You are here

ਪੰਜਾਬ

ਸਲੇਮਪੁਰੀ ਦੀ ਚੂੰਢੀ - ਨਵਾਂ ਸਾਲ ਮੁਬਾਰਕ ਆਖਾਂ ਕਿੰਝ ਸੱਜਣਾ ! 

ਨਵਾਂ ਸਾਲ ਮੁਬਾਰਕ ਆਖਾਂ ਕਿੰਝ ਸੱਜਣਾ! 

ਦੇਸ਼ ਮੇਰੇ ਦੀ ਹਾਲਤ 

ਡਾਹਡੀ ਮਾੜੀ ਆ। 

ਮਜ਼ਲੂਮਾਂ 'ਤੇ ਚੱਲਦੀ ਕਹਿਰ,

ਕੁਹਾੜੀ ਆ। 

ਦੇਸ਼ ਮੇਰੇਵਿੱਚਫਿਰਦਾ'ਭਗਵਾਂ'        

ਜਿੰਨ ਸੱਜਣਾ। 

ਨਵਾਂ ਸਾਲ ਮੁਬਾਰਕ ਆਖਾਂ ਕਿੰਝ ਸੱਜਣਾ। 

ਗੰਢੇ ਹੋ ਗਏ ਮਹਿੰਗੇ, 

ਰੋਟੀ ਲੱਭਦੀ ਨਾ। 

ਭੁੱਖ ਮਰੀ ਤੇ ਬੇਰੁਜ਼ਗਾਰੀ 

ਛੱਡਦੀ ਨਾ। 

ਜੀ ਐਸ ਟੀ ਨੇ ਦਿੱਤਾ ਸਾਨੂੰ   

 ਰਿੰਨ੍ਹ ਸੱਜਣਾ। 

ਨਵਾਂ ਸਾਲ ਮੁਬਾਰਕ ਆਖਾਂ ਕਿੰਝ ਸੱਜਣਾ। 

ਹੱਕਾਂ ਖਾਤਰ ਲੱਗਦੇ ਥਾਂ ਥਾਂ, 

ਧਰਨੇ ਨੇ। 

ਨਿੱਜੀਕਰਨ ਨੇ ਪਾ ਤੇ ਲੋਕੀਂ

ਪੜਨੇ ਨੇ। 

ਸ਼ਾਹੂਕਾਰਾਂ ਨੇ ਦੇਸ਼ ਨੂੰ ਦਿੱਤਾ   

 ਪਿੰਜ ਸੱਜਣਾ।

ਨਵਾਂ ਸਾਲ ਮੁਬਾਰਕ ਆਖਾਂ ਕਿੰਝ ਸੱਜਣਾ। 

ਝੂਠੇ ਪੁਲਿਸ ਮੁਕਾਬਲੇ,

ਇਥੇ ਹੁੰਦੇ ਨੇ। 

ਹੁਕਮਰਾਨਾਂ ਦੀ ਸ਼ਹਿ 'ਤੇ, 

ਘੁੰਮਦੇ ਗੁੰਡੇ ਨੇ। 

ਝੂਠਾ ਪਰਚਾ ਪੈਣ ਨੂੰ,ਲੱਗਦਾ   

 ਬਿੰਦ ਸੱਜਣਾ। 

ਨਵਾਂ ਸਾਲ ਮੁਬਾਰਕ ਆਖਾਂ ਕਿੰਝ ਸੱਜਣਾ। 

 ਰਿਸ਼ਵਤਖੋਰੀ ਚੱਲਦੀ ਪੂਰੇ 

ਜੋਰਾਂ 'ਤੇ। 

ਬੈਂਕਾਂ ਸੱਭ ਹਵਾਲੇ  ਵੱਡੇ 

 ਚੋਰਾਂ ਦੇ। 

'ਸਵਿਸ' ਤੋਂ ਆਉਣੇ ਪੈਸੇ ਕਿਹੜੇ

ਦਿਨ ਸੱਜਣਾ? 

ਨਵਾਂ ਸਾਲ ਮੁਬਾਰਕ ਆਖਾਂ ਕਿੰਝ ਸੱਜਣਾ।

ਏਅਰ ਇੰਡੀਆ ਡੁੱਬਗੀ ਇੰਡੀਆ 

ਡੁੱਬ ਚੱਲਿਆ। 

ਦੇਸ਼ ਮੇਰੇ ਚੋਂ ਸ਼ਬਦ 'ਤਰੱਕੀ '

ਮੁੱਕ ਚੱਲਿਆ। 

ਸੱਭ ਸਰਕਾਰੀ ਮਹਿਕਮੇ ਬਣਗੇ 

ਨਿੱਜ ਸੱਜਣਾ। 

ਨਵਾਂ ਸਾਲ ਮੁਬਾਰਕ ਆਖਾਂ ਕਿੰਝ ਸੱਜਣਾ। 

ਨਵੇਂ ਕਾਨੂੰਨ ਨੂੰ ਲੈ ਕੇ 

 ਭਾਂਬੜ ਬਲਦੇ ਨੇ । 

ਅਸਮ, ਕਸ਼ਮੀਰ ਤੇ ਯੂਪੀ

 ਕਿੱਦਾਂ ਜਲਦੇ ਨੇ?

ਖੂਹ ਚੋਂ ਮੁੱਕਿਆ ਪਾਣੀ ਖਾਲੀ 

  ਟਿੰਡ ਸੱਜਣਾ। 

ਨਵਾਂ ਸਾਲ ਮੁਬਾਰਕ ਆਖਾਂ ਕਿੰਝ ਸੱਜਣਾ। 

ਸੱਭ ਮਹਿਕਮੇ ਵਿਕਗੇ, 

ਕੂੰਡਾ  ਹੋ ਚੱਲਿਆ। 

ਨਿੱਜੀਕਰਨ ਨੇ ਦੇਸ਼ ਨੂੰ 

 ਘੇਰਾ ਪਾ ਘੱਤਿਆ। 

ਠੇਕੇਦਾਰੀ ਸਿਸਟਮ 

ਬਣਿਆ ਜਿੰਨ ਸੱਜਣਾ। 

ਨਵਾਂ ਸਾਲ ਮੁਬਾਰਕ ਆਖਾਂ ਕਿੰਝ ਸੱਜਣਾ!

-ਸੁਖਦੇਵ ਸਲੇਮਪੁਰੀ  09780620233

ਯੂ.ਪੀ. 'ਚ ਨਗਰ ਕੀਰਤਨ ਕੱਢਣ 'ਤੇ 55 ਸਿੱਖਾਂ 'ਤੇ ਕੇਸ ਦਰਜ

ਲਖਨਊ/ਯੂ.ਪੀ, ਦਸੰਬਰ 2019-(ਜਨ ਸ਼ਕਤੀ ਨਿਊਜ) ਸਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਸਬੰਧੀ ਪੀਲੀਭੀਤ ਦੇ ਪਿੰਡ ਨੌਬਰਾਮਾਦ ਵਿਖੇ ਇਕ ਗੁਰਦੁਆਰੇ ਤੋਂ ਨਗਰ ਕੀਰਤਨ ਕੱਢਣ 'ਤੇ ਉੱਤਰ ਪ੍ਰਦੇਸ਼ ਪੁਲਿਸ ਵਲੋਂ 55 ਸਿੱਖਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਇਹ ਹੀ ਨਹੀਂ ਪੁਲਿਸ ਵਲੋਂ ਨਗਰ ਕੀਰਤਨ 'ਚ ਸ਼ਾਮਿਲ ਨਿਸ਼ਾਨ ਸਾਹਿਬ ਲੱਗੇ ਹੋਏ ਇਕ ਵਾਹਨ ਨੂੰ ਵੀ ਕਬਜ਼ੇ 'ਚ ਲਿਆ ਗਿਆ ਹੈ, ਜਿਹੜਾ ਕਿ ਨਗਰ ਕੀਰਤਨ 'ਚ ਸ਼ਾਮਿਲ ਸੀ। ਐਸ.ਐਚ.ਓ. ਸੰਜੀਵ ਕੁਮਾਰ ਉਪਾਧਿਆਏ ਅਨੁਸਾਰ ਨਗਰ ਕੀਰਤਨ ਵਿਚ ਸ਼ਾਮਿਲ ਲੋਕਾਂ 'ਤੇ ਧਾਰਾ 188 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਜਦਕਿ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕਾਲੀਨਗਰ ਸਰਕਲ ਦੇ ਐਸ.ਡੀ.ਐਮ. ਹਰੀ ਓਮ ਸ਼ਰਮਾ ਤੋਂ ਨਗਰ ਕੀਰਤਨ ਲਈ ਪ੍ਰਵਾਨਗੀ ਮੰਗੀ ਸੀ ਪਰ ਉਨ੍ਹਾਂ ਵਲੋਂ ਨਗਰ ਕੀਰਤਨ ਲਈ ਪ੍ਰਵਾਨਗੀ ਨਹੀਂ ਦਿੱਤੀ ਗਈ। ਦੱਸ ਦੇਈਏ ਕਿ ਸਿੱਖ ਸੰਗਤ 'ਤੇ ਦਰਜ ਕੀਤੀ ਗਈ ਐੱਫ.ਆਈ.ਆਰ. 'ਚ ਪੰਜ ਜਾਣਿਆਂ ਦਾ ਨਾਂਅ ਦਰਜ ਕੀਤਾ ਗਿਆ ਹੈ ਜਦੋਂ ਕਿ 50 ਅਣਪਛਾਤਿਆਂ ਨੂੰ ਨਾਮਜ਼ਦ ਕੀਤਾ ਗਿਆ ਹੈ। ਯੂ.ਪੀ. ਪੁਲਿਸ ਦੀ ਇਸ ਕਾਰਵਾਈ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਇਹ ਸਿੱਖਾਂ ਦੀ ਧਾਰਮਿਕ ਆਜ਼ਾਦੀ 'ਤੇ ਸਿੱਧਾ ਹਮਲਾ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਇਸ ਤੋਂ ਬਿਨਾਂ ਉਨ੍ਹਾਂ ਵਲੋਂ ਪੁਲਿਸ ਵਲੋਂ ਕੀਤੀ ਇਸ ਕਾਰਵਾਈ ਦੀ ਸਖ਼ਤ ਸ਼ਬਦਾਂ 'ਚ ਨਿਖੇਧੀ ਕੀਤੀ ਗਈ ਅਤੇ ਇਸ ਸਬੰਧੀ ਯੂ. ਪੀ. ਸਰਕਾਰ ਕੋਲੋਂ ਦੋਸ਼ੀ ਪੁਲਿਸ ਕਰਮਚਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ।

ਸਿੱਧੂ ਮੂਸੇਵਾਲਾ ਨੇ ਆਪਣੀ ਦਾਦੀ ਦੀ ਯਾਦ ਵਿੱਚ ਕੈਂਸਰ ਜਾਂਚ ਕੈਂਪ ਲਗਵਾਇਆ

ਕੈਂਪ ਦੌਰਾਨ ਵਰਲਡ ਕੈਂਸਰ ਕੇਅਰ ਦੇ ਮਾਹਿਰ ਡਾਕਟਰਾਂ ਦੀ ਟੀਮ ਵੱਲੋਂ 613 ਵਿਅਕਤੀਆਂ ਦੀ ਜਾਂਚ ਕੀਤੀ ਗਈ ਅਤੇ ਮੁਫਤ ਦਵਾਈਆਂ ਵੀ ਦਿੱਤੀਆਂ ਗਈਆਂ

ਮਾਨਸਾ,ਦਸੰਬਰ 2019-(ਮਨਜਿੰਦਰ ਗਿੱਲ)-

ਚਰਚਿਤ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਵੱਲੋਂ ਆਪਣੀ ਦਾਦੀ ਜਸਵੰਤ ਕੌਰ ਸਿੱਧੂ ਜੀ ਦੀ ਯਾਦ ਆਪਣੇ ਪਿੰਡ ਮੂਸੇ ਵਿਖੇ ਦੂਸਰਾ ਮੁਫਤ ਕੈਂਸਰ ਜਾਂਚ ਕੈਂਪ ਵਰਲਡ ਕੈਂਸਰ ਕੇਅਰ ਦੇ ਗਲੋਬਲ ਅੰਬੈਸਡਰ ਕੁਲਵੰਤ ਧਾਲੀਵਾਲ ਜੀ ਦੇ ਸਹਿਯੋਗ ਨਾਲ ਲਗਵਾਇਆ ਗਿਆ। ਕੈਂਸਰ ਕੈਂਪ ਦਾ ਉਦਘਾਟਨ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਸਰਪੰਚ ਅਤੇ ਪਿਤਾ ਬਲਕੌਰ ਸਿੰਘ ਸਿੱਧੂ ਵੱਲੋਂ ਕੀਤਾ ਗਿਆ। ਇਸ ਮੌਕੇ ਬੋਲਦਿਆਂ ਸਿੱਧੂ ਮੂਸੇਵਾਲਾ ਨੇ ਕਿਹਾ ਕਿ ਨੌਜਵਾਨਾਂ ਨੂੰ ਮਾਲਵਾ ਪੱਟੀ ਵਿੱਚ ਅਜਿਹੇ ਕੈਂਸਰ ਕੈਂਪ ਲਗਵਾ ਕੇ ਆਪਣੇ ਆਪਣੇ ਪਿੰਡਾਂ ਦੇ ਲੋਕਾਂ ਦੇ ਚੈੱਕ ਅੱਪ ਕਰਵਾਉਣੇ ਚਾਹੀਦੇ ਹਨ ਅਤੇ ਹਮੇਸ਼ਾਂ ਲੋੜਵੰਦਾਂ ਦੀ ਮੱਦਦ ਕਰਨੀ ਚਾਹੀਦੀ ਹੈ। ਵਰਲਡ ਕੈਂਸਰ ਕੇਅਰ ਦੇ ਐਮ.ਡੀ. ਡਾਕਟਰ ਧਰਮਿੰਦਰ ਢਿੱਲੋਂ ਨੇ ਕਿਹਾ ਕਿ ਸਾਡੀ ਸੰਸਥਾ ਵੱਲੋਂ ਪੰਜਾਬ ਦੇ ਪਿੰਡ ਪਿੰਡ ਜਾ ਕੇ ਸੱਤ ਪ੍ਰਕਾਰ ਦੇ ਕੈਂਸਰ ਦੇ ਟੈਸਟ ਬਿਲਕੁੱਲ ਫਰੀ ਕੀਤੇ ਜਾਂਦੇ ਹਨ ਅਤੇ ਲੋੜਵੰਦਾਂ ਨੂੰ ਮੁਫਤ ਦਵਾਈਆਂ ਵੀ ਵੰਡੀਆਂ ਜਾ ਰਹੀਆਂ ਹਨ। ਮਾਲਵਾ ਇੰਚਾਰਜ ਸੁਖਪਾਲ ਸਿੰਘ ਸਿੱਧੂ ਨੇ ਸਿੱਧੂ ਮੂਸੇਵਾਲਾ ਦੀ ਸਲਾਘਾ ਕਰਦਿਆਂ ਕਿਹਾ ਕਿ ਸਿੱਧੂ ਮੂਸੇਵਾਲਾ ਨੇ ਜਿੱਥੇ ਪੂਰੀ ਦੁਨੀਆਂ ਵਿੱਚ ਆਪਣੇ ਮਾਪਿਆਂ ਅਤੇ ਪੰਜਾਬ ਦਾ ਨਾਂ ਚਮਕਾਇਆ ਹੈ ਉੱਥੇ ਹੀ ਵਿਦੇਸ਼ੀਆਂ ਨੂੰ ਵੀ ਆਪਣੇ ਗੀਤਾਂ ਤੇ ਨੱਚਣ ਲਈ ਮਜਬੂਰ ਕੀਤਾ ਹੈ। ਇਸ ਕੈਂਸਰ ਜਾਂਚ ਕੈਂਪ ਦੌਰਾਨ ਵਰਲਡ ਕੈਂਸਰ ਕੇਅਰ ਦੇ ਮਾਹਿਰ ਡਾਕਟਰਾਂ ਦੀ ਟੀਮ ਵੱਲੋਂ 613 ਵਿਅਕਤੀਆਂ ਦੀ ਜਾਂਚ ਕੀਤੀ ਗਈ ਅਤੇ ਮੁਫਤ ਦਵਾਈਆਂ ਵੀ ਦਿੱਤੀਆਂ ਗਈਆਂ। ਇਸ ਮੌਕੇ ਡਾ ਨਵਨੀਤ ਸੈਣੀ, ਡਾ ਜਤਿਨ, ਡਾ ਪੁਨੀਤ, ਡਾ ਮੱਲੀ ਸੰਧੂ, ਅਮਨਦੀਪ ਸਿੱਧੂ, ਰਾਜਿੰਦਰ ਸਿੱਧੂ, ਜਗਦੀਸ਼ ਸਿੱਧੂ ਆਦਿ ਹਾਜ਼ਰ ਸਨ। ਅਖੀਰ ਵਿੱਚ ਸਿੱਧੂ ਮੂਸੇਵਾਲਾ ਨੇ ਕਿਹਾ ਕਿ ਉਹ ਅੱਗੇ ਤੋਂ ਵੀ ਲੋੜਵੰਦਾਂ ਦੀ ਮੱਦਦ ਲਈ ਅਜਿਹੇ ਕੈਂਸਰ ਕੈਂਪ ਲਗਵਾਉਂਦੇ ਰਹਿਣਗੇ ਅਤੇ ਹਮੇਸ਼ਾਂ ਲੋੜਵੰਦਾਂ ਦੀ ਮੱਦਦ ਕਰਦੇ ਰਹਿਣਗੇ।

ਧੀਆਂ ਨੂੰ ਪੁੱਤਰਾਂ ਦੇ ਬਰਾਬਰ ਮਾਨ ਸਤਿਕਾਰ ਦੇਣਾ ਸਮੇਂ ਦੀ ਮੁੱਖ ਲੋੜ-ਢੀਂਡਸਾ 

ਰਾਜ ਸਭਾ ਮੈਂਬਰ ਢੀਂਡਸਾ ਨੇ ਪਿੰਡ ਛੀਨੀਵਾਲ ਕਲਾਂ ਵਿਖੇ ਪੁੱਜ ਕੇ ਬੀ ਕੇ ਯੂ ਲੱਖੋਵਾਲ ਦੇ ਜ਼ਿਲ੍ਹਾ ਪ੍ਰਧਾਨ ਸੀਰਾ ਛੀਨੀਵਾਲ ਦੇ ਘਰ ਨਵਜੰਮੀ ਲੜਕੀ ਨੂੰ ਆਸ਼ੀਰਵਾਰ ਦਿੱਤਾ 

ਬਰਨਾਲਾ, ਦਸੰਬਰ 2019(ਗੁਰਸੇਵਕ ਸਿੰਘ ਸੋਹੀ)-

ਸੀਨੀਅਰ ਟਕਸਾਲੀ ਅਕਾਲੀ ਆਗੂ ਤੇ ਮੈਂਬਰ ਰਾਜ ਸਭਾ ਸੁਖਦੇਵ ਸਿੰਘ ਢੀਂਡਸਾ ਨੇ ਪਿੰਡ ਛੀਨੀਵਾਲ ਕਲਾਂ ਵਿਖੇ ਵਿਸ਼ੇਸ਼ ਤੌਰ ਤੇ ਪੁੱਜ ਕੇ ਭਾਰਤੀ ਕਿਸਾਨ ਯੂਨੀਅਨ ਜ਼ਿਲ੍ਹਾ ਬਰਨਾਲਾ ਇਕਾਈ ਦੇ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਸੀਰਾ ਛੀਨੀਵਾਲ ਦੇ ਘਰ ਨਵਜਨਮੀ ਬੱਚੀ ਸਿਦਕਸੀਰ ਕੌਰ ਨੂੰ ਸ਼ਗਨ ਅਤੇ ਅਸ਼ੀਰਵਾਦ ਦਿੱਤਾ ਇਸ ਮੌਕੇ ਸੀਨੀਅਰ ਅਕਾਲੀ ਆਗੂ ਤੇ ਮੈਂਬਰ ਰਾਜ ਸਭਾ ਸੁਖਦੇਵ  ਸਿੰਘ ਢੀਂਡਸਾ ਨੇ ਸਮੁਚੇ ਛੀਨੀਵਾਲ ਪਰਿਵਾਰ ਨੂੰ ਆਪਣੇ ਵੱਲੋਂ ਵਧਾਈ ਦਿੰਦੇ ਕਿਹਾ ਕਿ ਅੱਜ ਸਾਨੂੰ ਸਮਾਜ ਅੰਦਰ ਧੀਆਂ ਨੂੰ ਪੁੱਤਰਾਂ ਦੇ ਬਰਾਬਰ ਮਾਨ ਸਤਿਕਾਰ ਦੇਣਾ ਸਮੇਂ ਦੀ ਇੱਕ ਮੁੱਖ ਲੋੜ ਹੈ ਕਿਉਂਕਿ ਸਮਾਜ ਕਦੇ ਵੀ ਧੀਆਂ ਤੋਂ ਬਗੈਰ ਤਰੱਕੀ ਨਹੀਂ ਕਰ ਸਕਦਾ ਉਨ੍ਹਾਂ ਕਿਹਾ ਕਿ ਲੜਕੀਆਂ ਸਿੱਖਿਆ ਖੇਡਾਂ ਅਤੇ ਹੋਰ ਵੱਖ ਵੱਖ ਖੇਤਰਾਂ ਵਿੱਚੋਂ ਅਹਿਮ ਪ੍ਰਾਪਤੀਆਂ ਹਾਸਲ ਕਰਕੇ ਉੱਚ ਪਦਵੀਆਂ ਤੇ ਪਹੁੰਚ ਕੇ ਆਪਣੇ ਮਾਤਾ ਪਿਤਾ ਦਾ ਨਾਂਅ ਰੋਸ਼ਨ ਕਰਦੀਆਂ ਹਨ ਇਸ ਲਈ ਲੜਕੀਆਂ ਨੂੰ ਮਾਨ ਸਤਿਕਾਰ ਦੇਣਾ ਸਾਡਾ ਸਾਰਿਆ ਦਾ ਮੁੱਢਲਾ ਫ਼ਰਜ਼ ਬਣਦਾ ਹੈ ਓੁਨਾ ਕਿਹਾ ਕਿ ਮੇਰੇ ਇਸ ਦੌਰੇ ਨੂੰ ਰਾਜਨੀਤੀ ਨਾਲ ਜੋੜ ਕਿ ਨਾ ਦੇਖਿਆ ਜਾਵੇ ਇਹ ਮੇਰੀ ਪਰਿਵਾਰਕ ਮਿਲਣੀ ਹੈ ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜਿਲ੍ਹਾ ਪ੍ਰਧਾਨ ਜਗਸੀਰ ਸਿੰਘ ਸੀਰਾ ਛੀਨੀਵਾਲ ਅਤੇ ਉਨ੍ਹਾਂ ਦੀ ਧਰਮ ਪਤਨੀ ਮਨਪ੍ਰੀਤ ਕੌਰ ਦੀ ਅਗਵਾਈ ਹੇਠ ਸਮੁੱਚੇ ਪਰਿਵਾਰਕ ਮੈਂਬਰਾਂ ਤੇ ਉਨ੍ਹਾਂ ਦੇ ਸਮਰਥਕਾਂ ਵੱਲੋਂ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਦਾ ਧੰਨਵਾਦ ਕਰਦਿਆਂ ਆਪਣੇ ਪਰਿਵਾਰਕ ਮੈਂਬਰ ਸਮੇਤ ਢੀਂਡਸਾ ਦਾ ਸਨਮਾਨ ਕੀਤਾ ਇਸ ਮੌਕੇ ਸੀਰਾ ਛੀਨੀਵਾਲ ਨੇ ਕਿਹਾ ਕਿ ਜਥੇਬੰਦੀ ਵੱਲੋਂ ਹਰ ਰਾਜਨੀਤੀ ਪਾਰਟੀ ਦੇ ਆਗੂ ਦਾ ਘਰ ਪੁੱਜਣ ਤੇ ਸਨਮਾਨ ਕੀਤਾ ਜਾਦਾ ਹੈ ਇਸ ਮੌਕੇ ਢੀਂਡਸਾ ਦੇ ਪੀ.ੲੇ.ਜਸਵਿੰਦਰ ਸਿੰਘ ਖ਼ਾਲਸਾ ਭਾਰਤੀ ਕਿਸਾਨ ਯੂਨੀਅਨ ਦੇ ਬਲਾਕ ਪ੍ਰਧਾਨ ਗੁਰਧਿਆਨ ਸਿੰਘ ਸਹਿਜੜਾ ਸੁਸਾਇਟੀ ਦੇ ਪ੍ਰਧਾਨ ਬਲਵੰਤ ਸਿੰਘ ਢਿੱਲੋਂ ਛੀਨੀਵਾਲ ਜਗਰਾਜ ਸਿੰਘ ਧਾਲੀਵਾਲ ਸ਼ਮਸ਼ੇਰ ਸਿੰਘ ਹੁੰਦਲ ਕਾਬਲ ਬਰਾੜ ਕੈਨੇਡਾ ਪੰਚ ਗੁਰਤੇਜ ਸਿੰਘ ਸ਼ੰਗਾਰਾ ਸਿੰਘ ਜਿਸਮ ਜਗਜੀਤ ਸਿੰਘ ਜੱਗਾ ਗੁਰਪ੍ਰੀਤ ਸਿੰਘ ਅਤੇ ਭੋਲਾ ਸਿੰਘ ਆਦਿ ਵੀ ਹਾਜ਼ਰ ਸਨ

1919 ਵਿੱਚ ਕੁਰਬਾਨੀਆਂ ਕਰਕੇ ਹੋਂਦ ਵਿੱਚ ਆਏ ਸ਼੍ਰੋਮਣੀ ਅਕਾਲੀ ਦਲ ਨੂੰ ਹੁਣ 2020 ਵਿੱਚ ਖਤਮ ਕੀਤਾ ਜਾ ਰਿਹਾ ਹੈ ਕਿਉਂਕਿ

 

ਬਾਦਲ ਨੇ ਪੁੱਤਰ ਮੋਹ ਵਿੱਚ ਫਸ ਕੇ ਕੁਰਬਾਨੀਆਂ ਕਰਕੇ ਹੋਂਦ ਵਿੱਚ ਲਿਆਂਦੇ ਅਕਾਲੀ ਦਲ ਵਿੱਚੋਂ ਕੁਰਬਾਨੀਆਂ ਤੇ ਜੇਲ੍ਹਾਂ ਕੱਟਣ ਵਾਲੇ ਆਗੂਆਂ ਨੂੰ ਬਾਹਰ ਦਾ ਰਸਤਾ ਦਿਖਾ ਕੇ ਅਕਾਲੀ ਦਲ ਨੂੰ ਹੁਣ ਆਪਣਾ ਪਰਿਵਾਰਕ ਅਕਾਲੀ ਦਲ ਬਣਾ ਕੇ ਰੱਖ ਦਿੱਤਾ  -ਭਗਵੰਤ ਮਾਨ 

 ਬਰਨਾਲਾ,ਦਸੰਬਰ 2019-(ਗੁਰਸੇਵਕ ਸਿੰਘ ਸੋਹੀ)-

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਆਪਣੇ ਚੋਣਾਂ ਦੌਰਾਨ ਕੀਤੇ ਵਾਅਦੇ ਪੂਰੇ ਕਰਕੇ ਦਿੱਲੀ ਦੇ ਲੋਕਾਂ ਨੂੰ ਸਿਹਤ ਸਿੱਖਿਆ ਅਤੇ ਹੋਰ ਮਿਲਣ ਵਾਲੀਆਂ ਸਹੂਲਤਾਂ ਮੁਹੱਈਆ ਕਰਵਾ ਕੇ ਦਿੱਲੀ ਨੂੰ ਇੱਕ ਵਧੀਆ ਸੂਬਾ ਬਣਾਉਣ ਦਾ ਮਾਨ ਹਾਸਲ ਹੋਇਆ ਪਰ ਹੁਣ ਫਰਵਰੀ ਮਹੀਨੇ ਹੋਣ ਜਾ ਰਹੀਆਂ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਉੱਥੇ ਦੇ ਲੋਕ ਕੇਜਰੀਵਾਲ ਸਰਕਾਰ ਵੱਲੋਂ ਕੀਤੇ ਕੰਮਾਂ ਨੂੰ ਦੇਖਦਿਆਂ ਮੁੜ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣਗੇ ਇਹ ਦਾਅਵਾ ਅੱਜ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਤੇ ਲੋਕ ਸਭਾ ਹਲਕਾ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਕਸਬਾ ਮਹਿਲ ਕਲਾਂ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ ਉਨ੍ਹਾਂ ਕਿਹਾ ਕਿ ਸਮੁੱਚੇ ਦੇਸ਼ ਅੰਦਰ ਵੱਖ ਵੱਖ ਪਾਰਟੀਆਂ ਨਾਲ ਸਬੰਧਤ ਆਗੂਆਂ ਵੱਲੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਦਿੱਲੀ ਵਿੱਚ ਕਰਵਾਏ ਗਏ ਕੰਮਾਂ ਨੂੰ ਦੇਖ ਕੇ ਆਪਣੇ ਮੁੱਖ ਮੰਤਰੀਆਂ ਨੂੰ ਕੰਮ ਕਰਨ ਦੀ ਸਲਾਹ ਦੇ ਰਹੇ ਹਨ ਉਨ੍ਹਾਂ ਕਿਹਾ ਕਿ ਬੀਜੇਪੀ ਵੱਲੋਂ ਦੇਸ਼ ਅੰਦਰ ਨਾਗਰਿਕਤਾ ਸੋਧ ਕਾਨੂੰਨ ਲਿਆ ਕੇ ਨਫ਼ਰਤ ਦੀ ਕੀਤੀ ਜਾ ਰਹੀ ਰਾਜਨੀਤੀ ਨੂੰ ਝਾਰਖੰਡ ਸਮੇਤ ਤੋਂ ਚਾਰ ਹੋਰ ਸੂਬਿਆਂ ਦੇ ਲੋਕਾਂ ਵੱਲੋਂ ਬੀਜੇਪੀ ਨੂੰ ਚੱਲਦਾ ਕਰਕੇ ਹੁਣ ਸਮੁੱਚੇ ਦੇਸ਼ ਅੰਦਰੋਂ ਬੀਜੇਪੀ ਨੂੰ ਚਲਦਾ ਕਰਨ ਦਾ ਮੁੱਢ ਬੰਨ੍ਹਿਆ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਕੇਂਦਰ ਦੀ ਐਨਡੀਏ ਸਰਕਾਰ ਵਿੱਚ ਭਾਈਵਾਲ ਹੁੰਦਿਆਂ ਹੋਇਆਂ ਆਪਣੇ ਮੈਂਬਰ ਪਾਰਲੀਮੈਂਟਾਂ ਅਤੇ ਰਾਜ ਸਭਾ ਮੈਂਬਰਾਂ ਵੱਲੋਂ ਇੱਕ ਜੁੱਟ ਹੋ ਕੇ ਨਾਗਰਿਕਤਾ ਸੋਧ ਬਿਲ ਦੇ ਹੱਕ ਵਿੱਚ ਵੋਟਾ ਪਾਈਆਂ ਪਰ ਪਾਰਲੀਮੈਂਟ ਵਿੱਚੋਂ ਬਾਹਰ ਆਉਣ ਤੋਂ ਬਾਅਦ ਅਕਾਲੀਆਂ ਵੱਲੋਂ ਨਾਗਰਿਕਤਾ ਸੋਧ ਬਿੱਲ ਦਾ ਵਿਰੋਧ ਕਰਕੇ ਆਪਣੀ ਦੋਗਲੀ ਕੀਤੀ ਜਾ ਰਹੀ ਹੈ ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਵੱਲੋਂ ਕੇਂਦਰੀ ਮੰਤਰੀ ਹਰਸਿਮਰਤ ਕੌਰ ਦੀ ਕੁਰਸੀ ਨੂੰ ਬਚਾਉਣ ਲਈ ਕੇਂਦਰ ਦੀ ਬੀ ਜੇ ਪੀ ਵੱਲੋਂ ਲਿਆਂਦੇ ਨਾਗਰਿਕਤਾ ਸੋਧ ਬਿਲ ਦੇ ਹੱਕ ਵਿੱਚ ਵੋਟ ਪਾਈ ਹੈ ਉਨ੍ਹਾਂ ਕਿਹਾ ਕਿ ਬਾਦਲ ਨੇ ਪੁੱਤਰ ਮੋਹ ਵਿੱਚ ਫਸ ਕੇ 1919 ਵਿੱਚ ਕੁਰਬਾਨੀਆਂ ਕਰਕੇ ਹੋਂਦ ਵਿੱਚ ਆਏ ਸ਼੍ਰੋਮਣੀ ਅਕਾਲੀ ਦਲ ਨੂੰ ਹੁਣ 2020 ਵਿੱਚ ਖਤਮ ਕੀਤਾ ਜਾ ਰਿਹਾ ਹੈ ਕਿਉਂਕਿ ਅਕਾਲੀ ਦਲ ਵਿੱਚੋਂ ਕੁਰਬਾਨੀਆਂ ਕਰਨ ਵਾਲੇ ਅਤੇ ਜੇਲ੍ਹਾਂ ਕੱਟਣ ਵਾਲੇ ਆਗੂਆਂ ਨੂੰ ਦਲ ਵਿੱਚੋਂ ਬਾਹਰ ਕੱਢ ਕੇ ਆਪਣੇ ਪਰਿਵਾਰ ਦੀ ਲਿਮਟਡ ਕੰਪਨੀ ਬਣਾ ਕੇ ਰੱਖ ਦਿੱਤੀ ਹੈ ਉਨ੍ਹਾਂ ਕਿਹਾ ਕਿ ਪਿਛਲੀ ਅਕਾਲੀ ਭਾਜਪਾ ਸਰਕਾਰ ਵੱਲੋਂ ਥਰਮਲ ਪਲਾਂਟਾਂ ਨਾਲ ਪੱਚੀ ਸਾਲਾਂ ਦੇ ਕੀਤੇ ਐਗਰੀਮੈਂਟ ਕਰਕੇ ਹੀ ਅੱਜ ਪੰਜਾਬ ਨੂੰ ਸੰਤਾਪ ਭੋਗਣਾ ਪੈ ਰਿਹਾ ਹੈ ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਵੱਲੋਂ ਲਗਾਤਾਰ ਜਿੱਥੇ ਵੱਡੇ ਵੱਡੇ ਟੈਕਸ ਲਾ ਕੇ ਲੋਕਾਂ ਤੇ ਵਾਧੂ ਬੋਝ ਪਾਇਆ ਜਾ ਰਿਹਾ ਹੈ ਉੱਥੇ ਬਿਜਲੀ ਦੀਆਂ ਦਰਾਂ ਵਿੱਚ ਭਾਰੀ ਵਾਧੇ ਕਰਕੇ ਪੰਜਾਬ ਦੇ ਕਿਸਾਨਾਂ ਮਜ਼ਦੂਰਾਂ ਅਤੇ ਆਮ ਵਰਗ ਦੇ ਲੋਕਾਂ ਦਾ ਕਚੂੰਬਰ ਕੱਢਿਆ ਜਾ ਰਿਹਾ ਹੈ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੇ ਦਿੱਲੀ ਦੀ ਤਰਜ਼ ਤੇ ਕੇਜਰੀਵਾਲ ਸਰਕਾਰ ਵਾਂਗ ਪੰਜਾਬ ਅੰਦਰ ਸਿਹਤ ਸਹੂਲਤਾਂ ਸਿੱਖਿਆ ਅਤੇ ਹੋਰ ਆਰਥਿਕ ਸੁਧਾਰ ਕਰਕੇ ਵੱਡੀ ਪੱਧਰ ਤੇ ਵਿਕਾਸ ਕਰਵਾਇਆ ਜਾਵੇਗਾ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਬਿਜਲੀ ਦਰਾਂ ਵਿੱਚ ਕੀਤੇ ਵਾਧੇ ਦੇ ਖਿਲਾਫ 7 ਜਨਵਰੀ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਚੰਡੀਗੜ੍ਹ ਵਿਚਲੀ ਰਿਹਾਇਸ਼ ਦਾ ਘਿਰਾਓ ਕੀਤਾ ਜਾ ਰਿਹਾ ਹੈ ਉਨ੍ਹਾਂ ਸਮੂਹ ਲੋਕਾਂ ਨੂੰ ਪਾਰਟੀਬਾਜ਼ੀ ਤੋਂ ਉੱਪਰ ਉਠ ਕੇ ਇਸ ਸੰਘਰਸ਼ ਦਾ ਸਾਥ ਦੇਣ ਦੀ ਅਪੀਲ ਕੀਤੀ ਇਸ ਮੌਕੇ ਸੰਸਦ ਮੈਂਬਰ ਮਾਨ ਨੇ ਇਲਾਕੇ ਦੇ ਉੱਘੇ ਆੜ੍ਹਤੀਏ ਗੁਲਬੰਤ ਸਿੰਘ ਔਲਖ ਨੂੰ ਸਰੋਪੇ ਭੇਟ ਕਰਕੇ ਮੁੜ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਕੀਤਾ ਗਿਆ ਇਸ ਮੌਕੇ ਆਮ ਆਦਮੀ ਪਾਰਟੀ ਦੇ ਹਲਕਾ ਮਹਿਲ ਕਲਾਂ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਗੋਬਿੰਦਰ ਸਿੰਘ ਸਿੱਧੂ ਗੁਰਜੀਤ ਸਿੰਘ ਧਾਲੀਵਾਲ ਗੁਰਦੇਵ ਸਿੰਘ ਮਹਿਲ ਖੁਰਦ ਬਿੰਦਰ ਸਿੰਘ ਖ਼ਾਲਸਾ ਤੋਂ ਇਲਾਵਾ ਹੋਰ ਵਰਕਰ ਵੀ ਹਾਜ਼ਰ ਸਨ

ਰੰਧਾਵਾ ਖ਼ਿਲਾਫ ਬੇਅਦਬੀ ਦਾ ਕੇਸ ਦਰਜ ਕੀਤਾ ਜਾਵੇ-ਗਰੇਵਾਲ 

ਚੰਡੀਗੜ੍ਹ, ਦਸੰਬਰ 2019- ( ਇਕਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ )-

ਸ਼੍ਰੋਮਣੀ ਅਕਾਲੀ ਦਲ ਨੇ ਅੱਜ ਸਿੱਖ ਧਰਮ ਦੇ ਮੋਢੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਘੋਰ ਬੇਅਦਬੀ ਕਰਨ ਲਈ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਖ਼ਿਲਾਫ ਸਖ਼ਤ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ ਹੈ।
ਇਸ ਬਾਰੇ ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਅਕਾਲੀ ਦਲ ਦੇ ਮੀਤ ਪ੍ਰਧਾਨ ਸਰਦਾਰ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਗੁਰੂ ਸਾਹਿਬ ਦਾ ਮਜ਼ਾਕ ਉਡਾਉਣ ਲਈ ਰੰਧਾਵਾ ਖ਼ਿਲਾਫ ਭਾਰਤੀ ਦੰਡ ਧਾਰਾ 295 ਤਹਿਤ ਕੇਸ ਦਰਜ ਕਰਨਾ ਚਾਹੀਦਾ ਹੈ ਅਤੇ ਸੂਬਾ ਸਰਕਾਰ ਨੂੰ ਤੁਰੰਤ ਰੰਧਾਵਾ ਨੂੰ ਕੈਬਨਿਟ ਮੰਤਰੀ ਦੇ ਅਹੁਦੇ ਤੋਂ ਬਰਖਾਸਤ ਕਰ ਦੇਣਾ ਚਾਹੀਦਾ ਹੈ ਅਤੇ ਨਾਲ ਹੀ ਕਾਂਗਰਸ ਪਾਰਟੀ ਨੂੰ ਆਪਣੇ ਸੀਨੀਅਰ ਪਾਰਟੀ ਮੈਂਬਰ ਵੱਲੋਂ ਕੀਤੀ ਇੰਨੀ ਵੱਡੀ ਬੇਅਦਬੀ ਲਈ ਸਮੁੱਚੀ ਸਿੱਖ ਸੰਗਤ ਕੋਲੋਂ ਮੁਆਫੀ ਮੰਗਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਇਸ ਪਾਸੇ ਅਸੀਂ ਗੁਰੂ ਸਾਹਿਬ ਦਾ 550ਵਾਂ ਪਰਕਾਸ਼ ਪੁਰਬ ਮਨਾ ਰਹੇ ਹਾਂ ਅਤੇ ਦੂਜੇ ਪਾਸੇ ਮੰਤਰੀਆਂ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਮਜ਼ਾਕ ਉਡਾ ਕੇ ਉਹਨਾਂ ਦਾ ਨਿਰਾਦਰ ਕੀਤਾ ਜਾ ਰਿਹਾ ਹੈ।
ਅਕਾਲੀ ਆਗੂ ਨੇ ਸੂਬਾ ਸਰਕਾਰ ਦੀ ਆਲੋਚਨਾ ਕਰਦਿਆਂ ਕਿਹਾ ਕਿ ਜਦੋਂ ਇਸਾਈ ਭਾਈਚਾਰੇ ਨੇ ਅਜਨਾਲਾ ਵਿਚ ਹੋਈ ਬੇਅਦਬੀ ਦੀ ਸ਼ਿਕਾਇਤ ਕੀਤੀ ਸੀ ਤਾਂ ਤੁਰੰਤ ਕੇਸ ਦਰਜ ਹੋ ਗਿਆ ਸੀ।ਪਰੰਤੂ ਇਸ ਮਾਮਲੇ ਵਿਚ ਜਾਣਬੁੱਝ ਕੇ ਕਾਂਗਰਸੀ ਮੰਤਰੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਦਕਿ ਉਸ ਖ਼ਿਲਾਫ ਕੇਸ ਦਰਜ ਕਰਨ ਵਾਸਤੇ ਲੋੜੀਂਦਾ ਸਬੂਤ ਮੌਜੂਦ ਹੈ। ਸਰਦਾਰ ਗਰੇਵਾਲ ਨੇ ਕਿਹਾ ਕਿ ਰੰਧਾਵਾ ਵੱਲੋਂ ਦਿੱਤੇ ਬਿਆਨ ਕਿ ਇਹ ਵੀਡਿਓ ਉਸ ਨੂੰ ਫਸਾਉਣ ਲਈ ਝੂਠੀ ਬਣਾਈ ਗਈ ਹੈ, ਦੀ ਜਾਂਚ ਕੀਤੀ ਜਾ ਸਕਦੀ ਹੈ। ਇਹ ਜਾਂਚ ਹੋਣੀ ਚਾਹੀਦੀ ਹੈ। ਹੈਦਰਾਬਾਦ ਦੀ ਲੈਬੋਰੇਟਰੀ ਇਸ ਦੀ ਜਾਂਚ ਕਰ ਸਕਦੀ ਹੈ ਇਹ ਆਵਾਜ਼ ਰੰਧਾਵਾ ਦੀ ਹੈ ਜਾਂ ਨਹੀਂ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੂੰ ਤੁਰੰਤ ਰੰਧਾਵਾ ਖ਼ਿਲਾਫ ਕੇਸ ਦਰਜ ਕਰਨ ਅਤੇ ਇਸ ਦੀ ਨਿਰਪੱਖ ਜਾਂਚ ਦਾ ਆਦੇਸ਼ ਦੇਣਾ ਚਾਹੀਦਾ ਹੈ ਤਾਂ ਹੀ ਕਿ ਸੀਨੀਅਰ ਮੰਤਰੀ ਵੱਲੋਂ ਕੀਤੀ ਬੇਅਦਬੀ ਸਦਕਾ ਭੜਕਿਆ ਸਿੱਖ ਸੰਗਤ ਦਾ ਗੁੱਸਾ ਕੁੱਝ ਠੰਡਾ ਹੋ ਸਕੇ।
ਸਰਦਾਰ ਗਰੇਵਾਲ ਨੇ ਕਿਹਾ ਕਿ ਕਾਂਗਰਸ ਸਰਕਾਰ ਸਿੱਖਾਂ ਦੀਆਂ ਭਾਵਨਾਵਾਂ ਦੀ ਰਾਖੀ ਕਰਨ ਵਿਚ ਬੁਰੀ ਤਰ੍ਹਾਂ ਨਾਕਾਮ ਹੋ ਚੁੱਕੀ ਹੈ। ਇਸ ਮਾਮਲੇ ਵਿਚ ਤੁਰੰਤ ਇਨਸਾਫ ਹੋਣਾ ਚਾਹੀਦਾ ਹੈ, ਕਿਉਂਕਿ ਗੁਰੂ ਨਾਨਕ ਨਾਮ ਲੇਵਾ ਸੰਗਤ ਚਾਹੁੰਦੀ ਹੈ ਕਿ ਉਹਨਾਂ ਦੇ ਸਤਿਕਾਰਯੋਗ ਗੁਰੂ ਸਾਹਿਬ ਦਾ ਮਜ਼ਾਕ ਉਡਾਉਣ ਵਾਲੇ ਦੋਸ਼ੀ ਨੂੰ ਤੁਰੰਤ ਸਜ਼ਾ ਮਿਲਣੀ ਚਾਹੀਦੀ ਹੈ।
ਅਕਾਲੀ ਆਗੂ ਨੇ ਕਿਹਾ ਕਿ ਅਕਾਲੀ ਦਲ ਮੁੱਖ ਮੰਤਰੀ ਕੋਲੋਂ ਸੁਖਜਿੰਦਰ ਰੰਧਾਵਾ ਦੀ ਤੁਰੰਤ ਬਰਖਾਸਤਗੀ ਅਤੇ ਪੁਲਿਸ ਕੋਲੋਂ ਸਮੁੱਚੇ ਮਾਮਲੇ ਦੀ ਨਿਰਪੱਖ ਜਾਂਚ ਕਰਵਾਉਣ ਦੀ ਮੰਗ ਕਰਦਾ ਹੈ। ਉਹਨਾਂ ਕਿਹਾ ਕਿ ਰੰਧਾਵਾ ਆਪਣੇ ਖਿਲਾਫ ਜਾਂਚ ਨੂੰ ਪ੍ਰਭਾਵਿਤ ਕਰਨ ਲਈ ਆਪਣੇ ਅਹੁਦੇ ਦੀ ਦੁਰਵਰਤੋਂ ਕਰ ਸਕਦਾ ਹੈ। ਉਸ ਵੱਲੋਂ ਵੀਡਿਓ ਨੂੰ ਝੂਠਾ ਕਰਾਰ ਦੇਣਾ ਵੀ ਬੇਅਦਬੀ ਦੇ ਇਸ ਸੰਗੀਨ ਅਪਰਾਧ ਤੋਂ ਬਚਣ ਦੀ ਇੱਕ ਚਾਲ ਹੈ।

ਨਾਗਰਿਕਤਾ ਸੋਧ ਐਕਟ ਪੰਜਾਬ ਵਿੱਚ ਲਾਗੂ ਨਹੀਂ ਕਰਾਂਗੇ, ਇਸ ਵਿਰੁੱਧ ਡਟ ਕੇ ਲੜਾਂਗੇ-ਕੈਪਟਨ ਅਮਰਿੰਦਰ ਸਿੰਘ

ਸਮੂਹ ਦੇਸ਼ ਵਾਸੀਆਂ ਨੂੰ ਘਾਤਕ ਕਾਨੂੰਨ ਵਿਰੁੱਧ ਇੱਕਜੁਟ ਹੋਣ ਦਾ ਸੱਦਾ

ਲੁਧਿਆਣਾ ਵਿੱਚ ਪੰਜਾਬ ਕਾਂਗਰਸ ਵੱਲੋਂ ਐਕਟ ਵਿਰੁੱਧ ਰੋਸ ਪ੍ਰਦਰਸ਼ਨ

ਐਨ.ਡੀ.ਏ. ਖੁਦ 'ਟੁਕੜੇ-ਟੁਕੜੇ' ਸਰਕਾਰ ਹੈ ਜੋ ਮੁਲਕ ਨੂੰ ਵੰਡਣ 'ਤੇ ਤੁਲੀ ਹੁਈ ਹੈ-ਜਾਖੜ

ਸੀ.ਏ.ਏ. ਨੂੰ ਕਾਲਾ ਕਾਨੂੰਨ -ਰਵਨੀਤ ਸਿੰਘ ਬਿੱਟੂ​
ਲੁਧਿਆਣਾ, ਦਸੰਬਰ 2019- ( ਇਕਬਾਲ ਸਿੰਘ ਰਸੂਲਪੁਰ/ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਸੰਵਿਧਾਨ ਦੀ ਪ੍ਰਸਤਾਵਨਾ ਬਦਲਣ ਦੇ ਕੀਤੇ ਜਾ ਰਹੇ ਯਤਨਾਂ ਲਈ ਭਾਰਤੀ ਜਨਤਾ ਪਾਰਟੀ 'ਤੇ ਵਰ੍ਹਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਘਾਤਕ ਨਾਗਰਿਕਤਾ ਸੋਧ ਐਕਟ (ਸੀ.ਏ.ਏ.) ਰਾਹੀਂ ਮੁਲਕ ਦੇ ਧਰਮ ਨਿਰਪੱਖ ਤਾਣੇ-ਬਾਣੇ ਨੂੰ ਤਬਾਹ ਕਰਨ ਲਈ ਭਾਜਪਾ ਦੀਆਂ ਫੁੱਟਪਾਊ ਅਤੇ ਘਾਤਕ ਕੋਸ਼ਿਸ਼ਾਂ ਵਿਰੁੱਧ ਸਮੁੱਚੇ ਦੇਸ਼ ਵਾਸੀਆਂ ਨੂੰ ਇੱਕਜੁੱਟ ਹੋਣ ਦਾ ਸੱਦਾ ਦਿੱਤਾ ਹੈ। ਰੋਸ ਮਾਰਚ ਤੇ ਧਰਨੇ ਦੌਰਾਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਨੇਤਾਵਾਂ ਤੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕੀਤਾ ਕਿ ਉਨ੍ਹਾਂ ਦੀ ਸਰਕਾਰ ਇਸ ਐਕਟ ਨੂੰ ਪੰਜਾਬ ਵਿੱਚ ਲਾਗੂ ਕਰਨ ਦੀ ਹਰਗਿਜ਼ ਇਜਾਜ਼ਤ ਨਹੀਂ ਦੇਵੇਗੀ ਅਤੇ ਕਾਂਗਰਸ ਪਾਰਟੀ ਇਸ ਵਿਰੁੱਧ ਜੀਅ-ਜਾਨ ਨਾਲ ਆਪਣੀ ਲੜਾਈ ਜਾਰੀ ਰੱਖੇਗੀ। ਇਸ ਮੌਕੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਆਸ਼ਾ ਕੁਮਾਰੀ, ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਤੋਂ ਇਲਾਵਾ ਸੰਸਦ ਮੈਂਬਰ ਪਰਨੀਤ ਕੌਰ, ਕੈਬਨਿਟ ਮੰਤਰੀ ਮਨਪ੍ਰੀਤ ਸਿੰਘ ਬਾਦਲ, ਗੁਰਪ੍ਰੀਤ ਸਿੰਘ ਕਾਂਗੜ, ਭਾਰਤ ਭੂਸ਼ਣ ਆਸ਼ੂ, ਸਾਧੂ ਸਿੰਘ ਧਰਮਸੋਤ, ਬਲਬੀਰ ਸਿੰਘ ਸਿੱਧੂ ਅਤੇ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਸਮੇਤ ਵੱਡੀ ਗਿਣਤੀ ਵਿੱਚ ਪਾਰਟੀ ਵਿਧਾਇਕ ਵੀ ਹਾਜ਼ਰ ਸਨ। ਮੁੱਖ ਮੰਤਰੀ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਭਾਜਪਾ ਆਪਣੀਆਂ ਇਨ੍ਹਾਂ ਕੋਝੀਆਂ ਚਾਲਾਂ ਵਿੱਚ ਕਾਮਯਾਬ ਨਹੀਂ ਹੋ ਸਕਦੀ ਅਤੇ ਪੰਜਾਬ ਸਮੇਤ 16 ਸੂਬਿਆਂ ਵਿੱਚ ਇਸ ਘਿਨਾਉਣੇ ਐਕਟ ਖ਼ਿਲਾਫ਼ ਰੋਸ ਪ੍ਰਦਰਸ਼ਨ ਹੋ ਰਹੇ ਹਨ। ਸੰਵਿਧਾਨ ਦੀ ਪ੍ਰਸਤਾਵਨਾ ਪੜ੍ਹਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਸਾਡੇ ਭਾਰਤ ਦੀ ਨੀਂਹ ਦਾ ਮੂਲ ਆਧਾਰ ਹੈ ਜਿਸ ਨਾਲ ਕੋਈ ਵੀ ਛੇੜਛਾੜ ਨਹੀਂ ਕਰ ਸਕਦਾ। ਉਨ੍ਹਾਂ ਕਿਹਾ ਕਿ ਸਮੇਂ-ਸਮੇਂ 'ਤੇ ਸੰਵਿਧਾਨ ਦੀਆਂ ਧਾਰਾਵਾਂ ਵਿੱਚ ਸੋਧ ਸਿਰਫ਼ ਭਾਰਤ ਵਿੱਚ ਹੀ ਨਹੀਂ ਕੀਤੀ ਜਾਂਦੀ ਸਗੋਂ ਅਜਿਹਾ ਵਰਤਾਰਾ ਦੁਨੀਆਂ ਭਰ ਵਿੱਚ ਵਾਪਰਦਾ ਹੈ ਪਰ ਸੰਵਿਧਾਨ ਦੇ ਬੁਨਿਆਦੀ ਢਾਂਚੇ ਨੂੰ ਵਿਗਾੜੇ ਜਾਣ ਨੂੰ ਸਹਿਣ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਇੱਥੋਂ ਤੱਕ ਕਿ ਸੰਯੁਕਤ ਰਾਸ਼ਟਰ ਨੇ ਵੀ ਸੀ.ਏ.ਏ. ਨੂੰ ਪੱਖਪਾਤੀ ਕਦਮ ਕਰਾਰ ਦਿੱਤਾ ਹੈ। ਉੱਤਰ ਪ੍ਰਦੇਸ਼ ਵਿੱਚ ਕਾਂਗਰਸ ਦੀ ਕੌਮੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨਾਲ ਦੁਰਵਿਹਾਰ ਕੀਤੇ ਜਾਣ ਦਾ ਜ਼ਿਕਰ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉੱਥੋਂ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੀ ਸੂਚਨਾ ਤੋਂ ਬਿਨਾਂ ਪੁਲਿਸ ਅਜਿਹਾ ਰਵੱਈਆ ਨਹੀਂ ਅਪਨਾ ਸਕਦੀ। ਉਨ੍ਹਾਂ ਨੇ ਯੋਗੀ ਆਦਿਤਿਆਨਾਥ ਨੂੰ ਕਿਹਾ,'' ਅਜਿਹੇ ਕੰਮ ਕਰਦਿਆਂ ਤੁਹਾਨੂੰ ਸ਼ਰਮ ਨਹੀਂ ਆਉਂਦੀ।'' ਉਨ੍ਹਾਂ ਨੇ ਚਿਤਾਵਨੀ ਦਿੱਤੀ ਕਿ ਕਾਂਗਰਸ ਕਦੇ ਵੀ ਇਸ ਘਟਨਾ ਨੂੰ ਭੁੱਲੇਗੀ ਨਹੀਂ ਅਤੇ ਇਕ ਦਿਨ ਲੋਕਾਂ ਦਾ ਸਮਾਂ ਜ਼ਰੂਰ ਆਵੇਗਾ। ਐਮ.ਆਈ.ਟੀ. ਦੇ ਵਿਦਿਆਰਥੀਆਂ ਵੱਲੋਂ ਸੀ.ਏ.ਏ. ਵਿਰੁੱਧ ਮਤਾ ਪਾਸ ਕੀਤੇ ਜਾਣ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਕਾਨੂੰਨ ਦੇ ਦੂਰਗਾਮੀ ਸਿੱਟਿਆਂ ਬਾਰੇ ਪੂਰਾ ਵਿਸ਼ਵ ਚਿੰਤਾ ਵਿੱਚ ਡੁੱਬਿਆ ਹੋਇਆ ਹੈ ਜਦਕਿ ਦਿੱਲੀ ਵਿੱਚ ਬੈਠੀ ਸੱਤਾ ਧਿਰ ਨੇ ਅੜੀਅਲ ਰਵੱਈਆ ਅਖਤਿਆਰ ਕੀਤਾ ਹੋਇਆ ਹੈ ਜੋ ਮੁਲਕ ਦੀ ਆਵਾਜ਼ ਸੁਣਨ ਤੋਂ ਵੀ ਇਨਕਾਰੀ ਹੋਈ ਪਈ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਧਰਮਨਿਰਪੇਖਤਾ ਦਾ ਸੰਦੇਸ਼ ਦਿੱਤਾ ਅਤੇ 'ਨਾ ਕੋ ਹਿੰਦੂ ਨਾ ਮੁਸਲਮਾਨ' ਦੀ ਸਿੱਖਿਆ ਰਾਹੀਂ ਸਮੁੱਚੀ ਮਨੁੱਖਤਾ ਨੂੰ ਪਰਮਾਤਮਾ ਦੀ ਲੋਕਾਈ ਦੱਸਿਆ। ਮੁੱਖ ਮੰਤਰੀ ਨੇ ਆਖਿਆ ਕਿ ਪੰਜਾਬ ਦੇ ਅਰਥਚਾਰੇ ਦੀ ਨਗਰੀ ਵਜੋਂ ਜਾਣੇ ਜਾਂਦੇ ਲੁਧਿਆਣਾ ਸ਼ਹਿਰ ਵਿੱਚ ਅੱਜ ਹੋਏ ਇਸ ਰੋਸ ਮਾਰਚ ਨਾਲ ਮੁਲਕ ਭਰ ਵਿੱਚ ਨਾਗਰਿਕਤਾ ਸੋਧ ਐਕਟ ਵਿਰੁੱਧ ਸਪੱਸ਼ਟ ਸੁਨੇਹਾ ਜਾਏਗਾ। ਇਸ ਤੋਂ ਬਾਅਦ ਪੱਤਰਕਾਰਾਂ ਨਾਲ ਗੈਰ-ਰਸਮੀ ਗੱਲਬਾਤ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਦੁਹਰਾਇਆ ਕਿ ਉਨ੍ਹਾਂ ਦੀ ਸਰਕਾਰ ਭਾਰਤ ਦੇ ਧਰਮਨਿਰਪੱਖ ਚਰਿੱਤਰ ਨੂੰ ਢਾਹ ਲਾਉਣ ਅਤੇ ਸੰਵਿਧਾਨ ਦੀ ਪ੍ਰਸਤਾਵਨਾ ਬਦਲਣ ਸਬੰਧੀ ਕੇਂਦਰ ਸਰਕਾਰ ਦੀ ਹਰ ਕੋਸ਼ਿਸ਼ ਦੀ ਜ਼ੋਰਦਾਰ ਮੁਖਾਲਫਤ ਜਾਰੀ ਰੱਖੇਗੀ। ਯੂ.ਪੀ. ਪੁਲਿਸ ਵੱਲੋਂ ਪ੍ਰਿਯੰਕਾ ਗਾਂਧੀ ਨਾਲ ਦੁਰਵਿਹਾਰ ਕਰਨ ਦੇ ਮੁੱਦੇ 'ਤੇ ਮੁੱਖ ਮੰਤਰੀ ਨੇ ਇਸ ਘਟਨਾ ਨੂੰ ਸ਼ਰਮਨਾਕ ਦੱਸਿਆ। ਮੁੱਖ ਮੰਤਰੀ ਨੇ ਕਿਹਾ ਕਿ ਇਹ ਬਹੁਤ ਸ਼ਰਮ ਵਾਲੀ ਗੱਲ ਹੈ ਕਿ ਇੱਕ ਪਾਸੇ ਵਿਸ਼ਵ ਭਰ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ ਜਦਕਿ ਦੂਜੇ ਪਾਸੇ ਗੁਰੂ ਸਾਹਿਬ ਜੀ ਦੀ ਧਰਮ ਨਿਰਪੱਖ ਵਿਚਾਰਧਾਰਾ 'ਤੇ ਹਮਲਾ ਕੀਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਪਾਰਟੀ ਦੇ ਸੀਨੀਅਰ ਨੇਤਾ ਅਤੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਦੱਖਣੀ ਅਫਰੀਕਾ ਵਿੱਚ ਮਹਾਤਮਾ ਗਾਂਧੀ ਨੂੰ ਰੇਲ ਵਿੱਚੋਂ ਲਾਹ ਦੇਣ ਦੀ ਘਟਨਾ ਨੂੰ ਚੇਤੇ ਕਰਦਿਆਂ ਆਖਿਆ ਕਿ ਇਸ ਨੇ ਗਾਂਧੀ ਨੂੰ ਹਲੂਣ ਕੇ ਰੱਖ ਦਿੱਤਾ ਅਤੇ ਉਨ੍ਹਾਂ ਨੇ ਗੋਰੇ ਅਧਿਕਾਰੀਆਂ ਨੂੰ ਵੰਗਾਰਿਆ ਕਿ ਉਹ ਉਨ੍ਹਾਂ ਨੂੰ ਆਪਣੇ ਮੁਲਕ ਵਿੱਚੋਂ ਬਾਹਰ ਕੱਢ ਦੇਣਗੇ। ਮੌਜੂਦਾ ਸਥਿਤੀ ਨੂੰ ਉਸ ਘਟਨਾ ਨਾਲ ਜੋੜਦਿਆਂ ਕਿ ਜੇਕਰ ਮੋਦੀ, ਮੁਲਕ ਦੇ ਕੁਝ ਭਾਰਤੀਆਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰਨਗੇ ਤਾਂ ਕਾਂਗਰਸ ਪਾਰਟੀ ਮੋਦੀ ਨੂੰ ਭਾਰਤ ਵਿੱਚੋਂ ਬਾਹਰ ਕੱਢ ਦੇਵੇਗੀ। ਉਨ੍ਹਾਂ ਕਿਹਾ ਕਿ ਬੀਤੀਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਨੂੰ ਸਿਰਫ 39 ਫੀਸਦੀ ਵੋਟਾਂ ਮਿਲਿਆਂ ਹਨ ਜਦਕਿ ਬਾਕੀ 61 ਫੀਸਦੀ ਲੋਕਾਂ ਨੇ ਵਿਰੋਧੀ ਧਿਰਾਂ ਦਾ ਸਮਰਥਨ ਕੀਤਾ ਜਿਸ ਕਰਕੇ ਮੋਦੀ ਸਰਕਾਰ ਅਜਿਹੇ ਕਾਲੇ ਕਾਨੂੰਨਾਂ ਨੂੰ ਲਾਗੂ ਨਹੀਂ ਕਰ ਸਕੇਗੀ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਦਿੱਲੀ ਵਿੱਚ ਕਾਲੇ ਅੰਗਰੇਜ਼ ਬੈਠੇ ਹੋਏ ਹਨ ਜੋ ਉਹ ਏਜੰਡਾ ਲਾਗੂ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਜਿਸ ਨੂੰ ਆਜ਼ਾਦੀ ਤੋਂ ਪਹਿਲਾਂ ਲਾਗੂ ਕਰਨ ਲਈ ਗੋਰਿਆਂ ਨੂੰ ਵੀ ਮੂੰਹ ਦੀ ਖਾਣੀ ਪਈ ਸੀ। ਵਿਦਿਆਰਥੀਆਂ ਦੀ ਅਗਵਾਈ 'ਚ ਮੁਲਕ ਭਰ ਵਿੱਚ ਫੈਲੇ ਸੀ.ਏ.ਏ. ਵਿਰੋਧੀ ਪ੍ਰਦਰਸ਼ਨਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਲੋਕਾਂ ਨੇ ਨੋਟਬੰਦੀ ਅਤੇ ਜੀ.ਐਸ.ਟੀ. ਲਾਗੂ ਕਰਨ ਮੌਕੇ ਸਹਿਣਸ਼ੀਲਤਾ ਵਿਖਾਈ ਪਰ ਉਨ੍ਹਾਂ ਨੇ ਆਪਣਾ ਸਾਰਾ ਸਬਰ ਨਹੀਂ ਗੁਆਇਆ। ਜਾਖੜ ਨੇ ਐਨ.ਡੀ.ਏ. ਸਰਕਾਰ ਦੀ ਧੱਕੇਸ਼ਾਹੀ ਦੀ ਸਖ਼ਤ ਨਿਖੇਧੀ ਕਰਦਿਆਂ ਤਾੜਨਾ ਕੀਤੀ ਕਿ ਕੇਂਦਰ ਸਰਕਾਰ ਦੀਆਂ ਇਨ੍ਹਾਂ ਕਾਰਵਾਈਆਂ ਦੇ ਮਾਰੂ ਪ੍ਰਭਾਵ ਤੋਂ ਕੋਈ ਵੀ ਨਾਗਰਿਕ ਨਹੀਂ ਬਚੇਗਾ। ਭਾਜਪਾ ਲੀਡਰਸ਼ਿਪ ਦੇ 'ਟੁਕੜੇ-ਟੁਕੜੇ ਗੈਂਗ' ਦੇ ਬਿਆਨ 'ਤੇ ਚੁਟਕੀ ਲੈਂਦਿਆਂ ਸ੍ਰੀ ਜਾਖੜ ਨੇ ਆਖਿਆ ਕਿ ਐਨ.ਡੀ.ਏ. ਖੁਦ 'ਟੁਕੜੇ-ਟੁਕੜੇ' ਸਰਕਾਰ ਹੈ ਜੋ ਮੁਲਕ ਨੂੰ ਵੰਡਣ 'ਤੇ ਤੁਲੀ ਹੁਈ ਹੈ। ਲੁਧਿਆਣਾ ਤੋਂ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਸੀ.ਏ.ਏ. ਨੂੰ ਕਾਲਾ ਕਾਨੂੰਨ ਦੱਸਿਆ ਜੋ ਬਹੁਤੇ ਸੂਬਿਆਂ ਵਿੱਚ ਲਾਗੂ ਨਹੀਂ ਹੋਵੇਗਾ ਕਿਉਂਕਿ 70 ਫੀਸਦੀ ਮੁੱਖ ਮੰਤਰੀ ਹੁਣ ਕਾਂਗਰਸ ਅਤੇ ਹੋਰ ਵਿਰੋਧੀ ਪਾਰਟੀਆਂ ਤੋਂ ਹਨ ਅਤੇ ਇਹ ਤੱਥ ਭਾਜਪਾ ਦੇ ਡਿੱਗ ਰਹੇ ਵੱਕਾਰ ਵੱਲ ਵੀ ਸਪੱਸ਼ਟ ਇਸ਼ਾਰਾ ਕਰਦੇ ਹਨ। ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਰੋਸ ਮਾਰਚ ਵਿੱਚ ਸ਼ਮੂਲੀਅਤ ਕੀਤੀ ਜੋ ਦਰੇਸੀ ਗਰਾਊਂਡ ਤੋਂ ਸ਼ੁਰੂ ਹੋ ਕੇ ਮਾਤਾ ਰਾਣੀ ਚੌਕ ਵਿੱਚ ਮਹਾਤਮਾ ਗਾਂਧੀ ਦੇ ਬੁੱਤ ਕੋਲ ਸਮਾਪਤ ਹੋਇਆ। ਇਸ ਮੌਕੇ ਹੋਰਨਾ ਤੋਂ ਇਲਾਵਾ ਕੈਬਨਿਟ ਮੰਤਰੀ ਓ.ਪੀ.ਸੋਨੀ, ਸ਼੍ਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਸੁੰਦਰ ਸ਼ਾਮ ਅਰੋੜਾ ਅਤੇ ਵਿਧਾਇਕ ਰਾਣਾ ਗੁਰਜੀਤ ਸਿੰਘ, ਰਾਕੇਸ਼ ਪਾਂਡੇ, ਅਮਰੀਕ ਸਿੰਘ ਢਿੱਲੋਂ, ਸ਼੍ਰੀ ਸੁਰਿੰਦਰ ਡਾਵਰ, ਪ੍ਰਗਟ ਸਿੰਘ, ਕੁਲਬੀਰ ਸਿੰਘ ਜ਼ੀਰਾ, ਲਖਬੀਰ ਸਿੰਘ ਲੱਖਾ, ਗੁਰਕੀਰਤ ਸਿੰਘ ਕੋਟਲੀ, ਅਮਰਿੰਦਰ ਸਿੰਘ ਰਾਜਾ ਵੜਿੰਗ, ਕੁਲਦੀਪ ਸਿੰਘ ਵੈਦ, ਗੁਰਪ੍ਰੀਤ ਸਿੰਘ ਜੀ.ਪੀ., ਹਰਦੇਵ ਸਿੰਘ ਲਾਡੀ, ਚੇਅਰਮੈਨ ਪੰਜਾਬ ਵੇਅਰ ਹਾਊਸਿੰਗ ਕਾਰਪੋਰੇਸ਼ਨ ਡਾ.ਰਾਜ ਕੁਮਾਰ ਵੇਰਕਾ, ਸ੍ਰ. ਅਮਰਜੀਤ ਸਿੰਘ ਟਿੱਕਾ, ਪਵਨ ਦੀਵਾਨ, ਜ਼ਿਲਾ ਪ੍ਰਧਾਨ ਅਸ਼ਵਨੀ ਸ਼ਰਮਾ, ਚੇਅਰਮੈਨ ਪੀ.ਆਰ.ਟੀ.ਸੀ. ਕੇ.ਕੇ. ਸ਼ਰਮਾ ਅਤੇ ਸ੍ਰ. ਗੁਰਸਿਮਰਨ ਸਿੰਘ ਮੰਡ ਹਾਜ਼ਰ ਸਨ।

ਮਲਕੀਤ ਸਿੰਘ ਦਾਖਾ ਨੇ ਜ਼ਿਲਾ ਯੋਜਨਾ ਬੋਰਡ ਦੇ ਚੇਅਰਮੈਨ ਵਜੋਂ ਅਹੁਦਾ ਸੰਭਾਲਿਆ

ਜਗਰਾਓਂ/ਲੁਧਿਆਣਾ,ਦਸੰਬਰ  2019-(ਜਸਮੇਲ ਗਾਲਿਬ/ ਮਨਜਿੰਦਰ ਗਿੱਲ )-
ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ ਨੇ ਅੱਜ ਸਥਾਨਕ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਜ਼ਿਲਾ ਯੋਜਨਾ ਬੋਰਡ ਦੇ ਚੇਅਰਮੈਨ ਵਜੋਂ ਅਹੁਦਾ ਸੰਭਾਲ ਲਿਆ। ਇਸ ਮੌਕੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ, ਲੋਕ ਸਭਾ ਮੈਂਬਰ ਮੁਹੰਮਦ ਸਦੀਕ, ਅਮਰੀਕ ਸਿੰਘ ਢਿੱਲੋਂ, ਰਾਣਾ ਗੁਰਜੀਤ ਸਿੰਘ, ਗੁਰਕੀਰਤ ਸਿੰਘ ਕੋਟਲੀ, ਕੁਲਦੀਪ ਸਿੰਘ ਵੈਦ, ਲਖਬੀਰ ਸਿੰਘ ਲੱਖਾ (ਸਾਰੇ ਵਿਧਾਇਕ), ਮੁੱਖ ਮੰਤਰੀ ਦੇ ਰਾਜਸੀ ਸਕੱਤਰ ਕੈਪਟਨ ਸੰਦੀਪ ਸੰਧੂ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਸ੍ਰੀ ਰਮਨ ਬਾਲਾਸੁਬਰਾਮਨੀਅਮ, ਚੇਅਰਮੈਨ ਸ੍ਰੀ ਪਵਨ ਦੀਵਾਨ, ਚੇਅਰਮੈਨ ਸ੍ਰੀ ਕੇ. ਕੇ. ਬਾਵਾ, ਚੇਅਰਮੈਨ ਅਮਰਜੀਤ ਸਿੰਘ ਟਿੱਕਾ, ਡਾ. ਤੇਜਿੰਦਰ ਸਿੰਘ, ਮੇਜਰ ਸਿੰਘ ਭੈਣੀ, ਪ੍ਰੋਫੈਸਰ ਗੁਰਭਜਨ ਸਿੰਘ ਗਿੱਲ, ਟੀ. ਪੀ. ਐੱਸ. ਸੰਧੂ ਅਤੇ ਹੋਰ ਹਾਜ਼ਰ ਸਨ। ਇਸ ਮੌਕੇ ਗੱਲਬਾਤ ਕਰਦਿਆਂ ਦਾਖਾ ਨੇ ਕਿਹਾ ਉਹ ਆਪਣੀ ਇਹ ਨਵੀਂ ਡਿਊਟੀ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣਗੇ। ਉਨਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਦਾ ਤਹਿ ਦਿਲੋਂ ਧੰਨਵਾਦ ਕੀਤਾ, ਜਿਨਾਂ ਨੇ ਉਨਾਂ ਵਿੱਚ ਇਹ ਭਰੋਸਾ ਪ੍ਰਗਟ ਕੀਤਾ ਹੈ। ਉਨਾਂ ਕਿਹਾ ਕਿ ਜ਼ਿਲਾ ਯੋਜਨਾ ਬੋਰਡ ਵੱਲੋਂ ਜ਼ਿਲਾ ਲੁਧਿਆਣਾ ਦਾ ਯੋਜਨਾਬੱਧ ਤਰੀਕੇ ਨਾਲ ਵਿਕਾਸ ਕਰਾਉਣ ਵਿੱਚ ਕੋਈ ਵੀ ਕਸਰ ਬਾਕੀ ਨਹੀਂ ਛੱਡੀ ਜਾਵੇਗੀ।

29 ਦਸੰਬਰ 2019 - ਐਤਵਾਰ ਦੇ ਅਖਬਾਰਾਂ ਦੀਆਂ ਸੁਰਖੀਆਂ- Video

ਜਗਰਾਓਂ/ਲੁਧਿਆਣਾ, 29 ਦਸੰਬਰ 2019- 

 ਅਖ਼ਬਾਰਾਂ ਦੀਆਂ ਸੁਰਖੀਆਂ ਪ੍ਰੋਗਰਾਮ ਲੈਕੇ ਜਰਨਲਿਸਟ ਇਕਬਾਲ ਸਿੰਘ ਰਸੂਲਪੁਰ ਅਤੇ ਡਾ ਬਲਦੇਵ ਸਿੰਘ ਚਲੰਤ ਮਾਮਲਿਆਂ ਦੇ ਮਾਹਰ ਸਾਬਕਾ ਡਾਰਿਕਟਰ ਸਿਖਿਆ ਵਿਭਾਗ ਪੰਜਾਬ ਸਰਕਾਰ ਹਾਜਰ ਹਨ ਆਓ ਸੁਣੀਏ ਗੱਲਬਾਤ ਕਰੋ ਲਿੰਕ ਤੇ ਕਲਿੱਕ....

ਐਤਵਾਰ ਦੇ ਅਖਬਾਰਾਂ ਦੀਆਂ ਸੁਰਖੀਆਂ

ਸਲੇਮਪੁਰੀ ਦੀ ਚੂੰਢੀ - ਪੰਜਾਬ ਕੇਸਰੀ ਦਾ ਕੌੜਾ ਸੱਚ! 

ਭਾਰਤੀ ਸੰਵਿਧਾਨ ਦੀ ਥਾਂ 'ਬ੍ਰਾਹਮਣਵਾਦੀ ਵਿਚਾਰਧਾਰਾ ' ਤਹਿਤ ਦੇਸ਼ ਨੂੰ ਚਲਾਉਣ ਦੀ ਅੜੀ ਜਾਰੀ

ਸਲੇਮਪੁਰੀ ਦੀ ਚੂੰਢੀ 

ਪੰਜਾਬ ਕੇਸਰੀ ਦਾ ਕੌੜਾ ਸੱਚ! 

22 ਦਸੰਬਰ 2019 ਨੂੰ ਪ੍ਰਕਾਸ਼ਿਤ ਸੰਪਾਦਕੀ ਵਿੱਚ ਪੰਜਾਬ ਕੇਸਰੀ ਨੇ 'ਬ੍ਰਾਹਮਣਵਾਦੀ ਵਿਚਾਰਧਾਰਾ 'ਦੇ ਸੱਚ ਨੂੰ ਉਜਾਗਰ ਕਰਕੇ ਸਿੱਧ ਕਰ ਦਿੱਤਾ ਕਿ ਜੇ ਭਾਰਤੀ ਸੰਵਿਧਾਨ ਦੀ ਥਾਂ 'ਬ੍ਰਾਹਮਣਵਾਦੀ ਵਿਚਾਰਧਾਰਾ ' ਤਹਿਤ ਦੇਸ਼ ਨੂੰ ਚਲਾਉਣ ਦੀ ਅੜੀ ਜਾਰੀ ਰਹੀ ਤਾਂ ਇਹ ਦੇਸ਼ ਅਤੇ ਦੇਸ਼ ਦੇ ਲੋਕਾਂ ਦੇ ਹਿੱਤ ਵਿੱਚ ਨਹੀਂ ਹੋਵੇਗਾ। ਪੰਜਾਬ ਕੇਸਰੀ ਲਿਖਦਾ ਹੈ ਕਿ ਦੇਸ਼ ਵਿੱਚ ਲਾਗੂ ਕੀਤਾ ਜਾ ਰਿਹਾ ' ਕੌਮੀ ਨਾਗਰਿਕਤਾ ਬਿੱਲ ' ਹਿੰਦੂਆਂ ਅਤੇ ਮੁਸਲਮਾਨਾਂ ਵਿਚਾਲੇ ਬਹੁਤ ਵੱਡੀ ਕੰਧ ਖੜੀ ਕਰ ਦੇਵੇਗਾ, ਜੋ ਦੇਸ਼ ਲਈ ਘਾਤਕ ਸਿੱਧ ਹੋ ਨਿੱਬੜੇਗਾ। ਪੰਜਾਬ ਕੇਸਰੀ ਲਿਖਦਾ ਹੈ ਕਿ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਦਕਰ ਦੁਆਰਾ ਰਚਿਤ ਭਾਰਤੀ ਸੰਵਿਧਾਨ ਦੇ 400 ਤੋਂ ਵੱਧ ਪੰਨੇ ਹਨ, ਪਰ ਕਿਸੇ ਵੀ ਪੰਨੇ 'ਤੇ ਕਿਸੇ ਵੀ ਧਰਮ ਦਾ ਨਾਂ ਅੰਕਿਤ ਨਹੀਂ ਹੈ,ਹਾਂ ਪਿਛਲੇ ਹਜਾਰਾਂ ਸਾਲਾਂ ਤੋਂ ਸਮਾਜਿਕ, ਆਰਥਿਕ ਅਤੇ ਵਿੱਦਿਅਕ ਤੌਰ 'ਤੇ ਪੱਛੜੇ ਅਨੁਸੂਚਿਤ ਅਤੇ ਜਨ-ਜਾਤੀਆਂ ਨੂੰ ਰਾਹਤ ਦਿਵਾਉਣ ਲਈ ਵਿਸ਼ੇਸ਼ ਅੰਕਿਤ ਕੀਤਾ ਹੋਇਆ ਹੈ, ਕਿਉਂਕਿ ਡਾ ਅੰਬੇਦਕਰ ਉਹਨਾ ਨੂੰ ਨਰਕ ਭਰੀ ਜਿੰਦਗੀ ਤੋਂ ਬਾਹਰ ਕੱਢਣਾ ਚਾਹੁੰਦੇ ਸਨ। ਡਾ : ਅੰਬੇਦਕਰ ਜੋ ਸਮਾਜਿਕ, ਆਰਥਿਕ ਅਤੇ ਵਿੱਦਿਅਕ ਵਿਗਿਆਨੀ ਸਨ, ਭਲੀ ਭਾਂਤ ਜਾਣਦੇ ਸਨ ਕਿ ਇੰਨਾ ਲੋਕਾਂ ਦੀ ਜਿੰਦਗੀ ਪਸ਼ੂਆਂ ਵਰਗੀ ਹੋਣ ਦਾ ਕਾਰਨ ਬ੍ਰਾਹਮਣਵਾਦ ਹੈ। ਅਖਬਾਰ ਲਿਖਦਾ ਹੈ ਕਿ ਜਦੋਂ ਅਮਰੀਕਾ ਨੇ ਦੂਸਰੇ ਸੰਸਾਰ ਯੁੱਧ ਵੇਲੇ ਜਪਾਨ ਉਪਰ ਪ੍ਰਮਾਣੂ ਬੰਬ ਸੁੱਟੇ ਤਾਂ ਉਸ ਵੇਲੇ ਦੇ ਬਰਤਾਨੀਆ ਦੇ ਪ੍ਰਧਾਨ ਮੰਤਰੀ ਵਿੰਸਟਨ ਚਰਚਿਲ  ਨੇ ਆਪਣੀ ਪ੍ਰਤੀਕਿਰਿਆ ਪ੍ਰਗਟ ਕਰਦੇ ਹੋਏ ਕਿਹਾ ਸੀ ਕਿ ਸੀ ਕਿ 'ਮੈਂ ਤਾਂ ਅਮਰੀਕਾ ਨੂੰ ਬਹੁਤ ਸਿਆਣਾ ਸਮਝਦਾ ਸੀ, ਪਰ ਉਹ ਤਾਂ ਬਹੁਤ ਨਾਸਮਝਦਾਰ  ਨਿਕਲਿਆ ' । ਬਰਤਾਨਵੀ ਪ੍ਰਧਾਨ ਮੰਤਰੀ ਨੇ ਕਿਹਾ ਕਿ ਜੇਕਰ ਅਮਰੀਕਾ ਜਪਾਨ ਤੋਂ ਬਦਲਾ ਲੈਣ ਲਈ ਉਸ ਨੂੰ ਤਬਾਹ ਕਰਨਾ ਚਾਹੁੰਦਾ ਸੀ ਤਾਂ ਬੰਬ ਨਹੀਂ ਸੁੱਟਣੇ ਚਾਹੀਦੇ ਸੀ, ਸਗੋਂ ਭਾਰਤ ਤੋਂ ਚਾਰ ਬ੍ਰਾਹਮਣ ਲਿਜਾਕੇ ਉਥੇ ਛੱਡ ਆਉਣੇ ਚਾਹੀਦੇ ਸਨ, ਜਪਾਨ ਆਪਣੇ ਆਪ ਤਬਾਹ ਹੋ ਜਾਣਾ ਸੀ । ' ਬਰਤਾਨਵੀ ਪ੍ਰਧਾਨ ਮੰਤਰੀ ਨੇ ਦਿਲ ਦੀ ਗੱਲ ਕਰਦਿਆਂ ਦੱਸਿਆ ਕਿ ਜੇਕਰ ਬਰਤਾਨੀਆ ਨੇ ਭਾਰਤ ਉਪਰ 200 ਸਾਲ ਤੱਕ ਰਾਜ ਕੀਤਾ ਹੈ ਤਾਂ ਦੇਸ਼ ਵਿੱਚ ਲਾਗੂ ਬ੍ਰਾਹਮਣਵਾਦੀ ਵਿਚਾਰਧਾਰਾ ਕਰਕੇ ਹੀ ਕੀਤਾ ਹੈ ।' ਅਖਬਾਰ ਲਿਖਦਾ ਹੈ ਕਿ ਬਰਤਾਨਵੀ ਪ੍ਰਧਾਨ ਮੰਤਰੀ ਅਨੁਸਾਰ ਜੇ ਕਿਸੇ ਦੇਸ਼ ਨੂੰ ਤਬਾਹ ਕਰਨਾ ਹੈ ਤਾਂ ਉਥੇ ਬੰਬ ਸੁੱਟਣ ਦੀ ਕੋਈ ਲੋੜ ਨਹੀਂ ਹੈ, ਉਥੇ  ਬ੍ਰਾਹਮਣਵਾਦੀ ਵਿਚਾਰਧਾਰਾ ਨੂੰ ਲਾਗੂ ਕਰਨਾ ਹੀ ਬਹੁਤ ਵੱਡਾ ਬੰਬ ਹੈ। ਅਖਬਾਰ ਇਹ ਵੀ ਲਿਖਦਾ ਹੈ ਕਿ ਦੇਸ਼ ਵਿੱਚ ਜਿੰਨੇ ਵੀ ਹਿੰਦੂ ਹਨ ਉਹਨਾਂ  ਵਿੱਚ  74.5  ਫੀਸਦੀ ਤੋਂ ਵੱਧ ਅਨੁਸੂਚਿਤ ਜਾਤੀਆਂ, ਜਨ ਜਾਤੀਆਂ ਅਤੇ ਪੱਛੜੀਆਂ ਜਾਤੀਆਂ ਨਾਲ ਸਬੰਧਤ ਲੋਕ ਹਨ,ਭਾਵ 25.5 ਫੀਸਦੀ ਹੀ ਉੱਚ ਜਾਤੀਆਂ ਨਾਲ ਸਬੰਧਤ ਹਿੰਦੂ ਹਨ। ਅਖਬਾਰ ਮੁਤਾਬਿਕ ਬ੍ਰਾਹਮਣਵਾਦੀ ਵਿਚਾਰਧਾਰਾ ਦੇਸ਼ ਨੂੰ ਖੁਸ਼ਹਾਲੀ ਵੱਲ ਲਿਜਾਣ ਦੀ ਬਿਜਾਏ ਪਿਛਾਂਹ ਵੱਲ ਲਿਜਾ ਰਹੀ ਹੈ। 

ਬਾਬਾ ਸਾਹਿਬ ਡਾ ਅੰਬੇਦਕਰ ਇੱਕ ਉੱਘੇ ਸਮਾਜ ਵਿਗਿਆਨੀ ਸਨ, ਉਨ੍ਹਾਂ ਨੇ ਸਾਰੇ ਧਰਮਾਂ ਦਾ ਬਹੁਤ ਹੀ ਬਰੀਕੀ ਨਾਲ ਅਧਿਐਨ ਕੀਤਾ ਹੋਇਆ ਸੀ ਜਦੋਂ ਕਿ ਉਨ੍ਹਾਂ ਦਾ ਹਿੰਦੂ ਧਰਮ ਬਾਰੇ ਤਾਂ ਬਹੁਤ ਹੀ ਡੂੰਘਾ ਅਧਿਐਨ ਸੀ, ਜਿਸ ਕਰਕੇ ਉਹ ਕਹਿੰਦੇ ਸਨ ਕਿ 'ਮੈਂ ਹਿੰਦੂ ਧਰਮ ਵਿੱਚ ਪੈਦਾ ਜਰੂਰ ਹੋਇਆਂ ਹਾਂ, ਪਰ ਮਰਾਂਗਾ ਨਹੀਂ '।ਡਾ ਅੰਬੇਦਕਰ ਭਲੀ ਭਾਂਤ ਜਾਣ ਗਏ ਸਨ ਕਿ ਦੇਸ਼ ਵਿੱਚ ਅੱਜ ਜੇ ਦਲਿਤਾਂ ਦੀ ਜਿੰਦਗੀ ਨਰਕ ਭਰੀ ਹੋਈ ਹੈ ਤਾਂ ਇਹ ਹਿੰਦੂਵਾਦੀ ਵਿਵਸਥਾ ਕਰਕੇ ਹੈ, ਕਿਉਂਕਿ ਹਿੰਦੂਵਾਦ ਜਾਤ ਪਾਤ ਦੇ ਢਾਂਚੇ ਉੱਤੇ ਸਥਾਪਿਤ ਹੈ। ਮਨੂ-ਸਿਮਰਤੀ ਨੇ ਦੇਸ਼ ਵਿੱਚ ਜਾਤ ਪਾਤ ਦੀਆਂ ਉੱਚੀਆਂ ਉੱਚੀਆਂ ਕੰਧਾਂ ਖੜੀਆਂ ਕਰਕੇ ਸਮਾਜ ਨੂੰ ਖੋਖਲਾ ਕਰ ਕੇ ਰੱਖ ਦਿੱਤਾ ਹੈ। ਡਾ ਅੰਬੇਦਕਰ ਨੇ ਸਿੱਖ ਧਰਮ ਦਾ ਅਧਿਐਨ ਕਰਨ ਤੋਂ ਬਾਅਦ ਵੇਖਿਆ ਕਿ ਸਿੱਖ ਧਰਮ ਮਾਨਵਤਾ ਦੀ ਗੱਲ ਕਰਦਾ ਹੈ, ਇਸ ਲਈ ਲਈ ਉਨ੍ਹਾਂ ਨੇ ਸਿੱਖ ਧਰਮ ਗ੍ਰਹਿਣ ਕਰਨ ਲਈ ਮਨ ਤਿਆਰ ਕੀਤਾ, ਪਰ ਉਸ ਵੇਲੇ ਦੇ ਸਿੱਖ ਧਰਮ ਦੇ ਠੇਕੇਦਾਰਾਂ ਨੇ ਉਨ੍ਹਾਂ ਨੂੰ ਸਿੱਖ ਬਣਨ ਤੋਂ ਰੋਕਣ ਲਈ ਰਾਹ ਵਿੱਚ ਤਰਾਂ ਤਰਾਂ ਦੇ ਅੜਿੱਕੇ ਢਾਹੇ, ਜਿਸ ਕਰਕੇ ਉਹ ਸਿੱਖ ਧਰਮ ਵਿੱਚ ਪ੍ਰਵੇਸ਼ ਨਾ ਕਰ ਸਕੇ। ਉਸ ਵੇਲੇ ਜੇ ਡਾ ਅੰਬੇਦਕਰ ਸਿੱਖ ਬਣ ਜਾਂਦੇ ਤਾਂ ਅੱਜ ਪੂਰੇ ਭਾਰਤ ਵਿੱਚ ਸਿੱਖਾਂ ਦਾ ਬੋਲਬਾਲਾ ਹੋਣਾ ਸੀ। ਜਦੋ ਸਿੱਖ ਧਰਮ ਦੇ ਠੇਕੇਦਾਰਾਂ ਨੇ ਡਾ ਅੰਬੇਦਕਰ ਨੂੰ ਸਿੱਖ ਬਣਨ ਤੋਂ ਰੋਕਿਆ ਤਾਂ ਉਹ ਬੁੱਧ ਧਰਮ ਵਿੱਚ ਪ੍ਰਵੇਸ਼ ਕਰ ਗਏ, ਕਿਉਂਕਿ ਉਹਨਾਂ ਨੇ ਬੁੱਧ ਧਰਮ ਦਾ ਅਧਿਐਨ ਵੀ ਬਹੁਤ ਡੂੰਘਾਈ ਵਿਚ ਕੀਤਾ ਹੋਇਆ ਸੀ, ਕਿ ਬੁੱਧ ਧਰਮ ਮਾਨਵਤਾ ਦੀ ਭਲਾਈ ਉਪਰ ਖੜਾ ਹੈ, ਇਸ ਵਿਚ ਵਰਨ ਵਿਵਸਥਾ ਨਹੀਂ ਹੈ। 

ਸੱਚ ਤਾਂ ਇਹ ਹੈ ਕਿ ਜਦੋਂ ਤੱਕ ਦੇਸ਼ ਵਿੱਚ 'ਭਾਰਤੀ ਸੰਵਿਧਾਨ ' ਦੀ ਥਾਂ ਬ੍ਰਾਹਮਣਵਾਦੀ ਵਿਚਾਰਧਾਰਾ  ਦੀਆਂ ਨੀਂਹਾਂ ਪੱਕੀਆਂ ਕਰਨ ਵਾਲੀ ਮਨੂ-ਸਿਮਰਤੀ ਲਾਗੂ ਹੈ, ਦੇਸ਼ ਵਿੱਚ ਖੁਸ਼ਹਾਲੀ ਲਿਆਉਣਾ ਅਸੰਭਵ ਜਾਪਦਾ ਹੈ। ਮਨੂ-ਸਿਮਰਤੀ ਲਾਗੂ ਹੋਣ ਕਰਕੇ ਦੇਸ਼ ਵਿੱਚ ਕਦੀ ਧਰਮ ਦੇ ਨਾਂ 'ਤੇ ਕਦੀ ਜਾਤ ਪਾਤ ਦੇ ਨਾਂ 'ਤੇ ਅਤੇ ਕਦੀ ਇਲਾਕਾਵਾਦ ਦੇ ਨਾਂ 'ਤੇ ਦੰਗੇ ਫਸਾਦਾਂ ਦਾ ਸਿਲਸਲਾ ਚਲਦਾ ਰਹੇਗਾ। ਜਦੋਂਕਿ ਦੇਸ਼ ਵਿੱਚ ਏਕਤਾ ,ਅਖੰਡਤਾ ਅਤੇ ਭਾਈਚਾਰਕ ਸਾਂਝ ਬਣਾ ਕੇ ਰੱਖਣ ਲਈ ਡਾ ਅੰਬੇਦਕਰ ਦੁਆਰਾ ਰਚਿਤ 'ਭਾਰਤੀ ਸੰਵਿਧਾਨ ' ਨੂੰ ਸਹੀ ਢੰਗ ਨਾਲ ਲਾਗੂ ਕਰਨਾ ਚਾਹੀਦਾ ਹੈ। ਭਾਰਤੀ ਸੰਵਿਧਾਨ ਨੇ ਦੇਸ਼ ਨੂੰ ਇਕ ਮੁੱਠੀ ਵਿੱਚ ਬੰਦ ਕਰ ਕੇ ਰੱਖਿਆ ਹੋਇਆ ਹੈ। ਭਾਰਤੀ ਸੰਵਿਧਾਨ ਦੇਸ਼ ਦੇ ਸਾਰੇ ਧਰਮਾਂ ਦਾ ਸਤਿਕਾਰ ਕਰਨ ਲਈ ਪਾਬੰਦ ਹੈ। ਪਰ ਬਹੁਤ ਅਫਸੋਸ ਦੀ ਗੱਲ ਹੈ ਕਿ ਪਿਛਲੇ 70-71ਸਾਲਾਂ ਤੋਂ ਦੇਸ਼ ਨੂੰ ਖੇਰੂੰ ਖੇਰੂੰ ਹੋਣ ਤੋਂ ਬਚਾ ਕੇ ਰੱਖਣ ਵਾਲੇ ' ਭਾਰਤੀ ਸੰਵਿਧਾਨ ' ਦੀ ਹੋਂਦ ਨੂੰ ਖਤਰਾ ਪੈਦਾ ਹੋ ਗਿਆ ਹੈ,ਜਦੋਂ ਕਿ ਭਾਰਤੀ ਸੰਵਿਧਾਨ ਨੂੰ ਬਚਾਉਣਾ ਸਮੇਂ ਦੀ ਮੁੱਖ ਲੋੜ ਹੈ। 

-ਸੁਖਦੇਵ ਸਲੇਮਪੁਰੀ 

09780620233

 

ਕੈਪਟਨ ਸਰਕਾਰ ਤੀਜੇ ਸਾਲ ਵੀ ਸੂਬੇ ਦੀ ਵਿੱਤੀ ਹਾਲਤ ਸੁਧਾਰਨ ਵਿਚ ਸਫਲ ਨਹੀਂ ਹੋਈ

ਚੰਡੀਗੜ੍ਹ, ਦਸੰਬਰ 2019- ( ਇਕਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ )-

ਕੈਪਟਨ ਸਰਕਾਰ ਨੂੰ ਤੀਜੇ ਸਾਲ ਵੀ ਮੁਲਾਜ਼ਮਾਂ ਦੀਆਂ ਤਨਖਾਹਾਂ ਦੇਣ ਵਾਸਤੇ ਕਰਜ਼ਾ ਲੈਣ ਦਾ ਜੁਗਾੜ ਕਰਨਾ ਪੈ ਰਿਹਾ ਹੈ। ਸੂਬੇ ਸਿਰ ਕਰਜ਼ੇ ਦਾ ਬੋਝ ਸਵਾ ਦੋ ਲੱਖ ਕਰੋੜ ਰੁਪਏ ਤੋਂ ਵੱਧ ਹੋ ਗਿਆ ਹੈ। ਸ਼ਰਾਬ ਸਮੇਤ ਹੋਰ ਸਾਧਨਾਂ ਤੋਂ ਮਾਲੀਆ ਵਧਣ ਦੀ ਜਗ੍ਹਾ ਘਟਿਆ ਹੈ। ਵਿੱਤ ਮੰਤਰੀ ਅਤੇ ਮੁੱਖ ਮੰਤਰੀ ਵੱਲੋਂ ਜੀਐੱਸਟੀ ਲਾਗੂ ਕਰਨ ਲਈ ਹੁੱਬ-ਹੁੱਬ ਕੇ ਕੀਤੀ ਗਈ ਹਮਾਇਤ ਦਾ ਕੋਈ ਨਤੀਜਾ ਨਹੀਂ ਨਿਕਲਿਆ, ਸਗੋਂ ਜੀਐੱਸਟੀ ਦਾ ਪੈਸਾ ਲੈਣ ਲਈ ਕੇਂਦਰ ਸਰਕਾਰ ਦੇ ਦਰ ’ਤੇ ਵਾਰ ਵਾਰ ਗੇੜੇ ਕੱਢਣੇ ਪੈ ਰਹੇ ਹਨ।
ਆਰਥਿਕ ਮੰਦਹਾਲੀ ਦੇ ਦੌਰ ਕਾਰਨ ਕੇਂਦਰ ਸਰਕਾਰ ਸੂਬਿਆਂ ਨੂੰ ਜੀਐੱਸਟੀ ਦਾ ਪੈਸਾ ਸਮੇਂ ਸਿਰ ਦੇਣ ਤੋਂ ਟਾਲਾ ਵੱਟਦੀ ਰਹਿੰਦੀ ਹੈ। ਪੰਜਾਬ ਸਰਕਾਰ ਨੇ ਕੇਂਦਰ ਕੋਲੋਂ 6100 ਕਰੋੜ ਰੁਪਏ ਲੈਣੇ ਹਨ ਪਰ ਹਾਲੇ ਤੱਕ ਇਸ ਦਾ ਤੀਜਾ ਹਿੱਸਾ ਹੀ ਦਿੱਤਾ ਗਿਆ ਹੈ। ਜਦੋਂ ਤੱਕ ਅਨਾਜ ਦੇ 31,000 ਕਰੋੜ ਰੁਪਏ ਦੇ ਕਰਜ਼ੇ ਦਾ ਨਿਪਟਾਰਾ ਨਹੀਂ ਹੁੰਦਾ, ਓਦੋਂ ਤੱਕ ਪੰਜਾਬ ਸਰਕਾਰ ਨੂੰ ਰਾਹਤ ਨਹੀਂ ਮਿਲੇਗੀ।
ਕੈਪਟਨ ਸਰਕਾਰ ਨੇ ਛੋਟੇ ਤੇ ਸੀਮਾਂਤ ਕਿਸਾਨਾਂ ਲਈ ਕਰਜ਼ਾ ਮੁਆਫੀ ਲਾਗੂ ਕਰ ਕੇ ਆਪਣੇ ਚੋਣ ਵਾਅਦੇ ਨੂੰ ਲਾਗੂ ਕਰਨ ਦੀ ਦਿਸ਼ਾ ’ਚ ਠੀਕ ਕਦਮ ਚੁੱਕਿਆ ਪਰ ਇਸ ਦੇ ਬਾਵਜੁੂਦ ਕਿਸਾਨਾਂ ਦੀਆਂ ਖੁਦਕੁਸ਼ੀਆਂ ਜਾਰੀ ਹਨ। ਇਸ ਕਰਕੇ ਖੁਦਕੁਸ਼ੀਆਂ ਦੇ ਵਰਤਾਰੇ ਨੂੰ ਰੋਕਣ ਲਈ ਕੁਝ ਹੋਰ ਕਰਨ ਦੀ ਲੋੜ ਹੈ। ਕਰਜ਼ਾ ਮੁਆਫੀ ਸਕੀਮ ਦਾ ਲਾਹਾ ਸਾਰੇ ਕਿਸਾਨਾਂ ਨੂੰ ਨਹੀਂ ਮਿਲ ਸਕਿਆ।
ਪਿਛਲੀ ਸਰਕਾਰ ਦੇ ਮੁਕਾਬਲੇ ਅਮਨ-ਕਾਨੂੰਨ ਦੀ ਸਥਿਤੀ ਵਿਚ ਸੁਧਾਰ ਹੋਇਆ ਹੈ ਤੇ ਨਾਮੀ ਗੈਂਗਸਟਰ ਜਾਂ ਤਾਂ ਮੁਕਾਬਲਿਆਂ ਵਿਚ ਮਾਰੇ ਗਏ ਜਾਂ ਜੇਲ੍ਹਾਂ ਵਿੱਚ ਬੰਦ ਹਨ ਤੇ ਜਾਂ ਦੁਬਕ ਗਏ ਹਨ। ਇਸ ਨਾਲ ਫਿਰੌਤੀਆਂ ਮੰਗਣ ਦੇ ਮਾਮਲਿਆਂ ਵਿੱਚ ਵੀ ਕਮੀ ਆਈ ਹੈ। ਜੇਲ੍ਹਾਂ ਦੀ ਸਥਿਤੀ ਵਿੱਚ ਵੀ ਪਿਛਲੀ ਸਰਕਾਰ ਦੇ ਮੁਕਾਬਲੇ ਸੁਧਾਰ ਹੋਇਆ ਹੈ। ਇਸ ਮਾਮਲੇ ’ਚ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਸਖ਼ਤੀ ਕੁਝ ਰੰਗ ਲਿਆਈ ਹੈ ਪਰ ਹਾਲੇ ਵੀ ਬਹੁਤ ਕੁਝ ਕਰਨ ਦੀ ਲੋੜ ਹੈ। ਬੇਅਦਬੀ ਵਰਗੇ ਸੰਵੇਦਨਸ਼ੀਲ ਮਾਮਲੇ ਸਿਰੇ ਨਹੀਂ ਲੱਗ ਸਕੇ, ਜਿਸ ਕਰਕੇ ਕੈਪਟਨ ਸਰਕਾਰ ਨੂੰ ਜਵਾਬਦੇਹ ਹੋਣਾ ਪੈ ਰਿਹਾ ਹੈ। ਬਰਗਾੜੀ ਮੋਰਚਾ ਉਠਾਉਣ ਸਮੇਂ ਕੀਤਾ ਵਾਅਦਾ ਵੀ ਵਫਾ ਨਹੀਂ ਹੋ ਸਕਿਆ ਅਤੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਵੀ ਲਾਗੂ ਨਹੀਂ ਹੋ ਸਕੀ। ਬੇਅਦਬੀ ਦੇ ਮਾਮਲਿਆਂ ਬਾਰੇ ਇਕ ਪਾਸੇ ਪੰਜਾਬ ਪੁਲੀਸ ਦੀ ਟਾਸਕ ਫੋਰਸ ਅਤੇ ਦੂਜੇ ਪਾਸੇ ਸੀਬੀਆਈ ਵੱਲੋਂ ਜਾਂਚ ਜਾਰੀ ਹੈ। ਟਾਸਕ ਫੋਰਸ ਨੇ ਕੋਟਕਪੂਰਾ ਅਤੇ ਬਹਿਬਲ ਕਲਾਂ ਵਿਚ ਗੋਲੀਕਾਂਡ ਬਾਰੇ 80 ਫੀਸਦੀ ਚਲਾਨ ਫਰੀਦਕਟ ਦੀ ਅਦਾਲਤ ਵਿਚ ਪੇਸ਼ ਕਰ ਦਿੱਤਾ ਹੈ ਤੇ ਇਸ ਚਲਾਨ ਦਾ ਅਹਿਮ ਹਿੱਸਾ ਪੇਸ਼ ਕੀਤਾ ਜਾਣਾ ਹਾਲੇ ਬਾਕੀ ਹੈ। ਇਸ ਗੱਲ ਨੂੰ ਲੈ ਕੇ ਖਦਸ਼ਾ ਜ਼ਾਹਿਰ ਕੀਤਾ ਜਾ ਰਿਹਾ ਹੈ ਕਿ ਇਹ ਹਿੱਸਾ ਪੇਸ਼ ਕੀਤਾ ਜਾਵੇਗਾ ਜਾਂ ਨਹੀਂ।
ਕੈਪਟਨ ਨੇ ਵਾਅਦਾ ਕੀਤਾ ਸੀ ਕਿ 28 ਦਿਨਾਂ ਵਿੱਚ ਸੂਬੇ ’ਚੋਂ ਨਸ਼ਾ ਖ਼ਤਮ ਕਰ ਦਿੱਤਾ ਜਾਵੇਗਾ ਪਰ ਹੁਣ 28 ਮਹੀਨੇ ਤੋਂ ਵੱਧ ਦਾ ਸਮਾਂ ਬੀਤ ਗਿਆ ਹੈ ਪਰ ਹਾਲੇ ਨਸ਼ੇ ਦੀ ਸਮੱਸਿਆ ਸੂਬੇ ਵਿੱਚ ਓਸੇ ਤਰ੍ਹਾਂ ਬਰਕਰਾਰ ਹੈ। ਸਖਤੀ ਦੇ ਬਾਵਜੂਦ ਨਸ਼ੀਲੇ ਪਦਾਰਥਾਂ ਦੀ ਤਸਕਰੀ ਜਾਰੀ ਹੈ।
ਕੈਪਟਨ ਸਰਕਾਰ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਪਾਰਦਰਸ਼ੀ ਪ੍ਰਬੰਧ ਦੇਣ, ਮਾਫੀਆ ਰਾਜ ਖਤਮ ਕਰਨ ਸਮੇਤ ਹੋਰ ਬਹੁਤ ਸਾਰੇ ਵਾਅਦੇ ਕੀਤੇ ਸਨ ਪਰ ਬਹੁਤੇ ਵਾਅਦੇ ਪੂਰੇ ਨਹੀਂ ਹੋ ਸਕੇ ਤੇ ਭ੍ਰਿਸ਼ਟਾਚਾਰ ਪਹਿਲਾਂ ਵਾਂਗ ਹੀ ਜਾਰੀ ਹੈ। ਇਸ ਗੱਲ ਨੂੰ ਕਾਂਗਰਸ ਦੇ ਕੁਝ ਵਿਧਾਇਕ ਤੇ ਮੰਤਰੀ ਪ੍ਰਵਾਨ ਵੀ ਕਰਦੇ ਹਨ। ਟਰਾਂਸਪੋਰਟ ਦੇ ਖੇਤਰ ਵਿੱਚ ਕੋਈ ਸੁਧਾਰ ਨਹੀਂ ਆਇਆ। ਰੇਤ ਮਾਫੀਆ ਦੀਆਂ ਅਕਸਰ ਰਿਪੋਰਟਾਂ ਛਪਦੀਆਂ ਰਹਿੰਦੀਆਂ ਹਨ। ਕੇਬਲ ਮਾਫੀਆ ਦਾ ਮਾਮਲਾ ਵੀ ਪਹਿਲਾਂ ਵਾਂਗ ਹੀ ਹੈ। ਬਿਜਲੀ ਸਮਝੌਤੇ ਮੁੜ ਨਾ ਵਿਚਾਰਨ ਕਰਕੇ ਲੋਕਾਂ ’ਤੇ ਬਿਜਲੀ ਦਰਾਂ ਦਾ ਵਾਧੂ ਭਾਰ ਪੈ ਗਿਆ ਹੈ। ਕਾਂਗਰਸ ਪਾਰਟੀ ਅਤੇ ਕੈਪਟਨ ਸਰਕਾਰ ਵਿਚਾਲੇ ਸਬੰਧ ਸ਼ੁਰੂ ਤੋਂ ਚਰਚਾ ਦਾ ਵਿਸ਼ਾ ਬਣੇ ਰਹੇ ਹਨ ਤੇ ਕਾਂਗਰਸ ਵਿਧਾਇਕਾਂ ਦੀਆਂ ਜਿੰਨੀਆਂ ਵੀ ਮੀਟਿੰਗਾਂ ਮੁੱਖ ਮੰਤਰੀ ਨਾਲ ਹੋਈਆਂ ਹਨ, ਲਗਭਗ ਹਰ ਮੀਟਿੰਗ ਵਿੱਚ ਅਫਸਰਸ਼ਾਹੀ ਦੇ ਭਾਰੂ ਰਹਿਣ ਦਾ ਮੁੱਦਾ ਸਾਹਮਣੇ ਆਇਆ ਹੈ। ਮੁੱਖ ਮੰਤਰੀ ਨੇ ਕੁੱਝ ਮੌਕਿਆਂ ’ਤੇ ਅਧਿਕਾਰੀਆਂ ਨੂੰ ਵਿਧਾਇਕਾਂ ਨੂੰ ਬਣਦਾ ਮਾਨ ਸਨਮਾਨ ਦੇਣ ਲਈ ਕਿਹਾ ਹੈ ਪਰ ਫਿਰ ਵੀ ਸਥਿਤੀ ਵਿੱਚ ਖਾਸ ਸੁਧਾਰ ਨਹੀਂ ਹੋਇਆ।

26 ਵਾਂ ਸਲਾਨਾ ਟੂਰਨਾਮੈਂਟ ਧੂਮ ਧੜੱਕੇ ਨਾਲ ਸੁਰੂ

ਥਾਣਾ ਮੁਖੀ ਮੋਹਰ ਸਿੰਘ ਨੇ ਕੀਤਾ ਉਦਘਾਟਨ

ਬਰਨਾਲਾ, ਦਸੰਬਰ(ਗੁਰਸੇਵਕ ਸਿੰਘ ਸੋਹੀ) ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਫੁੱਟਬਾਲ ਅਤੇ ਸਪੋਰਟਸ ਕਲੱਬ (ਰਜਿ:) ਮਹਿਲ ਕਲਾਂ ਸਮੂਹ ਐਨ ਆਰ ਆਈ ਵੀਰਾਂ ਅਤੇ ਨਗਰ ਨਿਵਾਸਆਿ ਦੇ ਸਹਿਯੋਗ ਨਾਲ 26 ਵਾਂ ਸਲਾਨਾ ਸਾਨਦਾਰ ਪੇਂਡੂ ਖੇਡ ਮੇਲਾ ਅੱਜ ਧੂਮ ਧੜੱਕੇ ਨਾਲ ਸੁਰੂ ਹੋ ਗਿਆ ਹੈ। ਜਿਸ ਦਾ ਉਦਘਾਟਨ  ਗੁਰਦੁਆਰਾ ਸਾਹਿਬ ਦੇ ਪ੍ਰਧਾਨ  ਸੇਰ ਸਿੰਘ ਖਾਲਸਾ ਦੇ ਅਰਦਾਸ ਕਰਨ ਉਪਰੰਤ  ਥਾਣਾ ਮਹਿਲ ਕਲਾਂ ਦੇ ਮੁੱਖ ਅਫਸਰ ਮੋਹਰ ਸਿੰਘ ਨੇ ਰੀਬਨ  ਕੱਟ ਅਤੇ ਹਵਾ ਵਿੱਚ ਗੁਬਾਰੇ ਛੱਡ ਕੇ ਕੀਤਾ। ਇਸ ਮੌਕੇ ਬੋਲਦਿਆਂ ਥਾਣਾ ਮੁਖੀ  ਮੋਹਰ ਸਿੰਘ ਨੇ ਕਿਹਾ ਕਿ ਖੇਡਾਂ ਸਾਡੇ ਜੀਵਨ ਦਾ ਅਹਿਮ ਅੰਗ ਸਾਨੂੰ ਭੈੜੇ ਨਸ਼ਿਆਂ ਦਾ ਤਿਆਗ ਕਰਕੇ  ਖੇਡਾਂ ਵੱਲ ਜਾਣਾ ਚਾਹੀਦਾ ਹੈ ।ਕਿਉਂਕਿ ਖੇਡਾਂ ਜਿੱਥੇ ਸਾਨੂੰ ਨਸ਼ਿਆਂ ਤੋਂ ਬਚਾਉਂਦੀਆਂ ਹਨ, ਉੱਥੇ ਸਾਡੇ ਸਰੀਰ ਨੂੰ ਬਿਮਾਰੀਆਂ ਤੋਂ ਦੂਰ ਰੱਖ   ਤੰਦਰੁਸਤ ਬਣਾਈ ਰੱਖਦੀਆਂ ਹਨ । ਇਸ ਮੌਕੇ ਜਾਣਕਾਰੀ ਦਿੰਦਿਆਂ ਕਲੱਬ ਦੇ ਪ੍ਰੈੱਸ ਸਕੱਤਰ ਬਲਜਿੰਦਰ ਪ੍ਰਭੂ ਤੇ ਰਾਜੂ ਕੈਨੇਡਾ ਨੇ ਦੱਸਿਆ ਕਿ ਅੱਜ ਫੁੱਟਬਾਲ ਦੀਆਂ ਟੀਮਾਂ ਦੇ ਮੈਚ ਸ਼ੁਰੂ ਕਰਵਾਏ ਗਏ ਹਨl ਉਨ੍ਹਾਂ ਦੱਸਿਆ ਕਿ  27 ਦਸੰਬਰ ਨੂੰ ਫੁੱਟਬਾਲ ਦੇ ਮੁਕਾਬਲੇ, 28 ਦਸੰਬਰ ਕਬੱਡੀ 55 ਕਿਲੋਂ, ਵਾਲੀਬਾਲ ਸੂਟਿੰਗ , 29 ਦਸੰਬਰ ਨੂੰ ਕਬੱਡੀ 75 ਕਿਲੋਂ  ਅਤੇ ਟਰਾਲੀ ਬੈਕ ਅਤੇ ਅਖਰੀਲੇ ਦਿਨ 30ਦਸੰਬਰ ਨੂੰ ਕਬੱਡੀ ਓਪਨ ਦੇ ਮੈਚਾਂ ਚ ਪੰਜਾਬ ਦੇ ਨਾਮੀ ਖਿਡਾਰੀ ਆਪਣੀ ਕਲਾ ਦਾ ਪ੍ਰਦਰਸਨ ਕਰਨਗੇ। ਇਸ ਮੌਕੇ ਕਲੱਬ ਚੇਅਰਮੈਨ ਰਜਿੰਦਰ ਸਿੰਗਲਾ, ਕਨਵੀਨਰ ਵਰਿੰਦਰ ਪੱਪੂ, ਮੁੱਖ ਸਲਾਹਕਾਰ ਰਵਿੰਦਰ ਰਵੀ, ਵਾਇਸ ਚੇਅਰਮੈਨ ਬੱਬੂ ਸਰਮਾ, ਵਾਇਸ ਪਰਧਾਨ ਜਗਦੀਪ ਸਰਮਾ,ਖਜਾਨਚੀ ਹਰਪਾਲ ਸਿੰਘ ਪਾਲਾ, ਸੁਖਦੀਪ ਸੀਪਾ, ਟੋਨੀ ਸਿੱਧੂ, ਅਮਰੀਕ ਸਿੰਘ,ਮਨਦੀਪ ਸਿੰਘ, ਮਾਸਟਰ ਰਵਿੰਦਰ ਸਿੰਘ ਰਵੀ, ਕੋਚ ਗੁਰਦੀਪ ਸਿੰਘ, ਫੌਜੀ ਜਗਰੂਪ ਸਿੰਘ,  ਸੋਨੀ,ਮੋਟੋ,ਜਸਵੀਰ,ਹੈਪੀ,ਭੂਰੀ,ਬੱਬੂ,ਪ੍ਰਿੰਸ,ਜੱਸੀ,ਮਨੀ,ਲੱਕੀ ,ਹਰੀ ਸਿੰਘ ਚੀਮਾਂ ਆਦਿ ਕਲੱਬ ਅਹੁਦੇਦਾਰ ਹਾਜਰ ਸਨ।

70ਵੀਂ ਸੀਨੀਅਰ ਰਾਸ਼ਟਰੀ ਬਾਸਕਿਟਬਾਲ ਚੈਂਪੀਅਨਸ਼ਿਪ ਦੀ ਜੇਤੂ ਪੰਜਾਬ ਦੀ ਟੀਮ ਨੂੰ ਲੋਕ ਸਭਾ ਮੈਂਬਰ ਮਨੀਸ਼ ਤਿਵਾੜੀ ਵੱਲੋਂ ਵਧਾਈ

ਸੂਬੇ ਦਾ ਨਾਮ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਚਮਕਾਉਣ ਵਾਲੇ ਖ਼ਿਡਾਰੀਆਂ ਨੂੰ ਸੂਬਾ ਸਰਕਾਰ ਨੌਕਰੀਆਂ ਨਾਲ ਨਿਵਾਜ਼ੇਗੀ-ਰਾਣਾ ਗੁਰਮੀਤ ਸਿੰਘ ਸੋਢੀ
ਲੁਧਿਆਣਾ, ਦਸੰਬਰ 2019- (ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਪੰਜਾਬ ਦੇ ਖੇਡਾਂ ਅਤੇ ਯੁਵਕ ਸੇਵਾਵਾਂ ਵਿਭਾਗ ਦੇ ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਐਲਾਨ ਕੀਤਾ ਹੈ ਕਿ ਜੋ ਖ਼ਿਡਾਰੀ ਸੂਬੇ ਦਾ ਨਾਮ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਚਮਕਾਉਣਗੇ, ਉਨਾਂ ਖ਼ਿਡਾਰੀਆਂ ਨੂੰ ਪੰਜਾਬ ਸਰਕਾਰ ਵੱਲੋਂ ਨੌਕਰੀਆਂ ਅਤੇ ਨਗਦ ਇਨਾਮਾਂ ਨਾਲ ਨਿਵਾਜ਼ਿਆ ਜਾਵੇਗਾ। ਉਹ ਅੱਜ ਸਥਾਨਕ ਗੁਰੂ ਨਾਨਕ ਸਟੇਡੀਅਮ ਵਿਖੇ ਸੰਪੰਨ ਹੋਈ 70ਵੀਂ ਸੀਨੀਅਰ ਰਾਸ਼ਟਰੀ ਬਾਸਕਿਟਬਾਲ ਚੈਂਪੀਅਨਸ਼ਿਪ ਦੇ ਇਨਾਮ ਵੰਡ ਸਮਾਰੋਹ ਨੂੰ ਮੁੱਖ ਮਹਿਮਾਨ ਵਜੋਂ ਸੰਬੋਧਨ ਕਰ ਰਹੇ ਸਨ। ਇਸੇ ਸਮਾਗਮ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਵਿੱਚ ਉੱਚਤਮ ਦਰਜੇ ਦੀਆਂ ਖੇਡ ਸਹੂਲਤਾਂ ਮੁਹੱਈਆ ਕਰਵਾਉਣ ਲਈ ਦ੍ਰਿੜ ਵਚਨਬੱਧ ਹੈ ਤਾਂ ਜੋ ਉਹ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਵਧੀਆ ਪ੍ਰਦਰਸ਼ਨ ਕਰਕੇ ਦੇਸ਼ ਅਤੇ ਪੰਜਾਬ ਦਾ ਨਾਮ ਰੌਸ਼ਨ ਕਰ ਸਕਣ। ਇਸ ਮੌਕੇ ਹਾਜ਼ਰ ਸ੍ਰੀ ਆਨੰਦਪੁਰ ਸਾਹਿਬ ਹਲਕੇ ਤੋਂ ਲੋਕ ਸਭਾ ਮੈਂਬਰ ਸ੍ਰੀ ਮਨੀਸ਼ ਤਿਵਾੜੀ ਨੇ ਪੰਜਾਬ ਦੀ ਲੜਕਿਆਂ ਦੀ ਜੇਤੂ ਰਹੇ ਟੀਮ ਸਮੇਤ ਹੋਰ ਸਾਰੀਆਂ ਟੀਮਾਂ ਨੂੰ ਵਧਾਈ ਦਿੱਤੀ। ਸੋਢੀ ਨੇ ਕਿਹਾ ਕਿ ਇਸ ਚੈਂਪੀਅਨਸ਼ਿਪ ਵਿੱਚ ਲੜਕਿਆਂ ਦੇ ਵਰਗ ਵਿੱਚ 30 ਟੀਮਾਂ ਅਤੇ ਲੜਕੀਆਂ ਦੇ ਵਰਗ ਵਿੱਚ 26 ਟੀਮਾਂ ਨੇ ਭਾਗ ਲਿਆ। ਪੂਰੀ ਚੈਂਪੀਅਨਸ਼ਿਪ ਦੌਰਾਨ 150 ਮੈਚ ਖੇਡੇ ਗਏ। ਇਸ ਚੈਂਪੀਅਨਸ਼ਿਪ ਲਈ ਭਾਰਤੀ ਬਾਸਕਿਟਬਾਲ ਫੈੱਡਰੇਸ਼ਨ ਵੱਲੋਂ 100 ਤਕਨੀਕੀ ਮਾਹਿਰਾਂ ਅਤੇ ਰੈਫਰੀਆਂ ਦੀ ਡਿਊਟੀ ਲਗਾਈ ਗਈ ਸੀ। ਅੱਜ ਲੜਕੇ ਅਤੇ ਲੜਕੀਆਂ ਦੀਆਂ ਟੀਮਾਂ ਦੇ ਫਾਈਨਲ ਮੁਕਾਬਲੇ ਕਰਵਾਏ ਗਏ। ਇਹ ਚੈਂਪੀਅਨਸ਼ਿਪ ਦੌਰਾਨ 21 ਤੋਂ 28 ਦਸੰਬਰ ਤੱਕ ਕਰਵਾਏ ਗਏ ਮੁਕਾਬਲੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਨ। ਲੜਕਿਆਂ ਦੇ ਫਾਈਨਲ ਮੁਕਾਬਲੇ ਵਿੱਚ ਪੰਜਾਬ ਨੇ ਤਾਮਿਲਨਾਡੂ ਦੀ ਟੀਮ ਨੂੰ 93-75 ਅੰਕਾਂ ਦੇ ਫਰਕ ਨਾਲ ਹਰਾਇਆ। ਪੰਜਾਬ ਦੀ ਟੀਮ ਵੱਲੋਂ ਅਰਸ਼ਪ੍ਰੀਤ ਸਿੰਘ ਭੁੱਲਰ ਵੱਲੋਂ 33 ਅੰਕ ਹਾਸਿਲ ਕੀਤੇ ਗਏ। ਲੜਕੀਆਂ ਦੇ ਵਰਗ ਵਿੱਚ ਭਾਰਤੀ ਰੇਲਵੇ ਦੀ ਟੀਮ ਨੇ ਕੇਰਲਾ ਨੂੰ 68-55 ਅੰਕਾਂ ਦੇ ਫਰਕ ਨਾਲ ਹਰਾ ਕੇ ਚੈਂਪੀਅਨ ਬਣਨ ਦਾ ਮਾਣ ਹਾਸਿਲ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪੰਜਾਬ ਬਾਸਕਿਟਬਾਲ ਐਸੋਸੀਏਸ਼ਨ ਦੇ ਪ੍ਰਧਾਨ ਰਾਜਦੀਪ ਸਿੰਘ ਗਿੱਲ, ਸਕੱਤਰ ਤੇਜਾ ਸਿੰਘ ਧਾਲੀਵਾਲ, ਪ੍ਰਬੰਧਕੀ ਸਕੱਤਰ ਕਮ ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ, ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ, ਚੇਅਰਮੈਨ ਪਵਨ ਦੀਵਾਨ, ਅਰਜੁਨਾ ਅਵਾਰਡੀ ਪਰਮਿੰਦਰ ਸਿੰਘ, ਸ੍ਰੀਮਤੀ ਸੁਮਨ ਸ਼ਰਮਾ, ਐੱਨ. ਬੀ. ਏ. ਖ਼ਿਡਾਰੀ ਸਤਨਾਮ ਸਿੰਘ ਭੰਮਰਾ, ਹਾਕੀ ਉਲੰਪੀਅਨ ਹਰਦੀਪ ਸਿੰਘ ਗਰੇਵਾਲ, ਦ੍ਰੋਣਾਚਾਰੀਆ ਅਵਾਰਡੀ ਬਲਦੇਵ ਸਿੰਘ ਸ਼ਾਹਬਾਦ ਮਾਰਕੰਡਾ, ਫਿਲਮ ਅਦਾਕਾਰਾ ਨਿਰਮਲ ਰਿਸ਼ੀ, ਸਮਾਜ ਸੇਵੀ ਐੱਸ. ਪੀ. ਐੱਸ. ਓਬਰਾਏ, ਗੁਰਜੀਤ ਸਿੰਘ ਰੋਮਾਣਾ, ਜੇ. ਪੀ. ਸਿੰਘ ਅਤੇ ਹੋਰ ਹਾਜ਼ਰ ਸਨ।

 

ਸਲੇਮਪੁਰੀ ਦੀ ਚੂੰਢੀ - ਉਪਮਾ ! 

ਸਲੇਮਪੁਰੀ ਦੀ ਚੂੰਢੀ -

ਉਪਮਾ ! 

ਹੇ ਗੁਰੂ ਗੋਬਿੰਦ ਸਿੰਘ ! 

ਤੇਰੀਆਂ ਲਾਸਾਨੀ ਕੁਰਬਾਨੀਆਂ 

ਦੀ ਉਪਮਾ ਲਈ 

ਸ਼ਬਦ ਕਿੱਥੋਂ ਲੱਭ ਲਿਆਵਾਂ? 

ਸਿਆਹੀ ਕਿਹੜੇ ਦੇਸ਼ੋਂ ਮੰਗਵਾਵਾਂ? 

ਕਿਥੋਂ ਕਾਗਜ ਢੂੰਡ ਲਿਆਵਾਂ? 

ਮਜ਼ਲੂਮਾਂ ਲਈ 

ਤੂੰ ਪਿਤਾ ਵਾਰਿਆ! 

ਪੁੱਤ ਵਾਰੇ! 

ਤੂੰ ਪਰਿਵਾਰ ਵਾਰਿਆ! 

ਤੂੰ ਸਰਬੰਸ ਵਾਰਿਆ!

 ਸੱਭ ਕੁੱਝ ਵਾਰਿਆ! 

ਤੂੰ ਸੱਭ ਕੁੱਝ ਲੁਟਾਇਆ !

ਸੱਭ ਕੁੱਝ ਗੁਆਇਆ! 

ਤੂੰ ਗਿੱਦੜਾਂ ਤੋਂ ਸ਼ੇਰ ਮਰਵਾਏ! 

ਤੂੰ ਚਿੜੀਆਂ ਤੋਂ ਬਾਜ ਬਣਾਏ! 

ਤੂੰ  ਕਦੀ 'ਸੀ' ਨਾ ਕੀਤੀ, 

ਤੂੰ ਆਪਾ ਵਾਰਿਆ!

ਤੂੰ ਜੰਗਲਾਂ 'ਚ

'ਕੱਲਾ ਘੁੰਮਿਆ , 

ਤੂੰ ਫਿਰ ਵੀ ਨਾ ਹਾਰਿਆ! 

ਹੇ! ਦਸਮ ਪਿਤਾ 

ਤੇਰੀਆਂ ਕੁਰਬਾਨੀਆਂ 

ਦੀ ਉਪਮਾ ਕਿਵੇਂ ਕਰਾਂ? 

ਕਾਗਜ਼ ਕਿਥੋਂ ਢੂੰਡ ਲਿਆਵਾਂ?    

ਸਿਆਹੀ ਕਿਥੋਂ ਦੱਸ ਮੰਗਵਾਵਾਂ? 

ਸ਼ਬਦ ਕਿੱਥੋਂ ਲੱਭ ਲਿਆਵਾਂ? 

ਸਾਰੀ ਧਰਤੀ ਕਾਗਜ ਬਣਾਵਾਂ, 

ਸੰਸਾਰ ਚੋਂ 

ਸਿਆਹੀ ਮੰਗ ਲਿਆਵਾਂ, 

 ਲਾਇਬ੍ਰੇਰੀਆਂ 'ਚੋਂ ਸ਼ਬਦ ਲਿਆਵਾਂ ,

ਤਾਂ ਵੀ ਉਪਮਾ 

ਕਰ ਨਾ ਪਾਵਾਂ! 

ਵਾਹ ਤੂੰ! 

ਵਾਹ ਤੇਰੀਆਂ ਕੁਰਬਾਨੀਆਂ!! 

ਤੇਰੇ ਜਿਹਾ 

ਕੋਈ ਹੋਰ ਨਾ ਡਿੱਠਾ!

ਤੂੰ ਹਰ ਭਾਣੇ ਨੂੰ, 

ਮੰਨਿਆ ਮਿੱਠਾ!!

ਤੇਰੇ ਜਿਹਾ, 

ਕੋਈ ਹੋਰ ਨਾ ਡਿੱਠਾ!!!

- ਸੁਖਦੇਵ ਸਲੇਮਪੁਰੀ    

ਦਸਮੇਸ਼ ਪੈਦਲ ਮਾਰਚ  ਸ੍ਰੀ ਚਮਕੌਰ ਸਾਹਿਬ ਤੋ ਅਗਲੇ ਪੜਾ ਵੱਲ Video

ਚਮਕੌਰ ਸਾਹਿਬ, ਦਸੰਬਰ 2019 -(ਇਕਬਲ ਸਿੰਘ ਸਿੱਧੂ/ਮਨਜਿੰਦਰ ਗਿੱਲ)-

ਸ੍ਰੀ ਅਨੰਦਪੁਰ ਸਾਹਿਬ ਤੋਂ ਗੁਰਦੁਆਰਾ ਮੈਹਦੇਆਣਾ ਸਾਹਿਬ ਲਈ 22 ਦਸੰਬਰ ਨੂੰ ਰਵਾਨਾ ਹੋਏ ਅਲੌਕਿਕ ਦਸਮੇਸ਼ ਪੈਦਲ ਮਾਰਚ ਦਾ ਬੀਤੀ ਰਾਤ ਸ੍ਰੀ ਚਮਕੌਰ ਸਾਹਿਬ ਪੁੱਜਣ 'ਤੇ ਭਰਵਾਂ ਸਵਾਗਤ ਕੀਤਾ ਗਿਆ । ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਅਤੇ ਗੁ: ਮੈਹਦੇਆਣਾ ਸਾਹਿਬ ਦੇ ਮੁੱਖ ਪ੍ਰਬੰਧਕ ਬਾਬਾ ਕੁਲਵੰਤ ਸਿੰਘ ਲੱਖਾ ਦੇ ਪ੍ਰਬੰਧਾਂ ਹੇਠ ਪੁੱਜੇ ਇਸ ਨਗਰ ਕੀਰਤਨ 'ਚ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਕਿਲ੍ਹਾ ਅਨੰਦਗੜ੍ਹ ਸਾਹਿਬ ਛੱਡਣ ਦੇ ਬਿਰਤਾਂਤ ਨੂੰ ਦਰਸਾਉਂਦੀਆਂ ਆਦਮ ਕੱਦ ਤਸਵੀਰਾਂ ਸਜੀਆਂ ਟਰਾਲੀਆਂ ਰਾਤ ਨੂੰ ਬਹੁਤ ਹੀ ਅਲੌਕਿਕ ਨਜ਼ਾਰਾ ਪੇਸ਼ ਕਰ ਰਹੀਆਂ ਸਨ । ਗੁਰਦੁਆਰਾ ਸ੍ਰੀ ਮਹਿਦੇਆਣਾ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਰਾਜਿੰਦਰ ਸਿੰਘ ਰਾਜਾ ਰਸੂਲਪੁਰੀ ਪੂਰੇ ਬਿਰਤਾਂਤ ਨੂੰ ਆਪਣੀ ਆਵਾਜ਼ ਵਿਚ ਪੇਸ਼ ਕਰਦੇ ਨਾਲ ਚੱਲ ਰਹੇ ਸਨ । ਇਸ ਮਾਰਚ 'ਚ ਹਾਥੀ ਘੋੜੇ, ਊਠ ਵੀ ਸ਼ਾਮਿਲ ਸਨ । ਇਹ ਪੈਦਲ ਮਾਰਚ ਮੰਗਲਵਾਰ ਰਾਤ ਨੂੰ ਨੇੜਲੇ ਪਿੰਡ ਦੁਗਰੀ ਵਿਖੇ ਰਾਤ ਦਾ ਵਿਸ਼ਰਾਮ ਕਰਨ ਉਪਰੰਤ ਬੁੱਧਵਾਰ ਦੇਰ ਰਾਤ ਇੱਥੇ ਪੁੱਜਾ ਤੇ ਰਾਤ ਦੇ ਵਿਸ਼ਰਾਮ ਤੋਂ ਬਾਦ ਅੱਜ ਦੁਪਹਿਰ 1 ਵਜੇ ਇੱਥੋਂ ਸ੍ਰੀ ਝਾੜ ਸਾਹਿਬ ਲਈ ਰਵਾਨਾ ਹੋਇਆ ਰਵਾਨਾ ਹੋਣ ਮੌਕੇ ਮੈਨੇਜਰ ਭਾਈ ਮਹਿੰਦਰ ਸਿੰਘ ਚੌਹਾਨਕੇ, ਹੈੱਡ ਗੰ੍ਰਥੀ ਗਿਆਨੀ ਮੇਜਰ ਸਿੰਘ, ਭਾਈ ਗੁਰਇਕਬਾਲ ਸਿੰਘ ਮਾਨ, ਭਾਈ ਮਨਜੀਤ ਸਿੰਘ, ਭਾਈ ਨਰਿੰਦਰ ਸਿੰਘ ਸੋਲਖੀਆਂ, ਜਸਵੀਰ ਸਿੰਘ ਸੈਦਪੁਰ, ਪ੍ਰਧਾਨ ਜਗੀਰ ਸਿੰਘ ਖੋਖਰ, ਕਰਨੈਲ ਸਿੰਘ ਫਤਿਹਪੁਰ ਬੇਟ, ਬਹਾਦਰ ਸਿੰਘ ਲੱਖਾ, ਜਸਵੀਰ ਸਿੰਘ ਮੁਲਾਂਪੁਰੀ, ਸੁਖਦੇਵ ਸਿੰਘ ਦੇੜਕਾ, ਅਜੈਬ ਸਿੰਘ ਯੁਪੀ, ਗੁਰਸੇਵਕ ਸਿੰਘ ਲੱਖਾ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ ।ਨਗਰ ਕੀਰਤਨ ਦੀ ਆਮਦ 'ਤੇ ਸਾਰੇ ਸਥਾਨਕ ਨਹਿਰ ਸਰਹਿੰਦ ਦੇ ਪੁਲ ਗੁ: ਸ੍ਰੀ ਅਮਰਗੜ੍ਹ ਸਾਹਿਬ ਦੇ ਪ੍ਰਬੰਧਕਾਂ ਵਲੋਂ ਦੁੱਧ ਆਦਿ ਦੇ ਲੰਗਰ ਲਗਾਏ ਹੋਏ ਸਨ । ਇਸੇ ਤਰ੍ਹਾਂ ਪਿੰਡ ਬਸੀ ਗੁਜਰਾਂ, ਰਾਏਪੁਰ, ਜੰਡ ਸਾਹਿਬ, ਧੋਲਰਾਂ, ਮੁੰਡੀਆਂ, ਗੱਗੋਂ, ਤਾਲਾਪੁਰ, ਸੱਲ੍ਹੋਮਾਜਰਾ ਪਿੰਡਾਂ ਵਿਚ ਵੀ ਭਰਵਾਂ ਸਵਾਗਤ ਕੀਤਾ ਗਿਆ ।

ਮਹੰਤ ਜੁਝਾਰ ਸਿੰਘ ਦੀ ਸਾਲਾਨਾ ਬਰਸੀ ਮਨਾਈ

ਠੀਕਰੀਵਾਲ ਪਰਿਵਾਰ ਨੇ ਹਮੇਸ਼ਾਂ ਲੋੜਵੰਦਾਂ ਦੀ ਮਦਦ , ਵਿੱਦਿਆ ਅਤੇ ਧਰਮ ਖੇਤਰ ਵਿੱਚ ਵਡਮੁੱਲਾ ਯੋਗਦਾਨ ਪਾਇਆ -ਧਾਰਮਿਕ ਆਗੁੂ

ਬਰਨਾਲਾ , ਦਸੰਬਰ 2019-(ਗੁਰਸੇਵਕ ਸਿੰਘ ਸੋਹੀ)-

ਨਿਰਮਲਾ ਡੇਰਾ ਪਿੰਡ ਠੀਕਰੀਵਾਲ ਵਿਖੇ ਡੇਰੇ ਦੇ ਮੁੱਖ ਸੇਵਾਦਾਰ ਮਹੰਤ ਗੁਰਮੀਤ ਸਿੰਘ ਠੀਕਰੀਵਾਲਾ ਦੀ ਅਗਵਾਈ ਹੇਠ ਗੁਰੂ ਮਹੰਤ ਜੁਝਾਰ ਸਿੰਘ ਦੀ ਸਾਲਾਨਾ 66 ਵੀਂ ਬਰਸੀ  ਬੜੀ ਸ਼ਰਧਾ ਤੇ ਧੂਮ ਧਾਮ ਨਾਲ ਮਨਾਈ ਗਈ । ਜਿਸ ਵਿਚ ਦੇਸ਼ ਵਿਦੇਸ਼ ਦੀਆਂ ਸੰਗਤਾਂ ਤੋਂ ਇਲਾਵਾ ਪੰਜਾਬ ਦੇ ਵੱਖ -ਵੱਖ ਨਿਰਮਲ ਮੰਡਲ ਨਾਲ ਜੁੜੇ ਡੇਰਿਆਂ ਦੇ ਮੁਖੀਆਂ ਵੱਲੋਂ ਵੱਡੀ ਗਿਣਤੀ ਚ ਸ਼ਮੂਲੀਅਤ ਕੀਤੀ ਗਈ । ਸ੍ਰੀ ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ  ਭੋਗ ਪਾਏ ਗਏ । ਇਸ ਮੌਕੇ ਬੋਲਦਿਆਂ ਵੱਖ ਵੱਖ ਧਾਰਮਿਕ ਆਗੂਆਂ ਨੇ ਕਿਹਾ ਕਿ ਠੀਕਰੀਵਾਲ ਪਰਿਵਾਰ ਵਧਾਈ ਦਾ ਪਾਤਰ ਹੈ ਜੋ ਪਿਛਲੇ ਲੰਬੇ ਸਮੇਂ ਤੋਂ ਸਾਡੇ ਸਤਿਕਾਰਯੋਗ ਮਹੰਤ ਜੁਝਾਰ ਸਿੰਘ ਦੀ ਮਿੱਠੀ ਯਾਦ ਨੂੰ ਸਮਰਪਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ  ਲੈ ਕੇ ਬਰਸੀ  ਮਨਾਉਂਦੇ ਆ ਰਹੇ ਹਨ । ਉਨ੍ਹਾਂ ਕਿਹਾ ਕਿ ਅੱਜ ਦਾ ਇਕੱਠ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਮਹੰਤ ਗੁਰਮੀਤ ਸਿੰਘ ਜੀ ਦਾ ਸਮੁੱਚੇ ਪੰਜਾਬ ਵਿੱਚ ਕਿੰਨਾ ਪਿਆਰ ਹੈ l ਉਨ੍ਹਾਂ ਕਿਹਾ ਕਿ ਮਹੰਤ ਜੁਝਾਰ ਸਿੰਘ ਜੀ ਦੇ ਨਕਸ਼ੇ ਕਦਮਾਂ ਤੇ ਚੱਲਦੇ ਹੋਏ ਮਾਤਾ ਪ੍ਰੀਤਮ ਕੌਰ ,ਮਹੰਤ ਗੁਰਮੀਤ ਸਿੰਘ ਅਤੇ ਮਹੰਤ ਮਨਜੀਤ ਸਿੰਘ ਜਿੱਥੇ ਨਿਰਮਲਾ ਭੇਖ ਮੰਡਲ ਦੀਆਂ ਹਰ ਸੇਵਾਵਾਂ ਵਿੱਚ ਆਪਣਾ ਜਿਕਰਯੋਗ ਯੋਗਦਾਨ ਪਾਉਂਦੇ ਹਨ ਤੇ ਉਕਤ ਡੇਰੇ ਨੂੰ ਬੜੀ ਹੀ ਤਨਦੇਹੀ ਤੇ ਸ਼ਰਧਾ ਨਾਲ ਸੇਵਾ ਨਿਭਾ ਰਹੇ ਹਨ ,ਉੱਥੇ ਮਹੰਤ ਗੁਰਮੀਤ ਸਿੰਘ ਵੱਲੋਂ ਵਿੱਦਿਆ ਖੇਤਰ ਵਿਚ ਵੀ ਆਪਣਾ ਵਡਮੁੱਲਾ ਯੋਗਦਾਨ ਪਾ ਰਹੇ ਹਨ ।  ਉਨ੍ਹਾਂ ਕਿਹਾ ਕਿ ਇਨ੍ਹਾਂ ਦਾ ਸਮੁੱਚਾ ਪਰਿਵਾਰ ਹਮੇਸ਼ਾ ਲੋੜਵੰਦ ਅਤੇ ਸਮਾਜ ਸੇਵੀ ਕੰਮਾਂ ਵਿੱਚ ਵੱਧ ਚੜ੍ਹ ਕੇ ਤਨੋ, ਮਨੋਂ ਅਤੇ ਧਨੋਂ ਜ਼ਿਕਰਯੋਗ ਯੋਗਦਾਨ ਪਾਉਂਦਾ ਆ ਰਿਹਾ ਹੈ । ਸਮਾਗਮ ਦੇ ਅਖੀਰ ਚ ਡੇਰੇ ਦੇ ਮੁੱਖ ਪ੍ਰਬੰਧਕ ਮਹੰਤ ਗੁਰਮੀਤ ਸਿੰਘ ਠੀਕਰੀਵਾਲ ਨੇ ਸਾਰੀਆਂ ਆਈਆਂ ਹੋਈਆਂ ਸੰਗਤਾਂ ਅਤੇ ਸਾਧੂ ਮਹੰਤਾਂ ਦਾ ਧੰਨਵਾਦ ਕੀਤਾ ।ਇਸ ਮੌਕੇ ਮਹੰਤ ਹਾਕਮ ਸਿੰਘ ਗੰਡਾਸਿੰਘਵਾਲਾ ,ਮਹੰਤ ਯਾਦਵਿੰਦਰ ਸਿੰਘ ਚੰਨਣਵਾਲ' ਮਹੰਤ ਈਸ਼ਰ ਸਿੰਘਾ ਮਹੰਤ ਬਲਦੇਵ ਸਿੰਘ ਸੰਘੇੜਾ, ਡੀਐਸਪੀ ਰਾਜੇਸ਼ ਛਿੱਬਰ, ਚੇਅਰਪਰਸਨ ਬਲਾਕ ਸੰਮਤੀ ਸਰਬਜੀਤ ਕੌਰ ਖੁੱਡੀ ,ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਹਰਦੇਵ ਸਿੰਘ ਸਰਾਂ, ਰਣਜੀਤ ਸਿੰਘ ਕਲਾਲਾ, ਬਲਾਕ ਪ੍ਰਧਾਨ ਕਾਂਗਰਸ ਤੇਜਪਾਲ ਸਿੰਘ ਸੱਦੋਵਾਲ, ਸਾਬਕਾ ਚੇਅਰਮੈਨ ਰਾਜਵਿੰਦਰ ਸਿੰਘ ਰਾਜੂ ਠੀਕਰੀਵਾਲ, ਐਸਐਚਓ ਬਲਜੀਤ ਸਿੰਘ ਢਿੱਲੋਂ, ਐਸਐਚਓ ਜਗਜੀਤ ਸਿੰਘ, ਕੁਲਦੀਪ ਸਿੰਘ ਸੰਧੂ, ਆੜ੍ਹਤੀਆ ਸੁਭਾਸ਼ ਕੁਮਾਰ ਕੁੁਰੜ ਵਾਲੇ ਸਮੇਤ ਵੱਡੀ ਗਿਣਤੀ ਵਿੱਚ ਸਾਧੂ, ਮਹੰਤ ਅਤੇ  ਪੰਜਾਬ ਭਰ ਦੀਆਂ ਸੰਗਤਾਂ ਹਾਜ਼ਰ ਸਨ ।

ਸੰਤ ਜਗਜੀਤ ਸਿੰਘ ਲੋਪੋ ਵਾਲਿਆਂ ਦੇ ਧਾਰਮਿਕ ਦੀਵਾਨ 28 ਨੂੰ ਬਰਨਾਲਾ ਚ - ਪ੍ਰਧਾਨ ਸੰਧੂ

ਬਰਨਾਲਾ , ਦਸੰਬਰ 2019-(ਗੁਰਸੇਵਕ ਸਿੰਘ ਸੋਹੀ)- 

ਦਰਬਾਰ ਸੰਪ੍ਰਦਾਇ ਸੰਤ ਆਸ਼ਰਮ ਲੋਪੋ ਸਾਹਿਬ ਮੋਗਾ ਵਾਲਿਆਂ ਵੱਲੋਂ ਸੰਤ ਜਗਜੀਤ ਸਿੰਘ ਲੋਪੋ ਵਾਲਿਆਂ ਦੇ  ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ  ਪ੍ਰਕਾਸ਼ ਉਸਤਵ ਨੂੰ ਸਮਰਪਿਤ  "ਦਰਬਾਰ ਧਾਰਮਿਕ ਨੂਰੀ" ਦੀਵਾਨ 28 ਅਤੇ 29ਦਸੰਬਰ ਦਿਨ ਸ਼ਨੀਵਾਰ ਤੇ ਐਤਵਾਰ ਨੂੰ ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਗੁਰਦੁਆਰਾ ਸਾਹਿਬ ਬਾਬਾ ਕਾਲਾ ਮਾਹਿਰ ਜੀ ਬਰਨਾਲਾ ਵਿਖੇ ਸਜਾਏ ਜਾ ਰਹੇ ਹਨ । ਇਹ ਜਾਣਕਾਰੀ ਪੱਤਰਕਾਰਾਂ ਨੂੰ ਦਿੰਦੇ ਗੁਰਦੁਆਰਾ ਕਮੇਟੀ ਪ੍ਰਧਾਨ ਸੁਰਜੀਤ ਸਿੰਘ ਸੰਧੂ ਖ਼ਜ਼ਾਨਚੀ ਦਵਿੰਦਰ ਸਿੰਘ ਅਤੇ ਅਕਾਊਂਟੈਂਟ ਗੁਰਜੰਟ ਸਿੰਘ ਨੇ ਦੱਸਿਆ ਕਿ 27 ਦਸੰਬਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਹੋਣਗੇ ਤੇ 29  ਦਸੰਬਰ ਨੂੰ ਭੋਗ ਪਾਏ ਜਾਣਗੇ।  ਉਨ੍ਹਾਂ ਦੱਸਿਆ ਕਿ ਮਿਤੀ 28ਅਤੇ 29 ਦਸੰਬਰ  ਨੂੰ ਢਾਡੀ ਤੇ ਕਵੀਸ਼ਰੀ ਜਥੇ ਸਵੇਰੇ 9 ਵਜੇ ਤੋਂ ਲੈ ਕੇ ਦੁਪਹਿਰ1 ਵਜੇ ਤੱਕ ਗੁਰ ਇਤਿਹਾਸ ਸੁਣਾ ਕੇ ਸੰਗਤ ਨੂੰ ਨਿਹਾਲ ਕਰਨਗੇ,  ਉਪਰੰਤ ਸੰਤ ਜਗਜੀਤ ਸਿੰਘ ਜੀ ਲੋਪੋਂ ਵਾਲੇ ਅਮਰ ਕਥਾ ਕਰਨਗੇ । ਉਨ੍ਹਾਂ ਇਲਾਕੇ ਦੀਆਂ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਉਕਤ ਸਮਾਗਮ ਵਿੱਚ ਪਰਿਵਾਰਾਂ ਸਮੇਤ ਪੁੱਜ ਕੇ ਆਪਣਾ ਜੀਵਨ ਸਫਲ ਕਰੋ ।

 

ਅੱਜ ਦੇ ਦਿਨ ਦਾ ਇਤਿਹਾਸ : ਮਿਤੀ 26 ਦਸੰਬਰ, (11 ਪੋਹ) 

ਨਿੱਕੀਆਂ ਜ਼ਿੰਦਾਂ ਵੱਡਾ ਸਾਕਾ - ਸ਼ਹੀਦੀ ਸਾਕੇ ਦਾ ਛੇਵਾਂ ਦਿਨ 

ਅੱਜ ਦੇ ਦਿਨ ਦਾ ਇਤਿਹਾਸ : ਮਿਤੀ 26 ਦਸੰਬਰ, (11 ਪੋਹ) 

ਅੱਜ ਦੇ ਦਿਨ, ਸਾਹਿਬਜ਼ਾਦਿਆਂ ਨੂੰ ਸਰਹਿੰਦ ਦੇ ਸੂਬੇਦਾਰ ਨਵਾਬ ਵਜ਼ੀਰ ਖਾਨ ਦੀ ਕਚਹਿਰੀ ਵਿੱਚ ਪੇਸ਼ ਕੀਤਾ ਗਿਆ। 

ਛੋਟੇ ਸਾਹਿਬਜ਼ਾਦਿਆਂ ਨੂੰ ਵਜ਼ੀਰ ਖ਼ਾਨ ਨੇ ਧਰਮ ਬਦਲਣ ਲਈ ਡਰਾਇਆ ਅਤੇ ਲਾਲਚ ਵੀ ਦਿੱਤੇ ਪਰ ਉਹ ਨਿੱਕੀਆਂ ਜ਼ਿੰਦਾਂ ਅਡੋਲ ਰਹੀਆਂ। 

ਮੋਤੀ ਰਾਮ ਮਹਿਰਾ ਜੀ ਨੇ ਸਾਹਿਬਜ਼ਾਦਿਆਂ ਨੂੰ ਦੁੱਧ ਪਿਲਾਉਣ ਦੀ ਮਹਾਨ ਸੇਵਾ ਜਾਰੀ ਰੱਖੀ। ਮਾਤਾ ਜੀ ਅਤੇ ਸਾਹਿਬਜ਼ਾਦਿਆਂ ਤੱਕ ਪਹੁੰਚਣ ਦਾ ਪ੍ਰਬੰਧ ਕਰਨ ਲਈ ਉਸਨੇ ਆਪਣੀ ਘਰਵਾਲੀ ਦੇ ਗਹਿਣੇ ਅਤੇ ਘਰ ਤੱਕ ਵੇਚ ਦਿੱਤਾ।

ਮਾਤਾ ਗੁਜਰ ਕੌਰ ਜੀ ਨੇ ਪਰਮਾਤਮਾ ਦਾ ਭਾਣਾ ਮਿੱਠਾ ਕਰਕੇ ਮੰਨਿਆ ਅਤੇ ਛੋਟੇ ਸਾਹਿਬਜ਼ਾਦਿਆਂ (ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫ਼ਤਿਹ ਸਿੰਘ ਜੀ) ਨਾਲ ਠੰਢੇ ਬੁਰਜ ਵਿੱਚ ਰਹੇ।

ਅੱਜ ਦੇ ਇਤਿਹਾਸ ਤੋਂ ਸਾਨੂੰ ਇਹ ਪ੍ਰੇਰਨਾ ਮਿਲਦੀ ਹੈ ਕਿ ਜਿਵੇਂ ਨਿੱਕੀਆਂ ਜ਼ਿੰਦਾਂ ਨੇ ਵਜ਼ੀਰ ਖਾਨ ਦੇ ਲਾਲਚ ਅਤੇ ਡਰਾਵੇ ਅੱਗੇ ਆਪਣਾ ਧਰਮ ਨਹੀਂ ਹਾਰਿਆ ਅਤੇ ਅਡੋਲ ਰਹੇ, ਇਸੇ ਤਰ੍ਹਾਂ ਸਾਨੂੰ ਵੀ ਸਿੱਖੀ ਕੇਸਾਂ ਸੁਆਸਾਂ ਸੰਗ ਨਿਭਾਉਣ ਲਈ ਦ੍ਰਿੜ੍ਹ ਹੋਣਾ ਚਾਹੀਦਾ ਹੈ। 

ਆਓ ਅੱਜ ਆਪਾਂ ਵੀ ਇਹ ਪ੍ਰਣ ਕਰੀਏ ਕਿ ਅਸੀਂ ਵੀ ਮਾਤਾ ਗੁਜਰ ਕੌਰ ਜੀ ਦੀ ਤਰ੍ਹਾਂ ਆਪਣੇ ਪਰਿਵਾਰਾਂ ਵਿੱਚ ਬੱਚਿਆਂ ਦੀ ਸੁਚੱਜੀ ਪਰਵਰਿਸ਼ ਕਰਨ ਦੀ ਜ਼ੁੰਮੇਵਾਰੀ ਨਿਭਾਵਾਂਗੇ ਤਾਂ ਜੋ ਸਾਡੇ ਬੱਚੇ ਵੀ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਜੀ ਅਤੇ ਸਾਹਿਬਜ਼ਾਦਾ ਫ਼ਤਿਹ ਸਿੰਘ ਜੀ ਦੀ ਤਰ੍ਹਾਂ ਗੁਰੂ ਕੌਮ ਦੀ ਸੇਵਾ ਲਈ ਆਪਾ ਵਾਰਨ ਲਈ ਤਿਆਰ ਬਰ ਤਿਆਰ ਹੋ ਸਕਣ। ਇਹੀ ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। 

ਜੀਵੀਏ ਗੁਰਬਾਣੀ ਨਾਲ ਲਹਿਰ

ਆਤਮ ਪਰਗਾਸ ਸੋਸ਼ਲ ਵੈਲਫ਼ੇਅਰ ਕੌਂਸਲ

officeatampargas@gmail.com

http://www.atampargas.org

99, ਪ੍ਰੀਤ ਵਿਹਾਰ, ਦਾਦ, ਪੱਖੋਵਾਲ ਰੋਡ, ਲੁਧਿਆਣਾ-142022

 

ਜਨ ਸਕਤੀ ਨਿਉਜ ਬਹੁਤ ਧੰਨਵਾਦੀ ਹੈ ਜੀਵੀਏ ਗੁਰਬਾਣੀ ਨਾਲ ਲਹਿਰ ,ਆਤਮ ਪਰਗਾਸ ਸੋਸ਼ਲ ਵੈਲਫ਼ੇਅਰ ਕੌਂਸਲ ਦਾ ਅਤੇ ਸ ਹਰਨਰਾਇਣ ਸਿੰਘ ਮੱਲ੍ਹੇਆਣਾ ਜੀ ਜਿਨ੍ਹਾਂ ਇਹ ਭਰਭੂਰ ਜਾਣਕਾਰੀ ਸਾਂਝੀ ਕੀਤੀ-

ਬੀਹਲਾ ਦਾ ਕਬੱਡੀ ਕੱਪ 18 ਜਨਵਰੀ ਤੋਂ ਸ਼ੁਰੂ -ਸਰਪੰਚ ਮਿੰਟੂ ਬੀਹਲਾ

ਬਰਨਾਲਾ,ਦਸੰਬਰ 2019-(/ਗੁਰਸੇਵਕ ਸਿੰਘ ਸੋਹੀ )- ਬਾਬਾ ਬੁੱਢਾ ਦੀ ਟੂਰਨਾਮੈਂਟ ਕਮੇਟੀ,ਯੁਵਕ ਸੇਵਾਵਾਂ ਕਲੱਬ ,ਗ੍ਰਾਮ ਪੰਚਾਇਤ ਸਮੂਹ ਨਗਰ ਨਿਵਾਸੀਆਂ ਤੇ ਐੱਨ ਆਰ ਆਈ  ਵੀਰਾਂ ਦੇ ਸਹਿਯੋਗ ਨਾਲ ਸਾਲਾਨਾ ਕਬੱਡੀ ਕੱਪ ਮਿਤੀ 18,19 ਅਤੇ 20 ਜਨਵਰੀ 2020  ਨੂੰ ਕਰਵਾਇਆ ਜਾ ਰਿਹਾ ਹੈ l ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ     ਉੱਘੇ ਖੇਡ ਪ੍ਰਮੋਟਰ ਤੇ  ਸਰਪੰਚ ਕਿਰਨਜੀਤ ਸਿੰਘ ਮਿੰਟੂ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਟੂਰਨਾਮੈਂਟ ਸਭ ਦੇ ਸਹਿਯੋਗ ਨਾਲ ਪਿੰਡ ਬੀਹਲਾ  ਦੇ ਸਟੇਡੀਅਮ ਵਿਖੇ ਕਰਵਾਇਆ ਜਾ ਰਿਹਾ ਹੈ । ਜਿਸ ਵਿੱਚ ਪੰਜਾਬ ਦੀਆਂ ਚੋਟੀ ਦੀਆਂ ਟੀਮਾਂ ਆਪਣੀ ਖੇਡ ਦਾ ਪ੍ਰਦਰਸ਼ਨ ਕਰਨਗੀਆਂ। ਉਨ੍ਹਾਂ  ਸਮੂਹ ਕਬੱਡੀ ਪ੍ਰੇਮੀਆਂ ਨੂੰ ਇਸ ਕਬੱਡੀ ਕੱਪ ਵਿੱਚ ਵੱਡੀ ਗਿਣਤੀ ਵਿੱਚ ਪੁੱਜਣ ਦੀ ਅਪੀਲ ਕੀਤੀ ।

ਗੁਰਪ੍ਰੀਤ ਹੋਲੀ ਹਾਰਟ ਪਬਲਿਕ ਸਕੂਲ ਵੰਡ ਰਿਹਾ ਹਲਕੇ ਚ ਵਿੱਦਿਆ ਰੂਪੀ ਚਾਨਣ- ਗੋਇਲ

ਬਰਨਾਲਾ, ਦਸੰਬਰ 2019 -(ਗੁਰਸੇਵਕ ਸਿੰਘ ਸੋਹੀ )-  ਹਲਕੇ ਦੀ ਮੰਨੀ ਪ੍ਰਮੰਨੀ ਨਾਮਵਰ ਵਿੱਦਿਅਕ ਸੰਸਥਾ ਤੇ ਆਧੁਨਿਕ ਸਹੂਲਤਾਂ ਨਾਲ ਲੈਸ ਗੁਰਪ੍ਰੀਤ ਹੋਲੀ ਹਾਰਟ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਮਹਿਲ ਕਲਾਂ ਜੋ ਕਿ ਪੇਂਡੂ ਖੇਤਰ ਅੰਦਰ ਵਿੱਦਿਆ ਰੂਪੀ ਚਾਨ਼ਣ ਵੰਡ ਰਿਹਾ ਹੈl ਇਹ ਵਿਚਾਰ ਗੁਰਪ੍ਰੀਤ ਹੌਲੀ ਹਾਰਟ ਪਬਲਿਕ ਸਕੂਲ ਮਹਿਲ ਕਲਾਂ ਦੇ ਮੈਨੇਜਿੰਗ ਡਾਇਰੈਕਟਰ ਸੁਸ਼ੀਲ ਕੁਮਾਰ ਗੋਇਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤੇl ਉਨ੍ਹਾਂ ਕਿਹਾ ਕਿ ਇਸ ਸੰਸਥਾ ਦਾ ਮਿਸ਼ਨ ਵਿਦਿਆਰਥੀਆਂ ਨੂੰ ਸਮੇਂ ਦੇ ਹਾਣੀ ਬਣਾਉਣਾ ਹੈ, ਇਸ ਮਿਸ਼ਨ ਨੂੰ ਪੂਰਾ ਕਰਨ ਲਈ ਵਿਦਿਆਰਥੀਆਂ ਨੂੰ ਆਈਲੈਟਸ ਲੈਬ, ਸਾਇੰਸ ਲੈਬ, ਮੈਥ ਲੈਬ ,ਕੰਪਿਊਟਰ ਲੈਬ ,ਏਸੀ, ਬਿਲਡਿੰਗ  ( ਲਿਟਲਗੀਗਲਜ  ), ਲਾਇਬ੍ਰੇਰੀ ,ਮਿਊਜ਼ਿਕ ਰੂਮ ,ਆਰਟ ਰੂਮ, ਡਾਂਸ ਰੂਮ ਅਤੇ ਵਧੀਆ ਟਰਾਂਸਪੋਰਟ ਸਹੂਲਤ ਆਦਿ ਹਰ ਤਰ੍ਹਾਂ ਦੀ ਸਹੂਲਤ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ,ਜਿੱਥੇ ਤਜ਼ਰਬੇਕਾਰ ਸਟਾਫ਼ ਵੱਲੋਂ ਵਿਦਿਆਰਥੀਆਂ ਨੂੰ ਵਧੀਆ ਵਿੱਦਿਆ ਦਿੱਤੀ ਜਾਂਦੀ ਹੈ, ਉੱਥੇ ਤੰਦਰੁਸਤ ਸਿਹਤ ਨੂੰ ਧਿਆਨ ਚ ਰੱਖਦੇ ਹੋਏ ਹਰ ਸਾਲ  ਬਾਂਸਲ ਨੇ ਕਿਹਾ ਕਿ ਇਹ ਸੰਸਥਾ ਬੱਚਿਆਂ ਦੇ ਸੁਨਹਿਰੀ ਭਵਿੱਖ ਲਈ ਹਮੇਸ਼ਾਂ ਕੰਮ ਕਰਦੀ ਰਹੇਗੀ ਤੇ ਇਸ ਸਕੂਲ ਵਿੱਚ ਦੂਸਰੇ ਸਕੂਲਾਂ ਤੋਂ ਇਲਾਵਾ ਵਧੀਆ ਪੜ੍ਹਾਈ ਕਰਵਾਈ ਜਾ ਰਹੀ ਹੈ, ਇਸ ਸਕੂਲ ਦਾ ਨਤੀਜਾ ਹਰ ਸਾਲ ਸੌ ਪ੍ਰਤੀਸ਼ਤ ਆਉਂਦਾ ਹੈ ।