You are here

ਲੁਧਿਆਣਾ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਐੱਸ ਵਾਈ ਐੱਲ ਦੇ ਮੁੱਦੇ ਤੇ ਆਪਣਾ ਸਟੈਂਡ ਸਪੱਸ਼ਟ ਕਰਨ - ਵਿਧਾਇਕ ਇਯਾਲੀ

ਮੁਫ਼ਤ ਬਿਜਲੀ ਮੁੱਦੇ ਤੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਬਜਾਏ ਵਾਅਦਾ ਪੂਰਾ ਕੀਤਾ ਜਾਵੇ

ਮੁੱਲਾਂਪੁਰ ਦਾਖਾ 21 ਅਪ੍ਰੈਲ (ਸਤਵਿੰਦਰ ਸਿੰਘ ਗਿੱਲ) ਹਲਕਾ ਦਾਖਾ ਤੋਂ ਵਿਧਾਇਕ ਅਤੇ ਵਿਧਾਨ ਸਭਾ ਅੰਦਰ ਅਕਾਲੀ ਬਸਪਾ ਵਿਧਾਇਕ ਦਲ ਦੇ ਨੇਤਾ ਮਨਪ੍ਰੀਤ ਸਿੰਘ ਇਯਾਲੀ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨਾਲ ਅਨੇਕਾਂ ਵਾਅਦੇ ਕਰਕੇ ਸੱਤਾ ਹਾਸਿਲ ਕਰਨ ਵਾਲੀ ਆਪ ਸਰਕਾਰ ਵੱਲੋਂ ਹੁਣ ਵਾਅਦੇ ਪੂਰੇ ਕਰਨ ਦੀ ਬਜਾਏ ਲੋਕਾਂ ਅੰਦਰ ਭੰਬਲਭੂਸੇ ਵਾਲੀ ਸਥਿਤੀ ਬਣਾ ਕੇ ਕੀਤੇ ਵਾਅਦਿਆਂ ਤੋਂ ਬਚਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਜਦ ਕਿ ਆਪ ਸਰਕਾਰ ਆਪਣੇ ਕਾਰਜਕਾਲ ਦੇ ਇਕ ਮਹੀਨੇ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਅਦ ਵੀ ਜ਼ਮੀਨੀ ਤੌਰ ਤੇ ਫੋਕੇ ਐਲਾਨਾਂ ਤੋਂ ਬਗੈਰ ਕੁਝ ਵੀ ਨਹੀਂ ਕਰ ਸਕੀ ਜਦਕਿ ਚੋਣਾਂ ਤੋਂ ਪਹਿਲਾਂ ਹਰ ਵਰਗ ਲਈ ਬਗੈਰ ਕਿਸੇ ਸ਼ਰਤ ਛੇ ਸੌ ਯੂਨਿਟ ਮੁਫ਼ਤ ਬਿਜਲੀ ਦੇਣ ਦੇ ਵਾਅਦੇ ਤੋਂ ਬਾਅਦ ਹੁਣ ਆਏ ਦਿਨ ਸ਼ਰਤਾਂ ਤਹਿਤ ਮੁਫ਼ਤ ਬਿਜਲੀ ਹਾਸਲ ਕਰਨ ਵਾਲਿਆਂ ਦੇ ਦਾਇਰੇ ਨੂੰ ਘਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਕਿਉਂਕਿ ਪਹਿਲਾਂ ਆਪ ਸਰਕਾਰ ਵੱਲੋਂ ਜਨਰਲ ਵਰਗ ਅਤੇ ਐੱਸਸੀ ਵਰਗ ਨੂੰ ਵੰਡਣ ਦੀ ਕੋਸ਼ਿਸ਼ ਕੀਤੀ ਗਈ, ਪ੍ਰੰਤੂ ਲੋਕਾਂ ਦੇ ਵਿਰੋਧ ਦੇ ਚੱਲਦੇ ਹੁਣ ਇੱਕ ਕਿਲੋਵਾਟ ਲੋਡ ਤੱਕ ਦੇ ਐਸ ਸੀ ਪਰਿਵਾਰਾਂ ਨੂੰ ਛੇ ਸੌ ਤੋਂ ਉੱਪਰ ਯੂਨਿਟਾਂ ਬਲਣ ਦੇ ਬਿੱਲ ਦੀ ਗੱਲ ਕੀਤੀ ਜਾ ਰਹੀ ਹੈ, ਜਦ ਕਿ ਵਾਅਦੇ ਮੁਤਾਬਕ ਹਰ ਵਰਗ ਲਈ ਬਰਾਬਰ ਸਹੂਲਤ ਦੇਣ ਦਾ ਵਾਅਦਾ ਕੀਤਾ ਗਿਆ ਸੀ। ਵਿਧਾਇਕ ਇਯਾਲੀ ਨੇ ਬੀਤੇ ਕੱਲ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਵੱਲੋਂ ਐੱਸ ਵਾਈ ਐੱਲ ਨਹਿਰ ਦੇ ਮੁੱਦੇ ਤੇ ਦਿੱਤੇ ਬਿਆਨ ਉਪਰ ਤਿੱਖੀ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਪੰਜ ਦਰਿਆਵਾਂ ਦੀ ਧਰਤੀ ਅੱਜ ਖ਼ੁਦ ਪਿਆਸੀ ਹੋਣ ਦੀ ਕਗਾਰ ਤੇ ਪਹੁੰਚ ਚੁੱਕੀ ਹੈ ਜਿਸ ਕਾਰਨ ਹਰਿਆਣੇ ਨੂੰ ਕਿਸੇ ਵੀ ਹਾਲਤ ਵਿੱਚ ਹੋਰ ਪਾਣੀ ਨਹੀਂ ਦਿੱਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਪਾਣੀਆਂ ਦੇ ਮੁੱਦੇ ਉੱਪਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਆਪਣਾ ਸਟੈਂਡ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਉਹ ਇਸ ਮਾਮਲੇ ਵਿੱਚ ਪੰਜਾਬ ਨਾਲ ਖੜ੍ਹੇ ਹਨ? ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਆਪ ਦੇ ਵਾਅਦਿਆਂ ਦੇ ਵਫ਼ਾ ਨਾ ਹੋਣ ਕਾਰਨ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰਨ ਲੱਗੇ ਹਨ, ਕਿਉਂਕਿ ਆਪ ਸਰਕਾਰ ਵੱਲੋਂ ਮਾਈਨਿੰਗ ਨੀਤੀ ਤੇ ਕੋਈ ਧਿਆਨ ਨਾ ਦਿੱਤੇ ਜਾਣ ਕਾਰਨ ਪੰਜਾਬ ਦੇ ਲੋਕ ਮਹਿੰਗੇ ਭਾਅ ਦਾ ਰੇਤਾ ਖ਼ਰੀਦਣ ਲਈ ਮਜਬੂਰ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਉਹ ਹਮੇਸ਼ਾ ਪੰਜਾਬ ਦੇ ਬਿਹਤਰੀ ਲਈ ਖਡ਼੍ਹੇ ਹਨ ਅਤੇ ਜੇਕਰ ਸਰਕਾਰ ਵੱਲੋਂ ਕੋਈ ਪੰਜਾਬ ਦੇ ਹਿੱਤ ਵਿੱਚ ਫੈਸਲਾ ਲਿਆ ਜਾਂਦਾ ਹੈ ਤਾਂ ਉਹ ਉਸ ਦਾ ਸੁਆਗਤ ਕਰਨਗੇ ਜਦਕਿ ਗ਼ਲਤ ਫ਼ੈਸਲਿਆਂ ਦਾ ਡਟ ਕੇ ਵਿਰੋਧ ਕੀਤਾ ਜਾਵੇਗਾ

ਸਫਾਈ ਸੇਵਕ ਯੂਨੀਅਨ ਵੱਲੋਂ ਨਵੇਂ ਐਸ ਐਸ ਪੀ ਸਾਹਿਬ ਅਤੇ ਹੋਰ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਗੁਲਦਸਤਾ ਭੇਟ ਕੀਤਾ

ਜਗਰਾਉਂ 21ਅਪ੍ਰੈਲ ( ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ)
ਸਫਾਈ ਸੇਵਕ ਯੂਨੀਅਨ ਪੰਜਾਬ ਜਿਲ੍ਹਾ ਲੁਧਿਆਣਾ ਦਿਹਾਤੀ ਦੇ ਪ੍ਰਧਾਨ ਅਰੁਣ ਗਿੱਲ ਦੀ ਅਗਵਾਈ ਹੇਠ ਸਫਾਈ ਸੇਵਕ ਯੂਨੀਅਨ ਨਗਰ ਕੌਂਸਲ ਜਗਰਾਓਂ ਵੱਲੋਂ ਜਗਰਾਉਂ ਸ਼ਹਿਰ ਦੇ ਨਵੇਂ ਐਸ ਐਸ ਪੀ ਲੁਧਿਆਣਾ ਦਿਹਾਤੀ ਸ਼੍ਰੀ ਦੀਪਕ ਹਿਲੇਰੀ ਜੀ ਦਾ ਵਿਸ਼ੇਸ਼ ਤੌਰ ਤੇ ਫੁੱਲਾਂ ਦਾ ਗੁਲਦਸਤਾ ਦੇ ਕੇ ਸਵਾਗਤ ਕੀਤਾ ਅਤੇ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਡਕਰ ਜੀ ਦੇ 131ਵੇਂ ਜਨਮ ਦਿਵਸ ਦੀ ਖੁਸ਼ੀ ਵਿਚ ਸਨਮਾਨ ਚਿੰਨ੍ਹ ਭੇਂਟ ਕੀਤਾ ਗਿਆ ਇਸਦੇ ਨਾਲ ਨਾਲ ਵਧੀਕ ਡਿਪਟੀ ਕਮਿਸ਼ਨਰ ਲੁਧਿਆਣਾ ਦਿਹਾਤੀ, ਡਾ ਨਯਨ ਜੱਸਲ, ਉਪ ਮੰਡਲ ਮੈਜਿਸਟ੍ਰੇਟ ਸ਼੍ਰੀ ਵਿਕਾਸ ਹੀਰਾ ਜੀ ਅਤੇ ਡੀ ਐਸ ਪੀ ਸਰਦਾਰ ਹਰਸ਼ਪ੍ਰੀਤ ਸਿੰਘ ਐਨ ਡੀ ਪੀ ਐਸ ਅਤੇ ਸਮੂਹ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੂੰ ਸਨਮਾਨ ਚਿੰਨ੍ਹ ਭੇਟ ਕੀਤਾ ਗਿਆ ਇਸ ਮੌਕੇ ਸਫਾਈ ਸੇਵਕ /ਸੀਵਰਮੈਨ ਯੂਨੀਅਨ ਨਗਰ ਕੌਂਸਲ ਜਗਰਾਓਂ ਦੇ ਸਰਪ੍ਰਸਤ ਸ਼ਾਮ ਲਾਲ , ਸੈਕਟਰੀ ਰਜਿੰਦਰ ਕੁਮਾਰ, ਪ੍ਰਧਾਨ ਲਖਵੀਰ ਸਿੰਘ ਜਗਜੀਵਨ ਦਾਸ ਗੋਲੂ ਸੰਦੀਪ ਕੁਮਾਰ, ਅਤੇ ਸੁਨੀਲ ਕੁਮਾਰ ਹਾਜਰ ਸਨ।

ਵਰਦੇ ਮੀੱਹ 'ਚ ਪੀੜ੍ਹਤ ਮਾਤਾ ਨੇ ਰੱਖੀ 23ਵੇਂ ਦਿਨ ਵੀ ਭੁੱਖ ਹੜਤਾਲ

ਕਿਸਾਨਾਂ-ਮਜ਼ਦੂਰਾਂ ਨੇ ਲਗਾਏ "ਜਿੰਦਾਬਾਦ-ਮੁਰਦਾਬਾਦ" ਦੇ ਨਾਅਰੇ

ਜਗਰਾਉਂ 21ਅਪ੍ਰੈਲ ( ਮਨਜਿੰਦਰ ਗਿੱਲ ) ਇਨਸਾਫ਼ ਪਸੰਦ ਜੱਥੇਬੰਦੀਆਂ ਵਲੋਂ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਥਾਣਾ ਸਿਟੀ ਮੂਹਰੇ ਅਣਮਿਥੇ ਸਮੇਂ ਦਾ ਧਰਨਾ ਅੱਜ ਵਰਦੇ ਮੀਂਹ ਵਿੱਚ 29ਵੇਂ ਦਿਨ ਵੀ ਜਾਰੀ ਰਿਹਾ। ਅੱਜ ਦੇ ਧਰਨੇ ਵਿੱਚ ਮਾਸਟਰ ਜਸਦੇਵ ਸਿੰਘ ਲਲਤੋਂ ਅਤੇ ਸਰਵਿੰਦਰ ਸਿੰਘ ਸੁਧਾਰ ਦੀ ਅਗਵਾਈ ਵਿੱਚ ਇੱਕ ਵੱਡਾ ਕਾਫਲ਼ਾ ਲੈ ਕੇ ਮੀਂਹ ਦੇ ਬਾਵਜੂਦ ਪਹੁੰਚੇ ਅਤੇ ਇਸ ਮੌਕੇ ਮ੍ਰਿਤਕ ਕੁਲਵੰਤ ਕੌਰ ਰਸੂਲਪੁਰ ਦੀ ਬਿਰਧ ਮਾਤਾ ਸੁਰਿੰਦਰ ਕੌਰ ਨੇ 21ਵੇਂ ਦਿਨ ਖਰਾਬ ਮੌਸਮ ਦੇ ਦਰਮਿਆਨ ਭੁੱਖ ਹੜਤਾਲ ਰੱਖੀ। ਧਰਨੇ ਨੂੰ ਕਰਮਵਾਰ ਡਾਕਟਰ ਗੁਰਮੇਲ ਸਿੰਘ ਕੁਲਾਰ, ਸਰਪੰਚ ਦਰਸ਼ਨ ਸਿੰਘ ਵਿਰਕ,
ਜਰਨੈਲ ਸਿੰਘ ਮੁੱਲਾਂਪੁਰ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਪ੍ਰਧਾਨ ਚੌੰਕੀਮਾਨ ਟੋਲ਼ ਪਲ਼ਾਜ਼ਾ ਕਿਸਾਨ ਯੂਨੀਅਨ ਦੇ ਆਗੂਆਂ ਨੇ, ਮਹਿਲਾ ਆਗੂ ਮਨਪ੍ਰੀਤ ਕੌਰ ਧਾਲੀਵਾਲ ਨੇ ਪੰਜਾਬ ਸਰਕਾਰ ਤੋਂ ਪੁਰਜ਼ੋਰ ਮੰਗ ਕੀਤੀ ਕਿ ਦਰਜ ਮੁਕੱਦਮੇ ਦੇ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ। ਬੁਲਾਰਿਆਂ ਨੇ ਦੱਸਿਆ ਕਿ ਗੈਰ-ਜ਼ਮਾਨਤੀ ਧਾਰਾਵਾਂ ਦੇ ਬਾਵਜੂਦ ਦੋਸ਼ੀ ਖੁੱਲ੍ਹੇ ਘੁੰਮ ਰਹੇ ਹਨ ਜਦ ਕਿ ਆਮ ਬੰਦੇ ਨੂੰ ਟੱਬਰ ਸਮੇਤ ਜੇਲ਼ ਬੰਦ ਕਰ ਦਿੰਦੀ ਹੈ। ਇਸ ਸਮੇਂ ਜਗਦੇਵ ਸਿੰਘ ਨੇ ਧਾਰਮਿਕ ਗੀਤ ਗਾ ਕੇ ਹਾਜ਼ਰੀ ਲਗਵਾਈ। ਅੱਜ ਦੇ ਧਰਨੇ ਨੂੰ ਪੇਂਡੂ ਮਜ਼ਦੂਰ ਯੂਨੀਅਨ ਜਿਲ੍ਹਾ ਆਗੂ ਪ੍ਰਧਾਨ ਅਵਤਾਰ ਸਿੰਘ ਰਸੂਲਪੁਰ, ਸੁਖਦੇਵ ਸਿੰਘ ਮਾਣੂੰਕੇ ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਨਿਰਮਲ ਸਿੰਘ ਧਾਲੀਵਾਲ ਆਦਿ ਨੇ ਵੀ ਸੰਬੋਧਨ ਕੀਤਾ। ਇਸ ਸਮੇਂ ਪੇਂਡੂ ਮਜ਼ਦੂਰ ਯੂਨੀਅਨ ਮਸ਼ਾਲ਼ ਦੇ ਆਗੂ ਬਲਦੇਵ ਸਿੰਘ ਜਗਰਾਉਂ ਜੱਥੇਦਾਰ ਬਹਾਦੁਰ ਸਿੰਘ ਕੁਲਵੰਤ ਕੌਰ, ਬਲਜੀਤ ਸਿੰਘ ਕੁਲਦੀਪ ਸਿੰਘ ਸਮੇਤ ਸੈਂਕੜੇ ਕਿਸਾਨ-ਮਜ਼ਦੂਰ ਹਾਜ਼ਰ ਸਨ।
ਇਸੇ ਦਰਮਿਆਨ ਹਲਕਾ ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂੰਕੇ ਨੇ ਕਿਸਾਨ-ਮਜ਼ਦੂਰ ਆਗੂਆਂ ਅਤੇ ਪੀੜ੍ਹਤ ਪਰਿਵਾਰ ਦੀ ਮੁਲਾਕਾਤ ਜਲ਼ਦ ਹੀ ਮੁੱਖ ਮੰਤਰੀ ਭਗਵੰਤ ਮਾਨ ਨਾਲ ਕਰਵਾਉਣ ਦਾ ਭਰੋਸਾ ਵੀ ਦਿੱਤਾ ਗਿਆ ਤਾਂ ਪਰਿਵਾਰ ਨੂੰ ਇਨਸਾਫ਼ ਮਿਲ ਸਕੇ।

ਜੀ. ਐਚ.ਜੀ. ਅਕੈਡਮੀ, ਵਿਖੇ ਮਨਾਇਆ ਗਿਆ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਪ੍ਰਕਾਸ਼ ਪੁਰਬ

ਜਗਰਾਉ 21 ਅਪ੍ਰੈਲ (ਅਮਿਤਖੰਨਾ) ਜੀ. ਐਚ. ਜੀ .ਅਕੈਡਮੀ, ਜਗਰਾਓਂ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ।ਇਸ ਮੌਕੇ ਤੇ ਨੌਵੀਂ ਜਮਾਤ ਅਜੀਤ ਹਾਊਸ ਦੀ ਵਿਦਿਆਰਥਣ ਅਮਨਪ੍ਰੀਤ ਕੌਰ ਨੇ ਗੁਰੂ ਜੀ ਦੇ ਜੀਵਨ 'ਤੇ ਚਾਨਣਾ ਪਾਉਂਦਿਆਂ ਦੱਸਿਆ ਕਿ ਗੁਰੂ ਜੀ ਦਾ ਜਨਮ ਅਪ੍ਰੈਲ 1621 ਈਸਵੀ ਨੂੰ ਅੰਮ੍ਰਿਤਸਰ ਵਿਖੇ ਛੇਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਘਰ ਮਾਤਾ ਨਾਨਕੀ ਜੀ ਦੀ ਕੁੱਖੋਂ ਹੋਇਆ ।ਉਸ ਨੇ ਦੱਸਿਆ ਕਿ ਗੁਰੂ ਜੀ ਨੂੰ ਪੰਜਾਬੀ, ਬ੍ਰਿਜ ਅਤੇ ਸੰਸਕ੍ਰਿਤ ਭਾਸ਼ਾਵਾਂ ਦਾ ਚੰਗਾ ਗਿਆਨ ਸੀ ।ਉਨ੍ਹਾਂ ਨੇ ਦੱਸਿਆ ਕਿ ਗੁਰੂ ਜੀ ਦਸ ਵਰ੍ਹੇ, ਸੱਤ ਮਹੀਨੇ ਅਤੇ ਅਠਾਰਾਂ ਦਿਨ ਗੁਰ ਗੱਦੀ ਤੇ ਬਿਰਾਜਮਾਨ ਰਹੇ। ਆਪ ਨੇ ਇਹ ਜ਼ਿੰਮੇਵਾਰੀ 43 ਸਾਲ ਦੀ ਉਮਰ ਵਿੱਚ ਸੰਭਾਲ ਲਈ ਸੀ।ਕਰਤਾਰਪੁਰ ਦੀ ਲੜਾਈ ਵਿੱਚ ਗੁਰੂ ਜੀ ਨੇ ਭਰਪੂਰ ਹਿੱਸਾ ਲਿਆ ਸੀ। ਉਦੋਂ ਆਪ ਦੀ ਉਮਰ ਚੌਦਾਂ ਸਾਲਾਂ ਦੀ ਸੀ। ਗੁਰੂ ਜੀ ਨੇ ਕੀਰਤਪੁਰ ਸਾਹਿਬ ਦੇ ਨੇਡ਼ੇ ਇਕ ਨਗਰ ਵਸਾਇਆ ਇਸ ਨਗਰ ਦਾ ਪਹਿਲਾ ਨਾਮ ਆਪ ਜੀ ਦੀ ਮਾਤਾ ਜੀ ਦੇ ਨਾਂ ਤੇ 'ਚੱਕ ਨਾਨਕੀ' ਰੱਖਿਆ ਗਿਆ ਸੀ ।ਅਖੀਰ ਵਿਚ ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਰਮਨਜੋਤ ਕੌਰ ਗਰੇਵਾਲ ਨੇ ਵਿਦਿਆਰਥੀਆਂ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਕਿਸ ਤਰ੍ਹਾਂ ਗੁਰੂ ਜੀ ਨੇ ਹਿੰਦੂ ਧਰਮ ਦੀ ਖਾਤਰ ਆਪਣੀ ਸ਼ਹੀਦੀ ਦੇ ਦਿੱਤੀ ।ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸਿੱਖ ਇਤਿਹਾਸ ਪੜ੍ਹਨ ਅਤੇ ਇਸ ਨਾਲ ਜੁੜਨ ਦੀ ਪ੍ਰੇਰਨਾ ਦਿੱਤੀ।

ਹੀਰਾ ਐਨੀਮਲਜ ਹਸਪਤਾਲ ਸੁਸਾਇਟੀ ਨੇੜੇ ਨਾਨਕਸਰ ਵੱਲੋ ਜਖਮੀ ਬੇਸਹਾਰਾਂ ਗਊਆਂ ਲਈ ਤੂੜੀ ਦੀ ਸੇਵਾ ਸੁਰੂ।

ਜਗਰਾਉ 21 ਅਪ੍ਰੈਲ (ਅਮਿਤਖੰਨਾ) ਹੀਰਾ ਐਨੀਮਲਜ ਹਸਪਤਾਲ ਸੁਸਾਇਟੀ ਨੇੜੇ ਨਾਨਕਸਰ ( ਜਗਰਾਓ) ਵੱਲੋ ਹਸਪਤਾਲ ਵਿਖੇ ਇਲਾਜ ਲਈ ਦਾਖਲ ਜਖਮੀ ਬੇਸਹਾਰਾ ਗਊਆਂ ਦੀ ਸੇਵਾ ਸੰਭਾਲ ਤੇ ਚਾਰੇ ਲਈ ਤੂੜੀ ਦਾਨ ਕਰਨ ਦੀ ਸੇਵਾ ਸੁਰੂ ਕੀਤੀ ਹੈ , ਜਿਸ ਦੀ ਸੁਰੂਆਤ ਅੱਜ ਮੱੁਖ ਸੇਵਾਦਾਰ ਕੁਲਵਿੰਦਰ ਸਿੰਘ ਵੱਲੋ ਹੱਥੀ ਸੁਰੂ ਕੀਤੀ ਗਈ । ਮੱੁਖ ਸੇਵਾਦਾਰ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਹਰ ਸਾਲ ਦੀ ਤਰਾਂ ਇਸ ਸਾਲ ਵੀ ਹਲਕੇ ਦੇ ਦਾਨੀ ਸੱਜਣਾ ਦੇ ਸਹਿਯੋਗ ਨਾਲ ਹੀਰਾ ਐਨੀਮਲਜ ਹਸਪਤਾਲ ਵੱਲੋ ਤੂੜੀ ਇਕੱਠੀ ਕਰਨ ਦੀ ਸੇਵਾ ਸੁਰੂ ਕੀਤੀ ਗਈ ਹੈ ਜੋ ਇਸ ਸਮੇ ਜਾਰੀ ਹੈ। ਉਨਾ ਦੱਸਿਆ ਕਿ ਕਈ ਦਾਨੀ ਵੀਰ ਹੀਰਾ ਐਨੀਮਲਜ ਹਸਪਤਾਲ ਵਿਖੇ ਆ ਕੇ ਤੂੜੀ ਦਾਨ ਕਰ ਜਾਂਦੇ ਹਨ ਤੇ ਕਈ ਥਾਵਾਂ ਤੇ ਸਾਡੇ ਸੇਵਾਦਾਰ ਤੂੜੀ ਦਾਨ ਕਰਨ ਵਾਲਿਆਂ ਦੇ ਦੱਸੇ ਸਥਾਨ ਤੇ ਜਾ ਕੇ ਤੂੜੀ ਲੈ ਆਉਂਦੇ ਹਨ । ਉਨਾ ਇਹ ਵੀ ਦੱਸਿਆ ਕਿ ਹੀਰਾ ਐਨੀਮਲਜ ਹਸਪਤਾਲ ਵਿਖੇ ਗਊਆਂ ਤੇ ਹੋਰਨਾ ਬੇਸਹਾਰਾ ਜੀਵਾਂ ਦੀ ਵੱਖ ਵੱਖ ਦਾਨੀ ਸੱਜਣਾ ਦੇ ਸਹਿਯੋਗ ਨਾਲ ਸੇਵਾ ਕੀਤੀ ਜਾਂਦੀ ਹੈ । ਉਨਾ ਅਪੀਲ ਵੀ ਕੀਤੀ ਕਿ ਵੱਧ ਤੋ ਵੱਧ ਜਖਮੀ ਬੇਸਹਾਰਾ ਗਊਆਂ ਲਈ ਤੂੜੀ ਦਾਨ ਕੀਤੀ ਜਾਵੇ ਤਾਂ ਜੋ ਲੋੜ ਪੈਣ ਤੇ ਜਖਮੀ ਬੇਸਹਾਰਾ ਗਊਆਂ ਲਈ ਖਾਣ ਦਾ ਪ੍ਰਬੰਧ ਕੀਤਾ ਜਾ ਸਕੇ । ਇਸ ਮੌਕੇ ਜਸਵੀਰ ਸਿੰਘ ਸੀਰਾ ,ਕਾਕਾ ਪੰਡਿਤ ਸੇਵਾਦਾਰ ,ਦਵਿੰਦਰ ਸਿੰਘ ਢਿੱਲੋ , ਸੱੁਖੀ ਕਾਉਂਕੇ ਸਮੇਤ ਹੋਰ ਵੀ ਹਸਪਤਾਲ ਦੇ ਸੇਵਾਦਾਰ ਹਾਜਿਰ ਸਨ।

ਸਰਵਹਿੱਤਕਾਰੀ ਵਿੱਦਿਆ ਮੰਦਰ, ਵਿਖੇ ਮਨਾਇਆ ਗਿਆ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਪ੍ਰਕਾਸ਼ ਪੁਰਬ

ਜਗਰਾਉ 21 ਅਪ੍ਰੈਲ (ਅਮਿਤਖੰਨਾ) ਸ੍ਰੀਮਤੀ ਸਤੀਸ਼ ਗੁਪਤਾ ਸਰਵਹਿੱਤਕਾਰੀ ਵਿੱਦਿਆ ਮੰਦਰ ਜਗਰਾਓ ਵਿਖੇ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 400ਵਾਂ ਪ੍ਰਕਾਸ਼ ਪੁਰਬ ਮਨਾਇਆ ਗਿਆ। ਦਿਵਸ ਦੀ ਸ਼ੁਰੂਆਤ ਵੰਦਨਾ ਦੁਆਰਾ ਕੀਤੀ ਗਈ ਉਪਰੰਤ ਦੀਦੀ ਪਵਿੱਤਰ ਕੌਰ ਨੇ ਸ੍ਰੀ ਗੁਰੂ ਤੇਗ ਬਹਾਦੁਰ ਜੀ ਦੇ ਜੀਵਨ ਤੇ ਚਾਨਣਾ ਪਾਉਂਦਿਆਂ ਹੋਇਆਂ ਸ੍ਰੀ ਗੁਰੂ ਤੇਗ ਬਹਾਦੁਰ ਜੀ ਦੇ ਜੀਵਨ ਦੇ ਮਹੱਤਵਪੂਰਨ ਪੱਖ ਬਾਰੇ ਜਾਣਕਾਰੀ ਦਿੱਤੀ। ਫਿਰ ਬੱਚਿਆਂ ਦੁਆਰਾ ਸ਼ਬਦ "ਗੁਰੂ ਪੂਰੇ ਚਰਨੀ ਲਾਇਆ" ਅਤੇ "ਮੁੱਖ ਦੁਨੀਆਂ ਮੋੜ ਲਵੇ", "ਐਸਾ ਨਾਮ ਨਿਰੰਜਨ ਹੋਏ" ਸ਼ਬਦ ਗਾ ਕੇ ਗੁਰੂ ਸਾਹਿਬ ਪ੍ਰਤੀ ਆਪਣੀ ਸ਼ਰਧਾ ਨੂੰ ਪ੍ਰਗਟ ਕੀਤਾ। ਬੱਚਿਆਂ ਦੁਆਰਾ "ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ" ਬੁਲਾਈ ਗਈ। ਜਿਸ ਨਾਲ ਸਾਰਾ ਵਾਤਾਵਰਣ ਹੀ ਭਗਤੀ ਭਾਵਨਾ ਭਰਪੂਰ ਹੋ ਗਿਆ। ਪ੍ਰਿੰਸੀਪਲ ਸ੍ਰੀਮਤੀ ਨੀਲੂ ਨਰੂਲਾ ਜੀ ਨੇ ਇਸ ਸ਼ੁਭ ਦਿਹਾੜੇ ਤੇ ਬੱਚਿਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਸਾਨੂੰ ਆਪਣੇ ਗੁਰੂ ਸਾਹਿਬਾਨਾਂ ਦੇ ਦੱਸੇ ਹੋਏ ਮਾਰਗ ਤੇ ਚੱਲਣਾ ਚਾਹੀਦਾ ਹੈ। ਉਨ੍ਹਾਂ ਦੀਆਂ ਸਿੱਖਿਆਵਾਂ ਨੂੰ ਜੀਵਨ ਵਿੱਚ ਧਾਰ ਕੇ ਅਸੀਂ ਇਕ ਆਦਰਸ਼ ਜੀਵਨ ਜੀਅ ਸਕਦੇ ਹਾਂ। ਅੰਤ ਵਿੱਚ ਸਭ ਨੂੰ ਇਸ ਸ਼ੁਭ ਦਿਹਾੜੇ ਦੀਆਂ ਵਧਾਈਆਂ ਦਿੱਤੀਆਂ।

ਮਾਣੂੰਕੇ ਵੱਲੋਂ ਨਾਜਾਇਜ਼ ਮਾਈਨਿੰਗ ਰੋਕਣ ਸਬੰਧੀ ਮੰਤਰੀ ਨਾਲ ਮੁਲਾਕਾਤ

ਜਗਰਾਉ 21 ਅਪ੍ਰੈਲ (ਅਮਿਤਖੰਨਾ) ਜਗਰਾਓਂਂ ਦੇ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਵੱਲੋਂ ਪੰਜਾਬ ਦੇ ਮਾਈਨਿੰਗ ਮੰਤਰੀ ਹਰਜੋਤ ਸਿੰਘ ਬੈਂਸ ਨਾਲ ਮਾਈਨਿੰਗ ਸਬੰਧੀ ਮੁਲਾਕਾਤ ਕੀਤੀ। ਇਸ ਮੌਕੇ ਨਿਹਾਲ ਸਿੰਘ ਵਾਲਾ ਤੋਂ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਤੇ ਮਹਿਲਕਲਾਂ ਤੋਂ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਵੀ ਉਨ੍ਹਾਂ ਦੇ ਨਾਲ ਸਨ। ਮੀਟਿੰਗ ਸਬੰਧੀ ਜਾਣਕਾਰੀ ਦਿੰਦੇ ਹੋਏ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੇ ਦੱਸਿਆ ਮਾਈਨਿੰਗ ਮੰਤਰੀ ਨੂੰ ਨਾਜਾਇਜ਼ ਮਾਈਨਿੰਗ ਰੋਕਣ ਲਈ ਢੁਕਵੇਂ ਤੇ ਸਖ਼ਤ ਕਦਮ ਚੁੱਕਣ ਲਈ ਉਪਰਾਲੇ ਕਰਨ ਸਬੰਧੀ ਮੰਗ ਕੀਤੀ। ਉਨ੍ਹਾਂ ਕਿਹਾ ਮੰਤਰੀ ਸਾਹਿਬ ਨੇ ਵਿਸ਼ਵਾਸ ਦਿਵਾਇਆ ਹੈ ਕਿ ਸਬੰਧਤ ਠੇਕੇਦਾਰ ਨੂੰ ਜਾਰੀ ਹੋਈ ਖੱਡ ਦੀ ਨਿਸ਼ਾਨਦੇਹੀ ਕਰਵਾਕੇ ਝੰਡੇ ਲਗਾਏ ਜਾਣਗੇ, ਖੱਡ ਦੇ ਬਾਹਰ ਨੋਟਿਸ ਬੋਰਡ ਲਗਾ ਕੇ ਪੂਰੀ ਜਾਣਕਾਰੀ ਲਿਖੀ ਜਾਵੇਗੀ, ਸਰਕਾਰ ਖੱਡਾਂ ਦੀ ਨਿਗਰਾਨੀ ਲਈ ਸੀਸੀਟੀਵੀ ਕੈਮਰੇ ਲਗਾਉਣ ਬਾਰੇ ਵੀ ਵਿਚਾਰ ਕਰ ਰਹੀ ਹੈ ਲੋਕਾਂ ਨੂੰ ਸਸਤਾ ਰੇਤਾ-ਬਜ਼ਰੀ ਦਿਵਾਉਣ ਲਈ ਵੀ ਸਰਕਾਰ ਤਜਵੀਜ਼ਾਂ ਤਿਆਰ ਕਰ ਰਹੀ ਹੈ। ਇਸ ਤੋਂ ਇਲਾਵਾ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੇ ਕਿਹਾ ਹਲਕੇ ਦੇ ਲੋਕਾਂ ਨੇ ਉਨ੍ਹਾਂ ਨੂੰ ਵੱਡੀ ਲੀਡ ਦਿਵਾ ਕੇ ਦੂਜੀ ਵਾਰ ਸੇਵਾ ਕਰਨ ਦਾ ਮੌਕਾ ਦਿੱਤਾ ਹੈ ਤੇ ਉਹ ਹਲਕਾ ਵਾਸੀਆਂ ਨੂੰ ਸਾਫ਼ ਸੁਥਰਾ ਪ੍ਰਸ਼ਾਸਨ ਦੇਣ ਲਈ ਹਰ ਸਮੇਂ ਯਤਨਸ਼ੀਲ ਰਹਿਣਗੇ। ਇਸ ਸਬੰਧੀ ਉਨ੍ਹਾਂ ਵੱਲੋਂ ਹਲਕੇ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਤੇ ਉਨ੍ਹਾਂ ਦੇ ਹੱਲ ਕਰਨ ਲਈ ਸਖ਼ਤ ਹਦਾਇਤਾਂ ਵੀ ਜਾਰੀ ਕਰ ਦਿੱਤੀਆਂ ਗਈਆਂ ਹਨ ਤੇ ਲੋਕਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਪ੍ਰਦਾਨ ਕਰਨ ਲਈ ਪ੍ਰਪੋਜ਼ਲਾਂ ਤਿਆਰ ਕਰਨ ਲਈ ਵੀ ਕਿਹਾ ਗਿਆ ਹੈ। ਵਿਧਾਇਕਾ ਨੇ ਕਿਹਾ ਹਲਕੇ ਦੇ ਰੁਕੇ ਹੋਏ ਵਿਕਾਸ ਕਾਰਜਾਂ ਨੂੰ ਤੁਰੰਤ ਸ਼ੁਰੂ ਕਰਨ ਲਈ ਅਧਿਕਾਰੀਆਂ ਨੂੰ ਕਹਿ ਦਿੱਤਾ ਗਿਆ ਹੈ ਤੇ ਜਿੱਥੇ ਕਿਤੇ ਵੀ ਸੜਕਾਂ ਜਾਂ ਗਲੀਆਂ ਟੁੱਟੀਆਂ ਹੋਈਆਂ ਹਨ, ਉਨ੍ਹਾਂ ਦੀ ਮੁਰੰਮਤ ਕਰਨ ਤੇ ਜਿੱਥੇ ਗਲੀਆਂ ਨਵੀਆਂ ਬਣਨ ਵਾਲੀਆਂ ਹਨ, ਉਨ੍ਹਾਂ ਸਬੰਧੀ ਤੁਰੰਤ ਕਾਰਵਾਈ ਕਰਨ ਸਬੰਧੀ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ। ਇਸ ਮੌਕੇ ਪੋ੍ਫੈਸਰ ਸੁਖਵਿੰਦਰ ਸਿੰਘ, ਅਮਰਦੀਪ ਸਿੰਘ ਟੂਰੇ, ਕੁਲਵਿੰਦਰ ਸਿੰਘ ਕਾਲਾ, ਪ੍ਰਰੀਤਮ ਸਿੰਘ ਅਖਾੜਾ, ਗੁਰਪ੍ਰਰੀਤ ਸਿੰਘ ਨੋਨੀ, ਸਰਪੰਚ ਗੁਰਨਾਮ ਸਿੰਘ ਭੈਣੀ, ਸੋਨੀ ਕਾਉਂਕੇ, ਸਰਪੰਚ ਸੁਰਜੀਤ ਸਿੰਘ ਜਨੇਤਪੁਰਾ, ਸਨੀ ਬੱਤਰਾ, ਕੁਲਵੰਤ ਸਿੰਘ ਕਮਲ, ਮਨਪ੍ਰਰੀਤ ਸਿੰਘ ਮੰਨਾ, ਰਾਮਾ ਨਾਹਰ, ਅਮਨ ਨਾਹਰ, ਬਲਜੀਤ ਸਿੰਘ, ਸੁਸ਼ੀਲ ਕੁਮਾਰ, ਗੁਰਜਿੰਦਰ ਸਿੰਘ ਆਦਿ ਵੀ ਹਾਜ਼ਰ ਸਨ।

ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਮਰਹੂਮ ਹਰਦੀਪ ਸਿੰਘ ਗ਼ਾਲਿਬ  ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪਹੁੰਚੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ   

ਜਗਰਾਉਂ , 21 ਅਪ੍ਰੈਲ (ਮਨਜਿੰਦਰ ਗਿੱਲ )ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜਿਲਾ ਪ੍ਰਧਾਨ ਮਰਹੂਮ ਹਰਦੀਪ ਸਿੰਘ ਗਾਲਬ‌ ਦੇ ਬੇਵਕਤ ਚਲਾਣੇ ਤੇ ਪਰਿਵਾਰ ਅਤੇ ਜਿਲਾ ਕਮੇਟੀ ਨਾਲ ਦੁੱਖ ਸਾਂਝਾ ਕਰਨ ਪੰਹੁਚੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਵਿਸ਼ੇਸ਼ ਤੋਰ ਤੇ ਪਿੰਡ‌ ਗਾਲਬ‌ ਕਲਾਂ ਪੁੱਜੇ। ਇਸ ਸਮੇਂ ਜਿਲਾ ਲੁਧਿਆਣਾ ਅਧੀਨ ਸਾਰੀਆਂ‌ ਬਲਾਕ ਕਮੇਟੀਆਂ ਚ ਸ਼ਾਮਲ ਸਰਗਰਮ‌ ਆਗੂ ਹਾਜ਼ਰ ਸਨ। ਸੂਬਾ ਪ੍ਰਧਾਨ ਨੇ  ਸ਼ਹੀਦ ਦੇ ਘਰ ਜਾ ਕੇ ਪਰਿਵਾਰ ਨਾਲ ਸਾਥੀ ਹਰਦੀਪ ਦੇ ਬੇਵਕਤ ਵਿਛੋੜੇ‌ ਤੇ ਡੂੰਘੇ ਦੂਖ ਦਾ ਪ੍ਰਗਟਾਵਾ ਕਰਦਿਆਂ ਜਥੇਬੰਦੀ ਵਲੋਂ‌ ਹਰ ਤਰਾਂ ਦੀ ਮਦਦ ਦਾ ਭਰੋਸਾ ਦਿੱਤਾ। ਉਨਾਂ ਕਿਹਾ ਕਿ ਕਿਉਂਕਿ ਹਰਦੀਪ ਸਿੰਘ ਕਿਸਾਨ ਅੰਦੋਲਨ ਦੋਰਾਨ ਦਿੱਲੀ ਵਿਖੇ ਗਲੇ ਦੇ ਕੈਂਸਰ ਦਾ ਸ਼ਿਕਾਰ ਹੋਇਆ ਸੀ ਜਿਸਨੂੰ‌ ਬਚਾਉਣ‌ ਲਈ ਜਥੇਬੰਦੀ , ਸਮਾਜਸੇਵੀ ਸੰਸਥਾਵਾਂ ਤੇ ਪਰਿਵਾਰ ਨੇ ਅੱਡੀ ਚੋਟੀ ਦਾ ਜ਼ੋਰ ਲਗਾਇਆ ਪਰ ਸਿਰਫ ਪੰਜਾਹ ਸਾਲ ਦੀ ਉਮਰ ਚ ਹਰਦੀਪ ਦਾ ਵਿਛੋੜਾ ਪਰਿਵਾਰ ਤੇ ਜਥੇਬੰਦੀ ਲਈ ਇਕ ਵੱਡਾ ਨਾ ਪੂਰਿਆ ਜਾ ਸਕਣ੍ਵ ਵਾਲਾ  ਵੱਡਾ ਘਾਟਾ ਪਿਆ ਹੈ।ਊਨਾਂ‌ ਦੋ ਦਹਾਕਿਆਂ ਤੋਂ‌ ਕਿਸਾਨ ਲਹਿਰ ਲਈ ਕੁਲਵਕਤੀ ਵਜੋਂ‌ ਕੰਮ ਕਰਦੇ ਹਰਦੀਪ ਨੂੰ ਕਿਸਾਨ ਲਹਿਰ ਦਾ ਸ਼ਹੀਦ ਕਰਾਰ ਦਿੱਤਾ।ਉਸ ਅਤਿਅੰਤ ਸਨਿਮਰ, ਸਿਰੜੀ ਸਾਥੀ ਦੀ ਅਗਵਾਈ ਵਿੱਚ ਜਥੇਬੰਦੀ ਦੇ ਵਿਕਾਸ ਚ ਪਾਏ ਯੋਗਦਾਨ ਨੂੰ ਆਉਣ ਵਾਲੇ ਲੰਮੇ ਸਮੇਂ ਲਈ ਯਾਦ ਰਖਿਆ ਜਾਵੇਗਾ। ਉਨਾਂ ਕਿਹਾ ਕਿ ਜਥੇਬੰਦੀ ਵਲੋਂ‌ ਪਰਿਵਾਰ ਦੀ ਆਰਥਕ ਪੰਜ ਲੱਖ ਰੁਪਏ ਦੀ ਸਰਕਾਰੀ ਸਹਾਇਤਾ, ਪਰਿਵਾਰ ਦੇ ਯੋਗ ਜੀਅ ਲਈ  ਸਰਕਾਰੀ ਨੋਕਰੀ, ਪਰਿਵਾਰ ਦੀ ਕਰਜ਼ਾ ਮੁਆਫ਼ੀ ਪੰਜਾਬ ਸਰਕਾਰ ਤੋਂ‌ ਹਾਸਲ ਕਰਨ ਲਈ ਪਹਿਲ ਦੇ ਆਧਾਰ ਤੇ ਯਤਨ ਕੀਤੇ ਜਾਣਗੇ। ਜਥੇਬੰਦੀ ਪਰਿਵਾਰ ਦੇ ਹਰ ਦੁੱਖ ਸੁੱਖ ਚ ਪਹਿਲਾਂ‌ ਵਾਂਗ ਨਾਲ ਖੜੀ ਰਹੇਗੀ। ਇਸ ਸਮੇਂ ਵਖ ਵਖ ਪਿੰਡਾਂ ਤੋਂ ਪੰਹੁਚੇ ਵੱਡੀ ਗਿਣਤੀ ਵਰਕਰਾਂ ਨਾਲ ਮੀਟਿੰਗ ਕਰਦਿਆਂ‌  ਜਿਥੇ ਅਫਸੋਸ ਸਾਂਝਾ ਕੀਤਾ ਗਿਆ ਉਥੇ ਇਸ ਵਡੇ ਘਾਟੇ ਨੂੰ ਪੂਰਾ ਕਰਨ ਲਈ ਕਿਸਾਨ ਜਥੇਬੰਦੀ ਦੀ ਮਜ਼ਬੂਤੀ ਲਈ ਦਿਨ ਰਾਤ ਇਕ ਕਰਨ ਦਾ ਵਰਕਰਾਂ ਨੂੰ ਸੱਦਾ ਦਿੱਤਾ ਗਿਆ। ਇਸ ਸਮੇਂ‌ ਭਰਵੀਂ‌ਂਮੀਟਿੰਗ ਨੂੰ ਸੰਬੋਧਨ ਕਰਦਿਆਂ ਉਨਾਂ ਕਿਸਾਨ ਵਰਕਰਾਂ‌ ਨੂੰ ਐਮ‌ਐਸ ਪੀ ਦੀ ਪ੍ਰਾਪਤੀ, ਲਖੀਮਪੁਰੀ ਖੀਰੀ ਦੇ ਦੋਸ਼ੀਆਂ ਨੂੰ ਸਜ਼ਾਵਾਂ‌ ਦਿਵਾਉਣ, ਫਸਲਾਂ‌ ਦੇ ਖ਼ਰਾਬੇ ਦਾ ਮੁਆਵਜ਼ਾ ਹਾਸਲ ਕਰਨ , ਪੰਜਾਬ ਦੀ ਮਾਨ ਸਰਕਾਰ ਵਲੋਂ ਸੁਸਾਇਟੀਆਂ ਦੇ ਡਿਫਾਲਟਰ ਕਿਸਾਨਾਂ‌ ਦੇ ਗਰਿਫਤਾਰੀ ਵਾਰੰਟ ਜਾਰੀ ਕਰਨ ਖਿਲਾਫ, ਰਹਿੰਦੇ ਸ਼ਹੀਦ ਕਿਸਾਨ ਪਰਿਵਾਰ ਲਈ ਮੁਆਵਜ਼ਾ ਤੇ ਨੋਕਰੀ ਹਾਸਲ ਕਰਨ, ਬਿਜਲੀ ਦੇ ਕੱਟ ਆਉਂਦੇ ਪੈਡੀ ਸੀਜ਼ਨ ਚ ਖਤਮ‌ ਕਰਾਉਣ,ਕਣਕ ਦਾ ਝਾੜ ਘਟਣ ਕਾਰਨ ਤਿੰਨ ਸੋ ਰਪ‌ਏ ਪ੍ਰਤੀ ਕੁਇੰਟਲ ਬੋਨਸ, ਬਿਜਲੀ ਐਕਟ 2020  ਅਤੇ ਪਰਾਲੀ ਵਾਲਾ ਕਾਨੂੰਨ ਪੱਕੇ ਤੋਰ ਤੇ ਰੱਦ ਕਰਾਉਣ‌ ਲਈ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਦੇਸ਼‌ ਭਰ ਚ  ਕਿਸਾਨਾਂ ਨੇ ਪ੍ਰਧਾਨ ਮੰਤਰੀ ਦੇ ਨਾਂ ਮੰਗ ਪੱਤਰ ਭੇਜੇ  ਹਨ। 24 ਅਪਰੈਲ ਨੂੰ ਕਿਸਾਨ ਜਥੇਬੰਦੀਆਂ ਦਾ ਵੱਡਾ ਵਫ਼ਦ  ਲਖੀਮਪੁਰ‌ਖੀਰੀ ਦੇ ਪੀੜਤ ਪਰਿਵਾਰਾਂ ਨਾਲ ਅਤੇ ਹਮਲੇ ਦਾ ਸ਼ਿਕਾਰ ਗਵਾਹਾਂ‌ ਨੂੰ ਨੈਤਿਕ ਬਲ ਦੇਣ‌ ਅਤੇ ਦੋਸੀਆਂ‌ ਨੁੰ ਸਜਾਵਾਂ ਦਿਵਾਉਣ ,ਕਿਸਾਨਾਂ ਤੇ ਦਰਜ ਝੂਠੇ ਪਰਚੇ ਰੱਦ ਕਰਾਉਣ‌ ਲਈ ਯੋਗੀ ਹਕੂਮਤ ਤੇ ਦਬਾਅ ਬਨਾਉਣ ਜਾਂ ਰਿਹਾ ਹੈ। ਉਨਾਂ ਜੇਤੂ ਇਤਿਹਾਸਕ ਕਿਸਾਨ ਸੰਘਰਸ਼ ਦੇ ਹਾਂਦਰੂ ਪੱਖਾਂ‌ ਦਾ ਜ਼ਿਕਰ ਕਰਦਿਆਂ ਅਤੇ ਘਾਟਾਂ‌ ਕਮਜੋਰੀਆਂ‌ ਦੀ ਨਿਗਾਹ ਸਾਨੀ ਕਰਦਿਆਂ ਜਥੇਬੰਦੀ ਨੂੰ  ਮਜ਼ਬੂਤ ਕਰਨ ਦੀ ਲੋੜ ਤੇ ਜੋਰ ਦਿੱਤਾ। ਉਨਾਂ‌ ਹਾੜੀ ਦੇ ਸੀਜਨ ਨਿਬੜਣ‌ ਦੇ ਨਾਲ ਹੀ ਪਿੰਡਾਂ‌ ਚ ਵੱਡੀ ਪੱਧਰ ਤੇ ਫੰਡ‌ ਇਕੱਠਾ ਕਰਨ , ਸਾਰੀਆਂ ਇਕਾਈਆਂ ਚ ਮੈਂਬਰਸ਼ਿਪ ਮੁਹਿੰਮ ਜ਼ੋਰ ਸੋਰ ਨਾਲ ਚਲਾਉਣ ਦਾ ਸੱਦਾ ਦਿੱਤਾ। ਉਨਾਂ ਦਸਿਆ ਕਿ ਸੰਯੁਕਤ ਕਿਸਾਨ ਮੋਰਚੇ ਦੀ ਏਕਤਾ ਨੂੰ  ਹਰ ਹਾਲ ਕਾਇਮ ਰਖਿਆ ਜਾਵੇਗਾ।24‌ ਅਪ੍ਰੈਲ ਦਿਨ ਐਤਵਾਰ ਨੂੰ ਸ਼ਹੀਦ ਹਰਦੀਪ ਸਿੰਘ ਗਾਲਬ‌ ਦੇ ਪਿੰਡ ਗਾਲਬ‌ ਕਲਾਂ ਚ ਕੀਤੇ ਜਾ ਰਹੇ ਸ਼ਰਧਾਂਜਲੀ ਸਮਾਗਮ ਦੀ ਵਿਉਂਤਬੰਦੀ ਕਰਦਿਆਂ ਵਰਕਰਾਂ‌ ਦੀਆਂ ਡਿਉਟੀਆਂ‌ ਨਿਸਚਤ ਕੀਤੀਆਂ‌ ਗਈਆਂ। ਇਸ ਸਮੇਂ ਜਿਲਾ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ, ਜ਼ਿਲਾ ਸਕੱਤਰ ਇੰਦਰਜੀਤ ਸਿੰਘ ਧਾਲੀਵਾਲ, ਬਲਾਕ ਪ੍ਰਧਾਨ ਜਗਤਾਰ ਸਿੰਘ ਦੇਹੜਕਾ, ਬਲਾਕ ਪ੍ਰਧਾਨ ਸੁਖਵਿੰਦਰ ਸਿੰਘ ਹੰਬੜਾਂ, ਧਰਮ‌ ਸਿੰਘ ਸੂਜਾਪੁਰ,  ਜਗਜੀਤ ਸਿੰਘ ਕਲੇਰ, ਤਰਨਜੀਤ ਸਿੰਘ ਕੂਹਲੀ, ਹੈਪੀ ਸਹੋਲੀ , , ਰਾਜਬੀਰ ਘੁਡਾਣੀ, ਸੁਖਦੇਵ ਲਹਿਲ, ਸਰਬਜੀਤ ਧੂੜਕੋਟ, ਸਤਬੀਰ ਸਿੰਘ ਬੋਪਾਰਾਏ, ਬਲਕਾਰ ਸਿੰਘ , ਪਿੱਕਾ ਗਾਲਬ, ਜਗਨਨਾਥ ਸੰਘਰਾਓ ਆਦਿ ਆਗੂ ਹਾਜਰ ਸਨ।

 

ਹੀਟ ਵੇਵ ਸਬੰਧੀ ਐਡਵਾਈਜ਼ਰੀ ਜਾਰੀ

ਦਫ਼ਤਰ ਡਿਪਟੀ ਕਮਿਸ਼ਨਰ ਵਿਖੇ ਆਪਣਾ ਕੰਮ ਕਰਵਾਉਣ ਲਈ ਆਉਂਦੇ ਲੋਕਾਂ ਨੂੰ ਨਿੰਬੂ-ਪਾਣੀ ਪਿਲਾਉਣ ਦੇ ਦਿੱਤੇ ਨਿਰਦੇਸ਼

ਲੁਧਿਆਣਾ, 21 ਅਪ੍ਰੈਲ (  ਰਣਜੀਤ ਸਿੰਘ ਸਿੱਧਵਾਂ  ) - ਨੈਸ਼ਨਲ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ ਵੱਲੋਂ ਹੀਟ ਵੇਵ-2022 ਬਾਰੇ ਜਾਰੀ ਐਡਵਾਈਜ਼ਰੀ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਲੁਧਿਆਣਾ ਸ਼੍ਰੀਮਤੀ ਸੁਰਭੀ ਮਲਿਕ ਵੱਲੋਂ ਸਬੰਧਤ ਵਿਭਾਗਾਂ ਨੂੰ ਹਦਾਇਤ ਜਾਰੀ ਕੀਤੀ ਗਈ ਹੈ ਕਿ ਉਹ ਤੁਰੰਤ ਹੀਟ ਵੇਵ ਐਕਸ਼ਨ ਪਲਾਨ ਤਿਆਰ ਕਰਨ ਤੇ ਇਸ ਦੀ ਰਿਪੋਰਟ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਜਮਾਂ ਕਰਵਾਉਣ।

ਉਨ੍ਹਾਂ ਕਿਹਾ ਕਿ ਉਨ੍ਹਾ ਦੇ ਧਿਆਨ ਵਿੱਚ ਆਇਆ ਹੈ ਕਿ ਦਫ਼ਤਰ ਡਿਪਟੀ ਕਮਿਸ਼ਨਰ ਵਿਖੇ ਦੂਰ-ਦੁਰਾਡੇ ਤੋਂ ਵੀ ਲੋਕ ਆਪਣਾ ਕੰਮ ਕਰਵਾਉਣ ਲਈ ਆਉਂਦੇ ਹਨ । ਉਨ੍ਹਾ ਨਿਰਦੇਸ਼ ਜਾਰੀ ਕੀਤੇ ਹਨ ਕਿ ਦਫ਼ਤਰ ਡਿਪਟੀ ਕਮਿਸ਼ਨਰ ਵਿਖੇ ਆਪਣਾ ਕੰਮ ਕਰਵਾਉਣ ਲਈ ਆਉਂਦੇ ਹਰ ਇੱਕ ਵਿਅਕਤੀ ਨੂੰ ਨਿੰਬੂ-ਪਾਣੀ ਪਿਲਾਇਆ ਜਾਵੇ।

ਡਿਪਟੀ ਕਮਿਸ਼ਨਰ ਨੇ ਭਾਰਤੀ ਮੌਸਮ ਵਿਭਾਗ ਦੀ ਭਵਿੱਖਬਾਣੀ ਤੋਂ ਬਾਅਦ ਜਾਰੀ ਐਡਵਾਈਜ਼ਰੀ ਦਾ ਹਵਾਲਾ ਦਿੰਦਿਆ ਕਿਹਾ ਕਿ ਹੀਟ ਵੇਵ ਦੇ ਅਸਰ ਨੂੰ ਘਟਾਉਣ ਤੇ ਪ੍ਰਬੰਧਨ ਲਈ ਢੁਕਵੀਂ ਤਿਆਰੀ ਨੂੰ ਯਕੀਨੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਇਸ ਲਈ ਜ਼ਿਲ੍ਹੇ 'ਚ ਪੀਣ ਵਾਲੇ ਸਾਫ਼ ਪਾਣੀ ਦੀ ਵਿਵਸਥਾ, ਅਸਥਾਈ ਪਨਾਹਗਾਹਾਂ ਤੇ ਸ਼ੈੱਡਾਂ, ਬਾਹਰੀ ਲੇਬਰ ਲਈ ਕੰਮ ਕਰਨ ਦੇ ਸਮੇਂ ਦਾ ਸਮਾਂ ਨਿਰਧਾਰਤ ਕਰਨਾ ਤੇ ਪਾਰਕਾਂ ਦੀ ਵਰਤੋਂ, ਬਿਹਤਰ ਐਮਰਜੈਂਸੀ ਡਾਕਟਰੀ ਸੇਵਾਵਾਂ, ਜਨਤਕ ਸਿਹਤ, ਬਿਜਲੀ ਦਾ ਢੁਕਵਾਂ ਪ੍ਰਬੰਧ ਮੁਹੱਈਆ ਕਰਵਾਉਣ ਵਰਗੀਆਂ ਗਤੀਵਿਧੀਆਂ ਸ਼ਾਮਲ ਹਨ।

ਉਨ੍ਹਾਂ ਕਿਹਾ ਕਿ ਆਉਣ ਵਾਲੇ ਮਹੀਨਿਆਂ ਵਿੱਚ ਗਰਮੀ ਦੀ ਸੰਭਾਵਤ ਲਹਿਰ ਦੇ ਮਾੜੇ ਪ੍ਰਭਾਵਾਂ ਦਾ ਮੁਕਾਬਲਾ ਕਰਨ ਲਈ ਸ਼ੁਰੂਆਤੀ ਯੋਜਨਾਬੰਦੀ ਢੁਕਵੇਂ ਉਪਾਅ ਕਰਨ ਵਿਚ ਸਹਿਯੋਗ ਕਰ ਸਕਦੀ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹੇ ਨੂੰ ਗਰਮੀ ਦੀ ਲਹਿਰ ਦੇ ਪ੍ਰਭਾਵਸ਼ਾਲੀ ਪ੍ਰਬੰਧਨ ਲਈ ਖੁਦ ਨੂੰ ਤਿਆਰ ਕਰਨ ਦੇ ਯੋਗ ਬਣਾਉਣ ਲਈ ਐਕਸ਼ਨ ਪਲਾਨ ਤੁਰੰਤ ਤਿਆਰ ਕਰਨਾ ਜ਼ਰੂਰੀ ਹੈ।

 

ਜ਼ਿਲ੍ਹਾ ਲੁਧਿਆਣਾ ਨੇ 3 ਨੈਸ਼ਨਲ ਪੰਚਾਇਤ ਐਵਾਰਡ ਜਿੱਤੇ

ਡਿਪਟੀ ਕਮਿਸ਼ਨਰ ਵੱਲੋਂ ਸਮੂਹ ਭਾਗੀਦਾਰਾਂ ਨੂੰ ਮੁਬਾਰਕਬਾਦ

ਲੁਧਿਆਣਾ, 21 ਅਪ੍ਰੈਲ ( ਰਣਜੀਤ ਸਿੰਘ ਸਿੱਧਵਾਂ ) - ਜ਼ਿਲ੍ਹਾ ਲੁਧਿਆਣਾ ਨੇ ਕੇਂਦਰੀ ਪੰਚਾਇਤੀ ਰਾਜ ਮੰਤਰਾਲੇ ਵੱਲੋਂ ਸੇਵਾਵਾਂ ਅਤੇ ਜਨਤਕ ਵਸਤਾਂ ਦੀ ਸਪਲਾਈ ਵਿੱਚ ਸੁਧਾਰ, ਸਮਾਜਿਕ-ਆਰਥਿਕ ਵਿਕਾਸ ਵਿੱਚ ਸ਼ਾਨਦਾਰ ਯੋਗਦਾਨ ਅਤੇ ਬਾਲ-ਅਨੁਕੂਲ ਅਭਿਆਸਾਂ ਨੂੰ ਅਪਣਾਉਣ ਲਈ ਐਲਾਨੇ ਗਏ 3 'ਰਾਸ਼ਟਰੀ ਪੰਚਾਇਤ ਪੁਰਸਕਾਰ-2022' ਜਿੱਤਣ ਦਾ ਮਾਣ ਹਾਸਲ ਕੀਤਾ ਹੈ।

ਦੀਨ ਦਿਆਲ ਉਪਾਧਿਆਏ ਪੰਚਾਇਤ ਸਸ਼ਕਤੀਕਰਨ ਪੁਰਸਕਾਰ (ਡੀ.ਡੀ.ਯੂ.ਪੀ.ਐਸ.ਪੀ.) ਤਹਿਤ ਬਲਾਕ ਮਾਛੀਵਾੜਾ ਅਤੇ ਪਿੰਡ ਰੋਹਲੇ ਦੀ ਗ੍ਰਾਮ ਪੰਚਾਇਤ ਨੇ ਰਾਸ਼ਟਰੀ ਪੁਰਸਕਾਰ ਜਿੱਤਿਆ ਹੈ, ਜਦਕਿ ਨਾਨਾ ਜੀ ਦੇਸ਼ਮੁਖ ਰਾਸ਼ਟਰੀ ਗੌਰਵ ਗ੍ਰਾਮ ਸਭਾ ਪੁਰਸਕਾਰ (ਐਨ.ਆਰ.ਜੀ.ਜੀ.ਐਸ.ਪੀ.) ਪਿੰਡ ਚਹਿਲਾਂ ਦੀ ਗ੍ਰਾਮ ਪੰਚਾਇਤ ਨੂੰ ਦਿੱਤਾ ਗਿਆ ਹੈ।

ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀਮਤੀ ਸੁਰਭੀ ਮਲਿਕ ਨੇ ਵਿਸ਼ੇਸ਼ ਤੌਰ 'ਤੇ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਸ੍ਰੀ ਅਮਿਤ ਕੁਮਾਰ ਪੰਚਾਲ, ਅਧਿਕਾਰੀਆਂ ਅਤੇ ਸਮੂਹ ਭਾਗੀਦਾਰਾਂ ਨੂੰ ਇਹਨਾਂ ਰਾਸ਼ਟਰੀ ਪੁਰਸਕਾਰਾਂ ਨੂੰ ਜਿੱਤਣ ਲਈ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਹ ਸਿਰਫ ਅਧਿਕਾਰੀਆਂ ਅਤੇ ਸਾਰੇ ਭਾਗੀਦਾਰਾਂ ਵੱਲੋਂ ਕੀਤੀ ਗਈ ਸਾਂਝੇ ਤੌਰ 'ਤੇ ਮਿਹਨਤ ਅਤੇ ਚੰਗੇ ਤਾਲਮੇਲ ਸਦਕਾ ਹੀ ਸਾਕਾਰ ਹੋਇਆ ਹੈ।

ਸ੍ਰੀ ਅਮਿਤ ਕੁਮਾਰ ਪੰਚਾਲ ਨੇ ਦੱਸਿਆ ਕਿ 24 ਅਪ੍ਰੈਲ, 2022 ਨੂੰ ਰਾਸ਼ਟਰੀ ਪੰਚਾਇਤੀ ਰਾਜ ਦਿਵਸ ਦੇ ਮੌਕੇ 'ਤੇ ਜੰਮੂ-ਕਸ਼ਮੀਰ ਦੇ ਜ਼ਿਲ੍ਹਾ ਸਾਂਬਾ ਦੇ ਗ੍ਰਾਮ ਪੰਚਾਇਤ ਪਾਲੀ ਵਿਖੇ ਇੱਕ ਸਮਾਗਮ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਉਨ੍ਹਾਂ ਕਿਹਾ ਕਿ ਸਾਰੀਆਂ ਗ੍ਰਾਮ ਪੰਚਾਇਤਾਂ ਵੈੱਬ ਕਾਸਟਿੰਗ ਰਾਹੀਂ ਇਸ ਸਮਾਗਮ ਵਿੱਚ ਸ਼ਾਮਲ ਹੋਣਗੀਆਂ ਅਤੇ ਇੱਥੋਂ ਇਨਾਮ ਵੀ ਆਨਲਾਈਨ ਮਾਧਿਅਮ ਰਾਹੀਂ ਵੰਡੇ ਜਾਣਗੇ।