You are here

ਪੰਜਾਬ

ਸੰਯੁਕਤ ਸਮਾਜ ਮੋਰਚੇ ਵੱਲੋਂ ਰਾਜੇਵਾਲ ਸਮੇਤ 10 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ

ਚੰਡੀਗੜ੍ਹ: 12 ਜਨਵਰੀ, ( ਜਸਮੇਲ ਗ਼ਾਲਿਬ / ਗੁਰਸੇਵਕ ਸੋਹੀ  )ਸੰਯੁਕਤ ਸਮਾਜ ਮੋਰਚੇ ਨੇ ਵਿਧਾਨ ਸਭਾ ਚੋਣਾਂ ਲਈ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ।ਬਲਬੀਰ ਸਿੰਘ ਰਾਜੇਵਾਲ ਸਮਰਾਲਾ ਤੋਂ, ਰਵਨੀਤ ਸਿੰਘ ਬਰਾੜ ਮੋਹਾਲੀ ਤੋਂ, ਐਡਵੋਕੇਟ ਪ੍ਰੇਮ ਸਿੰਘ ਭੰਗੂ ਘਨੌਰ, ਹਰਜਿੰਦਰ ਸਿੰਘ ਟਾਂਡਾ ਖਡੂਰ ਸਾਹਿਬ ਤੋਂ, ਡਾ. ਸੁਖਮਨਦੀਪ ਸਿੰਘ ਢਿੱਲੋਂ ਤਰਨਤਾਰਨ, ਰਾਜੇਸ਼ ਕੁਮਾਰ ਕਰਤਾਰਪੁਰ ਸਾਹਿਬ ਤੋਂ, ਰਮਨਦੀਪ ਸਿੰਘ ਜੈਤੋ ਤੋਂ, ਅਜੈ ਕੁਮਾਰ ਫਿਲੌਰ ਤੋਂ, ਬਲਰਾਜ ਸਿੰਘ ਠਾਕੁਰ ਕਾਦੀਆਂ ਤੋਂ ਅਤੇ ਨਵਦੀਪ ਸਿੰਘ ਸੰਘਾ ਮੋਗਾ ਤੋਂ ਉਮੀਦਵਾਰ ਐਲਾਨੇ ਗਏ ਹਨ। 

ਮਿੰਨੀ ਕਹਾਣੀ ( ਲੰਗਰ ) ✍️ ਜਸਵਿੰਦਰ ਸ਼ਾਇਰ "ਪਪਰਾਲਾ "

ਅੱਜ ਪਿੰਡ ਦੇ ਵਿੱਚੋਂ ਸੱਭ ਤੋਂ ਅਮੀਰ ਆਦਮੀ ਸਰਦਾਰ ਸ਼ਮਸ਼ੇਰ ਸਿੰਘ ਨੇ ਸੜਕ ਦੇ ਕਿਨਾਰੇ ਤੇ ਜਲੇਬੀਆਂ ਤੇ ਦਾਲ ਰੋਟੀ ਦਾ ਲੰਗਰ ਲਾਇਆ ਹੋਇਆ ਸੀ ,ਤੇ ਉਹ ਲੋਕਾਂ ਨੂੰ ਰੋਕ ਰੋਕ ਕੇ ਲੰਗਰ ਖਾਣ ਦੀ ਬੇਨਤੀ ਕਰ ਰਿਹਾ ਸੀ । ਸਾਰੇ ਨੇੜੇ- ਤੇੜੇ ਦੇ ਲੋਕ ਉਹਦੀ ਕਾਫੀ ਪ੍ਰਸ਼ੰਸਾ ਕਰ ਰਹੇ ਸਨ ।ਕਿ ਸ਼ਮਸ਼ੇਰ ਕਿੰਨਾਂ ਭਲੇਮਾਣਸ ਬੰਦਾ ਏ, ਇੰਨਾਂ ਬੜਾ ਆਦਮੀ ਹੋਕੇ ਵੀ ਲੰਗਰ ਲਈ ਲੋਕਾਂ ਨੂੰ ਆਪ ਰੋਕ ਰਹਿਆ ਏ। ਸਾਰੀ ਦਿਹਾੜੀ ਲੰਗਰ ਚੱਲਦਾ ਰਿਹਾ , ਲੋਕਾਂ ਨੇ ਉਹਦੀ ਇਸ ਸੇਵਾ ਦਾ ਕਾਫੀ ਗੁਣਗਾਣ ਗਾਇਆ । ਇਕ ਦਿਨ ਕੀ ਹੋਇਆ ਦੀ ਉਹਦੀ ਮਾਂ ਆਂਗਨਵਾੜੀ ਚ ਚੋਰੀ ਚੋਰੀ ਅੰਦਰ ਕਮਰੇ ਚ ਬੈਠੀ ਰੋਟੀ ਖਾ ਰਹੀ ਸੀ ਤੇ ਮੈਨੂੰ ਦੇਖ ਕੇ ਉਹਨੇ ਰੋਟੀ ਪਿੱਛੇ ਲੁਕਾ ਲਈ,ਮੈਂ ਕਮਰੇ ਤੋਂ ਬਾਹਰ ਆ ਗਿਆ ਕੁੱਝ ਚਿਰਾਂ ਬਾਅਦ ਉਹ ਕਮਰੇ ਤੋਂ  ਬਾਹਰ ਆ ਗਈ ਤੇ ਮੇਰੇ ਮੁਹਰੇ ਹੱਥ ਬੰਨ ਕੇ ਕਹਿਣ ਲੱਗੀ ਪੁੱਤ ਬਣਕੇ ਮੇਰੇ ਸ਼ਮਸ਼ੇਰ ਨੂੰ ਦੱਸੀ ਨਹੀਂ ਤਾਂ ਮੇਰਾ ਰੋਟੀ ਪਾਣੀ ਬਿਲਕੁਲ ਬੰਦ ਹੋ ਜਾਵੇਗਾ, ਉਂਝ ਤਾਂ ਉਹ ਆਪਣੇ ਆਪ ਨੂੰ  ਵੱਡਾ।ਕਹਾਉਂਦਾ ਏ ਪਰ ਅਸਲ ਚ ਤਾਂ ਉਹ ਬਹੁਤ ਪਾਪੀ ਏ।ਮੈਨੂੰ ਘਰ ਚ ਬਾਸੀ ਰੋਟੀ ਮਿਲਦੀ ਏ ।ਉਹਦੀ ਅੱਖਾਂ ਚੋਂ ਹੰਝੂ ਲਗਾਤਾਰ ਗਿਰ ਰਹੇ ਸਨ। ਇਕ ਪਾਸੇ ਤਾਂ ਮੈਨੂੰ ਉਹਦੀ ਮਾਂ ਤੇ ਤਰਸ ਆ ਰਿਹਾ ਸੀ ਤੇ ਦੂਜੇ  ਪਾਸੇ ਤਾਂ ਉਹਦੇ ਲੰਗਰ ਲਾਏ ਤੇ ਹੈਰਾਨੀ ਹੋ ਰਹੀ ਸੀ ।
ਜਸਵਿੰਦਰ ਸ਼ਾਇਰ "ਪਪਰਾਲਾ "
9996568220

ਮਿੰਨੀ ਕਹਾਣੀ ( ਲੀਡਰੀ ਲੂਡਰੀ ) ✍️ ਸ਼ਿਵਨਾਥ ਦਰਦੀ

ਵਜ਼ੀਰ ਸਿੰਘ 'ਸਤਿ ਸ੍ਰੀ ਆਕਾਲ' ਸੰਧੂ ਸਾਹਿਬ । 'ਸੰਧੂ ਸਾਹਿਬ' ਜ਼ਿੰਦਗੀ ਤਾਂ ਤੁਹਾਡੀ , ਸਾਰਾ ਪਿੰਡ , "ਤੁਹਾਡਾ ਸਤਿਕਾਰ ਕਰਦਾ, ਸਲਾਮ ਠੋਕਦਾ" । ਜਦੋਂ ਕੋਈ ਪਾਰਟੀ ਦਾ ਵੱਡਾ ਮੰਤਰੀ ਆਉਂਦਾ , ਤਹਾਨੂੰ ਨਾਲ ਬਿਠਾਇਆ ਜਾਂਦਾ । ਸਰਕਾਰੇ ਦਰਬਾਰੇ, ਤੁਹਾਡੀ ਪੂਰੀ ਸੁਣੀ ਜਾਂਦੀ । ਵੱਡੇ ਵੱਡੇ ਪੁਲਿਸ ਵਾਲੇ ਵੀ , ਤੁਹਾਨੂੰ ਸਲਾਮਾਂ ਠੋਕਦੇ ।

     ਮੈਂ ਰੱਬ ਕਹਿਣਾ , ਕਿਤੇ ਰੱਬ , ਮੈਨੂੰ ਵੀ ਲੀਡਰ ਬਣਾਂਦੇ , ਮੈਂ ਵੀ ਨਜ਼ਾਰੇ ਲਵਾਂ । ਜਿਵੇਂ ਚਾਰੇ ਪਾਸੇ 'ਸੰਧੂ ਸਾਹਿਬ', 'ਸੰਧੂ ਸਾਹਿਬ' ਹੁੰਦੀ , ਇਵੇਂ ਕਿਤੇ , ਮੇਰੀ ਵੀ ਕਿਤੇ , "ਜੈ ਜੈ ਕਾਰ ਹੋਜੇ" , "ਰੱਬ ਦੀ ਸੌਂਹ ਨਜ਼ਾਰ ਆ ਜੇ'' ।

      ਓ ਵਜ਼ੀਰ ਸਿਹਾਂ , "ਸਾਡੀ ਜ਼ਿੰਦਗੀ ਤਾਂ , ਇੱਕ ਖਿੱਦੋ ਵਰਗੀ " ! ਉਤੋਂ ਸੋਹਣੀ , ਅੰਦਰੋਂ ਲੀਰਾਂ ? ਇਹ ਸਲਾਮਾਂ ਤਾਂ ਮਤਲਬ ਦੀਆਂ । ਮੇਰਾ ਸਾਰਾ ਸਾਰਾ ਦਿਨ ਲੋਕਾਂ ਦੇ ਫੈਸਲਿਆਂ ਵਿਚ ਲੰਘ ਜਾਂਦਾ । ਕਈ ਵਾਰ ਤਾਂ , "ਰੋਟੀ ਵੀ ਨਸੀਬ ਨਹੀਂ ਹੁੰਦੀ" । ਅਫਸਰਾਂ ਨੂੰ ਸਿਫਾਰਸ਼ਾਂ ਕਰਾਂ , ਕੰਮ ਕਰਾਉਣੇ ਪੈਂਦੇ । ਪਰ , ਜਦੋਂ ਵੋਟਾਂ ਦਾ ਟਾਈਮ ਆਉਂਦਾ । ਸਾਰੇ ਲੀਡਰ ਬਣ ਜਾਂਦੇ , ਪੂਰੀਆਂ ਮਿੰਨਤਾਂ ਕਰਾਉਂਦੇ । ਸਾਰੇ ਕੀਤੇ ਕੰਮ ਭੁੱਲ ਜਾਂਦੇ । ਜਦੋਂ ਲੜਾਈ ਝਗੜਾ ਹੁੰਦਾ , ਓਦੋਂ ਰਾਤ ਦੇ ਬਾਰਾਂ ਬਾਰਾਂ ਵਜੇ ਤੱਕ ਨਹੀਂ ਸੌਣ ਨਹੀਂ ਦਿੰਦੇ । ਜੇ ਇੱਕ ਪਿਛੇ ਚਲੇ ਜਾਈਏ , ਦੂਜਾ ਗੁਸੇ ਹੋ ਜਾਂਦਾ । ਪਿੰਡ ਦੇ ਕਈ ਲੋਕ ਤਾਂ , ਪਿੱਠ ਪਿੱਛੇ ਚੁਗਲੀਆਂ ਕਰਦੇ , ਗਾਲਾਂ ਕੱਢਦੇ ।

       ਪੰਜ ਪੜੇ ਨਹੀਂ ਹੁੰਦੇ , ਹਰੇਕ ਆ ਕੇ ਕਹਿੰਦਾ , "ਮੈਨੂੰ ਸਰਕਾਰੀ ਨੌਕਰੀ ਲਵਾਦੇ" । ਸਰਕਾਰ ਕੋਲੇ , ਓਨਾਂ ਲਈ ਨੌਕਰੀਆਂ ਨਹੀਂ , ਜਿਹੜੇ ਡਿਗਰੀਆਂ ਡਿਪਲੋਮੇ ਕਰੀ ਫਿਰਦੇ । ਓਹ ਵਿਚਾਰੇ ਨੌਕਰੀ ਖਾਤਿਰ , ਟੈਂਕੀਆਂ ਤੇ ਚੜ੍ਹਦੇ , ਠੰਢਾ ਚ ਧਰਨੇ ਲਾਉਂਦੇ । ਇਹ ਪੰਜ ਦਸ ਪੜਿਆ ਨੂੰ , ਕਿਥੇ ਨੌਕਰੀ ਲਵਾਂ ਦੇਈਏ ।

        ਭਰਾਵਾਂ , ਮੇਰੇ ਘਰਵਾਲ਼ੀ ਸਾਰਾ ਦਿਨ ਚਾਹ ਪਾਣੀ ਬਣਾਉਂਦੀ , ਖਪ ਜਾਂਦੀ । ਸਾਡੀ ਕਾਹਦੀ ਲੀਡਰੀ । ਲੋਕ ਨਹੀਂ ,ਖੁਸ਼ ਹੁੰਦੇ । ਆਹ ਲੀਡਰੀ ਲੂਡਰੀ ਨਾਂ ਦੀ ਹੈ ।

                             ਸ਼ਿਵਨਾਥ ਦਰਦੀ 

                      ਸੰਪਰਕ :- 9855155392

ਬਾਬਾ ਫ਼ਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਫ਼ਰੀਦਕੋਟ ।

ਬਿਮਾਰੀ ਨਾਲ ਜੂਝਦੇ ਨੌਜਵਾਨ ਸੱਤਪਾਲ ਸਿੰਘ ਦੀ ਹਾਰਟ ਅਟੈਕ ਨਾਲ ਮੌਤ

ਸੱਤਪਾਲ ਸਿੰਘ ਨਮਿੱਤ ਫੁੱਲ ਚੁੁਗਣ ਦੀ ਰਸਮ ਅੱਜ  

ਮਹਿਲ ਕਲਾਂ /ਬਰਨਾਲਾ 11 ਜਨਵਰੀ- (ਗੁਰਸੇਵਕ ਸੋਹੀ )- ਪੰਜਾਬ ਅੰਦਰ ਗ਼ਰੀਬ ਪਰਿਵਾਰਾਂ ਦੇ ਨੌਜਵਾਨਾਂ ਦੀਆਂ ਲੱਖਾਂ ਰੁਪਏ ਇਲਾਜ ਤੇ ਲਾਉਣ ਦੇ ਬਾਵਜੂਦ ਮੌਤਾਂ ਦੀ ਦਰ ਲਗਾਤਾਰ ਵਧ ਰਹੀ ਹੈ। ਗ਼ਰੀਬ ਪਰਿਵਾਰ ਆਪਣਾ ਸਭ ਕੁਝ ਵੇਚ ਵੱਟਕੇ ਇਲਾਜ ਉੱਤੇ ਲਾਉਣ ਲਈ ਜੱਦੋਜਹਿਦ ਕਰ ਰਹੇ ਹਨ। ਪੰਜਾਬ ਅੰਦਰ ਜਿੱਥੇ ਭਿਆਨਕ ਬਿਮਾਰੀਆਂ ਆਮ ਲੋਕਾਂ ਨੂੰ ਆਪਣੀ ਲਪੇਟ ਵਿੱਚ ਲੈ ਰਹੀਆਂ ਹਨ, ਉਥੇ ਸਹੀ ਇਲਾਜ ਨਾ ਹੋਣ ਕਰਕੇ ਨੌਜਵਾਨ ਮੌਤ ਦੇ ਮੂੰਹ ਜਾ ਰਹੇ ਹਨ।ਅਜਿਹਾ ਹੀ ਮਾਮਲਾ ਕਸਬਾ ਮਹਿਲ ਕਲਾਂ ਵਿਖੇ ਸਾਹਮਣੇ ਆਇਆ, ਜਿਥੇ ਸੱਤਪਾਲ ਸਿੰਘ ਸਹੋਤਾ (29)ਪੁੱਤਰ ਬਲਵੀਰ ਸਿੰਘ ਦੀ ਹਾਰਟ ਅਟੈਕ ਨਾਲ ਮੌਤ ਹੋ ਗਈ। ਪਰਿਵਾਰ ਵੱਲੋਂ ਨੌਜਵਾਨ ਸੱਤਪਾਲ ਸਿੰਘ ਦੇ ਇਲਾਜ ਲਈ ਲੱਖਾਂ ਰੁਪਿਆ ਲਗਾਉਣ ਦੇ ਬਾਵਜੂਦ ਉਸ ਨੂੰ ਬਚਾ ਨਹੀਂ ਸਕਿਆ। ਸੱਤਪਾਲ ਸਿੰਘ ਦਾ 1 ਸਾਲ ਤੋਂ ਵੱਖ ਵੱਖ ਹਸਪਤਾਲਾਂ ਵਿਚ ਇਲਾਜ ਚੱਲ ਰਿਹਾ ਸੀ ਤੇ ਉਹ ਕਿਸੇ ਭਿਆਨਕ ਬਿਮਾਰੀ ਦੀ ਲਪੇਟ ਵਿੱਚ ਸੀ।ਦੁੱਖ ਦੀ ਖਬਰ ਇਹ ਹੈ ਕਿ ਗ਼ਰੀਬ ਪਰਿਵਾਰ ਦਾ ਨੌਜਵਾਨ ਅੱਜ ਬਿਮਾਰੀ ਨਾਲ ਜੂਝਦਾ ਅਚਾਨਕ ਆਏ ਹਾਰਟ ਅਟੈਕ ਨਾਲ ਮੌਤ ਦੇ ਮੂੰਹ ਚ ਚਲਿਆ ਗਿਆ। ਜਿਸ ਦਾ ਕਿ ਅੱਜ ਅੰਤਮ ਸੰਸਕਾਰ ਮਹਿਲ ਕਲਾਂ ਵਿਖੇ ਕੀਤਾ ਗਿਆ। ਮ੍ਰਿਤਕ ਸੱਤਪਾਲ ਸਿੰਘ ਆਪਣੇ ਪਿੱਛੇ ਪਤਨੀ ਸੁਰਿੰਦਰ ਕੌਰ ਅਤੇ ਬੇਟੀ ਸ਼ੁਭਰੀਤ ਕੌਰ ਤੇ ਮਾਪਿਆਂ ਨੂੰ ਰੋਂਦਿਆਂ ਛੱਡ ਗਿਆ। ਮ੍ਰਿਤਕ ਨੌਜਵਾਨ ਸੱਤਪਾਲ ਸਿੰਘ ਦੀ ਮੌਤ ਤੇ ਸਾਬਕਾ ਸੰਸਦੀ ਸਕੱਤਰ ਸੰਤ ਬਲਵੀਰ ਸਿੰਘ ਘੁੰਨਸ,ਵਿਧਾਇਕ ਕੁਲਵੰਤ ਸਿੰਘ ਪੰਡੋਰੀ,ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਉਮੀਦਵਾਰ ਚਮਕੌਰ ਸਿੰਘ ਵੀਰ,ਹੋਪ ਫਾਰ ਮਹਿਲ ਕਲਾਂ ਦੇ ਇੰਚਾਰਜ ਕੁਲਵੰਤ ਸਿੰਘ ਟਿੱਬਾ, ਮਲਕੀਤ ਸਿੰਘ ਈਨਾਂ, ਗੁਰਪ੍ਰੀਤ ਸਿੰਘ ਚੀਨਾ,ਬਾਬਾ ਸ਼ੇਰ ਸਿੰਘ ਖ਼ਾਲਸਾ,ਐਡਵੋਕੇਟ ਜਸਵੀਰ ਸਿੰਘ ਖੇੜੀ ,ਗੁਣਤਾਜ ਪ੍ਰੈੱਸ ਕਲੱਬ ਮਹਿਲ ਕਲਾਂ ਦੇ ਪ੍ਰਧਾਨ ਡਾ ਮਿੱਠੂ ਮੁਹੰਮਦ,ਆਜਾਦ ਪ੍ਰੈਸ ਕਲੱਬ ਦੇ ਪ੍ਰਧਾਨ ਜਸਵੀਰ ਸਿੰਘ ਵਜੀਦਕੇ, ਪ੍ਰੈਸ ਕਲੱਬ ਦੇ ਪ੍ਰਧਾਨ ਬਲਵਿੰਦਰ ਸਿੰਘ ਵਜੀਦਕੇ, ਲੋਕ ਭਲਾਈ ਵੈਲਫੇਅਰ ਸੁਸਾਇਟੀ ਮਹਿਲ ਕਲਾਂ ਦੇ ਪ੍ਰਧਾਨ ਡਾ ਪਰਮਿੰਦਰ ਸਿੰਘ ਹਮੀਦੀ, ਸਤਿਕਰਤਾਰ ਯੂ ਟਿਊਬ ਚੈਨਲ ਦੇ ਡਾਇਰੈਕਟਰ ਹਰਪਾਲ ਪਾਲੀ ਵਜੀਦਕੇ ਨੇ ਦੁੱਖ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਸਰਕਾਰਾਂ ਨੂੰ ਅਜਿਹੇ ਪਰਿਵਾਰਾਂ ਦਾ ਸਾਥ ਦੇਣਾ ਚਾਹੀਦਾ ਹੈ ਤੇ ਗ਼ਰੀਬ ਪਰਿਵਾਰਾਂ ਲਈ ਸਹੀ ਮੁਫ਼ਤ ਇਲਾਜ ਦਾ ਪ੍ਰਬੰਧ ਹੋਣਾ ਬੜਾ ਜ਼ਰੂਰੀ ਹੈ,ਤਾਂ ਜੋ ਬਿਮਾਰੀ ਨਾਲ ਜੂਝਦੇ ਲੋਕਾਂ ਨੂੰ ਬਚਾਇਆ ਜਾ ਸਕੇ। ਇਸ ਮੌਕੇ ਜਾਣਕਾਰੀ ਦਿੰਦਿਆਂ ਮਿ੍ਤਕ ਦੇ ਚਚਰੇ ਭਰਾ ਤੇ ਗੁਣਤਾਜ ਪ੍ਰੈੱਸ ਕਲੱਬ ਮਹਿਲ ਕਲਾਂ ਦੇ ਜਨਰਲ ਸਕੱਤਰ ਗੁਰਸੇਵਕ ਸਿੰਘ ਸਹੋਤਾ ਨੇ ਕਿਹਾ ਕਿ ਮ੍ਰਿਤਕ ਨੌਜਵਾਨ ਸਤਪਾਲ ਸਿੰਘ ਸਹੋਤਾ  ਨਮਿੱਤ ਫੁੱਲਾਂ ਦੀ ਰਸਮ ਅੱਜ 9ਵਜੇ ਹੋਵੇਗੀ।

ਦਲ-ਬਦਲੂ ✍️ ਸਲੇਮਪੁਰੀ ਦੀ ਚੂੰਢੀ

ਨਾ ਦੇਸ਼ ਦੀ,
ਨਾ ਸੂਬੇ ਦੀ,
ਨਾ ਲੋਕਾਂ ਦੀ
ਕੋਈ ਪ੍ਰਵਾਹ!
ਮਨ ਵਿਚ ਵਸਿਆ
 ਇੱਕੋ ਚਾਅ!
ਬਸ, ਕੁਰਸੀ ਬਚਾਅ!
ਕੁਰਸੀ ਬਚਾਅ !
ਭਾਵੇਂ ਇੱਧਰ ਆ!
ਭਾਵੇਂ ਓਧਰ ਜਾਹ!
ਪਰ, ਕੁਰਸੀ ਬਚਾਅ!
ਕੁਰਸੀ ਬਚਾਅ!!
-ਸੁਖਦੇਵ ਸਲੇਮਪੁਰੀ
09780620233
11 ਜਨਵਰੀ, 2022.

ਭਾਰੀ ਬਾਰਸ਼ ਤੇ ਗੜੇਮਾਰੀ ਨਾਲ ਕਣਕ ਆਲੂ ਤੇ ਸਬਜ਼ੀਆਂ ਦੇ ਨੁਕਸਾਨ ਦੀ ਪੂਰਤੀ ਲਈ ਸਰਕਾਰੀ ਸਹਾਇਤਾ ਦੀ ਮੰਗ ਕੀਤੀ

ਜਗਰਾਉਂ, 11 ਜਨਵਰੀ ( ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ) ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਬਲਾਕ ਜਗਰਾਂਓ ਦਾ ਵਫਦ ਜਿਲਾ ਸਕੱਤਰ ਇੰਦਰਜੀਤ ਸਿੰਘ ਧਾਲੀਵਾਲ ਦੀ ਅਗਵਾਈ ਚ ਸਥਾਨਕ ਐਸ ਡੀ ਐਮ ਸ਼੍ਰੀ ਵਿਕਾਸ ਹੀਰਾ ਨੂੰ ਮਿਲਿਆ। ਵਫਦ ਨੇ ਉਪਮੰਡਲ ਅਧਿਕਾਰੀ ਤੋਂ ਬੀਤੇ ਦਿਨੀਂ ਸੂਬੇ ਭਰ ਚ ਹੋਈ ਭਾਰੀ ਬਾਰਸ਼ ਤੇ ਗੜੇਮਾਰੀ ਕਾਰਨ ਕਣਕ, ਆਲੂ ਤੇ ਸਬਜੀਆਂ ਦੇ ਨੁਕਸਾਨ ਦੀ ਪੂਰਤੀ ਲਈ ਸਰਕਾਰੀ ਸਹਾਇਤਾ ਦੀ ਮੰਗ ਕੀਤੀ। ਵਫਦ ਨੇ ਦੱਸਿਆ ਕਿ ਇਲਾਕੇ ਦੇ ਕਈ ਪਿੰਡਾਂ ਚ ਸਬਜੀਆਂ ਤੇ ਆਲੂ ਪੂਰੀ ਤਰਾਂ ਤਬਾਹ ਹੋ ਗਏ ਹਨ।ਉਨਾਂ ਪਿੰਡ ਚਕਰ ਦੀ ਸੋ ਕਿਲੇ ਦੇ ਕਰੀਬ ਪੈਲੀ ਪੂਰੀ ਤਰਾਂ ਪਾਣੀ ਚ ਡੁੱਬ ਜਾਣ ਕਾਰਨ ਕਣਕ ਦੇ ਪੂਰੀ ਤਰਾਂ ਮਹੀਨੇ ਭਰ ਲਈ ਡੁੱਬ ਜਾਣ ਕਾਰਨ ਸਰਕਾਰੀ ਸਹਾਇਤਾ ਦੀ ਫੌਰੀ ਮੰਗ ਕੀਤੀ। ਞਫਦ ਨੇ ਦੱਸਿਆ ਕਿ ਇਸ ਕੁਦਰਤੀ ਮਾਰ ਦਾ ਸ਼ਿਕਾਰ ਜਿਆਦਾਤਰ ਛੋਟੀ ਕਿਸਾਨੀ ਹੈ ਜੋ ਜਿਆਦਾਤਰ ਠੇਕੇ ਤੇ ਜਮੀਨ ਲੈ ਕੇ ਵਾਹੀ ਬਿਜਾਈ ਕਰਦੀ ਹੈ। ਸਹਾਇਤਾ ਨਾ ਮਿਲਣ ਦੀ ਸੂਰਤ ਚ ਕਿਸਾਨ ਕਰਜਈ ਹੋਣਗੇ ਜਿਸ ਦਾ ਸਿੱਟਾ ਮਾੜੀਆਂ ਘਟਨਾਵਾਂ ਚ ਨਿਕਲ ਸਕਦਾ ਹੈ।ਵਫਦ ਨੇ  ਅੱਗੇ ਦੱਸਿਆ ਕਿ ਯੂਰੀਆ ਖਾਦ ਦੀ ਘਾਟ ਕਾਰਨ ਵੀ ਕਿਸਾਨ ਬੁਰੀ ਤਰਾਂ ਪ੍ਰੇਸ਼ਾਨੀ ਚੋਂ ਲੰਘ ਰਹੇ ਹਨ।ਯੂਰੀਆ ਦੀ ਮਾਤਰਾ ਪੇੰਡੂ ਸਹਿਕਾਰੀ ਸੁਸਾਇਟੀਆਂ ਲਈ 80 ਪ੍ਰਤੀਸ਼ਤ ਕਰਨ , ਖਾਦ ਡੀਲਰਾਂ ਵਲੋਂ ਧੱਕੇ ਨਾਲ ਕਿਸਾਨਾਂ ਤੇ ਯੂਰੀਆ ਦੀ ਖਰੀਦ ਸਮੇਂ ਫਾਲਤੂ ਸਮਾਨ ਮੜਣ ਦਾ ਮੁੱਦਾ ਵੀ ਸਿਵਲ ਅਧਿਕਾਰੀ ਦੇ ਧਿਆਨ ਚ ਲਿਆਂਦਾ ਗਿਆ। ਐਸ ਡੀ ਐਮ ਇਨਾਂ ਸਾਰੇ ਮਸਲਿਆਂ ਤੇ ਪਹਿਲ ਦੇ ਆਧਾਰ ਤੇ ਅਮਲ ਦਾ ਯਕੀਨ ਦਿਵਾਇਆ। ਉਨਾਂ ਦਸਿਆ ਕਿ ਫਸਲਾਂ ਦੇ ਨੁਕਸਾਨ ਦਾ ਸਰਵੇਖਣ ਕਰਨ ਲਈ  ਤਹਿਸੀਲਦਾਰਾਂ ਨੂੰ ਹੁਕਮ ਜਾਰੀ ਕਰ ਦਿਤੇ ਗਏ ਹਨ। ਇਸ ਸਮੇਂ ਬਲਾਕ ਪ੍ਰਧਾਨ ਜਗਤਾਰ ਸਿੰਘ ਦੇਹੜਕਾ ਨੇ ਦੱਸਿਆ ਕਿ ਇਨਾਂ ਮੰਗਾਂ ਦੀ ਪੂਰਤੀ ਨਾ ਹੋਣ ਦੀ ਸੂਰਤ ਚ 14 ਜਨਵਰੀ ਦੀ  ਜਗਰਾਓ  ਯੂਨੀਅਨ ਦਫਤਰ ਵਿਖੇ ਹੋਣ ਜਾ ਰਹੀ ਬਲਾਕ ਕਮੇਟੀ ਤੇ ਸਾਰੀਆਂ ਇਕਾਈਆਂ ਦੇ ਪ੍ਰਧਾਨਾਂ ਦੀ ਮੀਟਿੰਗ ਚ ਅਗਲਾ ਸੰਘਰਸ਼ ਪ੍ਰੋਗਰਾਮ ਉਲੀਕਿਆ ਜਾਵੇਗਾ।ਵਫਦ ਚ ਗੁਰਪ੍ਰੀਤ ਸਿੰਘ ਸਿਧਵਾਂ ਜਿਲਾ ਪ੍ਰੈੱਸ ਸਕੱਤਰ,  ਤਰਸੇਮ ਸਿੰਘ ਬੱਸੂਵਾਲ ਬਲਾਕ ਸਕੱਤਰ,  ਇਨਕਲਾਬੀ ਕੇਂਦਰ ਪੰਜਾਬ ਦੇ ਆਗੂ ਕੰਵਲਜੀਤ ਖੰਨਾ,ਦਲਜੀਤ ਸਿੰਘ ਰਸੂਲਪੁਰ, ਬਿੱਕਰ ਸਿੰਘ ਅਖਾੜਾ ਮੀਤ ਪ੍ਰਧਾਨ ਹਾਜਰ ਸਨ।

(ਸ਼ਰਾਬ) ਮਿੰਨੀ ਕਹਾਣੀ ✍️ ਜਸਵਿੰਦਰ ਸ਼ਾਇਰ "ਪਪਰਾਲਾ "

ਸਰਦਾਰ ਅਮਰ ਸਿੰਘ ਦੂਜੀ ਵਾਰ ਐਮ ਐਲ ਏ ਦੀ ਵੋਟਾਂ ਵਿੱਚ ਖੜਾ ਸੀ । ਪਿਛਲੇ ਪੰਜ ਸਾਲਾਂ ਚ ਉਹਨੇ ਕਿਸੇ ਵੀ ਪਿੰਡ ਦਾ ਕੋਈ ਕੰਮ ਨਹੀਂ ਕੀਤਾ । ਪਰ ਦੁਆਰਾ ਟਿਕਟ ਮਿਲਣ ਸਾਰ ਹੀ ਸਭ ਤੋਂ ਪਹਿਲਾਂ ਉਹਨੇ ਸ਼ਰਾਬ ਦਾ ਕੋਟਾ ਪੂਰਾ ਕੀਤਾ । ਫੇਰ ਕੀ ਸੀ ਵੋਟਾਂ ਤੋਂ ਇਕ ਵੋਟਾਂ ਤੋਂ ਇਕ ਪਹਿਲਾਂ ਸ਼ੁਰੂ ਕਰਤੀ ਸ਼ਰਾਬ ਵੰਡਣੀ ਤੇ ਲੋਕਾਂ ਨੇ ਆਪਣੇ ਸ਼ੰਘਰਸ਼ ਲਈ ਕੀ ਲੜਨਾ ਸੀ । ਆਪਣੇ ਬੱਚਿਆਂ ਦੇ ਭਵਿੱਖ ਨੂੰ ਨਜ਼ਰ ਅੰਦਾਜ਼ ਕਰਕੇ ਵਿਕ ਗਏ ਸ਼ਰਾਬ ਪਿੱਛੇ ।
ਜਸਵਿੰਦਰ ਸ਼ਾਇਰ "ਪਪਰਾਲਾ "
9996568220

ਭਰੋਸਾ ਤੇ ਵਾਅਦਾ ✍️ ਸਲੇਮਪੁਰੀ ਦੀ ਚੂੰਢੀ

-ਦੋਸਤੋ!
ਦਿੱਤਾ ਭਰੋਸਾ
 ਕੀਤਾ ਵਾਅਦਾ
 ਪੂਰੇ ਹੋ ਜਾਣ ਤਾਂ
 ਜਿੰਦਗੀ
ਰੰਗੀਨ ਬਣ ਜਾਂਦੀ ਐ !
ਜੇ  ਟੁੱਟ ਜਾਣ
ਤਾਂ ਆਸਾਂ ਦੀ ਤੰਦ
ਮਲੀਨ ਬਣ ਜਾਂਦੀ ਐ!
ਇਸ ਲਈ-
ਸੋਚ ਕੇ ਵਾਅਦਾ ਕਰਨਾ !
ਝੂਠਾ ਭਰੋਸਾ ਨਾ
ਪਰੋਸ ਕੇ ਧਰਨਾ !
ਦੋਸਤੋ!
ਜਿੰਦਗੀ ਭਰੋਸਿਆਂ 'ਤੇ
ਚੱਲਦੀ ਐ!
ਦਿੱਤੇ ਭਰੋਸੇ,
ਕੀਤੇ ਵਾਅਦੇ,
 ਦਾ ਕਤਲ ਨਾ ਕਰਨਾ!
-ਸੁਖਦੇਵ ਸਲੇਮਪੁਰੀ
09780620233
10 ਜਨਵਰੀ, 2022 !

ਕਾਤਲਾਂ ਦੀ ਗ੍ਰਿਫਤਾਰੀ ਲਈ ਕਲੇਰਾਂ'ਚ ਵੀ ਫੂਕਿਆ ਗਿਆ ਸਰਕਾਰ ਦਾ ਪੁਤਲ਼ਾ

ਜੱਥੇਬੰਦੀਆਂ 26 ਨੂੰ ਸਿਟੀ ਥਾਣੇ ਅੱਗੇ ਲਗਾਉਣਗੀ ਪੱਕਾ ਧਰਨਾ !

ਜਗਰਾਉਂ 10 ਜਨਵਰੀ (ਜਸਮੇਲ ਗ਼ਾਲਿਬ ) ਪਿੰਡ ਰਸੂਲਪੁਰ ਦੀ ਵਸਨੀਕ ਦਲਿਤ ਪਰਿਵਾਰ ਦੀ ਬੇਟੀ ਕੁਲਵੰਤ ਕੌਰ ਨੂੰ ਨਜ਼ਾਇਜ਼ ਹਿਰਾਸਤ 'ਚ ਰੱਖਣ ਵਾਲੇ ਅਤੇ  ਬੇਟੀ ਦੀ ਮੌਤ ਲਈ ਮੁੱਖ ਦੋਸ਼ੀ ਉਸ ਸਮੇਂ ਦੇ ਥਾਣਾ ਸਿਟੀ ਦੇ ਮੁੱਖ ਅਫਸਰ ਹੁਣ ਡੀ.ਅੈਸ.ਪੀ. ਗੁਰਿੰਦਰ ਬੱਲ, ਚੌਂਕੀ ਇੰਚਾਰਜ ਏ.ਅੈਸ.ਆਈ. ਰਾਜਵੀਰ ਤੇ ਫਰਜ਼ੀ ਬਣੇ ਗਵਾਹ ਹਰਜੀਤ ਸਰਪੰਚ ਦੀ ਗ੍ਰਿਫਤਾਰੀ ਨਾਂ ਹੋਣ ਦੇ ਰੋਸ ਵਜੋਂ ਜੱਥੇਬੰਦੀਆਂ ਵਲੋਂ ਉਡੀਕੇ ਸਾਂਝੇ ਪ੍ਰੋਗਰਾਮ ਤਹਿਤ ਅੱਜ ਬਹੁਜਨ ਸਮਾਜ ਪਾਰਟੀ ਦੇ ਆਗੂ ਗੁਰਬਚਨ ਸਿੰਘ ਮਾਨ ਦੀ ਅਗਵਾਈ 'ਚ ਵਰਕਰਾਂ ਵਲੋਂ ਜਿਥੇ ਪਿੰਡ ਕਲੇਰਾਂ ਵਿੱਚ ਪੰਜਾਬ ਸਰਕਾਰ ਤੇ ਜਗਰਾਉਂ ਪੁਲਿਸ ਦਾ ਪੁਤਲਾ ਫੂਕਿਆ, ਉਥੇ ਪਿੰਡ ਮਾਣੂੰਕੇ 'ਚ ਵੀ ਕਿਸਾਨਾਂ-ਮਜ਼ਦੂਰਾਂ ਨੇ ਇਕੱਠੇ ਹੋ ਕੇ ਪੰਜਾਬ ਸਰਕਾਰ ਤੇ ਪੁਲਿਸ ਦਾ ਪੁਤਲ਼ਾ ਫੂਕਿਅਾ। ਆਮ ਲੋਕਾਂ ਨੂੰ 26 ਦੇ ਧਰਨੇ ਲਈ ਲਾਮਬੰਦ ਕਰਦਿਆਂ ਕਿਹਾ ਕਿ ਪੁਲਿਸ ਅਧਿਕਾਰੀ ਜਾਣਬੁੱਝ ਕੇ ਦੋਸ਼ੀਆਂ ਦੀ ਗ੍ਰਿਫਤਾਰੀ ਨਹੀਂ ਕਰ ਰਹੇ ਤੇ ਪੁਲਿਸ ਅਧਿਕਾਰੀ ਦੋਸ਼ੀਆਂ ਨਾਲ ਮਿਲੇ ਹੋਏ ਹਨ। ਉਨ੍ਹਾਂ ਪੁਲਿਸ ਅਧਿਕਾਰੀਆਂ ਦਾ ਚੇਹਰਾ ਬੇਨਕਾਬ ਕਰਨ ਲਈ ਪਿੰਡ -ਪਿੰਡ ਗਲ਼ੀ ਮੁਹੱਲਿਆਂ 'ਚ ਪੁਤਲੇ ਫੂਕ ਕੇ ਆਮ ਲੋਕਾਂ ਨੂੰ ਜਾਗਰੂਕ ਕਰਦੇ ਹੋਏ 26 ਦੇ ਇਕੱਠ ਲਈ ਲਾਮਬੰਦ ਕੀਤਾ ਜਾ ਰਿਹਾ ਹੈ। ਆਪੋ-ਆਪਣੇ ਸੰਬੋਧਨ 'ਚ ਆਗੂਆਂ ਨੇ ਕਿਹਾ ਕਿ ਮੁਕੱਦਮਾ ਦਰਜ ਤੋਂ ਬਾਦ ਜਦ ਆਮ ਲੋਕਾਂ ਨੂੰ ਤੁਰੰਤ ਗ੍ਰਿਫ਼ਤਾਰ ਕਰ ਲਿਆ ਜਾਂਦਾ ਹੈ, ਤਾਂ ਇਹਨਾਂ ਦੋਸ਼ੀਆਂ ਨੁੂੰ ਕਿਉਂ ਨਹੀਂ ਗ੍ਰਿਫ਼ਤਾਰ ਕੀਤਾ ਜਾ ਰਿਹਾ? ਇਸ ਮੌਕੇ ਪਿੰਡ ਕਲੇਰਾਂ 'ਚ ਜਿਥੇ ਲੋਕਾਂ ਨੂੰ ਕੁੱਲ ਹਿੰਦ ਕਿਸਾਨ ਸਭਾ ਦੇ ਸੰਯੁਕਤ ਸਕੱਤਰ ਕਾਮਰੇਡ ਨਿਰਮਲ ਸਿੰਘ ਧਾਲੀਵਾਲ ਨੇ ਵੀ ਸੰਬੋਧਨ ਕੀਤਾ, ਉਥੇ ਪਿੰਡ ਮਾਣੂੰਕੇ 'ਚ ਇਸ ਸਮੇਂ ਜੱਗਾ ਸਿੰਘ ਮਾਣੂੰਕੇ, ਚਰਨ ਸਿੰਘ ਮਾਣੂੰਕੇ, ਹਰਪ੍ਰੀਤ ਸਿੰਘ, ਹਰਜੀਤ ਕੌਰ, ਮਨਜੀਤ ਕੌਰ, ਮੋਠੂ ਸਿੰਘ ਸਰਬਜੀਤ ਕੌਰ ਬਲ਼ਜੀਤ ਕੌਰ, ਬੀਬੀ ਬਚਿੰਤ ਕੌਰ, ਬਾਬਾ ਬਾਹਾਦਰ ਸਿੰਘ, ਰਾਮ ਸਿੰਘ, ਗੁਰਮੁੱਖ ਸਿੰਘ ਆਦਿ ਹਾਜ਼ਰ ਸਨ।

ਕਿਸਾਨ ਅੰਦੋਲਨ ਦੀ ਜਿੱਤ ਦੀ ਖੁਸ਼ੀ ਚ ਸ਼ਹੀਦ ਭਗਤ ਸਿੰਘ ਪਾਰਕ ਅਗਵਾੜ ਲੋਪੋ ਵਿਖੇ ਸਨਮਾਨ ਸਮਾਗਮ

ਜਗਰਾਉਂ, 10 ਜਨਵਰੀ  (ਜਸਮੇਲ ਗ਼ਾਲਿਬ) ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਇਕਾਈ ਅਗਵਾੜ ਲੋਪੋ ਵਲੋਂ ਕਿਸਾਨ ਅੰਦੋਲਨ ਦੀ ਜਿੱਤ ਦੀ ਖੁਸ਼ੀ ਚ ਸ਼ਹੀਦ ਭਗਤ ਸਿੰਘ ਪਾਰਕ ਅਗਵਾੜ ਲੋਪੋ ਵਿਖੇ ਸਨਮਾਨ ਸਮਾਗਮ ਦਾ ਆਯੋਜਨ ਕੀਤਾ ਗਿਆ। ਜਿਲਾ ਸਕੱਤਰ ਇੰਦਰਜੀਤ ਸਿੰਘ ਧਾਲੀਵਾਲ ਅਤੇ ਇਕਾਈ ਪ੍ਰਧਾਨ ਬਲਬੀਰ  ਸਿੰਘ ਦੀ ਅਗਵਾਈ ਚ  ਇਸ ਸਮਾਗਮ ਵਿੱਚ ਔਰਤਾਂ, ਮਰਦਾਂ ਤੇ ਨੋਜਵਾਨਾਂ ਨੇ ਵੱਡੀ ਗਿਣਤੀ ਚ ਭਾਗ ਲਿਆ। ਇਸ ਸਮੇਂ ਅਪਣੇ ਸੰਬੋਧਨ ਚ ਜਿਲਾ ਪ੍ਰੈੱਸ ਸਕੱਤਰ ਗੁਰਪ੍ਰੀਤ ਸਿੰਘ ਸਿਧਵਾਂ ਨੇ ਅਗਵਾੜ ਲੋਪੋ ਦੇ ਕਿਸਾਨਾਂ, ਨੋਜਵਾਨਾਂ ਤੇ ਬੀਬੀਆਂ ਵਲੋਂ ਪਾਏ ਯੋਗਦਾਨ ਦਾ ਧੰਨਵਾਦ ਕਰਦਿਆਂ ਸਮਰਪਣ ਅਤੇ ਤਿਆਗ ਦੀ ਇਸ ਭਾਵਨਾ ਨੂੰ ਹੋਰ ਮਜਬੂਤ ਕਰਨ ਦਾ ਸੱਦਾ ਦਿੱਤਾ।  ਉਨਾਂ ਕਿਹਾ ਕਿ ਕਿਸਾਨੀ ਅੰਦੋਲਨ ਨੇ ਸੰਸਾਰ ਸਾਮਰਾਜੀ ਨੀਤੀਆਂ ਖਿਲਾਫ ਇਕ ਇਤਿਹਾਸਕ ਜਿੱਤ ਹਾਸਲ ਕਰਕੇ ਦੁਨੀਆਂ ਦੇ ਇਨਸਾਫਪਸੰਦ ਲੋਕਾਂ ਦਾ ਦਿਲ ਜਿੱਤ ਲਿਆ ਹੈ। ਓਨਾਂ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵਿਧਾਨ ਸਭਾ ਚੋਣਾਂ ਚ ਭਾਗ ਨਾ ਲੈਕੇ ਸਿਰਫ ਤੇ ਸਿਰਫ ਕਿਸਾਨੀ ਮੰਗਾਂ ਲਈ ਸੰਘਰਸ਼ ਨੂੰ ਹੀ ਕੇਂਦਰ ਚ ਰਖ ਕੇ ਨਿਰੰਤਰ ਸੰਘਰਸ਼ ਕਰੇਗੀ। ਪ੍ਰਸਿੱਧ ਰੰਗਕਰਮੀ, ਫਿਲਮਕਾਰ ਸੁਰਿੰਦਰ ਸ਼ਰਮਾ ਨੇ ਬੋਲਦਿਆਂ ਕਿਹਾ ਕਿ ਕਿਸਾਨੀ ਕਰਜੇ ਰਦ ਕਰਾਉਣ ਲਈ 21 ਜਨਵਰੀ ਨੂੰ ਬਰਨਾਲਾ ਵਿਖੇ ਰੱਖੀ ਕਿਸਾਨ ਰੈਲੀ ਚ ਹਰ ਕਿਰਤੀ ਕਿਸਾਨ ਨੂੰ ਸ਼ਾਮਲ ਹੋਣਾ ਚਾਹੀਦਾ ਹੈ।ਇਸ ਸਮੇਂ ਲੋਕ ਕਲਾ ਮੰਚ ਮੁਲਾਂਪੁਰ ਦੀ ਟੀਮ ਨੇ ਕਿਸਾਨੀ ਅੰਦੋਲਨ ਨੂੰ ਸਮਰਪਤ ਨਾਟਕ "ਉਠਣ ਦਾ ਵੇਲਾ" ਪੇਸ਼ ਕਰਕੇ ਲੋਕ ਮਨਾਂ ਨੂੰ ਕਿਸਾਨੀ ਸੰਘਰਸ਼ ਦੇ ਦੁਸ਼ਮਣਾਂ  ਖਿਲਾਫ ਸੁਚੇਤ ਕੀਤਾ। ਇਸ ਸਮੇਂ ਕਿਸਾਨ ਅੰਦੋਲਨ ਦੇ ਹਿਤੈਸ਼ੀ ਸ੍ਰ: ਜਗਦੀਪ ਸਿੰਘ  ਸਿਵੀਆ ਕਨੈਡਾ ਵਾਸੀ ਵਲੋਂ ਕਿਸਾਨ ਸੰਘਰਸ਼ ਚ  ਹਿੱਸਾ ਲੈਣ ਵਾਲੇ ਸਾਰੇ ਇਕ ਸੌ ਦੇ ਕਰੀਬ ਸੰਘਰਸ਼ਕਾਰੀਆਂ ਨੂੰ ਕੀਮਤੀ ਜੈਕਟਾਂ ਅਤੇ ਕਿਸਾਨ ਯੂਨੀਅਨ ਵਲੋਂ ਯਾਦਗਾਰੀ ਚਿੰਨ੍ਹ ਭੇਟ ਕੀਤੇ ਗਏ।  ਇਸ ਸਮੇਂ ਲਖਵੀਰ ਸਿੰਘ ਸਿੱਧੂ ਦੀ ਟੀਮ ਨੇ ਇਨਕਲਾਬੀ ਗੀਤ ਸੰਗੀਤ ਪੇਸ਼ ਕੀਤਾ। ਇਸ ਸਮੇਂ ਬਲਾਕ ਆਗੂ ਦੇਵਿੰਦਰ ਸਿੰਘ ਕਾਉਂਕੇ, ਜਥੇਦਾਰ ਬਲਬੀਰ ਸਿੰਘ , ਕੁਲਦੀਪ ਸਿੰਘ ਕੀਪਾ, ਗੁਰਮੀਤ ਸਿੰਘ ਅਗਵਾੜ ਡਾਲਾ, ਸਰਬਜੀਤ ਸਿੰਘ ਧਾਲੀਵਾਲ,  ਗੁਰਪ੍ਰੀਤ ਕੋਰ ਧਾਲੀਵਾਲ ਆਦਿ ਹਾਜ਼ਰ ਸਨ।

ਪਿੰਡ ਕਾਲਸਾਂ ਵਿਖੇ ਸਾਹਿਤਕ ਸਮਾਗਮ ਕਰਵਾਇਆ

ਰਾਏਕੋਟ -10 ਜਨਵਰੀ -(ਗੁਰਸੇਵਕ ਸੋਹੀ)- ਸਰਦਾਰ ਗਿਆਨ ਸਿੰਘ ਗਿੱਲ ਯਾਦਗਾਰੀ ਲਾਇਬ੍ਰੇਰੀ ਕਾਲਸਾਂ ਵਿਖੇ ਸਾਹਿਤਕ ਸਮਾਗਮ ਕਰਵਾਇਆ ਗਿਆ।  ਇਸ ਸਮੇਂ ਉੱਘੇ ਲੇਖਕਾਂ ਨੇ ਆਪੋ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਲੈਕਚਰਾਰ ਬਲਬੀਰ ਕੌਰ ਰਾਏਕੋਟੀ ਦੀ ਦੂਜੀ ਕਿਤਾਬ, ਸੂਰਜ ਮਘਦਾ ਰੱਖਾਂਗੇ 'ਤੇ  ਵਿਚਾਰ ਗੋਸ਼ਟੀ ਕੀਤੀ ਗਈ। ਲਾਇਬ੍ਰੇਰੀ ਦੇ ਸੰਸਥਾਪਕ, ਮੁੱਖ ਪ੍ਰਬੰਧਕ ਅਜੀਤਪਾਲ ਕੌਰ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਆਖਿਆ। ਆਪਣੇ ਵਿਚਾਰ ਪੇਸ਼ ਕਰਦਿਆਂ ਮਾਸਟਰ ਨਵਦੀਪ ਸਿੰਘ ਨੇ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਲੈਨਿਨ ਮਾਰਕਸ ਅਤੇ ਹੋਰ ਮਹਾਨ ਲੇਖਕਾਂ ਵਲੋਂ ਰਚੇ ਲੋਕ ਪੱਖੀ ਸਾਹਿਤ ਤੇ ਚਾਨਣਾ ਪਾਉਂਦਿਆਂ, ਅਜੋਕੇ ਸਮੇਂ ਚ ਧੱਕੇ ਨਾਲ ਲੋਕਾਂ ਨੂੰ ਪਰੋਸੇ ਜਾ ਰਹੇ ਦੋ ਅਰਥੇ ਘਟੀਆ ਸਾਹਿਤ ਤੋਂ ਨੌਜਵਾਨ ਪੀੜ੍ਹੀ ਨੂੰ ਦੂਰ ਰਹਿਣ ਅਤੇ ਸਹੀ ਸਾਹਿਤ ਨਾਲ ਜੁੜਣ ਲਈ ਸੁਚੇਤ ਕੀਤਾ। ਦਰਸ਼ਨ ਸਿੰਘ ਕਾਲਸਾਂ ਨੇ ਆਪਣੀ ਲੰਮੀ ਉਮਰ ਦੇ ਤਜਰਬੇ ਸਾਂਝੇ ਕਰਦਿਆਂ ਹੋਇਆਂ ਬਹੁਤ ਕੀਮਤੀ ਸੁਝਾਅ ਪੇਸ਼ ਕੀਤੇ। ਪਿੰਡ ਦੇ ਮਹਿਲਾ ਸਰਪੰਚ ਬੀਬੀ ਪਰਮਿੰਦਰ ਕੌਰ ਨੇ ਸੰਖੇਪ ਜਿਹੇ ਸ਼ਬਦਾਂ ਚ ਆਪਣਾ ਮੂਲ ਪਛਾਣਨ ਦੀ ਗੱਲ ਕਹਿੰਦਿਆਂ ਹਰ ਇਨਸਾਨ ਨੂੰ ਅਧਿਕਾਰਾਂ ਦੇ ਨਾਲ ਫਰਜਾਂ ਦੀ ਪਾਲਣਾ ਕਰਨ ਦਾ ਸੁਝਾਅ ਦਿੱਤਾ। ਉਚੇਚੇ ਤੌਰ ਤੇ ਪਹੁੰਚੇ ਮੈਡਮ ਰੀਤੂ ਕੌਸ਼ਿਕ (ਸੈਕਟਰੀ ਰਾਸ਼ਟਰੀ ਮਹਿਲਾ ਸੰਗਠਨ ਦਿੱਲੀ) ਨੇ ਆਪਣੇ ਭਾਸ਼ਣ (ਹਿੰਦੀ) ਚ ਬੋਲਦਿਆਂ ਔਰਤਾਂ ਨੂੰ, ਗੁਰੂ ਨਾਨਕ ਦੇਵ ਜੀ ਵਲੋਂ ਬਖਸ਼ੇ 'ਜਗ ਜਣਨੀ, ਮਾਣ ਦੀ ਮਰਿਆਦਾ ਨੂੰ ਸਮਝਦਿਆਂ ਆਪਣੀ ਸੂਰਤ ਸੰਵਾਰਨ ਦੀ ਥਾਂ ਸੀਰਤ ਨੂੰ ਬਰਕਰਾਰ ਰੱਖਦੇ ਹੋਏ ਔਰਤਾਂ ਨੂੰ ਸਨਮਾਨ ਵਾਲਾ ਜੀਵਨ ਜਿਊਣ ਲਈ ਪ੍ਰੇਰਿਤ ਕੀਤਾ। ਲਾਇਬ੍ਰੇਰੀ ਦੇ ਮੁੱਖ ਪ੍ਰਬੰਧਕ ਅਜੀਤਪਾਲ ਕੌਰ ਕੋਲ ਮੁਫਤ ਟਿਊਸ਼ਨ ਪੜ੍ਹਨ ਵਾਲੀਆਂ ਬੱਚਿਆਂ, ਬੇਅੰਤ ਕੌਰ, ਰਮਨਦੀਪ ਕੌਰ, ਮੁਸਕਾਨ ਬੇਗਮ, ਖੁਸ਼ਪ੍ਰੀਤ ਕੌਰ, ਜਸਪ੍ਰੀਤ ਕੌਰ, ਅਤੇ ਕਰਮਜੀਤ ਕੌਰ ਨੇ ਬਹੁਤ ਹੀ ਵਧੀਆ ਗੀਤ ਪੇਸ਼ ਕੀਤੇ।ਬੱਚੀ ਇਵਨੀਤ ਨੇ 'ਸੂਰਜ ਮਘਦਾ ਰੱਖਾਂਗੇ' ਗੀਤ ਬਹੁਤ ਵਧੀਆ ਸੁਰਤਾਲ ਚ ਗਾ ਕੇ ਮਹੌਲ ਰੰਗੀਨ ਬਣਾ ਦਿੱਤਾ।
 ਬਲਬੀਰ ਕੌਰ ਰਾਏਕੋਟੀ ਨੇ ਆਪਣੀ ਕਿਤਾਬ ਵਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਇਸ ਸਮੇਂ  ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ (ਰਜਿ:295) ਬਲਾਕ ਮਹਿਲ ਕਲਾਂ ਦੇ ਚੇਅਰਮੈਨ ਡਾ ਜਗਜੀਤ ਸਿੰਘ ਕਾਲਸਾਂ, ਬੂਟਾ ਸਿੰਘ ਇੰਸਪੈਕਟਰ ਫੂਡ ਸਪਲਾਈ, ਜਗਦੀਸ਼ ਕੌਰ(ਅਧਿਆਪਕਾ ਸਰਾਭਾ ਕਾਲਜ) , ਸੁਰਿੰਦਰ ਕੌਰ, ਅਮਨਦੀਪ ਕੌਰ (ਅਧਿਆਪਕਾ ਇੰਡੋ ਕਨੈਡੀਅਨ ਸਕੂਲ), ਮਨਪ੍ਰੀਤ ਕੌਰ, ਜਸਪ੍ਰੀਤ ਕੌਰ, ਡਾ ਨਵਜੋਤ ਸਿੰਘ, ਪ੍ਰਦੀਪ ਸਿੰਘ, ਅਰਸ਼ਦੀਪ ਸਿੰਘ, ਤੇਜਿੰਦਰ ਸਿੰਘ, ਗੁਰਪ੍ਰੀਤ ਸਿੰਘ, ਜਤਿੰਦਰ ਸਿੰਘ, ਇੰਦਰਪ੍ਰੀਤ ਸਿੰਘ ਹੈਰੀ, ਤੇ ਸਟਾਲਨਪਰੀਤ ਕੌਰ (ਬੇਟੀ ਡਾ ਜਗਜੀਤ ਸਿੰਘ ਕਾਲਸਾਂ) ਨੇ ਹਾਜਰੀ ਭਰੀ। ਪ੍ਰੋਗਰਾਮ ਬਹੁਤ ਹੀ ਵਧੀਆ ਰਿਹਾ ਅਖੀਰ ਚ ਡਾ ਜਗਜੀਤ ਸਿੰਘ ਕਾਲਸਾਂ ਨੇ ਸਮਾਗਮ ਚ ਪਹੁੰਚੇ ਸਾਰੇ ਸਾਹਿਤ ਪ੍ਰੇਮੀਆਂ ਦਾ ਧੰਨਵਾਦ ਕਰਦਿਆਂ ਆਪਣੀਆਂ ਦੋ ਰਚਨਾਵਾਂ ਵੀ ਪੇਸ਼ ਕੀਤੀਆਂ।

ਪੁੱਤਾਂ ਵਾਂਗੂੰ ਵੰਡੋ ਧੀਆਂ ਦੀਆਂ ਲੋਹੜੀਆਂ.

ਰਾਏਕੋਟ- 10 ਜਨਵਰੀ- (ਗੁਰਸੇਵਕ ਸੋਹੀ )- ਇੱਥੋਂ ਨੇੜਲੇ ਪਿੰਡ ਗੋਬਿੰਦਗੜ੍ਹ ਵਿਖੇ  ਚੇਤਨਾ ਮੰਚ ਵਲੋਂ ਪਹਿਲੀ ਵਾਰ ਪਿੰਡ ਗੋਬਿੰਦਗੜ੍ਹ ਵਿਖੇ 'ਧੀਆਂ ਦੀ ਲੋਹੜੀ' ਪ੍ਰੋਗਰਾਮ ਕਰਵਾਇਆ ਗਿਆ  ।ਜਿਸ ਵਿੱਚ ਨਵਜੰਮੀਆਂ ਬੱਚੀਆਂ ਦੀ ਲੋਹੜੀ ਮਨਾਈ ਗਈ।ਬਾਹਰੋਂ ਆਏ ਧੀਆਂ ਦੇ ਕਦਰਦਾਨਾਂ ਚ ਉਚੇਚੇ ਤੌਰ ਤੇ ਪਹੁੰਚੇ ਮੈਡਮ ਰੀਤੂ ਕੌਸ਼ਿਕ (ਰਾਸ਼ਟਰੀ ਮਹਿਲਾ ਸੰਗਠਨ ਦਿੱਲੀ, ਸੈਕਟਰੀ) ਲੈਕਚਰਾਰ ਬਲਬੀਰ ਕੌਰ ਰਾਏਕੋਟੀ (ਲੇਖਿਕਾ) ਉਹਨਾਂ ਦੇ ਪਤੀ ਬੂਟਾ ਸਿੰਘ ਇੰਸਪੈਕਟਰ ਫੂਡਸਪਲਾਈ, ਬੇਟੀ ਇਵਨੀਤ, ਡਾ ਜਗਜੀਤ ਸਿੰਘ ਕਾਲਸਾਂ (ਚੇਅਰਮੈਨ MPAP ਬਲਾਕ ਮਹਿਲ ਕਲਾਂ) ਅਜੀਤਪਾਲ ਕੌਰ( ਮੁਖ ਪ੍ਰਬੰਧਕ ਸ ਗਿਆਨ ਸਿੰਘ ਗਿੱਲ ਯਾਦਗਾਰੀ ਲਾਇਬ੍ਰੇਰੀ ਕਾਲਸਾਂ) ਸ ਸੁਰਿੰਦਰਪਾਲ ਸਿੰਘ ਸਿਵੀਆਂ (ਨੰਬਰਦਾਰ), ਬਲਵੀਰ ਕੌਰ ਰਾਮਗੜ੍ਹ ਸਿਵੀਆਂ (ਲੇਖਿਕਾ) ਉਹਨਾਂ ਦੀ ਬੇਟੀ ਮਨਜੋਤ ਕੌਰ,ਨੇ ਸ਼ਿਰਕਤ ਕੀਤੀ।
ਪਿੰਡ ਦੇ ਲੋਕਾਂ, ਖਾਸ ਕਰ ਬੀਬੀਆਂ ਨੇ ਭਾਰੀ ਗਿਣਤੀ ਚ ਸਮੂਲੀਅਤ ਕੀਤੀ। ਨਵਜੰਮੀਆਂ ਬੱਚੀਆਂ ਨੂੰ ਗਰਮ ਸੂਟ, ਖਿਡਾਉਣੇ ਤੇ ਮੂੰਗਫਲੀ, ਰਿਉੜੀਆਂ ਦੇ ਕੇ ਮਾਣ ਦਿੱਤਾ ਗਿਆ। ਦਿੱਲੀ ਤੋਂ ਪਹੁੰਚੇ ਮੈਡਮ ਰੀਤੂ ਕੌਸ਼ਿਕ ਨੇ ਆਪਣੇ ਭਾਸ਼ਣ (ਹਿੰਦੀ) ਚ ਬੋਲਦਿਆਂ ਕਿਹਾ ਕਿ '' ਮੈਂ ਪਹਿਲੀ ਵਾਰ ਅਜਿਹਾ ਪ੍ਰੋਗਰਾਮ ਦੇਖਿਆ ਜਿੱਥੇ ਧੀਆਂ (ਔਰਤਾਂ) ਨੂੰ ਐਡਾ ਵੱਡਾ ਮਾਣ ਸਤਿਕਾਰ ਮਿਲਦਾ ਹੋਵੇ। ਬਲਬੀਰ ਕੌਰ ਰਾਏਕੋਟੀ ਨੇ ਹਾਜਰੀਨ ਔਰਤਾਂ ਨੂੰ ਆਪਣੇ ਫਰਜ਼ਾਂ ਅਧਿਕਾਰਾਂ ਤੋਂ ਜਾਣੂੰ ਕਰਵਾਇਆ ਅਤੇ ਬੱਚੀਆਂ ਨੂੰ ਗਰਮ ਕੱਪੜੇ ਵੀ ਦਿੱਤੇ । ਡਾ ਜਗਜੀਤ ਸਿੰਘ ਕਾਲਸਾਂ ਤੇ ਉਹਨਾਂ ਦੀ ਪਤਨੀ ਅਜੀਤਪਾਲ ਕੌਰ ਨੇ ਲੋੜਵੰਦ ਪਰਿਵਾਰਾਂ ਨੂੰ ਮੁਫਤ ਦਵਾਈ ਦੇਣ ਵਾਰੇ ਵਾਅਦਾ ਕਰਦਿਆਂ ਬੱਚੀਆਂ ਨੂੰ ਨਕਦ ਸ਼ਗਨ ਵੀ ਦਿੱਤਾ। ਸ ਸੁਰਿੰਦਰਪਾਲ ਸਿੰਘ ਸਿਵੀਆਂ ਨੰਬਰਦਾਰ ਨੇ ਵੀ ਬੱਚੀਆਂ ਨੂੰ ਸ਼ਗਨ ਰਾਸ਼ੀ ਦਿੱਤੀ। ਸਮੇਂ ਦੀ ਲੋੜ ਤੇ ਅਧਾਰਿਤ ਬਲਵੀਰ ਕੌਰ ਰਾਮਗੜ੍ਹ ਸਿਵੀਆਂ 'ਆਓ ਭੈਣੋ ਆਪਾਂ ਹੁਣ ਸਭ ਇੱਕਜੁਟ ਹੋ ਜਾਈਏ' ਗੀਤ ਗਾ ਮਹੌਲ ਚ ਜੋਸ਼ ਭਰ ਦਿੱਤਾ। ਬੱਚੀ ਇਵਨੀਤ ਨੇ, 'ਪੁੱਤਰਾਂ ਨਾਲੋਂ ਧੀਆਂ ਵੀ ਕਿਸੇ ਗੱਲੋਂ ਘੱਟ ਨਹੀਂ' ਮਨਜੋਤ ਕੌਰ ਨੇ 'ਧੀ ਤੇ ਪੁੱਤ ਵਿੱਚ ਫ਼ਰਕ ਨਹੀਂ ਹੁੰਦਾ' ਗੀਤ ਗਾ ਕੇ ਵਾਹ ਵਾਹ ਖੱਟੀ, ਰਮਨਜੋਤ ਕੌਰ ਨੇ ਸ਼ੁਰੀਲੀ ਆਵਾਜ਼ ਚ 'ਪੁੱਤਾਂ ਵਾਂਗੂੰ ਵੰਡੋ ਧੀਆਂ ਦੀਆਂ ਲੋਹੜੀਆਂ, ਪੁੱਤਾਂ ਨੂੰ ਵੀ ਇਹੋ ਗੱਲ ਦੱਸਿਓ ਰੱਖਣ ਖਿਆਲ ਪਿਓ ਦੀ ਪੱਗ ਦਾ' ਗੀਤ ਗਾਇਆ ਤਾਂ ਲੋਕਾਂ ਨੋਟਾਂ ਨਾਲ ਉਹਦੀਆਂ ਮੁੱਠੀਆ ਭਰ ਦਿੱਤੀਆਂ। ਮੀਂਹ ਪੈਂਦੇ ਚ ਵੀ ਲੋਕਾਂ ਦੇਰ ਤੱਕ ਚੱਲੇ ਇਸ ਪ੍ਰੋਗਰਾਮ ਦਾ ਆਨੰਦ ਮਾਣਿਆ। ਚੇਤਨਾ ਮੰਚ ਦੇ ਸੀਨੀਅਰ ਮੀਤ ਪ੍ਰਧਾਨ ਜਗਤਾਰ ਸਿੰਘ, ਮੀਤ ਪ੍ਰਧਾਨ ਸੰਤੋਖ ਸਿੰਘ, ਜਨਰਲ ਸਕੱਤਰ ਬਲਜਿੰਦਰ ਸਿੰਘ, ਖਜਾਨਚੀ ਬਲਜੀਤ ਸਿੰਘ, ਮੈਂਬਰ ਜਸਪਾਲ ਸਿੰਘ, ਦਰਸ਼ਨ ਸਿੰਘ ਸਿੰਘ, ਜੱਸਾ ਸਿੰਘ ਨੇ ਆਪਣੀ ਜਿੰਮੇਵਾਰੀ ਬਾਖੂਬੀ ਨਿਭਾਈ।
ਮੰਚ ਦੇ ਪ੍ਰਧਾਨ ਬਲਿਹਾਰ ਸਿੰਘ ਗੋਬਿੰਦਗੜ੍ਹੀਆ ਨੇ ਬੱਚੀਆਂ ਦੇ ਪਰਿਵਾਰਾਂ ਨੂੰ ਵਧਾਈ ਦਿੱਤੀ,ਸਮੂਹ ਨਗਰ ਨਿਵਾਸੀਆਂ ਅਤੇ ਬਾਹਰੋਂ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਹ ਪ੍ਰੋਗਰਾਮ ਅਮਿੱਟ ਛਾਪ ਛੱਡਦਾ ਹੋਇਆ ਯਾਦਗਾਰੀ ਹੋ ਨਿੱਬੜਿਆ।

ਫਿਲਮੀ ਐਕਟਰ ਸੋਨੂੰ ਸੂਦ ਅਤੇ ਮਾਲਵਿਕਾ ਸੂਦ ਕਾਂਗਰਸ ਪਾਰਟੀ ਵਿਚ ਹੋਏ ਸ਼ਾਮਲ

  ਮੋਗਾ , (ਬਲਵੀਰ ਸਿੰਘ ਬਾਠ ਜਨ ਸਕਤੀ ਨਿਊਜ਼ ਪੰਜਾਬ )  ਮਸ਼ਹੂਰ ਐਕਟਰ ਅਤੇ ਸਮਾਜ ਸੇਵੀ ਸੋਨੂੰ ਸੂਦ ਦੀ ਭੈਣ ਮਾਲਵਿਕਾ ਸੱਚਰ ਦਾ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ ਤੇ ਨਿਗ੍ਹਾ ਸਵਾਗਤ ਕੀਤਾ ਸੂਦ ਪਰਿਵਾਰ ਨੂੰ ਕਾਂਗਰਸ ਪਾਰਟੀ ਜੁਆਇਨ ਕਰਨ ਤੇ ਜੀਆ ਜੀ ਆਇਆਂ ਨੂੰ ਆਖਦੇ ਹੋਏ   ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਕਾਂਗਰਸ ਪੰਜਾਬ ਪ੍ਰਧਾਨ ਨਵਜੋਤ ਸਿੰਘ ਸਿੱਧੂ ਭਾਰਤ ਨੇ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਇਸ ਸਮੇਂ ਵੱਡੀ ਪੱਧਰ ਤੇ ਕਾਂਗਰਸੀ ਆਗੂ ਅਤੇ ਵਰਕਰ ਹਾਜ਼ਰ ਸਨ

ਸਿਆਸੀ ਪਾਰਟੀਆਂ ਦੇ ਲੱਗੇ ਹੋਰਡਿੰਗ ਬੋਰਡ ਉਡਾ ਰਹੇ ਹਨ ਚੋਣ ਜਾਬਤੇ ਦੀਆਂ ਧੱਜੀਆਂ

ਜਗਰਾਂਓ, 10 ਜਨਵਰੀ (ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ)  ਵਿਧਾਨ ਸਭਾ ਚੋਣਾਂ ਦੇ ਮੱਦੇਨਜਰ ਜਗਰਾਉਂ ਇਲਾਕੇ ਵਿੱਚ ਸਿਆਸੀ ਲੀਡਰਾਂ ਵੱਲੋਂ ਧੜਾਧੜ ਹੋਰਡਿੰਗ ਬੋਰਡ ਲਗਾ ਕੇ ਚੋਣਾਂ ਜਿੱਤਣ ਅਤੇ ਟਿਕਟ ਲੈਣ ਦੀ ਜੋਰ ਅਜਮਾਇਸ਼ ਕੀਤੀ ਜਾ ਰਹੀ ਸੀ।ਹੁਣ ਆਦਰਸ਼ ਚੋਣ ਜਾਬਤੇ ਨੂੰ ਲੱਗੇ ਤਕਰੀਬਨ 72 ਘੰਟੇ ਬੀਤ ਜਾਣ ਦੇ ਬਾਵਜੂਦ ਵੀ ਇਲਾਕੇ ਵਿੱਚ ਸਿਆਸੀ ਪਾਰਟੀਆਂ ਦੇ ਹੋਰਡਿੰਗ ਬੋਰਡ ਲੱਗੇ ਹੋਏ ਹਨ ਜੋ ਕਿ ਚੋਣ ਜਾਬਤੇ ਦੀ ਉਲੰਘਣਾ ਦੀਆਂ ਧੱਜੀਆਂ ਉਡਾ ਰਹੇ ਹਨ।ਥਾਂ-ਥਾਂ ਲੱਗੇ ਨਜਾਇਜ ਹੋਰਡਿੰਗ ਬੋਰਡ ਦੁਰਘਟਨਾਵਾਂ ਨੂੰ ਵੀ ਸੱਦਾ ਦੇ ਰਹੇ ਹਨ।ਇਸ ਸਬੰਧੀ ਐਸ.ਡੀ.ਐਮ ਵਿਕਾਸ ਹੀਰਾ ਦਾ ਕਹਿਣਾ ਹੈ ਕਿ ਜਿਹੜੇ ਪ੍ਰਾਈਵੇਟ ਅਦਾਰਿਆਂ ਤੇ ਬੋਰਡ ਲੱਗੇ ਹਨ।ਉਹ ਪ੍ਰਮੀਸ਼ਨ ਨਾਲ ਲੱਗੇ ਹੋਏ ਹਨ, ਉਹਨਾਂ ਨੂੰ ਅਸੀਂ ਉਤਾਰ ਨਹੀਂ ਸਕਦੇ।ਜਿਹੜੇ ਰਾਜਸੀ ਬੋਰਡ ਲੱਗੇ ਹਨ ਹੌਲੀ-ਹੌਲੀ ਇਹਨਾਂ ਨੂੰ ਉਤਾਰ ਰਹੇ ਹਾਂ।

ਬਰਸਾਤੀ ਪਾਣੀ ਨਾਲ 150 ਏਕੜ ਫਸਲ ਹੋਈ ਤਬਾਹ

ਹਠੂਰ,10 ਜਨਵਰੀ-(ਕੌਸ਼ਲ ਮੱਲ੍ਹਾ )-ਪਿਛਲੇ ਦਿਨੀ ਹੋਈ ਭਾਰੀ ਬਰਸਾਤ ਦੇ ਕਾਰਨ ਪਿੰਡ ਚਕਰ ਦੇ ਕਿਸਾਨਾ ਦੀ 150 ਏਕੜ ਫਸਲ ਤਬਾਹ ਹੋ ਚੁੱਕੀ ਹੈ।ਇਸ ਸਬੰਧੀ ਪੀੜ੍ਹਤ ਕਿਸਾਨ ਕਰਤਾਰ ਸਿੰਘ,ਸੁਖਜੀਤ ਸਿੰਘ ਬਾਠ,ਸਤਵਿੰਦਰ ਸਿੰਘ,ਕੁਲਦੀਪ ਸਿੰਘ,ਸੁਖਵੀਰ ਸਿੰਘ,ਸੁੱਖਾ ਚਕਰ,ਜਗਜੋਤ ਸਿੰਘ,ਬਲਬਹਾਦਰ ਸਿੰਘ,ਗੋਬਿੰਦ ਸਿੰਘ,ਜਗਤਾਰ ਸਿੰਘ,ਜਗਸੀਰ ਸਿੰਘ ਆਦਿ ਨੇ ਦੱਸਿਆ ਕਿ ਪਿੰਡ ਚਕਰ ਤੋ ਰਾਮੇ ਦੇ ਵਿਚਕਾਰ 110 ਏਕੜ ਕਣਕ ਦੀ ਫਸਲ,ਪਿੰਡ ਚਕਰ ਤੋ ਲੋਪੋ ਵਾਲੀ ਸੜਕ ਤੇ 20 ਏਕੜ ਆਲੂਆ ਦੀ ਫਸਲ,ਪਿੰਡ ਚਕਰ ਤੋ ਹਠੂਰ ਵਾਲੀ ਸੜਕ ਤੇ 10 ਏਕੜ ਕਣਕ ਅਤੇ 10 ਏਕੜ ਆਲੂਆ ਦੀ ਫਸਲ ਬਰਸਾਤ ਦਾ ਪਾਣੀ ਖੜ੍ਹਨ ਕਾਰਨ ਬੁਰੀ ਤਰ੍ਹਾ ਤਬਾਹ ਹੋ ਚੁੱਕੀ ਹੈ।ਉਨ੍ਹਾ ਦੱਸਿਆ ਕਿ ਪਿੰਡ ਚਕਰ ਤੋ ਪਿੰਡ ਰਾਮੇ ਵਾਲੀ ਸੜਕ ਤੇ 110 ਏਕੜ ਕਣਕ ਦੀ ਫਸ਼ਲ ਵਿਚ ਤਿੰਨ ਤੋ ਚਾਰ ਫੁੱਟ ਬਰਸਾਤੀ ਪਾਣੀ ਖੜ੍ਹਾ ਹੈ ਅਤੇ ਪਾਣੀ ਦਾ ਕੋਈ ਵੀ ਨਿਕਾਸ ਨਹੀ ਹੈ।ਉਨ੍ਹਾ ਦੱਸਿਆ ਕਿ ਕਣਕ ਬੀਜਣ ਤੋ ਲੈ ਕੇ ਅੱਜ ਤੱਕ 35 ਹਜਾਰ ਰੁਪਏ ਪ੍ਰਤੀ ਏਕੜ ਖਰਚਾ ਆਇਆ ਅਤੇ ਇਹ ਹਾੜੀ ਦੀ ਫਸਲ ਪੂਰਨ ਰੂਪ ਵਿਚ ਖਤਮ ਹੋ ਚੁੱਕੀ ਹੈ।ਇਸ ਮੌਕੇ ਪੀੜ੍ਹਤ ਕਿਸਾਨਾ ਨਾਲ ਹਮਦਰਦੀ ਕਰਨ ਪਹੁੰਚੇ ਹਲਕਾ ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂੰਕੇ ਨੇ ਪੰਜਾਬ ਸਰਕਾਰ ਤੋ ਮੰਗ ਕੀਤੀ ਕਿ ਇਨ੍ਹਾ ਪੀੜ੍ਹਤ ਕਿਸਾਨਾ ਦੀ ਨੁਕਸਾਨੀ ਗਈ ਫਸਲ ਦੀ ਗੁਦਾਵਰੀ ਕਰਕੇ ਤੁਰੰਤ ਯੋਗ ਮੁਆਵਜਾ ਦਿੱਤਾ ਜਾਵੇ।ਇਸ ਮੌਕੇ ਭਰੇ ਮਨ ਨਾਲ ਪੀੜ੍ਹਤ ਕਿਸਾਨਾ ਨੇ ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂੰਕੇ ਨੂੰ ਦੱਸਿਆ ਕਿ ਇਸ ਤੋ ਪਹਿਲਾ ਸਾਲ 2005 ਵਿਚ ਵੀ ਇਸ ਇਲਾਕੇ ਦੇ ਕਿਸਾਨਾ ਦੀ ਫਸਲ ਬਰਸਾਤੀ ਪਾਣੀ ਨਾਲ ਤਬਾਹ ਹੋਈ ਸੀ ਜਿਸ ਦਾ ਅੱਜ 16 ਸਾਲ ਬੀਤ ਜਾਣ ਦੇ ਬਾਵਜੂਦ ਕਿਸੇ ਵੀ ਕਿਸਾਨ ਨੂੰ ਕੋਈ ਮੁਆਵਜਾ ਨਹੀ ਮਿਿਲਆ।ਉਨ੍ਹਾ ਕਿਹਾ ਕਿ ਪੀੜ੍ਹਤ ਕਿਸਾਨਾ ਦੀ ਜਿਆਦਾ ਖੇਤੀ ਠੇਕੇ ਤੇ ਲਈ ਹੋਈ ਹੈ ਅਤੇ ਜਮੀਨ ਦੇ ਮਾਲਕ ਨੇ ਤਾਂ ਠੇਕਾ ਸਮੇਂ ਸਿਰ ਲੈਣਾ ਹੀ ਹੈ ਚਾਹੇ ਜਮੀਨ ਵਿਚ ਫਸਲ ਹੋਵੇ ਜਾਂ ਨਾ ਹੋਵੇ,ਪਰ ਪੰਜਾਬ ਸਰਕਾਰ ਦਾ ਮੱੁਢਲਾ ਫਰਜ ਬਣਦਾ ਹੈ ਕਿ ਜਲਦੀ ਤੋ ਜਲਦੀ ਮੁਆਵਜਾ ਦਿੱਤਾ ਜਾਵੇ।ਇਸ ਮੌਕੇ ਵਿਧਾਇਕ ਮਾਣੂੰਕੇ ਨੇ ਆਪਣੇ ਫੋਨ ਤੋ ਐਸ ਡੀ ਐਮ ਜਗਰਾਓ,ਤਹਿਸੀਲਦਾਰ ਜਗਰਾਓ ਅਤੇ ਹੋਰ ਪ੍ਰਸਾਸਨ ਦੇ ਅਧਿਕਾਰੀਆ ਨਾਲ ਨੁਕਸਾਨੀ ਫਸਲ ਬਾਰੇ ਗੱਲਬਾਤ ਕੀਤੀ।ਇਸ ਮੌਕੇ ਉਨ੍ਹਾ ਨਾਲ ਜਨਰਲ ਸਕੱਤਰ ਸੁਰਿੰਦਰ ਸਿੰਘ ਲੱਖਾ,ਗੁਰਦੀਪ ਸਿੰਘ ਭੁੱਲਰ,ਪ੍ਰਧਾਨ ਤਰਸੇਮ ਸਿੰਘ ਹਠੂਰ,ਬਲਜਿੰਦਰ ਸਿੰਘ,ਸਵਰਨਜੀਤ ਸਿੰਘ,ਹਰਦੀਪ ਸਿੰਘ,ਨਛੱਤਰ ਸਿੰਘ,ਰਾਜਾ ਸਿੰਘ,ਮਨਜੀਤ ਸਿੰਘ,ਰਵਿੰਦਰ ਸਿੰਘ,ਗੋਰਾ ਸਿੰਘ,ਗੁਰਮੀਤ ਸਿੰਘ,ਗੁਰਦੇਵ ਸਿੰਘ ਜੈਦ,ਮਨਜੀਤ ਸਿੰਘ ਜੈਦ,ਗੁਰਸੇਵਕ ਸਿੰਘ,ਅਮਰ ਸਿੰਘ,ਸੋਹਣ ਸਿੰਘ,ਦੁੱਲਾ ਸਿੰਘ,ਪੂਰਨ ਸਿੰਘ,ਮਨਪ੍ਰੀਤ ਸਿੰਘ ਆਦਿ ਕਿਸਾਨ ਹਾਜ਼ਰ ਸਨ।
ਫੋਟੋ ਕੈਪਸ਼ਨ:-ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂੰਕੇ ਨੂੰ ਪੀੜ੍ਹਤ ਕਿਸਾਨ ਬਰਸਾਤੀ ਪਾਣੀ ਨਾਲ 110 ਏਕੜ ਡੁੱਬੀ ਹੋਈ ਫਸਲ ਦਿਖਾਉਦੇ ਹੋਏ।

ਭੋਗ ਪਹਿਲੀ ਮਾਘ ਨੂੰ ਪੈਣਗੇ  

ਜਗਰਾਉਂ, 10  ਜਨਵਰੀ ( ਬਲਦੇਵ ਜਗਰਾਉਂ ) ਸੰਸਾਰ ਪ੍ਰਸਿੱਧ ਧਾਰਮਿਕ ਸੰਸਥਾ ਨਾਨਕਸਰ ਕਲੇਰਾਂ ਵਿਖੇ ਸੰਤ ਮਹੰਤ ਪ੍ਰਤਾਪ ਸਿੰਘ ਜੀ ਦੀ ਨਿੱਘੀ ਅਤੇ ਮਿੱਠੀ ਯਾਦ ਚ ਉਨ੍ਹਾਂ ਦੀ ਨੌਵੀਂ ਬਰਸੀ 14 ਜਨਵਰੀ ਇੱਕ ਮਾਘ ਨੂੰ ਮਨਾਈ ਜਾਵੇਗੀ।  ਸੰਤ ਮਹੰਤ ਹਰਬੰਸ ਸਿੰਘ ਜੀ ਨੇ ਦੱਸਿਆ ਕਿ ਹਰੇਕ ਸਾਲ ਦੀ ਤਰ੍ਹਾਂ ਇਸ ਮੌਕੇ ਮਹਾਨ ਕੀਰਤਨ ਦਰਬਾਰ ਸਜਾਇਆ ਜਾਵੇਗਾ।  ਜਿਸ ਵਿੱਚ ਵੱਖ ਵੱਖ ਸੰਪਰਦਾਵਾਂ ਦੇ ਮਹਾਂਪੁਰਸ਼ ਅਤੇ ਢਾਡੀ ਜਥੇ ਹਾਜ਼ਰੀਆਂ ਭਰਨਗੇ ।  ਇਸ ਸਮੇਂ ਇੱਕ ਮਾਘ ਨੂੰ ਪਾਠਾਂ ਦੀ ਲਡ਼ੀ ਦੇ ਭੋਗ ਪਾਏ ਜਾਣਗੇ ਅਤੇ ਜਲੇਬੀਆਂ ਟਿੱਕੀਆਂ ਪਕੌਡ਼ਿਆਂ ਦਾ ਲੰਗਰ ਵੀ ਅਤੁੱਟ ਵਰਤੇਗਾ । ਸੰਗਤਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਇਸ ਬਰਸੀ ਸਮਾਗਮਾਂ ਚ ਵੱਧ ਚਡ਼੍ਹ ਕੇ ਹਿੱਸਾ ਲੈਣ  ।

ਗੁਰੂ ਗੋਬਿੰਦ ਸਿੰਘ ਜੀ ਨੂੰ ਸਮਰਪਿਤ ✍️ ਸਲੇਮਪੁਰੀ ਦੀ ਚੂੰਢੀ

- ਹੇ! ਗੂਰੂ ਗੋਬਿੰਦ ਸਿੰਘ
 ਤੈਨੂੰ  ਮੰਨਣ ਲਈ ਢੌਂਗ ਕਰਦੇ ਹਾਂ!
ਤੇਰੀ ਮੰਨਦੇ ਨਹੀਂ,ਐਵੇਂ ਗੱਲਾਂ ਕਰਦੇ ਹਾਂ!
ਤੂੰ ਜਾਤਾਂ-ਕੁਜਾਤਾਂ ਠੁਕਰਾ ਕੇ,ਇੱਕੋ ਬਾਟੇ 'ਚ ਅੰਮ੍ਰਿਤ ਛੁਕਾ ਕੇ!
ਮਨੁੱਖਤਾ ਦਾ ਪਾਠ ਪੜ੍ਹਾਕੇ,ਨਵਾਂ ਪੰਥ ਸਜਾ ਕੇ!
ਨਵਾਂ ਰਾਹ ਦਿਖਾਕੇ,ਆਪਾ ਆਪ ਲੁਟਾਕੇ!
ਜੋ ਪੈੜਾਂ ਪਾਈਆਂ 'ਤੇ ਚੱਲਦਿਆਂ ਸਾਨੂੰ ਘੁੱਟਣ ਮਹਿਸੂਸ ਹੁੰਦੀ ਐ!
ਤੂੰ ਜੁਲਮਾਂ ਵਿਰੁੱਧ ਲੜਿਆ ਸੀ,ਤੂੰ ਜਾਲਮ ਰਾਜੇ ਅੱਗੇ ਅੜਿਆ ਸੀ!
ਜੇ ਤੂੰ ਸਰਬੰਸ ਨਾ ਵਾਰਦਾ,ਅੱਜ ਹਿੰਦੂ ਨਾ ਹੁੰਦਾ!
ਅੱਜ ਜਨੇਊ ਨਾ ਹੁੰਦਾ,ਤੂੰ ਮੋਇਆਂ 'ਚ ਜਾਨ ਪਾਈ!
ਤੂੰ ਡੁੱਬਦੀ ਮਨੁੱਖਤਾ ਬਚਾਈ,ਤੇਰਾ ਕੌਣ ਦੇਊਗਾ ਦੇਣਾ!
ਅਸੀਂ ਤੇਰੀ ਕੀ ਮੰਨਣੀ ਆ?
ਅਸੀਂ ਤਾਂ ਅਜੇ ਤੇਰੇ ਪ੍ਰਕਾਸ਼ ਪੁਰਬ ਦੀਆਂ ਮਿਤੀਆਂ 'ਚ ਉਲਝ ਕੇ ਰਹਿ ਗਏ ਆਂ!
ਅਸੀਂ ਫਿਰ ਊਚ-ਨੀਚ ਦੀ ਘੁਮਣ-ਘੇਰੀ 'ਚ ਫਸ ਕੇ ਬਹਿ ਗਏ ਆਂ!
ਤੂੰ ਜੁਲਮ ਵਿਰੁੱਧ ਤਲਵਾਰ ਉਠਾਈ ਸੀ!
ਤੂੰ ਅਨੋਖੀ ਰੀਤ ਚਲਾਈ ਸੀ!
ਤੂੰ ਮਨੁੱਖਤਾ ਲਈ ਪਰਿਵਾਰ ਵਾਰਿਆ!
ਅਸੀਂ ਕੁਰਸੀ ਲਈ, ਨੋਟਾਂ ਲਈ!
ਅਹੁਦਿਆਂ ਲਈ,ਦੂਜਿਆਂ ਦਾ ਵਿਗਾੜਿਆ!
ਦੂਜਿਆਂ ਨੂੰ ਮਾਰਿਆ, ਸਿਰਫ ਆਪਾ ਹੀ ਸੰਵਾਰਿਆ!!
-ਸੁਖਦੇਵ ਸਲੇਮਪੁਰੀ
09780620233
9 ਜਨਵਰੀ, 2022

ਲੋਹੜੀ ਦਾ ਤਿਉਹਾਰ ✍️ ਹਰਮੇਸ਼ ਕੌਰ ਯੋਧੇ

ਲੋਹੜੀ ਦਾ ਜੇ ਆਇਆ ਤਿਉਹਾਰ,
ਭੈਣਾਂ-ਭਰਾਵਾਂ ਦਾ ਵਧਾਵੇ ਪਿਆਰ।
ਸਹੁਰੇ ਬੈਠੀ ਭੈਣ ਨੂੰ ਸੁਪਨਾ ਆਇਆ,
ਵੀਰਾ ਮੇਰਾ ਜੇ ਸੰਧਾਰਾ ਲਿਅਇਆ।
ਸੰਧਾਰੇ ਵਿੱਚ ਪਿੰਨੀਆਂ ਆਈਆਂ ਜੋ,
ਗਲੀ ਗਲੀ ਵਰਤਾਈਆਂ ਓਹ।
ਓਧਰ ਵਣਜ਼ਾਰਾ ਆਇਅ ਜੇ,
ਵੰਙਾਂ ਕਲਿੱਪ ਲਿਅਇਆ ਜੇ।
ਤਾਈ ਸੰਤੀ ਨੇ ਅਵਾਜ਼ ਮਾਰ ਬਿਠਾਇਆ ਏ,
ਸਭ ਨੇ ਵੰਙਾਂ ਚੜ੍ਹਾ ਕੇ ਚਾਅ ਲਾਇਆ ਏ।
ਮੁੰਡੇ ਲੋਹੜੀ ਮੰਗਣ ਆਉਂਦੇ ਨੇ,
ਸੁੰਦਰ-ਮੁੰਦਰੀ ਦਾ ਗੀਤ ਗਾਉਂਦੇ ਨੇ।
ਕੁੜੀਆਂ ਲੋਹੜੀ ਮੰਗਣ ਜਾਂਦੀਆਂ ਨੇ,
ਕਈ ਗੀਤ ਲੋਹੜੀ ਦੇ ਗਾਂਦੀਆਂ ਨੇ।
ਲੰਬੜਾਂ ਦੇ ਨਵੀਂ ਵਹੁਟੀ ਆਈ ਜੇ,
ਮੁੰਗਫਲੀ ਗਲੀ ਗਲੀ ਵਰਤਾਈ ਜੇ।
ਮਿੱਠੂ ਘਰੇ ਕਾਕਾ ਆਇਆ ਜੇ,
ਉਹਨਾਂ ਨੇ ਭੁੱਗਾ ਲਾਇਆ ਜੇ।
ਸ਼ਰੀਕਾ ਭੁੱਗਾ ਸੇਕਣ ਆਇਆ ਏ,
ਸਭਨੇ ਕਾਕਾ ਨੂੰ ਸ਼ਗਨ ਪਾਇਆ ਏ।
ਵੀਰੇ ਨੇ ਡੀ.ਜੇ. ਮੰਗਾ ਲਿਆ,
ਸਭਨੂੰ ਨੱਚਣ ਲਾ ਲਿਆ।
ਕੁੜੀਆਂ ਨੇ ਗਿੱਧਾ ਖ਼ੂਬ ਮਚਾਇਆ ਏ,
ਨੱਚ-ਨੱਚ ਕੇ ਧਰਤ ਨੂੰ ਹਿਲਾਇਆ ਏ।
‘ਯੋਧੇ’ ਯਾਦਾਂ ਦੁੱਲੇ ਭੱਟੀ ਦੀਆਂ ਆਈਆਂ ਨੇ,
ਜਿੰਨ੍ਹੇ ਧੀਆਂ ਦੀਆਂ ਇੱਜ਼ਤਾਂ  ਬਚਾਈਆਂ ਨੇ।
      ਹਰਮੇਸ਼ ਕੌਰ ਯੋਧੇ -ਮਦਰ ਟਰੇਸਾ ਅਵਾਰਡੀ

ਡਕੌਂਦਾ ਵੱਲੋ ਸੂਬਾ ਪੱਧਰੀ ਜੂਝਾਰ-ਰੈਲੀ ਲਈ ਤਿਆਰੀਆਂ ਜੋਰਾਂ'ਤੇ

10 ਜਨਵਰੀ ਦਾਣਾ ਮੰਡੀ ਬਰਨਾਲਾ ਇਕੱਠ ਇਤਿਹਾਸਕ ਹੋਵੇਗਾ-ਉੱਪਲੀ

ਮਹਿਲਕਲਾਂ /ਬਰਨਾਲਾ- 08 ਜਨਵਰੀ- (ਗੁਰਸੇਵਕ ਸਿੰਘ ਸੋਹੀ)-  ਭਾਰਤੀ ਕਿਸਾਨ ਯੂਨੀਅਨ-ਏਕਤਾ(ਡਕੌਂਦਾ) ਜਿਲ੍ਹਾ ਬਰਨਾਲਾ ਨੇ 10 ਜਨਵਰੀ ਨੂੰ ਬਰਨਾਲਾ ਦਾਣਾ ਮੰਡੀ ਵਿਖੇ ਕੀਤੀ ਜਾਣ ਵਾਲ਼ੀ ਸੂਬਾ-ਪੱਧਰੀ 'ਜੂਝਾਰ ਬਲਾਕਾਂ ਦੀਆਂ ਭਰਵੀਆਂ ਮੀਟਿੰਗਾਂ ਹੋ ਚੁੱਕੀਆਂ ਹਨ। ਅੱਜ ਵਰਦੇ ਮੀਂਹ ਦੇ ਬਾਵਜੂਦ ਦਰਜਨਾਂ ਪਿੰਡਾਂ ਵਿੱਚ ਬੀਕੇਯੂ ਏਕਤਾ ਡਕੌਂਦਾ ਦੇ ਮਰਦ ਔਰਤਾਂ ਦੇ ਆਗੂ ਕਾਫਲਿਆਂ ਨੇ ਟੀਮਾਂ ਬਣਾਕੇ ਘਰ ਘਰ ਜਾਕੇ 10 ਜਨਵਰੀ ਜੁਝਾਰ ਰੈਲੀ ਵਿੱਚ ਵੱਡੀ ਗਿਣਤੀ ਪਹੁੰਚਣ ਲਈ ਅਪੀਲ ਕਰ ਰਹੇ ਹਨ। 
ਬੀਕੇਯੂ(ਡਕੌਂਦਾ) ਦੇ ਸੂਬਾ ਪ੍ਰੈੱਸ ਸਕੱਤਰ ਬਲਵੰਤ ਉੱਪਲੀ, ਮਲਕੀਤ ਈਨਾ, ਜਗਰਾਜ ਹਰਦਾਸਪੁਰਾ, ਅਮਨਦੀਪ ਸਿੰਘ ਰਾਏਸਰ, ਜਗਤਾਰ ਸਿੰਘ ਮੂੰਮ ਨੇ ਕਿਹਾ ਕਿ ਕਿਸਾਨੀ ਕਰਜ਼ੇ ਰੱਦ ਕਰਵਾਉਣ, ਸਾਰੀਆਂ ਫਸਲਾਂ ਲਈ ਘੱਟੋ-ਘੱਟ ਸਮਰਥਨ ਮੁੱਲ(ਐਮਐਸਪੀ) ਲਈ ਗਰੰਟੀ ਕਾਨੂੰਨ ਬਣਾਉਣ, ਫਸਲਾਂ ਦੀ ਸਰਕਾਰੀ ਖ੍ਰੀਦ ਦੀ ਗਰੰਟੀ ਦੇਣ, ਸਵਾਮੀਨਾਥਨ ਕਮਿਸ਼ਨ ਰਿਪੋਰਟ ਲਾਗੂ ਕਰਵਾਉਣ, ਸ਼ਹੀਦਾਂ ਕਿਸਾਨਾਂ ਦੇ ਪਰਿਵਾਰਾਂ ਨੂੰ ਸਰਕਾਰੀ ਨੌਕਰੀ ਅਤੇ ਮੁਆਵਜ਼ਾ ਦਿਵਾਉਣ, ਗੁਲਾਬੀ ਸੁੰਡੀ ਅਤੇ ਝੋਨੇ ਦੀ ਫਸਲ ਦੇ ਖ਼ਰਾਬੇ ਦਾ ਮੁਆਵਜ਼ਾ ਹਾਸਲ ਕਰਨ ਸਮੇਤ ਕੇਂਦਰ ਅਤੇ ਪੰਜਾਬ ਸਰਕਾਰ ਨਾਲ ਸਬੰਧਤ ਵੱਖ-ਵੱਖ ਮੰਗਾਂ ਦੀ ਪੂਰਤੀ ਲਈ 'ਜੂਝਾਰ ਰੈਲੀ' ਕੀਤੀ ਜਾਵੇਗੀ। ਆਗੂਆਂ ਨੇ ਕਿਹਾ ਕਿ ਪਿੰਡਾਂ ਵਿੱਚ ਜੁਝਾਰ ਰੈਲੀ ਲਈ ਬਹੁਤ ਉਤਸ਼ਾਹ ਪਾਇਆ ਜਾ ਰਿਹਾ ਹੈ। ਜੁਝਾਰ ਰੈਲੀ ਵਿੱਚ ਬਰਨਾਲਾ ਜਿਲ੍ਹੇ ਵਿੱਚੋਂ 10 ਹਜਾਰ ਤੋਂ ਵੀ ਵੱਧ ਕਿਸਾਨ ਮਰਦ ਔਰਤਾਂ ਕੇ ਕਾਫ਼ਲੇ ਸ਼ਾਮਿਲ ਹੋਣਗੇ।

ਮਨਰੇਗਾ ਮਜਦੂਰਾਂ ਨੇ ਅੱਠਵੇਂ ਦਿਨ ਵੀ ਮਹਿਲ ਕਲਾਂ ਨੂੰ ਨਗਰ ਪੰਚਾਇਤ ਬਣਾਉਣ ਦੇ ਵਿਰੋਧ ਵਿੱਚ ਕੀਤਾ ਰੋਸ ਪ੍ਰਦਰਸ਼ਨ

ਬੱਸ ਸਟੈਂਡ ਵਿਖੇ ਪੰਜਾਬ ਸਰਕਾਰ ਦਾ ਫੂਕਿਆ ਪੁਤਲਾ

ਮਹਿਲ ਕਲਾਂ/ ਬਰਨਾਲਾ -08 ਜਨਵਰੀ- (ਗੁਰਸੇਵਕ ਸਿੰਘ ਸੋਹੀ ) -ਮਹਿਲ ਕਲਾਂ, ਮਹਿਲ ਕਲਾਂ ਸੋਢੇ ਅਤੇ ਮਹਿਲ ਖੁਰਦ ਤਿੰਨਾਂ ਪਿੰਡਾਂ ਨੂੰ ਮਿਲਾ ਕੇ ਨਗਰ ਪੰਚਾਇਤ ਬਣਾਉਣ ਦੇ ਰੋਸ ਵਜੋਂ ਮਹਿਲ ਕਲਾਂ ਮਹਿਲ ਕਲਾਂ ਸੋਢੇ ਅਤੇ ਮਹਿਲ ਕਲਾਂ ਦੇ ਮਜ਼ਦੂਰਾ ਵੱਲੋਂ ਦਿੱਤਾ ਜਾਂਦਾ ਧਰਨਾ ਅੱਜ ਅੱਠਵੇਂ ਦਿਨ ਵੀ ਜਾਰੀ ਰਿਹਾ। ਇਸ ਮੌਕੇ ਤਿੰਨੇ ਪਿੰਡਾਂ ਦੇ ਮਜ਼ਦੂਰਾਂ ਵੱਲੋਂ ਬੀਡੀਪੀਓ ਦਫ਼ਤਰ ਵਿੱਚ ਇਕੱਠੇ ਹੋ ਕੇ ਪੰਜਾਬ ਸਰਕਾਰ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਨ ਉਪਰੰਤ ਪੰਜਾਬ ਸਰਕਾਰ ਦਾ ਬੱਸ ਸਟੈਂਡ ਮਹਿਲ ਕਲਾਂ ਵਿਖੇ ਪੁਤਲਾ ਸਾੜਿਆ ਗਿਆ। ਇਸ ਮੌਕੇ ਮਜ਼ਦੂਰਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਸਕੱਤਰ ਭੋਲਾ ਸਿੰਘ ਕਲਾਲ ਮਾਜਰਾ,ਮੈਡੀਕਲ ਪ੍ਰੈਕਟੀਸਨਰਜ ਦੇ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਕੁੱਕੂ ਨੇ ਕਿਹਾ ਕਿ ਦੇਸ਼ ਅਤੇ ਸੂਬੇ ਦੀਆਂ ਹਾਕਮ ਸਰਕਾਰਾਂ ਗਰੀਬ ਵਿਰੋਧੀ ਨੀਤੀਆਂ ਕਰਕੇ ਮਜ਼ਦੂਰਾਂ ਦਾ ਹਰ ਪਾਸਿਓਂ ਰੁਜ਼ਗਾਰ ਖਤਮ ਕਰ ਰਹੀਆਂ ਹਨ। ਇਸ ਮੌਕੇ ਉਨ੍ਹਾਂ ਕਿਹਾ ਕਿ ਇਕ ਪਾਸੇ ਤਾਂ ਪਿਛਲੇ ਕਾਫੀ ਸਮੇਂ ਤੋਂ ਕਰੋਨਾ ਦੀ ਮਹਾਂਮਾਰੀ ਕਾਰਨ ਲੱਗੇ ਲੌਕ ਡਾਊਨ ਕਾਰਨ ਗ਼ਰੀਬ ਮਜ਼ਦੂਰਾਂ ਦੇ ਚੁੱਲ੍ਹੇ ਪਹਿਲਾਂ ਹੀ ਠੰਢੇ ਹੋ ਚੁੱਕੇ ਹਨ ਅਤੇ ਦੂਸਰਾ ਇਹ  ਮੌਕੇ ਦੀਆਂ ਸਰਕਾਰਾਂ ਗ਼ਰੀਬ ਵਿਰੋਧੀ ਫ਼ੈਸਲੇ ਕਰ ਕੇ ਗ਼ਰੀਬਾਂ ਨੂੰ ਬਿਲਕੁਲ ਲਤਾੜ ਰਹੀਅਾ ਹਨ। ਇਸ ਮੌਕੇ ਮਜ਼ਦੂਰ ਆਗੂਆਂ ਨੇ ਕਿਹਾ ਕਿ ਮਹਿਲ ਕਲਾਂ ਨੂੰ ਕਿਸੇ ਵੀ ਕੀਮਤ ਤੇ ਨਗਰ ਪੰਚਾਇਤ ਨਹੀਂ ਬਣਨ ਦਿੱਤਾ ਜਾਵੇਗਾ। ਇਸ ਮੌਕੇ ਕਰਤਾਰ ਸਿੰਘ ਮਹਿੰਦਰ ਸਿੰਘ, ਚਾਨਣ ਸਿੰਘ ,ਦੇਵ ਸਿੰਘ, ਲਾਲ ਸਿੰਘ ,ਸੁਰਜੀਤ ਸਿੰਘ ,ਜਰਨੈਲ ਸਿੰਘ, ਪਿਆਰਾ ਸਿੰਘ ,ਦਲੀਪ ਸਿੰਘ ,ਸੁਖਦੇਵ ਕੌਰ ,ਸੁਖਵਿੰਦਰ ਕੌਰ ,ਸੰਦੀਪ ਕੌਰ ,ਜਸਵੀਰ ਕੌਰ ਅਤੇ ਕਰਮਜੀਤ ਕੌਰ  ਹਾਜ਼ਰ ਸਨ ।