You are here

ਪੰਜਾਬ

ਭੋਗ ਪਹਿਲੀ ਮਾਘ ਨੂੰ ਪੈਣਗੇ  

ਜਗਰਾਉਂ, 10  ਜਨਵਰੀ ( ਬਲਦੇਵ ਜਗਰਾਉਂ ) ਸੰਸਾਰ ਪ੍ਰਸਿੱਧ ਧਾਰਮਿਕ ਸੰਸਥਾ ਨਾਨਕਸਰ ਕਲੇਰਾਂ ਵਿਖੇ ਸੰਤ ਮਹੰਤ ਪ੍ਰਤਾਪ ਸਿੰਘ ਜੀ ਦੀ ਨਿੱਘੀ ਅਤੇ ਮਿੱਠੀ ਯਾਦ ਚ ਉਨ੍ਹਾਂ ਦੀ ਨੌਵੀਂ ਬਰਸੀ 14 ਜਨਵਰੀ ਇੱਕ ਮਾਘ ਨੂੰ ਮਨਾਈ ਜਾਵੇਗੀ।  ਸੰਤ ਮਹੰਤ ਹਰਬੰਸ ਸਿੰਘ ਜੀ ਨੇ ਦੱਸਿਆ ਕਿ ਹਰੇਕ ਸਾਲ ਦੀ ਤਰ੍ਹਾਂ ਇਸ ਮੌਕੇ ਮਹਾਨ ਕੀਰਤਨ ਦਰਬਾਰ ਸਜਾਇਆ ਜਾਵੇਗਾ।  ਜਿਸ ਵਿੱਚ ਵੱਖ ਵੱਖ ਸੰਪਰਦਾਵਾਂ ਦੇ ਮਹਾਂਪੁਰਸ਼ ਅਤੇ ਢਾਡੀ ਜਥੇ ਹਾਜ਼ਰੀਆਂ ਭਰਨਗੇ ।  ਇਸ ਸਮੇਂ ਇੱਕ ਮਾਘ ਨੂੰ ਪਾਠਾਂ ਦੀ ਲਡ਼ੀ ਦੇ ਭੋਗ ਪਾਏ ਜਾਣਗੇ ਅਤੇ ਜਲੇਬੀਆਂ ਟਿੱਕੀਆਂ ਪਕੌਡ਼ਿਆਂ ਦਾ ਲੰਗਰ ਵੀ ਅਤੁੱਟ ਵਰਤੇਗਾ । ਸੰਗਤਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਇਸ ਬਰਸੀ ਸਮਾਗਮਾਂ ਚ ਵੱਧ ਚਡ਼੍ਹ ਕੇ ਹਿੱਸਾ ਲੈਣ  ।

ਗੁਰੂ ਗੋਬਿੰਦ ਸਿੰਘ ਜੀ ਨੂੰ ਸਮਰਪਿਤ ✍️ ਸਲੇਮਪੁਰੀ ਦੀ ਚੂੰਢੀ

- ਹੇ! ਗੂਰੂ ਗੋਬਿੰਦ ਸਿੰਘ
 ਤੈਨੂੰ  ਮੰਨਣ ਲਈ ਢੌਂਗ ਕਰਦੇ ਹਾਂ!
ਤੇਰੀ ਮੰਨਦੇ ਨਹੀਂ,ਐਵੇਂ ਗੱਲਾਂ ਕਰਦੇ ਹਾਂ!
ਤੂੰ ਜਾਤਾਂ-ਕੁਜਾਤਾਂ ਠੁਕਰਾ ਕੇ,ਇੱਕੋ ਬਾਟੇ 'ਚ ਅੰਮ੍ਰਿਤ ਛੁਕਾ ਕੇ!
ਮਨੁੱਖਤਾ ਦਾ ਪਾਠ ਪੜ੍ਹਾਕੇ,ਨਵਾਂ ਪੰਥ ਸਜਾ ਕੇ!
ਨਵਾਂ ਰਾਹ ਦਿਖਾਕੇ,ਆਪਾ ਆਪ ਲੁਟਾਕੇ!
ਜੋ ਪੈੜਾਂ ਪਾਈਆਂ 'ਤੇ ਚੱਲਦਿਆਂ ਸਾਨੂੰ ਘੁੱਟਣ ਮਹਿਸੂਸ ਹੁੰਦੀ ਐ!
ਤੂੰ ਜੁਲਮਾਂ ਵਿਰੁੱਧ ਲੜਿਆ ਸੀ,ਤੂੰ ਜਾਲਮ ਰਾਜੇ ਅੱਗੇ ਅੜਿਆ ਸੀ!
ਜੇ ਤੂੰ ਸਰਬੰਸ ਨਾ ਵਾਰਦਾ,ਅੱਜ ਹਿੰਦੂ ਨਾ ਹੁੰਦਾ!
ਅੱਜ ਜਨੇਊ ਨਾ ਹੁੰਦਾ,ਤੂੰ ਮੋਇਆਂ 'ਚ ਜਾਨ ਪਾਈ!
ਤੂੰ ਡੁੱਬਦੀ ਮਨੁੱਖਤਾ ਬਚਾਈ,ਤੇਰਾ ਕੌਣ ਦੇਊਗਾ ਦੇਣਾ!
ਅਸੀਂ ਤੇਰੀ ਕੀ ਮੰਨਣੀ ਆ?
ਅਸੀਂ ਤਾਂ ਅਜੇ ਤੇਰੇ ਪ੍ਰਕਾਸ਼ ਪੁਰਬ ਦੀਆਂ ਮਿਤੀਆਂ 'ਚ ਉਲਝ ਕੇ ਰਹਿ ਗਏ ਆਂ!
ਅਸੀਂ ਫਿਰ ਊਚ-ਨੀਚ ਦੀ ਘੁਮਣ-ਘੇਰੀ 'ਚ ਫਸ ਕੇ ਬਹਿ ਗਏ ਆਂ!
ਤੂੰ ਜੁਲਮ ਵਿਰੁੱਧ ਤਲਵਾਰ ਉਠਾਈ ਸੀ!
ਤੂੰ ਅਨੋਖੀ ਰੀਤ ਚਲਾਈ ਸੀ!
ਤੂੰ ਮਨੁੱਖਤਾ ਲਈ ਪਰਿਵਾਰ ਵਾਰਿਆ!
ਅਸੀਂ ਕੁਰਸੀ ਲਈ, ਨੋਟਾਂ ਲਈ!
ਅਹੁਦਿਆਂ ਲਈ,ਦੂਜਿਆਂ ਦਾ ਵਿਗਾੜਿਆ!
ਦੂਜਿਆਂ ਨੂੰ ਮਾਰਿਆ, ਸਿਰਫ ਆਪਾ ਹੀ ਸੰਵਾਰਿਆ!!
-ਸੁਖਦੇਵ ਸਲੇਮਪੁਰੀ
09780620233
9 ਜਨਵਰੀ, 2022

ਲੋਹੜੀ ਦਾ ਤਿਉਹਾਰ ✍️ ਹਰਮੇਸ਼ ਕੌਰ ਯੋਧੇ

ਲੋਹੜੀ ਦਾ ਜੇ ਆਇਆ ਤਿਉਹਾਰ,
ਭੈਣਾਂ-ਭਰਾਵਾਂ ਦਾ ਵਧਾਵੇ ਪਿਆਰ।
ਸਹੁਰੇ ਬੈਠੀ ਭੈਣ ਨੂੰ ਸੁਪਨਾ ਆਇਆ,
ਵੀਰਾ ਮੇਰਾ ਜੇ ਸੰਧਾਰਾ ਲਿਅਇਆ।
ਸੰਧਾਰੇ ਵਿੱਚ ਪਿੰਨੀਆਂ ਆਈਆਂ ਜੋ,
ਗਲੀ ਗਲੀ ਵਰਤਾਈਆਂ ਓਹ।
ਓਧਰ ਵਣਜ਼ਾਰਾ ਆਇਅ ਜੇ,
ਵੰਙਾਂ ਕਲਿੱਪ ਲਿਅਇਆ ਜੇ।
ਤਾਈ ਸੰਤੀ ਨੇ ਅਵਾਜ਼ ਮਾਰ ਬਿਠਾਇਆ ਏ,
ਸਭ ਨੇ ਵੰਙਾਂ ਚੜ੍ਹਾ ਕੇ ਚਾਅ ਲਾਇਆ ਏ।
ਮੁੰਡੇ ਲੋਹੜੀ ਮੰਗਣ ਆਉਂਦੇ ਨੇ,
ਸੁੰਦਰ-ਮੁੰਦਰੀ ਦਾ ਗੀਤ ਗਾਉਂਦੇ ਨੇ।
ਕੁੜੀਆਂ ਲੋਹੜੀ ਮੰਗਣ ਜਾਂਦੀਆਂ ਨੇ,
ਕਈ ਗੀਤ ਲੋਹੜੀ ਦੇ ਗਾਂਦੀਆਂ ਨੇ।
ਲੰਬੜਾਂ ਦੇ ਨਵੀਂ ਵਹੁਟੀ ਆਈ ਜੇ,
ਮੁੰਗਫਲੀ ਗਲੀ ਗਲੀ ਵਰਤਾਈ ਜੇ।
ਮਿੱਠੂ ਘਰੇ ਕਾਕਾ ਆਇਆ ਜੇ,
ਉਹਨਾਂ ਨੇ ਭੁੱਗਾ ਲਾਇਆ ਜੇ।
ਸ਼ਰੀਕਾ ਭੁੱਗਾ ਸੇਕਣ ਆਇਆ ਏ,
ਸਭਨੇ ਕਾਕਾ ਨੂੰ ਸ਼ਗਨ ਪਾਇਆ ਏ।
ਵੀਰੇ ਨੇ ਡੀ.ਜੇ. ਮੰਗਾ ਲਿਆ,
ਸਭਨੂੰ ਨੱਚਣ ਲਾ ਲਿਆ।
ਕੁੜੀਆਂ ਨੇ ਗਿੱਧਾ ਖ਼ੂਬ ਮਚਾਇਆ ਏ,
ਨੱਚ-ਨੱਚ ਕੇ ਧਰਤ ਨੂੰ ਹਿਲਾਇਆ ਏ।
‘ਯੋਧੇ’ ਯਾਦਾਂ ਦੁੱਲੇ ਭੱਟੀ ਦੀਆਂ ਆਈਆਂ ਨੇ,
ਜਿੰਨ੍ਹੇ ਧੀਆਂ ਦੀਆਂ ਇੱਜ਼ਤਾਂ  ਬਚਾਈਆਂ ਨੇ।
      ਹਰਮੇਸ਼ ਕੌਰ ਯੋਧੇ -ਮਦਰ ਟਰੇਸਾ ਅਵਾਰਡੀ

ਡਕੌਂਦਾ ਵੱਲੋ ਸੂਬਾ ਪੱਧਰੀ ਜੂਝਾਰ-ਰੈਲੀ ਲਈ ਤਿਆਰੀਆਂ ਜੋਰਾਂ'ਤੇ

10 ਜਨਵਰੀ ਦਾਣਾ ਮੰਡੀ ਬਰਨਾਲਾ ਇਕੱਠ ਇਤਿਹਾਸਕ ਹੋਵੇਗਾ-ਉੱਪਲੀ

ਮਹਿਲਕਲਾਂ /ਬਰਨਾਲਾ- 08 ਜਨਵਰੀ- (ਗੁਰਸੇਵਕ ਸਿੰਘ ਸੋਹੀ)-  ਭਾਰਤੀ ਕਿਸਾਨ ਯੂਨੀਅਨ-ਏਕਤਾ(ਡਕੌਂਦਾ) ਜਿਲ੍ਹਾ ਬਰਨਾਲਾ ਨੇ 10 ਜਨਵਰੀ ਨੂੰ ਬਰਨਾਲਾ ਦਾਣਾ ਮੰਡੀ ਵਿਖੇ ਕੀਤੀ ਜਾਣ ਵਾਲ਼ੀ ਸੂਬਾ-ਪੱਧਰੀ 'ਜੂਝਾਰ ਬਲਾਕਾਂ ਦੀਆਂ ਭਰਵੀਆਂ ਮੀਟਿੰਗਾਂ ਹੋ ਚੁੱਕੀਆਂ ਹਨ। ਅੱਜ ਵਰਦੇ ਮੀਂਹ ਦੇ ਬਾਵਜੂਦ ਦਰਜਨਾਂ ਪਿੰਡਾਂ ਵਿੱਚ ਬੀਕੇਯੂ ਏਕਤਾ ਡਕੌਂਦਾ ਦੇ ਮਰਦ ਔਰਤਾਂ ਦੇ ਆਗੂ ਕਾਫਲਿਆਂ ਨੇ ਟੀਮਾਂ ਬਣਾਕੇ ਘਰ ਘਰ ਜਾਕੇ 10 ਜਨਵਰੀ ਜੁਝਾਰ ਰੈਲੀ ਵਿੱਚ ਵੱਡੀ ਗਿਣਤੀ ਪਹੁੰਚਣ ਲਈ ਅਪੀਲ ਕਰ ਰਹੇ ਹਨ। 
ਬੀਕੇਯੂ(ਡਕੌਂਦਾ) ਦੇ ਸੂਬਾ ਪ੍ਰੈੱਸ ਸਕੱਤਰ ਬਲਵੰਤ ਉੱਪਲੀ, ਮਲਕੀਤ ਈਨਾ, ਜਗਰਾਜ ਹਰਦਾਸਪੁਰਾ, ਅਮਨਦੀਪ ਸਿੰਘ ਰਾਏਸਰ, ਜਗਤਾਰ ਸਿੰਘ ਮੂੰਮ ਨੇ ਕਿਹਾ ਕਿ ਕਿਸਾਨੀ ਕਰਜ਼ੇ ਰੱਦ ਕਰਵਾਉਣ, ਸਾਰੀਆਂ ਫਸਲਾਂ ਲਈ ਘੱਟੋ-ਘੱਟ ਸਮਰਥਨ ਮੁੱਲ(ਐਮਐਸਪੀ) ਲਈ ਗਰੰਟੀ ਕਾਨੂੰਨ ਬਣਾਉਣ, ਫਸਲਾਂ ਦੀ ਸਰਕਾਰੀ ਖ੍ਰੀਦ ਦੀ ਗਰੰਟੀ ਦੇਣ, ਸਵਾਮੀਨਾਥਨ ਕਮਿਸ਼ਨ ਰਿਪੋਰਟ ਲਾਗੂ ਕਰਵਾਉਣ, ਸ਼ਹੀਦਾਂ ਕਿਸਾਨਾਂ ਦੇ ਪਰਿਵਾਰਾਂ ਨੂੰ ਸਰਕਾਰੀ ਨੌਕਰੀ ਅਤੇ ਮੁਆਵਜ਼ਾ ਦਿਵਾਉਣ, ਗੁਲਾਬੀ ਸੁੰਡੀ ਅਤੇ ਝੋਨੇ ਦੀ ਫਸਲ ਦੇ ਖ਼ਰਾਬੇ ਦਾ ਮੁਆਵਜ਼ਾ ਹਾਸਲ ਕਰਨ ਸਮੇਤ ਕੇਂਦਰ ਅਤੇ ਪੰਜਾਬ ਸਰਕਾਰ ਨਾਲ ਸਬੰਧਤ ਵੱਖ-ਵੱਖ ਮੰਗਾਂ ਦੀ ਪੂਰਤੀ ਲਈ 'ਜੂਝਾਰ ਰੈਲੀ' ਕੀਤੀ ਜਾਵੇਗੀ। ਆਗੂਆਂ ਨੇ ਕਿਹਾ ਕਿ ਪਿੰਡਾਂ ਵਿੱਚ ਜੁਝਾਰ ਰੈਲੀ ਲਈ ਬਹੁਤ ਉਤਸ਼ਾਹ ਪਾਇਆ ਜਾ ਰਿਹਾ ਹੈ। ਜੁਝਾਰ ਰੈਲੀ ਵਿੱਚ ਬਰਨਾਲਾ ਜਿਲ੍ਹੇ ਵਿੱਚੋਂ 10 ਹਜਾਰ ਤੋਂ ਵੀ ਵੱਧ ਕਿਸਾਨ ਮਰਦ ਔਰਤਾਂ ਕੇ ਕਾਫ਼ਲੇ ਸ਼ਾਮਿਲ ਹੋਣਗੇ।

ਮਨਰੇਗਾ ਮਜਦੂਰਾਂ ਨੇ ਅੱਠਵੇਂ ਦਿਨ ਵੀ ਮਹਿਲ ਕਲਾਂ ਨੂੰ ਨਗਰ ਪੰਚਾਇਤ ਬਣਾਉਣ ਦੇ ਵਿਰੋਧ ਵਿੱਚ ਕੀਤਾ ਰੋਸ ਪ੍ਰਦਰਸ਼ਨ

ਬੱਸ ਸਟੈਂਡ ਵਿਖੇ ਪੰਜਾਬ ਸਰਕਾਰ ਦਾ ਫੂਕਿਆ ਪੁਤਲਾ

ਮਹਿਲ ਕਲਾਂ/ ਬਰਨਾਲਾ -08 ਜਨਵਰੀ- (ਗੁਰਸੇਵਕ ਸਿੰਘ ਸੋਹੀ ) -ਮਹਿਲ ਕਲਾਂ, ਮਹਿਲ ਕਲਾਂ ਸੋਢੇ ਅਤੇ ਮਹਿਲ ਖੁਰਦ ਤਿੰਨਾਂ ਪਿੰਡਾਂ ਨੂੰ ਮਿਲਾ ਕੇ ਨਗਰ ਪੰਚਾਇਤ ਬਣਾਉਣ ਦੇ ਰੋਸ ਵਜੋਂ ਮਹਿਲ ਕਲਾਂ ਮਹਿਲ ਕਲਾਂ ਸੋਢੇ ਅਤੇ ਮਹਿਲ ਕਲਾਂ ਦੇ ਮਜ਼ਦੂਰਾ ਵੱਲੋਂ ਦਿੱਤਾ ਜਾਂਦਾ ਧਰਨਾ ਅੱਜ ਅੱਠਵੇਂ ਦਿਨ ਵੀ ਜਾਰੀ ਰਿਹਾ। ਇਸ ਮੌਕੇ ਤਿੰਨੇ ਪਿੰਡਾਂ ਦੇ ਮਜ਼ਦੂਰਾਂ ਵੱਲੋਂ ਬੀਡੀਪੀਓ ਦਫ਼ਤਰ ਵਿੱਚ ਇਕੱਠੇ ਹੋ ਕੇ ਪੰਜਾਬ ਸਰਕਾਰ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਨ ਉਪਰੰਤ ਪੰਜਾਬ ਸਰਕਾਰ ਦਾ ਬੱਸ ਸਟੈਂਡ ਮਹਿਲ ਕਲਾਂ ਵਿਖੇ ਪੁਤਲਾ ਸਾੜਿਆ ਗਿਆ। ਇਸ ਮੌਕੇ ਮਜ਼ਦੂਰਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਸਕੱਤਰ ਭੋਲਾ ਸਿੰਘ ਕਲਾਲ ਮਾਜਰਾ,ਮੈਡੀਕਲ ਪ੍ਰੈਕਟੀਸਨਰਜ ਦੇ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਕੁੱਕੂ ਨੇ ਕਿਹਾ ਕਿ ਦੇਸ਼ ਅਤੇ ਸੂਬੇ ਦੀਆਂ ਹਾਕਮ ਸਰਕਾਰਾਂ ਗਰੀਬ ਵਿਰੋਧੀ ਨੀਤੀਆਂ ਕਰਕੇ ਮਜ਼ਦੂਰਾਂ ਦਾ ਹਰ ਪਾਸਿਓਂ ਰੁਜ਼ਗਾਰ ਖਤਮ ਕਰ ਰਹੀਆਂ ਹਨ। ਇਸ ਮੌਕੇ ਉਨ੍ਹਾਂ ਕਿਹਾ ਕਿ ਇਕ ਪਾਸੇ ਤਾਂ ਪਿਛਲੇ ਕਾਫੀ ਸਮੇਂ ਤੋਂ ਕਰੋਨਾ ਦੀ ਮਹਾਂਮਾਰੀ ਕਾਰਨ ਲੱਗੇ ਲੌਕ ਡਾਊਨ ਕਾਰਨ ਗ਼ਰੀਬ ਮਜ਼ਦੂਰਾਂ ਦੇ ਚੁੱਲ੍ਹੇ ਪਹਿਲਾਂ ਹੀ ਠੰਢੇ ਹੋ ਚੁੱਕੇ ਹਨ ਅਤੇ ਦੂਸਰਾ ਇਹ  ਮੌਕੇ ਦੀਆਂ ਸਰਕਾਰਾਂ ਗ਼ਰੀਬ ਵਿਰੋਧੀ ਫ਼ੈਸਲੇ ਕਰ ਕੇ ਗ਼ਰੀਬਾਂ ਨੂੰ ਬਿਲਕੁਲ ਲਤਾੜ ਰਹੀਅਾ ਹਨ। ਇਸ ਮੌਕੇ ਮਜ਼ਦੂਰ ਆਗੂਆਂ ਨੇ ਕਿਹਾ ਕਿ ਮਹਿਲ ਕਲਾਂ ਨੂੰ ਕਿਸੇ ਵੀ ਕੀਮਤ ਤੇ ਨਗਰ ਪੰਚਾਇਤ ਨਹੀਂ ਬਣਨ ਦਿੱਤਾ ਜਾਵੇਗਾ। ਇਸ ਮੌਕੇ ਕਰਤਾਰ ਸਿੰਘ ਮਹਿੰਦਰ ਸਿੰਘ, ਚਾਨਣ ਸਿੰਘ ,ਦੇਵ ਸਿੰਘ, ਲਾਲ ਸਿੰਘ ,ਸੁਰਜੀਤ ਸਿੰਘ ,ਜਰਨੈਲ ਸਿੰਘ, ਪਿਆਰਾ ਸਿੰਘ ,ਦਲੀਪ ਸਿੰਘ ,ਸੁਖਦੇਵ ਕੌਰ ,ਸੁਖਵਿੰਦਰ ਕੌਰ ,ਸੰਦੀਪ ਕੌਰ ,ਜਸਵੀਰ ਕੌਰ ਅਤੇ ਕਰਮਜੀਤ ਕੌਰ  ਹਾਜ਼ਰ ਸਨ ।

ਚੋਣ ਬੋਲੀਆਂ ✍️ ਸਲੇਮਪੁਰੀ ਦੀ ਚੂੰਢੀ

ਚੋਣ ਬੋਲੀਆਂ
-ਕੋਈ ਨਿਤਰੂ ਵੜੇਵੇਂ ਖਾਣੀ
ਚੋਣਾਂ ਦਾ ਐਲਾਨ ਹੋ ਗਿਆ!
ਦਾਰੂ ਪੀ ਕੇ ਵੋਟ ਨਾ ਪਾਇਓ
ਸਾਹ ਥੋਡਾ ਰਹੂ ਘੁੱਟਿਆ!
ਅਕਾਲੀ - ਬਸਪਾ ਪੱਟਾਂ 'ਤੇ ਥਾਪੀਆਂ ਮਾਰਦੇ, 

ਕਾਂਗਰਸ ਨੇ ਲੰਗੋਟਾ ਕੱਸਿਆ!
ਫੁੱਲ ਕਮਲ ਦਾ ਢੀਂਡਸਾ ਵੇਖਦਾ, ਕੈਪਟਨ ਸੁੰਘਦਾ ਫਿਰੇ!
ਆਪ ਖੜ੍ਹ ਗਈ ਮੈਦਾਨ ਵਿਚ ਆ ਕੇ, ਹੱਥਾਂ ਨੂੰ ਥੁੱਕ ਲਾਵੇ ਕਿਸਾਨ ਮੋਰਚਾ!
ਲੋਕ ਵੇਖਦੇ ਕਿਧਰ ਨੂੰ ਜਾਈਏ , 

ਕੌਣ ਸਾਡੀ ਬਾਂਹ ਫੜੂਗਾ?

-ਸੁਖਦੇਵ ਸਲੇਮਪੁਰੀ
09780620233
8 ਜਨਵਰੀ, 2022.

ਦੁਨੀਆਂ ਦੇ ਸਭ ਤੋਂ ਵੱਡੇ ਮਹਾਨ ਪੁੱਤਰਾਂ ਦੇ ਦਾਨੀ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ✍️ ਗਗਨਦੀਪ ਧਾਲੀਵਾਲ ਝਲੂਰ (ਬਰਨਾਲਾ)

ਵਹਿ ਪ੍ਰਗਟਿਓ ਮਰਦ ਅਗੰਮੜਾ ਵਰਿਆਮ ਅਕੇਲਾ॥
ਵਾਹੁ ਵਾਹੁ ਗੋਬਿੰਦ ਸਿੰਘ ਆਪੇ ਗੁਰ ਚੇਲਾ॥

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਿੱਖਾਂ ਦੇ ਦਸਵੇਂ ਗੁਰੂ ਹੋਏ ਹਨ।ਅੱਜ ਦੁਨੀਆਂ ਭਰ ਵਿੱਚ ਸਿੱਖ ਕੌਮ ਤੋਂ ਆਪਣਾ ਪਰਿਵਾਰ ਵਾਰਨ ਵਾਲੇ ਅਤੇ ਸਭ ਤੋਂ ਵੱਡੇ ਪੁੱਤਰਾਂ ਦੇ ਦਾਨੀ ਧੰਨ ਸ੍ਰੀ ਗੁਰੂ ਗੋਬਿੰਦ ਜੀ ਹਨ ।ਉਹਨਾਂ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ । ਗੁਰੂ ਜੀ ਦਾ ਜਨਮ ਗੁਰੂ ਤੇਗ ਬਹਾਦਰ ਤੇ ਮਾਤਾ ਗੁਜਰੀ ਦੇ ਘਰ ਪਟਨਾ, ਬਿਹਾਰ 22 ਦਸੰਬਰ 1666 ਵਿਖੇ ਹੋਇਆ। ਅੱਜ ਦੁਨੀਆਂ ਭਰ ਵਿੱਚ ਗੁਰੂ ਜੀ ਨੂੰ ਕਲਗੀਆਂ ਵਾਲਾ, ਦਸਮੇਸ਼ ਪਿਤਾ, ਨੀਲੇ ਘੋੜੇ ਵਾਲਾ, ਬਾਜਾਂਵਾਲਾ, ਸਰਬੰਸਦਾਨੀ ਆਦਿ ਨਾਵਾਂ ਨਾਲ ਜਾਣਿਆਂ ਜਾਂਦਾ ਹੈ।ਜਿਸ ਸਮੇਂ ਗੁਰੂ ਤੇਗ ਬਹਾਦਰ ਜੀ ਸਿੱਖੀ ਪ੍ਰਚਾਰ ਲਈ ਬੰਗਾਲ ਤੇ ਅਸਾਮ ਦੇ ਦੌਰੇ ਤੇ ਗਏ ਹੋਏ ਸੀ। ਜਦੋ ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਦੀ ਖਬਰ ਮਿਲੀ ਤਾਂ ਸਿੱਖਾਂ ਨੂੰ ਹੁਕਮਨਾਮਾ ਭੇਜਿਆ, ਪਰਿਵਾਰ ਦੀ ਦੇਖ ਰੇਖ ਕਰਨ ਲਈ ਤੇ ਮਾਤਾ ਗੁਜਰੀ ਨੂੰ ਸਨੇਹਾ, ਕੀ ਬੱਚੇ ਦਾ ਨਾਂ ਗੋਬਿੰਦ ਰਾਇ ਰੱਖਣਾ ਹੈ । ਇਥੇ ਹੀ ਪੀਰ ਭੀਖਣ ਸ਼ਾਹ ਜੋ ਇਕ ਨਾਮੀ ਮੁਸਲਿਮ ਫਕੀਰ ਸੀ ਲਖਨੋਰ ਤੋਂ ਚੱਲ ਕੇ ਗੁਰੂ ਜੀ ਦੇ ਦਰਸ਼ਨ ਕਰਨ ਆਏ ਤੇ ਦਰਸ਼ਨ ਕਰਦਿਆਂ ਸਾਰ ਉਨ੍ਹਾ ਨੂੰ ਹਿੰਦੂ – ਮੁਸਲਮਾਨਾ ਦਾ ਸਾਂਝਾ ਅਲਾਹੀ ਨੂਰ ਹੋਣ ਦਾ ਐਲਾਨ ਕੀਤਾ।ਗੁਰੂ ਜੀ ਬਚਪਨ ਵਿੱਚ ਹੀ ਬਾਲਕਾਂ ਨਾਲ ਨਕਲੀਆਂ ਲੜਾਈਆਂ ਲੜਿਆ ਕਰਦੇ ਸਨ। ਸੈਨਿਕ ਗੁਣ ਤਾਂ ਬਚਪਨ ਵਿੱਚ ਹੀ ਸਪੱਸਟ ਸਨ ਕਿ ਇਹ ਬਾਲਕ ਵੱਡਾ ਹੋਕੇ ਜ਼ੁਲਮਾਂ ਦਾ ਨਾਸ਼ ਕਰੇਗਾ।ਗੁਰੂ ਜੀ ਨੂੰ ਫੌਜੀ ਵਿਦਿਆ ਦੇ ਨਾਲ-ਨਾਲ ਸੰਸਕ੍ਰਿਤ, ਬ੍ਰਿਜ, ਅਰਬੀ, ਫ਼ਾਰਸੀ ਤੇ ਪੰਜਾਬੀ ਭਸਾਵਾਂ ਦਾ ਗਿਆਨ ਸੀ ।ਗੁਰੂ ਗੋਬਿੰਦ ਸਿੰਘ ਜੀ ਨੇ ਪੰਜਾਬੀ, ਹਿੰਦੀ, ਸੰਸਕ੍ਰਿਤ ਤੇ ਫ਼ਾਰਸੀ ਵਿੱਚ ਗੁਰਬਾਣੀ ਲਿਖੀ ਹੈ। 1672 ਵਿੱਚ ਆਨੰਦਪੁਰ ਵਿਖੇ ਆ ਗਏ। ਫਾਰਸੀ ਦੀ ਸਿੱਖਿਆ ਕਾਜ਼ੀ ਪੀਰ ਮੁਹੰਮਦ ਤੋਂ, ਸੰਸਕਿ੍ਤ ਦੀ ਸਿੱਖਿਆ ਪੰਡਿਤ ਹਰਜਸ ਤੋਂ, ਗੁਰਮੁਖੀ ਲਿਪੀ ਦੀ ਸਿੱਖਿਆ ਮਤੀ ਦਾਸ ਅਤੇ ਸਾਹਿਬ ਚੰਦ ਤੋਂ ਪੑਾਪਤ ਕੀਤੀ। ਭਾਈ ਹਰਿਜਸ ਸੁਭਿੱਖੀ ਦੀ ਬੇਟੀ ਬੀਬੀ ਜੀਤਾਂ ਜੀ ਦੀ ਮੰਗਣੀ ਗੋਬਿੰਦ ਰਾਇ ਨਾਲ 12 ਮਈ, 1673 ਦੇ ਦਿਨ ਕੀਤੀ ਗਈ। ਇਸ ਦੇ ਨਾਲ ਹੀ ਭਾਈ ਬਜਰ ਸਿੰਘ ਨੂੰ ਗੋਬਿੰਦ ਰਾਇ ਨੂੰ ਸ਼ਸਤਰ ਚਲਾਉਣ ਅਤੇ ਘੋੜ ਸਵਾਰੀ ਸਿਖਾਉਣ ਵਾਸਤੇ ਤਾਇਨਾਤ ਕੀਤਾ ਗਿਆ।
ਔਰੰਗਜ਼ੇਬ ਨੇ ਹਿੰਦੂ ਧਰਮ ਨੂੰ ਖ਼ਤਮ ਕਰਨ ਲਈ ਅੱਤ ਚੁੱਕੀ ਹੋਈ ਸੀ। ਕਸ਼ਮੀਰੀ ਪੰਡਤ ਦੁਖੀ ਹੋ ਕੇ ਗੁਰੂ ਤੇਗ ਬਹਾਦਰ ਜੀ ਦੀ ਸ਼ਰਨ ਵਿਚ ਆਏ। ਉਸ ਸਮੇਂ ਆਪ ਕੇਵਲ ਨੌਂ ਸਾਲ ਦੇ ਸਨ। ਗੁਰੂ ਜੀ ਨੇ ਆਪਣੇ ਪਿਤਾ ਨੂੰ ਕਸ਼ਮੀਰੀ ਪੰਡਿਤਾਂ ਦੀ ਸਹਾਇਤਾ ਲਈ ਔਰੰਗਜ਼ੇਬ ਦੇ ਜ਼ੁਲਮਾਂ ਵਿਰੁੱਧ ਸ਼ਹਾਦਤ ਲਈ ਭੇਜ ਦਿੱਤਾ। ਪਿਤਾ ਜੀ ਦੀ ਸ਼ਹੀਦੀ ਤੋਂ ਬਾਅਦ ਬਾਬਾ ਰਾਮ ਕੰਵਰ ਜੀ ਨੇ ਮਰਯਾਦਾ ਅਨੁਸਾਰ ਗੁਰੂ ਜੀ ਨੂੰ ਗੁਰਗੱਦੀ ‘ਤੇ ਬਿਠਾ ਦਿੱਤਾ।ਗੁਰੂ ਜੀ ਨੇ ਸ਼ਾਸਤਰ ਸਰਧਾਂਲੂਆਂ ਨੂੰ ਸ਼ਾਸਤਰ ਭੇਂਟ ਕਰਨ ਦੀ ਆਗਿਆ ਦਿੱਤੀ ਤੇ ਇਕ ਰਣਜੀਤ ਨਗਾਰਾ ਬਣਵਾਇਆ ਜਿਸ ਦੀ ਗੂੰਜ ਦੂਰ-ਦੂਰ ਤੱਕ ਪਹਾੜੀ ਰਾਜਿਆਂ ਨੂੰ ਸੁਣਾਈ ਦਿੰਦੀ ਸੀ। ਗੁਰੂ ਜੀ ਨੇ ਖ਼ਾਲਸਾ ਪੰਥ ਦੀ ਸਾਜਣਾ 1699 ਈ: ਵਿਚ ਵਿਸਾਖੀ ਵਾਲੇ ਦਿਨ ਅਨੰਦਪੁਰ ਸਾਹਿਬ ਵਿਖੇ ਕੀਤੀ ।ਤੇ ਇੱਕ ਸਿੱਖ ਫੌਜ ਤਿਆਰ ਕੀਤੀ ।ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾਇਆ। ਗੁਰੂ ਜੀ ਨੇ ਮੁਗ਼ਲ ਫੋਜਾਂ ਨਾਲ ਅਨੇਕਾਂ ਲੜਾਈਆਂ ਲੜੀਆਂ ਸਨ।ਗੁਰੂ ਜੀ ਨੂੰ ਆਨੰਦਪੁਰ ਦਾ ਕਿਲਾ ਵੀ ਛੱਡਣਾ ਪਿਆ। ਗੁਰੂ ਜੀ ਆਪਣੇ ਪਰਿਵਾਰ ਨਾਲੋਂ ਵਿਛੜ ਗਏ । ਗੁਰੂ ਜੀ ਦੇ ਦੋ ਛੋਟੇ ਸਾਹਿਬਜਾਦੇ ਨੀਹਾਂ ਵਿਚ ਚਿਣਵਾ ਦਿੱਤੇ ਗਏ ਤੇ ਦੋ ਵੱਡੇ ਸਾਹਿਬਜ਼ਾਦੇ ਚਮਕੌਰ ਦੀ ਜੰਗ ਵਿਚ ਸ਼ਹੀਦ ਹੋ ਗਏ | ਮਾਤਾ ਗੁਜਰੀ ਜੀ ਨੇ ਵੀ ਕਿਲੇ ਵਿਚ ਪ੍ਰਾਣ ਤਿਆਗ ਦਿੱਤੇ | ਪਰ ਗੁਰੂ ਜੀ ਅਡੋਲ ਰਹੇ।ਗੁਰੂ ਜੀ ਵਰਗਾ ਕੋਈ ਵੀ ਪੁੱਤਰਾਂ ਦਾ ਦਾਨੀ ਹੁਣ ਤੱਕ ਨਹੀਂ ਜਨਮਿਆ ਜਿਸਨੇ ਸਿੱਖ ਕੌਮ ਲਈ ਆਪਣਾ ਪੂਰਾ ਪਰਿਵਾਰ ਵਾਰ ਦਿੱਤਾ ਹੋਵੇ।ਗੁਰੂ ਜੀ ਨੇ ਸੁੱਖ ਕੌਮ ਲਈ ਆਪਣੇ ਚਾਰੇ ਪੁੱਤਰ ਵਾਰ ਦਿੱਤੇ ।ਪਿਤਾ ਵੀ ਵਾਰ ਦਿੱਤਾ।ਧੰਨ ਜਿਗਰਾ ਕਲਗੀਆਂ ਵਾਲੇ ਦਾ ਇੰਨੇ ਦੁੱਖ ਸਹਾਰ ਕੇ ਮੂੰਹ ਵਿੱਚੋਂ ਸੀ ਤੱਕ ਨਹੀਂ ਕਹੀ।ਗੁਰੂ ਜੀ ਦੀਆ ਕੁਰਬਾਨੀਆਂ ਦਾ ਇਤਿਹਾਸ ਗਵਾਹ ਹੈ।ਗੁਰੂ ਜੀ ਉੱਚ ਕੋਟੀ ਦੇ ਸਾਹਿਤਕਾਰ ,ਆਦਰਸ਼ਕ ਸੰਤ-ਸਿਪਾਹੀ ਸਨ। ਗੁਰੂ ਜੀ ਦੀਆਂ ਪ੍ਰਸਿੱਧ ਸਾਹਿਤਕ ਰਚਨਾਵਾਂ-ਚੰਡੀ ਦੀ ਵਾਰ, ਜ਼ਫਰਨਾਮਾ, ਬਚਿੱਤਰ ਨਾਟਕ, ਜਾਪੁ ਸਾਹਿਬ, ਅਕਾਲਾ ਉਸਤਤ, ਚੰਡੀ ਚਰਿੱਤਰ ਅਤੇ ਗਿਆਨ ਪ੍ਰਬੋਧ ਹਨ।ਗੁਰੂ ਜੀ ਨੇ ਜ਼ਫ਼ਰਨਾਮਾ ਪੱਤਰ ਲਿਖਿਆਂ ਸੀ ਜੋ ਕਿ ਫ਼ਾਰਸੀ ਵਿੱਚ ਔਰੰਗਜੇਬ ਨੂੰ ਲਿਖਿਆਂ ਸੀ।ਅੰਤ ਗੁਰੂ ਜੀ ਨੰਦੇੜ ਵਿਖੇ ਪੁੱਜੇ।ਜਿੱਥੇ ਗੁਰੂ ਜੀ 1708 ਈ. ਵਿੱਚ ਮਾਧੋਦਾਸ ਨੂੰ ਮਿਲੇ ਤੇ ਉਹਨਾਂ ਨੂੰ ਬੰਦਾ ਸਿੰਘ ਬਹਾਦਰ ਨਾਂ ਦੇਕੇ ਪੰਜਾਬ ਵੱਲ ਭੇਜਿਆ । ਗੁਰੂ ਜੀ 7 ਅਕਤੂਬਰ 1708 ਈ: ਨੂੰ ਜੋਤੀ-ਜੋਤਿ ਸਮਾ ਗਏ।

 

ਗਗਨਦੀਪ ਕੌਰ ਧਾਲੀਵਾਲ।

ਜਦੋਂ ਸਿੱਖ ਭੋਜਨ ਛਕਦੇ ਹਨ ਤਾਂ ਉਸ ਦਾ ਰਸ ਗੁਰੂ ਨੂੰ ਆਉਂਦਾ ਹੈਂ ✍️ ਹਰਨਰਾਇਣ ਸਿੰਘ ਮੱਲੇਆਣਾ

ਭਾਈ ਸਾਬ ਭਾਈ ਗੁਰਦਾਸ ਜੀ ਨੇ ਇੱਕ ਵਾਰ ਸ੍ਰੀ ਗੁਰੂ ਅਮਰਦਾਸ ਜੀ ਨੂੰ ਗੋਇੰਦਵਾਲ ਸਾਹਿਬ ਵਿਖੇ ਬੇਨਤੀ ਕੀਤੀ ਕਿ ਗੁਰੂ ਜੀ ਮੈਂ ਬਹੁਤ ਸਮੇਂ ਤੋਂ ਆਪ ਜੀ ਨੂੰ ਇੱਕ ਬੇਨਤੀ ਕਰਨਾ ਚਾਹੁੰਦਾ ਸੀ ਪਰ ਝਿਜਕ ਜਾਂਦਾ ਸੀ। ਹੁਕਮ ਕਰੋ ਕਿ ਅੱਜ ਬੇਨਤੀ ਕਰ ਸਕਾਂ। ਗੁਰੂ ਸਾਹਿਬ ਕਹਿਣ ਲੱਗੇ ਦੱਸੋ ਭਾਈ ਸਾਬ ਜੀ। ਭਾਈ ਸਾਬ ਕਹਿਣ ਲੱਗੇ ਕਿ ਗੁਰੂ ਜੀ ਸਾਰੀ ਸੰਗਤ ਵਾਸਤੇ ਖੀਰ ਵੀ ਘਿਓ ਵਾਲੀ ਬਣਦੀ ਹੈ। ਵਧੀਆ ਸੋਹਣਾ ਭੋਜਨ ਬਣਦਾ ਹੈ। ਪਰ ਆਪ ਜੀ ਵਾਸਤੇ ਰੋਜ਼ ਅਲੂਣਾ ਦਲੀਆ (ਓਗਰਾ) ਬਣਦਾ ਹੈ। ਰੋਜ ਇਸ ਗੱਲ ਨਾਲ ਮੇਰਾ ਦਿਲ ਦੁਖਦਾ ਹੈ ਅਤੇ ਇੰਝ ਲਗਦਾ ਹੈ ਕਿ ਤੁਸੀਂ ਅਲੂਣਾ ਖਾਂਦੇ ਹੋ ਅਤੇ ਅਸੀਂ ਮਿੱਠਾ ਭੋਜਨ ਖਾ ਕੇ ਪਾਪ ਕਰ ਰਹੇ ਹਾਂ। ਗੁਰੂ ਜੀ ਅਸੀਂ ਰੋਜ ਏਨਾ ਸੋਹਣਾ ਭੋਜਨ ਛਕਦੇ ਹਾਂ ਤਾਂ ਤੁਸੀਂ ਕਿਉਂ ਨਹੀਂ ਛਕਦੇ। ਗੁਰੂ ਜੀ ਨੇ ਅੱਗੋਂ ਕਿਹਾ ਕਿ ਭਾਈ ਗੁਰਦਾਸ ਜੀ ਵੇਖੋ ਸਾਡੇ ਦੰਦਾਂ ਨਾਲ ਮਿੱਠਾ ਭੋਜਨ ਲੱਗਾ ਹੋਇਆ ਹੈ। ਅਸੀਂ ਤਾਂ ਰੋਜ  ਸਾਰੇ ਪਦਾਰਥ ਛਕਦੇ ਹਾਂ। ਭਾਈ ਸਾਬ ਕਹਿਣ ਲੱਗੇ ਗੁਰੂ ਜੀ ਅਸੀਂ ਰੋਜ ਦੇਖਦੇ ਹਾਂ ਕਿ ਤੁਸੀਂ ਦਲੀਆ ਛਕਦੇ ਹੋ। ਅਸੀਂ ਤੁਹਾਨੂੰ ਮਿੱਠਾ ਭੋਜਨ ਛਕਦੇ ਕਦੇ ਨਹੀਂ ਦੇਖਿਆ। ਗੁਰੂ ਜੀ ਕਹਿਣ ਲੱਗੇ ਕਿ ਭਾਈ ਗੁਰਦਾਸ ਜੀ ਇਹ ਜਿਹੜੇ ਸਿੱਖ ਹਨ ਇਹ ਮੇਰੀ ਜਿੰਦ ਹਨ। ਜੋ ਇਹਨਾਂ ਦੇ ਮੁੱਖ ਵਿੱਚ ਪੈਂਦਾ ਹੈ ਮੈਂ ਉਸ ਦਾ ਰਸ ਲੈਂਦਾ ਹਾਂ। ਇਹ ਸਿੱਖ ਮੇਰਾ ਰੂਪ ਹਨ ਅਤੇ ਇਹਨਾਂ ਦਾ ਮੁੱਖ ਮੇਰਾ ਮੁਖ ਹੈ। ਜੋ ਇਹਨਾ ਦੇ ਮੁੱਖ ਵਿੱਚ ਪੈਂਦਾ ਹੈ ਉਸ ਦਾ ਰਸ ਮੈਨੂੰ ਆਉਂਦਾ ਹੈ।
ਮਾਤਾ ਪ੍ਰੀਤਿ ਕਰੇ ਪੁਤੁ ਖਾਇ॥
ਮੀਨੇ ਪ੍ਰੀਤਿ ਭਈ ਜਲਿ ਨਾਇ॥
ਸਤਿਗੁਰ ਪ੍ਰੀਤਿ ਗੁਰਸਿਖ ਮੁਖਿ ਪਾਇ॥
ਪਿਆਰਿਓ ਗੁਰੂ ਆਪਣੇ ਸਿੱਖਾਂ ਨੂੰ ਬਹੁਤ ਪਿਆਰ ਕਰਦਾ ਹੈ। ਜਿਵੇਂ ਜੇ ਕੋਈ ਚੀਜ ਮਾਂ ਨੂੰ ਖਾਣ ਨੂੰ ਮਿਲੇ ਤਾਂ ਮਾਂ ਓਹ ਚੀਜ ਆਪਣੇ ਬੱਚੇ ਨੂੰ ਦੇ ਕੇ ਜਿਆਦਾ ਸੁਆਦ ਮਹਿਸੂਸ ਕਰਦੀ ਹੈ। ਇਸ ਨੂੰ ਪਿਆਰ ਕਹਿੰਦੇ ਹਨ। ਆਪਣੇ ਨਾਲੋਂ ਜਿਆਦਾ ਜਦੋਂ ਦੂਜੇ ਨੂੰ ਖੁਸ਼ ਵੇਖ ਕੇ ਖੁਸ਼ੀ ਹੁੰਦੀ ਹੈ ਉਹੀ ਪ੍ਰੀਤਿ ਹੁੰਦੀ ਹੈ। ਮੈਨੂੰ ਯਾਦ ਹੈ ਕੁਝ ਸਾਲ ਪਹਿਲਾਂ ਮੈਂ ਰੋਜ ਰਾਤ ਨੂੰ ਹਰਿਮੰਦਰ ਸਾਹਿਬ ਵਿਖੇ ਅੰਮ੍ਰਿਤਵੇਲੇ ਤਿੰਨ ਪਹਿਰ ਦੀ ਸੇਵਾ ਕਰਨ ਲਈ ਜਾਇਆ ਕਰਦਾ ਸੀ। ਸਿੰਘਾਂ ਨਾਲ ਏਨਾ ਪ੍ਰੇਮ ਹੁੰਦਾ ਸੀ ਕਿ ਜਦੋਂ ਘਰ ਵਿੱਚ ਕਿਸੇ ਪਾਸਿਓਂ ਮਿਠਾਈ ਦਾ ਡੱਬਾ ਆਉਣਾ ਤਾਂ ਘਰ ਵਿੱਚ ਮਿਠਾਈ ਖਾਣ ਦੀ ਬਜਾਏ ਡੱਬਾ ਸਿੰਘਾਂ ਲਈ ਲੈ ਜਾਣਾ ਅਤੇ ਵੰਡ ਦੇਣਾ । ਜਦੋਂ ਸੇਵਾ ਵਾਲੇ ਸਿੰਘ ਮਿਠਾਈ ਖਾਂਦੇ ਤਾਂ ਆਪਣੇ ਆਪ ਨੂੰ ਹੋਰ ਜਿਆਦਾ ਸਵਾਦ ਆਉਂਦਾ ।

ਪਿਆਰਿਓ ਇੱਕ ਗੱਲ ਸਮਝ ਆਈ ਕਿ ਜੇ ਸਿੱਖਾਂ ਦਾ ਸਤਿਕਾਰ ਕਰੋਗੇ ਤਾਂ ਗੁਰੂ ਨੂੰ ਸਤਿਕਾਰ ਮਿਲੇਗਾ। ਸਿੱਖਾਂ ਨਾਲ ਪਿਆਰ ਕਰੋਗੇ ਤਾਂ ਗੁਰੂ ਨੂੰ ਪਿਆਰ ਮਿਲੇਗਾ। ਸਿੱਖਾਂ/ਲੋੜਵੰਦਾਂ ਦੀ ਮਦਦ ਕਰੋਗੇ ਤਾਂ ਗੁਰੂ ਓਹਨੂੰ ਪਰਵਾਨ ਕਰੇਗਾ। ਸੋ ਗੁਰੂ ਸਾਹਿਬ ਕਿਰਪਾ ਕਰਨ ਕਿ ਸਾਨੂੰ ਸਾਰਿਆਂ ਨੂੰ ਗੁਰਸਿੱਖਾਂ ਦਾ ਪਿਆਰ ਮਿਲ ਜਾਵੇ।

 

ਹਰਨਰਾਇਣ ਸਿੰਘ ਮੱਲੇਆਣਾ

ਦੁਨੀਆਂ ਦੇ ਮਹਾਨ ਹਾਕੀ ਖਿਡਾਰੀ ਸੁਰਜੀਤ ਸਿੰਘ ਨੂੰ ਉਨ੍ਹਾਂ ਦੀ ਅੱਜ 38 ਵੀਂ ਬਰਸੀ ਤੇ ਯਾਦ ਕਰਦੇ ਹੋਏ ✍️ ਅਮਨਜੀਤ ਸਿੰਘ ਖਹਿਰਾ

ਅੱਜ ਤੋਂ 38 ਸਾਲ ਪਹਿਲਾਂ ਪੰਜਾਬ ਨੇ ਪੰਜਾਬ ਦਾ ਇੱਕ ਹੋਣਹਾਰ ਸਪੂਤ ਅਜਾਈਂ ਗਵਾ ਲਿਆ ਸੀ । 1975 ਵਿਸ਼ਵ ਕੱਪ ਜੇਤੂ ਤੇ 1976 ਮਾਂਟਰੀਅਲ ਓਲੰਪਿਕਸ ਵਿੱਚ ਖੇਡਣ ਵਾਲਾ ਸੁਰਜੀਤ ਸਿੰਘ ਦੁਨੀਆ ਦੇ ਚੋਟੀ ਦੇ ਡਿਫੈਂਡਰਾਂ ਵਿੱਚੋਂ ਇਕ ਹੈ ।  ਕਿਵੇਂ ਉਹ ਸਾਥੋਂ ਵਿੱਛੜਿਆ ਮੈਂ ਇਸ ਬਾਰੇ ਤਾਂ ਗੱਲ ਨਹੀਂ ਕਰਨੀ ਚਾਹੁੰਦਾ ਪਰ ਅੱਜ ਉਸ ਦੀ ਵਿਛੜੀ ਰੂਹ ਨੂੰ ਸਿਜਦਾ ਕਰਦੇ ਮਨ ਭਰ ਆਇਆ ਰੋਮ ਰੋਮ ਕੁਰਲਾ ਉੱਠਿਆ ਜਦੋਂ ਉਸ ਸਮੇਂ ਨੂੰ ਯਾਦ ਕੀਤਾ ਕਿ ਕਿਸ ਤਰ੍ਹਾਂ ਹੋਈ ਸੀ ਭਾਰਤ ਦੇ ਮਹਾਨ ਖਿਡਾਰੀ ਓਲੰਪੀਅਨ ਸੁਰਜੀਤ ਸਿੰਘ ਦੀ ਮੌਤ । ਉਸ ਦੀ ਹਾਕੀ ਦੀ ਖੇਡ ਪੰਜਾਬ ਦੇ ਬੱਚੇ ਬੱਚੇ ਲਈ ਇਕ ਉਦਾਹਰਣ ਹੈ ਤੇ ਆਓ ਅੱਜ ਸਾਰੇ ਰਲ ਕੇ ਉਸ ਮਹਾਨ ਖਿਡਾਰੀ ਨੂੰ ਅਤੇ ਉਸ ਦੀ ਸੋਚ ਉਪਰ ਮਾਣ ਕਰਦੇ ਹੋਏ ਉਸ ਨੂੰ ਸ਼ਰਧਾ ਦੇ ਫੁੱਲ ਭੇਟ ਕਰੀਏ । ਅਮਨਜੀਤ ਸਿੰਘ ਖਹਿਰਾ  

 

 

 

 

 

 

ਸਾਂਝੀ ਮੀਟਿੰਗ ਵਿੱਚ 26 ਜਨਵਰੀ ਨੂੰ ਥਾਣਾ ਸਿਟੀ ਅੱਗੇ ਪੱਕਾ ਮੋਰਚਾ ਲਾਉਣ ਦਾ ਹੋਇਆ ਐਲਾਨ 

ਅੱਜ ਤੋਂ ਇੱਕ ਹਫਤਾ ਗੁਰਿੰਦਰ ਬੱਲ, ਜਗਰਾਉਂ ਪੁਲਿਸ ਅਤੇ ਚੰਨੀ ਸਰਕਾਰ ਦੇ ਪੁਤਲੇ ਫੂਕੇ ਜਾਣਗੇ 

11 ਜਨਵਰੀ ਨੂੰ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਡੀਆਈਜੀ ਨੂੰ ਮਿਲੇਗਾ ਵਫਦ 

ਜਗਰਾਉਂ 7 ਜਨਵਰੀ (ਜਸਮੇਲ ਗ਼ਾਲਿਬ ) ਦਲਿਤ ਪਰਿਵਾਰ ਨੂੰ ਨਜ਼ਾਇਜ਼ ਹਿਰਾਸਤ 'ਚ ਰੱਖ ਕੀਤੇ ਅੱਤਿਆਚਾਰ ਦੇ ਖਿਲਾਫ ਨੌਜਵਾਨ ਭਾਰਤ ਸਭਾ, ਕਿਰਤੀ ਕਿਸਾਨ ਯੂਨੀਅਨ, ਯੂਥ ਵਿੰਗ ਕਿਰਤੀ ਕਿਸਾਨ ਯੂਨੀਅਨ, ਪੇਂਡੂ ਮਜਦੂਰ ਯੂਨੀਅਨ ਵੱਲੋਂ ਨਛੱਤਰ ਭਵਨ ਜਗਰਾਉਂ ਵਿਖੇ ਬੁਲਾਈ ਗਈ ਜਨਤਕ ਜਥੇਬੰਦੀਆਂ ਦੀ ਮੀਟਿੰਗ ਸਫਲ ਰਹੀ। ਮੀਟਿੰਗ ਵਿੱਚ ਨੌਜਵਾਨ ਭਾਰਤ ਸਭਾ ਦੇ ਸੂਬਾਈ ਆਗੂ ਕਰਮਜੀਤ ਮਾਣੂੰਕੇ, ਕਿਰਤੀ ਕਿਸਾਨ ਯੂਨੀਅਨ ਦੇ ਜਿਲਾ ਪ੍ਰਧਾਨ ਤਰਲੋਚਨ ਝੋਰੜਾਂ, ਪੇਂਡੂ ਮਜ਼ਦੂਰ ਯੂਨੀਅਨ ਦੇ ਅਵਤਾਰ ਸਿੰਘ ਰਸੂਲਪੁਰ ਤੇ ਨਿਰਮਲ ਸਿੰਘ, ਕੁਲ ਹਿੰਦ ਕਿਸਾਨ ਸਭਾ ਦੇ ਆਗੂ ਧਾਲੀਵਾਲ ਤੇ ਬੂਟਾ ਸਿੰਘ ਹਾਂਸ, ਯੂਥ ਵਿੰਗ ਕੇ.ਕੇ.ਯੂ. ਦੇ ਕਨਵੀਨਰ ਮਨੋਹਰ ਸਿੰਘ ਝੋਰੜਾਂ, ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਸਕੱਤਰ ਇੰਦਰਜੀਤ ਧਾਲੀਵਾਲ, ਕਿਰਤੀ ਕਿਸਾਨ ਯੂਨੀਅਨ ਦੇ ਗੁਰਚਰਨ ਸਿੰਘ ਤੇ ਬਲਵਿੰਦਰ ਸਿੰਘ ਪੋਨਾ, ਯੂਨੀਵਰਸਲ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਦੇ ਪ੍ਰਧਾਨ ਸਤਨਾਮ ਸਿੰਘ ਧਾਲੀਵਾਲ, ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਪ੍ਰਧਾਨ ਮੋਹਣ ਸਿੰਘ ਬੰਗਸੀਪੁਰਾ ਤੇ ਜਸ਼ਪ੍ਰੀਤ ਸਿੰਘ ਢੋਲਣ, ਪੰਜਾਬ ਪੈਨਸ਼ਨਰਜ਼ ਯੂਨੀਅਨ ਦੇ ਸੂਬਾ ਆਗੂ ਗੁਰਦੀਪ ਸਿੰਘ ਮੋਤੀ ਤੇ ਜਗਦੀਸ਼ ਸਿੰਘ, ਨਿਹੰਗ ਸਿੰਘ ਤਰਨਾ ਦਲ਼ ਦੇ ਮੁਖੀ ਬਾਬਾ ਸੁਖਦੇਵ ਸਿੰਘ ਤੇ ਜੱਥੇਦਾਰ ਸਤਨਾਮ ਸਿੰਘ ਤਰਨਾ ਦਲ਼, ਬਹੁਜ਼ਨ ਆਗੂ ਸੰਤ ਰਾਮ ਮੱਲੀ, ਕੈਪਟਨ ਸਾਧੂ ਸਿੰਘ, ਕਿਸਾਨ ਬਚਾਓ ਮੋਰਚੇ ਦੇ ਜਿਲ੍ਹਾ ਪ੍ਰਧਾਨ ਬੂਟਾ ਸਿੰਘ ਮਲ਼ਕ, ਜਬਰ ਵਿਰੋਧੀ ਫਰੰਟ ਦੇ ਕੁਲਦੀਪ ਸਿੰਘ, ਮਹਿਲਾ ਆਗੂ ਮਨਪ੍ਰੀਤ ਕੌਰ ਧਾਲੀਵਾਲ ਸਾਂਝੀ ਮੀਟਿੰਗ ਵਿੱਚ ਸ਼ਾਮਿਲ ਹੋਏ। ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਕੁਲਵੰਤ ਕੌਰ ਦੇ ਕਾਤਲ ਗੁਰਿੰਦਰ ਬੱਲ, ਐਸਐਚਉ ਰਾਜਬੀਰ ਸਿੰਘ, ਸਰਪੰਚ ਰਣਜੀਤ ਸਿੰਘ ਨੂੰ ਗ੍ਰਿਫਤਾਰੀ ਤੋਂ ਬਚਾਅ ਰਹੀ ਜਗਰਾਉਂ ਪੁਲਿਸ ਦੇ ਖਿਲਾਫ 26 ਜਨਵਰੀ ਨੂੰ ਥਾਣਾ ਸਿਟੀ ਜਗਰਾਉਂ ਅੱਗੇ ਅਣਮਿੱਥੇ ਸਮੇਂ ਲਈ ਪੱਕਾ ਮੋਰਚਾ ਸ਼ੁਰੂ ਕੀਤਾ ਜਾਵੇਗਾ। ਨੌਜਵਾਨ ਭਾਰਤ ਸਭਾ ਦੇ ਸੂਬਾ ਆਗੂ ਕਰਮਜੀਤ ਮਾਣੂੰਕੇ, ਕਿਰਤੀ ਕਿਸਾਨ ਯੂਨੀਅਨ ਦੇ ਜਿਲਾ ਆਗੂ ਤਰਲੋਚਨ ਸਿੰਘ ਝੋਰੜਾਂ ਕੁੱਲ ਹਿੰਦ ਕਿਸਾਨ ਸਭਾ ਦੇ ਨਿਰਮਲ ਸਿੰਘ ਨੇ ਦੱਸਿਆ ਕਿ ਗੁਰਿੰਦਰ ਬੱਲ ਨੂੰ ਸਿਆਸੀ ਪੁਸ਼ਤਪਨਾਹੀ ਕਾਰਨ ਜਗਰਾਉਂ ਪੁਲਿਸ ਬਿਸਲਾ ਰਿਪੋਰਟ ਦਾ ਬਹਾਨਾ ਬਣਾ ਕੇ ਦਰਜ ਮੁਕੱਦਮੇ ਨੂੰ ਕਮਜੋਰ ਕਰਨ ਦੀ ਕੋਸ਼ਿਸ਼ ਵਿੱਚ ਲੱਗੀ ਹੋਈ ਹੈ। ਪਰ 2005 ਵਿੱਚ ਗੁਰਿੰਦਰ ਬੱਲ ਦੁਆਰਾ ਕੁਲਵੰਤ ਕੌਰ ਤੇ ਮਾਤਾ ਛਿੰਦਰਪਾਲ ਕੌਰ ਨੂੰ ਜਗਰਾਉਂ ਥਾਣੇ ਵਿੱਚ ਸਾਰੀ ਰਾਤ ਨਜਾਇਜ ਹਿਰਾਸਤ 'ਚ ਰੱਖਣਾ ਸਾਬਿਤ ਹੋ ਚੁੱਕਾ ਹੈ। ਕੁਲਵੰਤ ਕੌਰ ਦੇ ਕਰੰਟ ਲਗਾਉਣ, ਕੁੱਟਮਾਰ ਕਰਨ ਦੀ ਛਿੰਦਰਪਾਲ ਕੌਰ ਚਸ਼ਮਦੀਦ ਗਵਾਹ ਹੈ। ਪਰ ਪੁਲਿਸ ਨਜਾਇਜ ਹਿਰਾਸਤ ਨੂੰ ਗੰਭੀਰ ਨਹੀਂ ਮੰਨ ਰਹੀ ਬੱਸ ਟਾਲਮਟੋਲ ਕਰ ਰਹੀ ਹੈ। ਯੂਥ ਵਿੰਗ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਮਨੋਹਰ ਸਿੰਘ ਝੋਰੜਾਂ, ਕੁਲ ਹਿੰਦ ਕਿਸਾਨ ਸਭਾ ਦੇ ਆਗੂ ਨਿਰਮਲ ਸਿੰਘ ਨੇ ਦੱਸਿਆ ਇਹ ਪੱਕਾ ਮੋਰਚਾ ਹੁਣ ਪ੍ਰਸਾਸ਼ਨ ਅਤੇ ਚੰਨੀ ਸਰਕਾਰ ਦੀ ਗਲੇ ਦੀ ਹੱਡੀ ਬਣੇਗਾ। ਉਹਨਾਂ ਕਿਹਾ ਕਿ ਗੁਰਿੰਦਰ ਬੱਲ ਨੂੰ ਸਿਆਸੀ ਸ਼ਹਿ ਦੇ ਰਹੇ ਸਿਆਸੀ ਚਿਹਰਿਆਂ ਨੂੰ ਬੇਪਰਦ ਕਰਨ ਲਈ ਪੁਲਿਸ ਜਗਰਾਉਂ ਦੇ ਨਾਲ ਹੀ ਚੰਨੀ ਸਰਕਾਰ ਦੇ ਵੀ ਅੱਜ ਤਾਂ ਇੱਕ ਹਫਤਾ ਤੱਕ ਪੁਤਲੇ ਫੂਕੇ ਜਾਣਗੇ ਅਤੇ 26 ਜਨਵਰੀ ਨੂੰ ਥਾਣਾ ਸਿਟੀ ਜਗਰਾਉਂ ਅੱਗੇ ਪੱਕਾ ਮੋਰਚਾ ਸ਼ੁਰੂ ਕੀਤਾ ਜਾਵੇਗਾ।

ਸੰਤ ਬਾਬਾ ਜਮੀਤ ਸਿੰਘ ਜੀ ਚੈਰੀਟੇਬਲ ਟਰੱਸਟ ਲੋਪੋ ਵਾਲਿਆ ਵੱਲੋਂ ਧੀਆਂ ਦੀ ਲੋਹੜੀ10 ਜਨਵਰੀ ਨੂੰ: ਸੁਆਮੀ ਜੁਗਰਾਜ ਸਿੰਘ ਜੀ ਲੰਗਰਾਂ ਵਾਲੇ

ਜਗਰਾਉਂ , 7 ਜਨਵਰੀ (ਜਸਮੇਲ ਗ਼ਾਲਿਬ)ਇੱਥੋਂ ਥੋੜ੍ਹੀ ਦੂਰ ਲੋਪੋ (ਮੋਗਾ)ਵਿਖੇ  ਸੰਤ ਬਾਬਾ ਜਮੀਤ ਸਿੰਘ ਜੀ ਚੈਰੀਟੇਬਲ ਟਰੱਸਟ ਲੋਪੋਂ ਵੱਲੋਂ ਹਰ ਸਾਲ ਦੀ ਤਰ੍ਹਾਂ ਸੰਤ ਬਾਬਾ ਜਮੀਤ ਸਿੰਘ ਜੀ ਸੀਨੀਅਰ ਸੈਕੰਡਰੀ ਸਕੂਲ ਲੋਪੋ ਵਿਖੇ ਧੀਆਂ ਦੀ ਲੋਹੜੀ 10 ਜਨਵਰੀ ਦਿਨ ਸੋਮਵਾਰ ਨੂੰ ਸਵੇਰੇ 10ਵਜੇ ਨਵੀਂਆਂ ਜੰਮੀਆਂ ਕੁੜੀਆਂ ਦੀ ਲੋਹੜੀ ਮਨਾਈ ਜਾ ਰਹੀ ਹੈ । ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਹੋਇਆਂ ਸੁਆਮੀ ਜੁਗਰਾਜ ਸਿੰਘ ਜੀ (ਲੰਗਰਾਂ ਵਾਲਿਆ) ਅਤੇ ਸਮੂਹ ਟਰੱਸਟ ਸੰਤ ਬਾਬਾ ਜਮੀਤ ਸਿੰਘ ਚੈਰੀਟੇਬਲ ਟਰੱਸਟ ਲੋਪੋਂ ਵਾਲਿਆ ਨੇ ਦਿੱਤੀ।ਉਨ੍ਹਾਂ ਦੱਸਿਆ ਹੈ ਕਿ ਲੜਕੀਆਂ ਨੂੰ ਤੋਹਫ਼ੇ ਦਿੱਤੇ ਜਾਣਗੇ।ਇਸੇ ਦਿਨ ਸਕੂਲੀ ਬੱਚਿਆਂ ਵੱਲੋਂ ਰੰਗਾ-ਰੰਗ ਪ੍ਰੋਗਰਾਮ ਵੀ ਪੇਸ਼ ਕੀਤਾ ਜਾਵੇਗਾ ਤੇ ਪੂਰੇ ਰਸਮੀ ਰਿਵਾਜਾਂ ਨਾਲ ਲੋਹੜੀ ਦਾ ਤਿਉਹਾਰ ਮਨਾਇਆ ਜਾਵੇਗਾ।ਇਸ ਸਮੇਂ ਸੁਆਮੀ ਜੁਗਰਾਜ ਸਿੰਘ (ਲੰਗਰਾਂ ਵਾਲਿਆਂ)ਨੇ ਇਲਾਕਾ ਨਿਵਾਸੀਆਂ ਨੂੰ ਧੀਆਂ ਦੀ ਲੋਹੜੀ ਵਿਚ ਪਹੁੰਚਣ ਦੀ ਅਪੀਲ ਕੀਤੀ ਹੈ।ਇਸ ਸਮੇਂ ਪ੍ਰਬੰਧਕ ਅਤੇ ਸੇਵਾਦਾਰ ਹਾਜ਼ਰ ਸਨ।

ਚੰਨੀ ਸਰਕਾਰ ਮੋਦੀ ਨੂੰ ਸੁਰੱਖਿਆ ਦੇਣ ਚ ਰਹੀ ਅਸਫ਼ਲ:ਕਾਕਾ ਜ਼ੈਲਦਾਰ ਕਿਸ਼ਨਪੁਰਾ

ਕਿਸ਼ਨਪੁਰਾ ਕਲਾਂ, 7 ਜਨਵਰੀ (ਜਸਮੇਲ ਗ਼ਾਲਿਬ)ਪਿੰਡ ਕਿਸ਼ਨਪੁਰਾ ਕਲਾਂ ਤੋਂ ਸਾਬਕਾ ਸਰਪੰਚ ਸਵਰਨਜੀਤ ਕਾਕਾ ਜ਼ੈਲਦਾਰ ਨੇ ਕੈਨੇਡਾ ਤੋਂ ਟੈਲੀਫੋਨ ਰਾਹੀਂ ਪ੍ਰੈੱਸ ਨਾਲ ਗੱਲਬਾਤ ਦੌਰਾਨ ਕਿਹਾ ਹੈ ਕਿ ਮੁੱਖ ਮੰਤਰੀ ਚਰਨਜੀਤ ਚੰਨੀ ਸਮੇਤ ਕਾਂਗਰਸ ਸਰਕਾਰ ਉੱਤੇ ਪੰਜਾਬ ਚ ਕਾਨੂੰਨ ਵਿਵਸਥਾ ਨੂੰ ਖ਼ਰਾਬ ਕਰਨ ਦਾ ਦੋਸ਼ ਲਾਉਂਦੇ ਹੋਏ ਕਿਹਾ ਕਿ ਚੰਨੀ ਸਰਕਾਰ ਜਿਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੁਰੱਖਿਆ ਦੇਣ ਚ ਅਸਫਲ ਰਹੀ ਹੈ ਉਥੇ ਸਾਰੇ ਪੰਜਾਬ ਦੀ ਅੰਦਰੂਨੀ ਸੁਰੱਖਿਆ ਨੂੰ ਵੀ ਦਾਅ ਲਾ ਦਿੱਤਾ ਹੈ ਉਨ੍ਹਾਂ ਕਿਹਾ ਕਿ ਕਾਂਗਰਸ ਨੇ ਪੰਜਾਬ ਚ ਕਿਸਾਨਾਂ ਨੂੰ ਭੜਕਾ ਕੇ ਉਨ੍ਹਾਂ ਨੂੰ ਪ੍ਰਦਰਸ਼ਨ ਦੇ ਰਸਤੇ ਤੋਰ ਕੇ ਸੂਬੇ ਦਾ ਬਹੁਤ ਹੀ ਆਰਥਿਕ ਨੁਕਸਾਨ ਕੀਤਾ ਹੈ।ਕਾਕਾ ਜ਼ੈਲਦਾਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਜੀ ਜੇ ਸਰਕਾਰੀ ਪ੍ਰੋਗਰਾਮ ਅਤੇ ਉਨ੍ਹਾਂ ਦੇ ਆਉਣ ਜਾਣ ਵਾਲੇ ਰਸਤਿਆਂ ਦੀ ਸੁਰੱਖਿਆ ਵਿਵਸਥਾ ਪੰਜਾਬ ਸਰਕਾਰ ਦੀ ਜ਼ਿੰਮੇਦਾਰੀ ਸੀ ਪਰ ਸੂਬਾ ਸਰਕਾਰ ਨੇ  ਸੁਰੱਖਿਆ ਵਸਤਾਂ ਦਾ ਕੋਈ ਪ੍ਰਬੰਧ ਨਹੀਂ ਕੀਤਾ ਜਿਸ ਕਾਰਨ ਰਾਸ਼ਟਰੀ ਸੁਰੱਖਿਆ ਏਜੰਸੀ ਨੂੰ ਉਨ੍ਹਾਂ ਦਾ ਪ੍ਰੋਗਰਾਮ ਰੱਦ ਕਰਨਾ ਪਿਆ।

ਮੈਡੀਕਲ ਪ੍ਰੈਕਟੀਸ਼ਨਰਾਂ ਦੀ ਡਿਪਟੀ ਮੁਖ ਮੰਤਰੀ ਤੇ ਸਿਹਤ ਮੰਤਰੀ ਓਂ ਪੀ ਸੋਨੀ ਤੋਂ  ਬਾਅਦ ਪਿਂਸੀਪਲ ਹੈਲਥ ਡਾਇਰੈਕਟਰ ਨਾਲ ਮੀਟਿੰਗ.

ਚੰਡੀਗੜ੍ਹ , 06 ਜਨਵਰੀ -(ਗੁਰਸੇਵਕ ਸੋਹੀ) -ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ (ਰਜਿ 295)ਪੰਜਾਬ ਵਲੋਂ ਲਗਾਤਾਰ ਸਰਕਾਰ ਦੇ ਖਿਲਾਫ਼ ਸੰਘਰਸ਼ ਕੀਤਾ ਜਾ ਰਿਹਾ ਹੈ। ਜਿਸ ਤਹਿਤ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨਿਵਾਸ ਸਥਾਨ ਮੋਰਿੰਡਾ ਤੇ ਡਿਪਟੀ ਮੁੱਖ ਮੰਤਰੀ ਤੇ ਸਿਹਤ ਮੰਤਰੀ ਓ ਪੀ ਸੋਨੀ ਦੇ ਨਿਵਾਸ ਅੰਮ੍ਰਿਤਸਰ ਵਿਖੇ ਭੁੱਖ ਹੜਤਾਲ ਕੀਤੀ ਗਈ । ਜਿਸ ਅਗੇ ਝੁਕਦਿਆਂ ਪੰਜਾਬ ਸਰਕਾਰ ਵਲੋਂ ਭੁੱਖ ਹੜਤਾਲ ਖਤਮ ਕਰਵਾਕੇ ਹੈਲਥ ਡਾਇਰੈਕਟਰ ਨਾਲ ਮੀਟਿੰਗ ਤਹਿ ਕਰਵਾਈ ਗਈ। ਇਹ ਮੀਟਿੰਗ  ਕੋਰ ਕਮੇਟੀ ਵਲੋ ਚੰਡੀਗੜ੍ਹ  ਦੇ ਸੈਕਟਰ 34 D ਹੈਲਥ ਡਾਇਰੈਕਟਰ ਦੇ ਦਫਤਰ ਕੀਤੀ ਗਈ ਅਤੇ ਵਖ ਵਖ ਰਾਜਾਂ ਦੇ ਡਾਕੂਮੈਂਟ ਦੇ ਕੇ ਸਰਕਾਰ ਨੂੰ ਮਸਲਾ ਹਲ ਕਰਨ ਲਈ ਜਾਗਰੂਕ ਕੀਤਾ ਗਿਆ  
ਇਸ ਮੌਕੇ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਸੂਬਾ ਪ੍ਰੈੱਸ ਸਕੱਤਰ ਪੰਜਾਬ ਡਾ ਮਿੱਠੂ ਮੁਹੰਮਦ ਮਹਿਲ ਕਲਾਂ ਨੇ ਦੱਸਿਆ ਕਿ ਡਾ ਰਮੇਸ਼ ਕੁਮਾਰ ਜੀ ਬਾਲੀ ਪ੍ਰਧਾਨ ਮੈਡੀਕਲ ਪ੍ਰੈਕਟੀਸ਼ਨਰ ਪੰਜਾਬ ਨੇ ਕਿਹਾ ਮੱਧ ਪ੍ਰਦੇਸ਼ ,ਬੰਗਾਲ, ਬਿਹਾਰ,ਅਤੇ ਹੋਰ ਦੂਸਰੇ ਸੂਬਿਆਂ ਦੀ ਤਰ੍ਹਾਂ ਪੰਜਾਬ ਸਰਕਾਰ ਵੀ ਪਿੰਡਾਂ ਵਿੱਚ ਕੰਮ ਕਰਦੇ ਡਾਕਟਰਾਂ ਨੂੰ ਤਜਰਬੇ ਦੇ ਆਧਾਰ ਤੇ ਮਾਨਤਾ ਦਵੇ ਅਤੇ  ਬਾਹਰਲੇ ਸੂਬਿਆਂ ਤੋਂ ਰਜਿਸਟਰਡ ਵੈਦਾਂ ਨੂੰ ਪੰਜਾਬ ਸਰਕਾਰ ਵੀ ਰਜਿਸਟਰਡ ਕਰੇ।  ਉਨ੍ਹਾਂ ਕਿਹਾ ਕਿ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਅਫਸਰਸ਼ਾਹੀ ਤੇ   ਪੰਜਾਬ ਸਰਕਾਰ ਲਗਾਤਾਰ ਮੈਡੀਕਲ ਪ੍ਰੈਕਟੀਸ਼ਨਰਾਂ ਦੇ ਮਸਲੇ ਨੂੰ ਜਾਣਬੁੱਝ ਲਮਕਾਅ ਰਹੀ ਹੈ। ਇਸ ਮੌਕੇ ਡਾਕਟਰ ਠਾਕੁਰਜੀਤ ਸਿੰਘ ਚੇਅਰਮੈਨ ਪੰਜਾਬ, ਡਾ ਜਸਵਿੰਦਰ ਕਾਲਖ ਸਕੱਤਰ ਜਨਰਲ ਸਕੱਤਰ ਪੰਜਾਬ, ਡਾ ਮਾਘ ਸਿੰਘ ਜੀ ਮਾਣਕੀ ਸੂਬਾ ਕੈਸ਼ੀਅਰ, ਡਾ ਬਲਕਾਰ ਸਿੰਘ ਜੀ ਸੇਰਗਿਲ ਸੀਨੀਅਰ ਮੀਤ ਪ੍ਰਧਾਨ ਪੰਜਾਬ, ਡਾ ਗੁਰਮੁਖ ਸਿੰਘ ਜੀ ਮੀਤ  ਪ੍ਰਧਾਨ ਪੰਜਾਬ ਹਾਜਰ ਸਨ ।ਉਹਨਾਂ ਕਿਹਾ ਕਿ ਸਰਕਾਰਾਂ ਲਾਰੇ ਲੱਪੇ ਵਾਲੀਆਂ ਹੱਦ ਟੱਪ ਚੁਕੀ ਹੈ। ਮੈਡੀਕਲ ਪ੍ਰੈਕਟੀਸ਼ਨਰ ਦਾ ਮਸਲਾ ਜਾਣ ਬੁੱਝ ਕੇ , ਲਮਕਾ ਕੇ ਸਿਹਤ ਕਾਰਪੋਰੇਟ ਨੂੰ ਪੰਜਾਬ ਦੇ 80 % ਕਿਰਤੀ ਲੋਕਾਂ ਉੱਤੇ ਜਬਰੀ ਥੋਪਿਆ ਜਾ ਰਿਹਾ ਹੈ  ।
ਦੂਜੇ ਪਾਸੇ  ਡਿਪਟੀ ਮੁੱਖ ਮੰਤਰੀ ਤੇ ਸਿਹਤ ਮੰਤਰੀ ਓ ਪੀ ਸੋਨੀ ਨੇ ਮੰਗ ਪੱਤਰ  ਲੈਂਦਿਆਂ ਵਿਸਵਾਸ ਦੁਆਇਆ ਕਿ ਕੈਬਨਿਟ ਦੀ ਉਚ ਪੱਧਰੀ ਮੀਟਿੰਗ ਵਿੱਚ ਮੈਡੀਕਲ ਪ੍ਰੈਕਟੀਸ਼ਨਰਾਂ ਦੇ ਮਸਲੇ ਨੂੰ ਉਠਾਇਆ ਜਾਵੇਗਾ ਤੇ ਸਰਕਾਰ ਹਰ ਹਾਲ  ਮਸਲਾ ਹੱਲ ਕਰੇਗੀ।

ਸੰਯੁਕਤ ਸਮਾਜ ਮੋਰਚਾ  ਨੇ ਫੂਕਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ

ਕਾਰਪੋਰੇਟ ਘਰਾਣਿਆਂ ਅਤੇ ਮੋਦੀ ਜੁੰਡਲੀ ਦੀਆਂ ਜੜ੍ਹਾਂ ਪੁੱਟਣ ਦਾ ਸੱਦਾ... ਪਾਸਲਾ  
      ਮੁੱਲਾਪੁਰ , 6 ਜਨਵਰੀ - (ਗੁਰਸੇਵਕ ਸੋਹੀ )-  ਅੰਬੇਦਕਰ ਭਵਨ ਮੁੱਲਾਂਪੁਰ ਵਿਖੇ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਵੱਲੋਂ ਕੇਂਦਰ ਤੇ ਪੰਜਾਬ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਖ਼ਿਲਾਫ਼ ਭਰਵੀਂ ਕੰਨਵੈਨਸ਼ਨ ਕੀਤੀ ਗਈ। ਜਿਸ ਨੂੰ ਆਰ ਐਮ ਪੀ ਆਈ ਦੇ ਕੌਮੀ ਜਨਰਲ ਸਕੱਤਰ ਕਾ: ਮੰਗਤ ਰਾਮ ਪਾਸਲਾ ਨੇ ਸੰਬੋਧਨ ਕਰਦਿਆਂ ਆਖਿਆ ਕਿ ਕੇਂਦਰ ਦੀ ਮੋਦੀ ਤੇ ਪੰਜਾਬ ਦੀ ਚੰਨੀ ਸਰਕਾਰ ਲੋਕਾਂ ਦੀ ਗੱਲ ਕਰਨ ਦੀ ਥਾਂ ਕਾਰਪੋਰੇਟ ਘਰਾਣਿਆਂ ਦੇ ਪੱਖ ਦੀਆਂ ਨੀਤੀਆਂ ਘੜ ਕੇ ਦੇਸ਼ ਦਾ ਸਰਮਾਇਆ ਲੁਟਾਉਣਾ ਚਾਹੁੰਦੀਆਂ ਹਨ। ਜਿਸ ਕਰਕੇ ਦੇਸ਼ ਵਿੱਚ ਅਮੀਰ ਤੇ ਗਰੀਬ ਦਾ ਪਾੜਾ ਵੱਧ ਰਿਹਾ ਹੈ। ਉਹਨਾਂ ਆਖਿਆ ਕਿ ਇਹਨਾਂ ਲੋਕ ਵਿਰੋਧੀ ਤੇ ਕਾਰਪੋਰੇਟ ਪੱਖੀ ਸਰਕਾਰਾਂ ਤੇ ਰਵਾਇਤੀ ਪਾਰਟੀਆਂ ਨੂੰ ਸੱਤਾ ਤੋਂ ਬਾਹਰ ਕਰਨ ਦੀ ਜ਼ਰੂਰਤ ਹੈ। ਉਹਨਾਂ ਇਹ ਵੀ ਆਖਿਆ ਕਿ ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਦੀਆਂ ਚੌਣਾ ਵਿੱਚ ਇਹਨਾਂ ਰਵਾਇਤੀ ਪਾਰਟੀਆਂ ਨੂੰ ਹਰਾ ਕੇ ਸੰਯੁਕਤ ਸਮਾਜ ਮੋਰਚੇ ਦੇ ਉਮੀਦਵਾਰਾਂ ਨੂੰ ਜਿਤਾਇਆ ਜਾਵੇ। ਤਾਂ ਜੋ ਸੂਬੇ ਵਿੱਚ ਵੱਧ ਰਹੀਆਂ ਲੋਕ ਵਿਰੋਧੀ ਨੀਤੀਆਂ ਨੂੰ ਠੱਲ ਪਾਈ ਜਾ ਸਕੇ। ਇਸ ਕਿ ਕੰਨਵੈਸ਼ਨ ਦੀ ਪ੍ਰਧਾਨਗੀ ਰਘਵੀਰ ਸਿੰਘ ਬੈਨੀਪਾਲ, ਬਲਰਾਜ ਸਿੰਘ ਕੋਟਉਮਰਾ, ਅਮਰਜੀਤ ਮੱਟੂ, ਹੁਕਮ ਰਾਜ ਦੇਹੜਕਾ ਨੇ ਕੀਤੀ। ਇਸ ਮੌਕੇ ਤੇ ਹੋਰਨਾ ਤੋਂ ਇਲਾਵਾ ਪ੍ਰਗਟ ਸਿੰਘ ਜਾਮਾਰਾਏ, ਧਰਮਿੰਦਰ ਸਿੰਘ ਮੁਕੇਰੀਆ, ਪ੍ਰੋਫੈਸਰ ਸੁਰਿੰਦਰ ਕੌਰ, ਪ੍ਰੋਫੈਸਰ ਜੈਪਾਲ ਸਿੰਘ, ਜਗਤਾਰ ਸਿੰਘ ਚਕੋਹੀ, ਗੁਰਮੇਲ ਸਿੰਘ ਰੂਮੀ, ਹਰਨੇਕ ਸਿੰਘ ਗੁੱਜਰਵਾਲ, ਜਗਦੀਸ਼ ਚੰਦ, ਮੈਡੀਕਲ ਪ੍ਰੈਕਟੀਸ਼ਨਰ ਦੇ ਸੂਬਾਈ ਜਰਨਲ ਸਕੱਤਰ ਡਾ. ਜਸਵਿੰਦਰ ਸਿੰਘ ਕਾਲਖ, ਮਲਕੀਤ ਸਿੰਘ ਸੇਖੇਵਾਲ, ਸਵਰਨਜੀਤ ਸਿੰਘ ਮੁੱਲਾਪੁਰ, ਨੇ ਵੀ ਸੰਯੁਕਤ ਸਮਾਜ ਮੋਰਚੇ ਦੇ ਹੱਕ ਵਿੱਚ ਇੱਕਠੇ ਹੋਣ ਦੀ ਅਪੀਲ ਕੀਤੀ। ਕਨਵੈਨਸ਼ਨ ਤੋ ਬਾਅਦ ਮੁੱਲਾਂਪੁਰ ਫਿਰੋਜ਼ਪੁਰ ਮਾਰਗ ਤੇ ਪ੍ਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ ਇਸ ਮੌਕੇ ਹੋਰਨਾ ਤੋਂ ਇਲਾਵਾ ਸੁਖਮਿੰਦਰ ਸਿੰਘ ਰਤਨਗੜ੍ਹ, ਗੁਰਦੀਪ ਸਿੰਘ ਕਲਸੀ, ਹਰਬੰਸ ਸਿੰਘ ਲੋਹਟਬਦੀ, ਸੁਰਜੀਤ ਸਿੰਘ ਸੀਲੋ, ਕੁਲਜੀਤ ਕੌਰ ਗਰੇਵਾਲ਼, ਮੋਨਿਕਾ ਢਿੱਲੋ, ਹਰਵਿੰਦਰ ਕੌਰ ਗਰੇਵਾਲ਼, ਅਮਰਜੀਤ ਸਿੰਘ ਸਹਿਜਾਦ, ਰਾਜਵੀਰ ਸਿੰਘ, ਮਲਕੀਤ ਸਿੰਘ ਕਿਲ੍ਹਾ ਰਾਏਪੁਰ, ਮੱਘਰ ਸਿੰਘ ਖੰਡੂਰ, ਸ਼ਵਿਦਰ ਸਿੰਘ ਤਲਵੰਡੀ ਰਾਏ, ਗੁਰਪ੍ਰੀਤ ਸਿੰਘ ਹਾਸ, ਭਾਗ ਸਿੰਘ, ਦੀਪ ਭੰਮੀਪੁਰ, ਗੁਰਮੀਤ ਸਿੰਘ, ਪ੍ਰਕਰਣ ਸਿੰਘ ਕਮਾਲਪੁਰਾ, ਹਰਵਿੰਦਰ ਸਿੰਘ ਸੇਰਪੁਰ, ਬਲਦੇਵ ਸਿੰਘ ਦਿਵਾਨ ਸਿੰਘ, ਰਣਜੀਤ ਸਿੰਘ ਗੋਰਸੀਆ, ਡਾ. ਭਗਤ ਸਿੰਘ, ਡਾ. ਭਗਵੰਤ ਸਿੰਘ, ਡਾ. ਮੇਵਾ ਸਿੰਘ ਡਾ ਯੂਨਿਸ ਦਿਓਲ ਪੱਖੋਵਾਲ ਆਦਿ ਵੀ ਹਾਜ਼ਰ ਸਨ।

ਬਰਨਾਲਾ ਰੈਲੀ ਚ ਸ਼ਾਮਲ ਹੋਣਗੇ ਲੁਧਿਆਣਾ ਜ਼ਿਲ੍ਹੇ ਦੇ ਦਸ ਹਜ਼ਾਰ ਕਿਸਾਨ- ਕਿਸਾਨ ਆਗੂ ਮਹਿੰਦਰ ਸਿੰਘ

ਜਗਰਾਉਂ, 6 ਜਨਵਰੀ (ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ) ਅੱਜ ਇਥੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜਿਲਾ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ ਅਤੇ ਜਿਲਾ ਸਕੱਤਰ ਇੰਦਰਜੀਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਕਿਸਾਨੀ ਦੀਆਂ ਭਖਵੀਆਂ ਮੰਗਾਂ ਨੂੰ ਲੈ ਕੇ ਜਥੇਬੰਦੀ ਵਲੋਂ 10 ਜਨਵਰੀ ਨੂੰ ਬਰਨਾਲਾ ਦੀ ਦਾਣਾ ਮੰਡੀ ਵਿਖੇ ਇਕ ਇਤਿਹਾਸਕ ਜੁਝਾਰ ਰੈਲੀ ਦੀਆਂ ਤਿਆਰੀਆਂ ਸਮੁੱਚੇ ਜਿਲੇ ਚ ਮੌਸਮ ਦੀ ਖਰਾਬੀ ਦੇ ਬਾਵਜੂਦ ਪੂਰੇ ਜੋਰ ਸ਼ੋਰ ਨਾਲ ਜਾਰੀ ਹਨ। ਉਨਾਂ ਦੱਸਿਆ ਕਿ ਲੁਧਿਆਣਾ ਜਿਲੇ ਦੇ ਸਾਰੇ ਹੀ ਬਲਾਕਾਂ  ਜਗਰਾਂਓ,  ਰਾਏਕੋਟ,  ਸਿੱਧਵਾਂਬੇਟ,  ਹੰਬੜਾਂ, ਸੁਧਾਰ, ਪੱਖੋਵਾਲ ਅਧੀਨ ਪੈਂਦੇ ਸਾਰੇ ਹੀ ਪਿੰਡਾਂ ਚ ਕਿਸਾਨੀ ਦੀਆਂ ਮੀਟਿੰਗਾਂ ਦਾ ਦੌਰ ਨਿਰੰਤਰ ਜਾਰੀ ਹੈ। ਕਿਸਾਨੀ ਸਿਰ ਚੜੇ ਸਾਰੇ ਹੀ ਕਰਜਿਆਂ ਤੇ ਲੀਕ ਮਰਵਾਉਣ,  ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਾਉਣ, ਐਮ ਐਸ ਪੀ ਅਤੇ ਸਰਕਾਰੀ ਖਰੀਦ ਦੀ ਗਰੰਟੀ ਸਾਰੇ ਦੇਸ਼ ਚ ਹਾਸਲ  ਕਰਨ ਲਈ, ਅੰਦੋਲਨ ਦੋਰਾਨ  ਸਾਰੇ ਹੀ ਥਾਵਾਂ ਤੇ ਵਿਸ਼ੇਸ਼ਕਰ ਹਰਿਆਣਾ ਅਤੇ ਦਿੱਲੀ ਚ ਦਰਜ ਪੁਲਸ ਕੇਸ ਰੱਦ ਕਰਾਉਣ,  ਸ਼ਹੀਦ ਕਿਸਾਨ ਪਰਿਵਾਰਾਂ ਲਈ ਮੁਆਵਜੇ ਅਤੇ  ਯੋਗ ਸਰਕਾਰੀ ਨੌਕਰੀ ਹਾਸਲ ਕਰਨ ਲਈ,  ਗੁਲਾਬੀ ਸੁੰਡੀ ਅਤੇ ਬਾਰਸ਼ ਕਾਰਨ ਝੋਨੇ ਦੇ ਖਰਾਬੇ ਦਾ ਮੁਆਵਜਾ ਹਾਸਲ ਕਰਨ ਲਈ,  ਲਖੀਮਪੁਰ ਖੀਰੀ ਕਾਂਡ ਦੇ ਮੁੱਖ ਦੋਸ਼ੀ ਕੇਂਦਰੀ ਰਾਜ ਮੰਤਰੀ ਅਜੈ ਮਿਸ਼ਰਾ ਨੂੰ ਕੈਬਿਨੇਟ ਚੋਂ ਬਾਹਰ ਕਢਵਾਉਣ ਲਈ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਮਜਬੂਰ ਕਰਨ ਲਈ ਇਹ ਵਿਸ਼ਾਲ ਰੈਲੀ ਕੀਤੀ ਜਾ ਰਹੀ ਹੈ। ਦੋਹਾਂ ਆਗੂਆਂ ਨੇ ਪੰਜਾਬ ਸਰਕਾਰ ਵਲੋਂ ਸ਼ਹੀਦ ਕਿਸਾਨਾਂ ਦੇ ਆਸ਼ਰਿਤਾਂ ਲਈ ਸਰਕਾਰ ਨੌਕਰੀ ਦੇਣ ਚ ਕੀਤੀ ਜਾ ਰਹੀ ਢਿੱਲ ਮਠ ਅਤੇ  ਯੋਗਤਾਵਾਂ ਨੂੰ ਛਿੱਕੇ ਟੰਗ ਕੇ ਮਹਿਜ ਬੇਲਦਾਰਾਂ ਦੀਆਂ ਦਿਤੀਆਂ ਜਾ ਰਹੀਆਂ ਨੌਕਰੀਆਂ ਦਾ ਸਖਤ ਨੋਟਿਸ ਲਿਆ ਹੈ। ਉਨਾਂ ਕਿਹਾ ਕਿ ਇਹ ਵਿਤਕਰਾ ਤੇ ਢਿੱਲ ਮਠ ਕਦਾਚਿਤ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇਸ ਸਮੇਂ ਬੋਲਦਿਆਂ ਉਨਾਂ ਕਿਹਾ ਕਿ ਉਨਾਂ ਦੀ ਜਥੇਬੰਦੀ ਨੇ ਵਿਧਾਨ ਸਭਾ ਚੋਣਾਂ ਚ ਹਿੱਸਾ ਨਾ ਲੈਣ ਦਾ ਫੈਸਲਾ ਕਰਕੇ ਸਿਰਫ ਤੇ ਸਿਰਫ ਕਿਸਾਨੀ ਮੰਗਾਂ ਤੇ ਧਿਆਨ ਕੇਂਦਰਿਤ ਕਰਨ ਤੇ ਮੰਗਾਂ ਹਾਸਲ ਕਰਨ ਲਈ ਇਹ ਸੂਬਾਈ ਰੈਲੀ ਰੱਖੀ ਹੈ। ਉਨਾਂ ਅੱਗੇ ਕਿਹਾ ਕਿ ਮੋਦੀ ਦੀ  ਫਿਰੋਜ਼ਪੁਰ ਰੈਲੀ ਨੂੰ ਫਲਾਪ ਕਰਕੇ ਪੰਜਾਬੀਆਂ ਨੇ ਦਸ ਦਿੱਤਾ ਹੈ ਕਿ ਕਾਰਪੋਰੇਟਾਂ ਦੇ ਦਲਾਲਾਂ ਨਾਲ ਉਨਾਂ ਦਾ ਰਿਸ਼ਤਾ ਦੁਸ਼ਮਨਾਣਾ ਹੈ। ਉਨਾਂ ਕਿਹਾ ਕਿ ਇਸ ਅਸਫਲਤਾ ਦਾ ਠੀਕਰਾ ਸੁਰੱਖਿਆ ਖਾਮੀਆਂ ਸਿਰ ਫੌੜ ਕੇ ਉਹ ਭਾਜਪਾ ਦੀ ਨਾਕਾਮੀ ਨੂੰ ਲੁਕਾਉਣ ਦਾ ਅਸਫਲ ਯਤਨ ਕਰ ਰਿਹਾ ਹੈ। ਜਿਹੜਾ ਪ੍ਰਧਾਨ ਮੰਤਰੀ ਸਵਾ ਸਾਲ ਕਿਸਾਨਾਂ ਨੂੰ ਸੜਕਾਂ ਤੇ ਰੁਲਣ ਲਈ ਮਜਬੂਰ ਕਰਦਾ ਰਿਹਾ ਹੈ , ਉਸ ਦੇ ਸਵਾਗਤ ਲਈ ਪੰਜਾਬੀ ਭਲਾ ਕਿੰਝ ਜਾ ਸਕਦੇ ਸਨ। ਸੂਬੇ ਭਰ ਚੋਂ ਦਿਹਾੜੀਆਂ ਤੇ ਬੰਦੇ ਢੋਣ ਚ ਵੀ ਭਾਜਪਾ ਬੁਰੀ ਤਰਾਂ ਫੇਲ ਸਾਬਤ ਹੋਈ ਹੈ।ਉਨਾਂ ਮੋਦੀ ਹਕੂਮਤ  ਤੋ ਕਿਸਾਨੀ ਨਾਲ ਲਿਖਤੀ ਤੋਰ ਤੇ ਕੀਤੇ ਵਾਅਦੇ ਪੂਰੇ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਪੰਜਾਬ ਦੇ ਕਿਰਤੀ ਜਾਗ ਚੁੱਕੇ ਹਨ, ਮੋਦੀ ਦੇ ਜੁਮਲਿਆਂ ਤੇ ਗਿਦੜਭਬਕੀਆਂ ਦਾ ਸੱਚ ਜਾਣ ਚੁੱਕੇ ਹਨ।ਓਨਾਂ ਦੱਸਿਆ ਕਿ 10 ਜਨਵਰੀ ਨੂੰ ਲੁਧਿਆਣਾ ਜਿਲੇ ਦੇ ਸਾਰੇ ਪਿੰਡ ਅਪਣੇ ਅਪਣੇ ਵਾਹਨ ਲੈਕੇ ਸਵੇਰੇ ਸਾਢੇ ਦਸ ਵਜੇ ਮਹਿਲ ਕਲਾਂ ਦੀ ਦਾਣਾ ਮੰਡੀ ਚ ਇੱਕਤਰ ਹੋਣਗੇ, ਜਿਥੋਂ ਵਡੇ ਕਾਫਲੇ ਦੀ ਸ਼ਕਲ ਚ ਬਰਨਾਲਾ ਰੈਲੀ ਲਈ ਕੂਚ ਕੀਤਾ ਜਾਵੇਗਾ।

ਆਪਣੀ ਮਾਂ ਨੂੰ ਯਾਦ ਕਰਦਿਆਂ ਜਰਸੀਆਂ ਤੇ ਬੂਟ ਵੰਡੇ  

ਜਗਰਾਉਂ, 6 ਜਨਵਰੀ (ਬਲਦੇਵ ਜਗਰਾਉਂ/ ਫੋਟੋਗ੍ਰਾਫਰ ਸੁਨੀਲ ਕੁਮਾਰ  ) ਨਵੇਂ ਸਾਲ ਦੀ ਆਮਦ ਤੇ ਆਪਣੀ ਮਾਤਾ ਲੇਟ ਸ੍ਰੀਮਤੀ ਹਰਜੀਤ ਕੌਰ ਪਤਨੀ ਸ ਲਾਲ ਸਿੰਘ ਜੀ ਦੀ ਯਾਦ ਚ ਉਨ੍ਹਾਂ ਦੇ ਸਪੁੱਤਰ ਜਗਸੀਰ ਸਿੰਘ ਬਿੱਲੂ ਅਤੇ ਸ੍ਰੀ ਗੁਰਜੀਤ ਸਿੰਘ ਕੈਨੇਡੀਅਨ ਨੇ ਸਰਕਾਰੀ ਹਾਈ ਸਕੂਲ ਕੋਠੇ ਪੋਨਾ ਦੇ ਸਮੂਹ ਵਿਦਿਆਰਥੀਆਂ ਨੂੰ ਜਰਸੀਆਂ ਤੇ ਬੂਟ ਜੁਰਾਬਾਂ ਵੰਡੀਆਂ। ਇਸ ਤੋਂ ਇਲਾਵਾ ਮਾਤਾ ਜੀ ਦੀ ਯਾਦ ਚ ਸਮੂਹ ਵਿਦਿਆਰਥੀਆਂ ਅਤੇ ਸਕੂਲ ਸਟਾਫ਼ ਨੂੰ ਲੱਡੂ ਵੀ ਖੁਆਏ।  ਇਸ ਸਮੇਂ ਸਕੂਲ ਮੁਖੀ ਸ੍ਰੀਮਤੀ ਮੋਨਿਕਾ ਗਰਗ ਜੀ ਨੇ ਇਨ੍ਹਾਂ ਸੇਵਾਵਾਂ ਨਿਭਾਉਣ ਵਾਲੇ ਪਰਿਵਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹਾ ਕੁਝ ਹੀ ਹੋਣਹਾਰ ਬੱਚੇ ਹੁੰਦੇ ਹਨ ਜੋ ਸਦੀਵੀ ਆਪਣੇ ਮਾਪਿਆਂ ਨੂੰ ਯਾਦ ਕਰਦੇ ਅਜਿਹੀਆਂ ਸੇਵਾਵਾਂ ਕਰਕੇ ਪੁੰਨ ਖਟਦੇ ਹਨ।  ਇਸ ਸਮੇਂ ਮਾਸਟਰ ਕੁਲਦੀਪ ਸਿੰਘ, ਮਾਸਟਰ ਹਰਨੇਕ ਸਿੰਘ, ਗੁਰਜੀਤ ਸਿੰਘ, ਜਗਸੀਰ ਸਿੰਘ, ਰਾਜਪ੍ਰੀਤ ਸਿੰਘ ,ਸਰਬਜੀਤ ਸਿੰਘ, ਸੁਰਿੰਦਰ ਸਿੰਘ ਮੈਂਬਰ ਪੰਚਾਇਤ ,ਗੁਰਤੇਜ ਸਿੰਘ, ਪ੍ਰਿਤਪਾਲ ਸਿੰਘ ,ਗੁਰਪ੍ਰੀਤ ਸਿੰਘ ਮੈਂਬਰ  ,ਪਾਲ ਸਿੰਘ, ਗੁਰਬਚਨ ਸਿੰਘ , ਮਾਸਟਰ ਗੁਰਮੇਲ ਸਿੰਘ ਰੂੰਮੀ ,ਕੁਲਦੀਪ ਸਿੰਘ ਕੋਠੇ ਸ਼ੇਰਜੰਗ ਤੋਂ ਇਲਾਵਾ ਭਾਗ ਸਿੰਘ ਅਤੇ ਇਲਾਕਾ ਨਿਵਾਸੀ ਹਾਜ਼ਰ ਸਨ । 

ਨਰਦੀਪ ਕੌਰ ਸਾਹਨੇਵਾਲ ਨੂੰ ਜ਼ਿਲ੍ਹਾ ਬਰਨਾਲਾ ਕੋਆਰਡੀਨੇਟਰ ਬਣਾਉਣ ਤੇ ਕਾਂਗਰਸ ਹਾਈ ਕਮਾਂਡ ਦਾ ਧੰਨਵਾਦ

ਜਗਰਾਉਂ 6 ਜਨਵਰੀ (ਜਸਮੇਲ ਗ਼ਾਲਿਬ)ਸਾਹਨੇਵਾਲ ਵਿਧਾਨ ਸਭਾ ਹਲਕੇ ਨਾਲ ਸਬੰਧਤ ਨਰਦੀਪ ਕੌਰ ਗਰੇਵਾਲ ਨੂੰ ਕਾਂਗਰਸ ਪਾਰਟੀ ਦੀ ਮਹਿਲਾ ਵਿੰਗ ਸੂਬਾਈ ਪ੍ਰਧਾਨ ਬਲਬੀਰ ਕੌਰ ਸੋਢੀ ਵੱਲੋਂ ਜ਼ਿਲ੍ਹਾ ਬਰਨਾਲਾ ਦਾ ਕੋਆਰਡੀਨੇਟਰ ਬਣਾਏ ਜਾਣ ਤੇ ਹਲਕਾ  ਜਗਰਾਉਂ ਦੀਆਂ ਮਹਿਲਾ ਕਾਂਗਰਸ ਆਗੂਆਂ ਨੇ ਭਰਵਾਂ ਸਵਾਗਤ ਕੀਤਾ ਹੈ।ਇਸ ਸਮੇਂ ਮਹਿਲਾ ਵਿੰਗ ਕਾਂਗਰਸ ਦੀਆਂ  ਮਨਜੀਤ ਕੌਰ ਸਿੱਧਵਾਂ ਕਲਾ, ਕਮਲਜੀਤ ਕੌਰ ਸਿੱਧਵਾਂ ਕਲਾਂ,ਜਸਵਿੰਦਰ ਕੌਰ ਜਗਰਾਉਂ ਨੇ ਕੁੱਲ ਹਿੰਦ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ, ਰਾਹੁਲ ਗਾਂਧੀ,ਮੁੱਖ ਮੰਤਰੀ ਚਰਨਜੀਤ ਚੰਨੀ,ਪ੍ਰਧਾਨ ਨਵਜੋਤ ਸਿੰਘ ਸਿੱਧੂ ਸਮੇਤ ਸਮੁੱਚੀ ਹਾਈ ਕਮਾਂਡ ਦਾ ਇਸ ਜਯੋਤੀ ਬਦਲੇ ਧੰਨਵਾਦ ਕੀਤਾ ਹੈ।

 

ਨੈਣ ਨੈਣਾਂ ਨਾਲ ✍️. ਸ਼ਿਵਨਾਥ ਦਰਦੀ

ਨੈਣ ਨੈਣਾਂ ਨਾਲ ਮਿਲਾ ,

ਸਭ ਜਾਣ ਜਾਏਗਾ ,

ਕੌਣ ਆਪਣੇ ਬੇਗਾਨੇ ,

ਸਭ ਪਹਿਚਾਣ ਜਾਏਗਾ ।

ਜਦੋਂ ਮਿਲਦੇ ਨੇ ਨੈਣ ,

ਨਾ ਪੈਂਦਾ ,ਦਿਲ ਨੂੰ ਚੈਨ 

ਉਦੋਂ ਬਣਦਾ ਕਿਵੇਂ ,

ਇਸ਼ਕ ਮਹਾਨ ਜਾਏਗਾ ।

ਨੈਣ ਨੈਣਾਂ ਨਾਲ ______

ਕੀ , ਏਨਾਂ ਦੀ ਪਰਿਭਾਸ਼ਾ

ਜਗਾਉਦੇ , ਦਿਲ ਵਿਚ ਆਸਾ 

ਬਣਦੇ ਪਿਆਰ ਵਾਲੇ , ਕਿਵੇਂ

ਸਭ ਮਕਾਨ ਜਾਏਗਾ ।

ਨੈਣ ਨੈਣਾਂ ਨਾਲ ________

ਰੋਂਦੇ ਸਾਰੀ ਸਾਰੀ ਰਾਤ ,

ਪਾਉਂਦੇ ਤਾਰਿਆਂ ਨਾਲ ਬਾਤ ,

ਚੜ੍ਹਦੀ ਬਿਰਹੋਂ ਦੀ 'ਦਰਦੀ',

ਰੂਹ ਨੂੰ ਪਾਣ ਜਾਏਗਾ ।

ਨੈਣ ਨੈਣਾਂ ਨਾਲ _________

ਨਾ ਰੰਗ ਰੂਪ , ਇਹ ਦੇਖਣ 

ਬਸ ,ਇਸ਼ਕ ਦੀ ਅੱਗ ਸੇਕਣ 

ਲੱਗ , ਏਨਾਂ ਪਿਛੇ 'ਸ਼ਿਵ'

ਕਫ਼ਨ ਤੂੰ ਤਾਣ ਜਾਏਗਾ ।

ਨੈਣ ਨੈਣਾਂ ਨਾਲ __________

              ਸ਼ਿਵਨਾਥ ਦਰਦੀ

       ਸੰਪਰਕ :- 9855155392

ਬਾਬਾ ਫ਼ਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਫ਼ਰੀਦਕੋਟ ।

ਦਰਸ਼ਕਾਂ ਦੇ ਦਿਲਾਂ ਨੂੰ ਛੂਹ ਰਿਹੈ ਗਾਇਕ ਮੀਕਾ ਸਿੰਘ ਦਾ ਨਵਾਂ ਗੀਤ 'ਮਜਨੂੰ' ✍️. ਹਰਜਿੰਦਰ ਸਿੰਘ ਜਵੰਦਾ

 ਮਸ਼ਹੂਰ ਬਾਲੀਵੁੱਡ ਅਤੇ ਪੰਜਾਬੀ ਗਾਇਕ ਮੀਕਾ ਸਿੰਘ ਵਲੋਂ ਹਾਲ ਹੀ ‘ਚ ਆਪਣਾ ਨਵਾਂ ਗੀਤ 'ਮਜਨੂੰ' ਸੰਗੀਤ ਲੇਬਲ ‘ਮਿਊਜ਼ਿਕ ਐਂਡ ਸਾਊਂਡ’ ‘ਤੇ ਰਿਲੀਜ਼ ਕੀਤਾ ਗਿਆ ਹੈ । ਜੋ ਕਿ ਸਰੋਤੇ ਵਰਗ ਵਲੋਂ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ।  ਸ਼ਾਰੀਬ ਸਾਬਰੀ ਅਤੇ ਤੋਸ਼ੀ ਸਾਬਰੀ ਦੋਵੇਂ ਭਰਾਵਾਂ ਦੀ ਜੋੜੀ ਨੇ ਇਸ ਗੀਤ ਨਾਲ ਇਕ ਵਾਰ ਫੇਰ ਵਾਪਸੀ ਕੀਤੀ ਹੈ। ਸ਼ਾਰੀਬ ਅਤੇ ਤੋਸ਼ੀ ਫਿਲਮ ‘ਰਾਜ਼: ਦ ਮਿਸਟਰੀ ਕੌਂਟੀਨੁਜ਼’ ਦੇ ਹਿੱਟ ਟਰੈਕ, ‘ਮਾਹੀ’ ਲਈ ਮਸ਼ਹੂਰ ਹਨ। ਇਸ ਜੋੜੀ ਨੇ ਆਉਣ ਵਾਲੇ ਗੀਤ ਲਈ ਮਿਊਜ਼ਿਕ ਦਿੱਤਾ ਹੈ ਅਤੇ ਮਿਊਜ਼ਿਕ ਵੀਡੀਓ 'ਚ ਵੀ ਮੀਕਾ ਸਿੰਘ ਨਾਲ ਨਜ਼ਰ ਆ ਰਹੇ ਹਨ।ਮਿਊਜ਼ਿਕ ਵੀਡੀਓ ਦੀ ਗੱਲ ਕਰੀਏ ਤਾਂ ਮੀਕਾ ਸਿੰਘ ਅਤੇ ਸ਼ਾਰੀਬ-ਤੋਸ਼ੀ ਤੋਂ ਇਲਾਵਾ, ਵੀਡੀਓ ਵਿੱਚ  ਹਿੰਦੀ ਟੀ. ਵੀ. ਜਗਤ ਦੇ ਮਸ਼ਹੂਰ ਅਭਿਨੇਤਾ ਆਮਿਰ ਅਲੀ ਅਤੇ ਬਹੁਤ ਹੀ ਖੂਬਸੂਰਤ ਅਦਿਤੀ ਵਤਸ ਵੀ ਦਿੱਖ ਰਹੇ ਹਨ । ਇਸ ਵੀਡੀਓ ਵਿਚ ਆਮਿਰ, ਜੋ ਕਿ ਆਪਣੇ ਸ਼ੋਅ ‘ਐਫਆਈਆਰ’ ਅਤੇ ‘ਏਕ ਹਸੀਨਾ ਥੀ’  ਆਦਿ ਲਈ ਵੀ ਜਾਣੇ ਜਾਂਦੇ ਹਨ, ਬਹੁਤ ਵਧੀਆ ਦਿਖਾਈ ਦਿੰਦੇ ਹਨ ਜਿਥੇ ਕਿ ਮਿਊਜ਼ਿਕ ਵੀਡੀਓ ਲਈ ਮਾਡਲ ਅਦਿਤੀ ਵਤਸ ਖੂਬਸੂਰਤ ਲੱਗ ਰਹੀ ਹੈ ।ਵੀਡੀਓ ਆਮਿਰ ਅਤੇ ਅਦਿਤੀ ਦੇ ਆਲੇ-ਦੁਆਲੇ ਘੁੰਮਦੀ ਹੈ ਜਿੱਥੇ ਆਮਿਰ ਅਦਿਤੀ ਵੱਲ ਆਕਰਸ਼ਿਤ ਹੋ ਜਾਂਦਾ ਹੈ ਅਤੇ ਉਸਦੀ ਸੁੰਦਰਤਾ ਦੀ ਪ੍ਰਸ਼ੰਸਾ ਕਰਦਾ ਹੈ ਕਿਉਂਕਿ ਉਸਨੂੰ ਅਦਿਤੀ ਨਾਲ ਪਿਆਰ ਹੋ ਜਾਂਦਾ ਹੈ।ਗਾਣੇ ਦੀ ਗੱਲ ਕਰੀਏ ਤਾਂ ਇਹ ਇੱਕ ਪਿਆਰ ਦੀ ਭਾਵਨਾਵਾਂ ਦੱਸਣ ਵਾਲਾ ਗੀਤ ਹੈ ਜੋ ਤੁਹਾਡੇ ਨਵੇਂ-ਨਵੇਂ  ਪਿਆਰ ਵਿੱਚ ਪੈਣ 'ਤੇ ਤੁਹਾਨੂੰ ਮਿਲਣ ਵਾਲੀ ਭਾਵਨਾ ਬਾਰੇ ਗੱਲ ਕਰਦਾ ਹੈ।ਇਸ ਗੀਤ ਦੇ ਰਿਲੀਜ਼ ਹੋਣ 'ਤੇ ਮੀਕਾ ਸਿੰਘ ਨੇ ਕਿਹਾ, “'ਇੰਡਸਟਰੀ 'ਚ ਦੋ ਦਹਾਕਿਆਂ ਤੋਂ ਵੱਧ ਸਮੇਂ ਤੋਂ ਰਹਿਣ ਤੋਂ ਬਾਅਦ ਵੀ ਹਰ ਨਵਾਂ ਪ੍ਰੋਜੈਕਟ ਅਤੇ ਨਵੇਂ ਪ੍ਰੋਜੈਕਟ ਦੀ ਸ਼ੁਰੂਆਤ ਮੈਨੂੰ ਮੇਰੇ ਪਹਿਲੇ ਦਿਨ ਵਾਂਗ ਹੀ ਉਤਸ਼ਾਹਿਤ ਕਰਦੀ ਹੈ। ਮੈਂ ਬਸ ਉਮੀਦ ਕਰਦਾ ਹਾਂ ਕਿ ਹਰ ਕੋਈ ਨਵੇਂ ਗੀਤ ਦਾ ਆਨੰਦ ਮਾਣੇਗਾ ਅਤੇ ਅਸੀਂ ਹਮੇਸ਼ਾ ਵਾਂਗ ਦਰਸ਼ਕਾਂ ਦਾ ਮਨੋਰੰਜਨ ਕਰਨ ਅਤੇ ਉਨ੍ਹਾਂ ਨਾਲ ਜੁੜਨ ਦੇ ਯੋਗ ਹੋਵਾਂਗੇ।

ਹਰਜਿੰਦਰ ਸਿੰਘ

ਖਤਰਨਾਕ ਘਾਤਕ ਹੈ ਅਪਣੇ ਪੰਜਾਬ ਲਈ ਪੰਜਾਬ ਕਾਂਗਰਸ ਪਾਰਟੀ ਦੇ ਲੀਡਰਾਂ ਦੀ ਆਪਸੀ ਖਿਚੋਤਾਣ ✍️ ਰਮੇਸ਼ ਕੁਮਾਰ ਭਟਾਰਾ

ਖਤਰਨਾਕ ਘਾਤਕ ਹੈ ਅਪਣੇ ਪੰਜਾਬ ਲਈ ਪੰਜਾਬ ਕਾਂਗਰਸ ਪਾਰਟੀ ਦੇ ਲੀਡਰਾਂ ਦੀ ਆਪਸੀ ਖਿਚੋਤਾਣ ਟੇਲੀਵਿਜਨ ਦੇ ਵੱਖ ਵੱਖ ਚੈਨਲਾਂ ਤੇ ਕੱਲ ਰਾਤ ਨਵਜੋਤ ਸਿੰਘ ਸਿੱਧੂ ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ ਦੀ ਪ੍ਰੈਸ ਕਾਨਫਰੰਸ ਅਤੇ ਇੱਕ ਕਾਰ ਵਿੱਚ ਸਫ਼ਰ ਕਰਦੇ ਆਂ ਦੀ ਇੰਟਰਵਿਊ ਅਤੇ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਪੰਜਾਬ ਵਲੋਂ ਖੇਤਾਂ ਵਿੱਚ ਸੈਰ ਸਪਾਟਾ ਕਰਦਿਆਂ ਤੇ ਰੋਟੀ ਟੁੱਕ ਖਾਂਦਿਆਂ ਦੀ ਇੰਟਰਵਿਊ ਨੂੰ ਮੈਂ ਦੇਖਿਆ ਅਤੇ ਸੰਜੀਦਗੀ ਨਾਲ  ਸੁਣਿਆ ਹੈ, ਆਉਣ ਵਾਲੇ ਇਲੈਕਸ਼ਨਾਂ ਵਿੱਚ ਦੋਨੋਂ ਪੰਜਾਬ ਦੇ ਮੁੱਖ ਮੰਤਰੀ ਦੇ ਦਾਵੇਦਾਰ ਹਨ, ਇਹ ਚੰਗੀ ਗੱਲ ਹੈ, ਲੇਕਿਨ, ਕਾਂਗਰਸ ਪਾਰਟੀ ਦੀ ਹਾਈਕਮਾਂਡ ਪੰਜਾਬ ਵਿੱਚ ਕਿਸੇ ਹੋਰ ਕਾਂਗਰਸੀ ਵਰਕਰ ਆਗੂ ਨੇਤਾ ਨੂੰ ਵੀ ਪੰਜਾਬ ਦਾ ਮੁੱਖ ਮੰਤਰੀ ਬਨਾ ਸਕਦੀ ਹੈ, ਚਾਹੇ ਇਹ ਸਾਰਾ ਅਧਿਕਾਰ ਸਿਰਫ ਪੰਜਾਬ ਕਾਂਗਰਸ ਪਾਰਟੀ ਦੀ ਵਿਧਾਨ ਸਭਾ ਲਈ ਚੁਣੇ ਹੋਏ ਐਮ ਐਲ ਏ ਨੁਮਾਇੰਦਿਆਂ ਵਲੋਂ ਕਿਤਾ ਜਾਂਦਾ ਹੈ, ਫਿਰ ਵੀ ਕਾਂਗਰਸ ਪਾਰਟੀ ਦੀ ਹਾਈਕਮਾਂਡ ਦਾ ਫੈਸਲਾ ਹੀ ਮਨਿਆਂ ਜਾਂਦਾ ਹੈ, ਲੇਕਿਨ, ਮੇਰੇ ਪ੍ਰਦੇਸ਼ ਪੰਜਾਬ ਅਤੇ ਭਾਰਤ ਦੇਸ਼ ਵਾਸੀਓ ਇਸ ਵਕ਼ਤ ਕਾਂਗਰਸ ਪਾਰਟੀ ਦਾ ਤਾਨਾਬਾਨਾ ਸਾਰਾ ਬਹੁਤ ਹੀ ਜ਼ਿਆਦਾ ਖ਼ਰਾਬ ਹੋ ਗਿਆ ਹੈ, ਕਿ, ਇਸ ਦੀ ਕਿਸੇ ਨੂੰ ਕੋਈ ਪ੍ਰਵਾਹ ਨਹੀਂ ਹੈ?  ਰੇਵੜਿਯਾਂ ਵੀ ਅਪਣੇ ਖ਼ਾਸ ਬੰਦਿਆਂ ਨੂੰ ਵੰਡਿਆ ਜਾ ਰਹੀਆਂ ਹਨ, ਪੁਰਾਣੇ ਟਕਸਾਲੀ ਵਫ਼ਾਦਾਰ ਕਾਂਗਰਸੀਆਂ ਨੂੰ ਕੋਈ ਯਾਦ ਨਹੀਂ ਕਰ ਰਿਹਾ ਹੈ, ਸਾਰਿਆਂ ਨਾਲੋਂ ਮਹੱਤਵਪੂਰਨ ਗੱਲ ਇਹ ਹੈ ਕੀ, ਪੰਜਾਬ ਵਿੱਚ ਕਾਂਗਰਸ ਪਾਰਟੀ ਦੀ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਅਤੇ ਕਾਂਗਰਸ ਪਾਰਟੀ ਦੇ ਲੀਡਰਾਂ ਪ੍ਰਧਾਨ ਨਵਜੋਤ ਸਿੰਘ ਸਿੱਧੂ  ਦੀ ਇਸ ਖਿਚੋਤਾਣ ਦਾ ਫਾਇਦਾ ਉਠਾ ਰਹੀਆਂ ਪੰਜਾਬ ਦੀਆਂ ਦੁਸਰੀਆਂ ਰਾਜਨੀਤੀਕ ਪਾਰਟੀਆਂ ਵਿੱਚੋਂ ਇੱਕ  ਮਹੱਤਵ ਪੂਰਨ ਰਾਜਨੀਤੀਕ ਪਾਰਟੀ ਹੈ, ਜੋ, ਕਦੇ ਮਰਿਆਦਾ ਦਾ ਪਾਲਣ ਕਰਦੀ ਹੋਈ ਅਤੇ ਦੁਸਰੀਆਂ ਰਾਜਨੀਤੀਕ ਪਾਰਟੀਆਂ ਨੂੰ ਮਰਿਆਦਾ ਦਾ ਪਾਠ ਪੜਾਉਣ ਵਾਲੀ ਹੁਣ, ਇਹ ਪੰਜਾਬ ਦੀ ਰਾਜਨੀਤੀਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੈ, ਜਿਸਨੇ ਮਰਿਆਦਾ ਨੂੰ ਅਲਵਿਦਾ ਕਹਿੰਦੀਆਂ ਹੋਈਆਂ, ਸ਼ਰੌਮਣੀ ਅਕਾਲੀ ਦਲ ਵਲੋਂ ਅੱਜ ਤੱਕ ਦੇ ਇਤਿਹਾਸ ਵਿੱਚ ਪਹਿਲੀ ਵਾਰ ਸ਼੍ਰੀ ਹਰਿਮੰਦਰ ਸਾਹਿਬ ਦੇ ਸ਼੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿੱਚ ਸ਼ਰੌਮਣੀ ਅਕਾਲੀ ਦਲ ਦੀ ਸਿਆਸੀ ਮੀਟਿੰਗ ਕਰਵਾਈ ਗਈ, ਸ਼ਰੌਮਣੀ ਅਕਾਲੀ ਦਲ ਦੀ ਇਸ ਸਿਆਸੀ ਮੀਟਿੰਗ ਨੂੰ ਸ਼ਰਬਤ ਦੇ ਭਲੇ ਲਈ ਉੱਚੀ ਪਦਵੀ ਤੇ ਬੈਠੇ ਸਤਿਕਾਰਯੋਗ ਜੱਥੇਦਾਰ ਸਾਹਿਬ ਨੇ ਵੀ ਸਬੋਧਨ ਕੀਤਾ ਹੈ,,,,  ਪੰਜਾਬ ਦੇ ਗ੍ਰਿਹ ਮੰਤਰੀ ਸੁਖਵਿੰਦਰ ਸਿੰਘ ਰੰਧਾਵਾ ਵਲੋਂ  ਐਸਜੀਪੀਸੀ ਦੇ ਪ੍ਰਧਾਨ ਜੀ ਨੂੰ ਇੱਕ ਚਿੱਠੀ ਲਿਖ ਕੇ ਇਸ ਦਾ ਇਤਰਾਜ਼ ਕੀਤਾ ਗਿਆ ਹੈ, ਪੰਜਾਬ ਦੇ ਗ੍ਰਿਹ ਮੰਤਰੀ ਦੀ ਇਸ ਚਿੱਠੀ ਦੇ ਜਵਾਬ ਵਿੱਚ ਐਸਜੀਪੀਸੀ ਦੇ ਪ੍ਰਧਾਨ ਜੱਥੇਦਾਰ ਵਲੋਂ ਗ੍ਰਿਹ ਮੰਤਰੀ ਪੰਜਾਬ ਨੂੰ ਇਹ ਕਿਹਾ ਗਿਆ ਹੈ, ਕਿ, ਇਹ ਸਾਡਾ ਧਾਰਮਿਕ ਮਾਮਲਾ ਹੈ, ਇਸ ਵਿੱਚ ਦਖ਼ਲ ਅੰਦਾਜ਼ੀ ਨਾ ਕਿੱਤੀ ਜਾਵੇ, ਲੇਕਿਨ, ਇਹ ਕਿਨੀ ਮਾੜੀ ਗੱਲ ਹੈ, ਕਿਉਂਕਿ, ਮੀਟਿੰਗਾਂ ਕਰਨ ਲਈ ਏਥੇ ਹੋਰ ਬਹੁਤ ਖੁਲੇ ਹਾਲ ਹਨ, ਜਿੱਥੇ ਪਹਿਲਾਂ ਵੀ ਮੀਟਿੰਗਾਂ ਹੁੰਦੀਆਂ ਆ ਰਹਿਆ ਹਨ, ਫਿਰ ਇਸ ਪਾਕ ਪਵਿੱਤਰ ਸਥਾਨ ਰੱਬ ਜੀ ਦੇ ਘਰ ਸ਼੍ਰੀ ਹਰਿਮੰਦਰ ਸਾਹਿਬ ਵਿੱਚ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿੱਚ ਹੀ, ਇਹ ਮੀਟਿੰਗ ਸ਼੍ਰੋਮਣੀ ਅਕਾਲੀ ਦਲ ਵਲੋਂ ਕਿਉਂ ਕਰਵਾਈ ਗਈ ਹੈ, ਜਦਕਿ, ਸ਼੍ਰੀ ਹਰਿਮੰਦਰ ਸਾਹਿਬ ਵਿੱਚ ਤਾਂ ਹਰ ਧਰਮ ਮਜ੍ਹਬ ਹਰ ਵਰਗ ਹਰ ਰਾਜਨੀਤਕ ਪਾਰਟੀਆਂ ਵਲੋਂ ਅਤੇ ਸਾਰੇ ਸੰਸਾਰ ਵਲੋਂ ਮੱਥਾਂ ਟੇਕਿਆ ਜਾਂਦਾ ਹੈ, ਸਜਦਾ ਕੀਤਾ ਜਾਂਦਾ ਹੈ, ਆਪਣੀਆਂ ਮੁਰਾਦਾਂ ਨੂੰ ਪੁਰੀਆਂ ਕਰਵਾਉਣ ਲਈ ਅਰਦਾਸਾਂ ਕੀਤੀਆਂ ਜਾਂਦੀਆਂ ਹਨ ਅਤੇ ਸ਼ਰਬਤ ਦੇ ਭਲੇ ਲਈ ਅਰਦਾਸਾਂ ਕੀਤੀਆਂ ਜਾਂਦੀਆਂ ਹਨ, ਪਹਿਲਾਂ ਪੰਜਾਬ ਸੁਬਾ ਦੀ ਮੰਗ, ਫਿਰ, ਸ਼੍ਰੀ ਅੰਨਦਪੁਰ ਸਾਹਿਬ ਦਾ ਮਤਾ ਮਨਵਾਉਣ ਲਈ, ਅਕਾਲੀ ਦਲ ਦੇ ਆਗੂਆਂ ਵਲੋਂ  ਭਾਰਤ ਦਾ ਸੰਵਿਧਾਨ ਨੂੰ ਫਾੜੀਆਂ ਗਿਆ, ਫਿਰ ਆਪੇ ਹੀ ਅਕਾਲੀ ਦਲ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਵਲੋਂ ਪੰਜਾਬ ਦੇ ਮੁੱਖ ਮੰਤਰੀ ਹੁੰਦਿਆਂ ਹੋਇਆਂ ਹਰਿਆਣਾ ਦੇ ਉਸ ਵਕ਼ਤ ਦੇ ਮੁੱਖ ਮੰਤਰੀ ਚੌਧਰੀ ਦੇਵੀ ਲਾਲ ਜੀ ਨਾਲ ਪੰਜਾਬ ਦੇ ਪਾਣੀਆਂ ਦਾ ਸਮਝੋਤਾ ਕਿੱਤਾ ਗਿਆ, ਜਿਸ ਪਾਣੀਆਂ ਦੇ ਸਮਝੋਤੇ ਤਹਿਤ  ਐਸਵਾਈਐਲ ਨਹਿਰ ਬਨਾਈ ਗਈ, ਫਿਰ ਉਸੀ ਐਸਵਾਈਐਲ ਨਹਿਰ ਨੂੰ ਬੰਦ ਕਰਨ ਲਈ ਕਪੂਰੀ ਮੋਰਚਾ ਲਾਇਆ ਗਿਆ, ਜਿਸ ਮੋਰਚੇ ਕਾਰਨ ਪੰਜਾਬ ਵਿੱਚ ਅਤਿਵਾਦ ਆਈਆਂ, 1980 ਤੋਂ 1995 ਤੱਕ ਪੰਜਾਬ ਨੇ 15 ਸਾਲ ਸੰਤਾਪ ਨਰਕ ਭੋਗਿਆ ਹੈ, ਪੰਜਾਬ ਦੀ ਜਵਾਨੀ ਮਾਰੀ ਗਈ, ਪੰਜਾਬ ਦੀ ਅਰਥ ਵਿਵਸਥਾ ਤਹਿਸਨਹਿਸ ਹੋ ਗਈ, ਪੰਜਾਬ ਵਿੱਚ 3600/ਹਜ਼ਾਰ ਹਿੰਦੁਆਂ ਨੂੰ ਘਰਾਂ ਵਿੱਚੋਂ, ਬੱਸਾਂ, ਰੇਲ ਗੱਡੀਆਂ ਵਿੱਚੋਂ ਕੱਢ ਕੱਢ ਕੇ, ਸਕੂਲਾਂ, ਦੁਕਾਨਾਂ, ਪਾਰਕ ਬਾਗਾਂ ਵਿੱਚ ਸੈਰ ਸਪਾਟਾ ਕਰਦਿਆਂ, ਅਖ਼ਵਾਰ ਬੇਚਣ ਵਾਲੀਆਂ ਹਾਕਰਾਂ, ਸਬਜ਼ੀ ਭਾਜੀ ਵੇਚਣ ਵਾਲਿਆਂ ਰੇਹੜੀ ਠੈਲਾ ਲਗਾਉਣ ਵਾਲਿਆਂ, ਦੁੱਧ ਨੂੰ ਵੇਚਣ ਵਾਲੇ ਦੋਜੀਆਂ,  ਨੂੰ ਚੁੰਨ ਚੁੰਨ ਕੇ ਬੇ ਰੇਹਿਮੀ ਨਾਲ਼ ਕਤਲੇਆਮ ਕਿੱਤਾ ਗਿਆ ਸੀ, ਜਿਸ ਦਾ ਸੰਤਾਪ ਪੰਜਾਬ ਅੱਜ ਵੀ ਭੋਗ ਰਿਹਾ ਹੈ, ਮੈਂ ਪੁੱਛਦਾ ਹਾਂ, ਕਿ, ਇਸ ਵੱਲ ਧਿਆਨ ਹੈ ਕਿਸੀ ਰਾਜਨੀਤਕ ਪਾਰਟੀ ਦੇ ਸਿਆਸੀ ਲੀਡਰਾਂ ਦਾ ? ਮੇਰੇ ਵਤਨ ਦੇ ਸਾਰੀਆਂ ਰਾਜਨੀਤਕ ਪਾਰਟੀਆਂ ਦੇ ਸਾਡੇ ਪੰਜਾਬੀ ਲੀਡਰੋ ਜ਼ਰਾ  ਸੰਭਲੋ ਨਫ਼ਰਤ ਦੀ ਰਾਜਨੀਤੀ ਨੂੰ ਛੱਡੋ,  ਦੇਸ਼ ਦੇ ਪ੍ਰਥਮ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਜੀ ਦਾ ਦਿੱਤਾ ਹੋਇਆ ਪੰਚਸ਼ੀਲ ਸਿਧਾਂਤਾਂ ਵਿੱਚੋਂ ਇੱਕ ਸਿਧਾਂਤ ਜਿਉਂ ਅਤੇ ਜਿਊਣ ਦਿਓ ਦੇ ਸਿਧਾਂਤ ਤੇ ਅਮਲ ਕਰੋ, ਰਾਜਭਾਗ ਕਰਨ ਵਾਲ਼ੀ ਕੁਰਸੀ ਨੂੰ ਹਾਸਲ ਕਰਨ ਲਈ ਖੇਡਾਂ ਖੇਡੋ ਜ਼ਰੂਰ ਖੇਡੋ, ਲੇਕਿਨ, ਰੱਬ ਦਾ ਵਾਸਤਾ ਹੈ, ਤੁਹਾਨੂੰ ਪੰਜਾਬ ਦੀਆਂ ਸਾਰਿਆਂ ਰਾਜਨੀਤਕ ਪਾਰਟੀਆਂ ਨੂੰ, ਕਿ, ਮੁੜਕੇ ਦੁਵਾਰਾ ਪੰਜਾਬ ਨੂੰ ਅੱਗ ਨਾ ਲੱਗਣ ਦਿਉਂ,  ਮੈਂ ਹਾਂ ਸਾਰੀ ਕਾਇਨਾਤ ਦਾ ਸ਼ੁਭਚਿੰਤਕ ਪੰਡਿਤ ਰਮੇਸ਼ ਕੁਮਾਰ ਭਟਾਰਾ ਬਰਨਾਲਾ ਜੱਥੇਬੰਦ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ 9815318924