You are here

ਭਾਰਤ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਭਾਗ ਨਹੀ ਲਵੇਗਾ ਸਰਨਾ ਧੜਾ

ਬਾਦਲਾਂ ਨੂੰ ਸ਼ਜਾਵਾਂ ਦਿਵਾਉਣ ਲਈ ਭਾਜਪਾ ਦੀ ਹਿਮਾਇਤ ਕਰਨ ਨੂੰ ਤਿਆਰ ਹਾਂ-ਸਰਨਾ 

 ਨਵੀਂ ਦਿੱਲੀ , ਅਕਤੂਬਰ 2020 -(ਏਜੰਸੀ )

ਸ਼੍ਰੋਮਣੀ ਅਕਾਲੀ ਦਲ ਸਰਨਾ (ਦਿੱਲੀ) ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਇਹ ਐਲਾਨ ਕੀਤਾ ਹੈ, ਕਿ ਉਨ੍ਹਾਂ ਦੀ ਪਾਰਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਹੋਣ ਵਾਲੀਆਂ ਆਮ ਚੋਣਾਂ ਵਿੱਚ ਭਾਗ ਨਹੀ ਲਵੇਗੀ । ਜਦ ਕਿ ਉਨ੍ਹਾਂ ਦੀ ਪਾਰਟੀ ਹਰ ਉਸ ਉਮੀਦਵਾਰ ਦਾ ਖੁੱਲ੍ਹ ਕੇ ਸਮਰਥਨ ਕਰੇਗੀ, ਜੋ ਉਮੀਦਵਾਰ ਸ਼ੋਅਦ (ਬਾਦਲ) ਧੜ੍ਹੇ ਦੀਆਂ ਪੰਥ ਵਿਰੋਧੀ ਨੀਤੀਆਂ ਦੇ ਖ਼ਿਲਾਫ਼ ਖੜ੍ਹਾ ਹੋਵੇਗਾ । 

  ਪਰਮਜੀਤ ਸਰਨਾ ਨੇ ਕਿਹਾ ਕਿ ਪੰਥ ਰਤਨ ਗੁਰਚਰਨ ਸਿੰਘ ਟੌਹੜਾ ਦੀ ਮੌਤ ਦੇ ਬਾਅਦ ਜਿਸ ਢੰਗ ਨਾਲ ਨਿਜੀ ਹਿੱਤਾਂ ਦੀ ਪੂਰਤੀ ਦੀ ਲਈ ਸ਼ੋਅਦ (ਬਾਦਲ) ਨੇ ਪੰਥ ਨੂੰ ਵੇਚਿਆ ਹੈ । ਜਥੇਦਾਰ ਗੁਰਚਰਨ ਸਿੰਘ ਟੋਹੜਾ ਜੋ 28 ਸਾਲ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਅਹੁਦੇ 'ਤੇ ਰਹੇ ਸਨ , ਬਰਗਾੜੀ ਕਾਂਡ ਅਤੇ ਪਵਿਤਰ ਸਰੂਪਾਂ ਦੇ ਗਾਇਬ ਹੋਣ ਵਰਗੀ ਕਦੇ ਵੀ ਕੋਈ ਘਟਨਾ ਨਹੀਂ ਹੋਈ ਸੀ ਪਰ ਪੰਥ ਦੀ ਬਰਬਾਦੀ ਦੇ ਕਾਰਨ ਦੋਸ਼ੀ ਬਾਦਲ ਧੜੇ ਦਾ ਹੁਣ ਸੰਗਤਾਂ ਨੂੰ ਪਤਾ ਲੱਗ ਚੁੱਕਿਆ ਹੈ । ਇਹ ਉਨ੍ਹਾਂ ਦੀਆਂ ਗਲਤ ਨੀਤੀਆਂ ਦਾ ਨਤੀਜਾ ਹੈ । ਜਦੋਂ ਤੱਕ ਪ੍ਰਕਾਸ਼ ਸਿੰਘ ਬਾਦਲ ਜਥੇਦਾਰ ਗੁਰਚਰਨ ਸਿੰਘ ਟੋਹੜਾ ਦੀਆਂ ਨੀਤੀਆਂ'ਤੇ ਚਲਦੇ ਰਹੇ ਤਦ ਤੱਕ ਸ਼ੋਅਦ ਦਾ ਬੋਲਬਾਲਾ ਰਿਹਾ । ਕੋਈ ਪੰਥ ਵਿਰੋਧੀ ਘਟਨਾ ਤੱਦ ਨਹੀਂ ਹੋਈ ਸੀ । ਇਤਿਹਾਸ ਵੀ ਇਸ ਦਾ ਗਵਾਹ ਹੈ ।  ਉਹਨਾਂ ਦੱਸਿਆ ਕਿ ਹੁਣ ਭਾਜਪਾ ਨੂੰ ਪੂਰਾ ਅਨੁਭਵ ਹੋ ਗਿਆ ਹੈ, ਕਿ ਪ੍ਰਕਾਸ਼ ਸਿੰਘ ਬਾਦਲ ਦੀਆਂ ਕਮਜ਼ੋਰ ਨੀਤੀਆਂ ਦੇ ਕਾਰਨ ਸ਼ੋਅਦ (ਬਾਦਲ) ਦਾ ਗ੍ਰਾਫ਼ ਹੁਣ ਪੂਰੀ ਤਰ੍ਹਾਂ ਨਾਲ ਡਿੱਗ ਚੁੱਕਿਆ ਹੈ । ਸਰਨਾ ਨੇ ਕਿਹਾ ਕਿ ਸਮਾਂ ਆਉਣ 'ਤੇ ਭਾਜਪਾ ਜੇਕਰ ਸ਼ੋਅਦ (ਬਾਦਲ) ਦੇ ਸਕੈਂਡਲਾਂ ਦੇ ਬਾਰੇ ਵਿੱਚ ਕੋਈ ਵੀ ਜਾਂਚ ਕਰਦੀ ਹੈ । ਉਹ ਉਸ ਦਾ ਪੂਰਾ ਸਮਰਥਨ ਅਤੇ ਸਵਾਗਤ ਕਰਣਗੇ । ਬਾਦਲ ਦੇ ਜਿਨ੍ਹਾਂ ਨੇਤਾਵਾਂ ਨੇ ਲੋਕਾਂ ਨੂੰ ਅਤੇ ਪੰਜਾਬ, ਦਿੱਲੀ ਨੂੰ ਖੁੱਲ੍ਹ ਕੇ ਲੁੱਟਿਆ ਹੈ । ਇਨ੍ਹਾਂ ਦੇ ਖ਼ਿਲਾਫ਼ ਭਾਜਪਾ ਤੁਰੰਤ ਕਾਰਵਾਈ ਕਰ ਕੇ ਪੰਜਾਬ  ਦੇ ਲੋਕਾਂ ਨੂੰ ਇਨ੍ਹਾਂ ਦੀਆਂ ਕਾਲੀਆਂ ਕਰਤੂਤਾਂ ਦਾ ਚਿੱਠਾ ਜਲਦ ਹੀ ਪੇਸ਼ ਕਰਨ ਵਾਲੀ ਹੈ । ਭਾਜਪਾ ਦੇ ਅਜਿਹੇ ਨਵੇਂ ਐਕਸ਼ਨ ਨਾਲ ਦੋਸ਼ੀ ਅਕਾਲੀ ਨੇਤਾ ਹੁਣ ਬੱਚ ਨਹੀਂ ਸਕਣਗੇ। ਇਸ ਮੁੱਦੇ 'ਤੇ ਸ਼ਿਅਦ (ਦਿੱਲੀ) ਭਾਜਪਾ ਦੀ ਹਿਮਾਇਤ ਕਰੇਗਾ । 

ਕੋਲਕਾਤਾ 'ਚ ਬਲਵਿੰਦਰ ਸਿੰਘ ਨੂੰ ਮਿਲੀ ਜ਼ਮਾਨਤ

ਕੋਲਕਾਤਾ, ਅਕਤੂਬਰ 2020 -(ਏਜੰਸੀ )

 ਪਿਛਲੇ ਦਿਨੀਂ ਭਾਜਪਾ ਦੇ ਪ੍ਰਦਰਸ਼ਨ ਦੌਰਾਨ ਪਿਸਤੌਲ ਰੱਖਣ ਦੇ ਦੋਸ਼ 'ਚ ਗਿ੍ਫ਼ਤਾਰ ਕੀਤੇ ਗਏ ਸਿੱਖ ਸੁਰੱਖਿਆ ਗਾਰਡ ਬਲਵਿੰਦਰ ਸਿੰਘ ਨੂੰ ਸੋਮਵਾਰ ਨੂੰ ਹਾਵੜਾ ਅਦਾਲਤ ਤੋਂ ਜ਼ਮਾਨਤ ਮਿਲ ਗਈ। ਅਦਾਲਤ ਨੇ ਉਸ ਨੂੰ 2500 ਰੁਪਏ ਦੇ ਨਿੱਜੀ ਮੁਚੱਲਕੇ 'ਤੇ ਜ਼ਮਾਨਤ 'ਤੇ ਰਿਹਾਅ ਕਰਨ ਦਾ ਆਦੇਸ਼ ਦਿੱਤਾ। ਜੱਜ ਨੇ ਬਲਵਿੰਦਰ ਦੇ ਹਥਿਆਰ ਲਾਇਸੈਂਸ ਸਬੰਧੀ ਟਵੀਟ ਕਰਨ ਲਈ ਹਾਵੜਾ ਸਿਟੀ ਪੁਲਿਸ ਨੂੰ ਵੀ ਝਾੜ ਵੀ ਪਾਈ।  

ਜੈੱਟ ਏਅਰਵੇਜ਼ ਨੂੰ ਖ਼ਰੀਦਦਾਰ ਮਿਲਿਆ, ਛੇਤੀ ਉਡਾਣ ਭਰਨ ਦੀ ਉਮੀਦ ਵਧੀ

 

ਮੁੰਬਈ, ਅਕਤੂਬਰ 2020 -(ਏਜੰਸੀ )

ਕਰਜ਼ ਦੇ ਬੋਝ ਹੇਠਾਂ ਦੱਬੀ ਅਤੇ ਦੀਵਾਲੀਆ ਪ੍ਰਕਿਰਿਆ ਤੋਂ ਗੁਜ਼ਰ ਰਹੀ ਨਿੱਜੀ ਹਵਾਬਾਜ਼ੀ ਕੰਪਨੀ ਜੈੱਟ ਏਅਰਵੇਜ਼ ਨੂੰ ਨਵਾਂ ਖ਼ਰੀਦਦਾਰ ਮਿਲ ਗਿਆ ਹੈ। ਇਸ ਦਾ ਮਤਲਬ ਇਹ ਹੈ ਕਿ ਕੰਪਨੀ ਦੇ ਛੇਤੀ ਉਡਾਣ ਭਰਨ ਦੀ ਉਮੀਦ ਵਧ ਗਈ ਹੈ। ਕੰਪਨੀ ਦੇ ਕਰਜ਼ਦਾਤਿਆਂ ਦੀ ਕਮੇਟੀ (ਸੀਓਸੀ) ਨੇ ਬਿ੍ਟੇਨ ਸਥਿਤ ਕਾਲਰਾਕ ਕੈਪੀਟਲ ਅਤੇ ਯੂਏਈ ਸਥਿਤ ਕਾਰੋਬਾਰੀ ਮੁਰਾਰੀ ਲਾਲ ਜਾਲਾਨ ਦੇ ਕੰਸੋਰਟੀਅਮ ਦਾ ਰਿਜਾਲਿਊਸ਼ਨ ਪਲਾਨ ਮਨਜ਼ੂਰ ਕਰ ਲਿਆ ਹੈ। ਕੰਪਨੀ 'ਤੇ ਉਸ ਦੇ ਕਰਜ਼ਦਾਤਿਆਂ ਦਾ 8,000 ਕਰੋੜ ਰੁਪਏ ਤੋਂ ਜ਼ਿਆਦਾ ਬਕਾਇਆ ਹੈ। ਕਰਜ਼ਦਾਤਿਆਂ ਵਿਚ ਜ਼ਿਆਦਾਤਰ ਸਰਕਾਰੀ ਬੈਂਕ ਹਨ।

ਜੈੱਟ ਏਅਰਵੇਜ਼ ਦੀ ਰਿਜਾਲਿਊਸ਼ਨ ਪ੍ਰਰੋਫੈਸ਼ਨਲ ਆਸ਼ੀਸ਼ ਛਾਛੜੀਆ ਨੇ ਸ਼ੇਅਰ ਬਾਜ਼ਾਰ ਬੀਐੱਸਈ ਨੂੰ ਦੱਸਿਆ ਕਿ ਮਤੇ 'ਤੇ ਈ-ਵੋਟਿੰਗ ਦੇ ਮਾਧਿਅਮ ਨਾਲ ਇਸ ਹੱਲ ਦੀ ਯੋਜਨਾ ਨੂੰ ਮਨਜ਼ੂਰੀ ਦਿੱਤੀ ਗਈ ਹੈ। ਸੀਓਸੀ ਨੇ ਸ਼ੁੱਕਰਵਾਰ ਨੂੰ ਈ-ਵੋਟਿੰਗ ਦੀ ਮਿਆਦ ਸ਼ਨਿਚਰਵਾਰ ਤਕ ਲਈ ਵਧਾ ਦਿੱਤੀ ਸੀ, ਕਿਉਂਕਿ ਹੁਣ ਤਕ ਸਿਰਫ਼ ਅੱਧੇ ਕਰਜ਼ਦਾਤਿਆਂ ਨੇ ਹੀ ਆਪਣੇ ਵੋਟ ਪਾਏ ਸਨ। ਪਿਛਲੇ ਸਾਲ ਅਪ੍ਰੈਲ ਤੋਂ ਬੰਦ ਪਈ ਜੈੱਟ ਏਅਰਵੇਜ਼ ਨੂੰ ਖ਼ਰੀਦਣ ਲਈ ਦੋ ਕੰਸੋਰਟੀਅਮ ਨੇ ਦਿਲਚਸਪੀ ਦਿਖਾਈ ਸੀ। ਦੂਜਾ ਕੰਸੋਰਟੀਅਮ ਹਰਿਆਣਾ ਸਥਿਤ ਫਲਾਈਟ ਸਿਮੈੂਲਸ਼ਨ ਟੈਕਨੀਕ ਸੈਂਟਰ, ਮੁੰਬਈ ਸਥਿਤ ਬਿਗ ਚਾਰਟਰ ਅਤੇ ਆਬੂਧਾਬੀ ਦੇ ਇੰਪੀਰੀਅਲ ਕੈਪੀਟਲ ਇੰਵੈਸਟਮੈਂਟਸ ਐੱਲਐੱਲਸੀ ਦਾ ਸੀ। ਇਕ ਸੂਤਰ ਮੁਤਾਬਕ ਕੰਪਨੀ ਦੇ ਨਵੇਂ ਮਾਲਕਾਂ ਨੇ ਇਸ ਦਾ ਪਰਿਚਾਲਨ ਦੁਬਾਰਾ ਸ਼ੁਰੂ ਕਰਨ ਸਬੰਧੀ ਸਰਗਰਮੀਆਂ ਲਈ 1,000 ਕਰੋੜ ਰੁਪਏ ਦੇ ਨਿਵੇਸ਼ ਦਾ ਮਤਾ ਰੱਖਿਆ ਹੈ। ਕੰਪਨੀ ਦੇ ਕਰਜ਼ਦਾਤਿਆਂ ਨੂੰ ਪੰਜ ਸਾਲਾਂ ਵਿਚ ਵਾਧੂ 1,000 ਕਰੋੜ ਰੁਪਏ ਦਿੱਤੇ ਜਾਣਗੇ। ਕੰਪਨੀ ਦੇ ਪਰਿਚਾਲਨ ਕਰਜ਼ਦਾਤਿਆਂ ਨੂੰ ਵੀ 10 ਫ਼ੀਸਦੀ ਹਿੱਸੇਦਾਰੀ ਦਿੱਤੀ ਜਾਵੇਗੀ।

ਮੱਧ ਪ੍ਰਦੇਸ਼ ਜ਼ਿਮਨੀ ਚੋਣਾਂ ਲਈ ਕਾਂਗਰਸ ਨੇ ਨਵਜੋਤ ਸਿੱਧੂ ਨੂੰ ਬਣਾਇਆ ਸਟਾਰ ਪ੍ਰਚਾਰਕ

 ਨਵੀਂ ਦਿੱਲੀ ,ਅਕਤੂਬਰ 2020 -(ਏਜੰਸੀ )

 ਮੱਧ ਪ੍ਰਦੇਸ਼ ਜ਼ਿਮਨੀ ਚੋਣਾਂ ਲਈ ਕਾਂਗਰਸ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਨਾਰਾਜ਼ ਚੱਲ ਰਹੇ ਕੈਬਨਿਟ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਵਾਲੇ ਨਵਜੋਤ ਸਿੰਘ ਸਿੱਧੂ ਨੂੰ ਸਟਾਰ ਪ੍ਰਚਾਰਕ ਬਣਾਇਆ ਹੈ। ਇਸ ਤੋਂ ਪਹਿਲਾਂ ਬਿਹਾਰ ਵਿਧਾਨ ਸਭਾ ਚੋਣਾਂ ਲਈ ਸਟਾਰ ਪ੍ਰਚਾਰਕਾਂ ਦੀ ਸੂਚੀ 'ਚ ਨਵਜੋਤ ਸਿੱਧੂ ਦਾ ਨਾਂਅ ਸ਼ਾਮਲ ਨਹੀਂ ਸੀ। 

ਪੁਣੇ,ਔਰੰਗਾਬਾਦ ਤੇ ਕੋਂਕਣ ਡਵੀਜ਼ਨ 'ਚ ਤੂਫ਼ਾਨੀ ਬਾਰਿਸ਼ ਨੇ ਲਈ 47 ਦੀ ਜਾਨ 

ਵੱਡੇ ਪੱਧਰ 'ਤੇ ਫਸਲਾਂ ਤਬਾਹ ,2300 ਤੋਂ ਜ਼ਿਆਦਾ ਘਰ ਤਬਾਹ ਤੇ 21 ਹਜ਼ਾਰ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਗਿਆ  

ਪੁਣੇ, ਅਕਤੂਬਰ 2020 -(ਏਜੰਸੀ )

ਮਹਾਰਾਸ਼ਟਰ ਦੇ ਪੁਣੇ, ਔਰੰਗਾਬਾਦ ਤੇ ਕੋਂਕਣ ਡਵੀਜ਼ਨ 'ਚ ਭਾਰੀ ਬਾਰਿਸ਼ ਤੇ ਹੜ੍ਹ ਨਾਲ 47 ਲੋਕਾਂ ਦੀ ਜਾਨ ਜਾ ਚੁੱਕੀ ਹੈ। ਪਿਛਲੇ ਤਿੰਨ ਦਿਨਾਂ ਤੋਂ ਹੋ ਰਹੀ ਬਾਰਿਸ਼ ਦੇ ਕਾਰਨ ਲੱਖਾਂ ਹੈਕਟੇਅਰ ਦੀਆਂ ਫਸਲਾਂ ਨੂੰ ਨੁਕਸਾਨ ਪਹੁੰਚਿਆ ਹੈ। ਪੱਛਮੀ ਮਹਾਰਾਸ਼ਟਰ 'ਚ 28 ਲੋਕਾਂ ਦੀ ਮੌਤ ਬਾਰਿਸ਼ ਨਾਲ ਜੁੜੀਆਂ ਘਟਨਾਵਾਂ 'ਚ ਹੋਈ ਹੈ। ਸੂਬੇ ਦਾ ਇਹ ਹਿੱਸਾ ਪੁਣੇ ਡਵੀਜ਼ਨ 'ਚ ਆਉਂਦਾ ਹੈ। ਮੱਧ ਮਹਾਰਾਸ਼ਟਰ ਦੇ ਔਰੰਗਾਬਾਦ ਡਵੀਜ਼ਨ 'ਚ 16 ਤੇ ਤੱਟੀ ਕੋਂਕਣ 'ਚ ਤਿੰਨ ਲੋਕਾਂ ਦੀ ਜਾਨ ਗਈ ਹੈ। ਪੁਣੇ ਦੇ ਡਵੀਜ਼ਨਲ ਕਮਿਸ਼ਨਰ ਦਫ਼ਤਰ ਮੁਤਾਬਕ, ਭਾਰੀ ਬਾਰਿਸ਼ ਤੇ ਹੜ੍ਹ ਨਾਲ 2300 ਤੋਂ ਜ਼ਿਆਦਾ ਘਰ ਤਬਾਹ ਹੋਏ ਹਨ ਤੇ 21 ਹਜ਼ਾਰ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਗਿਆ ਹੈ।

ਇਕ ਅਧਿਕਾਰੀ ਨੇ ਕਿਹਾ ਕਿ ਸੀਲਾਪੁਰ 'ਚ 14, ਸਾਂਗਲੀ 'ਚ ਨੌ, ਪੁਣੇ 'ਚ ਚਾਰ ਤੇ ਸਤਾਰਾ 'ਚ ਇਕ ਵਿਅਕਤੀ ਦੀ ਮੌਤ ਹੋਈ ਹੈ। ਪੁਣੇ, ਸੋਲਾਪੁਰ, ਸਤਾਰਾ ਤੇ ਸਾਂਗਲੀ ਜ਼ਿਲਿ੍ਹਆਂ 'ਚ 57 ਹਜ਼ਾਰ ਹੈਕਟੇਅਰ 'ਚ ਗੰਨਾ, ਸੋਇਆਬੀਨ, ਸਬਜ਼ੀ, ਝੋਨਾ, ਅਨਾਰ ਤੇ ਕਪਾਹ ਵਰਗੀਆਂ ਫਸਲਾਂ ਨੂੰ ਨੁਕਸਾਨ ਹੋਇਆ ਹੈ। ਇਨ੍ਹਾਂ ਚਾਰ ਜ਼ਿਲਿ੍ਹਆਂ 'ਚ 513 ਪਸ਼ੂਆਂ ਦੀ ਵੀ ਜਾਨ ਗਈ ਹੈ ਤੇ 2319 ਘਰ ਨੁਕਸਾਨੇ ਹੋਏ ਹਨ। ਸੋਲਾਪੁਰ 'ਚ 17 ਹਜ਼ਾਰ, ਸਾਂਗਲੀ 'ਚ 1079, ਪੁਣੇ 'ਚ 3000 ਤੇ ਸਤਾਰਾ 'ਚ 213 ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਗਿਆ ਹੈ।

ਮਮਤਾ ਸਰਕਾਰ ਗ੍ਰਿਫ਼ਤਾਰ ਕੀਤੇ ਸਿੱਖ ਸੁਰੱਖਿਆ ਗਾਰਡ ਨੂੰ ਰਿਹਾਅ ਕਰਨ ਲਈ ਹੋਈ ਰਾਜ਼ੀ

 

ਨਵੀਂ ਦਿੱਲੀ ,ਅਕਤੂਬਰ 2020 -(ਏਜੰਸੀ )  

ਆਖਿਰ 9 ਦਿਨ ਦੇ ਸੰਘਰਸ਼ ਤੋਂ ਬਾਅਦ ਸਿੱਖ ਭਾਈਚਾਰੇ ਨੂੰ ਉਦੋਂ ਵੱਡੀ ਸਫਲਤਾ ਮਿਲੀ ਜਦੋਂ ਪੱਛਮੀ ਬੰਗਾਲ ਸਰਕਾਰ ਬਲਵਿੰਦਰ ਸਿੰਘ ਨੂੰ ਰਿਹਾਅ ਕਰਨ ਤੇ ਉਸ ਖਿਲਾਫ ਦਰਜ ਸਾਰੇ ਕੇਸ ਖਾਰਜ ਕਰਨ ਲਈ ਸਹਿਮਤ ਹੋ ਗਈ। ਇਸ ਬਾਰੇ ਜਾਣਕਾਰੀ ਦਿੰਦਿਆਂ ਬਲਵਿੰਦਰ ਸਿੰਘ ਦੀ ਧਰਮ ਸ੍ਰੀਮਤੀ ਕਰਮਜੀਤ ਕੌਰ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਆਖਰ 9 ਦਿਨ ਦੇ ਲੰਬੇ ਸੰਘਰਸ਼ ਤੋਂ ਬਾਅਦ ਕੋਲਕਾਤਾ ਦੀ ਸਮੁੱਚੀ ਸਿੱਖ ਸੰਗਤ, ਸਿੰਘ ਸਭਾਵਾਂ ਤੇ ਦੁਨੀਆਂ ਭਰ ਦੇ ਸਿੱਖਾਂ ਦੀ ਅਰਦਾਸ ਸਫਲ ਹੋਈ ਹੈ ਤੇ ਪੱਛਮੀ ਬੰਗਾਲ ਸਰਕਾਰ ਬਲਵਿੰਦਰ ਸਿੰਘ ਨੂੰ ਰਿਹਾਅ ਕਰਨ ਤੇ ਕੇਸ ਖਾਰਜ ਕਰਨ ਲਈ ਸਹਿਮਤ ਹੋ ਗਈ ਹੈ। ਉਹਨਾਂ ਕਿਹਾ ਕਿ ਇਹ ਦੁਨੀਆਂ ਭਰ ਦੇ ਸਿੱਖਾਂ ਦੀ ਬਹੁਤ ਵੱਡੀ ਜਿੱਤ ਹੈ।  

ਸ਼੍ਰੋਮਣੀ ਯੂਥ ਅਕਾਲੀ ਦਲ ਵਲੋਂ ਦਿੱਲੀ ਚ ਆਰਡੀਨੈਂਸ ਨੂੰ ਲੈਕੇ ਵੱਡੇ ਪੱਧਰ ਤੇ ਪ੍ਰਦਰਸ਼ਨ

ਨਵੀਂ ਦਿੱਲੀ ,ਅਕਤੂਬਰ 2020 -(ਏਜੰਸੀ )  

ਸ਼੍ਰੋਮਣੀ ਯੂਥ ਅਕਾਲੀ ਵੱਲੋਂ ਦਿੱਲੀ ਦੇ ਕ੍ਰਿਸ਼ੀ ਭਵਨ ਨੇੜੇ ਰੋਸ ਮੁਜ਼ਾਹਰਾ ਕਰਕੇ ਕੇਂਦਰ ਸਰਕਾਰ ਵੱਲੋਂ ਨਵੇਂ ਬਣਾਏ ਗਏ ਖੇਤੀ ਕਾਨੂੰਨਾਂ ਦੀ ਵਿਰੋਧਤਾ ਕੀਤੀ ਗਈ। ਯੂਥ ਅਕਾਲੀ ਦਲ ਦੇ ਆਗੂ ਪਰਮਬੰਸ ਸਿੰਘ ਬੰਟੀ ਰੋਮਾਣਾ ਦੀ ਅਗਵਾਈ ਹੇਠ ਨੌਜਵਾਨਾਂ ਦਾ ਜਥਾ ਅੱਜ ਸਵੇਰੇ ਕ੍ਰਿਸ਼ੀ ਭਵਨ ਪੁੱਜਾ ਜਿੱਥੇ ਉਨ੍ਹਾਂ ਤਿੰਨੇ ਖੇਤੀ ਕਾਨੂੰਨਾਂ ਨੂੰ ਕਾਲੇ ਕਾਨੂੰਨ ਗਰਦਾਨਦਿਆਂ ਵਾਪਸ ਲੈਣ ਦੀ ਮੰਗ ਕੀਤੀ।

ਯੂਥ ਆਗੂਆਂ ਨੇ ਹੱਥਾਂ ਵਿੱਚ ਤਖ਼ਤੀਆਂ ਫੜੀਆਂ ਹੋਈਆਂ ਸਨ ਜਿਨ੍ਹਾਂ ਉਪਰ ਕਾਲੇ ਕਾਨੂੰਨ ਵਾਪਸ ਲਓ ਦੇ ਨਾਅਰੇ ਲਿਖੇ ਹੋਏ ਸਨ। ਉਨ੍ਹਾਂ ਘੱਟੋ-ਘੱਟ ਸਮਰਥਨ ਮੁੱਲ ਜਾਰੀ ਰੱਖਣ ਲਈ ਕਿਹਾ। ਮੁਜ਼ਾਹਰਾਕਾਰੀਆਂ ਨੂੰ ਦਿੱਲੀ ਪੁਲੀਸ ਨੇ ਅੱਗੇ ਵਧਣ ਤੋਂ ਰੋਕ ਦਿੱਤਾ ਤੇ ਹਿਰਾਸਤ ਵਿੱਚ ਲੈ ਲਿਆ। ਪੰਜਾਬ ਤੋਂ ਆਏ ਨੌਜਵਾਨਾਂ ਨੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇ ਵੀ ਲਾਏ। ਯੂਥ ਅਕਾਲੀ ਦਲ ਦੇ ਕਾਰਕੁਨਾਂ ਨੇ ਕਪਾਹ ਤੇ ਮੱਕੀ ਦੀਆਂ ਭਰੀਆਂ ਬਾਲਟੀਆਂ ਲੈ ਕੇ ਦੱਸਿਆ ਕਿ ਕਿਵੇਂ ਕਿਸਾਨਾਂ ਦੀਆਂ ਜਿਣਸਾਂ ਦੀ ਐਮਐਸਪੀ ਅਨੁਸਾਰ ਖਰੀਦ ਨਹੀਂ ਹੋ ਰਹੀ। ਉਨ੍ਹਾਂ ਮੰਗ ਕੀਤੀ ਕਿ ਕੇਂਦਰੀ ਖੇਤੀਬਾੜੀ ਮੰਤਰੀ ਦੱਸਣ ਕਿ ਜਿਹੜੀਆਂ 27 ਫਸਲਾਂ ਲਈ ਐਮਐਸਪੀ ਦਾ ਐਲਾਨ ਕੀਤਾ ਗਿਆ ਹੈ ਉਨ੍ਹਾਂ ਵਿਚੋਂ ਬਹੁ ਗਿਣਤੀ ਫਸਲਾਂ ਦੀ ਕੇਂਦਰ ਦੀਆਂ ਸਰਕਾਰੀ ਏਜੰਸੀਆਂ ਵੱਲੋਂ ਐਮਐਸਪੀ ਅਨੁਸਾਰ ਖਰੀਦ ਕਿਉਂ ਨਹੀਂ ਕੀਤੀ ਜਾ ਰਹੀ। ਇਸ ਦੌਰਾਨ ਅਕਾਲੀ ਕਾਰਕੁਨ ਮੁੱਖ ਗੇਟ ਬੰਦ ਹੋਣ ’ਤੇ ਮੁੱਖ ਰੋਡ ’ਤੇ ਧਰਨਾ ਮਾਰ ਕੇ ਬੈਠ ਗਏ ਤੇ ਰਾਹ ਬੰਦ ਕਰ ਕੇ ਪ੍ਰਦਰਸ਼ਨ ਕੀਤਾ। ਪੁਲੀਸ ਨੇ ਇਨ੍ਹਾਂ ਆਗੂਆਂ ਨੂੰ ਹਿਰਾਸਤ ਵਿਚ ਲੈ ਲਿਆ।

ਸ੍ਰੀ ਰੋਮਾਣਾ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਕੇਂਦਰ ਸਰਕਾਰ ਕਿਸਾਨਾਂ ਨੂੰ ਮਿਲਣ ਤੇ ਉਨ੍ਹਾਂ ਦੀ ਗੱਲ ਸੁਣਨ ਲਈ ਤਿਆਰ ਨਹੀਂ ਹੈ।

ਕੇਂਦਰ ਨਾਲ ਕਿਸਾਨਾਂ ਦੀ ਮੀਟਿੰਗ ਰਹੀ ਬੇਸਿੱਟਾ, ਨਰਾਜ਼ ਹੋ ਕੇ ਬਾਹਰ ਨਿਕਲੇ ਕਿਸਾਨ

ਦਿੱਲੀ, ਅਕਤੂਬਰ 2020 (ਕੁਲਵਿੰਦਰ ਸਿੰਘ ਚੰਦੀ) ਕੇਂਦਰ ਸਰਕਾਰ ਵੱਲੋਂ ਲਿਆਦੇ ਖੇਤੀ ਕਾਨੂੰਨਾਂ ਖਿਲਾਫ ਸੰਘਰਸ਼ ਕਰ ਰਹੀਆਂ ਕਿਸਾਨ ਜਥੇਬੰਦੀਆਂ ਦੇ ਲੀਡਰਾਂ ਦੀ ਅੱਜ ਦਿੱਲੀ ਵਿੱਚ ਕੇਂਦਰ ਸਰਕਾਰ ਨਾਲ ਹੋਈ ਗੱਲ਼ਬਾਤ ਕਿਸੇ ਤਣਪੱਤਣ ਨਾ ਲੱਗ ਸਕੀ। ਕਿਸਾਨ ਜਥੇਬੰਦੀਆਂ ਵਲੋ ਕੇਂਦਰ ਸਰਕਾਰ ਨਾਲ ਕੀਤੀ ਗੱਲਬਾਤ ਬੇਸਿੱਟਾ ਰਹੀ। ਇਸ ਦੌਰਾਨ ਦਿੱਲੀ ਵਿਖੇ ਭਾਰਤ ਸਰਕਾਰ ਨਾਲ ਮੀਟਿੰਗ ਖ਼ਤਮ ਹੋਣ ਤੋਂ ਪਹਿਲਾਂ ਹੀ ਕਿਸਾਨ ਜਥੇਬੰਦੀਆਂ  ਦੇ ਨੁਮਾਇੰਦੇ ਨਾਰਾਜ਼ ਹੋ ਕੇ ਬਾਹਰ ਨਿਕਲ ਆਏ । ਕਿਸਾਨ ਇੰਨੇ ਗੁੱਸੇ ਵਿੱਚ ਸਨ ਕਿ ਮੀਟਿੰਗ  ਤੋਂ ਬਾਹਰ ਆ ਕੇ ਖੇਤੀ ਕਾਨੂੰਨ ਦੀ ਕਾਪੀਆਂ ਪਾੜ ਕੇ ਰੋਸ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ। ਹੁਣ ਕਿਸਾਨਾਂ ਨੇ ਹੋਰ ਤਿੱਖਾ ਸੰਘਰਸ਼ ਕਰਨ ਦਾ ਐਲਾਨ ਕੀਤਾ ਹੈ। ਕਿਸਾਨਾਂ ਨੇ ਇਲਜ਼ਾਮ ਲਾਇਆ ਕਿ ਸਰਕਾਰ ਕਿਸਾਨਾਂ ਨੂੰ ਗੁੰਮਰਾਹ ਕਰ ਰਹੀ ਹੈ।   ਉਨ੍ਹਾਂ ਕਿਹਾ ਕਿ ਗੱਲ਼ਬਾਤ ਦੇ ਨਾਂ 'ਤੇ ਕਿਸਾਨਾਂ ਨਾਲ ਮਜ਼ਾਕ ਕੀਤਾ ਗਿਆ ਹੈ। ਮੀਟਿੰਗ ਵਿੱਚ ਕੋਈ ਵੀ ਮੰਤਰੀ ਜਾਂ ਸਰਕਾਰ ਦਾ ਸਿਆਸੀ ਨੁਮਾਇੰਦਾ ਨਹੀਂ ਸੀ। ਕਿਸਾਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਕਿਸੇ ਵੀ ਮੰਤਰੀ ਨੂੰ ਪੰਜਾਬ ਨਹੀਂ ਵੜ੍ਹਨ ਦਿੱਤਾ ਜਾਏਗਾ। ਉਨ੍ਹਾਂ ਨੇ ਸੰਘਰਸ਼ ਹੋਰ ਤੇਜ਼ ਕਰਨ ਦਾ ਐਲਾਨ ਕੀਤਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਕੱਲ੍ਹ  ਦੀ ਮੀਟਿੰਗ ਕਿਸਾਨ ਭਵਨ ਵਿਚ ਅਹਮ ਹੋਵੇਗੀ ਤੇ ਇਹ ਜੰਗ ਜਾਰੀ ਰਹੇਗੀ। ਕਿਸਾਨਾਂ ਵਲੋਂ ਜ਼ੋਰਦਾਰ ਨਾਅਰੇਬਾਜ਼ੀ ਕਰਦੇ ਹੋਏ ਕਿਸਾਨਾਂ ਨੇ ਕਿਹਾ ਕਿ ਹੁਣ ਚੰਡੀਗੜ੍ਹ ਕਿਸਾਨਾਂ ਦੀ ਰਣਭੂਮੀ ਬਣੇਗਾ,  ਬੀਜੇਪੀ ਨੇਤਾਵਾਂ ਦੇ ਹੁਣ ਨਕ ਵਿਚ ਦਮ ਕਰ ਦੇਵਾਂਗੇ। ਸਰਕਾਰ ਨੇ ਜੁਮਲੇਬਾਜ਼ੀ ਕੀਤੀ ਹੈ ਕਿਸਾਨ ਨੇਤਾ ਸੰਘਰਸ਼ ਇਨ੍ਹਾਂ ਤੇਜ ਕਰ ਦੇਵਾਂਗੇ ਜਿਸਨੂੰ ਤੁਸੀਂ ਆਉਣ ਵਾਲੇ ਸਮੇਂ ਵਿਚ ਦੇਖੋਗੇ ਸਾਡੇ ਨਾਲ ਧੋਖਾ ਅਤੇ ਗੁਮਰਾਹ ਕੀਤਾ ਗਿਆ ਹੈ। 

ਕਿਸਾਨਾਂ ਨੇ ਆਪਣੀਆਂ ਇਹ ਮੰਗਾਂ ਸਰਕਾਰ ਸਾਹਮਣੇ ਰੱਖਣੀਆਂ ਸੀ ਪਰ ਮੀਟਿੰਗ ਵਿਚਾਲੇ ਹੀ ਟੁੱਟ ਗਈ। ਕਿਸਾਨਾਂ ਦੀਆਂ ਮੁੱਖ ਮੰਗਾਂ-

1. ਪਹਿਲੀ ਸਾਰੇ ਤਿੰਨ ਨਵੇਂ ਖੇਤੀ ਕਾਨੂੰਨਾਂ ਨੂੰ ਰੱਦ ਕੀਤਾ ਜਾਵੇ। 

2.  ਸਵਾਮੀਨਾਥਨ ਰਿਪੋਰਟ ਮੁਤਾਬਕ ਫਸਲਾਂ ਦੇ ਉਚਿਤ ਮੁੱਲ ਦਿੱਤੇ ਜਾਣ। 

3.ਘੱਟੋ-ਘੱਟ ਸਮਰਥਨ ਮੁੱਲ ਨੂੰ ਕਾਨੂੰਨੀ ਮਾਨਤਾ ਦਿੱਤੀ ਜਾਵੇ। 

4. ਸਰਕਾਰ ਐਮਐਸਪੀ 'ਤੇ ਕਣਕ ਤੇ ਝੋਨੇ ਵਾਂਗ ਹੋਰ ਫਸਲਾਂ ਵੀ ਖਰੀਦੇ। 

5. ਫਸਲਾਂ ਦੀ ਗੁਣਵੱਤਾ ਸਰਕਾਰੀ ਏਜੰਸੀਆਂ ਤੈਅ ਕਰਨ।

ਸੂਬਿਆਂ ਦੀ ਹਾਲਤ ਕਰਜ਼ਾ ਲੈਣ ਲਾਇਕ ਨਹੀਂ - ਆਰਬੀਆਈ

ਨਵੀਂ ਦਿੱਲੀ ,ਅਕਤੂਬਰ 2020 -(ਏਜੰਸੀ )  

ਜੀਐੱਸਟੀ ਨੁਕਸਾਨ ਨੂੰ ਲੈ ਕੇ ਕੇਂਦਰ ਸਰਕਾਰ ਤੇ ਗ਼ੈਰ-ਭਾਜਪਾ ਸ਼ਾਸਿਤ ਸੂਬਿਆਂ ਵਿਚਾਲੇ ਤਕਰਾਰ ਪਿੱਛੇ ਮੂਲ ਕਾਰਨ ਭਾਵੇਂ ਸਿਆਸਤ ਹੈ ਪਰ ਇਕ ਸੱਚ ਇਹ ਵੀ ਹੈ ਕਿ ਸੂਬਿਆਂ ਦੀ ਮਾਲੀ ਹਾਲਤ ਅਜਿਹੀ ਨਹੀਂ ਕਿ ਉਹ ਕਰਜ਼ੇ ਦਾ ਜ਼ਿਆਦਾ ਬੋਝ ਝੱਲ ਸਕਣ। ਸੂਬਿਆਂ ਦੇ ਅਰਥਚਾਰੇ ਦੀ ਮੁਕੰਮਲ ਤਸਵੀਰ ਮੰਗਲਵਾਰ ਨੂੰ ਆਰਬੀਆਈ ਵੱਲੋਂ ਜਾਰੀ ਇਕ ਰਿਪੋਰਟ 'ਚ ਸਾਹਮਣੇ ਆਈ ਹੈ। ਰਿਪੋਰਟ 'ਚ ਸਪੱਸ਼ਟ ਹੈ ਕਿ ਆਂਧਰ ਪ੍ਰਦੇਸ਼ ਤੇ ਮਹਾਰਾਸ਼ਟਰ ਵਰਗੇ ਆਰਥਿਕ ਤੌਰ 'ਤੇ ਉੱਨਤ ਸੂਬੇ ਹੋਣ ਜਾਂ ਬਿਹਾਰ ਜਾਂ ਉੱਤਰ ਪ੍ਰਦੇਸ਼ ਵਰਗੇ ਸੂਬੇ, ਕਿਸੇ ਦੀ ਵੀ ਹਾਲਤ ਵਾਧੂ ਕਰਜ਼ਾ ਲੈਮ ਦੀ ਨਹੀਂ ਹੈ।

ਇਸ ਰਿਪੋਰਟ ਮੁਤਾਬਕ 2017 ਤੋਂ ਬਾਅਦ ਦੇ ਤਿੰਨ ਸਾਲਾਂ 'ਚ ਸੂਬਿਆਂ 'ਤੇ ਵਾਧੂ ਕਰਜ਼ਾ 39 ਫ਼ੀਸਦੀ ਵਧਿਆ ਹੈ। ਮਾਰਚ, 2020 ਤਕ ਸੂਬਿਆਂ 'ਤੇ 39.33 ਲੱਖ ਕਰੋੜ ਰੁਪਏ ਦਾ ਕਰਜ਼ਾ ਸੀ, ਜੋ ਸਾਲ ਭਰ ਪਹਿਲਾਂ ਦੇ ਮੁਕਾਬਲੇ 13.75 ਫ਼ੀਸਦੀ ਜ਼ਿਆਦਾ ਹੈ। ਜੇ ਜੀਐੱਸਟੀ ਨੁਕਸਾਨ ਦੇ ਸਬੰਧ 'ਚ ਜੀਐੱਸਟੀ ਕੌਂਸਲ ਵੱਲੋਂ ਦਿੱਤੇ ਗਏ ਪਹਿਲੇ ਪ੍ਰਸਤਾਵ ਨੂੰ ਆਧਾਰ ਮੰਨੀਏ ਤਾਂ ਚਾਲੂ ਵਿੱਤੀ ਸਾਲ ਦੌਰਾਨ ਸਿੱਧੇ ਤੌਰ 'ਤੇ ਸੂਬਿਆਂ 'ਤੇ 1.15 ਲੱਖ ਕਰੋੜ ਰੁਪਏ ਦੇ ਕਰਜ਼ੇ ਦਾ ਬੋਝ ਪਵੇਗਾ। ਜਾਣਕਾਰਾਂ ਦਾ ਕਹਿਣਾ ਹੈ ਕਿ ਸੂੁਬਿਆਂ ਦਾ ਕੰਮ ਸਿਰਫ ਨੁਕਸਾਨ ਵਾਲੀ ਰਕਮ ਦੇ ਬਰਾਬਰ ਕਰਜ਼ਾ ਲੈਣ ਨਾਲ ਨਹੀਂ ਚੱਲੇਗਾ। ਜੀਐੱਸਟੀ ਕੁਲੈਕਸ਼ਨ ਘੱਟ ਹੋਣ ਕਾਰਨ ਉਨ੍ਹਾਂ ਨੂੰ ਕੇਂਦਰ ਤੋਂ ਮਿਲਣ ਵਾਲੀ ਹਿੱਸੇਦਾਰੀ ਘੱਟ ਹੋ ਚੁੱਕੀ ਹੈ। ਇਸ ਲਈ ਵੀ ਉਨ੍ਹਾਂ ਨੂੰ ਵੱਖਰੇ ਤੌਰ 'ਤੇ ਕਰਜ਼ਾ ਲੈਣਾ ਪੈ ਰਿਹਾ ਹੈ। ਬਿਨਾਂ ਸ਼ੱਕ ਵੱਧਦਾ ਕਰਜ਼ਾ ਸੂਬਿਆਂ 'ਤੇ ਵਿਆਜ ਦਾ ਬੋਝ ਵੀ ਵਧਾ ਰਿਹਾ ਹੈ। ਮਾਰਚ, 2017 ਤੋਂ ਮਾਰਚ, 2019 ਵਿਚਾਲੇ ਸੂਬਿਆਂ ਵੱਲੋਂ ਵਿਆਜ ਅਦਾਇਗੀ ਦੀ ਰਕਮ 'ਚ 21.05 ਫ਼ੀਸਦੀ ਦਾ ਵਾਧਾ ਹੋਇਆ ਹੈ। 2019-20 ਦੌਰਾਨ ਦੇਸ਼ ਦੇ ਸਾਰੇ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਬਜਟ ਦੇ ਅਨੁਮਾਨ ਮੁਤਾਬਕ ਉਨ੍ਹਾਂ ਨੂੰ 354800 ਕਰੋੜ ਰੁਪਏ ਦੀ ਅਦਾਇਗੀ ਕਰਨੀ ਪੈ ਸਕਦੀ ਹੈ। ਇਹ 2017-18 ਦੇ ਮੁਕਾਬਲੇ 21 ਫ਼ੀਸਦੀ ਜ਼ਿਆਦਾ ਤੇ 2018-19 ਦੇ ਮੁਕਾਬਲੇ 11 ਫ਼ੀਸਦੀ ਹੈ। ਚਾਲੂ ਵਿੱਤੀ ਸਾਲ ਦਾ ਉਧਾਰ ਇਨ੍ਹਾਂ ਸੂਬਿਆਂ 'ਤੇ ਵਿਆਜ ਦਾ ਬੋਝ ਹੋਰ ਵਧਾ ਦੇਵੇਗਾ।

ਆਰਬੀਆਈ ਮੁਤਾਬਕ ਅਗਸਤ, 2020 ਤਕ ਚਾਲੂ ਵਿੱਤੀ ਸਾਲ ਲਈ ਸਾਰੇ ਸੂਬਿਆਂ ਵੱਲੋਂ 2.69 ਲੱਖ ਕਰੋੜ ਰੁਪਏ ਦਾ ਕਰਜ਼ਾ ਲਿਆ ਜਾ ਚੁੱਕਾ ਹੈ। ਵਿੱਤੀ ਸਾਲ ਦੇ ਬਾਕੀ ਰਹਿੰਦੇ ਮਹੀਨਿਆਂ 'ਚ ਇਨ੍ਹਾਂ ਸੂਬਿਆਂ ਵੱਲੋਂ ਚਾਰ ਲੱਖ ਕਰੋੜ ਰੁਪੇ ਦਾ ਕਰਜ਼ਾ ਹੋਰ ਲੈਣ ਦੀ ਸੂਰਤ ਬਣ ਰਹੀ ਹੈ। ਅਜਿਹੇ 'ਚ ਸੂਬਿਆਂ 'ਤੇ ਕਰਜ਼ੇ ਦਾ ਕੁੱਲ ਬੋਝ ਮਾਰਚ, 2020 ਦੇ 39.33 ਲੱਖ ਕਰੋੜ ਰੁਪਏ ਤੋਂ ਵੱਧ ਕੇ ਮਾਰਚ, 2021 ਤਕ 45.93 ਲੱਖ ਕਰੋੜ ਰੁਪਏ ਹੋਣ ਦੀ ਸੰਭਾਵਨਾ ਹੈ। ਸੋਮਵਾਰ ਨੂੰ ਦੇਰ ਰਾਤ ਤਕ ਚੱਲੀ ਜੀਐੱਸਟੀ ਕੌਂਸਲ ਦੀ ਬੈਠਕ 'ਚ ਕਈ ਸੂਬਿਆਂ ਵੱਲੋਂ ਇਹ ਮੁੱਦਾ ਉਠਾਇਆ ਗਿਆ ਕਿ ਨੁਕਸਾਨ ਨਾਲ ਸਬੰਧਤ ਰਕਮ ਦੇ ਬਦਲੇ ਉਧਾਰ ਲੈਣ 'ਤੇ ਉਨ੍ਹਾਂ ਨੂੰ ਲੰਬੇ ਸਮੇਂ ਤਕ ਟੈਕਸ ਵਸੂਲਣ ਦੀ ਇਜਾਜ਼ਤ ਮਿਲ ਰਹੀ ਹੈ ਪਰ ਚਾਲੂ ਵਿੱਤੀ ਸਾਲ 'ਚ ਉਨ੍ਹਾਂ ਵੱਲੋਂ ਜਿਹੜਾ ਜ਼ਿਆਦਾ ਉਧਾਰ ਲਿਆ ਜਾ ਰਿਹਾ ਹੈ ਉਸ ਦੇ ਵਿਆਜ ਦਾ ਬੋਝ ਉਨ੍ਹਾਂ ਨੁੂੰ ਝੱਲਣਾ ਪਵੇਗਾ।  

ਦਿੱਲੀ  ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਮਾਰਚ 2021 ਤੱਕ ਕਰਵਾਉਣ ਦੇ ਹੁਕਮ

 

ਨਵੀਂ ਦਿੱਲੀ ,ਅਕਤੂਬਰ 2020 -(ਏਜੰਸੀ )   ਦਿੱਲੀ ਹਾਈ ਕੋਰਟ ਵੱਲੋਂ ਅੱਜ ਦਿੱਲੀ ਗੁਰਦੁਆਰਾ ਐਕਟ-1971 ਤਹਿਤ ਸਮੇਂ ’ਤੇ ਚੋਣਾਂ ਕਰਵਾਉਣ ਦਾ ਹੁਕਮ ਸੁਣਾਇਆ ਗਿਆ। ਜੱਜ ਜੈਅੰਤਨਾਥ ਵੱਲੋਂ ਦਿੱਲੀ ਸਰਕਾਰ ਦੇ ਗੁਰਦੁਆਰਾ ਚੋਣ ਬੋਰਡ ਦੇ ਡਾਇਰੈਕਟਰ ਨੂੰ ਗੁਰਦੁਆਰਾ ਐਕਟ ਤਹਿਤ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪੁਰਾਣੀ ਵੋਟਰ ਸੂਚੀ ਵਿੱਚ ਹੀ ਸੁਧਾਈ ਕਰਦਿਆਂ ਨਵੀਆਂ ਵੋਟਾਂ ਜੋੜ ਕੇ ਸਮੇਂ ਸਿਰ ਚੋਣਾਂ ਕਰਵਾਉਣ ਦੀ ਹਦਾਇਤ ਕੀਤੀ ਗਈ ਹੈ। ਦਿੱਲੀ ਸਰਕਾਰ ਵੱਲੋਂ ਹਾਜ਼ਰ ਵਕੀਲ ਸੱਤਿਅਤਾਕਾਮ ਵੱਲੋਂ ਦਲੀਲ ਦਿੱਤੀ ਗਈ ਕਿ ਕਰੋਨਾ ਕਾਰਨ ਸਰਕਾਰ ਕੋਲ ਨਵੀਆਂ ਵੋਟਰ ਸੂਚੀਆਂ ਬਣਾਉਣ ਲਈ ਸਮੇਂ ਦੀ ਘਾਟ ਹੈ। ਇਸ ਫ਼ੈਸਲੇ ਮਗਰੋਂ ਹੁਣ ਮਾਰਚ 2021 ਵਿੱਚ ਕਮੇਟੀ ਦੀਆਂ ਚੋਣਾਂ ਹੋ ਸਕਣਗੀਆਂ। ਇਸ ਮਾਮਲੇ ਵਿੱਚ ਸ਼੍ਰੋਮਣੀ ਅਕਾਲੀ ਦਲ (ਦਿੱਲੀ) ਤੇ ਹੋਰ ਧਿਰਾਂ ਵੱਲੋਂ ਪਟੀਸ਼ਨ ਪਾਈ ਗਈ ਸੀ। 18 ਸਤੰਬਰ 2020 ਨੂੰ ਅਦਾਲਤ ਨੇ ਸਾਰੀਆਂ ਧਿਰਾਂ ਦੇ ਪੱਖ ਸੁਣ ਕੇ ਫ਼ੈਸਲਾ ਰਾਖਵਾਂ ਰੱਖ ਲਿਆ ਸੀ।  

ਮਾਮਲਾ ਸਿੱਖ ਸੁਰੱਖਿਆ ਗਾਰਡ ਦੀ ਪੱਗ ਲਾਹੁਣ ਅਤੇ ਕੁੱਟਮਾਰ ਦਾ

ਰਾਸ਼ਟਰੀ ਘੱਟ ਗਿਣਤੀ ਕਮਿਸ਼ਨ ਨੇ ਬੰਗਾਲ ਸਰਕਾਰ ਤੋਂ ਮੰਗਿਆ  ਜਵਾਬ

 ਰਾਜਪਾਲ ਨੇ ਕਾਰਵਾਈ ਕਰਨ ਲਈ ਕਿਹਾ  

ਕੋਲਕਾਤਾ/ਨਵੀਂ ਦਿੱਲੀ ,ਅਕਤੂਬਰ 2020 -(ਏਜੰਸੀ )  ਬੰਗਾਲ ਵਿਚ ਪਿਛਲੇ ਹਫ਼ਤੇ ਵਿਰੋਧ ਪ੍ਰਦਰਸ਼ਨ ਦੌਰਾਨ ਸਿੱਖ ਸੁਰੱਖਿਆ ਗਾਰਡ ਦੀ ਪੱਗ ਲਾਹੇ ਜਾਣ ਤੇ ਉਸ ਦੀ ਗਿ੍ਫ਼ਤਾਰੀ ਦੇ ਮਾਮਲੇ 'ਚ ਹੁਣ ਰਾਸ਼ਟਰੀ ਘੱਟ ਗਿਣਤੀ ਕਮਿਸ਼ਨ ਨੇ ਬੰਗਾਲ ਸਰਕਾਰ ਨੂੰ ਨੋਟਿਸ ਜਾਰੀ ਕਰ ਕੇ ਜਵਾਬ ਮੰਗਿਆ ਹੈ। ਦਿੱਲੀ ਭਾਜਪਾ ਦੇ ਬੁਲਾਰੇ ਤੇਜਿੰਦਰਪਾਲ ਸਿੰਘ ਬੱਗਾ ਦੀ ਸ਼ਿਕਾਇਤ 'ਤੇ ਕਮਿਸ਼ਨ ਨੇ ਇਸ ਮਾਮਲੇ 'ਚ ਨੋਟਿਸ ਲਿਆ ਹੈ। ਕਮਿਸ਼ਨ ਵੱਲੋਂ ਸੋਮਵਾਰ ਨੂੰ ਸੂਬੇ ਦੇ ਮੁੱਖ ਸਕੱਤਰ ਆਲਾਪਨ ਬੰਧੋਪਾਧਿਆਏ ਨੂੰ ਪੱਤਰ ਭੇਜ ਕੇ 15 ਦਿਨਾਂ ਦੇ ਅੰਦਰ ਇਸ ਮਾਮਲੇ ਵਿਚ ਰਿਪੋਰਟ ਦੇਣ ਲਈ ਕਿਹਾ ਗਿਆ ਹੈ। ਦੂਜੇ ਪਾਸੇ ਮਾਮਲੇ ਵਿਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀਐੱਸਜੀਐੱਮਸੀ) ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਉਨ੍ਹਾਂ ਨੇ ਮੁਲਜ਼ਮ ਪੁਲਿਸ ਮੁਲਾਜ਼ਮਾਂ ਵਿਰੁੱਧ ਰਸਮੀ ਸ਼ਿਕਾਇਤ ਦਰਜ ਕਰਵਾਈ ਹੈ। ਦੱਸਣਾ ਬਣਦਾ ਹੈ ਕਿ ਬਲਵਿੰਦਰ ਸਿੰਘ ਕੋਲੋਂ ਪੁਲਿਸ ਨੇ ਇਕ 9 ਐੱਮਐੱਮ ਦਾ ਪਿਸਟਲ ਵੀ ਜ਼ਬਤ ਕੀਤਾ ਸੀ। ਬਲਵਿੰਦਰ ਸਿੰਘ ਿਫ਼ਲਹਾਲ ਸਿਟੀ ਪੁਲਿਸ ਦੀ ਹਿਰਾਸਤ ਵਿਚ ਹੈ। ਪੱਛਮੀ ਬੰਗਾਲ ਦੇ ਰਾਜਪਾਲ ਜਗਦੀਪ ਧਨਖੜ ਨੇ ਵੀ ਸੋਮਵਾਰ ਨੂੰ ਟਵੀਟ ਕਰਦਿਆਂ ਕਿਹਾ ਕਿ ਬਲਵਿੰਦਰ ਸਿੰਘ ਨਾਲ ਪੁਲਿਸ ਦੇ ਗ਼ੈਰ-ਮਨੁੱਖੀ ਵਿਹਾਰ ਕਾਰਨ ਉਹ ਚਿੰਤਤ ਹਨ। ਉਨ੍ਹਾਂ 'ਤੇ ਜੋ ਵੀ ਮੁਕੱਦਮੇ ਦਰਜ ਕੀਤੇ ਗਏ ਹਨ ਉਨ੍ਹਾਂ ਨੂੰ ਵਾਪਸ ਲੈ ਕੇ ਮਾਮਲੇ ਵਿਚ ਦੋਸ਼ੀ ਪੁਲਿਸ ਅਧਿਕਾਰੀ ਵਿਰੁੱਧ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਇਸ ਮਾਮਲੇ ਵਿਚ ਸੂਬੇ ਦੇ ਗ੍ਹਿ ਵਿਭਾਗ ਤੇ ਬੰਗਾਲ ਪੁਲਿਸ ਦੇ ਉਲਟ ਰੁਖ਼ 'ਤੇ ਚਿੰਤਾ ਵੀ ਪ੍ਰਗਟ ਕੀਤੀ।

ਸਿੱਖ ਵਿਰੋਧੀ ਦੰਗਿਆਂ ਦੇ ਗਵਾਹ ਨੇ ਪੁਲਿਸ ਖ਼ਿਲਾਫ਼ ਦਾਖ਼ਲ ਕੀਤੀ ਪਟੀਸ਼ਨ

 

ਨਵੀਂ ਦਿੱਲੀ ,ਅਕਤੂਬਰ 2020 -(ਏਜੰਸੀ ) ਅਦਾਲਤ ਦੇ ਹੁਕਮ ਦੇ ਬਾਵਜੂਦ ਸੁਰੱਖਿਆ ਨਾ ਮਿਲਣ 'ਤੇ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਮਾਮਲੇ 'ਚ ਗਵਾਹ ਤੇ ਹਥਿਆਰ ਡੀਲਰ ਅਭਿਸ਼ੇਕ ਵਰਮਾ ਨੇ ਦਿੱਲੀ ਪੁਲਿਸ ਖ਼ਿਲਾਫ਼ ਹੁਕਮ ਅਦੂਲੀ ਦੀ ਪਟੀਸ਼ਨ ਦਾਖ਼ਲ ਕੀਤੀ ਹੈ। ਪਟੀਸ਼ਨ 'ਤੇ ਜਸਟਿਸ ਸੰਜੀਵ ਸਚਦੇਵਾ ਦੇ ਬੈਂਚ ਨੇ ਦਿੱਲੀ ਪੁਲਿਸ ਦੇ ਦੋ ਸੀਨੀਅਰ ਅਧਿਕਾਰੀਆਂ ਤੋਂ ਪੁੱਛਿਆ ਹੈ ਕਿ 18 ਅਗਸਤ ਨੂੰ ਹੇਠਲੀ ਅਦਾਲਤ ਵੱਲੋਂ ਵਰਮਾ ਦੀ ਸੁਰੱਖਿਆ ਜਾਰੀ ਰੱਖਣ ਦੇ ਹੁਕਮ ਦੇ ਬਾਵਜੂਦ ਉਨ੍ਹਾਂ ਦੀ ਸੁਰੱਖਿਆ ਕਿਉਂ ਜਾਰੀ ਨਹੀਂ ਰੱਖੀ ਗਈ? ਪੁਲਿਸ ਦੇ ਵਕੀਲ ਸ਼ਿਖਰ ਸ਼ੀਲ ਨੇ ਜਦੋਂ ਕਿਹਾ ਕਿ ਪੁਲਿਸ ਸਕਿਓਰਿਟੀ ਅਸੈਸਮੈਂਟ ਦੀ ਸਮੀਖਿਆ ਕਰ ਰਹੀ ਹੈ ਤਾਂ ਬੈਂਚ ਨੇ ਸਵਾਲ ਕੀਤਾ ਕਿ ਜੇਕਰ ਇਸ ਦੌਰਾਨ ਦੰਗੇ ਦੇ ਅਹਿਮ ਗਵਾਹ ਨੂੰ ਕੁਝ ਹੋ ਗਿਆ ਤਾਂ ਕੀ ਹੋਵੇਗਾ। ਅਭਿਸ਼ੇਕ ਵਰਮਾ ਨੇ ਦੱਖਣੀ ਦਿੱਲੀ ਦੇ ਵਧੀਕ ਡਿਪਟੀ ਕਮਿਸ਼ਨਰ ਤੇ ਡਿਪਟੀ ਕਮਿਸ਼ਨ ਖ਼ਿਲਾਫ਼ ਦਿੱਲੀ ਹਾਈ ਕੋਰਟ 'ਚ ਹੁਕਮ ਅਦੂਲੀ ਦੀ ਪਟੀਸ਼ਨ ਦਾਖ਼ਲ ਕੀਤੀ ਹੈ। ਪਹਿਲਾਂ ਵਰਮਾ ਤੇ ਉਨ੍ਹਾਂ ਦੇ ਪਰਿਵਾਰ ਦੀ 24 ਘੰਟੇ ਸੁਰੱਖਿਆ ਲਈ ਤਿੰਨ ਪੁਲਿਸ ਮੁਲਾਜ਼ਮ ਉਪਲਬਧ ਕਰਵਾਏ ਗਏ ਸਨ। 28 ਸਤੰਬਰ ਨੂੰ ਇਕ ਹੋਰ ਸਿੰਗਲ ਬੈਂਚ ਨੇ ਵੀ ਪੁਲਿਸ ਨੂੰ ਵਰਮਾ ਦੀ ਸੁਰੱਖਿਆ ਜਾਰੀ ਰੱਖਣ ਦਾ ਨਿਰਦੇਸ਼ ਦਿੱਤਾ ਸੀ।  

ਬੀਕੇਯੂ ਲੱਖੋਵਾਲ ਵੱਲੋਂ ਖੇਤੀ ਬਿਲਾਂ ਖਿਲਾਫ਼ ਸੁਪਰੀਮ ਕੋਰਟ ’ਚ ਦਰਖ਼ਾਸਤ

ਨਵੀਂ ਦਿੱਲੀ/ ਚੰਡੀਗੜ੍ਹ ,  ਅਕਤੂਬਰ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)- ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਨੇ ਕੇਂਦਰ ਸਰਕਾਰ ਵੱਲੋਂ ਪਾਸ ਤਿੰਨ ਖੇਤੀ ਕਾਨੂੰਨਾਂ ਖਿਲਾਫ਼ ਐਡਵੋਕੇਟ ਜੀ.ਐੱਸ ਘੁੰਮਣ ਤੇ ਜੀ.ਪੀ.ਐੱਸ ਘੁੰਮਣ (ਘੁੰਮਣ ਬ੍ਰਦਰਜ਼) ਰਾਹੀਂ ਸੁਪਰੀਮ ਕੋਰਟ ਵਿੱਚ ਰਿੱਟ ਪਟੀਸ਼ਨ ਦਾਖਲ ਕੀਤੀ ਹੈ। ਪਟੀਸ਼ਨ ਵਿੱਚ ਸੁਪਰੀਮ ਕੋਰਟ ਨੂੰ ਬੇਨਤੀ ਕੀਤੀ ਗਈ ਕਿ ਇਹ ਤਿੰਨੇ ਖੇਤੀ ਕਾਨੂੰਨ ਮੁੱਢੋਂ ਹੀ ਖਾਰਜ ਕੀਤੇ ਜਾਣ ਅਤੇ ਜਦੋਂ ਤੱਕ ਕੋਈ ਅੰਤਿਮ ਫੈਸਲਾ ਨਹੀਂ ਆ ਜਾਂਦਾ ਉਦੋਂ ਤੱਕ ਇਨ੍ਹਾਂ ਕਾਨੂੰਨਾਂ ’ਤੇ ਸਟੇਅ ਆਰਡਰ ਜਾਰੀ ਕੀਤੇ ਜਾਣ। ਬੀਕੇਯੂ (ਲੱਖੋਵਾਲ) ਦੇ ਜਨਰਲ ਸਕੱਤਰ ਹਰਿੰਦਰ ਸਿੰਘ ਲੱਖੋਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਇਸ ਦੇਸ਼ ਤੇ ਕਿਸਾਨ ਮਾਰੂ ਬਿੱਲਾਂ ਖਿਲਾਫ਼ ਦੇਸ਼ ਦੀ ਸੁਪਰੀਮ ਕੋਰਟ ਵਿੱਚ ਅੱਜ ਰਿੱਟ ਪਟੀਸ਼ਨ ਦਾਖਲ ਕੀਤੀ ਗਈ ਹੈ ਤਾਂ ਜੋ ਦੇਸ਼ ਦੀ ਸੁਤੰਤਰਤਾ, ਦੇਸ਼ ਦੇ ਕਿਸਾਨ, ਖਪਤਕਾਰ, ਮਜ਼ਦੂਰ, ਆੜ੍ਹਤੀਏ, ਦੁਕਾਨਦਾਰ ਤੇ ਛੋਟੇ ਵਪਾਰੀ ਨੂੰ ਸਰਕਾਰ ਦੇ ਇਸ ਮਾਰੂ ਫੈਸਲਿਆਂ ਤੋਂ ਬਚਾਇਆ ਜਾ ਸਕੇ।

ਕਰਜ਼ਿਆਂ ’ਚ ਛੋਟ ਬਾਰੇ ਸੁਪਰੀਮ ਕੋਰਟ ਵੱਲੋਂ ਕੇਂਦਰ ਤੋਂ ਜਵਾਬ ਤਲਬ

ਨਵੀਂ ਦਿੱਲੀ ,ਅਕਤੂਬਰ 2020 -(ਏਜੰਸੀ )   ਸੁਪਰੀਮ ਕੋਰਟ ਨੇ ਕੇਂਦਰ ਵੱਲੋਂ 2 ਕਰੋੜ ਰੁਪਏ ਤੱਕ ਦੇ ਕਰਜ਼ਿਆਂ ਦੇ ‘ਵਿਆਜ ਉਤੇ ਲੱਗਣ ਵਾਲੇ ਵਿਆਜ’ ’ਤੇ ਮਾਰੀ ਲੀਕ ਨੂੰ ਗ਼ੈਰ-ਤਸੱਲੀਬਖਸ਼ ਕਰਾਰ ਦਿੰਦਿਆਂ ਕੇਂਦਰ ਸਰਕਾਰ ਨੂੰ ਇਕ ਹਫ਼ਤੇ ਅੰਦਰ ਨਵਾਂ ਹਲਫ਼ਨਾਮਾ ਦਾਖ਼ਲ ਕਰਨ ਲਈ ਕਿਹਾ ਹੈ। ਜਸਟਿਸ ਅਸ਼ੋਕ ਭੂਸ਼ਣ ਦੀ ਅਗਵਾਈ ਵਾਲੇ ਬੈਂਚ ਨੇ ਕੇਂਦਰ ਸਰਕਾਰ ਤੇ ਭਾਰਤੀ ਰਿਜ਼ਰਵ ਬੈਂਕ ਨੂੰ ਕੋਵਿਡ-19 ਕਾਰਨ ਵੱਖ-ਵੱਖ ਸੈਕਟਰਾਂ ’ਤੇ ਪੈਣ ਵਾਲੇ ਦਬਾਅ ਨੂੰ ਘੱਟ ਕਰਨ ਲਈ ਕੇ.ਵੀ. ਕਾਮਤ ਕਮੇਟੀ ਵੱਲੋਂ ਕਰਜ਼ੇ ਦੇ ਪੁਨਰਗਠਨ ਲਈ ਕੀਤੀਆਂ ਸਿਫਾਰਸ਼ਾਂ ਨੂੰ ਰਿਕਾਰਡ ਵਿੱਚ ਦਰਜ ਕਰਨ ਲਈ ਕਿਹਾ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਸਰਕਾਰ ਵੱਲੋਂ ਦਾਖ਼ਲ ਹਲਫ਼ਨਾਮਾ ਪਟੀਸ਼ਨਕਰਤਾ ਵੱਲੋਂ ਉਠਾਏ ਕਈ ਨੁਕਤਿਆਂ ਨਾਲ ਸਿੱਝਣ ਵਿੱਚ ਨਾਕਾਮ ਰਿਹਾ ਹੈ। ਸਿਖ਼ਰਲੀ ਅਦਾਲਤ ਨੇ ਸਰਕਾਰ ਨੂੰ ਰੀਅਲ ਅਸਟੇਟ ਤੇ ਬਿਜਲੀ ਪੈਦਾ ਕਰਨ ਵਾਲਿਆਂ ਦੀਆਂ ਚਿੰਤਾਵਾਂ ਵੱਲ ਵੀ ਧਿਆਨ ਦੇਣ ਲਈ ਕਿਹਾ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਸਰਕਾਰ ਜਾਂ ਆਰਬੀਆਈ ਵਿੱਚੋਂ ਕਿਸੇ ਨੇ ਵੀ ਕੇਂਦਰ ਸਰਕਾਰ ਦੇ ਇਸ ਫ਼ੈਸਲੇ ਸਬੰਧੀ ਕੋਈ ਹੁਕਮ ਜਾਂ ਸਰਕੁਲਰ ਜਾਰੀ ਨਹੀਂ ਕੀਤਾ। ਕੇਸ ਦੀ ਅਗਲੀ ਸੁਣਵਾਈ 13 ਅਕਤੂਬਰ ਨੂੰ ਹੋਵੇਗੀ।

ਹਾਥਰਸ ਜਬਰ ਜਨਾਹ ਕਾਂਡ ਦੀ ਹੋਵੇਗੀ ਸੀਬੀਆਈ ਜਾਂਚ

ਹਾਥਰਸ , ਅਕਤੂਬਰ 2020 -(ਜਨ ਸਕਤੀ ਬਿਉਰੋ)   ਯੂਪੀ ਦੇ ਬੂਲਗੜ੍ਹੀ ਪਿੰਡ ਵਿਚ ਲੜਕੀ ਦੀ ਮੌਤ ਕਾਰਨ ਉੱਠ ਰਹੇ ਤੂਫ਼ਾਨ ਦੇ ਮੱਦੇਨਜ਼ਰ ਸੂਬਾ ਸਰਕਾਰ ਨੇ ਮਾਮਲੇ ਦੀ ਸੀਬੀਆਈ ਜਾਂਚ ਕਰਵਾਉਣ ਦਾ ਫ਼ੈਸਲਾ ਕੀਤਾ ਹੈ। ਮੁੱਖ ਮੰਤਰੀ ਯੋਗੀ ਅਦਿਤਿਆ ਨਾਥ ਨੇ ਟਵੀਟ ਕਰ ਕੇ ਇਸ ਦੀ ਜਾਣਕਾਰੀ ਦਿੱਤੀ। ਇਸ ਤੋਂ ਪਹਿਲਾਂ ਦਿਨੇ ਸੂਬੇ ਦੇ ਅੱਪਰ ਮੁੱਖ ਸਕੱਤਰ (ਗ੍ਰਹਿ) ਅਵਨੀਸ਼ ਅਵਸਥੀ ਤੇ ਡੀਜੀਪੀ ਹਿਤੇਸ਼ ਚੰਦਰ ਅਵਸਥੀ ਪੀੜਤ ਪਰਿਵਾਰ ਦੇ ਘਰ ਪੁੱਜੇ। ਅਧਿਕਾਰੀਆਂ ਦੇ ਭਰੋਸੇ 'ਤੇ ਲੜਕੀ ਦੇ ਪਰਿਵਾਰ ਵਾਲੇ ਸੰਤੁਸ਼ਟ ਨਜ਼ਰ ਆਏ।

ਦੋਵੇਂ ਅਧਿਕਾਰੀ ਦੁਪਹਿਰ 2:20 ਵਜੇ ਮ੍ਰਿਤਕ ਲੜਕੀ ਦੇ ਘਰ ਪੁੱਜੇ। ਲੜਕੀ ਦੇ ਪਿਤਾ, ਮਾਂ, ਭੈਣ, ਭਰਾ, ਭਰਜਾਈ ਸਮੇਤ ਨੌਂ ਲੋਕਾਂ ਨਾਲ ਜ਼ਮੀਨ 'ਤੇ ਬੈਠ ਕੇ ਅਧਿਕਾਰੀਆਂ ਨੇ ਗੱਲਬਾਤ ਕੀਤੀ। ਅੱਪਰ ਮੁੱਖ ਸਕੱਤਰ ਨੇ ਕਿਹਾ ਕਿ ਮੁੱਖ ਮੰਤਰੀ ਨੇ ਪੂਰੇ ਮਾਮਲੇ 'ਤੇ ਨਜ਼ਰ ਰੱਖੀ ਹੋਈ ਹੈ। ਜਿਨ੍ਹਾਂ ਨੇ ਲਾਪਰਵਾਹੀ ਵਰਤੀ ਉਨ੍ਹਾਂ ਵਿਰੁੱਧ ਕਾਰਵਾਈ ਹੋ ਚੁੱਕੀ ਹੈ। ਐੱਸਆਈਟੀ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ। ਜੋ ਵੀ ਦੋਸ਼ੀ ਹੋਵੇਗਾ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਭਰੋਸੇ 'ਤੇ ਪਰਿਵਾਰ ਨੇ ਸੰਤੁਸ਼ਟੀ ਪ੍ਰਗਟ ਕੀਤੀ। ਹਾਲਾਂਕਿ ਪਰਿਵਾਰ ਨੇ ਬੇਟੀ ਦਾ ਸਸਕਾਰ ਨਾ ਕਰਨ ਦੇਣ ਤੇ ਘਰ 'ਤੇ ਪੁਲਿਸ ਦੇ ਪਹਿਰੇ ਦੀ ਸ਼ਿਕਾਇਤ ਕੀਤੀ।

ਐੱਸਆਈਟੀ ਕਰ ਰਹੀ ਹੈ ਬਾਰੀਕੀ ਨਾਲ ਜਾਂਚ - ਅਵਸਥੀ

ਮ੍ਰਿਤਕਾ ਦੇ ਪਰਿਵਾਰ ਨਾਲ ਮੁਲਾਕਾਤ ਪਿੱਛੋਂ ਪੁਲਿਸ ਲਾਈਨ 'ਚ ਅੱਪਰ ਮੁੱਖ ਸਕੱਤਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਐੱਸਆਈਟੀ ਕੁੜੀ ਦੇ ਪਰਿਵਾਰ ਵਾਲਿਆਂ ਨੂੰ ਇਨਸਾਫ਼ ਦੁਆਉਣ ਲਈ ਬਾਰੀਕੀ ਨਾਲ ਹਰ ਪਹਿਲੂ ਦੀ ਜਾਂਚ ਕਰ ਰਹੀ ਹੈ। ਮੀਡੀਆ ਦੇ ਸਵਾਲ ਕਰਦਿਆਂ ਹੀ ਦੋਵੇਂ ਅਧਿਕਾਰੀ ਉਠ ਕੇ ਚਲੇ ਗਏ ਤੇ ਹੈਲੀਕਾਪਟਰ ਵਿਚ ਬੈਠ ਕੇ ਰਵਾਨਾ ਹੋ ਗਏ।

ਪਾਕਿਸਤਾਨ ਸਰਕਾਰ ਨੇ ਕਰਤਾਰਪੁਰ ਕਾਰੀਡੋਰ ਨੂੰ ਫਿਰ ਤੋਂ ਖੋਲ੍ਹਿਆ, ਭਾਰਤ ਨੇ ਪ੍ਰਸਤਾਵ 'ਤੇ ਦਿੱਤਾ ਇਹ ਜਵਾਬ

ਨਵੀਂ ਦਿੱਲੀ, ਅਕਤੂਬਰ 2020 -(ਏਜੰਸੀ)- ਪਾਕਿਸਤਾਨ ਸਰਕਾਰ ਨੇ ਐਲਾਨ ਕੀਤਾ ਹੈ ਕਿ ਉਸ ਵੱਲੋ ਗੁਰਦੁਆਰਾ ਕਰਤਾਰਪੁਰ ਸਾਹਿਬ ਕਾਰੀਡੋਰ ਨੂੰ ਫਿਰ ਖੋਲ੍ਹ ਦਿੱਤਾ ਗਿਆ ਹੈ ਕਿਉਂਕਿ ਕੋਰੋਨਾ ਦੀ ਸਥਿਤੀ 'ਚ ਸੁਧਾਰ ਹੋਇਆ ਹੈ। ਪਾਕਿਤਸਾਨ ਦੇ ਧਾਰਮਿਕ ਮਾਮਲਿਆਂ ਦੇ ਮੰਤਰਾਲੇ ਵੱਲੋਂ ਸ਼ੁੱਕਰਵਾਰ ਨੂੰ ਜਾਰੀ ਸੂਚਨਾ ਅਨੁਸਾਰ ਭਾਰਤ ਤੇ ਪਾਕਿਸਤਾਨ ਵਿਚਕਾਰ 2019 'ਚ ਕੀਤੇ ਗਏ ਦੁਵੱੱਲੇ ਸਮਝੌਤੇ ਅਨੁਸਾਰ ਭਾਰਤੀ ਯਾਤਰੀਆਂ ਨੂੰ ਸਵੇਰ ਤੋਂ ਸ਼ਾਮ ਤਕ ਆਉਣ ਦੀ ਮਨਜ਼ੂਰੀ ਮਿਲੀ ਸੀ। ਕਰਤਾਰਪੁਰ ਕਾਰੀਡੋਰ ਨੂੰ ਫਿਰ ਤੋਂ ਖੋਲ੍ਹਣ ਲਈ ਪਾਕਿ ਪ੍ਰਸਤਾਵ 'ਤੇ ਭਾਰਤ ਨੇ ਕਿਹਾ ਹੈ ਕਿ ਅਸੀਂ ਗ੍ਰਹਿ ਮੰਤਰਾਲੇ ਤੇ ਸਿਹਤ ਤੇ ਪਰਿਵਾਰ ਕਲਿਆਣ ਮੰਤਰਾਲੇ ਦੇ ਸਬੰਧਿਤ ਅਧਿਕਾਰੀਆਂ ਦੇ ਨਾਲ ਸੰਪਰਕ 'ਚ ਹਾਂ। ਕਰਤਾਰਪੁਰ ਕਾਰੀਡੋਰ ਨੂੰ ਫਿਰ ਤੋਂ ਖੋਲ੍ਹਣ 'ਤੇ ਫੈਸਲਾ ਕੋਵਿਡ ਪ੍ਰੋਟੋਕਾਲ ਅਨੁਸਾਰ ਲਿਆ ਜਾਵੇਗਾ ਤੇ ਪਾਬੰਦੀਆਂ 'ਚ ਢਿੱਲ ਦਿੱਤੀ ਜਾਵੇਗੀ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਪਿਛਲੇ ਸਾਲ ਤੋਂ ਕਰਤਾਰਪੁਰ ਕਾਰੀਡੋਰ ਦੇ ਉਦਘਾਟਨ ਸਮੇਂ 'ਤੇ ਅਕਤੂਬਰ 2019 'ਚ ਦਸਤਖ਼ਤ ਦੁਵੱਲੇ ਸਮਝੌਤੇ 'ਚ ਇਹ ਫੈਸਲਾ ਲਿਆ ਗਿਆ ਸੀ। ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਇਕ ਸਾਲ ਬਾਅਦ, ਪਾਕਿਸਤਾਨ ਵੱਲੋਂ ਪੁਲ਼ ਦਾ ਨਿਰਮਾਣ ਕਰਨਾ ਬਾਕੀ ਹੈ ਜਦਕਿ ਇਹ ਸਾਡੇ ਵੱਲੋਂ ਤਿਆਰ ਹੈ। ਪਾਕਿਸਤਾਨ ਦੇ ਨਾਲ ਇਕ ਤਕਨੀਕੀ ਬੈਠਕ ਵੀ ਹੋਈ ਤੇ 27 ਅਗਸਤ 2020 ਨੂੰ ਦੋ ਟੀਮਾਂ ਦੀ ਬੈਠਕ ਵੀ ਹੋਈ। ਹਾਲਾਂਕਿ ਪਾਕਿਸਤਾਨ ਵੱਲੋ ਕੋਈ ਤਰੱਕੀ ਨਹੀਂ ਹੋਈ ਹੈ।

ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਧਰਨੇ 'ਤੇ ਬੈਠੇ ਨੌਜਵਾਨਾਂ ਨੂੰ ਥਾਪੜਾ

ਦਿੱਲੀ , ਅਕਤੂਬਰ 2020 -(ਜਨ ਸਕਤੀ ਨਿਉਜ)- ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨਾਲ ਜੁੜੇ ਨਵੇਂ ਕਾਨੂੰਨ ਪਾਸ ਕਰਨ ਤੇ ਦੇਸ਼ ਭਰ 'ਚ ਉੱਠੇ ਵਿਦਰੋਹ ਤਹਿਤ ਪੰਜਾਬ ਦੇ ਰੋਪੜ ਇਲਾਕੇ ਨਾਲ ਸਬੰਧਤ 5 ਗੁਰਸਿੱਖ ਨੌਜਵਾਨਾਂ ਵਲੋਂ ਸੰਸਦ ਦੇ ਸਾਹਮਣੇ ਪਿਛਲੇ ਕਈ ਦਿਨਾਂ ਤੋਂ ਚੱਲ ਰਹੇ ਕਿਸਾਨ ਸੰਘਰਸ਼ 'ਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਪਹੁੰਚ ਕੇ ਉਕਤ ਨੌਜਵਾਨਾਂ ਨੂੰ ਥਾਪੜਾ ਦਿੱਤਾ। ਗਿਆਨੀ ਹਰਪ੍ਰੀਤ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕਿ ਉਹ ਗੁਰਦੁਆਰਾ ਰਕਾਬ ਗੰਜ ਸਾਹਿਬ ਦਰਸ਼ਨ ਕਰਨ ਆਏ ਸਨ ਤੇ ਜਦੋਂ ਪਤਾ ਲੱਗਾ ਕਿ ਪੰਜਾਬ ਤੋਂ ਇਨ੍ਹਾਂ ਸਿੰਘਾਂ ਨੇ ਪਾਰਲੀਮੈਂਟ ਸਾਹਮਣੇ ਕਿਸਾਨੀ ਸੰਘਰਸ਼ ਨੂੰ ਲੈ ਕੇ ਮੋਰਚਾ ਲਗਾਇਆ ਹੈ ਤਾਂ ਇਨ੍ਹਾਂ ਨੂੰ ਮਿਲਣ ਪਹੁੰਚੇ ਹਨ। ਉਨ੍ਹਾਂ ਕਿਹਾ ਕਿ ਇਹ ਫ਼ੈਸਲਾ ਕਿਸਾਨੀ ਦੇ ਖ਼ਿਲਾਫ਼ ਹੈ ਤੇ ਇਸ ਲਈ ਸਮੁੱਚੇ ਦੇਸ਼ ਦੇ ਕਿਸਾਨ ਸੰਘਰਸ਼ ਲੜ ਰਹੇ ਹਨ। ਇਨ੍ਹਾਂ ਸਿੰਘਾਂ ਵਲੋਂ ਸ਼ਾਂਤਮਈ ਤਰੀਕੇ ਨਾਲ ਇਨ੍ਹਾਂ ਕਾਨੂੰਨਾਂ ਦਾ ਜਾਇਜ਼ ਵਿਰੋਧ ਪਾਰਲੀਮੈਂਟ ਸਾਹਮਣੇ ਬੈਠ ਕੇ ਕੀਤਾ ਜਾ ਰਿਹਾ ਹੈ।

ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਇਹ ਕਿਸਾਨਾਂ ਦੀ ਇਸ ਜਾਇਜ਼ ਨੂੰ ਮੰਗ ਨੂੰ ਮੰਨੇ ਤੇ ਕਾਨੂੰਨ ਵਾਪਸ ਲਵੇ, ਕਿਉਂਕਿ ਇਹ ਫੈਸਲਾ ਕਿਸਾਨੀ ਨੂੰ ਖ਼ਤਮ ਕਰਨ ਵਾਲਾ ਹੈ। ਅੱਜ ਹਰੇਕ ਕਿਸਾਨ ਸੜਕਾਂ 'ਤੇ ਆ ਕੇ ਇਸ ਬਿੱਲ ਦੇ ਖ਼ਿਲਾਫ਼ ਸੰਘਰਸ਼ ਕਰ ਰਿਹਾ ਹੈ। ਦੇਸ਼ ਦੀ ਆਰਥਿਕਤਾ ਤੇ ਦੇਸ਼ ਦੀ ਜਨਤਾ ਦਾ ਵੱਡੇ ਪੱਧਰ 'ਤੇ ਕਿਸਾਨੀ 'ਤੇ ਨਿਰਭਰ ਹੈ। ਸੋ ਕਿਸਾਨੀ ਸਮੇਂ ਦੀ ਮੁੱਖ ਲੋੜ ਹੈ ਜਿਸ ਨੂੰ ਕੇਂਦਰ ਸਰਕਾਰ ਨੂੰ ਸਮਝਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਖੁਸ਼ੀ ਦੀ ਗੱਲ ਹੈ ਕਿ ਸਾਡਾ ਨੌਜਵਾਨ ਆਪਣੇ ਹੱਕਾਂ ਲਈ ਅੱਗੇ ਆਇਆ ਹੈ। ਉਨ੍ਹਾਂ ਸਾਰੇ ਸਿੰਘਾਂ ਨੂੰ ਸਿਰਪਾਓ ਦੇ ਕੇ ਸਨਮਾਨਿਤ ਵੀ ਕੀਤਾ। ਇਸ ਮੌਕੇ ਮੋਰਚੇ 'ਤੇ ਬੈਠੇ ਨੌਜਵਾਨਾਂ ਦੇ ਆਗੂ ਹਰਪ੍ਰੀਤ ਸਿੰਘ ਬਸੰਤ, ਸ਼੍ਰੋਮਣੀ ਕਮੇਟੀ ਮੈਂਬਰ ਭਾਈ ਗੁਰਪ੍ਰੀਤ ਸਿੰਘ ਝੱਬਰ, ਭਾਈ ਸੁਰਿੰਦਰਪਾਲ ਸਿੰਘ ਇੰਚਾਰਜ ਸਿੱਖ ਮਿਸ਼ਨ ਦਿੱਲੀ, ਜਸਵੀਰ ਸਿੰਘ ਲੌਂਗੋਵਾਲ ਸਹਾਇਕ ਇੰਚਾਰਜ, ਭਾਈ ਅਵਤਾਰ ਸਿੰਘ, ਭਾਈ ਬਲਜੀਤ ਸਿੰਘ ਰਸ਼ੀਆ, ਭਾਈ ਕੁਲਵੰਤ ਸਿੰਘ, ਭਾਈ ਪ੍ਰਭ ਸਿੰਘ ਆਦਿ ਮੌਜੂਦ ਸਨ।

ਜਨਗਣਨਾ ਬਾਰੇ ਸਿੱਖਾਂ ਨੂੰ ਜਾਗਰੂਕ ਕਰੇਗੀ ਜਾਗੋ ਪਾਰਟੀ 

 

ਨਵੀਂ ਦਿੱਲੀ ,ਅਕਤੂਬਰ 2020 -(ਜਨ ਸਕਤੀ ਨਿਉਜ)- ਜਗ ਆਸਰਾ ਗੁਰੂ ਓਟ (ਜਾਗੋ) ਅਗਲੇ ਵਰ੍ਹੇ ਹੋਣ ਵਾਲੀ ਜਨਗਣਨਾ ਨੂੰ ਧਿਆਨ 'ਚ ਰੱਖ ਕੇ ਸਿੱਖਾਂ ਵਿਚਾਲੇ ਜਾਗਰੂਕਤਾ ਮੁਹਿੰਮ ਚਲਾਏਗੀ। ਪਾਰਟੀ ਦੇ ਪਹਿਲੇ ਸਥਾਪਨਾ ਦਿਵਸ 'ਤੇ ਕਰਵਾਏ ਪ੍ਰੋਗਰਾਮ ਨੂੰ ਪਾਰਟੀ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਕੋਰੋਨਾ ਇਨਫੈਕਸ਼ਨ ਹੋਣ ਕਾਰਨ ਵੀਡੀਓ ਕਾਨਫਰੰਸਿੰਗ ਰਾਹੀਂ ਵਰਕਰਾਂ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਦੋਸ਼ ਲਾਇਆ ਕਿ ਜਨਗਣਨਾ ਕਰਦੇ ਸਮੇਂ ਸਰਕਾਰੀ ਮੁਲਾਜ਼ਮ ਧਰਮ ਤੇ ਭਾਸ਼ਾ ਬਾਰੇ ਸਹੀ ਜਾਣਕਾਰੀ ਦਰਜ ਨਹੀਂ ਕਰਦੇ ਹਨ। ਮੁਲਾਜ਼ਮ ਜਾਣਕਾਰੀ ਲਿਖਣ ਲਈ ਪੈਂਸਿਲ ਦੀ ਵਰਤੋਂ ਕਰਦੇ ਹਨ ਜਿਸ ਨਾਲ ਗੜਬੜੀ ਹੋਣ ਦਾ ਖ਼ਦਸ਼ਾ ਬਣਿਆ ਰਹਿੰਦਾ ਹੈ। ਸਾਲ 1991 'ਚ ਇਸ ਤਰ੍ਹਾਂ ਦੀ ਗੜਬੜੀ ਸਾਹਮਣੇ ਆਈ ਸੀ। ਇਸ ਨੂੰ ਧਿਆਨ 'ਚ ਰੱਖ ਕੇ ਲੋਕਾਂ ਨੂੰ ਜਾਗਰੂਕ ਕਰਨਾ ਜ਼ਰੂਰੀ ਹੈ। ਉਨ੍ਹਾਂ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ (ਐੱਸਜੀਪੀਸੀ) 'ਚੋਂ ਗੁਰੂ ਗ੍ੰਥ ਸਾਹਿਬ ਦੇ 328 ਸਰੂਪ ਗ਼ਾਇਬ ਹੋਣ ਦੇ ਮਾਮਲੇ 'ਚ ਸੰਗਤ ਦੇ ਸਹਿਯੋਗ ਨਾਲ 328 ਸਹਿਜ ਪਾਠ ਰੱਖੇ ਜਾਣਗੇ। ਉਨ੍ਹਾਂ ਨੇ ਕਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਕਮੀਆਂ ਨੂੰ ਪਾਰਟੀ ਜ਼ੋਰਦਾਰ ਢੰਗ ਨਾਲ ਉਠਾਉਂਦੀ ਰਹੀ ਹੈ। ਕਮੇਟੀ ਦੇ ਸਕੂਲਾਂ ਦੇ ਅਧਿਆਪਕਾਂ ਨੂੰ ਤਨਖ਼ਾਹ ਨਹੀਂ ਮਿਲ ਰਹੀ ਹੈ। ਕਮੇਟੀ ਝੂਠੇ ਐਲਾਨ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਪਾਰਟੀ ਲਈ ਚੋਣ ਜਿੱਤਣ ਤੋਂ ਜ਼ਿਆਦਾ ਮਹੱਤਵਪੂਰਨ ਪੰਥਕ ਮੁੱਦਿਆਂ 'ਤੇ ਪਹਿਰਾ ਦੇਣਾ ਹੈ।

1984 ਸਿੱਖ ਵਿਰੋਧੀ ਦੰਗਿਆਂ ਦੇ ਗਵਾਹ ਤੇ ਵਿਵਾਦਗ੍ਸਤ ਡੀਲਰ ਅਭਿਸ਼ੇਕ ਵਰਮਾ ਨੂੰ ਸੁਰੱਖਿਆ ਦੇਣ ਦੇ ਆਦੇਸ਼

ਨਵੀਂ ਦਿੱਲੀ , ਸਤੰਬਰ 2020 -(ਏਜੰਸੀ)-ਦਿੱਲੀ ਹਾਈ ਕੋਰਟ ਨੇ ਸੋਮਵਾਰ ਨੂੰ ਦਿੱਲੀ ਪੁਲਿਸ ਨੂੰ ਆਦੇਸ਼ ਦਿੱਤਾ ਕਿ ਉਹ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਗਵਾਹ ਤੇ ਹਥਿਆਰਾਂ ਦੇ ਵਿਵਾਦਗ੍ਸਤ ਡੀਲਰ ਅਭਿਸ਼ੇਕ ਵਰਮਾ ਲਈ ਤਿੰਨ ਸੁਰੱਖਿਆ ਅਧਿਕਾਰੀਆਂ ਦੀ ਨਿਯੁਕਤੀ ਕਰੇ ਜੋ ਉਸ ਨੂੰ 24 ਘੰਟੇ ਸੁਰੱਖਿਆ ਪ੍ਰਦਾਨ ਕਰਨ। ਜੱਜ ਯੋਗੇਸ਼ ਖੰਨਾ ਨੇ ਕਿਹਾ ਕਿ 27 ਸਤੰਬਰ, 2017 ਨੂੰ ਹਾਈ ਕੋਰਟ ਨੇ ਡੀਸੀਪੀ (ਦਿੱਲੀ) ਨੂੰ ਆਦੇਸ਼ ਦਿੱਤੇ ਸਨ ਕਿ ਉਹ ਅਭਿਸ਼ੇਕ ਵਰਮਾ ਦੀ ਸੁਰੱਖਿਆ ਲਈ ਪੁਲਿਸ ਦੇ ਤਿੰਨ ਜਵਾਨਾਂ ਦੀ ਨਿਯੁਕਤੀ ਕਰੇ ਜੋਕਿ ਅਗਲੇ ਆਦੇਸ਼ ਤਕ ਸੁਰੱਖਿਆ ਜਾਰੀ ਰੱਖਣ। ਹਾਈ ਕੋਰਟ ਨੇ ਸੀਬੀਆਈ ਅਤੇ ਦਿੱਲੀ ਪੁਲਿਸ ਨੂੰ ਵਰਮਾ ਦੀ ਪਟੀਸ਼ਨ 'ਤੇ ਜਵਾਬ ਦੇਣ ਲਈ ਕਿਹਾ। ਅਭਿਸ਼ੇਕ ਵਰਮਾ ਨੇ ਟ੍ਰਾਇਲ ਕੋਰਟ 'ਚ ਦਿੱਲੀ ਦੰਗਾ ਮਾਮਲੇ 'ਚ ਆਪਣੀ ਗਵਾਹੀ ਪੂਰੀ ਕਰ ਲਈ ਹੈ। ਅਦਾਲਤ ਨੇ ਇਸ ਮਾਮਲੇ ਵਿਚ ਸੀਬੀਆਈ ਤੇ ਦਿੱਲੀ ਪੁਲਿਸ ਨੂੰ 26 ਨਵੰਬਰ ਤਕ ਜਵਾਬ ਦਾਖ਼ਲ ਕਰਨ ਲਈ ਕਿਹਾ ਹੈ।

ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਜਿਨ੍ਹਾਂ ਨੂੰ ਸੀਬੀਆਈ ਨੇ ਤਿੰਨ ਵਾਰੀ ਕਲੀਨ ਚਿੱਟ ਦਿੱਤੀ ਹੈ, ਨੇ ਪੋਲੀਗ੍ਰਾਫ ਟੈਸਟ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਸੀ ਪ੍ਰੰਤੂ ਅਭਿਸ਼ੇਕ ਵਰਮਾ ਨੇ ਇਹ ਟੈਸਟ ਕਰਵਾਉਣ ਲਈ ਇਹ ਸ਼ਰਤ ਰੱਖੀ ਸੀ ਕਿ ਉਸ ਨੂੰ ਤੇ ਉਸ ਦੇ ਪਰਿਵਾਰ ਨੂੰ 24 ਘੰਟੇ ਸੁਰੱਖਿਆ ਦਿੱਤੀ ਜਾਵੇ। ਵਰਮਾ ਦੇ ਵਕੀਲ ਐਡਵੋਕੇਟ ਮਨਿੰਦਰ ਸਿੰਘ ਅਤੇ ਦਿਨਹਾਰ ਟਕਿਆਰ ਨੇ ਅਦਾਲਤ ਨੂੰ ਦੱਸਿਆ ਕਿ ਦਿੱਲੀ ਪੁਲਿਸ ਨੇ ਬਿਨਾਂ ਕਿਸੇ ਨੋਟਿਸ ਦੇ 8 ਅਗਸਤ ਨੂੰ ਉਨ੍ਹਾਂ ਦੀ ਸੁਰੱਖਿਆ ਹਟਾ ਲਈ ਹੈ। ਦਿੱਲੀ ਪੁਲਿਸ ਦੇ ਵਕੀਲ ਸੰਜੇ ਲਾਓ ਨੇ ਕਿਹਾ ਕਿ ਸੀਬੀਆਈ ਨੇ ਕਿਹਾ ਹੈ ਕਿ ਅਭਿਸ਼ੇਕ ਦਾ ਹੋਰ ਕੋਈ ਟੈਸਟ ਨਹੀਂ ਹੋਣਾ। ਇਸ ਲਈ ਉਸ ਦੀ ਸੁਰੱਖਿਆ ਹਟਾ ਲਈ ਗਈ। ਸੀਬੀਆਈ ਦੇ ਵਕੀਲ ਅਨਿਲ ਗਰੋਵਰ ਨੇ ਕਿਹਾ ਕਿ ਉਹ ਇਸ ਦਾ ਜਵਾਬ ਜਲਦੀ ਦਾਖ਼ਲ ਕਰਨਗੇ। ਸੀਨੀਅਰ ਵਕੀਲ ਐੱਚ ਐੱਸ ਫੂਲਕਾ ਨੇ ਕਿਹਾ ਕਿ ਗਵਾਹ ਨੂੰ ਪਿਛਲੇ 35 ਸਾਲਾਂ ਤੋਂ ਸੁਰੱਖਿਆ ਦਿੱਤੀ ਗਈ ਹੈ ਜਿਸ ਨੂੰ ਜਾਰੀ ਰੱਖਣਾ ਦਿੱਲੀ ਪੁਲਿਸ ਲਈ ਮੁਸ਼ਕਲ ਹੈ।

ਰਾਸ਼ਟਰਪਤੀ ਨੇ ਤਿੰਨੇ ਖੇਤੀ ਬਿੱਲਾਂ ਨੂੰ ਦਿੱਤੀ ਮਨਜ਼ੂਰੀ,

ਜੰਮ-ਕਸ਼ਮੀਰ ਪੰਜਾਬੀ ਖਤਮ ਕਰ  ਅਧਿਕਾਰਿਕ ਭਾਸ਼ਾ ਬਿੱਲ 'ਤੇ ਵੀ ਮੋਹਰ

ਨਵੀਂ ਦਿੱਲੀ ,ਸਤੰਬਰ 2020-(ਏਜੰਸੀ )  ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਖੇਤੀ ਬਿੱਲਾਂ ਦਾ ਵਿਰੋਧ ਹੋ ਰਿਹਾ ਹੈ। ਕਿਸਾਨਾਂ ਦੇ ਨਾਲ-ਨਾਲ ਸਾਰੀਆਂ ਵਿਰੋਧੀ ਪਾਰਟੀਆਂ ਦੇ ਆਗੂ ਇਨ੍ਹਾਂ ਬਿੱਲਾਂ ਦੇ ਖ਼ਿਲਾਫ਼ ਸੜਕਾਂ 'ਤੇ ਪ੍ਰਦਰਸ਼ਨ ਕਰ ਰਹੇ ਹਨ। ਇਸ ਦੌਰਾਨ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਸੰਸਦ ਵੱਲੋਂ ਪਾਸ਼ੇ ਖੇਤੀ ਬਿੱਲਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਮਨਜ਼ੂਰੀ ਦੇ ਨਾਲ ਹੀ ਹੁਣ ਤਿੰਨੇ ਬਿੱਲ ਕਾਨੂੰਨ ਬਣ ਗਏ ਹਨ। ਖੇਤੀ ਕਾਨੂੰਨਾਂ 'ਚ ਖੇਤੀ ਉਤਪਾਦਨ ਵਪਾਰ ਅਤੇ ਵਣਜ (ਸੋਧ ਅਤੇ ਸੁਵਿਧਾ) ਐਕਟ 2020 ਅਤੇ ਕਿਸਾਨ (ਬੰਦੋਬਸਤੀ ਅਤੇ ਸੁਰੱਖਿਆ) ਸਮਝੌਤਾ ਅਤੇ ਖੇਤੀ ਸੇਵਾ ਐਕਟ 2020 ਸ਼ਾਮਲ ਹਨ।

ਇਸ ਦੇ ਨਾਲ ਹੀ ਰਾਸ਼ਟਰਪਤੀ ਨੇ ਜੰਮੂ ਕਸ਼ਮੀਰ ਅਧਿਕਾਰਿਤ ਭਾਸ਼ਾ ਬਿੱਲ 2020 ਨੂੰ ਵੀ ਮਨਜ਼ੂਰੀ ਦੇ ਦਿੱਤੀ। ਇਸ ਮਨਜ਼ੂਰੀ ਤੋਂ ਬਾਅਦ ਇਸ ਬਿੱਲ ਨੇ ਕਾਨੂੰਨ ਦਾ ਰੂਪ ਲੈ ਲਿਆ ਹੈ। ਇਸ ਕਾਨੂੰਨ ਦੇ ਜ਼ਰੀਏ ਜੰਮੂ-ਕਸ਼ਮੀਰ ਦੀਆਂ ਅਧਿਕਾਰਿਤ ਭਾਸ਼ਾਵਾਂ ਦੀ ਸੂਚੀ 'ਚ ਉਰਦੂ ਅਤੇ ਅੰਗਰੇਜ਼ੀ ਤੋਂ ਇਲਾਵਾ ਕਸ਼ਮੀਰੀ, ਡੋਗਰੀ ਅਤੇ ਹਿੰਦੀ ਨੂੰ ਸ਼ਾਮਲ ਕੀਤਾ ਗਿਆ ਹੈ। ਹਾਲ ਹੀ ਵਿੱਚ ਮੌਨਸੂਨ ਸੈਸ਼ਨ ਦੌਰਾਨ ਸੰਸਦ ਨੇ ਜੰਮੂ-ਕਸ਼ਮੀਰ ਅਧਿਕਾਰਕ ਭਾਸ਼ਾ ਬਿੱਲ ਨੂੰ ਪਾਸ ਕੀਤਾ ਸੀ। ਜਾਰੀ ਗਜ਼ਟ ਨੋਟੀਫਿਕੇਸ਼ਨ ਅਨੁਸਾਰ, ਜੰਮੂ ਕਸ਼ਮੀਰ ਅਧਿਕਾਰਕ ਭਾਸ਼ਾ ਬਿੱਲ 2020 ਨੂੰ ਰਾਸ਼ਟਰਪਤੀ ਨੇ 26 ਸਤੰਬਰ ਨੂੰ ਆਪਣੀ ਮਨਜ਼ੂਰੀ ਦਿੱਤੀ ਹੈ।