You are here

ਲੁਧਿਆਣਾ

10 ਅਕਤੂਬਰ ਨੂੰ ਸ਼ਹੀਦੀ ਜੋੜ-ਮੇਲੇ ’ਤੇ ਵਿਸ਼ੇਸ਼ ਗੁਰਬਾਣੀ ਦੇ ਰਸੀਏ-ਸੰਤ ਬਾਬਾ ਜੰਗ ਸਿੰਘ

ਮਹਾਨ ਤਿਆਗੀ, ਤਪੱਸਵੀ, ਨਾਮ-ਬਾਣੀ ਦੇ ਰਸੀਏ, ਬਾਬਾ ਈਸ਼ਰ ਸਿੰਘ ਦੇ ਮੁੱਖ ਸੇਵਕ ਸੰਤ ਬਾਬਾ ਜੰਗ ਸਿੰਘ ਜੀ ਦਾ ਜਨਮ ਪਿਤਾ ਸ੍ਰ: ਕ੍ਰਿਸ਼ਨ ਸਿੰਘ ਦੇ ਘਰ ਮਾਤਾ ਹਰਨਾਮ ਕੌਰ ਦੀ ਕੁੱਖੋਂ ਪਿੰਡ ਮਹਿਲ ਕਲਾਂ ਹੁਣ ਜ਼ਿਲ੍ਹਾ ਬਰਨਾਲਾ ਵਿਖੇ ਸੰਨ 1937 ਈ: ਵਿੱਚ ਹੋਇਆ। ਬਚਪਨ ਤੋਂ ਹੀ ਆਪ ਤਪ-ਸਾਧਨਾ ਕਰਦੇ ਤੇ ਨਾਮ ਬਾਣੀ ਦੇ ਰਸੀਏ ਸਨ। ਆਪ ਸਕੂਲੀ ਵਿੱਦਿਆ ਪੱਖੋਂ ਅਨਪੜ੍ਹ ਸਨ। ਗੁਰਦੁਆਰਾ ਨਾਨਕਸਰ ਵਿਖੇ ਸਰੋਵਰ ਦੀ ਕਾਰ-ਸੇਵਾ ਚੱਲ ਰਹੀ ਸੀ। ਬਾਬਾ ਜੰਗ ਸਿੰਘ, ਬਾਬਾ ਈਸ਼ਰ ਸਿੰਘ ਜੀ ਕੋਲ 12-13 ਸਾਲ ਰਹੇ, ਸਰੋਵਰ ਦੀ ਕਾਰ-ਸੇਵਾ ਕਰਨ ਦੇ ਨਾਲ-ਨਾਲ ਗੁਰਬਾਣੀ ਦੀ ਸੰਥਿਆ ਵੀ ਪ੍ਰਾਪਤ ਕੀਤੀ।
ਬਾਬਾ ਈਸ਼ਰ ਸਿੰਘ ਜੀ ਦੇ ਅਕਾਲ ਚਲਾਣੇ ਤੋਂ ਬਾਅਦ ਬਾਬਾ ਜੰਗ ਸਿੰਘ ਸਮਾਧ ਭਾਈ ਕੀ ਜ਼ਿਲ੍ਹਾ ਬਰਨਾਲਾ ਵਿੱਚ ਬਾਬਾ ਗੁਰਦੇਵ ਸਿੰਘ ਜੀ ਕੋਲ ਇੱਕ ਸਾਲ ਰਹੇ। ਉਸ ਤੋਂ ਬਾਅਦ ਬਾਬਾ ਜੰਗ ਸਿੰਘ, ਸੰਤ ਬਾਬਾ ਸਾਧੂ ਸਿੰਘ ਦੇ ਹਜ਼ੂਰੀਏ ਰਹੇ, ਫਿਰ ਸੈਕਟਰ-28 ਚੰਡੀਗੜ੍ਹ ਵਿਖੇ ਗੁਰਦੁਆਰਾ ਨਾਨਕਸਰ ਬਣਾਇਆ। ਇੱਥੇ ਸੇਵਾ ਕਰਦੇ ਰਹੇ। ਇੱਕ ਦਿਨ ਕਰਨਾਲ ਦੀਆਂ ਸੰਗਤਾਂ ਨੇ ਸੰਤ ਬਾਬਾ ਜੰਗ ਸਿੰਘ ਜੀ ਨੂੰ ਬੇਨਤੀ ਕੀਤੀ, ‘‘ਮਹਾਰਾਜ ! ਇਸ ਅਸਥਾਨ ਵਾਂਗ ਸਾਡੇ ਇਲਾਕੇ ਵਿੱਚ ਵੀ ਗੁਰਬਾਣੀ, ਗੁਰਮਤਿ ਦਾ ਪ੍ਰਚਾਰ ਕੀਤਾ ਜਾਵੇ।’’ ਸ੍ਰ: ਹਰਨਾਮ ਸਿੰਘ ਤੇ ਹੋਰ ਸੰਗਤਾਂ ਵੱਲੋਂ ਬੇਨਤੀ ਕਰਨ ਤੇ ਸੰਤ ਬਾਬਾ ਜੰਗ ਸਿੰਘ ਜੀ ਨੇ ਗੁਰਦੁਆਰਾ ਨਾਨਕਸਰ ਸੀਂਗੜਾ 1972 ’ਚ ਕਰਨਾਲ ਵਿਖੇ ਬਣਾਇਆ। 1978 ਵਿੱਚ ਨਿਹੰਗ ਸਿੰਘਾਂ ਤੇ ਪੁਲਿਸ ਵਿਚਕਾਰ ਲੜਾਈ ਹੋਣ ਕਰਕੇ ਚਾਰ ਸਿੰਘ ਸ਼ਹੀਦ ਹੋ ਗਏ। ਬਾਬਾ ਜੰਗ ਸਿੰਘ ਜੀ ਨੂੰ ਅਕਾਸ਼ਵਾਣੀ ਹੋਈ, ਉਹ ਪੂੰਡਰੀ ਪਹੁੰਚੇ, ਉਹਨਾਂ ਜ਼ਖ਼ਮੀਆਂ ਸਿੰਘਾਂ ਦਾ ਇਲਾਜ ਕਰਵਾਇਆ। ਜਥੇਦਾਰ ਮਹਿੰਦਰ ਸਿੰਘ, ਪਾਲਾ ਸਿੰਘ ਤੇ ਹੋਰ ਸੰਗਤਾਂ ਨੇ ਬੇਨਤੀ ਕੀਤੀ ਕਿ ਇੱਥੇ ਸ਼ਹੀਦ ਹੋਏ ਸਿੰਘਾਂ ਦੀ ਯਾਦ ’ਚ ਅਸਥਾਨ ਬਣਾਇਆ ਜਾਵੇ। ਸੰਤ ਬਾਬਾ ਜੰਗ ਸਿੰਘ ਜੀ ਨੇ 1978 ਵਿੱਚ ਸੰਗਤਾਂ ਨੂੰ ਪੇ੍ਰ ਕੇ ਤੇ ਆਪ ਹੱਥੀਂ  ਸੇਵਾ ਕਰਕੇ ਗੁਰਦੁਆਰਾ ਨਾਨਕਸਰ ਪੂੰਡਰੀ ਅਸਥਾਨ ਬਣਾਇਆ। ਮਾਤਾ ਸਾਹਿਬ ਕੌਰ (ਦੇਵਾਂ) ਜੀ ਦੇ ਨਾਂ ਤੇ 1979 ਵਿੱਚ ਕਰਨਾਲ ਵਿਖੇ ਗੁਰਦੁਆਰਾ ਨਾਨਕਸਰ ਲੰਗਰ ਮਾਤਾ ਸਾਹਿਬ ਦੇਵਾਂ ਜੀ ਦਾ ਨਿਰਮਾਣ ਕਰਵਾਇਆ।
ਸ਼੍ਰੋਮਣੀ ਅਕਾਲੀ ਦਲ ਵੱਲੋਂ 1982 ’ਚ ਆਰੰਭੇ ਧਰਮ ਯੁੱਧ ਮੋਰਚੇ ਦੌਰਾਨ ਜਦੋਂ ਬੱਸ ਵਿੱਚ ਸਵਾਰ 34 ਸਿੰਘ ਤਰਨਤਾਰਨ ਦਾ ਰੇਲਵੇ ਫਾਟਕ ਪਾਰ ਕਰਨ ਲੱਗੇ ਤਾਂ ਬੱਸ ਦੀ ਰੇਲ ਗੱਡੀ ਨਾਲ ਟੱਕਰ ਵਿੱਚ ਸਾਰੇ ਸਿੰਘ ਸ਼ਹੀਦ ਹੋ ਗਏ ਸਨ। ਸਿੱਖ ਸੰਗਤ ਨੇ ਸ਼ਹੀਦਾਂ ਦਾ ਸਸਕਾਰ ਕਰਨ ਤੋਂ ਬਾਅਦ ਉਹਨਾਂ ਦੇ ਫੁੱਲ (ਅਸਥੀਆਂ) ਲੈ ਕੇ ਰੋਸ ਪ੍ਰਗਟ ਕਰਨ ਹਿੱਤ ਅੰਮ੍ਰਿਤਸਰ ਤੋਂ ਦਿੱਲੀ ਤੱਕ ਸ਼ਰਧਾਂਜਲੀ ਮਾਰਚ ਕੱਢਿਆ।
ਇਸ ਮਾਰਚ ਵਿੱਚ ਭਾਰੀ ਤਾਦਾਦ ਵਿੱਚ ਸ਼ਾਮਿਲ ਸੰਗਤਾਂ ਅੰਮ੍ਰਿਤਸਰ ਤੋਂ ਚੱਲ ਕੇ ਪਹਿਲੀ ਰਾਤ ਫ਼ਤਿਹਗੜ੍ਹ ਸਾਹਿਬ ਪਹੁੰਚੀਆਂ, ਦੂਜੀ ਰਾਤ ਇਹ ਮਾਰਚ ਕਰਨਾਲ ਵਿਖੇ ਗੁਰਦੁਆਰਾ ਲੰਗਰ ਮਾਤਾ ਸਾਹਿਬ ਦੇਵਾਂ ਵਿਖੇ ਰੁਕਿਆ। ਤੀਜੀ ਰਾਤ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਮਾਰਚ ਪਹੁੰਚਿਆ।
10 ਅਕਤੂਬਰ ਨੂੰ ਗੁਰਦੁਆਰਾ ਬੰਗਲਾ ਸਾਹਿਬ ਤੋਂ ਅਰਦਾਸ ਕਰਕੇ ਸਵੇਰੇ 10 ਵਜੇ ਸੰਗਤਾਂ ਪਾਰਲੀਮੈਂਟ ਸਾਹਮਣੇ ਰੋਸ ਪ੍ਰਗਟ ਕਰਨ ਲਈ ਚੱਲ ਪਈਆਂ। 11 ਵਜੇ ਪਾਰਲੀਮੈਂਟ ਪਹੁੰਚੀਆਂ। ਪਾਰਲੀਮੈਂਟ ਦੇ ਬਾਹਰ ਡੇਢ-ਦੋ ਵਜੇ ਤੱਕ ਇੱਟਾਂ-ਰੋੜ੍ਹੇ ਚੱਲਦੇ ਰਹੇ। ਉਸ ਤੋਂ ਬਾਅਦ ਪੁਲਿਸ ਨੇ ਨਿਹੱਥੇ ਸਿੰਘਾਂ ਤੇ ਅੰਧਾਧੁੰਦ ਗੋਲੀਆਂ ਚਲਾਈਆਂ, 10 ਸਿੰਘ ਚੜ੍ਹਾਈ ਕਰ ਗਏ। ਜਿਨ੍ਹਾਂ ’ਚੋ ਦੋ ਬੀਬੀਆਂ ਸਨ। ਬਾਬਾ ਜੰਗ ਸਿੰਘ ਜੀ ਦੇ ਅੰਦਰ ਤੜਪ ਸੀ, ‘ਮੈਂ ਮਰਾਂ ਪੰਥ ਜੀਵੇ’ ਉਹਨਾਂ ਗੁਰਦੁਆਰਾ ਰਕਾਬ ਗੰਜ ਸਾਹਿਬ ਦੇ ਬਾਹਰ ਪੁਲਿਸ ਨੂੰ ਵੰਗਾਰਦਿਆਂ ਹੋਇਆਂ ਛਾਤੀ ਤਾਣ ਕੇ ਕਿਹਾ ਕਿ ਜੇਕਰ ਗੋਲੀ ਚਲਾਉਣੀ ਹੈ ਤਾਂ ਮੇਰੇ ਤੇ ਚਲਾਉ। ਪੁਲਿਸ ਨੇ ਬਾਬਾ ਜੰਗ ਸਿੰਘ ਜੀ ਉੱਪਰ ਗੋਲੀਆਂ ਚਲਾਈਆਂ। ਜਿਸ  ਨਾਲ ਉਹ ਗੰਭੀਰ ਜ਼ਖ਼ਮੀ ਹੋ ਗਏ। ਉਹਨਾਂ ਆਪਣੇ ਸੇਵਾਦਾਰਾਂ ਨੂੰ ਕਿਹਾ ਕਿ ਸਾਨੂੰ ਪਰਮੇਸ਼ਰ ਦਾ ਸੱਦਾ ਆ ਗਿਆ ਹੈ। ਸਾਡਾ ਸੰਸਕਾਰ ਕਰਨਾਲ ਵਿਖੇ ਮਾਤਾ ਸਾਹਿਬ ਦੇਵਾਂ ਦੇ ਚਰਨਾਂ ਵਿੱਚ ਕਰਨਾ ਹੈ ਤੇ ਮੈਨੂੰ ਹਸਪਤਾਲ ਵੀ ਨਹੀਂ ਲੈ ਕੇ ਜਾਣਾ। ਸੰਤ ਬਾਬਾ ਜੰਗ ਸਿੰਘ ਜੀ ਵਾਹਿਗੁਰੂ-ਵਾਹਿਗੁਰੂ ਦਾ ਸਿਮਰਨ ਕਰਦੇ ਹੋਏ 45 ਸਾਲ ਦੀ ਉਮਰ ਭੋਗ ਕੇ 10 ਅਕਤੂਬਰ 1982 ਈ: ਨੂੰ ਸ਼ਹੀਦੀ ਪਾ ਗਏ।
 ਗੁਰਦੁਆਰਾ ਨਾਨਕਸਰ ਪੂੰਡਰੀ ਕਰਨਾਲ (ਹਰਿਆਣਾ) ਵਿਖੇ ਸੰਤ ਬਾਬਾ ਜੰਗ ਸਿੰਘ ਜੀ ਦਾ 40ਵਾਂ ਸਾਲਾਨਾ ਸ਼ਹੀਦੀ ਜੋੜ-ਮੇਲਾ 10 ਅਕਤੂਬਰ ਦਿਨ ਮੰਗਲਵਾਰ  ਨੂੰ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ।

ਕਰਨੈਲ ਸਿੰਘ ਐੱਮ.ਏ.
#1138/63-ਏ, ਗੁਰੂ ਤੇਗ਼ ਬਹਾਦਰ ਨਗਰ,
ਗਲੀ ਨੰਬਰ-1, ਚੰਡੀਗੜ੍ਹ ਰੋਡ,
ਜਮਾਲਪੁਰ, ਲੁਧਿਆਣਾ

 

ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਵੱਲੋੰ ਅਗਲਾ ਸੂਬਾ ਪੱਧਰੀ ਸੰਘਰਸ਼ ਵਿੱਢਣ ਦਾ ਫੈਸਲਾ 

5 ਨਵੰਬਰ ਤੋਂ ਸ਼ੁਰੂ ਹੋਣਗੇ ਪਿੰਡਾਂ ਤੇ ਸ਼ਹਿਰਾਂ ਵਿੱਚ ਝੰਡਾ ਮਾਰਚ 

ਲੁਧਿਆਣਾ 9 ਅਕਤੂਬਰ (  ਟੀ. ਕੇ.   ) ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ (ਪੰਜਾਬ) ਦੇ ਸੂਬਾਈ ਆਗੂਆਂ ਵੱਲੋੰ ਲੁਧਿਆਣਾ ਵਿਖੇ ਈਸੜੂ ਭਵਨ ਸੂਬਾ ਪੱਧਰੀ ਮੀਟਿੰਗ ਕਰਕੇ ਕੀਤਾ ਅਗਲੇ ਸੂਬਾ ਪੱਧਰੀ ਸੰਘਰਸ਼ਾਂ ਦਾ ਫੈਸਲਾ ਕੀਤਾ ਗਿਆ ਹੈ। ਇਸ ਮੌਕੇ ਮੀਟਿੰਗ ਵਿੱਚ ਹਾਜ਼ਿਰ ਮੋਰਚੇ ਦੇ ਸੂਬਾਈ ਆਗੂਆਂ ਕੁਲਦੀਪ ਸਿੰਘ ਬੁੱਢੇਵਾਲ,ਪਵਨਦੀਪ ਸਿੰਘ,ਜਗਰੂਪ ਸਿੰਘ ਲਹਿਰਾ,ਗੁਰਵਿੰਦਰ ਸਿੰਘ ਪੰਨੂੰ,ਰਾਜੇਸ਼ ਕੁਮਾਰ ਮੌੜ,ਸਿਮਰਨਜੀਤ ਸਿੰਘ ਨੀਲੋਂ,ਭੁਪਿੰਦਰ ਸਿੰਘ ਕੁਤਬੇਵਾਲ,ਜਗਸੀਰ ਸਿੰਘ ਭੰਗੂ,ਖ਼ੁਸ਼ਦੀਪ ਸਿੰਘ,ਜਸਵੀਰ ਸਿੰਘ ਜੱਸੀ ਅਤੇ ਚੌਧਰ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਮੂਹ ਸਰਕਾਰੀ ਵਿਭਾਗਾਂ ਦੇ ਇਨਲਿਸਟਮੈਂਟ ਅਤੇ ਆਊਟਸੋਰਸਡ ਠੇਕਾ ਮੁਲਾਜ਼ਮਾਂ ਨੂੰ ਵਿਭਾਗਾਂ ਵਿੱਚ ਪੱਕਾ ਕਰਨ ਦਾ ਵਾਅਦਾ ਕਰਕੇ ਸੱਤਾ ਵਿੱਚ ਆਈ ਪੰਜਾਬ ਦੀ ਆਪ ਸਰਕਾਰ ਵੀ ਪਹਿਲੀਆਂ ਸਰਕਾਰਾਂ ਦੀ ਤਰ੍ਹਾਂ ਹੀ ਆਊਟਸੋਰਸਡ ਅਤੇ ਇਨਲਿਸਟਮੈਂਟ ਠੇਕਾ ਮੁਲਾਜ਼ਮਾਂ ਨੂੰ ਪੱਕਾ ਕਰਨ ਲਈ ਸਬ-ਕਮੇਟੀਆਂ ਦਾ ਗਠਨ ਕਰਕੇ ਆਪਣਾ ਸਮਾਂ ਲੰਘਾ ਰਹੀ ਹੈ। ਮੁੱਖ ਮੰਤਰੀ ਪੰਜਾਬ ਵੱਲੋੰ ਵਿਧਾਨ ਸਭਾ ਵਿੱਚ ਠੇਕੇਦਾਰਾਂ ਅਤੇ ਕੰਪਨੀਆਂ ਵੱਲੋੰ ਠੇਕਾ ਮੁਲਾਜ਼ਮਾਂ ਦੀ ਕਿਰਤ ਦੀ ਕੀਤੀ ਜਾ ਰਹੀ ਅੰਨੀ-ਲੁੱਟ ਨੂੰ ਬੰਦ ਕਰਕੇ ਠੇਕਾ ਮੁਲਾਜ਼ਮਾਂ ਵਿਭਾਗਾਂ ਵਿੱਚ ਮਰਜ਼ ਕਰਨ ਦੇ ਐਲਾਨ ਮਗਰੋਂ ਵੀ ਪੰਜਾਬ ਸਰਕਾਰ ਵੱਲੋੰ ਠੇਕਾ ਮੁਲਾਜ਼ਮਾਂ ਨੂੰ ਠੇਕਾ ਪ੍ਰਣਾਲੀ ਦੀ ਚੱਕੀ ਵਿੱਚ ਪਿਸਣ ਲਈ ਮਜ਼ਬੂਰ ਕੀਤਾ ਹੋਇਆ ਹੈ ਅਤੇ ਵੱਖ-ਵੱਖ ਸਰਕਾਰੀ ਵਿਭਾਗਾਂ ਜਿਵੇਂ ਕਿ ਜਲ ਸਪਲਾਈ ਅਤੇ ਸੈਨੀਟੇਸ਼ਨ,ਪਾਵਰਕਾਮ ਅਤੇ ਟ੍ਰਾਂਸਕੋ ਸਮੇਤ ਸਮੂਹ ਸਰਕਾਰੀ ਥਰਮਲ ਪਲਾਂਟਾਂ ਅਤੇ ਹਾਈਡਲ ਪ੍ਰਾਜੈਕਟਾਂ,ਵਾਟਰ ਸਪਲਾਈ ਅਤੇ ਸੀਵਰੇਜ਼ ਬੋਰਡ,ਵੇਰਕਾ ਮਿਲਕ ਅਤੇ ਕੈਟਲ ਫੀਡ ਪਲਾਂਟਾਂ,ਪੀ.ਡਬਲਯੂ.ਡੀ.ਇਲੈੱਕਟਰੀਕਲ ਵਿੰਗ ਲੋਕ ਨਿਰਮਾਣ ਵਿਭਾਗ ਆਦਿ ਵਿੱਚ ਪਿਛਲੇ 15-20 ਸਾਲਾਂ ਦੇ ਲੰਬੇ ਅਰਸੇ ਤੋਂ ਲਗਾਤਾਰ ਨਿਗੁਣੀਆਂ ਤਨਖਾਹਾਂ ’ਤੇ ਤਨਦੇਹੀ ਨਾਲ ਸੇਵਾਵਾਂ ਦਿੰਦੇ ਆ ਰਹੇ ਸਮੂਹ ਠੇਕਾ ਮੁਲਾਜ਼ਮਾਂ ਨੂੰ ਵਿਭਾਗਾਂ ਵਿੱਚ ਪੱਕਾ ਨਹੀਂ ਕੀਤਾ ਗਿਆ ਅਤੇ ਆਪ ਸਰਕਾਰ ਵੱਲੋਂ ਆਪਣੇ ਡੇਢ ਸਾਲ ਦੇ ਕਾਰਜ਼ਕਾਲ ਵਿੱਚ ਖਾਸ ਕਰਕੇ ਆਊਟਸੋਰਸਡ ਅਤੇ ਇਨਲਿਸਟਮੈਂਟ ਠੇਕਾ ਮੁਲਾਜ਼ਮਾਂ ਨੂੰ ਪੱਕਾ ਕਰਨ ਸੰਬੰਧੀ ਅਜੇ ਤੱਕ ਕੋਈ ਵੀ ਨੀਤੀ ਬਣਾਈ ਹੈ,ਜਿਸ ਤੋਂ ਸਾਫ਼ ਜ਼ਾਹਿਰ ਹੁੰਦਾ ਹੈ ਕਿ ਆਪ ਸਰਕਾਰ ਵੀ ਪਿਛਲੀਆਂ ਸਰਕਾਰਾਂ ਦੀ ਤਰਾਂ ਆਊਟਸੋਰਸਡ ਅਤੇ ਇਨਲਿਸਟਮੈਂਟ ਠੇਕਾ ਮੁਲਾਜ਼ਮਾਂ ਨੂੰ ਪੱਕਾ ਨਾ ਕਰਕੇ ਠੇਕਾ ਮੁਲਾਜ਼ਮਾਂ ਨਾਲ ਨੰਗਾ-ਚਿੱਟਾ ਧੋਖਾ ਕਰ ਰਹੀ ਹੈ,ਜਿਸ ਦੇ ਰੋਸ਼ ਵਜੋਂ ਆਊਟਸੋਰਸਡ ਅਤੇ ਇਨਲਿਸਟਮੈਂਟ ਠੇਕਾ ਮੁਲਾਜ਼ਮਾਂ ਵੱਲੋੰ ਪਰਿਵਾਰਾਂ ਅਤੇ ਬੱਚਿਆਂ ਸਮੇਤ "ਮੋਰਚੇ" ਦੇ ਬੈਨਰ ਹੇਠ ਸਮੁੱਚੇ ਪੰਜਾਬ ਵਿੱਚ ਦੁਸਹਿਰੇ ਦੇ ਤਿਉਹਾਰ ਮੌਕੇ "23 ਅਕਤੂਬਰ" ਨੂੰ ਡਵੀਜ਼ਨ ਅਤੇ ਸਬ-ਡਵੀਜ਼ਨ ਪੱਧਰ ਤੇ "ਮੁੱਖ ਮੰਤਰੀ ਪੰਜਾਬ" ਦਾ ਰਾਵਣ-ਰੂਪੀ ਪੁਤਲਾ ਫੂਕਕੇ ਪੰਜਾਬ ਸਰਕਾਰ ਦੀਆਂ ਕਾਰਪੋਰੇਟ ਪੱਖੀ-ਨੀਤੀਆਂ ਦਾ ਵਿਰੋਧ ਕੀਤਾ ਜਾਵੇਗਾ ਅਤੇ "5 ਨਵੰਬਰ ਤੋਂ 25 ਨਵੰਬਰ ਤੱਕ" ਪੰਜਾਬ ਪੱਧਰ ਤੇ ਪਿੰਡਾਂ ਅਤੇ ਸ਼ਹਿਰਾਂ ਵਿੱਚ "ਝੰਡਾ ਮਾਰਚ" ਕਰਕੇ ਪੰਜਾਬ ਸਰਕਾਰ ਦੀਆਂ ਕਾਰਪੋਰੇਟ-ਪੱਖੀ ਅਤੇ ਲੋਕਮਾਰੂ ਨੀਤੀਆਂ ਸੰਬੰਧੀ ਲੋਕਾਂ ਨੂੰ ਜਾਗਰੂਕ ਕਰਕੇ ਪੰਜਾਬ ਸਰਕਾਰ ਦਾ ਚਿਹਰਾ ਲੋਕਾਂ ਦੀ ਸਾਥ ਵਿੱਚ ਨੰਗਾ ਕੀਤਾ ਜਾਵੇਗਾ ਅਤੇ ਉਕਤ ਦੋਵਾਂ ਸੰਘਰਸ਼ਾਂ ਉਪਰੰਤ "30 ਨਵੰਬਰ" ਨੂੰ ਪੰਜਾਬ ਦੇ ਕਿਸੇ ਇੱਕ ਨੈਸ਼ਨਲ ਹਾਈਵੇ ਨੂੰ ਮੁਕੰਮਲ ਜਾਮ ਕਰਕੇ ਪੰਜਾਬ ਸਰਕਾਰ ਨੂੰ ਠੇਕਾ ਮੁਲਾਜ਼ਮਾਂ ਦੀਆਂ ਮੰਗਾਂ ਪ੍ਰਵਾਨ ਕਰਨ ਲਈ ਮਜ਼ਬੂਰ ਕੀਤਾ ਜਾਵੇਗਾ,ਮੋਰਚੇ ਦੇ ਸੂਬਾਈ ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸਮੂਹ ਸਰਕਾਰੀ ਵਿਭਾਗਾਂ ਦੇ ਸਮੂਹ ਆਊਟਸੋਰਸ਼ਡ ਅਤੇ ਇਨਲਿਸਟਮੈਂਟ ਠੇਕਾ ਮੁਲਾਜ਼ਮਾਂ ਨੂੰ ਪਹਿਲ ਅਤੇ ਤਜ਼ਰਬੇ ਦੇ ਆਧਾਰ ਤੇ ਵਿਭਾਗਾਂ ਵਿੱਚ ਮਰਜ਼ ਕਰਕੇ ਪੱਕਾ ਕੀਤਾ ਜਾਵੇ,ਪੰਦਰਵੀਂ ਲੇਬਰ ਕਾਨਫਰੰਸ ਦੇ ਫਾਰਮੂਲੇ ਅਤੇ ਅੱਜ ਦੀ ਮਹਿੰਗਾਈ ਮੁਤਾਬਿਕ ਇੱਕ ਠੇਕਾ ਮੁਲਾਜ਼ਮ ਦੀ ਤਨਖ਼ਾਹ ਘੱਟੋ-ਘੱਟ 30 ਹਜ਼ਾਰ ਰੁਪਏ ਨਿਸ਼ਚਿਤ ਕੀਤੀ ਜਾਵੇ,ਸਮੂਹ ਸਰਕਾਰੀ ਵਿਭਾਗਾਂ ਦੇ ਨਿੱਜੀਕਰਨ ਦੀ ਨੀਤੀ ਨੂੰ ਰੱਦ ਕੀਤਾ ਜਾਵੇ !

ਸਰਦ ਰੁੱਤ ਵਿਚ ਖੁੰਬਾਂ ਦੀ ਕਾਸ਼ਤ ਬਾਰੇ ਸਿਖਲਾਈ ਕੋਰਸ ਕੈਂਪ ਸ਼ੁਰੂ 

ਲੁਧਿਆਣਾ 9 ਅਕਤੂਬਰ (ਟੀ. ਕੇ.) ਪੀ.ਏ.ਯੂ. ਦੇ ਸਕਿੱਲ ਡਿਵੈਲਪਮੈਂਟ ਸੈਂਟਰ ਵੱਲੋਂ ਪੰਜਾਬ ਦੇ ਕਿਸਾਨਾਂ ਅਤੇ ਕਿਸਾਨ ਬੀਬੀਆਂ ਲਈ ਮਾਈਕਰੋਬਾਇਲੋਜੀ ਵਿਭਾਗ ਦੇ ਸਹਿਯੋਗ ਨਾਲ ਪੰਜ ਦਿਨਾਂ ਸਰਦ ਰੁੱਤ ਦੀਆਂ ਖੁੰਬਾਂ ਦੀ ਕਾਸ਼ਤ ਬਾਰੇ ਵਿਸ਼ੇਸ਼ ਸਿਖਲਾਈ ਕੋਰਸ ਲਗਾਇਆ ਜਾ ਰਿਹਾ ਹੈ| ਇਹ ਕੋਰਸ 9 ਅਕਤੂਬਰ ਤੋਂ 13 ਅਕਤੂਬਰ ਤੱਕ ਲਾਇਆ ਜਾ ਰਿਹਾ ਹੈ ਅਤੇ ਇਸ ਕੋਰਸ ਵਿੱਚ 76 ਸਿਖਿਆਰਥੀ ਭਾਗ ਲੈ ਰਹੇ ਹਨ|  ਡਾ. ਤੇਜਿੰਦਰ ਸਿੰਘ ਰਿਆੜ, ਐਸੋਸੀਏਟ ਡਾਇਰੈਕਟਰ ਅਤੇ ਅੱਪਰ ਨਿਰਦੇਸ਼ਕ ਸੰਚਾਰ ਨੇ ਦੱਸਿਆ ਕਿ ਪੰਜ ਦਿਨਾਂ ਦੀ ਟਰੇਨਿੰਗ ਵਿਚ ਸਿਖਿਆਰਥੀਆਂ ਨੂੰ ਖੁੰਬਾਂ ਉਗਾਉਣ ਤੋਂ ਲੈ ਕੇ ਪ੍ਰੋਸੈਸਿੰਗ ਤੱਕ ਸਿਖਲਾਈ ਦਿੱਤੀ ਜਾਵੇਗੀ| ਇਸ ਦੇ ਮੰਡੀਕਰਨ ਬਾਰੇ ਅਤੇ ਬੈਂਕ ਵੱਲੋਂ  ਕਰਜ਼ਾ ਸਹੂਲਤਾਂ ਬਾਰੇ ਵੀ ਚਾਨਣਾ ਪਾਇਆ ਜਾਵੇਗਾ|  ਡਾ. ਪ੍ਰੇਰਨਾ ਕਪਿਲਾ, ਕੋਰਸ ਕੋਆਰਡੀਨੇਟਰ ਨੇ ਇਸ ਕੋਰਸ ਬਾਰੇ ਦੱਸਦਿਆਂ ਕਿਹਾ ਕਿ ਪੰਜਾਬ ਵਿਚ ਬਹੁਤ ਕਿਸਾਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਸਿਖਲਾਈ ਲੈ ਕੇ ਖੁੰਬਾਂ ਦੀ ਖੇਤੀ ਕਰ ਰਹੇ ਹਨ ਜਿਸ ਤੋਂ ਉਹ ਚੰਗਾ ਮੁਨਾਫਾ ਕਮਾ ਰਹੇ ਹਨ ਕਿਉਂਕਿ ਇਹ ਧੰਦਾ ਘੱਟ ਪੈਸੇ ਨਾਲ ਸ਼ੁਰੂ ਕਰ ਸਕਦੇ ਹਾਂ ਅਤੇ ਚੰਗੇ ਪੈਸੇ ਕਮਾ ਸਕਦੇ ਹਾਂ |

ਹੁਣ ਤੱਕ ਝੋਨੇ ਦੀ 80723 ਮੀਟ੍ਰਿਕ ਟਨ ਖਰੀਦ, 34987 ਮੀਟ੍ਰਿਕ ਟਨ ਲਿਫਟਿੰਗ ਕੀਤੀ ਜਾ ਚੁੱਕੀ ਹੈ - ਡਿਪਟੀ ਕਮਿਸ਼ਨਰ 

ਲੁਧਿਆਣਾ, 9 ਅਕਤੂਬਰ (ਟੀ. ਕੇ. ) - ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਿਰਵਿਘਨ ਤੇ ਸੁਚਾਰੂ ਖਰੀਦ ਪ੍ਰਬੰਧਾਂ ਦੀ ਵਚਨਬੱਧਤਾ ਤਹਿਤ ਝੋਨੇ ਦੀ ਖਰੀਦ ਸੀਜ਼ਨ 2023-2024 ਦੌਰਾਨ ਹੁਣ ਤੱਕ 80723 ਮੀਟ੍ਰਿਕ ਟਨ ਖਰੀਦ ਅਤੇ 34987 ਮੀਟ੍ਰਿਕ ਟਨ ਲਿਫਟਿੰਗ ਕੀਤੀ ਜਾ ਚੁੱਕੀ ਹੈ।

ਡਿਪਟੀ ਕਮਿਸ਼ਨਰ ਸੁਰਭੀ ਮਲਿਕ ਵਲੋਂ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਚੱਲ ਰਹੇ ਸਾਉਣੀ ਦੇ ਮੰਡੀਕਰਨ ਸੀਜ਼ਨ ਦੌਰਾਨ ਖਰੀਦ ਏਜੰਸੀਆਂ ਵੱਲੋਂ ਹੁਣ ਤੱਕ 80723 ਮੀਟਰਿਕ ਟਨ ਝੋਨੇ ਦੀ ਫਸਲ ਦੀ ਖਰੀਦ ਕੀਤੀ ਗਈ ਜਦਕਿ 34987 ਮੀਟਰਿਕ ਟਨ ਝੋਨੇ ਦੀ ਚੁਕਾਈ ਕੀਤੀ ਜਾ ਚੁੱਕੀ ਹੈ। ਇਸੇ ਤਰ੍ਹਾਂ ਪ੍ਰਸ਼ਾਸਨ ਵੱਲੋਂ ਕਿਸਾਨਾਂ ਨੂੰ 48 ਘੰਟਿਆਂ ਦੇ ਅੰਦਰ-ਅੰਦਰ ਅਦਾਇਗੀਆਂ ਨੂੰ ਵੀ ਯਕੀਨੀ ਬਣਾਇਆ ਜਾ ਰਿਹਾ ਹੈ।

ਡਿਪਟੀ ਕਮਿਸ਼ਨਰ ਨੇ ਦੁਹਰਾਇਆ ਕਿ ਸੂਬਾ ਸਰਕਾਰ ਦੇ ਨਿਰਦੇਸ਼ਾਂ 'ਤੇ ਜ਼ਿਲ੍ਹਾ ਪ੍ਰਸ਼ਾਸਨ ਕਿਸਾਨਾਂ ਨੂੰ ਬਿਨਾਂ ਕਿਸੇ ਅਸੁਵਿਧਾ ਦੇ ਖਰੀਦ ਅਤੇ ਲਿਫਟਿੰਗ ਨੂੰ ਪੂਰਾ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਅਨਾਜ ਦੀ ਮੌਕੇ 'ਤੇ ਖਰੀਦ ਦੇ ਨਾਲ-ਨਾਲ ਕਿਸਾਨਾਂ ਨੂੰ ਸਮੇਂ ਸਿਰ 48 ਘੰਟਿਆਂ ਦੇ ਅੰਦਰ-ਅੰਦਰ ਅਦਾਇਗੀ ਕਰਨ 'ਤੇ ਵੀ ਜ਼ੋਰ ਦਿੱਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਖਰੀਦ ਏਜੰਸੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ 48 ਘੰਟਿਆਂ ਦੇ ਅੰਦਰ-ਅੰਦਰ ਕਿਸਾਨਾਂ ਨੂੰ ਤੁਰੰਤ ਅਦਾਇਗੀ ਯਕੀਨੀ ਬਣਾਉਣ ਅਤੇ ਰਾਜ ਸਰਕਾਰ ਦੀ ਨੀਤੀ ਅਨੁਸਾਰ ਖਰੀਦ ਦੇ 72 ਘੰਟਿਆਂ ਦੇ ਅੰਦਰ-ਅੰਦਰ ਅਨਾਜ ਦੀ ਲਿਫਟਿੰਗ ਯਕੀਨੀ ਬਣਾਇਆ ਜਾਵੇ।

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਮੰਡੀਆਂ ਵਿੱਚ ਕਿਸਾਨਾਂ ਦਾ ਇੱਕ-ਇੱਕ ਦਾਣਾ ਚੁੱਕਣ ਲਈ ਵਚਨਬੱਧ ਹੈ।

ਡਿਪਟੀ ਕਮਿਸ਼ਨਰ ਮਲਿਕ ਨੇ ਕਿਹਾ ਕਿ ਮੰਡੀਆਂ ਵਿੱਚ ਆਉਂਦੇ ਹੀ ਅਨਾਜ ਦੀ ਖਰੀਦ ਅਤੇ ਲਿਫਟਿੰਗ ਨੂੰ ਯਕੀਨੀ ਬਣਾਉਣ ਲਈ ਪਹਿਲਾਂ ਹੀ ਪੁੱਖਤਾ ਪ੍ਰਬੰਧ ਕੀਤੇ ਗਏ ਹਨ।

ਪੇੰਡੂ ਮਜਦੂਰ ਯੂਨੀਅਨ (ਮਸ਼ਾਲ) ਦੀ ਬਲਾਕ ਕਮੇਟੀ ਚੋਣ ਚ ਗੁਰਮੇਲ ਸਿੰਘ ਸਲੇਮਪੁਰ ਪ੍ਰਧਾਨ ਬਣੇ

ਜਗਰਾਓ, 09 ਅਕਤੂਬਰ ( ਗੁਰਕਿਰਤ ਜਗਰਾਓ/ ਮਨਜਿੰਦਰ ਗਿੱਲ)ਸਿਧਵਾਂਬੇਟ ਬਲਾਕ ਅਧੀਨ ਪਿੰਡ ਭਮਾਲ ਵਿਖੇ ਪੇੰਡੂ ਮਜਦੂਰ ਯੂਨੀਅਨ( ਮਸ਼ਾਲ ) ਦੀ ਦਰਜਨ ਦੇ ਕਰੀਬ ਪਿੰਡ ਕਮੇਟੀਆਂ ਦੀ ਇਕੱਤਰਤਾ ਗੁਰੂਦੁਆਰਾ ਮਿੱਡੂ ਮਲ ਵਿਖੇ ਹੋਈ। ਜਿਲਾ ਕਨਵੀਨਰ ਜਸਵਿੰਦਰ ਸਿੰਘ ਭਮਾਲ ਦੀ ਅਗਵਾਈ ਚ ਹੋਈ ਇਸ ਮੀਟਿੰਗ ਚ ਇਨਕਲਾਬੀ ਕੇਂਦਰ ਪੰਜਾਬ ਦੇ ਜਨਰਲ ਸਕੱਤਰ ਕੰਵਲਜੀਤ ਖੰਨਾ ਅਤੇ ਪੇੰਡੂ ਮਜਦੂਰ ਆਗੂ ਮਦਨ ਸਿੰਘ ਜਗਰਾਂਓ ਵਿਸ਼ੇਸ਼ ਤੋਰ ਤੇ ਸ਼ਾਮਲ ਹੋਏ। ਉਨਾਂ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਮਾਜ ਦਾ 32 ਪ੍ਰਤੀਸ਼ਤ ਹਿੱਸਾ ਸਦੀਆਂ ਤੋਂ ਜਾਤੀ ਤੇ ਜਮਾਤੀ ਦਾਬੇ ਦਾ ਸ਼ਿਕਾਰ ਨਰਕੀ ਜਿੰਦਗੀ ਜਿਉਣ ਲਈ ਮਜਬੂਰ ਹੈ। ਪਿਛਲੇ ਛਿੱਹਤਰ ਸਾਲਾਂ ਚ ਹਕੂਮਤੀ ਪਾਰਟੀਆਂ ਨੇ ਸਾਨੂੰ ਮਹਿਜ ਵੋਟ ਪਰਚੀਆਂ ਸਮਝ ਕੇ ਖੁਦੋ ਵਾਂਗ ਵਰਤਿਆ ਹੈ। ਅਤਿਅੰਤ ਦੀ ਮਹਿੰਗਾਈ,  ਬੇਰੁਜਗਾਰੀ,ਭਰਿਸ਼ਟਾਚਾਰ ਦੇ ਸਿਕੰਜੇ ਚ ਜਕੜਿਆ ਮਜਦੂਰ ਮੋਜੂਦਾ ਪੂੰਜੀਵਾਦੀ ਪ੍ਰਬੰਧ ਚ ਞਕਤ ਨੂੰ ਧੱਕਾ ਦੇਣ ਲਈ ਮਜਬੂਰ ਹੈ।ਉਨਾਂ ਕਿਹਾ ਕਿ  ਬਦਲਾਅ ਵਾਲੀ ਹਕੂਮਤ ਨੇ ਵੀ ਕਾਂਗਰਸੀਆਂ ਅਕਾਲੀਆਂ ਵਾਲੇ ਰੰਗ ਦਿਖਾ ਕੇ ਕਦੇ ਨੀਲੇ ਕਾਰਡਾਂ ਦਾ ਰਾਸ਼ਨ ਖੋਹ ਲਿਆ ਤੇ ਹੁਣ ਬਿਜਲੀ ਦਰ ਦੀ ਰਿਆਇਤ ਖੋਹ ਲਈ।  ਚਿੱਪ ਵਾਲੇ ਮੀਟਰ ਪਿੰਡਾਂ ਚ ਧੱਕੇ ਨਾਲ ਲਗਾ ਕੇ ਸਾਨੂੰ  ਬਿਜਲੀ ਵਰਤਣ ਤੋ ਆਤੁਰ ਕਰਨ ਦੀ ਖਤਰਨਾਕ ਸਾਜਿਸ਼ ਨਾਲ ਸਾਨੂੰ ਹਰ ਰੋਜ ਦੋ ਚਾਰ ਹੋਣਾ ਪੈ ਰਿਹਾ ਹੈ।ਉਨਾਂ ਗਰੀਬ ਪੇੰਡੂ ਮਜਦੂਰਾਂ ਨੂੰ ਹੱਕ ਹਾਸਲ ਕਰਨ ਲਈ ਸੂਝਵਾਨ, ਲੜਾਕੂ ਬਨਣ ਦੀ ਅਪੀਲ ਕੀਤੀ। ਇਥੇ ਸਰਵਸੰਮਤੀ ਨਾਲ ਸਿਧਵਾਂਬੇਟ 
 ਬਲਾਕ ਕਮੇਟੀ ਦੀ ਚੋਣ ਚ ਗੁਰਮੇਲ ਸਿੰਘ ਭੂਪਾ ਸਲੇਮਪੁਰ ਨੂੰ ਪ੍ਰਧਾਨ, ਜਗਰਾਜ ਸਿੰਘ ਰਾਜੂ ਸਿਧਵਾਂਬੇਟ ਨੂੰ ਸੀਨੀਅਰ ਮੀਤ ਪ੍ਰਧਾਨ, ਕਰਮ ਸਿੰਘ ਭਮਾਲ ਮੀਤ ਪ੍ਰਧਾਨ, ਰਣਜੀਤ ਸਿੰਘ ਮਿੱਠਾ ਰਾਊਵਾਲ ਜਨਰਲ ਸਕੱਤਰ , ਗੁਰਸੇਵਕ ਸਿੰਘ ਮਲਸੀਹਾਂ ਭਾਈ ਕਾ ਖਜਾਨਚੀ,ਜਗੀਰ ਸਿੰਘ ਬੱਲ ਮਦਾਰਪੁਰਾ,ਸੁਖਮੰਦਰ ਸਿੰਘ ਤਲਵਾੜਾ, ਮਨਜਿੰਦਰ ਸਿੰਘ ਟਿੱਬਾ,ਜਗਦੀਸ਼ ਸਿੰਘ ਭੈਣੀ ਅਰਾਈਆਂ ਨੂੰ ਬਲਾਕ ਕਮੇਟੀ ਮੈਂਬਰ ਚੁਣਿਆ ਗਿਆ। ਇਸ ਸਮੇਂ ਪਹਿਲੀ ਨਵੰਬਰ 2023 ਨੂੰ ਵੱਡੀ ਗਿਣਤੀ ਚ ਦੇਸ਼ ਭਗਤ ਯਾਦਗਾਰ ਹਾਲ ਜਾਲੰਧਰ ਵਿਖੇ ਗਦਰੀ ਮੇਲੇ ਤੇ ਪੰਹੁਚਣ ਦਾ ਫੈਸਲਾ ਕੀਤਾ ਗਿਆ। ਆਉਂਦੇ ਦਿਨਾਂ ਚ ਜੰਗੀ ਪੱਧਰ ਤੇ ਹੋਰ ਪਿੰਡਾਂ ਚ ਇਕਾਈਆਂ ਖੜੀਆਂ ਕਰਨ ਦਾ ਫੈਸਲਾ ਵੀ ਲਿਆ ਗਿਆ। ਇਸ ਸਮੇਂ ਕਿਸਾਨ ਆਗੂ ਪਿੰਦਰ ਸਿੰਘ ਭਮਾਲ, ਦਲਜੀਤ ਸਿੰਘ ਬਿੱਲੂ  ਆਦਿ ਹਾਜਰ ਸਨ।

ਜਗਰਾਉਂ ਗੱਲਾਂ ਮਜ਼ਦੂਰ ਯੂਨੀਅਨ ਦੀ ਹੜਤਾਲ ਜਾਰੀ

ਜਗਰਾਓ, 09 ਅਕਤੂਬਰ (ਗੁਰਕਿਰਤ ਜਗਰਾਓਂ/ ਮਨਜਿੰਦਰ ਗਿੱਲ)ਗੱਲਾ ਮਜਦੂਰ ਯੂਨੀਅਨ ਵਲੋ ਸਥਾਨਕ ਅਨਾਜ ਮੰਡੀ ਚ ਅਜ ਤੀਜੇ ਦਿਨ ਵੀ ਅਪਣੀਆਂ ਮੰਗਾਂ ਦੀ ਪ੍ਰਾਪਤੀ ਲਈ ਹੜਤਾਲ ਜਾਰੀ ਰੱਖੀ।  ਗੱਲਾ ਮਜਦੂਰ ਯੂਨੀਅਨ ਦੇ ਸੂਬਾਈ ਆਗੂ ਰਾਜਪਾਲ ਬਾਬਾ ਨੇ ਦੱਸਿਆ ਕਿ ਪੰਜਾਬ ਸਰਕਾਰ ਮੰਗਾਂ ਮੰਨਣ ਦੀ ਥਾਂ ਧਮਕੀਆਂ ਅਤੇ ਡਰਾਵਿਆਂ ਤੇ ਉਤਰ ਆਈ ਹੈ। ਪੰਜਾਬ ਪੱਧਰ ਤੇ ਆੜਤੀਆ ਐਸੋਸੀਏਸ਼ਨਾਂ  ਦੇ ਕੁਝ ਸਰਕਰਦਾ ਆਗੂ ਸਰਕਾਰ ਦੀ ਬੋਲੀ ਬੋਲ ਰਹੇ ਹਨ। ਉਨਾਂ ਦੱਸਿਆ ਕਿ ਪੰਜਾਬ ਭਰ ਦੀਆਂ ਮੰਡੀਆਂ ਚ ਹੜਤਾਲ ਕਾਰਨ ਕੰਮਕਾਜ ਪੂਰੀ ਤਰਾਂ ਠੱਪ ਪਿਆ ਹੈ। ਧਮਕੀਆਂ ਦੀ ਥਾਂ ਸਰਕਾਰ ਨੂੰ ਮੰਗਾਂ ਮੰਨਣ ਦੇ ਰਾਹ ਤੁਰਨਾ ਚਾਹੀਦਾ ਹੈ। ਇਸ ਸਮੇਂ ਮਜਦੂਰ ਸੰਘਰਸ਼ ਦੀ ਹਿਮਾਇਤ ਚ ਉਤਰੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜਿਲਾ ਸਕੱਤਰ ਇੰਦਰਜੀਤ ਸਿੰਘ ਧਾਲੀਵਾਲ,  ਇਨਕਲਾਬੀ ਕੇਂਦਰ ਪੰਜਾਬ ਦੇ ਜਨਰਲ ਸਕੱਤਰ ਕੰਵਲਜੀਤ ਖੰਨਾ, ਤਰਕਸ਼ੀਲ ਆਗੂ ਮਾਸਟਰ ਸੁਰਜੀਤ ਦੋਧਰ,  ਪੇੰਡੂ ਮਜਦੂਰ ਯੂਨੀਅਨ ਦੇ ਆਗੂ ਅਵਤਾਰ ਸਿੰਘ ਰਸੂਲਪੁਰ,  ਸੁਖਦੇਵ ਸਿੰਘ ਮਾਣੂਕੇ ਨੇ ਇਲਾਕੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਜਿਨੀ ਦੇਰ ਤਕ ਮਜਦੂਰ ਹੜਤਾਲ ਚਲਦੀ ਹੈ ਉਹ ਅਨਾਜ ਮੰਡੀਆਂ ਚ ਝੋਨਾ ਨਾ ਲੈਕੇ ਆਉਣ ਕਿਉਂਕਿ ਮਜਦੂਰ ਜਦੋਂ ਕੰਮ ਨਹੀਂ ਕਰ ਰਹੇ ਤਾਂ ਪ੍ਰੇਸ਼ਾਨੀ ਹੋ ਸਕਦੀ ਹੈ। ਉਨਾਂ ਅਪਣੇ ਸੰਬੋਧਨ ਚ ਸਰਕਾਰ ਨੂੰ ਕਾਂਗ੍ਰਸ ਤੇ ਅਕਾਲੀ ਦਲ ਦਾ ਰਾਹ ਛੱਡ ਮਜਦੂਰ ਮੰਗਾਂ ਜਲਦ ਮੰਨਣ ਦੀ ਜੋਰਦਾਰ ਮੰਗ ਕੀਤੀ ਹੈ। ਇਸ ਸਮੇਂ ਬੁਲਾਰਿਆਂ ਨੇ ਕੰਮ ਦੇ ਘੰਟਿਆਂ ਚ ਵਾਧਾ ਕਰਨ ਦੇ ਭਗਵੰਤ ਮਾਨ ਦੇ ਆਦੇਸ਼ਾਂ ਨੂੰ ਵੀ ਮਜਦੂਰ ਵਿਰੋਧੀ ਕਰਾਰ ਦਿੰਦਿਆਂ ਉਸ ਨੂੰ ਕਾਰਪੋਰੇਟਾਂ ਦਾ ਏਜੰਟ ਕਰਾਰ ਦਿੱਤਾ।  ਇਸ ਸਮੇਂ ਕਿਸਾਨ ਆਗੂ ਕੁੰਡਾ ਸਿੰਘ ਕਾਉਂਕੇ, ਬਲਬੀਰ ਸਿੰਘ ਅਗਵਾੜ ਲੋਪੋ ,ਮਰਿਗਰਾਜ ਸਿੰਘ ਮਜਦੂਰ ਆਗੂ ਜਗਤਾਰ ਸਿੰਘ ਤਾਰੀ, ਕੁਲਦੀਪ ਸਿੰਘ ਸਹੋਤਾ, ਗੁਰਮੀਤ ਸਿੰਘ,  ਸੋਨੂੰ ਚੋਧਰੀ, ਦੇਵ ਰਾਜ, ਸੋਮਨਾਥ, ਵਿਸਾਖਾ ਸਿੰਘ ਹਾਜਰ ਸਨ।

ਗੁਰੂ ਨਾਨਕ ਦੇਵ ਜੀ ਨੇ ਮਨੁੱਖਤਾ ਨੂੰ ਸਰਬ ਸਾਂਝੀਵਾਲਤਾ ਦਾ ਸ਼ੰਦੇਸ਼ ਦਿੱਤਾ - ਭੁਪਿੰਦਰ ਸਿੰਘ

ਨਿਸ਼ਕਾਮ ਨਾਮ ਸਿਮਰਨ ਸੇਵਾ ਸੁਸਾਇਟੀ ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜੋਤੀ-ਜੋਤਿ ਦਿਵਸ ਨੂੰ ਸਮਰਪਿਤ ਕੀਰਤਨ ਸਮਾਗਮ ਆਯੋਜਿਤ

ਲੁਧਿਆਣਾ,8 ਅਕਤੂਬਰ (  ਕਰਨੈਲ ਸਿੰਘ ਐੱਮ ਏ   ) ਜਗਤ ਗੁਰੂ ਅਤੇ ਮੁਨੱਖਤਾ ਦੇ ਰਹਿਬਰ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਜਿੱਥੇ ਸਮੁੱਚੀ ਮੁਨੱਖਤਾ ਨੂੰ ਅਕਾਲ ਪੁਰਖ ਦੀ ਬੰਦਗੀ ਕਰਨ ਅਤੇ ਸਾਂਝੀਵਾਲਤਾ ਦਾ ਉਪਦੇਸ਼ ਦਿੱਤਾ, ਉੱਥੇ ਨਾਲ ਹੀ ਨਾਮ ਜਪੋ, ਕਿਰਤ ਕਰੋ ਤੇ ਵੰਡ ਛਕੋ ਦਾ ਸਿਧਾਂਤ ਬਖਸ਼ ਕੇ ਸਾਨੂੰ ਆਪਣਾ ਜੀਵਨ ਗੁਰੂ ਆਸੇ ਅਨੁਸਾਰ ਜਿਉਣ ਦੀ ਪ੍ਰੇਰਣਾ  ਦਿੱਤੀ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ 

ਨਿਸ਼ਕਾਮ ਨਾਮ ਸਿਮਰਨ ਸੇਵਾ  ਸੁਸਾਇਟੀ ਦੇ ਮੁੱਖ ਸੇਵਾਦਾਰ ਸ੍ਰ.ਭੁਪਿੰਦਰ ਸਿੰਘ ਨੇ ਅੱਜ ਸੁਸਾਇਟੀ ਵੱਲੋਂ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਨਸ਼ਨ ਵਿਖੇ ਜਗਤ ਗੁਰੂ ਤੇ ਮੁਨੱਖਤਾ ਦੇ ਰਹਿਬਰ ਪਹਿਲੇ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜੋਤੀ- ਜੋਤਿ ਦਿਵਸ ਨੂੰ ਸਮਰਪਿਤ ਆਯੋਜਿਤ ਕੀਤੇ ਗਏ ਹਫਤਾਵਾਰੀ ਕੀਰਤਨ ਸਮਾਗਮ  ਦੌਰਾਨ ਇਕੱਤਰ ਹੋਈਆਂ ਸੰਗਤਾਂ ਨੂੰ ਸੰਬੋਧਨ ਕਰਦਿਆਂ ਹੋਇਆਂ ਕੀਤਾ। ਇਸ ਤੋਂ ਪਹਿਲਾਂ ਆਯੋਜਿਤ ਕੀਤੇ ਗਏ ਹਫਤਾਵਾਰੀ ਕੀਰਤਨ ਸਮਾਗਮ ਅੰਦਰ ਵਿਸ਼ੇਸ਼ ਤੌਰ ਤੇ  ਆਪਣੇ ਕੀਰਤਨੀ ਜੱਥਿਆਂ ਸਮੇਤ ਹਾਜ਼ਰੀ ਭਰਨ  ਲਈ ਪੁੱਜੇ ਪੰਥ ਦੇ ਪ੍ਰਸਿੱਧ ਕੀਰਤਨੀਏ ਭਾਈ  ਕੰਵਲਜੀਤ ਸਿੰਘ, ਭਾਈ ਲਖਵੀਰ ਸਿੰਘ ਪੰਜੋਖੜਾ ਸਾਹਿਬ ਵਾਲੇ ਅਤੇ ਭਾਈ ਗੁਰਵਿੰਦਰ ਸਿੰਘ ਲੁਧਿਆਣੇ ਵਾਲਿਆਂ ਨੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਨਾਲ ਨਿਹਾਲ ਕੀਤਾ ਅਤੇ  ਨਿਸ਼ਕਾਮ ਨਾਮ ਸਿਮਰਨ ਸੇਵਾ ਸੁਸਾਇਟੀ ਵੱਲੋਂ  ਪਿਛਲੇ ਕਈ ਸਾਲਾਂ ਤੋਂ ਨਿਰੰਤਰ ਚਲਾਈ ਜਾ ਰਹੀ ਹਫਤਾਵਾਰੀ ਕੀਰਤਨ ਸਮਾਗਮ ਲੜੀ ਦੀ ਜ਼ੋਰਦਾਰ ਸ਼ਬਦਾਂ ਵਿੱਚ ਸ਼ਲਾਘਾ ਕਰਦਿਆਂ ਕੀਰਤਨ ਸਮਾਗਮ ਅੰਦਰ ਜੁੜ ਬੈਠੀਆਂ ਸੰਗਤਾਂ ਨੂੰ ਧਰਮ ਦੇ ਮਾਰਗ ਉਪਰ ਚੱਲਣ ,ਬਾਣੀ ਤੇ ਬਾਣੇ ਦੇ ਧਾਰਨੀ ਬਣਨ ਦੀ ਤਾਕੀਦ ਵੀ ਕੀਤੀ। ਇਸ ਦੌਰਾਨ ਨਿਸ਼ਕਾਮ ਨਾਮ ਸਿਮਰਨ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਸ੍ਰ.ਭੁਪਿੰਦਰ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਸਾਂਝੇ ਤੌਰ ਤੇ ਗੁਰੂ ਘਰ ਦੇ ਕੀਰਤਨੀ ਜੱਥਿਆਂ ਦੇ ਮੈਂਬਰਾਂ ਨੂੰ ਸਿਰਪਾਉ ਭੇਟ ਕੀਤੇ । ਇਸ ਦੌਰਾਨ ਸ੍ਰ.ਭੁਪਿੰਦਰ ਸਿੰਘ ਨੇ ਸੰਗਤਾਂ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਅਗਲੇ ਹਫਤਾਵਾਰੀ ਕੀਰਤਨ ਸਮਾਗਮ ਅੰਦਰ ਪੰਥ ਦੇ ਪ੍ਰਸਿੱਧ ਕੀਰਤਨੀਏ ਭਾਈ ਰਜਿੰਦਰਪਾਲ ਸਿੰਘ ਖਾਲਸਾ(ਰਾਜੂ ਵੀਰ ਜੀ)  ਦਾ ਕੀਰਤਨੀ ਜੱਥਾ ਆਪਣੀਆਂ ਹਾਜ਼ਰੀਆਂ ਭਰ ਕੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਨਾਲ  ਨਿਹਾਲ ਕਰੇਗਾ। ਕੀਰਤਨ ਸਮਾਗਮ  ਦੌਰਾਨ ਗੁਰਦੁਆਰਾ ਸਾਹਿਬ  ਦੇ ਪ੍ਰਧਾਨ ਸ੍ਰ. ਇੰਦਰਜੀਤ ਸਿੰਘ ਮੱਕੜ,ਸ੍ਹ.ਜਤਿੰਦਰਪਾਲ ਸਿੰਘ ਸਲੂਜਾ,ਕਰਨੈਲ ਸਿੰਘ ਬੇਦੀ, ਮਨਜੀਤ ਸਿੰਘ ਟੋਨੀ ,ਭੁਪਿੰਦਰਪਾਲ  ਸਿੰਘ ਧਵਨ  ,ਬਲਬੀਰ ਸਿੰਘ ਭਾਟੀਆ,ਸੁਰਿੰਦਰਪਾਲ ਸਿੰਘ ਭੁਟੀਆਨੀ ਰਣਜੀਤ ਸਿੰਘ ਖ਼ਾਲਸਾ, ਜਗਪ੍ਰੀਤ ਸਿੰਘ ਮੱਕੜ, ਨਰਿੰਦਰਪਾਲ ਸਿੰਘ, ਮਨਜੀਤ ਸਿੰਘ ,ਤਰਲੋਚਨ ਸਿੰਘ ਸਾਂਬਰ,ਰਵਿੰਦਰ ਸਿੰਘ ਪੈਰੀ,ਆਗਿਆਪਾਲ ਸਿੰਘ ਚਾਵਲਾ,ਜੀਤ ਸਿੰਘ,  ਗੁਰਵਿੰਦਰ ਸਿੰਘ  ਆੜਤੀ, ਸੁਰਿੰਦਰ ਸਿੰਘ ਸਚਦੇਵਾ,ਇੰਦਰਪਾਲ ਸਿੰਘ ਕਾਲੜਾ, ਕਮਲਦੀਪ ਸਿੰਘ ਕਾਲੜਾ,ਹਰਕੀਰਤ ਸਿੰਘ ਬਾਵਾ,ਜੁਗਿੰਦਰ ਸਿੰਘ, ਸਰਪੰਚ ਗੁਰਚਰਨ ਸਿੰਘ,ਏ.ਪੀ ਸਿੰਘ ਅਰੋੜਾ , ਜਗਦੇਵ ਸਿੰਘ ਕਲਸੀ,ਅੱਤਰ ਸਿੰਘ ਮੱਕੜ,ਮਹਿੰਦਰ ਸਿੰਘ ਡੰਗ, ਰਜਿੰਦਰ ਸਿੰਘ ਡੰਗ,ਗੁਰਪ੍ਰੀਤ ਸਿੰਘ ਪ੍ਰਿੰਸ, ਸੁਖਪ੍ਰੀਤ ਸਿੰਘ ਮਨੀ, ਬਾਦਸ਼ਾਹ ਦੀਪ ਸਿੰਘ,ਕਰਨਦੀਪ ਸਿੰਘ,, ਬਲ ਫਤਹਿ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਸਨ

ਤਰਕਸ਼ੀਲ ਕਾਰਕੁੰਨ ਸਾਹਿਤ ਵੈਨ ਸਮੇਤ ਸਕੂਲਾਂ ਕਾਲਜਾਂ ਵਿੱਚ ਦੇ ਰਹੇ ਨੇ ਅੰਧਵਿਸ਼ਵਾਸਾਂ ਅਤੇ ਰੂੜ੍ਹੀਵਾਦੀ ਵਿਚਾਰਾਂ ਖਿਲਾਫ ਹੋਕਾ

 ਵਿਦਿਆਰਥੀ ਵਿਖਾ ਰਹੇ ਨੇ ਭਾਰੀ ਉਤਸ਼ਾਹ
ਲੁਧਿਆਣਾ , 8 ਅਕਤੂਬਰ ( ਟੀ. ਕੇ.  )
ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਸਮਾਜ ਵਿੱਚ ਪ੍ਰਚੱਲਤ ਰੂੜ੍ਹੀਵਾਦੀ ਵਿਚਾਰਾਂ , ਅੰਧਵਿਸ਼ਵਾਸਾਂ , ਵਹਿਮਾਂ ਭਰਮਾਂ ਦੀ ਫੈਲੀ ਧੁੰਦ ਨੂੰ ਖਤਮ ਕਰਕੇ ਨਵਾਂ ਤੇ ਨਰੋਆ ਸਮਾਜ ਉਸਾਰਨ ਹਿੱਤ ਲਗਾਤਾਰ ਯਤਨ ਜਾਰੀ ਹਨ। ਇਹਨਾਂ ਯਤਨਾ ਨੂੰ ਹੋਰ ਹੁਲਾਰਾ ਦੇਣ ਲਈ ਅੱਜ ਕੱਲ੍ਹ ਤਰਕਸ਼ੀਲ ਸਾਹਿਤ ਨਾਲ ਲੈਸ ਵੈਨ ਲੁਧਿਆਣਾ ਜ਼ੋਨ ਵਿੱਚ ਪਹੁੰਚੀ ਹੋਈ ਹੈ , ਜਿਸਨੂੰ ਸਕੂਲਾਂ ਕਾਲਜਾਂ ਵਿੱਚ ਵਿਦਿਆਰਥੀਆਂ ਦਾ ਭਰਪੂਰ ਸਮਰਥਨ ਮਿਲ ਰਿਹਾ ਹੈ।ਤਰਕਸ਼ੀਲ ਸੁਸਾਇਟੀ ਦੇ ਲੁਧਿਆਣਾ ਜ਼ੋਨ ਜੱਥੇਬੰਦਕ ਮੁੱਖੀ ਜਸਵੰਤ ਜੀਰਖ ਅਤੇ ਵਿੱਤ ਮੁੱਖੀ ਆਤਮਾ ਸਿੰਘ, ਮੀਡੀਆ ਮੁੱਖੀ ਹਰਚੰਦ ਭਿੰਡਰ ਨੇ   ਦੱਸਿਆ ਕਿ ਪਿਛਲੇ ਦਿਨੀਂ ਇਹ ਵੈਨ ਕੋਹਾੜਾ ਇਕਾਈ ਦੇ ਖੇਤਰ ਦੇ ਕੁੱਝ ਸਕੂਲਾਂ ਵਿੱਚ ਤਰਕਸ਼ੀਲਤਾ ਦਾ ਹੋਕਾ ਦੇਣ ਉੁਪਰੰਤ 7 ਅਕਤੂਬਰ ਤੋਂ ਲੁਧਿਆਣਾ ਇਕਾਈ ਦੇ ਖੇਤਰ ਵਿੱਚ ਅਹਿਮ ਭੂਮਿਕਾ ਨਿਭਾਅ ਰਹੀ ਹੈ। ਇੱਥੇ ਸ੍ਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਾਖਾ, ਗੁਰੂ ਤੇਗ਼ ਬਹਾਦਰ ਨੈਸਨਲ ਕਾਲਜ ਦਾਖਾ,ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਮਨਸੂਰਾਂ ਵਿੱਚ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਤਰਕਸ਼ੀਲ ਅਤੇ ਹੋਰ ਅਗਾਂਹ ਵਧੂ ਸਾਹਿਤ ਲੈਣ ਲਈ ਬਹੁਤ ਹੀ ਸਲਾਘਾਯੋਗ ਰੁੱਚੀ ਵਿਖਾਈ।ਇਹਨਾਂ ਸਕੂਲਾਂ ਵਿੱਚ ਤਰਕਸ਼ੀਲ ਆਗੂਆਂ ਜਸਵੰਤ ਜੀਰਖ, ਆਤਮਾ ਸਿੰਘ, ਬਲਵਿੰਦਰ ਸਿੰਘ ਵੱਲੋ ਵਿਦਿਆ੍ਰਥੀਆਂ ਨੂੰ ਚੇਤਨ ਕਰਨ ਲਈ ਅਖੌਤੀ ਬਾਬਿਆਂ , ਜੋਤਸ਼ੀਆਂ, ਤਾਂਤਰਿਕਾਂ ਆਦਿ ਵੱਲੋਂ ਗੈਬੀ ਸ਼ਕਤੀਆਂ ਦੇ ਅਡੰਬਰ ਹੇਠ ਕੀਤੀਆਂ ਜਾਂਦੀਆਂ ਕਰਾਮਾਤੀ ਵਿਧੀਆਂ ਪਿੱਛੇ ਛੁਪੇ ਵਿਗਿਆਨਿਕ ਕਾਰਣਾ ਬਾਰੇ ਰੌਚਕਤਾ ਭਰਪੂਰ ਢੰਗ ਨਾਲ ਕਰਾਮਾਤੀ ਕ੍ਰਿਸ਼ਮਿਆਂ ਰਾਹੀਂ ਹੀ ਸਪਸਟ ਕੀਤਾ। ਵਿਦਿਆਰਥੀਆਂ ਨੇ ਬਹੁਤ ਹੀ ਸੰਜੀਦਗੀ ਨਾਲ ਸਭ ਕੁੱਝ ਵਿਗਿਆਨਿਕ ਨਜ਼ਰੀਆ ਅਪਣਾਉਂਦਿਆਂ ਸਮਝਿਆ ਅਤੇ ਵੱਡੀ ਪੱਧਰ ਤੇ ਸਾਹਿਤ ਖ਼ਰੀਦਿਆ । ਲੁਧਿਆਣਾ ਤੋਂ ਬਾਅਦ ਇਹ ਵੈਨ ਸੁਧਾਰ, ਜਗਰਾਓਂ ਤੇ ਮਲੇਰਕੋਟਲਾ ਤਰਕਸ਼ੀਲ ਇਕਾਈਆਂ ਦੇ ਖੇਤਰਾਂ ਵਿੱਚ ਜਾਵੇਗੀ। 9 ਅਕਤੂਬਰ ਨੂੰ ਗੋਬਿੰਦ ਨਗਰ ਅਤੇ ਪੀ ਏ ਯੂ ਵਿਖੇ ਸਕੂਲਾਂ ਵਿੱਚ ਅਗਲਾ ਪ੍ਰੋਗਰਾਮ ਕੀਤਾ ਜਾਵੇਗਾ।

ਵਿਧਾਇਕ ਛੀਨਾ ਵਲੋਂ ਹਲਕੇ 'ਚ ਸੜਕ ਨਿਰਮਾਣ ਕਾਰਜ਼ਾਂ ਦਾ ਉਦਘਾਟਨ

ਲੁਧਿਆਣਾ, 08 ਅਕਤੂਬਰ (ਟੀ. ਕੇ. ) – ਵਿਧਾਨ ਸਭਾ ਹਲਕਾ ਲੁਧਿਆਣਾ ਦੱਖਣੀ ਤੋਂ ਵਿਧਾਇਕ ਰਾਜਿੰਦਰ ਪਾਲ ਕੌਰ ਛੀਨਾ ਵੱਲੋਂ ਸਥਾਨਕ ਸ਼ੇਰਪੁਰ ਚੌਂਕ ਸਥਿਤ 100 ਫੁੱਟ ਰੋਡ ਤੋਂ ਗੱਜਾ ਜੈਨ ਕਲੋਨੀ ਤੱਕ ਦੇ ਸੜਕ ਨਿਰਮਾਣ ਕਾਰਜ਼ਾਂ ਦੀ ਸ਼ੁਰੂਆਤ ਕਰਵਾਈ ਗਈ। ਇਸ ਮੌਕੇ ਉਨ੍ਹਾਂ ਆਪਣੇ ਸੰਬੋਧਨ ਵਿੱਚ ਕਿਹਾ ਕਿ ਹੁਣ ਵਿਧਾਨ ਸਭਾ ਹਲਕਾ ਦੱਖਣੀ ਦਾ ਜ਼ਿਕਰ, ਪੰਜਾਬ ਦੇ ਤੇਜ਼ੀ ਨਾਲ ਵਿਕਾਸ ਕਰ ਰਹੇ ਵਿਧਾਨ ਸਭਾ ਹਲਕਿਆਂ ਵਿੱਚ ਕੀਤਾ ਜਾਂਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਲੱਖਾਂ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਇਹ ਸੜਕ ਪਿਛਲੇ ਲੰਮੇਂ ਸਮੇਂ ਤੋਂ ਲੁਧਿਆਣਾ ਦੱਖਣੀ ਦੇ ਪੈਂਡਿੰਗ ਕੰਮਾਂ ਦੇ ਵਿੱਚ ਪਈ ਸੀ ਜਿਸ ਨੂੰ ਹੁਣ ਪਹਿਲ ਦੇ ਆਧਾਰ ਤੇ ਮੁਕੰਮਲ ਕਰਵਾਇਆ ਜਾ ਰਿਹਾ ਹੈ। ਜਿਸ ਨਾਲ ਇਲਾਕੇ ਦੇ ਲੋਕਾਂ ਨੂੰ ਵੱਡੀ ਸੁਵਿਧਾ ਮਿਲੇਗੀ ਅਤੇ ਉਹਨਾਂ ਦੀ ਇੱਕ ਵੱਡੀ ਸਮੱਸਿਆ ਦਾ ਹੱਲ ਹੋਵੇਗਾ। 
ਸੜਕ ਤੇ ਨਿਰਮਾਣ ਕਾਰਜਾਂ ਦਾ ਕੰਮ ਸ਼ੁਰੂ ਕਰਵਾਉਣ ਮੌਕੇ ਮੀਡੀਆ ਨਾਲ ਮੁਖਾਤਿਬ ਹੁੰਦਿਆਂ ਵਿਧਾਇਕ ਰਜਿੰਦਰ ਪਾਲ ਕੌਰ ਛੀਨਾ ਨੇ ਕਿਹਾ ਇਹ ਸਾਰੇ ਕੰਮ ਪਿਛਲੀਆਂ ਸਰਕਾਰਾਂ ਦੇ ਵਿੱਚ ਬਕਾਇਆ ਪਏ ਸਨ ਜਿਨਾਂ ਨੂੰ ਹੁਣ ਅਮਲੀ ਜਾਮਾ ਪਹਿਨਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹਲਕੇ ਦੀ ਨੁਹਾਰ ਬਦਲਣ ਲਈ ਲਗਾਤਾਰ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ ਜਿਸਦੇ ਤਹਿਤ ਸਾਡੀ ਟੀਮ ਦਿਨ ਰਾਤ ਕੰਮ ਕਰ ਰਹੀ ਹੈ। 
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਆਮ ਲੋਕਾਂ ਦੀ ਸਰਕਾਰ ਹੈ ਇਸੇ ਕਰਕੇ ਅਸੀਂ ਆਮ ਲੋਕਾਂ ਦੀ ਸੁਵਿਧਾਵਾਂ ਦੇ ਮੁਤਾਬਿਕ ਹੀ ਕੰਮ ਕਰ ਰਹੇ ਹਾਂ।

ਵਿਧਾਇਕ ਬੱਗਾ ਨੇ ਮੱਛਰਾਂ ਦੀ ਰੋਕਥਾਮ ਲਈ ਸ਼ਹਿਰ ਵਿੱਚ ਤੇਜ਼ ਕੀਤੀ ਫੌਗਿੰਗ ਮੁਹਿੰਮ ਨੂੰ ਦਿੱਤੀ ਹਰੀ ਝੰਡੀ

ਲੁਧਿਆਣਾ, 08 ਅਕਤੂਬਰ(ਟੀ. ਕੇ.) ਮੱਛਰਾਂ ਦੀ ਰੋਕਥਾਮ ਅਤੇ ਡੇਂਗੂ ਵਰਗੀਆਂ ਮੱਛਰਾਂ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਤੋਂ ਸ਼ਹਿਰ ਵਾਸੀਆਂ ਨੂੰ ਸੁਰੱਖਿਅਤ ਰੱਖਣ ਦੇ ਉਦੇਸ਼ ਨਾਲ, ਲੁਧਿਆਣਾ ਉੱਤਰੀ ਦੇ ਵਿਧਾਇਕ ਮਦਨ ਲਾਲ ਬੱਗਾ ਨੇ ਐਤਵਾਰ ਨੂੰ ਬਸਤੀ ਜੋਧੇਵਾਲ ਚੌਂਕ ਤੋਂ ਸ਼ਹਿਰ ਵਿੱਚ ਤੇਜ਼ ਕੀਤੀ ਫੋਗਿੰਗ ਮੁਹਿੰਮ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ।

ਨਗਰ ਨਿਗਮ ਵੱਲੋਂ ਪਹਿਲਾਂ ਹੀ ਸ਼ਹਿਰ ਭਰ ਵਿੱਚ ਫੌਗਿੰਗ ਮੁਹਿੰਮ  ਚਲਾਈ ਜਾ ਰਹੀ ਹੈ ਅਤੇ ਸ਼ਹਿਰ ਵਾਸੀਆਂ ਨੂੰ ਮੱਛਰਾਂ ਤੋਂ ਹੋਣ ਵਾਲੀਆਂ ਬਿਮਾਰੀਆਂ ਤੋਂ ਸੁਰੱਖਿਅਤ ਰੱਖਣ ਲਈ ਇਸ ਮੁਹਿੰਮ ਨੂੰ ਹੋਰ ਤੇਜ਼ ਕਰ ਦਿੱਤਾ ਗਿਆ ਹੈ।

ਫੌਗਿੰਗ ਡਰਾਈਵ ਹੁਣ ਵਿਭਾਗ ਵੱਲੋਂ ਤਿਆਰ ਕੀਤੇ ਪ੍ਰੋਗਰਾਮ ਅਨੁਸਾਰ ਦਿਨ ਵਿੱਚ ਦੋ ਵਾਰ ਚਲਾਈ ਜਾਵੇਗੀ।

ਵਿਧਾਇਕ ਮਦਨ ਲਾਲ ਬੱਗਾ ਅਤੇ ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨੇ ਦੱਸਿਆ ਕਿ ਸ਼ਹਿਰ ਦੇ ਸਾਰੇ ਵਾਰਡਾਂ ਵਿੱਚ ਫੌਗਿੰਗ ਮੁਹਿੰਮ ਚਲਾਉਣ ਲਈ 10 ਵੱਡੀਆਂ ਫੌਗਿੰਗ ਮਸ਼ੀਨਾਂ ਅਤੇ 95 ਛੋਟੀਆਂ ਫੌਗਿੰਗ ਮਸ਼ੀਨਾਂ ਪਹਿਲਾਂ ਹੀ ਤਾਇਨਾਤ ਕੀਤੀਆਂ ਹੋਈਆਂ ਹਨ। ਹੁਣ ਇਸ ਮੁਹਿੰਮ ਨੂੰ ਹੋਰ ਤੇਜ਼ ਕੀਤਾ ਜਾਵੇਗਾ ਅਤੇ ਖਾਸ ਕਰਕੇ ਉੱਚ ਜੋਖਮ ਵਾਲੇ ਇਲਾਕਿਆਂ ਵਿੱਚ ਦਿਨ ਵਿੱਚ ਦੋ ਵਾਰ ਫੋਗਿੰਗ ਕੀਤੀ ਜਾਵੇਗੀ।

ਜ਼ਿਲ੍ਹਾ ਸਿਹਤ ਵਿਭਾਗ (ਸਿਵਲ ਸਰਜਨ ਦਫ਼ਤਰ) ਵੱਲੋਂ ਉੱਚ ਜੋਖਮ ਵਾਲੇ ਇਲਾਕਿਆਂ ਦੀ ਸ਼ਨਾਖਤ ਕੀਤੀ ਗਈ ਹੈ ਅਤੇ ਉਨ੍ਹਾਂ ਇਲਾਕਿਆਂ ਵਿੱਚ ਫੋਗਿੰਗ ਮੁਹਿੰਮ ਚਲਾਉਣ ਲਈ ਨਗਰ ਨਿਗਮ ਨੂੰ ਵੀ ਸੂਚੀ ਪ੍ਰਦਾਨ ਕੀਤੀ ਗਈ ਹੈ।

ਨਗਰ ਨਿਗਮ ਨੇ ਸ਼ਡਿਊਲ ਤਿਆਰ ਕਰ ਲਿਆ ਹੈ ਅਤੇ ਉੱਚ ਜੋਖਮ ਵਾਲੇ ਇਲਾਕਿਆਂ ਸਮੇਤ ਸ਼ਹਿਰ ਦੇ ਸਾਰੇ 95 ਵਾਰਡਾਂ ਵਿੱਚ ਫੌਗਿੰਗ ਮੁਹਿੰਮ ਤੇਜ਼ ਕੀਤੀ ਜਾ ਰਹੀ ਹੈ।

ਨਗਰ ਨਿਗਮ ਦੇ ਜੁਆਇੰਟ ਕਮਿਸ਼ਨਰ ਕੁਲਪ੍ਰੀਤ ਸਿੰਘ, ਸੀ.ਐਸ.ਓ. ਅਸ਼ਵਨੀ ਸਹੋਤਾ ਅਤੇ ਹੋਰਾਂ ਦੀ ਮੌਜੂਦਗੀ ਵਿੱਚ ਵਿਧਾਇਕ ਬੱਗਾ ਨੇ ਦੱਸਿਆ ਕਿ ਡੇਂਗੂ ਦੇ ਲਾਰਵੇ ਨੂੰ ਨਸ਼ਟ ਕਰਨ ਲਈ ਨਗਰ ਨਿਗਮ ਅਤੇ ਜ਼ਿਲ੍ਹਾ ਸਿਹਤ ਵਿਭਾਗ (ਐਂਟੀ-ਲਾਰਵਾ ਟੀਮ) ਦੀਆਂ ਸਾਂਝੀਆਂ ਟੀਮਾਂ ਵੱਲੋਂ ਵੀ ਸ਼ਹਿਰ ਵਿੱਚ ਲਗਾਤਾਰ  ਨਿਰੀਖਣ ਕੀਤਾ ਜਾ ਰਿਹਾ ਹੈ।

ਵਿਧਾਇਕ ਬੱਗਾ ਅਤੇ ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਵੀ ਸਥਿਤੀ ’ਤੇ ਨਜ਼ਰ ਰੱਖੀ ਜਾ ਰਹੀ ਹੈ ਅਤੇ ਸਬੰਧਤ ਸਟਾਫ਼ ਨੂੰ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਸ਼ਹਿਰ ਭਰ ਵਿੱਚ ਫੋਗਿੰਗ ਮੁਹਿੰਮ ਚਲਾਉਣ ਵਿੱਚ ਕੋਈ ਢਿੱਲ ਨਾ ਵਰਤੀ ਜਾਵੇ।

ਇਸ ਦੌਰਾਨ ਵਿਧਾਇਕ ਬੱਗਾ ਅਤੇ ਸੰਦੀਪ ਰਿਸ਼ੀ ਨੇ ਸ਼ਹਿਰ ਵਾਸੀਆਂ ਨੂੰ ਇਹ ਅਪੀਲ ਵੀ ਕੀਤੀ ਕਿ ਉਹ ਆਪਣੇ ਘਰਾਂ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਪਾਣੀ ਖੜ੍ਹਨ ਤੋਂ ਰੋਕਣ ਕਿਉਂਕਿ ਡੇਂਗੂ ਦਾ ਮੱਛਰ ਖੜ੍ਹੇ ਪਾਣੀ ਵਿੱਚ ਪੈਦਾ ਹੁੰਦਾ ਹੈ।