You are here

ਪੰਜਾਬ

ਗੁਰਮੀਤ ਬਾਵਾ ਦੇ ਤੁਰ ਜਾਣ ਤੋਂ ਬਾਅਦ ✍️ ਗਗਨਦੀਪ ਧਾਲੀਵਾਲ ਝਲੂਰ (ਬਰਨਾਲਾ)

ਛੁਪਿਆ ਸਿਤਾਰਾ ਚਮਕਦਾ ,
ਇਹ ਚੰਦਰਾ ਸੁਨੇਹਾ ਬੇ-ਵਕਤ ਆ ਗਿਆ ।
ਗੁਰਮੀਤ ਬਾਵਾ ਦੇ ਤੁਰ ਜਾਣ ਤੋਂ ਬਾਅਦ ,
ਹਰ ਇੱਕ ਦੀ ਅੱਖ ਵਿੱਚ ਹੰਝੂ ਆ ਗਿਆ ।

ਪੰਜਾਬੀ ਸਾਹਿਤ ਜਗਤ ਨੂੰ ,
ਇੱਕ ਘਾਟਾ ਹੋਰ ਖਾ ਗਿਆ ।
ਗੁਰਮੀਤ ਬਾਵਾ ਦੇ ਤੁਰ ਜਾਣ ਤੋਂ ਬਾਅਦ ,
ਹਰ ਇੱਕ ਦੀ ਅੱਖ ਵਿੱਚ ਹੰਝੂ ਆ ਗਿਆ ।

ਚੁੱਪ-ਚਾਪ ਪੰਛੀ ਵੀ ਘਰਾਂ ਨੂੰ ਪਰਤਣ ,
ਜਦੋਂ ਚਾਰੇ-ਪਾਸੇ ਉਦਾਸੀ ਦਾ ਬੱਦਲ ਛਾ ਗਿਆ ।
ਗੁਰਮੀਤ ਬਾਵਾ ਦੇ ਤੁਰ ਜਾਣ ਤੋਂ ਬਾਅਦ ,
ਹਰ ਇੱਕ ਦੀ ਅੱਖ ਵਿੱਚ ਹੰਝੂ ਆ ਗਿਆ ।

ਮਾਣਦਾ ਰਿਹਾ ਆਨੰਦ ਜੋ ਉੱਚੀ ਹੇਕ ਦਾ ,
ਤੁਰ ਜਾਣ ਦਾ ਸਦਮਾ ਦਿਲ ਨੂੰ ਖਾ ਗਿਆ ।
ਗੁਰਮੀਤ ਬਾਵਾ ਦੇ ਤੁਰ ਜਾਣ ਤੋਂ ਬਾਅਦ ,
ਹਰ ਇੱਕ ਦੀ ਅੱਖ ਵਿੱਚ ਹੰਝੂ ਆ ਗਿਆ ।

ਕਿੱਥੋਂ ਲੱਭਾਗੇ ਤੇਰੇ ਮਿੱਠੜੇ ਬੋਲ ,
ਅਮਰ ਰਹਿਣਗੇ ਗੀਤ ਮਾਹੀਏ ਢੋਲ ,
ਗਗਨ ਦੀ ਕਲਮ ਨੂੰ ਵਿਛੋੜਾ ਤੇਰਾ ਰਵਾ ਗਿਆ ।
ਗੁਰਮੀਤ ਬਾਵਾ ਦੇ ਤੁਰ ਜਾਣ ਤੋਂ ਬਾਅਦ ,
ਹਰ ਇੱਕ ਦੀ ਅੱਖ ਵਿੱਚ ਹੰਝੂ ਆ ਗਿਆ ।

ਗਗਨਦੀਪ ਧਾਲੀਵਾਲ

ਮਾਤਾ ਵਿੱਦਿਆ ਦੇਵੀ ਲਿਖਾਰੀ ਸਭਾ, ਫ਼ਰੀਦਕੋਟ ਦੀ ਮਹੀਨਾਵਾਰ ਇਕੱਤਰਤਾ ਹੋਈ 

 ਫ਼ਰੀਦਕੋਟ -        ਮਾਤਾ ਵਿੱਦਿਆ ਦੇਵੀ ਲਿਖਾਰੀ ਸਭਾ ਫ਼ਰੀਦਕੋਟ ਵੱਲੋੰ ਮਹੀਨਾਵਾਰ ਇਕੱਤਰਤਾ ਪ੍ਰਧਾਨ ਸ਼ਿਵਨਾਥ ਦਰਦੀ ਦੀ ਯੋਗ ਅਗਵਾਈ ਵਿੱਚ ਕੀਤੀ ਗਈ। ਜਿਸ ਵਿੱਚ ਕਈ ਮਹੱਤਵਪੂਰਨ ਮੁੱਦਿਆਂ ਉੱਤੇ ਵਿਚਾਰ ਚਰਚਾ ਕੀਤੀ ਗਈ। ਇਸ ਮੀਟਿੰਗ ਵਿੱਚ ਸਭਾ ਦੇ ਮੀਤ ਪ੍ਰਧਾਨ ਵਤਨਵੀਰ ਜ਼ਖ਼ਮੀ, ਜਨਰਲ ਸਕੱਤਰ ਧਰਮ ਪਰਵਾਨਾ, ਪ੍ਰੈਸ ਸਕੱਤਰ ਪ੍ਰੋ. ਬੀਰ ਇੰਦਰ ਸਰਾਂ, ਖ਼ਜ਼ਾਨਚੀ ਜਤਿੰਦਰ ਪਾਲ ਸਿੰਘ ਟੈਕਨੋ ਅਤੇ ਮੈਂਬਰਾਂ ਸਰਬਿੰਦਰ ਸਿੰਘ ਬੇਦੀ, ਬਲਵੰਤ ਗੱਖੜ, ਰਾਜ ਗਿੱਲ, ਲਖਵਿੰਦਰ ਕੋਟ-ਸੁਖੀਆ ਸਣੇ ਹੋਰ ਮੈਂਬਰ ਸਾਹਿਬਾਨ ਨੇ ਵੀ ਸ਼ਮੂਲੀਅਤ ਕੀਤੀ। ਲਗਭਗ ਦੋ ਘੰਟੇ ਚੱਲੀ ਇਸ ਮੀਟਿੰਗ ਦੌਰਾਨ ਮਹੱਤਵਪੂਰਨ ਫ਼ੈਸਲਿਆਂ ਉੱਤੇ ਵਿਚਾਰ ਚਰਚਾ ਕੀਤੀ ਗਈ । ਮਾਤਾ ਵਿੱਦਿਆ ਦੇਵੀ ਲਿਖਾਰੀ ਸਭਾ, ਫ਼ਰੀਦਕੋਟ ਦੇ ਪ੍ਰੈਸ ਸਕੱਤਰ ਅਤੇ ਮੀਡੀਆ ਇੰਚਾਰਜ ਪ੍ਰੋ.ਬੀਰ ਇੰਦਰ ਸਰਾਂ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਇਕੱਤਰਤਾ ਵਿੱਚ ਪੇਸ਼ ਕੀਤੇ ਗਏ ਮਤਿਆਂ ਨੂੰ ਪ੍ਰਵਾਨ ਕਰਦਿਆਂ ਸਭਾ ਵੱਲੋਂ ਫ਼ੈਸਲਾ ਕੀਤਾ ਗਿਆ ਹੈ ਕਿ ਹਰ ਸਾਲ ਫ਼ਰੀਦਕੋਟ ਜ਼ਿਲ੍ਹੇ ਨਾਲ ਸਬੰਧਤ ਦੋ ਵਿਅਕਤੀਆਂ ਨੂੰ ਇਮਾਨਦਾਰੀ ਐਵਾਰਡ ਲਈ ਚੁਣਿਆ ਜਾਵੇਗਾ, ਸਭਾ ਵੱਲੋਂ ਨਵੰਬਰ ਵਿੱਚ ਪੰਜਾਬੀ ਮਾਹ ਨੂੰ ਸਮਰਪਿਤ ਇੱਕ ਆਨਲਾਈਨ ਕਵੀ ਦਰਬਾਰ ਕਰਵਾਇਆ ਜਾਵੇਗਾ, ਜਨਵਰੀ ਵਿੱਚ ਸਭਾ ਵੱਲੋਂ ਇੱਕ ਸਾਂਝਾ ਕਾਵਿ-ਸੰਗ੍ਰਹਿ ਲੋਕ-ਅਰਪਣ ਕੀਤਾ ਜਾਵੇਗਾ, । ਇਸ ਦੌਰਾਨ ਮਾਤਾ ਵਿੱਦਿਆ ਦੇਵੀ ਲਿਖਾਰੀ ਸਭਾ ਫ਼ਰੀਦਕੋਟ ਦੀ ਬਿਹਤਰੀ ਤੇ ਸਫ਼ਲਤਾ ਲਈ ਕੁਝ ਜਰੂਰੀ ਨਿਯਮ ਉਲੀਕੇ ਗਏ ਅਤੇ ਇਹਨਾਂ ਨਿਯਮਾਂ ਦੀ ਪਾਲਣਾ ਕਰਨ ਹਿਤ ਸਭ ਦੀ ਮੌਕੇ 'ਤੇ ਹੀ ਸਹਿਮਤੀ ਬਣੀ। ਅੰਤ ਵਿੱਚ ਹਾਜ਼ਰ ਕਵੀ-ਸਾਹਿਬਾਨ ਦਾ ਕਵੀ-ਦਰਬਾਰ ਵੀ ਕਰਵਾਇਆ ਗਿਆ, ਜਿਸ ਵਿੱਚ ਕਵੀ-ਸਾਹਿਬਾਨ ਨੇ ਆਪਣੀਆਂ ਬੇਹਤਰੀਨ ਰਚਨਾਵਾਂ ਦੀ ਪੇਸ਼ਕਾਰੀ ਵੀ ਕੀਤੀ।

ਪੰਜਾਬੀਆਂ ਲਈ ਵਧੀਆ ਮਨੋਰੰਜਕ ਸਮੱਗਰੀ ਲੈ ਕੇ ਆ ਰਿਹਾ ਹੈ ਓਟੀਟੀ ਮੰਚ: ਫਲੌਕ 

ਸਾਲ 2020 ਨੇ ਮਨੋਰੰਜਨ ਉਦਯੋਗ ਲਈ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਕੀਤੀ, ਜਿੱਥੇ ਡਿਜੀਟਲ ਵਿਸ਼ੇ ਵਿੱਚ ਦਿਲਚਸਪੀ ਵਧੀ। ਓਟੀਟੀ ਪਲੇਟਫਾਰਮ ਸਮੇਂ ਦੀ ਲੋੜ ਵਜੋਂ ਪ੍ਰਚਲਿਤ ਹਨ, ਫਿਰ ਵੀ, ਸਮੱਗਰੀ ਮੁੱਖ ਧਾਰਾ ਦੀਆਂ ਸ਼ੈਲੀਆਂ ਅਤੇ ਸਭਿਆਚਾਰਾਂ ਤੱਕ ਸੀਮਤ ਰਹੀ। ਸ਼ੈਲੀਆਂ ਦੇ ਘੇਰੇ ਨੂੰ ਵਹਾਉਣ ਲਯੀ ਅਤੇ ਸਾਰੀਆਂ ਭਾਸ਼ਾਈ ਅਤੇ ਭੂਗੋਲਿਕ ਸੀਮਾਵਾਂ ਨੂੰ ਤੋੜਨ ਦੇ ਮੌਕੇ ਨੂੰ ਪਛਾਣਦੇ ਹੋਏ, ਫਲੌਕ ਐਂਟਰਟੇਨਮੈਂਟ ਪ੍ਰਾ. ਲਿਿਮਟੇਡ, ਫਲੋਕ ਦੇ ਨਾਮ ਨਾਲ ਇੱਕ ਨਵੇਂ ਵੀ.ਓ.ਡੀ ਸਟ੍ਰੀਮਿੰਗ ਦਿੱਗਜ ਦੇ ਨਾਲ ਆਉਣ ਲਈ ਪੂਰੀ ਤਰ੍ਹਾਂ ਤਿਆਰ ਹੈ।ਫਲੌਕ ਪੰਜਾਬੀ ਬੋਲਣ ਵਾਲੇ ਦਰਸ਼ਕਾਂ ਲਈ ਅਤੇ ਪੰਜਾਬ ਰਾਜ 'ਤੇ ਵਿਸ਼ੇਸ਼ ਧਿਆਨ ਦੇ ਕੇ ਆਪਣੀ ਪੰਜਾਬੀ ਵਿਸ਼ੇ ਦੀ ਪੇਸ਼ਕਸ਼ ਨੂੰ ਵਧਾ ਰਿਹਾ ਹੈ। ਇਸ ਮੰਚ 'ਤੇ ਕਈ ਤਰ੍ਹਾਂ ਦੀਆਂ ਪੰਜਾਬੀ ਵੈੱਬ ਸੀਰੀਜ਼, ਫਿਲਮਾਂ, ਰਿਐਲਿਟੀ ਸ਼ੋਅ ਅਤੇ ਡਾਕੂਮੈਂਟਰੀਜ਼ ਦੀ ਸਟ੍ਰੀਮਿੰਗ ਕੀਤੀ ਜਾਵੇਗੀ। ਫਲੋਕ ਵਰਤਮਾਨ ਵਿੱਚ ਅਮਰੀਕਾ, ਕੈਨੇਡਾ, ਯੂਕੇ, ਤੁਰਕੀ, ਕੋਰੀਆ, ਈਰਾਨ ਅਤੇ ਬਾਕੀ ਅਫਰੀਕੀ ਦੇਸ਼ਾਂ ਤੋਂ ਵਿਸ਼ੇਸ਼ ਤੌਰ 'ਤੇ ਚੁਣੇ ਗਏ ਵਿਸ਼ੇ ਦੀ ਵਿਸ਼ੇਸ਼ਤਾ ਵਾਲੇ 1000 ਘੰਟਿਆਂ ਦੇ ਮਨੋਰੰਜਨ ਦੀ ਇੱਕ ਵਿਸ਼ੇਸ਼, ਜੀਵੰਤ ਲਾਇਬ੍ਰੇਰੀ ਪ੍ਰਦਾਨ ਕਰੇਗਾ।ਫਲੋਕ ਦੇ ਉ.ਪੀ.ਇਸ ਇਸਦੇ ਪਰਿਵਾਰ-ਮੁਖੀ ਅਤੇ ਨੌਜਵਾਨ-ਕੇਂਦ੍ਰਿਤ ਪ੍ਰੋਗਰਾਮ ਹਨ, ਇੱਕ ਸਿੰਗਲ ਪਾਵਰ-ਪੈਕਡ ਮੋਬਾਈਲ ਐਪ ਜਿਵੇਂ ਕਿ ਫਲੋਕ ਗੇਮਿੰਗ, ਫਲੋਕ ਐਫ ਐਮ, ਫਲੋਕ ਡਿਜੀਟਲ ਫਿਲਮ ਫੈਸਟੀਵਲ ਵਿੱਚ ਵੱਖ-ਵੱਖ ਪੇਸ਼ਕਸ਼ਾਂ ਦੇ ਵਿਲੱਖਣ ਬੰਡਲ ਪ੍ਰਦਾਨ ਕਰੇਗਾ।ਫਲੌਕ ਐਂਟਰਟੇਨਮੈਂਟ ਪ੍ਰਾ. ਲਿਿਮਟੇਡ ਦੀ ਸਥਾਪਨਾ ਭਾਰਤ ਦੇ ਸਾਬਕਾ ਕੈਬਨਿਟ ਮੰਤਰੀ ਡਾ ਵੀ.ਕੇ ਕ੍ਰਿਸ਼ਨਮੂਰਤੀ (ਪਦਮ ਸ਼੍ਰੀ, ਪਦਮ ਭੂਸ਼ਣ ਅਤੇ ਪਦਮ ਵਿਭੂਸ਼ਣ ਨਾਲ ਸਨਮਾਨਿਤ) ਦੁਆਰਾ ਕੀਤੀ ਗਈ ਹੈ।ਫਲੌਕ ਦੇ ਮੈਨੇਜਿੰਗ ਡਾਇਰੈਕਟਰ ਵਿਜੇੇਂਦਰ ਕੁਮੇਰੀਆ ਹਨ, ਜੋ ਭਾਰਤ ਦੇ ਸਭ ਤੋਂ ਵਧੀਆ ਅਤੇ ਮਸ਼ਹੂਰ ਟੈਲੀਵਿਜ਼ਨ ਅਦਾਕਾਰਾਂ ਵਿੱਚੋਂ ਇੱਕ ਹਨ, ਜੋ ਕਈ ਪ੍ਰਮੁੱਖ ਮਨੋਰੰਜਨ ਪਲੇਟਫਾਰਮਾਂ ਨਾਲ ਜੁੜੇ ਹੋਏ ਹਨ। ਓਹਨਾ ਨੂੰ ਹਾਲ ਹੀ ਵਿੱਚ ਕਿਰਨ ਰਾਏ ਦੀ 2020 ਵਿੱਚ ਏਸ਼ੀਆ ਦੇ 500 ਸਭ ਤੋਂ ਪ੍ਰਭਾਵਸ਼ਾਲੀ ਵਿਅਕਤੀਆਂ ਵਿੱਚ ਦਰਜਾ ਦਿੱਤਾ ਗਿਆ ਸੀ।ਪ੍ਰੀਤੀ ਕੁਮੇਰੀਆ ਨੂੰ ਕੰਪਨੀ ਦੇ ਸੀ.ਈ.ਓ ਵਜੋਂ ਪੇਸ਼ ਕੀਤਾ ਗਿਆ ਹੈ, ਜੋ ਕਿ ਵਪਾਰ ਅਤੇ ਮਾਰਕੀਟਿੰਗ ਉਦਯੋਗ ਵਿੱਚ ਇੱਕ ਅਨੁਭਵੀ ਹਨ ਅਤੇ ਇਰਫਾਨ ਮਰਾਜ਼ੀ ਕੰਪਨੀ ਦੇ ਸੀ.ਓ.ਓ ਹਨ, ਜਿਨ੍ਹਾਂ ਨੇ ਭਾਰਤ ਦੇ ਪ੍ਰਮੁੱਖ ਮੀਡੀਆ ਨੈਟਵਰਕਾਂ ਨਾਲ ਕੰਮ ਕੀਤਾ ਹੈ, ਅੰਤਰਰਾਸ਼ਟਰੀ ਫਿਲਮ ਡਿਸਟ੍ਰੀਬਿਊਸ਼ਨ ਕੰਪਨੀਆਂ ਅਤੇ ਵਿਸ਼ੇ ਨਿਰਮਾਤਾਵਾਂ ਦਾ ਇੱਕ ਨੈਟਵਰਕ  ਵੀ ਬਣਾਇਆ ਹੈ।
ਹਰਜਿੰਦਰ ਸਿੰਘ 9463828000

ਰਿਟਾਇਰ ਸੁਪਰਡੈਂਟ ਗੁਰਚਰਨ ਸਿੰਘ  ਨਮਿੱਤ ਸਰਧਾਂਜਲੀ ਸਮਾਗਮ ਹੋਇਆ

ਭਦੌੜ /ਬਰਨਾਲਾ- 21 ਨਵੰਬਰ- (ਗੁਰਸੇਵਕ ਸੋਹੀ)- ਰਿਟਾਇਰ ਸੁਪਰਡੈਂਟ ਗੁਰਚਰਨ ਸਿੰਘ ਦਾ ਸ਼ਰਧਾਂਜਲੀ ਸਮਾਰੋਹ ਅੱਜ ਕਸਬਾ ਭਦੌੜ (ਬਰਨਾਲਾ) ਵਿਖੇ ਹੋਇਆ। ਜਿਸ ਵਿਚ ਬਰਨਾਲਾ ਜ਼ਿਲ੍ਹੇ ਤੋਂ ਇਲਾਵਾ ਪੰਜਾਬ ਦੇ ਵੱਖ- ਵੱਖ ਹਿੱਸਿਆਂ ਚੋਂ ਲੋਕਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਇਸ ਮੌਕੇ ਕੀਰਤਨੀ ਜਥੇ ਵੱਲੋਂ ਵੈਰਾਗਮਈ ਕੀਰਤਨ ਕੀਤਾ ਗਿਆ। ਇਸ ਮੌਕੇ ਗੁਰਚਰਨ ਸਿੰਘ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਪਿਰਮਲ ਸਿੰਘ ਧੌਲਾ ਐਮ ਐਲ ਏ ਹਲਕਾ ਭਦੌੜ, ਮੀਤ ਹੇਅਰ ਐਮ ਐਲ ਏ ਬਰਨਾਲਾ, ਐਮ ਐਲ ਏ  ਮਨਜੀਤ ਸਿੰਘ ਬਿਲਾਸਪੁਰ, ਸਾਬਕਾ ਸਰਪੰਚ ਰਣਜੀਤ ਸਿੰਘ ਰਾਮਗਡ਼੍ਹ, ਪਰਮਜੀਤ ਸਿੰਘ ਸੇਖੋਂ ਪੰਜਾਬੀ ਕਿਰਤੀ ਮਜ਼ਦੂਰ ਯੂਨੀਅਨ, ਅਵਤਾਰ ਸਿੰਘ ਕਾਲੇਕੇ ਨੇ ਕਿਹਾ ਕਿ ਗੁਰੂ ਚਰਨਾਂ ਵਿਚ ਜਾ ਬਿਰਾਜੇ ਗੁਰਚਰਨ ਸਿੰਘ ਬਹੁਤ ਨੇਕ ਸੁਭਾਅ ਦੇ ਸਨ। ਉਹ ਹਮੇਸ਼ਾਂ ਪਿੰਡ ਦੀ ਭਲਾਈ ਅਤੇ ਸਮਾਜ ਸੇਵੀ ਕੰਮਾਂ ਵਿਚ ਵੱਧ ਚਡ਼੍ਹ ਕੇ ਹਿੱਸਾ ਪਾਉਂਦੇ ਤੇ ਲੋੜਵੰਦ ਲੋਕਾਂ ਦੇ ਨਾਲ ਖਡ਼੍ਹਦੇ ਸਨ। ਉਨ੍ਹਾਂ ਕਿਹਾ ਕਿ ਗੁਰਚਰਨ ਸਿੰਘ ਦਾ ਪਰਿਵਾਰ ਹਮੇਸ਼ਾਂ ਹੀ ਲੋੜਵੰਦ ਲੋਕਾਂ ਦੀ ਸੇਵਾ ਦੇ ਲਈ ਤੱਤਪਰ ਰਿਹਾ ਹੈ। ਜਿਸ ਦੀ ਗਵਾਹੀ ਸਮੁੱਚੇ ਪੰਜਾਬ ਤੋਂ ਇਨ੍ਹਾਂ ਦੇ ਦੁੱਖ ਵਿਚ ਆਈਆਂ ਹੋਈਆਂ ਸੰਗਤਾਂ ਦੀ ਸ਼ਮੂਲੀਅਤ ਤੋਂ ਪਤਾ ਲੱਗਦਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਪਰਿਵਾਰ ਬਹੁਤ ਹੀ ਘੱਟ ਹੁੰਦੇ ਹਨ ਜੋ ਹੋਰਾਂ ਦੇ ਲਈ ਜਿਉਂਦੇ ਹਨ। ਬੁਲਾਰਿਆਂ ਨੇ ਵਾਹਿਗੁਰੂ ਅੱਗੇ ਅਰਦਾਸ ਕੀਤੀ ਕਿ ਉਹ ਵਿਛੜੀ ਹੋਈ ਰੂਹ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ਣ ਅਤੇ ਪਿੱਛੇ ਉਨ੍ਹਾਂ ਦੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਿਸ਼ ਕਰਨ। ਇਸ ਮੌਕੇ ਬੀਬੀ ਸੁਰਿੰਦਰ ਕੌਰ ਵਾਲੀਆ, ਸੁਰਿੰਦਰ ਕੁਮਾਰ ,ਬਿੰਦਰ ਸਿੰਘ ਬਿੰਦੀ, ਲਾਭ ਸਿੰਘ ਉਗੋਕੇ, ਦਰਬਾਰਾ ਸਿੰਘ ਗੁਰੂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਹਾਜਰ ਸਨ।

ਡੀ ਸੀ ਦਫਤਰ ਅੱਗੇ  ਦਿੱਤੇ ਜਾਣ ਵਾਲੇ ਧਰਨੇ ਦੀਆਂ ਸਾਰੀਆਂ ਤਿਆਰੀਆਂ ਪੂਰੀ ਤਰ੍ਹਾਂ ਮੁਕੰਮਲ. ਰੂੜੇਕੇ. ਕਲਾਲ ਮਾਜਰਾ, ਖੁਸੀਆ ਸਿੰਘ 

ਮਹਿਲ ਕਲਾਂ/ ਬਰਨਾਲਾ  21 ਨਵੰਬਰ- (ਗੁਰਸੇਵਕ ਸੋਹੀ )ਮਹਿਲਕਲਾਂ ਨਰੇਗਾ ਰੁਜ਼ਗਾਰ ਪ੍ਰਾਪਤ ਯੂਨੀਅਨ, ਦਿਹਾਤੀ ਮਜ਼ਦੂਰ ਸਭਾ ਅਤੇ ਮਜ਼ਦੂਰ ਮੁਕਤੀ ਮੋਰਚੇ ਵੱਲੋਂ ਪਿੰਡ ਕੁਰੜ, ਸਹੌਰ ਤੇ ਛੀਨੀਵਾਲ ਖੁਰਦ ਦੇ ਮਜ਼ਦੂਰਾਂ ਦੀਆਂ ਭਰਵੀਆਂ ਮੀਟਿੰਗਾਂ ਕੀਤੀਆਂ ਇਸ ਮੌਕੇ ਲਿਬਰੇਸ਼ਨ ਦੇ ਸੂਬਾਈ ਆਗੂ ਕਾਮਰੇਡ ਗੁਰਪ੍ਰੀਤ ਸਿੰਘ ਰੂੜੇਕੇ, ਐਕਟ ਦੇ ਸਾਥੀ ਖੁਸੀਆ ਸਿੰਘ ਬਰਨਾਲਾ, ਸੀ ਟੀ ਯੂ ਪੰਜਾਬ ਦੇ ਸਾਥੀ ਭੋਲਾ ਸਿੰਘ ਕਲਾਲ ਮਾਜਰਾ ਨੇ ਮਜ਼ਦੂਰਾਂ ਦੀਆਂ ਭਰਵੀਆਂ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਕ ਪਾਸੇ ਤਾਂ ਕੇਂਦਰ ਤੇ ਰਾਜ ਸਰਕਾਰਾਂ ਵੱਲੋਂ ਮਜ਼ਦੂਰਾਂ ਨੂੰ ਵਧੇਰੇ ਸਹੂਲਤਾਂ ਦੇਣ ਦੇ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਹਨ ਪਰ ਦੂਜੇ ਪਾਸੇ ਚੋਣਾਂ ਦੌਰਾਨ ਕੀਤੇ ਵਾਅਦੇ ਪੂਰੇ ਕਰਨ ਦੀ ਬਜਾਏ ਪਹਿਲਾਂ ਮਿਲਦੀਆਂ ਸਹੂਲਤਾਂ ਨੂੰ ਮਜ਼ਦੂਰਾਂ ਤੋਂ ਖੋਹਿਆ ਜਾ ਰਿਹਾ ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਯੂਪੀਏ ਸਰਕਾਰ ਵਿੱਚ ਖੱਬੀਆਂ ਧਿਰਾਂ ਦੇ ਭਾਈਵਾਲ ਹੁੰਦਿਆਂ ਹੋਇਆਂ ਮਨਰੇਗਾ ਐਕਟ ਲਾਗੂ ਕਰਵਾ ਕੇ ਮਜ਼ਦੂਰਾਂ ਨੂੰ 100 ਦਿਨਾਂ ਗਾਰੰਟੀ ਯੋਜਨਾ ਸਕੀਮ ਤਹਿਤ ਰੁਜ਼ਗਾਰ ਅਤੇ ਫੂਡ ਸਕਿਉਰਿਟੀ ਐਕਟ ਲਾਗੂ ਕਰਵਾ ਕੇ ਮਜ਼ਦੂਰ ਵਰਗ ਨੂੰ ਸਰਕਾਰੀ ਡਿਪੂਆਂ ਉਪਰ ਕਣਕ ਚੌਲ ਅਤੇ ਦਾਲਾਂ ਮੁਹੱਈਆ  ਕਰਾਉਣ ਦਾ ਤੂੰ ਕਾਨੂੰਨ ਪਾਸ ਕਰਵਾਇਆ ਗਿਆ ਸੀ ਪਰ ਅੱਜ ਕੇਂਦਰ ਤੇ ਰਾਜ ਸਰਕਾਰਾਂ ਵੱਲੋਂ ਮਜ਼ਦੂਰ ਪੱਖੀ ਕਾਨੂੰਨਾਂ ਨੂੰ ਤੋਡ਼ ਕੇ ਸਰਮਾਏਦਾਰ ਪੱਖੀ ਕਾਨੂੰਨ ਬਣਾ ਕੇ ਮਜ਼ਦੂਰਾਂ ਦੇ ਰੁਜ਼ਗਾਰ ਅਤੇ ਸਹੂਲਤਾਂ ਖੋਹੀਆਂ ਜਾ ਰਹੀਆਂ ਹਨ ਉਨ੍ਹਾਂ ਮਜ਼ਦੂਰਾਂ ਨੂੰ ਜਥੇਬੰਦਕ ਹੋ ਕੇ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਸੰਘਰਸ਼ ਕਰ ਲਈ ਅੱਗੇ ਆਉਣਾ ਚਾਹੀਦਾ ਉਨ੍ਹਾਂ ਕਿਹਾ ਕਿ  ਮਜ਼ਦੂਰਾਂ ਦੀਆਂ ਭਖਦੀਆਂ ਮੰਗਾਂ ਦੀ ਪ੍ਰਾਪਤੀ ਲਈ ਅੱਜ 22 ਨਵੰਬਰ ਨੂੰ ਡਿਪਟੀ ਕਮਿਸ਼ਨਰ ਬਰਨਾਲਾ ਦੇ ਦਫ਼ਤਰ ਅੱਗੇ  ਦਿੱਤੇ ਜਾ ਰਹੇ ਧਰਨੇ ਦੀਆਂ ਸਾਰੀਆਂ ਤਿਆਰੀਆਂ ਪੂਰੀ ਤਰ੍ਹਾਂ ਮੁਕੰਮਲ ਕਰ ਲਈਆਂ ਗਈਆਂ ਹਨ ਉਨ੍ਹਾਂ ਕਿਹਾ ਕਿ ਇਸ ਜ਼ਿਲ੍ਹਾ ਪੱਧਰੀ ਧਰਨੇ ਨੂੰ ਲੈ ਕੇ ਮਜ਼ਦੂਰਾਂ ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਅਤੇ ਮਜ਼ਦੂਰ ਕਾਫ਼ਲਿਆਂ ਸਮੇਤ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਨਗੇ ਉਨ੍ਹਾਂ ਕਿਹਾ ਕਿ ਇਸ ਮੌਕੇ ਮਜ਼ਦੂਰਾਂ ਵੱਲੋਂ ਆਪਣੀਆਂ ਮੰਗਾਂ ਦੀ ਪ੍ਰਾਪਤੀ ਲਈ ਡਿਪਟੀ ਕਮਿਸ਼ਨਰ ਬਰਨਾਲਾ ਨੂੰ ਆਪਣਾ ਇੱਕ ਮੰਗ ਪੱਤਰ ਵੀ ਦਿੱਤਾ ਜਾਵੇਗਾ ਉਕਤ ਆਗੂਆਂ ਨੇ ਕਿਹਾ ਕਿ ਮੰਗ ਪੱਤਰ ਵਿਚ ਮਜ਼ਦੂਰਾਂ ਨੂੰ ਆ ਰਹੀਆਂ ਮੁਸ਼ਕਲਾਂ ਚ ਲੇਬਰ ਮਹਿਕਮੇ ਸੇਵਾ ਕੇਂਦਰਾਂ ਲਾਭਪਾਤਰੀ ਕਾਪੀਆਂ ਬਣਾਉਣ ਵਾਲੇ ਮਜ਼ਦੂਰਾਂ ਦੀ ਖੱਜਲ ਖੁਆਰੀ ਸਰਕਾਰ ਵੱਲੋਂ 5-5 ਮਰਲਿਆ ਦੇ ਪਲਾਟ ਦੇਣ ਸਬੰਧੀ ਸਥਿਤੀ ਤੋਂ ਜਾਣੂ ਕਰਵਾਇਆ ਜਾਵੇਗਾ ਆਗੂਆਂ ਨੇ ਕਿਹਾ ਕਿ ਲਾਲ ਲਕੀਰ ਦੇ ਅੰਦਰ ਜੋ ਮਕਾਨ ਆਉਂਦੇ ਉਹਨਾਂ ਦੀਆਂ ਤਰੁੰਤ ਰਜਿਸਟਰੀਆਂ ਕੀਤੀਆ ਜਾਣ,ਸਰਕਾਰੀ ਤੇ ਪ੍ਰਾਈਵੇਟ ਕਰਜਾ ਮਾਅਫ ਕਰਵਾਉਣ ਲਈ  ਆਦਿ ਮੰਗਾਂ ਦੀ ਪੂਰਤੀ ਆਉਣ ਵਾਲੇ ਸਮੇਂ ਵਿੱਚ ਸਘੰਰਸ ਨੂੰ ਤੇਜ਼ ਕੀਤਾ ਜਾਵੇ ਆਗੂਆਂ ਨੇ ਰੈਲੀਆਂ ਨੂੰ ਸੰਬੋਧਨ ਕਰਦਿਆਂ ਇਹ ਵੀ ਕਿਹਾ ਕਿ 28 ਨਬੰਵਰ ਨੂੰ ਪੰਜਾਬ ਬਚਾਓ ਸੰਯੁਕਤ ਮੋਰਚਾ ਵੱਲੋਂ ਲੁਧਿਆਣਾ ਰੈਲੀ ਵਿੱਚ ਬਰਨਾਲਾ ਜਿਲ੍ਹੇ ਤੋਂ ਸੈਂਕੜੇ ਮਜਦੂਰ ਭਾਗ ਲੈਣਗੇ ਇਸ ਤੋਂ ਇਲਾਵਾ ਬੂਟਾ ਸਿੰਘ ਧੌਲਾ, ਸਾਧੂ ਸਿੰਘ ਛੀਨੀਵਾਲ ਕਲਾਂ, ਜਸਪਾਲ ਕੌਰ, ਨਛੱਤਰ ਸਿੰਘ, ਗੁਰਮੇਲ ਸਿੰਘ,ਕਿਰਨਜੀਤ ਕੌਰ,ਗੁਰਦੀਪ ਕੌਰ ਆਦਿ ਆਗੂ ਹਾਜਰ ਸਨ ।

ਭਾਈ ਰਣਜੀਤ ਸਿੰਘ ਖਾਲਸਾ ਨੂੰ ਗੁਰਦੁਆਰਾ ਦਸਮੇਸ਼  ਨਗਰ ਦੀ ਪ੍ਰਬੰਧਕ ਕਮੇਟੀ ਨੇ ਕੀਤਾ ਸਨਮਾਨਤ  

ਜਗਰਾਉਂ , 21 ਨਵੰਬਰ( ਗੁਰਕੀਰਤ ਜਗਰਾਉਂ) ਗੁਰਦੁਆਰਾ ਸਾਹਿਬ ਦਸ਼ਮੇਸ਼ ਨਗਰ ਜਗਰਾਓਂ ਵਿਖੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਮਾਗਮ ਦੌਰਾਨ ਭਾਈ ਰਣਜੀਤ ਸਿੰਘ ਖਾਲਸਾ ਦਮਦਮੀ ਟਕਸਾਲ ਵਾਲੇ ਜੋ ਕੇ ਗੁਰਦੁਆਰਾ ਦਸਮੇਸ਼ ਨਗਰ ਦੇ ਮੁੱਖ ਗ੍ਰੰਥੀ ਵੀ ਹਨ ਨੂੰ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ  ਬਾਬਾ ਬੁੱਢਾ ਜੀ ਸ਼੍ਰੋਮਣੀ ਗ੍ਰੰਥੀ ਸਭਾ ਜਗਰਾਉਂ ਦੇ ਮੁੱਖ ਸੇਵਾਦਾਰ ਬਣਨ ਤੇ ਮਾਣ ਸਨਮਾਨ ਕੀਤਾ ਗਿਆ  ।  ਉਸ ਸਮੇਂ ਪ੍ਰੈੱਸ ਨਾਲ ਗੱਲਬਾਤ ਕਰਦੇ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਸਰਦਾਰ ਮਨਜੀਤ ਸਿੰਘ ਨੇ ਦੱਸਿਆ ਭਾਈ ਸਾਹਿਬ ਦੀ ਸਿੱਖੀ ਪ੍ਰਤੀ ਲਗਨ  ਗੁਰੂ ਸਾਹਿਬ ਪ੍ਰਤੀ ਸ਼ਰਧਾ ਅਤੇ ਸਤਿਕਾਰ ਨੇ ਅੱਜ ਉਨ੍ਹਾਂ ਨੂੰ ਇਸ ਮੁਕਾਮ ਤੇ ਪਹੁੰਚਾਇਆ ਹੈ ਜਿਸ ਲਈ ਅਸੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਾਰੇ ਗੁਰਦੁਆਰਾ ਸਾਹਿਬ ਦੀ ਸੰਗਤ ਉਨ੍ਹਾਂ ਨੂੰ ਬਾਬਾ ਬੁੱਢਾ ਜੀ ਸ਼ਰੋਮਣੀ ਗ੍ਰੰਥੀ ਸਭਾ ਜਗਰਾਉਂ ਦੇ ਮੁਖ ਸੇਵਾਦਾਰ ਬਣਨ ਤੇ ਮੁਬਾਰਕਬਾਦ ਦਿੰਦੇ ਹਾ।  ਇਸ ਸਮੇਂ  ਭਾਈ ਮਨਜੀਤ ਸਿੰਘ ਪ੍ਰਧਾਨ,  ਰਵਿੰਦਰਜੀਤ ਸਿੰਘ ਸੀਨੀਅਰ ਮੀਤ ਪ੍ਰਧਾਨ  , ਬਸੰਤ ਸਿੰਘ ਦੀ ਮੀਤ ਪ੍ਰਧਾਨ  ,ਜਸਵਿੰਦਰ ਸਿੰਘ ਜਨਰਲ ਸਕੱਤਰ , ਕੁਲਦੀਪ ਸਿੰਘ ਕੈਸ਼ੀਅਰ  ,ਭਾਗ ਸਿੰਘ ਜਾਇੰਟ ਕੈਸ਼ੀਅਰ  ,ਵਜੀਰ ਸਿੰਘ ਜੁਆਇੰਟ ਕੈਸ਼ੀਅਰ  ,ਸੁਖਵੰਤ ਸਿੰਘ ,ਜਰਨੈਲ ਸਿੰਘ ,ਮੋਹਣ ਸਿੰਘ, ਜਗਤਾਰ ਸਿੰਘ ਸੇਖੋਂ, ਮਨਜੀਤ ਸਿੰਘ , ਹਰਬੇਲ ਸਿੰਘ ਢੋਲਣ ,ਰਾਜਿੰਦਰ ਸਿੰਘ  ,ਬਲਵੰਤ ਸਿੰਘ  ,ਪੁਸ਼ਪਿੰਦਰ ਸਿੰਘ  ਸਾਰੇ ਮੈਂਬਰ ਸਾਹਿਬਾਨ  ਆਦਿ ਹਾਜ਼ਰ ਸਨ  ।      

ਕੌਮਾਂ ਕੁਰਬਾਨੀਆਂ ਨਾਲ ਜਿਉਂਦੀਆਂ ਹਨ  - ਪ੍ਰਧਾਨ ਮੋਹਣੀ

 ਕਿਸਾਨੀ ਅੰਦੋਲਨ ਚ ਸਭ ਧਰਮਾਂ ਦੇ ਲੋਕਾਂ ਨੇ ਆਪਣਾ ਬਣਦਾ ਯੋਗਦਾਨ  ਪਾਇਆ
ਅਜੀਤਵਾਲ  (ਬਲਵੀਰ  ਸਿੰਘ ਬਾਠ)  ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਤਿੰਨ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਦੇ ਵੱਖ ਵੱਖ ਬਾਰਡਰਾਂ ਤੇ ਕਿਸਾਨਾਂ ਮਜ਼ਦੂਰਾਂ ਵੱਲੋਂ ਚੱਲ ਰਹੇ ਕਿਸਾਨੀ ਅੰਦੋਲਨ  ਡਾ ਸਭ ਧਰਮਾਂ ਦੇ ਲੋਕਾਂ ਨੇ ਆਪਣਾ ਬਣਦਾ ਯੋਗਦਾਨ ਪਾਇਆ ਹੈ ਅੱਜ ਜਿਉਂ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੋਦੀ ਵੱਲੋਂ ਇਹ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਦਾ ਐਲਾਨ ਕੀਤਾ  ਤਾਂ ਕਿਸਾਨਾਂ ਮਜ਼ਦੂਰਾਂ ਦੇ ਚਿਹਰਿਆਂ ਤੇ ਖੁਸ਼ੀ ਦੀ ਲਹਿਰ ਦੌੜ ਪਈ ਕਿਉਂਕਿ ਪਿਛਲੇ ਲੰਮੇ ਸਮੇਂ ਤੋਂ ਦੂਰ ਆਪਣਾ ਘਰ ਬਾਰ ਛੱਡ ਕੇ ਦਿੱਲੀ ਦੇ ਬਾਰਡਰਾਂ ਤੇ ਕਿਸਾਨੀ ਅੰਦੋਲਨ ਦਾ ਹਿੱਸਾ ਬਣੇ ਹੋਏ ਸਨ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪ੍ਰਧਾਨ ਮਨਜੀਤ ਸਿੰਘ ਮੋਹਣੀ ਨੇ ਜਨ ਸ਼ਕਤੀ ਨਿੋਓਜ਼ ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤਾ  ਪ੍ਰਧਾਨ ਮੋਹਣੀ ਨੇ ਦੱਸਿਆ ਕਿ ਕਿਸਾਨੀ ਅੰਦੋਲਨ ਨੂੰ ਸਫਲ ਬਣਾਉਣ ਲਈ ਦੇਸ਼ ਭਰ ਦੇ ਕਿਸਾਨਾਂ ਮਜ਼ਦੂਰਾਂ ਅਤੇ ਹਰੇਕ ਮਜ਼੍ਹਬ ਦੇ ਬੰਦਿਆਂ ਨੇ ਆਪਣਾ ਬਣਦਾ ਯੋਗਦਾਨ ਪਾਇਆ ਅਤੇ ਇਸ ਅੰਦੋਲਨ ਚ ਆਉਣ ਜਾਣ ਬਾਰੇ ਬਹੁਤ ਸਾਰੇ ਕਿਸਾਨ ਮਜ਼ਦੂਰ ਦੀਆਂ ਕਿਸਾਨੀ ਅੰਦੋਲਨ ਦੀ ਭੇਟ ਚੜ੍ਹੀਆਂ ਹਨ  ਪਰ ਮੇਰੇ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਨੇ ਆਪਣੀ ਜ਼ਿੰਮੇਵਾਰੀ ਨੂੰ ਬਾਖੂਬੀ ਨਾਲ ਨਿਭਾਇਆ ਉਨ੍ਹਾਂ ਕਿਹਾ ਕਿ ਕੌਮਾਂ ਕੁਰਬਾਨੀਆਂ ਨਾਲ ਹੀ ਜਿਊਂਦੀਆਂ ਹਨ ਜਿਹੜੀਆਂ  ਜਿਹੜੀਆਂ ਕੌਮਾਂ ਕੁਰਬਾਨੀ ਨੂੰ ਭੁੱਲ ਜਾਂਦੀਆਂ ਹਨ ਉਹ ਕੌਮਾਂ ਜਾਂਦੀਅਾਂ ਹਨ ਉਨ੍ਹਾਂ ਕਿਹਾ ਕਿ ਜਦੋਂ ਵੀ ਦੇਸ਼ ਤੇ ਭੀੜ ਪਈ ਤਾਂ ਮੇਰੇ ਦੇਸ਼ ਦੇ ਸੂਰਬੀਰ ਯੋਧਿਆਂ ਨੇ ਆਪਣੀਆਂ ਕੁਰਬਾਨੀਆਂ ਦੇ  ਧਰਮ ਅਤੇ ਦੇਸ਼ ਨੂੰ ਬਚਾਇਆ ਹੈ  ਉਨ੍ਹਾਂ ਕਿਸਾਨੀ ਅੰਦੋਲਨ ਦੇ ਰੱਦ ਕਰਨ ਦੇ ਹੁਕਮ ਤੇ ਅੱਜ ਕਿਸਾਨਾਂ ਮਜ਼ਦੂਰਾਂ ਅਤੇ ਕਿਸਾਨੀ ਅੰਦੋਲਨਾਂ ਚ ਬੈਠੇ ਦਿੱਲੀ ਵਿਖੇ ਹਵਾ ਨੂੰ ਵਧਾਈ ਦਿੰਦੇ ਹੋਏ ਸਬ ਦਾ ਦਿਲੋਂ ਧੰਨਵਾਦ ਕੀਤਾ

ਗੁਰਪੁਰਬ ਨੂੰ ਸਮਰਪਿਤ ਭਾਈ ਸਤਨਾਮ ਸਿੰਘ ਜੀ ਦੁਆਰਾ ਗਾਇਆ ਅਤੇ ਗਗਨਦੀਪ ਧਾਲੀਵਾਲ ਦਾ ਲਿਖਿਆ ਹੋਇਆ ਗੀਤ ਸਤਿਗੁਰ ਨਾਨਕ ਆਜਾ' ਖ਼ੂਬ ਚਰਚਾ 'ਚ ਵਿੱਚ

ਗਗਨਦੀਪ ਧਾਲੀਵਾਲ ਦਾ ਲਿਖਿਆ ਭਾਈ ਸਤਨਾਮ ਸਿੰਘ ਜੀ ਦੁਆਰਾ ਗਾਇਆ ਹੋਇਆ ਗੀਤ 'ਸਤਿਗੁਰ ਨਾਨਕ ਆਜਾ' ਗੁਰਦੁਆਰਾ ਸ੍ਰੀ ਗੁਲਾਬ ਸਰ ਸਾਹਿਬ (ਝਲੂਰ) ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ‘ਤੇ ਰਿਲੀਜ਼ ਕੀਤਾ ਗਿਆ —
ਗੁਰਪੁਰਬ ਨੂੰ ਸਮਰਪਿਤ ਭਾਈ ਸਤਨਾਮ ਸਿੰਘ ਜੀ ਦੁਆਰਾ ਗਾਇਆ ਅਤੇ ਗਗਨਦੀਪ ਧਾਲੀਵਾਲ ਦਾ ਲਿਖਿਆ ਹੋਇਆ ਗੀਤ ਸਤਿਗੁਰ ਨਾਨਕ ਆਜਾ' ਖ਼ੂਬ ਚਰਚਾ 'ਚ ਵਿੱਚ ਹੈ।
"ਸਤਿਗੁਰ ਨਾਨਕ ਆਜਾ"ਗੀਤ ਨੂੰ ਬਹੁਤ ਸਾਰਾ ਪਿਆਰ ਮਿਲ ਰਿਹਾ ਹੈ।
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ਤੇ ਕੱਲ ਗੁਰੂ ਸੰਗਤ ਟੀਵੀ ਦੇ ਬੈਨਰ ਹੇਠ " ਸਤਿਗੁਰ ਨਾਨਕ ਆਜਾ" ਗੀਤ ਰਿਲੀਜ਼ ਕੀਤਾ ਗਿਆ।ਜਿਸ ਨੂੰ ਆਪਣੀ ਸੁਰੀਲੀ ਆਵਾਜ ਨਾਲ 'ਭਾਈ ਸਤਨਾਮ ਸਿੰਘ ਜੀ' ਨੇ ਗਾਇਆ ਅਤੇ ਸਾਹਿਤਕਾਰ 'ਗਗਨਦੀਪ ਧਾਲੀਵਾਲ' ਜੀ ਦੁਆਰਾ ਕਲਮਬੰਦ ਕੀਤਾ ਗਿਆ ।ਅੱਜ ਮਿਤੀ 20 ਨਵੰਬਰ 2021 (05 ਮੱਘਰ, ਨਾਨਕ ਸ਼ਾਹੀ ਸੰਮਤ 553 ) ਦਿਨ ਸਨਿੱਚਰਵਾਰ ਨੂੰ
ਗੁਰਦੁਆਰਾ ਸ੍ਰੀ ਗੁਲਾਬ ਸਰ ਸਾਹਿਬ (ਝਲੂਰ) ਬਰਨਾਲਾ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ‘ਤੇ ਵਾਹਿਗੁਰੂ ਜੀ ਦੀ ਹਜ਼ੂਰੀ ਵਿੱਚ ਸੰਤ ਬਾਬਾ ਭਰਪੂਰ ਸਿੰਘ ਜੀ ,ਕਥਾਵਾਚਕ ਭਾਈ ਕੌਰ ਸਿੰਘ ਖ਼ਾਲਸਾ ਜੀ ਦੀ ਰਹਿਨੁਮਾਈ ਹੇਠ ਰਿਲੀਜ਼ ਕੀਤਾ ਗਿਆ।ਇਸ ਸਮੇਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪਰਵਿੰਦਰ ਸਿੰਘ ,ਸਮੂਹ ਸੰਗਤ,
ਕਮੇਟੀ ਦੇ ਮੈਂਬਰ ਵੀ ਸ਼ਾਮਿਲ ਸਨ।
ਸਾਹਿਤਕਾਰ 'ਗਗਨਦੀਪ ਧਾਲੀਵਾਲ' ਜੀ ਕੀਤੇ ਇਸ ਉਪਰਾਲੇ ਨੂੰ ਦਰਸ਼ਕਾ ਵੱਲੋਂ ਖੂਬ ਹੁੰਗਾਰਾ ਮਿਲ ਰਿਹਾ ਹੈ।ਇਸ ਗੀਤ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨਾ ਵਿੱਚ ਦੁਨੀਆ ਤੇ ਵਾਪਿਸ ਆਉਣ ਦੀ ਅਰਦਾਸ ਹੈ ਤੇ ਦੁਨਿਆਵੀ ਤੇ ਕਿਰਸਾਨੀ ਹਾਲਤਾਂ ਬਾਰੇ ਵੀ ਝਲਕ ਮਿਲਦੀ ਹੈ। ਗੀਤਕਾਰ ਗਗਨਦੀਪ ਧਾਲੀਵਾਲ ਜੀ ਨੇ ਦੱਸਿਆ ਹੈ ਕਿ ਇਸ ਗੀਤ ਨੂੰ ਤਿਆਰ ਕਰਨ ਵਿਚ ਮੁੱਖ ਯੋਗਦਾਨ 'ਕਰਮ ਮਹਿੰਮੀ' ਜੀ ਦਾ ਹੈ।ਉਹਨਾਂ ਕਿਹਾ ਕਿ ਗੀਤ ਨੂੰ ਪਿਆਰ ਕਰਨ ਲਈ ਸਮੂਹ ਸਰੋਤਿਆਂ, ਭਾਈ ਸਤਨਾਮ ਸਿੰਘ ਜੀ ਤੇ ਕਰਮ ਮਹਿੰਮੀ ਜੀ ਦਾ ਬਹੁਤ- ਬਹੁਤ ਧੰਨਵਾਦ ।

ਅਦਾਰਾ ਜਨ ਸ਼ਕਤੀ ਵੱਲੋਂ ਗਗਨਦੀਪ ਧਾਰੀਵਾਲ ਨੂੰ ਬਹੁਤ ਬਹੁਤ ਮੁਬਾਰਕਾਂ ਬਹੁਤੀ ਸੁੰਦਰ ਲਿਖਦੇ ਹੋ ਅਤੇ ਇਸ ਗੀਤ ਵਿੱਚ ਵੀ ਗੁਰੂ ਸਾਹਿਬ ਦੀ ਉਪਮਾ ਕਰਕੇ ਇਹ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਕੀਤਾ ਹੈ- ਸੰਪਾਦਕ ਅਮਨਜੀਤ ਸਿੰਘ ਖਹਿਰਾ

ਤਿੰਨ ਖੇਤੀ ਕਾਨੂੰਨਾਂ ਦੀ ਵਾਪਸ ਲੈਣ ਦੇ ਐਲਾਨ ਦੀ ਖੁਸ਼ੀ ਵਿਚ ਭਾਜਪਾ ਨੇ ਲੱਡੂ ਵੰਡੇ ਅਤੇ ਪਟਾਕੇ ਚਲਾਏ 

ਜਗਰਾਓਂ 20 ਨਵੰਬਰ (ਅਮਿਤ ਖੰਨਾ) ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਨੇ ਤਿੰਨ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਨਾਲ ਜਿਥੇ ਪੂਰੇ ਦੇਸ਼ ਦੇ ਕਿਸਾਨਾਂ ਵਿੱਚ ਖ਼ੁਸ਼ੀ ਦੀ ਲਹਿਰ ਚੱਲੀ  ਭਾਜਪਾਈਆਂ ਨੇ ਵੀ ਇਸ ਦਾ ਜ਼ੋਰਦਾਰ ਸਵਾਗਤ ਕੀਤਾ  ਝਾਂਸੀ ਰਾਣੀ ਚੌਕ ਵਿਖੇ ਖੇਤੀ ਕਾਨੂੰਨਾਂ ਦੀ ਵਾਪਸ ਲੈਣ ਦੇ ਐਲਾਨ ਦੀ ਖੁਸ਼ੀ ਵਿਚ ਭਾਜਪਾ ਨੇ ਲੱਡੂ ਵੰਡੇ ਅਤੇ ਪਟਾਕੇ ਚਲਾਏ  ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਗੌਰਵ ਖੁੱਲਰ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਤਿੰਨ ਨਵੇਂ ਕੀਤੀ ਕਾਨੂੰਨ ਕਿਸਾਨਾਂ ਦੀ ਬਿਹਤਰੀ ਲਈ ਬਣਾਏ ਸਨ ਪਰ ਕੁਝ ਕਿਸਾਨ ਇਸ ਦਾ ਵਿਰੋਧ ਕਰ ਰਹੇ ਸਨ ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ  ਸਰਬ ਸਾਂਝੀ  ਵਾਲਤਾ ਦਾ ਸੰਦੇਸ਼ ਦਿੱਤਾ  ਉਨ੍ਹਾਂ ਦੇ 552 ਵਾ ਪ੍ਰਕਾਸ਼ ਦਿਹਾੜੇ ਤੇ ਮੋਦੀ ਸਰਕਾਰ ਨੇ  ਪੰਜਾਬੀਆਂ ਨੂੰ ਪਹਿਲਾਂ ਕਰਤਾਰਪੁਰ ਲਾਂਘਾ ਖੋਲ੍ਹ ਕੇ  ਹੁਣ ਖੇਤੀ ਕਾਨੂੰਨ ਨੂੰ ਵਾਪਸ ਲੈਣ ਤੇ ਦੋ ਵੱਡੇ ਤੋਹਫੇ ਦਿੱਤੇ  ਉਨ੍ਹਾਂ ਕਿਹਾ ਕਿ ਇਸ  ਵੱਡੇ ਐਲਾਨ ਦੇ ਨਾਲ ਪੰਜਾਬ ਚ ਆਪਸੀ ਭਾਈਚਾਰਕ ਅਤੇ ਅਮਨ ਸ਼ਾਂਤੀ ਹੋਰ ਮਜ਼ਬੂਤ ਹੋਵੇਗੀ  ਇਸ ਮੌਕੇ ਮੰਡਲ ਪ੍ਰਧਾਨ ਹਨੀ ਗੋਇਲ, ਸੁਸ਼ੀਲ ਜੈਨ, ਸਥਿਤ ਗਰਗ, ਬਲੌਰ ਸਿੰਘ ਭੰਮੀਪੁਰਾ, ਰਾਕੇਸ਼ ਗੋਇਲ ,ਦਰਸ਼ਨ ਸਾਲ ਸ਼ੰਮੀ ,ਇੰਦਰਜੀਤ ਸਿੰਘ, ਰਜੇਸ਼ ਅਗਰਵਾਲ , ਸੁਰਜੀਵਨ ਬਾਂਸਲ, ਹਰੀ ਓਮ ਵਰਮਾ, ਪ੍ਰਦੀਪ ਗੁਪਤਾ, ਲਲਿਤ ਮੋਹਿਤ ਜੈਨ, ਅਮਿਤ ਸ਼ਰਮਾ, ਦਿਨੇਸ਼ ਪਾਠਕ,  ਸਤੀਸ਼ ਕਾਲੜਾ, ਜੋਗਿੰਦਰ ਚੌਹਾਨ ,ਗੁਰਕੀਰਤ ਸਿੰਘ ਆਦਿ ਹਾਜ਼ਰ ਸਨ

ਸੁਸ਼ੀਲ ਬਾਂਸਲ ਸਟੇਟ ਫ਼ਾਰਮੇਸੀ ਕੌਸ਼ਲ ਪੰਜਾਬ ਸਰਕਾਰ ਦੇ ਪ੍ਰਧਾਨ ਚੁਣੇ ਗਏ 

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸੌਂਪਿਆ ਨਿਯੁਕਤੀ ਪੱਤਰ 
 
ਮਹਿਲਕਲਾਂ /ਬਰਨਾਲਾ- 20 ਨਵੰਬਰ- (ਗੁਰਸੇਵਕ ਸੋਹੀ )ਸ਼ਹੀਦ ਭਗਤ ਸਿੰਘ ਕਾਲਜ ਆਫ ਫਾਰਮੇਸੀ ਤੇ ਮਾਲਵਾ ਕਾਲਜ ਆਫ ਨਰਸਿੰਗ ਮਹਿਲ ਕਲਾਂ ਦੇ ਮੈਨੇਜਿੰਗ ਡਾਇਰੈਕਟਰ ਸੁਸ਼ੀਲ ਕੁਮਾਰ ਬਾਂਸਲ ਪੰਜਾਬ ਸਟੇਟ ਫ਼ਾਰਮੇਸੀ ਕੌਸ਼ਲ ਮੁਹਾਲੀ ਦੇ ਸਰਬਸੰਮਤੀ ਨਾਲ ਪ੍ਰਧਾਨ ਚੁਣੇ ਗਏ। ਨਵ ਨਿਯੁਕਤ ਪ੍ਰਧਾਨ ਸੁਸ਼ੀਲ ਕੁਮਾਰ ਬਾਂਸਲ ਨੂੰ ਪੰਜਾਬ ਸਟੇਟ ਫ਼ਾਰਮੇਸੀ ਕੌਸ਼ਲ ਦੀ ਪ੍ਰਧਾਨਗੀ ਦਾ ਨਿਯੁਕਤੀ ਪੱਤਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਮੈਡੀਕਲ ਸਿੱਖਿਆ ਤੇ ਖੋਜ ਵਿਭਾਗ ਦੇ ਕੈਬਨਿਟ ਮੰਤਰੀ ਰਾਜ ਕੁਮਾਰ ਵੇਰਕਾ ਵੱਲੋਂ ਸੌਂਪਿਆਂ ਗਿਆ ।ਇਸ ਚੋਣ 'ਚ ਕੁਲਦੀਪ ਨੰਦਾ ਨੂੰ  ਕੌਸ਼ਲ ਦਾ ਵਾਈਸ ਪ੍ਰਧਾਨ ਚੁਣ ਲਿਆ ਗਿਆ ।ਇਸ ਸਬੰਧੀ ਗੱਲਬਾਤ ਕਰਦਿਆਂ ਪ੍ਰਧਾਨ ਸੁਸ਼ੀਲ ਬਾਂਸਲ ਨੇ ਦੱਸਿਆ ਕਿ ਪੰਜਾਬ ਸਰਕਾਰ ਮੈਡੀਕਲ ਸਿੱਖਿਆ ਤੇ ਖੋਜ ਵਿਭਾਗ ਵੱਲੋਂ ਪੰਜਾਬ ਫਾਰਮੇਸੀ ਕੌਸ਼ਲ ਮੁਹਾਲੀ ਨੂੰ  ਜਾਰੀ ਕੀਤੇ ਨੋਟੀਫਿਕੇਸ਼ਨ ਦੇ ਅਧਾਰ ਤੇ ਸਟੇਟ ਫਾਰਮੇਸੀ ਕੌਸ਼ਲ ਮੁਹਾਲੀ ਦੇ ਪ੍ਰਧਾਨ ਤੇ ਵਾਈਸ ਪ੍ਰਧਾਨ ਦੀ ਚੋਣ ਲਈ ਹੋਈ ਹੈ | ਇਸ ਚੋਣ ਦੀ ਸਾਰੀ ਪ੍ਰੀਕਿਰਿਆ ਅਬਜਰਵਰ ਰਾਹੁਲ ਗੁਪਤਾ ਆਈ ਏ ਐਸ ਦੀ ਦੇਖ ਰੇਖ ਹੇਠ ਮੁਕੰਮਲ ਹੋਈ ਹੈ ਬਾਂਸਲ ਨੇ ਕਿਹਾ ਕਿ ਉਹ ਆਪਣੀ ਬਣਦੀ ਜਿੰਮੇਵਾਰੀ ਨੂੰ ਸੇਵਾ ਭਾਵਨਾ ਤੇ ਤਨਦੇਹੀ ਨਾਲ ਨਿਭਾਉਣਗੇ ।ਇਸ ਮੌਕੇ ਰਿਟਰਨਿੰਗ ਅਫਸਰ ਕਮ ਰਜਿਸਟਰ ਡਾ. ਜਸਵੀਰ ਸਿੰਘ ,ਆਯੂਰਵੈਦਿਕ ਦੇ ਰਜਿਸਟਰਾਰ ਸੰਜੀਵ ਗੋਇਲ, ਸ਼ਹੀਦ ਸੁਖਦੇਵ ਫ਼ਾਰਮੇਸੀ ਕਾਲਜ ਸੰਗਰੂਰ ਦੇ ਪ੍ਰਬੰਧਕੀ ਡਾਇਰੈਕਟਰ ਸੰਜੈ ਬਾਂਸਲ ਤੇ ਪੰਜਾਬ ਨਰਸਿੰਗ ਕੌਸਲ ਦੇ ਰਜਿਸਟਰਾਰ ਪੁਨੀਤ ਗਿਰਦਰ ਵੱਲੋਂ ਪ੍ਰਧਾਨ ਸੁਸ਼ੀਲ ਬਾਂਸਲ ਤੇ ਵਾਈਸ ਪ੍ਰਧਾਨ ਕੁਲਦੀਪ ਨੰਦਾ ਨੂੰ  ਵਧਾਈ ਦਿੱਤੀ। ਇਸ ਚੋਣ ਸਮੇਂ ਗੁਰੂ ਫ਼ਾਰਮੇਸੀ ਕਾਲਜ ਦੇ ਚੇਅਰਮੈਨ ਹਰਮੇਸ਼ ਕੁਮਾਰ, ਪੰਜਾਬ ਮੈਡੀਕਲ ਕੌਸ਼ਲ ਦੇ ਪ੍ਰਧਾਨ ਡਾ ਏਐਸ ਸੇਖੋਂ ,ਆਜ਼ਾਦ ਪ੍ਰੈਸ ਕਲੱਬ ਮਹਿਲ ਕਲਾਂ ਦੇ ਚੇਅਰਮੈਨ ਤਰਸੇਮ ਸਿੰਘ ਗਹਿਲ, ਸਟੇਟ ਡਰੱਗ ਕੰਟੋ੍ਰਲਰ ਸੰਜੀਵ ਕੁਮਾਰ, ਮੈਡੀਕਲ ਸਿੱਖਿਆ ਵਿਭਾਗ ਦੇ ਡਾਇਰੈਕਟਰ ਅਵਨੀਸ਼ ਕੁਮਾਰ, ਕੌਸ਼ਲ ਦੇ ਸੁਪਰਡੈਂਟ ਅਸ਼ੋਕ ਕੁਮਾਰ, ਦੀਪਕ ਗੋਇਲ, ਡਾ ਪੁਨੀਤ ਬਾਂਸਲ,ਸਟੇਟ ਗੌਰਮਿੰਟ ਐਨਾਲਿਟਸਟ ਪੰਕਜ ਸਰੀਨ, ਕੌਸ਼ਲ ਮੈਂਬਰ ਸੁਖਵਿੰਦਰਪਾਲ, ਰੋਹਿਤ ਕੌਸ਼ਲ, ਸੁਰਿੰਦਰ ਸ਼ਰਮਾ, ਦੀਪਕ ਕੌਸ਼ਲ ਸਮਾਣਾ,  ਸਾਹਿਲ ਮਿੱਤਲ ,ਰਜਤ ਕੁਮਾਰ ਪਟਿਆਲਾ ਤੇ ਦੀਪਕ ਜਿੰਦਲ ਬਰਨਾਲਾ ਹਾਜ਼ਰ ਸਨ।

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਪ੍ਰਿੰਸੀਪਲ ਸਕੱਤਰ ਸ੍ਰੀ ਹੁਸਨ ਲਾਲ ਜੀ ਨਾਲ ਹੋਈ ਮੀਟਿੰਗ.....ਡਾ. ਕਾਲਖ  

ਮੈਡੀਕਲ ਪ੍ਰੈਕਟੀਸ਼ਨਰਾਂ ਦਾ ਪਹਿਲ ਦੇ ਆਧਾਰ ਤੇ ਕਰਾਂਗੇ ਮਸਲਾ ਹੱਲ.... ਸ਼੍ਰੀ ਹੁਸਨ ਲਾਲ    
    ਮਹਿਲ ਕਲਾਂ/ ਬਰਨਾਲਾ- 20 ਨਵੰਬਰ-  (ਗੁਰਸੇਵਕ ਸੋਹੀ)- ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ  (ਰਜਿ 295) ਦੀ ਕੋਰ ਕਮੇਟੀ ਵਲੋਂ ਅੱਜ ਪੰਜਾਬ ਦੇ ਪ੍ਰਿੰਸੀਪਲ ਸਕੱਤਰ ਸ੍ਰੀ ਹੁਸਨ ਲਾਲ ਜੀ ਨਾਲ ਮੀਟਿੰਗ ਕੀਤੀ ਗਈ। ਜਿਸ ਵਿੱਚ ਪੰਜਾਬ ਦੀ ਕੋਰ ਕਮੇਟੀ ਵਲੋਂ ਆਪਣੇ ਮਸਲੇ ਨੂੰ ਹਲ ਕਰਨ ਕਰਨ ਲਈ ਉਭਰਵੇਂ ਢੰਗ ਨਾਲ ਪੇਸ਼ ਕੀਤਾ ਗਿਆ ।
    ਅੱਜ ਦੀ ਮੀਟਿੰਗ ਦੀ ਪ੍ਰਧਾਨਗੀ ਡਾਕਟਰ ਸਤਨਾਮ ਸਿੰਘ ਜੀ ਦਿਓ ਵਰਕਿੰਗ ਪ੍ਰਧਾਨ ਪੰਜਾਬ ਨੇ ਕੀਤੀ। ਉਹਨਾਂ ਨਾਲ ਡਾ ਜਸਵਿੰਦਰ ਕਾਲਖ  ਜਨਰਲ ਸਕੱਤਰ ਮੈਡੀਕਲ ਪ੍ਰੈਕਟੀਸ਼ਨਰ ਪੰਜਾਬ, ਡਾ ਮਾਘ ਸਿੰਘ ਜੀ ਮਾਣਕੀ ਸੂਬਾ ਕੈਸ਼ੀਅਰ, ਡਾਕਟਰ ਠਾਕੁਰਜੀਤ ਸਿੰਘ ਚੇਅਰਮੈਨ ਪੰਜਾਬ ,ਡਾਕਟਰ ਬਲਕਾਰ ਸਿੰਘ ਜੀ ਸੇਰਗਿਲ ਸੀਨੀਅਰ ਮੀਤ ਪ੍ਰਧਾਨ ਪੰਜਾਬ, ਡਾ ਗੁਰਮੀਤ ਸਿੰਘ ਮੀਤ ਪ੍ਰਧਾਨ  ਰੋਪੜ ,ਡਾ ਗੁਰਮੁੱਖ ਸਿੰਘ ਜੀ ਮੋਹਾਲੀ, ਮੀਤ ਪ੍ਰਧਾਨ ਡਾ ਸੁਰਿੰਦਰ ਜੈਨਪੁਰੀ ਸਹਿ ਕੈਸੀਅਰ ਪੰਜਾਬ ,ਹਾਜ਼ਰ ਸਨ। 
   ਆਗੂਆਂ ਨੇ ਸਾਂਝੇ ਤੌਰ ਤੇ ਸ੍ਰੀ ਹੁਸਨ ਲਾਲ ਜੀ ਨਾਲ ਮੀਟਿੰਗ ਦੌਰਾਨ ਕਿਹਾ ਕਿ ਸਾਡਾ ਮਸਲਾ ਲੋਕਾਂ ਨਾਲ ਸਿੱਧੇ ਤੌਰ ਜੁੜਿਆ ਹੋਇਆ ਹੈ। ਅਸੀ 24 ਘੰਟੇ ਲੋਕਾਂ ਨੂੰ ਮੁਢਲੀਆਂ ਤੇ ਸਸਤੀਆਂ ਸਿਹਤ ਸਹੂਲਤਾਂ ਦੇ ਰਹੇ ਹਾਂ ।ਸਾਨੂੰ ਪੰਜਾਬ  ਵਿੱਚ ਕਾਨੂੰਨੀ ਤੌਰ ਤੇ ਕੰਮ ਕਰਨ ਦਾ ਅਧਿਕਾਰ ਦਿੱਤਾ ਜਾਵੇ ।ਚਾਹੇ ਉਹ ਕਿਸੇ ਵੀ ਪੈਥੀ ਵਿੱਚ ਦਿੱਤਾ ਜਾਵੇ। ਸੀ੍ ਹੁਸਨ ਲਾਲ ਜੀ ਵਲੋਂ ਵਿਸ਼ਵਾਸ ਦਵਾਇਆ ਕਿ ਜਲਦ ਹੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਮੀਟਿੰਗ ਕਰਵਾਈ ਜਾਵੇਗੀ ਅਤੇ ਮਸਲੇ ਦਾ ਠੋਸ ਹੱਲ ਕੱਢਿਆ ਜਾਵੇਗਾ ।
    ਆਗੂਆਂ ਨੇ ਇਸ ਮੀਟਿੰਗ ਤੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਸਰਕਾਰੀ ਅਫਸਰਸ਼ਾਹੀ ਨਾਲ ਹੋਈ ਮੀਟਿੰਗ ਮੈਡੀਕਲ ਪ੍ਰੈਕਟੀਸ਼ਨਰਾਂ ਦੇ ਮਸਲੇ ਸਬੰਧੀ ਨਿਵੇਕਲੀ ਪਹਿਲ ਹੈ।
   ਇਸ ਮੌਕੇ ਡਾਕਟਰ ਬਲਕਾਰ ਕਟਾਰੀਆ ਜੀ ਜਿਲ੍ਹਾ ਪ੍ਰਧਾਨ ਨਵਾ ਸਹਿਰ, ਡਾ ਪਰੇਮ ਸਲੋਹ ਜਰਨਲ ਸਕੱਤਰ ਸਹੀਦ ਭਗਤ ਸਿੰਘ ਨਗਰ,ਡਾ ਰਾਜਿੰਦਰ ਲੱਕੀ ਜੀ ਜਿਲ੍ਹ ਆਰਗੇਨਾਈਜੇਸ਼ਨ ਸਕੱਤਰ ,ਡਾ ਅੰਮਿਤ ਲਾਲ ਬਲਾਕ ਬੰਗਾ ਹਾਜਰ ਸਨ।

ਕਿਸਾਨੀ ਸੰਘਰਸ਼ ਨੂੰ ਪਿਆ ਬੂਰ ✍️. ਸੰਜੀਵ ਸਿੰਘ ਸੈਣੀ, ਮੋਹਾਲੀ

ਗੁਰੂ ਨਾਨਕ ਦੇਵ ਜੀ ਦੇ 552ਵੇਂ ਪ੍ਰਕਾਸ਼ ਪੁਰਬ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਤਿੰਨੇ ਖੇਤੀ ਕਾਨੂੰਨਾਂ  ਨੂੰ ਰੱਦ ਕਰਨ ਦੇ ਐਲਾਨ ਨਾਲ ਪੂਰੇ ਦੇਸ਼ 'ਚ ਜਸ਼ਨ ਦਾ ਮਾਹੌਲ ਹੈ। 26 ਨਵੰਬਰ ਨੂੰ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਕਿਸਾਨਾਂ ਨੂੰ ਪੂਰਾ ਇਕ ਵਰ੍ਹਾ ਹੋ ਜਾਣਾ ਸੀ। ਪੰਜਾਬ ਤੋਂ ਸ਼ੁਰੂ ਹੋਇਆ ਇਹ ਅੰਦੋਲਨ ਜਨ-ਅੰਦੋਲਨ ਬਣ ਗਿਆ ਸੀ। ਕਿਸਾਨਾਂ ਨੂੰ ਵੱਖਵਾਦੀ, ਮਾਓਵਾਦੀ ,ਅੱਤਵਾਦੀ ਕਹਿ ਕੇ ਝੰਜੋੜਿਆ ਗਿਆ। ਹਰਿਆਣਾ ਸਰਕਾਰ ਵੱਲੋਂ ਵੀ ਆਪਣੇ ਵੱਲੋਂ ਪੂਰੀ ਵਾਹ ਲਗਾਈ ਗਈ। ਸੜਕਾਂ ਪੁੱਟੀਆਂ ਗਈਆਂ। ਕੰਡਿਆਲੀ ਤਾਰਾਂ ਦਾ ਜਾਲ ਵਿਛਾਇਆ ਗਿਆ। ਪਾਣੀ ਦੀਆਂ ਬੁਛਾੜਾਂ ਦੀ ਪ੍ਰਵਾਹ ਕੀਤੇ ਬਿਨਾਂ ਹੀ ਕਿਸਾਨਾਂ ਨੇ ਦਿੱਲੀ ਡੇਰੇ ਲਾ ਲਏ। ਕੇਂਦਰ ਸਰਕਾਰ ਤੇ ਕਿਸਾਨਾਂ ਦਰਮਿਆਨ 11 ਮੀਟਿੰਗਾਂ ਹੋਈਆਂ, ਪਰ ਕੋਈ ਸਾਰਥਿਕ ਨਤੀਜਾ ਨਹੀਂ ਨਿਕਲਿਆ।ਲਖੀਮਪੁਰ ਗੋਲੀਕਾਂਡ ਤਾਂ ਕਦੇ ਵੀ ਨਹੀਂ ਭੁਲਾਇਆ ਜਾ ਸਕਦਾ। 700 ਤੋਂ ਵੱਧ ਕਿਸਾਨਾਂ ਦੀ ਸ਼ਹਾਦਤ ਨੂੰ ਯਾਦ ਕਰ ਕੇ  ਅੱਜ ਮਨ ਦੁੱਖੀ ਵੀ ਹੈ। ਕਿਸਾਨਾਂ ਤੇ ਲਾਠੀਆਂ ਵਰਾਉਣ ਵਾਲਿਆਂ ਨੂੰ ਵੀ ਲੰਗਰ ਛਕਾਇਆ ਗਿਆ। ਬਰੂਹਾਂ ਦੇ ਨਾਲ ਵਸਦੇ ਪਿੰਡਾਂ ਦੇ ਲੋਕਾਂ ਨੇ ਕਿਸਾਨਾਂ ਨੂੰ ਭਰਪੂਰ ਸਮਰਥਨ ਦਿੱਤਾ।  ਕਿਸਾਨਾਂ ਨੂੰ ਆਪਣੇ ਮਹਿਮਾਨ ਦੱਸਿਆ। ਗਰੀਬ ਤਬਕੇ ਨੇ ਪਰ ਪੇਟ ਖਾਣਾ ਖਾਧਾ। ਇਹ ਵੀ ਕਿਹਾ ਗਿਆ ਕਿ ਏ ਸਰਦਾਰ ਜਹਾ ਭੀ ਜਾਤੇ ਹੈਂ, ਦਿਲ ਖੋਲ੍ਹ ਕੇ ਲੰਗਰ ਲਗਾ ਦੇਤੇ ਹੈ।ਕਿਸਾਨ ਜਥੇਬੰਦੀਆਂ ਵੱਲੋਂ ਕਈ ਵਾਰ ਭਾਰਤ ਬੰਦ ਦੇ ਸੱਦੇ ਵੀ ਕੀਤੇ ਗਏ।  ਜਿਸ ਵਿੱਚ ਹਰ ਵਰਗ ਨੇ ਆਪਣੀ ਭਰਪੂਰ ਹਾਜ਼ਰੀ ਭਰੀ। ਰੇਲ ਚੱਕਾ ਜਾਮ ਵੀ ਕੀਤਾ ਗਿਆ। ਬਰੂਹਾਂ ਤੇ ਆਜ਼ਾਦੀ ਦਿਹਾੜੇ ਵੀ ਮਨਾਏ ਗਏ।26 ਜਨਵਰੀ ਨੂੰ ਬਰੂਹਾਂ ਤੇ ਟਰੈਕਟਰ ਪਰੇਡ ਵੀ ਕੱਢੀ ਗਈ। ਵਿਰੋਧੀ ਤਾਕਤਾਂ ਨੇ ਅੰਦੋਲਨ ਨੂੰ ਢਾਹ ਲਾਉਣ ਲਈ ਪੂਰੀ ਕੋਸ਼ਿਸ਼ ਕੀਤੀ। ਪਰ ਉਹ ਆਪਣੇ ਮਕਸਦ ਵਿੱਚ ਕਾਮਯਾਬ ਨਹੀਂ ਹੋ ਸਕੀਆਂ। ਜਿਨ੍ਹਾਂ ਸੂਬਿਆਂ ਵਿਚ ਵੋਟਾਂ ਸਨ, ਕਿਸਾਨਾਂ ਵੱਲੋਂ ਕੇਂਦਰ ਸਰਕਾਰ ਦਾ ਵਿਰੋਧ ਕੀਤਾ ਗਿਆ। ਜਿਮਨੀ ਚੋਣਾਂ ਵਿੱਚ ਕੇਂਦਰ ਸਰਕਾਰ ਨੂੰ ਬਹੁਤ ਬੁਰੀ ਤਰਾ ਸ਼ਰਮਿੰਦਾ ਹੋਣਾ ਪਿਆ। ਇੱਥੋਂ ਤੱਕ ਕਿ ਕਈ ਸੂਬਿਆਂ 'ਚ ਪਾਰਟੀ ਦੇ ਨੁਮਾਇੰਦਿਆਂ ਦੀਆਂ ਜਮਾਨਤਾਂ ਜਬਤ ਹੋ ਗਈਆਂ। ਹਮੇਸ਼ਾ ਹੀ ਕੇਂਦਰ ਦੇ ਵਜ਼ੀਰ ਇਨ੍ਹਾਂ ਬਿੱਲਾਂ ਦੀ ਵਕਾਲਤ ਕਰਦੇ ਆਏ ਸਨ। ਲੋਕਤੰਤਰ ਵਿੱਚ ਕਦੇ ਵੀ ਇੱਕ ਤਰਫ਼ਾ ਫ਼ੈਸਲਾ ਨਹੀਂ ਚੱਲ ਸਕਦਾ। ਅੱਜ ਕਿਸਾਨਾਂ ਨੇ ਆਪਣੀ ਆਵਾਜ਼ ਬੁਲੰਦ ਕਰਕੇ ਜ਼ੁਲਮ ਦੇ ਖਿਲਾਫ ਆਵਾਜ਼ ਉਠਾਈ ਹੈ। ਇਹ ਏਕੇ ਦੀ ਤਾਕਤ ਹੈ। ਹੁਣ ਪ੍ਰਧਾਨ ਮੰਤਰੀ ਨੂੰ ਜਲਦੀ ਤੋਂ ਜਲਦੀ ਮਾਹਿਰਾਂ ਨੂੰ ਨਾਲ ਲੈ ਕੇ  ਐਮ ਐਸ ਪੀ  ਨੂੰ ਕਾਨੂੰਨੀ ਜਾਮਾ ਪਹਿਨਾਉਣਾ ਚਾਹੀਦਾ ਹੈ। ਤਾਂ ਜੋ ਕਿਸਾਨ ਆਪਣੇ ਖੇਤਾਂ ਵਿਚ ਜਾ ਕੇ ਖ਼ੁਸ਼ੀ ਖ਼ੁਸ਼ੀ ਕੰਮ ਕਰਨ ਤੇ ਦੇਸ਼ ਦੇ ਅੰਨ ਭੰਡਾਰ ਨੂੰ ਭਰਨ ਵਿੱਚ ਆਪਣਾ ਹੋਰ ਸਹਿਯੋਗ ਕਰਨ।

 

ਸੰਜੀਵ ਸਿੰਘ ਸੈਣੀ, ਮੋਹਾਲੀ

ਸਮਰਪਿਤ ਨਾਨਕ ਨੂੰ! ✍️. ਸਲੇਮਪੁਰੀ ਦੀ ਚੂੰਢੀ

ਸਮਰਪਿਤ ਨਾਨਕ ਨੂੰ!
- ਹੇ ਨਾਨਕ! 
ਤੂੰ ਸਮਾਜਿਕ ਕੁਰੀਤੀਆਂ ਵਿਰੁੱਧ 
ਬਗਾਵਤ ਦਾ ਝੰਡਾ ਗੱਡਿਆ ਸੀ! 
ਤੇ ਅਸੀਂ - 
ਸਮਾਜਿਕ ਕੁਰੀਤੀਆਂ 
ਵਿਚ ਡੁੱਬ ਚੁੱਕੇ ਹਾਂ! 
ਤੂੰ ਵਹਿਮਾਂ-ਭਰਮਾਂ ਦਾ 
ਕੀਲਾ ਪੁੱਟਿਆ ਸੀ! 
ਸਾਡਾ ਪਲ ਪਲ 
ਵਹਿਮਾਂ-ਭਰਮਾਂ, 
ਅੰਧ-ਵਿਸ਼ਵਾਸ਼ਾਂ ਵਿਚ 
ਗੁਜਰਦਾ ਹੈ! 
ਤੂੰ ਜਾਤਾਂ -ਕੁਜਾਤਾਂ ਦਾ
 ਜੂੜ ਵੱਢਿਆ ਸੀ! 
ਅਸੀਂ ਜਾਤਾਂ-ਕੁਜਾਤਾਂ ਦੇ 
ਨਾਉਂ 'ਤੇ 
ਗੁਰਦੁਆਰੇ ਉਸਾਰਕੇ 
ਤੇਰੇ ਉਪਦੇਸ਼ਾਂ ਦੀ
 ਰੋਜ ਬੇਅਦਬੀ ਕਰਦੇ ਹਾਂ! 
ਤੂੰ ਹੱਥੀਂ ਕਿਰਤ ਕਮਾਈ ਨੂੰ 
ਉਤਮ ਦੱਸਿਆ ਸੀ! 
ਤੇ ਅਸੀਂ ਤਾਂ 
 ਹੇਰਾਫੇਰੀਆਂ, 
ਬੇਈਮਾਨੀਆਂ,
 ਰਿਸ਼ਵਤਾਂ, 
ਠੱਗੀਆਂ ਦੀ ਲੁੱਟ ਨੂੰ 
ਉਤਮ ਕਮਾਈ ਸਮਝਦੇ ਹਾਂ! 
ਤੂੰ ਪਾਖੰਡੀਆਂ ਦੇ ਡੇਰਿਓੰ 
ਜਾਣ ਤੋਂ ਡੱਕਿਆ ਸੀ! 
ਅਸੀਂ ਤਾਂ ਪਾਖੰਡੀਆਂ ਨੂੰ 
'ਸੱਭ ਕੁਝ' ਸਮਝ ਬੈਠੇ ਹਾਂ!  
ਤੂੰ ਜੱਗ ਦੀ ਜਨਨੀ ਨੂੰ 
ਉੱਚਾ ਚੁੱਕਿਆ ਸੀ!
ਅਸੀਂ ਜੱਗ ਦੀ ਜਨਨੀ ਲਈ
ਮਾਂ ਦੀ ਕੁੱਖ ਵਿੱਚ
ਮੜ੍ਹੀਆਂ ਬਣਾ ਕੇ
ਰੱਖ ਦਿੱਤੀਆਂ ਨੇ!
ਹੇ ਨਾਨਕ!
ਅਸੀਂ ਤੈਨੂੰ ਆਪਣਾ ਮੰਨਦੇ ਹਾਂ!
ਪਰ-
ਤੇਰੀ ਮੰਨਦੇ ਨਹੀਂ!
ਤੂੰ ਹਊਮੈੰ ਨੂੰ ਮਾਰਨ ਲਈ 
ਆਖਿਆ ਸੀ! 
ਅਸੀਂ ਤਾਂ ਹਊਮੈੰ ਵਿਚ 
ਅੰਨ੍ਹੇ ਹੋਏ 
ਤੇਰਾ ਜਨਮ ਦਿਨ ਮਨਾਉਣ ਲਈ
ਇੱਕਮੱਤ ਨਹੀਂ ਹੋਏ!
ਫਿਰ -
ਅਸੀਂ ਤੇਰੇ ਕਿਥੋਂ ਹੋ ਜਾਵਾਂਗੇ!
ਤੂੰ ਤਾਂ - 
ਹੱਸਣ, ਖੇਡਣ ਨੂੰ
ਸਰੀਰ ਦਾ ਨਸ਼ਾ ਦੱਸਿਆ ਸੀ!
ਅਸੀਂ ਤਾਂ 'ਚਿੱਟੇ' ਨੂੰ 
 ਤਨ-ਮਨ ਦਾ ਨਸ਼ਾ
ਸਮਝ ਬੈਠੇ ਹਾਂ!
ਸਾਨੂੰ ਸਮਝ ਨਹੀਂ ਆਉਂਦੀ 
ਕਿ-
ਤੇਰੀ ਵਿਚਾਰਧਾਰਾ ਦਾ ਨਸ਼ਾ 
ਸਾਨੂੰ ਕਦੋਂ ਚੜੂਗਾ? 
ਹਾਂ - 
ਤੇਰੇ ਉਪਦੇਸ਼ ਦੀ ਪਾਲਣਾ ਕਰਦਿਆਂ  - 
ਭੁੱਖਿਆਂ ਨੂੰ ਅੰਨ 
ਖੁਆਉਣ ਦੀ 
ਤੇਰੀ ਰੀਤ ਨੂੰ
ਅਸੀਂ - 
ਜਰੂਰ ਜਾਰੀ ਰੱਖਿਆ ਹੈ! 
-ਸੁਖਦੇਵ ਸਲੇਮਪੁਰੀ 
09780620233 
19 ਨਵੰਬਰ, 2021.

ਗੁਰੂ ਨਾਨਕ ਦੇ ਪੈਰ ✍️. ਸ਼ਿਵਨਾਥ ਦਰਦੀ

ਤੂੰ ਨੂਰਾਨੀ , ਚਿਹਰੇ ਵੱਲ ਕੀ ਤੱਕਦਾ ,

ਕਦੇ ਗੁਰੂ ਨਾਨਕ ਦੇ , ਪੈਰਾਂ ਵੱਲ ਵੀ ਤੱਕ ,

ਚਾਰ ਦਿਸ਼ਾਵਾਂ , ਘੁੰਮੀਆਂ ਜਿਨ੍ਹਾਂ ਨੇ 

ਓਹ ਫੇਰ ਵੀ ਨਾ ਹੋਏ ,ਥੱਕ ।

ਤੂੰ ਨੂਰਾਨੀ __________________

ਕਈ ਮਿੱਟੀਆਂ ਨੇ , ਕੀਤਾ ਗੰਦਾ 

ਤੇ ਕਈ ਪਾਣੀਆਂ ਨੇ , ਧੋਇਆ 

ਧੰਨ ਸੀ , ਓਹ ਮਿੱਟੀ ਪਾਣੀ 

ਜਿਨ੍ਹਾਂ , ਗੁਰੂ ਨਾਨਕ ਦੇ ਪੈਰਾਂ ਨੂੰ ਛੋਹਿਆ 

ਜਿਊਂਦੇ ਨੇ , ਓਹ ਵਿਚ ਬ੍ਰਹਿਮੰਡ ਦੇ  

ਬਣ ਬਣ , ਕਈ ਓਹ ਲੱਖ ।

ਤੂੰ ਨੂਰਾਨੀ ____________________

ਠੇਡੇ ਖਾਦੇ , ਕਈ ਪੱਥਰਾਂ ਤੋਂ 

ਪੈਰੀਂ ਕੰਡੇ ਚੁਭੇ , ਕਈ ਹਜ਼ਾਰ 

ਚਲਦੇ ਰਹੇ , ਵੱਲ ਮੰਜ਼ਿਲ ਦੇ 

ਕਹਿ , ਇਕੋ ਹੈ ਨਿਰੰਕਾਰ 

ਹਰ ਪਾਸੇ , ਬਸ ਓਹੀ ਵਸਦਾ 

ਜਾ ਮੱਕੇ ਕੱਢਿਆ ਸੱਕ ।

ਤੂੰ ਨੂਰਾਨੀ __________________

ਜਿਥੇ ਗੁਰੂ ਨਾਨਕ ਜੀ  ,ਜਨਮ ਲਿਆ 

ਨਨਕਾਣਾ ਸਾਹਿਬ ਹੈ , ਲੋਕੋ ਧੰਨ

ਹਲ ਚਲਾਇਆ , ਗੁਰੂ ਨਾਨਕ ਜੀ

ਕਰ ਖੇਤੀ , ਉਗਾਇਆ ਲੋਕੋ ਅੰਨ 

ਉਸ ਮਿੱਟੀ ਨੂੰ , ਮੈਂ ਸਿਜਦਾ ਕਰਦਾ 

ਮੱਥੇ ਲਾਵਾਂ , ਮੈਂ ਓਹਨੂੰ ਚੱਕ ।

ਤੂੰ ਨੂਰਾਨੀ ______________

ਕੌਡੇ ਰਾਕਸ਼ , ਕਈ ਵਲੀ ਕੰਧਾਰੀ

ਬਾਬੇ ਸਿੱਧੇ ਰਾਹ ਸੀ ਪਾਏ ,

ਆਪਣੀ , ਤੁਸੀਂ ਕਰੋ ਨੇਕ ਕਮਾਈ 

ਕਈ ਮਲਕ , ਸੱਜਣ ਜਹੇ ਸਮਝਾਏ 

ਹੈਰਾਨ ਹੋਇਆ , ਬਾਬਰ 'ਦਰਦੀ'

ਆਪੇ ਚਲਦੇ , ਦੇਖ ਚੱਕੀ ਦੇ ਚੱਕ ।

ਤੂੰ ਨੂਰਾਨੀ _______________

                   ਸ਼ਿਵਨਾਥ ਦਰਦੀ 

            ਸੰਪਰਕ :- 98551/55392

ਬਾਬਾ ਫ਼ਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਫਰੀਦਕੋਟ ।

ਪੰਜਾਬ ਦੇ ਕਿਸਾਨੀ ਜੀਵਨ ‘ਤੇ ਝਾਤ ਪਾਉਂਦੀ ਮਨੋਰੰਜਨ ਭਰਪੂਰ ਹੋਵੇਗੀ ਫ਼ਿਲਮ  ‘ਤੀਜਾ ਪੰਜਾਬ’

ਪੰਜਾਬੀ ਫਿਲਮੀ ਖੇਤਰ ‘ਚ ਹੁਣ ਬਹੁਤ ਕੁਝ ਨਵਾਂ ਅਤੇ ਵੱਖਰਾ ਵੇਖਣ ਨੂੰ ਮਿਲ ਰਿਹਾ ਹੈ। ਹਰ ਹਫਤੇ ਕਿਸੇ ਨਾ ਕਿਸੇ ਨਵੇਂ ਵਿਸ਼ੇ ਨੂੰ ਲੈ ਕੇ ਫਿਲਮਾਂ ਰਿਲੀਜ਼ ਹੋ ਰਹੀਆਂ ਹਨ। ਕਾਮੇਡੀ ਭਰਪੂਰ ਵਾਲੇ ਵਿਸ਼ਿਆਂ   ਤੋਂ ਹੱਟ ਕੇ ਨਵੇਂ ਨਵੇਂ ਵਿਸ਼ਿਆਂ   ਦਾ ਰੁਝਾਨ ਲਗਾਤਾਰ ਵੱਧ ਰਿਹਾ ਹੈ। ਇਸੇ ਰੁਝਾਨ ਤਹਿਤ ਇੱਕ ਨਵੇਂ ਅਤੇ ਬਿਲਕੁੱਲ ਵੱਖਰੇ ਵਿਸ਼ੇ ‘ਤੇ ਅਧਾਰਿਤ ਫ਼ਿਲਮ ‘ਤੀਜਾ ਪੰਜਾਬ’ ਵੀ ਆਗਾਮੀ 3 ਦਸੰਬਰ 2021 ਨੂੰ ਵਿਸ਼ਵਪੱਧਰੀ ਰਿਲੀਜ਼ ਹੋਣ ਜਾ ਰਹੀ ਹੈ।‘ਗੋਰਿਆਂ ਨੂੰ ਦਫਾ ਕਰੋ, ਅੰਗਰੇਜ਼, ਲਵ ਪੰਜਾਬ’ ਫ਼ਿਲਮਾਂ ਦੇ ਕਹਾਣੀਕਾਰ ਅਤੇ ‘ਲਾਹੋਰੀਏ’, ਭੱਜੋ ਵੀਰੋ ਵੇ, ਲੌਂਗ ਲਾਚੀ, ਜੋੜੀ ਫ਼ਿਲਮਾਂ ਦਾ ਲੇਖਕ-ਨਿਰਦੇਸ਼ਕ ਅੰਬਰਦੀਪ ਸਿੰਘ ਇਹ ਪੰਜਾਬੀ ਫ਼ਿਲਮ ਲੈ ਕੇ ਆ ਰਿਹਾ ਹਨ। ਇਸ ਫਿਲਮ ਦੀ ਕਹਾਣੀ ਨੂੰ ਅੰਬਰਦੀਪ ਸਿੰਘ ਨੇ ਬਹੁਤ ਹੀ ਗੰਭੀਰਤਾ ਨਾਲ ਲਿਖਿਆ ਹੈ ।

ਅੰਬਰਦੀਪ ਪ੍ਰੋਡਕਸ਼ਨ ਅਤੇ ਓਮ ਜੀ ਸਟਾਰ ਸਟੂਡੀਓ ਦੀ ਪੇਸ਼ਕਸ ਇਸ ਫਿਲਮ ‘ਚ ਅੰਬਰਦੀਪ ਬਤੌਰ ਨਾਇਕ ਅਦਾਕਾਰਾ ‘ਨਿਮਰਤ ਖਹਿਰਾ’ ਨਾਲ ਨਜ਼ਰ ਆਵੇਗੀ। ਫ਼ਿਲਮ ਵਿਚ ਇੰਨ੍ਹਾਂ ਤੋਂ ਇਲਾਵਾ ‘ਅਦਿਤੀ ਸ਼ਰਮਾ’, ‘ਕਰਮਜੀਤ ਅਨਮੋਲ’, ‘ਹਰਦੀਪ ਗਿੱਲ’, ‘ਨਿਰਮਲ ਰਿਸ਼ੀ’, ‘ਗੁਰਪ੍ਰੀਤ ਕੌਰ ਭੰਗ, ‘ਬੀ. ਐਨ. ਸ਼ਰਮਾ’, ‘ਬਲਵਿੰਦਰ ਬੁਲਟ’, ‘ਸੁਖਵਿੰਦਰ ਰਾਜ’, ‘ਗੁਰਤੇਜ ਸਿੰਘ’ ਅਤੇ ‘ਇੰਦਰਜੋਤ’ ਨੇ ਵੀ ਅਹਿਮ ਕਿਰਦਾਰ ਨਿਭਾਏ ਹਨ। ਫ਼ਿਲਮ ਦਾ ਸੰਗੀਤ ਜਤਿੰਦਰ ਸ਼ਾਹ ਨੇ ਦਿੱਤਾ ਹੈ। ਫ਼ਿਲਮ ਦੀ ਕਹਾਣੀ ਦੀ ਗੱਲ ਕਰੀਏ ਤਾਂ ਇਹ ਕਿਸਾਨੀ ਸੰਘਰਸ਼ ਨਾਲ ਜੁੜੀ ਇੱਕ ਵੱਖਰੀ ਕਿਸਮ ਦੀ ਪਰਿਵਾਰਕ ਕਹਾਣੀ ਹੈ। ਇਸ ਫ਼ਿਲਮ ਰਾਹੀਂ ਕਿਸਾਨੀ ਨਾਲ ਜੁੜੇੇ ਹਰੇਕ ਪਹਿਲੂ ਨੂੰ ਵਿਖਾਇਆ ਗਿਆ ਹੈ। ਅੰਬਰਦੀਪ ਨੇ ਕਿਹਾ ਕਿ ਫ਼ਿਲਮ ਦੀ ਕਹਾਣੀ ਮਨੋਰੰਜਨ ਦੇ ਨਾਲ-ਨਾਲ ਸਮਾਜਿਕ ਮੁੱਦਿਆਂ ਪ੍ਰਤੀ ਵੀ ਗੰਭੀਰ ਹੋਵੇਗੀ। ਫਿਲਮ ਦਾ ਗੀਤ-ਸੰਗੀਤ ਕਹਾਣੀ ਅਨੁਸਾਰ ਢੁੱਕਵਾਂ ਹੈ। ਵਿਸ਼ੇ ਬਾਰੇ ਗੱਲ ਕਰਦਿਆਂ ਅੰਬਰਦੀਪ ਨੇ ਕਿਹਾ ਕਿ ਉਹ ਵੀ ਇੱਕ ਕਿਸਾਨ ਦਾ ਪੁੱਤ ਹੈ। ਧਰਤੀ ਸਾਡੀ ਮਾਂ ਹੈ ਜੋ ਅੰਨ ਪੈਦਾ ਕਰਕੇ ਆਪਣੇ ਪੁੱਤਰਾਂ ਦਾ ਢਿੱਡ ਭਰਦੀ ਹੈ।ਹਰੇਕ ਕਲਾਕਾਰ ਆਪਣੇ ਆਪਣੇ ਮਾਧਿਅਮ ਜ਼ਰੀਏ ਇਸ ਸੰਘਰਸ਼ ਵਿੱਚ ਆਪਣਾ ਯੋਗਦਾਨ ਪਾ ਰਿਹਾ ਹੈ। ਇਸ ਮੁੱਦੇ ਬਾਰੇ ਗੱਲ ਕਰਨ ਲਈ ਸਿਨਮਾ ਵੀ ਇਕ ਅਹਿਮ ਪਲੇਟਫਾਰਮ ਹੈ। ਸੋ ਇਹ ਫਿਲਮ ਬਣਾਉਣਾ ਮੇਰਾ ਕਿਸਾਨੀ ਸੰਘਰਸ਼ ਚ ਯੋਗਦਾਨ ਪਾਉਣਾ ਹੀ ਹੈ।ਅੰਬਰਦੀਪ ਦੀ ਸੋਚ ਅਤੇ ਜ਼ਜਬੇ ਨੂੰ ਸਲਾਮ ਕਰਨਾ ਬਣਦਾ ਹੈ ਕਿ ਅੱਜ ਵਪਾਰਕ ਸਿਨੇਮੇ ਦੀ ਭੀੜ ਵਿਚ ਉਸਨੇ ਕਿਸਾਨੀ ਪਰਿਵਾਰ ਦੀ ਤਰਾਸ਼ਦੀ ਨੂੰ ਪਰਦੇ ਤੇ ਪੇਸ਼ ਕਰਨ ਜਾ ਰਹੇ ਹਨ।

ਹਰਜਿੰਦਰ ਸਿੰਘ 94638 28000

 

ਕਰਨੈਲ ਸਿੰਘ ਛੀਨੀਵਾਲ ਕਲਾਂ ਨਮਿੱਤ ਸਰਧਾਂਜਲੀ ਸਮਾਗਮ ਹੋਇਆ

ਮਹਿਲ ਕਲਾਂ/ਬਰਨਾਲਾ- 19 ਨਵੰਬਰ- (ਗੁਰਸੇਵਕ ਸੋਹੀ)- ਬੀਕੇਯੂ ਰਾਜੇਵਾਲ ਬਰਨਾਲਾ ਦੇ ਜ਼ਿਲ੍ਹਾ ਪ੍ਰਧਾਨ ਗਿਆਨੀ ਨਿਰਭੈ ਸਿੰਘ ਦੇ ਭਰਾ ਕਰਨੈਲ ਸਿੰਘ ਦਾ ਸ਼ਰਧਾਂਜਲੀ ਸਮਾਰੋਹ ਅੱਜ ਪਿੰਡ ਛੀਨੀਵਾਲ ਕਲਾਂ (ਬਰਨਾਲਾ) ਵਿਖੇ ਹੋਇਆ। ਜਿਸ ਵਿਚ ਮਹਿਲ ਕਲਾਂ ਇਲਾਕੇ ਤੋਂ ਇਲਾਵਾ ਪੰਜਾਬ ਦੇ ਵੱਖ- ਵੱਖ ਹਿੱਸਿਆਂ ਚੋਂ ਲੋਕਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਇਸ ਮੌਕੇ ਭਾਈ ਊਧਮ ਸਿੰਘ ਛੀਨੀਵਾਲ ਕਲਾਂ ਦੇ ਕੀਰਤਨੀ ਜਥੇ ਵੱਲੋਂ ਵੈਰਾਗਮਈ ਕੀਰਤਨ ਕੀਤਾ ਗਿਆ। ਇਸ ਮੌਕੇ ਕਰਨੈਲ ਸਿੰਘ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਤਰਲੋਚਨ ਸਿੰਘ ਬਰਮੀ ਬਲਾਕ ਪ੍ਰਧਾਨ ਰਾਜੇਵਾਲ ਰਾਏਕੋਟ, ਰਘਬੀਰ ਸਿੰਘ ਬਲਾਕ ਪ੍ਰਧਾਨ ਰਾਜੇਵਾਲ ਸੁਧਾਰ, ਕਿਸਾਨ ਆਗੂ ਸਾਬਕਾ ਸਰਪੰਚ ਅਮਰਜੀਤ ਸਿੰਘ ਗਹਿਲ ,ਕਿਸਾਨ ਆਗੂ ਨਿਰਭੈ ਸਿੰਘ ਛੀਨੀਵਾਲ ਕਲਾਂ,ਅਜਮੇਰ ਸਿੰਘ ਹੁੰਦਲ ਜਰਨਲ ਸੈਕਟਰੀ ਰਾਜੇਵਾਲ, ਨੇ ਕਿਹਾ ਕਿ ਗੁਰੂ ਚਰਨਾਂ ਵਿਚ ਜਾ ਬਿਰਾਜੇ ਕਰਨੈਲ ਸਿੰਘ ਛੀਨੀਵਾਲ ਕਲਾਂ ਬਹੁਤ ਨੇਕ ਸੁਭਾਅ ਦੇ ਸਨ। ਉਹ ਹਮੇਸ਼ਾਂ ਪਿੰਡ ਦੀ ਭਲਾਈ ਅਤੇ ਸਮਾਜ ਸੇਵੀ ਕੰਮਾਂ ਵਿਚ ਵੱਧ ਚਡ਼੍ਹ ਕੇ ਹਿੱਸਾ ਪਾਉਂਦੇ ਤੇ ਲੋੜਵੰਦ ਲੋਕਾਂ ਦੇ ਨਾਲ ਖਡ਼੍ਹਦੇ ਸਨ। ਉਨ੍ਹਾਂ ਕਿਹਾ ਕਿ ਕਰਨੈਲ ਸਿੰਘ ਦਾ ਪਰਿਵਾਰ ਹਮੇਸ਼ਾਂ ਹੀ ਲੋੜਵੰਦ ਲੋਕਾਂ ਦੀ ਸੇਵਾ ਦੇ ਲਈ ਤੱਤਪਰ ਰਿਹਾ ਹੈ। ਜਿਸ ਦੀ ਗਵਾਹੀ ਸਮੁੱਚੇ ਪੰਜਾਬ ਤੋਂ ਇਨ੍ਹਾਂ ਦੇ ਦੁੱਖ ਵਿਚ ਆਈਆਂ ਹੋਈਆਂ ਸੰਗਤਾਂ ਦੀ ਸ਼ਮੂਲੀਅਤ ਤੋਂ ਪਤਾ ਲੱਗਦਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਪਰਿਵਾਰ ਬਹੁਤ ਹੀ ਘੱਟ ਹੁੰਦੇ ਹਨ ਜੋ ਹੋਰਾਂ ਦੇ ਲਈ ਜਿਉਂਦੇ ਹਨ। ਬੁਲਾਰਿਆਂ ਨੇ ਵਾਹਿਗੁਰੂ ਅੱਗੇ ਅਰਦਾਸ ਕੀਤੀ ਕਿ ਉਹ ਵਿਛੜੀ ਹੋਈ ਰੂਹ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ਣ ਅਤੇ ਪਿੱਛੇ ਉਨ੍ਹਾਂ ਦੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਿਸ਼ ਕਰਨ। ਇਸ ਮੌਕੇ ਕਿਸਾਨ ਆਗੂ ਮੁਖਤਿਆਰ ਸਿੰਘ ਬੀਹਲਾ, ਮੇਜਰ ਸਿੰਘ ਲੋਹਗਡ਼੍ਹ, ਪ੍ਰੀਤਮ ਸਿੰਘ ਹੈੱਡ ਗ੍ਰੰਥੀ ਛੀਨੀਵਾਲ ਕਲਾਂ, ਭੋਲਾ ਸਿੰਘ, ਕੁਲਵਿੰਦਰ ਸਿੰਘ, ਸਾਧੂ ਸਿੰਘ, ਦਰਬਾਰ ਸਿੰਘ ਗਹਿਲ, ਹਾਕਮ ਸਿੰਘ, ਜੱਗੀ ਸਿੰਘ, ਮਣੀ ਚੰਨਣਵਾਲ, ਹਰਦੇਵ ਸਿੰਘ ਕਾਕਾ ਇਸ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਹਾਜਰ ਸਨ।

ਐਸ ਐਚ ਓ ਬਲਤੇਜ ਸਿੰਘ ਨੇ ਥਾਣਾ ਮਹਿਲ ਕਲਾਂ ਦਾ ਚਾਰਜ ਸੰਭਾਲਿਆ 

ਨਸ਼ਿਆਂ ਦੇ ਸੁਦਾਗਰ ਆਪਣੀਆਂ ਆਦਤਾਂ ਤੋਂ ਬਾਜ਼ ਆ ਜਾਣ... ਥਾਣਾ ਮੁਖੀ               
                                                                                                  ਮਹਿਲ ਕਲਾਂ/ ਬਰਨਾਲਾ- 19 ਨਵੰਬਰ- (ਗੁਰਸੇਵਕ ਸੋਹੀ )  ਜ਼ਿਲ੍ਹਾ ਬਠਿੰਡਾ ਦੇ ਥਾਣਾ ਸੰਗਤ ਤੋਂ ਬਦਲ ਕੇ ਆਏ ਸਬ ਇੰਸਪੈਕਟਰ ਬਲਤੇਜ ਸਿੰਘ ਨੇ ਥਾਣਾ ਮਹਿਲ ਕਲਾਂ ਵਿਖੇ ਸਮੂਹ ਸਟਾਫ਼ ਦੀ ਹਾਜ਼ਰੀ ਵਿੱਚ ਨਵੇਂ ਥਾਣਾ ਮੁਖੀ ਵਜੋਂ ਆਪਣੇ ਅਹੁਦੇ ਦਾ ਚਾਰਜ ਸੰਭਾਲ ਲਿਆ। ਇਸ ਮੌਕੇ ਚਾਰਜ ਸੰਭਾਲਣ ਉਪਰੰਤ  ਥਾਣਾ ਮੁਖੀ ਬਲਤੇਜ ਸਿੰਘ ਨੇ ਕਿਹਾ ਕਿ ਐਸ ਐਸ ਪੀ ਬਰਨਾਲਾ ਮੈਡਮ ਅਲਕਾ ਮੀਨਾ ਦੇ ਦਿਸ਼ਾ ਨਿਰਦੇਸ਼ਾ ਅਤੇ ਸਬ ਡਿਵੀਜ਼ਨ ਮਹਿਲ ਕਲਾਂ ਦੇ ਡੀ ਐਸ ਪੀ ਦੀ ਅਗਵਾਈ ਹੇਠ ਜੋ ਜ਼ਿੰਮੇਵਾਰੀ ਮੈਨੂੰ ਥਾਣਾ ਮਹਿਲ ਕਲਾਂ ਦੇ ਨਵੇ ਮੁਖੀ ਵਜੋਂ ਸੌਂਪੀ ਗਈ ਹੈ, ਉਸ ਨੂੰ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਵਾਂਗਾ। ਉਨ੍ਹਾਂ ਕਿਹਾ ਕਿ ਥਾਣੇ ਦੇ ਅਧਿਕਾਰ ਖੇਤਰ ਅਧੀਨ ਪੈਂਦੇ ਪਿੰਡਾਂ ਦੇ ਮੋਹਤਬਰ ਵਿਅਕਤੀਆਂ ਨੂੰ ਥਾਣੇ ਅੰਦਰ ਪੂਰਾ ਮਾਣ ਸਤਿਕਾਰ ਦਿੱਤਾ ਜਾਵੇਗਾ ਅਤੇ ਪਿੰਡਾਂ ਵਿੱਚੋਂ ਆਪਣੇ ਕੰਮ ਧੰਦੇ ਕਰਵਾਉਣ ਆਉਣ ਜਾਣ ਵਾਲੇ ਲੋਕਾਂ ਦੇ ਮਸਲਿਆਂ ਨੂੰ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇਗਾ ਅਤੇ ਕਿਸੇ ਨਾਲ ਵੀ ਕੋਈ ਵਧੀਕੀ ਨਹੀਂ ਹੋਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਅਮਨ ਕਾਨੂੰਨ ਦੀ ਸਥਿਤੀ ਨੂੰ ਹਰ ਹੀਲੇ ਬਰਕਰਾਰ ਰੱਖਿਆ ਜਾਵੇਗਾ ਅਤੇ ਅਮਨ ਕਾਨੂੰਨ ਨੂੰ ਭੰਗ ਕਰਨ ਵਾਲੇ ਸ਼ਰਾਰਤੀ ਅਨਸਰਾਂ ਅਤੇ ਨਸ਼ਿਆਂ ਦਾ ਕਾਰੋਬਾਰ ਕਰਨ ਵਾਲੇ ਲੋਕਾਂ ਦੀ ਸ਼ਿਕਾਇਤ ਮਿਲਣ ਤੇ ਉਨ੍ਹਾਂ ਨੂੰ ਕਿਸੇ ਵੀ ਕੀਮਤ ਤੇ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਇਸ ਮੌਕੇ ਇਲਾਕੇ ਦੀਆਂ ਸਮੂਹ ਗ੍ਰਾਮ ਪੰਚਾਇਤਾਂ, ਸਮਾਜ ਸੇਵੀ ਕਲੱਬਾਂ ਅਤੇ ਹੋਰ ਜਥੇਬੰਦੀਆਂ ਨੂੰ ਇਲਾਕੇ ਅੰਦਰ ਅਮਨ ਸ਼ਾਂਤੀ ਨੂੰ ਬਰਕਰਾਰ ਰੱਖਣ ਲਈ ਪੁਲਿਸ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ। ਇਸ ਮੌਕੇ ਐਸ ਆਈ ਸੱਤਪਾਲ ਸਿੰਘ, ਏ ਐਸ ਆਈ ਗੁਰਸਿਮਰਜੀਤ ਸਿੰਘ, ਏ ਐਸ ਆਈ ਕਿਰਨਜੀਤ ਸਿੰਘ, ਮੁਨਸ਼ੀ ਰਜਿੰਦਰ ਸਿੰਘ ਵੀ ਹਾਜ਼ਰ ਸਨ। ਇੱਥੇ ਪਹਿਲਾਂ ਥਾਣਾ ਮੁਖੀ ਵਜੋਂ ਸੇਵਾਵਾਂ ਨਿਭਾਉਂਦੇ ਆ ਰਹੇ ਬਲਜੀਤ ਸਿੰਘ ਢਿੱਲੋਂ ਦੀ ਬਦਲੀ ਹੁਣ ਪੁਲਿਸ ਲਾਈਨ ਬਰਨਾਲਾ ਦੀ ਹੋ ਚੁੱਕੀ ਹੈ ।

ਪਿੰਡ ਚੰਨਣਵਾਲ ਵਿਖੇ ਕਿਸਾਨੀ ਸੰਘਰਸ ਨੂੰ ਸਮਰਪਿਤ ਯੂਐਸਏ ਕਬੱਡੀ ਕੱਪ ਦਾ ਪਿੰਡ ਵਾਸੀਆਂ ਨੇ ਪੋਸਟਰ ਰਿਲੀਜ਼ ਕੀਤਾ

  ਮਹਿਲਕਲਾਂ/ ਬਰਨਾਲਾ- 19 ਨਵੰਬਰ (ਗੁਰਸੇਵਕ ਸੋਹੀ)-  ਪਿੰਡ ਚੰਨਣਵਾਲ ਵਿਖੇ ਐਨ ਆਰ ਆਈਜ ਵੀਰਾਂ ਵੱਲੋਂ ਗਰਾਮ ਪੰਚਾਇਤ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਿਸਾਨੀ ਸੰਘਰਸ਼ ਨੂੰ ਸਮਰਪਿਤ 6,.7,.8 ਦਸੰਬਰ ਨੂੰ ਕਰਵਾਏ   ਜਾ ਰਹੇ ਯੂ ਐਸ ਏ ਕਬੱਡੀ ਕੱਪ ਦਾ ਪੋਸਟਰ ਸਮੂਹ ਪਿੰਡ ਵਾਸੀਆਂ ਵੱਲੋਂ ਸਾਂਝੇ ਤੌਰ ਤੇ ਰਿਲੀਜ਼ ਕੀਤਾ ਗਿਆ ।ਇਸ ਮੌਕੇ ਉੱਘੇ ਸਮਾਜ ਸੇਵੀ ਸਾਬਕਾ ਸਰਪੰਚ ਨੰਬਰਦਾਰ ਗੁਰਜੰਟ ਸਿੰਘ ਧਾਲੀਵਾਲ, ਆੜ੍ਹਤੀਆ ਕੁਲਬੀਰ ਸਿੰਘ ਗਿੱਲ, ਜਰਨੈਲ ਸਿੰਘ ਜੈਲੀ, ਦਰਬਾਰਾ ਸਿੰਘ ਬਾਠ, ਪ੍ਰਮਿੰਦਰ ਸਿੰਘ ਬਾਠ, ਅਮਰ ਸਿੰਘ ਬਾਠ ,ਬਲਵਿੰਦਰ ਸਿੰਘ, ਡਾ ਗੋਪਾਲ ਸਿੰਘ, ਚਰਨਜੀਤ ਸਿੰਘ, ਮਨਦੀਪ ਸਿੰਘ ਪਟਿਆਲੇ ਵਾਲੇ ਨੇ ਸਾਂਝੇ ਤੌਰ ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਤਿੰਨ ਰੋਜ਼ਾ ਕਰਵਾਏ ਜਾ ਰਹੇ ਕਬੱਡੀ ਕੱਪ ਦੇ ਪਹਿਲੇ ਦਿਨ 6 ਦਸੰਬਰ ਨੂੰ  ਕੱਬਡੀ 48 ਕਿੱਲੋ, ਤਾਸ਼ ਸੀਪ ਦੇ ਮੁਕਾਬਲੇ ਕਰਵਾਏ ਜਾਣਗੇ, 7 ਦਸੰਬਰ ਨੂੰ ਕਬੱਡੀ ਇੱਕ ਪਿੰਡ ਓਪਨ, 65 ਕਿੱਲੋ ਵਰਗ ਅਤੇ 8 ਦਸੰਬਰ ਨੂੰ ਕਬੱਡੀ ਓਪਨ ਚ 3 ਬਾਹਰੋਂ ਵਿੱਚ 32 ਟੀਮਾਂ ਨੂੰ ਐਂਟਰ ਕਰਕੇ ਫਾਈਨਲ ਮੁਕਾਬਲੇ ਕਰਵਾਏ ਜਾਣਗੇ । ਉਨ੍ਹਾਂ ਕਿਹਾ ਕਿ ਜੇਤੂ ਰਹਿਣ ਵਾਲੀਆਂ ਟੀਮਾਂ ਨੂੰ ਨਗਦ ਇਨਾਮ ਦੇਣ ਤੋਂ ਇਲਾਵਾ ਕਬੱਡੀ ਓਪਨ 3 ਬਾਹਰੋਂ ਦੇ ਬੈਸਟ ਰੇਡਰ ਅਤੇ ਬੈਸਟ ਜਾਫੀ ਨੂੰ ਮੋਟਰਸਾਈਕਲ, ਕਬੱਡੀ ਓਪਨ ਨਿਰੋਲ ਇੱਕ ਵਾਰ ਪਿੰਡ ਬੈਸਟ ਰੇਡਰ ਅਤੇ ਬੈਸਟ ਜਾਫੀ ਨੂੰ ਮਾਈਕਰੋ ਵੇਵ ਅਤੇ ਕੱਬਡੀ 65 ਕਿੱਲੋ ਵਰਗ ਵਿੱਚੋਂ ਬੈਸਟ ਰੇਡਰ ਅਤੇ ਬੈਸਟ ਜਾਫੀ ਨੂੰ ਸਾਈਕਲ ਭੇਟ ਕਰਕੇ ਸਨਮਾਨ ਕੀਤਾ ਜਾਵੇਗਾ ਅਤੇ ਇਸ ਤੋਂ ਇਲਾਵਾ ਅਰਸ਼ ਧਾਲੀਵਾਲ ਯੂ ਐਸ ਏ, ਕੁਲਦੀਪ ਬਾਠ ਯੂਐੱਸਏ ਵੱਲੋਂ  ਕਬੱਡੀ ਖਿਡਾਰੀ ਗੁਰਪ੍ਰੀਤ ਸਿੰਘ ਠੀਕਰੀਵਾਲਾ ਨੂੰ ਮੋਟਰਸਾਈਕਲ, ਸਪੋਰਟਸ ਕਲੱਬ ਯੂ ਐਸ ਏ ਵੱਲੋਂ  ਕ੍ਰਿਕਟ ਖਿਡਾਰੀ ਸੋਨਾ ਸਿੰਘ ਚੰਨਣਵਾਲ ਨੂੰ ਸਨਮਾਨ ਅਤੇ ਜਨਤਾ ਨੰਬੜਦਾਰ ਆਸਟ੍ਰੇਲੀਆ, ਕਾਲਾ ਬਾਠ ਯੂਐੱਸਏ ਵੱਲੋਂ ਖਿਡਾਰਨਾਂ ਅਵਨੀਤ ਕੌਰ ਬੜਿੰਗ ਚੰਨਣਵਾਲ ਨੂੰ ਸਕੂਟਰੀ ਨਾਲ ਸਨਮਾਨਤ ਕੀਤਾ ਜਾਵੇਗਾ। ਉਨ੍ਹਾਂ ਸਮੂਹ ਖਿਡਾਰੀ ਪ੍ਰੇਮੀਆਂ ਨੂੰ ਕਰਵਾਏ ਜਾ ਰਹੇ ਕਬੱਡੀ ਕੱਪ ਵਿੱਚ ਵੱਧ ਚਡ਼੍ਹ ਕੇ ਭਾਗ ਲੈਣ ਦੀ ਅਪੀਲ ਕੀਤੀ ।

ਪਿੰਡ ਕੁਤਬਾ ਦੀ ਨਰੇਗਾ ਮਜ਼ਦੂਰ ਹਰਪਾਲ ਕੌਰ ਦੀ ਕੰਮ ਦੌਰਾਨ ਹੋਈ ਮੌਤ ਦਾ ਮਾਮਲਾ

ਪੀਡ਼ਤ ਪਰਿਵਾਰ ਦੀ ਆਰਥਿਕ ਸਹਾਇਤਾ ਲਈ ਮੁੱਖ ਮੰਤਰੀ ਨਾਲ ਮੁਲਾਕਾਤ ਕਰਨਗੇ ਕੁਲਵੰਤ ਸਿੰਘ ਟਿੱਬਾ 

ਮਹਿਲ ਕਲਾਂ/ ਬਰਨਾਲਾ- 19 ਨਵੰਬਰ    (ਗੁਰਸੇਵਕ ਸੋਹੀ  ) ਪਿੰਡ ਕੁਤਬਾ ਦੀ ਮਨਰੇਗਾ ਮਜ਼ਦੂਰ ਹਰਪਾਲ ਕੌਰ ਪਤਨੀ ਅਜੈਬ ਸਿੰਘ ਦੀ ਨਰੇਗਾ ਦੇ ਕੰਮ ਦੌਰਾਨ ਹੋਈ ਮੌਤ ਤੇ "ਹੋਪ ਫ਼ਾਰ ਮਹਿਲ ਕਲਾਂ" ਦੇ ਇੰਚਾਰਜ ਕੁਲਵੰਤ ਸਿੰਘ ਟਿੱਬਾ ਨੇ ਪੀਡ਼ਤ ਪਰਿਵਾਰ ਨਾਲ ਮੁਲਾਕਾਤ ਕਰਕੇ ਦੁੱਖ ਸਾਂਝਾ ਕੀਤਾ ਹੈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੁਲਵੰਤ ਸਿੰਘ ਟਿੱਬਾ ਨੇ ਕਿਹਾ ਕਿ ਮਨਰੇਗਾ ਮਜ਼ਦੂਰ ਮਾਤਾ ਹਰਪਾਲ ਕੌਰ ਬੀਤੀ 6 ਨਵੰਬਰ ਨੂੰ ਪਿੰਡ ਕਲਾਲਮਾਜਰਾ ਵਿਖੇ ਨਰੇਗਾ ਦੇ ਕੰਮ ਤੇ ਗਈ ਸੀ। ਉਨ੍ਹਾਂ ਦੱਸਿਆ ਕਿ ਮਾਤਾ ਹਰਪਾਲ ਕੌਰ ਪਿਛਲੇ ਲੰਮੇ ਸਮੇਂ ਤੋਂ ਨਰੇਗਾ ਵਿਚ ਕੰਮ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦੀ ਸੀ ਅਤੇ ਘਟਨਾ ਵਾਲੇ ਦਿਨ ਵੀ ਉਹ ਬਿਲਕੁਲ ਤੰਦਰੁਸਤ ਸੀ ਪਰ ਕੰਮ ਦੌਰਾਨ ਅਚਾਨਕ ਉਸ ਦੀ ਤਬੀਅਤ ਵਿਗੜਨ ਕਾਰਣ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਮਨਰੇਗਾ ਮਜ਼ਦੂਰਾਂ ਦੀ ਸਿਹਤ ਸੰਭਾਲ ਸਬੰਧੀ ਕੰਮ ਵਾਲੀਆਂ ਥਾਵਾਂ ਤੇ ਪ੍ਰਸ਼ਾਸਨ ਵੱਲੋਂ ਕੋਈ ਵੀ ਪੁਖਤਾ ਇੰਤਜ਼ਾਮ ਨਹੀਂ ਕੀਤੇ ਜਾਂਦੇ ਜਦ ਕਿ ਮਨਰੇਗਾ ਐਕਟ ਤਹਿਤ ਮਜ਼ਦੂਰਾਂ ਦੀ ਸਿਹਤ ਸੰਭਾਲ ਸਬੰਧੀ ਜ਼ਰੂਰੀ ਹਦਾਇਤਾਂ ਕੀਤੀਆਂ ਗਈਆਂ ਹਨ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਕੰਮ ਵਾਲੀਆਂ ਥਾਵਾਂ ਤੇ ਐਕਟ ਤਹਿਤ ਮਜ਼ਦੂਰਾਂ ਨੂੰ ਸਹੂਲਤਾਂ ਪ੍ਰਦਾਨ ਕੀਤੀਆਂ ਜਾਣ ਤਾਂ ਜੋ ਅੱਗੇ ਤੋਂ ਅਜਿਹੀ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ। ਕੁਲਵੰਤ ਸਿੰਘ ਟਿੱਬਾ ਨੇ ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਅਤੇ ਪੰਜਾਬ ਸਰਕਾਰ ਤੋਂ ਪੀਡ਼ਤ ਪਰਿਵਾਰ ਲਈ ਆਰਥਿਕ ਸਹਾਇਤਾ ਦੀ ਮੰਗ ਕਰਦਿਆਂ ਕਿਹਾ ਕਿ ਪੀਡ਼ਤ ਪਰਿਵਾਰ ਆਰਥਿਕ ਤੌਰ ਤੇ ਬੇਹੱਦ ਕਮਜ਼ੋਰ ਹੈ। ਉਨ੍ਹਾਂ ਦੱਸਿਆ ਕਿ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਮਨਰੇਗਾ ਤਹਿਤ ਪਿਛਲੇ ਦਿਨਾਂ ਦੌਰਾਨ ਕੀਤੀ ਮਜ਼ਦੂਰੀ ਦੇ ਪੈਸੇ ਵੀ ਮ੍ਰਿਤਕ ਨੂੰ ਨਹੀਂ ਮਿਲੇ ਸਨ।ਕੁਲਵੰਤ ਸਿੰਘ ਟਿੱਬਾ ਨੇ ਦੱਸਿਆ ਕਿ ਉਹ ਆਉਂਦੇ ਦਿਨਾਂ ਵਿੱਚ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਨਾਲ ਮੁਲਾਕਾਤ ਕਰਕੇ ਇਹ ਮਾਮਲਾ ਉਠਾਉਣਗੇ ਅਤੇ ਪੀਡ਼ਤ ਪਰਿਵਾਰ ਲਈ ਮੁਆਵਜ਼ਾ ਰਾਸ਼ੀ ਦੀ ਮੰਗ ਕਰਨਗੇ।

ਮੋਦੀ ਹਕੂਮਤ ਦੇ ਤਿੰਨੇ ਕਨੂੰਨ ਰੱਦ ਕਰਨ ਦੇ ਐਲਾਨ ਨਾਲ ਪੂਰੇ ਭਾਰਤ ਵਿਚ ਖੁਸ਼ੀ ਦੀ ਲਹਿਰ

ਡਾਕਟਰ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ
 ਦਿੱਲੀ ਸੰਯੁਕਤ ਮੋਰਚੇ ਦੀ ਅਗਵਾਈ ਚ ਲੜੇ ਸੰਘਰਸ਼ ਨੇ  ਮੋਦੀ ਹਕੂਮਤ ਦੀਆਂ ਹਿਲਾਈਆਂ ਜਡ਼੍ਹਾਂ-  ਡਾ ਬਾਲੀ

ਮਹਿਲ ਕਲਾਂ/ ਬਰਨਾਲਾ- 19 ਨਵੰਬਰ-  (ਗੁਰਸੇਵਕ ਸੋਹੀ)-  ਕੇਂਦਰ ਦੇ ਲੋਕ ਵਿਰੋਧੀ ਤਿੰਨੇ ਖੇਤੀ ਕਨੂੰਨਾਂ ਖ਼ਿਲਾਫ਼ ਇੱਕ ਸਾਲ ਤੋਂ ਵੀ ਵੱਧ ਸਮੇਂ ਤੋਂ ਚੱਲ ਰਹੇ ਇਤਿਹਾਸਕ ਲੋਕ ਘੋਲ਼ ਦੀ ਅਹਿਮ ਜਿੱਤ ਹੋਈ ਹੈ। ਇਸ ਘੋਲ਼ ਨੂੰ ਤਰ੍ਹਾਂ ਤਰ੍ਹਾਂ ਦੇ ਬਹਾਨਿਆਂ ਨਾਲ਼ ਭੰਡਣ, ਤੋੜਨ ਦੀ ਕੋਸ਼ਿਸ਼ ਕਰ ਰਹੀ ਫਾਸੀਵਾਦੀ ਹਕੂਮਤ ਨੂੰ ਕਿਰਤੀ ਲੋਕਾਂ ਦੀ ਏਕਤਾ ਨੇ ਗੋਡਣੀਆਂ ਲਾਉਣ ਲਈ ਮਜ਼ਬੂਰ ਕੀਤਾ ਹੈ। ਅੱਜ ਮੋਦੀ ਦੇ ਐਲਾਨ ਨਾਲ ਇਹ ਤਿੰਨੇ ਕਨੂੰਨ ਰੱਦ ਕਰਨ ਦਾ ਫੈਸਲਾ ਕੀਤਾ ਹੈ। ਜਲਦ ਹੀ ਸੰਸਦ ਦੇ ਸ਼ੈਸ਼ਨ ਚ ਇਹ ਕਨੂੰਨ ਰੱਦ ਕਰਨ ਦੀ ਕਨੂੰਨੀ ਪ੍ਰਕਿਰਿਆ ਵੀ ਪੂਰੀ ਕੀਤੀ ਜਾਵੇਗੀ। ਇਹ ਪ੍ਰਕਿਰਿਆ ਪੂਰੀ ਹੋਣ ਨਾਲ਼ ਹੀ ਇਸ ਸੰਘਰਸ਼ ਦੀ ਮੁਕੰਮਲ ਜਿੱਤ ਹੋਵੇਗੀ। ਇਹ ਪ੍ਰਕਿਰਿਆ ਪੂਰੀ ਹੋਣ ਤੱਕ ਤੇ ਅਗਵਾਈ ਕਰ ਰਹੀਆਂ ਜਥੇਬੰਦੀਆਂ ਦੇ ਅਗਲੇ ਐਲਾਨ ਤੱਕ ਇਸ ਸੰਘਰਸ਼ ਨੂੰ ਜਾਰੀ ਰੱਖਣਾ ਚਾਹੀਦਾ ਹੈ।
ਇਸ ਸੰਘਰਸ਼ ਨੇ ਸਾਬਿਤ ਕਰ ਦਿੱਤਾ ਹੈ ਕਿ ਲੋਕਾਂ ਦੇ ਏਕੇ ਦੀ ਤਾਕਤ ਨਾਲ਼ ਹਰ ਤਰ੍ਹਾਂ ਦੇ ਹਾਕਮਾਂ ਨੂੰ ਝੁਕਾਇਆ ਜਾ ਸਕਦਾ ਹੈ ।ਉਹਨਾਂ ਦੀਆਂ ਲੋਕ ਵਿਰੋਧੀ ਨੀਤੀਆਂ ਦਾ ਮੂੰਹ ਭੰਨਿਆ ਜਾ ਸਕਦਾ ਹੈ। ਇਹ ਲੋਕਾਂ ਦੀਆਂ ਕੁਰਬਾਨੀਆਂ, ਦ੍ਰਿੜਤਾ, ਸਬਰ, ਹੌਂਸਲੇ, ਜ਼ਾਬਤੇ ਅਤੇ ਕਿਸਾਨ ਜਥੇਬੰਦੀਆਂ ਦੀ ਲੀਡਰਸ਼ਿਪ ਵੱਲੋਂ ਦਿੱਤੀ ਯੋਗ ਅਗਵਾਈ ਦਾ ਨਤੀਜਾ ਹੈ। ਇਸ ਸੰਘਰਸ਼ ਅੱਗੇ ਮੋਦੀ ਹਕੂਮਤ ਦਾ ਝੁਕਣਾ ਲਗਭਗ ਤੈਅ ਸੀ। ਪਿਛਲੇ ਕਈ ਦਿਨਾਂ ਤੋਂ ਇਹ ਚਰਚਾ ਚੱਲ ਰਹੀ ਸੀ ਕਿ ਇਸ ਲੋਕ ਘੋਲ਼ ਦੇ ਦਬਾਅ 'ਚ ਆਈ ਸਰਕਾਰ ਪੰਜਾਬ ਤੇ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਚ ਹੋਣ ਵਾਲ਼ੇ ਨੁਕਸਾਨ ਤੋਂ ਡਰਦੇ ਹੋਏ ਮੋਦੀ ਹਕੂਮਤ ਕਿਸੇ ਵੀ ਵੇਲ਼ੇ ਇਹ ਫੈਸਲਾ ਸੁਣਾ ਸਕਦੀ ਹੈ।
ਗੁਰੂ ਨਾਨਕ ਦੇਵ ਦੇ ਜਨਮਦਿਨ ਮੌਕੇ ਇਹ ਐਲਾਨ ਕਰਕੇ ਮੋਦੀ ਹਕੂਮਤ ਆਪਣਾ ਅਕਸ ਸੁਧਾਰ ਕੇ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਤੇ ਲੋਕਾਂ ਨੂੰ ਪਰਚਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਪਿਛਲੇ ਦਿਨੀਂ ਕਰਤਾਰਪੁਰ ਲਾਂਘੇ ਨੂੰ ਮੁੜ ਖੋਲ੍ਹਣਾ ਵੀ ਇਸੇ ਕੋਸ਼ਿਸ਼ ਦਾ ਹਿੱਸਾ ਹੈ। ਪਰ ਇੱਕ ਗੱਲ ਸਪੱਸ਼ਟ ਤੌਰ ਤੇ ਸਮਝ ਲੈਣੀ ਚਾਹੀਦੀ ਹੈ ਕਿ ਇਹ ਮੋਦੀ ਹਕੂਮਤ ਆਪਣੇ ਫੈਸਲੇ ਤੋਂ ਪਿੱਛੇ ਹਟੀ ਹੈ,ਪਰ ਇਰਾਦਿਆਂ ਤੋਂ ਨਹੀਂ। 
ਇੱਕ ਵਾਰ ਫੇਰ ਸੰਘਰਸ਼ ਕਰ ਰਹੇ ਸਭ ਕਿਸਾਨਾਂ, ਕਿਰਤੀ ਲੋਕਾਂ,ਪੇਂਡੂ ਡਾਕਟਰਾਂ ਦਾ, ਜਿਨ੍ਹਾਂ ਨੇ ਫਰੀ ਮੈਡੀਕਲ ਕੈਂਪ ਲਗਾ ਕੇ ਆਪਣੇ ਲੋਕਾਂ ਦਾ ਸਾਥ ਦਿੱਤਾ ਅਤੇ ਇਸਦੀ ਅਗਵਾਈ ਕਰਨ ਵਾਲੀਆਂ ਜਥੇਬੰਦੀਆਂ ਤੇ ਇਸ ਸੰਘਰਸ਼ ਦੇ ਹਮਾਇਤੀਆਂ ਨੂੰ ਲੋਕ ਏਕਤਾ ਦੀ ਇਸ ਜਿੱਤ ਦੀ ਮੁਬਾਰਕ ਦਿੰਦੇ ਹਾਂ। 
ਇਸ ਸਮੇਂ ਹੋਰਨਾਂ ਤੋਂ ਇਲਾਵਾ  ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ, ਸੂਬਾ ਜਨਰਲ ਸਕੱਤਰ ਡਾ ਜਸਵਿੰਦਰ ਸਿੰਘ ਕਾਲਖ ,ਮਾਘ ਸਿੰਘ ਮਾਣਕੀ ਸੰਗਰੂਰ ,ਡਾ ਸਤਨਾਮ ਸਿੰਘ ਦੇਉ ਤਰਨਤਾਰਨ, ਡਾ ਮਿੱਠੂ ਮੁਹੰਮਦ ਬਰਨਾਲਾ, ਡਾ ਠਾਕੁਰਜੀਤ ਸਿੰਘ ਮੁਹਾਲੀ, ਡਾ ਦੀਦਾਰ ਸਿੰਘ ਮੁਕਤਸਰ ,ਡਾ ਰਜੀਵ ਸ਼ਰਮਾ ਲੁਧਿਆਣਾ ,ਡਾ ਮਹਿੰਦਰਪਾਲ ਸਿੰਘ ਗਿੱਲ ਮੋਗਾ, ਡਾ ਕਰਨੈਲ ਸਿੰਘ ਜੋਗਾਨੰਦ ਬਠਿੰਡਾ, ਡਾ ਰਣਜੀਤ ਸਿੰਘ ਰਾਣਾ ਤਰਨਤਾਰਨ ,ਡਾ ਬਲਕਾਰ ਸਿੰਘ ਪਟਿਆਲਾ ,ਡਾ ਸੁਰਜੀਤ ਸਿੰਘ ਬਠਿੰਡਾ ,ਡਾ ਧਰਮਪਾਲ ਸਿੰਘ ਭਵਾਨੀਗਡ਼੍ਹ, ਡਾ ਜਗਬੀਰ ਸਿੰਘ ਮੁਕਤਸਰ ,ਡਾ ਸੁਰਿੰਦਰਪਾਲ ਸਿੰਘ ਨਵਾਂ ਸ਼ਹਿਰ ,ਡਾ ਮਹਿੰਦਰ ਸਿੰਘ ਅਜਨਾਲਾ, ਡਾ ਹਾਕਮ ਸਿੰਘ ਪਟਿਆਲਾ, ਡਾ ਰਿੰਕੂ ਕੁਮਾਰ ਫਤਿਹਗਡ਼੍ਹ ਸਾਹਿਬ, ਡਾ ਵੇਦ ਪ੍ਰਕਾਸ਼ ਰੋਪੜ ,ਡਾ ਜੋਗਿੰਦਰ ਸਿੰਘ ਗੁਰਦਾਸਪੁਰ, ਡਾ ਅਸ਼ੋਕ ਕੁਮਾਰ ਬਟਾਲਾ, ਡਾ ਬਾਜ਼ ਕੰਬੋਜ ਅਬੋਹਰ, ਡਾ ਅਨਵਰ ਭਸੌੜ ਸੰਗਰੂਰ, ਡਾਕਟਰ ਕੇਸਰ ਖਾਨ ਬਰਨਾਲਾ, ਡਾ ਗੁਰਮੀਤ ਸਿੰਘ ਰੋਪਡ਼, ਸੁਖਦੇਵ ਸਿੰਘ ਭਾਂਬਰੀ ਫ਼ਤਹਿਗਡ਼੍ਹ ਸਾਹਿਬ, ਅੰਗਰੇਜ ਸਿੰਘ ਅਬੋਹਰ, ਡਾ ਬਲਕਾਰ ਕਟਾਰੀਆ ਨਵਾਂਸ਼ਹਿਰ,  ਡਾ ਰਵਿੰਦਰ ਕੁਮਾਰ ਜਲੰਧਰ ,ਡਾ ਜਗਦੀਸ਼ ਰਾਜ ਪਠਾਨਕੋਟ, ਡਾ ਜਤਿੰਦਰ ਕੁਮਾਰ ਕਪੂਰਥਲਾ ਆਦਿ ਹਾਜ਼ਰ ਸਨ ।