ਹੁਣ ਅਕਤੂਬਰ 'ਚ ਹੋ ਸਕਦੀਆਂ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਮੁਲਤਵੀ ਕੀਤੀਆਂ ਗਈਆਂ ਪ੍ਰੀਖਿਆਵਾਂ

 ਮੁਹਾਲੀ, ਸਤੰਬਰ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-   ਪੰਜਾਬ ਸਕੂਲ ਸਿੱਖਿਆ ਬੋਰਡ ਨੇ ਮਾਰਚ 'ਚ ਦਸਵੀ ਸ਼੍ਰੇਣੀ ਦੀਆਂ ਮੁਲਤਵੀ ਕੀਤੀਆਂ ਪ੍ਰੀਖਿਆਵਾਂ ਤੇ ਬਾਰ੍ਹਵੀਂ ਦੀਆਂ ਅਨੁਪੂਰਕ ਪ੍ਰੀਖਿਆਵਾਂ ਅਕਤੂਬਰ ਦੇ ਆਖ਼ਰੀ ਹਫ਼ਤੇ ਤੋਂ ਲੈਣ ਦਾ ਫ਼ੈਸਲਾ ਕੀਤਾ ਗਿਆ ਹੈ। ਬੋਰਡ ਦੇ ਸਕੱਤਰ ਮੁਹੰਮਦ ਤਈਅਬ (ਆਈਏਐੱਸ) ਦੇ ਮੁਤਾਬਕ, ਸੂਬੇ ਵਿਚ ਕੋਵਿਡ-19 ਮਹਾਮਾਰੀ ਕਾਰਨ ਸਿੱਖਿਆ ਬੋਰਡ ਨੂੰ ਮਾਰਚ 2020 ਦੀਆਂ ਸਾਲਾਨਾ ਪ੍ਰੀਖਿਆਵਾਂ ਮੁਲਤਵੀ ਕਰਨੀਆਂ ਪਈਆਂ ਸਨ। ਹਾਲਤ ਵਿਚ ਸੁਧਾਰ ਹੋਣ ਕਾਰਨ ਹੁਣ ਦਸਵੀਂ ਦੀਆਂ ਓਪਨ ਸਕੂਲ ਪ੍ਰਣਾਲੀ, ਕਾਰਗੁਜ਼ਾਰੀ ਸੁਧਾਰ ਅਤੇ ਵਾਧੂ ਵਿਸ਼ਾ ਕੈਟਾਗਰੀਆਂ ਦੇ ਉਨ੍ਹਾਂ ਪ੍ਰੀਖਿਆਰਥੀਆਂ, ਜਿਨ੍ਹਾਂ ਦਾ ਨਤੀਜਾ ਹਾਲੇ ਤਕ ਐਲਾਨਿਆਂ ਨਹੀਂ ਗਿਆ, 26 ਅਕਤੂਬਰ 2020 ਤੋਂ 11 ਨਵੰਬਰ 2020 ਅਤੇ ਬਾਰ੍ਹਵੀਂ ਸ਼੍ਰੇਣੀ ਦੀਆਂ ਸਪਲੀਮੈਂਟਰੀ, ਕਾਰਗੁਜ਼ਾਰੀ ਸੁਧਾਰ ਅਤੇ ਵਾਧੂ ਵਿਸ਼ਾ ਕੈਟਾਗਰੀਆਂ ਦੀ ਪ੍ਰੀਖਿਆਵਾਂ 26 ਅਕਤੂਬਰ 2020 ਤੋਂ 17 ਨਵੰਬਰ 2020 ਤਕ ਸਿੱਖਿਆ ਬੋਰਡ ਵੱਲੋਂ ਨਿਰਧਾਰਤ ਪ੍ਰੀਖਿਆ ਕੇਂਦਰਾਂ 'ਤੇ ਕਰਵਾਈ ਜਾਵੇਗੀ। ਇਨ੍ਹਾਂ ਪ੍ਰੀਖਿਆਵਾਂ ਦੇ ਨਾਲ ਨਾਲ ਸਾਲ 2004 ਤੋਂ ਦਸਵੀਂ ਅਤੇ ਬਾਰ੍ਹਵੀਂ ਸ਼੍ਰੇਣੀਆਂ ਨੂੰ ਦਿੱਤੇ ਗਏ ਸੁਨਹਿਰੀ ਮੌਕੇ ਅਧੀਨ ਅਪੀਅਰ ਹੋਣ ਵਾਲੇ ਪ੍ਰੀਖਿਆਰਥੀਆਂ ਦੀ ਵੀ ਪ੍ਰੀਖਿਆ ਹੋਵੇਗੀ।