲੋਂ ਸ਼੍ਰੋਮਣੀ ਸਾਹਿਤਕਾਰ ਨਾਲ ਸੋਚ ਜੀ ਨੂੰ ਸਨਮਾਨਿਤ ਕੀਤਾ ਗਿਆ। ਹੋਰ ਵੀ ਬਹੁਤ ਮਾਣ-ਸਨਮਾਨ ਪ੍ਰਾਪਤ ਹੋਏ।
ਪ੍ਰਿੰ: ਨਰਿੰਦਰ ਸਿੰਘ ‘ਸੋਚ’ ਅਲਾਮਾ ਇਕਬਾਲ, ਪੋ੍: ਪੂਰਨ ਸਿੰਘ, ਭਾਈ ਵੀਰ ਸਿੰਘ, ਭਾਈ ਜੋਧ ਸਿੰਘ, ਸਿਰਦਾਰ ਕਪੂਰ ਸਿੰਘ, ਪ੍ਰਿੰ: ਤੇਜਾ ਸਿੰਘ, ਡਾ: ਗੰਡਾ ਸਿੰਘ, ਸ੍ਰ: ਸਾਧੂ ਸਿੰਘ ਹਮਦਰਦ, ਸ੍ਰ: ਨਾਨਕ ਸਿੰਘ ਦੇ ਬਹੁਤ ਨਿਕਟਵਰਤੀ ਰਹੇ। ਪ੍ਰਿੰ: ਨਰਿੰਦਰ ਸਿੰਘ ਸੋਚ 98 ਸਾਲ ਦੀ ਉਮਰ ਬਤੀਤ ਕਰਕੇ 16 ਮਈ 2006 ਈ: ਨੂੰ ਗੁਰੂ ਚਰਨਾਂ ਵਿੱਚ ਜਾ ਬਿਰਾਜੇ।
ਕਰਨੈਲ ਸਿੰਘ ਐੱਮ.ਏ.ਲੁਧਿਆਣਾ
#1138/63-ਏ, ਗੁਰੂ ਤੇਗ਼ ਬਹਾਦਰ ਨਗਰ
ਗਲੀ ਨੰਬਰ-1, ਚੰਡੀਗੜ੍ਹ ਰੋਡ
ਜਮਾਲਪੁਰ, ਲੁਧਿਆਣਾ
Email- karnailSinghma@gmail.com