ਭਾਰਤ

ਭਾਜਪਾ ਵੱਲੋਂ ਚੋਣ ਕਮਿਸ਼ਨ ਕੋਲ ‘ਆਪ’ ਦੀ ਸ਼ਿਕਾਇਤ

ਨਵੀਂ ਦਿੱਲੀ,  ਦਿੱਲੀ ਦੀ ਭਾਜਪਾ ਇਕਾਈ ਵੱਲੋਂ ਆਮ ਆਦਮੀ ਪਾਰਟੀ ਦੇ ਇਸ਼ਤਿਹਾਰਾਂ ਦੀ ਸ਼ਿਕਾਇਤ ਚੋਣ ਕਮਿਸ਼ਨ ਨੂੰ ਕੀਤੀ ਗਈ ਹੈ ਤੇ ਉਸ ਵਿੱਚ ਅਜਿਹੇ ਇਸ਼ਤਿਹਾਰਾਂ ਨੂੰ ਝੂਠੇ ਕਰਾਰ ਦਿੱਤਾ ਗਿਆ ਹੈ। ਦਿੱਲੀ ਭਾਜਪਾ ਦੇ ਮੀਤ ਪ੍ਰਧਾਨ ਜੈ ਪ੍ਰਕਾਸ਼ ਵੱਲੋਂ ਚੋਣ ਕਮਿਸ਼ਨ ਨੂੰ ਪੱਤਰ ਲਿਖਿਆ ਗਿਆ ਹੈ ਜਿਸ ਵਿੱਚ ਉਨ੍ਹਾਂ ਲਿਖਿਆ ਕਿ ‘ਆਪ’ ਨੇ ਦਿੱਲੀ ਵਿੱਚ ਥਾਂ-ਥਾਂ ਬੋਰਡ ਲਾਏ ਹੋਏ ਹਨ ਜਿਨ੍ਹਾਂ ਉਪਰ ਜੋ ਵਾਅਦੇ ਦਰਸਾਏ ਗਏ ਹਨ, ਉਹ ਝੂਠੇ ਹਨ ਤੇ ਭਰਮਾਊ ਹਨ ਜੋ ਚੋਣ ਜ਼ਾਬਤੇ ਦੀ ਉਲੰਘਣਾ ਹਨ। ਦਰਅਸਲ ‘ਆਪ’ ਵੱਲੋਂ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਦੌਰਾਨ ਦਿੱਲੀ ਨੂੰ ਪੂਰਨ ਰਾਜ ਦਾ ਦਰਜਾ ਦੇਣ ਦਾ ਮੁੱਖ ਵਾਅਦਾ ਕੀਤਾ ਜਾ ਰਿਹਾ ਹੈ ਤੇ ਦਿੱਲੀ ਵਾਸੀਆਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਦਿੱਲੀ ਦੀਆਂ ਸਾਰੀਆਂ ਸੱਤ ਲੋਕ ਸਭਾ ਸੀਟਾਂ ‘ਆਪ’ ਨੂੰ ਜਿਤਾਉਣ ਤਾਂ ਜੋ ਰਾਜਧਾਨੀ ਨੂੰ ਪੂਰਨ ਰਾਜ (ਐਨਡੀਐਮਸੀ ਖੇਤਰ ਛੱਡ ਕੇ) ਦਾ ਦਰਜਾ ਦਿਵਾਇਆ ਜਾ ਸਕੇ। ਇਸ ਦਰਜੇ ਦੀ ਪ੍ਰਾਪਤੀ ਮਗਰੋਂ ਦਿੱਲੀ ਸਰਕਾਰ ਹਰੇਕ ਲਈ ਘਰ ਦੇ ਸਕਦੀ ਹੈ ਤੇ ਦਿੱਲੀ ਦੇ ਵਿਦਿਆਰਥੀਆਂ ਦੇ ਕਾਲਜਾਂ ਵਿੱਚ ਦਾਖ਼ਲੇ ਸੌਖੇ ਹੋ ਸਕਣਗੇ। ਇਹ ਮੰਗ ਕਦੇ ਭਾਜਪਾ ਦੇ ਆਗੂ ਵਿਜੈ ਗੋਇਲ ਵੀ ਕਰ ਚੁੱਕੇ ਹਨ ਤੇ ਭਾਜਪਾ ਸਮੇਤ ਕਾਂਗਰਸ ਵੀ ਦਿੱਲੀ ਨੂੰ ਪੂਰਨ ਰਾਜ ਦਾ ਦਰਜਾ ਦੇਣ ਦੀ ਮੰਗ ਕਰ ਚੁੱਕੀ ਹੈ। ‘ਆਪ’ ਵੱਲੋਂ ਕਿਹਾ ਗਿਆ ਹੈ ਕਿ ਇਹ ਸਾਰੇ ਵਾਅਦੇ ਦਿੱਲੀ ਨੂੰ ਪੂਰਨ ਰਾਜ ਦਾ ਦਰਜਾ ਮਿਲਣ ਮਗਰੋਂ ਹੀ ਪੂਰੇ ਕੀਤੇ ਜਾ ਸਕਦੇ ਹਨ। ਭਾਜਪਾ ਆਗੂ ਨੇ ਕਿਹਾ ਕਿ ਦਿੱਲੀ ਕੇਂਦਰ ਅਧੀਨ ਆਉਂਦਾ ਹੋਣ ਕਰਕੇ ਮੁੱਖ ਮੰਤਰੀ ਨੂੰ ਅਜਿਹੀਆਂ ਗੱਲਾਂ ਨਹੀਂ ਕਰਨੀ ਚਾਹੀਦੀਆਂ। ਉਧਰ ‘ਆਪ’ ਵਿਧਾਇਕ ਜਰਨੈਲ ਸਿੰਘ ਨੇ ਕਿਹਾ ਕਿ ਭਾਜਪਾ ਨੇ ਹਮੇਸ਼ਾਂ ਹੀ ਝੂਠੇ ਵਾਅਦੇ ਕੀਤੇ ਹਨ ਤੇ 15 ਲੱਖ ਰੁਪਏ ਦੇਣ, ਹਰ ਸਾਲ 2 ਕਰੋੜ ਨੌਕਰੀਆਂ ਦੇਣ ਤੇ ਹੋਰ ਵਾਅਦੇ ਕੀਤੇ ਜੋ ਪੂਰੇ ਨਹੀਂ ਕੀਤੇ ਜਾ ਸਕੇ। ਵਿਧਾਇਕ ਨੇ ਕਿਹਾ ਕਿ ਦਿੱਲੀ ਸਰਕਾਰ ਨੇ ਆਪਣੇ 2015 ਦੇ ਚੋਣ ਮਨੋਰਥ ਪੱਤਰ ਦੇ ਮੁੱਖ ਵਾਅਦੇ ਪੂਰੇ ਕੀਤੇ ਹਨ ਤੇ ਅੱਗੋਂ ਵੀ ਪ੍ਰਕਿਰਿਆ ਜਾਰੀ ਹੈ।

ਪਾਕਿਸਤਾਨ ਨੇ ਭਾਰਤੀ ਉਡਾਣਾਂ ਲਈ ਆਰਜ਼ੀ ਲਾਂਘਾ ਖੋਲ੍ਹਿਆ

ਨਵੀਂ ਦਿੱਲੀ, ਪਾਕਿਸਤਾਨ ਨੇ ਆਪਣੇ 11 ਹਵਾਈ ਰਸਤਿਆਂ ਵਿੱਚੋਂ ਇਕ ਨੂੰ ਭਾਰਤ ਤੋਂ ਪੱਛਮੀ ਮੁਲਕਾਂ ਨੂੰ ਜਾਣ ਵਾਲੀਆਂ ਉਡਾਣਾਂ ਲਈ ਖੋਲ੍ਹ ਦਿੱਤਾ ਹੈ। ਸਰਕਾਰ ਦੇ ਸਿਖਰਲੇ ਅਧਿਕਾਰੀ ਨੇ ਅੱਜ ਦੱਸਿਆ ਕਿ ਏਅਰ ਇੰਡੀਆ ਤੇ ਤੁਰਕੀ ਏਅਰਲਾਈਨਜ਼ ਜਿਹੀਆਂ ਹਵਾਈ ਕੰਪਨੀਆਂ ਨੇ ਇਸ ਹਵਾਈ ਰਸਤੇ ਉਡਾਣਾਂ ਸ਼ੁਰੂ ਕਰ ਦਿੱਤੀਆਂ ਹਨ। ਅਧਿਕਾਰੀ ਨੇ ਕਿਹਾ ਕਿ ਪਾਕਿਸਤਾਨ ਆਰਜ਼ੀ ਤੌਰ ’ਤੇ ਆਪਣੇ ਹਵਾਈ ਖੇਤਰਾਂ ਨੂੰ ਖੋਲ੍ਹਣ ਲੱਗਾ ਹੈ। ਗੁਆਂਢੀ ਮੁਲਕ ਨੇ ਵੀਰਵਾਰ ਨੂੰ ਪੱਛਮ ਵੱਲੋਂ ਆਉਣ ਵਾਲੀਆਂ ਉਡਾਣਾਂ ਲਈ 11 ਹਵਾਈ ਰਸਤਿਆਂ ’ਚੋਂ ਇਕ ਨੂੰ ਖੋਲ੍ਹ ਦਿੱਤਾ ਸੀ। ਉਧਰ ਪੀ518 ਹਵਾਈ ਰਸਤਾ ਖੁੱਲ੍ਹਣ ਦੇ ਬਾਵਜੂਦ ਅਮਰੀਕੀ ਏਅਰਲਾਈਨ ਕੰਪਨੀ ਯੂਨਾਈਟਿਡ ਏਅਰਲਾਈਨਜ਼ ਨੇ ਸ਼ੁੱਕਰਵਾਰ ਨੂੰ ਕੀਤੇ ਐਲਾਨ ਮੁਤਾਬਕ ਨੇਵਾਰਕ ਹਵਾਈ ਅੱਡੇ ਤੇ ਦਿੱਲੀ ਹਵਾਈ ਅੱਡੇ ਤਕ ਜਾਣ ਵਾਲੀਆਂ ਆਪਣੀਆਂ ਉਡਾਣਾਂ ਨੂੰ ਦੋ ਹਫ਼ਤੇ ਲਈ ਮੁਅੱਤਲ ਕਰ ਦਿੱਤਾ ਹੈ। ਭਾਰਤੀ ਹਵਾਈ ਫੌਜ ਵੱਲੋਂ ਬਾਲਾਕੋਟ ਵਿਚਲੇ ਦਹਿਸ਼ਤੀ ਕੈਂਪ ਨੂੰ ਨਿਸ਼ਾਨਾ ਬਣਾ ਕੇ ਕੀਤੇ ਹਵਾਈ ਹਮਲੇ ਮਗਰੋਂ ਪਾਕਿਸਤਾਨ ਨੇ ਆਪਣਾ ਹਵਾਈ ਖੇਤਰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਸੀ। ਹਾਲਾਂਕਿ ਗੁਆਂਢੀ ਮੁਲਕ ਨੇ 27 ਮਾਰਚ ਨੂੰ ਬੈਂਕਾਕ, ਨਵੀਂ ਦਿੱਲੀ ਤੇ ਕੁਆਲਾਲੰਪੁਰ ਜਾਣ ਵਾਲੀਆਂ ਸਾਰੀਆਂ ਉਡਾਣਾਂ ਲਈ ਆਪਣਾ ਹਵਾਈ ਖੇਤਰ ਖੋਲ੍ਹ ਦਿੱਤਾ ਸੀ। ਅਧਿਕਾਰੀ ਨੇ ਕਿਹਾ, ‘ਪੀ518 ਰਾਹ ਦੱਖਣੀ ਪਾਕਿਸਤਾਨ ਦੇ ਉਪਰੋਂ ਦੀ ਲੰਘਦਾ ਹੈ ਇਸ ਲਈ ਦਿੱਲੀ ਤੋਂ ਪੱਛਮ ਵੱਲ ਜਾਣ ਵਾਲੀਆਂ ਉਡਾਣਾਂ ਦਾ ਸਮਾਂ ਵਿਹਾਰਕ ਰੂਪ ’ਚ ਨਹੀਂ ਘਟੇਗਾ।’ ਪਾਕਿਸਤਾਨ ਵੱਲੋਂ ਹਵਾਈ ਖੇਤਰ ਬੰਦ ਕੀਤੇ ਜਾਣ ਮਗਰੋਂ ਕਈ ਵਿਦੇਸ਼ੀ ਏਅਰਲਾਈਨਜ਼ ਨੇ ਦਿੱਲੀ ਜਾਣ ਵਾਲੀਆਂ ਆਪਣੀਆਂ ਉਡਾਣਾਂ ਨੂੰ ਮੁਅੱਤਲ ਕਰਨ ਦਾ ਫ਼ੈਸਲਾ ਕੀਤਾ ਸੀ ਕਿਉਂਕਿ ਉਨ੍ਹਾਂ ਲਈ ਮੁੰਬਈ ਹਵਾਈ ਖੇਤਰ ਤੋਂ ਲੰਮਾ ਰਾਹ ਲੈਣਾ ਵਪਾਰਕ ਨਜ਼ਰੀਏ ਤੋਂ ਵਿਹਾਰਕ ਨਹੀਂ ਸੀ।

ਲੋਕ ਸਭਾ ਚੋਣਾਂ ਦੇ ਚੌਥੇ ਪੜਾਅ ਲਈ ਨੋਟੀਫਿਕੇਸ਼ਨ ਜਾਰੀ

ਨਵੀਂ ਦਿੱਲੀ,  ਅਪਰੈਲ ਚੋਣ ਕਮਿਸ਼ਨ ਨੇ ਅੱਜ ਚੌਥੇ ਪੜਾਅ ਦੀਆਂ 29 ਅਪਰੈਲ ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ ਵਾਸਤੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਇਹ ਚੋਣਾਂ ਨੌਂ ਸੂਬਿਆਂ ਦੀਆਂ 71 ਲੋਕ ਸਭਾ ਸੀਟਾਂ ਲਈ ਕਰਵਾਈਆਂ ਜਾਣਗੀਆਂ। 29 ਅਪਰੈਲ ਨੂੰ ਬਿਹਾਰ ਦੀਆਂ ਪੰਜ, ਝਾਰਖੰਡ ਦੀਆਂ ਤਿੰਨ, ਮੱਧ ਪ੍ਰਦੇਸ਼ ਦੀਆਂ ਛੇ, ਮਹਾਰਾਸ਼ਟਰ ਦੀਆਂ 17, ਉੜੀਸਾ ਦੀਆਂ ਛੇ, ਰਾਜਸਥਾਨ ਤੇ ਉੱਤਰ ਪ੍ਰਦੇਸ਼ ਦੀਆਂ 13-13 ਅਤੇ ਪੱਛਮੀ ਬੰਗਾਲ ਦੀਆਂ ਅੱਠ ਸੀਟਾਂ ’ਤੇ ਚੋਣਾਂ ਹੋਣਗੀਆਂ। ਨੋਟੀਫਿਕੇਸ਼ਨ ਅਨੁਸਾਰ ਨਾਮਜ਼ਦਗੀ ਕਾਗਜ਼ ਅੱਜ ਤੋਂ 9 ਅਪਰੈਲ ਤੱਕ ਭਰੇ ਜਾ ਸਕਣਗੇ। ਕਾਗਜ਼ਾਂ ਦੀ ਪੜਤਾਲ 10 ਅਪਰੈਲ ਨੂੰ ਹੋਵੇਗੀ ਅਤੇ 12 ਅਪਰੈਲ ਤੱਕ ਕਾਗਜ਼ ਵਾਪਸ ਲਏ ਜਾ ਸਕਣਗੇ।

ਕਾਂਗਰਸ ਦਾ ਵੱਡੇ ਵਾਅਦਿਆਂ ਵਾਲਾ ਚੋਣ ਮੈਨੀਫੈਸਟੋ ਜਾਰੀ

ਨਵੀਂ ਦਿੱਲੀ, ਅਪਰੈਲ ਕਾਂਗਰਸ ਨੇ ਆਗਾਮੀ ਲੋਕ ਸਭਾ ਚੋਣਾਂ ਲਈ ਅੱਜ ਆਪਣਾ ਚੋਣ ਮੈਨੀਫੈਸਟੋ ਜਾਰੀ ਕਰ ਦਿੱਤਾ। ਪਾਰਟੀ ਨੇ ਸੱਤਾ ਵਿੱਚ ਆਉਣ ’ਤੇ ਦੇਸ਼-ਧ੍ਰੋਹ ਨਾਲ ਸਬੰਧਤ ਕਾਨੂੰਨ ਰੱਦ ਕਰਨ ਅਤੇ ਸਾਰੇ ਕਾਨੂੰਨਾਂ, ਨੇਮਾਂ ਤੇ ਪ੍ਰਬੰਧਾਂ ’ਤੇ ਵਿਸਥਾਰਤ ਨਜ਼ਰਸਾਨੀ ਕਰਦਿਆਂ ਇਨ੍ਹਾਂ ਨੂੰ ਸੰਵਿਧਾਨਕ ਮੁੱਲਾਂ ਤੇ ਜਮਹੂਰੀਅਤ ਦੇ ਘੇਰੇ ਵਿੱਚ ਲਿਆਉਣ ਦਾ ਵਾਅਦਾ ਕੀਤਾ। ਕਾਂਗਰਸ ਨੇ ਕਿਹਾ ਕਿ 17ਵੀਂ ਲੋਕ ਸਭਾ ਦੇ ਪਹਿਲੇ ਸੈਸ਼ਨ ਵਿੱਚ ਹਜੂਮੀ ਹਿੰਸਾ ਜਿਹੇ ਨਫ਼ਰਤੀ ਹਮਲਿਆਂ ਨੂੰ ਰੋਕਣ ਤੇ ਸਜ਼ਾਵਾਂ ਦਿਵਾਉਣ, ਮਾਣਹਾਨੀ ਨੂੰ ਸਿਵਲ ਅਪਰਾਧ ’ਚ ਸ਼ਾਮਲ ਕਰਨ, ਜੱਜਾਂ ਦੀ ਚੋਣ ਲਈ ਕੌਮੀ ਜੁਡੀਸ਼ਲ ਕਮਿਸ਼ਨ (ਐਨਸੀਜੇ) ਸਥਾਪਤ ਕਰਨ ਤੇ ਤਸ਼ੱਦਦ ਨੂੰ ਰੋਕਣ ਲਈ ਨਵਾਂ ਕਾਨੂੰਨ ਲਿਆਂਦਾ ਜਾਵੇਗਾ। ਮੈਨੀਫੈਸਟੋ ਵਿੱਚ ਗਰੀਬ ਪਰਿਵਾਰਾਂ ਨੂੰ ‘ਨਿਆਏ’ ਸਕੀਮ ਤਹਿਤ ਸਾਲਾਨਾ 72000 ਰੁਪਏ ਦੇਣ, 22 ਲੱਖ ਸਰਕਾਰੀ ਅਹੁਦਿਆਂ ’ਤੇ ਨਿਯੁਕਤੀਆਂ, ਰੇਲ ਬਜਟ ਦੀ ਤਰਜ਼ ’ਤੇ ਕਿਸਾਨਾਂ ਲਈ ਵੱਖਰਾ ਬਜਟ ਲਿਆਉਣ ਤੇ ਪੂਰੇ ਮੁਲਕ ਵਿੱਚ ਜੀਐਸਟੀ ਦੀ ਇਕੋ ਸੰਤੁਲਤ ਦਰ ਲਾਗੂ ਕਰਨ ਜਿਹੇ ਵੱਡੇ ਵਾਅਦੇ ਕੀਤੇ ਗਏ ਹਨ। ਕਾਂਗਰਸ ਨੇ ਕਿਹਾ ਕਿ ਸੱਤਾ ਵਿੱਚ ਆਉਣ ’ਤੇ ਜੰਮੂ ਕਸ਼ਮੀਰ ’ਚ ਹਥਿਆਰਬੰਦ ਫੌਜਾਂ ਨੂੰ ਵਿਸ਼ੇਸ਼ ਤਾਕਤਾਂ ਨਾਲ ਸਬੰਧਤ ਐਕਟ ‘ਅਫਸਪਾ’ ਉੱਤੇ ਨਜ਼ਰਸਾਨੀ ਕੀਤੀ ਜਾਵੇਗੀ। ਉਂਜ ਪਾਰਟੀ ਨੇ ਸਾਫ਼ ਕਰ ਦਿੱਤਾ ਜੰਮੂ ਕਸ਼ਮੀਰ ਨੂੰ ਸੰਵਿਧਾਨ ਤਹਿਤ ਮਿਲੇ ਵਿਸ਼ੇਸ਼ ਅਧਿਕਾਰਾਂ (ਧਾਰਾ 370) ਨਾਲ ਕੋਈ ਛੇੜਛਾੜ ਨਹੀਂ ਕੀਤੀ ਜਾਵੇਗੀ। ਪਾਰਟੀ ਨੇ ਵਾਅਦਾ ਕੀਤਾ ਕਿ ਜੰਮੂ ਕਸ਼ਮੀਰ ’ਚ ਸਬੰਧਤ ਧਿਰਾਂ ਨਾਲ ਬਿਨਾਂ ਸ਼ਰਤ ਗੱਲਬਾਤ ਕਰਕੇ ਮਸਲੇ ਦਾ ਹੱਲ ਕੱਢਿਆ ਜਾਵੇਗਾ। ਕਾਂਗਰਸ ਨੇ ਵਾਅਦਾ ਕੀਤਾ ਕਿ ਉਹ ਨਾਗਰਿਕਤਾ ਸੋਧ ਬਿੱਲ ਨੂੰ ਫੌਰੀ ਵਾਪਸ ਲਏਗੀ। 55 ਸਫ਼ਿਆਂ ਤੇ ‘ਹਮ ਨਿਭਾਏਂਗੇ’ (ਅਸੀਂ ਵਾਅਦੇ ਪੂਰੇ ਕਰਕੇ ਵਿਖਾਵਾਂਗੇ) ਸਿਰਲੇਖ ਵਾਲੇ ਇਸ ਚੋਣ ਮੈਨੀਫੈਸਟੋ ਨੂੰ ਲੋਕਾਂ ਨੂੰ ਦਰਪੇਸ਼ ਅਸਲ ਮੁੱਦਿਆਂ ਜਿਵੇਂ ਬੇਰੁਜ਼ਗਾਰੀ, ਕਿਸਾਨੀ ਸੰਕਟ, ਔਰਤਾਂ ਦੀ ਸੁਰੱਖਿਆ ਤੇ ਪੇਂਡੂ ਅਰਥਚਾਰੇ ਨੂੰ ਹੁਲਾਰਾ ਉੱਤੇ ਸਾਰਾ ਧਿਆਨ ਕੇਂਦਰਤ ਕੀਤਾ ਗਿਆ ਹੈ। ਇਥੇ ਪਾਰਟੀ ਹੈੱਡਕੁਆਰਟਰ ’ਤੇ ਮੈਨੀਫੈਸਟੋ ਨੂੰ ਰਿਲੀਜ਼ ਕਰਨ ਦੀ ਰਸਮ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ, ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ, ਯੂਪੀਏ ਚੇਅਰਪਰਸਨ ਸੋਨੀਆ ਗਾਂਧੀ ਤੇ ਸੀਨੀਅਰ ਪਾਰਟੀ ਆਗੂ ਪੀ.ਚਿਦੰਬਰਮ ਆਦਿ ਨੇ ਨਿਭਾਈ। ਕਾਂਗਰਸ ਨੇ ਕਿਸਾਨੀ ਨੂੰ ਸੰਕਟ ’ਚੋਂ ਕੱਢਣ ਦਾ ਵਾਅਦਾ ਕਰਦਿਆਂ ਕਿਹਾ ਕਿ ਉਹ ਕਿਸਾਨਾਂ ਨੂੰ ਕਰਜ਼ ਮੁਆਫ਼ੀ ਤੋਂ ਕਰਜ਼ ਮੁਕਤੀ ਦੇ ਰਾਹ ਪਾਏਗੀ। ਅਜਿਹਾ ਕਿਸਾਨਾਂ ਨੂੰ ਲਾਹੇਵੰਦਾ ਭਾਅ ਦੇ ਕੇ ਤੇ ਲਾਗਤ ਖਰਚਿਆਂ ਨੂੰ ਘਟਾ ਕੇ ਕੀਤਾ ਜਾਵੇਗਾ। ਪਾਰਟੀ ਨੇ ਕਿਹਾ ਕਿ ਜੇਕਰ ਉਹ ਸੱਤਾ ਵਿੱਚ ਆਏ ਤਾਂ ਹਰ ਸਾਲ ਕਿਸਾਨਾਂ ਲਈ ਵੱਖਰਾ ਬਜਟ ਪੇਸ਼ ਕੀਤਾ ਜਾਵੇਗਾ। ਕਾਂਗਰਸ ਪ੍ਰਧਾਨ ਨੇ ਕਿਹਾ ਕਿ ਕਾਂਗਰਸ ਸਾਲਾਨਾ ਬਜਟ ਵਿੱਚ ਜੀਡੀਪੀ ਦਾ 6 ਫੀਸਦ ਸਿੱਖਿਆ, ਸਰਕਾਰੀ ਹਸਪਤਾਲਾਂ ਨੂੰ ਮਜ਼ਬੂਤ ਕਰਨ ਤੇ ਗਰੀਬਾਂ ਦੀ ਉੱਚ ਮਿਆਰੀ ਸਿਹਤ ਸੇਵਾਵਾਂ ਤਕ ਰਸਾਈ ਸੰਭਵ ਬਣਾਉਣ ਲਈ ਖਰਚੇਗੀ। ਪਾਰਟੀ ਨੇ ਸਿਹਤ ਸੰਭਾਲ ਐਕਟ ਦੇ ਹੱਕ ਸਬੰਧੀ ਕਾਨੂੰਨ ਬਣਾਉਣ ਦਾ ਵੀ ਵਾਅਦਾ ਕੀਤਾ। ਰਾਹੁਲ ਨੇ ਕਿਹਾ ਕਿ ਭਾਜਪਾ ਨੇ ਪੰਜ ਸਾਲਾਂ ਦੇ ਕਾਰਜਕਾਲ ਦੌਰਾਨ ਨਫ਼ਰਤ ਦੇ ਪਾਸਾਰ ਦੇ ਨਾਲ ਵੰਡੀਆਂ ਪਾਉਣ ਦਾ ਕੰਮ ਕੀਤਾ ਹੈ, ਪਰ ਉਨ੍ਹਾਂ ਦੀ ਪਾਰਟੀ ਮੁਲਕ ਦੇ ਲੋਕਾਂ ਨੂੰ ਇਕਜੁਟ ਕਰਨ ਲਈ ਕੰਮ ਕਰੇਗੀ। ਉਨ੍ਹਾਂ ਕਿਹਾ, ‘ਸਾਡਾ ਮੈਨੀਫੈਸਟੋ ਭਵਿੱਖੀ ਨਜ਼ਰੀਏ ਪ੍ਰਤੀ ਸਾਡੀ ਵਚਨਬੱਧਤਾ ਦਾ ਪ੍ਰਛਾਵਾਂ ਹੈ। ਇਹ ‘ਮਨ ਕੀ ਬਾਤ’ ਨਹੀਂ ਬਲਕਿ ਲੱਖਾਂ ਲੋਕਾਂ ਵੱਲੋਂ ਇਕਸੁਰ ਹੋ ਕੇ ਦਿੱਤੀ ਆਵਾਜ਼ ਹੈ।
ਮੈਨੀਫੈਸਟੋ ਵਿੱਚ ਕਾਂਗਰਸ ਨੇ ਨੌਕਰੀਆਂ/ਰੁਜ਼ਗਾਰ ਨੂੰ ਸਿਖਰਲੀ ਤਰਜੀਹ ਬਣਾਉਣ ਦੀ ਸਹੁੰ ਵੀ ਖਾਧੀ। ਪਾਰਟੀ ਨੇ ਵਾਅਦਾ ਕੀਤਾ ਕਿ ਉਹ ਮਾਰਚ 2020 ਤੋਂ ਪਹਿਲਾਂ ਸਰਕਾਰੀ ਖੇਤਰ ’ਚ 34 ਲੱਖ ਨੌਕਰੀਆਂ ਨੂੰ ਯਕੀਨੀ ਬਣਾਉਣ ਦੇ ਨਾਲ ਕੇਂਦਰ ਸਰਕਾਰ ਦੀਆਂ ਸਾਰੀਆਂ 4 ਲੱਖ ਵਕੈਂਸੀਆਂ ਨੂੰ ਭਰੇਗੀ। ਜੀਐਸਟੀ ਪ੍ਰਬੰਧ ਦੀ ਗੱਲ ਕਰਦਿਆਂ ਮੈਨੀਫੈਸਟੋ ਵਿੱਚ ਇਸ ਟੈਕਸ ਪ੍ਰਬੰਧ ਨੂੰ ਵਧੇਰੇ ਸੁਖਾਲਾ ਬਣਾਉਣ ਦਾ ਵਾਅਦਾ ਕੀਤਾ ਗਿਆ ਹੈ। ਪਾਰਟੀ ਨੇ ਜੀਐਸਟੀ ਮਾਲੀਏ ’ਚੋਂ ਪੰਚਾਇਤਾਂ ਤੇ ਨਗਰ ਨਿਗਮਾਂ ਨੂੰ ਵੀ ਹਿੱਸਾ ਦਿਵਾਉਣ ਦਾ ਭਰੋੋਸਾ ਦਿੱਤਾ। ਕਾਂਗਰਸ ਨੇ ਪਹਿਲੀ ਤੋਂ ਬਾਰ੍ਹਵੀਂ ਜਮਾਤ ਤਕ ਸਕੂਲ ਸਿੱਖਿਆ ਨੂੰ ਲਾਜ਼ਮੀ ਤੇ ਬਿਲਕੁਲ ਮੁਫ਼ਤ ਕੀਤੇ ਜਾਣ ਦਾ ਵੀ ਵਾਅਦਾ ਕੀਤਾ ਹੈ। ਪਾਰਟੀ ਨੇ 17ਵੀਂ ਲੋਕ ਸਭਾ ਦੇ ਪਹਿਲੇ ਸੈਸ਼ਨ ਵਿੱਚ ਹੀ ਔਰਤਾਂ ਨੂੰ ਲੋਕ ਸਭਾ ਤੇ ਰਾਜ ਵਿਧਾਨ ਸਭਾਵਾਂ ਵਿੱਚ 33 ਫੀਸਦ ਰਾਖਵਾਂਕਰਨ ਨਾਲ ਸਬੰਧਤ ਬਿਲ ਪਾਸ ਕਰਨ ਦਾ ਵੀ ਭਰੋੋਸਾ ਦਿੱਤਾ। ਇਹ ਨਹੀਂ ਕਾਂਗਰਸ ਨੇ ਮੈਨੀਫੈਸਟੋ ’ਚ ਔਰਤਾਂ ਨੂੰ ਕੇਂਦਰ ਸਰਕਾਰ ਦੀਆਂ ਸਾਰੀਆਂ ਪੋਸਟਾਂ/ਵਕੈਂਸੀਆਂ ’ਚ 33 ਫੀਸਦ ਰਾਖਵਾਂਕਰਨ ਦੇਣ ਦੀ ਗੱਲ ਵੀ ਕਹੀ ਹੈ।

ਕੇਰਲ ਤੋਂ ਵੀ ਚੋਣ ਲੜਨਗੇ ਰਾਹੁਲ

ਨਵੀਂ ਦਿੱਲੀ, ਮਾਰਚ ਦੱਖਣੀ ਭਾਰਤ ਵਿਚ ਕਾਂਗਰਸ ਨੂੰ ਮਜ਼ਬੂਤ ਕਰਨ ਦੇ ਮੰਤਵ ਨਾਲ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਨੇ ਕੇਰਲ ਦੇ ਲੋਕ ਸਭਾ ਹਲਕੇ ਵਾਇਨਾਡ ਤੋਂ ਚੋਣ ਲੜਨ ਦਾ ਫ਼ੈਸਲਾ ਕੀਤਾ ਹੈ। ਹਾਲਾਂਕਿ ਆਪਣੇ ਰਵਾਇਤੀ ਹਲਕੇ ਅਤੇ ਕਾਂਗਰਸ ਦੇ ਗੜ੍ਹ ਅਮੇਠੀ (ਯੂਪੀ) ਤੋਂ ਵੀ ਉਹ ਚੋਣ ਲੜਨਗੇ। ਇਸ ਦਾ ਐਲਾਨ ਸਾਬਕਾ ਰੱਖਿਆ ਮੰਤਰੀ ਏ.ਕੇ ਐਂਟਨੀ ਨੇ ਇੱਥੇ ਮੀਡੀਆ ਕਾਨਫ਼ਰੰਸ ਦੌਰਾਨ ਕੀਤਾ। ਐਂਟਨੀ ਨੇ ਕਿਹਾ ਕਿ ਰਾਹੁਲ ਗਾਂਧੀ ਨੂੰ ਪਾਰਟੀ ਦੀ ਸੂਬਾਈ ਇਕਾਈ ਨੇ ਚੋਣ ਲੜਨ ਦੀ ਬੇਨਤੀ ਕੀਤੀ ਜੋ ਉਨ੍ਹਾਂ ਸਵੀਕਾਰ ਲਈ ਹੈ। ਕਾਂਗਰਸ ਦੇ ਮੁੱਖ ਤਰਜਮਾਨ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਪਾਰਟੀ ਦੱਖਣੀ ਭਾਰਤ ਨੂੰ ਸੁਨੇਹਾ ਦੇਣਾ ਚਾਹੁੰਦੀ ਹੈ ਕਿ ਉਹ ਉਨ੍ਹਾਂ ਦਾ ਸਤਿਕਾਰ ਕਰਦੇ ਹਨ ਤੇ ਉਨ੍ਹਾਂ ਦੀ ਭੂਮਿਕਾ ਅਹਿਮ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਅਮੇਠੀ ਨੂੰ ਉਹ ਕਦੇ ਨਹੀਂ ਛੱਡਣਗੇ। ਇਸ ਦੌਰਾਨ ਕੇਰਲ ਦੇ ਮੁੱਖ ਮੰਤਰੀ ਪਿਨਾਰਈ ਵਿਜਯਨ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਵਾਇਨਾਡ ਲੋਕ ਸਭਾ ਹਲਕੇ ਤੋਂ ਚੋਣ ਲੜਨ ਦੇ ਐਲਾਨ ਨੂੰ ਖੱਬੇ ਪੱਖੀਆਂ ਖ਼ਿਲਾਫ਼ ਜੰਗ ਗਰਦਾਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਕਾਂਗਰਸ ਦੀ ਭਾਜਪਾ ਖ਼ਿਲਾਫ਼ ਸਾਂਝੇ ਸੰਘਰਸ਼ ਦੀ ਵਿਚਾਰਧਾਰਾ ਦੇ ਵਿਰੁੱਧ ਹੈ। ਉਨ੍ਹਾਂ ਕਿਹਾ ਕਿ ਕੇਰਲ ਵਿਚ ਸਿੱਧਾ ਮੁਕਾਬਲਾ ਐੱਲਡੀਐੱਫ ਤੇ ਕਾਂਗਰਸ ਦੀ ਅਗਵਾਈ ਵਾਲੀ ਯੂਡੀਐੱਫ ਵਿਚਾਲੇ ਹੈ, ਪਰ ਕਾਂਗਰਸ ਪ੍ਰਧਾਨ ਦੇ ਚੋਣ ਲੜਨ ਨੂੰ ਉਹ ਕੋਈ ਅਹਿਮੀਅਤ ਨਹੀਂ ਦਿੰਦੇ।

ਸਿੱਖ ਦੰਗੇ: 186 ਕੇਸਾਂ ਦੀ ਜਾਂਚ ਨਿਬੇੜਨ ਲਈ ਦੋ ਮਹੀਨਿਆਂ ਦੀ ਮੋਹਲਤ

ਨਵੀਂ ਦਿੱਲੀ,  ਮਾਰਚ ਸੁਪਰੀਮ ਕੋਰਟ ਨੇ ਵਿਸ਼ੇਸ਼ ਜਾਂਚ ਟੀਮ(ਸਿਟ) ਨੂੰ 1984 ਦੇ ਸਿੱਖ ਵਿਰੋਧੀ ਦੰਗਿਆਂ ਨਾਲ ਸਬੰਧਤ 186 ਕੇਸਾਂ ਦੀ ਜਾਂਚ ਦੋ ਮਹੀਨਿਆਂ ਅੰਦਰ ਮੁਕੰਮਲ ਕਰਨ ਲਈ ਕਿਹਾ ਹੈ। ਸਿਟ ਨੇ ਜਸਟਿਸ ਐਸ.ਏ.ਬੋਬੜੇ ਤੇ ਐਸ. ਅਬਦੁਲ ਨਜ਼ੀਰ ਦੇ ਬੈਂਚ ਨੂੰ ਦੱਸਿਆ ਕਿ ਇਨ੍ਹਾਂ ਕੇਸਾਂ ਦੀ ਜਾਂਚ ਸਬੰਧੀ 50 ਫੀਸਦ ਕੰਮ ਮੁਕੰਮਲ ਹੋ ਚੁੱਕਾ ਹੈ ਤੇ ਬਕਾਇਆ ਕੰਮ ਪੂਰਾ ਕਰਨ ਲਈ ਅਜੇ ਦੋ ਮਹੀਨੇ ਹੋਰ ਲੱਗਣਗੇ। ਬੈਂਚ ਨੇ ਇਸ ਮਗਰੋਂ ਸਿਟ ਨੂੰ ਦੋ ਮਹੀਨੇ ਦਾ ਸਮਾਂ ਦੇ ਦਿੱਤਾ। ਸੁਪਰੀਮ ਕੋਰਟ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਐਸ.ਗੁਰਲਾਦ ਸਿੰਘ ਕਾਹਲੋਂ ਦੀ ਪਟੀਸ਼ਨ ’ਤੇ ਸਬੰਧਤ ਧਿਰਾਂ ਨੂੰ ਵੀ ਨੋਟਿਸ ਜਾਰੀ ਕੀਤਾ ਹੈ। ਪਟੀਸ਼ਨ ਵਿੱਚ ਦੰਗਿਆਂ ਲਈ ਨਾਮਜ਼ਦ 62 ਪੁਲੀਸ ਮੁਲਾਜ਼ਮਾਂ ਦੀ ਭੂਮਿਕਾ ਨੂੰ ਘੋਖਣ ਦੀ ਮੰਗ ਕੀਤੀ ਗਈ ਹੈ। ਸਿਖਰਲੀ ਅਦਾਲਤ ਨੇ ਸਿਟ ਦੇ ਨਵੇਂ ਮੈਂਬਰਾਂ ਬਾਰੇ ਗ੍ਰਹਿ ਮੰਤਰਾਲਾ ਤੇ ਪਟੀਸ਼ਨਰ ਐੱਸ.ਜੀ.ਐਸ. ਕਾਹਲੋਂ ਦੇ ਵਕੀਲਾਂ ਵਿਚਾਲੇ ਸਹਿਮਤੀ ਹੋਣ ’ਤੇ ਸਿੱਖ ਵਿਰੋਧੀ ਦੰਗਿਆਂ ਨਾਲ ਸਬੰਧਤ 186 ਕੇਸਾਂ ਦੀ ਜਾਂਚ ’ਤੇ ਨਿਗਰਾਨੀ ਰੱਖਣ ਲਈ ਸਾਬਕਾ ਜਸਟਿਸ ਐਸ.ਐਨ.ਢੀਂਗਰਾ ਦੀ ਅਗਵਾਈ ਵਿੱਚ ਪਿਛਲੇ ਸਾਲ 11 ਜਨਵਰੀ ਨੂੰ ਸਿਟ ਗਠਿਤ ਕੀਤੀ ਸੀ। ਸਿਟ ਦੇ ਹੋਰਨਾਂ ਮੈਂਬਰਾਂ ਵਿਚ ਸਾਬਕਾ ਆਈਪੀਐਸ ਅਧਿਕਾਰੀ ਰਾਜਦੀਪ ਸਿੰਘ ਤੇ ਆਈਪੀਐਸ ਅਧਿਕਾਰੀ ਅਭਿਸ਼ੇਕ ਦੁਲਾਰ ਵੀ ਸ਼ਾਮਲ ਹਨ। ਹਾਲ ਦੀ ਘੜੀ ਸਿਟ ਵਿੱਚ ਦੋ ਮੈਂਬਰ ਹਨ ਕਿਉਂਕਿ ਸਿੰਘ ਨੇ ਨਿੱਜੀ ਕਾਰਨਾਂ ਦਾ ਹਵਾਲਾ ਦਿੰਦਿਆਂ ਸਿਟ ਦਾ ਹਿੱਸਾ ਬਣਨ ਤੋਂ ਨਾਂਹ ਕਰ ਦਿੱਤੀ ਸੀ। 31 ਅਕਤੂਬਰ 1984 ਨੂੰ ਤਤਕਾਲੀਨ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਦੋ ਸਿੱਖ ਅੰਗਰੱਖਿਅਕਾਂ ਵੱਲੋਂ ਹੱਤਿਆ ਕੀਤੇ ਜਾਣ ਮਗਰੋਂ ਦਿੱਲੀ ’ਚ ਭੜਕੇ ਦੰਗਿਆਂ ’ਚ 2733 ਸਿੱਖ ਮਾਰੇ ਗਏ ਸਨ।

 

ਬੱਸ ਦੀ ਟੈਂਕਰ ਨਾਲ ਟੱਕਰ; ਅੱਠ ਮੌਤਾਂ

ਨੋਇਡਾ/ਲਖਨਊ,  ਮਾਰਚ ਗਰੇਟਰ ਨੋਟਿਡਾ ’ਚ ਯਮੁਨਾ ਐਕਸਪ੍ਰੈੱਸਵੇਅ ’ਤੇ ਅੱਜ ਤੜਕੇ ਇੱਕ ਨਿੱਜੀ ਬੱਸ ਨੇ ਇੱਕ ਟੈਂਕਰ ਨੂੰ ਟੱਕਰ ਮਾਰ ਦਿੱਤੀ ਜਿਸ ਨਾਲ ਇਕ ਨਾਬਾਲਗ ਅਤੇ ਮਹਿਲਾਵਾਂ ਸਮੇਤ ਅੱਠ ਲੋਕਾਂ ਦੀ ਮੌਤ ਹੋ ਗਈ ਅਤੇ 30 ਵਿਅਕਤੀ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਇਸ ਬੱਸ ਉੱਤਰ ਪ੍ਰਦੇਸ਼ ਦੇ ਜਾਲੌਨ ਜ਼ਿਲ੍ਹੇ ਤੋਂ ਦਿੱਲੀ ਜਾ ਰਹੀ ਸੀ ਤਾਂ ਰਬੂਪੁਰਾ ਥਾਣੇ ਅਧੀਨ ਆਉਂਦੇ ਇਲਾਕੇ ’ਚ ਤੜਕੇ ਪੰਜ ਵਜੇ ਇਹ ਹਾਦਸਾ ਹੋਇਆ। ਇਸ ਹਾਦਸੇ ’ਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਜ਼ਿਲ੍ਹਾ ਮੈਜਿਸਟਰੇਟ ਬੀਐੱਨ ਸਿੰਘ ਅਤੇ ਪੁਲੀਸ ਮੁਖੀ ਵੈਭਵ ਕ੍ਰਿਸ਼ਨ ਸਮੇਤ ਗੌਤਮ ਬੁੱਧ ਨਗਰ ਦੇ ਸਿਖਰਲੇ ਅਧਿਕਾਰੀ ਜ਼ਖ਼ਮੀਆਂ ਨੂੰ ਮਿਲਣ ਹਸਪਤਾਲ ਗਏ। ਯੋਗੀ ਨੇ ਹਾਦਸੇ ’ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਟਵੀਟ ਕੀਤਾ, ‘ਅੱਜ ਗਰੇਟਰ ਨੋਇਡਾ ’ਚ ਬੱਸ ਹਾਦਸੇ ’ਚ ਹੋਈ ਅੱਠ ਲੋਕਾਂ ਦੀ ਮੌਤ ’ਤੇ ਮੈਨੂੰ ਬਹੁਤ ਦੁਖ ਹੋਇਆ ਹੈ। ਪ੍ਰਮਾਤਮਾ ਤੋਂ ਮ੍ਰਿਤਕਾਂ ਦੀ ਆਤਮਿਕ ਸ਼ਾਂਤੀ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਹੌਸਲਾ ਦੇਣ ਦੀ ਪ੍ਰਾਰਥਨਾ ਕਰਦਾ ਹਾਂ। ਹਾਦਸੇ ਦੇ ਜ਼ਖ਼ਮੀਆਂ ਦੀ ਜਲਦ ਸਿਹਤਯਾਬੀ ਲਈ ਕਾਮਨਾ ਵੀ ਕਰਦਾ ਹਾਂ।’ ਜੇਵਰ ਦੇ ਪੁਲੀਸ ਅਧਿਕਾਰੀ ਸ਼ਰਤ ਚੰਦਰ ਸ਼ਰਮਾ ਨੇ ਕਿਹਾ, ‘ਹਾਦਸੇ ’ਚ ਅੱਠ ਲੋਕਾਂ ਦੀ ਮੌਤ ਹੋ ਗਈ ਅਤੇ 30 ਜ਼ਖ਼ਮੀ ਹੋ ਗਏ। ਪੀੜਤਾਂ ਨੂੰ ਨੇੜਲੇ ਹਸਪਤਾਲਾਂ ’ਚ ਦਾਖਲ ਕਰਵਾਇਆ ਗਿਆ ਹੈ।’ ਉਨ੍ਹਾਂ ਕਿਹਾ ਕਿ ਘਟਨਾ ਦੇ ਅਸਲ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ, ਪਰ ਮੁੱਢਲੀ ਜਾਂਚ ’ਚ ਅਜਿਹਾ ਲੱਗਦਾ ਹੈ ਕਿ ਬੱਸ ਚਾਲਕ ਨੀਂਦ ’ਚ ਸੀ। ਲਖਨਊ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਜ਼ਿਲ੍ਹਾ ਪ੍ਰਸ਼ਾਸਨ ਤੇ ਪੁਲੀਸ ਨੂੰ ਹਰ ਤਰ੍ਹਾਂ ਦੀ ਸਹਾਇਤਾ ਮੁਹੱਈਆ ਕਰਵਾਉਣ ਲਈ ਕਿਹਾ ਹੈ।

ਸ਼ਤਰੂਘਣ 6 ਨੂੰ ਕਾਂਗਰਸ ’ਚ ਹੋ ਸਕਦੇ ਹਨ ਸ਼ਾਮਲ

ਨਵੀਂ ਦਿੱਲੀ, ਮਾਰਚ ਅਦਾਕਾਰ ਤੇ ਸਿਆਸਤਦਾਨ ਸ਼ਤਰੂਘਣ ਸਿਨਹਾ ਨੇ ਅੱਜ ਇੱਥੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ ਅਤੇ ਉਹ 6 ਅਪਰੈਲ ਨੂੰ ਕਾਂਗਰਸ ’ਚ ਸ਼ਾਮਲ ਹੋ ਸਕਦੇ ਹਨ। ਸ੍ਰੀ ਸਿਨਹਾ ਨੇ ਅੱਜ ਇੱਥੇ ਸ੍ਰੀ ਗਾਂਧੀ ਦੀ ਰਿਹਾਇਸ਼ ’ਤੇ ਉਨ੍ਹਾਂ ਨਾਲ ਮੁਲਾਕਾਤ ਕੀਤੀ ਅਤੇ ਇਸ ਮੀਟਿੰਗ ਸਮੇਂ ਕਾਂਗਰਸ ਦੇ ਬਿਹਾਰ ਇੰਚਾਰਜ ਸ਼ਕਤੀ ਸਿੰਘ ਗੋਹਿਲ, ਬਿਹਾਰ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੁਖੀ ਮਦਨ ਮੋਹਨ ਝਾਅ, ਕਾਰਜਕਾਰੀ ਪ੍ਰਧਾਨ ਅਖਿਲੇਸ਼ ਸਿੰਘ ਅਤੇ ਬਿਹਾਰ ’ਚ ਕਾਂਗਰਸ ਵਿਧਾਇਕ ਦਲ ਦੇ ਆਗੂ ਸਦਾਨੰਦ ਸਿੰਘ ਵੀ ਹਾਜ਼ਰ ਸਨ। ਕਾਂਗਰਸ ’ਚ ਸ਼ਾਮਲ ਹੋਣ ਅਤੇ ਭਾਜਪਾ ਆਗੂ ਰਵੀ ਸ਼ੰਕਰ ਪ੍ਰਸਾਦ ਖ਼ਿਲਾਫ਼ ਚੋਣ ਲੜਨ ਬਾਰੇ ਉਨ੍ਹਾਂ ਕਿਹਾ ਕਿ ਹਾਲਾਤ ਭਾਵੇਂ ਕੁਝ ਵੀ ਹੋਣ ਉਹ ਪਟਨਾ ਸਾਹਿਬ ਤੋਂ ਹੀ ਚੋਣ ਲੜਨਗੇ। ਉਨ੍ਹਾਂ ਕਿਹਾ ਕਿ ਇਸ ਸਬੰਧੀ ਐਲਾਨ ਨਰਾਤਿਆਂ ਮੌਕੇ ਕੀਤਾ ਜਾਵੇਗਾ। ਸੂਤਰਾਂ ਨੇ ਦੱਸਿਆ ਕਿ ਸ੍ਰੀ ਸਿਨਹਾ 6 ਅਪਰੈਲ ਨੂੰ ਕਾਂਗਰਸ ’ਚ ਸ਼ਾਮਲ ਹੋਣਗੇ। ਸ੍ਰੀ ਸਿਨਹਾ ਵੀ ਇਹੀ ਚਾਹੁੰਦੇ ਹਨ ਕਿ ਜਦੋਂ ਉਹ ਕਾਂਗਰਸ ’ਚ ਸ਼ਾਮਲ ਹੋਣ ਉਸ ਸਮੇਂ ਕਾਂਗਰਸ ਤੇ ਆਰਜੇਡੀ ਦੇ ਆਗੂ ਮਹਾਂਗੱਠਜੋੜ ਲਈ ਏਕੇ ਦੇ ਪ੍ਰਗਟਾਵੇ ਲਈ ਹਾਜ਼ਰ ਰਹਿਣ। ਪਟਨਾ ਸਾਹਿਬ ਦੀ ਲੋਕ ਸਭਾ ਸੀਟ ਤੋਂ ਇਸ ਸਮੇਂ ਭਾਜਪਾ ਦੇ ਬਾਗੀ ਆਗੂ ਸ਼ਤਰੂਘਣ ਸਿਨਹਾ ਸੰਸਦ ਮੈਂਬਰ ਹਨ ਤੇ ਉਹ ਅਕਸਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਦੀ ਆਲੋਚਨਾ ਕਰਦੇ ਰਹਿੰਦੇ ਹਨ।

ਮੁੰਬਈ ਵਿੱਚ ਰੇਲਵੇ ਪੁਲ ਡਿੱਗਿਆ; 6 ਮੌਤਾਂ

ਮੁੰਬਈ,  ਦੱਖਣੀ ਮੁੰਬਈ ਵਿੱਚ ਅੱਜ ਫੁੱਟਓਵਰ ਬ੍ਰਿਜ ਦਾ ਵੱਡਾ ਹਿੱਸਾ ਡਿੱਗਣ ਨਾਲ ਤਿੰਨ ਔਰਤਾਂ ਸਣੇ ਛੇ ਵਿਅਕਤੀਆਂ ਦੀ ਮੌਤ ਹੋ ਗਈ ਜਦੋਂਕਿ 31 ਜਣੇ ਜ਼ਖ਼ਮੀ ਹੋ ਗਏ ਹਨ। ਮ੍ਰਿਤਕਾਂ ਵਿੱਚ ਅਪੂਰਵਾ ਪ੍ਰਭੂ, ਰੰਜਨਾ ਤਾਂਬੇ, ਸਾਰਿਕਾ ਕੁਲਕਰਣੀ, ਮੰਜੂਨਾਥ ਸਿੰਗੇ, ਜ਼ਾਹਿਦ ਖਾਨ ਅਤੇ ਤਪਿੰਦਰ ਸਿੰਘ ਸ਼ਾਮਲ ਹਨ। ਪੁਲ ਛਤਰਪਤੀ ਸ਼ਿਵਾਜੀ ਮਹਾਰਾਜ ਟਰਮੀਨਸ ਰੇਲਵੇ ਸਟੇਸ਼ਨ ਨੂੰ ਆਜ਼ਾਦ ਮੈਦਾਨ ਪੁਲੀਸ ਥਾਣੇ ਨਾਲ ਜੋੜਦਾ ਸੀ।
ਅਧਿਕਾਰੀਆਂ ਨੇ ਦੱਸਿਆ ਕਿ ਸਾਰੇ ਜ਼ਖ਼ਮੀਆਂ ਨੂੰ ਨਾਲ ਲੱਗਦੇ ਇਕ ਹਸਪਤਾਲ ਵਿੱਚ ਪਹੁੰਚਾ ਦਿੱਤਾ ਗਿਆ ਹੈ। ਟਾਈਮਜ਼ ਆਫ਼ ਇੰਡੀਆ ਦੀ ਇਮਾਰਤ ਨੇੜਲੇ ਖੇਤਰ ਨੂੰ ਸੀਐੱਸਐੱਮਟੀ ਸਟੇਸ਼ਨ ਨਾਲ ਜੋੜਦੇ ਇਸ ਪੁਲ ਨੂੰ ‘ਕਸਾਬ ਪੁਲ’ ਵਜੋਂ ਜਾਣਿਆ ਜਾਂਦਾ ਸੀ। ਮੁੰਬਈ ਵਿੱਚ ਹੋਏ 26/11 ਦੇ ਦਹਿਸ਼ਤੀ ਹਮਲਿਆਂ ਦੌਰਾਨ ਅਤਿਵਾਦੀ ਇਸ ਪੁਲ ਉੱਪਰੋਂ ਲੰਘੇ ਸਨ। ਅਧਿਕਾਰੀ ਨੇ ਦੱਸਿਆ ਕਿ ਇਹ ਹਾਦਸਾ ਅੱਜ ਸ਼ਾਮ ਨੂੰ 7.30 ਵਜੇ ਦੇ ਕਰੀਬ ਵਾਪਰਿਆ ਜਦੋਂ ਪੁਲ ਦਾ ਇਕ ਵੱਡਾ ਹਿੱਸਾ ਹੇਠਾਂ ਬੈਠ ਗਿਆ। ਉਨ੍ਹਾਂ ਕਿਹਾ ਕਿ ਜਿਸ ਵੇਲੇ ਹਾਦਸਾ ਵਾਪਰਿਆ ਉਦੋਂ ਪੁਲ ਹੇਠਿਓਂ ਲੰਘ ਰਹੇ ਕੁਝ ਵਾਹਨ ਚਾਲਕ ਇਸ ਦੀ ਲਪੇਟ ਵਿੱਚ ਆ ਗਏ। ਉਨ੍ਹਾਂ ਦੱਸਿਆ ਕਿ ਜ਼ਖ਼ਮੀਆਂ ਨੂੰ ਨੇੜਲੇ ਸੇਂਟ ਜਾਰਜ ਹਸਪਤਾਲ ਤੇ ਜੀਟੀ ਹਸਪਤਾਲ ਵਿੱਚ ਭਰਤੀ ਕੀਤਾ ਗਿਆ ਹੈ। ਫਾਇਰ ਬ੍ਰਿਗੇਡ ਦੇ ਜਵਾਨਾਂ ਨੇ ਮੌਕੇ ’ਤੇ ਪਹੁੰਚ ਕੇ ਤੁਰੰਤ ਬਚਾਅ ਕਾਰਜ ਆਰੰਭ ਦਿੱਤੇ ਹਨ। ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਨੇ ਵਾਹਨ ਚਾਲਕਾਂ ਨੂੰ ਪੁਲ ਦੇ ਡੀਐੱਨ ਰੋਡ ਤੋਂ ਲੈ ਕੇ ਜੇਜੇ ਤੱਕ ਦੇ ਹਿੱਸੇ ਤੋਂ ਨਾ ਲੰਘਣ ਦੀ ਅਪੀਲ ਕੀਤੀ ਹੋਈ ਸੀ। ਮੌਕੇ ’ਤੇ ਕਈ ਸੀਨੀਅਰ ਅਧਿਕਾਰੀ ਵੀ ਪਹੁੰਚ ਚੁੱਕੇ ਸਨ। ਇਕ ਪ੍ਰਤੱਖਦਰਸ਼ੀ ਨੇ ਦੱਸਿਆ ਕਿ ਜਿਸ ਵੇਲੇ ਪੁਲ ਡਿੱਗਿਆ ਉਸ ਸਮੇਂ ਨਾਲ ਲੱਗਦੇ ਟਰੈਫਿਕ ਸਿਗਨਲ ’ਤੇ ਲਾਲ ਬੱਤੀ ਹੋਣ ਕਰ ਕੇ ਟਰੈਫਿਕ ਰੁਕਿਆ ਹੋਇਆ ਸੀ, ਨਹੀਂ ਤਾਂ ਪੁਲ ਹੇਠਾਂ ਆ ਕੇ ਮਰਨ ਵਾਲਿਆਂ ਤੇ ਜ਼ਖ਼ਮੀ ਹੋਣ ਵਾਲਿਆਂ ਦੀ ਗਿਣਤੀ ਹੋਰ ਵੱਧ ਸਕਦੀ ਸੀ। ਮਹਾਂਰਾਸ਼ਟਰ ਦੇ ਮੁੱਖ ਮੰਤਰੀ ਦਵੇਂਦਰ ਫੜਨਵੀਸ ਨੇ ਮ੍ਰਿਤਕਾਂ ਦੇ ਲਈ 5-5 ਲੱਖ ਅਤੇ ਜ਼ਖਮੀਆਂ ਲਈ 50-50 ਹਜ਼ਾਰ ਰੁਪਏ ਸਹਾਇਤਾ ਦਾ ਐਲਾਨ ਕੀਤਾ ਹੈ।

ਭਾਰਤ ਨੂੰ 35 ਦੌੜਾਂ ਦੇ ਨਾਲ ਹਰਾ ਕੇ ਆਸਟਰੇਲੀਆ ਨੇ ਲੜੀ ਜਿੱਤੀ

ਨਵੀਂ ਦਿੱਲੀ,  ਮਾਰਚ ਇੱਥੇ ਫਿਰੋਜ਼ਸ਼ਾਹ ਕੋਟਲਾ ਮੈਦਾਨ ਵਿੱਚ ਲੜੀ ਦੇ ਆਖ਼ਰੀ ਮੈਚ ਦੇ ਵਿੱਚ ਭਾਰਤ, ਆਸਟਰੇਲੀਆ ਤੋਂ 35 ਦੌੜਾਂ ਦੇ ਨਾਲ ਮੈਚ ਹਾਰ ਗਿਆ ਤੇ ਇਸ ਦੇ ਨਾਲ ਹੀ ਆਸਟਰੇਲੀਆ ਨੇ ਪੰਜ ਇੱਕ ਰੋਜ਼ਾ ਅੰਤਰਰਾਸ਼ਟਰੀ ਮੈਚਾਂ ਦੀ ਲੜੀ 3-2 ਦੇ ਜਿੱਤ ਲਈ ਹੈ। ਆਸਟਰੇਲੀਆ ਦੇ ਵਿਸ਼ਾਲ ਸਕੋਰ ਦਾ ਪਿੱਛਾ ਕਰਨ ਉੱਤਰੀ ਭਾਰਤ ਦੀ ਟੀਮ 237 ਦੌੜਾਂ ਬਣਾ ਕੇ ਆਊਟ ਹੋ ਗਈ। ਆਸਟਰੇਲੀਆ ਨੇ ਭਾਰਤ ਦੇ ਵਿੱਚ ਦਸ ਸਾਲ ਬਾਅਦ ਲੜੀ ਜਿੱਤੀ ਹੈ। ਆਸਟਰੇਲੀਆ ਦੇ ਉਸਮਾਨ ਖਵਾਜ਼ਾ ਨੂੰ ਮੈਨ ਆਫ ਦੀ ਮੈਚ ਅਤੇ ਮੈਨ ਆਫ ਦੀ ਸੀਰੀਜ਼ ਐਲਾਨਿਆ ਗਿਆ ਹੈ।ਇਹ ਜ਼ਿਕਰਯੋਗ ਹੈ ਕਿ ਫਿਰੋਜ਼ਸ਼ਾਹ ਕੋਟਲਾ ਦੇ ਮੈਦਾਨ ਵਿੱਚ 1982 ਅਤੇ 1996 ਵਿੱਚ ਦੋ ਵਾਰ ਹੀ ਕੋਈ ਟੀਮ 250 ਦੌੜਾਂ ਦੇ ਸਕੋਰ ਨੂੰ ਪਾਰ ਕਰ ਸਕੀ ਹੈ। ਜੰਪਾ ਨੇ ਤਿੰਨ ਵਿਕਟਾਂ ਲਈਆਂ। ਪੈੱਟ ਕਮਿਨਸ, ਰਿਚਰਡਸਨ ਅਤੇ ਮਾਰਕਸ ਸਟੋਇਨਿਸ ਦੋ ਦੋ ਵਿਕਟਾਂ ਲੈਣ ਵਿੱਚ ਕਾਮਯਾਬ ਰਹੇ।
ਉਸਮਾਨ ਖਵਾਜ਼ਾ ਦੇ ਲੜੀ ਵਿੱਚ ਦੂਜੇ ਸੈਂਕੜੇ ਨਾਲ ਆਸਟਰੇਲੀਆ ਨੇ ਇੱਥੋਂ ਦੇ ਫਿਰੋਜ਼ਸ਼ਾਹ ਕੋਟਲਾ ਮੈਦਾਨ ਵਿੱਚ ਪਹਿਲਾਂ ਬੱਲੇਬਾਜ਼ੀ ਕਰਦਿਆਂ 272 ਦੌੜਾਂ ਦਾ ਵਿਸ਼ਾਲ ਸਕੋਰ ਖੜ੍ਹਾਂ ਕਰਕੇ ਭਾਰਤ ਨੂੰ ਸਖਤ ਚੁਣੌਤੀ ਦਿੱਤੀ ਹੈ। ਖਵਾਜ਼ਾ ਨੇ 106 ਗੇਂਦਾਂ ਵਿੱਚ ਦਸ ਚੌਕਿਆਂ ਅਤੇ ਦੋ ਛੱਕਿਆਂ ਦੀ ਮੱਦਦ ਨਾਲ 100 ਦੌੜਾਂ ਬਣਾਈਆਂ। ਉਸਨੇ ਕਪਤਾਨ ਓਰੋਨ ਫਿੰਚ (27) ਦੇ ਨਾਲ ਪਹਿਲੇ ਵਿਕਟ ਲਈ 76 ਅਤੇ ਪੀਟਰ ਹੈਂਡਜ਼ਕੌਂਬ (52) ਦੇ ਨਾਲ ਦੂਜੇ ਵਿਕਟ ਦੇ ਲਈ 99 ਦੌੜਾਂ ਦੀਆਂ ਦੋ ਅਹਿਮ ਪਾਰੀਆਂ ਖੇਡੀਆਂ। ਅਸਟਰੇਲੀਆ ਨੇ ਆਖ਼ਰੀ ਦਸ ਓਵਰਾਂ ਦੇ ਵਿੱਚ 70 ਦੌੜਾਂ ਬਣਾਈਆਂ ਪਰ ਇਸ ਦੌਰਾਨ ਪੰਜ ਵਿਕਟ ਵੀ ਗਵਾ ਦਿੱਤੇ।
ਆਸਟਰੇਲੀਆ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਮੁਹੰਮਦ ਸ਼ਮੀ ਦੀ ਪਹਿਲੀ ਗੇਂਦ ਆਊਟ ਸਵਿੰਗ ਸੀ, ਜਿਸ ਨੂੰ ਫਿੰਚ ਨਹੀਂ ਸਮਝ ਸਕਿਆ ਪਰ ਉਹ ਜਲਦੀ ਹੀ ਸਹਿਜ ਹੋ ਕੇ ਖੇਡਣ ਲੱਗਾ।ਭਾਰਤ ਦੀ ਤਰਫੋਂ ਜਸਪ੍ਰੀਤ ਬੁਮਰਾ ਕਾਫੀ ਮਹਿੰਗਾ ਸਾਬਿਤ ਹੋਇਆ। ਉਹ ਦਸ ਓਵਰਾਂ ਵਿੱਚ ਕੋਈ ਵਿਕਟ ਨਹੀਂ ਲੈ ਸਕਿਆ। ਰਵਿੰਦਰ ਜਡੇਜਾ ਦਸ ਓਵਰਾਂ ਵਿੱਚ ਦੋ ਵਿਕਟਾਂ ਲੈ ਗਿਆ। ਭੁਵਨੇਸ਼ਵਰ ਕੁਮਾਰ ਤਿੰਨ ਵਿਕਟਾਂ ਲੈ ਕੇ ਸਭ ਤੋਂ ਕਾਮਯਾਬ ਗੇਂਦਬਾਜ਼ ਰਿਹਾ। ਸ਼ਮੀ ਵੀ ਦੋ ਵਿਕਟਾਂ ਲੈਣ ਵਿੱਚ ਕਾਮਯਾਬ ਰਿਹਾ। ਕੁਲਦੀਪ ਯਾਦਵ ਸਿਰਫ ਇੱਕ ਵਿਕਟ ਹੀ ਲੈ ਸਕਿਆ।
ਆਸਟਰੇਲੀਆ ਦੀ ਰਣਨੀਤੀ ਸਾਫ ਸੀ ਕਿ ਬੁਮਰਾ ਨੂੰ ਸੰਭਲ ਕੇ ਖੇਡਣਾ ਅਤੇ ਬਾਕੀ ਗੇਂਦਬਾਜ਼ਾਂ ਨੂੰ ਨਿਸ਼ਾਨੇ ਉੱਤੇ ਰੱਖਣਾ। 14 ਓਵਰਾਂ ਬਾਅਦ ਸਕੋਰ ਬਿਨਾਂ ਕਿਸੇ ਨੁਕਸਾਨ ਦੇ 73 ਦੌੜਾਂ ਸੀ ਤਾਂ ਪੰਜਵੇਂ ਗੇਂਦਬਾਜ ਦੇ ਰੂਪ ਵਿੱਚ ਜਡੇਜਾ ਨੇ ਗੇਂਦ ਸੰਭਾਲੀ ਅਤੇ ਉਸਦੀ ਤੀਜੀ ਗੇਂਦ ਉੱਤੇ ਹੀ ਫਿੰਚ ਆਊਟ ਹੋ ਗਿਆ। ਆਸਟਰੇਲੀਆ ਦੇ ਬੱਲੇਬਾਜ਼ਾਂ ਨੇ ਚਾਰੇ ਛੱਕੇ ਕੁਲਦੀਪ ਉੱਤੇ ਲਾਏ।ਜਦੋਂ ਆਸਟਰੇਲੀਆ 28 ਓਵਰਾਂ ਬਾਅਦ ਇੱਕ ਵਿਕਟ ਉੱਤੇ 157 ਦੌੜਾਂ ਬਣਾ ਕੇ ਵਿਸ਼ਾਲ ਸਕੋਰ ਵੱਲ੍ਹ ਵਧ ਰਿਹਾ ਸੀ ਤਾਂ ਅਜਿਹੀ ਸਥਿਤੀ ਵਿੱਚ ਕਪਤਾਨ ਵਿਰਾਟ ਕੋਹਲੀ ਦਾ ਬੁਮਰਾ ਨੂੰ ਗੇਂਦ ਸੰਭਾਲਣ ਦਾ ਫੈਸਲਾ ਅਹਿਮ ਸਾਬਿਤ ਹੋਇਆ। ਪਹਿਲੇ ਚਾਰ ਓਵਰਾਂ ਵਿੱਚ ਸਿਰਫ ਅੱਠ ਦੌੜਾਂ ਦੇਣ ਵਾਲੇ ਬੁਮਰਾ ਨੇ ਕਸੀ ਹੋਈ ਗੇਂਦਬਾਜ਼ੀ ਕੀਤੀ ਅਤੇ ਉਸ ਦੇ ਵੱਲੋਂ ਬਣਾਏ ਦਬਾਅ ਨੂੰ ਜਡੇਜਾ ਅਤੇ ਭੁਵੀ ਨੇ ਕੈਸ਼ ਕੀਤਾ। ਖਵਾਜ਼ਾ ਨੇ 102 ਗੇਂਦਾਂ ਵਿੱਚ ਸੈਂਕੜਾ ਪੂਰਾ ਕੀਤਾ ਅਤੇ ਇਸ ਸਕੋਰ ਦੇ ਉੱਤੇ ਹੀ ਉੀ ਭੁਵੀ ਦੀ ਗੇਂਦ ਉੱਤੇ ਕੋਹਲੀ ਨੂੰ ਕੈਚ ਦੇ ਬੈਠਾ । ਅਗਲੇ ਓਵਰ ਦੇ ਵਿੱਚ ਕੋਹਲੀ ਨੇ ਮੈਕਸਵੈੱਲ ਦਾ ਕੈਚ ਲੈ ਕੇ ਦਰਸ਼ਕਾਂ ਦੇ ਵਿੱਚ ਜੋਸ਼ ਭਰ ਦਿੱਤਾ। ਹੈਂਡਜ਼ਕੌਂਬ ਸ਼ਮੀ ਦੀ ਗੇਂਦ ਉੱਤੇ ਵਿਕਟ ਕੀਪਰ ਪੰਤ ਨੂੰ ਕੈਚ ਦੇ ਬੈਠਾ। ਐਸ਼ਟਨ ਟਰਨਰ ਦਾ ਜਡੇਜਾ ਨੇ ਕੈਚ ਲੈ ਲਿਆ। ਇਸ ਤੋਂ ਬਾਅਦ ਭੁਵਨੇਸ਼ਵਰ ਨੇ ਮਾਰਕਸ ਸਟੋਇਨਿਸ (20), ਅਤੇ ਸ਼ਮੀ ਨੇ ਅਲੈਕਸ ਕੈਰੀ (20) ਨੂੰ ਪਵੇਲੀਅਨ ਭੇਜਿਆ। ਜਾਏ ਰਿਚਰਡਸਨ (29)ਅਤੇ ਪੈੱਟ ਕਮਿਨਸ 15 ਨੇ 48ਵੇਂ ਓਵਰ ਵਿੱਚ ਬੁਮਰਾ ਉੱਤੇ 19 ਦੌੜਾਂ ਬਟੋਰ ਕੇ ਉਸਦਾ ਗੇਂਦਬਾਜ਼ੀ ਵਿਸ਼ਲੇਸ਼ਣ ਵਿਗਾੜ ਦਿੱਤਾ ਅਤੇ ਸਕੋਰ 250 ਦੌੜਾਂ ਤੋਂ ਪਾਰ ਪਹੁੰਚਾ ਦਿੱਤਾ। ਭਾਰਤ ਲਈ ਸ਼ੁਰੂ ਵਿੱਚ ਰੋਹਿਤ ਸ਼ਰਮਾ (56) ਦੀ ਸੈਂਕੜੇ ਦੀ ਪਾਰੀ ਅਤੇ ਕੇਦਾਰ ਯਾਧਵ (44) ਭੁਵੀ (46) ਨੇ 91 ਦੌੜਾਂ ਜੋੜ ਕੇ ਉਮੀਦਾਂ ਜਗਾਈਆਂ ਪਰ ਭਾਰਤ 50 ਓਵਰਾਂ ਵਿੱਚ 237 ਦੌੜਾਂ ਬਣਾ ਕੇ ਆਊਟ ਹੋ ਗਿਆ। 

 

ਕੈਬਨਿਟ ਨੇ ਲੋਕ ਸਭਾ ਚੋਣਾਂ ਦੀਆਂ ਤਰੀਕਾਂ ਰਾਸ਼ਟਰਪਤੀ ਨੂੰ ਭੇਜੀਆਂ

ਨਵੀਂ ਦਿੱਲੀ, ਮਾਰਚ ਸਰਕਾਰ ਨੇ ਅੱਜ ਸੱਤ ਪੜਾਵਾਂ ਵਿਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੀਆਂ ਤਰੀਕਾਂ ਨੋਟੀਫਾਈ ਕਰਨ ਦੀ ਪ੍ਰਕਿਰਿਆ ਸ਼ੁਰੂ ਕਰਦਿਆਂ ਚੋਣ ਕਮਿਸ਼ਨ ਦੀ ਸਿਫਾਰਸ਼ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੂੰ ਭੇਜ ਦਿੱਤੀ ਹੈ। ਜਾਣਕਾਰੀ ਮੁਤਾਬਕ 11 ਅਪਰੈਲ ਤੋਂ ਸ਼ੁਰੂ ਹੋਣ ਵਾਲੀਆਂ ਚੋਣਾਂ ਲਈ ਪਹਿਲਾ ਨੋਟੀਫਿਕੇਸ਼ਨ 18 ਮਾਰਚ ਨੂੰ ਜਾਰੀ ਕੀਤਾ ਜਾਵੇਗਾ। ਅਧਿਕਾਰੀਆਂ ਨੇ ਦੱਸਿਆ ਕਿ ਅੱਜ ਕੈਬਨਿਟ ਦੀ ਮੀਟਿੰਗ ਵਿਚ ਰਾਸ਼ਟਰਪਤੀ ਨੂੰ ਸਿਫਾਰਸ਼ ਕੀਤੀ ਗਈ ਕਿ ਉਹ ਵੱਖ-ਵੱਖ ਪੜਾਵਾਂ ਲਈ ਨੋਟੀਫਿਕੇਸ਼ਨ ਜਾਰੀ ਕਰਨ ਨੂੰ ਮਨਜ਼ੂਰੀ ਦੇਣ। ਚੋਣ ਕਮਿਸ਼ਨ ਨੇ ਬੀਤੀ 10 ਮਾਰਚ ਨੂੰ ਚੋਣ ਸਾਰਣੀ ਬਾਰੇ ਐਲਾਨ ਕੀਤਾ ਸੀ ਤੇ ਲੋਕ ਸਭਾ ਚੋਣਾਂ ਦੀਆਂ ਤਰੀਕਾਂ ਬਾਰੇ ਨੋਟੀਫਾਈ ਕਰਨ ਲਈ ਕੇਂਦਰੀ ਕਾਨੂੰਨ ਮੰਤਰਾਲੇ ਨੂੰ ਸਿਫਾਰਸ਼ ਭੇਜੀ ਸੀ।

ਕੇਜਰੀਵਾਲ ਵੱਲੋਂ ਕਾਂਗਰਸ ਨੂੰ ‘ਆਪ’ ਤੇ ਜੇਜੇਪੀ ਦੇ ਗੱਠਜੋੜ ਵਿਚ ਸ਼ਾਮਲ ਹੋਣ ਦੀ ਅਪੀਲ

ਨਵੀਂ ਦਿੱਲੀ, ਮਾਰਚ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨੇ ਕਾਂਗਰਸ ਨੂੰ ‘ਆਪ’ ਅਤੇ ਜੇਜੇਪੀ ਦੇ ਪ੍ਰਸਤਾਵਿਤ ਗੱਠਜੋੜ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ ਪਰ ਉਨ੍ਹਾਂ ਦੇ ਇਸ ਪ੍ਰਸਤਾਵ ਨੂੰ ਉਨ੍ਹਾਂ ਦੀ ਹਰਿਆਣਾ ਦੀ ਭਾਈਵਾਲ ਪਾਰਟੀ ਨੇ ਇਹ ਆਖਦਿਆਂ ਠੁਕਰਾ ਦਿੱਤਾ ਕਿ ਇਸਦਾ ਕਾਂਗਰਸ ਨਾਲ ਕੋਈ ਗੱਠਜੋੜ ਨਹੀਂ ਹੋ ਸਕਦਾ। ਸ੍ਰੀ ਕੇਜਰੀਵਾਲ ਨੇ ਇਸ ਤੋ ਪਹਿਲਾਂ ਮੀਡੀਆ ਨੂੰ ਕਿਹਾ ਸੀ ਕਿ ‘ਆਪ’, ਕਾਂਗਰਸ ਤੇ ਜਨਨਾਇਕ ਜਨਤਾ ਪਾਰਟੀ ਦਾ ਜੋੜ ਸੂਬੇ ਵਿਚ ਭਾਜਪਾ ਨੂੰ ਮਾਤ ਦੇਵੇਗਾ। ਉਨ੍ਹਾਂ ਕਿਹਾ ਸੀ,‘ਆਓ, ਹਰਿਆਣਾ ਵਿਚ ਭਾਜਪਾ ਨੂੰ ਹਰਾਉਣ ਲਈ ਇਕੱਠੇ ਹੋਈਏ।’ ਹਾਲਾਂਕਿ ਉਨ੍ਹਾਂ ਦੀਆਂ ਇਨ੍ਹਾਂ ਟਿਪਣੀਆਂ ਦੇ ਕੁਝ ਮਿੰਟਾਂ ਵਿਚ ਹੀ, ਜੇਜੇਪੀ ਨੇ ਸਖ਼ਤ ਲਹਿਜੇ ਵਿਚ ਕਿਹਾ ਕਿ ਇਸ ਦਾ ਕਾਂਗਰਸ ਨਾਲ ਕੋਈ ਜੋੜ ਨਹੀਂ ਹੋ ਸਕਦਾ।
ਜੇਜੇਪੀ ਦੇ ਕੌਮੀ ਜਨਰਲ ਸਕੱਤਰ ਕੇ ਸੀ ਬੰਗਰ ਨੇ ਕਿਹਾ, ‘ਜੇਜੇਪੀ ਦੀ ਸਥਾਪਨਾ ਸਵਰਗੀ ਚੌਧਰੀ ਦੇਵੀ ਲਾਲ ਦੀ ਵਿਚਾਰਧਾਰਾ ਦੇਆਧਾਰ ਉੱਤੇ ਕੀਤੀ ਗਈ ਹੈ, ਜੋ ਹਮੇਸ਼ਾਂ ਕਾਂਗਰਸ ਖ਼ਿਲਾਫ਼ ਲੜਦੇ ਰਹੇ ਹਨ, ਇਸ ਲਈ ਜੇਜੇਪੀ ਕਾਂਗਰਸ ਨਾਲ ਕਿਸੇ ਵੀ ਗੱਠਜੋੜ ਵਿਚ ਸ਼ਾਮਲ ਨਹੀਂ ਹੋਵੇਗੀ ਤੇ ਅਜਿਹੇ ਕਿਸੇ ਵੀ ਗੱਠਜੋੜ ਦਾ ਹਿੱਸਾ ਨਹੀਂ ਬਣੇਗੀ, ਜਿਸ ਵਿਚ ਕਾਂਗਰਸ ਸ਼ਾਮਲ ਹੋਵੇ। ਉਨ੍ਹਾਂ ਕਿਹਾ ਕਿ ਜੇਜੇਪੀ ਉਨ੍ਹਾਂ ਪਾਰਟੀਆਂ ਨਾਲ ਹੀ ਗੱਠਜੋੜ ਬਣਾ ਸਕਦੀ ਹੈ ਜਿਨ੍ਹਾਂ ਦੀ ਵਿਚਾਰਧਾਰਾ ਉਸ ਨਾਲ ਮਿਲਦੀ ਜੁਲਦੀ ਹੋਵੇ ਜਦਕਿ ਕਾਂਗਰਸ, ਉਸਦੀ ਵਿਚਾਰਧਾਰਾ ਨਾਲ ਮੇਲ ਨਹੀਂ ਖਾਂਦੀ। ਹਾਲਾਂਕਿ, ਉਨ੍ਹਾਂ ਕਿਹਾ ਕਿ ਪਾਰਟੀ ਵੱਲੋਂ ਸਾਰੀਆਂ 10 ਲੋਕ ਸਭਾ ਤੇ 90 ਵਿਧਾਨ ਸਭਾ ਸੀਟਾਂ ਉੱਤੇ ਖੁਦ ਨੂੰ ਮਜ਼ਬੂਤ ਕਰ ਰਹੀ ਹੈ। ਉਨ੍ਹਾਂ ਕਿਹਾ,‘ਪਾਰਟੀ ਇਨ੍ਹਾਂ ਸਾਰੀਆਂ ਸੀਟਾਂ ਉੱਤੇ ਚੋਣਾਂ ਲੜਨ ਦੇ ਸਮਰੱਥ ਹੈ।’ ਦੱਸਣਯੋਗ ਹੈ ਕਿ ਆਮ ਆਦਮੀ ਪਾਰਟੀ ਨੇ ਹਾਲ ਹੀ ਵਿਚ ਹਰਿਆਣਾ ਦੇ ਜੀਂਦ ਵਿਚ ਹੋਈ ਉਪ ਚੋਣ ਵਿਚ ਜੇਜੇਪੀ ਨੂੰ ਸਮਰਥਨ ਦਿੱਤਾ ਸੀ।
-

ਕਰਤਾਰਪੁਰ ਲਾਂਘੇ ਲਈ ਆਧੁਨਿਕ ਟਰਮੀਨਲ ਉਸਾਰੇਗਾ ਭਾਰਤ

ਨਵੀਂ ਦਿੱਲੀ- ਭਾਰਤ ਵੱਲੋਂ 190 ਕਰੋੜ ਰੁਪਏ ਦੀ ਲਾਗਤ ਨਾਲ ਕਰਤਾਰਪੁਰ ਲਾਂਘੇ ਲਈ ਅਤਿ ਆਧੁਨਿਕ ਯਾਤਰੀ ਟਰਮੀਨਲ ਭਵਨ (ਪੀਟੀਬੀ) ਉਸਾਰਿਆ ਜਾਵੇਗਾ। ਪਾਕਿਸਤਾਨ ’ਚ ਕਰਤਾਰਪੁਰ ਸਾਹਿਬ ਗੁਰਦੁਆਰੇ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਵਾਸਤੇ ਇਸ ਭਵਨ ’ਚ ਸਾਰੀਆਂ ਲੋੜੀਂਦੀਆਂ ਸਹੂਲਤਾਂ ਹੋਣਗੀਆਂ। ਗ੍ਰਹਿ ਮੰਤਰਾਲੇ ਦੇ ਅਧਿਕਾਰੀ ਨੇ ਕਿਹਾ ਕਿ ਕਰਤਾਰਪੁਰ ਸਾਹਿਬ ਲਾਂਘੇ ’ਤੇ ਅਤਿ ਆਧੁਨਿਕ ਪੀਟੀਬੀ ਕੰਪਲੈਕਸ ਦੀ ਉਸਾਰੀ ਲਈ ਵਿਆਪਕ ਯੋਜਨਾ ਨੂੰ ਮੰਤਰਾਲੇ ਨੇ ਪ੍ਰਵਾਨਗੀ ਦੇ ਦਿੱਤੀ ਹੈ। ਪਿਛਲੇ ਸਾਲ ਨਵੰਬਰ ’ਚ ਗੁਰਦਾਸਪੁਰ ਜ਼ਿਲ੍ਹੇ ਦੇ ਡੇਰਾ ਬਾਬਾ ਨਾਨਕ ਤੋਂ ਕੌਮਾਂਤਰੀ ਸਰਹੱਦ ਤਕ ਕਰਤਾਰਪੁਰ ਲਾਂਘਾ ਵਿਕਸਤ ਕਰਨ ਦੇ ਕੈਬਨਿਟ ਵੱਲੋਂ ਲਏ ਗਏ ਫ਼ੈਸਲੇ ਮਗਰੋਂ ਇਹ ਮਨਜ਼ੂਰੀ ਮਿਲੀ ਹੈ। ਸਰਹੱਦ ’ਤੇ ਸੰਗਠਤ ਚੈੱਕ ਪੋਸਟਾਂ ਉਸਾਰਣ ਅਤੇ ਉਸ ਨੂੰ ਚਲਾਉਣ ਵਾਲੀ ਲੈਂਡ ਪੋਰਟਸ ਅਥਾਰਟੀ ਆਫ਼ ਇੰਡੀਆ ਨੂੰ ਯਾਤਰੀ ਟਰਮੀਨਲ ਭਵਨ ਦੀ ਉਸਾਰੀ ਦਾ ਕੰਮ ਸੌਂਪਿਆ ਗਿਆ ਹੈ। ਉਨ੍ਹਾਂ ਨੂੰ ਗੁਰੂ ਨਾਨਕ ਦੇਵ ਦੇ ਨਵੰਬਰ ’ਚ 550ਵੇਂ ਪ੍ਰਕਾਸ਼ ਪੁਰਬ ਤੋਂ ਪਹਿਲਾਂ ਤੇਜ਼ੀ ਨਾਲ ਇਹ ਕੰਮ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਅਧਿਕਾਰੀ ਨੇ ਕਿਹਾ ਕਿ ਨਾਨਕ ਨਾਮ ਲੇਵਾ ਸੰਗਤ ਦੀਆਂ ਧਾਰਮਿਕ ਭਾਵਨਾਵਾਂ ਨੂੰ ਧਿਆਨ ’ਚ ਰਖਦਿਆਂ ਭਵਨ ਦੇ ਡਿਜ਼ਾਈਨ ਅਤੇ ਗੁਣਵੱਤਾ ਦੇ ਮਾਪਦੰਡਾਂ ਨੂੰ ਤਿਆਰ ਕੀਤਾ ਗਿਆ ਹੈ। ਭਵਨ ਦੀ ਉਸਾਰੀ ਲਈ 50 ਏਕੜ ਜ਼ਮੀਨ ਦੀ ਪਛਾਣ ਕੀਤੀ ਗਈ ਹੈ ਅਤੇ ਇਸ ਨੂੰ ਦੋ ਪੜਾਵਾਂ ’ਚ ਵਿਕਸਤ ਕੀਤਾ ਜਾਵੇਗਾ। ਇਕ ਹੋਰ ਅਧਿਕਾਰੀ ਨੇ ਕਿਹਾ,‘‘ਪਹਿਲੇ ਪੜਾਅ ਤਹਿਤ 15 ਏਕੜ ਤੋਂ ਵੱਧ ਜ਼ਮੀਨ ’ਤੇ ਕੰਮ ਸ਼ੁਰੂ ਹੋਵੇਗਾ ਅਤੇ ਇਸ ਸਬੰਧ ’ਚ ਜ਼ਮੀਨ ਐਕੁਆਇਰ ਕਰਨ ਦਾ ਅਮਲ ਪਹਿਲਾਂ ਹੀ ਆਰੰਭ ਹੋ ਚੁੱਕਾ ਹੈ।’’ ਪੀਟੀਬੀ ਕੰਪਲੈਕਸ ਦੇ ਪਹਿਲੇ ਪੜਾਅ ’ਚ ਕਰੀਬ 21,650 ਸਕੁਏਅਰ ਮੀਟਰ ਰਕਬੇ ’ਤੇ ਏਅਰ ਕੰਡੀਸ਼ਨ ਇਮਾਰਤ ਵਿਕਸਤ ਕਰਨ ਦੀ ਤਜਵੀਜ਼ ਹੈ। ਭਵਨ ਦਾ ਡਿਜ਼ਾਈਨ ‘ਖੰਡੇ’ ਦੇ ਨਿਸ਼ਾਨ ਤੋਂ ਪ੍ਰੇਰਿਤ ਹੈ ਜੋ ਸਾਂਝੀਵਾਲਤਾ ਦੀ ਨੁਮਾਇੰਦਗੀ ਕਰਦਾ ਹੈ। ਇਮਾਰਤ ’ਤੇ ਭਾਰਤੀ ਸੱਭਿਆਚਾਰ ਦੇ ਅਮੀਰ ਵਿਰਸੇ ਨੂੰ ਦਰਸਾਉਂਦੀਆਂ ਮੂਰਤੀਆਂ ਅਤੇ ਤਸਵੀਰਾਂ ਲਾਈਆਂ ਜਾਣਗੀਆਂ। ਅਧਿਕਾਰੀ ਨੇ ਕਿਹਾ ਕਿ ਇਮਾਰਤ ’ਚ ਰੋਜ਼ਾਨਾ ਪੰਜ ਹਜ਼ਾਰ ਸ਼ਰਧਾਲੂਆਂ ਨੂੰ ਕਸਟਮ ਕਲੀਅਰੈਂਸ ਅਤੇ ਇਮੀਗਰੇਸ਼ਨ ਦੀ ਸਹੂਲਤ ਮੌਜੂਦ ਹੋਵੇਗੀ ਜਿਸ ’ਚ ਦੁਕਾਨਾਂ, ਸਾਮਾਨ ਰੱਖਣ ਅਤੇ ਪਾਰਕਿੰਗ ਲਈ ਖੁੱਲ੍ਹੀ ਥਾਂ ਹੋਵੇਗੀ। ਉਨ੍ਹਾਂ ਕਿਹਾ ਕਿ ਕੌਮਾਂਤਰੀ ਸਰਹੱਦ ’ਤੇ 300 ਫੁੱਟ ਉੱਚਾ ਥੜਾ ਹੋਵੇਗਾ ਜਿਸ ’ਤੇ ਤਿਰੰਗਾ ਲਹਿਰਾਇਆ ਜਾਵੇਗਾ। ਦੂਜੇ ਪੜਾਅ ਤਹਿਤ ਵਿਜ਼ੀਟਰ ਗੈਲਰੀ, ਹਸਪਤਾਲ, ਸ਼ਰਧਾਲੂਆਂ ਲਈ ਰਿਹਾਇਸ਼ ਅਤੇ ਹੋਰ ਸਹੂਲਤਾਂ ਦਾ ਵਿਸਥਾਰ ਕੀਤਾ ਜਾਵੇਗਾ।

ਚੋਕਸੀ ਨੇ ਯੂਕੇ ਵਿਚ ਨਵੀਂ ਕੰਪਨੀ ਲਈ ਅਪਲਾਈ ਕੀਤਾ

ਭਾਜਪਾ ਸਰਕਾਰ ਦਾ ਅਸਲੀ ਮਕਸਦ ‘ਭਗੌੜੋਂ ਕਾ ਸਾਥ, ਭਗੌੜੋਂ ਕਾ ਵਿਕਾਸ-ਖੇੜਾ   

ਨਵੀਂ ਦਿੱਲੀ- ਕਾਂਗਰਸ ਨੇ ਦਾਅਵਾ ਕੀਤਾ ਹੈ ਕਿ ਭਗੌੜੇ ਹੀਰਾ ਕਾਰੋਬਾਰੀ ਮੇਹੁਲ ਚੋਕਸੀ ਨੇ ਯੂਕੇ ਵਿੱਚ ਨਵੀਂ ਕੰਪਨੀ ਦੀ ਰਜਿਸਟ੍ਰੇਸ਼ਨ ਲਈ ਅਪਲਾਈ ਕੀਤਾ ਹੈ। ਇਸ ਦੇ ਨਾਲ ਹੀ ਕਾਂਗਰਸ ਨੇ ਨਰਿੰਦਰ ਮੋਦੀ ਸਰਕਾਰ ਨੂੰ ਸਵਾਲ ਕੀਤਾ ਹੈ ਕਿ ਕੀ ਉਸ ਨੂੰ ਵਾਪਸ ਭਾਰਤ ਲਿਆਉਣ ਲਈ ਗੰਭੀਰ ਯਤਨ ਕੀਤੇ ਜਾ ਰਹੇ ਹਨ? ਕਾਂਗਰਸ ਦੇ ਤਰਜਮਾਨ ਪਵਨ ਖੇੜਾ ਨੇ ਕਿਹਾ ਕਿ ਚੋਕਸੀ ਨੇ ਤਿੰਨ ਦਿਨ ਪਹਿਲਾਂ ਆਪਣਾ ਮੂਲ ਪਤਾ ਦੁਬਈ ਦਾ ਦੇ ਕੇ ਯੂਕੇ ਵਿੱਚ ਨਵੀਂ ਕੰਪਨੀ ਲਈ ਰਜਿਸਟ੍ਰੇਸ਼ਨ ਵਾਸਤੇ ਅਪਲਾਈ ਕੀਤਾ ਹੈ। ਉਨ੍ਹਾਂ ਸਵਾਲ ਕੀਤਾ ਕਿ ਕੀ ਮੋਦੀ ਸਰਕਾਰ ਨੂੰ ਇਸ ਬਾਰੇ ਕੋਈ ਜਾਣਕਾਰੀ ਹੈ। ਖੇੜਾ ਨੇ ਆਪਣੇ ਵਲੋਂ ਕੀਤੇ ਜਾ ਰਹੇ ਦਾਅਵੇ ਸਬੰਧੀ ਕੁਝ ਦਸਤਾਵੇਜ਼ ਵੀ ਜਾਰੀ ਕੀਤੇ ਹਨ। ਇੱਥੇ ਪ੍ਰੈੱਸ ਕਾਨਫਰੰਸ ਮੌਕੇ ਆਗਾਮੀ ਲੋਕ ਸਭਾ ਚੋਣਾਂ ਵਿਚ ਭਾਜਪਾ ਦੀ ਹਾਰ ਹੋਣ ਦਾ ਦਾਅਵਾ ਕਰਦਿਆਂ ਕਾਂਗਰਸੀ ਆਗੂ ਨੇ ਕਿਹਾ ਕਿ ਕੇਂਦਰ ਸਰਕਾਰ ਲੋਕਾਂ ਨੂੰ ਦੱਸੇ ਕਿ ਕੀ ਉਸ ਨੂੰ ਚੋਕਸੀ ਵਲੋਂ ਕੀਤੀ ਗਈ ਕਾਰਵਾਈ ਬਾਰੇ ਜਾਣਕਾਰੀ ਹੈ ਜਾਂ ਨਹੀਂ। ਨਾਲ ਹੀ ਇਹ ਵੀ ਦੱਸੇ ਕਿ ਸੀਬੀਆਈ ਅਤੇ ਈਡੀ ਵਲੋਂ ਚੋਕਸੀ ਨੂੰ ਵਾਪਸ ਭਾਰਤ ਲਿਆਉਣ ਲਈ ਕੀ ਯਤਨ ਕੀਤੇ ਗਏ ਹਨ। ਕਾਂਗਰਸ ਆਗੂ ਨੇ ਇਹ ਵੀ ਦੋਸ਼ ਲਾਇਆ ਕਿ ਚੋਕਸੀ ਤੋਂ ਲਾਹਾ ਲੈਣ ਵਾਲਾ ਇੱਕ ‘ਪ੍ਰਭਾਵਸ਼ਾਲੀ ਵਿਅਕਤੀ’ ਉਸ ਨੂੰ ਬਚਾ ਰਿਹਾ ਹੈ। ਭਾਜਪਾ ਦੇ ‘ਸਬਕਾ ਸਾਥ, ਸਬਕਾ ਵਿਕਾਸ’ ਨਾਅਰੇ ’ਤੇ ਚੁਟਕੀ ਲੈਂਦਿਆਂ ਖੇੜਾ ਨੇ ਕਿਹਾ ਕਿ ਸਰਕਾਰ ਦਾ ਅਸਲੀ ਮਕਸਦ ‘ਭਗੌੜੋਂ ਕਾ ਸਾਥ, ਭਗੌੜੋਂ ਕਾ ਵਿਕਾਸ’ ਹੈ।

ਚੋਣ ਜਾਬਤਾ ਹੋਇਆ ਲਾਗੂ

ਨਵੀਂ ਦਿੱਲੀ, 10 ਮਾਰਚ 2019 - ਅੱਜ ਦਿੱਲੀ 'ਚ ਚੋਣ ਕਮਿਸ਼ਨ ਵੱਲੋਂ ਭਾਰਤ 'ਚ ਹੋਣ ਵਾਲੀਆਂ ਲੋਕ ਸਭਾ ਚੋਣਾਂ 2019 ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ। 11 ਅਪ੍ਰੈਲ 2019  ਤੋਂ ਹੋਣਗੀਆਂ ਚੋਣਾਂ। ਅੱਜ 10 ਮਾਰਚ ਤੋਂ ਹੀ ਕੋਡ ਆਫ ਕੰਡਕਟ ਲਾਗੂ ਹੋ ਗਿਆ ਹੈ।  ਕੁੱਲ 7 ਫੇਸਾਂ 'ਚ ਚੋਣਾਂ ਹੋਣੀਆਂ ਹਨ। ਵੋਟਾਂ ਦੀ ਗਿਣਤੀ 23 ਮਈ ਨੂੰ ਹੋਵੇਗੀ ਚੰਡੀਗੜ੍ਹ, ਪੰਜਾਬ ਤੇ ਹਿਮਾਚਲ 'ਚ 19 ਮਈ ਨੂੰ ਪੈਣਗੀਆਂ ਵੋਟਾਂ। ਹਰਿਆਣਾ 'ਚ 12 ਮਈ ਨੂੰ ਹੋਵੇਗੀ ਵੋਟਿੰਗ। 

ਲੋਕ ਸਭਾ ਚੋਣਾਂ ਦੇ ਪਹਿਲੇ ਦੌਰ ਦੀਆਂ ਚੋਣਾਂ 11 ਅਪ੍ਰੈਲ ਨੂੰ ਪੈਣਗੀਆਂ। 20 ਸੂਬਿਆਂ ਦੀਆਂ 91 ਲੋਕ ਸਭਾ ਸੀਟਾਂ 'ਤੇ ਲੋਕ ਵੋਟਾਂ ਪਾਉਣਗੇ। 

ਦੂਜੇ ਦੌਰ ਦੀਆਂ 18 ਅਪ੍ਰੈਲ ਨੂੰ 13 ਸੂਬਿਆਂ 'ਚ 97 ਸੀਟਾਂ 'ਤੇ ਵੋਟਾਂ ਪੈਣਗੀਆਂ।

ਤੀਜੇ ਦੌਰ ਲਈ 23 ਅਪ੍ਰੈਲ ਨੂੰ 14 ਸੂਬਿਆਂ ਦੀਆਂ 115 ਸੀਟਾਂ ਲਈ ਵੋਟਾਂ ਪੈਣਗੀਆਂ।

ਚੌਥੇ ਦੌਰ ਲਈ 29 ਅਪ੍ਰੈਲ ਨੂੰ 9 ਸੂਬਿਆਂ ਦੀਆਂ 71 ਸੀਟਾਂ 'ਤੇ ਪੈਣਗੀਆਂ ਵੋਟਾਂ

ਪੰਜਵੇਂ ਦੌਰ ਲਈ 6 ਮਈ ਨੂੰ 7 ਸੂਬਿਆਂ ਦੀਆਂ 51 ਲੋਕ ਸਭਾ ਸੀਟਾਂ 'ਤੇ ਪੈਣਗੀਆਂ ਵੋਟਾਂ

ਛੇਵੇਂ ਦੌਰ 'ਚ 12 ਮਈ ਨੂੰ 7 ਸੂਬਿਆਂ 'ਚ 51 ਲੋਕ ਸਭਾ ਸੀਟਾਂ 'ਤੇ ਵੋਟਾਂ ਪੈਣਗੀਆਂ।

ਸੱਤਵੇਂ ਦੌਰ ਦੀਆਂ 19 ਮਈ ਨੂੰ 8 ਸੂਬਿਆਂ ਦੀਆਂ 59 ਸੀਟਾਂ 'ਤੇ ਵੋਟਾਂ ਪੈਣਗੀਆਂ।

ਚੋਣਾ ਲਈ ਕੁਝ ਅਹਿਮ ਮਾਪ ਦੰਡ

ਪੂਰੀ ਚੋਣ ਪ੍ਰਕਿਰਿਆ ਦੀ ਹੋਵੇਗੀ ਵੀਡੀੳਗ੍ਰਾਫੀ

ਪੈਨ ਨੰਬਰ ਨਾ ਹੋਣ 'ਤੇ ਉਮੀਦਵਾਰੀ ਰੱਦ ਹੋਵੇਗੀ

ਰਾਤ 10 ਵਜੇ ਤੋਂ ਸਵੇਰ 6 ਵਜੇ ਤੱਕ ਕੋਈ ਲਾਊਡ ਸਪੀਕਰ ਨਹੀਂ ਵੱਜੇਗਾ

ਸਾਰੇ ਪੋਲਿੰਗ ਬੂਥਾਂ 'ਤੇ ਵੀ.ਵੀ.ਪੀ.ਏ.ਟੀ ਮਸ਼ੀਨਾਂ ਹੋਣਗੀਆਂ

ਲੋਕ ਸਭਾ ਚੋਣਾਂ ਲਈ ਕਾਂਗਰਸ ਵਲੋਂ ਪਹਿਲੀ ਸੂਚੀ ਜਾਰੀ

ਨਵੀਂ ਦਿੱਲੀ; ਲੋਕ ਸਭਾ ਚੋਣਾਂ ਲਈ ਕਾਂਗਰਸ ਨੇ ਅੱਜ 15 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰਦਿਆਂ ਕਾਂਗਰਸ ਦੀ ਚੇਅਰਪਰਸਨ ਸੋਨੀਆ ਗਾਂਧੀ ਨੂੰ ਰਾਏ ਬਰੇਲੀ ਅਤੇ ਪ੍ਰਧਾਨ ਰਾਹੁਲ ਗਾਂਧੀ ਨੂੰ ਅਮੇਠੀ ਸੀਟ ਤੋਂ ਚੋਣ ਮੈਦਾਨ ਵਿਚ ਉਤਾਰਿਆ ਹੈ। ਪਾਰਟੀ ਦੀ ਕੇਂਦਰੀ ਚੋਣ ਕਮੇਟੀ ਦੀ ਅੱਜ ਇੱਥੇ ਹੋਈ ਮੀਟਿੰਗ ਮੌਕੇ ਉੱਤਰ ਪ੍ਰਦੇਸ਼ ਤੋਂ 11 ਅਤੇ ਗੁਜਰਾਤ ਤੋਂ ਚਾਰ ਉਮੀਦਵਾਰ ਐਲਾਨੇ ਗਏ ਹਨ। ਸਲਮਾਨ ਖੁਰਸ਼ੀਦ, ਜਤਿਨ ਪ੍ਰਸਾਦ ਅਤੇ ਆਰਪੀਐੱਨ ਸਿੰਘ ਨੂੰ ਫਾਰੂਕਾਬਾਦ, ਧੌਰਾਹੜਾ ਅਤੇ ਕੁਸ਼ੀ ਨਗਰ ਤੋਂ ਉਮੀਦਵਾਰ ਐਲਾਨਿਆ ਹੈ। ਯੂਪੀ ਤੋਂ ਕਾਂਗਰਸ ਦੇ ਸਾਬਕਾ ਪ੍ਰਧਾਨ ਨਿਰਮਲ ਖੱਤਰੀ ਨੂੰ ਫ਼ੈਜ਼ਾਬਾਦ ਅਤੇ ਪਾਰਟੀ ਦੇ ਗੁਜਰਾਤ ਤੋਂ ਸਾਬਕਾ ਪ੍ਰਧਾਨ ਭਾਰਤ ਸਿੰਘ ਸੋਲੰਕੀ ਨੂੰ ਸੂਬੇ ਦੇ ਆਨੰਦ ਹਲਕੇ ਤੋਂ ਉਮੀਦਵਾਰ ਐਲਾਨਿਆ ਹੈ।

ਰਾਹੁਲ ਗਾਂਧੀ ਅਤੇ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਲਈ ਪੰਜਾਬ ਵਿੱਚ ਲੋਕ ਸਭਾ ਚੋਣਾਂ ਦਾ ਬਿਗੁਲ ਵਜਾਇਆ

ਕਿਸਾਨ ਕਰਜ਼ਾ ਮੁਆਫੀ ਸਕੀਮ ਦੇ ਚੌਥੇ ਗੇੜ ਦੀ ਸ਼ੁਰੂਆਤ, ਸਾਰੇ ਮੋਰਚਿਆਂ ’ਤੇ ਨਾਕਾਮ ਰਹਿਣ ਲਈ ਮੋਦੀ ਦੇ ਪਾਜ ਉਧੇੜੇ

  

ਕਿਲੀ ਚਹਿਲਾਂ /ਮੋਗਾ 7 ਮਾਰਚ - ( ਮਨਜਿੰਦਰ ਸਿੰਘ ਗਿੱਲ)—ਕਾਂਗਰਸ ਪਾਰਟੀ ਨੇ ਅੱਜ ਪੰਜਾਬ ਵਿੱਚ ਲੋਕ ਸਭਾ ਚੋਣਾਂ ਲਈ ਬਿਗੁਲ ਵਜਾ ਦਿੱਤਾ ਹੈ। ਪਾਰਟੀ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਰਤੀ ਜਨਤਾ ਪਾਰਟੀ ਅਤੇ ਇਸ ਦੇ ਭਾਈਵਾਲ ਸ਼੍ਰੋਮਣੀ ਅਕਾਲੀ ਦਲ ਉਪਰ ਤਿੱਖਾ ਹਮਲਾ ਕਰਦੇ ਹੋਏ ਭਰੋਸਾ ਪ੍ਰਗਟ ਕੀਤਾ ਹੈ ਕਿ ਕਾਂਗਰਸ ਪਾਰਟੀ ਅਗਾਮੀ ਚੋਣਾਂ ਵਿੱਚ ਪੰਜਾਬ ’ਚ ਅਕਾਲੀ-ਭਾਜਪਾ ਗੱਠਜੋੜ ਦਾ ਪੂਰੀ ਤਰਾਂ ਸਫਾਇਆ ਕਰ ਦੇਵੇਗੀ। ਪੰਜਾਬ ਵਿੱਚ ਕਾਂਗਰਸ ਪਾਰਟੀ ਵੱਲੋਂ ਕਿਸਾਨ ਕਰਜ਼ਾ ਰਾਹਤ ਸਕੀਮ ਦੇ ਚੌਥੇ ਪੜਾਅ ਦੀ ਸ਼ੁਰੂਆਤ ਕਰਦੇ ਹੋਏ ਦੋਵਾਂ ਆਗੂਆਂ ਨੇ ਮੋਦੀ ਸਰਕਾਰ ਦੇ ਵੱਖ-ਵੱਖ ਮੋਰਚਿਆਂ ’ਤੇ ਨਾਕਾਮ ਰਹਿਣ ਨੂੰ ਨੰਗਾ ਕਰਦੇ ਹੋਏ ਕਿਹਾ ਕਿ ਮੋਦੀ ਸਰਕਾਰ ਲੋਕਾਂ ਦੀ ਭਲਾਈ ਵਾਸਤੇ ਕੀਤੇ ਵਾਅਦਿਆਂ ਨੂੰ ਲਾਗੂ ਕਰਨ ਵਿੱਚ ਪੂਰੀ ਤਰਾਂ ਨਾਕਾਮ ਰਹੀ ਹੈ ਅਤੇ ਉਨਾਂ ਨੇ ਕੇਂਦਰ ਦੀ ਲੋਕ ਵਿਰੋਧੀ ਸੱਤਾ ਨੂੰ ਉਖਾੜ ਸੁੱਟਣ ਅਤੇ ਕਾਂਗਰਸ ਦੇ ਹੱਕ ਵਿੱਚ ਭੁਗਤਣ ਦਾ ਲੋਕਾਂ ਨੂੰ ਸੱਦਾ ਦਿੱਤਾ। ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੀਆਂ 13 ਦੀਆਂ 13 ਲੋਕ ਸਭਾ ਸੀਟਾਂ ਦੇ ਆਪਣੇ ਮਿਸ਼ਨ ਨੂੰ ਦੁਹਰਾਇਆ ਅਤੇ ਰਾਹੁਲ ਗਾਂਧੀ ਨੂੰ ਦੇਸ਼ ਦਾ ਅਗਲਾ ਪ੍ਰਧਾਨ ਮੰਤਰੀ ਬਣਾਉਣ ਦਾ ਐਲਾਨ ਕੀਤਾ। ਕੁੱਲ ਹਿੰਦ ਕਾਂਗਰਸ ਕਮੇਟੀ ਦੇ ਮੁਖੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਾਰੇ ਮੋਰਚਿਆਂ ’ਤੇ ਅਸਫ਼ਲ ਰਹਿਣ ਦਾ ਜ਼ਿਕਰ ਕਰਦੇ ਹੋਏ ਰਾਫੇਲ ਅਤੇ ਕਿਸਾਨੀ ਕਰਜ਼ੇ ਦੀ ਮੁਆਫੀ ਵਰਗੇ ਅਹਿਮ ਮੁੱਦਿਆਂ ’ਤੇ 15 ਮਿੰਟ ਦੀ ਬਹਿਸ ਲਈ ਚੁਣੌਤੀ ਦਿੱਤੀ। ਰਾਹੁਲ ਗਾਂਧੀ ਨੇ ਕਿਸਾਨ ਕਰਜ਼ਾ ਮੁਆਫੀ ਸਕੀਮ ਵਾਸਤੇ ਕੈਪਟਨ ਅਮਰਿੰਦਰ ਸਿੰਘ ਦੀ ਸ਼ਲਾਘਾ ਕੀਤੀ ਜਿਸ ਲਈ ਮੁੱਖ ਮੰਤਰੀ ਨੇ ਅੱਜ ਚੌਥੇ ਗੇੜ ਦੀ ਸ਼ੁਰੂਆਤ ਕੀਤੀ ਜਿਸ ਦੇ ਹੇਠ 15000 ਛੋਟੇ ਕਿਸਾਨਾਂ ਨੂੰ 200 ਕਰੋੜ ਰੁਪਏ ਦੀ ਰਾਹਤ ਮੁਹੱਈਆ ਕਰਾਈ ਜਾਵੇਗੀ। ਇਸ ਤੋਂ ਇਲਾਵਾ ਇਸ ਸਕੀਮ ਦੇ ਘੇਰੇ ਹੇਠ ਦਲਿਤਾਂ ਅਤੇ ਬੇਜ਼ਮੀਨੇ ਕਿਸਾਨਾਂ ਨੂੰ ਲਿਆਂਦਾ ਜਾਵੇਗਾ ਅਤੇ ਇਸ ਸਕੀਮ ਦੇ ਹੇਠ 2.82 ਲੱਖ ਖੇਤ ਮਜ਼ਦੂਰਾਂ ਦੇ 520 ਕਰੋੜ ਰੁਪਏ ਦੇ ਕਰੋੜ ਰੁਪਏ ਦੇ ਕਰਜ਼ੇ ਮੁਆਫ ਕੀਤੇ ਜਾਣਗੇ। ਮੁੱਖ ਮੰਤਰੀ ਨੇ ਕਿਹਾ ਕਿ ਕਿਸਾਨੀ ਭਾਈਚਾਰੇ ਦੀ ਹਰ ਹਾਲ ਵਿੱਚ ਰਾਖੀ ਕੀਤੀ ਜਾਵੇਗੀ ਜਦਕਿ ਰਾਹੁਲ ਗਾਂਧੀ ਨੇ ਐਲਾਨ ਕੀਤਾ ਕਿ ਕਿਸਾਨੀ ਕਰਜ਼ੇ ਕਾਂਗਰਸ ਦੇ ਸ਼ਾਸਨ ਵਾਲੇ ਸੂਬਿਆਂ ਵਿੱਚ ਮੁਆਫ਼ ਕੀਤੇ ਜਾ ਰਹੇ ਹਨ ਜਦਕਿ ਇਸ ਦੇ ਮੁਕਾਬਲੇ ਮੋਦੀ ਸਰਕਾਰ ਸੰਕਟ ਵਿੱਚ ਘਿਰੇ ਕਿਸਾਨਾਂ ਨੂੰ ਬਚਾਉਣ ਵਿੱਚ ਅਸਫ਼ਲ ਰਹੀ ਹੈ। ਕਾਂਗਰਸ ਪ੍ਰਧਾਨ ਨੇ ਪੁੱਛਿਆ ਕਿ ਜੇ ਮੋਦੀ ਵੱਡੇ ਸਨਅਤੀ ਘਰਾਣਿਆਂ ਦੇ ਕਰਜ਼ੇ ਮੁਆਫ਼ ਕਰ ਸਕਦੇ ਹਨ ਤਾਂ ਕਿਸਾਨਾਂ ਦੇ ਕਰਜ਼ੇ ਮੁਆਫ਼ ਕਿਉਂ ਨਹੀਂ ਕੀਤੇ ਜਾ ਸਕਦੇ। ਰਾਹੁਲ ਗਾਂਧੀ ਨੇ ਰਾਫੇਲ ਸੌਦੇ ਦੇ ਮਾਮਲੇ ਵਿੱਚ ਸ਼ਰਤਾਂ ਨੂੰ ਅੰਬਾਨੀ ਦੇ ਹੱਕ ਵਿੱਚ ਪਲਟਾਉਣ ਲਈ ਮੋਦੀ ਦੀ ਤਿੱਖੀ ਆਲੋਚਨਾ ਕੀਤੀ। ਉਨਾਂ ਕਿਹਾ ਕਿ ਮੋਦੀ ਨੇ 3.50 ਰੁਪਏ ਪ੍ਰਤੀ ਦਿਨ ਦੇ ਕੇ ਕਿਸਾਨਾਂ ਨਾਲ ਭੱਦਾ ਮਜ਼ਾਕ ਕੀਤਾ ਹੈ ਜਦਕਿ ਉਦਯੋਗਾਂ ਨੂੰ ਤੋਹਫ਼ੇ ਵਜੋਂ ਕਰੋੜਾਂ ਰੁਪਏ ਦਿੱਤੇ ਗਏ ਹਨ। ਉਨਾਂ ਕਿਹਾ ਕਿ ਕਾਂਗਰਸ ਸੱਤਾ ਵਿੱਚ ਆਉਣ ਤੋਂ ਬਾਅਦ ਸਾਰਿਆਂ ਲਈ ਘੱਟੋ-ਘੱਟ ਗਰੰਟੀ ਸਕੀਮ ਨੂੰ ਯਕੀਨੀ ਬਣਾਇਆ ਜਾਵੇਗੀ। ਰਾਹੁਲ ਗਾਂਧੀ ਨੇ ਐਲਾਨ ਕੀਤਾ ਕਿ ਗੁੰਮ ਹੋਈਆਂ ਰਾਫੇਲ ਦੀਆਂ ਫਾਈਲਾਂ ਇਸ ਦਾ ਸਬੂਤ ਹਨ ਕਿ ਚੌਕੀਦਾਰ ਸਪੱਸ਼ਟ ਤੌਰ ’ਤੇ ਚੋਰ ਹੈ। ਉਨਾਂ ਕਿਹਾ ਕਿ ਅੰਬਾਨੀ ਨੂੰ 30 ਹਜ਼ਾਰ ਕਰੋੜ ਰੁਪਏ ਦਾ ਲਾਭ ਪਹੁੰਚਾਇਆ ਗਿਆ ਹੈ। ਉਨਾਂ ਕਿਹਾ ਕਿ ਇਨਾਂ ਫਾਈਲਾਂ ਤੋਂ ਇਹ ਪ੍ਰਗਟਾਵਾ ਹੁੰਦਾ ਹੈ ਕਿ ਜੈੱਟ ਪ੍ਰਾਪਤ ਹੋਣ ਵਿੱਚ ਇਸ ਕਰਕੇ ਦੇਰੀ ਹੋਈ ਕਿਉਂਕਿ ਮੋਦੀ ਸਰਕਾਰ ਵੱਲੋਂ ਸਮਾਨਾਂਤਰ ਗੱਲਬਾਤ ਚਲਾਈ ਜਾ ਰਹੀ ਸੀ। ਉਨਾਂ ਕਿਹਾ ਕਿ ਇਨਾਂ ਦੇ ਮਿਲਣ ’ਚ ਦੇਰੀ ਹੋਣ ਕਾਰਨ ਭਾਰਤੀ ਹਵਾਈ ਫੌਜ ਨੂੰ ਭਾਰੀ ਮੁੱਲ ਤਾਰਨਾ ਪਿਆ ਹੈ ਜਿਨਾਂ ਦੇ ਪਾਇਲਟਾਂ ਦੇ ਜੀਵਨ ਨੂੰ ਮੋਦੀ ਨੇ ਖ਼ਤਰੇ ਵਿੱਚ ਪਾਇਆ ਹੈ। ਪਿਛਲੀਆਂ ਚੋਣਾਂ ਦੌਰਾਨ ਮੋਦੀ ਵੱਲੋਂ ਹਰ ਪਰਿਵਾਰ ਦੇ ਖਾਤੇ ਵਿੱਚ 15 ਲੱਖ ਰੁਪਏ ਜਮਾਂ ਕਰਾਉਣ ਦੇ ਕੀਤੇ ਵਾਅਦੇ ਵਿੱਚ ਅਸਫ਼ਲ ਰਹਿਣ ਲਈ ਮੋਦੀ ਦੀ ਤਿੱਖੀ ਆਲੋਚਨਾ ਕਰਦੇ ਹੋਏ ਰਾਹੁਲ ਨੇ ਰੈਲੀ ’ਚ ਖਚਾਖਚ ਭੀੜ ਤੋਂ ਪੁੱਛਿਆ ਕਿ ਕਿਸੇ ਦੇ ਖਾਤੇ ਵਿੱਚ ਮੋਦੀ ਵੱਲੋਂ ਕੀਤੇ ਗਏ ਵਾਅਦੇ ਅਨੁਸਾਰ ਰਾਸ਼ੀ ਆਈ ਹੈ। ਲੋਕਾਂ ਨੇ ਇਸ ਦਾ ਉੱਤਰ ‘ਨਾਂਹ’ ਵਿੱਚ ਦਿੱਤਾ ਜਿਨਾਂ ਦੇ ਇਸ ਉੱਤਰ ਤੋਂ ਮੁਸਕਰਾ ਕੇ ਰਾਹੁਲ ਨੇ ਮੋਦੀ ਦੀ ਸਖਤ ਨਿਖੇਧੀ ਕੀਤੀ। ਉਨਾਂ ਕਿਹਾ ਕਿ ਮੋਦੀ ਨੇ ਪੰਜਾਬ ਵਿਧਾਨ ਸਭਾ ਦੀਆਂ 2017 ਦੀਆਂ ਚੋਣਾਂ ਤੋਂ ਐਨ ਪਹਿਲਾਂ ਬਾਦਲਾਂ ਨਾਲ ਸਮਝੌਤਾ ਕੀਤਾ ਅਤੇ ਨੋਟਬੰਦੀ ਦੇ ਬਦਦਿਮਾਗੀ ਫੈਸਲੇ ਨਾਲ ਗੈਰ-ਰਸਮੀ ਸੈਕਟਰ ਨੂੰ ਤਬਾਹੀ ’ਤੇ ਪਹੁੰਚਾ ਦਿੱਤਾ। ਦੇਸ਼ ਵਿੱਚ ਨਫ਼ਰਤ ਫੈਲਾਉਣ ਦਾ ਪ੍ਰਧਾਨ ਮੰਤਰੀ ’ਤੇ ਦੋਸ਼ ਲਾਉਂਦੇ ਹੋਏ ਰਾਹੁਲ ਗਾਂਧੀ ਨੇ ਕਿਹਾ ਕਿ ਅਗਲੀਆਂ ਚੋਣਾਂ ਵਿੱਚ ਵਿਚਾਰਧਾਰਕ ਸੰਘਰਸ਼ ਹੋਵੇਗਾ ਅਤੇ ਗੁਰੂ ਨਾਨਕ ਦੇਵ ਜੀ ਦੀ ਆਪਸੀ ਪਿਆਰ ਅਤੇ ਆਪਸੀ ਸਤਿਕਾਰ ਵਾਲੀ ਫ਼ਿਲਾਸਫੀ ਦੀ ਜਿੱਤ ਹੋਵੇਗੀ। ਉਨਾਂ ਕਿਹਾ, ‘‘ਅਸੀਂ ਸ਼ਾਨਦਾਰ ਤਰੀਕੇ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਮਨਾਵਾਂਗੇ।’’ਰਾਹੁਲ ਗਾਂਧੀ ਨੇ ਪੰਜਾਬ ਦਾ 31000 ਕਰੋੜ ਰੁਪਏ ਸੂਬੇ ਨੂੰ ਵਾਪਸ ਨਾ ਕਰਨ ਅਤੇ ਨੁਕਸਦਾਰ ਜੀ.ਐਸ.ਟੀ. ਲਈ ਮੋਦੀ ਸਰਕਾਰ ਦੀ ਆਲੋਚਨਾ ਕੀਤੀ। ਉਨਾਂ ਨੇ ਵਿਜੈ ਮਾਲਿਆ ਨੂੰ ਮੁਲਕ ਛੱਡਣ ਦੀ ਇਜਾਜ਼ਤ ਦੇਣ ਲਈ ਕੇਂਦਰੀ ਮੰਤਰੀ ਅਰੁਣ ਜੇਤਲੀ ਨੂੰ ਸਵਾਲ ਕਰਦਿਆਂ ਉਨਾਂ ਖਿਲਾਫ਼ ਜਾਂਚ ਦੀ ਮੰਗ ਕੀਤੀ। ਸਾਰੀਆਂ ਇਨਫੋਰਸਮੈਂਟ ਏਜੰਸੀਆਂ ’ਤੇ ਸ੍ਰੀ ਜੇਤਲੀ ਦੇ ਅਧਿਕਾਰ ਵਿੱਚ ਹੋਣ ਦਾ ਜ਼ਿਕਰ ਕਰਦਿਆਂ ਕਾਂਗਰਸ ਦੇ ਕੌਮੀ ਪ੍ਰਧਾਨ ਨੇ ਕਿਹਾ ਕਿ ਈ.ਡੀ. ਅਤੇ ਡੀ.ਆਰ.ਆਈ. ਪ੍ਰਧਾਨ ਮੰਤਰੀ ਦੇ ਕੰਟਰੋਲ ਹੇਠ ਕੰਮ ਕਰ ਰਹੀਆਂ ਹਨ ਅਤੇ ਉਨਾਂ ਵੱਲੋਂ ਇਨਾਂ ਏਜੰਸੀਆਂ ਨੂੰ ਡਰੱਗ ਮਾਫੀਆ ਦੀਆਂ ਵੱਡੀਆਂ ਮੱਛੀਆਂ ਫੜਨ ਅਤੇ ਪੰਜਾਬ ਨੂੰ ਤਬਾਹ ਕਰਨ ਵਾਲਿਆਂ ਨੂੰ ਕਾਬੂ ਕਰਨ ਲਈ ਨਿਰਦੇਸ਼ ਦੇਣੇ ਚਾਹੀਦੇ ਹਨ। ਇਸ ਦੇ ਨਾਲ ਹੀ ਉਨਾਂ ਨੇ ਪੰਜਾਬ ਵਿੱਚ ਡਰੱਗ ਮਾਫੀਏ ਦਾ ਲੱਕ ਤੋੜ ਦੇਣ ਲਈ ਮੁੱਖ ਮੰਤਰੀ ਦੀ ਸ਼ਲਾਘਾ ਕਰਦਿਆਂ ਆਖਿਆ ਕਿ ਇਹ ਸਾਡੇ ਲਈ ਬਹੁਤ ਤਸੱਲੀ ਵਾਲੀ ਗੱਲ ਹੈ ਕਿ ਨੌਜਵਾਨਾਂ ਦੇ ਮਨਾਂ ਵਿੱਚ ਆਪਣੇ ਬਿਹਤਰ ਭਵਿੱਖ ਦੀ ਉਮੀਦ ਮੁੜ ਜਾਗੀ ਹੈ। ਮੁੱਖ ਮੰਤਰੀ ਨੇ ਪੰਜਾਬ ਵਿੱਚ ਪਿਛਲੀ ਅਕਾਲੀ-ਭਾਜਪਾ ਸਰਕਾਰ ਵੱਲੋਂ 31000 ਕਰੋੜ ਰੁਪਏ ਦੇ ਵਿਰਾਸਤੀ ਕਰਜ਼ੇ ਰਾਹੀਂ ਸੂਬੇ ਨੂੰ ਤਬਾਹੀ ਵੱਲ ਧੱਕਣ ਦੀ ਤਿੱਖੀ ਅਲੋਚਨਾ ਕਰਦਿਆਂ ਕਿਹਾ ਕਿ ਇਸ ਨਾਲ ਸੂਬੇ ’ਤੇ ਵੱਡਾ ਬੋਝ ਪਿਆ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਸ ਸਬੰਧ ਵਿੱਚ ਉਨਾਂ ਵੱਲੋਂ ਪ੍ਰਧਾਨ ਮੰਤਰੀ ਅਤੇ ਵਿੱਤ ਮੰਤਰੀ ਕੋਲ ਵਾਰ-ਵਾਰ ਕੀਤੀ ਪੈਰਵੀ ਦੇ ਬਾਵਜੂਦ ਇਹ ਦੋਵੇਂ ਨੇਤਾ ਇਸ ਨੂੰ ਸੁਲਝਾਉਣ ਵਿੱਚ ਨਾਕਾਮ ਰਹੇ ਹਨ। ਮੁੱਖ ਮੰਤਰੀ ਨੇ ਸੂਬੇ ਵਿੱਚ ਪਿਛਲੀ ਸਰਕਾਰ ਦੇ ਮਾੜੇ ਸ਼ਾਸਨ ਦੇ ਉਲਟ ਉਨਾਂ ਦੀ ਸਰਕਾਰ ਵੱਲੋਂ ਸਾਰੇ ਵੱਡੇ ਵਾਅਦਿਆਂ ਨੂੰ ਸਫਲਤਾਪੂਰਵਕ ਪੂਰਾ ਕਰਨ ਦਾ ਜ਼ਿਕਰ ਕਰਦਿਆਂ ਕਿਹਾ ਕਿ ਨਸ਼ਿਆਂ ਦਾ ਲੱਕ ਤੋੜਿਆ, ਉਦਯੋਗ ਦੀ ਪੁਨਰ ਸੁਰਜੀਤੀ ਲਈ 65000 ਕਰੋੜ ਰੁਪਏ ਦੀ ਲਾਗਤ ਵਾਲੇ ਐਮ.ਓ.ਯੂ. ਕੀਤੇ ਜਿਨਾਂ ਵਿੱਚੋਂ 36000 ਕਰੋੜ ਦੇ ਪ੍ਰਾਜੈਕਟ ਜ਼ਮੀਨੀ ਪੱਧਰ ’ਤੇ ਅਮਲ ਵਿੱਚ ਆਉਣ ਲੱਗੇ ਹਨ ਅਤੇ 32000 ਕਿਲੋਮੀਟਰ ਲਿੰਕ ਸੜਕਾਂ ਦੀ ਮੁਰੰਮਤ ਦਾ ਕੰਮ ਮੁਕੰਮਲ ਹੋ ਚੁੱਕਾ ਹੈ। ਮੁੱਖ ਮੰਤਰੀ ਨੇ ਆਖਿਆ ਕਿ ਉਨਾਂ ਦੀ ਸਰਕਾਰ ਇਸ ਵਾਰ ਬਹੁਤ ਜ਼ਿਆਦਾ ਫਸਲ ਮੰਡੀਆਂ ਵਿੱਚ ਆਉਣ ਲਈ ਆਸਵੰਦ ਹੈ ਪਰ ਸੂਬੇ ਵਿੱਚ ਇਕ ਵੀ ਗੁਦਾਮ ਖਾਲੀ ਨਹੀਂ ਹੈ। ਉਨਾਂ ਨੇ ਮੰਗ ਕੀਤੀ ਕਿ ਕੇਂਦਰ ਸਰਕਾਰ ਗੁਦਾਮਾਂ ਵਿੱਚ ਪਿਆ ਮਾਲ ਚੁਕਵਾ ਕੇ ਆਉਣ ਵਾਲੀ ਫਸਲ ਦੇ ਭੰਡਾਰਨ ਲਈ ਥਾਂ ਬਣਾਉਣ ਦੀ ਜ਼ਿੰਮੇਵਾਰੀ ਚੁੱਕੇ। ਪਿਛਲੀ ਅਕਾਲੀ ਸਰਕਾਰ ਦੌਰਾਨ ਪਵਿੱਤਰ ਗ੍ਰੰਥਾਂ ਦੀ ਬੇਅਦਬੀ ਦੀਆਂ 43 ਘਟਨਾਵਾਂ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਨਾਂ ਦੀ ਸਰਕਾਰ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਸਾਰੇ ਮਾਮਲਿਆਂ ਨੂੰ ਹੱਲ ਕੀਤਾ ਗਿਆ। ਉਨਾਂ ਨੇ ਇਸ ਵਿੱਚ ਸ਼ਾਮਲ ਲੋਕਾਂ ਨੂੰ ਕਿਸੇ ਵੀ ਸੂਰਤ ਵਿੱਚ ਨਾ ਬਖਸ਼ਣ ਦਾ ਪ੍ਰਣ ਕੀਤਾ, ਭਾਵੇਂ ਕੋਈ ਕਿੰਨਾ ਵੀ ਸ਼ਕਤੀਸ਼ਾਲੀ ਕਿਉਂ ਨਾ ਹੋਵੇ ਅਤੇ ਹਰ ਇਕ ਨੂੰ ਸਲਾਖਾ ਪਿੱਛੇ ਡੱਕਣ ਨੂੰ ਯਕੀਨੀ ਬਣਾਇਆ ਜਾਵੇਗਾ। ਇਸ ਤੋਂ ਪਹਿਲਾਂ ਪੰਜਾਬ ਪ੍ਰਦੇਸ਼ ਕਾਂਗਰਸੀ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ  ਆਪਣੇ ਸਿਆਸੀ ਲਾਹੇ ਲਈ ਮੁਲਕ ਨੂੰ ਜੰਗ ਵੱਲ ਧੱਕਣ ਲਈ ਮੋਦੀ ਦੀ ਕਰੜੀ ਆਲੋਚਨਾ ਕੀਤੀ। ਇਸ ਮੌਕੇ ਉਨਾਂ ਨੇ ਕੈਪਟਨ ਅਮਰਿੰਦਰ ਸਿੰਘ ਦੀ ਸ਼ਲਾਘਾ ਕੀਤੀ ਜੋ ਜੰਗ ਲਈ ਉਕਸਾਉਣ ਵਾਲਿਆਂ ਵੱਲੋਂ ਪੈਦਾ ਕੀਤੇ ਯੁੱਧ ਦੇ ਖੌਫ਼ ਦੇ ਮਾਹੌਲ ਵਿੱਚ ਲੋਕਾਂ ਦਾ ਭਰੋਸਾ ਬਹਾਲ ਕਰਨ ਲਈ ਖੁਦ ਉਨਾਂ ਕੋਲ ਪਹੁੰਚੇ। ਉਨਾਂ ਕਿਹਾ ਕਿ ਲੋੜ ਪੈਣ ’ਤੇ ਕੈਪਟਨ ਅਮਰਿੰਦਰ ਸਿੰਘ ਸਰਹੱਦੀ ਲੋਕਾਂ ਨਾਲ ਡਟ ਕੇ ਖੜੇ। ਸ੍ਰੀ ਜਾਖੜ ਨੇ ਕਿਹਾ ਕਿ ਇਸ ਮੁਲਕ ਦੇ ਲੋਕ ਮੌਜੂਦਾ ਮੋਦੀ ਸਰਕਾਰ ਨੂੰ ਸੱਤਾ ਤੋਂ ਲਾਂਭੇ ਕਰਕੇ ਰਾਹੁਲ ਗਾਂਧੀ ਦੀ ਅਗਵਾਈ ਵਿੱਚ ਕਾਂਗਰਸ ਪਾਰਟੀ ਨੂੰ ਲਿਆਉਣਗੇ। ਪੰਜਾਬ ਮਾਮਲਿਆਂ ਦੀ ਇੰਚਾਰਜ ਆਲ ਇੰਡੀਆ ਕਾਂਗਰਸ ਕਮੇਟੀ ਦੀ ਸਕੱਤਰ ਆਸ਼ਾ ਕੁਮਾਰੀ ਨੇ ਖੁਸ਼ਹਾਲ ਪੰਜਾਬ ਨੂੰ ਨਸ਼ਿਆਂ ਦੀ ਦਲਦਲ ਵਿੱਚ ਧੱਕਣ ਲਈ ਅਕਾਲੀਆਂ ਅਤੇ ਭਾਜਪਾਈਆਂ ਦੀ ਤਿੱਖੀ ਅਲੋਚਨਾ ਕੀਤੀ। ਉਨਾਂ ਨੇ ਭਰੋਸਾ ਜ਼ਾਹਰ ਕੀਤਾ ਕਿ ਰਾਹੁਲ ਗਾਂਧੀ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਗਤੀਸ਼ੀਲ ਅਗਵਾਈ ਵਿੱਚ ਸੂਬੇ ਦਾ ਗੌਰਵਮਈ ਵਿਰਸਾ ਮੁੜ ਬਹਾਲ ਹੋਵੇਗੀ ਜਿਸ ਦਾ ਸੰਕੇਤ ਪਿਛਲੇ ਦੋ ਸਾਲਾਂ ਦੀਆਂ ਸਫਲਤਾਵਾਂ ਤੋਂ ਮਿਲਦਾ ਹੈ। ਉਨਾਂ ਕਿਹਾ ਕਿ ਮੁਲਕ ਨੂੰ ਮੁੜ ਪ੍ਰਗਤੀ ਦੇ ਰਾਹ ’ਤੇ ਤੋਰਨ ਲਈ ਸਮੂਹ ਦੇਸ਼ ਵਾਸੀ ਕਾਂਗਰਸ ਵੱਲ ਦੇਖ ਰਹੇ ਹਨ।

ਏਜੰਸੀਆਂ ਨੇ ਅਭਿਨੰਦਨ ਤੋਂ ਲਈ ਘਟਨਾਕ੍ਰਮ ਦੀ ਜਾਣਕਾਰੀ

ਨਵੀਂ ਦਿੱਲੀ, 3 ਮਾਰਚ ਵਿੰਗ ਕਮਾਂਡਰ ਅਭਿਨੰਦਨ ਵਰਤਮਾਨ ਤੋਂ ਐਤਵਾਰ ਨੂੰ ਸੁਰੱਖਿਆ ਏਜੰਸੀਆਂ ਨੇ ਪਾਕਿਸਤਾਨ ’ਚ ਵਾਪਰੇ ਘਟਨਾਕ੍ਰਮ ਬਾਰੇ ਜਾਣਕਾਰੀ ਹਾਸਲ ਕੀਤੀ। ਅਧਿਕਾਰੀਆਂ ਨੇ ਦੱਸਿਆ ਕਿ ਇਥੇ ਫ਼ੌਜੀ ਹਸਪਤਾਲ ’ਚ ਉਸ ਦਾ ਲਗਾਤਾਰ ਦੂਜੇ ਦਿਨ ਮੈਡੀਕਲ ਚੈੱਕਅਪ ਹੋਇਆ। ਵਰਤਮਾਨ ਨਾਲ ਭਾਰਤੀ ਹਵਾਈ ਸੈਨਾ ਦੇ ਸੀਨੀਅਰ ਅਧਿਕਾਰੀਆਂ ਨੇ ਵੀ ਮੁਲਾਕਾਤ ਕੀਤੀ ਹੈ।
ਅਧਿਕਾਰੀਆਂ ਮੁਤਾਬਕ ਵਿੰਗ ਕਮਾਂਡਰ ਤੋਂ ਸੁਰੱਖਿਆ ਏਜੰਸੀਆਂ ਅਜੇ ਦੋ ਕੁ ਦਿਨਾਂ ਤਕ ਹੋਰ ਜਾਣਕਾਰੀ ਹਾਸਲ ਕਰਨਗੀਆਂ। ਵਰਤਮਾਨ ਦੇ ਕਈ ਮੈਡੀਕਲ ਟੈਸਟ ਵੀ ਕੀਤੇ ਗਏ ਹਨ ਤਾਂ ਜੋ ਉਸ ਨੂੰ ਸਹਿਜ ਕੀਤਾ ਜਾ ਸਕੇ। ਫ਼ੌਜੀ ਅਧਿਕਾਰੀਆਂ ਨੇ ਕਿਹਾ,‘‘ਉਸ ਨੂੰ ਮੁੜ ਜਹਾਜ਼ ਉਡਾਉਣ ਦੇ ਕਾਬਿਲ ਬਣਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।’’ ਅਭਿਨੰਦਨ ਨੇ ਭਾਰਤੀ ਹਵਾਈ ਸੈਨਾ ਦੇ ਅਧਿਕਾਰੀਆਂ ਨੂੰ ਸੁਨੇਹਾ ਦੇ ਦਿੱਤਾ ਹੈ ਕਿ ਉਹ ਜਿੰਨੀ ਛੇਤੀ ਹੋ ਸਕੇ ਜਹਾਜ਼ ਉਡਾਉਣਾ ਚਾਹੁੰਦਾ ਹੈ। ਉਸ ਨੇ ਆਪਣੀ ਤਾਂਘ ਇਲਾਜ ਕਰ ਰਹੇ ਡਾਕਟਰਾਂ ਨੂੰ ਵੀ ਦੱਸੀ ਹੈ। ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਪਾਕਿਸਤਾਨ ’ਚ ਉਸ ਨੂੰ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕੀਤੇ ਜਾਣ ਦੇ ਬਾਵਜੂਦ ਉਸ ਦੇ ਹੌਸਲੇ ਬੁਲੰਦ ਹਨ। ਸ਼ਨਿਚਰਵਾਰ ਨੂੰ ਉਸ ਨਾਲ ਰੱਖਿਆ ਮੰਤਰੀ ਨਿਰਮਲਾ ਸੀਤਾਰਾਮਨ ਅਤੇ ਏਅਰ ਚੀਫ਼ ਮਾਰਸ਼ਲ ਬੀ ਐਸ ਧਨੋਆ ਨੇ ਵੱਖੋ ਵੱਖਰੇ ਤੌਰ ’ਤੇ ਮੁਲਾਕਾਤ ਕੀਤੀ ਸੀ। ਰੱਖਿਆ ਮੰਤਰੀ ਨੇ ਉਸ ਦੀ ਬਹਾਦਰੀ ਦੀ ਸ਼ਲਾਘਾ ਕਰਦਿਆਂ ਰਾਸ਼ਟਰ ਵੱਲੋਂ ਉਸ ਨੂੰ ਸਲਾਮ ਕੀਤਾ ਸੀ। 

ਕਾਂਗਰਸ ਵਿਧਾਇਕ ਵੱਲੋਂ ‘ਵੰਦੇ ਮਾਤਰਮ’ ਬੋਲਣ ਤੋਂ ਨਾਂਹ

ਭੁਪਾਲ/ਸਿਹੋਰ- ਮੱਧ ਪ੍ਰਦੇਸ਼ ਦੇ ਕਾਂਗਰਸੀ ਵਿਧਾਇਕ ਨੇ ਅੱਜ ਇਸਲਾਮੀ ਸ਼ਰੀਅਤ ਕਾਨੂੰਨ ਦਾ ਹਵਾਲਾ ਦਿੰਦਿਆਂ ਵੰਦੇ ਮਾਤਰਮ ਬੋਲਣ ਤੋਂ ਨਾਂਹ ਕਰ ਦਿੱਤੀ। ਭੋਪਾਲ (ਕੇਂਦਰੀ) ਤੋਂ ਵਿਧਾਇਕ ਆਰਿਫ਼ ਮਸੂਦ ਨੇ ਇਕ ਸਮਾਗਮ ਦੌਰਾਨ ਜਦੋਂ ਮਾਈਕ ਫੜਿਆ ਤਾਂ ਉਨ੍ਹਾਂ ਕਿਹਾ ਕਿ ਉਹ ਵੰਦੇ ਮਾਤਰਮ ਦਾ ਨਾਅਰਾ ਨਹੀਂ ਲਾਉਣਗੇ ਕਿਉਂਕਿ ਸ਼ਰੀਅਤ ਇਸ ਦੀ ਇਜਾਜ਼ਤ ਨਹੀਂ ਦਿੰਦਾ। ਵਿਧਾਇਕ ਨੇ ਆਪਣਾ ਬਚਾਅ ਕਰਦਿਆਂ ਕਿਹਾ, ‘ਮੇਵ ਭਾਈਚਾਰੇ ਦੀਆਂ ਕਿਤਾਬਾਂ ਵਿੱਚ ਕਈ ਸੂਰਬੀਰਾਂ ਦਾ ਜ਼ਿਕਰ ਹੈ, ਜਿਨ੍ਹਾਂ ਦੇਸ਼ ਲਈ ਜਾਨਾਂ ਵਾਰ ਦਿੱਤੀਆਂ। ਪਰ ਅਫ਼ਸੋਸਨਾਕ ਹੈ ਕਿ ਦੇਸ਼ ਪ੍ਰਤੀ ਆਪਣੀ ਵਚਨਬੱਧਤਾ ਸਾਬਤ ਕਰਨ ਲਈ ਸਾਨੂੰ ਵੰਦੇ ਮਾਤਰਮ ਦੇ ਨਾਅਰੇ ਲਾਉਣੇ ਪੈਂਦੇ ਹਨ।’

ਮਾਨਸਿਕ ਤਸ਼ੱਦਦ ਝੱਲਣਾ ਪਿਆ- ਅਭਿਨੰਦਨ

ਨਵੀਂ ਦਿੱਲੀ- ਭਾਰਤੀ ਹਵਾਈ ਫ਼ੌਜ ਦੇ ਵਿੰਗ ਕਮਾਂਡਰ ਅਭਿਨੰਦਨ ਵਰਤਮਾਨ, ਜਿਨ੍ਹਾਂ ਨੂੰ ਸ਼ੁੱਕਰਵਾਰ ਰਾਤ ਪਾਕਿਸਤਾਨ ਵੱਲੋਂ ਵਾਹਗਾ ਸਰਹੱਦ ਰਾਹੀਂ ਭਾਰਤ ਨੂੰ ਸੌਂਪਿਆ ਗਿਆ ਸੀ, ਨੇ ਖ਼ੁਲਾਸਾ ਕੀਤਾ ਹੈ ਕਿ ਉਨ੍ਹਾਂ ਨੂੰ ਪਾਕਿ ਵਿਚ ‘ਮਾਨਸਿਕ ਤਸ਼ੱਦਦ’ ਦਾ ਸ਼ਿਕਾਰ ਹੋਣਾ ਪਿਆ ਹੈ। ਉਨ੍ਹਾਂ ਗੁਆਂਢੀ ਮੁਲਕ ਵਿਚ 60 ਘੰਟਿਆਂ ਦੀ ਠਾਹਰ ਦੌਰਾਨ ਪਾਕਿ ਅਥਾਰਿਟੀ ਵੱਲੋਂ ਕਿਸੇ ਵੀ ਤਰ੍ਹਾਂ ਦੇ ਸਰੀਰਕ ਤਸ਼ੱਦਦ ਤੋਂ ਇਨਕਾਰ ਕੀਤਾ। ਜ਼ਿਕਰਯੋਗ ਹੈ ਕਿ ਜਿਹੜੀ ਫੁਟੇਜ ਸਾਹਮਣੇ ਆਈ ਸੀ, ਉਸ ਵਿਚ ਪਾਇਲਟ ਦੀਆਂ ਅੱਖਾਂ ’ਤੇ ਪੱਟੀ ਬੰਨ੍ਹੀ ਹੋਈ ਸੀ ਤੇ ਹੱਥ ਵੀ ਬੰਨ੍ਹੇ ਹੋਏ ਸਨ। ਉਹ ਜ਼ਖ਼ਮੀ ਵੀ ਸਨ। ਇਸ ਤੋਂ ਬਾਅਦ ਦੀ ਇਕ ਵੀਡੀਓ ਵਿਚ ਉਹ ਚਾਹ ਪੀਂਦੇ ਹੋਏ ਨਜ਼ਰ ਆਏ ਸਨ ਤੇ ਠੀਕ-ਠਾਕ ਲੱਗ ਰਹੇ ਸਨ। ਉਨ੍ਹਾਂ ਦੀ ਅੱਜ ਦਿੱਲੀ ਦੇ ਫ਼ੌਜੀ ਹਸਪਤਾਲ ਵਿਚ ਡਾਕਟਰੀ ਜਾਂਚ ਕੀਤੀ ਗਈ। ਇਹ ਪ੍ਰਕਿਰਿਆ (ਕੂਲਿੰਗ ਡਾਊਨ) ਉਨ੍ਹਾਂ ਨੂੰ ਸਹਿਜਤਾ ਵੱਲ ਪਰਤਾਉਣ ਦਾ ਹਿੱਸਾ ਹੈ। ਹਵਾਈ ਫ਼ੌਜ ਇਸ ਤਹਿਤ ਅਭਿਨੰਦਨ ਦੀ ਕਾਊਂਸਲਿੰਗ ਵਗੈਰਾ ਕਰਕੇ ਉਨ੍ਹਾਂ ਲਈ ਸਾਵਾਂ ਮਾਹੌਲ ਸਿਰਜਣ ਦੀ ਕੋਸ਼ਿਸ਼ ਕਰੇਗੀ। ਜ਼ਿਕਰਯੋਗ ਹੈ ਕਿ ਪਾਕਿ ਹਵਾਈ ਫ਼ੌਜ ਨਾਲ ਮੁਕਾਬਲੇ ਦੌਰਾਨ ਪਾਕਿ ਵਿਚ ਦਾਖ਼ਲ ਹੋਏ ਪਾਇਲਟ ਅਭਿਨੰਦਨ ਅੰਮ੍ਰਿਤਸਰ ਤੋਂ ਸ਼ੁੱਕਰਵਾਰ ਰਾਤ 11.45 ਦੇ ਕਰੀਬ ਦਿੱਲੀ ਪੁੱਜੇ। ਇਸ ਤੋਂ ਬਾਅਦ ਉਨ੍ਹਾਂ ਨੂੰ ਰਾਤ ਨੂੰ ਹੀ ਏਅਰ ਫੋਰਸ ਸੈਂਟਰਲ ਐਸਟੈਬਲਿਸ਼ਮੈਂਟ (ਏਐੱਫਸੀਐਮਈ) ਵਿਚ ਲਿਆ ਕੇ ਜਾਂਚ ਸ਼ੁਰੂ ਕੀਤੀ ਗਈ ਤੇ ਕਈ ਟੈਸਟ ਕੀਤੇ ਗਏ। ਸਿਹਤ ਜਾਂਚ ਤੋਂ ਬਾਅਦ ਭਾਰਤੀ ਪਾਇਲਟ ਨਾਲ ਇਕ ਸੈਸ਼ਨ ਕਰ ਕੇ ਮਿਸ਼ਨ ਨਾਲ ਸਬੰਧਤ ਸਵਾਲ-ਜਵਾਬ ਹੋਣਗੇ। ਸ਼ਨਿਚਰਵਾਰ ਸਵੇਰੇ ਸੁਵੱਖਤੇ ਵਰਤਮਾਨ ਨੇ ਆਪਣੇ ਪਰਿਵਾਰਕ ਮੈਂਬਰਾਂ ਤੇ ਹਵਾਈ ਫ਼ੌਜ ਦੇ ਉੱਚ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ। ਰੱਖਿਆ ਮੰਤਰੀ ਨਿਰਮਲਾ ਸੀਤਾਰਾਮਨ ਨੇ ਵੀ ਅੱਜ ਅਭਿਨੰਦਨ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਨੂੰ ਸੁਨੇਹਾ ਦਿੱਤਾ ਕਿ ਸਾਰੇ ਦੇਸ਼ ਨੂੰ ਉਨ੍ਹਾਂ ’ਤੇ ਮਾਣ ਹੈ। ਵੇਰਵਿਆਂ ਮੁਤਾਬਕ ਵਿੰਗ ਕਮਾਂਡਰ ਨਾਲ ਗੁਆਂਢੀ ਮੁਲਕ ਵਿਚ ਵਾਪਰੇ ਘਟਨਾਕ੍ਰਮ ਬਾਰੇ ਉੱਚ ਅਧਿਕਾਰੀ ਬਾਅਦ ਵਿਚ ਜਾਣਕਾਰੀ ਦੇਣਗੇ। ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਅੰਤੋਨੀਓ ਗੁਟੇਰੇਜ਼ ਨੇ ਪਾਇਲਟ ਨੂੰ ਭਾਰਤ ਨੂੰ ਸੌਂਪੇ ਜਾਣ ਦਾ ਸਵਾਗਤ ਕੀਤਾ ਹੈ। ਉਨ੍ਹਾਂ ਦੋਵਾਂ ਮੁਲਕਾਂ ਨੂੰ ਸਬੰਧ ਸੁਧਾਰਨ ਤੇ ਉਸਾਰੂ ਮਾਹੌਲ ਸਿਰਜ ਕੇ ਗੱਲਬਾਤ ਦਾ ਸੱਦਾ ਦਿੱਤਾ ਹੈ।