You are here

ਲੁਧਿਆਣਾ

ਪੀੜ੍ਹਤ ਮਾਤਾ ਨੇ 22ਵੇਂ ਦਿਨ ਵੀ ਰੱਖੀ ਭੁੱਖ ਹੜਤਾਲ

ਕਮਿਸ਼ਨ ਨੇ ਨਵੀਂ 'ਸਿੱਟ" ਬਣਾ ਕੇ 20 ਦਿਨਾਂ 'ਚ ਕਾਰਵਾਈ ਦੇ ਹੁਕਮ
ਜਗਰਾਉਂ 20 ਅਪ੍ਰੈਲ (ਮਨਜਿੰਦਰ ਗਿੱਲ /ਗੁਰਕੀਰਤ ਜਗਰਾਉਂ ) ਮੁਕੱਦਮੇ 'ਚ ਨਾਮਜ਼ਦ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਥਾਣਾ ਸਿਟੀ ਮੂਹਰੇ ਚੱਲ ਰਿਹਾ ਅਣਮਿਥੇ ਸਮੇਂ ਦਾ ਧਰਨਾ ਅੱਜ 29ਵੇਂ ਦਿਨ ਵੀ ਜਾਰੀ ਰਿਹਾ। ਅੱਜ ਦੇ ਧਰਨੇ ਦਰਮਿਆਨ ਵੀ ਮ੍ਰਿਤਕ ਕੁਲਵੰਤ ਕੌਰ ਰਸੂਲਪੁਰ ਦੀ ਬਿਰਧ ਮਾਤਾ ਸੁਰਿੰਦਰ ਕੌਰ ਨੇ 20ਵੇਂ ਦਿਨ ਭੁੱਖ ਹੜਤਾਲ ਰੱਖੀ। ਧਰਨੇ ਵਿੱਚ ਜਨਤਕ ਜੱਥੇਬੰਦੀਆਂ ਦੇ ਆਗੂਆਂ ਨੇ ਪੁਲਿਸ ਅਧਿਕਾਰੀਆਂ ਦੇ ਪੱਖਪਾਤੀ ਵਤੀਰੇ ਖਿਲਾਫ਼ ਨਾਅਰੇਬਾਜ਼ੀ ਕੀਤੀ। ਅੱਜ ਦੇ ਧਰਨੇ ਨੂੰ ਕਿਰਤੀ ਕਿਸਾਨ ਯੂਨੀਅਨ ਆਗੂ ਗੁਰਚਰਨ ਸਿੰਘ ਰਸੂਲਪੁਰ , ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਆਗੂ ਕੰਡਾ ਸਿੰਘ, ਪੇਂਡੂ ਮਜ਼ਦੂਰ ਯੂਨੀਅਨ ਜਿਲ੍ਹਾ ਆਗੂ ਜਿਲ੍ਹਾ ਲੁਧਿਆਣਾ ਦੇ ਪ੍ਰਧਾਨ ਅਵਤਾਰ ਸਿੰਘ ਰਸੂਲਪੁਰ ਤੇ ਨਿਰਮਲ ਸਿੰਘ ਰਸੂਲਪੁਰ, ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਨਿਰਮਲ ਸਿੰਘ ਧਾਲੀਵਾਲ ਆਦਿ ਨੇ ਸੰਬੋਧਨ ਕੀਤਾ। ਇਨਸਾਫ਼ ਲਈ ਜੱਦੋ ਜ਼ਹਿਦ ਕਰ ਰਹੇ ਕਿਰਤੀ ਕਿਸਾਨ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਤਰਲੋਚਨ ਸਿੰਘ ਝੋਰੜਾਂ ਤੇ ਮਨੋਹਰ ਸਿੰਘ ਝੋਰੜਾਂ ਨੇ ਨਵੇਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੰਬੋਧਿਤ ਹੁੰਦਿਆਂ ਕਿਹਾ ਨਿਰਪੱਖ ਪ੍ਰਸਾਸ਼ਨ ਦੇਣ ਦਾ ਵਾਅਦਾ ਕਰਨ ਵਾਲੀ 'ਆਪ' ਸਰਕਾਰ ਦੇ ਮੁਖੀ ਨੇ ਵੀ ਅਜੇ ਤਕ ਪੀੜ੍ਹਤ ਪਰਿਵਾਰ ਦਾ ਦਰਦ ਮਹਿਸੂਸ ਨਹੀਂ ਕੀਤਾ ਜਦ ਕਿ ਭੁੱਖ ਹੜਤਾਲ ਤੇ ਬੈਠੀ ਪੀੜ੍ਹਤ ਮਾਤਾ ਆਪਣੇ ਖੂਨ ਨਾਲ ਪੱਤਰ ਲਿਖ ਕੇ 'ਭਗਵੰਤ ਮਾਨ' ਨੂੰ ਭੇਜ ਚੁੱਕੀ ਹੈ। ਇਹ ਪੱਤਰ ਹਲਕਾ ਵਿਧਾਇਕ ਵਲੋਂ ਭਗਵੰਤ ਮਾਨ ਨੂੰ ਸੌਂਪਿਆ ਵੀ ਜਾ ਚੁੱਕਿਆ ਹੈ ਪਰ ਪਰਿਵਾਰ ਅਜੇ ਵੀ ਇਨਸਾਫ਼ ਤੋਂ ਵਿਰਵਾ ਹੈ। ਇਸੇ ਦਰਮਿਆਨ ਕੁੱਝ ਦਿਨ ਪਹਿਲਾਂ ਸੂ-ਮੋਟੋ ਲੈਂਦੇ ਹੋਏ ਧਰਨੇ ਵਿੱਚ ਪਹੁੰਚੇ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਨੇ ਦਰਜ ਮਾਮਲੇ ਦੀ ਤਫਤੀਸ਼ ਲਈ ਨਵੀਂ 'ਸਿੱਟ' ਬਣਾ ਕੇ 20 ਦਿਨਾਂ 'ਚ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਹਨ। ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਮੁਦਈ ਮੁਕੱਦਮਾ ਇਕਬਾਲ ਸਿੰਘ ਰਸੂਲਪੁਰ ਨੇ ਦੱਸਿਆ ਕਮਿਸ਼ਨ ਨੇ ਪੁਲਿਸ ਅਧਿਕਾਰੀਆਂ ਦੇ ਦਾਅਵੇ ਨਾਲ ਅਸਹਿਮਤ ਹੁੰਦਿਆਂ ਏ.ਡੀ.ਸੀ. ਜਗਰਾਉਂ ਦੀ ਨਿਗਰਾਨੀ ਹੇਠ ਤਿੰਨ ਸੀਨੀਅਰ ਪੁਲਿਸ ਅਧਿਕਾਰੀਆਂ ਦੀ ਟੀਮ ਬਣਾ ਕੇ ਤਫਤੀਸ਼ ਕਰਵਾਉਣ ਦੇ ਹੁਕਮ ਡਾਇਰੈਕਟਰ ਜਨਰਲ ਪੁਲਿਸ ਪੰਜਾਬ ਨੂੰ ਦਿੱਤੇ ਹਨ। ਰਸੂਲਪੁਰ ਅਨੁਸਾਰ ਤੱਤਕਾਲੀ ਅੈਸ.ਅੈਸ.ਪੀ. ਨੇ ਉਸ ਦੇ ਹਵਾਲੇ ਵਿੱਚ ਇਕ ਪੱਤਰ ਡੀ.ਜੀ.ਪੀ. ਨੂੰ ਲਿਖਦਿੰਆਂ ਤਫਤੀਸ ਬਿਉਰੋ ਆਫ ਇੰਵੈਸਟੀਗੇਸ਼ਨ ਤੋਂ ਕਰਵਾਉਣ ਲਈ ਫਾਈਲ ਚੰਡੀਗੜ੍ਹ ਭੇਜ ਦਿੱਤੀ ਸੀ ਜਦ ਕਿ ਉਸ ਨੇ ਕੋਈ ਪੱਤਰ ਜਿਲ੍ਹਾ ਪੁਲਿਸ ਨੂੰ ਨਹੀਂ ਦਿੱਤਾ ਸੀ। ਕਮਿਸ਼ਨ ਨੇ ਸਚਾਈ ਦੀ ਤਹਿ ਤੱਕ ਜਾਣ ਲਈ 20 ਮਈ ਤੱਕ ਰਿਪੋਰਟ ਪੇਸ਼ ਕਰਨ ਲਈ ਕਿਹਾ ਹੈ। ਇਸ ਸਮੇਂ ਪੇਂਡੂ ਮਜ਼ਦੂਰ ਯੂਨੀਅਨ ਮਸ਼ਾਲ਼ ਦੇ ਆਗੂ ਮਦਨ ਸਿੰਘ ਜਗਰਾਉਂ, ਜੱਥੇਦਾਰ ਚੜਤ ਸਿੰਘ ਗਗੜਾ ਕੱਲੂ ਸਿੰਘ ਅਵਤਾਰ ਸਿੰਘ ਠੇਕੇਦਾਰ ਮਹਿੰਦਰ ਸਿੰਘ ਬੀਏ ਰਾਮਤੀਰਥ ਸਿੰਘ ਲੀਲਾ ਕੁਲਦੀਪ ਸਿੰਘ ਚੌਹਾਨ ਆਦਿ ਹਾਜ਼ਰ ਸਨ।

ਅੱਜ ਵੀ ਹੁੰਦੇ ਹਨ ਬਿਨਾ ਦਾਜ-ਦਹੇਜ ਦੇ ਵਿਆਹ

ਹਠੂਰ,20,ਅਪ੍ਰੈਲ-(ਕੌਸ਼ਲ ਮੱਲ੍ਹਾ)-ਅੱਜ ਦੇ ਸਮੇਂ ਜਿਥੇ ਐਨ ਆਰ ਆਈ ਪਰਿਵਾਰ ਆਪਣੇ ਧੀਆ ਪੁੱਤਰਾ ਦੇ ਵਿਆਹ ਸਮੇਂ ਫੋਕੀ ਸੌਹਰਤ ਕਮਾਉਣ ਲਈ ਲੱਖਾ ਰੁਪਏ ਦਾਜ ਦਹੇਜ ਅਤੇ ਖਾਣ-ਪੀਣ ਦੀਆ ਵਸਤਾ ਤੇ ਬਰਬਾਦ ਕਰ ਰਹੇ ਹਨ।ਉਥੇ ਕੁਝ ਬੁੱਧੀ ਜੀਵੀ ਲੋਕ ਆਪਣੇ ਲੜਕੇ-ਲੜਕੀਆ ਦੇ ਵਿਆਹ ਸਾਦੇ ਢੰਗ ਨਾਲ ਕਰਨ ਨੂੰ ਪਹਿਲਾ ਦਿੰਦੇ ਹਨ ਅਜਿਹਾ ਹੀ ਵਿਆਹ ਅੱਜ ਪਿੰਡ ਮਾਣੂੰਕੇ ਵਿਖੇ ਦੇਖਣ ਨੂੰ ਮਿਿਲਆ।ਜਿਥੇ ਹਰਦਿਆਲ ਸਿੰਘ ਲਿੱਟ ਪਿੰਡ ਸਹੌਲੀ ਦਾ ਲੜਕਾ ਰੁਪਿੰਦਰ ਸਿੰਘ ਲਿੱਟ ਜੋ ਜਗਦੀਪ ਸਿੰਘ ਭੁੱਲਰ ਦੀ ਧੀ ਪਰਦੀਪ ਕੌਰ ਨੂੰ ਵਿਆਹੁਣ ਲਈ ਪਿੰਡ ਮਾਣੂੰਕੇ ਵਿਖੇ ਪਹੁੰਚਾ ਸੀ।ਇਸ ਮੌਕੇ ਵਿਆਹ ਵਾਲੀ ਜੋੜੀ ਨੇ ਪੰਜਾਬੀ ਪਹਿਰਾਵੇ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਲਾਵਾ ਲਈਆ।ਇਸ ਮੌਕੇ ਲਾੜੇ ਦੇ ਪਿਤਾ ਹਰਦਿਆਲ ਸਿੰਘ ਲਿੱਟ ਨੇ ਕਿਹਾ ਕਿ ਸਾਡੀ ਮੁੱਖ ਮੰਗ ਸੀ ਕਿ ਲੜਕੀ ਪੜ੍ਹੀ ਲਿਖੀ ਹੋਣੀ ਚਾਹੀਦੀ ਹੈ,ਅਸੀ ਦਾਜ ਦਹੇਜ ਦੇ ਸਖਤ ਖਿਲਾਫ ਹਾਂ।ਅੱਜ ਅਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੁਕਰਾਨਾ ਕਰਦੇ ਹਾਂ ਕਿ ਸਾਨੂੰ ਬਹੁਤ ਵਧੀਆ ਪਰਿਵਾਰ ਮਿਿਲਆ ਹੈ ਜੋ ਸਾਡੀ ਸੋਚ ਨਾਲ ਸੋਚ ਮਿਲਾ ਰਿਹਾ ਹੈ।ਉਨ੍ਹਾ ਸਮੂਹ ਇਲਾਕਾ ਨਿਵਾਸੀਆ ਨੂੰ ਬੇਨਤੀ ਕੀਤੀ ਕਿ ਤੁਸੀ ਵੀ ਕਰਜੇ ਤੋ ਬਚਣ ਲਈ ਆਪਣੇ ਧੀਆ ਪੁੱਤਰਾ ਦੇ ਵਿਆਹ ਸਾਦੇ ਢੰਗ ਨਾਲ ਕਰੋ।ਇਸ ਵਿਆਹ ਦੀ ਇਲਾਕੇ ਵਿਚ ਖੂਬ ਚਰਚਾ ਹੈ।ਇਸ ਮੌਕੇ ਲੜਕੇ ਦੇ ਪਿਤਾ ਹਰਦਿਆਲ ਸਿੰਘ ਲਿੱਟ ਵੱਲੋ ਮਿਸਨ ਗਰੀਨ ਪੰਜਾਬ ਜਗਰਾਓ ਸੰਸਥਾ ਲਈ ਸਹਾਇਤਾ ਰਾਸੀ ਭੇਂਟ ਕੀਤੀ ਗਈ ਅਤੇ ਵਿਆਹ ਵਿਚ ਸਾਮਲ ਹੋਏ ਪਤਵੰਤਿਆ ਦਾ ਧੰਨਵਾਦ ਕੀਤਾ।ਇਸ ਮੌਕੇ ਉਨ੍ਹਾ ਨਾਲ ਪ੍ਰਿੰਸੀਪਲ ਹਰਜੀਤ ਸਿੰਘ ਜਲਾਲਦੀਵਾਲ, ਪ੍ਰਿੰਸੀਪਲ ਜਗਰਾਜ ਸਿੰਘ ਧਾਲੀਵਾਲ,ਮਨਜੀਤ ਸਿੰਘ ਹਾਸ ਕਲਾਂ,ਰਾਜਵਿੰਦਰ ਸਿੰਘ ਜੱਸੋਵਾਲ,ਖੁਸ ਕਪੂਰ ਸਿੰਘ,ਗੁਰਤੇਜ ਸਿੰਘ ਬੁਰਜ ਦੁੱਨਾ,ਬਲਦੇਵ ਸਿੰਘ,ਹਰਪ੍ਰੀਤ ਸਿੰਘ,ਕਾਕਾ ਸਿੰਘ ਰਾਜੇਆਣਾ,ਤੇਜੀ ਬੁਰਜ ਦੁੱਨਾ,ਇੰਦਰਪ੍ਰੀਤ ਸਿੰਘ,ਜਗਤਾਰ ਸਿੰਘ ਦੇਹੜਕਾ,ਸਤਪਾਲ ਸਿੰਘ ਦੇਹੜਕਾ,ਰਣਜੀਤ ਸਿੰਘ,ਸੁਖਵਿੰਦਰ ਕੌਰ,ਪਰਮਜੀਤ ਕੌਰ,ਜਗਦੀਪ ਸਿੰਘ,ਰਣਜੀਤ ਸਿੰਘ ਆਦਿ ਹਾਜ਼ਰ ਸਨ।
 

ਜੀ.ਐਚ. ਜੀ. ਅਕੈਡਮੀ,ਜਗਰਾਓਂ   ਫ਼ਤ ਸਹੂਲਤਾਂ ਨੂੰ ਲੈ ਕੇ ਵਿਦਿਆਰਥੀਆਂ ਨੇ ਕੀਤੀ ਵਾਦ- ਵਿਵਾਦ ਪ੍ਰਤੀਯੋਗਤਾ।

 ਜਗਰਾਉ 20 ਅਪ੍ਰੈਲ (ਅਮਿਤਖੰਨਾ) ਜੀ. ਐਚ. ਜੀ. ਅਕੈਡਮੀ, ਜਗਰਾਓਂ ਵਿਖੇ ਅੱਜ   ਨੂੰ ਸਵੇਰ ਦੀ ਸਭਾ ਸਮੇਂ ਵਿਦਿਆਰਥੀਆਂ ਦੀ ਜਾਗਰੂਕਤਾ ਨੂੰ ਵਧਾਉਣ ਲਈ ਦਸਵੀਂ ਜਮਾਤ ਅਜੀਤ ਹਾਊਸ ਦੀਆਂ ਵਿਦਿਆਰਥਣਾਂ ਖੁਸਮਨਦੀਪ ਕੌਰ ਅਤੇ ਮੁਸਕਾਨ ਸ਼ਰਮਾ ਨੇ ਮੁਫ਼ਤ ਸਹੂਲਤਾਂ ਮੁੱਹਈਆ ਕਰਵਾਉਣ ਤੇ ਵਾਦ ਵਿਵਾਦ ਪ੍ਰਤੀਯੋਗਤਾ ਵਿਚ ਭਾਗ ਲਿਆ।ਮੁਸਕਾਨ ਸ਼ਰਮਾ ਨੇ ਦਿੱਤੀ ਜਾਂਦੀ ਇਸ ਸਹੂਲਤ ਦੇ ਪੱਖ ਵਿਚ ਬੋਲਦਿਆਂ ਕਿਹਾ ਕਿ ਸਰਕਾਰ ਵੱਲੋਂ ਗ਼ਰੀਬ ਲੋਕਾਂ ਦੀਆਂ ਸਮੱਸਿਆਵਾਂ ਨੂੰ ਮੁੱਖ ਰੱਖ ਕੇ ਇਕ ਬਹੁਤ ਵੱਡਾ ਉਪਰਾਲਾ ਕੀਤਾ ਜਾ ਰਿਹਾ ਹੈ।ਪਰ ਇਸ ਦੇ ਉਲਟ ਖੁਸ਼ਮਨਦੀਪ ਕੌਰ ਨੇ ਇਸ ਦੀ ਵਿਰੋਧਤਾ ਕਰਦਿਆਂ ਕਿਹਾ ਕਿ ਮੁਫ਼ਤ ਦੀ ਚੀਜ਼ ਦੀ ਕਦਰ ਨਹੀਂ ਪੈਂਦੀ ਇਸ ਨਾਲ ਲੋਕਾਂ ਵਿੱਚ  ਮਿਹਨਤ ਕਰਨ ਦੀ ਰੁਚੀ ਘਟ ਰਹੀ ਹੈ ।ਉਸ ਨੇ ਇਹ ਵੀ ਸੁਝਾਅ ਦਿੱਤਾ ਕਿ ਮੁਫ਼ਤ ਸਹੂਲਤਾਂ ਦੀ ਥਾਂ ਸਰਕਾਰ ਨੂੰ ਵਧ ਰਹੀ ਮਹਿੰਗਾਈ ਨੂੰ ਘੱਟ ਕਰਨਾ ਚਾਹੀਦਾ ਹੈ।  ਤਾਂ ਕਿ ਸਾਰੇ ਲੋਕ ਆਪਣੀ ਮਿਹਨਤ ਦੀ ਕਮਾਈ ਨਾਲ ਆਪਣੀਆਂ ਲੋੜਾਂ ਪੂਰੀਆਂ ਕਰਨ ਦੇ ਸਮਰੱਥ ਹੋ ਸਕਣ ।ਅਖੀਰ ਵਿੱਚ ਜੀ. ਐੱਚ. ਜੀ. ਅਕੈਡਮੀ ਦੇ ਪ੍ਰਿੰਸੀਪਲ ਸ੍ਰੀਮਤੀ ਰਮਨਜੋਤ ਕੌਰ ਗਰੇਵਾਲ ਨੇ ਵਿਦਿਆਰਥੀਆਂ ਨੂੰ ਮਿਹਨਤ ਕਰਕੇ ਆਪਣੇ ਪੈਰਾਂ ਤੇ ਖੜ੍ਹੇ ਹੋਣ ਦੀ ਪ੍ਰੇਰਨਾ ਦਿੱਤੀ।

ਜਗਰਾਓਂ ਵਿਖੇ ਰਾਜਾ ਵੜਿੰਗ ਵੱਲੋਂ ਕਾਂਗਰਸੀ ਵਰਕਰਾਂ ਤੇ ਆਗੂਆਂ ਨਾਲ ਮੀਟਿੰਗ  

ਜਗਰਾਉ 20 ਅਪ੍ਰੈਲ (ਅਮਿਤਖੰਨਾ) ਪੰਜਾਬ ਪ੍ਰਦੇਸ਼ ਕਾਂਗਰਸ ਦੇ ਨਵ-ਨਿਯੁਕਤ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪਾਰਟੀ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਉਣ ਵਾਲੇ ਦਿਨਾਂ 'ਚ ਕਾਂਗਰਸ ਪਾਰਟੀ ਪੰਜਾਬ 'ਚ ਹਾਸ਼ੀਏ 'ਤੇ ਜਾਣ ਦੇ ਕਾਰਨਾਂ ਬਾਰੇ ਸਮੀਖਿਆ ਕਰੇਗੀ ਤੇ ਕਾਂਗਰਸ ਪਾਰਟੀ ਨੂੰ ਇਕ ਮੰਚ 'ਤੇ ਲਿਆਉਣ ਲਈ ਆਉਣ ਵਾਲੇ ਦਿਨਾਂ 'ਚ ਇਕ ਮੁਹਿੰਮ ਚਲਾਈ ਜਾਵੇਗੀ | ਰਾਜਾ ਵੜਿੰਗ ਨੇ ਇਹ ਸਪੱਸ਼ਟ ਆਖਿਆ ਕਿ ਪਾਰਟੀ 'ਚ ਅਨੁਸ਼ਾਸਨ ਨੂੰ ਕਾਇਮ ਰੱਖਿਆ ਜਾਵੇਗਾ ਤੇ ਕਿਸੇ ਵੀ ਅਜਿਹੇ ਆਗੂ ਨੂੰ ਪਾਰਟੀ 'ਚ ਥਾਂ ਨਹੀਂ ਹੋਵੇਗੀ ਜੋ ਚੰਡੀਗੜ੍ਹ 'ਚ ਕਾਂਗਰਸ ਦਾ ਹੋਵੇ ਤੇ ਹਲਕੇ 'ਚ ਪਾਰਟੀ ਦੀ ਪਿੱਠ 'ਚ ਛੁਰਾ ਮਾਰੇ | ਰਾਜਾ ਵੜਿੰਗ ਜਗਰਾਉਂ 'ਚ ਭਾਵੇਂ ਦਿੱਤੇ ਸਮੇਂ ਤੋਂ ਕਰੀਬ 2 ਘੰਟੇ ਦੇਰੀ ਨਾਲ ਪੁੱਜੇ, ਪਰ ਪਾਰਟੀ ਅਹੁਦੇਦਾਰ ਇਸਦੇ ਬਾਵਜੂਦ ਦੇਰ ਰਾਤ ਤੱਕ ਉਨ੍ਹਾਂ ਦੀ ਉਡੀਕ ਕਰਦੇ ਰਹੇ ਤੇ ਜਿਉਂ ਹੀ ਰਾਜਾ ਵੜਿੰਗ ਨੇ ਆ ਕੇ ਬਿਨ੍ਹਾਂ ਸਪੀਕਰ ਤੋਂ ਉੱਚੀ ਸੁਰ 'ਚ ਆਪਣਾ ਭਾਸ਼ਣ ਸ਼ੁਰੂ ਕੀਤਾ ਤਾਂ ਕਾਂਗਰਸੀ ਵਰਕਰਾਂ 'ਚ ਜੋਸ਼ ਆ ਗਿਆ | ਰਾਜਾ ਵੜਿੰਗ ਨੇ ਇਹ ਵੀ ਕਿਹਾ ਕਿ ਪਾਰਟੀ ਦੀ ਸੀਨੀਅਰ ਲੀਡਰਸ਼ਿੱਪ ਤੇ ਹਰ ਹਲਕੇ ਦੇ ਸੀਨੀਅਰ ਆਗੂਆਂ ਨੂੰ ਪੂਰਾ ਮਾਣ-ਸਨਮਾਨ ਦਿੱਤਾ ਜਾਵੇਗਾ ਤੇ ਉਨ੍ਹਾਂ ਦੇ ਤਜ਼ਰਬੇ ਤੋਂ ਸੇਧ ਲੈ ਕੇ ਪਾਰਟੀ ਨੂੰ ਪੰਜਾਬ 'ਚ ਮੁੜ ਲੀਹ 'ਤੇ ਲਿਆਂਦਾ ਜਾਵੇਗਾ | ਰਾਜਾ ਵੜਿੰਗ ਨੇ ਬਿਨ੍ਹਾਂ ਨਾਂਅ ਲਏ ਇਹ ਇਸ਼ਾਰਾ ਵੀ ਕੀਤਾ ਕਿ ਪਾਰਟੀ 'ਚ ਹਰ ਅਹੁਦੇਦਾਰ ਵਰਕਰਾਂ ਦੀ ਹਮਾਇਤ ਨਾਲ ਹੀ ਵੱਡਾ ਹੁੰਦਾ ਹੈ ਤੇ ਪਾਰਟੀ ਤੋਂ ਬਿਨ੍ਹਾਂ ਮੈਂ-ਮੈਂ ਕਰਨ ਵਾਲੇ ਕੁਝ ਵੀ ਨਹੀਂ ਹੁੰਦੇ | ਇਸ ਮੌਕੇ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਕਰਨਜੀਤ ਸਿੰਘ ਸੋਨੀ ਗਾਲਿਬ ਵਲੋਂ ਰਾਜਾ ਵੜਿੰਗ ਤੇ ਕਾਰਜਕਾਰੀ ਪ੍ਰਧਾਨ ਭਾਰਤ ਭੂਸ਼ਨ ਆਸ਼ੂ ਨੂੰ ਇੱਥੇ ਪੁੱਜਣ 'ਤੇ ਜੀ ਆਇਆਂ ਆਖਿਆ ਗਿਆ | ਇਸ ਮੌਕੇ ਸਾਬਕਾ ਵਿਧਾਇਕ ਜਗਤਾਰ ਸਿੰਘ ਜੱਗਾ ਹਿੱਸੋਵਾਲ, ਸਰਪੰਚ ਨਵਦੀਪ ਸਿੰਘ ਗਰੇਵਾਲ, ਰਛਪਾਲ ਸਿੰਘ ਤਲਵਾੜਾ, ਹਰਪਾਲ ਸਿੰਘ ਹਾਂਸ, ਤਾਰਾ ਸਿੰਘ ਲੱਖਾ, ਮਨਜਿੰਦਰ ਸਿੰਘ ਡੱਲਾ, ਨਗਰ ਕੌਂਸਲ ਪ੍ਰਧਾਨ ਜਤਿੰਦਰਪਾਲ ਰਾਣਾ, ਕੌਂਸਲਰ ਅਮਨ ਕਪੂਰ ਬੌਬੀ, ਕੌਂਸਲਰ ਰਵਿੰਦਰਪਾਲ ਰਾਜੂ, ਜਗਜੀਤ ਸਿੰਘ ਬੱਬੂ, ਗੁਰਦੀਪ ਸਿੰਘ ਗਿੱਲ ਬੁਜ਼ਰਗ, ਪ੍ਰਧਾਨ ਗੁਰਪ੍ਰੀਤ ਸਿੰਘ, ਗੁਰਜੀਤ ਸਿੰਘ ਗੀਟਾ, ਦਰਸ਼ਨ ਸਿੰਘ ਲੱਖਾ, ਪ੍ਰਸ਼ੋਤਮ ਲਾਲ ਖ਼ਲੀਫਾ, ਸਰਪੰਚ ਸਿਕੰਦਰ ਸਿੰਘ ਪੈਚ ਆਦਿ ਹਾਜ਼ਰ ਸਨ |

ਸਵਾਮੀ ਰੂਪ ਚੰਦ ਜੈਨ ਸਕੂਲ ਵਿਖੇ ਕਵਿਤਾ ਮੁਕਾਬਲਾ ਕਰਵਾਇਆ ਗਿਆ

ਜਗਰਾਉ 20 ਅਪ੍ਰੈਲ (ਅਮਿਤਖੰਨਾ) ਸਵਾਮੀ ਰੂਪ ਚੰਦ ਜੈਨ ਸਕੂਲ ਨੇ ਵਿਦਿਆਰਥੀਆਂ ਦੀ ਕਿਤਾਬਾਂ ਤੋਂ ਬਾਹਰ ਛੁਪੀ ਪ੍ਰਤਿਭਾ ਨੂੰ ਉਜਾਗਰ ਕਰਨ ਦੇ ਉਦੇਸ਼ ਨਾਲ ਨੌਵੀਂ ਤੋਂ ਬਾਰ੍ਹਵੀਂ ਜਮਾਤ ਤੱਕ ਕਵਿਤਾ ਉਚਾਰਨ ਮੁਕਾਬਲਾ ਕਰਵਾਇਆ।  ਵਿਦਿਆਰਥੀਆਂ ਨੂੰ ਕੁਦਰਤ, ਅਧਿਆਪਕ, ਰੱਬ ਅਤੇ ਧਰਤੀ ਵਰਗੇ ਵੱਖ-ਵੱਖ ਵਿਸ਼ੇ ਦਿੱਤੇ ਗਏ।  ਸਾਰੇ ਵਿਦਿਆਰਥੀਆਂ ਨੇ ਸ਼ਬਦਾਂ ਦੇ ਪ੍ਰਗਟਾਵੇ, ਵਿਚਾਰ, ਭਾਵਨਾ, ਤੁਕਾਂਤ, ਤਾਲ ਅਤੇ ਸੰਗੀਤ ਦੀ ਸੁੰਦਰਤਾ ਦਾ ਆਨੰਦ ਮਾਣਿਆ।  ਪ੍ਰਿੰਸੀਪਲ ਰਾਜਪਾਲ ਕੌਰ ਨੇ ਪ੍ਰਤੀਯੋਗੀ ਦੀ ਕਾਰਗੁਜ਼ਾਰੀ ਦੀ ਸ਼ਲਾਘਾ ਕੀਤੀ ਅਤੇ ਵਿਦਿਆਰਥੀਆਂ ਨੂੰ ਕਵਿਤਾ ਉਚਾਰਨ ਦੀ ਮਹੱਤਤਾ ਬਾਰੇ ਸੇਧ ਦਿੱਤੀ।  ਉਨ੍ਹਾਂ ਅੱਗੇ ਦੱਸਿਆ ਕਿ ਇਸ ਮੁਕਾਬਲੇ ਨੇ ਵਿਦਿਆਰਥੀਆਂ ਨੂੰ ਅੱਗੇ ਆਉਣ ਅਤੇ ਬੜੇ ਜੋਸ਼ ਅਤੇ ਉਤਸ਼ਾਹ ਨਾਲ ਕਵਿਤਾ ਸੁਣਾਉਣ ਲਈ ਪ੍ਰੇਰਿਤ ਕੀਤਾ ਜਿਸ ਨਾਲ ਉਨ੍ਹਾਂ ਦੇ ਬੋਲਣ ਦੇ ਹੁਨਰ ਦਾ ਵਿਕਾਸ ਹੋਇਆ।  ਇਸ ਮੁਕਾਬਲੇ ਦੇ ਜੇਤੂ ਕਮਲੇਸ਼, ਨਿਸ਼ਠਾ ਨੇ ਪਹਿਲਾ ਸਥਾਨ ਹਾਸਲ ਕੀਤਾ।  ਗੁਰਬਖਸ਼, ਗੁਰਲੀਨ ਅਤੇ ਜਸਪ੍ਰੀਤ ਨੇ ਦੂਜਾ ਸਥਾਨ ਪ੍ਰਾਪਤ ਕੀਤਾ।  ਏਕਤਾ, ਪ੍ਰਿਆ ਅਤੇ ਹਨਿਸਕਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

ਧਰਮਪਾਲ ਜੈਨ ਨੂੰ  ਸਕੱਤਰ  ਵਿਜੇ ਜੈਨ ਨੂੰ ਕੈਸ਼ੀਅਰ ਐਲਾਨਿਆ

ਜਗਰਾਉ 20 ਅਪ੍ਰੈਲ (ਅਮਿਤਖੰਨਾ) ਜਗਰਾਉਂ ਦੀ ਰੂਪ ਚੰਦ  ਜੈਨ ਐਸ ਐਸ ਬਰਾਦਰੀ ਵੀ ਚੋਣ ਦੌਰਾਨ ਚੁਣੇ ਗਏ ਪ੍ਰਧਾਨ  ਤਰੁਨ ਜੈਨ ਕਾਲ਼ਾ ਵੱਲੋਂ ਅੱਜ ਬਰਾਦਰੀ ਦੇ ਸੀਨੀਅਰ ਮੈਂਬਰਾਂ ਦੀ ਅਹੁਦੇਦਾਰਾਂ ਦਾ ਐਲਾਨ ਕੀਤਾ ਗਿਆ  ਪ੍ਰਧਾਨ ਤਰੁਣ ਜੈਨ ਵੱਲੋਂ  ਅਨੀਸ਼  ਜੈਨ ਨੂੰ ਉਪ ਪ੍ਰਧਾਨ ਧਰਮਪਾਲ ਜੈਨ ਨੂੰ  ਸਕੱਤਰ  ਯੋਗੇਸ਼ ਜੈਨ ਨੂੰ ਸਹਿ ਮੰਤਰੀ ਵਿਜੇ ਜੈਨ ਨੂੰ ਕੈਸ਼ੀਅਰ  ਐਲਾਨਿਆ ਗਿਆ ਧਰਮਪਾਲ ਜੈਨ ਜੀ ਨੂੰ  6ਵੀਂ ਵਾਰ ਮਹਾਂਮੰਤਰੀ ਐਲਾਨਿਆ ਗਿਆ  ਇਸ ਮੌਕੇ 15 ਮੈਂਬਰੀ ਵਰਕਿੰਗ ਕਮੇਟੀ ਦੀ ਘੋਸ਼ਣਾ ਕੀਤੀ ਗਈ ਇਸ ਮੌਕੇ ਸ੍ਰੀ ਰਮੇਸ਼ ਕੁਮਾਰ ਜੈਨ, ਰਾਕੇਸ਼ ਜੈਨ ਨੇਛਾਂ,  ਵਿਨੋਦ ਜੈਨ, ਨੀਰਜ ਜੈਨ, ਕੋਮਲ ਜੈਨ, ਸੰਜੀਵ ਜੈਨ ਪੁੱਤਰ ਵਰਿੰਦਰ ਜੈਨ, ਅਜੇ ਜੈਨ ,ਸੰਦੇਸ਼ ਕੁਮਾਰ ਜੈਨ, ਵਿਨੋਦ ਜੈਨ, ਵਰਿੰਦਰ ਜੈਨ ਹਾਜ਼ਰ ਸਨ

ਜਗਰਾਉਂ ਦੀਆਂ ਸੁਪਰ ਸੀਨੀਅਰਜ ਸ਼ਖ਼ਸੀਅਤਾਂ ਨੂੰ ਕੀਤਾ ਜਾਵੇਗਾ ਸਨਮਾਨਿਤ

ਜਗਰਾਉਂ19 ਅਪ੍ਰੈਲ( ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ)

ਜਗਰਾਉਂ ਦੀਆਂ ਸੁਪਰ ਸੀਨੀਅਰ ਜ ਸ਼ਖ਼ਸੀਅਤਾਂ ਨੂੰ ਸਨਮਾਨ ਤਹਿਤ ਅੱਜ ਇੱਥੇ ਦੇ ਮਸ਼ਹੂਰ ਕਲਿਆਣੀ ਹਸਪਤਾਲ ਦੇ ਡਾਕਟਰ ਚੰਦਰ ਪ੍ਰਕਾਸ਼ ਕਲਿਆਣੀ ਜੀ ਨੂੰ ਉਨ੍ਹਾਂ ਦੀਆਂ ਸ਼ਹਿਰ ਜਗਰਾਉਂ ਪ੍ਰਤੀ ਵਧੀਆ ਸੇਵਾਵਾਂ ਦੇਣ ਤੇ ਸੋਸ਼ਲ ਵਰਕਰ ਪ੍ਰਸ਼ੋਤਮ ਲਾਲ ਖ਼ਲੀਫ਼ਾ, ਸਤਪਾਲ ਦੇਹੜਕਾ, ਡਾਕਟਰ ਵਿਨੋਦ ਵਰਮਾ, ਮੈਡਮ ਕੰਚਨ, ਮੈਡਮ ਸਵੀਟੀ, ਮੈਡਮ ਭੁਪਿੰਦਰ ਕੌਰ ਆਦਿ ਟੀਮ ਵੱਲੋਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ, ਡਾਕਟਰ ਚੰਦਰ ਪ੍ਰਕਾਸ਼ ਕਲਿਆਣੀ ਜੀ ਪਹਿਲਾਂ ਸਰਕਾਰੀ ਪਦ ਤੇ ਵੀ ਰਹੇ, ਬਾਅਦ ਵਿੱਚ ਜਗਰਾਉਂ ਵਿਖੇ ਆਪਣੇ ਪਰਿਵਾਰ ਦੇ ਜੀਆਂ ਨਾਲ ਜੋ ਕਿ ਜ਼ਿਆਦਾ ਤਰ ਡਾਕਟਰੀ ਪੇਸ਼ੇ ਵਿਚ ਹਨ, ਤੇ ਲੰਮੇ ਸਮੇਂ ਤੋਂ ਇਸ ਇਲਾਕੇ ਦੀ ਸੇਵਾ ਕਰਕੇ ਆ ਰਹੇ ਹਨ, ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ, ਸੋਸ਼ਲ ਵਰਕਰ ਪ੍ਰਸ਼ੋਤਮ ਲਾਲ ਖ਼ਲੀਫ਼ਾ ਹੁਣਾ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਹੋਰ ਵੀ ਇਲਾਕੇ ਦੀਆਂ ਕਈ ਸੁਪਰ ਸੀਨੀਅਰਜ ਸ਼ਖ਼ਸੀਅਤਾਂ ਨੂੰ ਇਸ ਤਰ੍ਹਾਂ ਸਨਮਾਨਿਤ ਕੀਤਾ ਜਾਵੇਗਾ।

ਬਲੌਜ਼ਮਜ਼ ਕਾਨਵੈਂਟ ਸਕੂਲ ਵਿਖੇ ਇਨਟਰੈਕਟ ਕਲੱਬ ਦਾ ਨਿਰਮਾਣ

ਜਗਰਾਉ 19 ਅਪ੍ਰੈਲ (ਅਮਿਤਖੰਨਾ) ਬਲੌਜ਼ਮਜ਼ ਕਾਨਵੈਂਟ ਸਕੂਲ ਵਿਖੇ ਅੱਜ ਰੋਟਰੀ ਅਧੀਨ ਇਨਟਰੈਕਟ ਕਲੱਬ ਦਾ ਨਿਰਮਾਣ ਕੀਤਾ ਗਿਆ। ਜਿਸ ਵਿਚ ਜਗਰਾਉਂ ਹਲਕੇ ਦੇ ਐਮ.ਐਲ.ਏ ਬੀਬੀ ਸਰਬਜੀਤ ਕੌਰ ਮਾਣੂੰਕੇ ਨੇ ਮੁੱਖ ਮਹਿਮਾਨ ਵੱਜੋਂ ਸ਼ਮੂਲੀਅਤ ਕੀਤੀ ਅਤੇ ਉਹਨਾਂ ਦੇ ਨਾਲ ਰੋਟਰੀਅਨ ਪ੍ਰੈਜ਼ੀਡੈਂਟ ਸ:ਮਨਮੋਹਨ ਸਿੰਘ ਕਲਾਨੌਰੀ, ਰੋਟਰੀਅਨ ਸੈਕਟਰੀ ਸ:ਸਰਵਿੰਦਰ ਸਿੰਘ ਬਹਿਲ, ਰੋਟਰੀਅਨ ਸ:ਗੁਰਜੀਤ ਸਿੰਘ ਇੰਟਰੈਕਟ ਕਲੱਬ ਅਡਵਾਈਜ਼ਰ ਰਾਈਲਾ ਚੇਅਰਮੈਨ ਨੇ ਹਾਜ਼ਰੀ ਭਰੀ। ਉਹਨਾਂ ਨੇ ਬੱਚਿਆਂ ਨੂੰ ਇਸ ਕਲੱਬ ਸੰਬੰਧੀ ਜਾਣਕਾਰੀ ਦਿੱਤੀ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਡਾ:ਅਮਰਜੀਤ ਕੌਰ ਨਾਜ਼ ਨੇ ਮੁੱਖ ਮਹਿਮਾਨਾਂ ਨੂੰ ਪਹੁੰਚਣ ਤੇ ਜੀ ਆਇਆ ਆਖਿਆ ਤੇ ਰੋਟਰੀ ਕਲੱਬ ਸੰਬੰਧੀ ਬੋਲਦੇ ਕਿਹਾ ਰੋਟਰੀ ਕਲੱਬ ਇੱਕੋ ਇਕ ਅਜਿਹਾ ਕਲੱਬ ਹੈ ਜੋ ਖੁਦ ਤੋਂ ਉੱਪਰ ਉੱਠ ਕੇ ਸਮਾਜ ਦੀ ਸੇਵਾ ਲਈ ਪ੍ਰੇਰਨਾ ਦਿੰਦਾ ਹੈ। ਅਸੀਂ ਵਿਿਦਆਰਥੀਆਂ ਅੰਦਰ ਸਮਾਜ ਪ੍ਰਤੀ ਜ਼ਿੰਮੇਵਾਰੀ ਦਾ ਅਹਿਸਾਸ ਭਰਨਾ ਚਾਹੁੰਦੇ ਹਾਂ।ਇਸ ਨਾਲ ਜੁੜਨ ਤੇ ਬੱਚਿਆਂ ਅੰਦਰ ਸ਼ੋਸਲ ਗਤੀਵਿਧੀਆਂ ਦਾ ਵਾਧਾ ਹੁੰਦਾ ਹੈ ਤੇ ਉਹਨਾਂ ਅੰਦਰ ਸੇਵਾ ਭਾਵਨਾ ਦੇ ਗੁਣ ਆ ਜਾਂਦੇ ਹਨ। ਬੱਚਿਆਂ ਨੂੰ ਮੇਰੀ ਇਹੀ ਅਪੀਲ ਹੈ ਕਿ ਉਹ ਇਸ ਕਲੱਬ ਨਾਲ ਜੁੜ ਕੇ ਸਮਾਜ ਦੀ ਸੇਵਾ ਕਰਨ ਤੇ ਹੋਰਨਾਂ ਲੋਕਾਂ ਨੂੰ ਵੀ ਆਪਣੇ ਨਾਲ ਜੋੜਨ। ਇਸ ਮੌਕੇ ਸਕੂਲ ਦੀ ਮੈਨੇਜਿੰਗ ਕਮੇਟੀ ਦੇ ਪ੍ਰੈਜ਼ੀਡੈਂਟ ਸ:ਮਨਪ੍ਰੀਤ ਸਿੰਘ ਬਰਾੜ ਅਤੇ ਸ:ਅਜਮੇਰ ਸਿੰਘ ਰੱਤੀਆਂ ਨੇ ਵੀ ਸ਼ਮੂਲੀਅਤ ਕੀਤੀ।

ਡੀ.ਏ.ਵੀ. ਸੈਂਟਨਰੀ ਪਬਲਿਕ ਸਕੂਲ,  ਵਿਖੇ ਮਹਾਤਮਾ ਹੰਸਰਾਜ ਜੈਅੰਤੀ ਮਨਾਈ ਗਈ.....

ਜਗਰਾਉ 19 ਅਪ੍ਰੈਲ (ਅਮਿਤਖੰਨਾ) ਅੱਜ ਡੀ.ਏ.ਵੀ. ਸੈਂਟਨਰੀ ਪਬਲਿਕ ਸਕੂਲ ,ਜਗਰਾਉਂ ਵਿਖੇ ਮਹਾਤਮਾ ਹੰਸਰਾਜ ਜੀ ਦਾ ਜਨਮ ਦਿਨ ਮਨਾਇਆ ਗਿਆ। ਇਸ ਮੌਕੇ ਅਧਿਆਪਕਾਂ ਵੱਲੋਂ ਮਹਾਤਮਾ ਜੀ ਦੇ ਜੀਵਨ 'ਤੇ ਚਾਨਣਾ ਪਾਇਆ ਗਿਆ ਅਤੇ ਬੱਚਿਆਂ ਨੂੰ ਉਨ੍ਹਾਂ ਦੀ ਕੁਰਬਾਨੀ ਅਤੇ ਸੇਵਾ- ਭਾਵਨਾ ਤੋਂ ਜਾਣੂ ਕਰਵਾਇਆ ਗਿਆ | ਛੇਵੀਂ ਅਤੇ ਸੱਤਵੀਂ ਜਮਾਤ ਦੇ ਵਿਦਿਆਰਥੀਆਂ ਨੇ ਕਵਿਤਾਵਾਂ ਸੁਣਾਈਆਂ ਅਤੇ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਨੇ ਤਸਵੀਰਾਂ ਰਾਹੀਂ ਉਹਨਾਂ ਦੇ ਜੀਵਨ ਸਿਧਾਂਤਾਂ ਨੂੰ ਬਿਆਨ ਕੀਤਾ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਸ਼੍ਰੀ ਬ੍ਰਿਜਮੋਹਨ ਬੱਬਰ ਜੀ ਨੇ ਵਿਦਿਆਰਥੀਆਂ ਨੂੰ ਜਾਣੂ ਕਰਵਾਉਂਦੇ ਹੋਏ ਦਸਿਆ ਕਿ ਪੂਰੇ ਭਾਰਤ ਵਿੱਚ ਡੀ.ਏ.ਵੀ ਸੰਸਥਾਵਾਂ ਦੀ ਸਥਾਪਨਾ ਵਿੱਚ ਮਹਾਤਮਾ ਹੰਸਰਾਜ ਜੀ ਦੀ ਕੁਰਬਾਨੀ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।ਉਨ੍ਹਾਂ ਦੀ ਸ਼ਖਸੀਅਤ ਮਹਾਨ ਹੈ। ਉਨ੍ਹਾਂ ਨੇ ਵੈਦਿਕ ਸਿਧਾਂਤਾਂ ਦੇ ਪ੍ਰਚਾਰ ਵਿਚ ਮਹੱਤਵਪੂਰਨ ਯੋਗਦਾਨ ਪਾਇਆ। ਪਿ੍ੰਸੀਪਲ ਸਾਹਿਬ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੀਆਂ ਸਿੱਖਿਆਵਾਂ 'ਤੇ ਚੱਲਣ,ਜੀਵਨ 'ਚ ਤਿਆਗ ਅਤੇ ਸਮਾਜ ਸੇਵਾ ਦੀ ਭਾਵਨਾ ਭਰਨ ਲਈ ਵੀ ਪ੍ਰੇਰਿਤ ਕੀਤਾ ।

ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹੇ ਭਰ ਦੇ ਕਿਸਾਨਾਂ ਨੂੰ ਅਪੀਲ, ਧਰਤੀ ਹੇਠਲੇ ਪਾਣੀ ਦੇ ਡਿੱਗ ਰਹੇ ਪੱਧਰ ਨੂੰ ਬਚਾਉਣ ਕੀਤੀ ਜਾਵੇ ਝੋਨੇ ਦੀ ਸਿੱਧੀ ਬਿਜਾਈ

- ਵੀਡੀਓ ਰਾਹੀਂ ਤਕਨੀਕ ਬਾਰੇ ਜਾਗਰੂਕ ਕਰਨ ਲਈ, ਮੰਡੀਆਂ 'ਚ ਲਗਾਈਆਂਂ ਵਿਸ਼ੇਸ਼ ਸਕਰੀਨਾਂ - ਡਿਪਟੀ ਕਮਿਸ਼ਨਰ ਸੁਰਭੀ ਮਲਿਕ

ਲੁਧਿਆਣਾ, 19 ਅਪ੍ਰੈਲ (ਰਣਜੀਤ ਸਿੱਧਵਾਂ) :  ਧਰਤੀ ਹੇਠਲੇ ਪਾਣੀ ਦੇ ਡਿੱਗ ਰਹੇ ਪੱਧਰ ਨੂੰ ਬਚਾਉਣ ਲਈ ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀਮਤੀ ਸੁਰਭੀ ਮਲਿਕ ਨੇ ਅੱਜ ਜ਼ਿਲ੍ਹੇ ਦੇ ਸਮੂਹ ਕਿਸਾਨਾਂ ਨੂੰ ਝੋਨੇ ਦੀ ਬਿਜਾਈ ਲਈ ਰਵਾਇਤੀ ਢੰਗ ਦੀ ਬਜਾਏ ਸਿੱਧੀ ਬਿਜਾਈ ਵਾਲਾ ਢੰਗ ਅਪਣਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਵਿਧੀ ਨਾਲ ਜਿੱਥੇ ਲੱਖਾਂ ਲੀਟਰ ਪਾਣੀ ਦੀ ਬਚਤ ਹੋਵੇਗੀ, ਓਥੇ ਹੀ ਇਹ ਤਕਨੀਕ ਝਾੜ ਵਧਾਉਣ ਅਤੇ ਲਾਗਤ ਨੂੰ ਘਟਾਉਣ ਵਿੱਚ ਵੀ ਸਹਾਈ ਸਿੱਧ ਹੋਵੇਗੀ। ਡਿਪਟੀ ਕਮਿਸ਼ਨਰ ਸ੍ਰੀਮਤੀ ਸੁਰਭੀ ਮਲਿਕ ਨੇ ਦੱਸਿਆ ਕਿ ਸਿੱਧੀ ਬਿਜਾਈ ਦੀ ਤਕਨੀਕ ਰਾਹੀਂ ਖੇਤਾਂ ਵਿੱਚ ਬਿਨ੍ਹਾਂ ਪਾਣੀ ਖੜ੍ਹਾ ਕੀਤੇ, ਸਿੱਧੇ ਝੋਨੇ ਦੀ ਲੁਆਈ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਹ ਤਕਨੀਕ ਝੋਨੇ ਦੀ ਕਾਸ਼ਤ ਲਈ ਲੋੜੀਂਦੇ ਪਾਣੀ ਦੀ ਮਾਤਰਾ ਨੂੰ ਘਟਾਉਂਦੀ ਹੈ ਅਤੇ ਇਸ ਤੋਂ ਇਲਾਵਾ ਪਰਾਲੀ ਸਾੜਨ ਦੀਆਂ ਪ੍ਰਥਾਵਾਂ ਨੂੰ ਵੀ ਖਤਮ ਕਰਦੀ ਹੈ ਅਤੇ ਫਸਲ ਦਾ ਝਾੜ ਵੀ ਵਧੀਆ ਹੁੰਦਾ ਹੈ।
ਉਨ੍ਹਾਂ ਦੱਸਿਆ ਕਿ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਵੱਲੋਂ ਜ਼ਿਲ੍ਹਾ ਲੁਧਿਆਣਾ ਦੀਆਂ ਕਈ ਮੰਡੀਆਂ ਵਿੱਚ ਵਿਸ਼ੇਸ਼ ਸਕਰੀਨਾਂ ਲਾਈਆਂ ਗਈਆਂ ਹਨ, ਜਿੱਥੇ ਇੱਕ ਵਿਸ਼ੇਸ਼ ਵੀਡੀਓ ਰਾਹੀਂ ਇਸ ਤਕਨੀਕ ਦਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਅਤੇ ਕਿਸਾਨਾਂ ਨੂੰ ਇਸ ਨੂੰ ਅਪਣਾਉਣ ਲਈ ਪ੍ਰੇਰਿਤ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਅਨਾਜ ਮੰਡੀਆਂ ਵਿੱਚ ਇਨ੍ਹਾਂ ਤਕਨੀਕਾਂ ਦਾ ਪ੍ਰਦਰਸ਼ਨ ਕਰਨ ਦਾ ਕਿਸਾਨਾਂ ਨੂੰ ਅਗਾਂਹਵਧੂ ਕਿਸਾਨਾਂ ਦੇ ਮਾਰਗ 'ਤੇ ਚੱਲਣ ਲਈ ਜਾਗਰੂਕ ਕਰਨਾ ਹੈ, ਜਿਸ ਨਾਲ ਪਾਣੀ ਦੀ ਸੰਭਾਲ ਅਤੇ ਵਾਤਾਵਰਨ ਸੁਰੱਖਿਆ ਵਿੱਚ ਯੋਗਦਾਨ ਪਾਇਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਪਿੰਡ ਸਾਧੂਗੜ੍ਹ ਦਾ ਪ੍ਰਧਾਨ ਮੰਤਰੀ ਐਵਾਰਡੀ ਅਗਾਂਹਵਧੂ ਕਿਸਾਨ ਸੁਰਜੀਤ ਸਿੰਘ ਪਿਛਲੇ ਕਈ ਸਾਲਾਂ ਤੋਂ ਇਸ ਤਕਨੀਕ ਦੀ ਸਫ਼ਲਤਾਪੂਰਵਕ ਵਰਤੋਂ ਕਰ ਰਿਹਾ ਹੈ।
ਉਨ੍ਹਾਂ ਕਿਹਾ ਕਿ ਧਰਤੀ ਹੇਠਲੇ ਪਾਣੀ ਦੀ ਵਰਤੋਂ ਦੇ ਸਬੰਧ ਵਿੱਚ ਸੂਬੇ ਦੇ ਕਈ ਡਿਵੈਲਪਮੈਂਟ ਬਲਾਕਾਂ ਨੂੰ ਡਾਰਕ ਜ਼ੋਨ ਵਜੋਂ ਸ਼੍ਰੇਣੀਬੱਧ ਕੀਤਾ ਗਿਆ ਹੈ। ਇਸ ਲਈ ਇਸ ਤਕਨੀਕ ਰਾਹੀਂ ਪਾਣੀ ਦੀ ਸੰਭਾਲ ਵੱਲ ਗੰਭੀਰਤਾ ਨਾਲ ਕਦਮ ਚੁੱਕਣਾ ਸਮੇਂ ਦੀ ਲੋੜ ਹੈ। ਉਨ੍ਹਾਂ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੂੰ ਹਿਦਾਇਤ ਕੀਤੀ ਕਿ ਉਹ ਵਿਆਪਕ ਜਾਗਰੂਕਤਾ ਮੁਹਿੰਮਾਂ ਰਾਹੀਂ ਕਿਸਾਨਾਂ ਨੂੰ ਸੇਧ ਦੇਣ ਅਤੇ ਪ੍ਰੇਰਿਤ ਕਰਨ। ਡਿਪਟੀ ਕਮਿਸ਼ਨਰ ਸ੍ਰੀਮਤੀ ਸੁਰਭੀ ਮਲਿਕ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਕਿਸਾਨਾਂ ਦੀ ਭਲਾਈ ਅਤੇ ਕੁਦਰਤੀ ਸੋਮਿਆਂ ਨੂੰ ਸੰਵਾਰਨ ਲਈ ਸਖ਼ਤ ਮਿਹਨਤ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਖੇਤੀਬਾੜੀ ਵਿਭਾਗ ਦੀ ਵਚਨਬੱਧ ਟੀਮ ਕਿਸਾਨਾਂ ਦੀ ਬਿਹਤਰੀ ਲਈ ਲਗਾਤਾਰ ਕੰਮ ਕਰ ਰਹੀ ਹੈ। ਡਵੀਜ਼ਨਲ ਕਮਿਸ਼ਨਰ ਸ੍ਰੀ ਚੰਦਰ ਗੈਂਦ ਨੇ ਜ਼ਿਲ੍ਹਾ ਪ੍ਰਸ਼ਾਸਨ ਲੁਧਿਆਣਾ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ, ਜਿਸ ਨਾਲ ਕਿਸਾਨਾਂ ਨੂੰ ਇਸ ਤਕਨੀਕ ਨੂੰ ਅਪਣਾਉਣ ਲਈ ਉਤਸ਼ਾਹਿਤ ਕਰਨ ਵਿੱਚ ਮੱਦਦ ਮਿਲੇਗੀ।