You are here

ਪੰਜਾਬ

ਸਾਡੇ ਵਿੱਚ ਨਹੀਂ ਰਹੇ ਲੇਖਕ, ਸੀਨੀਅਰ ਪੱਤਰਕਾਰ ਰਜਿੰਦਰਜੀਤ ਸਿੰਘ ਕਾਲਾਬੂਲਾ

ਬਰਨਾਲਾ /ਮਹਿਲ ਕਲਾਂ- 18 ਸਤੰਬਰ-  (ਗੁਰਸੇਵਕ ਸਿੰਘ ਸੋਹੀ) -  ਰਜਿੰਦਰਜੀਤ ਸਿੰਘ ਪਿਛਲੇ ਕਈ ਮਹੀਨਿਆਂ ਤੋਂ ਗੁਰਦਿਆਂ ਦੀ ਬਿਮਾਰੀ ਤੋਂ ਪੀੜਤ ਸਨ। ਉਨ੍ਹਾਂ ਨੇ ਕੱਲ੍ਹ ਚੰਡੀਗੜ੍ਹ ਦੇ ਪੀਜੀਆਈ ਹਸਪਤਾਲ ਵਿੱਚ ਆਖ਼ਰੀ ਸਾਹ ਲਿਆ। ਸ੍ਰੀ ਕਾਲਾਬੂਲਾ ਦਾ ਅੰਤਿਮ ਸੰਸਕਾਰ ਅੱਜ ਉਨ੍ਹਾਂ ਦੇ ਜੱਦੀ ਪਿੰਡ ਕਾਲਾਬੂਲਾ, ਤਹਿਸੀਲ ਧੂਰੀ (ਸੰਗਰੂਰ) ਵਿਖੇ ਕੀਤਾ ਜਾਵੇਗਾ। ਵਾਹਿਗੁਰੂ ਉਨ੍ਹਾਂ ਦੀ ਰੂਹ ਨੂੰ ਸ਼ਾਂਤੀ, ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ

ਇਕ ਖਿਆਲ ✍️ ਡਾ ਮਿੱਠੂ ਮੁਹੰਮਦ ਮਹਿਲਕਲਾਂ (ਬਰਨਾਲਾ )

ਮਾਂ ਦੀ ਕਬਰ ਉਤੇ ਜਾ ਕੇ ਪੈ ਗਿਆ। ਕਿਸੇ ਨੇ ਆਣ ਕੇ ਫੋਟੋ ਖਿਚੀ ਕਿ ਕਮਲਾ ਲਗਦਾ। ਜਦੋਂ ਉਹ ਉਠਿਆ ਤਾਂ ਸਵਾਲ ਕੀਤਾ ਕਿ ਤੈਨੂੰ ਪਤਾ ਨਹੀ ਕਿ ਤੂੰ ਕਬਰ ਉਤੇ ਪਿਆਂ? ਜਵਾਬ ਜੋ ਦਿਤਾ ਉਸਨੇ ਅਖਾਂ ਭਰ ਦਿਤੀਆਂ। ਕਹਿੰਦਾ ਰੋਜ ਦਿਹਾੜੀ ਮਜਦੂਰੀ ਕਰਦਾਂ,ਟਬਰ ਪਾਲਦਾਂ ਭਜਦਾਂ ਦੋੜਦਾਂ ਪਰ ਸਕੂਨ ਨਹੀ ਮਿਲ ਰਿਹਾ ਸੀ।ਉਹ ਸਕੂਨ ਨਿਘ ਨਹੀ ਮਿਲ ਰਿਹਾ ਸੀ ਜੋ ਕਦੇ ਮਾਂ ਦੀ ਗੋਦੜੀ ਚ ਮਿਲਦਾ ਹੁੰਦਾ ਸੀ।ਇਹ ਮੇਰੀ ਮਾਂ ਦੀ ਕਬਰ ਹੈ ਜਦੋਂ ਵੀ ਥੋੜਾ ਬਹੁਤ ਮਾਂ ਦੀ ਗੋਦੜੀ ਦਾ ਨਿਘ ਯਾਦ ਆਉਂਦਾ ਤਾਂ ਐਥੇ ਆਣ ਕੇ ਪੈ ਜਾਂਦਾ ਹਾਂ ਅਤੇ ਮਹਿਸੂਸ ਕਰਦਾਂ ਹਾਂ ਕਿ ਮਾਂ ਦੀ ਗੋਦੀ ਚ ਪਿਆਂ ਹਾਂ।ਮਾਂ ਨਾਲ ਉਹ ਦੁੱਖ-ਸੁੱਖ ਕਰਕੇ ਜਾਂਦਾ ਹਾਂ ਜੋ ਸਾਇਦ ਕਿਸੇ ਹੋਰ ਨਾਲ ਨਹੀ ਕਰ ਸਕਦਾ।ਕਬਰ ਅੰਦਰੋਂ ਆਵਾਜ ਮਹਿਸੂਸ ਹੁੰਦੀ ਹੈ ਜਿਵੇਂ ਅੰਮੀ ਕਹਿੰਦੀ ਹੋਵੇ ਪੁੱਤਰਾ ਰੋਟੀ ਵਖਤ ਨਾਲ ਖਾ ਲਿਆ ਕਰ। ਸਿਹਤ ਦਾ ਧਿਆਨ ਰਖਿਆ ਕਰ।ਮੇਰੇ ਪੋਤੇ ਪੋਤੀਆਂ ਦਾ ਨੂੰਹ ਦਾ ਖਿਆਲ ਰਖੀਂ। ਭਾਈਆਂ ਨਾਲ ਵੀ ਕੁਝ ਪਲ ਬੈਠਿਆ ਕਰ। ਇਹ ਉਹੀ ਗੱਲਾਂ ਨੇ ਜੋ ਮਾਂ ਜਿਓਂਦੀ ਹੁੰਦੀ ਕਹਿੰਦੀ ਹੁੰਦੀ ਸੀ ਜਿਸ ਵਿਚ ਸਿਰਫ ਖਿਆਲ ਸਬਦ ਹੀ ਜਿਆਦਾ ਵਰਤਿਆ ਜਾਂਦਾ ਸੀ। ਜਵਾਬ ਦੇ ਦਿਂਨਾ ਕਿ ਅੰਮੀ ਤੂੰ ਕਬਰ ਵਿਚ ਪਈ ਵੀ ਮੇਰੇ ਖਿਆਲ ਦਾ ਖਿਆਲ ਨਹੀ ਛਡਿਆ। ਜੇ ਐਨਾਂ ਹੀ ਖਿਆਲ ਸੀ ਤਾਂ ਸਾਨੂੰ ਛਡਕੇ ਗਈ ਹੀ ਕਿਉਂ ਹੈਂ ??

ਅਨੁਵਾਦ:- ਡਾ ਮਿੱਠੂ ਮੁਹੰਮਦ ਮਹਿਲਕਲਾਂ  (ਬਰਨਾਲਾ )
ਪੰਜਾਬ -148104

ਕਿਸਾਨਾਂ ਦੇ ਏਕੇ ਦੀ ਹੋਈ ਵੱਡੀ ਜਿੱਤ, ਰਾਏਕੋਟ ਬਰਨਾਲਾ ਰੋਡ ਤੇ ਚੱਲ ਰਿਹਾ ਧਰਨਾ ਸਮਾਪਤ  

ਲੁਧਿਆਣਾ ਦਿਹਾਤੀ ਪੁਲੀਸ ਦੇ ਐੱਸਐੱਸਪੀ ਨੇ ਲਿਆ ਸਖ਼ਤ ਸਟੈਂਡ  

ਗੋਬਿੰਦਗਡ਼੍ਹ ਮਾਮਲੇ ਦੇ ਵਿੱਚ ਚਾਰ ਪੁਲਿਸ ਮੁਲਾਜ਼ਮਾਂ ਤੇ ਹੋਈ ਕਾਰਵਾਈ 

ਪਿੰਡ ਵਾਸੀਆਂ ਤੇ ਤਸ਼ੱਦਦ ਕਰਨ ਵਾਲੇ ਪੁਲਿਸ ਮੁਲਾਜ਼ਮ ਸਸਪੈਂਡ  

ਰਾਏਕੋਟ- 15 ਸਤੰਬਰ- (ਗੁਰਸੇਵਕ ਸਿੰਘ ਸੋਹੀ)- ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਅਤੇ ਸਹਿਯੋਗੀ ਕਿਸਾਨ ਜਥੇਬੰਦੀਆਂ ਵੱਲੋਂ ਬੀਤੇ ਕੱਲ ਤੋਂ ਰਾਏਕੋਟ ਦੇ ਬਰਨਾਲਾ ਚੋੰਕ ਚ ਲਗਾਇਆ ਅਣਮਿੱਥੇ ਸਮੇਂ ਦਾ ਦਿਨ ਰਾਤ ਦਾ ਟ੍ਰੈਫਿਕ ਜਾਮ ਧਰਨਾ ਪੁਲਸ ਅਧਿਕਾਰੀਆਂ ਵੱਲੋਂ ਮੰਗਾਂ ਮੰਨ ਲਏ ਜਾਣ ਤੋਂ ਬਾਅਦ ਖਤਮ ਹੋ ਗਿਆ। ਉਪਰੰਤ ਮਹਿਲਕਲਾਂ, ਰਾਏਕੋਟ ,ਜਗਰਾਂਓ ਤੇ ਸੁਧਾਰ ਬਲਾਕ ਦੇ ਪਿੰਡਾਂ ਚੋ ਇਕੱਤਰ ਸੈਂਕੜੇ ਕਿਸਾਨ ਮਜ਼ਦੂਰ ਮਰਦ ਔਰਤਾਂ ਨੇ ਜੇਤੂ ਰੈਲੀ ਦੋਰਾਨ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਦੇ ਨਾਰੇ ਲਗਾਏ। ਬੀਤੀ 21 ਜੁਲਾਈ ਨੂੰ ਰਾਏਕੋਟ ਬਰਨਾਲਾ ਰੋਡ ਤੇ ਸਿਥਤ ਪਿੰਡ ਗੋਬਿੰਦਗੜ੍ਹ ਵਿਖੇ ਇੱਕ ਘਰੇਲੂ ਮਸਲੇ ਨੂੰ ਜਲਾਲਦੀਵਾਲ ਚੋਂਕੀ ਇੰਚਾਰਜ ਵੱਲੋਂ ਗਲਤ ਢੰਗ ਨਾਲ ਹੱਲ ਕਰਨ ਤੇ ਪਰਿਵਾਰ ਅਤੇ ਪਿੰਡ ਵਾਸੀਆਂ ਵੱਲੋਂ ਰੋਸ ਪ੍ਰਗਟਾਉਣ ਤੇ ਚਾਰ ਥਾਣਿਆਂ ਦੀ ਪੁਲਸ ਵੱਲੋਂ ਰਾਤ ਸਮੇ ਨਾਲੇ ਪਿੰਡ ਦਾ ਕੁਟਾਪਾ ਕੀਤਾ ਗਿਆ ਤੇ ਨਾਲ ਹੀ 17 ਵਿਅਕਤੀਆਂ ਤੇ ਇਰਾਦਾ ਕਤਲ ਜਿਹੀਆਂ ਸੰਗੀਨ ਧਾਰਾਵਾਂ ਹੇਠ ਪਰਚਾ ਦਰਜ ਕਰਕੇ ਪੰਜ ਵਿਅਕਤੀਆਂ ਸਮੇਤ ਦੋ ਔਰਤਾਂ ਨੂੰ ਜੇਲ ਭੇਜ ਦਿੱਤਾ ਗਿਆ ਇਸ ਤੋਂ ਪਹਿਲਾਂ ਇਨ੍ਹਾਂ ਪੰਜਾਂ ਵਿਅਕਤੀਆਂ ਤੇ ਰਾਏਕੋਟ ਥਾਣੇ ਚ ਰਾਤ ਭਰ ਕੁਟਾਪਾ ਕਰਦਿਆਂ ਔਰਤਾਂ ਨੰ ਬੁਰੀ ਤਰਾਂ ਜਲੀਲ ਕੀਤਾ ਗਿਆ। ਇਹ ਪੰਜ ਵਿਅਕਤੀ ਬਾਅਦ ਚ ਜਮਾਨਤ ਤੇ ਰਿਹਾਅ ਹੋਏ। ਇਸ ਨੰਗੀ ਚਿੱਟੀ ਧੱਕੇਸ਼ਾਹੀ ਖਿਲਾਫ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਸਮੁੱਚੇ ਪਿੰਡ ਦੇ ਸਹਿਯੋਗ ਨਾਲ ਪਹਿਲਾਂ ਵੀ ਦੋ ਵਾਰ ਜਲਾਲਦੀਵਾਲ ਚੋਂਕੀ ਅੱਗੇ ਟ੍ਰੈਫਿਕ ਜਾਮ ਕਰਕੇ ਵਿਸ਼ਾਲ ਰੋਸ ਪ੍ਰਦਰਸ਼ਨ ਕੀਤੇ ਗਏ। ਮਾਮਲੇ ਦੀ ਪੜਤਾਲ ਦੀ ਮੰਗ ਕਰਨ ਅਤੇ ਦੋਸ਼ੀ ਪੁਲਸ ਕਰਮਚਾਰੀਆਂ ਖਿਲਾਫ ਕਨੂੰਨੀ ਕਾਰਵਾਈ ਕਰਨ ਅਤੇ ਪਿੰਡ ਵਾਸੀਆਂ ਤੇ ਦਰਜ ਝੂਠੇ ਪਰਚੇ ਰੱਦ ਕਰਨ ਦੀ ਮੰਗ ਤੇ ਜ਼ਿਲ੍ਹਾ ਪੁਲਿਸ ਮੁਖੀ ਦਿਹਾਤੀ ਲੁਧਿਆਣਾ ਨੂੰ ਦੋ ਵਾਰ ਵਫਦ ਮਿਲਣ ਦੇ ਬਾਵਜੂਦ ਯੋਗ ਕਾਰਵਾਈ ਨਾ ਹੋਣ ਅਤੇ ਨਿਰਦੋਸ਼ ਪਰਿਵਾਰ ਅਤੇ ਪਿੰਡ ਵਾਸੀਆਂ ਨੂੰ ਨਿਆਂ ਦਿਵਾਉਣ ਲਈ ਬੀਤੇ ਕੱਲ੍ਹ ਤੋਂ ਮਜਬੂਰੀ ਵੱਸ ਇਹ ਟ੍ਰੈਫਿਕ ਜਾਮ ਐਕਸ਼ਨ ਕੀਤਾ ਗਿਆ। ਅੱਜ ਦੇ ਇਸ ਰੋਸ ਧਰਨੇ ਦੋਰਾਨ ਅਗਵਾਈ ਕਰ ਰਹੇ ਕਿਸਾਨ ਆਗੂਆਂ ਨਾਲ ਐਸ ਪੀ ਡੀ ਜਗਰਾਂਓ ਬਲਵਿੰਦਰ ਸਿੰਘ ਅਤੇ ਡੀ ਐਸ ਪੀ ਰਾਏਕੋਟ ਗੁਰਬਚਨ ਸਿੰਘ ਹੋਰਾਂ ਦੀ ਦੋ ਗੇੜ ਦੀ ਗੱਲਬਾਤ ਤੋਂ ਬਾਅਦ ਚਾਰ ਦੋਸ਼ੀ ਪੁਲਸ ਕਰਮਚਾਰੀਆਂ ਗੁਰਸੇਵਕ ਸਿੰਘ ਚੋਕੀ ਇੰਚਾਰਜ ਜਲਾਲਦੀਵਾਲ, ਪਿਆਰਾ ਸਿੰਘ ਅਤੇ ਸੁਰਿੰਦਰ ਸਿੰਘ ਏਐਸਆਈ ਰਾਏਕੋਟ ਅਤੇ ਸੁਖਜਿੰਦਰ ਸਿੰਘ ਮੁਨਸ਼ੀ ਨੂੰ ਤੁਰੰਤ ਨੌਕਰੀ ਤੋਂ ਮੁਅੱਤਲ ਕਰਦਿਆਂ ਲਾਈਨ ਹਾਜਰ ਕਰ ਦਿੱਤਾ ਗਿਆ। ਉਪਰੰਤ ਪੁਲਸ ਦੀ ਤਿੰਨ ਮੈਂਬਰੀ ਪੜਤਾਲੀਆ ਕਮੇਟੀ ਵੱਲੋਂ ਇਕ ਮਹੀਨੇ ਚ ਮਾਮਲੇ ਦੀ ਪੜਤਾਲ ਕਰਕੇ ਦੋਸ਼ੀ ਪਾਏ ਜਾਣ ਵਾਲੇ ਪੁਲਸ ਕਰਮੀਆਂ ਖਿਲਾਫ ਮੁਕੱਦਮਾ ਦਰਜ ਕੀਤਾ ਜਾਵੇਗਾ। ਇਸ ਦੇ ਨਾਲ ਹੀ ਪਹਿਲੀ ਪੁਲਸ ਪੜਤਾਲ ਚ ਛੇ ਔਰਤਾਂ ਭਾਵੇਂ ਨਿਰਦੋਸ਼ ਪਾਈਆਂ ਗਈਆਂ ਪਰ ਕਿਸਾਨ ਆਗੂਆਂ ਵੱਲੋਂ ਮੰਗ ਕਰਨ ਤੇ ਇੱਕ ਮਹੀਨੇ ਦੇ ਸਮੇਂ ਚ ਪਿੰਡ ਵਾਸੀਆਂ ਖਿਲਾਫ ਦਰਜ ਐਫ ਆਈ ਆਰ ਨੰਬਰ 90/21-7-21 ਰੱਦ ਕਰ ਦਿੱਤੀ ਜਾਵੇਗੀ। ਇਹ ਐਲਾਨ ਕਿਸਾਨ ਮਜ਼ਦੂਰ ਧਰਨੇ ਚ ਪੁਲਸ ਅਧਿਕਾਰੀਆਂ ਦੀ ਹਾਜਰੀ ਚ ਕਰਨ ਉਪਰੰਤ ਐਸ ਪੀ ਡੀ ਜਗਰਾਂਓ ਬਲਵਿੰਦਰ ਸਿੰਘ ਨੇ ਭਰੇ ਪੰਡਾਲ ਚ ਇਹ ਮੰਗਾਂ ਮੰਨ ਲੈਣ ਦਾ ਵਿਸਵਾਸ਼ ਦਿਵਾਇਆ। ਇਸ ਸਮੇਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੋਂਦਾ ਦੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਧਨੇਰ, ਜ਼ਿਲ੍ਹਾ ਪ੍ਰਧਾਨ ਜਗਰਾਜ ਸਿੰਘ ਹਰਦਾਸਪੁਰਾ, ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਕਮਾਲ ਪੁਰਾ,ਕੰਵਲਜੀਤ ਖੰਨਾ, ਜ਼ਿਲ੍ਹਾ   ਸਕੱਤਰ ਇੰਦਰਜੀਤ ਸਿੰਘ ਧਾਲੀਵਾਲ, ਗੁਰਪ੍ਰੀਤ ਸਿੰਘ ਸਿਧਵਾਂ ਜ਼ਿਲ੍ਹਾ ਪ੍ਰੈੱਸ ਸਕੱਤਰ, ਰਣਧੀਰ ਸਿੰਘ ਬਲਾਕ ਪ੍ਰਧਾਨ, ਜਗਤਾਰ ਸਿੰਘ ਦੇਹੜਕਾ ਬਲਾਕ ਪ੍ਰਧਾਨ, ਤਰਸੇਮ ਸਿੰਘ ਬੱਸੂਵਾਲ ਬਲਾਕ ਸੱਕਤਰ, ਸਤਬੀਰ ਸਿੰਘ, ਬਲਵਿੰਦਰ ਸਿੰਘ ਕਮਾਲਪੁਰਾ, ਬਲਾਕ ਸੱਕਤਰ ਮਹਿਲ ਕਲਾਂ,ਅਮਨ ਸਿੰਘ ਰਾਏਸਰ,ਸੁਖਵਿੰਦਰ ਸਿੰਘ ਪ੍ਰਧਾਨ ਗੋਬਿੰਦਗੜ, ਮਨਜੋਤ ਸਿੰਘ ਕੁਤਬਾ, ਜਗਤਾਰ ਸਿੰਘ ਮੂੰਮ,ਜਗਰੂਪ ਸਿੰਘ ਗਹਿਲ,ਭਾਗ ਸਿੰਘ ਕੁਰੜ,ਜਗਤਾਰ ਸਿੰਘ ਕਲਾਲਮਾਜਰਾ ਹਰਪ੍ਰੀਤ ਸਿੰਘ ਅਖਾੜਾ,ਹਰਚੰਦ ਸਿੰਘ ਢੋਲਣ, ਤਾਰਾ ਸਿੰਘ ਅੱਚਰਵਾਲ ਆਦਿ ਆਗੂ ਹਾਜ਼ਰ ਸਨ। ਇਸ ਸਮੇਂ ਭਾਰਤੀ ਕਿਸਾਨ ਯੂਨੀਅਨ ਕਾਦੀਆਂ, ਲੱਖੋਵਾਲ,ਰਾਜੇਵਾਲ,ਉਗਰਾਹਾਂ ਅਤੇ ਸੀਟੂ ਰਾਏਕੋਟ ਦੇ ਆਗੂਆਂ ਤੇ ਵਰਕਰਾਂ ਨੇ ਭਰਵਾਂ ਸਹਿਯੋਗ ਦਿੱਤਾ। ਇਸ ਸਮੇ ਅਪਣੇ ਧੰਨਵਾਦ ਭਾਸ਼ਣ ਚ ਜਗਰਾਜ ਸਿੰਘ ਹਰਦਾਸਪੁਰਾ ਨੇ ਸਮੂਹ ਧਰਨਾਕਾਰੀਆ ਵਿਸੇਸ਼ਕਰ ਔਰਤਾਂ ਅਤੇ ਗੋਬਿੰਦਗੜ ਵਾਸੀਆਂ ਦਾ ਧੰਨਵਾਦ ਕਰਦਿਆਂ ਜੇਤੂ ਸੰਘਰਸ਼ ਦੀ ਵਧਾਈ ਦਿੱਤੀ। ਮਹਿੰਦਰ ਸਿੰਘ ਕਮਾਲਪੁਰਾ ਨੇ 27 ਸਤਬੰਰ ਦੇ ਭਾਰਤ ਬੰਦ ਨੂੰ ਸਫਲ ਬਨਾਉਣ ਅਤੇ ਦਿਲੀ ਸੰਘਰਸ਼ ਬਾਰਡਰਾਂ ਤੇ ਹਰ ਪਿੰਡ ਚੋਂ 10,10 ਸਾਥੀ ਪੱਕੇ ਤੋਰ ਤੇ ਭਲਕ ਤੋਂ ਭੇਜਣ ਦੀ ਜੋਰਦਾਰ ਅਪੀਲ ਕੀਤੀ।

ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ’ਚ ਕੀਰਤਨੀ ਜਥੇ ’ਤੇ ਬੀੜੀ ਸੁੱਟੀ

ਬੀੜੀ ਸੁੱਟਣ ਵਾਲਾ ਲੁਧਿਆਣਾ ਸ਼ਹਿਰ ਦਾ ਵਾਸੀ ਹੈਪੁਲੀਸ ਵੱਲੋਂ ਕੇਸ ਦਰਜ ਕਰਕੇ ਉਸਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ   
ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਸਖ਼ਤ ਸ਼ਬਦਾਂ ਵਿੱਚ ਇਸ ਤਰ੍ਹਾਂ ਦੀਆਂ ਘਟਨਾ ਕਰਨ ਵਾਲਿਆਂ ਨੂੰ ਤਾੜਨਾ  
ਜਥੇਦਾਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਗਿਆਨੀ ਰਘਬੀਰ ਸਿੰਘ ਵੱਲੋਂ ਸਿੱਖਾਂ ਦੇ ਹਿਰਦੇ ਵਲੂੰਧਰਨ ਵਾਲੀ ਇਸ ਘਟਨਾ ਦੀ ਨਿੰਦਾ   

ਸ੍ਰੀ ਆਨੰਦਪੁਰ ਸਾਹਿਬ, 14 ਸਤੰਬਰ ( ਜਨ ਸ਼ਕਤੀ ਨਿਊਜ਼ ਬਿਊਰੋ  ) ਖਾਲਸਾ ਪੰਥ ਦੇ ਜਨਮ ਸਥਾਨ ਤਖਤ ਸ੍ਰੀ ਕੇਸਗੜ੍ਹ ਸਾਹਿਬ ’ਚ ਅੱਜ ਤੜਕੇ ਲੁਧਿਆਣਾ ਦੇ ਮਹਾਰਾਜ ਨਗਰ ਦੇ ਰਹਿਣ ਵਾਲੇ ਪਰਮਜੀਤ ਸਿੰਘ ਵੱਲੋਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ’ਚ ਬੀੜੀ ਪੀ ਕੇ ਰਾਗੀ ਸਿੰਘਾਂ ਵੱਲ ਸੁੱਟਣ ਦੇ ਮਾਮਲੇ ਸਬੰਧੀ ਪੁਲੀਸ ਨੇ ਕੇਸ ਦਰਜ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਵੇਰੇ ਸਾਢੇ ਚਾਰ ਵਜੇ ਦੇ ਕਰੀਬ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਨ ਮੌਕੇ ਪਰਮਜੀਤ ਸਿੰਘ ਵੱਲੋਂ ਬੀੜੀ ਜਗਾਈ ਗਈ। ਜਦੋਂ ਤੱਕ ਸੇਵਾਦਾਰਾਂ ਦੇ ਧਿਆਨ ਵਿੱਚ ਆਇਆ ਉਦੋਂ ਤੱਕ ਉਸ ਨੇ ਬੀੜੀ ਰਾਗੀ ਸਿੰਘਾਂ ਵੱਲ ਸੁੱਟ ਦਿੱਤੀ। ਇਸ ਮਗਰੋਂ ਸੇਵਾਦਾਰਾਂ ਨੇ ਉਸ ਨੂੰ ਕਾਬੂ ਕਰ ਕੇ ਪੰਜਾਬ ਪੁਲੀਸ ਹਵਾਲੇ ਕਰ ਦਿੱਤਾ। ਮੌਕੇ ’ਤੇ ਪਹੁੰਚੇ ਜ਼ਿਲ੍ਹਾ ਪੁਲੀਸ ਮੁਖੀ ਵਿਵੇਕਸ਼ੀਲ ਸੋਨੀ ਘਟਨਾ ਵਾਲੀ ਥਾਂ ਦਾ ਜਾਇਜ਼ਾ ਲਿਆ ਅਤੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਆਨੰਦਪੁਰ ਸਾਹਿਬ ਅਦਾਲਤ ਨੇ ਮੁਲਜ਼ਮ ਨੂੰ ਚਾਰ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ। ਇਸ ਦੌਰਾਨ ਆਨੰਦਪੁਰ ਸਾਹਿਬ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਸਚਿਨ ਕੌਸ਼ਲ ਨੇ ਕੇਸ ਨਾ ਲੜਨ ਦਾ ਫ਼ੈਸਲਾ ਲਿਆ ਹੈ।

ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਇਸ ਘਿਨੌਣੇ ਕਾਰਜ ਨੂੰ ਦੂਰ ਦ੍ਰਿਸ਼ਟੀ ਨਾਲ ਦੇਖਦੇ ਹੋਏ  ਇਸ ਸਾਰੀ ਘਟਨਾ ਦੀ ਡੂੰਘੀ ਜਾਂਚ ਕਰਨ ਦੀ ਲੋੜ ਲਈ ਸਰਕਾਰ ਅਤੇ ਪੁਲੀਸ ਨੂੰ ਆਖਿਆ ਇਸਦੇ ਨਾਲ ਹੀ ਇਸ ਤਰ੍ਹਾਂ ਦੀਆਂ ਘਟਨਾ ਕਰਵਾਉਣ ਵਾਲੇ ਅਤੇ ਕਰਨ ਵਾਲਿਆਂ ਦੀ ਮਦਦ ਕਰਨ ਵਾਲਿਆਂ ਨੂੰ ਤਾਡ਼ਨਾ ਵੀ ਕੀਤੀ 

ਸਿੰਘ ਸਾਹਿਬ ਕਿਹਾ ; 

ਤਖਤ ਸ੍ਰੀ ਕੇਸ਼ਗੜ ਸਾਹਿਬ ਵਿਖੇ ਕੀਰਤਨ ਕਰਨ ਵਾਲੀ ਜਗਾ ਤੇ ਸਿਗਰੇਟ ਦਾ ਧੂੰਆ ਸੁੱਟਣ ਸੰਬਧੀ ਸਖਤ ਨੋਟਿਸ ਲੈਂਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਅਜਿਹੀਆਂ ਘਿਣੌਣਿਆ ਹਰਕਤਾਂ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।ਭਾਵੇ ਕਿ ਗੁਰੂ ਘਰ ਦੇ ਪ੍ਰਬੰਧਕਾਂ ਵਲੌ ਮੌਕੇ ਤੇ ਹੀ ਦੌਸ਼ੀ ਵਿਅਕਤੀ ਨੂੰ ਕਾਬੂ ਕਰ ਲਿਆ ਗਿਆ ਹੈ ਪਰ ਫਿਰ ਵੀ ਸਿੰਘ ਸਾਹਿਬ ਨੇ ਪੁਲਿਸ ਪ੍ਰਸ਼ਾਸ਼ਨ ਨੂੰ ਤਾੜਨਾ ਕੀਤੀ ਹੈ ਕਿ ਇਸ ਦੀ ਪੂਰੀ ਤਹਿ ਤਕ ਜਾ ਕੇ ਪਤਾ ਲਗਾਇਆ ਜਾਵੇ ਕਿ ਅਜਿਹੀਆਂ ਘਿਣੌਣਿਆ ਘਟਨਾਵਾਂ ਪਿਛੇ ਕਿਹੜੀਆਂ ਏਜੰਸੀਆਂ ਕੰਮ ਕਰ ਰਹੀਆਂ ਹਨ ਜੋ ਪੰਜਾਬ ਦੇ ਮਾਹੌਲ ਨੂੰ ਵਿਗਾੜਨਾ ਚਾਹੁੰਦਿਆਂ ਹਨ ਉਨਾਂ ਨੂੰ ਬੇਨਕਾਬ ਕੀਤਾ ਜਾਵੇ।ਸਿੰਘ ਸਾਹਿਬ ਵਲੌ ਇਹਨਾ ਘਟਨਾਵਾਂ ਦੀ ਸਖਤ ਸੰਬਦਾ ਵਿਚ ਨਿਖੇਧੀ ਕਰਦਿਆ ਕਿਹਾ ਕਿ ਅਜਿਹੇ ਦੋਸ਼ੀਆਂ ਨੂੰ ਸਖਤ ਤੌ ਸਖਤ ਸਜਾ ਮਿਲਣੀ ਚਾਹੀਦੀ ਹੈ ਪਰੰਤੂ ਜੇਕਰ ਪ੍ਰਸ਼ਾਸ਼ਨ ਵਲੌ ਇਸ ਮਾਮਲੇ ਵਿਚ ਕਿਸੇ ਕਿਸਮ ਦੀ ਕੋਈ ਢਿੱਲ ਵਰਤੀ ਗਈ ਤਾ ਖਾਲਸਾ ਇਸ ਨੂੰ ਪ੍ਰਵਾਨ ਨਹੀਂ ਕਰੇਗਾ।  

 ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਰਘਬੀਰ ਸਿੰਘ ਨੇ ਘਟਨਾ ਦੀ ਨਿਖੇਧੀ ਕਰਦਿਆਂ ਕਿਹਾ ਕਿ ਪੰਜਾਬ ਦੇ ਸ਼ਾਂਤਮਈ ਮਾਹੌਲ ਨੂੰ ਲਾਂਬੂ ਲਾਉਣ ਦੀ ਕੋਸ਼ਿਸ਼ ਕਰ ਰਹੀਆਂ ਤਾਕਤਾਂ ਨਾਲ ਨਜਿੱਠਣ ਦੀ ਲੋੜ ਹੈ। ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਵੀ ਇਸ ਘਟਨਾ ਦਾ ਸਖਤ ਨੋਟਿਸ ਲਿਆ ਹੈ। ਉਨ੍ਹਾਂ ਕਿਹਾ ਕਿ ਪੁਲੀਸ ਨੇ ਭਾਵੇਂ ਕਾਨੂੰਨੀ ਕਾਰਵਾਈ ਕੀਤੀ ਹੈ ਪਰ ਸਿੱਖ ਪੰਥ ਦੀ ਇਸ ਨਾਲ ਸੰਤੁਸ਼ਟੀ ਨਹੀਂ।

 

 

ਸਬ ਡਿਵੀਜ਼ਨ ਮਹਿਲ ਕਲਾਂ ਦੇ ਨਵੇਂ ਆਏ ਡੀਐਸਪੀ ਨੇ ਪਿੰਡ ਰਾਮਗੜ੍ਹ ਵਿਖੇ ਕੀਤੀ ਪਲੇਠੀ ਮੀਟਿੰਗ

ਇਲਾਕੇ ਚ ਸਮਾਜ ਵਿਰੋਧੀ ਅਨਸਰਾਂ ਨੂੰ ਸਿਰ ਨਹੀਂ ਚੁੱਕਣ ਦਿੱਤਾ ਜਾਵੇਗਾ - ਡੀ ਐਸ ਪੀ ਸ਼ੁਭਮ ਅਗਰਵਾਲ      

ਮਹਿਲ ਕਲਾਂ/ਬਰਨਾਲਾ-14 ਸਤੰਬਰ  (ਗੁਰਸੇਵਕ ਸੋਹੀ)-  
ਆਪਣੀ ਵੱਖਰੀ ਕੰਮ ਕਰਨ ਦੀ ਕਾਰਜ ਸ਼ੈਲੀ ,ਲੋਕ ਸੇਵਾ ਕੰਮਾਂ ਵਿੱਚ ਅਹਿਮ ਯੋਗਦਾਨ ਪਾਉਣ ਵਾਲੇ ਅਤੇ ਆਪਣੀ ਡਿਊਟੀ ਪ੍ਰਤੀ ਇਮਾਨਦਾਰੀ ਕਾਰਨ ਲੋਕਾਂ ਵਿੱਚ ਹਰਮਨ ਪਿਆਰੇ ਅਫ਼ਸਰ ਵਜੋਂ ਵਿਚਰਨ ਵਾਲੇ ਡੀਐੱਸਪੀ ਸ਼ੁਭਮ ਅਗਰਵਾਲ ਨੇ ਪਿੰਡ ਰਾਮਗਡ਼੍ਹ ਵਿਖੇ ਕੀਤੀ ਪਲੇਠੀ ਮੀਟਿੰਗ। ਜਿਸ ਵਿੱਚ ਪਿੰਡ ਦੇ ਮੋਹਤਬਰਾਂ ਤੋਂ ਇਲਾਵਾ ਵਿਸ਼ੇਸ਼ ਤੌਰ ਤੇ ਪੰਚਾਇਤ ਯੂਨੀਅਨ ਦੇ ਬਲਾਕ ਪ੍ਰਧਾਨ ਬਲਵੀਰ ਸਿੰਘ ਜੋਧਪੁਰ ਸਰਪੰਚ ਹਰਸ਼ਰਨ ਸਿੰਘ ਟੱਲੇਵਾਲ ਐਸਐਚਓ ਕ੍ਰਿਸ਼ਨ ਸਿੰਘ ਟੱਲੇਵਾਲ ਨੇ ਹਾਜ਼ਰੀ ਲਗਵਾਈ। ਇਸ ਸਮੇਂ ਸਰਪੰਚ ਰਾਜਵਿੰਦਰ ਸਿੰਘ ਰਾਮਗਡ਼੍ਹ ਨੇ ਮੀਟਿੰਗ ਵਿਚ ਆਏ ਮੋਹਤਵਾਰਾਂ ਅਤੇ ਡੀਐਸਪੀ ਸ਼ੁਭਮ ਅਗਰਵਾਲ ਜੀ ਦਾ ਧੰਨਵਾਦ ਕੀਤਾ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡੀਐੱਸਪੀ ਸ਼ੁਭਮ ਅਗਰਵਾਲ ਨੇ ਕਿਹਾ ਕਿ ਸਬ ਡਿਵੀਜ਼ਨ ਮਹਿਲ ਕਲਾਂ ਦੇ ਅਧੀਨ ਆਉਂਦੀਆਂ ਗਰਾਮ ਪੰਚਾਇਤਾਂ ਅਤੇ ਹੋਰ ਸਮਾਜ ਸੇਵੀ ਸੰਸਥਾਵਾਂ ਦੇ ਮੁਖੀਆਂ ਸਮੇਤ ਲੋਕਾਂ ਨੂੰ ਪੂਰਾ ਪੂਰਾ ਇਨਸਾਫ਼ ਦਿੱਤਾ ਜਾਵੇਗਾ ਸਮੇਤ ਹਰ ਇਕ ਨੂੰ ਥਾਣਿਆਂ ਅੰਦਰ ਬਣਦਾ ਸਤਿਕਾਰ ਦਿੱਤਾ ਜਾਵੇਗਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਬਿਨਾਂ ਕਿਸੇ ਡਰ ਭੈਅ ਤੋਂ ਸਮਾਜ ਵਿਚ ਗਲਤ ਗਤੀਵਿਧੀਆਂ ਕਰਨ ਵਾਲੇ ਲੋਕਾਂ ਸੰਬੰਧੀ ਉਹ ਪੁਲਿਸ ਨੂੰ ਦੱਸ ਸਕਦੇ ਹਨ ।ਉਨ੍ਹਾਂ ਕਿਹਾ ਕਿ ਪੁਲਿਸ ਅਤੇ ਲੋਕਾਂ ਦਾ ਆਪਸ ਵਿੱਚ ਰਿਸ਼ਤਾ ਬੇਹੱਦ ਹੀ ਵਧੀਆ ਹੋਣਾ ਚਾਹੀਦਾ ਹੈ ਤਾਂ ਹੀ ਅਸੀਂ ਇਕ ਚੰਗੇ ਸਮਾਜ ਦੀ ਸਿਰਜਣਾ ਕਰ ਸਕਦੇ ਹਾਂ ।ਉਨ੍ਹਾਂ ਕਿਹਾ ਕਿ ਕਿਸੇ ਵੀ ਸਮਾਜ ਵਿਰੋਧੀ ਅਨਸਰ ਨੂੰ ਗ਼ਲਤ ਕੰਮ ਕਰਨ ਲਈ ਸਿਰ ਨਹੀਂ ਚੁੱਕਣ ਦਿੱਤਾ ਜਾਵੇਗਾ। ਇਸ ਮੌਕੇ ਪੰਚ ਹਰਮਿੰਦਰ ਸਿੰਘ, ਸਤਨਾਮ ਸਿੰਘ, ਕਰਮਜੀਤ ਸਿੰਘ, ਗੋਬਿੰਦ ਸਿੰਘ, ਸੁਖਚੈਨ ਸਿੰਘ, ਗੁਰਮੇਲ ਸਿੰਘ, ਬਲਜੀਤ ਸਿੰਘ ਕਾਮਰੇਡ, ਮੱਖਣ ਸਿੰਘ ਕਾਮਰੇਡ, ਸੁਰਜੀਤ ਸਿੰਘ, ਮਾਸਟਰ ਗੁਰਨਾਮ ਸਿੰਘ, ਗੁਰਜੰਟ ਸਿੰਘ, ਜਗਰਾਜ ਸਿੰਘ, ਸਵਰਨਜੀਤ ਸਿੰਘ, ਰੋਸ਼ਨ ਖਾਂ ਆਦਿ ਹਾਜ਼ਰ ਸਨ।

ਮੁਹੱਬਤਾਂ ਦੀ ਬਾਤ ਪਾਉਂਦੀ ਭਾਵਨਾਤਮਿਕ ਤੇ ਰੁਮਾਂਟਿਕ ਫ਼ਿਲਮ ਹੋਵੇਗੀ ‘ਕਿਸਮਤ-2’ -ਅੰਕਿਤ ਵਿਜ਼ਨ ,ਨਵਦੀਪ ਨਰੂਲਾ

- ਸ੍ਰੀ ਨਰੋਤਮ ਜੀ ਪ੍ਰੋਡਕਸ਼ਨ  ਦੇ ਬੈਨਰ ਨੇ ਪੰਜਾਬੀ ਸਿਨਮੇ ਨੂੰ ਅਨੇਕਾਂ ਚੰਗੀਆਂ ਤੇ ਸਮਾਜਿਕ ਸੇਧ ਦਿੰਦੀਆਂ ਮਨੋਰੰਜਨ ਭਰਪੂਰ ਫ਼ਿਲਮਾਂ ਦਿੱਤੀਆ ਹਨ ਜੋ ਦਰਸ਼ਕਾਂ ਦੀਆਂ ਪਸੰਦ ਬਣੀਆ ਹਨ। ‘ਹੀਰੋ ਨਾਮ ਯਾਦ ਰੱਖਣਾ, ਸਰਘੀ, ਮੁੰਡਾ ਹੀ ਚਾਹੀਦਾ, ਕਿਸਮਤ’ ਤੇ ‘ਸੁਰਖੀ ਬਿੰਦੀ’ ਫ਼ਿਲਮਾਂ ਪੰਜਾਬੀ ਸਿਨੇਮੇ ਦੀ ਝੋਲੀ ਪਾ ਚੁੱਕੀ ਨੌਜਵਾਨ ਨਿਰਮਾਤਾ ਜੋੜੀ ‘ਅੰਕਿਤ ਵਿੱਜ਼ਨ-ਨਵਦੀਪ ਨਰੂਲਾ’ ਅੱਜ ਪੰਜਾਬੀ ਫ਼ਿਲਮ ਇੰਡਸਟਰੀ ਵਿੱਚ ਵੱਖਰੀ ਪਛਾਣ ਰੱਖਦੇ ਹਨ। 

ਕਾਮੇਡੀ ਤੇ ਵਿਆਹ ਕਲਚਰ ਦੇ ਸਿਨੇਮਾ ਯੁੱਗ ਵਿੱਚ 2018 ਵਿਚ ਰਿਲੀਜ਼ ਹੋਈ ਪਿਆਰ ਤੇ ਭਾਵੁਕਤਾ ਨਾਲ ਦਿਲਾਂ ਨੂੰ ਛੂਹਣ ਵਾਲੀ ਫ਼ਿਲਮ ‘ਕਿਸਮਤ’ ਨੇ ਸਫ਼ਲਤਾ ਦਾ ਐਸਾ ਇਤਿਹਾਸ ਰਚਿਆ ਕਿ ਪੰਜਾਬੀ ਸਿਨਮੇ ਨੇ ਇੱਕ ਨਵਾਂ ਮੋੜ ਲਿਆ। 2018 ਦੀ ਬਲਾਕਬਾਸਟਰ ਇਸ ਫ਼ਿਲਮ ਦੇ ਨਿਰਮਾਤਾ ਸ਼੍ਰੀ ਨਰੋਤਮ ਜੀ ਫ਼ਿਲਮਜ਼ ਵਾਲੇ ਅਕਿੰਤ ਵਿਜ਼ਨ ਅਤੇ ਨਵਦੀਪ ਨਰੂਲਾ ਨੇ ਇਸ ਫ਼ਿਲਮ ਨੂੰ ਜਿੱਥੇ ਪਿਆਰ ਦੀ ਚਾਸ਼ਨੀ ‘ਚ ਭਿੱਜੀ ਕਹਾਣੀ, ਦਿਲਾਂ ਨੂੰ ਛੂਹਣ ਵਾਲਾ ਸੰਗੀਤ ਤੇ ਭਾਵੁਕਤਾ ਭਰੇ ਡਾਇਲਾਗ ਦੀ ਪੁੱਠ ਚਾੜ੍ਹੀ, ਉਥੇ ਇਸ ਨੂੰ ਸਫ਼ਲ ਬਣਾਉਣ ਲਈ ਮਹਿੰਗੀ ਤਕਨੀਕ ਤੇ ਮਾਹਿਰ ਕਲਾਕਾਰਾਂ ਦਾ ਸਹਿਯੋਗ ਲਿਆ। ਇਸ ਫ਼ਿਲਮ ਨਾਲ ਐਮੀ ਵਿਰਕ ਜਿੱਥੇ ਲੀਕ ਤੋਂ ਹਟਵੇਂ ਕਿਰਦਾਰ ‘ਚ ਨਜ਼ਰ ਆਇਆ ਉੱਥੇ ‘ਅੰਗਰੇਜ਼’ ਫ਼ਿਲਮ ਵਾਲੀ ‘ਧੰਨ ਕੁਰ’ (ਸਰਗੁਣ ਮਹਿਤਾ) ਇਸ ਫ਼ਿਲਮ ਵਿਚਲੇ ‘ਬਾਨੀ’ ਦੇ ਕਿਰਦਾਰ ਨਾਲ ਸਫ਼ਲਤਾ ਦੇ ਸਿਖਰ ‘ਤੇ ਜਾ ਬੈਠੀ। ਉਸਦੀ ਅਦਾਕਾਰੀ ਦੇ ਕਈ ਰੰਗ ਇਸ ਫ਼ਿਲਮ ਰਾਹੀਂ ਵੇਖਣ ਨੂੰ ਮਿਲੇ।

ਸਫ਼ਲਤਾ ਦਾ ਪਰਚਮ ਲਹਿਰਾਉਣ ਵਾਲੀ ਇਸ ਫ਼ਿਲਮ ਦਾ ਰਿਕਾਰਡ ਕਿਸੇ ਹੋਰ ਫ਼ਿਲਮ ਦੇ ਹਿੱਸੇ ਨਾ ਆਇਆ। ਜ਼ਿਕਰਯੋਗ ਹੈ ਕਿ ਇਸ ਫ਼ਿਲਮ ਦੀ ਨਿਰਮਾਤਾ ਜੋੜੀ ਅੰਕਿਤ ਵਿਜ਼ਨ ਅਤੇ ਨਵਦੀਪ ਨਰੂਲਾ ਹੁਣ ਇਸ ਫ਼ਿਲਮ ਦਾ ਸੀਕੁਅਲ ‘ਕਿਸਮਤ-2’ ਨਾਲ ਮੁੜ ਹਾਜ਼ਿਰ ਹੋ ਰਹੇ ਹਨ। 23 ਸਤੰਬਰ 2021 ਨੂੰ ਰਿਲੀਜ਼ ਹੋਣ ਵਾਲੀ ਇਸ ਫ਼ਿਲਮ ਦਾ ਟਰੈਲਰ ਹਾਲ ਹੀ ‘ਚ   ਰਿਲੀਜ਼ ਹੋਇਆ ਹੈ। ਜਿਸ ਪ੍ਰਤੀ ਦਰਸ਼ਕਾਂ ਦਾ ਵੱਡਾ ਉਤਸ਼ਾਹ ਨਜ਼ਰ ਆਇਆ ਹੈ। ਇਸ ਜੋੜੀ ਦਾ ਇਹ ਵੱਡਾ ਉਪਰਾਲਾ ਹੈ ਕਿ ‘ਕਿਸਮਤ 2’ ਨੂੰ ਪਹਿਲੀ ਫ਼ਿਲਮ ਨਾਲੋਂ ਦੋ ਕਦਮ ਅੱਗੇ ਹੋ ਕੇ ਬਣਾਇਆ ਹੈ ਕਿ ਦਰਸ਼ਕਾਂ ਦੇ ਦਿਲਾਂ ‘ਚ ਇਹ ਦੋਵੇਂ ਫ਼ਿਲਮਾਂ ਇੰਝ ਵਸ ਜਾਣ ਕਿ ਇੱਕ ਮੁਕੰਮਲ ਕਹਾਣੀ ਮਹਿਸੂਸ ਹੋਵੇ। 

ਨਿਰਮਾਤਾ ਜੋੜੀ ਅੰਕਿਤ ਵਿਜ਼ਨ ਤੇ ਨਵਦੀਪ ਨਰੂਲਾ ਦਾ ਕਹਿਣਾ ਹੈ ਕਿ ਪੂਰੀ ਦੁਨੀਆਂ ‘ਚ ਵਸਦੇ ਦਰਸ਼ਕਾਂ ਨੇ ‘ਕਿਸਮਤ’ ਨੂੰ ਜਿਹੜਾ ਪਿਆਰ ਦਿੱਤਾ ਯਕੀਨਣ ਇਸ ਜਬਰਦਸ਼ਤ ਫ਼ਿਲਮ ਦਾ ਸੀਕੁਅਲ ਬਣਾਉਣਾ ਚਣੋਤੀ-ਭਰਿਆ ਤਜੱਰਬਾ ਰਿਹਾ। ਫੇਰ ਵੀ ਸਾਡੀ ਕੋਸ਼ਿਸ਼ ਰਹੀ ਕਿ ਦਰਸ਼ਕਾਂ ਦੇ ਮਨੋਰੰਜਨ ਨੂੰ ਹੋਰ ਬੇਹੱਤਰ ਬਣਾਇਆ ਜਾਵੇ। ਜਗਦੀਪ ਸਿੱਧੂ ਨੇ ਬਹੁਤ ਹੀ ਮੇਹਨਤ ਨਾਲ ਕਮਾਲ ਦੀ ਕਹਾਣੀ ਲਿਖੀ ਤੇ ਬੜੀ ਸੂਝ ਨਾਲ ਇਸ ਨੂੰ ਆਪਣੀ ਦੇਖ ਰੇਖ ‘ਚ ਫ਼ਿਲਮਾਇਆ ਜੋ ਹੁਣ  23 ਸਤੰਬਰ ਤੋਂ ਦਰਸ਼ਕ ਸਿਨੇਮਾ ਘਰਾਂ ‘ਚ ਵੇਖਣਗੇ।  ਪਹਿਲੀ ਫ਼ਿਲਮ ਵਾਂਗ ਇਸ ਵਿੱਚ ਵੀ ‘ਐਮੀ ਵਿਰਕ ਤੇ ਸਰਗੁਣ ਮਹਿਤਾ’ ਦੀ ਜੋੜੀ ਦਰਸ਼ਕਾਂ ਨੂੰ ਜਰੂਰ ਪ੍ਰਭਾਵਤ ਕਰੇਗੀ। ਫ਼ਿਲਮ ਦਾ ਸੰਗੀਤ ਵੀ ਬਹੁਤ  ਕਮਾਲ ਦਾ ਹੋਵੇਗਾ ਜੋ ਦਰਸ਼ਕਾਂ ਦੇ ਦਿਲਾਂ ਵਿੱਚ ਵਸੇਗਾ। ਉਨ੍ਹਾਂ ਨੂੰ ਸੌ ਫ਼ੀਸਦੀ ਯਕੀਨ ਹੈ ਕਿ ‘ ਕਿਸਮਤ 2 ’ ਦਰਸ਼ਕਾਂ ਦੀ ਪਸੰਦ ਬਣੇਗੀ। ਦਰਸ਼ਕਾਂ ਦੀ ਪਸੰਦ ਅਤੇ ਸਮਾਜਿਕ ਸਰੋਕਾਰਾਂ ਨਾਲ ਜੁੜੇ ਸਿਨੇਮੇ ਦਾ ਨਿਰਮਾਣ ਕਰਨਾ ਉਨਾਂ ਨੂੰ ਚੰਗਾ ਲੱਗਦਾ ਹੈ।

ਨਵਦੀਪ ਨਰੂਲਾ ਦੇ ਮੁਤਾਬਕ ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਐਮੀ ਵਿਰਕ ਤੇ ਸਰਗੁਣ ਮਹਿਤਾ ਦੀ ਰੁਮਾਂਟਿਕ ਜੋੜੀ ਵਾਲੀ ‘ਕਿਸਮਤ 2’ ਇੱਕ ਨਵਾਂ ਇਤਿਹਾਸ ਬਣਾਵੇਗੀ ਤੇ ਪਹਿਲੀ ਫ਼ਿਲਮ ਵਾਂਗ ਵੱਡੀ ਸਫ਼ਲਤਾ ਨੂੰ ਪੰਜਾਬੀ ਸਿਨਮੇ ਦੇ ਇਤਿਹਾਸ ਵਿੱਚ ਦਰਜ਼ ਕਰਵਾਏਗੀ। ਸਾਡੀ ਟੀਮ ਨੇ ਇਸ ਫ਼ਿਲਮ ਨੂੰ ਮਹਾਨ ਬਣਾਉਣ ‘ਚ ਕੋਈ ਕਸਰ ਬਾਕੀ ਨਹੀਂ ਛੱਡੀ। ਉਨ੍ਹਾ ਕਿਹਾ ਕਿ ਕੋਵਿਡ  ਨਿਯਮਾਂ ਦੀ ਪਾਲਣਾ ਕਰਦੇ ਹੋਏ ਉਨ੍ਹਾਂ ਆਪਣੀਆਂ ਫ਼ਿਲਮੀ ਸਰਗਰਮੀਆਂ ਨੂੰ ਕੁਝ ਸਮੇਂ ਲਈ ਰੋਕਿਆ ਹੋਇਆ ਸੀ ਜਿਸ ਕਰਕੇ ਇਹ ਫ਼ਿਲਮ ਲੇਟ ਹੁੰਦੀ ਗਈ  ਹੁਣ ਇਹ 23 ਸਤੰਬਰ ਨੂੰ ਵੱਡੀ ਪੱਧਰ ‘ਤੇ ਰਿਲੀਜ਼ ਹੋਵੇਗੀ। 

 

ਹਰਿਜੰਦਰ  ਸਿੰਘ 9463828000

ਸੋਹਣਾ ਸਫ਼ਰ ਜ਼ਿੰਦਗੀ ਦਾ ✍️ ਵੀਰਪਾਲ ਕੌਰ ਕਮਲ

ਜ਼ਿੰਦਗੀ ਇੱਕ ਸਫ਼ਰ ਹੀ ਤਾਂ ਹੈ, ਪੈਂਡਾ ਦਰ ਪੈਂਡਾ ਤੈਅ ਕਰਦੇ ਜਾਣਾ ਹੀ  ਹੈ -ਜ਼ਿੰਦਗੀ ।ਜ਼ਿੰਦਗੀ ਨੂੰ ਜਿਊਣ ਦਾ ਸਫ਼ਰ ਐਨਾ ਕੁ ਲੰਮਾ ਤਾਂ ਹੈ ਕਿ ਜਦ ਤਕ ਸਰੀਰ ਵਿੱਚ ਸਾਹ ਚਲਦੇ ਹਨ ,ਇਹ ਸਫਰ ਨਹੀਂ ਰੁਕ ਦਾ ਜਦੋਂ ਸਾਹਾਂ ਦੀ ਡੋਰ ਟੁੱਟਦੀ ਹੈ ।ਪੰਜ  ਤੱਤ ਮਿੱਟੀ ਚ ਵਿਲੀਨ ਹੋ ਜਾਂਦੇ ਹਨ, ਤਾਂ ਉਹ ਹਾਲਤ ਜ਼ਿੰਦਗੀ ਦੇ ਸਫ਼ਰ ਦੀ ਮੰਜ਼ਲ ਹੋ ਨਿਬੜਦੀ ਹੈ  ।ਤੁਰਦੇ….  ਤੁਰਦੇ …..ਤੁਰਦੇ ਜਾਣਾ ਹੀ  ਹੈ ਜ਼ਿੰਦਗੀ। ਤੁਰਦੇ -ਤੁਰਦੇ ਵਾਟਾਂ ਨੂੰ ਮੁਕਾਉਣਾ ,ਚਲਦੇ ਰਹਿਣਾ ਹੀ ਜਿਊਂਦੇ ਰਹਿਣ ਦੀ ਨਿਸ਼ਾਨੀ ਹੈ ।ਇਸ ਸੰਸਾਰ ਸਫ਼ਰ  ਦੇ ਅੰਦਰ  ਜ਼ਿੰਦਗੀ ਦਾ ਪੈਂਡਾ ਮਾਰਨ ਆਏ ਇਨਸਾਨਾਂ ਚੋਂ ਕੁਝ ਕੁ ਜ਼ਿੰਦਗੀ ਦੇ ਸਫ਼ਰ ਨੂੰ ਹੱਸਦੇ ਹਸਾਉਂਦੇ  ਤੈਅ ਕਰਦੇ ਜਾਂਦੇ ਹਨ  ।ਉਹ ਵਗਦੇ ਪਾਣੀਆਂ ਦੇ ਤਾਰੂ, ਨਦੀਆਂ ‘ਚ ਗੋਤੇ ਲਾਉਂਦੇ  ਜਾਂਦੇ ਹਨ।  ਰੋਂਦੇ ਹੋਏ ਇਸ ਧਰਤੀ ਤੇ ਪ੍ਰਵੇਸ਼ ਕਰ ਕੇ, ਕਈਆਂ ਦੇ ਹਿੱਸੇ,ਰੋਣੇ ਧੋਣੇ ਤੇ ਉਦਾਸੀ ਭਰੀ ਚਾਲ,  ਹੀ ਆ ਜਾਂਦੀ ਹੈ  । ਸਫਰ ਕਿਸੇ ਵਾਹਨ ਦਾ ਹੋਵੇ ਭਾਵੇਂ ਜ਼ਿੰਦਗੀ ਦਾ ਹੋਵੇ ਟੇਢੇ- ਮੇਢੇ ਰਾਹਾਂ ਚੋਂ ਹੋ ਕੇ ਹੀ ਜਾਂਦਾ ਹੈ  ।ਰੁਕਾਵਟਾਂ ਚੋਂ ਤਾਂ ਗੁਜ਼ਰਨ ਹੀ ਪੈਂਦਾ ਹੈ  ।ਆਪਣੀ ਮੰਜ਼ਿਲ  ਨਾਲ ਇਸ਼ਕ ਕਰਨ ਵਾਲੇ ਸਫ਼ਰ ਵਿੱਚ ਆਉਣ ਵਾਲੀਆਂ ਔਕੜਾਂ ਦੀ ਪਰਵਾਹ ਨਹੀਂ ਕਰਦੇ । ਉਹ ਔਖੇ ਸਫ਼ਰ ‘ਤੇ ਚੱਲਣ ਵਿਚ ਵੀ ਆਨੰਦ ਪ੍ਰਾਪਤ ਕਰਦੇ ਹਨ ।ਕੁਝ ਲੋਕ ਸਫ਼ਰ ਦੇ ਬੜੇ ਹੀ ਸ਼ੌਕੀਨ ਹੁੰਦੇ ਹਨ।  ਉਹ ਘਰਾਂ ਦੇ ਕੰਮ ਤੇ ਆਪਣੇ ਜ਼ਰੂਰੀ ਕੰਮ ਧੰਦੇ ਨਿਬੇੜ ਕੇ ਸਫ਼ਰ ਲਈ ਚਾਲੇ ਪਾ ਦਿੰਦੇ ਹਨ।  ਜਪੀ ਤਪੀ ਸ਼ਖ਼ਸੀਅਤਾਂ ਘਰ -ਬਾਰ ਛੱਡ ਕੇ ਸਫ਼ਰ ਦਾ ਰਸਤਾ ਅਖਤਿਆਰ ਕਰ ਲੈਂਦੇ ਹਨ  ।ਭਾਰਤੀ ਇਤਿਹਾਸ ਵਿੱਚ ਰਿਸ਼ੀਆਂ ਮੁਨੀਆਂ ਨੇ ਅਜਿਹੇ ਪੰਧ( ਪੈਂਡੇ  )ਮਾਰ ਕੇ ਤਪੱਸਿਆ ਕੀਤੀਆਂ ਹਨ  ।ਕਹਿੰਦੇ ਹਨ ਕਿ ਅੰਗਰੇਜ਼ ਲੋਕ ਜ਼ਿੰਦਗੀ ਦੇ ਇੱਕ ਪੜਾਅ ਉੱਤੇ ਆ ਕੇ ਸਫ਼ਰ ਤੇ ਚੱਲ ਪੈਂਦੇ ਹਨ। ਉਹ ਇਸ ਸਫਰ ਨੂੰ ਫ਼ਿਕਰਾਂ, ਬੰਧਨਾ, ਰੁਝੇਵਿਆਂ ਤੋਂ ਦੂਰ ਹੋ ਕੇ  ਆਨੰਦਮਈ ਜੀਵਨ ਬਸਰ ਕਰਨ ਦੀ ਲਾਲਸਾ ਹਿੱਤ ਹੀ  ਬਤੀਤ ਕਰਦੇ ਹਨ। ਸਫ਼ਰ ਉਦੋਂ ਅਤਿਅੰਤ  ਹੀ ਆਨੰਦਮਈ ਅਤੇ ਸੁਖਾਵਾਂ ਹੋ ਨਿਬੜਦਾ ਹੈ , ਜਦੋਂ ਸਫ਼ਰ ਵਿੱਚ ਨਾਲ ਚੱਲਣ ਲਈ ਵਿਚਾਰਾਂ ਦੇ ਹਾਣ ਦਾ ਸਾਥੀ ਮਿਲ ਜਾਵੇ । ਤਨ ਅਤੇ ਮਨ ਤੇ ਬੋਝ ਲੈ ਕੇ ਕੀਤਾ ਗਿਆ  ਸਫ਼ਰ ਕਦੇ ਵੀ ਸੁਖਾਵਾਂ ਨਹੀਂ ਹੁੰਦਾ। ਮਜਬੂਰੀ ਵਸ ਕੀਤਾ ਗਿਆ ਸਫਰ ਵੀ ਮਨ ਨੂੰ ਭਟਕਣਾ ਹੀ ਦਿੰਦਾ ਹੈ,  ਅਸ਼ਾਂਤੀ ਦਿੰਦਾ ਹੈ ।   ਚੱਲਦੇ ਰਹਿਣ ਤੋਂ ਬਗ਼ੈਰ ਜ਼ਿੰਦਗੀ ਨਿਰਾਰਥਕ ਹੀ ਜਾਪਦੀ ਹੈ।  ਰੁਕਿਆ ਹੋਇਆ ਜ਼ਿੰਦਗੀ ਦਾ ਸਫ਼ਰ , ਉਸ ਛੱਪੜ ਦੇ ਪਾਣੀ ਦੀ ਤਰ੍ਹਾਂ ਹੀ ਹੈ ਜੋ ਇੱਕ ਥਾਂ ਖੜ੍ਹਾ -ਖੜ੍ਹਾ ਮੁਸ਼ਕ ਮਾਰਨ ਲੱਗ ਜਾਂਦਾ ਹੈ । ਚੱਲਦੇ ਰਹਿਣਾ ਨਦੀਆਂ ਦੇ ਸਵਸਥ ਤੇ ਨਿਰਛਲ ਪਾਣੀ ਦੀ ਤਰ੍ਹਾਂ ਹੁੰਦਾ ਹੈ, ਜੋ ਕਿਨਾਰਿਆਂ ਦੇ ਥਾਪੜੇ ਖਾ ਕੇ ਵੀ ਚੱਲਦਾ ਰਹਿੰਦਾ ਹੈ।ਕੰਡਿਆਂ ਨਾਲ ਟਕਰਾਉਂਦਾ , ਫਿਰ ਵੀ ਅਡੋਲ ਵਹਿੰਦਾ ਹੈ   ।ਨਦੀਆਂ ,ਸਮੁੰਦਰ, ਝਰਨੇ ਾਅਤੇ ਪੱਥਰ ਚੱਲਦੇ ਸਫਰ ਦੇ ਸਾਰਥੀ ਬਣ ਜਾਂਦੇ ਹਨ। 

ਮੰਜੇ ਤੇ ਜਕੜੇ ਲੋਕਾਂ ਲਈ ਸਫਰ ਇਕ ਸੁਪਨਾ ਬਣ ਕੇ ਹੀ ਰਹਿ ਜਾਂਦਾ ਹੈ ।ਆਲਸੀ ਲੋਕਾਂ ਲਈ ਸਫਰ ਇੱਕ ਸਿਰ ਖਪਾਈ ਤੋਂ ਵੱਧ ਹੋਰ  ਕੁਝ ਨਹੀਂ ਹੁੰਦਾ । ਬਹੁਤ ਸਾਰੇ ਲੋਕ ਸਫਰ ਤੇ ਇਸ ਕਰਕੇ ਹੀ ਨਹੀਂ ਤੁਰ ਸਕਦੇ ਕਿਉਂਕਿ ਉਹ ਲੋਕ ਜ਼ਿੰਮੇਵਾਰੀਆਂ ਦੀ ਪੰਡ ਚੁੱਕਣ ਤੋਂ ਕਤਰਾਉਂਦੇ ਹਨ। ਉਨ੍ਹਾਂ ਨੂੰ ਸਫਰ ਅਕਾਊ ਲੱਗਦਾ ਹੈ , ਉਹ ਆਪਣੀਆਂ ਜ਼ਿੰਮੇਵਾਰੀਆਂ ਸਮੇਂ ਸਿਰ ਨਹੀਂ ਨਿਭਾ ਸਕਦੇ  ਲਾਲਚੀ ਕਿਸਮ ਦੇ ਲੋਕ ਨੜਿੱਨਵੇਂ ਦੇ ਗੇੜਾਂ ਵਿੱਚ ਉਲਝ ਕੇ ਸਫ਼ਰ ਦੇ ਆਨੰਦ ਤੋਂ ਵਾਂਝੇ ਰਹਿ ਜਾਂਦੇ ਹਨ । ਨਾਕਾਰਾਤਮਕ  ਸੋਚ ਰੱਖਣ ਵਾਲੇ ਇਨਸਾਨ ਕਦੇ ਖ਼ੁਦ ਵੀ ਜ਼ਿੰਦਗੀ ਦੇ ਸਫ਼ਰ ਦਾ ਆਨੰਦ ਨਹੀਂ ਲੈ ਸਕਦੇ  ,ਉਹ ਦੂਸਰਿਆਂ ਲਈ ਵੀ ਰੁਕਾਵਟਾਂ ਪੈਦਾ ਕਰਦੇ ਹਨ । ਹਰੀਆਂ ਕਚੂਰ ਵਾਦੀਆਂ ਦਾ ਸਫ਼ਰ ਕਰਦਿਆਂ ਕੁਦਰਤ ਨਾਲ ਇੱਕਸੁਰਤਾ ਹੋਈ ਮਹਿਸੂਸ ਹੁੰਦੀ ਹੈ । ਸੁੱਕ ਕੇ ਧਰਤੀ ਤੇ ਡਿੱਗੇ ਹੋਏ ਗੁਲਾਬ ਅਤੇ ਰੁੱਖਾਂ ਦੇ  ਪੱਤੇ ਜ਼ਿੰਦਗੀ ਦੀ ਸੱਚਾਈ ਤੋਂ ਜਾਣੂ ਕਰਵਾਉਂਦੇ ਹਨ  । ਪੱਤਝੜ ਵਿੱਚ ਸੁੱਕੇ ਪੱਤਿਆਂ ਦੀ ਖੜ ਖੜ ਕੁਦਰਤ ਦੇ ਨਿਯਮਾਂ ਦੀ ਬਾਤ ਪਾਉਂਦੀ ਹੈ  । ਪਹਾੜੀ  ਰਸਤੇ ਦੇ ਪਾਂਧੀਆਂ ਨੇ ਉੱਚੀ ਚੋਟੀ ਤੇ ਝੰਡੇ ਲਹਿਰਾਏ ਸਨ  ।ਸੋਹਣੇ ਸਫ਼ਰਾਂ ਤੇ ਚੱਲਣ ਵਾਲੇ ਪਿਛਾਂਹ ਮੁੜ ਕੇ ਨਹੀਂ ਦੇਖਦੇ  ।

 

ਚੱਲ ਕੇ ਚੱਲਦੇ ਥੱਕਣਾ ਨਹੀਂ

ਰਸਤੇ ਔਖੇ ਭਾਵੇਂ

 ਭਰ ਤੋਂ ਠੱਲ੍ਹਣਾ ਨਹੀਂ 

 

ਵੀਰਪਾਲ ਕੌਰ ਕਮਲ 

8569001590

ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਜਲਦੀ ਹੀ ਸਿਹਤ ਮੰਤਰੀ ਕਰਨਗੇ ਘਿਰਾਓ ....ਡਾ ਕਾਲਖ

ਬਰਨਾਲਾ/ ਮਹਿਲ ਕਲਾਂ- 12 ਸਤੰਬਰ- (ਗੁਰਸੇਵਕ ਸੋਹੀ)- ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ (ਰਜਿ:295) ਦੇ ਬਲਾਕ ਪੱਖੋਵਾਲ ਦੀ ਮੀਟਿੰਗ ਡਾ ਬਿਕਰਮ ਦੇਵ ਸਿੰਘ ਦੀ ਪ੍ਰਧਾਨਗੀ ਹੇਠ ਮਹਾਰਾਜਾ ਪੈਲੇਸ ਵਿਖੇ ਹੋਈ। ਜਿਸ ਵਿਚ ਸੂਬਾ ਜਨਰਲ ਸਕੱਤਰ ਡਾ ਜਸਵਿੰਦਰ ਸਿੰਘ ਕਾਲਖ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ।
ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸੂਬਾ ਜਨਰਲ ਸਕੱਤਰ ਡਾ ਜਸਵਿੰਦਰ ਸਿੰਘ ਕਾਲਖ ਨੇ ਕਿਹਾ ਕਿ ਪਿੰਡਾਂ ਵਿੱਚ ਸਸਤੀਆਂ ਸਿਹਤ ਸੇਵਾਵਾਂ ਲਈ   ਕੰਮ ਕਰ ਰਹੇ ਪੇਂਡੂ ਡਾਕਟਰਾਂ ਨੂੰ ਸਰਕਾਰ ਮਾਨਤਾ ਦੇਵੇ ਤਾਂ ਜੋ ਇਹ ਲੋਕਾਂ ਨੂੰ ਮੁੱਢਲੀ ਸਹਾਇਤਾ ਨਿਰਵਿਘਨ ਦੇ ਸਕਣ। ਉਨ੍ਹਾਂ ਹੋਰ ਕਿਹਾ ਕਿ ਔਖੀ ਘੜੀ ਵਿੱਚ ਇਹ  ਆਰ ਐਮ ਪੀ ਡਾਕਟਰ ਹੀ ਲੋਕਾਂ ਦੇ ਦਿਨ ਰਾਤ ਕੰਮ ਆਉਂਦੇ ਹਨ।
ਇਸ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਡਾਕਟਰ ਕਾਲਖ ਨੇ ਕਿਹਾ ਕਿ ਸਾਨੂੰ ਸਾਫ਼ ਸੁਥਰੀ ਪ੍ਰੈਕਟਿਸ ਕਰਨੀ ਚਾਹੀਦੀ ਹੈ। ਜਥੇਬੰਦੀ ਦਾ ਕੋਈ ਵੀ ਮੈਂਬਰ ਜਥੇਬੰਦੀ ਦੇ ਸੰਵਿਧਾਨ ਤੋਂ ਬਾਹਰ ਹੋ ਕੇ ਕੰਮ ਨਹੀਂ ਕਰੇਗਾ।
ਯੂਨੀਅਨ ਚ ਆਏ ਨਵੇਂ ਮੈਂਬਰਾਂ ਨੂੰ ਜਥੇਬੰਦੀ ਦੇ ਮੈਂਬਰਸ਼ਿੱਪ ਕਾਰਡ ਅਤੇ ਆਈ ਕਾਰਡ ਵੀ ਵੰਡੇ ਗਏ। ਇਸ ਮੀਟਿੰਗ ਵਿਚ ਵਿਸ਼ੇਸ਼ ਤੌਰ ਤੇ ਪਹੁੰਚੇ ਡਾ ਤੇਜਿੰਦਰ ਸਿੰਘ ਐਮ.ਐਸ, ਨਿਊ ਲਾਈਫ਼ ਹੌਸਪਿਟਲ ਐਂਡ ਕੈਂਸਰ ਸੈਂਟਰ ਨੇ ਹਾਜ਼ਰ ਡਾਕਟਰ ਸਹਿਬਾਨਾਂ ਨੂੰ ਕੈਂਸਰ ਦੀਆਂ ਬਿਮਾਰੀਆਂ ਸਬੰਧੀ ਵਿਸ਼ੇਸ਼ ਪੂਰਵਕ ਜਾਣਕਾਰੀ ਦਿੱਤੀ ।
ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਡਾ ਭਗਵੰਤ ਸਿੰਘ ਬਡ਼ੂੰਦੀ ,ਮੈਡਮ ਮਨਪ੍ਰੀਤ ਕੌਰ ਢੈਪਈ, ਡਾ ਰਮਨਦੀਪ ਕੌਰ ਪੱਖੋਵਾਲ, ਡਾ ਜਸਵਿੰਦਰ ਕੌਰ, ਡਾ ਜਸਵਿੰਦਰ ਜਡ਼ਤੌਲੀ, ਡਾ ਹਰਬੰਸ ਸਿੰਘ ਡਾ ਮੇਵਾ ਸਿੰਘ, ਡਾ ਕੇਸਰ ਸਿੰਘ ਧਾਂਦਰਾਂ, ਡਾ ਪੁਸ਼ਪਿੰਦਰ ਸਿੰਘ, ਡਾ ਸੁਖਦੇਵ ਸਿੰਘ, ਡਾ ਹਰਦੀਪ ਸਿੰਘ ,ਡਾ ਮਨਜੀਤ ਸਿੰਘ ਧੂਲਕੋਟ, ਡਾ ਹਾਕਮ ਸਿੰਘ, ਡਾ ਬਲਜਿੰਦਰ ਸਿੰਘ ਆਦਿ ਹਾਜ਼ਰ ਸਨ ।

ਰੰਮੀ ਸੋਢਾ ਮਹਿਲ ਕਲਾਂ ਨੇ ਡਿੱਗਿਆ ਪਰਸ ਵਾਪਸ ਕਰ ਕੇ ਈਮਾਨਦਾਰੀ ਦਾ ਦਿੱਤਾ ਸਬੂਤ

ਬਰਨਾਲਾ/ ਮਹਿਲ ਕਲਾਂ - 12 ਸਤੰਬਰ- (ਗੁਰਸੇਵਕ ਸੋਹੀ)- ਲੋਕ ਭਲਾਈ ਵੈਲਫੇਅਰ ਸੁਸਾਇਟੀ ਮਹਿਲ ਕਲਾਂ ਦੇ ਸੀਨੀਅਰ ਮੈਂਬਰ ਰੰਮੀ ਸੋਢੇ ਨੇ ਅੱਜ ਪਿੰਡ ਸਹਿਜੜਾ ਦੇ ਜਗਜੀਤ ਸਿੰਘ ਦਾ ਪਰਸ ਵਾਪਸ ਕੀਤਾ। ਉਹਨਾਂ ਦੱਸਿਆ ਕਿ ਰੋਜਾਨਾ ਦੀ ਤਰ੍ਹਾਂ ਉਹ ਅਪਣੀ ਦੁਕਾਨ ਤੋਂ ਦੁਪਹਿਰ ਦਾ ਖਾਣਾ ਖਾਣ ਘਰੇ ਜਾ ਰਹੇ ਸਨ। ਰਸਤੇ ਵਿੱਚ ਉਹਨਾਂ ਨੂੰ ਇੱਕ ਪਰਸ ਸੜਕ ਉੱਥੇ ਪਿਆ ਮਿਲਿਆ, ਉਸ ਨੂੰ ਚੁੱਕ ਕੇ ਜਦ ਉਸ ਵਿੱਚ ਅਧਾਰ ਕਾਰਡ ਵੇਖਿਆ ਤਾਂ ਜਗਜੀਤ ਸਿੰਘ ਵਾਸੀ ਸਹਿਜੜਾ ਦਾ ਸੀ। ਉਹਨਾਂ ਨੇ ਜਗਜੀਤ ਸਿੰਘ ਸਹਿਜੜਾ ਨਾਲ ਸਪੰਰਕ ਕਰਕੇ, ਉਹਨਾਂ ਦਾ ਪਰਸ ਵਾਪਸ ਕਰ ਦਿੱਤਾ। ਜਗਜੀਤ ਸਿੰਘ ਨੇ  ਕਿਹਾ ਕਿ ਉਹ ਮਹਿਲ ਕਲਾਂ ਘਰੇਲੂ ਸਮਾਨ ਲੈਣ ਆਏ ਸੀ। ਪਰ ਪਤਾ ਨਹੀਂ ਲੱਗਿਆ ਕਿ ਉਹਨਾਂ ਦਾ ਪਰਸ ਕਿਵੇਂ ਡਿੱਗ ਪਿਆ। ਉਸ ਵਿੱਚ ਉਹਨਾਂ ਦੇ  ਅਧਾਰ ਕਾਰਡ, ਡਰਾਈਵਿੰਗ ਲਾਇਸੰਸ, ਏ ਟੀ ਐੱਮ ਅਤੇ ਨਗਦੀ ਵੀ ਸੀ । ਜਗਜੀਤ ਸਿੰਘ ਸਹਿਜੜਾ ਨੇ ਰੰਮੀ ਸੋਢੇ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਡੇ ਸਮਾਜ ਵਿਚ "ਇਮਾਨਦਾਰੀ ਅਜੇ ਵੀ ਜ਼ਿੰਦਾ ਹੈ",ਜਿਸ ਦਾ ਸਬੂਤ ਵੱਡੇ ਵੀਰ ਰੰਮੀ ਸੋਢੇ ਨੇ ਮੇਰਾ ਪਰਸ ਵਾਪਸ ਕਰਕੇ ਦਿੱਤਾ ਹੈ। ਸਾਡੇ ਸਮਾਜ ਵਿੱਚ ਚੰਗੇ ਨੌਜਵਾਨ ਵੀ ਹਨ ।ਜੋ ਕਿ ਨਸ਼ਿਆਂ ਤੋਂ ਦੂਰ ਆਪਣੇ ਮਾਤਾ ਪਿਤਾ ਦਾ, ਆਪਣੇ ਸਮਾਜ ਦਾ ,ਆਪਣੇ ਇਲਾਕੇ ਦਾ ਨਾਂ ਰੌਸ਼ਨ ਕਰ ਰਹੇ ਹਨ।

ਚੂਹੜਚੱਕ ਵਿੱਚ ਨਸ਼ਿਆਂ ਖ਼ਿਲਾਫ਼ ਲਾਮਬੰਦੀ ਦਾ ਹੋਕਾ

 ਅਜੀਤਵਾਲ ,( ਬਲਬੀਰ ਸਿੰਘ ਬਾਠ ) ਸੂਬੇ ਦੇ ਮਰਹੂਮ ਮੁੱਖ ਮੰਤਰੀ ਲਛਮਣ ਸਿੰਘ ਗਿੱਲ ਦੇ ਜੱਦੀ ਪਿੰਡ ਚੂਹੜਚੱਕ ਵਿੱਚ ਸ਼ਹੀਦ ਭਗਤ ਸਿੰਘ ਨਸ਼ਾ ਵਿਰੋਧੀ ਮੰਚ ਵੱਲੋਂ  ਸਰਕਾਰਾਂ ਲਈ ਫਿਟਕਾਰ ਲੋਕਾਂ ਲਈ ਵੰਗਾਰ ਰੈਲੀ ਕੀਤੀ ਗਈ ਜਿਸ ਰਾਹੀਂ ਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਲੋਕ ਲਹਿਰ ਉਸਾਰਨ ਦਾ ਹੋਕਾ ਦਿੱਤਾ ਗਿਆ  ਇਸ ਤੋਂ ਪਹਿਲਾਂ ਇਸ ਪਿੰਡ ਚ ਚਿੱਟਾ ਖਰੀਦ ਲਈ  ਆਉਣਾ ਮਨ੍ਹਾ  ਦੇ ਬੋਰਡ ਲਗਾਏ ਗਏ ਅਤੇ ਕਰੀਬ ਇੱਕ ਮਹੀਨੇ ਤੋਂ ਔਰਤਾਂ ਸਮੇਤ ਲੋਕ ਠੀਕਰੀ ਪਹਿਰਾ ਦੇ ਰਹੇ ਹਨ    ਪਿੰਡ ਚੂੜਚੱਕ ਤਾਂ ਨਸ਼ਿਆਂ ਖ਼ਿਲਾਫ਼ ਪੈਦਾ ਹੋ ਰਹੀ ਲੋਕ ਲਹਿਰ ਤਹਿਤ ਆਸ ਪਾਸ ਪਿੰਡਾਂ ਦੇ ਲੋਕ ਵੀ ਨਸ਼ੇ ਦੀ ਗੰਭੀਰ ਸਮੱਸਿਆ ਨਾਲ ਲੜਨ ਲਈ ਲਾਮਬੰਦ ਹੋਏ ਹਨ  ਹੁਣ ਨਸ਼ਿਆਂ ਦੇ ਕਾਰੋਬਾਰ ਖ਼ਿਲਾਫ਼ ਕਾਰਵਾਈ ਲਈ ਸਰਕਾਰ ਦੇ ਅੰਦਰੋਂ ਬਾਹਰੋਂ ਦਬਾਅ  ਵਧਦਾ ਜਾ ਰਿਹਾ ਹੈ ਬੁਲਾਰਿਆਂ ਨੇ ਕੇ ਸੂਬੇ ਚ ਨਸ਼ਾ ਵਿਕਰੀ ਨੂੰ ਪੰਜਾਬ ਦੀ ਨੌਜਵਾਨੀ ਨੂੰ ਬਰਬਾਦ ਕਰਨ ਦੀ ਇੱਕ ਵੱਡੀ ਸਾਜ਼ਿਸ਼ ਆਖਦਿਆਂ ਕਿਹਾ ਕਿ  ਅਨੇਕਾਂ ਪਿੰਡਾਂ ਵਿਚ ਚਿੱਟੇ ਸਮੇਤ ਹੋਰ ਨਸ਼ਿਆਂ ਦੀ ਤਸਕਰੀ ਵਧਦੀ ਜਾ ਰਹੀ ਹੈ ਜਿਸ ਨਾਲ ਪਿੰਡਾਂ ਵਿੱਚ ਨੌਜਵਾਨਾਂ ਦੀ ਬਰਬਾਦੀ ਹੋ ਰਹੀ ਹੈ ਇਸ ਲਈ ਲੋਕਾਂ ਨੂੰ ਨਸਲਾਂ ਅਤੇ ਫਸਲਾਂ ਦੀ ਰਾਖੀ ਖ਼ੁਦ ਕਰਨੀ ਪਵੇਗੀ  ਸਿਆਸੀ ਪਾਰਟੀਆਂ ਜਾਂ ਸਰਕਾਰਾਂ ਤੋਂ ਭਲੇ ਦੀ ਆਸ ਨਹੀਂ ਕੀਤੀ ਜਾ ਸਕਦੀ ਉਨ੍ਹਾਂ ਆਖਿਆ ਕਿ ਪਿੰਡਾਂ ਚ ਨਸ਼ਾ ਤਸਕਰਾਂ ਬਾਰੇ ਪੁਲੀਸ ਨੂੰ ਸੂਚਨਾ ਦਿੱਤੀ ਜਾਵੇਗੀ ਜੇਕਰ ਕੋਈ ਕਾਰਵਾਈ ਨਹੀਂ ਕਰਦਾ ਤਾਂ ਪਿੰਡ ਵਾਸੀ ਨਸ਼ੇ ਦੇ  ਸੌਦਾ ਸੌਦਾਗਰਾਂ ਨਾਲ  ਆਪਣੇ ਤਰੀਕੇ ਨਾਲ ਨਿਪਟਣਗੇ ਇਸ ਮੌਕੇ ਚਿੰਤਕ ਰਮਨਦੀਪ ਕੌਰ ਮਰਖਾਈ, ਸੁਰਿੰਦਰ ਕੌਰ ਢੁੱਡੀਕੇ, ਜਗਤਾਰ ਸਿੰਘ ਧਾਲੀਵਾਲ ਸਾਬਕਾ ਸਰਪੰਚ ਢੁੱਡੀਕੇ, ਬਬਲਜੀਤ ਕੌਰ  ਭਾਗੀਕੇ, ਮਾਸਟਰ ਗੁਰਬਚਨ ਸਿੰਘ ਢੁੱਡੀਕੇ, ਗੁਰਸ਼ਰਨ ਸਿੰਘ ਕਿਸਾਨ ਆਗੂ ,ਕੁਲਵਿੰਦਰ ਸਿੰਘ, ਜਸਵਿੰਦਰ ਕੌਰ ਧੂੜਕੋਟ ਕਲਾਂ ,ਅਮਨਦੀਪ ਸਿੰਘ ਡਾਂਗੀਆਂ  ਆਦਿ ਹਾਜ਼ਰ ਸਨ

 ਜਨਮ ਦਿਨ ਉੱਪਰ ਵਿਸ਼ੇਸ਼

ਬੇਟੇ ਹਰਨਿਵਾਜ ਸਿੰਘ ਨੂੰ ਜਨਮਦਿਨ ਮੁਬਾਰਕ

ਜਗਰਾਉਂ /ਲੁਧਿਆਣਾ 12 ਸਤੰਬਰ 2021 ( ਮਨਜਿੰਦਰ ਗਿੱਲ ) ਸਰਦਾਰ ਗੁਰਮੇਲ ਸਿੰਘ ਅਤੇ ਸਰਦਾਰਨੀ ਰਵੀਇੰਦਰ ਕੌਰ ਦੇ ਪੋਤੇ ਪ੍ਰੋਫੈਸਰ ਸੁਖਵਿੰਦਰ ਸਿੰਘ (ਕਬੱਡੀ ਕੋਚ ) ਤੇ ਸਰਦਾਰਨੀ ਅਮਨਪ੍ਰੀਤ ਕੌਰ ਦੇ ਬੇਟੇ ਹਰਨਿਵਾਜ਼ ਦੇ ਦੂਸਰੇ ਜਨਮ ਦਿਨ ਉੱਪਰ ਸ਼ੇਰੇ ਪੰਜਾਬ ਕਬੱਡੀ ਕਲੱਬ ਨਿਊਜ਼ੀਲੈਂਡ ਜਗਰਾਉਂ ਅਤੇ ਅਦਾਰਾ ਜਨਸ਼ਕਤੀ ਵੱਲੋਂ ਸਮੂਹ ਪਰਿਵਾਰ ਨੂੰ ਲੱਖ ਲੱਖ ਮੁਬਾਰਕਾਂ । 

20 ਦਿਨਾ 24 ਵੇਂ ਮੁਫ਼ਤ ਭੰਗੜਾ ਸਿਖਲਾਈ ਕੈਂਪ ਦਾ ਸੱਭਿਆਚਾਰਕ ਪ੍ਰੋਗਰਾਮ 12 ਸਤੰਬਰ ਹਸਨਪੁਰ ਵਿਖੇ  

ਮੁੱਲਾਂਪੁਰ , 11 ਸਤੰਬਰ  ( ਲਿੱਟ ਸਹੌਲੀ ) ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਹਸਨਪੁਰ ਲੁਧਿਆਣਾ  ਵਿਖੇ ਸ ਹਰਦਿਆਲ ਸਿੰਘ ਲਿੱਟ ਸਹੌਲੀ ਵੱਲੋਂ 20 ਦਿਨਾ ਪਿੰਡ ਪੰਡੋਰੀ ਵਿਖੇ ਲਗਾਏ ਗਏ ਭੰਗੜਾ ਸਿਖਲਾਈ ਕੈਂਪ ਦਾ ਇਨਾਮ ਵੰਡ ਸਮਾਰੋਹ ਅਤੇ ਸੱਭਿਆਚਾਰਕ ਪ੍ਰੋਗਰਾਮ 12 ਸਤੰਬਰ ਦਿਨ ਐਤਵਾਰ ਨੂੰ ਹੋ ਰਿਹਾ ਹੈ ਆਪ ਸਭ ਨੂੰ ਇਸ ਵਿੱਚ ਹਾਜ਼ਰ ਹੋ ਕੇ ਬੱਚਿਆਂ ਦੀ ਹੌਸਲਾ ਅਫਜਾਈ ਲਈ ਹਾਰਦਿਕ ਸੱਦਾ ।ਹੋਰ ਜਾਣਕਾਰੀ ਲਈ ਫੋਟੋ ਵਿੱਚ ਦੇ ਦਿੱਤੇ ਇਸ਼ਤਿਹਾਰ ਨੂੰ ਪੜ੍ਹੋ ।

ਅਵਤਾਰ ਸਿੰਘ ਪਾਸ਼ ਦੇ ਜਨਮ ਦਿਨ ਨੂੰ ਸਮਰਪਿਤ ✍️ ਗਗਨਦੀਪ ਧਾਲੀਵਾਲ

ਸਭ ਤੋਂ ਖ਼ਤਰਨਾਕ ਹੁੰਦਾ ਹੈ ਸੁਪਨਿਆਂ ਦਾ ਮਰ ਜਾਣਾ-ਅਵਤਾਰ ਸਿੰਘ ਪਾਸ਼

ਦੋਸਤੋਂ ਪੰਜਾਬੀ ਸਾਹਿਤ ਜਗਤ ਵਿੱਚ ਅਨੇਕਾਂ ਹੀ ਸਾਹਿਤਕਾਰ ਪੈਦਾ ਹੋਏ ਹਨ ਜਿੰਨਾਂ ਨੇ ਪੰਜਾਬੀ ਸਾਹਿਤ ਦੇ ਖੇਤਰ ਵਿੱਚ ਬਹੁਮੁੱਲਾ ਯੋਗਦਾਨ ਪਾਇਆ ਹੈ।ਅਸੀਂ ਅੱਜ ਗੱਲ ਕਰਦੇ ਅਜਿਹੇ ਹੀ ਸਾਹਿਤਕਾਰ ਦੀ ਜਿਸਦੀਆਂ ਰਚਨਾਵਾਂ ,ਇਨਕਲਾਬੀ ਵਿਚਾਰ ਇਨਸਾਨ ਨੂੰ ਅੰਦਰੋਂ ਤੀਕ ਝੰਜੋੜ ਕੇ ਰੱਖ ਦਿੰਦੇ ਹਨ।ਉਸਦੀ ਆਤਮਾ ਨੂੰ ਹਲੂਣਦੇ ਹਨ।ਹੱਕਾਂ ਦੀ ਮੰਗ ਕਰਦੇ ਹਨ। ਅਜਿਹੇ ਸਾਹਿਤਕਾਰ ਦਾ ਨਾਂ ਹੈ ਅਵਤਾਰ ਸਿੰਘ ਪਾਸ਼ ।
ਅਵਤਾਰ ਪਾਸ਼ ਨੇ (1972 ਤੋਂ 1975 ਤੱਕ)
ਸਾਹਿਤ ਖੇਤਰ ਵਿੱਚ ਬਹੁਤ ਯੋਗਦਾਨ ਪਾਇਆ। ਪਾਸ਼ ਦਾ ਜਨਮ 9 ਸਤੰਬਰ 1950 ਨੂੰ ਪਿੰਡ ਤਲਵੰਡੀ ਸਲੇਮ ਜਿਲ੍ਹਾ ਜਲੰਧਰ ਵਿੱਚ ਹੋਇਆ। ਪਾਸ਼ ਦੇ ਪਿਤਾ ਜੀ ਦਾ ਨਾਂ ਮੇਜਰ ਸੋਹਣ ਸਿੰਘ ਸੰਧੂ ਸੀ।ਜਦੋਂ ਅਵਤਾਰ ਪਾਸ਼ ਜਵਾਨੀ ਦੀ ਉਮਰ ਵਿੱਚ ਸੀ ਤਾਂ ਉਸ ਸਮੇਂ ਭਾਰਤ ਵਿੱਚ ਗਰੀਬੀ ਦਾ ਬਹੁਤ ਬੋਲ ਬਾਲਾ ਸੀ,ਇਸ ਤੋਂ ਪਾਸ਼ ਬਹੁਤ ਪ੍ਰਭਾਵਿਤ ਹੋਇਆ ।ਪਾਸ਼ ਨੇ ਅੱਲੜੇ ਉਮਰੇ ਹੀ ਭਾਰਤ ਦੇ ਗਰੀਬ ਲੋਕਾਂ ਦੇ ਹਾਲਤਾਂ ਨੂੰ ਦੇਖਦਿਆਂ ਵਿਦਰੋਹੀ ਕਵਿਤਾ ਲਿਖਣੀ ਸ਼ੁਰੂ ਕੀਤੀ।ਪਾਸ਼ ਦੀਆਂ ਕਵਿਤਾਵਾਂ ਦਾ ਵਿਸ਼ਾ ਜੁਝਾਰਵਾਦੀ ਸੀ । 1978 ਨੂੰ ਪਾਸ਼ ਦਾ ਵਿਆਹ ਰਾਜਵਿੰਦਰ ਕੌਰ ਸੰਧੂ ਨਾਂ ਦੀ ਕੁੜੀ ਨਾਲ ਹੋ ਹੋਇਆ। ਪਾਸ਼ ਦੀਆਂ ਕਵਿਤਾਵਾਂ ਦੀਆਂ ਕੁੱਝ ਸਤਰਾਂ —
ਮੈਂ ਲੋਹੇ ਦੀ ਅੱਖ ਨਾਲ
ਮਿੱਤਰਾਂ ਦੇ ਮੁਖੌਟੇ ਪਾਈ
ਦੁਸ਼ਮਣ ਵੀ ਪਹਿਚਾਣ ਸਕਦਾ ਹਾਂ।

ਪਾਸ਼ ਦੀ ਸਭ ਤੋਂ ਮਹੱਤਵਪੂਰਨ ਤੇ ਸਚਾਈ ਬਿਆਨ ਕਰਦੀ ਕਵਿਤਾ —
ਸਭ ਤੋਂ ਖਤਰਨਾਕ ਹੁੰਦਾ ਹੈ
ਮੁਰਦਾ ਸ਼ਾਂਤੀ ਨਾਲ ਭਰ ਜਾਣਾ,
ਨਾ ਹੋਣਾ ਤੜਪ ਦਾ, ਸਭ ਸਹਿਣ ਕਰ ਜਾਣਾ,
ਘਰ ਤੋਂ ਨਿਕਲਣਾ ਕੰਮ ’ਤੇ,
ਤੇ ਕੰਮ ਤੋਂ ਘਰ ਜਾਣਾ,
ਸਭ ਤੋਂ ਖਤਰਨਾਕ ਹੁੰਦਾ ਹੈ ,
ਸਾਡੇ ਸੁਪਨਿਆਂ ਦਾ ਮਰ ਜਾਣਾ।

ਦੋਸਤੋਂ ਜਦੋਂ ਦੀ ਪਾਸ਼ ਦੀ ਪਹਿਲੀ ਕਿਤਾਬ ਆਈ ਸੀ ਉਦੋਂ ਪਾਸ ਦੀ ਉਮਰ 20 ਸਾਲ ਤੋ ਘੱਟ ਸੀ ।ਪਾਸ ਦੀ ਪਹਿਲੀ ਕਿਤਾਬ ਲੋਹ ਕਥਾ 1970 ਵਿੱਚ ਛਪੀ ਸੀ।ਇਸ ਤੋਂ ਬਾਅਦ ਸਿਆੜ ਨਾਮੀ ਪਰਚੇ ਦੀ ਸਥਾਪਨਾ ਕੀਤੀ । ਪਾਸ਼ ਦੀ ਪ੍ਰਗਤੀਵਾਦੀ ਵਿਤਾ ਵਿਦਿਆਰਥੀਆਂ, ਕਮਿਊਨਿਸਟਾਂ ਅਤੇ ਖੱਬੇ-ਪੱਖੀ ਬੁੱਧੀਜੀਵੀਆਂ ਵਿੱਚ ਬਹੁਤ ਪ੍ਰਸਿੱਧ ਹੋਈ। ਪਾਸ਼ ਆਧੁਨਿਕ ਪੰਜਾਬੀ ਕਾਵਿ ਦਾ ਸਮਰੱਥਾਵਾਨ, ਚਿੰਤਨਸ਼ੀਲ ਤੇ ਮਕਬੂਲ ਕਵੀ ਹੋਇਆ ਹੈ। ਦੋਸਤੋਂ ਪਾਸ਼ ਹਮੇਸ਼ਾ ਜ਼ਿੰਦਗੀ ਦੀਆਂ ਤਲਖ਼ ਹਕੀਕਤਾਂ ਨਾਲ ਖਹਿ ਕੇ ਲੰਘਦਾ ਰਿਹਾ, ਹਾਲਤਾਂ ਨਾਲ ਜੂਝਦਾ ਰਿਹਾ, ਸਮੇਂ ਨਾਲ ਲੜਦਾ ਰਿਹਾ, ਝੱਖੜਾਂ-ਹਨ੍ਹੇਰੀਆਂ ਵਿੱਚ ਵੀ ਚੌਰਾਹੇ ਦੀਵਾ ਬਾਲਣ ਦਾ ਹੌਂਸਲਾ ਰੱਖਦਾ ਰਿਹਾ।
ਡਾ. ਰਾਜਿੰਦਰ ਪਾਲ ਸਿੰਘ ਬਰਾੜ ਅਨੁਸਾਰ, "ਪਾਸ਼ ਨਾਬਰੀ ਤੇ ਬਰਾਬਰੀ ਦਾ ਸ਼ਾਇਰ ਸੀ ਜਿਸ ਨੂੰ ਮਾਨਵੀ ਸ਼ਾਨ ਵਾਲੀ ਜ਼ਿੰਦਗੀ ਜਿਉਣ ਦੀ ਤੀਬਰ ਲੋਚਾ ਸੀ।
ਦੋਸਤੋ ਇੱਕ ਵਾਰ ਪਾਸ਼ 1967 ਵਿੱਚ ਬਾਰਡਰ ਸਕਿਓਰਿਟੀ ਫੋਰਸ ਵਿੱਚ ਭਰਤੀ ਹੋ ਗਿਆ।ਪਰ ਉਸਨੇ ਇਹ ਨੌਕਰੀ ਜਲਦੀ ਹੀ ਛੱਡ ਦਿੱਤੀ ਸੀ।ਜਦੋਂ ਪਾਸ ਨੌਂਵੀਂ ਜਮਾਤ ਵਿੱਚ ਪੜਦਾ ਸੀ ਇੱਥੇ ਪਾਸ਼ ਦਾ ਇੱਕ ‘ਪ੍ਰਵੇਸ਼’ ਨਾਮ ਦੀ ਅਧਿਆਪਕਾ ਨਾਲ ਆਦਰਸ਼ਕ ਮੋਹ ਹੋ ਗਿਆ ਤੇ ਉਸ ਨੇ ਆਪਣਾ ਉਪਨਾਮ ‘ਪਾਸ਼’ ਵੀ ਇਸੇ ਅਧਿਆਪਕਾ ਦੇ ਨਾਮ ਦੇ ਪਹਿਲੇ ਤੇ ਆਖ਼ਰੀ ਅੱਖਰ ਨੂੰ ਜੋੜ ਕੇ ਬਣਾਇਆ।
1967 ਵਿੱਚ ਪਾਸ਼ ਨਕਸਲਬਾੜੀ ਵਿੱਚ ਸ਼ਾਮਿਲ ਹੋ ਗਿਆ। ਪਾਸ ਮਾਰਕਸਵਾਦ ਤੋ ਪ੍ਰਭਾਵਿਤ ਹੋਇਆ।
ਡਾ. ਤੇਜਵੰਤ ਸਿੰਘ ਗਿੱਲ ਅਨੁਸਾਰ "ਨਕੋਦਰ ਵਿੱਚ ਇੱਕ ਭੱਠਾ ਮਾਲਕ ਮੱਲ੍ਹਾ ਦੇ ਕਤਲ ਉੱਪਰੰਤ 10 ਮਈ, 1970 ਨੂੰ ਪਾਸ਼ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ" ਤੇ ਅਗਲੇ ਸਾਲ ਸਤੰਬਰ ਵਿੱਚ ਉਸ ਦੀ ਰਿਹਾਈ ਸੰਭਵ ਹੋ ਸਕੀ। 1973 ਵਿੱਚ 'ਸਿਆੜ' ਪਰਚਾ ਬੰਦ ਹੋ ਗਿਆ ਅਤੇ 1974 ਵਿੱਚ ਪਾਸ਼ ਦੀ ਦੂਜੀ ਕਾਵਿ-ਪੁਸਤਕ 'ਉਡਦੇ ਬਾਜਾਂ ਮਗਰ' ਛਪੀ। ਕੁਝ ਸਮਾਂ 'ਦੇਸ-ਪ੍ਰਦੇਸ' (ਲੰਡਨ) ਦਾ ਪੱਤਰ-ਪ੍ਰੇਰਕ ਰਿਹਾ ਅਤੇ ਇਸੇ ਸਮੇਂ ਪਾਸ਼ ਨੇ ਮਿਲਖਾ ਸਿੰਘ ਐਥਲੀਟ ਦੀ 'ਸਵੈ-ਜੀਵਨੀ' 'ਫਲਾਇੰਗ ਸਿੱਖ’ ਲਿਖ ਕੇ ਦਿੱਤੀ ।
ਪਾਸ਼ ਨੇ ਮਾਰਕਸਵਾਦੀ ਵਿਚਾਰਧਾਰਾ ਦਾ ਚਿੰਤਨ/ਮੰਥਨ ਕਰਦੇ ਹੋਇਆ ਇਸਨੂੰ ਆਪਣੀ ਕਵਿਤਾ ਦਾ ਧੁਰਾ ਬਣਾਇਆ ਤੇ ਉਸ ਦੇ ਤੱਤੇ ਖੂਨ'ਚੋਂ ਉੱਬਲਦੀ ਕਵਿਤਾ ਪੈਦਾ ਹੋਈ ਜੋ ਕਵਿਤਾ ਆਪਣੇ ਸੀਨੇ ਅੰਦਰ ਕ੍ਰਾਂਤੀ ਦੀ ਤੜਪ/ਤਾਂਘ, ਸਮਾਜਿਕ ਬਰਾਬਰੀ ਦੀ ਇੱਛੁਕ ਅਤੇ ਲੋਟੂ ਸਮਾਜ ਦਾ ਤੀਬਰ ਵਿਰੋਧ ਕਰਦੀ ਹੋਈ ਪੈਦਾ ਹੋਈ ।ਦੋਸਤੋਂ ਮੈਨੂੰ ਵੀ ਪਾਸ਼ ਦੇ ਵਿਚਾਰਾਂ ਨੇ ਬਹੁਤ ਪ੍ਰਭਾਵਿਤ ਕੀਤਾ ਹੈ।
1985 ਵਿੱਚ ਪੰਜਾਬੀ ਸਾਹਿਤ ਅਕਾਦਮੀ ਨੇ ਪਾਸ਼ ਨੂੰ 1 ਸਾਲ ਦੀ ਫੈੱਲੋਸ਼ਿੱਪ ਦਿੱਤੀ। ਪਾਸ਼ ਨੇ ਬਾਹਰਲੇ ਦੇਸ਼ਾਂ ਦੀਆਂ ਕਾਫੀ ਫੇਰੀਆਂ ਲਾਈਆਂ, 1986 ਵਿੱਚ ਉਹ ਅਮਰੀਕਾ ਦੀ ਫੇਰੀ ਉੱਤੇ ਸੀ। ਇੱਥੋਂ ਉਸ ਨੇ ਐਂਟੀ 47 ਫਰੰਟ ਨਾਮੀ ਪਰਚਾ ਕੱਢਿਆ। ਇਸ ਪਰਚੇ ਵਿੱਚ ਉਸ ਨੇ 1980ਵਿਆਂ ਦੀ ਸਿੱਖ ਦੀ, ਵੱਖਰੇ ਸਿੱਖ ਰਾਜ ਖਾਲਿਸਤਾਨ ਦੀ ਮੰਗ ਦਾ ਵਿਰੋਧ ਕੀਤਾ। ਇਸ ਕਾਰਨ 23 ਮਾਰਚ 1988 ਨੂੰ ਉਸ ਦੇ ਖੇਤ ਵਿੱਚ ਕਤਲ ਕਰ ਦਿੱਤਾ।ਪਾਸ਼ ਨੇ ਕਈ ਮਹੱਤਵਪੂਰਨ ਕਿਤਾਬਾ ਸਾਹਿਤ ਦੀਆਂ ਝੋਲੀ ਵਿੱਚ ਪਾਈਆ ਜਿਵੇ ਕਿ ਲੋਹ ਕਥਾ (1970),ਉਡਦੇ ਬਾਜਾ ਮਗਰ (1973,ਸਾਡੇ ਸਮਿਆਂ ਵਿੱਚ (1978), ਅਤੇ ਖਿੱਲਰੇ ਹੋਏ ਵਰਕੇ ਆਦਿ ।ਅੱਜ ਵੀ ਪਾਸ਼ ਦੇ ਵਿਚਾਰ ਤੇ ਉਹਨਾਂ ਦੀਆ ਕਵਿਤਾਵਾਂ ਪੰਜਾਬੀ ਸਾਹਿਤ ਦੀ ਸ਼ਾਨ ਹਨ। ਪਾਸ਼ ਦੀਆਂ ਰਚਨਾਵਾਂ ਦੀ ਖਾਸੀਅਤ ਇਹ ਵੀ ਹੈ ਕਿ ਉਹ ਮਿਥਭੰਜਕ ਹਨ। ਉਸਨੇ ਮਿਥ ਦੀ ਗੁਲਾਮੀ ਦੇ ਸੰਦ ਵਜੋਂ ਪਹਿਚਾਣ ਕੀਤੀ ਹੈ।ਇਸ ਲਈ ਉਹ ਲੋਕ ਮਨਾਂ ਅੰਦਰ ਬੈਠੀਆਂ ਮਿਥਾਂ ਨੂੰ ਚਕਨਾਚੂਰ ਕਰਦਾ ਹੈ।
ਗਗਨਦੀਪ ਧਾਲੀਵਾਲ ।

ਨਗਰ ਕੌਂਸਲ ਨੇੜੇ ਲੱਗੇ ਮਨੋਰੰਜਨ ਮੇਲਾ ਨੂੰ ਲੈ ਕੇ ਲੋਕਾਂ ਵਿੱਚ ਭਾਰੀ ਉਤਸ਼ਾਹ

ਸਮਾਣਾ 9 ਸਤੰਬਰ (ਜਵੰਦਾ) ਸਥਾਨਕ ਨਗਰ ਕੌਂਸਲ ਦੇ ਨੇੜਲੇ ਗਰਾਊਂਡ ‘ਚ ਲੱਗੇ ਜਨਅਸ਼ਟਮੀ ਮਨੋਰੰਜਨ ਮੇਲਾ ਨੂੰ ਲੈ ਕੇ ਸ਼ਹਿਰ ਅਤੇ ਨੇੜਲੇ ਪਿੰਡਾਂ ਦੇ ਲੋਕਾਂ ਵਿੱਚ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹੈ ਹੈ, ਜਿੱਥੇ ਲੋਕਾਂ ਵਲੋਂ ਇਸ ਮੇਲੇ ਵਿੱਚ ਪਹੁੰਚ ਕੇ  ਝੂਲੇ, ਚੰਡੋਲਾਂ ਅਤੇ ਹੋਰ ਮਨੋਰੰਜਨ ਆਇਟਮਾਂ ਦਾ ਭਰਪੂਰ ਆਨੰਦ ਮਾਣਿਆ ਜਾ ਰਿਹੈ ਹੈ ਉੱਥੇ ਹੀ ਉਨ੍ਹਾਂ ਵਲੋਂ ਮੇਲੇ ‘ਚ ਲੱਗਿਆਂ ਦੁਕਾਨਾਂ 'ਤੇ ਵੱਖ-ਵੱਖ ਵਸਤਾਂ ਦੀ ਖਰੀਦਦਾਰੀ ਵੀ ਕੀਤੀ ਜਾ ਰਹੀ ਹੈ।ਲੋਕਾਂ ਦਾ ਕਹਿਣਾ ਹੈ ਕਿ ਕੋਰੋਨਾ ਦੇ ਚਲਦਿਆਂ ਕਾਫੀ ਸਮੇਂ ਬਾਅਦ ਹੁਣ ਉਨਾਂ ਨੂੰ ਮਨੋਰੰਜਨ ਦੇ ਸਾਧਨ ਵਜੋਂ ਸ਼ਹਿਰ ‘ਚ ਕੁਝ ਦੇਖਣ ਨੂੰ ਮਿਿਲਆ ਹੈ ਜਿਸ ਨੂੰ ਲੈ ਕੇ ਉਹ ਅਤੇ ਉਨਾਂ ਦੇ ਬੱਚੇ ਬਹੁਤ ਖੁਸ਼ ਹਨ।ਇਸ ਮੌਕੇ ਮੇਲਾ ਪ੍ਰਬੰਧਕਾਂ ਨੇ ਮੇਲੇ ਸੰਬੰਧੀ ਗੱਲਬਾਤ ਕਰਦਿਆਂ ਦੱਸਿਆ ਕਿ ਮਨੋਰੰਜਨ ਮੇਲਾ ਰੋਜ਼ਾਨਾ  ਬਾਅਦ ਦੁਪਹਿਰ 3 ਵਜੇ ਤੋਂ ਸ਼ੁਰੂ ਹੋ ਕੇ ਦੇਰ ਰਾਤ 10 ਵਜੇ ਤੱਕ ਚੱਲਦਾ ਹੈ ਜਿਥੇ  ਬੱਚਿਆਂ, ਨੌਜਵਾਨਾਂ ਅਤੇ ਔਰਤਾਂ ਵਲੋਂ ਹਾਜ਼ਰੀ ਲਗਾਈ ਜਾ ਰਹੀ ਹੈ ਅਤੇ ਵੱਖ ਵੱਖ ਤਰ੍ਹਾਂ ਦੇ ਝੂਲਿਆਂ ਵਿੱਚ ਹਰ ਉਮਰ ਵਰਗ ਦੇ ਲੋਕਾਂ ਵਲੋਂ ਝੂਟੇ ਲਏ ਜਾਂਦੇ ਹਨ।ਉਨਾਂ ਦੱਸਿਆ ਕਿ ਸਮਾਣਾ ਵਿਖੇ ਇਹ ਮੇਲਾ 28 ਸਤੰਬਰ ਤੱਕ ਰਹੇਗਾ ।ਉਨਾਂ ਅੱਗੇ ਦੱਸਿਆ ਕਿ  ਕੋਵਿਡ-19 ਦੇ ਬਚਾਅ ਉਨਾਂ ਵਲੋਂ  ਮੇਲੇ ’ਚ ਆਉਣ ਵਾਲੇ ਲੋਕਾਂ ਨੂੰ ਮੁਫਤ ਮਾਸਕ ਵੰਡੇ ਜਾਂਦੇ ਹਨ  ਤੇ ਹੱਥਾਂ ਨੂੰ ਸੈਨੇਟਾਈਜ਼ ਕਰਾਇਆ ਜਾਂਦਾ ਹੈ।

ਦੋ ਗ਼ਜ਼ਲਾਂ ✍️ਜਸਵਿੰਦਰ ਸ਼ਾਇਰ "ਪਪਰਾਲਾ "

1)

ਮਾਏ ਮੇਰੀ ਰੂਹ ਨਿਮਾਣੀ।
ਭਰਦੀ ਹੈ ਜੋ ਗਮ ਦਾ ਪਾਣੀ ।

ਨੁੱਚੜ ਜਾਂਦਾ ਖੂਨ ਦਿਲ ਦਾ 
ਰਹੇ ਛਲਕਦਾ ਨੈਣਾਂ ਥਾਣੀਂ ।

ਲਗ ਜਾਂਦੀ ਉੱਭੜ-ਚੁਭੜੀ 
ਨਹੀਂ ਸੁਲਝਦੀ    ਉਲਝੀ।

ਆਯਾ ਨਾ ਮਿਰੇ ਦਿਲ ਦਾ ਰਾਜਾ 
ਸੀ ਜੀਹਦੀ ਮੈਂ ਦਿਲ ਦੀ ਰਾਣੀ ।

ਸੋਚਾਂ ਦਾ ਦਿਨ ਖਾਣ ਨੂੰ ਔਂਦਾ 
ਔਖੀਂ ਹੁੰਦੀ ਰਾਤ ਲੰਘਾਣੀ ।

ਪਿੱਛਾ ਕਰਦੀ ਰਹਿੰਦੀ ਮੇਰਾ
"ਸ਼ਾਇਰ " ਦੀ ਆਵਾਜ਼ ਪਛਾਣੀ

 

2)

ਨੈਣੀਂ ਤੇਰੇ ਤਸਵੀਰ ਹੈ ਮੇਰੀ ।
ਤਲੀਆਂ ਤੇ ਤਕਦੀਰ ਹੈ ਮੇਰੀ ।

ਦਿਲ ਲੀਹ ਲੱਗੀ ਜਾਣ ਨਾ ਦਿੰਦੀ 
 ਪੈਰੀਂ ਪਈ ਜ਼ੰਜੀਰ ਹੈ ਮੇਰੀ ।

ਦਿਲ ਦੇ ਅੰਦਰ ਤੇਰੀ ਸੂਰਤ 
ਛਾਤੀ ਦੇਖੀਂ ਚੀਰ ਹੈ ਮੇਰੀ ।

ਤੈਨੂੰ ਛੱਡਣਾ ਸਾਹਾਂ ਵਰਗਾ 
ਪੱਥਰ ਉੱਤੇ ਲਕੀਰ ਹੈ ਮੇਰੀ ।

ਉੱਜੜ ਗਿਆ ਪਾ ਨਾ ਸਕਿਆ 
ਇਸ਼ਕ ਤਾਂ ਟੇਢੀ ਖੀਰ ਹੈ ਮੇਰੀ ।

ਮੁੰਡਿਆਂ ਕੋਲੇ ਰੋਜ਼ ਮੈਂ ਦੱਸਾਂ 
ਔਹ ਜਾਂਦੀ ਹੀਰ ਹੈ ਮੇਰੀ ।

"ਸ਼ਾਇਰ "ਨੂੰ ਆ ਗਲ ਨਾਲ ਲਾ 
ਬੇਨਤੀ ਇਹੋ ਅਖੀਰ ਹੈ ਮੇਰੀ ।

ਜਸਵਿੰਦਰ ਸ਼ਾਇਰ "ਪਪਰਾਲਾ "
9996568220

ਪ੍ਰੈੱਸ ਕਲੱਬ ਮਹਿਲ ਕਲਾਂ ਨੇ ਪੱਤਰਕਾਰ ਕਾਲਾਬੂਲਾ ਦੇ ਇਲਾਜ ਲਈ 10 ਹਜ਼ਾਰ ਰੁਪਏ ਆਰਥਿਕ ਮਦਦ ਦਿੱਤੀ

ਮਹਿਲ ਕਲਾਂ/ ਬਰਨਾਲਾ - 7 ਸਤੰਬਰ- (ਗੁਰਸੇਵਕ ਸਿੰਘ ਸੋਹੀ)- ਉੱਘੇ ਪੱਤਰਕਾਰ, ਸਾਹਿਤਕਾਰ ਰਜਿੰਦਰਜੀਤ ਸਿੰਘ ਕਾਲਾਬੂਲਾ  ਜੋ ਕਿ ਪਿਛਲੇ ਸਮੇਂ ਤੋਂ ਗੁਰਦਿਆ ਦੀ ਨਾਮੁਰਾਦ ਬਿਮਾਰੀ ਤੋਂ ਪੀੜਤ ਹੋਣ ਕਰਕੇ ਜ਼ੇਰੇ ਇਲਾਜ ਹਨ, ਦੇ ਇਲਾਜ ਲਈ ਪ੍ਰੈੱਸ ਕਲੱਬ ਰਜਿ: ਮਹਿਲ ਕਲਾਂ ਵਲੋਂ 10 ਹਜ਼ਾਰ ਰੁਪਏ ਦੀ ਸਹਾਇਤਾ ਰਾਸ਼ੀ ਕਲੱਬ ਦੇ ਚੇਅਰਮੈਨ ਅਵਤਾਰ ਸਿੰਘ ਅਣਖੀ, ਪ੍ਰਧਾਨ ਬਲਵਿੰਦਰ ਸਿੰਘ ਵਜੀਦਕੇ, ਜਨਰਲ ਸਕੱਤਰ ਬਲਜਿੰਦਰ ਸਿੰਘ ਢਿੱਲੋਂ, ਮੇਘ ਰਾਜ ਜ਼ੋਸੀ, ਬਲਵੰਤ ਸਿੰਘ ਚੁਹਾਣਕੇ, ਪ੍ਰਦੀਪ ਸਿੰਘ ਲੋਹਗੜ੍ਹ ਨੇ ਉਨ੍ਹਾਂ ਦੇ ਘਰ ਜਾਕੇ ਕਾਲਾਬੂਲਾ ਨੂੰ ਸੌਂਪੀ। ਪ੍ਰੈੱਸ ਕਲੱਬ ਮਹਿਲ ਕਲਾਂ ਦੇ ਆਗੂਆਂ ਨੇ ਕਿਹਾ ਕਿ ਪੱਤਰਕਾਰ ਕਾਲਾਬੂਲਾ ਨੇ ਪੱਤਰਕਾਰੀ ਦੇ ਖੇਤਰ 'ਚ ਸਾਢੇ ਤਿੰਨ ਦਹਾਕੇ ਦਾ ਲੰਮਾ ਸਮਾਂ ਨਿਸ਼ਕਾਮ, ਸ਼ਾਨਦਾਰ ਸੇਵਾਵਾਂ ਨਿਭਾਕੇ ਨਾਮਣਾ ਖੱਟਿਆ ਪਰ ਅਫਸੋਸ ਦੀ ਗੱਲ ਇਹ ਹੈ ਕਿ ਅੱਜ ਬਿਪਤਾ ਦੀ ਘੜੀ 'ਚ ਉਹ ਆਪਣਾ ਇਲਾਜ ਕਰਵਾਉਣ ਤੋਂ ਵੀ ਅਸਮਰੱਥ ਹੈ। ਉਨ੍ਹਾਂ ਪੰਜਾਬ ਸਰਕਾਰ, ਪ੍ਰਵਾਸੀ ਭਾਰਤੀਆਂ,ਦਾਨੀ ਸੱਜਣਾਂ ਨੂੰ ਪੱਤਰਕਾਰ ਕਾਲਾਬੂਲਾ ਦੇ ਇਲਾਜ ਲਈ ਅੱਗੇ ਆਉਣ ਦੀ ਅਪੀਲ ਕੀਤੀ। ਇਸ ਮੌਕੇ ਸਰਪ੍ਰਸਤ ਪ੍ਰੀਤਮ ਸਿੰਘ ਦਰਦੀ, ਰਮਨਦੀਪ ਸਿੰਘ ਠੁੱਲੀਵਾਲ, ਪ੍ਰਦੀਪ ਸਿੰਘ ਕਰਮਗੜ੍ਹ, ਜਗਸੀਰ ਸਿੰਘ ਧਾਲੀਵਾਲ, ਗੁਰਪ੍ਰੀਤ ਸਿੰਘ ਅਣਖੀ ਜਗਰਾਜ ਸਿੰਘ ਮੂੰਮ, ਸੁਖਵੀਰ ਸਿੰਘ ਜਗਦੇ ਆਦਿ ਹਾਜ਼ਰ ਸਨ।

ਜਨਮ ਦਿਨ ਮੁਬਾਰਕ  

ਬੇਟੀ ਜੈਸਮੀਨ ਮਾਤਾ ਪ੍ਰਵੀਨ ਕੌਰ ਪਿਤਾ ਹਰਦੀਪ ਖ਼ਾਨ ਪਿੰਡ ਰਾਏਸਰ ਬਰਨਾਲਾ ਨੂੰ ਜਨਮ ਦਿੰਦੀਆਂ ਬਹੁਤ ਬਹੁਤ ਮੁਬਾਰਕਾਂ  

 

ਪੱਤਰਕਾਰ ਗੁਰਸੇਵਕ ਸੋਹੀ 

  7347480582

ਪੰਜਾਬੀ ਨੌਜਵਾਨ ਦੀ ਕੈਨੇਡਾ ਚ ਐਕਸੀਡੈਂਟ ਦੌਰਾਨ ਮੌਤ  

ਕਪੂਰੇ ਪਿੰਡ ਦਾ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਸੀ  26 ਸਾਲਾ ਲੜਕਾ ਰਜਿੰਦਰ ਸਿੰਘ ਜੋ ਰੋਜ਼ੀ ਰੋਟੀ ਲਈ ਗਿਆ ਸੀ ਕੈਨੇਡਾ ਦੀ ਧਰਤੀ ਤੇ

 ਅਜੀਤਵਾਲ (ਬਲਵੀਰ ਸਿੰਘ ਬਾਠ)  ਇੱਥੋਂ ਨਜ਼ਦੀਕ ਕਪੂਰੇ ਪਿੰਡ ਦੇ ਨੌਜਵਾਨ 26 ਸਾਲਾ ਲੜਕਾ ਰਜਿੰਦਰ ਸਿੰਘ ਜੋ ਕਿ ਕੈਨੇਡਾ ਦੀ ਧਰਤੀ ਤੇ ਰੋਜ਼ੀ ਰੋਟੀ ਲਈ  ਗਿਆ ਸੀ ਅਚਾਨਕ ਕੈਨੇਡਾ ਦੇ ਇਕ ਐਕਸੀਡੈਂਟ ਦੌਰਾਨ ਰਾਜਿੰਦਰ ਸਿੰਘ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ  ਜਾਣਕਾਰੀ ਦੌਰਾਨ ਪਤਾ ਲੱਗਿਆ ਸਾਬਕਾ ਸਰਪੰਚ ਠਾਕਰ ਸਿੰਘ ਦਾ ਪੋਤਰਾ ਰਜਿੰਦਰ ਸਿੰਘ ਸੰਧੂ ਪਿਤਾ ਆਤਮਾ ਸਿੰਘ ਪਿੰਡ ਕਪੂਰੇ ਜੋ ਕੈਨੇਡਾ ਦੀ ਧਰਤੀ ਤੇ ਆਪਣੀ ਰੋਜ਼ੀ ਰੋਟੀ ਕਮਾਉਣ ਲਈ ਬਿਜ਼ਨੈੱਸ ਪਿਛਲੇ ਸਾਲ ਲਈ ਗਿਆ ਸੀ ਜਿਨ੍ਹਾਂ ਦੀ ਇਕ ਐਕਸੀਡੈਂਟ ਦੌਰਾਨ ਅਚਾਨਕ ਮੌਤ ਹੋ ਜਾਣ ਕਾਰਨ  ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ  ਜਿਨ੍ਹਾਂ ਦਾ ਭੋਗ ਮਿਤੀ ਗਿਆਰਾਂ ਤਰੀਕ ਨੂੰ ਪਿੰਡ ਕਪੂਰੇ ਗੁਰਦੁਆਰਾ ਸਹਿਬ ਵਿਖੇ ਪਾਇਆ ਜਾਵੇਗਾ  ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਸੁਖਜੀਤ ਸਿੰਘ ਕਾਕਾ ਲੋਹਗਡ਼੍ਹ ਐਮਐਲਏ ਧਰਮਕੋਟ ਬੀਬੀ ਪਰਮਜੀਤ ਕਪੂਰੇ ਜ਼ਿਲ੍ਹਾ ਪ੍ਰਧਾਨ ਨੇ ਕਿਹਾ ਕਿ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਉਨ੍ਹਾਂ ਵਾਹਿਗੁਰੂ ਦੇ ਚਰਨਾਂ ਚ ਅਰਦਾਸ ਬੇਨਤੀ ਕੀਤੀ ਕਿ ਵਾਹਿਗੁਰੂ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ
 

 ਬਾਬਾ ਰੋਡੂ ਸਾਹ ਜੀ ਦੇ ਮੇਲੇ ਤੇ "ਧੰਨ ਧੰਨ ਧੰਨ ਬਾਬਾ ਨੰਦ ਸਿੰਘ ਜੀ ਜੀਪ ਯੂਨੀਅਨ"ਵੱਲੋਂ ਪ੍ਰੈੱਸ ਕਲੱਬ ਪੰਜਾਬ ਦੇ ਪ੍ਰਧਾਨ ਰਣਜੀਤ ਸਿੰਘ ਰਾਣਾ ਦਾ ਵਿਸ਼ੇਸ਼ ਸਨਮਾਨ

ਜਗਰਾਉਂ-(ਬਲਵੀਰ ਸਿੰਘ ਬਾਠ)ਧੰਨ ਧੰਨ ਬਾਬਾ ਰੋਡੂ ਸ਼ਾਹ ਜੀ ਦਾ ਮੇਲਾ ਪਿੰਡ ਕਾਉਂਕੇ ਕਲਾਂ ਵਿੱਚ ਬੜੀ ਧੂੰਮ ਧਾਮ ਨਾਲ ਮਨਾਇਆ ਗਿਆ ਇਸ ਮੇਲੇ ਵਿੱਚ ਬਹੁਤ ਸਾਰੇ ਕਲਾਕਾਰਾਂ ਨੇ ਆਪਣੀ ਹਾਜ਼ਰੀ ਲਵਾਈ ਪ੍ਰਬੰਧਕ ਕਮੇਟੀਆਂ ਵੱਲੋਂ ਵੀ ਮੇਲੇ ਵਿੱਚ ਵੱਖ ਵੱਖ ਤਰ੍ਹਾਂ ਦੀਆਂ ਜੁੰਮੇਵਾਰੀਆਂ ਨਭਾਈਆਂ ਇਸ ਤਰ੍ਹਾਂ ਹੀ "ਧੰਨ ਧੰਨ ਬਾਬਾ ਨੰਦ ਸਿੰਘ ਜੀ ਜੀਪ ਯੂਨੀਅਨ" ਦੇ ਪ੍ਰਧਾਨ ਮੱਖਣ ਸਿੰਘ ਸਿੱਧੂ ਦੀ ਅਗਵਾਈ ਹੇਠ ਇਸ ਮੇਲੇ ਵਿੱਚ ਠੰਡੇ ਮਿੱਠੇ ਜਲ ਦੀ ਛਬੀਲ ਅਤੇ ਠੰਢੀ ਲੱਸੀ ਦੀ ਛਬੀਲ ਲਗਾਈ ਗਈ।ਮੱਖਣ ਸਿੰਘ ਸਿੱਧੂ ਨੇ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇਸ ਸੇਵਾ ਵਿੱਚ ਆਪਣਾ ਯੋਗਦਾਨ ਪਾਇਆ ਹੈ ਅਤੇ ਅੱਗੇ ਤੋਂ ਵੀ ਇਹ ਸੇਵਾ ਕਰਦੇ ਰਹਾਂਗੇ ਇਸ ਮੇਲੇ ਵਿੱਚ ਹੀ "ਧੰਨ ਧੰਨ ਬਾਬਾ ਨੰਦ ਸਿੰਘ ਜੀ ਜੀਪ ਯੂਨੀਅਨ "ਵੱਲੋਂ ਪ੍ਰੈੱਸ ਕਲੱਬ ਪੰਜਾਬ ਦੇ ਪ੍ਰਧਾਨ ਪੱਤਰਕਾਰ ਰਣਜੀਤ ਸਿੰਘ ਰਾਣਾ (ਸ਼ੇਖਦੌਲਤ) ਅਤੇ ਪੱਤਰਕਾਰ ਜਸਮੇਲ ਗਾਲਿਬ ਦਾ ਵੀ ਵਿਸ਼ੇਸ਼ ਤੌਰ ਸਨਮਾਨ ਕੀਤਾ ਗਿਆ ਇਸ ਮੌਕੇ ਮੱਖਣ ਸਿੰਘ ਸਿੱਧੂ ਨੇ ਦੂਰੋਂ ਨੇੜੇ ਆਈਆਂ ਸੰਗਤਾਂ ਨੂੰ "ਜੀਓ ਆਇਆ ਆਖਿਆ"ਅਤੇ ਆਪਣੀ ਕਾਮੇਟੀ ਦੇ ਮੈਂਬਰਾਂ ਦਾ ਵੀ ਦਿਲੋਂ ਧੰਨਵਾਦ ਕੀਤਾ ਜਿਨ੍ਹਾਂ ਨੇ ਉਨ੍ਹਾਂ ਨਾਲ ਮੋਢੇ ਨਾਲ ਮੋਢਾ ਜੋੜਿਆਂ।

ਮੈਡੀਕਲ ਪ੍ਰੈਕਟੀਸ਼ਨਰਜ ਐਸੋਸੀਏਸ਼ਨ (ਰਜਿ 295)ਪੰਜਾਬ ਵਲੋਂ ਸੁਖਬੀਰ ਸਿੰਘ  ਬਾਦਲ ਨਾਲ ਮੁਲਾਕਾਤ

ਜਥੇਬੰਦੀ ਦੀਆਂ ਮੰਗਾਂ ਸੰਬੰਧੀ ਹੋਈ ਚਰਚਾ ਅਤੇ ਦਿੱਤਾ ਮੰਗ ਪੱਤਰ

ਮਹਿਲ ਕਲਾਂ/ ਬਰਨਾਲਾ- 7 ਸਤੰਬਰ-   (ਗੁਰਸੇਵਕ ਸਿੰਘ ਸੋਹੀ)- ਮੈਡੀਕਲ  
 ਪ੍ਰੈਕਟੀਸ਼ਨਰਜ ਐਸੋਸੀਏਸ਼ਨ ਪੰਜਾਬ  (ਰਜਿ: 295)  ਦੇ ਸੂਬਾ ਪ੍ਰਧਾਨ ਡਾ. ਰਮੇਸ਼ ਕੁਮਾਰ ਬਾਲੀ ਦੀ ਅਗਵਾਈ ਹੇਠ ਸਰਕਾਰ ਵਿਰੋਧੀ ਸਿਆਸੀ  ਪਾਰਟੀਆਂ  ਦੇ ਆਗੂਆਂ ਨੂੰ ਮੰਗ ਪੱਤਰ ਦੇਣ ਦੇ ਦਿਸਾ ਨਿਰਦੇਸ਼ਾਂ ਤਹਿਤ ਸ੍ਰੋਮਣੀ ਅਕਾਲੀ ਦਲ ਬਾਦਲ  ਦੇ ਪ੍ਰਧਾਨ ਅਤੇ ਸਾਬਕਾ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ ਅਤੇ ਜਥੇਬੰਦੀ ਦੀਆਂ ਮੰਗਾਂ ਸਬੰਧੀ ਮੰਗ ਪੱਤਰ ਦਿੱਤਾ ਗਿਆ।
  ਸੂਬਾ ਕਮੇਟੀ ਦੇ ਮੁੱਖ ਅਹੁਦੇਦਾਰਾਂ ਸੂਬਾ ਪ੍ਰਧਾਨ  ਡਾ ਰਮੇਸ਼ ਕੁਮਾਰ ਜੀ ਬਾਲੀ  ,  ਸੂਬਾ ਜਨਰਲ ਸਕੱਤਰ  ਡਾਕਟਰ ਜਸਵਿੰਦਰ ਕਾਲਖ ,ਸੂਬਾ ਵਿੱਤ ਸਕੱਤਰ  ਡਾ ਮਾਘ ਸਿੰਘ ਮਾਣਕੀ ,ਸੂਬਾ ਆਰਗੇਨਾਈਜ਼ਰ ਸਕੱਤਰ ਡਾ ਦੀਦਾਰ ਸਿੰਘ ਜੀ ਮੁਕਤਸਰ, ਡਾ ਜਗਬੀਰ ਸਿੰਘ ਮਲੋਟ ਮੀਤ ਪ੍ਰਧਾਨ ਪੰਜਾਬ  ਵਲੋਂ  ਮੰਗ ਪੱਤਰ ਦਿੱਤਾ ਗਿਆ । 
  ਸਰਦਾਰ ਸੁਖਬੀਰ ਸਿੰਘ ਜੀ ਬਾਦਲ ਨਾਲ ਲੰਮਾ ਸਮਾਂ ਮੀਟਿੰਗ  ਦੌਰਾਨ ਵਖ ਵਖ ਵਖ ਮੁੱਦਿਆਂ ਤੇ ਗਲਬਾਤ ਕੀਤੀ ਗਈ । ਐਸੋਸੀਏਸ਼ਨ ਵਲੋਂ ਮੰਗ ਰੱਖੀ ਗਈ ਕਿ ਸਾਡਾ ਮਸਲਾ ਆਉਣ ਵਾਲੇ ਵਿਧਾਨ ਸਭਾ ਸੈਸ਼ਨ ਦੌਰਾਨ ਜੋਰਦਾਰ ਤਰੀਕੇ ਨਾਲ ਉਠਾਇਆ ਜਾਵੇ ਅਤੇ ਸਾਡੀਆਂ ਮੰਗਾਂ ਤੁਹਾਡੇ ਆਪਣੇ ਚੌਣ ਮੈਨੀਫੈਸਟੋ ਵਿੱਚ ਦਰਜ ਕੀਤੀਆਂ ਜਾਣ। ਉਹਨਾਂ ਮੌਕੇ ਤੇ ਹੀ ਇਸ ਸਬੰਧੀ  ਆਪਣੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਅਤੇ  ਹਰ ਤਰ੍ਹਾਂ ਦੀ ਮੱਦਦ ਲਈ ਭਰੋਸਾ ਵੀ ਦਿਵਾਇਆ। ਉਨ੍ਹਾਂ ਹੋਰ ਕਿਹਾ ਕਿ ਸਾਡੀ ਸਰਕਾਰ ਆਉਣ ਤੇ ਸਾਰੇ ਜ਼ਿਲ੍ਹਿਆਂ ਵਿਚ ਮੈਡੀਕਲ ਕਾਲਜ ਖੋਲ੍ਹੇ ਜਾਣਗੇ । ਜਿੱਥੇ ਪਿੰਡਾਂ ਵਿੱਚ ਵਸਦੇ ਆਰਐਮਪੀ ਡਾਕਟਰਾਂ ਨੂੰ ਟ੍ਰੇਨਿੰਗ ਦੇ ਕੇ ਕੰਮ ਕਰਨ ਦੇ ਕਾਨੂੰਨੀ ਤੌਰ ਤੇ ਯੋਗ ਬਣਾਇਆ ਜਾਵੇਗਾ।
   ਇਸ ਮੌਕੇ ਡਾ ਸੁਖਵਿੰਦਰ ਸਿੰਘ ਜੀ ਜਿਲ੍ਹਾ ਕੈਸ਼ੀਅਰ ਲੁਧਿਆਣਾ ਅਤੇ ਸਰਦਾਰ ਗੁਰਪ੍ਰੀਤ ਸਿੰਘ ਜੀ ਲਾਪਰਾਂ ਹਲਕਾ ਪਾਇਲ , ਜਿਹਨਾਂ ਦੀ ਕੋਸ਼ਿਸ਼ ਸਦਕਾ ਇਹ ਮੀਟਿੰਗ ਕਰਵਾਈ ਗਈ, ਹਾਜਰ ਸਨ ।
  ਹੋਰਨਾਂ ਤੋਂ ਇਲਾਵਾ ਇਸ ਮੌਕੇ ਡਾ ਹਰਬੰਸ ਸਿੰਘ ਜੀ ਬਸਰਾਓ ਚੀਫ ਕੈਸ਼ੀਅਰ ਬਲਾਕ ਪੱਖੋਵਾਲ, ਜਿਲ੍ਹਾ ਮੁਕਤਸਰ ਸਾਹਿਬ ਦੇ ਮੈਂਬਰ ਡਾ ਬਲਵੀਰ ਸਿੰਘ ਸਚਦੇਵਾ, ਡਾ ਰਿਸੀਕੇਸ ਭੋਲੀ ਬਲਾਕ ਪ੍ਰਧਾਨ, ਡਾ ਕ੍ਰਿਸਨ ਛਾਬੜਾ, ਡਾ ਅਜੇ ਕਾਲੀਆ, ਸਰਬਜੀਤ ਸਿੰਘ ਜੀ ਰਾੜਾ ਸਾਹਿਬ ,ਬਲਵਿੰਦਰ ਸਿੰਘ ਲਹਿਲ, ਰਿੰਮੀ ਜੀ ਘੁਡਾਣੀ ਕਲਾਂ, ਹਰਜਾਪ ਸਿੰਘ ਘੁਡਾਣੀ ਕਲਾਂ ਆਦਿ ਹਾਜਰ ਸਨ।
ਪ੍ਰੈੱਸ ਨੂੰ ਇਹ ਜਾਣਕਾਰੀ ਸੂਬਾ ਪ੍ਰੈੱਸ ਸਕੱਤਰ ਡਾ ਮਿੱਠੂ ਮੁਹੰਮਦ ਮਹਿਲਕਲਾਂ ਨੇ ਦਿੱਤੀ ।