You are here

ਪੰਜਾਬ

ਸੰਬੰਧੀ ਅਫ਼ਵਾਹਾਂ ਤੋਂ ਬਚਣ ਲਈ ਜਾਗਰੂਕ ਹੋਣਾ ਸਮੇਂ ਦੀ ਮੁੱਖ ਲੋੜ- ਡਾ. ਜਸਵਿੰਦਰ ਕੁਮਾਰੀ

ਕਪੂਰਥਲਾ, ਅਪੈ੍ਰਲ 2020 - (ਹਰਜੀਤ ਸਿੰਘ ਵਿਰਕ)-
ਸਿਵਲ ਸਰਜਨ ਕਪੂਰਥਲਾ ਡਾ. ਜਸਮੀਤ ਕੌਰ ਬਾਵਾ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਪੀ.ਐਚ.ਸੀ ਢਿੱਲਵਾਂ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਜਸਵਿੰਦਰ ਕੁਮਾਰੀ ਨੇ ਲੋਕਾਂ ਨੂੰ ਕੋਰਾਨਾਵਾਈਰਸ ਸੰਬੰਧੀ ਜਾਗਰੂਕ ਹੋਣ ਦੀ ਅਪੀਲ ਕੀਤੀ ਉਨ੍ਹਾਂ ਕਿਹਾ ਕਿ ਲੋਕਾਂ ਨੂੰ ਇਸ ਸਮੇਂ ਸੋਸ਼ਲ ਮੀਡੀਆ ਰਾਹੀਂ ਕਰੋਨਾ ਵਾਈਰਸ ਸੰਬੰਧੀ ਫੈਲਾਈ ਜਾ ਰਹੀਂ ਅਫ਼ਵਾਹਾ ਤੋਂ ਸੁਚੇਤ ਰਹਿਣਾ ਚਾਹੀਦਾ ਹੈ ਜਿਵੇਂ ਕਿ ਪਿਛੇ ਦਿਨੀਂ ਲੋਕਾਂ ਵੱਲੋਂ ਇਹ ਜ਼ਿਕਰ ਕੀਤਾ ਜਾ ਰਿਹਾ ਹੈ ਕਿ ਕੋਵਿਡ ਦੀ ਦਵਾਈ ਜਾਂ ਵੈਕਸੀਨ ਬਣਾ ਦਿੱਤੀ ਗਈ ਹੈ ਉਨ੍ਹਾਂ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਬਿਲਕੁਲ ਝੂਠ ਹੈ ਅਤੇ ਕੋਵਿਡ ਸੰਬੰਧੀ ਅਜੇ ਤੱਕ ਕੋਈ ਵੀ ਵੈਕਸੀਨ ਨਹੀਂ ਬਣਾਈ ਗਈ। ਫਿਲਹਾਲ ਕੋਵਿਡ ਤੋਂ ਬੱਚਣ ਲਈ ਏਕਾਂਤਵਾਸ ਹੀ ਸਭ ਤੋਂ ਵੱਡੀ ਦਵਾਈ ਹੈ। ਉਨ੍ਹਾਂ ਸਮੂਹ ਲੋਕਾਂ ਨੂੰ ਘਰਾਂ `ਚ ਰਹਿਣ ਦੀ ਅਪੀਲ ਕੀਤੀ ਅਤੇ ਬਿਨ੍ਹਾਂ ਕਾਰਣ ਘਰ ਤੋਂ ਬਾਹਰ ਆਉਣ ਲਈ ਸਖ਼ਤ ਮਨ੍ਹਾਂ ਕੀਤਾ। ਉਨ੍ਹਾਂ ਲੋਕਾਂ ਨੂੰ ਸਿਹਤਮੰਦ ਰਹਿਣ ਲਈ ਅਫ਼ਵਾਹਾ ਤੋਂ ਬੱਚਣ ਅਤੇ ਕੋਵਿਡ ਸੰਬੰਧੀ ਜਾਗਰੂਕ ਹੋਣ ਲਈ ਕਿਹਾ।   ਇਸ ਦੇ ਨਾਲ ਹੀ ਉਨ੍ਹਾਂ ਜਾਣਕਾਰੀ ਦਿੰਦਿਆਂ ਕਿਹਾ ਕਿ ਕੋਵਿਡ ਸੰਬੰਧੀ ਰੋਜ਼ਾਨਾ ਕਿਨੇ ਮਰੀਜ਼ ਪੋਜ਼ੀਟਿਵ, ਕਿਨੇ ਠੀਕ ਹੋਏ ਅਤੇ ਪੰਜਾਬ ਭਰ `ਚ ਕੁਲ੍ਹ ਕਿਨਿਆ ਮੌਤਾਂ ਹੋਈਆਂ ਇਸ ਸੰਬੰਧੀ ਸਹੀ ਜਾਣਕਾਰੀ ਲੈਣ ਲਈ ਪੰਜਾਬ ਸਰਕਾਰ ਸਿਹਤ ਵਿਭਾਗ ਵੱਲੋਂ ਜਾਰੀ ਕੀਤੀ ਗਈ ਵੈਬਸਾਈਟ http://pbhealth.gov.in/ ਤੋਂ ਹੀ ਲੈਣ। ਲੋਕਾਂ ਵੱਲੋਂ ਬਿਨ੍ਹਾਂ ਤੱਥਾ ਅਧਾਰਤ ਕਹੇ ਜਾਣ `ਤੇ ਕਿ ਪੰਜਾਬ `ਚ ਇਨੇ ਮਰੀਜ਼ ਕੋਵੀਡ ਦਾ ਸ਼ਿਕਾਰ ਹਨ ਜਾਂ ਕੁਲ ਇਨੀਆਂ ਮੌਤਾਂ ਹੋ ਗਈਆਂ ਹਨ ਬਿਲਕੁੱਲ ਵੀ ਯਕੀਨ ਨਾ ਕਰਣ। ਉਨ੍ਹਾਂ ਦੱਸਇਆ ਕਿ ਕੋਵਿਡ ਸੰਬੰਧੀ ਵਧੇਰੇ ਜਾਣਕਾਰੀ ਲਈ ਵੀ ਸਿਹਤ ਵਿਭਾਗ ਦੀ ਵੈਬਸਾਈਟ ਵੇਖਣ ਜਾਂ ਸਮੇਂ ਸਮੇਂ ਸਿਰ ਸਿਹਤ ਵਿਭਾਗ ਵੱਲੋਂ ਜਾਰੀ ਕੀਤੀ ਜਾ ਰਹੀਆਂ ਹਦਾਇਤਾਂ ਦੀ ਪਾਲਣਾ ਕਰਨ ਲਈ ਕਿਹਾ। ਇਸ ਮੌਕੇ ਉਨ੍ਹਾਂ ਇਹ ਵੀ ਕਿਹਾ ਕਿ ਸਿਹਤ ਵਿਭਾਗ, ਪ੍ਰਸ਼ਾਸਨ `ਤੇ ਸਰਕਾਰ ਉਦੋਂ ਤੱਕ ਕੁਝ ਨਹੀਂ ਕਰ ਸਕਦੀ ਜਦੋਂ ਤੱਕ ਲੋਕ ਆਪਣਾ ਸਹਿਯੋਗ ਨਹੀਂ ਦੇਣਗੇ। ਲੋਕਾਂ ਦੇ ਘਰਾਂ `ਚ ਰਹਿਣ ਨਾਲ ਹੀ ਪਰਿਵਾਰ, ਸਮਾਜ `ਤੇ ਸਾਡਾ ਦੇਸ਼ ਸੁਰੱਖਿਅਤ ਰਹਿਗਾ। ਉਨ੍ਹਾਂ ਲੋਕਾਂ ਨੂੰ ਸਿਹਤ ਵਿਭਾਗ ਦਾ ਸਹਿਯੋਗ ਦੇਣ ਅਤੇ ਸ਼ਾਤੀਂ ਬਣਾਏ ਰੱਖਣ ਦੀ ਅਪੀਲ ਕੀਤੀ।

ਜ਼ਿਲੇ ’ਚ ਕਣਕ ਦੀ ਖ਼ਰੀਦ ਲਈ ਬਣਾਏ 98 ਖ਼ਰੀਦ ਕੇਂਦਰ-ਡੀ. ਸੀ

15 ਅਪ੍ਰੈਲ ਤੋਂ ਸ਼ੁਰੂ ਹੋਵੇਗੀ ਕਣਕ ਦੀ ਸਰਕਾਰੀ ਖ਼ਰੀਦ

 

ਕਿਸਾਨਾਂ ਨੂੰ ਖ਼ਰੀਦ ਪ੍ਰਕਿਰਿਆ ਦੌਰਾਨ ਨਹੀਂ ਆਉਣ ਦਿੱਤੀ ਜਾਵੇਗੀ ਕੋਈ ਦਿੱਕਤ 

 

ਸਾਵਧਾਨੀਆਂ ਯਕੀਨੀ ਬਣਾਉਣ ਲਈ ਜੀ. ਓ. ਜੀਜ਼ ਅਤੇ ਹੋਰਨਾਂ ਵਿਭਾਗਾਂ ਦੀ ਲਈ ਜਾਵੇਗੀ ਮਦਦ

 

ਕਿਸਾਨਾਂ ਨੂੰ ਸੁੱਕੀ ਕਣਕ ਹੀ ਖ਼ਰੀਦ ਕੇਂਦਰਾਂ ਵਿਚ ਲਿਆਉਣ ਦੀ ਅਪੀਲ 

 

ਕਪੂਰਥਲਾ ,ਅਪ੍ਰੈਲ 2020 -(ਹਰਜੀਤ ਸਿੰਘ ਵਿਰਕ)-

ਜ਼ਿਲੇ ਵਿਚ 15 ਅਪ੍ਰੈਲ ਤੋਂ ਸ਼ੁਰੂ ਹੋ ਰਹੀ ਕਣਕ ਦੀ ਖ਼ਰੀਦ ਸਬੰਧੀ 98 ਖ਼ਰੀਦ ਕੇਂਦਰ ਬਣਾਏ ਗਏ ਹਨ, ਜਿਨਾਂ ਵਿਚ 42 ਦਾਣਾ ਮੰਡੀਆਂ ਅਤੇ 56 ਰਾਈਸ ਮਿੱਲਾਂ ਸ਼ਾਮਿਲ ਹਨ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਨੇ ਜ਼ਿਲੇ ਵਿਚ ਕੀਤੇ ਗਏ ਖ਼ਰੀਦ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਅਧਿਕਾਰੀਆਂ ਨਾਲ ਕੀਤੀ ਮੀਟਿੰਗ ਦੌਰਾਨ ਦਿੱਤੀ। ਉਨਾਂ ਕਿਹਾ ਕਿ ਸੁਚੱਜੀ ਖ਼ਰੀਦ ਲਈ ਖ਼ਰੀਦ ਕੇਂਦਰਾਂ ਵਿਚ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਅਤੇ ਕਿਸਾਨਾਂ ਨੂੰ ਖ਼ਰੀਦ ਪ੍ਰਕਿਰਿਆ ਦੌਰਾਨ ਕੋਈ ਦਿੱਕਤ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਉਨਾਂ ਦੱਸਿਆ ਕਿ ਸਰਕਾਰ ਵੱਲੋਂ ਕਣਕ ਦਾ ਸਰਕਾਰੀ ਭਾਅ 1925 ਰੁਪਏ ਪ੍ਰਤੀ ਕੁਇੰਟਲ ਮਿੱਥਿਆ ਗਿਆ ਹੈ। ਉਨਾਂ ਸਮੂਹ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਸੁੱਕੀ ਕਣਕ ਹੀ ਮੰਡੀਆਂ ਵਿਚ ਲਿਆਉਣ, ਜਿਸ ਦੀ ਨਮੀ 12 ਫੀਸਦੀ ਤੋਂ ਵਧੇਰੇ ਨਾ ਹੋਵੇ। ਉਨਾਂ ਇਹ ਵੀ ਅਪੀਲ ਕੀਤੀ ਕਿ ਸਵੇਰੇ 6 ਵਜੇ ਤੋਂ ਸ਼ਾਮ 7 ਵਜੇ ਤੱਕ ਹੀ ਕਣਕ ਦੀ ਕਟਾਈ ਕੀਤੀ ਜਾਵੇ। 

ਡਿਪਟੀ ਕਮਿਸ਼ਨਰ ਨੇ ਕਿਸਾਨਾਂ, ਆੜਤੀਆਂ, ਲੇਬਰ ਅਤੇ ਖ਼ਰੀਦ ਏਜੰਸੀਆਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਕੋਵਿਡ-19 ਨੂੰ ਫੈਲਣ ਤੋਂ ਰੋਕਣ ਲਈ ਖ਼ਰੀਦ ਕੇਂਦਰਾਂ ਵਿਚ ਸਾਫ਼-ਸਫ਼ਾਈ, ਸਮਾਜਿਕ ਦੂਰੀ ਬਣਾਈ ਰੱਖਣ, ਮਾਸਕ ਦੀ ਵਰਤੋਂ ਕਰਨ ਅਤੇ ਵਾਰ-ਵਾਰ ਹੱਥ ਧੋਣ ਜਿਹੀਆਂ ਸਾਵਧਾਨੀਆਂ ਦਾ ਖਾਸ ਖਿਆਲ ਰੱਖਿਆ ਜਾਵੇ। ਉਨਾਂ ਹਦਾਇਤ ਕੀਤੀ ਕਿ ਸਾਰੇ ਖ਼ਰੀਦ ਕੇਂਦਰਾਂ ਨੂੰ ਸੈਨੀਟਾਈਜ਼ ਕੀਤਾ ਜਾਵੇ। ਉਨਾਂ ਕਿਹਾ ਕਿ ਖ਼ਰੀਦ ਕੇਂਦਰਾਂ ਵਿਚ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਨੂੰ ਯਕੀਨੀ ਬਣਾਉਣ ਲਈ ਪੁਲਿਸ ਤੋਂ ਇਲਾਵਾ ਜੀ. ਓ. ਜੀਜ਼ ਅਤੇ ਹੋਰਨਾਂ ਵਿਭਾਗਾਂ ਦੀ ਮਦਦ ਵੀ  ਲਈ ਜਾਵੇਗੀ। ਉਨਾਂ ਦੱਸਿਆ ਕਿ ਪਿਛਲੀ ਖ਼ਰੀਦ ਦੇ ਰਿਕਾਰਡ ਨੂੰ ਵੇਖ ਕੇ ਕੂਪਨ ਅਲਾਟ ਕੀਤੇ ਜਾਣਗੇ ਅਤੇ ਇਕ ਟਰਾਲੀ ਲਈ ਕਿਸਾਨ ਨੂੰ ਇਕ ਕੂਪਨ ਦਿੱਤਾ ਜਾਵੇਗਾ। 

  ਉਨਾਂ ਕਿਹਾ ਕਿ ਜ਼ਿਲੇ ਵਿਚ ਕੰਬਾਇਨ ਮਾਲਕਾਂ ਨੂੰ ਅਣ-ਪੱਕੀ ਅਤੇ ਨਮੀ ਵਾਲੀ ਕਣਕ ਦੀ ਕਟਾਈ ਨਾ ਕਰਨ ਅਤੇ ਕਟਾਈ ਕਰਨ ਸਮੇਂ ਕੰਬਾਇਨਾਂ ਵਿਚ ਉਪਲਬੱਧ ਪੱਖਿਆਂ ਨੂੰ ਚਾਲੂ ਹਾਲਤ ਵਿਚ ਰੱਖਣ ਅਤੇ ਰਾਤ ਸਮੇਂ ਕਟਾਈ ਨਾ ਕਰਨ ਸਬੰਧੀ ਪਹਿਲਾਂ ਹੀ ਹੁਕਮ ਜਾਰੀ ਕੀਤੇ ਜਾ ਚੁੱਕੇ ਹਨ। ਉਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਲੋੜ ਪੈਣ ’ਤੇ ਆਪਣੀ ਜ਼ਰੂਰਤ ਪੂਰੀ ਕਰਨ ਲਈ ਹੀ ਮੂਵਮੈਂਟ ਕਰਨ ਅਤੇ ਬੇਲੋੜੀ ਅਤੇ ਬੇਵਜਾ ਮੂਵਮੈਂਟ ਨਾ ਕੀਤੀ ਜਾਵੇ। 

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਰਾਹੁਲ ਚਾਬਾ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਐਸ. ਪੀ ਆਂਗਰਾ, ਐਸ. ਡੀ. ਐਮ ਸ੍ਰੀ ਵਰਿੰਦਰ ਪਾਲ ਸਿੰਘ ਬਾਜਵਾ, ਡਾ. ਚਾਰੂਮਿਤਾ ਤੇ ਸ. ਰਣਦੀਪ ਸਿੰਘ ਹੀਰ, ਡੀ. ਐਫ ਐਸ. ਸੀ ਸ. ਸਰਤਾਜ ਸਿੰਘ ਚੀਮਾ, ਡੀ. ਡੀ. ਪੀ. ਓ ਸ. ਹਰਜਿੰਦਰ ਸਿੰਘ ਸੰਧੂ, ਸਕੱਤਰ ਜ਼ਿਲਾ ਪ੍ਰੀਸ਼ਦ ਸ੍ਰੀ ਗੁਰਦਰਸ਼ਨ ਲਾਲ ਕੁੰਡਲ, ਜੀ. ਓ. ਜੀਜ਼ ਦੇ ਜ਼ਿਲਾ ਹੈੱਡ ਕਰਨਲ ਕੁਲਜਿੰਦਰ ਸਿੰਘ, ਡਿਪਟੀ ਡੀ. ਐਮ. ਓ ਸ੍ਰੀ ਰੁਪਿੰਦਰ ਮਿਨਹਾਸ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਜ਼ਿਲਾ ਅਧਿਕਾਰੀ ਹਾਜ਼ਰ ਸਨ। 

ਕੈਪਸ਼ਨ :-ਕਣਕ ਦੇ ਖ਼ਰੀਦ ਪ੍ਰਬੰਧਾਂ ਸਬੰਧੀ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ। ਨਾਲ ਹਨ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਰਾਹੁਲ ਚਾਬਾ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਐਸ. ਪੀ. ਆਂਗਰਾ ਤੇ ਹੋਰ ਅਧਿਕਾਰੀ।

ਕੋਵਿਡ-19 ਦੇ ਚੱਲਦਿਆਂ ਵਰਦਾਨ ਸਾਬਿਤ ਹੋਵੇਗੀ ਮੋਬਾਈਲ ਓਟ ਕਲੀਨਿਕ-ਸਿਵਲ ਸਰਜਨ

ਹਫ਼ਤੇ ਵਿਚ ਚਾਰ ਦਿਨ ਪਿੰਡਾਂ ਵਿਚ ਮੂਵ ਕਰੇਗੀ ਵੈਲ-ਡਾ. ਸੰਦੀਪ ਭੋਲਾ

 

ਕਪੂਰਥਲਾ,ਅਪ੍ਰੈਲ 2020 - (ਹਰਜੀਤ ਸਿੰਘ ਵਿਰਕ)-

ਕੋਰੋਨਾ ਵਾਇਰਸ ਦੇ ਚੱਲਦਿਆਂ ਨਸ਼ੇ ਦੇ ਪੀੜਤ ਮਰੀਜ਼ਾਂ ਤੱਕ ਘਰ ਬੈਠੇ ਹੀ ਦਵਾਈਆਂ ਪਹੁੰਚਾਉਣ ਲਈ ਜ਼ਿਲੇ ਵਿਚ ਮੋਬਾਈਲ ਓਟ ਕਲੀਨਿਕ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਇਹ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਜਸਮੀਤ ਬਾਵਾ ਨੇ ਦੱਸਿਆ ਕਿ ਓਟ ਕਲੀਨਿਕਾਂ ਵਿਚ ਵੱਧ ਰਹੀ ਭੀੜ ਨੂੰ ਘੱਟ ਕਰਨ ਦੇ ਉਦੇਸ਼ ਨਾਲ ਜ਼ਿਲਾ ਪ੍ਰਸ਼ਾਸਨ ਤੇ ਸਿਹਤ ਵਿਭਾਗ ਵੱਲੋਂ ਇਹ ਮੁਹਿੰਮ ਵਿੱਢੀ ਗਈ ਹੈ, ਤਾਂ ਜੋ ਕੋਵਿਡ-19 ਦੇ ਚੱਲਦਿਆਂ ਸਮਾਜਿਕ ਦੂਰੀ ਨੂੰ ਕਾਇਮ ਰੱਖਿਆ ਜਾ ਸਕੇ। ਉਨਾ ਦੱਸਿਆ ਕਿ ਨਿਰਧਾਰਤ ਰੂਟ ਪਲਾਲ ਮੁਤਾਬਿਕ ਇਹ ਵੈਨ ਪਿੰਡਾਂ ਵਿਚ ਮੂਵ ਕਰੇਗੀ ਅਤੇ ਪੀੜਤਾਂ ਤੱਕ ਦਵਾਈ ਪਹੁੰਚਾਈ ਜਾਵੇਗੀ। ਉਨਾ ਕਿਹਾ ਕਿ ਇਸ ਔਖੀ ਘੜੀ ਵਿਚ ਇਹ ਮੋਬਾਈਨ ਓਟ ਕਲੀਨਿਕ ਨਸ਼ਾ ਪੀੜਤ ਮਰੀਜ਼ਾਂ ਲਈ ਵਰਦਾਨ ਸਾਬਿਤ ਹੋਵੇਗੀ। 

ਨਸ਼ਾ ਛੁਡਾੳੂ ਕੇਂਦਰ ਦੇ ਇੰਚਾਰਜ ਡਾ. ਸੰਦੀਪ ਭੋਲਾ ਨੇ ਇਸ ਸਬੰਧੀ ਦੱਸਿਆ ਕਿ ਜ਼ਿਲਾ ਕਪੂਰਥਲਾ ਵਿਚ ਪਾਇਲਟ ਪ੍ਰਾਜੈਕਟ ਦੇ ਤੌਰ ’ਤੇ ਇਹ ਮੁਹਿੰਮ ਸ਼ੁਰੂ ਕੀਤੀ ਗਈ ਹੈ। ਉਨਾਂ ਦੱਸਿਆ ਕਿ ਮੰਗਲਵਾਰ ਤੋਂ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ ਜਾਵੇਗੀ ਅਤੇ ਇਹ ਵੈਨ ਹਫ਼ਤੇ ਵਿਚ ਚਾਰ ਦਿਨ ਆਪਣੀਆਂ ਸੇਵਾਵਾਂ ਮੁਹੱਈਆ ਕਰਵਾਏਗੀ। ਉਨਾਂ ਦੱਸਿਆ ਕਿ ਉਕਤ ਵੈਨ ਰੋਜ਼ਾਨਾ ਸਵੇਰੇ 8 ਵਜੇ ਸਿਵਲ ਹਸਪਤਾਲ ਕਪੂਰਥਲਾ ਤੋਂ ਮੂਵ ਕਰੇਗੀ ਅਤੇ ਹਰ ਪਿੰਡ ਵਿਚ ਇਕ ਤੋਂ ਡੇਢ ਘੰਟਾ ਰੁਕੇਗੀ, ਤਾਂ ਜੋ ਸਭਨਾਂ ਨੂੰ ਦਵਾਈ ਮਿਲ ਸਕੇ। ਉਨਾਂ ਇਹ ਵੀ ਦੱਸਿਆ ਕਿ ਜਿਹੜੇ ਮਰੀਜ਼ ਪਹਿਲਾਂ ਓਟ ਸੈਂਟਰਾਂ ਵਿਚ ਰਜਿਸਟਰਡ ਹਨ, ਉਨਾਂ ਨੂੰ ਹੀ ਇਸ ਮੋਬਾਈਲ ਕਲੀਨਿਕ ਦੇ ਜ਼ਰੀਏ ਦਵਾਈ ਦੀ ਸਹੂਲਤ ਮਿਲੇਗੀ। ਉਨਾਂ ਦੱਸਿਆ ਕਿ ਲਵੇਂ ਮਰੀਜ਼ਾਂ ਨੂੰ ਰਜਿਸਟ੍ਰੇਸ਼ਨ ਕਰਵਾਉਣ ਲਈ ਨੇੜੇ ਦੇ ਸਰਕਾਰੀ ਸਿਹਤ ਕੇਂਦਰ ਦੇ ਓਟ ਸੈਂਟਰ ਵਿਖੇ ਸੰਪਰਕ ਕਰਨਾ ਲਾਜ਼ਮੀ ਹੈ। ਉਨਾਂ ਲੋਕਾਂ ਨੂੰ ਇਸ ਸਬੰਧੀ ਸਹਿਯੋਗ ਦੇਣ ਅਤੇ ਦਵਾਈ ਲੈਣ ਦੌਰਾਨ ਸਮਾਜਿਕ ਦੂਰੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ। 

ਮੋਬਾਈਲ ਵੈਨ ਦੇ ਹਫ਼ਤੇ ਦੇ ਸ਼ਡਿੳੂਲ ਬਾਰੇ ਜਾਣਕਾਰੀ ਦਿੰਦਿਆਂ ਉਨਾਂ ਦੱਸਿਆ ਕਿ ਮੰਗਲਵਾਰ ਨੂੰ ਇਹ ਵੈਨ ਸਵੇਰੇ 8 ਵਜੇ ਸਿਵਲ ਹਸਪਤਾਲ ਕਪੂਰਥਲਾ ਤੋਂ ਰਵਾਨਾ ਹੋਵੇਗੀ ਅਤੇ 8.30 ਤੋਂ 10 ਵਜੇ ਤੱਕ ਪਿੰਡ ਸੰਧੂ ਚੱਠਾ ਵਿਖੇ ਰਹੇਗੀ, ਸਵੇਰੇ 10.15 ਤੋਂ 11.30 ਵਜੇ ਤੱਕ ਪਿੰਡ ਜੱਲੋਵਾਲ, ਸਵੇਰੇ 11.45 ਤੋਂ ਦੁਪਹਿਰ 1 ਵਜੇ ਤੱਕ ਪਿੰਡ ਖੁਸਰੋਪੁਰ ਅਤੇ ਦੁਪਹਿਰ 1.15 ਤੋਂ 3 ਵਜੇ ਤੱਕ ਪਿੰਡ ਸਿੱਧਵਾਂ ਦੋਨਾ ਵਿਚ ਰਹੇਗੀ। ਬੁੱਧਵਾਰ ਨੂੰ ਸਵੇਰੇ 8.30 ਤੋਂ 10 ਵਜੇ ਤੱਕ ਪਿੰਡ ਬਨਵਾਲੀਪੁਰ, ਸਵੇਰੇ 10.45 ਤੋਂ ਦੁਪਹਿਰ 12 ਵਜੇ ਤੱਕ ਪਿੰਡ ਕਾਹਲਵਾਂ ਅਤੇ ਦੁਪਹਿਰ 12.15 ਤੋਂ ਦੁਪਹਿਰ 2 ਵਜੇ ਤੱਕ ਪਿੰਡ ਥਿਗਲੀ ਵਿਖੇ ਰਹੇਗੀ। ਇਸੇ ਤਰਾਂ ਸ਼ੁੱਕਰਵਾਰ ਨੂੰ ਇਹ ਵੈਨ ਸਵੇਰੇ 8.30 ਤੋਂ 10 ਵਜੇ ਤੱਕ ਪਿੰਡ ਸਿਆਲ, ਸਵੇਰੇ 10.15 ਤੋਂ 11.30 ਵਜੇ ਤੱਕ ਪਿੰਡ ਭਾਣੋਲੰਗਾ, 11.45 ਤੋਂ ਦੁਪਹਿਰ 1 ਵਜੇ ਤੱਕ ਪਿੰਡ ਤੋਗਾਂਵਾਲ ਅਤੇ 1.15 ਤੋਂ ਦੁਪਹਿਰ 3 ਵਜੇ ਤੱਕ ਪਿੰਡ ਮੋਠਾਂਵਾਲ ਰਹੇਗੀ। ਇਸੇ ਤਰਾਂ ਸਨਿੱਚਰਵਾਰ ਨੂੰ ਵੈਨ ਸਵੇਰੇ 8.30 ਤੋਂ 10.30 ਵਜੇ ਤੱਕ ਪਿੰਡ ਸੇਚਾਂ, ਸਵੇਰੇ 10.45 ਤੋਂ ਦੁਪਹਿਰ 12 ਵਜੇ ਤੱਕ ਪਿੰਡ ਲਾਟੀਆਂਵਾਲ ਅਤੇ 12.15 ਤੋਂ ਦੁਪਹਿਰ 2 ਵਜੇ ਤੱਕ ਪਿੰਡ ਤੋਤੀ ਵਿਖੇ ਰਹੇਗੀ। 

ਫੋਟਆਂੋ :

-ਡਾ. ਜਸਮੀਤ ਬਾਵਾ। 

-ਡਾ. ਸੰਦੀਪ ਭੋਲਾ।

ਕਰਫਿਊ ਦੌਰਾਨ ਜੇਕਰ ਕਿਸੇ ਨੂੰ ਵੀ ਕੋਈ ਸਮੱਸਿਆ ਪੇਸ਼ ਆਉਂਦੀ ਤਾਂ ਜਿਲਾ ਪ੍ਰਸ਼ਾਸਨ ਨਾਲ ਸੰਪਰਕ ਕਰੋ-ਐਸ ਐਸ ਪੀ ਬਰਨਾਲਾ

ਪਿੰਡ ਬੀਹਲਾ, ਬੀਹਲੀ ਖੁਰਦ, ਗਹਿਲਾਂ, ਨਰੈਣਗੜ੍ਹ ਸੋਹੀਆਂ ਚ ਵੰਡਿਆਂ ਲੋੜਵੰਦਾਂ ਨੂੰ ਰਾਸ਼ਨ

 ਬਰਨਾਲਾ,ਅਪ੍ਰੈਲ 2020 (ਗੁਰਸੇਵਕ ਸਿੰਘ ਸੋਹੀ )-

ਐਸ ਐਸ ਪੀ ਬਰਨਾਲਾ ਸੰਦੀਪ ਗੋਇਲ ਵੱਲੋਂ ਅੱਜ ਪਿੰਡ ਬੀਹਲਾ ਬੀਹਲੀ ਖੁਰਦ, ਗਹਿਲ,ਨਰੈਣਗੜ੍ਹ ਸੋਹੀਆਂ, ਵਿਖੇ ਜਿਥੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ,ਉਥੇ ਕਰੋਨਾ ਵਾਇਰਸ ਦੇ ਫੈਲਾਅ ਅਤੇ ਇਸ ਤੋਂ ਬਚਾਅ ਸਬੰਧੀ ਲੋਕਾਂ ਨੂੰ ਜਾਣਕਾਰੀ ਦਿੱਤੀ। ਇਸ ਮੌਕੇ ਜਿਲਾ ਪੁਲਸ ਮੁਖੀ ਸੰਦੀਪ ਗੋਇਲ ਨੇ ਕਿਹਾ ਕਿ ਵਿਸ਼ਵ ਭਰ ਚ ਮਹਾਂਮਾਰੀ ਦਾ ਰੂਪ ਧਾਰਨ ਕਰ ਚੁੱਕੇ ਕਰੋਨਾ ਵਾਇਰਸ ਨੂੰ ਅਸੀ ਛੋਟੀਆਂ ਛੋਟੀਆਂ ਸਾਵਧਾਨੀਆਂ ਵਰਤ ਕੇ ਖਤਮ ਕਰ ਸਕਦੇ ਹਾਂ। ਉਂਨਾ ਕਿਹਾ ਕਿ ਕਰਫਿਊ ਦੌਰਾਨ ਲੋੜਵੰਦ ਲੋਕਾਂ ਨੂੰ ਜਰੂਰੀ ਵਸਤਾਂ ਪਹੁੰਚਾਉਣ ਦੀ ਜਿੰਮੇਵਾਰੀ ਪੰਜਾਬ ਸਰਕਾਰ ਤੇ ਜਿਲਾ ਪ੍ਰਸ਼ਾਸਨ ਨੇ ਆਪਣੇ ਸਿਰ ਲਈ ਹੈ। ਹੁਣ ਲੋਕਾਂ ਦਾ ਫਰਜ਼ ਬਣਦਾ ਹੈ ਕਿ ਇਸ ਵਾਇਰਸ ਦੀ ਜੜ ਪੁੱਟਣ ਦੇ ਲਈ ਪੰਜਾਬ ਸਰਕਾਰ ਤੇ ਜਿਲਾ ਪ੍ਰਸ਼ਾਸਨ ਵੱਲੋਂ ਕਰਫਿਊ ਨੂੰ ਲਾਗੂ ਕਰਨ ਲਈ ਜਾਰੀ ਕੀਤੀਆਂ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ। ਸ੍ਰੀ ਗੋਇਲ ਨੇ ਕਿਹਾ ਕਿ ਭਾਵੇਂ ਵਿਸ਼ਵ ਭਰ ਚ ਕਰੋਨਾ ਦੀ ਅਜੇ ਤੱਕ ਕੋਈ ਵੈਕਸੀਨ ਵਗੈਰਾ ਨਹੀ ਬਣੀ ,ਪਰ ਆਪਸ ਚ 5 ਫੁੱਟ ਦੀ ਦੂਰੀ, ਹੱਥਾਂ ਤੇ ਉਗਲਾਂ ਦੀ ਸਫਾਈ ਸਮੇਤ ਹੋਰ ਛੋਟੀਆਂ ਛੋਟੀਆਂ ਸਾਵਧਾਨੀਆਂ ਵਰਤ ਕੇ ਅਸੀ ਕਰੋਨਾ ਨੂੰ ਹਰਾ ਸਕਦੇ ਹਾਂ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਕਰੋਨਾ ਨੂੰ ਹਰਾਉਣ ਦੇ ਲਈ ਪੰਜਾਬ ਸਰਕਾਰ ਤੇ ਜਿਲਾ ਪ੍ਰਸ਼ਾਸਨ ਦਾ ਸਹਿਯੋਗ ਕੀਤਾ ਜਾਵੇ। ਕਰਫਿਊ ਦੌਰਾਨ ਜੇਕਰ ਕਿਸੇ ਨੂੰ ਵੀ ਕੋਈ ਸਮੱਸਿਆ ਪੇਸ਼ ਆਉਂਦੀ ਤਾਂ ਜਿਲਾ ਪ੍ਰਸ਼ਾਸਨ ਨਾਲ ਸੰਪਰਕ ਕਰ ਸਕਦਾ ਹੈ। ਇਸ ਮੌਕੇ ਐਸ ਐਚ ਓ ਥਾਣਾ ਟੱਲੇਵਾਲ ਦੇ ਮੈਡਮ ਅਮਨਦੀਪ ਕੌਰ,ਸਬ ਇੰਸਪੈਕਟਰ ਮਲਕੀਤ ਸਿੰਘ ,ਸਰਪੰਚ ਤੇਜਿੰਦਰ ਸਿੰਘ,ਪੰਚ ਜਗਜੀਤ ਸਿੰਘ, ਪੰਚ ਗੁਰਮੇਲ ਸਿੰਘ ਕੇਵਲ ਸਿੰਘ, ਪੰਚ ਜਗਰਾਜ ਸਿੰਘ, ਲਖਵਿੰਦਰ ਸਿੰਘ, ਪੰਚ ਸੁਖਵਿੰਦਰ ਸਿੰਘ, ਪੰਚ ਗੁਰਮੇਲ ਸਿੰਘ ਆਦਿ ਆਦਿ ਹਾਜ਼ਰ ਸਨ ।

ਏ ਐਸ ਆਈ ਹਰਜੀਤ ਸਿੰਘ ਦਾ ਪੀਜੀਆਈ ਦੇ ਡਾਕਟਰਾਂ ਵੱਲੋਂ ਸਫ਼ਲ ਆਪ੍ਰੇਸ਼ਨ

ਹੱਥ ਨੂੰ ਮੁੜ ਜੋੜਿਆ

 

ਚੰਡੀਗੜ੍ਹ :- ਅੱਜ ਸਵੇਰੇ 6 ਵਜੇ ਦੇ ਕਰੀਬ ਪਟਿਆਲਾ ਦੀ ਸਬਜ਼ੀ ਮੰਡੀ ਚ ਅਖੌਤੀ ਨਹਿੰਗਾ ਵੱਲੋਂ ਹਮਲਾ ਕਰਕੇ ਏਐੱਸਆਈ ਹਰਜੀਤ ਸਿੰਘ ਦੇ ਤਲਵਾਰ ਨਾਲ ਵੱਢ ਕੇ ਅਲੱਗ ਕੀਤੇ ਗਏ ਗੁੱਟ ਨੂੰ ਪੀਜੀਆਈ ਚੰਡੀਗੜ੍ਹ ਦੇ ਡਾਕਟਰਾਂ ਨੇ ਦੁਬਾਰਾ ਜੋੜ ਦਿੱਤਾ ਹੈ। ਪੀਜੀਆਈ ਦੇ ਡਾਕਟਰਾਂ ਵੱਲੋਂ ਸਫ਼ਲ ਅਪ੍ਰੇਸ਼ਨ ਕਰਨ ਤੇ ਪੰਜਾਬ ਦੇ ਡੀਜੀਪੀ  ਦਿਨਕਰ ਗੁਪਤਾ ਨੇ ਡਾਕਟਰਾਂ ਨੂੰ ਵਧਾਈ ਦਿੱਤੀ । 

ਸੱਤ ਘੰਟੇ ਚੱਲੀ ਇਸ ਆਪ੍ਰੇਸ਼ਨ ਪ੍ਰਕਿਰਿਆ ਚ ਬੜੀ ਮਿਹਨਤ ਨਾਲ ਡਾਕਟਰਾਂ ਨੇ ਆਪਣਾ ਮਿਸ਼ਨ ਫਤੇ  ਕੀਤਾ

ਸੂਤਰਾਂ ਮੁਤਾਬਿਕ ਪਤਾ ਲੱਗਾ ਕਿ ਆਪ੍ਰੇਸ਼ਨ ਦਸ ਵਜੇ ਸ਼ੁਰੂ ਹੋਇਆ ਸੀ ।

ਪੰਜਾਬ 'ਚ 30 ਜੂਨ ਤਕ ਸਾਰੇ ਵਿਦਿਅਕ ਅਦਾਰੇ ਬੰਦ, ਨਹੀਂ ਹੋਣਗੀਆਂ ਪ੍ਰੀਖਿਆਵਾਂ, ਕੈਪਟਨ ਨੇ ਕੀਤਾ ਐਲਾਨ

 

ਚੰਡੀਗੜ੍ਹ, ਅਪ੍ਰੈਲ 2020 (ਇਕਬਾਲ ਸਿੰਘ ਰਸੂਲਪੁਰ/ ਮਨਜਿੰਦਰ ਗਿੱਲ)  

ਪੰਜਾਬ 'ਚ 30 ਜੂਨ ਤਕ ਵਿਦਿਅਕ ਅਦਾਰੇ ਬੰਦ ਰਹਿਣਗੇ ਤੇ ਸਾਰੀਆਂ ਪ੍ਰੀਖਿਆਵਾਂ ਰੱਦ ਕਰ ਦਿੱਤੀਆਂ ਗਈਆਂ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਵੀਡੀਓ ਕਾਨਫਰੰਸ ਦੌਰਾਨ ਇਹ ਜਾਣਕਾਰੀ ਦਿੱਤੀ ਹੈ। ਤੁਹਾਨੂੰ ਦੱਸ ਦੇਈਏ ਕਿ 10 ਅਪ੍ਰੈਲ ਦਿਨ ਸ਼ੁੱਕਰਵਾਰ ਨੂੰ ਸਿੱਖਿਆ ਮੰਤਰੀ ਪੰਜਾਬ ਵਿਜੈਇੰਦਰ ਸਿੰਗਲਾ ਨੇ ਆਰਡਰ ਜਾਰੀ ਕੀਤਾ ਸੀ ਕਿ ਪੰਜਾਬ 'ਚ ਗਰਮੀਆਂ ਦੀਆਂ ਛੁੱਟੀਆਂ 11 ਅਪ੍ਰੈਲ ਤੋਂ 10 ਮਈ ਤਕ ਰਹਿਣਗੀਆਂ। ਪਰ ਅੱਜ ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਵੀਡੀਓ ਕਾਨਫਰੰਸਿੰਗ ਦੌਰਾਨ ਜਾਣਕਾਰੀ ਦਿੱਤੀ ਕਿ ਸਾਰੇ ਸਕੂਲ ਤੇ ਕਾਲਜ 30 ਜੂਨ ਤਕ ਬੰਦ ਰਹਿਣਗੇ ਤੇ ਕਿਸੇ ਤਰ੍ਹਾਂ ਦੀ ਕੋਈ ਪ੍ਰੀਖਿਆ ਨਹੀਂ ਲਈ ਜਾਵੇਗੀ।

ਦੇਸ਼ ਵਿਚ ਕੋਰੋਨਾ ਸੰਕਟ ਗਹਿਰਾਉਂਦਾ ਜਾ ਰਿਹਾ ਹੈ। ਪਿਛਲੇ 24 ਘੰਟੇ 'ਚ ਭਾਰਤ 'ਚ 1000 ਤੋਂ ਜ਼ਿਆਦਾ ਨਵੇਂ ਮਾਮਲੇ ਸਾਹਮਣੇ ਆ ਚੁੱਕੇ ਹਨ। ਦੇਸ਼ ਵਿਚ ਜਾਰੀ 21 ਦਿਨਾਂ ਦੇ ਲਾਕਡਾਊਨ ਸਬੰਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਾਰੇ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਵੀਡੀਓ ਕਾਨਫਰੰਸਿੰਗ ਜ਼ਰੀਏ ਗੱਲਬਾਤ ਕਰ ਰਹੇ ਹਨ। ਇਸ ਦੌਰਾਨ ਅਗਲੇ ਹਫ਼ਤੇ ਖ਼ਤਮ ਹੋ ਰਹੇ ਲਾਕਡਾਊਨ ਦੀ ਮਿਆਦ ਵਧਾਉਣ ਜਾਂ ਖ਼ਤਮ ਕਰਨ 'ਤੇ ਫ਼ੈਸਲਾ ਹੋਵੇਗਾ। ਜਨਤਾ ਦੀ ਸੁਰੱਖਿਆ ਨੂੰ ਧਿਆਨ 'ਚ ਰੱਖਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਲਾਕਡਾਊਨ 30 ਅਪ੍ਰੈਲ ਤਕ ਵਧਾਉਣ ਦੀ ਪ੍ਰਧਾਨ ਮੰਤਰੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਜਿਸ ਤੇਜ਼ੀ ਨਾਲ ਦੇਸ਼ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ ਵਧ ਰਹੀ ਹੈ, ਉਸ ਨੂੰ ਦੇਖਦੇ ਹੋਏ ਇਹ ਫ਼ੈਸਲਾ ਲੈਣਾ ਸਮੇਂ ਦੀ ਲੋੜ ਹੈ। ਉਨ੍ਹਾਂ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਵਿਸ਼ੇਸ਼ ਵਿੱਤੀ ਪੈਕੇਜ ਦੀ ਮੰਗ ਕੀਤੀ।ਇਸ ਤੋਂ ਇਲਾਵਾ ਕਿਸਾਨਾਂ ਲਈ ਬੋਨਸ ਮੰਗਿਆ ਤੇ ਸਿਹਤ ਮੁਲਾਜ਼ਮਾਂ ਦੀ ਸੁਰੱਖਿਆ ਲਈ ਬੀਮਾ ਕਵਰ ਮੰਗਿਆ।

ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਹੁਣ ਤਕ ਪੰਜਾਬ 'ਚ ਕੋਰੋਨਾ ਦਾ ਫੈਲਾਅ ਰੋਕਣ ਸਬੰਧੀ ਕੀਤੇ ਯਤਨਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਪੰਜਾਬ 'ਚ ਲਟਕਵੀਆਂ ਬੋਰਡ ਪ੍ਰੀਖਿਆਵਾਂ ਮੁਲਤਵੀ ਕਰ ਦਿੱਤੀਆਂ ਗਈਆਂ ਹਨ। ਕਿਸਾਨਾਂ ਨੂੰ ਕਰਫ਼ਿਊ ਦੌਰਾਨ ਢਿੱਲ ਦਿੱਤੀ ਜਾਵੇਗੀ। ਸਕੂਲਾਂ 'ਚ 11 ਅਪ੍ਰੈਲ ਤੋਂ 10 ਮਈ ਤਕ ਗਰਮੀਆਂ ਦੀ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ ਤਾਂ ਜੋ ਕੋਰੋਨਾ ਦਾ ਫੈਲਾਅ ਰੋਕਿਆ ਜਾ ਸਕੇ। ਇਸ ਤੋਂ ਇਲਾਵਾ ਸਿਹਤ ਮੁਲਾਜ਼ਮਾਂ ਤੇ ਪੁਲਿਸ ਮੁਲਾਜ਼ਮਾਂ ਨੂੰ ਬੀਮਾ ਕਵਰ ਦਿੱਤਾ ਗਿਆ ਹੈ।

ਬੀਤੇ ਦਿਨੀਂ ਮੁੱਖ ਮੰਤਰੀ ਪੰਜਾਬ ਨੇ ਵੀਡੀਓ ਕਾਨਫਰੰਸਿੰਗ ਜ਼ਰੀਏ ਪੰਜਾਬ 'ਚ ਕਰਫ਼ਿਊ ਪਹਿਲੀ ਮਈ ਤਕ ਵਧਾਉਣ ਦਾ ਐਲਾਨ ਕਰ ਦਿੱਤਾ ਤੇ ਲੋਕਾਂ ਨੂੰ ਵੀ ਇਸ ਦੀ ਪਾਲਣਾ ਕਰਨ ਦੀ ਅਪੀਲ ਕੀਤੀ। ਤੁਹਾਨੂੰ ਦੱਸ ਦੇਈਏ ਕਿ ਪੰਜਾਬ 'ਚ ਹੁਣ ਤਕ 12 ਮੌਤਾਂ ਹੋ ਚੁੱਕੀਆਂ ਹਨ ਤੇ ਕੁੱਲ ਪੌਜ਼ਿਟਿਵ ਕੇਸ 154 ਹੋ ਗਏ ਹਨ।

ਕਰੋਨਾ ਵਾਇਰਸ ਦੇ ਬਚਾਅ ਲਈ ਪਿੰਡ ਮੱਝੂਕੇ ਵਿਖੇ ਸਪਰੇਅ ਦਾ ਛੜਕਾ ਕੀਤਾ ਗਿਆ। 

ਬਰਨਾਲਾ -ਅਪ੍ਰੈਲ 2020 -(ਗੁਰਸੇਵਕ ਸਿੰਘ ਸੋਹੀ) -ਕਰੋਨਾ ਵਾਇਰਸ ਦੇ ਮੱਦੇ ਨਜਰ ਰੱਖਦੇ ਹੋਏ ਪੂਰੀ ਦੁਨੀਆਂ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਪਿੰਡ ਮੱਝੂਕੇ ਵਿਖੇ ਗ੍ਰਾਮ ਪੰਚਾਇਤ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਰੋਨਾ ਦੇ ਬਚਾਅ ਲਈ ਸਮੁੱਚੇ ਨਗਰ ਵਿੱਚ ਸਪਰੇਅ ਕਰਵਾਈ ਗਈ ਕਿ ਕਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਿਆ ਜਾ ਸਕੇ ਪਿੰਡ ਦੀਆਂ ਸਾਝੀਆਂ ਥਾਵਾਂ ਗਲੀਆ ਨਾਲੀਆਂ ਵਿਚ ਸਪਰੇਅ ਕਰਕੇ ਪਿੰਡ ਨੂੰ ਸਾਫ਼ ਸੁਥਰਾ ਰੱਖਣ ਦਾ ਉਪਰਾਲਾ ਕੀਤਾ ਗਿਆ ਹੈ। ਇਸ ਮੌਕੇ ਗੱਲਬਾਤ ਕਰਦਿਆ ਸਰਪੰਚ ਅਮਰਜੀਤ ਕੌਰ  ਨੇ ਕਿਹਾ ਕਿ ਪਿੰਡ ਨੂੰ ਪ੍ਰਸ਼ਾਸਨ ਦਾ ਸਾਥ ਦੇਣਾ ਚਾਹੀਦਾ ਹੈ ਤਾਂ ਜੋ ਇਸ ਮਹਾਂਮਾਰੀ ਤੋਂ ਬਚਿਆ ਜਾ ਸਕੇ ਇਸ ਮੌਕੇ ਉਨ੍ਹਾਂ ਨਾਲ ਸਰਦਾਰ ਮੇਜ਼ਰ ਸਿੰਘ, ਕ੍ਰਿਸ਼ਨ ਸਿੰਘ, ਗੁਰਮੀਤ ਸਿੰਘ, ਜੱਗਾ ਪ੍ਰਧਾਨ, ਅੰਮ੍ਰਿਤਪਾਲ, ਹਰਮਨਦੀਪ ਸਿੰਘ, ਸਾਧੂ ਸਿੰਘ, ਕੋਰਾ ਸਿੰਘ, ਬਚਿੱਤਰ ਸਿੰਘ ਨੰਬਰਦਾਰ, ਜਗਦੇਵ ਸਿੰਘ, ਗੁਰਮੁੱਖ ਸਿੰਘ ਮੈਂਬਰ, ਤੇਜਿੰਦਰ ਸਿੰਘ, ਸੱਤੀ ਸਿੰਘ, ਮੰਦਰ ਸਿੰਘ ਆਦਿ ਮੌਜੂਦ ਸਨ।

ਸੰਯੁਕਤ ਡਾਇਰੈਕਟਰ ਪੇਂਡੂ ਵਿਕਾਸ ਨੇ ਪਿੰਡਾਂ ਵਿਚ ਬਚਾਅ ਅਤੇ ਰਾਹਤ ਕਾਰਜਾਂ ਦਾ ਲਿਆ ਜਾਇਜ਼ਾ

ਕਪੂਰਥਲਾ ,ਅਪ੍ਰੈਲ 2020 - (ਹਰਜੀਤ ਸਿੰਘ ਵਿਰਕ)-

ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਪੰਜਾਬ ਦੇ ਸੰਯੁਕਤ ਡਾਇਰੈਕਟਰ ਸ. ਅਵਤਾਰ ਸਿੰਘ ਭੁੱਲਰ ਨੇ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਅੱਜ ਪਿੰਡਾਂ ਵਿਚ ਪੰਚਾਇਤਾਂ ਵੱਲੋਂ ਕੀਤੇ ਜਾ ਰਹੇ ਬਚਾਅ ਅਤੇ ਰਾਹਤ ਕਾਰਜਾਂ ਦਾ ਜਾਇਜ਼ਾ ਲਿਆ।  ਇਸ ਸਬੰਧੀ ਵੱਖ-ਵੱਖ ਪਿੰਡਾਂ ਦੇ ਦੌਰੇ ਉਨਾਂ ਕੋਰੋਨਾ ਦੀ ਲਾਗ ਨੂੰ ਰੋਕਣ ਲਈ ਪਿੰਡਾਂ ਵਿਚ ਸੈਨੀਟਾਈਜ਼ਰ ਦੇ ਸਪਰੇਅ, ਸਮਾਜਿਕ ਦੂਰੀ ਯਕੀਨੀ ਬਣਾਉਣ, ਕਰਫਿੳੂ ਨੂੰ ਅਸਰਦਾਇਕ ਢੰਗ ਨਾਲ ਲਾਗੂ ਕਰਵਾਉਣ ਅਤੇ ਲੋੜਵੰਦ ਲੋਕਾਂ ਨੂੰ ਰਾਸ਼ਨ ਅਤੇ ਹੋਰ ਜ਼ਰੂਰੀ ਵਸਤਾਂ ਮੁਹੱਈਆ ਕਰਵਾਉਣ ਕੀਤੇ ਜਾ ਰਹੇ ਕੰਮਾਂ ਦਾ ਨਿਰੀਖਣ ਕੀਤਾ। ਇਸ ਦੌਰਾਨ ਉਨਾਂ ਕੋਠੇ ਚੇਤਾ ਸਿੰਘ, ਧਾਲੀਵਾਲ ਦੋਨਾ, ਫੱਤੂ ਢੀਂਗਾ, ਨੰਗਲ ਲੁਬਾਣਾ ਆਦਿ ਪਿੰਡਾਂ ਦਾ ਦੌਰਾ ਕੀਤਾ ਅਤੇ ਸਬੰਧਤ ਅਧਿਕਾਰੀਆਂ ਅਤੇ ਸਰਪੰਚਾਂ ਨੂੰ ਜ਼ਰੂਰੀ ਦਿਸ਼ਾ-ਨਿਰਦੇਸ਼ ਦਿੱਤੇ। ਉਨਾਂ ਕਿਹਾ ਕਿ ਇਸ ਔਖੀ ਘੜੀ ਵਿਚ ਪੰਚਾਇਤਾਂ ਵੱਲੋਂ ਸ਼ਲਾਘਾਯੋਗ ਭੂਮਿਕਾ ਨਿਭਾਈ ਜਾ ਰਹੀ ਹੈ। ਉਨਾਂ ਆਸ ਪ੍ਰਗਟਾਈ ਕਿ ਪੰਚਾਇਤਾਂ ਵੱਲੋਂ ਭਵਿੱਖ ਵਿਚ ਵੀ ਇਸੇ ਤਰਾਂ ਸਹਿਯੋਗ ਮਿਲਦਾ ਰਹੇਗਾ ਅਤੇ ਅਸੀਂ ਇਸ ਜੰਗ ਵਿਚ ਜਲਦ ਹੀ ਜੇਤੂ ਹੋ ਕੇ ਨਿਕਲਾਂਗੇ। ਇਸ ਮੌਕੇ ਜ਼ਿਲਾ ਵਿਕਾਸ ਤੇ ਪੰਚਾਇਤ ਅਫ਼ਸਰ ਸ. ਹਰਜਿੰਦਰ ਸਿੰਘ ਸੰਧੂ, ਬੀ. ਡੀ. ਪੀ. ਓ ਢਿਲਵਾਂ ਸ੍ਰੀ ਸਮਸ਼ੇਰ ਸਿੰਘ, ਬੀ. ਡੀ. ਪੀ. ਓ ਕਪੂਰਥਲਾ ਸ. ਅਮਰਜੀਤ ਸਿੰਘ, ਰੀਡਰ ਸ. ਸੁਖਜਿੰਦਰ ਸਿੰਘ  ਅਤੇ ਪੰਚਾਇਤ ਸਕੱਤਰ ਸ. ਸੰਦੀਪ ਸਿੰਘ ਤੇ ਸ. ਚਰਨਜੀਤ ਸਿੰਘ ਹਾਜ਼ਰ ਸਨ। 

ਕੈਪਸ਼ਨ :-ਪਿੰਡਾਂ ਵਿਚ ਬਚਾਅ ਅਤੇ ਰਾਹਤ ਕਾਰਜਾਂ ਦਾ ਜਾਇਜ਼ਾ ਲੈਂਦੇ ਹੋਏ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਪੰਜਾਬ ਦੇ ਸੰਯੁਕਤ ਡਾਇਰੈਕਟਰ ਸ. ਅਵਤਾਰ ਸਿੰਘ ਭੁੱਲਰ।

ਕੋਰੋਨਾ ਵਾਇਰਸ ਤੋਂ ਬਚਾਅ ਅਤੇ ਰਾਹਤ ਕਾਰਜਾਂ ’ਚ ਅਹਿਮ ਭੂਮਿਕਾ ਨਿਭਾਅ ਰਹੀਆਂ ਹਨ ਪੰਚਾਇਤਾਂ

ਕਪੂਰਥਲਾ ,ਅਪ੍ਰੈਲ 2020 -(ਹਰਜੀਤ ਸਿੰਘ ਵਿਰਕ)-

ਕੋਰੋਨਾ ਵਾਇਰਸ ਦੇ ਮਾਰੂ ਪ੍ਰਭਾਵ ਦੇ ਮੱਦੇਨਜ਼ਰ ਪੰਜਾਬ ਦੀਆਂ ਪੰਚਾਇਤਾਂ ਵੱਲੋਂ ਆਪਣੇ ਪਿੰਡਾਂ ਵਿਚ ਕੀਤੇ ਜਾ ਰਹੇ ਬਚਾਅ ਅਤੇ ਰਾਹਤ ਕਾਰਜਾਂ ਦੀ ਸ਼ਲਾਘਾ ਕਰਦਿਆਂ ਪੰਜਾਬ ਰੂਰਲ ਡਿਵੈਲਪਮੈਂਟ ਅਫ਼ਸਰਜ਼ ਐਸੋਸੀਏਸ਼ਨ ਨੇ ਆਉਣ ਵਾਲੇ ਦਿਨਾਂ ਵਿਚ ਪੰਚਾਇਤਾਂ ਵੱਲੋਂ ਹੋਰ ਉਸਾਰੂ ਭੂਮਿਕਾ ਨਿਭਾਏ ਜਾਣ ਦੀ ਆਸ ਪ੍ਰਗਟਾਈ ਹੈ। ਐਸੋਸੀਏਸ਼ਨ ਦੇ ਪ੍ਰਧਾਨ ਸ. ਅਵਤਾਰ ਸਿੰਘ ਭੁੱਲਰ ਜਾਇੰਟ ਡਾਇਰੈਕਟਰ ਅਤੇ ਮੀਤ ਪ੍ਰਧਾਨ ਸ. ਜਗਵਿੰਦਰ ਜੀਤ ਸਿੰਘ ਸੰਧੂ ਨੇ ਦੱਸਿਆ ਕਿ ਪੰਚਾਇਤਾਂ ਵੱਲੋਂ ਕੋਰੋਨਾ ਵਾਇਰਸ ਦੇ ਟਾਕਰੇ ਲਈ ਪਿੰਡਾਂ ਵਿਚ ਸੋਡੀਅਮ ਹਾਈਪੋ ਕਲੋਰਾਈਟ ਦਾ ਛਿੜਕਾਅ ਕਰਕੇ ਪਿੰਡਾਂ ਨੂੰ ਰੋਗਮੁਕਤ ਕਰਨ ਦਾ ਜਿੰਮਾ ਚੁੱਕਿਆ ਗਿਆ ਹੈ। ਇਸ ਦੇ ਨਾਲ ਹੀ ਸਮਾਜਿਕ ਦੂਰੀ ਬਣਾਈ ਰੱਖਣ ਲਈ ਕਰਿਆਨਾ ਸਟੋਰਾਂ, ਮੈਡੀਕਲ ਸਟੋਰਾਂ ਅਤੇ ਡੇਅਰੀਆਂ ਆਦਿ ਦੇ ਬਾਹਰ ਨਿਸ਼ਾਨ ਲਗਾ ਕੇ ਲੋਕਾਂ ਨੂੰ ਇਸ ਵਾਇਰਸ ਦੀ ਲਾਗ ਤੋਂ ਬਚਾਉਣ ਦੇ ਯਤਨ ਕੀਤੇ ਗਏ ਹਨ। ਲੋੜਵੰਦ ਅਤੇ ਗ਼ਰੀਬ ਪਰਿਵਾਰਾਂ ਲਈ ਪੰਜਾਬ ਸਰਕਾਰ ਅਤੇ ਸਵੈ ਸੇਵੀ ਸੰਸਥਾਵਾਂ ਵੱਲੋਂ ਭੇਜੀਆਂ ਗਈਆਂ ਖ਼ੁਰਾਕੀ ਵਸਤਾਂ ਦੀ ਵੰਡ ਵੀ ਪੰਚਾਇਤਾਂ ਵੱਲੋਂ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਕਰਫਿੳੂ ਨੂੰ ਅਸਰਦਾਰ ਤਰੀਕੇ ਨਾਲ ਲਾਗੂ ਕਰਨ ਲਈ ਪਿੰਡਾਂ ਵਿਚ ਠੀਕਰੀ ਪਹਿਰੇ ਲਗਾਉਣ ਵਿਚ ਪੰਚਾਇਤਾਂ ਅਹਿਮ ਯੋਗਦਾਨ ਪਾ ਰਹੀਆਂ ਹਨ। ਐਸੋਸੀਏਸ਼ਨ ਨੇ ਕੋਰੋਨਾ ਵਾਇਰਸ ਖਿਲਾਫ਼ ਫ਼ੈਸਲਾਕੁੰਨ ਲੜਾਈ ਲੜਨ ਲਈ ਭਵਿੱਖ ਵਿਚ ਵੀ ਪੰਚਾਇਤਾਂ ਵੱਲੋਂ ਇਸੇ ਤਰਾਂ ਸਹਿਯੋਗ ਕੀਤੇ ਜਾਣ ਦੀ ਅਪੀਲ ਕੀਤੀ ਤਾਂ ਜੋ ਪਿੰਡਾਂ ਵਿਚ ਭਾਈਚਾਰਕ ਸਾਂਝ ਅਤੇਆਪਸੀ ਸਦਭਾਵਨਾ ਦੀ ਸਦੀਆਂ ਚੱਲੀ ਆ ਰਹੀ ਰਵਾਇਤ ਨੂੰ ਕਾਇਮ ਰੱਖਿਆ ਜਾ ਸਕੇ। ਇਸ ਮੌਕੇ ਜ਼ਿਲਾ ਵਿਕਾਸ ਤੇ ਪੰਚਾਇਤ ਅਫ਼ਸਰ ਕਪੂਰਥਲਾ ਸ. ਹਰਜਿੰਦਰ ਸਿੰਘ ਸੰਧੂ ਅਤੇ ਹੋਰ ਅਧਿਕਾਰੀ ਉਨਾਂ ਦੇ ਨਾਲ ਸਨ।

ਵਿਧਾਇਕ ਚੀਮਾ ਅਤੇ ਐਸ. ਡੀ. ਐਮ ਨੇ ਕੀਤਾ ਸਫ਼ਾਈ ਸੇਵਕਾਂ ਦਾ ਸਨਮਾਨ

ਸੁਲਤਾਨਪੁਰ ਲੋਧੀ,ਅਪ੍ਰੈਲ  2020 - (ਹਰਜੀਤ ਸਿੰਘ ਵਿਰਕ)-

ਵਿਧਾਇਕ ਸ. ਨਵਤੇਜ ਸਿੰਘ ਚੀਮਾ ਅਤੇ ਐਸ. ਡੀ. ਐਮ ਸੁਲਤਾਨਪੁਰ ਲੋਧੀ ਡਾ. ਚਾਰੂਮਿਤਾ ਵੱਲੋਂ ਇਸ ਔਖੀ ਘੜੀ ਵਿਚ ਵੀ ਆਪਣੀ ਡਿੳੂਟੀ ਤਨਦੇਹੀ ਨਾਲ ਨਿਭਾਉਣ ਵਾਲੇ ਸਫ਼ਾਈ ਸੇਵਕਾਂ ਦਾ ਅੱਜ ਸਨਮਾਨ ਕੀਤਾ ਗਿਆ। ਇਸ ਦੌਰਾਨ ਉਨਾਂ ਨੂੰ ਰਾਸ਼ਨ ਅਤੇ ਹੋਰ ਜ਼ਰੂਰੀ ਵਸਤਾਂ ਵੀ ਮੁਹੱਈਆ ਕਰਵਾਈਆਂ ਗਈਆਂ। ਇਸ ਮੌਕੇ ਸ. ਨਵਤੇਜ ਸਿੰਘ ਚੀਮਾ ਨੇ ਕਿਹਾ ਕਿ ਇਸ ਮਹਾਂਮਾਰੀ ਦੌਰਾਨ ਸਫ਼ਾਈ ਸੇਵਕਾਂ ਵੱਲੋਂ ਬਹੁਤ ਹੀ ਸ਼ਲਾਘਾਯੋਗ ਭੂਮਿਕਾ ਨਿਭਾਈ ਜਾ ਰੀ ਹੈ, ਜਿਸ ਲਈ ਉਨਾਂ ਦਾ ਮਨੋਬਲ ਉੱਚਾ ਕਰਨਾ ਅਤੇ ਉਨਾਂ ਦੀ ਹਰੇਕ ਦੁੱਖ-ਤਕਲੀਫ਼ ਵਿਚ ਸਾਥ ਦੇਣਾ ਸਾਡਾ ਫਰਜ਼ ਬਣਦਾ ਹੈ। ਉਨਾਂ ਕਿਹਾ ਕਿ ਇੰਨੀ ਭਿਆਨਕ ਮਹਾਂਮਾਰੀ ਦੌਰਾਨ ਇਨਾਂ ਸਫ਼ਾਈ ਸੇਵਕਾਂ ਵੱਲੋਂ ਰੋਜ਼ ਸਵੇਰੇ-ਸ਼ਾਮ ਸ਼ਹਿਰ ਦੀ ਸਫ਼ਾਈ ਕੀਤੀ ਜਾ ਰਹੀ ਹੈ ਅਤੇ ਘਰਾਂ ਦਾ ਕੂੜਾ-ਕਰਕਟ ਚੁੱਕਿਆ ਜਾ ਰਿਹਾ ਹੈ। ਇਸ ਲਈ ਇਨਾਂ ਦਾ ਸਨਮਾਨ ਕਰਨਾ ਬਣਦਾ ਹੈ ਅਤੇ ਸਾਨੂੰ ਸਾਰਿਆਂ ਨੂੰ ਇਨਾਂ ਦਾ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ। ਐਸ. ਡੀ. ਐਮ ਡਾ. ਚਾਰੂਮਿਤਾ ਨੇ ਇਸ ਮੌਕੇ ਕਿਹਾ ਕਿ ਇਨਾਂ ਸਫ਼ਾਈ ਸੇਵਕਾਂ ਨੂੰ ਅੱਜ ਰਾਸ਼ਨ ਅਤੇ ਹੋਰ ਜ਼ਰੂਰੀ ਵਸਤਾਂ ਵੀ ਮੁਹੱਈਆ ਕਰਵਾਈਆਂ ਗਈਆਂ ਹਨ, ਤਾਂ ਜੋ ਇਨਾਂ ਨੂੰ ਇਸ ਸਬੰਧੀ ਕਿਤੇ ਬਾਹਰ ਨਾ ਜਾਣਾ ਪਵੇ। ਇਸ ਦੌਰਾਨ ਸਫ਼ਾਈ ਸੇਵਕਾਂ ਦੇ ਗਲ਼ਾਂ ਵਿਚ ਹਾਰ ਪਾ ਕੇ ਉਨਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਸ. ਪਰਵਿੰਦਰ ਸਿੰਘ ਪੱਪਾ, ਸ੍ਰੀ ਲਵਲੀ ਧੀਰ, ਸ੍ਰੀ ਰਵਿੰਦਰ ਰਵੀ ਤੇ ਹੋਰ ਹਾਜ਼ਰ ਸਨ। 

ਕੈਪਸ਼ਨ :-ਸੁਲਤਾਨਪੁਰ ਲੋਧੀ ਵਿਖੇ ਸਫ਼ਾਈ ਸੇਵਕਾਂ ਦੇ ਸਨਮਾਨ ਮੌਕੇ ਵਿਧਾਇਕ ਸ. ਨਵਤੇਜ ਸਿੰਘ ਚੀਮਾ, ਐਸ. ਡੀ. ਐਮ ਡਾ. ਚਾਰੂਮਿਤਾ ਤੇ ਹੋਰ।

ਰੋਜ਼ਾਨਾ ਤਿੰਨ ਜਾਂ ਚਾਰ ਪਿੰਡ ਕਵਰ ਕਰੇਗੀ ਲੋੜੀਂਦੀਆਂ ਸਹੂਲਤਾਂ ਨਾਲ ਲੈਸ ਵਿਸ਼ੇਸ਼ ਵੈਨ

ਕੋਵਿਡ-19 ਕਾਰਨ ਓਟ ਕਲੀਨਿਕਾਂ ਵਿਚ ਵੱਧ ਰਹੀ ਭੀੜ ਨੂੰ ਦੇਖਦਿਆਂ ਲਿਆ ਫ਼ੈਸਲਾ

ਕਪੂਰਥਲਾ, ਅਪ੍ਰੈਲ 2020 -(ਹਰਜੀਤ ਸਿੰਘ ਵਿਰਕ)-

ਕੋਵਿਡ-19 ਦੇ ਚੱਲਦਿਆਂ ਓਟ ਕਲੀਨਿਕਾਂ ਵਿਚ ਵੱਧ ਰਹੇ ਰਸ਼ ਦੇ ਮੱਦੇਨਜ਼ਰ ਜ਼ਿਲੇ ਵਿਚ ਮੋਬਾਈਲ ਓਟ ਕਲੀਨਿਕ ਪ੍ਰਾਜੈਕਟ ਸ਼ੁਰੂ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਨੇ ਦੱਸਿਆ ਕਿ ਇਸ ਪ੍ਰਜੈਕਟ ਦੀ ਪਾਇਲਟ ਪ੍ਰਾਜੈਕਟ ਵਜੋਂ ਸ਼ੁਰੂਆਤ ਸੀ. ਐਚ. ਸੀ ਕਾਲਾ ਸੰਘਿਆਂ ਦੇ ਓਟ ਕਲੀਨਿਕ ਤੋਂ ਕੀਤੀ ਜਾ ਰਹੀ ਹੈ। ਉਨਾਂ ਦੱਸਿਆ ਕਿ ਇਸ ਸਬੰਧੀ ਸਟਾਫ, ਦਵਾਈਆਂ, ਡਾਟਾ ਐਂਟਰੀ ਆਪਰੇਟਰ ਅਤੇ ਹੋਰ ਸਾਜ਼ੋ-ਸਾਮਾਨ ਨਾਲ ਲੈਸ ਵਿਸ਼ੇਸ਼ ਵੈਨ ਓਟ ਕਲੀਨਿਕ ਦੇ ਨਾਲ ਲੱਗਦੇ ਪਿੰਡਾਂ ਵਿਚ ਜਾਵੇਗੀ। ਉਨਾਂ ਦੱਸਿਆ ਕਿ ਇਸ ਸਬੰਧੀ ਸਬੰਧਤ ਪਿੰਡਾਂ ਲਈ ਰੂਟ ਪਲਾਨ ਤਿਆਰ ਕੀਤਾ ਗਿਆ ਹੈ ਅਤੇ ਇਸ ਲਈ ਹਫ਼ਤੇ ਦੇ ਚਾਰ ਦਿਨ ਨਿਰਧਾਰਤ ਕੀਤੇ ਗਏ ਹਨ। ਉਨਾਂ ਦੱਸਿਆ ਕਿ ਇਹ ਵੈਨ ਇਕ ਦਿਨ ਵਿਚ ਤਿੰਨ ਜਾਂ ਚਾਰ ਪਿੰਡ ਕਵਰ ਕਰੇਗੀ। ਉਨਾਂ ਦੱਸਿਆ ਕਿ ਇਹ ਵੈਨ ਸਵੇਰੇ 8 ਵਜੇ ਸੀ. ਐਚ. ਸੀ ਕਾਲਾ ਸੰਘਿਆਂ ਤੋਂ ਸਬੰਧਤ ਪਿੰਡਾਂ ਲਈ ਰਵਾਨਾ ਹੋਵੇਗੀ ਅਤੇ ਇਸ ਨੇ ਜਿਸ ਵੀ ਪਿੰਡ ਵਿਚ ਜਾਣਾ ਹੋਵੇਗਾ, ਉਸ ਬਾਰੇ ਸਬੰਧਤ ਪਿੰਡ ਦੇ ਸਰਪੰਚ ਅਤੇ ਪੰਚਾਇਤ ਸਕੱਤਰ ਨੂੰ ਅਗਾੳੂਂ ਸੂਚਨਾ ਦੇ ਦਿੱਤੀ ਜਾਵੇਗੀ, ਤਾਂ ਜੋ ਉਹ ਸਾਰੇ ਪ੍ਰਬੰਧ ਕਰ ਸਕਣ। ਉਨਾਂ ਦੱਸਿਆ ਕਿ ਇਹ ਵੈਨ ਮੰਗਲਵਾਰ ਨੂੰ ਸੰਧੂ ਚੱਠਾ, ਜੱਲੋਵਾਲ, ਖੁਸਰੋਪੁਰ ਅਤੇ ਸਿੱਧਵਾਂ ਦੋਨਾ ਜਾਵੇਗੀ। ਇਸੇ ਤਰਾਂ ਬੁੱਧਵਾਰ ਨੂੰ ਬਨਵਾਲੀਪੁਰ, ਕੁਲਾਰ, ਕਾਹਲਵਾਂ ਅਤੇ ਥਿਗਲੀ, ਸ਼ੁੱਕਰਵਾਰ ਨੂੰ ਸਿਆਲ, ਭਾਣੋਲੰਗਾ, ਤੋਗਾਂਵਾਲ ਤੇ ਮੋਠਾਂਵਾਲ ਅਤੇ ਸਨਿੱਚਰਵਾਰ ਨੂੰ ਸੇਚਾਂ, ਲਾਟੀਆਂਵਾਲ ਤੇ ਤੋਤੀ ਪਿੰਡ ਜਾਵੇਗੀ। ਉਨਾਂ ਦੱਸਿਆ ਕਿ ਇਹ ਵੈਨ ਹਰੇਕ ਪਿੰਡ ਵਿਚ ਨਿਰਧਾਰਤ ਕੀਤੇ ਗਏ ਸਥਾਨ ’ਤੇ ਵੱਧ ਤੋਂ ਵੱਧ ਦੋ ਘੰਟੇ ਰੁਕੇਗੀ ਅਤੇ ਪਹਿਲਾਂ ਤੋਂ ਰਜਿਸਟਰਡ ਮਰੀਜ਼ਾਂ ਨੂੰ ਇਲਾਜ ਮੁਤਾਬਿਕ ਸੱਤ ਦਿਨ ਦੀ ਦਵਾਈ ਮੁਹੱਈਆ ਕਰਵਾਏਗੀ। ਉਨਾਂ ਦੱਸਿਆ ਕਿ ਸੋਮਵਾਰ ਅਤੇ ਵੀਰਵਾਰ ਨੂੰ ਟੀਮ ਆਪਣੇ ਸਬੰਧਤ ਹੈੱਡ ਕੁਆਰਟਰ ’ਤੇ ਰਹੇਗੀ ਅਤੇ ਸਟਾਕ ਆਦਿ ਦੇ ਲੋੜੀਂਦੇ ਇੰਤਜ਼ਾਮ ਕਰੇਗੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਪ੍ਰਾਜੈਕਟਰ ਦੇ ਕੋਆਰਡੀਨੇਟਰ ਅਤੇ ਇੰਚਾਰਜ ਡਾ. ਸੰਦੀਪ ਭੋਲਾ ਹੋਣਗੇ। ਉਨਾਂ ਦੱਸਿਆ ਕਿ ਇਸ ਦੀ ਕਾਮਯਾਬੀ ਨੂੰ ਦੇਖਦਿਆਂ ਬਾਅਦ ਵਿਚ ਬਾਕੀ ਰਸ਼ ਵਾਲੇ ਓਟ ਕਲੀਨਿਕਾਂ ਵਿਚ ਵੀ ਇਹ ਪ੍ਰਾਜੈਕਟ ਚਲਾਇਆ ਜਾਵੇਗਾ। 

ਫੋਟੋ :-ਸ੍ਰੀਮਤੀ ਦੀਪਤੀ ਉੱਪਲ, ਡਿਪਟੀ ਕਮਿਸ਼ਨਰ ਕਪੂਰਥਲਾ।

ਪ੍ਰਾਈਵੇਟ ਸਕੂਲਾਂ ਨੂੰ ਫ਼ੀਸਾਂ ਸਬੰਧੀ ਅੰਤਿਮ ਮਿਤੀ ਰੀਸ਼ਡਿਊਲ ਕਰਨ ਦੀ ਹਦਾਇਤ

ਕਪੂਰਥਲਾ ,ਅਪ੍ਰੈਲ 2020 -(ਹਰਜੀਤ ਸਿੰਘ ਵਿਰਕ)-

ਡਿਪਟੀ ਕਮਿਸ਼ਨਰ ਕਪੂਰਥਲਾ ਸ੍ਰੀਮਤੀ ਦੀਪਤੀ ਉੱਪਲ ਨੇ ਕਿਹਾ ਹੈ ਕਿ ਉਨਾਂ ਦੇ ਧਿਆਨ ਵਿਚ ਆਇਆ ਹੈ ਕਿ ਕੁਝ ਪ੍ਰਾਈਵੇਟ ਸਕੂਲਾਂ ਵੱਲੋਂ ਅਕਾਦਮਿਕ ਸੈਸ਼ਨ 2020-21 ਦੇ ਦਾਖ਼ਲਿਆਂ ਸਬੰਧੀ ਫੀਸਾਂ ਦੀ ਮੰਗ ਕੀਤੀ ਜਾ ਰਹੀ ਹੈ। ਰਾਜ ਵਿਚ ਕੋਰੋਨਾ ਵਾਇਰਸ ਕਾਰਨ ਪੈਦਾ ਹੋਏ ਹਾਲਾਤ ਦੇ ਮੱਦੇਨਜ਼ਰ ਡਾਇਰੈਕਟਰ, ਸਿੱਖਿਆ ਵਿਭਾਗ ਪੰਜਾਬ ਵੱਲੋਂ ਜਾਰੀ ਹਦਾਇਤਾਂ ਨੂੰ ਮੁੱਖ ਰੱਖਦੇ ਹੋਏ ਹੁਕਮ ਜਾਰੀ ਕਰਦਿਆਂ ਡਿਪਟੀ ਕਮਿਸ਼ਨਰ ਨੇ ਜ਼ਿਲੇ ਦੀਆਂ ਸਮੂਹ ਗੈਰ-ਸਰਕਾਰੀ ਵਿੱਦਿਅਕ ਸੰਸਥਾਵਾਂ ਨੂੰ ਮਾਪਿਆਂ ਦੇ ਹਿੱਤਾਂ ਨੂੰ ਮੁੱਖ ਰੱਖਦਿਆਂ ਅੰਤਿਮ ਮਿਤੀ ਨੂੰ ਰੀਸ਼ਡਿੳੂਲ ਕਰਨ ਦੀ ਹਦਾਇਤ ਕੀਤੀ ਹੈ। ਜਾਰੀ ਹੁਕਮਾਂ ਵਿਚ ਕਿਹਾ ਗਿਆ ਹੈ ਕਿ ਹਾਲਾਤ ਸੁਧਰਨ ਉਪਰੰਤ ਸਬੰਧਤ ਵਿਦਿਆਰਥੀਆਂ ਦੇ ਮਾਪਿਆਂ ਨੂੰ ਦਾਖ਼ਲਿਆਂ ਦੀ ਫ਼ੀਸ ਜਮਾਂ ਕਰਾਉਣ ਲਈ ਇਕ ਮਹੀਨੇ ਦਾ ਸਮਾਂ ਜ਼ਰੂਰ ਉਪਲਬੱਧ ਕਰਵਾਇਆ ਜਾਵੇ ਅਤੇ ਫੀਸ ਲੈਣ ਸਮੇਂ ਕੋਈ ਵਾਧੂ ਜ਼ੁਰਮਾਨਾ ਆਦਿ ਨਾ ਲਗਾਇਆ ਜਾਵੇ। ਇਨਾਂ ਹੁਕਮਾਂ ਦੀ ਇੰਨ-ਬਿੰਨ ਪਾਲਣਾ ਕਰਨੀ ਯਕੀਨੀ ਬਣਾਈ ਜਾਵੇ। ਇਸ ਸਬੰਧੀ ਕਿਸੇ ਵੀ ਕਿਸਮ ਦੀ ਸ਼ਿਕਾਇਤ ਮਿਲਣ ’ਤੇ ਸਬੰਧਤ ਸਕੂਲਾਂ ਵਿਰੁੱਧ ਅਨੁਸ਼ਾਸਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। 

ਫੋਟੋ :-ਸ੍ਰੀਮਤੀ ਦੀਪਤੀ ਉੱਪਲ, ਜ਼ਿਲਾ ਮੈਜਿਸਟ੍ਰੇਟ ਕਪੂਰਥਲਾ।

ਪਿੰਡ ਊਡੱਤ ਸੈਦੇਵਾਲ ਵਿਖੇ ਲੋੜਵੰਦਾ ਲਈ ਰਾਸਨ ਦਿੱਤਾ

\ਬੋਹਾ / ਮਾਨਸਾ, ਅਪ੍ਰੈਲ 2020-(ਮਨਜਿੰਦਰ ਗਿੱਲ) 
ਸ਼ਹੀਦ ਕਰਤਾਰ ਸਿੰਘ ਸ਼ਰਾਭਾ ਸਪੋਟਸ ਅਤੇ ਵੈਲਫੇਅਰ ਕਲੱਬ ਵੱਲੋਂ 167 ਲੋੜਵੰਦ ਪਰਿਵਾਰ ਨੂੰ ਵੰਡਿਆ ਗਿਆ ਰਾਸ਼ਨ। ਕਲੱਬ ਜੋ ਕੇ ਲੰਮੇ ਸਮੇਂ ਤੋਂ ਸਮਾਜ ਸੇਵੀ ਕੰਮ ਕਰ ਰਹੀ ਹੈ ਅੱਜ ਉਹਨਾ ਕੋਰੋਨਾ ਵਾਇਰਸ ਕਰਕੇ ਲੱਗੇ ਕਰਫਿਊ ਦੌਰਾਨ 10 ਤਰ੍ਹਾ ਦੀਆ ਘਰਾਂ ਵਿੱਚ ਖਾਣ ਪੀਣ ਵਾਲੀ ਵਾਸਤੂਆ ਦਿੱਤੀਆ ਗਈ। ਜਿਸ ਦੀ ਜਾਣਕਾਰੀ ਦਿੰਦੇ ਸ: ਯਾਦਵਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਅੱਜ ਸਮੁੱਚੇ ਵਾਸੀਆ ਲਈ ਬਹੁਤ ਹੀ ਕਠਨਾਈ ਵਾਲਾ ਸਮ੍ਹਾਂ ਲੰਘ ਰਿਹਾ ਹੈ। ਇਸ ਸਮੇਂ ਅੰਦਰ ਹਰ ਰੋਜ਼ ਦਿਹਾੜੀ ਦਾਰ ਮਜ਼ਦੂਰ ਲੋਕਾ ਨੂੰ ਪਰਿਵਾਰ ਲਈ ਢਿੰਡ ਭਰਨ ਦੀ ਬਹੁਤ ਮੁਸ਼ਕਲ ਆ ਰਹੀ ਹੈ । ਜਿਸ ਦੇ ਮੰਦੇ ਨਜ਼ਰ ਅੱਜ ਸਾਡੇ ਪਿੰਡ ਦੀ ਨੌਜਵਾਨ ਸਭਾ ਵਲੋਂ ਪਿੰਡ ਅੰਦਰ ਵਸਦੇ 167 ਪਰਿਵਾਰ ਨੂੰ ਕੁੱਝ ਰਾਸ਼ਨ ਮਹੁਇਆ ਕਰਵਾਇਆ ਗਿਆ ਹੈ। ਉਸ ਸਮੇਂ ਉੱਥੇ ਮੌਜ਼ੂਦ ਸਨ ਅਮਨਦੀਪ ਸਿੰਘ ਗਿੱਲ , ਜੱਸੀ ਗਿੱਲ, ਹਰਦੀਪ ਸਿੰਘ ਗਿੱਲ, ਕੁਲਦੀਪ ਸਿੰਘ ਗਿੱਲ, ਬਬਲਾ ਗਿੱਲ, ਮਨਜੀਤ ਸਿੰਘ ਫੋਜੀ, ਚੜ੍ਹਤ ਸਿੰਘ, ਪ੍ਰਭਜੋਤ ਗਿੱਲ ਅਤੇ ਜੱਗੂ ਆਦਿ। 

Covid-19 Important information from Punjab Government

Chandigarh, April 2020 -(Iqbal Singh Rasulpur/Manjinder Gill)-

Your health is our priority.  Important steps taken by the Punjab Government to combat Covid_19 include health checks, emergency services and lab tests.  Call a doctor at 1800-180-4104.  Install the COVA app on your phone for further assistance.

 

ਸਰਕਾਰੀ ਹਾਈ ਸਕੂਲ ਰਾਮਗੜ੍ਹ ਦੀ ਮੈਥ ਮੈਸਟ੍ਰੈਸ ਮੈਡਮ ਮਨਜਿੰਦਰ ਕੌਰ ਦੇ ਬੱਚਿਆਂ ਲਈ ਸਮਰਪਤ ਕਾਰਜ਼ ਦੀ ਸ਼ਲਾਘਾ

ਬਰਨਾਲਾ,ਅਪ੍ਰੈਲ 2020 -(ਗੁਰਸੇਵਕ ਸਿੰਘ ਸੋਹੀ) -ਮੁਲਕ ਵਿੱਚ ਕਰੋਨਾ ਕਹਿਰ ਦੇ ਚੱਲਦਿਆਂ ਬੇਸੱਕ ਸਕੂਲਾਂ ਦਾ ਨਵਾਂ ਸੈਸ਼ਨ ਸੁਰੂ ਨਹੀਂ ਹੋ ਸਕਿਆ ਪਰ ਸਰਕਾਰੀ ਸਕੂਲਾਂ ਦੇ ਸਮਰਪਤ  ਅਧਿਆਪਕਾਂ ਦੀ ਭਾਵਨਾ ਨੇ ਵਿਦਿਆਰਥੀਆਂ ਨੂੰ ਇਸ ਕਮੀ ਮਹਿਸੂਸ ਨਹੀਂ ਹੋਣ ਦਿੱਤੀ। ਇੰਟਰਨੈੱਟ ਅਧਾਰਤ ਰੇਡੀਓ ਚੈਂਨਲ ਦੁਆਬਾ ਰੇਡੀਓ ਵੱਲੋਂ ਇੱਕ ਘੰਟੇ ਦਾ ਨਵਾਂ ਪ੍ਰੋਗਰਾਮ ਸੁਣੋ ਸੁਣਾਵਾਂ,ਪਾਠ ਪੜ੍ਹਾਵਾਂ ਸੁਰੂ ਕਰਕੇ ਵਿਦਿਆਰਥੀਆਂ ਨੂੰ ਘਰ ਬੈਠੇ ਸਿੱਖਣ ਵਿੱਚ ਮਦਦ ਕੀਤੀ ਜਾ ਰਹੀ ਹੈ। ਇਸ ਰੇਡੀਓ ਪ੍ਰੋਗਰਾਮ ਲਈ ਸਰਕਾਰੀ ਹਾਈ ਸਕੂਲ, ਰਾਮਗੜ੍ਹ (ਬਰਨਾਲਾ) ਵਿਖੇ ਬਤੌਰ ਗਣਿਤ ਅਧਿਆਪਕਾ ਸੇਵਾ ਨਿਭਾ ਰਹੇ ਮੈਡਮ ਮਨਜਿੰਦਰ ਕੌਰ ਵੱਲੋਂ ਛੇਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਗਣਿਤ ਵਰਗਾ ਜਟਿਲ ਵਿਸ਼ਾ ਵੀ ਬਹੁਤ ਹੀ ਰੌਚਿਕ ਤਰੀਕੇ ਨਾਲ ਪੜ੍ਹਾਇਆ ਗਿਆ। ਜਿੱਥੇ ਬਰਨਾਲਾ ਦੇ ਮਾਣਯੋਗ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ ਸਿ) ਸਰਦਾਰ ਸਰਬਜੀਤ ਸਿੰਘ ਤੂਰ, ਉਪ ਜਿਲਾ ਸਿੱਖਿਆ ਅਫ਼ਸਰ ਮੈਡਮ ਹਰਕਮਲਜੀਤ ਕੌਰ ,ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਮੈਡਮ ਮਨਜਿੰਦਰ ਕੌਰ ਜੀ ਵੱਲੋਂ ਅਧਿਆਪਕਾਂ ਦੇ ਇਸ ਕਾਰਜ ਦੀ ਸ਼ਲਾਘਾ ਕੀਤੀ ਜਾ ਰਹੀ ਹੈ। ਉਥੇ ਹੀ ਸਕੂਲ ਮੁੱਖੀ ਸਰਦਾਰ ਹਾਕਮ ਸਿੰਘ ਅਤੇ ਪਿੰਡ ਦੀ ਗ੍ਰਾਮ ਪੰਚਾਇਤ ਨੇ ਸਰਪੰਚ ਰਾਜਵਿੰਦਰ ਸਿੰਘ ਰਾਜਾ ਦੀ ਅਗਵਾਈ ਵਿੱਚ ਅਧਿਆਪਕਾ ਮਨਜਿੰਦਰ ਕੌਰ ਦੀ ਇਸ ਸ਼ਲਾਘਾਯੋਗ ਪ੍ਰਾਪਤੀ ਉੱਪਰ ਉਨ੍ਹਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਸਾਨੂੰ ਇਸ ਅਧਿਆਪਕਾ ਉੱਪਰ ਬਹੁਤ ਮਾਣ ਹੈ।ਜ਼ਿਕਰਯੋਗ ਹੈ ਕਿ ਅਧਿਆਪਕਾਂ ਨੂੰ ਪਹਿਲਾਂ ਵੀ ਮਿਸ਼ਨ ਸ਼ਤ ਪ੍ਰਤੀਸਤ ਲਈ ਮਾਣਯੋਗ ਸਿੱਖਿਆ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਜੀ ਵੱਲੋਂ ਪ੍ਰਸੰਸਾ ਪੱਤਰ ਅਤੇ ਸਕੂਲ ਦੀ ਮੈਥ ਲੈਬ ਲਈ ਕੀਤੇ ਗਏ ਵਧੀਆ ਕਾਰਜ ਲਈ ਗ੍ਰਾਮ ਪੰਚਾਇਤ (ਸਹਿਣਾ) ਵੱਲੋਂ ਸਨਮਾਨਿਤ ਕੀਤਾ ਜਾ ਚੁੱਕਾ ਹੈ।

ਕੋਰੋਨਾ ਵਾਇਰਸ ਸਬੰਧੀ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਸੋਸ਼ਲ ਮੀਡੀਏ ਰਾਹੀਂ ਕੀਤਾ ਜਾ ਰਿਹਾ ਹੈ ਜਾਗ੍ਰਿਤ- ਹੈੱਡ ਟੀਚਰ ਸਰਦਾਰ ਹਰਪ੍ਰੀਤ ਸਿੰਘ ਦੀਵਾਨਾ।

ਬਰਨਾਲਾ- ਅਪ੍ਰੈਲ 2020 -(ਗੁਰਸੇਵਕ ਸਿੰਘ ਸੋਹੀ) -ਇਲਾਕੇ ਦੀ ਨਾਮਵਾਰ ਵਿਦਿਅਕ ਸੰਸਥਾ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਬੀਹਲਾ ਦੇ ਸਟਾਫ ਵੱਲੋਂ ਇੱਕ ਨਿਵੇਕਲੀ ਪਹਿਲ ਕਰਦਿਆਂ ਕੋਰੋਨਾ ਵਾਇਰਸ ਵਰਗੀ ਨਾਮੁਰਾਦ ਬਿਮਾਰੀ ਤੋ ਬਚਣ ਲਈ ਮਾਪਿਆਂ ਅਤੇ ਵਿਦਿਆਰਥੀਆਂ ਨੂੰ ਸੋਸਲ ਮੀਡੀਏ ਦਾ ਸਹਾਰਾ ਲੈ ਕੇ ਜਾਗ੍ਰਿਤ ਕੀਤਾ ਜਾ ਰਿਹਾ ਹੈ। ਹੈਡ ਟੀਚਰ ਸਰਦਾਰ ਹਰਪ੍ਰੀਤ ਸਿੰਘ ਦੀਵਾਨਾ ਨੇ ਦੱਸਿਆ ਕਿ ਮਾਪਿਆਂ ਨੂੰ ਵੱਟਸਐਪ ਅਤੇ ਫੋਨ ਦੇ ਮਾਧਿਆਮ ਰਾਹੀ ਸਾਰੇ ਸਟਾਫ਼ ਵੱਲੋਂ ਇਸ ਬਿਮਾਰੀ ਤੋਂ ਬਚਣ ਦੇ ਉਪਾਅ ਅਤੇ ਹਦਾਇਤਾਂ ਦੱਸੀਆਂ ਜਾ ਰਹੀਆਂ ਹਨ। ਸਟਾਫ ਵੱਲੋ ਮਾਪਿਆਂ ਤੇ ਵਿਦਿਆਰਥੀਆਂ ਨੂੰ ਘਰ ਅੰਦਰ ਰਹਿਣ ਲਈ ਸਰਕਾਰ ਦੁਆਰਾ ਜਾਰੀ ਹਦਾਇਤਾਂ ਦੀ ਪਾਲਣਾ ਕਰਨ ਦੀ ਸਲਾਹ ਦਿੱਤੀ ਜਾ ਰਹੀ ਹੈ। ਵਿਦਿਆਰਥੀਆਂ ਦੀ ਪੜਾਈ ਵਿਦਿਆਰਥੀਆਂ ਦੀਆਂ ਪੜ੍ਹਾਈ ਸਬੰਧੀ ਮੁਸਕਲਾ ਦਾ ਫੋਨ ਤੇ ਵੱਟਸਐਪ ਤੇ ਹੱਲ ਕੀਤਾ ਜਾ ਰਿਹਾ ਹੈ ਉਹਨਾਂ ਦੱਸਿਆ ਕਿ ਹਰ ਰੋਜ਼ ਵਿਦਿਆਰਥੀਆਂ ਤੇ ਮਾਪਿਆਂ ਨਾਲ ਸੰਪਰਕ ਰੱਖ ਕੇ ਕੋਰੋਨਾ ਵਾਇਰਸ ਸਬੰਧੀ ਨਵੀਂ ਅਪਡੇਟਸ਼ ਦਿੱਤੀ ਜਾ ਰਹੀ ਹੈ।

ਪੰਜਾਬ 'ਚ ਘਰਾਂ ਤੋਂ ਬਾਹਰ ਜਾਣ 'ਤੇ ਮਾਸਕ ਪਹਿਨਣਾ ਜ਼ਰੂਰੀ

ਚੰਡੀਗੜ੍ਹ, ਅਪ੍ਰੈਲ 2020 (ਇਕਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)   ਪੰਜਾਬ ਸਰਕਾਰ ਨੇ ਵੀ ਹੁਣ ਘਰ ਤੋਂ ਬਾਹਰ ਨਿਕਲਣ 'ਤੇ ਮਾਸਕ ਪਹਿਨਣਾ ਜ਼ਰੂਰੀ ਕਰ ਦਿੱਤਾ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਨੂੰ ਕਿਹਾ ਕਿ ਜਦੋਂ ਤੁਸੀਂ ਘਰ ਤੋਂ ਬਾਹਰ ਜਾਂਦੇ ਹੋ ਤਾਂ ਮਾਸਕ ਪਹਿਨਣਾ ਜ਼ਰੂਰੀ ਹੈ , ਬੇਸ਼ੱਕ ਉਹ ਕੱਪੜੇ ਹੀ ਹੋਵੇ ।

ਮਹਿਲ ਕਲਾਂ ਕਸਬੇ ਦੀ ਰਹਿਣ ਵਾਲੀ ਕਰੀਬ 52 ਵਰਿਆਂ ਦੀ ਔਰਤ ਕਰਮਜ਼ੀਤ ਕੌਰ ਕੋਰੋਨਾ ਵਾਇਰਸ ਦੀ ਪਹਿਲੀ ਸ਼ਿਕਾਰ ਬਣੀ ਹੈ।

ਫੌਰਟਿਸ ਹਸਪਤਾਲ ਲੁਧਿਆਣਾ ਚ ,8 ਅਪਰੈਲ ਨੂੰ ਹੋਈ ਹੈ ਮੌਤ

 

ਬਰਨਾਲਾ ,ਅਪ੍ਰੈਲ 2020 (ਗੁਰਸੇਵਕ ਸਿੰਘ ਸੋਹੀ)

ਬਰਨਾਲਾ ਦੇ ਮਹਿਲ ਕਲਾਂ ਕਸਬੇ ਦੀ ਰਹਿਣ ਵਾਲੀ ਕਰੀਬ 52 ਵਰਿਆਂ ਦੀ ਔਰਤ ਕਰਮਜ਼ੀਤ ਕੌਰ ਕੋਰੋਨਾ ਵਾਇਰਸ ਦੀ ਪਹਿਲੀ ਸ਼ਿਕਾਰ ਬਣੀ ਹੈ। ਕਰਮਰਜੀਤ ਕੌਰ ਲੌਕਡਾਉਨ ਲਾਗੂ ਹੋਣ ਤੋਂ ਪਹਿਲਾਂ ਹੀ ਲੁਧਿਆਣਾ ਜਿਲੇ ਦੇ ਪਿੰਡ ਪੱਖੋਵਾਲ ਵਿਖੇ ਆਪਣੇ ਪੇਕੇ ਘਰ ਗਈ ਹੋਈ ਸੀ। ਜਦੋਂ ਕਿ ਉਸ ਦਾ ਪਤੀ ਅਸਾਮ ਸੂਬੇ ਦੇ ਗੁਹਾਟੀ ਇਲਾਕੇ ਚ­ ਆਪਣਾ ਟਰੱਕ ਲੈ ਕੇ ਗਿਆ ਹੋਇਆ ਸੀ। ਕਰਮਜੀਤ ਦੇ ਪੇਕੇ ਪਰਿਵਾਰ ਦਾ ਇੱਕ ਜਣਾ ਪਹਿਲਾ ਵੀ ਕੋਰੋਨਾ ਪੌਜੇਟਿਵ ਆ ਚੁੱਕਾ ਹੈ। ਜਿਸ ਦਾ ਇਲਾਜ਼ ਹਾਲੇ ਚੱਲ ਰਿਹਾ ਹੈ। ਜਿਲੇ ਚ­ ਕੋਰੋਨਾ ਦੀ ਪਹਿਲੀ ਮੌਤ ਹੋਣ ਕਾਰਣ ਮਹਿਲ ਕਲਾਂ ਤੇ ਆਂਢ-ਗੁਆਂਢ ਦੇ ਖੇਤਰ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ। ਸਿਹਤ ਵਿਭਾਗ ਦੀ ਟੀਮ ਦੀ ਹਦਾਇਤ ਤੇ ਪੁਲਿਸ ਨੇ ਕਰਮਜੀਤ ਕੌਰ ਦੇ ਘਰ ਨੂੰ ਆਉਣ ਜਾਣ ਵਾਲੇ ਸਾਰੇ ਰਸਤਿਆਂ ਨੂੰ ਪੂਰੀ ਤਰਾਂ ਸੀਲ ਵੀ ਕਰ ਦਿੱਤਾ ਹੈ। ਪਰੰਤੂ ਹਾਲੇ ਤੱਕ ਉਸ ਦੀ ਦੇਹ ਨੂੰ ਉਸਦੇ ਘਰ ਨਹੀਂ ਲਿਆਂਦਾ ਗਿਆ।

ਕਰਮਜੀਤ ਕੌਰ ਦੇ ਦਿਉਰ ਰਿੰਕੂ ਜੌਹਲ ਨੇ ਦੱਸਿਆ ਕਿ ਕਰਮਜੀਤ ਕੌਰ ਆਪਣੇ ਪੇਕੇ ਘਰ ਪੱਖੋਵਾਲ ਹੀ ਗਈ ਹੋਈ ਸੀ। *ਉੱਥੇ ਹੀ 5/6 ਦਿਨ ਪਹਿਲਾਂ ਬੀਮਾਰ ਹੋਈ­* ਜਿਸ ਨੂੰ ਲੁਧਿਆਣਾ ਦੇ ਫੌਰਟਿਸ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ ਸੀ। ਜਿਸ ਨੇ ਮੰਗਲਵਾਰ-ਬੁੱਧਵਾਰ ਦੀ ਦਰਮਿਆਨੀ ਰਾਤ ਨੂੰ ਇਲਾਜ਼ ਦੇ ਦੌਰਾਨ ਹੀ ਦਮ ਤੋੜ ਦਿੱਤਾ ਸੀ।

 

ਡੀ.ਸੀ. ਲੁਧਿਆਣਾ ਦੀ ਸਲਾਹ ਰੋਕਿਆ ਗਿਆ ਸੀ ਪੋਸਟਮਾਰਟਮ

ਤੇਜ਼ ਬੁਖਾਰ ਅਤੇ ਸਾਹ ਲੈਣ ਵਿੱਚ ਆ ਰਹੀ, ਵੱਧ ਤਕਲੀਫ ਕਾਰਣ ਕਰਮਜੀਤ ਕੌਰ ਨੂੰ ਹਸਪਤਾਲ ਚ­ ਦਾਖਿਲ ਕਰਵਾਇਆ ਗਿਆ ਸੀ। ਇਸ ਦੀ ਮੌਤ ਤੋ ਬਾਅਦ ਡੀ.ਸੀ. ਲੁਧਿਆਣਾ ਪਰਦੀਪ ਅੱਗਰਵਾਲ ਦੀ ਸਲਾਹ ਤੇ ਸਿਵਲ ਹਸਪਤਾਲ ਦੇ ਡਾਕਟਰਾਂ ਨੂੰ ਇਸ ਦੇ ਕੋਵਿਡ 19 ਦੇ ਸੈਪਲ ਲੈਣ ਦੀ ਹਦਾਇਤ ਕੀਤੀ ਗਈ ਸੀ । ਜਿਲਾ ਬਰਨਾਲਾ ਦੇ ਸਿਵਲ ਸਰਜ਼ਨ ਡਾਕਟਰ ਗੁਰਿੰਦਰਬੀਰ ਸਿੰਘ ਨੇ ਕਰਮਜੀਤ ਕੌਰ ਮਹਿਲ ਕਲਾਂ ਦੀ ਰਿਪੋਰਟ ਕੋਰੋਨਾ ਪੌਜੇਟਿਵ ਹੋਣ ਬਾਰੇ ਪੁਸ਼ਟੀ ਕੀਤੀ ਹੈ। ਉਹਨਾਂ ਦੱਸਿਆ ਕਿ ਕਰਮਜੀਤ ਕੌਰ ਦੀ ਮੌਤ ਕੋਰੋਨਾ ਵਾਇਰਸ ਨਾਲ ਹੋਈ ਜਿਲੇ ਦੀ ਪਹਿਲੀ ਮੌਤ ਹੈ। ਉਹਨਾਂ ਕਿਹਾ ਕਿ ਮਿ੍ਰਤਕਾ ਦੀ ਟਰੈਵਲ ਹਿਸਟਰੀ ਤੇ ਉਸ ਦੇ ਸੰਪਰਕ ਚ­ ਆਏ ਵਿਅਕਤੀਆਂ ਦੇ ਵੇਰਵੇ ਇਕੱਠੇ ਕੀਤੇ ਜਾ ਰਹੇ ਹਨ।

ਜ਼ਿਲਾ ਮੈਜਿਸਟ੍ਰੇਟ ਵੱਲੋਂ ਮੈਡੀਕਲ ਲੈਬਾਰਟਰੀਆਂ ਸਬੰਧੀ ਨਵੇਂ ਹੁਕਮ ਜਾਰੀ

ਕਪੂਰਥਲਾ, ਅਪ੍ਰੈਲ 2020  (ਹਰਜੀਤ ਸਿੰਘ ਵਿਰਕ)

ਕੋਵਿਡ-19 (ਕੋਰੋਨਾ ਵਾਇਰਸ) ਦੇ ਫੈਲਣ ਤੋਂ ਬਚਾਅ ਸਬੰਧੀ ਜ਼ਿਲਾ ਮੈਜਿਸਟ੍ਰੇਟ ਕਪੂਰਥਲਾ ਸ੍ਰੀਮਤੀ ਦੀਪਤੀ ਉੱਪਲ ਵੱਲੋਂ ਜ਼ਿਲੇ ਵਿਚ ਮਿਤੀ 23 ਮਾਰਚ 2020 ਨੂੰ ਜ਼ਿਲੇ ਵਿਚ ਲਗਾਏ ਕਰਫਿੳੂ ਦੌਰਾਨ ਲੋਕ ਹਿੱਤਾਂ ਨੂੰ ਮੁੱਖ ਰੱਖਦਿਆਂ ਦਿੱਤੀਆਂ ਗਈਆਂ ਛੋਟਾਂ ਦੀ ਲਗਾਤਾਰਤਾ ਵਿਚ ਹੁਕਮ ਜਾਰੀ ਕੀਤੇ ਹਨ ਕਪੂਰਥਲਾ ਦੀ ਹਦੂਦ ਅੰਦਰ ਮੈਡੀਕਲ ਲੈਬਾਰਟਰੀਆਂ ਸਵੇਰੇ 5 ਵਜੇ ਤੋਂ ਸਵੇਰੇ 8 ਵਜੇ ਤੱਕ ਜਨਤਕ ਸੇਵਾਵਾਂ ਲਈ ਅਰਥਾਤ ਨਮੂਨੇ (ਸੈਂਪਲ) ਲੈਣ ਲਈ ਖੁੱਲੀਆਂ ਰਹਿਣਗੀਆਂ। ਲੈਬਾਰਟਰੀ ਮਾਲਕ ਇਸ ਤੋਂ ਬਾਅਦ ਸਵੇਰੇ 8 ਵਜੇ ਤੋਂ ਦੁਪਹਿਰ 12 ਵਜੇ ਤੱਕ ਆਪਣਾ ਅੰਦਰੂਨੀ ਕੰਮ, ਲਏ ਗਏ ਨਮੂਨਿਆਂ ਨੂੰ ਪ੍ਰੋਸੈਸ ਆਦਿ ਕਰ ਸਕਦੇ ਹਨ, ਜਿਸ ਦੌਰਾਨ ਉਹ ਆਪਣੀ ਲੈਬਾਰਟਰੀ ਦਾ ਸ਼ਟਰ ਬੰਦ ਰੱਖਣਗੇ ਅਤੇ ਕੋਈ ਜਨਤਕ ਕੰਮ ਨਹੀਂ ਕਰਨਗੇ। 

ਫੋਟੋ :-ਸ੍ਰੀਮਤੀ ਦੀਪਤੀ ਉੱਪਲ, ਜ਼ਿਲਾ ਮੈਜਿਸਟ੍ਰੇਟ ਕਪੂਰਥਲਾ।

ਕੋਰੋਨਾ ਵਾਇਰਸ ਸਬੰਧੀ ਜਾਗਰੂਕਤਾ ਲਈ ਯੁਵਕ ਸੇਵਾਵਾਂ ਵਿਭਾਗ ਕਰਵਾ ਰਿਹੈ ਟਿਕਟਾਕ ਮੁਕਾਬਲਾ

15 ਤੋਂ 35 ਸਾਲ ਦੇ ਲੋਕ ਲੈ ਸਕਦੇ ਹਨ ਮੁਕਾਬਲੇ ’ਚ ਹਿੱਸਾ-ਪ੍ਰੀਤ ਕੋਹਲੀ

ਕਪੂਰਥਲਾ , ਅਪ੍ਰੈਲ 2020 - (ਹਰਜੀਤ ਸਿੰਘ ਵਿਰਕ)-

  ਪੰਜਾਬ  ਵਲੋਂ ਜਿਥੇ ਕੋਰੋਨਾ ਵਾਇਰਸ ਨੂੰ ਹਰਾਉਣ ਲਈ ਜੀਅ-ਤੋੜ ਯਤਨ ਕੀਤੇ ਜਾ ਰਹੇ ਹਨ, ਉਥੇ ਸਰਕਾਰ ਦੇ ਨਿਰਦੇਸ਼ਾਂ ’ਤੇ ਵੱਖ-ਵੱਖ ਵਿਭਾਗਾਂ ਵਲੋਂ ਵੀ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ।  ਇਸ ਸਬੰਧੀ ਜ਼ਿਲੇ ਦੇ ਯੁਵਕ ਸੇਵਾਵਾਂ ਵਿਭਾਗ ਨੇ ਸੋਸ਼ਲ ਮੀਡੀਆ ਰਾਹੀਂ ਘਰ ਬੈਠੇ ਲੋਕਾਂ ਨੂੰ ਜਾਗਰੂਕ ਕਰਨ ਲਈ ਇਕ ਨਿਵੇਕਲਾ ਉਪਰਾਲਾ ਕੀਤਾ ਹੈ। ਵਿਭਾਗ ਵਲੋਂ ਕੋਰੋਨਾ ਵਾਇਰਸ ਸਬੰਧੀ ਟਿਕਟਾਕ ਮੁਕਾਬਲਾ ਕਰਵਾਇਆ ਜਾ ਰਿਹਾ ਹੈ। 

  ਇਸ ਸਬੰਧੀ ਜਾਣਕਾਰੀ ਦਿੰਦਿਆਂ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਸ੍ਰੀ ਪ੍ਰੀਤ ਕੋਹਲੀ ਨੇ ਦੱਸਿਆ ਕਿ 15 ਤੋਂ 35 ਸਾਲ ਦਾ ਕੋਈ ਵੀ ਵਿਅਕਤੀ ਟਿਕਟਾਕ ਮੁਕਾਬਲੇ ਵਿੱਚ ਹਿੱਸਾ ਲੈ ਸਕਦਾ ਹੈ। ਉਨਾਂ ਦੱਸਿਆ ਕਿ ਇਸ ਮੁਕਾਬਲੇ ਵਿੱਚ ਭਾਗ ਲੈਣ ਲਈ ਐਂਟਰੀ ਉਨਾਂ ਦੇ ਮੋਬਾਇਲ ਨੰਬਰ 98158-81016 ’ਤੇ 12 ਅਪ੍ਰੈਲ 2020  ਤੱਕ ਕਰਵਾਈ ਜਾ ਸਕਦੀ ਹੈ। ਉਨਾਂ ਦੱਸਿਆ ਕਿ ਟਿਕਟਾਕ ਵੀਡੀਓ ਬਣਾਉਣ ਦੌਰਾਨ ਕੋਰੋਨਾ ਵਾਇਰਸ ਸਬੰਧੀ ਵੱਖਰੇ-ਵੱਖਰੇ ਵਿਸ਼ਿਆਂ ਨੂੰ ਛੋਹਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਟਿਕਟਾਕ ਵਿੱਚ ਯੁਵਕ ਸੇਵਾਵਾਂ ਵਿਭਾਗ  ਕਪੂਰਥਲਾ  ਦਾ ਨਾਅ ਲੈਣਾ ਜ਼ਰੂਰੀ ਹੋਵੇਗਾ, ਤਾਂ ਜੋ ਪਤਾ ਲੱਗ ਸਕੇ ਕਿ ਇਹ ਸਬੰਧਤ ਜਾਗਰੂਕਤਾ ਵੀਡੀਓ ਵਿਭਾਗ ਵਲੋਂ ਸ਼ੁਰੂ ਕੀਤੀ ਗਈ ਮੁਹਿੰਮ ਦਾ ਹੀ ਹਿੱਸਾ ਹੈ। 

  ਸ੍ਰੀ ਪ੍ਰੀਤ ਕੋਹਲੀ ਨੇ ਦੱਸਿਆ ਕਿ ਪਹਿਲੇ ਤਿੰਨ ਸਥਾਨਾਂ ’ਤੇ ਰਹਿਣ ਵਾਲੇ ਜੇਤੂਆਂ ਨੂੰ ਵਿਭਾਗ ਵਲੋਂ ਟਰਾਫੀ ਅਤੇ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ ਜਾਵੇਗਾ। ਉਨਾਂ ਦੱਸਿਆ ਕਿ ਜੇਤੂਆਂ ਦਾ ਸਨਮਾਨ ਕੋਰੋਨਾ ’ਤੇ ਫਤਿਹ ਪਾਉਣ ਦੇ ਬਾਅਦ ਭਾਵ ਲਾਕ ਡਾਊਨ ਦੇ ਬਾਅਦ ਕੀਤਾ ਜਾਵੇਗਾ। ਉਨਾਂ ਅਪੀਲ ਕਰਦਿਆਂ ਕਿਹਾ ਕਿ ਆਪਣੇ ਘਰਾਂ ਵਿੱਚ ਸੁਰੱਖਿਅਤ ਬੈਠੇ ਉਕਤ ਉਮਰ ਵਰਗ ਦੇ ਵਿਅਕਤੀ ਵੱਧ ਤੋਂ ਵੱਧ ਇਸ ਮੁਕਾਬਲੇ ਦਾ ਹਿੱਸਾ ਬਣਨ, ਤਾਂ ਜੋ ਆਪਣੇ ਵਿਲੱਖਣ ਅੰਦਾਜ਼ ਨਾਲ ਕੋਰੋਨਾ ਵਾਇਰਸ ਸਬੰਧੀ ਜਾਗਰੂਕਤਾ ਹਰ ਇਕ ਮੋਬਾਇਲ ਤੱਕ ਪਹੁੰਚਾਈ ਜਾ ਸਕੇ।

ਫੋਟੋ : -ਸ੍ਰੀ ਪ੍ਰੀਤ ਕੋਹਲੀ, ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ, ਕਪੂਰਥਲਾ।