You are here

ਪੰਜਾਬ

ਜੋਬਨ ✍️ ਜਸਵਿੰਦਰ ਸ਼ਾਇਰ "ਪਪਰਾਲਾ "

ਦੁੱਖਾਂ ਨਾਲ ਭਰਿਆ ਜ਼ਿੰਦਗੀ ਦਾ ਪੰਨਾਂ ਵੇਖ ਲੈ ਪੜਕੇ ।
ਗ਼ਮ ਮੈਨੂੰ ਹੋਰ ਕੋਈ ਦੇ ਦੇਵੇ ਦਿੰਦਾ ਹੋਕਾ ਚੌਂਕ ਚ ਖੜਕੇ ।

ਕਹਿੰਦੇ ਸੀ  ਇਸ਼ਕ ਗੁੜ ਨਾਲੋਂ ਮਿੱਠਾ ਹੁੰਦਾ ਏ
ਹੁਣ ਪਤਾ ਲੱਗਿਆ ਇਸ਼ਕ ਦਰਿਆਂ ਚ ਹੜ ਕੇ।

ਫੇਰ ਦੁਨੀਆਂਦਾਰੀ ਦੀ ਸ਼ੁੱਧ ਬੁੱਧ ਨਹੀਉਂ ਰਹਿੰਦੀ ਯਾਰੋ
ਜਦੋਂ ਜੋਬਨ ਬੋਲਦਾ ਏ ਸਿਰ ਦੇ ਉੱਤੇ ਚੜ ਕੇ।

ਸਭ ਤੋਂ ਉੱਚੇ ਪਰਬਤ ਉੱਤੇ ਭਾਵੇਂ ਆਪਣੇ ਮਹਿਲ ਬਣਾ
ਆਖਿਰ ਮਿੱਟੀ ਦੀ ਢੇਰੀ ਹੋਣਾ ਅੱਗ ਚ ਸੜ ਕੇ ।

ਕੱਲ੍ਹ ਮੇਰੇ ਨਿੱਕੇ ਜਿਹੇ ਦੁੱਖ ਤੇ ਸਭ ਕੁਰਲਾਉਂਦੇ ਸੀ
ਕਿਸੇ ਲਈ ਨਾ ਸਾਰ ਮੇਰੀ ਹਾਕਾਂ ਮਾਰੀਆਂ ਪਾਰ ਖੜਕੇ ।

"ਸ਼ਾਇਰ "ਨੂੰ ਕਿੰਨੀ ਵਾਰੀ ਸਮਝਾਇਆ ਦੁੱਖ ਰੋਇਆ ਨਾ ਕਰ
ਜ਼ਿੰਦਗੀ ਚਾਰ ਦਿਨਾਂ ਦੀ  ਕੱਟ ਲੈ ਖੁਸ਼ੀ -2 ਲੈਣਾ  ਕੀ ਲੜਕੇ।

ਜਸਵਿੰਦਰ ਸ਼ਾਇਰ "ਪਪਰਾਲਾ "
9996568220

ਗੁਲਾਬੀ ਸੁੰਡੀ ਦੇ ਸੰਭਾਵੀ ਹਮਲੇ ਖ਼ਿਲਾਫ਼ ਖੇਤੀਬਾੜੀ ਵਿਭਾਗ ਨੇ ਵਿੱਢੀ ਜਾਗਰੂਕਤਾ ਮੁਹਿੰਮ

ਮੁੱਖ ਖੇਤੀਬਾੜੀ ਅਫਸਰ ਵੱਲੋਂ ਮਹਿਲ ਕਲਾਂ ਦੇ ਵੱਖ ਵੱਖ ਪਿੰਡਾਂ ਦਾ ਦੌਰਾ

ਮਹਿਲ ਕਲਾਂ/ ਬਰਨਾਲਾ- 04 ਮਾਰਚ-   (ਗੁਰਸੇਵਕ ਸਿੰਘ ਸੋਹੀ )- ਡਾਇਰੈਕਟਰ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਪੰਜਾਬ ਡਾ. ਗੁਰਵਿੰਦਰ ਸਿੰਘ ਦੇ ਦਿਸ਼ਾਂ ਨਿਰਦੇਸ਼ਾਂ ’ਤੇ ਮੁੱਖ ਖੇਤੀਬਾੜੀ ਅਫਸਰ ਬਰਨਾਲਾ ਡਾ. ਬਲਬੀਰ ਚੰਦ ਦੀ ਅਗਵਾਈ ਹੇਠ ਕਿਸਾਨਾਂ ਨੂੰ ਗੁਲਾਬੀ ਸੁੰਡੀ ਦੇ ਸੰੰਭਾਵੀ ਹਮਲੇ ਦੀ ਰੋਕਥਾਮ ਬਾਰੇ ਜਾਗਰੂਕ ਕਰਨ ਲਈ ਜ਼ਿਲੇ ਵਿੱਚ ਮੁਹਿੰਮ ਵਿੱਡੀ ਗਈ ਹੈ।
  ਇਸ ਤਹਿਤ ਮੁੱਖ ਖੇਤੀਬਾੜੀ ਅਫਸਰ ਬਰਨਾਲਾ ਵੱਲੋਂ ਮਹਿਲ ਕਲਾਂ ਦੇ ਵੱਖ ਵੱਖ ਪਿੰਡਾਂ ਛੀਨੀਵਾਲ, ਮਹਿਲ ਖੁਰਦ ਤੇ ਗਾਗੇਵਾਲ ਆਦਿ ਵਿਖੇ ਖੇਤਾਂ ਦਾ ਨਿਰੀਖਣ ਕੀਤਾ ਗਿਆ, ਜਿਸ ਦੌਰਾਨ ਉਨਾਂ ਵੱਲੋਂ ਕਿਸਾਨਾਂ ਦੀ ਸਹਾਇਤਾ ਨਾਲ ਛਟੀਆਂ ਦੇ ਢੇਰਾਂ ਨੂੰ ਝਾੜ ਕੇ ਟੀਂਡੇ ਤੇ ਛਟੀਆਂ ਦੀ ਰਹਿੰਦ-ਖੂੰਹਦ ਨੂੰ ਨਸ਼ਟ ਕਰਵਾਇਆ ਗਿਆ। ਉਨਾਂ ਕਿਹਾ ਕਿ ਸਾਲ 2020-21 ਦੌਰਾਨ ਗੁਲਾਬੀ ਸੁੰਡੀ ਨਾਲ ਨਰਮੇ ਦੀ ਫ਼ਸਲ ਦਾ ਕਾਫੀ ਨੁਕਸਾਨ ਹੋਇਆ ਸੀ। ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਨਰਮੇ ਵਿੱਚ ਗੁਲਾਬੀ ਸੁੰਡੀ ਦੀ ਰੋਕਥਾਮ ਲਈ ਅਗਾਊਂ ਪ੍ਰਬੰਧ ਬਹੁਤ ਜ਼ਰੂਰੀ ਹਨ।
    ਉਨਾਂ ਦੱਸਿਆ ਕਿ ਕਿਸਾਨਾਂ ਨੂੰ ਗੁਲਾਬੀ ਸੁੰਡੀ ਦੇ ਜੀਵਨ ਚੱਕਰ ਬਾਰੇ ਵਿਸਥਾਰ ਵਿੱਚ ਸਮਝਾਇਆ ਜਾ ਰਿਹਾ ਹੈ। ਹੁਣ ਮਾਰਚ ਮਹੀਨੇ ਦਾ ਸਮਾਂ ਛਟੀਆਂ ਦੇ ਢੇਰਾਂ ਵਿੱਚ ਪਈ ਸੁੰਡੀ ਨੂੰ ਖਤਮ ਕਰਨ ਲਈ ਢੁਕਵਾਂ ਹੈ। ਉਨਾਂ ਕਿਸਾਨਾਂ ਨੂੰ ਆਪਣੇ ਪੱਧਰ ’ਤੇ ਛਟੀਆਂ ਦੇ ਢੇਰ ਦੇ ਪ੍ਰਬੰਧਨ ਲਈ ਕੰਮ ਸ਼ੁਰੂ ਕਰਨ ਲਈ ਕਿਹਾ ਤਾਂ ਜੋ ਮਾਰਚ ਮਹੀਨੇ ਤੱਕ ਛਟੀਆਂ ਦਾ ਕੰਮ ਮੁਕੰਮਲ ਹੋ ਸਕੇ। ਉਨਾਂ ਕਿਹਾ ਕਿ ਗੈਰ ਮੌਸਮੀ ਛਟੀਆਂ ਦੇ ਢੇਰਾਂ ਵਿੱਚ ਅਣਖਿੜੇ ਟੀਂਡੇ ਚੰਗੀ ਤਰਾਂ ਝਾੜ ਕੇ ਅੱਗ ਲਗਾਉਣ ਨਾਲ ਗੁਲਾਬੀ ਸੁੰਡੀ ਦੇ ਜੀਵਨ ਚੱਕਰ ਨੂੰ ਤੋੜਨਾ ਬਹੁਤ ਜ਼ਰੂਰੀ ਹੈ, ਜਿਸ ਨਾਲ ਆਉਣ ਵਾਲੇ ਸਮੇਂ ਵਿੱਚ ਨਰਮੇ ਦੀ ਫਸਲ ਨੂੰ ਗੁਲਾਬੀ ਸੁੰਡੀ ਦੇ ਹਮਲੇ ਤੋਂ ਬਚਾਇਆ ਜਾ ਸਕੇਗਾ।
  ਇਸ ਮੌਕੇ ਡਾ. ਜਰਨੈਲ ਸਿੰਘ ਖੇਤੀਬਾੜੀ ਅਫਸਰ ਮਹਿਲ ਕਲਾਂ ਨੇ ਦੱਸਿਆ ਕਿ ਕਿਸਾਨਾਂ ਨੂੰ ਕੈਂਪ ਲਗਾ ਕੇ, ਨੁਕੜ ਮੀਟਿੰਗਾਂ ਕਰਕੇ, ਪੰਚਾਇਤਾਂ ਨਾਲ ਰਾਬਤਾ ਕਾਇਮ ਕਰਕੇ ਅਤੇ ਅਨਾਊਸਮੈਂਟਸ ਕਰਵਾ ਕੇ ਕਿਸਾਨਾਂ ਨੂੰ ਗੁਲਾਬੀ ਸੁੰਡੀ ਦੀ ਰੋਕਥਾਮ ਲਈ ਜਾਗਰੂਕ ਕੀਤਾ ਜਾ ਰਿਹਾ ਹੈ।
 ਖੇਤੀਬਾੜੀ ਵਿਕਾਸ ਅਫਸਰ (ਇਨਫੋ) ਬਰਨਾਲਾ ਡਾ. ਜਸਕੰਵਲ ਸਿੰਘ ਨੇ ਕਿਹਾ ਕਿ ਜ਼ਿਲੇ ਵਿੱਚ ਕਿਸਾਨਾਂ ਨੂੰ ਗੁਲਾਬੀ ਸੁੰਡੀ ਦੀ ਰੋਕਥਾਮ ਬਾਰੇ ਜਾਗਰੂਕ ਕਰਨ ਲਈ ਮੁਹਿੰਮ ਵਿੱਢੀ ਜਾ ਚੁੱਕੀ ਹੈ। ਇਸ ਮੌਕੇ ਸ੍ਰੀ ਹਰਪਾਲ ਸਿੰਘ ਖੇਤੀਬਾੜੀ ਸਬ ਇੰਸਪੈਕਟਰ, ਕਿਸਾਨ ਹਰਬੰਸ ਸਿੰਘ ਤੇ ਹੋਰ ਕਿਸਾਨ ਹਾਜ਼ਰ ਸਨ।

ਰੂਸ ਤੇ ਯੂਕਰੇਨ ਤਣਾਅ ਦੇ ਮੱਦੇਨਜ਼ਰ ਜੀ. ਹੋਲੀ ਹਾਰਟ ਸਕੂਲ ਵੱਲੋਂ ਵਿਸ਼ਵ ਸ਼ਾਂਤੀ ਲਈ ਅਰਦਾਸ

ਯੂਕਰੇਨ 'ਚ ਅਜਾਈ ਗਈਆਂ ਜਾਨਾਂ ਸਬੰਧੀ ਦੁੱਖ ਪ੍ਰਗਟ ਕੀਤਾ
ਜਲਦ ਤੋਂ ਜਲਦ ਇਸ ਮਸ਼ਲੇ ਦਾ ਹੱਲ ਹੋਵੇ

ਮਹਿਲ ਕਲਾਂ /ਬਰਨਾਲਾ- 04 ਮਾਰਚ-    (ਗੁਰਸੇਵਕ ਸਿੰਘ ਸੋਹੀ )-ਇਲਾਕੇ ਦੀ  ਨਾਮਵਰ ਵਿਦਿਅਕ ਸੰਸਥਾ ਜੀ. ਹੋਲੀ ਹਾਰਟ ਪਬਲਿਕ ਸਕੂਲ ਮਹਿਲ ਕਲਾਂ ਦੀ ਮੈਨੇਜਮੈਂਟ ਕਮੇਟੀ,ਸਮੂਹ ਸਟਾਫ ਤੇ ਵਿਦਿਆਰਥੀਆਂ ਨੇ ਮਿਲ ਕੇ ਰੂਸ ਅਤੇ ਯੂਕਰੇਨ ਵਿਚਕਾਰ ਵਧ ਰਹੇ ਤਣਾਅ ਦੇ ਮੱਦੇਨਜ਼ਰ ਵਿਸ਼ਵ ਸ਼ਾਂਤੀ ਲਈ ਅਰਦਾਸ਼ ਕੀਤੀ ।ਇਸ ਮੌਕੇ ਵਿਦਿਆਰਥੀਆਂ ਵੱਲੋਂ ਇਨ੍ਹਾਂ ਦੋਵੇਂ ਦੇਸ਼ਾਂ ਵਿਚਾਲੇ ਪੈਦਾ ਹੋਏ ਮੌਜੂਦਾ ਤਣਾਅ ਬਾਰੇ ਤਿਆਰ ਕੀਤੇ ਸਲੋਗਨਾਂ ਰਾਹੀ ਜਲਦ ਤੋਂ ਜਲਦ ਇਸ ਮਸ਼ਲੇ ਨੂੰ ਹੱਲ ਕਰਨ ਦੀ ਅਪੀਲ ਕੀਤੀ ।ਇਸ ਮੌਕੇ ਪਿ੍ੰਸੀਪਲ ਨਵਜੋਤ ਕੌਰ ਟੱਕਰ ਨੇ ਵਿਦਿਆਰਥੀਆਂ ਨੂੰ ਸ਼ਾਂਤੀ ਦਾ ਮਤਲਬ ਸਮਝਾਉਂਦੇ ਹੋਏ ਕਿਹਾ ਕਿ ਸ਼ਾਂਤੀ ਦਾ ਮਤਲਬ ਝਗੜਿਆਂ ਦੀ ਅਣਹੋਂਦ ਨਹੀਂ ਹੈ, ਮਤਭੇਦ ਹਮੇਸ਼ਾ ਰਹਿਣਗੇ। ਸ਼ਾਂਤੀ ਦਾ ਮਤਲਬ ਹੈ ਸ਼ਾਂਤੀਪੂਰਨ ਸਾਧਨਾਂ, ਸਿੱਖਿਆ, ਗਿਆਨ ਤੇ ਮਨੁੱਖੀ ਤਰੀਕਿਆਂ ਦੁਆਰਾ ਇਨ੍ਹਾਂ ਮਤਭੇਦਾਂ ਨੂੰ ਹੱਲ ਕਰਨਾ।ਇਸ ਮੌਕੇ ਸੰਸਥਾਂ ਵੱਲੋਂ ਯੂਕਰੇਨ 'ਚ ਅਜਾਈ ਜਾ ਰਹੀਆਂ ਕੀਮਤੀ ਜਾਨਾਂ ਤੇ ਸੰਮਤੀ ਦੇ ਹੋ ਰਹੇ ਨੁਕਸਾਨ ਸਬੰਧੀ ਦੁੱਖ ਪ੍ਰਗਟ ਕਰਦਿਆਂ ਸਦਭਾਵਨਾ ਵਾਲੇ ਸੰਤੁਲਨ ਬਣਾਈ ਰੱਖਣ ਦੀ ਅਪੀਲ ਕੀਤੀ । ਵਿਦਿਆਰਥੀਆਂ ਨੇ ਰੂਸ ਤੇ ਯੂਕਰੇਨ ਦਰਮਿਆਨ ਚੱਲ ਰਿਹਾ ਯੁੱਧ ਛੇਤੀ ਖ਼ਤਮ ਤੇ ਮੁੜ ਸਥਿਤੀ ਆਮ ਵਾਂਗ ਰਹਿਣ ਲਈ ਪ੍ਰਾਰਥਨਾ ਕੀਤੀ।ਇਸ ਮੌਕੇ ਸਕੂਲ ਮੈਨੇਜਮੈਟ ਕਮੇਟੀ,ਸਕੂਲ ਸਟਾਫ਼ ਤੇ ਵਿਦਿਆਰਥੀਆਂ ਵੱਲੋਂ ਯੂਕਰੇਨ 'ਚ ਪੜਾਈ ਕਰਨ ਲਈ ਗਏ ਵਿਦਿਆਰਥੀਆਂ ਦੇ ਸੁਰੱਖਿਅਤ ਘਰ ਪਰਤਨ ਲਈ ਸਾਂਝੇ ਤੌਰ ਤੇ ਪ੍ਰਮਾਤਮਾਂ ਅੱਗੇ ਅਰਦਾਸ਼ ਬੇਨਤੀ ਕੀਤੀ।

ਭਾਕਿਯੂ (ਡਕੌਂਦਾ ਵੱਲੋਂ ਕੌਮਾਂਤਰੀ ਔਰਤ ਦਿਵਸ 8 ਮਾਰਚ ਨੂੰ ਮਨਾਉਣ ਦੀ ਵਿਉਂਤਬੰਦੀ

7 ਮਾਰਚ ਨੂੰ  ਬਰਨਾਲਾ ਵਿਖੇ ਵਿਸ਼ਾਲ ਮਾਰਚ ਕਰਕੇ ਰਾਸ਼ਟਰਪਤੀ ਦੇ ਨਾਂ ਡੀਸੀ ਬਰਨਾਲਾ ਨੂੰ ਸੌਂਪਿਆ ਜਾਵੇਗਾ ਮੰਗ ਪੱਤਰ

ਮਹਿਲ ਕਲਾਂ/ਬਰਨਾਲਾ-04 ਮਾਰਚ -(ਗੁਰਸੇਵਕ ਸਿੰਘ ਸੋਹੀ )ਲੋਕ ਕਵੀ ਸੰਤ ਰਾਮ ਉਦਾਸੀ ਦੀ ਧਰਤੀ ਰਾਏਸਰ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਜਿਲ੍ਹਾ ਪੱਧਰੀ ਮੀਟਿੰਗ ਦਰਸ਼ਨ ਸਿੰਘ ਉੱਗੋਕੇ ਦੀ ਪੑਧਾਨਗੀ ਹੇਠ ਹੋਈ। ਇਸ ਮੀਟਿੰਗ ਵਿੱਚ ਸੀਨੀਅਰ ਮੀਤ ਪੑਧਾਨ ਮਨਜੀਤ ਧਨੇਰ ਅਤੇ ਸੂਬਾ ਪ੍ਰੈੱਸ ਸਕੱਤਰ ਬਲਵੰਤ ਉੱਪਲੀ ਵਿਸ਼ੇਸ਼ ਤੌਰ'ਤੇ ਸ਼ਾਮਿਲ ਹੋਏ। ਮੀਟਿੰਗ ਵਿੱਚ ਸੂਬਾ ਕਮੇਟੀ ਵੱਲੋਂ ਉਲੀਕੇ ਗਏ ਸੰਘਰਸ਼ ਸੱਦੇ ਬੀਬੀਐਮਬੀ ਵਿੱਚੋਂ ਪੰਜਾਬ, ਹਰਿਆਣਾ ਦਾ ਕੇਂਦਰੀ ਹਕੂਮਤ ਵੱਲੋਂ ਦਾਅਵਾ ਖਾਰਜ ਕਰਨ ਦੀ ਸਾਜਿਸ਼, 8 ਮਾਰਚ ਕੌਮਾਂਤਰੀ ਔਰਤ ਦਿਵਸ ਮਨਾਉਣ, ਕੌਮੀ ਮੁਕਤੀ ਲਹਿਰ ਦੇ ਸ਼ਹੀਦਾਂ ਭਗਤ ਸਿੰਘ ਅਤੇ ਸਾਥੀਆਂ ਦਾ ਸਾਮਰਾਜ ਵਿਰੋਧੀ ਦਿਹਾੜਾ ਮਨਾਉਣ ਸਬੰਧੀ ਵਿਚਾਰ ਚਰਚਾ ਹੋਈ। ਗੰਭੀਰ ਵਿਚਾਰ ਚਰਚਾ ਤੋਂ ਬਾਅਦ ਹੋਏ ਫੈਸਲਿਆਂ ਦੀ ਜਾਣਕਾਰੀ ਦਿੰਦਿਆਂ ਗੁਰਦੇਵ ਸਿੰਘ ਮਾਂਗੇਵਾਲ ਨੇ ਦੱਸਿਆ ਕਿ ਕੇਂਦਰੀ ਹਕੂਮਤ ਨੇ ਇੱਕ ਵਾਰ ਰਾਜਾਂ ਦੇ ਸੰਘੀ ਢਾਂਚੇ ਦੇ ਗਲ ਅੰਗੂਠਾ ਦੇਣ ਦੀ ਸਾਜਿਸ਼ ਰਚਕੇ ਪੰਜਾਬੀ ਸੂਬਾ ਹੋਂਦ'ਚ ਆਉਣ ਵੇਲੇ ਤੋਂ ਪੰਜਾਬ ਦੀ ਪਾਵਰ ਅਤੇ ਹਰਿਆਣਾ ਦੀ ਸਿੰਚਾਈ ਦੇ ਮੈਂਬਰ ਵਜੋਂ ਹੋਂਦ ਨੂੰ ਖਤਮ ਕਰਨ ਦਾ ਫੈਸਲਾ ਕੀਤਾ ਹੈ। ਇਹ ਦੋਵੇਂ ਰਾਜਾਂ ਦੀ ਹੋਂਦ ਉੱਪਰ ਸਿੱਧਾ ਹਮਲਾ ਹੈ।ਮੋਦੀ ਹਕੂਮਤ ਦੀ ਇਸ ਸਾਜਿਸ਼ ਨੂੰ ਕਿਸੇ ਵੀ ਹਾਲਤ ਵਿੱਚ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ। 7 ਮਾਰਚ ਨੂੰ ਸਮੁੱਚੇ ਪੰਜਾਬ ਵਿੱਚ ਜਿਲ੍ਹਾ ਪੱਧਰੇ ਵੱਡੇ ਮੁਜ਼ਾਹਰੇ ਕਰਕੇ ਡੀਸੀ ਰਾਹੀਂ ਰਾਸ਼ਟਰਪਤੀ ਨੂੰ ਮੰਗ ਪੱਤਰ ਭੇਜੇ ਜਾਣਗੇ। 8 ਮਾਰਚ ਕੌਮਾਂਤਰੀ ਔਰਤ ਦਿਵਸ ਮੌਕੇ ਜਿਲ੍ਹਾ ਪੱਧਰੀ ਸਮਾਗਮ ਗੁਰਦਵਾਰਾ ਸਾਹਿਬ ਅਮਲਾ ਸਿੰਘ ਵਾਲਾ ਵਿਖੇ ਮਨਾਇਆ ਜਾਵੇਗਾ। ਜਿਸ ਵਿੱਚ ਔਰਤਾਂ ਦੀ ਲੋਕ ਸੰਘਰਸ਼ਾਂ ਵਿੱਚ ਇਤਿਹਾਸਕ ਭੂਮਿਕਾ, ਭਵਿੱਖੀ ਚੁਣੌਤੀਆਂ ਸਬੰਧੀ ਔਰਤ ਕਿਸਾਨ ਔਰਤ ਬੁਲਾਰੇ ਵਿਚਾਰ ਪੇਸ਼ ਕਰਨਗੇ। ਇਸ ਵਿੱਚ ਪੂਰੇ ਜਿਲੵੇ ਦੀਆਂ ਭਾਕਿਯੂ ਏਕਤਾ ਡਕੌਂਦਾ ਦੀਆਂ ਕਿਸਾਨ ਕਾਰਕੁਨਾਂ ਵੱਡੀ ਗਿਣਤੀ ਵਿੱਚ ਭਾਗ ਲੈਣਗੀਆਂ। 23 ਮਾਰਚ ਦਾ ਕੌਮੀ ਮੁਕਤੀ ਲਹਿਰ ਦੇ ਸ਼ਹੀਦ ਭਗਤ ਸਿੰਘ ਅਤੇ ਸਾਥੀਆਂ ਦਾ ਸਾਮਰਾਜੀ ਵਿਰੋਧੀ ਦਿਹਾੜਾ ਹੁਸੈਨੀਵਾਲਾ ਵਿਖੇ ਨੌਜਵਾਨ ਕਾਰਕੁਨਾਂ ਵੱਲੋਂ ਮਨਾਉਣ/ਨੌਜਵਾਨ ਕਿਸਾਨਾਂ ਦੀ ਕਾਫ਼ਲਿਆਂ ਦੇ ਰੂਪ'ਸ਼ਮੂਲੀਅਤ ਕਰਵਾਉਣ ਸਬੰਧੀ ਵੀ ਫੈਸਲਾ ਕੀਤਾ। ਮੀਟਿੰਗ ਨੇ ਮੋਦੀ ਹਕੂਮਤ ਵੱਲੋਂ ਲਖੀਮਪੁਰ ਖੀਰੀ ਕਾਂਡ ਦੇ ਦੋਸ਼ੀ ਅਸ਼ੀਸ਼ ਮਿਸ਼ਰਾ ਦੀ ਜਮਾਨਤ ਖਾਰਜ ਕਰਾਉਣ, ਐਮਐਸਪੀ ਦਾ ਕਾਨੂੰਨ ਬਨਾਉਣ, ਸਾਰੀ ਫਸਲਾਂ ਦੀ ਘੱਟੋ ਘੱਟ ਕੀਮਤ ਤੇ ਖਰੀਦ ਯਕੀਨੀ ਬਨਾਉਣ, ਕਿਸਾਨ ਅੰਦੋਲਨ ਦੌਰਾਨ ਬਣਾਏ ਪੁਲਿਸ ਕੇਸ ਵਾਪਸ ਲੈਣ, ਸ਼ਹੀਦ ਕਿਸਾਨ ਪਰਿਵਾਰਾਂ ਨੂੰ ਸਰਕਾਰੀ ਨੌਕਰੀ, ਮੁਆਵਜ਼ਾ, ਕਰਜ਼ਾ ਖਤਮ ਕਰਾਉਣ, ਪੰਜਾਬ ਸਰਕਾਰ ਵੱਲੋਂ ਪੰਜ  ਏਕੜ ਤੱਕ ਦੇ ਕਿਸਾਨਾਂ ਦਾ ਕਰਜ਼ਾ ਖਤਮ ਕਰਵਾਉਣ ਲਈ ਵੀ ਸੰਘਰਸ਼ ਨੂੰ ਤੇਜ਼ ਕਰਨ ਸਬੰਧੀ ਵਿਚਾਰਾਂ ਕੀਤੀਆਂ ਗਈਆਂ। ਇਸ ਸਮੇਂ ਜਗਰਾਜ ਸਿੰਘ ਹਰਦਾਸਪੁਰਾ, ਮਲਕੀਤ ਸਿੰਘ ਈਨਾਮ, ਅਮਨਦੀਪ ਸਿੰਘ ਰਾਏਸਰ, ਅਮਰਜੀਤ ਕੌਰ, ਬਾਬੂ ਸਿੰਘ ਖੁੱਡੀਕਲਾਂ,,ਕੁਲਵੰਤ ਸਿੰਘ ਭਦੌੜ, ਹਰਚਰਨ ਸਿੰਘ ਸੁਖਪੁਰਾ, ਕਰਮ ਸਿੰਘ ਭਦੌੜ,ਹਰਮੇਲ ਸਿੰਘ ਖੁੱਡੀਕਲਾਂ ਅਦਿ ਤੋਂ ਇਲਾਵਾ ਬਹੁਤ ਸਾਰੇ ਕਿਸਾਨ ਆਗੂਆਂ ਨੇ ਵਿਚਾਰ ਰੱਖੇ।

ਗੁਣਤਾਜ ਪ੍ਰੈੱਸ ਕਲੱਬ ਮਹਿਲ ਕਲਾਂ ਦੀ ਮੀਟਿੰਗ ਹੋਈ।

ਮਹਿਲ ਕਲਾਂ /ਬਰਨਾਲਾ -04 ਮਾਰਚ- (ਗੁਰਸੇਵਕ ਸਿੰਘ ਸੋਹੀ )-ਗੁਣਤਾਜ ਪ੍ਰੈੱਸ ਕਲੱਬ ਮਹਿਲ ਕਲਾਂ ਦੀ ਇਕ ਜ਼ਰੂਰੀ ਮੀਟਿੰਗ ਕਲੱਬ ਪ੍ਰਧਾਨ ਡਾ ਮਿੱਠੂ ਮੁਹੰਮਦ ਦੀ ਅਗਵਾਈ ਹੇਠ ਮਹਿਲ ਕਲਾਂ ਵਿਖੇ ਹੋਈ।ਇਸ ਮੌਕੇ ਨਿਰਮਲ ਸਿੰਘ ਪੰਡੋਰੀ ਨੇ ਪੱਤਰਕਾਰਾਂ ਨੂੰ ਆ ਰਹੀਆਂ ਦਰਪੇਸ਼ ਮੁਸ਼ਕਲਾਂ ਦਾ ਮੁਲਾਂਕਣ ਕਰਦੇ ਹੋਏ ਕਿਹਾ ਕਿ ਪੱਤਰਕਾਰ ਦੇਸ਼ ਦੀ ਰੀੜ੍ਹ ਦੀ ਹੱਡੀ ਹਨ ਜੋ ਕਿ ਲੋਕਾਂ ਦੇ ਮਸਲੇ ਉਠਾ ਕੇ ਸਰਕਾਰਾਂ ਨੂੰ ਸੁਚੇਤ ਕਰ ਲੋਕਾਂ ਦੀ ਆਵਾਜ਼ ਬਣਦੇ ਹਨ।ਅੱਜ ਲੋਕਾਂ ਅਤੇ ਪੱਤਰਕਾਰ ਭਾਈਚਾਰੇ ਚ ਵਿਸ਼ਵਾਸ ਇੰਦਰਾ ਰੱਖਣ ਦੀ ਲੋੜ ਹੈ।ਮੀਟਿੰਗ ਨੂੰ ਸੰਬੋਧਨ ਕਰਦਿਆਂ ਕਲੱਬ ਪ੍ਰਧਾਨ ਡਾ ਮਿੱਠੂ ਮੁਹੰਮਦ ਤੇ ਜਨਰਲ ਸਕੱਤਰ ਗੁਰਸੇਵਕ ਸਿੰਘ ਸਹੋਤਾ ਨੇ ਕਿਹਾ ਕਿ ਗੁਣਤਾਜ ਪ੍ਰੈੱਸ ਕਲੱਬ ਪੱਤਰਕਾਰੀ ਸਮੇਤ ਹੋਰਨਾਂ ਸਮਾਜਿਕ ਗਤੀਵਿਧੀਆਂ ਵਿਚ ਮੋਹਰੀ ਰਹਿੰਦਾ ਹੈ।ਆਉਣ ਵਾਲੇ ਦਿਨਾਂ ਵਿੱਚ ਵੀ ਲੋਕਾਂ ਨੂੰ ਜਾਗਰੂਕ ਕਰਨ ਲਈ ਇਹ ਅਹਿਦ ਜਾਰੀ ਰਹੇਗਾ ।ਉਨ੍ਹਾਂ ਸਮੂਹ ਪੱਤਰਕਾਰ ਭਾਈਚਾਰੇ ਨੂੰ ਆਪਣੀਆਂ ਹੱਕੀ ਮੰਗਾਂ ਤੇ ਲੋਕਾਂ ਦੀ ਆਵਾਜ਼ ਦ੍ਰਿੜਤਾ ਨਾਲ ਉਠਾਉਣ ਦੀ ਅਪੀਲ ਕੀਤੀ।ਇਸ ਮੌਕੇ ਪੱਤਰਕਾਰ ਡਾ ਸ਼ੇਰ ਸਿੰਘ ਰਵੀ, ਪ੍ਰੇਮ ਕੁਮਾਰ, ਡਾ ਪਰਮਿੰਦਰ ਸਿੰਘ ਹਮੀਦੀ, ਫ਼ਿਰੋਜ਼ ਖ਼ਾਨ,ਭੁਪਿੰਦਰ ਸਿੰਘ ਧਨੇਰ,ਗੁਰਸੇਵਕ ਸਿੰਘ ਸੋਹੀ, ਜਸਜੀਤ ਸਿੰਘ ਕੁਤਬਾ,ਮਨਜੀਤ ਸਿੰਘ ਮਿੱਠੇਵਾਲ ਅਤੇ ਗੁਰਪ੍ਰੀਤ ਸਿੰਘ ਕੁਤਬਾ ਹਾਜ਼ਰ ਸਨ।

ਸੋਗ ਸਮਾਚਾਰ  

ਮਹਿਲ ਕਲਾਂ , 04 ਮਾਰਚ (ਗੁਰਸੇਵਕ ਸੋਹੀ)-  ਬੜੇ ਹੀ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸਾਬਕਾ ਜ਼ਿਲ੍ਹਾ ਪ੍ਰਧਾਨ ਸਵ: ਅਮਰ ਸਿੰਘ ਛੀਨੀਵਾਲ ਕਲਾਂ ਬੀਕੇਯੂ (ਰਾਜੇਵਾਲ) ਉਨ੍ਹਾਂ ਦੀ ਧਰਮ ਪਤਨੀ ਬੀਬੀ ਸੁਖਦਰਸ਼ਨ ਕੌਰ ਦਾ ਅੱਜ ਅਚਾਨਕ ਹਾਰਟ ਅਟੈਕ ਹੋਣ ਕਾਰਨ ਦੇਹਾਂਤ ਹੋ ਗਿਆ ਹੈ । ਉਨ੍ਹਾਂ ਦਾ ਸਸਕਾਰ ਕੱਲ ਠੀਕ 11ਵਜੇ ਪਿੰਡ ਛੀਨੀਵਾਲ ਕਲਾਂ (ਬਰਨਾਲਾ) ਵਿਖੇ ਕੀਤਾ ਜਾਵੇਗਾ।
ਵੱਲੋਂ ਜ਼ਿਲ੍ਹਾ ਪ੍ਰਧਾਨ ਗਿਆਨੀ ਨਿਰਭੈ ਸਿੰਘ

ਪੰਜਾਬੀ ਪੈਂਤੀ ਅੱਖਰੀ ਦੋਹੇ ✍️ ਜਸਵੀਰ ਸ਼ਰਮਾਂ ਦੱਦਾਹੂਰ

ਊੜਾ:ਉਸਦਾ ਧਰਮ ਹੈ, ਕਰਨੀ ਕਾਣੀ ਵੰਡ ।

ਹਾਕਮ ਬੇਈਮਾਨ ਹੈ, ਅੰਦਰ ਰੱਖਦਾ ਗੰਢ ।।

ਆੜਾ:ਆਪਣਾ ਦਾਅ ਹੈ ਲਾਉਂਦਾ, ਇਥੇ ਹਰ ਕੋਈ ਬੰਦਾ ।

ਇੱਕ ਦੂਜੇ ਨੂੰ ਲੁੱਟਣ ਦਾ,ਫੜ੍ਹਿਆ ਸੱਭ ਨੇ ਧੰਦਾ।।

ਈੜੀ: ਇੱਕ ਇੱਕ ਕਰਕੇ ਜਾਂਵਦੇ, ਟੁੱਟਦੇ ਰਿਸ਼ਤੇ ਸਾਰੇ।

ਬਿਪਤਾ ਪਵੇ ਜੇ ਆ ਸਿਰ ਉੱਤੇ, ਫਿਰਦੇ ਮਾਰੇ ਮਾਰੇ।।

ਸੱਸਾ:ਸੱਪ ਦੇ ਵਾਂਗ ਹੈ ਡੰਗਦੀ, ਵੇਖੋ ਮਾਇਆ ਰਾਣੀ।

ਇਸ ਸੰਸਾਰ ਦੇ ਅੰਦਰ ਇਹ, ਬਣ ਬੈਠੀ ਪਟਰਾਣੀ।।

ਹਾਹਾ:ਹੱਕ ਨਾ ਮਿਲਦਾ ਓਸ ਨੂੰ, ਜੋ ਵੀ ਹੈ ਹੱਕਦਾਰ।

ਜਰਵਾਣੇ ਲੁੱਟ ਪੁੱਟ ਕੇ, ਜਾਂਦੇ ਮਾਰ ਡਕਾਰ।।

ਕੱਕਾ: ਕਰਨੀ ਭਰਨੀ ਇਥੇ ਈ ਐ, ਅੱਗਾ ਵੇਖਿਆ ਕਿਸ?

ਔਲਾਦ ਨਹੀਂ ਜਿਸਦੀ ਕਹਿਣੇ ਚ, ਚੱਕੀ ਰਿਹਾ ਹੈ ਪਿਸ।।

ਖੱਖਾ:ਖਾਂਦੈ ਹੱਕ ਦੀ ਕਰਕੇ ਜੋ, ਦਸਾਂ ਨਹੁੰਆਂ ਦੀ ਕਾਰ।

ਓਹਦੀ ਸੁਣਦੈ ਦੋਸਤੋ, ਨੇੜੇ ਹੋ ਕਰਤਾਰ।।

ਗੱਗਾ: ਗੱਲ ਗੱਲ ਦੇ ਉੱਤੇ, ਅੜੀ ਪਗਾਉਂਦਾ ਜੋ।

ਨੱਕੋਂ ਬੁੱਲੋਂ ਸਭਨਾਂ ਦਿਓਂ, ਲਹਿ ਜਾਂਦਾ ਹੈ ਓਹ।।

ਘੱਗਾ:ਘਰ ਘਰ ਇੱਕੋ ਅੱਗ ਹੈ, ਕੋਠੇ ਚੜ੍ਹਕੇ ਵੇਖ।

ਬਚਾ ਲੈ ਸਾਨੂੰ ਮਾਲਕਾ, ਰੱਖੀ ਤੇਰੇ ਤੇ ਟੇਕ।।

(।  ) ਇਹਦੇ ਵਾਂਗੂ ਖਾਲੀ ਰਹਿਣਾ, ਆਦਤ ਇਹੇ ਮਾੜੀ।

ਕੰਮ ਹੁੰਦਾ ਇਬਾਦਤ ਦੋਸਤੋ, ਕੰਮ ਨਾ ਰੱਖੋ ਆੜੀ।।

ਚੱਚਾ:ਚੋਰ ਉਚੱਕਾ ਚੌਧਰੀ, ਅੱਜਕਲ੍ਹ ਗੁੰਡੀ ਰੰਨ ਪ੍ਰਧਾਨ।

ਗੱਲੀਂ ਬਾਤੀਂ ਵੇਖਿਆ,ਟਾਕੀ ਲਾਉਣ ਅਸਮਾਨ।।

ਛੱਛਾ:ਛਲ ਕਪਟ ਦੇ ਨਾਲ ਦੋਸਤੋ, ਹੱਥ ਨੂੰ ਹੱਥ ਹੈ ਖਾਵੇ।

ਬੇਈਮਾਨੀ ਭ੍ਰਿਸ਼ਟਾਚਾਰੀ,ਦਿਨੋਂ ਦਿਨ ਵਧਦੀ ਜਾਵੇ।।

ਜੱਜਾ:ਜੋਰ ਨਾ ਚਲਦਾ ਕਿਧਰੇ ਵੀ, ਹੁਣ ਗਰੀਬ ਨਿਮਾਣੇ ਦਾ।

ਹੱਲ ਕੋਈ ਨਾ ਕਰਦਾ ਲੋਕੋ, ਉਲਝੇ ਹੋਏ ਤਾਣੇ ਦਾ।।

ਝੱਝਾ: ਝੁਕਣਾ ਸਿੱਖ ਲੈ ਬੰਦਿਆ, ਪੜ੍ਹ ਸੁਣ ਤੂੰ ਗੁਰਬਾਣੀ।

ਜੀਵਨ ਸਫ਼ਲ ਬਣਾ ਲੈ ਵੀਰਾ, ਕਮੀ ਕੋਈ ਨਾ ਆਣੀ।।

(   )ਇਸ ਅੱਖਰ ਦੇ ਵਾਂਗੂੰ ਖਾਲੀ, ਰਹਿ ਨਾ ਜਾਇਓ ਯਾਰੋ।

ਕਰੋ ਭਲਾਈ ਨਾਮ ਜਪੋ ਤੇ,ਮੈਂ ਮੇਰੀ ਨੂੰ ਮਾਰੋ।।

ਟੈਂਕਾ:ਟੌਹਰ ਬੇਗਾਨੀ ਵੇਖ ਕੇ, ਭੁੱਲ ਨਾ ਜਾਇਓ ਔਕਾਤ।

ਰਜ਼ਾ ਚ ਰਾਜ਼ੀ ਰਹਿਣਾ ਸਿੱਖੀਏ, ਜੋ ਜ਼ਿੰਦਗੀ ਦੀ ਸੌਗਾਤ।।

ਠੱਠਾ:ਠਾਰ ਹੈ ਦਿੰਦੀ ਦਿਲਾਂ ਨੂੰ, ਬੋਲੋ ਮਿਠੜੀ ਬੋਲੀ।

ਐਸੇ ਬੋਲੋ ਬੋਲ ਜ਼ੁਬਾਨੋਂ, ਜਿਉਂ ਹੋਵੇ ਮਿਸ਼ਰੀ ਘੋਲੀ।।

ਡੱਡਾ: ਡੋਰਾਂ ਸੁੱਟ ਰੱਬ ਦੇ ਉੱਤੇ,ਓਹਦਾ ਬਣਕੇ ਬਹਿਜਾ।

ਛੱਡ ਕੇ ਚਿੰਤਾ ਝੋਰਾ ਸੱਜਣਾ, ਨੇਕੀ ਖੱਟ ਕੇ ਲੈ ਜਾ।।

ਢੱਡਾ:ਢੋਰ ਗਵਾਰਾਂ ਵਾਲੀ ਸੰਗਤ, ਵੀਰੋ ਕਦੇ ਨਾ ਕਰੀਏ।

ਚੱਲੀਏ ਸਦਾ ਸਚਾਈ ਉੱਤੇ, ਰੱਬ ਤੋਂ ਸਦਾ ਹੀ ਡਰੀਏ।।

ਣਾਣਾ:ਣਾਣੇ ਵਾਂਗੂੰ ਲੋੜ ਪੈਣ ਤੇ, ਵਰਤਣ ਵਾਲਿਓ ਯਾਰੋ।

ਗਰਜ਼ ਪੈਣ ਤੇ ਯਾਦ ਹੋਂ ਕਰਦੇ,ਕੁੱਝ ਤਾਂ ਸੋਚ ਵਿਚਾਰੋ?

ਤੱਤਾ: ਤੂੰ ਤੂੰ ਮੈਂ ਮੈਂ ਜਿਹੜੇ ਘਰ ਵਿੱਚ, ਨਿੱਤ ਈ ਹੁੰਦੀ ਰਹਿੰਦੀ।

ਨਰਕ ਦੇ ਵਾਂਗ ਜਿੰਦਗੀ ਲੰਘੇ, ਬਰਕਤ ਕਦੇ ਨਾ ਪੈਂਦੀ।।

ਥੱਥਾ: ਥੁੱਕ ਕੇ ਚੱਟਣ ਵਾਲਿਆਂ ਦੇ, ਲੱਗਿਓ ਨਾ ਕਦੇ ਨੇੜ।

ਪ੍ਰਛਾਵਾਂ ਓਹਨਾਂ ਦਾ ਪਵੇ ਨਾ, ਲਿਆ ਜੋ ਬੂਹਾ ਭੇੜ।।

ਦੱਦਾ: ਦੁੱਖ ਨਿਵਾਰੇ ਨਾਮ ਪ੍ਰਭੂ ਦਾ, ਉਸ ਨੂੰ ਜਪਦੇ ਰਹੀਏ।

ਹਰ ਗਰਜ਼ ਓਹ ਕਰਦੈ ਪੂਰੀ, ਨਿਸਚਿੰਤ ਹੋ ਕੇ ਕਹੀਏ।।

ਧੱਧਾ: ਧਰਮ ਨਾ ਕੋਈ ਵੀ ਮਾੜਾ ਵੀਰੋ, ਸੱਭ ਤੋਂ ਉੱਚਾ ਇਨਸਾਨ।

ਜਿਸ ਵਿੱਚ ਹੈ ਦਿਆ ਨਹੀਂ, ਪੁਰਖ ਓਹ ਸ਼ਮਸ਼ਾਨ।।

ਨੱਨਾ:ਨੋਕ ਝੋਕ ਜਿਸ ਘਰ ਵਿੱਚ ਹੋਊ, ਓਥੇ ਰਹੂ ਲੜਾਈ।

ਬਿਲਕੁਲ ਗੱਲ ਪਰਪੱਕ ਹੈ, ਹੋ ਨਾ ਸਕੇ ਸਮਾਈ।।

ਪੱਪਾ:ਪਾਪ ਪਖੰਡਾਂ ਵਿੱਚ ਨਾ ਫਸੀਏ, ਪੱਟਿਆ ਜਾਊ ਘਰਬਾਰ।

ਭਵਜਲ ਵਿੱਚੋਂ ਪਾਰ ਜੇ ਲੰਘਣਾ, ਨਾਮ ਇੱਕ ਹਥਿਆਰ।।

ਫੱਫਾ:ਫਫੇ ਕੁੱਟਣੀ ਦੁਨੀਆਂ ਕੋਲੋਂ, ਸੱਜਣਾ ਬਚਕੇ ਰਹਿ।

ਮਿੱਠੀਆਂ ਮਾਰ ਕੇ ਲੁਟੂਗੀ,ਬਿਲਕੁਲ ਗੱਲ ਇਹ ਤਹਿ।।

ਬੱਬਾ: ਬੰਦਿਆ ਬੰਦਗੀ ਕਰੇਂ ਜੇ, ਇੱਕ ਮਨ ਇੱਕ ਚਿੱਤ ਹੋਇ।

ਸੱਚ ਹਕੀਕਤ ਜਾਣ ਫਿਰ, ਦਰਗਹਿ ਮਿਲੂਗੀ ਢੋਇ।।

ਭੱਭਾ:ਭਰਮ ਭੁਲੇਖੇ ਪਾਉਂਦੇ ਅੱਜਕਲ੍ਹ, ਝੋਲੀ ਚੁੱਕ ਫਕੀਰ।

ਜੋ ਚੁੰਗਲ ਇਨ੍ਹਾਂ ਦੇ ਫਸ ਗਿਆ, ਮੰਗਣ ਲੱਗੂ ਅਖੀਰ।।

ਮੱਮਾ: ਮਾਇਆ ਨਾਗਣੀ ਭੈੜੀ,ਘਰਾਂ ਚ ਪਾਏ ਕਲੇਸ਼।

ਕੋਈ ਨਾ ਬਚਿਆ ਏਸ ਤੋਂ, ਸਾਧੂ ਸੰਤ ਦਰਵੇਸ਼।।

ਯੱਯਾ:ਯਾਰੀ ਤਦ ਹੀ ਨਿੱਭਦੀ, ਹਿੱਕ ਤਾਣ ਜੇ ਖੜ੍ਹੀਏ।

ਦਾਮਨ ਆਪਣਾ ਜੇ ਫੜਾਇਆ, ਅਗਲੇ ਦਾ ਵੀ ਫੜ੍ਹੀਏ।।

ਰਾਰਾ:ਰਾਮ ਈਸ਼ਵਰ ਅੱਲ੍ਹਾ ਵਾਹਿਗੁਰੂ, ਪੰਜਵਾਂ ਨਾਮ ਖ਼ੁਦਾ।

ਮਰਜ ਦਾ ਕਿਸੇ ਤੋਂ ਇਲਾਜ ਕਰਾਲੋ, ਇੱਕੋ ਦੇਣ ਦਵਾ।।

ਲੱਲਾ:ਲੋੜ ਪੈਣ ਤੇ ਗਧੇ ਨੂੰ ਬਾਪੂ,ਇਹ ਦੁਨੀਆਂ ਦੋਸਤੋ ਕਹਿੰਦੀ।

ਗਰਜ਼ ਜੇ ਹੋ ਜਾਏ ਪੂਰੀ ਤਾਂ ਫਿਰ, ਕਦੇ ਕੋਲ ਨਾ ਬਹਿੰਦੀ।।

ਵਾਵਾ: ਵੇਖਿਆ ਖੁਦ ਮੈਂ ਘੁੰਮ ਕੇ, ਹੈ ਸਾਰਾ ਸੰਸਾਰ।

ਬਲਖ ਬੁਖਾਰੇ ਸੁੱਖ ਨਾ,ਜੋ ਆਪਣੇ ਘਰ ਤੇ ਵਿੱਚ ਪਰਿਵਾਰ।।

ੜਾੜਾ:ੜਾੜਾ ਕਹੇ ਦੱਦਾਹੂਰੀਆ, ਮੈਂ ਵੀ ਰਿਹਾ ਕੁੱਝ ਕਹਿ।

ਪੈਂਤੀ ਵਿੱਚ ਸ਼ੁਮਾਰ ਹਾਂ ਮੈਂ ਵੀ, ਭਾਂਵੇਂ ਗਿਆ ਹਾਂ ਪਿੱਛੇ ਰਹਿ।।

(ਨੋਟ ਜੋ ਦੋ ਅੱਖਰ ਨਹੀਂ ਲਿਖੇ,ਓਹ ਮੋਬਾਇਲ ਦੀ ਪੈਂਤੀ ਵਿੱਚ ਨਹੀਂ ਮਿਲੇ ਜੀ ਇਸ ਲਈ ਖੇਦ ਹੈ)

 

ਜਸਵੀਰ ਸ਼ਰਮਾਂ ਦੱਦਾਹੂਰ

ਸ੍ਰੀ ਮੁਕਤਸਰ ਸਾਹਿਬ

95691-49556

ਸ਼ਮਸ਼ਾਨਾਂ ਦੇ ਮਿੱਟੀ ✍️ ਰਮੇਸ਼ ਕੁਮਾਰ ਜਾਨੂੰ

ਤੂੰ ਕਹਿਨਾ ਏਂ ਤੇਰੀ ਮੇਰੀ
     ਦੇਹੀ ਏ ਇਨਸਾਨਾਂ ਦੀ
ਮੈਂ ਕਹਿਨਾ ਵਾਂ ਤੁਰਦੀ ਫਿਰਦੀ
     ਮਿੱਟੀ ਏ ਸ਼ਮਸ਼ਾਨਾਂ ਦੀ।।

ਕਣਕਵੰਨੀ, ਵੰਨ-ਸਵੰਨੀ
     ਕਾਲੀ,ਗੋਰੀ,ਚਿੱਟੀ ਹੈ
ਸਭ ਨੂੰ ਆਪਣੀ ਵਾਰੀ ਉੱਤੇ
     ਇੱਕ ਦਿਨ ਆਉਣੀ ਚਿੱਠੀ ਏ
ਉਹਨੇ ਵਿੱਥ ਜ਼ਰਾ ਨਾ ਰੱਖੀ
     ਉੱਚੀਆਂ ਨੀਵੀਆਂ ਸ਼ਾਨਾਂ ਦੀ।।
ਮੈਂ ਕਹਿਨਾ ਵਾਂ ਤੁਰਦੀ ਫਿਰਦੀ
     ਮਿੱਟੀ ਏ ਸ਼ਮਸ਼ਾਨਾ ਦੀ।।।

ਪੱਥਰ ਦਿਲ ਦੇ ਲੋਕ ਕਿਸੇ ਦੇ
     ਦੁੱਖ ਤੇ ਜਸ਼ਨ ਮਨਾਉਂਦੇ ਨੇ
ਆਪਣੀ ਵਾਰੀ ਭੁੱਲੇ ਬੈਠੇ
     ਰੇਤ ਦੇ ਮਹਿਲ ਬਣਾਉਂਦੇ ਨੇ
ਮੈਂ ਤਾਂ ਰੱਬ ਨੂੰ ਲੱਭਣ ਤੁਰਿਆ
     ਲੱਭੀ ਭੀੜ ਸ਼ੈਤਾਨਾਂ ਦੀ।।
ਮੈਂ ਕਹਿਨਾ ਵਾਂ ਤੁਰਦੀ ਫਿਰਦੀ
     ਮਿੱਟੀ ਏ ਸ਼ਮਸ਼ਾਨਾਂ ਦੀ।।।

ਵੱਡੀ ਕੋਠੀ ਪਾ ਕੇ ਜਦ ਵੀ
     ਅੰਦਰ ਇਕੱਲੇ ਰਹਿ ਜਾਂਦੇ
ਮਿੱਟੀ ਦੀ ਇੱਕ ਢੇਰੀ ਵਾਂਗੂੰ
     ਨੁੱਕਰੇ ਲੱਗ ਕੇ ਬਹਿ ਜਾਂਦੇ
ਫਿਰ ਤਾਂ ਚੇਤੇ ਆਉਂਦੀ ਹੋਣੀ
     ਕੱਚੀ ਛੱਤ ਮਕਾਨਾਂ ਦੀ।।
ਮੈਂ ਕਹਿਨਾ ਵਾਂ ਤੁਰਦੀ ਫਿਰਦੀ
     ਮਿੱਟੀ ਏ ਸ਼ਮਸ਼ਾਨਾਂ ਦੀ।।।

ਮਿੱਟੀ ਦੇ ਕੁਝ ਸ਼ਾਤਰ ਪੁਤਲੇ
     ਕਈ ਸਕੀਮਾਂ ਘੜਦੇ ਨੇ
ਮਿੱਟੀ ਨੂੰ ਮਾਂ ਸਮਝਣ ਵਾਲੇ
     ਸਰਹੱਦਾਂ ਉੱਤੇ ਲੜਦੇ ਨੇ
ਬਾਰਡਰਾਂ ਉੱਤੇ ਲਗਦੀ ਰਹਿੰਦੀ
     ਮਿੱਟੀ ਵੀਰ ਜਵਾਨਾਂ ਦੀ।।
ਮੈਂ ਕਹਿਨਾ ਵਾਂ ਤੁਰਦੀ ਫਿਰਦੀ
     ਮਿੱਟੀ ਏ ਸ਼ਮਸ਼ਾਨਾਂ ਦੀ।।।

ਅਖ਼ਬਾਰਾਂ ਦਾ ਪਹਿਲਾ ਪੰਨਾ
     ਮੈਨੂੰ ਸਿਵਿਆਂ ਵਰਗਾ ਲੱਗਦਾ ਏ
ਉਹਨਾਂ ਲਾਸ਼ਾਂ ਦੇ ਵਿਚ ਮੈਨੂੰ
     ਆਪਣਾ ਜਿਸਮ ਹੀ ਲੱਭਦਾ ਏ
ਗਿਣਤੀ ਕਰਨੀ ਔਖੀ ਹੋ ਗਈ
     ਬੇਕਸੂਰੀਆਂ ਜਾਨਾਂ ਦੀ।।
ਮੈਂ ਕਹਿਨਾ ਵਾਂ ਤੁਰਦੀ ਫਿਰਦੀ
     ਮਿੱਟੀ ਏ ਸ਼ਮਸ਼ਾਨਾਂ ਦੀ।।।

ਮਿੱਟੀ ਖੋਖਲੀ ਕਰ ਦਿੱਤੀ ਏ
     ਕਰ ਕਰ ਉਨ੍ਹਾਂ ਬੰਬ ਧਮਾਕੇ
ਦੇਵਤੇ ਸਾਰੇ ਇਕੱਠੇ ਹੋ ਕੇ
     ਰੋਕਾ ਪਾਵਣ ਉੱਥੇ ਜਾ ਕੇ
ਖੌਰੇ ਕਿੱਥੇ ਡਰਦੀ ਲੁਕ ਗਈ
     ਟੋਲੀ ਏ ਭਗਵਾਨਾਂ ਦੀ।।
ਮੈਂ ਕਹਿਨਾ ਵਾਂ ਤੁਰਦੀ ਫਿਰਦੀ
     ਮਿੱਟੀ ਏ ਸ਼ਮਸ਼ਾਨਾਂ ਦੀ।।।

ਠਾਹ ਠਾਹ ਦੀਆਂ ਆਵਾਜ਼ਾਂ ਵਿੱਚ ਹੈ
     ਰੌਲਾ ਹਾਹਾਕਾਰਾਂ ਦਾ
ਧਰਤੀ ਡੁੱਲੇ ਖੂਨ ਦੇ ਧੱਬੇ
     ਸੁਹਾਗ ਸੀ ਰੋਂਦੀਆਂ ਨਾਰਾਂ ਦਾ
ਬਸਤੀ ਦੇ ਵਿੱਚ ਅੱਖੀਂ ਵੇਖੀ
      ਰੁਲਦੀ ਪੱਤ ਅਹਿਸਾਨਾਂ ਦੀ।।
ਮੈਂ ਕਹਿਨਾ ਵਾਂ ਤੁਰਦੀ ਫਿਰਦੀ
     ਮਿੱਟੀ ਏ ਸ਼ਮਸ਼ਾਨਾਂ ਦੀ।।।

ਰਮੇਸ਼ ਵੇ ਅੱਜ ਹੈ ਜਾਨੂੰ ਤੇਰੀ
     ਸਹਿਮੀ,ਡਰਦੀ,ਹਾਉਕੇ ਭਰਦੀ
ਬੁੱਕਲ਼ ਵਿਚ ਮੈਂ ਕਿੰਝ ਲੁਕਾਂਵਾਂ
     ਬੁੱਕਲ਼ ਵਿੱਚ ਵੀ ਅੱਗ ਪਈ ਵਰਦੀ
ਧੂਏਂ ਦੇ ਨਾਲ ਕਾਲੀ ਹੋ ਗਈ
     ਨੀਲੀ ਛੱਤ ਅਸਮਾਨਾਂ ਦੀ।।
ਮੈਂ ਕਹਿਨਾ ਵਾਂ ਤੁਰਦੀ ਫਿਰਦੀ
     ਮਿੱਟੀ ਏ ਸ਼ਮਸ਼ਾਨਾਂ ਦੀ।।।
           
          ਲੇਖਕ-ਰਮੇਸ਼ ਕੁਮਾਰ ਜਾਨੂੰ
         ਫੋਨ ਨੰ:-98153-20080

ਹਠੂਰ ਦਾ ਟੂਰਨਾਮੈਟ ਸੁਰੂ

ਹਠੂਰ,4,ਮਾਰਚ-(ਕੌਸ਼ਲ ਮੱਲ੍ਹਾ)-ਅਜਾਦ ਸਪੋਰਟਸ ਐਂਡ ਵੈਲਫੇਅਰ ਕਲੱਬ ਹਠੂਰ ਦੇ ਪ੍ਰਧਾਨ ਜਸਕਮਲਪ੍ਰੀਤ ਸਿੰਘ ਦੀ ਅਗਵਾਈ ਹੇਠ ਅਮਰਜੀਤ ਸਿੰਘ ਅੰਬੀ ਸਟੇਡੀਅਮ ਹਠੂਰ ਵਿਖੇ 13 ਵਾਂ ਸ਼ਾਨਦਾਰ ਪੇਂਡੂ ਖੇਡ ਟੂਰਨਾਮੈਟ ਸਾਨੋ ਸੌਕਤ ਨਾਲ ਸੁਰੂ ਹੋਇਆ।ਇਸ ਟੂਰਨਾਮੈਟ ਦਾ ਉਦਘਾਟਨ ਲੈਕਚਰਾਰ ਚਰਨਜੀਤ ਸਿੰਘ ਗਿੱਲ ਅਤੇ ਸਰਪੰਚ ਮਲਕੀਤ ਸਿੰਘ ਹਠੂਰ ਨੇ ਸਾਝੇ ਤੌਰ ਤੇ ਰੀਬਨ ਕੱਟ ਕੇ ਕੀਤਾ।ਇਸ ਮੌਕੇ ਗੱਲਬਾਤ ਕਰਦਿਆ  ਪ੍ਰਧਾਨ ਜਸਕਮਲਪ੍ਰੀਤ ਸਿੰਘ ਨੇ ਦੱਸਿਆ ਕਿ ਅੱਜ ਪਹਿਲੇ ਦਿਨ ਫੁੱਟਵਾਲ ਵਿਚੋ ਕੋਠੇ ਰਾਹਲਾ,ਚਕਰ,ਤਲਵੰਡੀ ਮੱਲੀਆਂ,ਅਖਾੜਾ,ਅੱਬੂਵਾਲ,ਬਿਲਾਸਪੁਰ ਪਿੰਡਾ ਦੀਆ ਟੀਮਾ ਜੇਤੂ ਰਹੀਆ।ਹਾਕੀ ਵਿਚੋ ਚਚਰਾੜੀ,ਡਾਲਾ,ਲੋਪੋ,ਸੱਜਾਵਾਲ,ਢੋਲਣ,ਜੱਸੋਵਾਲ,ਸੁਧਾਰ,ਹੇਰਾ ਦੀਆ ਟੀਮਾ ਜੇਤੂ ਰਹੀਆ ਹਨ।ਤਾਸ ਸੀਪ ਵਿਚੋ ਰਾਮਾ ਅਤੇ ਹਠੂਰ ਜੇਤੂ ਹਨ।ਇਨ੍ਹਾ ਜੇਤੂ ਟੀਮਾ ਦੇ ਫਾਇਨਲ ਮੈਚ ਆਖਰੀ ਦਿਨ ਨੂੰ ਕਰਵਾਏ ਜਾਣਗੇ।ਇਸ ਮੌਕੇ ਉਨ੍ਹਾ ਨਾਲ ਸਾਬਕਾ ਪੰਚ ਨਿੱਪਾ ਹਠੂਰ,ਅਮਰਦੀਪ ਕੌਰ ਗਿੱਲ,ਪੰਚ ਹਰਪਾਲ ਸਿੰਘ,ਦੁੱਲਾ ਸਿੰਘ ਯੂ ਐਸ ਏ,ਨਵਦੀਪ ਸਿੰਘ ਕੈਨੇਡਾ,ਬੂਟਾ ਸਿੰਘ ਕੈਨੇਡਾ,ਨਗਿੰਦਰ ਸਿੰਘ,ਅਵਤਾਰ ਸਿੰਘ ਕੈਨੇਡਾ,ਪੰਚ ਮੇਹਰਦੀਪ ਸਿੰਘ,ਸੁਖਦੀਪ ਸਿੰਘ,ਬਹਾਦਰ ਸਿੰਘ,ਲਖਵੀਰ ਸਿੰਘ,ਰਵੀਨਾ ਕੁਮਾਰੀ,ਜਗਦੀਪ ਸਿੰਘ,ਰੇਸਮ ਸਿੰਘ,ਨਿਰਭੈ ਸਿੰਘ,ਪ੍ਰੀਤਮ ਸਿੰਘ, ਕਮਲਜੀਤ ਸਿੰਘ,ਗੁਰਪ੍ਰੀਤ ਸਿੰਘ,ਰਾਣਾ ਹਠੂਰ,ਜੂਗਨੂੰ ਹਠੂਰ,ਲੱਕੀ ਬੇਦੀ,ਸੁਖਦੀਪ ਸਿੰਘ,ਸੁਰਿੰਦਰ ਸਿੰਘ,ਛਿੰਦਾ ਉੱਪਲ ਹਠੂਰ,ਕਰਮਜੀਤ ਸਿੰਘ,ਕੁਲਦੀਪ ਸਿੰਘ ਕੀਪਾ,ਅਮਨਾ ਹਠੂਰ,ਲੱਕੀ ਹਠੂਰ, ਮਨੀ ਬੇਦੀ,ਦਵਿੰਦਰ ਸਿੰਘ ਤੋ ਇਲਾਵਾ ਵੱਡੀ ਗਿਣਤੀ ਵਿਚ ਖੇਡ ਪ੍ਰੇਮੀ ਹਾਜ਼ਰ ਸਨ।
ਫੋਟੋ ਕੈਪਸਨ:- ਟੂਰਨਾਮੈਟ ਦਾ ਉਦਘਾਟਨ ਕਰਦੇ ਹੋਏ ਲੈਕਚਰਾਰ ਚਰਨਜੀਤ ਸਿੰਘ ਗਿੱਲ ਅਤੇ ਹੋਰ

ਨਾਨਕਸਰ ਕਬੱਡੀ ਕੱਪ 12 ਮਾਰਚ ਨੂੰ -ਸੰਤ ਬਾਬਾ ਆਗਿਆਪਾਲ ਸਿੰਘ 

 ਕੱਬਡੀ ਫਸਟ ਆਉਣ ਵਾਲੀ ਟੀਮ ਨੂੰ ਮਿਲੇਗਾ ਢਾਈ ਲੱਖ ਦਾ ਪਹਿਲਾ ਇਨਾਮ

ਨਾਨਕਸਰ ਕਲੇਰਾਂ (ਬਲਵੀਰ ਸਿੰਘ ਬਾਠ) ਪੂਰੀ ਦੁਨੀਆਂ ਵਿੱਚ ਪ੍ਰਸਿੱਧ ਧਾਰਮਕ ਸੰਸਥਾ ਸ੍ਰੀ ਨਾਨਕਸਰ ਕਲੇਰਾਂ ਵੇ ਮਾਂ ਪੁਰਸ਼ ਸਰਪ੍ਰਸਤ ਸੰਤ ਬਾਬਾ ਘਾਲਾ ਸਿੰਘ ਦੀ ਜੇ ਦੇ ਯੋਗ ਅਸ਼ੀਰਵਾਦ ਸਦਕਾ  ਮੁੱਖ ਪ੍ਰਬੰਧਕ ਸੰਤ ਬਾਬਾ ਆਗਿਆਪਾਲ ਸਿੰਘ ਜੀ ਨਾਨਕਸਰ ਕਲੇਰਾਂ ਵਾਲਿਆਂ ਦੀ ਯੋਗ ਅਗਵਾਈ ਹੇਠ ਨਾਨਕਸਰ ਕਲੇਰਾਂ ਵਿਖੇ ਇਸ ਵਾਰ ਵੀ ਮਿਤੀ 12 ਮਾਰਚ ਦੋ 2022 ਨੂੰ ਮੇਜਰ ਲੀਗ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ  ਜਨ ਸ਼ਕਤੀ ਨਿਊਜ਼ ਨੂੰ ਜਾਣਕਾਰੀ ਦਿੰਦਿਆਂ ਸੰਤ ਬਾਬਾ ਆਗਿਆਪਾਲ ਸਿੰਘ ਨਾਨਕਸਰ ਕਲੇਰਾਂ ਵਾਲਿਆਂ ਨੇ ਦੱਸਿਆ ਕਿ  ਨੌਜਵਾਨ ਐਨ ਆਰ ਆਈ ਵੀਰਾਂ ਦੀ ਸੋਚ ਦੇ ਸਦਕਾ ਨੌਜਵਾਨਾਂ ਨੂੰ ਸਹੀ ਸੇਧ ਦੇਣ ਲਈ ਕਬੱਡੀ ਕੱਪ ਕਰਵਾਉਣੇ ਇਕ ਸ਼ਲਾਘਾਯੋਗ ਕਦਮ ਹੈ  ਬਾਬਾ ਜੀ ਨੇ ਦੱਸਿਆ ਕਿ ਐਨ ਆਰ ਆਈ ਵੀਰ  ਮਨਪ੍ਰੀਤ ਸਿੰਘ ਹਰਪ੍ਰੀਤ ਸਿੰਘ ਸਿਵੀਆ ਅਤੇ ਬਿੱਟਾ ਸੋਹੀ ਵੀਰਾਂ ਦੇ ਵੱਡੇ ਸਹਿਯੋਗ ਦੇ ਸਦਕਾ   ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ  ਇਸ ਕਬੱਡੀ ਕੱਪ ਤੇ ਖੇਡ ਪ੍ਰਮੋਟਰ ਵੀਰਾਂ ਵੱਲੋਂ ਕਾਰਾਂ ਘੋੜੇ ਅਤੇ ਮੋਟਰ ਸਾਈਕਲਾਂ ਸਨਮਾਨ ਵਜੋਂ ਕੱਬਡੀ ਪਲੇਅਰਾਂ ਨੂੰ ਵਧੀਆ ਕਾਰਗੁਜ਼ਾਰੀ ਬਦਲੇ ਸਨਮਾਨ ਵਜੋਂ ਦਿੱਤੇ ਜਾਣਗੇ  ਅਤੇ ਫਰੀ ਕੂਪਨ ਪਰਚੀ ਰਾਹੀਂ  ਦਰਸ਼ਕਾਂ ਲਈ ਮੋਟਰਸਾਈਕਲ ਅਤੇ ਸਾਈਕਲ ਇਨਾਮ ਵਜੋਂ ਦਿੱਤੇ ਜਾਣਗੇ  ਗੁਰੂ ਕਾ ਲੰਗਰ ਅਤੁੱਟ ਵਰਤੇਗਾ
 

ਇਸ਼ਕ " ✍️ ਗੁਰਸਾਹਬ ਸਿੰਘ ਤੇਜੀ

ਇਸ਼ਕ "
ਇਹ ਇਸ਼ਕ ਤੇਰੇ ਨੇ ਸੱਜਣਾਂ,
ਦਿਲ ਵਿੱਚ ਐਸੀ ਤੜਫ਼ੱਲ ਮਚਾਈ ਏ
ਰਤਾ ਭਰ ਕਿਧਰੇ ਚੈਨ ਨਹੀਂ,
ਓ ਸੱਜਣਾਂ ਰਾਤਾਂ ਦੀ ਨੀਂਦ ਗਵਾਈ ਏ

ਲੱਖਾਂ ਮਹਿਲ  ਉਸਾਰੇ  ਝੱਲਿਆ, 
ਇਹ ਸਾਡੇ  ਦਿਲ  ਦੀਆਂ  ਸਧਰਾਂ ਨੇ
ਕਿਤੇ ਬੂੰਦ  ਸਾਵੰਤੀ ਮਿਲ ਜਾਏ, 
ਉਹ ਸੱਜਣਾਂ ਸਾਡੀ ਰੂਹ ਤਰਹਾਈ ਏ
ਇਹ ਇਸ਼ਕ ਤੇਰੇ......
 
ਲੋਕੀਂ ਉੱਠ ਨਿਵਾਜ ਫਜਰ ਦੀ ਪੜਦੇ,

ਅਸੀਂ ਇਸ਼ਕ ਹਦੀਸਾਂ ਲਿਖਦੇ ਹਾਂ

ਅਸੀਂ ਤੇਰੇ ਨਾਮ ਦੇ ਕਲਾਮੇ ਪੜਦੇ, 
ਉਹ ਸੱਜਣਾਂ ਸਾਡੀ ਇਹੋ ਖੁਦਾਈ ਏ
ਇਹ ਇਸ਼ਕ ਤੇਰੇ.... 

ਭੁੱਲ  ਖਲਕਤ  ਦੀਆਂ  ਖੇਡਾਂ ਨੂੰ , 
ਅਤੇ  ਇਹ  ਸੱਭ  ਰੀਤ  ਰਿਵਾਜਾਂ ਨੂੰ
ਮੈਂ ਫਿਰਾਂ ਬੁਲ੍ਹੇ  ਵਾਂਗਰ  ਨੱਚ ਦਾ, 
ਉਹ  ਸੱਜਣਾਂ  ਐਸੀ ਮਸਤੀ ਛਾਈ ਏ
ਇਹ ਇਸ਼ਕ ਤੇਰੇ..... 

ਕੋਈ ਨਜੂਮੀ, ਪਾਂਧਾ ਈ ਸੱਦ ਵੇਖੋ , 
ਜੋ ਪੜ੍ਹ  ਲਏ  ਮੇਰੇ  ਲੇਖਾਂ, ਰੇਖਾਂ ਨੂੰ
ਖੁਦਾ ਨੂੰ ਕਦ  ਇਹ ਕਬੂਲ  ਹੋਸੀ , 
ਜੋ ' ਤੇਜੀ ' ਨੇ  ਅਲਖ  ਜਗਾਈ ਏ
ਇਹ ਇਸ਼ਕ ਤੇਰੇ...... 
! ਗੁਰਸਾਹਬ ਸਿੰਘ ਤੇਜੀ !
ਸ੍ਰੀ ਗੰਗਾਨਗਰ 'ਰਾਜਸਥਾਨ'
+918875716034

ਮਾਤਾ ਵਿੱਦਿਆ ਦੇਵੀ ਲਿਖਾਰੀ ਸਭਾ, ਫ਼ਰੀਦਕੋਟ ਦੀ ਮਾਸਿਕ ਇਕੱਤਰਤਾ ਹੋਈ

ਫ਼ਰੀਦਕੋਟ,03 ਮਾਰਚ (ਜਨ ਸ਼ਕਤੀ ਨਿਊਜ਼ ਬਿਊਰੋ  ) ਮਾਤਾ ਵਿੱਦਿਆ ਦੇਵੀ ਲਿਖਾਰੀ ਸਭਾ ਫ਼ਰੀਦਕੋਟ ਦੀ ਇੱਕ ਮਹੱਤਵਪੂਰਨ ਮਾਸਿਕ ਇਕੱਤਰਤਾ ਸੰਸਥਾਪਕ ਪ੍ਰਿੰਸੀਪਲ ਸ਼ਾਮ ਸੁੰਦਰ ਕਾਲੜਾ ਦੀ ਯੋਗ ਅਗਵਾਈ ਵਿੱਚ ਰੈੱਡ ਕਰਾਸ ਸੀਨੀਅਰ ਸਿਟੀਜ਼ਨ ਵੈਲਫ਼ੇਅਰ ਕਲੱਬ, ਫ਼ਰੀਦਕੋਟ ਵਿਖੇ ਕੀਤੀ ਗਈ । ਇਸ ਇਕੱਤਰਤਾ ਵਿੱਚ ਲੱਗਭਗ ਡੇਢ ਦਰਜਨ ਤੋਂ ਵੀ ਵੱਧ ਸਾਹਿਤਕਾਰਾਂ ਨੇ ਸ਼ਮੂਲੀਅਤ ਕੀਤੀ । ਇਸ ਮੀਟਿੰਗ ਦੌਰਾਨ ਸਭਾ ਦਾ ਵਿਸਥਾਰ ਕਰਨ ਹਿਤ ਸੰਸਥਾਪਕ ਪ੍ਰਿੰਸੀਪਲ ਸ਼ਾਮ ਸੁੰਦਰ ਕਾਲੜਾ ਨੂੰ ਮੁੱਖ ਸ੍ਰਪਰਸਤ, ਬਲਵੰਤ ਗੱਖੜ ਨੂੰ ਸਰਪ੍ਰਸਤ, ਡਾ.ਨਿਰਮਲ ਕੌਸ਼ਿਕ ਨੂੰ ਡਾਇਰੈਕਟਰ, ਪ੍ਰੋ.ਬੀਰ ਇੰਦਰ ਸਰਾਂ ਨੂੰ ਚੇਅਰਮੈਨ, ਸ਼ਿਵਨਾਥ ਦਰਦੀ ਨੂੰ ਪ੍ਰਧਾਨ, ਸਰਬਰਿੰਦਰ ਸਿੰਘ ਬੇਦੀ ਨੂੰ ਸੀਨੀਅਰ ਮੀਤ ਪ੍ਰਧਾਨ, ਵਤਨਵੀਰ ਜ਼ਖ਼ਮੀ ਨੂੰ ਮੀਤ ਪ੍ਰਧਾਨ, ਧਰਮ ਪਰਵਾਨਾ ਨੂੰ ਜਨਰਲ ਸਕੱਤਰ, ਰਾਜ ਗਿੱਲ ਭਾਣਾ ਨੂੰ ਸਕੱਤਰ, ਜਤਿੰਦਰ ਪਾਲ ਸਿੰਘ ਟੈਕਨੋ ਨੂੰ ਖ਼ਜ਼ਾਨਚੀ, ਐਡਵੋਕੇਟ ਪ੍ਰਦੀਪ ਸਿੰਘ ਨੂੰ ਕਾਨੂੰਨੀ ਸਲਾਹਕਾਰ ਵਜੋਂ ਚੁਣਿਆ ਗਿਆ । ਇਸ ਤੋਂ ਇਲਾਵਾ ਸਭਾ ਵਿੱਚ ਨਵੇਂ ਸ਼ਾਮਿਲ ਹੋਣ ਵਾਲੇ ਸਾਹਿਤਕਾਰਾਂ ਗੁਰਵਿੰਦਰ ਸਿੰਘ, ਨੰਦ ਮਸੀਹ, ਕਸ਼ਮੀਰ ਸਿੰਘ ਮਾਨਾ, ਗੁਰਮੀਤ ਰਾਜ, ਗੁਰਪ੍ਰੀਤ ਸਿੰਘ ਆਦਿ ਨੂੰ ਸਭਾ ਦੇ ਮੈਂਬਰਾਂ ਵਜੋਂ ਚੁਣਿਆ ਗਿਆ । ਨਵੇਂ ਸ਼ਾਮਿਲ ਹੋਏ ਮੈਂਬਰ ਸਾਹਿਬਾਨ ਤੋਂ ਮੌਕੇ ‘ਤੇ ਮੈਂਬਰਸ਼ਿਪ ਫ਼ਾਰਮ ਵੀ ਭਰਵਾਏ ਗਏ ।  ਇਸ ਮੀਟਿੰਗ ਵਿੱਚ ਪ੍ਰਸਿੱਧ ਗੀਤਕਾਰ ਬਾਬੂ ਸਿੰਘ ਮਾਨ ਦੇ ਵੱਡੇ ਸਪੁੱਤਰ ਰਵੀ ਮਾਨ ਅਤੇ ਅਮਰਜੀਤ ਗੁਰਦਾਸਪੁਰੀ ਦੀ ਬੇਵਕਤੀ ਮੌਤ ‘ਤੇ ਸਭਾ ਵੱਲੋਂ ਡੂੰਘੇ ਦੁੱਖ ਡਾ ਪ੍ਰਗਟਾਵਾ ਕੀਤਾ ਗਿਆ । ਲਗਭਗ 3 ਘੰਟੇ ਚੱਲੀ ਇਸ ਮੀਟਿੰਗ ਦੌਰਾਨ ਸਰਬ-ਸਹਿਮਤੀ ਨਾਲ ਮਤਾ ਪਾ ਕੇ ਸਭਾ ਦਾ ਵਿਸਥਾਰ ਕਰਨ ਅਤੇ ਸਭਾ ਨੂੰ ਸੁਚੱਜੇ ਢੰਗ ਨਾਲ ਚਲਾਉਣ ਲਈ ਜਰੂਰੀ ਨਿਯਮਾਂ ਦੇ ਨਾਲ ਕਈ ਹੋਰ ਮਹੱਤਵਪੂਰਨ ਫ਼ੈਸਲਿਆਂ ਉੱਤੇ ਵਿਚਾਰ ਚਰਚਾ ਕੀਤੀ ਗਈ । ਹਾਜ਼ਰ ਕਵੀ ਸਾਹਿਬਾਨ ਦਾ ਕਵੀ ਦਰਬਾਰ ਵੀ ਕਰਵਾਇਆ ਗਿਆ, ਜਿਸ ਵਿੱਚ ਬੇਹਤਰੀਨ ਰਚਨਾਵਾਂ ਦਾ ਦੌਰ ਚੱਲਿਆ । ਮਾਤਾ ਵਿੱਦਿਆ ਦੇਵੀ ਲਿਖਾਰੀ ਸਭਾ, ਫ਼ਰੀਦਕੋਟ ਦੇ ਚੇਅਰਮੈਨ ਪ੍ਰੋ.ਬੀਰ ਇੰਦਰ ਸਰਾਂ ਅਤੇ ਪ੍ਰਧਾਨ ਸ਼ਿਵਨਾਥ ਦਰਦੀ ਨੇ ਪ੍ਰੈਸ ਨੂੰ ਸਾਂਝੇ ਰੂਪ ਵਿੱਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਇਕੱਤਰਤਾ ਵਿੱਚ ਪੇਸ਼ ਕੀਤੇ ਗਏ ਮਤਿਆਂ ਨੂੰ ਸਰਬ-ਸਹਿਮਤੀ ਨਾਲ ਪ੍ਰਵਾਨ ਕੀਤਾ ਗਿਆ ਹੈ । ਉਹਨਾਂ ਦੱਸਿਆ ਕਿ ਸਭਾ ਦੀ ਹਰੇਕ ਚੌਥੇ ਐਤਵਾਰ ਮਾਸਿਕ ਇਕੱਤਰਤਾ ਕੀਤੀ ਜਾਵੇਗੀ । ਹਰ ਮਹੀਨੇ ਸਭਾ ਵੱਲੋਂ ਸਭਾ ਵਿੱਚ ਸ਼ਾਮਿਲ ਇੱਕ ਸਾਹਿਤਕਾਰ ਨੂੰ  ਸਨਮਾਨਿਤ ਕੀਤਾ ਜਾਵੇਗਾ । ਹਰ ਸਾਲ ਫ਼ਰੀਦਕੋਟ ਜ਼ਿਲ੍ਹੇ ਨਾਲ ਸਬੰਧਤ ਦੋ ਵਿਅਕਤੀਆਂ ਨੂੰ ਇਮਾਨਦਾਰੀ ਐਵਾਰਡ ਲਈ ਚੁਣਿਆ ਜਾਵੇਗਾ ਅਤੇ ਸਾਲ ਵਿੱਚ ਦੋ ਸਾਹਿਤਕਾਰਾਂ ਦੇ ਰੂ-ਬ-ਰੂ ਪ੍ਰੋਗਰਾਮ ਵੀ ਕਰਵਾਏ ਜਾਣਗੇ । ਸਭਾ ਵੱਲੋਂ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਮਾਂ-ਬੋਲੀ ਪੰਜਾਬੀ ਪ੍ਰਤੀ ਜਾਗਰੂਕ ਕਰਨ ਲਈ  ਲੇਖ, ਕਹਾਣੀ ਤੇ ਕਵਿਤਾ, ਭਾਸ਼ਣ ਮੁਕਾਬਲੇ ਆਦਿ ਕਰਵਾਏ ਜਾਣਗੇ ਤੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ ।

 ਇੱਥੇ ਇਹ ਜਿਕਰਯੋਗ ਹੈ ਕਿ ਇਸ ਮਹੀਨੇ ਸਭਾ ਦੇ ਸਹਿਯੋਗ ਨਾਲ ਇੱਕ ਸਾਂਝਾ ਕਾਵਿ-ਸੰਗ੍ਰਹਿ ਲੋਕ-ਅਰਪਣ ਕੀਤਾ ਜਾ ਰਿਹਾ ਹੈ, ਜਿਸਦੇ ਮੁੱਖ-ਸੰਪਾਦਕ ਪ੍ਰੋ.ਬੀਰ ਇੰਦਰ ਸਰਾਂ ਹਨ । ਇਸ ਕਾਵਿ-ਸੰਗ੍ਰਹਿ ਵਿੱਚ ਪੰਜਾਬ ਦੇ ਵੱਖ-ਵੱਖ ਇਲਾਕਿਆਂ ਤੋਂ ਸਥਾਪਿਤ ਅਤੇ ਉੱਭਰਦੇ ਕਵੀ ਸਾਹਿਬਾਨ ਸ਼ਾਮਿਲ ਹਨ । ਮਾਤਾ ਵਿੱਦਿਆ ਦੇਵੀ ਲਿਖਾਰੀ ਸਭਾ, ਫ਼ਰੀਦਕੋਟ ਦਾ ਇੱਕੋ ਇੱਕ ਉਦੇਸ਼ ਮਾਂ-ਬੋਲੀ ਦੀ ਸੇਵਾ ਕਰਨਾ ਅਤੇ ਮਾਂ-ਬੋਲੀ ਨੂੰ ਸਮਰਪਿਤ ਸਾਹਿਤਕਾਰਾਂ ਦਾ ਸਨਮਾਨ ਕਰਨਾ ਹੈ । ਸਭਾ ਵੱਲੋਂ ਕੋਈ ਵੀ ਸਾਹਿਤਕਾਰ ਆਪਣੀ ਲਿਖੀ ਪੁਸਤਕ ਨੂੰ  ਲੋਕ-ਅਰਪਣ ਕਰਵਾ ਸਕਦਾ ਹੈ । ਜੇਕਰ ਕੋਈ ਸਾਹਿਤਕਾਰ ਸਭਾ ਦਾ ਮੈਂਬਰ ਬਣਨਾ ਚਾਹੁੰਦਾ ਹੈ ਜਾਂ ਜੇਕਰ ਕੋਈ ਸਭਾ ਦੇ ਹੋਣ ਵਾਲੇ ਸਮਾਗਮਾਂ ਨੂੰ ਸਪਾਂਸਰ ਕਰਨਾ ਚਾਹੁੰਦਾ ਹੈ ਤਾਂ ਉਹ ਸਭਾ ਦੇ ਅਹੁਦੇਦਾਰਾਂ ਨਾਲ ਸੰਪਰਕ ਕਰ ਸਕਦਾ ਹੈ ।

ਵਿਸ਼ਵ ਸੁਣਨ ਸ਼ਕਤੀ ਦਿਵਸ ਨੂੰ ਸਮਰਪਿਤ ਵਿਸ਼ੇਸ਼ ਜਾਂਚ ਕੈਂਪ

ਕੰਨਾਂ ਦੀ ਦੇਖ-ਭਾਲ ਸੰਬੰਧੀ ਵਿਸ਼ੇਸ਼ ਧਿਆਨ ਦੇਣ ਦੀ ਲੋੜ - ਡਾ ਔਲ਼ਖ 

ਬਰਨਾਲਾ/ ਮਹਿਲ ਕਲਾਂ-03 ਮਾਰਚ - (ਗੁਰਸੇਵਕ ਸੋਹੀ)-  ਸਿਹਤ ਵਿਭਾਗ ਬਰਨਾਲਾ ਵੱਲੋਂ ਡਾ ਜਸਬੀਰ ਸਿੰਘ ਔਲ਼ਖ ਸਿਵਲ ਸਰਜਨ ਬਰਨਾਲਾ ਦੇ ਦਿਸ਼ਾ ਨਿਰਦੇਸ਼ ਅਧੀਨ  “ਵਿਸ਼ਵ ਸੁਣਨ ਸ਼ਕਤੀ ਦਿਵਸ” ਮਨਾਉਣ ਹਿੱਤ ਜਿਲੇ ਦੀਆਂ ਵੱਖ ਵੱਖ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਵਿਸ਼ੇਸ਼ ਜਾਂਚ ਕੈਂਪ ਲਗਾਏ ਗਏ ।  ਡਾ ਔਲ਼ਖ ਨੇ ਦੱਸਿਆ ਕਿ ਸਿਹਤ ਵਿੱਭਾਗ ਸਮੇਂ ਸਮੇਂ ‘ਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਵੱਖ ਵੱਖ ਵਿਸ਼ਿਆਂ ਨਾਲ ਸੰਬੰਧਿਤ ਸਿਹਤ ਦਿਨ ਮਨਾਉਂਦਾ ਰਹਿੰਦਾ ਹੈ ਤਾਂ ਜੋ ਲੋਕ ਆਪਣੀ ਸਿਹਤ ਪ੍ਰਤੀ ਵੱਧ ਤੋਂ ਵੱਧ ਜਾਗਰੂਕ ਹੋਣ।  ਸਿਵਲ ਸਰਜਨ ਬਰਨਾਲਾ ਨੇ ਦੱਸਿਆ ਕਿ ਕੰਨਾਂ ਤੋਂ ਘੱਟ ਸੁਣਨਾ ਵੀ ਇਕ ਆਮ ਬਿਮਾਰੀ ਹੈ ਤੇ ਜੇਕਰ ਇਸਦੀ ਸਮੇਂ ਸਿਰ ਪਹਿਚਾਣ ਹੋ ਜਾਵੇ ਤਾਂ ਇਸਦਾ ਇਲਾਜ ਸੰਭਵ ਹੈ । ਡਾ ਰਜਿੰਦਰ ਸਿੰਗਲਾ ਜਿਲਾ ਟੀਕਾਕਰਣ ਅਫਸਰ ਕਮ ਅੱਖ ਨੱਕ ਕੰਨ ਗਲੇ ਦੇ ਮਾਹਿਰ ਦੀ ਅਗਵਾਈ ਵਿੱਚ ਸਿਵਲ ਹਸਪਤਾਲ ਬਰਨਾਲਾ ਵਿਖੇ ਲਗਾਏ ਕੈਂਪ ਦੌਰਾਨ 60 ਤੋਂ ਵੱਧ ਮਰੀਜਾਂ ਦੇ ਕੰਨਾਂ ਦੀ ਜਾਂਚ ਕੀਤੀ ਗਈ । ਉਨ੍ਹਾਂ ਕਿਹਾ ਕਿ ਹਰ ਇਕ ਨੂੰ ਆਪਣੇ ਕੰਨਾਂ ਦੀ ਦੇਖ-ਭਾਲ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ ਤਾਂ ਜੋ ਵੱਧਦੀ ਉਮਰ ਵਿੱਚ ਵੀ ਤੁਹਾਡੇ ਕੰਨ ਸਹੀ ਸਲਾਮਤ ਕੰਮ ਕਰਨ । ਕੁਲਦੀਪ ਸਿੰਘ ਮਾਨ ਜਿਲਾ ਮਾਸ ਮੀਡੀਆ ਅਫਸਰ ਅਤੇ ਹਰਜੀਤ ਸਿੰਘ ਬਾਗੀ ਜਿਲਾ ਬੀ.ਸੀ.ਸੀ. ਕੋਆਰਡੀਨੇਟਰ ਨੇ ਦੱਸਿਆ ਕਿ ਸਿਹਤ ਵਿਭਾਗ ਦਾ ਮਾਸ ਮੀਡੀਆ ਵਿੰਗ ਸੰਚਾਰ ਦੇ ਵੱਖ ਵੱਖ ਸਾਧਨਾਂ ਰਾਹੀ “ਵਿਸ਼ਵ ਸੁਣਨ ਸ਼ਕਤੀ  ਦਿਵਸ “ ਮੌਕੇ ਸੰਚਾਰ ਸੇ ਵੱਖ ਵੱਖ ਸਾਧਨਾਂ ਰਾਹੀ ਲੋਕਾਂ ਨੂੰ ਜਾਗਰੂਕ ਕਰ ਰਿਹਾ ਹੈ । ਇਸ ਮੌਕੇ ਡਾ ਜੋਤੀ ਕੌਸ਼ਲ ਐਸ.ਐਮ.ਓ. ਸਿਵਲ ਹਸਪਤਾਲ ਬਰਨਾਲਾ, ਡਾ ਮੋਨਿਕਾ ਜਿਲਾ ਟੀ.ਬੀ. ਅਫਸਰ, ਸਿਹਤ ਕਰਮੀ ਅਤੇ ਆਮ ਲੋਕ ਹਾਜ਼ਰ ਸਨ ।

ਅੱਜ ਜਨਮ ਦਿਨ (2 ਮਾਰਚ) 'ਤੇ ਭਾਈ ਸਾਹਿਬ ਸਿਰਦਾਰ ਕਪੂਰ ਸਿੰਘ ਨੂੰ ਯਾਦ ਕਰਦਿਆਂ - ਸ. ਗੁਰਤੇਜ ਸਿੰਘ ਆਈ.ਏ.ਐਸ. (ਸਾਬਕਾ)

ਜਾਪਦਾ ਹੈ ਕਿ ਸਿਰਦਾਰ ਕਪੂਰ ਸਿੰਘ ਦੀ ਸ਼ਖ਼ਸੀਅਤ ਨੂੰ ਵਿਧਾਤਾ ਨੇ ਬੜੀ ਨੀਝ ਨਾਲ ਘੜ ਕੇ ਮਨੁੱਖੀ ਉੱਤਮਤਾਈ ਦੇ ਕਈ ਗੁਣਾਂ ਨਾਲ ਸ਼ਿੰਗਾਰਿਆ ਸੀ। ਇੱਕ ਦਰਮਿਆਨੇ ਕੱਦ ਦੇ ਮਨੁੱਖੀ ਸਰੀਰ ਵਿੱਚ ਵੱਡੇ ਬੌਧਿਕ ਗੁਣਾਂ ਨੂੰ ਸਮਾ ਕੇ, ਓਸ ਉੱਤੇ ਅਨਿੰਨ ਸ਼ਰਧਾ ਦਾ ਲੇਪ ਕਰ ਕੇ ਐਸਾ ਪੁਤਲਾ ਗੁਰੂ ਨੇ ਸਾਜਿਆ ਜੋ ਸਿੱਖੀ ਦਾ ਮਹਾਨ ਥੰਮ੍ਹ ਅਤੇ ਮਨੁੱਖਤਾ ਦਾ ਚਾਨਣ ਮੁਨਾਰਾ ਹੋ ਨਿੱਬੜਿਆ। ਓਸ ਨੇ ਇੱਕ ਹੱਥੀਂ ਵਾਹੀ ਕਰਦੇ ਮੱਧਵਰਗੀ ਪਰਿਵਾਰ ਵਿੱਚੋਂ ਸ਼ੁਰੂ ਕਰ ਕੇ ਆਈ. ਸੀ. ਐਸ. ਅਤੇ ਸੰਸਦ ਮੈਂਬਰ ਤੱਕ ਦਾ ਰੰਗੀਨ ਸਫ਼ਰ ਬੜੀ ਸਜ-ਧਜ ਨਾਲ, ਪੂਰਣ ਸੰਜੀਦਗੀ ਨਾਲ ਸੰਪੰਨ ਕੀਤਾ। ਹਿੱਸੇ ਆਈ ਗੁੰਮਨਾਮੀ ਅਤੇ ਇਕੱਲ ਨੂੰ ਵੀ ਬੜੇ ਸਹਿਜ ਨਾਲ, ਬੜੇ ਧੀਰਜ ਨਾਲ, ਪੂਰਨ ਸਿਦਕ ਨਾਲ ਹੰਢਾਇਆ। ਆਖ਼ਰ ਉਹ ਸਿੱਖ ਸੋਚਵਾਨਾਂ ਲਈ ਵੱਡਾ ਉਤਸ਼ਾਹ ਦਾ ਸੋਮਾ ਬਣ ਗਿਆ।

ਵਿਦਿਆਰਥੀ ਜੀਵਨ ਤੋਂ ਸ਼ੁਰੂ ਹੋ ਕੇ ਪੜਚੋਲ ਕਰਨ ਦੀ ਬਿਬੇਕ ਅਤੇ ਅਣਥੱਕ ਮਿਹਨਤ ਰਾਹੀਂ ਹਰ ਮਸਲੇ ਦੀ ਡੂੰਘਾਈ ਤੱਕ ਪੜਤਾਲ ਕਰਨ ਦਾ ਉਸ ਦਾ ਸੁਭਾਅ ਤੋੜ ਨਿਭਿਆ। ਕੋਈ ਨਾਜਾਇਜ਼ ਝੇਪ, ਕਿਸੇ ਦੁਨਿਆਵੀ ਸ਼ਕਤੀ ਦਾ ਭਉ ਓਸ ਨੂੰ ਗੁਰੂ ਦੇ ਰਾਹ ਉੱਤੋਂ ਵਿਚਲਿਤ ਨਾ ਕਰ ਸਕਿਆ। ਜ਼ਿੰਦਗੀ ਦੇ ਹਰ ਪੜਾਅ ਦੇ ਧਰਮ ਨੂੰ ਬਖ਼ੂਬੀ ਨਿਭਾਉਣਾਂ ਓਸ ਤੋਂ ਸਿੱਖਣਾ ਬਣਦਾ ਹੈ। ਇਨਸਾਨੀ ਜੀਵਨ ਦੀ ਬਿਹਤਰੀ ਦੀਆਂ ਸਿਖਰਾਂ ਨੂੰ ਛੁਹਣ ਦੇ ਓਸ ਕੋਲ ਕਈ ਗੁਰ ਸਨ। ਓਸ ਦੀ ਸ਼ਖ਼ਸੀਅਤ ਦੇ ਅਨੇਕਾਂ ਪਹਿਲੂ ਹਨ ਜਿਨ੍ਹਾਂ ਨੇ ਉਸ ਪ੍ਰਤੀ ਲੋਕ-ਮਨਾਂ ਵਿੱਚ ਅਸਾਧਾਰਣ ਸਨੇਹ ਅਤੇ ਸਤਿਕਾਰ ਪੈਦਾ ਕੀਤਾ।

ਏਹੋ ਸਨੇਹ ਉਹਨਾਂ ਦੇ ਤੁਰ ਜਾਣ ਤੋਂ ਢਾਈ ਦਹਾਕੇ ਬਾਅਦ ਵੀ ਲੋਕ-ਮਨਾਂ ਵਿੱਚ ਅਜੇ ਤੱਕ ਓਸੇ ਤੀਬਰਤਾ ਨਾਲ ਮੌਜੂਦ ਹੈ।

ਉਹ ਮਹਾਂ-ਤਿਆਗੀ ਤੱਤ-ਵੇਤਾ ਮੁੱਢਲੇ ਸੁਭਾਉ ਪੱਖੋਂ ਫ਼ਕੀਰੀ ਦੀ ਚਰਮ ਸੀਮਾ ਤੱਕ ਸੰਸਾਰਕ ਰਹਿਮਤਾਂ ਵੱਲੋਂ ਬੇ-ਨਿਆਜ਼ ਸੀ। ਸਾਰੀ ਉਮਰ ਉਹ ਮਹਾਂ-ਚੇਤੰਨ ਜਗਿਆਸੂ ਰਿਹਾ ਅਤੇ ਜੋ ਵੀ ਵਸਤੂ ਓਸ ਨੂੰ ਆਪੇ ਚੁਣੇ ਅਧਿਆਤਮਕ ਰਾਹ ਉੱਤੋਂ ਵਿਚਲਿਤ ਕਰਦੀ ਜਾਪੀ ਓਸ ਨੇ ਤੁਰੰਤ ਹੇਚ ਜਾਣ ਕੇ ਤਿਆਗ ਦਿੱਤੀ।

ਸਿਰਦਾਰ ਵਿੱਚ ਮਨੁੱਖੀ ਜੀਵਨ ਦੇ ਮਸਲਿਆਂ ਅਤੇ ਬੌਧਿਕ ਆਲਮ ਦੇ ਗੂੜ੍ਹ ਰਹੱਸ ਸਮਝਣ ਦੀ ਅਸਾਧਾਰਣ ਸਮਰੱਥਾ ਸੀ; ਉਹਨਾਂ ਦੀ ਖੁੱਲ੍ਹੀ ਵਿਆਖਿਆ ਕਰ ਸਕਣ ਦੀ ਅਮੁੱਕ ਦਲੇਰੀ ਸੀ। ਜਦੋਂ ਉਹ ਆਪਣੇ ਵਿਚਾਰਾਂ ਨੂੰ ਸਜੀਵ ਲਫ਼ਜ਼ਾਂ, ਸੰਕਲਪਾਂ, ਇਤਿਹਾਸਕ ਹਵਾਲਿਆਂ, ਸਾਹਿਤਕ ਬਿੰਬਾਵਲੀ, ਰੋਜ਼ਮੱਰਾ ਜੀਵਨ ਦੀਆਂ ਤਸ਼ਬੀਹਾਂ, ਮੁੱਢਲੇ ਫ਼ਲਸਫ਼ੇ ਅਤੇ ਸਮਕਾਲੀ ਮਨੁੱਖ ਦੇ ਸਰੋਕਾਰਾਂ ਨਾਲ ਸਜਾ, ਸੰਵਾਰ, ਸ਼ਿੰਗਾਰ ਕੇ ਪੇਸ਼ ਕਰਦਾ ਸੀ ਤਾਂ ਸੁਣਨ ਵਾਲਿਆਂ ਦੇ ਮਨ ਵਿੱਚ ਇੱਕ ਅਤਿਅੰਤ ਆਸ਼ਾਵਾਦੀ ਜਿਊਂਦਾ-ਜਾਗਦਾ ਸੰਸਾਰ ਸਿਰਜਿਆ ਜਾਂਦਾ ਸੀ। ਹਵਾਵਾਂ ਕੰਨ ਧਰ ਕੇ ਓਸ ਨੂੰ ਸੁਣਦੀਆਂ ਸਨ ਅਤੇ ਹਨੇਰੀਆਂ ਦਾਦ ਦੇਣ ਲਈ ਘੜੀ ਦੋ ਘੜੀ ਥੰਮ੍ਹ ਜਾਂਦੀਆਂ ਸਨ। ਹਰ ਸ੍ਰੋਤਾ ਸਿਰਦਾਰ ਦੇ ਹਾਣ ਦੀ ਸਮਝ ਨਾਲ ਚਰਚਿਤ ਮਸਲਿਆਂ ਨੂੰ ਵਿਚਾਰਣ ਦੇ ਕਾਬਲ ਹੋ ਜਾਂਦਾ ਸੀ। ਸਾਧਾਰਣ ਪੇਂਡੂ ਜਨਤਾ ਤੋਂ ਲੈ ਕੇ ਉੱਚਤਮ ਵਿੱਦਿਅਕ ਸੰਸਥਾਵਾਂ ਵਿੱਚ ਬੈਠੇ ਧੁਰੰਦਰ ਵਿਚਾਰਵਾਨ ਓਸ ਦੇ ਤਰਕ ਦੇ ਕਾਇਲ ਹੋ ਜਾਂਦੇ ਸਨ।

ਕੌਮੀ ਮਸਲਿਆਂ ਉੱਤੇ ਤਰਕ-ਸੰਗਤ, ਮੁੱਢੋਂ ਨਿਰੁੱਤਰ ਕਰਨ ਵਾਲੀ ਬਹਿਸ ਦਾ ਉਹ ਮਾਹਿਰ ਸੀ। ਏਸ ਵੱਡੇ ਪ੍ਰਤਿਭਾਸ਼ਾਲੀ ਗੁਣ ਦੀ ਓਸ ਨੇ ਵਿਧਾਨ ਸਭਾ, ਲੋਕ ਸਭਾ ਵਿੱਚ ਖ਼ੂਬ ਵਰਤੋਂ ਕੀਤੀ। ਰਣ-ਤੱਤੇ ਵਿੱਚ ਨੰਗੇ ਧੜ ਜੂਝਦੇ ਸੂਰਮਿਆਂ ਵਾਂਗ ਓਸ ਨੇ ਸੱਚਾਈ ਦਾ ਪੱਖ ਪੇਸ਼ ਕੀਤਾ। ਉਸ ਦੇ ਅਨੇਕਾਂ ਐਸੇ ਵਿਆਖਿਆਨ ਹਨ ਜਿਨ੍ਹਾਂ ਦੇ ਉੱਤਰ ਦੇਣ ਦੀ ਕਿਸੇ ਨੇ ਜੁਰਅਤ ਨਾ ਕੀਤੀ। 'ਸਿੱਖਾਂ ਨਾਲ ਵਿਸਾਹਘਾਤ' ਵਾਲਾ ਉਹਨਾਂ ਦਾ ਲੋਕ ਸਭਾ ਦਾ ਪ੍ਰਵਚਨ, ਜਿਸ ਵਿੱਚ ਭਾਰਤ ਦੀ 'ਹਜ਼ਾਰਾਂ ਸਾਲ ਪੁਰਾਣੀ' ਸ਼੍ਰੋਮਣੀ ਸਮਝੀ ਜਾਂਦੀ ਸੱਭਿਅਤਾ ਦੀ ਤਰਕਯੁਕਤ ਅਤੇ ਅਤਿਅੰਤ ਕਰੜੀ ਨਿਖੇਧੀ ਸੀ, ਨੂੰ ਵੀ ਵੱਡੇ ਨੀਤੀਵੇਤਾ ਸ਼ੀਰੇ ਮਾਦਰ ਸਮਝ ਕੇ ਡਕਾਰ ਗਏ; ਕਿਸੇ ਇੱਕ ਤਰਕ ਨੂੰ ਵੀ ਝੂਠਾ ਸਾਬਤ ਨਾ ਕਰ ਸਕੇ। ਨੀਵੀਂ ਪਾ ਕੇ ਘੋਰ ਨਮੋਸ਼ੀ ਦੇ ਸਮੁੰਦਰ ਵਿੱਚ ਗਰਕ ਹੋ ਕੇ ਸੁਣਦੇ ਰਹੇ। ਇੱਕ ਅੱਧ ਸੜਕਛਾਪ ਨੁਮਾ ਐਮ. ਪੀ. ਨੇ ਘਟੀਆ ਟਿੱਚਰ ਕਰਨ ਦੀ ਜੁਰਅਤ ਕਰ ਕੇ ਕੇਵਲ ਆਪਣੀ ਕੌਮ ਦੇ ਬੌਧਿਕ ਦਿਵਾਲੀਏਪਣ ਦਾ ਐਲਾਨ ਹੀ ਕੀਤਾ।

ਕਹਿਣ ਦੀ ਲੋੜ ਨਹੀਂ ਕਿ ਸਿੱਖੀ ਵਿੱਚ ਉਸ ਦਾ ਪ੍ਰਪੱਕ, ਅਹਿੱਲ ਯਕੀਨ ਸੀ। ਗੁਰੂ ਸਾਹਿਬਾਨ ਦੀ ਬਾਣੀ ਅਤੇ ਇਤਿਹਾਸ ਓਸ ਲਈ ਸਦਾ ਜੀਵਨ ਦੇ ਪ੍ਰੇਰਨਾ-ਸ੍ਰੋਤ ਬਣੇ ਰਹੇ। ਆਮ ਗੱਲਬਾਤ ਵਿੱਚ ਵੀ ਉਹ ਗੁਰੂ ਦਾ ਨਾਂਅ ਜ਼ੁਬਾਨ ਉੱਤੇ ਆਉਂਦਿਆਂ ਹੀ ਮੋਮ ਵਾਂਗ ਢਲ ਕੇ ਆਪਣੇ ਤਸੱਵਰ ਵਿੱਚ ਗੁਰੂ-ਚਰਨਾਂ ਨਾਲ ਲਿਪਟ ਜਾਂਦਾ ਸੀ। ਓਸ ਦੀ ਤੱਕਣੀ ਅਤੇ ਆਵਾਜ਼ ਵੀ ਬਦਲ ਜਾਂਦੀ, ਸੁਣਨ ਵਾਲੇ ਉੱਤੇ ਚੁੱਪੀ ਵਰਤ ਜਾਂਦੀ ਅਤੇ ਉਹ ਮਹਿਫ਼ਲ ਵਿੱਚ ਗੁਰੂ ਦੀ ਆਮਦ ਦੀ ਖੁਸ਼ਬੋ ਨੂੰ ਸੁੰਘਣ ਯੋਗ ਹੋ ਜਾਂਦਾ। ਕਈ ਵਾਰ ਵਜਦ ਵਿੱਚ ਆ ਕੇ ਭਾਈ ਸੰਤੋਖ ਸਿੰਘ ਦਾ, ''ਹਰਗੋਬਿੰਦ ਨੰਦਨ, ਨੰਦਨ ਕੋ ਅਭੀਬੰਦਨ ਕੈ ਪਦ ਜੇ ਅਰਬਿੰਦੂ। ਦੁੱਖ ਦੁੰਦ ਨਿਕੰਦਨ ਆਨੰਦ ਕੰਦ ਮੁਕੰਦ ..." ਨੂੰ ਗੁਣਗੁਣਾਉਣ ਲੱਗ ਪੈਂਦਾ।

ਬਾਅਦ ਵਿੱਚ ਮੈਂ ਇਹੋ ਖੂਬੀ ਅਤੇ ਏਸੇ ਕਿਸਮ ਦਾ ਵਤੀਰਾ ਅਤੇ ਹਾਵ-ਭਾਵ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਗੱਲਬਾਤ ਵਿੱਚ ਮਹਿਸੂਸ ਕੀਤੇ।

ਅਨੇਕਾਂ ਬੋਲੀਆਂ ਦਾ ਭਰਪੂਰ ਗਿਆਨ, ਧਰਮ ਦੀ ਸੋਝੀ, ਕਾਦਰ ਦੀ ਕੁਦਰਤ ਨਾਲ ਵਿਸ਼ਾਲ (ਸਭ ਕਾਸੇ ਨੁੰ ਗਲਵੱਕੜੀ ਵਿਚ ਲੈਣ ਵਾਲਾ) ਪਿਆਰ, ਫ਼ਲਸਫ਼ੇ ਦੀ ਪਿੱਠਭੂਮੀ, ਦੂਜੇ ਜਹਾਨ ਨਾਲ ਲਗਾਤਾਰ ਸਬੰਧ ਬਣਾਈ ਰੱਖਣ ਦੀ ਤਿੱਖੀ ਚਾਹ, ਗੁਰੂ-ਸੇਵਾ ਵਿੱਚ ਸਦਾ ਤਤਪਰ ਰਹਿਣ ਦੀ ਤੀਬਰ ਲਾਲਸਾ ਦਾ ਮੁੱਖ ਮੰਤਵ — ਜਦ ਇਹ ਸਭ ਮਿਲ ਕੇ ਸਿਆਹੀ ਸਿਰਜਦੇ ਸਨ ਤਾਂ ਸਿਰਦਾਰ ਦੇ ਵਾਕ ਅਤੇ ਲੇਖ ਬਣਦੇ ਸਨ। ਹਰ ਲਫ਼ਜ਼ ਵਿੱਚ ਸੱਚੀ ਟਕਸਾਲ ਦੇ ਅਹਿਰਣ ਉੱਤੇ ਘੜੇ ਹੋਏ ਸਿੱਕੇ ਦੀ ਟੁਣਕਾਰ ਹੁੰਦੀ ਸੀ। ਹਰ ਲੇਖ ਵਿੱਚ ਟਿਕਾਣੇ ਦੀ ਗੱਲ ਹੁੰਦੀ ਸੀ ਅਤੇ ਉਹ ਹਰ ਲੇਖ ਨੂੰ ਸਿਰੇ ਲਾਉਣ ਤੱਕ ਸਿਰਜਣ ਪ੍ਰਕਿਰਿਆ ਵਿੱਚ ਰੁੱਝਾ ਰਹਿੰਦਾ ਸੀ।

ਅਲਪ ਬੁੱਧੀ, ਖਰੜ ਗਿਆਨੀਆਂ, ਸਿਆਸੀ ਨੌਸਰਬਾਜ਼ਾਂ, ਵਿਹਲੜ ਘੁਣਤਰੀ ਵਿਤੰਡਾਵਾਦੀਆਂ, ਆਪਣੀ ਹਉਮੈ ਦੀ ਦਲਦਲ ਵਿੱਚ ਗਲ ਤੱਕ ਖੁਭੇ, ਆਪਣੀ ਆਵਾਜ਼ ਦੇ ਆਪੇ ਮੋਹੇ ਗਾਲੜੀਆਂ ਨੂੰ ਓਸ ਦਾ ਸੁਭਾਅ ਅੱਖੜ ਲੱਗਦਾ ਸੀ ਪ੍ਰੰਤੂ ਜਗਿਆਸੂਆਂ, ਸ਼ਰਧਾਵਾਨਾਂ ਦੀ ਝੋਲੀ ਓਸ ਦੇ ਦਰ ਤੋਂ ਜ਼ਰੂਰ ਬੇਸ਼ਕੀਮਤੀ ਮੋਤੀਆਂ ਦੀ ਖ਼ੈਰ ਪੈਂਦੀ ਸੀ।

ਮੈਂ ਕਦੇ ਗੁਰੂ ਬਿਨਾਂ ਕਿਸੇ ਮਨੁੱਖ ਨੂੰ ਆਪਣਾ ਪੀਰ ਨਹੀਂ ਜਾਣਿਆ ਪਰ ਜਦੋਂ ਡੌਕਟਰ ਗਰੇਵਾਲ ਨੇ ਇੱਕ ਸਭਾ ਵਿੱਚ ਮੈਨੂੰ ਸਿਰਦਾਰ ਦਾ 'ਚੇਲਾ' ਦੱਸਿਆ ਤਾਂ ਮੈਂ ਖਿੜੇ ਮੱਥੇ ਏਸ ਤਖੱਲਸ ਨੂੰ ਪੁੱਠੇ ਕੌਮਿਆਂ ਵਿੱਚ ਰੱਖ ਕੇ ਪ੍ਰਵਾਨ ਕਰ ਲਿਆ। 'ਚੇਲਾ' ਤਾਂ ਮੈਂ ਨਹੀਂ ਸਾਂ, ਨਾ ਹੀ ਅੱਜ ਹਾਂ (ਕਬੀਰ ਸਮੁੰਦੁ ਨ ਛੋਡੀਐ ਜਉ ਅਤਿ ਖਾਰੋ ਹੋਇ॥ ਪੋਖਰਿ ਪੋਖਰਿ ਢੂਢਤੇ ਭਲੋ ਨ ਕਹਿਹੈ ਕੋਇ॥) ਪਰ ਓਸ ਸਭਾ ਵਿੱਚ ਏਸ ਨੁਕਤੇ ਉੱਤੇ ਇਤਰਾਜ਼ ਜਤਾਉਣ ਨਾਲ ਸਿਰਦਾਰ ਦੀ ਹੇਠੀ ਹੁੰਦੀ ਸੀ ਜੋ ਨਾ-ਕਾਬਲੇ-ਬਰਦਾਸ਼ਤ ਸੀ। ਉਂਝ ਵੀ ਓਸ ਬੇਪਰਵਾਹ ਫ਼ਕੀਰ ਦਾ ਚੇਲਾ ਹੋਣਾ ਕਿਸੇ ਵਾਸਤੇ ਵੀ ਮਾਣ-ਵਰਧਕ ਸੰਕਲਪ ਹੈ।

ਇੱਕ ਦਿਨ ਸਿਰਦਾਰ ਆਉਣ ਵਾਲੇ ਸਮੇਂ ਦੇ ਇਸ਼ਾਰਿਆਂ ਦਾ ਵਿਸ਼ਲੇਸ਼ਣ ਕਰ ਰਿਹਾ ਸੀ। ਪਰਲ ਬੱਕ ਦੀ ਕਿਤਾਬ ਗੁੱਡਅਰਥ ਦਾ ਇੱਕ ਦ੍ਰਿਸ਼ਟਾਂਤ ਓਸ ਦੀ ਯਾਦਗਾਰ ਵਿੱਚ ਉੱਭਰਿਆ। 'ਚੀਨ ਦਾ ਮਾਤਮ' ਅਖਵਾਉਂਦਾ ਦਰਿਆ ਸਭ ਮਰਿਯਾਦਾਵਾਂ ਤੋੜ ਕੇ ਕਿਨਾਰਿਆਂ ਤੋਂ ਬਾਹਰ ਵਗਣ ਲੱਗ ਪਿਆ। ਨੇੜੇ-ਤੇੜੇ ਵੱਸਦੇ ਸਭ ਕਿਸਾਨ ਉੱਜੜ-ਪੁੱਜੜ ਗਏ। ਕੁਝ ਕੁ ਥੋੜ੍ਹਾ-ਬਹੁਤ ਜ਼ਰੂਰੀ ਸਮਾਨ ਬਚਾਉਣ ਵਿੱਚ ਕਾਮਯਾਬ ਹੋਏ। ਇੱਕ ਅਜਿਹੇ ਕਿਸਾਨ ਨੇ ਸਮਾਨ ਦੀ ਵਹਿੰਗੀ ਮੋਢਿਆਂ ਉੱਤੇ ਰੱਖ ਕੇ ਸੁੱਕੀ ਜ਼ਮੀਨ ਵੱਲ ਚਾਲੇ ਪਾ ਦਿੱਤੇ। ਸਾਰੇ ਸਮਾਨ ਤੋਂ ਉੱਤੇ, ਸਭ ਤੋਂ ਮਹਿਫ਼ੂਜ਼ ਕਰ ਕੇ ਓਸ ਨੇ ਮਿੱਟੀ ਦੀ ਇੱਕ ਕੁੱਜੀ ਰੱਖੀ। ਬੜੀ ਸਾਂਭ-ਸੰਭਾਲ ਨਾਲ ਉਹ ਓਸ ਦਾ ਖਿਆਲ ਰੱਖ ਰਿਹਾ ਸੀ। ਕਿਸੇ ਵੇਖਣ ਵਾਲੇ ਨੇ ਪੁੱਛਿਆ ਤਾਂ ਓਸ ਨੇ ਕਿਹਾ, 'ਏਸ ਵਿੱਚ ਬੀਅ ਹੈ। ਦਰਿਆ ਤਬਾਹੀ ਕਰ ਕੇ ਥੱਕ ਜਾਵੇਗਾ, ਆਪਣੀ ਮਰਿਯਾਦਾ ਨੂੰ ਯਾਦ ਕਰ ਕੇ ਆਪਹੁਦਰੀਆਂ ਬੰਦ ਕਰ ਦੇਵੇਗਾ ਅਤੇ ਮੁੜ ਕੇ ਕਿਨਾਰਿਆਂ ਤੋਂ ਹੇਠਾਂ ਹੋ ਕੇ ਵਗਣ ਲੱਗੇਗਾ। ਮੇਰੀ ਧਰਤੀ ਏਸ ਦੀ ਗਰਿਫ਼ਤ ਵਿੱਚੋਂ ਮੁਕਤ ਹੋ ਕੇ ਫੇਰ ਮੇਰਾ ਭੁੱਖਾ ਢਿੱਡ ਭਰਨਾ ਲੋਚੇਗੀ ਤਾਂ ਓਸ ਵੇਲੇ ਮੈਂ ਇਹ ਬੀਅ ਏਸ ਵਿੱਚ ਬੀਜਾਂਗਾ। ਭਰਪੂਰ ਫ਼ਸਲਾਂ ਹੋਣਗੀਆਂ। ਅਸੀਂ ਸਾਰਾ ਪਰਿਵਾਰ ਰਲ ਕੇ ਖਾਵਾਂਗੇ ਅਤੇ ਵਾਧੂ ਅਨਾਜ ਜਾਨਵਰਾਂ, ਦੂਜੇ ਭੁੱਖੇ ਲੋਕਾਂ ਦੇ ਕੰਮ ਆਵੇਗਾ।'

ਸਿਰਦਾਰ ਕਹਾਣੀ ਸੁਣਾ ਕੇ ਆਖਣ ਲੱਗਾ, ''ਆਉਣ ਵਾਲੇ ਸਮਿਆਂ ਵਿੱਚ ਸਿੱਖੀ ਉੱਤੇ ਅਨੇਕਾਂ ਮਾਰੂ ਹਮਲੇ ਹੋਣਗੇ। ਕਿਸੇ ਵੇਲੇ ਸਭ ਕੁਝ ਰੁੜ੍ਹ ਗਿਆ ਜਾਪੇਗਾ। ਅਸੁਰੀ ਸ਼ਕਤੀਆਂ ਸਭ ਕੁਝ ਨਿਗ਼ਲ ਜਾਣਗੀਆਂ। ਓਸ ਵੇਲੇ ਵਿਚਲਿਤ ਨਹੀਂ ਹੋਣਾ। ਗੁਰੂ ਭਰੋਸੇ ਚੰਗੇ ਦਿਨਾਂ ਦੀ ਆਮਦ ਦੀ ਆਸ ਟੁੱਟਣ ਨਹੀਂ ਦੇਣੀ। ਅਸਲ ਸਿੱਖੀ ਦੇ ਬੀਅ ਨੂੰ ਘੁੱਟ ਕੇ ਗਲ਼ ਨਾਲ ਲਾਈ ਰੱਖਣਾ। ਬੀਅ ਵਿੱਚ ਬੜੀ ਸ਼ਕਤੀ ਹੈ। ਮਿਸਰ ਦੀਆਂ ਪਿਰਾਮਿਡਾਂ ਵਿੱਚੋਂ ਬੀਅ ਮਿਲੇ ਹਨ ਜੋ ਬੀਜਦਿਆਂ ਸਾਰ ਹੀ ਪੌਦੇ-ਪੇੜ ਬਣ ਗਏ। ਦਰਿਆ ਦੇ ਕਹਿਰ ਤੋਂ ਬਾਅਦ ਧਰਤੀ ਹੋਰ ਉਪਜਾਊ ਹੋ ਜਾਵੇਗੀ। ਸੂਰਜ ਨਵਾਂ ਜੀਵਨ ਲੈ ਕੇ ਰੌਸ਼ਨੀ ਬਿਖੇਰੇਗਾ, ਓਸ ਬੀਅ ਨੂੰ ਦੁਬਾਰੇ ਬੀਜ ਦੇਣਾ। ਉਹ ਸਿੱਖੀ ਦੀ ਨਵੀਂ ਫ਼ਸਲ ਪੈਦਾ ਕਰੇਗਾ। ਛੋਟੇ-ਛੋਟੇ ਬੀਆਂ ਤੋਂ ਹੀਂ ਵੱਡੇ-ਵੱਡੇ ਦਰਖਤ ਬਣਦੇ ਹਨ, ਜੋ ਪਸ਼ੂ-ਪੰਖੀਆਂ ਦਾ ਆਸਰਾ ਅਤੇ ਮਨੁੱਖ ਨੂੰ ਛਾਂ ਪ੍ਰਦਾਨ ਕਰਨ ਦੇ ਕਾਬਲ ਹੁੰਦੇ ਹਨ। ਏਸ ਲਈ ਸੰਕਟ ਸਮੇਂ ਸਭ ਤੋਂ ਵੱਧ ਸਾਂਭਣ ਵਾਲੀ ਵਸਤੂ ਬੀਅ ਹੀ ਹੁੰਦਾ ਹੈ।''

ਪੇਸ਼ੇ ਵਜੋਂ ਇੱਕ ਕਿਸਾਨ ਹੋਣ ਦੇ ਨਾਤੇ ਮੈਂ ਕਾਮਨਾ ਕਰਦਾ ਹਾਂ ਕਿ ਗੁਰੂ ਕੇ ਲਾਲ ਸਿਰਦਾਰ ਦੇ ਕਹੇ ਮੁਤਾਬਕ ਸਿੱਖੀ ਦੇ ਬੀਜ ਨੂੰ ਸੰਭਾਲ ਕੇ ਰੱਖਣ ਤੇ ਢੁਕਵਾਂ ਸਮਾਂ ਆਉਣ 'ਤੇ ਏਸ ਵਿੱਚੋਂ ਭਰਪੂਰ ਫ਼ਸਲ ਹੋਵੇ; ਆਪ ਵੀ ਰੱਜ ਜਾਈਏ, ਇਹਨਾਂ ਖੇਤਾਂ ਉੱਤੇ ਨਿਰਭਰ ਪਸ਼ੂ-ਪੰਖੀ ਵੀ ਤ੍ਰਿਪਤ ਹੋਣ ਅਤੇ ਹਰ ਭੁੱਖੇ ਦੀ ਗੁਰ-ਸ਼ਬਦ ਨਾਲ ਭੁੱਖ ਦੂਰ ਹੋਵੇ, ਜਗਿਆਸੂ ਸਰਸ਼ਾਰ ਹੋਣ। ਗੁਰੂ-ਪ੍ਰਮੇਸ਼ਰ ਦੀ ਹਰ ਸੁਖ ਪ੍ਰਦਾਨ ਕਰਨ ਵਾਲੀ ਝਲਕ ਪਾਉਣ।

ਪੁਸਤਕ ਰੀਵਿਊ  - ਰੀਵਿਊਕਾਰ: ਜਸਵੀਰ ਸ਼ਰਮਾਂ ਦੱਦਾਹੂਰ

ਪੁਸਤਕ ਨਾਮ:ਵਿਹਲੀ ਮਾਂ (ਕਾਵਿ ਸੰਗ੍ਰਹਿ

ਲੇਖਕ: ਗੁਰਪ੍ਰੀਤ ਸਿੰਘ ਹਬੀਬ

ਪ੍ਰਕਾਸ਼ਕ: ਅਸਤਿੱਤਵ ਪ੍ਰਕਾਸ਼ਨ

ਪੇਜ: ਇੱਕ ਸੌ ਛੇ

ਰੀਵਿਊਕਾਰ: ਜਸਵੀਰ ਸ਼ਰਮਾਂ ਦੱਦਾਹੂਰ

ਇਸ ਕਾਵਿ ਸੰਗ੍ਰਹਿ ਦਾ ਨਾਮ ਸੁਣ ਕੇ ਬੜਾ ਅਜੀਬ ਜਿਹਾ ਲੱਗ ਰਿਹਾ ਸੀ ਔਰ ਇਸੇ ਕਰਕੇ ਹੀ ਇਹ ਪੁਸਤਕ ਪੜਨ ਨੂੰ ਮਨ ਵੀ ਉਤਾਵਲਾ ਹੋ ਰਿਹਾ ਸੀ। ਜਦੋਂ ਫੇਸਬੁੱਕ ਤੋਂ ਇਸ ਪੁਸਤਕ ਬਾਬਤ ਪਤਾ ਲੱਗਾ ਤਾਂ ਬੇਸਬਰੀ ਨਾਲ ਇਹ ਕਿਤਾਬ ਮੰਗਵਾਈ ਤੇ ਪੜੀ ਪੜਨ ਤੋਂ ਬਾਅਦ ਇਕੱਤਰ ਨੰਬਰ ਪੇਜ ਤੇ"ਵਿਹਲੀ ਮਾਂ"ਕਵਿਤਾ ਪੜਕੇ ਸਾਰੇ ਸ਼ੰਕੇ ਵੀ ਦੂਰ ਹੋ ਗਏ। ਮੈਂ ਦੋਸਤਾਂ ਨੂੰ ਦੱਸ ਵੀ ਦੇਵਾਂ ਕਿ ਇੱਕੋ ਇੱਕ ਮਾਂ ਹੀ ਐਸੀ ਹੈ ਜੋ ਪਰਿਵਾਰ ਦੇ ਵਿੱਚ ਸੱਭ ਤੋਂ ਜ਼ਿਆਦਾ ਕੰਮ ਕਰਦੀ ਹੈ ਪਰ ਫਿਰ ਵੀ ਓਹਨੂੰ ਵਿਹਲੀ ਹੀ ਸਮਝਿਆ ਜਾਂਦਾ ਹੈ ਤੇ ਪਰਿਵਾਰ ਦੇ ਜੀਆਂ ਦਾ ਜ਼ਿਆਦਾ ਰੋਹਬ ਵੀ ਮਾਂ ਤੇ ਹੀ ਝੜਦਾ ਹੈ, ਕੁੱਝ ਵਿਅੰਗਮਈ ਢੰਗ ਦੇ ਨਾਲ ਭਾਵ ਸੱਭ ਤੋਂ ਜ਼ਿਆਦਾ ਰੁੱਝੀ ਰਹਿੰਦੀ ਕਰਕੇ ਹੀ ਲੇਖਕ ਨੇ ਇਸ ਪੁਸਤਕ ਦਾ ਨਾਮ ਵਿਹਲੀ ਮਾਂ ਰੱਖ ਕੇ ਇਸ ਪੁਸਤਕ ਨੂੰ ਮਿਆਰੀ ਅਤੇ ਆਕਰਸ਼ਕ ਬਣਾਉਣ ਵਿੱਚ ਜਿਥੇ ਸਫਲਤਾ ਹਾਸਲ ਕੀਤੀ ਹੈ ਓਥੇ ਟਾਈਟਲ ਵੀ ਬਹੁਤ ਲੁਭਾਵਣਾ ਬਨਵਾਇਆ ਹੈ।ਇਸ ਲਈ ਲੇਖਕv ਵਧਾਈ ਦਾ ਹੱਕਦਾਰ ਹੈ।

      ਬਾਕੀ ਇਸ ਪੁਸਤਕ ਦੇ ਸ਼ੁਰੂ ਵਿੱਚ ਪੰਜਾਬੀ ਕਹਾਣੀਕਾਰ ਜਸਵੀਰ ਸਿੰਘ ਦੀਦਾਰਗੜ੍ਹ ਨੇ ਲੇਖਕ ਗੁਰਪ੍ਰੀਤ ਸਿੰਘ ਹਬੀਬ ਦੀ ਬਾਬਤ ਬਹੁਤ ਕੁੱਝ ਖੁਲ੍ਹ ਕੇ ਲਿਖਿਆ ਹੈ ਅਤੇ ਇਸ ਪੁਸਤਕ ਦੀਆਂ ਸਾਰੀਆਂ ਕਵਿਤਾਵਾਂ ਬਾਬਤ ਖੋਲ੍ਹ ਕੇ ਲਿਖਿਆ ਹੈ।ਜੋ ਦਾਸ ਨੇ ਵੇਖਿਆ ਤੇ ਪੜ੍ਹਿਆ ਹੈ ਉਸ ਵਿੱਚ ਸੱਭ ਤੋਂ ਪਹਿਲਾਂ ਤਾਂ ਮੈਂ ਵਿਹਲੀ ਮਾਂ ਕਵਿਤਾ ਦੀ ਹੀ ਗੱਲ ਕਰਾਂਗਾ"ਕੰਮ ਸਾਰੇ ਨਿਸ਼ੁਲਕ ਉਹ(ਮਾਂ) ਕਰਦੀ ਹੈ, ਸਾਰੇ ਜੀਆਂ ਦਾ ਪਾਣੀ ਭਰਦੀ ਹੈ"। ਇਸੇ ਇੱਕੋ ਲਾਈਨ ਦੇ ਵਿੱਚ ਹੀ ਬਹੁਤ ਕੁੱਝ ਛੁਪਿਆ ਹੋਇਆ ਹੈ।

          ਬਾਕੀ ਦੀ ਸਾਰੀ ਪੁਸਤਕ ਵਿੱਚ ਧਰਤੀ ਦਾ ਜਾਇਆ,ਨਿੱਕੀ ਉਮਰ ਤੇ ਵੱਡੇ ਭਾਰ,ਜ਼ਮੀਰ ਦਾ ਸਵਾਲ,ਨਾਪਾਕ ਰਿਸ਼ਤੇ, ਰਾਜਨੀਤਕ ਬੋਲੀਆਂ,ਬੇਵਸੀ,ਖਿਆਲੀ ਮੀਂਹ, ਸੁਪਨਿਆਂ ਦੇ ਬੀਜ਼, ਬਦਕਿਸਮਤ ਕਿਤਾਬ,ਮੇਰਾ ਭਾਰਤ ਮਹਾਨ ਗੱਲ ਕੀ ਹਰ ਵੰਨਗੀ ਨੂੰ ਨਿੱਠ ਕੇ ਲਿਖਣ ਦੀ ਕੋਸ਼ਿਸ਼ ਕੀਤੀ ਹੈ ਲੇਖਕ ਨੇ,ਅਤੇ ਕਾਮਯਾਬੀ ਨਾਲ ਬੁਲੰਦ ਹੌਸਲੇ ਰਾਹੀਂ ਆਪਣੇ ਮਨ ਦੀ ਗੱਲ ਕੀਤੀ ਹੈ ਗੁਰਪ੍ਰੀਤ ਨੇ।ਪਹਿਲੀ ਪੁਸਤਕ ਕਰਕੇ ਬੇਸ਼ੱਕ ਹਾਲੇ ਹੋਰ ਸੁਧਾਰ ਦੀ ਅਤੇ ਹੋਰ ਪੁਸਤਕਾਂ ਪੜ੍ਹ ਕੇ ਲਿਖਣ ਦੀ ਲੇਖਕ ਨੂੰ ਅਤਿਅੰਤ ਲੋੜ ਹੈ,ਪਰ ਪਹਿਲੀ ਪੁਸਤਕ ਵਿੱਚ ਵੀ ਓਹ ਆਪਣੇ ਮਨ ਦੇ ਹਾਵ ਭਾਵ ਨੂੰ ਪੇਸ਼ ਕਰਨ ਵਿੱਚ ਸਫ਼ਲ ਰਿਹਾ ਹੈ ਅਤੇ ਇਸ ਲਈ ਵਧਾਈ ਦਾ ਪਾਤਰ ਵੀ ਹੈ। ਜਿਵੇਂ ਕਿ ਆਪਾਂ ਸਭਨਾਂ ਨੂੰ ਇਸ ਗੱਲ ਦਾ ਭਲੀਭਾਂਤ ਪਤਾ ਹੈ ਕਿ ਲੇਖਕ ਦੀਆਂ ਰਚਨਾਵਾਂ ਤੋਂ ਹੀ ਉਸ ਦੀਆਂ ਮਨ ਦੀਆਂ ਭਾਵਨਾਵਾਂ ਨੂੰ ਪੜਿਆ ਜਾ ਸਕਦਾ ਹੈ, ਜਾਂ ਇਉਂ ਕਹਿ ਲਈਏ ਕਿ ਇੱਕ ਲੇਖਕ ਕਿਹੜੀ ਲੇਖਣੀ ਵਿੱਚ ਸਾਹਿਤ ਲਈ ਯੋਗ ਅਤੇ ਆਪਣਾ ਸਥਾਨ ਬਣਾ ਸਕਦਾ ਹੈ, ਬਿਲਕੁਲ ਅਨੁਭਵ ਹੋ ਜਾਂਦਾ ਹੈ।ਦਾਸ ਨੇ ਜੋ ਵਿਹਲੀ ਮਾਂ ਵਿਚੋਂ ਪੜਿਆ ਹੈ ਉਸ ਤੋਂ ਇਹ ਹੀ ਕਹਿ ਸਕਦਾ ਹਾਂ ਕਿ ਇਸੇ ਮਿਆਰੀ ਕਵਿਤਾ ਵਾਲੀ ਲੇਖਣੀ ਰਾਹੀਂ ਗੁਰਪ੍ਰੀਤ ਆਪਣਾ ਸਥਾਨ ਸਾਹਿਤ ਜਗਤ ਵਿਚ ਚਮਕਾਏਗਾ।ਸੱਭ ਤੋਂ ਵਧੀਆ ਗੱਲ ਹੁੰਦੀ ਹੈ ਇੱਕ ਲੇਖਕ ਹਰ ਵਿਸ਼ੇ ਨੂੰ ਛੋਹ ਕੇ ਕਿੰਨਾ ਕੁ ਕਾਮਯਾਬ ਹੋ ਸਕਦਾ ਹੈ, ਇਸ ਲਈ ਗੁਰਪ੍ਰੀਤ ਨੂੰ ਹੋਰ ਕਾਫੀ ਮਿਹਨਤ ਦੀ ਲੋੜ ਹੈ,ਪਰ ਜਿਸ ਸ਼ਿੱਦਤ ਨਾਲ ਉਸ ਨੇ ਹੌਸਲਾ ਕਰਕੇ ਇਸ ਪੁਸਤਕ ਨੂੰ ਕਾਵਿ ਰੁਪਏ ਵਿੱਚ ਪਾਠਕਾਂ ਤੱਕ ਪੁੱਜਦਾ ਕੀਤਾ ਹੈ ਓਸ ਲਈ ਓਹ ਵਧਾਈ ਦਾ ਹੱਕਦਾਰ ਹੈ।ਸਾਹਿਤ ਜਗਤ ਦੇ ਪ੍ਰੇਮੀਆਂ ਨੂੰ ਇਸ ਕਾਵਿ ਸੰਗ੍ਰਹਿ ਦੇ ਸਾਹਿਤਕ ਹਲਕਿਆਂ ਵਿੱਚ ਆਉਣ ਤੇ ਵਧਾਈ ਦੇਣੀ ਬਣਦੀ ਹੈ। ਮੈਂ ਜਿਥੇ ਗੁਰਪ੍ਰੀਤ ਸਿੰਘ ਹਬੀਬ ਦੀ ਇਸ ਪੁਸਤਕ ਨੂੰ ਪਾਠਕਾਂ ਦੇ ਹੱਥਾਂ ਵਿੱਚ ਪਚਾਉਣ ਲਈ ਵਧਾਈ ਦਿੰਦਾ ਹਾਂ ਓਥੇ ਇਸ ਪੁਸਤਕ ਨੂੰ ਪ੍ਰਕਾਸ਼ਿਤ ਕਰਨ ਵਾਲੀ ਸੰਸਥਾ ਅਤੇ ਉਸ ਦੇ ਪਰਿਵਾਰ ਅਤੇ ਦੋਸਤਾਂ ਮਿੱਤਰਾਂ ਦਾ ਵੀ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ ਇਸ ਪੁਸਤਕ ਨੂੰ ਛਪਵਾਉਣ ਲਈ ਉਸ ਦੀ ਹੌਸਲਾ ਅਫਜ਼ਾਈ ਕੀਤੀ ਹੈ।

ਜਸਵੀਰ ਸ਼ਰਮਾਂ ਦੱਦਾਹੂਰ ਸ੍ਰੀ ਮੁਕਤਸਰ ਸਾਹਿਬ 95691-49556

ਉਡੀਕ ✍️ ਕਮਲਜੀਤ ਕੌਰ ਧਾਲੀਵਾਲ

ਜਦ ਕੋਈ ਹਾਲ ਨਾ ਪੁੱਛੇ ਤੇਰਾ,
ਉਦਾਸ ਹੋਵੇ ਤੇਰਾ ਚਿਹਰਾ।
ਫਿਕਰਾਂ ਲਾ ਲਾਵਣ ਡੇਰਾ,
ਤੂੰ ਮੇਰੇ ਕੋਲੇ ਆ ਜਾਵੀਂ।
ਮੇਰੀ ਰੂਹ ਚ ਸਮਾਂ ਜਾਵੀਂ।
ਤੇਰੇ ਆਪਣੇ ਹੋਣ ਬੇਗਾਨੇ,
ਮਾਸ਼ੂਕਾਂ ਜਾ ਲਾਵਣ ਬਹਾਨੇ,
ਲੋਕੀਂ ਮਾਰਨ ਤੈਨੂੰ ਤਾਨੇ।
ਤੂੰ ਮੇਰੇ ਕੋਲੇ ਆ ਜਾਵੀਂ,
ਮੇਰੀ ਰੂਹ ਚ ਸਮਾਂ ਜਾਵੀਂ ।
ਸੁਪਨੇ ਮਾੜੇ ਆਵਣ ਜੇ,
ਸੋਚਾਂ ਵੱਡ ਖਾਵਣ ਜੇ।
ਭੈੜਾ ਲੱਗੇ ਸ਼ਾਵਣ ਜੇ,
ਤੂੰ ਮੇਰੇ ਕੋਲੇ ਆ ਜਾਵੀਂ,
ਮੇਰੀ ਰੂਹ ਚ ਸਮਾਂ ਜਾਵੀਂ।
ਬੁਰੀ ਲੱਗੇ ਬਰਸਾਤ ਜੇ,
ਮਿਲੇ ਨਾ ਕੋਈ ਸਾਥ ਜੇ।
ਕਾਲੀ ਹੋ ਜਾਏ ਰਾਤ ਜੇ,
ਤੂੰ ਮੇਰੇ ਕੋਲੇ ਆ ਜਾਵੀਂ।
ਮੇਰੀ ਰੂਹ ਚ ਸਮਾਂ ਜਾਵੀਂ।
ਯਾਦ ਆਵੇ ਕਮਲਜੀਤ ਜੇ,
ਮੁਹੱਬਤ ਵਾਲੀ ਪ੍ਰੀਤ ਜੇ।
ਹੌਗਕੌਗ ਵਾਲੇ ਗੀਤ ਜੇ,
ਤੂੰ ਮੇਰੇ ਕੋਲੇ ਆ ਜਾਵੀਂ।
ਮੇਰੀ ਰੂਹ ਚ ਸਮਾਂ ਜਾਵੀਂ।
ਲੇਖਿਕਾ-ਕਮਲਜੀਤ ਕੌਰ ਧਾਲੀਵਾਲ।
77105-97642

ਲੁਧਿਆਣਾ ਕਮਿਸ਼ਨਰੇਟ ਪੁਲਿਸ ਨੇ ਲੁਟੇਰਿਆਂ ਦੇ ਗਿਰੋਹ ਦਾ ਕੀਤਾ ਪਰਦਾਫਾਸ਼, ਪੰਜ ਗ੍ਰਿਫਤਾਰ

ਦੋ ਪਿਸਤੌਲ, ਜਿੰਦਾ ਰੌਂਦ ਬਰਾਮਦ, ਲੁੱਟ-ਖੋਹ ਦੀਆਂ ਤਿੰਨ ਵੱਡੀਆਂ ਵਾਰਦਾਤਾਂ ਸੁਲਝੀਆਂ- ਸੀਪੀ ਗੁਰਪ੍ਰੀਤ ਸਿੰਘ ਭੁੱਲਰ
ਦਾ ਕਹਿਣਾ ਹੈ, ਸ਼ਹਿਰ 'ਚ ਅਪਰਾਧਾਂ 'ਤੇ ਕਾਬੂ ਪਾਉਣ ਲਈ ਅਪਰਾਧੀਆਂ ਖਿਲਾਫ ਲਗਾਤਾਰ ਕਾਰਵਾਈ

ਲੁਧਿਆਣਾ, 2 ਮਾਰਚ (ਰਣਜੀਤ ਸਿੱਧਵਾਂ)  ਲੁਧਿਆਣਾ ਕਮਿਸ਼ਨਰੇਟ ਪੁਲਿਸ ਨੇ ਇੱਕ ਵੱਡੀ ਸਫਲਤਾ ਹਾਸਲ ਕਰਦੇ ਹੋਏ ਲੁਟੇਰਿਆਂ ਦੇ ਇੱਕ ਹੋਰ ਗਿਰੋਹ ਦਾ ਪਰਦਾਫਾਸ਼ ਕਰਦਿਆਂ ਇਸ ਗਿਰੋਹ ਦੇ ਪੰਜ ਮੈਂਬਰਾਂ ਨੂੰ ਗ੍ਰਿਫਤਾਰ ਕਰਕੇ ਪਿਛਲੇ ਦੋ ਮਹੀਨਿਆਂ ਵਿੱਚ ਵਾਪਰੀਆਂ ਤਿੰਨ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਦਾ ਪਤਾ ਲਗਾਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਫੜੇ ਗਏ ਦੋਸ਼ੀਆਂ ਦੀ ਪਹਿਚਾਣ ਰਵਿੰਦਰ ਸਿੰਘ ਵਾਸੀ ਮਨਜੀਤ ਨਗਰ, ਅਮਨਦੀਪ ਸਿੰਘ, ਬਲਕਾਰ ਸਿੰਘ ਅਤੇ ਦਵਿੰਦਰ ਸਿੰਘ ਵਾਸੀ ਪਿੰਡ ਖੁਜਾਕੇ ਅਤੇ ਗੁਰਦੇਵ ਸਿੰਘ ਵਾਸੀ ਰਾਜਸਥਾਨ ਵਜੋਂ ਹੋਈ ਹੈ, ਜੋ ਪੁਲਿਸ ਨੇ ਬਰਾਮਦ ਕਰ ਲਏ ਹਨ | .32 ਬੋਰ ਦਾ ਇੱਕ ਪਿਸਤੌਲ .315 ਬੋਰ ਦਾ ਇੱਕ ਪਿਸਤੌਲ ਅੱਠ ਜਿੰਦਾ ਰੌਂਦ ਸਮੇਤ। ਇਸ ਗਰੋਹ ਦੀ ਕਾਰਜਪ੍ਰਣਾਲੀ ਦਾ ਖੁਲਾਸਾ ਕਰਦੇ ਹੋਏ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਇਹ ਦੋਸ਼ੀ ਪਿਛਲੇ ਸਮੇਂ ਦੌਰਾਨ ਲੁੱਟ-ਖੋਹ, ਚੋਰੀ ਸਮੇਤ ਕਈ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਹਨ ਅਤੇ ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿੱਚ ਬੰਦੂਕ ਦੀ ਨੋਕ 'ਤੇ ਲੋਕਾਂ ਨੂੰ ਲੁੱਟਦੇ ਸਨ। ਉਨ੍ਹਾਂ ਦੱਸਿਆ ਕਿ ਮੁਲਜ਼ਮ ਗੁਰਦੇਵ ਸਿੰਘ ਵਾਸੀ ਰਾਜਸਥਾਨ ਨੇ ਇਸ ਵਾਰਦਾਤ ਨੂੰ ਅੰਜਾਮ ਦੇਣ ਲਈ ਹਥਿਆਰ ਮੰਗਵਾਏ ਸਨ, ਜਿਸ ਨੂੰ ਵੀ ਪੁਲੀਸ ਟੀਮਾਂ ਨੇ ਕਾਬੂ ਕਰ ਲਿਆ। ਸ੍ਰੀ ਭੁੱਲਰ ਨੇ ਦੱਸਿਆ ਕਿ ਇਸ ਗਿਰੋਹ ਦੀ ਗ੍ਰਿਫ਼ਤਾਰੀ ਨਾਲ 25 ਫਰਵਰੀ ਨੂੰ ਪਿੰਡ ਬੀਰਮੀ, ਹੰਬੜਾ ਰੋਡ ਵਿਖੇ ਵਾਈਨ ਸ਼ਾਪ ’ਤੇ ਬੰਦੂਕ ਦੀ ਨੋਕ ’ਤੇ ਲੁੱਟ ਅਤੇ 25 ਫਰਵਰੀ ਨੂੰ ਰਾਹੋਂ ਰੋਡ ਸਥਿਤ ਵੈਸਟਰਨ ਯੂਨੀਅਨ ਮਨੀ ਟਰਾਂਸਫਰ ਦੀ ਦੁਕਾਨ ’ਤੇ ਲੁੱਟ-ਖੋਹ ਸਮੇਤ ਤਿੰਨ ਵੱਡੀਆਂ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਦਾ ਪਰਦਾਫਾਸ਼ ਹੋਇਆ ਹੈ। ਇਸੇ ਤਰ੍ਹਾਂ ਇਸ ਗਿਰੋਹ ਨੇ 6 ਫਰਵਰੀ 2022 ਨੂੰ ਦੋਆਬਾ ਬਹਿਣੀ ਕੁਹਾੜਾ ਰੋਡ 'ਤੇ ਸਥਿਤ ਵਾਈਨ ਸ਼ਾਪ 'ਤੇ ਤੀਜੀ ਵਾਰਦਾਤ ਨੂੰ ਅੰਜਾਮ ਦਿੱਤਾ। ਇਨ੍ਹਾਂ ਲੁੱਟਾਂ-ਖੋਹਾਂ ਦੌਰਾਨ ਮੁਲਜ਼ਮਾਂ ਨੇ ਨਕਦੀ, ਮੋਬਾਈਲ ਫ਼ੋਨ ਅਤੇ ਸ਼ਰਾਬ ਲੁੱਟ ਲਈ। ਉਨ੍ਹਾਂ ਇਹ ਵੀ ਦੱਸਿਆ ਕਿ ਹੋਰ ਵਾਰਦਾਤਾਂ ਦਾ ਪਤਾ ਲਗਾਉਣ ਅਤੇ ਇਨ੍ਹਾਂ ਦੇ ਸਾਥੀਆਂ ਨੂੰ ਗ੍ਰਿਫ਼ਤਾਰ ਕਰਨ ਲਈ ਇਨ੍ਹਾਂ ਮੁਲਜ਼ਮਾਂ ਦਾ ਅਦਾਲਤ ਤੋਂ ਪੁਲੀਸ ਰਿਮਾਂਡ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਬਾਕੀ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਸੀਪੀ ਨੇ ਕਿਹਾ ਕਿ ਅਪਰਾਧੀਆਂ ਵਿਰੁੱਧ ਕਮਿਸ਼ਨਰੇਟ ਪੁਲਿਸ ਦੀਆਂ ਲਗਾਤਾਰ ਕਾਰਵਾਈਆਂ ਨਿਸ਼ਚਤ ਤੌਰ 'ਤੇ ਅਪਰਾਧੀਆਂ ਨੂੰ ਨੱਥ ਪਾਉਣਗੀਆਂ, ਜਿਸ ਨਾਲ ਸ਼ਹਿਰ ਵਿੱਚ ਅਪਰਾਧ ਕੰਟਰੋਲ ਕਰਨ ਦੇ ਨਾਲ-ਨਾਲ ਕੁਝ ਹੋਰ ਮਾਮਲਿਆਂ ਨੂੰ ਵੀ ਟਰੇਸ ਕੀਤਾ ਜਾਵੇਗਾ।

10 ਮਾਰਚ ਨੂੰ ਵੋਟਾਂ ਦੀ ਗਿਣਤੀ ਲਈ ਸਾਰੇ ਪ੍ਰਬੰਧ ਮੁਕੰਮਲ : ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ

ਸੀ.ਸੀ.ਟੀ.ਵੀ. ਕੈਮਰਿਆਂ ਰਾਹੀਂ ਸਟਰਾਂਗ ਰੂਮਜ਼ ਦੀ ਈ-ਨਿਗਰਾਨੀ, ਰਿਟਰਨਿੰਗ ਅਫ਼ਸਰਾਂ ਵੱਲੋਂ ਵੀ ਦਿਨ 'ਚ 2 ਵਾਰ ਕੀਤਾ ਜਾ ਰਿਹਾ ਦੌਰਾ

ਅੱਜ ਐਸ.ਸੀ.ਡੀ. ਸਰਕਾਰੀ ਕਾਲਜ ਦੇ ਸਟਰਾਂਗ ਰੂਮਜ਼ ਦਾ ਕੀਤਾ ਦੌਰਾ, ਸਟਾਫ਼ ਨੂੰ ਜ਼ਰੂਰੀ ਹਦਾਇਤਾਂ ਕੀਤਆਂ ਜਾਰੀ
ਸਿਆਸੀ ਪਾਰਟੀਆਂ/ਉਮੀਦਵਾਰਾਂ ਦੇ ਨੁਮਾਇੰਦਿਆਂ ਨੇ ਪ੍ਰਬੰਧਾਂ 'ਤੇ ਪ੍ਰਗਟਾਈ ਤਸੱਲੀ

ਲੁਧਿਆਣਾ, 02 ਮਾਰਚ (ਰਣਜੀਤ ਸਿੱਧਵਾਂ) - ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਅੱਜ ਭਰੋਸਾ ਦਿੱਤਾ ਕਿ 10 ਮਾਰਚ, 2020 ਨੂੰ ਵੋਟਾਂ ਦੀ ਗਿਣਤੀ ਲਈ ਜ਼ਿਲ੍ਹਾ ਲੁਧਿਆਣਾ ਦੇ ਸਾਰੇ 14 ਕਾਊਂਟਿੰਗ ਸੈਂਟਰਾਂ 'ਤੇ ਸੁਤੰਤਰ, ਨਿਰਪੱਖ ਅਤੇ ਪਾਰਦਰਸ਼ੀ ਗਿਣਤੀ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸਾਰੇ 14 ਕੇਂਦਰਾਂ 'ਤੇ ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਤੋਂ ਸ਼ੁਰੂ ਹੋ ਜਾਵੇਗੀ।
ਜ਼ਿਕਰਯੋਗ ਹੈ ਕਿ ਦਾਖਾ ਹਲਕੇ ਲਈ ਸਟਰਾਂਗ ਰੂਮ ਡਾ. ਸੁਖਦੇਵ ਸਿੰਘ ਭਵਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀ.ਏ.ਯੂ.) ਵਿਖੇ, ਲੁਧਿਆਣਾ ਉੱਤਰੀ ਲਈ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪੀ.ਏ.ਯੂ., ਲੁਧਿਆਣਾ ਪੱਛਮੀ ਲਈ ਜਿਮਨੇਜ਼ੀਅਮ ਹਾਲ ਪੀ.ਏ.ਯੂ., ਸਮਰਾਲਾ ਤੇ ਲੁਧਿਆਣਾ ਪੂਰਬੀ ਲਈ ਸਤੀਸ਼ ਚੰਦਰ ਧਵਨ ਸਰਕਾਰੀ ਕਾਲਜ ਵਿਖੇ, ਸਾਹਨੇਵਾਲ ਲਈ ਖਾਲਸਾ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਕਾਲਜ ਰੋਡ, ਲੁਧਿਆਣਾ, ਰਾਏਕੋਟ ਲਈ ਮਾਲਵਾ ਸੈਂਟਰਲ ਕਾਲਜ ਆਫ਼ ਐਜੂਕੇਸ਼ਨ ਫਾਰ ਵੂਮੈਨ ਵਿਖੇ, ਲੁਧਿਆਣਾ ਸੈਂਟਰਲ ਲਈ ਆਰੀਆ ਕਾਲਜ, ਆਡੀਟੋਰੀਅਮ ਹਾਲ ਵਿਖੇ, ਲੁਧਿਆਣਾ ਦੱਖਣੀ ਲਈ ਕੇ.ਵੀ.ਐਮ. ਸੀਨੀਅਰ ਸੈਕੰਡਰੀ ਸਕੂਲ, ਹਲਕਾ ਗਿੱਲ ਲਈ ਐਸ.ਆਰ.ਐਸ. ਸਰਕਾਰੀ ਪੋਲੀਟੈਕਨਿਕ ਕਾਲਜ (ਲੜਕੀਆਂ) ਰਿਸ਼ੀ ਨਗਰ, ਪਾਇਲ ਲਈ ਸਰਕਾਰੀ ਕਾਲਜ (ਲੜਕੀਆਂ) ਲੁਧਿਆਣਾ, ਖੰਨਾ ਲਈ ਗੁਰੂ ਨਾਨਕ ਦੇਵ ਪੋਲੀਟੈਕਨਿਕ ਕਾਲਜ, ਲੁਧਿਆਣਾ ਵਿਖੇ। (ਅਪਲਾਈਡ ਸਾਇੰਸ ਬਿਲਡਿੰਗ) ਅਤੇ ਆਤਮ ਨਗਰ ਹਲਕੇ ਲਈ ਜੀ.ਐਨ.ਈ. ਪੋਲੀਟੈਕਨਿਕ ਕਾਲਜ, ਗਿੱਲ ਰੋਡ ਲੁਧਿਆਣਾ ਦੀ ਨਵੀਂ ਬਿਲਡਿੰਗ ਵਿਖੇ ਸਟਰਾਂਗ ਰੂਮ ਸਥਾਪਿਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਲੁਧਿਆਣਾ ਦੇ ਸਾਰੇ 14 ਵਿਧਾਨ ਸਭਾ ਹਲਕਿਆਂ ਵਿੱਚ ਵਰਤੀਆਂ ਗਈਆਂ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਦੀ ਸਖ਼ਤ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਪ੍ਰਸ਼ਾਸ਼ਨ ਵੱਲੋਂ ਜ਼ਿਲ੍ਹੇ ਵਿੱਚ ਕੇਂਦਰੀ ਪੈਰਾ ਮਿਲਟਰੀ ਫੋਰਸ (ਸੀ.ਏ.ਪੀ.ਐਫ.), ਪੰਜਾਬ ਆਰਮਡ ਪੁਲਿਸ ਅਤੇ ਪੰਜਾਬ ਪੁਲਿਸ ਦੇ ਹਜ਼ਾਰਾਂ ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ ਗਏ ਹਨ।

ਉਨ੍ਹਾਂ ਕਿਹਾ ਕਿ ਸਟਰਾਂਗ ਰੂਮਜ਼ ਦੇ ਅੰਦਰਲੇ ਘੇਰੇ ਦੀ ਸੁਰੱਖਿਆ ਕੇਂਦਰੀ ਪੈਰਾ ਮਿਲਟਰੀ ਫੋਰਸ, ਦੂਜੇ ਘੇਰੇ ਦੀ ਪੰਜਾਬ ਆਰਮਡ ਪੁਲਿਸ ਵੱਲੋਂ ਅਤੇ ਹਰੇਕ ਵਿਧਾਨ ਸਭਾ ਹਲਕੇ ਵਿੱਚ ਸਟਰਾਂਗ ਰੂਮਜ਼ ਨੂੰ ਬਾਹਰੀ ਸੁਰੱਖਿਆ ਪੰਜਾਬ ਪੁਲਿਸ ਵੱਲੋਂ ਮੁਹੱਈਆ ਕਰਵਾਈ ਜਾ ਰਹੀ ਹੈ। ਉਨ੍ਹਾਂ ਸਾਰੀਆਂ ਸਿਆਸੀ ਪਾਰਟੀਆਂ/ਉਮੀਦਵਾਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਕਾਊਂਟਿੰਗ ਏਜੰਟਾਂ ਨੂੰ ਆਪਣੇ ਸਬੰਧਿਤ ਰਿਟਰਨਿੰਗ ਅਫ਼ਸਰ (ਆਰ.ਓ) ਰਾਹੀਂ ਪਛਾਣ ਪੱਤਰ ਬਣਵਾਉਣਾ ਯਕੀਨੀ ਬਣਾਉਣ। ਉਨ੍ਹਾਂ ਕਿਹਾ ਕਿ ਕਾਉਂਟਿੰਗ ਏਜੰਟ ਵੋਟਾਂ ਦੀ ਗਿਣਤੀ ਸ਼ੁਰੂ ਹੋਣ ਤੋਂ ਘੱਟੋ-ਘੱਟ 1 ਘੰਟਾ ਪਹਿਲਾਂ ਕਾਉਂਟਿੰੰਗ ਸੈਂਟਰ ਵਿੱਚ ਪਹੁੰਚ ਜਾਣ। ਉਨ੍ਹਾਂ ਦੱਸਿਆ ਕਿ ਕਾਊਂਟਿੰਗ ਸਥਾਨ 'ਤੇ ਨਿਰਵਿਘਨ ਗਿਣਤੀ ਲਈ ਕੁੱਲ 14 ਕਾਊਂਟਿੰਗ ਟੇਬਲ (ਦੋਵੇਂ ਪਾਸੇ 7-7) ਸਥਾਪਿਤ ਕੀਤੇ ਜਾਣਗੇ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਕੇਂਦਰਾਂ 'ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੁਖਤਾ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਵੋਟਾਂ ਦੀ ਗਿਣਤੀ ਨਿਰਵਿਘਨ ਅਤੇ ਸੁਚਾਰੂ ਢੰਗ ਨਾਲ ਕਰਵਾਈ ਜਾ ਸਕੇ। ਉਨ੍ਹਾਂ ਕਿਹਾ ਕਿ ਇਨ੍ਹਾਂ ਸਟਰਾਂਗ ਰੂਮਜ਼ ਦੀ ਚੌਵੀ ਘੰਟੇ ਈ-ਨਿਗਰਾਨੀ ਲਈ ਸੀ.ਸੀ.ਟੀ.ਵੀ. ਕੈਮਰੇ ਲਗਾਏ ਗਏ ਹਨ। ਉਨ੍ਹਾਂ ਦੱਸਿਆ ਕਿ ਚੋਣ ਲੜ ਰਹੇ ਸਾਰੇ ਉਮੀਦਵਾਰ ਸਟਰਾਂਗ ਰੂਮਾਂ ਦੀ ਸੁਰੱਖਿਆ ਦੇ ਪ੍ਰਬੰਧਾਂ 'ਤੇ ਤਿੱਖੀ ਨਜ਼ਰ ਰੱਖਣ ਲਈ ਆਪਣੇ ਨੁਮਾਇੰਦੇ ਤਾਇਨਾਤ ਕਰ ਸਕਦੇ ਹਨ।ਇਸ ਮੌਕੇ ਉਨ੍ਹਾਂ ਸਟਰਾਂਗ ਰੂਮਾਂ ਦੇ ਬਾਹਰ ਵੱਖ-ਵੱਖ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਗੱਲਬਾਤ ਵੀ ਕੀਤੀ, ਜਿਨ੍ਹਾਂ ਪ੍ਰਸ਼ਾਸ਼ਨ ਵੱਲੋਂ ਕੀਤੇ ਪ੍ਰਬੰਧਾਂ ਤੇ ਆਪਣੀ ਤਸੱਲੀ ਪ੍ਰਗਟਾਈ ਹੈ।

5 ਜੈਬ ਫਾਊਂਡੇਸ਼ਨ ਵੱਲੋਂ ਕਰਵਾਈ ਗਈ ਬੱਚਿਆਂ ਦੀ ਸਿਹਤ ਜਾਂਚ    

ਹਠੂਰ,2 ਮਾਰਚ-(ਕੌਸ਼ਲ ਮੱਲ੍ਹਾ)-5ਜੈਬ ਫਾਊਂਡੇਸ਼ਨ ਦੀ ਸਰਪ੍ਰਸਤੀ ਵਿੱਚ ਚੱਲ ਰਹੀ ਬਾਕਸਿੰਗ ਅਕੈਡਮੀ ਚਕਰ ਵੱਲੋਂ ਖਿਡਾਰੀਆਂ ਦੀ ਕਾਰਗੁਜ਼ਾਰੀ ਵਧਾਉਣ ਲਈ ਬਾਕਸਿੰਗ ਅਤੇ ਫੁੱਟਬਾਲ ਦੇ ਖਿਡਾਰੀਆਂ ਦੀ ਸਿਹਤ ਦੀ ਜਾਂਚ ਕਰਵਾਉਣ ਲਈ ਚਕਰ ਅਕੈਡਮੀ ਵਿਖੇ ਕੈਂਪ ਲਗਾਇਆ ਗਿਆ।ਇਸ ਮੌਕੇ ਸਿੱਧੂ ਇਲੈਕਟ੍ਰੋਹੋਮਿਓਪੈਥਿਕ ਕਲੀਨਿਕ ਬੱਧਣੀ ਕਲਾਂ ਦੇ ਡਾ. ਜੇ ਐਸ ਸਿੱਧੂ (ਐਮ.ਡੀ. ਇਲੈਕਟ੍ਰੋ ਹੋਮਿਓਪੈਥੀ) ਵੱਲੋਂ ਅਜਿਹੇ ਲਗਭਗ ਪੰਜਾਹ ਬੱਚਿਆਂ ਦੀ ਸਿਹਤ ਦੀ ਜਾਂਚ ਕੀਤੀ ਗਈ ਜਿੰਨ੍ਹਾਂ ਨੂੰ ਕਿਸੇ ਨਾ ਕਿਸੇ ਕਿਸਮ ਦੀ ਕਮਜ਼ੋਰੀ ਸੀ,ਜ਼ਿਆਦਾਤਰ ਬੱਚਿਆਂ ਵਿੱਚ ਖੂਨ ਦੀ ਕਮੀ,ਭੁੱਖ ਨਾ ਲੱਗਣਾ,ਕੱਦ ਵਿੱਚ ਖੜੋਤ,ਜ਼ਿਆਦਾ ਥਕਾਵਟ ਦੀਆਂ ਸਮੱਸਿਆਵਾਂ ਸਨ।ਇਸ ਮੌਕੇ ਡਾ. ਸਿੱਧੂ ਨੇ ਕਿਹਾ ਕਿ ਪੇਟ ਦੇ ਕੀੜੇ ਅਤੇ ਖਾਣੇ ਵਿੱਚ ਪ੍ਰੋਟੀਨ ਦੀ ਕਮੀ ਬੱਚਿਆਂ ਦੀ ਸਿਹਤ ਵਿੱਚ ਵੱਡੀ ਰੁਕਾਵਟ ਹਨ।ਉਨ੍ਹਾਂ ਵੱਲੋਂ ਕੁਝ ਦਵਾਈਆਂ ਫਰੀ ਦਿੱਤੀਆਂ ਗਈਆਂ ਅਤੇ ਵਿਸ਼ੇਸ ਕਿਸਮ ਦੀ ਖੁਰਾਕ ਲੈਣ ਦੀ ਸਲਾਹ ਦਿੱਤੀ ਗਈ।ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਜੇ ਲੋੜ ਪੈਂਦੀ ਹੈ ਤਾਂ ਉਹ ਅਕੈਡਮੀ ਦੇ ਖਿਡਾਰੀਆਂ ਨੂੰ ਆਪਣੀਆਂ ਸੇਵਾਵਾਂ ਮੁਫ਼ਤ ਪ੍ਰਦਾਨ ਕਰਨਗੇ।ਫਾਊਂਡੇਸ਼ਨ ਦੇ ਡਾਇਰੈਕਟਰ ਪ੍ਰਿੰ. ਬਲਵੰਤ ਸਿੰਘ ਸੰਧੂ ਨੇ ਉਨ੍ਹਾਂ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ।5ਜੈਬ ਫਾਊਂਡੇਸ਼ਨ ਦੇ ਫਾਊਂਡਰ ਜਗਦੀਪ ਸਿੰਘ ਅਤੇ ਡਾਇਰੈਕਟਰ ਸਵਰਨ ਸਿੰਘ ਘੁੰਮਣ ਅਤੇ ਜਗਰੂਪ ਸਿੰਘ ਜਰਖੜ ਵੱਲੋਂ ਅਕੈਡਮੀ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਗਈ।ਇਸ ਮੌਕੇ ਅਕੈਡਮੀ ਦੇ ਪ੍ਰਬੰਧਕ ਹਰਵਿੰਦਰ ਸਿੰਘ ਸੰਧੂ,ਕੁਲਦੀਪ ਸਿੰਘ,ਸੁਖਵੀਰ ਸਿੰਘ, ਜਗਵਿੰਦਰ ਸਿੰਘ ਸੰਧੂ,ਹਰਜੀਤ ਸਿੰਘ,ਜਸਕਿਰਨਪ੍ਰੀਤ ਸਿੰਘ ਸਿੱਧੂ,ਬਾਕਸਿੰਗ ਕੋਚ ਲਵਪ੍ਰੀਤ ਕੌਰ ਆਦਿ ਹਾਜ਼ਰ ਸਨ।
ਫੋਟੋ ਕੈਪਸ਼ਨ:- ਡਾ. ਜੇ ਐਸ ਸਿੱਧੂ ਬੱਚਿਆ ਦੀ ਜਾਚ ਕਰਦੇ ਹੋਏ।

ਜਜਬਾਤ ਕਿੰਝ ਸਾਂਭ ਕੇ ਰੱਖਾਂ ਨੀ ✍️ ਕਮਲਜੀਤ ਕੌਰ ਧਾਲੀਵਾਲ

ਤੱਕ ਤੇਰਾ ਮੱਥੇ ਵਾਲਾ ਟਿੱਕਾ ਨੀ,
ਦਿਲ ਹੋ ਗਏ ਜਖ਼ਮੀ ਬਾਲੇ ਨੀ।
ਤੇਰੀ ਇੱਕ ਝਾਤ ਪਾਉਣ ਲਈ,
ਅਸਾਂ ਰਾਹਾਂ ਚ ਡੇਰੇ ਲਾਲੇ ਨੀ।
ਤੇਰੇ ਗਲ ਵਾਲਾ ਹਾਰ ਕੁੜੇ,
ਚੰਦਰਾ ਗਿਆ ਸਾਨੂੰ ਮਾਰ ਨੀ,
ਤੈਨੂੰ ਦੇਖੇ ਜੇ ਕੋਈ ਹੋਰ ਕੁੜੇ
ਸਾਥੋਂ ਹੁੰਦਾ ਨਾ ਸਹਾਰ ਨੀ।
ਤੇਰੇ ਕੰਨੀ ਪਾਏ ਵਾਲਿਆਂ ਦੀ,
ਮੈਂ ਕਰਾਂ ਕਿਆ ਬਾਤ ਕੁੜੇ
ਕਿਆ ਬਾਤ ਹੋ ਜਾਏ ਜੇ ਮਿਲ
ਜੇ ਤੇਰਾ ਸੋਹਣਾ ਸਾਥ ਕੁੜੇ ।
ਤੱਕ ਤੇਰੀ ਵੀਣੀ ਚੂੜੀਆਂ ਨੀ,
ਦਿਲ ਕਰੇ ਧੱਕ ਧੱਕ ਮੇਰਾ। 
ਹੋਇਆ ਕਮਲਾਂ ਜਿਹਾ ਫਿਰਾਂ,
ਲਾਉਣ ਨੂੰ ਪ੍ਰੀਤਾਂ ਗੂੜੀਆਂ ਨੀ।
ਨੀ ਤੂੰ ਲੱਗੇ ਅੰਬਰਾਂ ਦੀ ਹੂਰ ਨੀ,
ਅਸੀਂ ਲਕੀਰ ਦੇ ਫਕੀਰ ਨੀ।
ਸਾਨੂੰ ਪਿਆਰ ਨਾਲ ਤੱਕ,
ਵੱਟ ਨਾ ਤੂੰ ਘੂਰ ਨੀ।
ਕਾਲੀਆਂ ਜੁਲਫਾਂ ਘਨਾਘੋਰ ਨੀ,
ਤੇਰੇ ਵਰਗਾ ਨਾ ਕੋਈ ਹੋਰ ਨੀ।
ਤੂੰ ਲੱਕ ਮਟਕਾ ਕੇ ਤੁਰਦੀ ਏ,
ਜਿਵੇਂ ਪੈਲਾਂ ਪਾਉਂਦਾ ਮੋਰ ਨੀ।
ਨੱਕ ਤੇਰਾ ਤਿੱਖਾ ਤਲਵਾਰ ਨੀ
ਸਾਨੂੰ ਹੋ ਗਿਆ ਪਿਆਰ ਨੀ
ਅਧਮੋਏ ਹੋ ਗਏ ਲੱਗਦੇ ਹਾਂ,
ਸਾਡੀ ਪੁੱਛ ਲੈ ਆ ਕੇ ਸਾਰ ਨੀ।
ਤੇਰੀਆਂ ਟੂਣੇ ਹਾਰੀਆਂ ਅੱਖਾਂ ਨੀ,
ਜਜਬਾਤ ਕਿੰਝ ਸਾਂਭ ਕੇ ਰੱਖਾਂ ਨੀ।
ਜਜਬਾਤ ਕਿੰਝ ਸਾਂਭ ਕੇ ਰੱਖਾਂ ਨੀ।
ਲੇਖਿਕਾ-ਕਮਲਜੀਤ ਕੌਰ ਧਾਲੀਵਾਲ
77105-97642