You are here

ਸਾਹਿਤ

ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਪ੍ਰੋ .ਮਨਦੀਪਪਾਲ ਕੌਰ ਧਾਲੀਵਾਲ 

ਪ੍ਰੋ ਮਨਦੀਪ ਪਾਲ ਕੌਰ ਧਾਲੀਵਾਲ ਨੂੰ ਉਨ੍ਹਾਂ ਦੇ ਜਨਮ ਦਿਨ ਉੱਪਰ ਲੇਖਕ ਗਗਨਦੀਪ ਧਾਲੀਵਾਲ ਵੱਲੋਂ  ਕਵਿਤਾ ਰਾਹੀਂ ਅਧਿਆਪਕ ਦੀ ਸਿਰਫ਼ ਅਤੇ ਸੁਨੇਹਾ

ਅਧਿਆਪਕ
ਅਧਿਆਪਕ ਬੜੇ ਹੀ ਪਿਆਰੇ ਹੁੰਦੇ ,
ਇਹ ਤਾਂ ਦੀਪ ਮੁਨਾਰੇ ਹੁੰਦੇ ,
ਅੱਖਰਾਂ ਦੇ ਵਣਜਾਰੇ ਹੁੰਦੇ ,
ਗਿਆਨ ਦੇ ਭੰਡਾਰੇ ਹੁੰਦੇ ।

ਇਹ ਨੈਤਿਕ ਮੁੱਲ ਸਿਖਾਉਂਦੇ ਨੇ ,
ਗਿਆਨ ਦਾ ਦੀਪ ਜਗਾਉਂਦੇ ਨੇ,
ਤਾਹੀਓ ਦਰਜਾ ਗੁਰੂ ਦਾ ਦਿੱਤਾ ,ਵੱਲੋਂ  
ਲੋਹੇ ਤੋਂ ਸੋਨਾ ਬਣਾਉਂਦੇ ਨੇ।

ਮਾਂ-ਬਾਪ ਤੋਂ ਵਧ ਕੇ ਕਰਨ ਪਿਆਰ ,
ਅਸੀਂ ਵੀ ਦੇਈਏ ਬਣਦਾ ਸਤਿਕਾਰ ,
ਪੜਾਈ ਦਾ ਉੱਚਾ ਚੁੱਕਣ ਮਿਆਰ ,
ਚਿਹਰਿਆਂ ‘ਤੇ ਲਿਆਉਣ ਸਦਾ ਬਹਾਰ।

ਅਧਿਆਪਕ ਵਿੱਦਿਆ ਯੰਤਰ-ਮੰਤਰ ,
ਤਾਂ ਜੋ ਪੜੀਏ ਹੋ ਕੇ ਸੁਤੰਤਰਰ ।
ਸਾਨੂੰ ਸਾਡੇ ਫਰਜ ਸਮਝਾਉਂਦੇ ,
‘ਗਗਨ’ ਤਾਹੀਓ ਅਸੀਂ ਅਧਿਆਪਕਾਂ ਨੂੰ ਚਾਹੁੰਦੇ ।
ਗਗਨਦੀਪ ਧਾਲੀਵਾਲ ।

ਕੇਹੀ ਅਜਾਦੀ! ✍️ ਸਲੇਮਪੁਰੀ ਦੀ ਚੂੰਢੀ 

ਕੇਹੀ ਅਜਾਦੀ!
ਕੇਹੀ ਅਜਾਦੀ ਆਈ,
ਕੰਨੋੰ ਬੋਲ੍ਹੀ,
ਅੱਖੋਂ ਕਾਣੀ,
ਪੈਰੋਂ ਲੰਗੜੀ,
ਹੱਥੋਂ ਟੁੰਡੀ,
ਇਸ ਦੀ ਹੈ,
ਬਸ, ਅਜਬ ਕਹਾਣੀ।
ਅਮੀਰਾਂ ਲਈ
 ਬਣ ਗਈ ਪਟਰਾਣੀ!
ਕੇਹੀ ਅਜਾਦੀ ਆਈ?
ਕੇਹੀ ਅਜਾਦੀ ਆਈ!
ਥੋੜ੍ਹਿਆਂ ਲਈ
ਵਰਦਾਨ ਬਣੀ ਆਂ!
ਬਹੁਤਿਆਂ ਲਈ
ਬੇ-ਜਾਨ ਬਣੀ ਆਂ!
ਦੋ ਧਿਰਾਂ ਵਿਚ
ਕੰਧ ਬਣੀ ਆਂ!
ਇੱਕ ਲੋਕਾਂ ਦੀ!
ਇੱਕ ਜੋਕਾਂ ਦੀ!
ਕੇਹੀ ਅਜਾਦੀ ਆਈ!
ਕੇਹੀ ਅਜਾਦੀ ਆਈ?
ਲੂਲੀ ਲੰਗੜੀ!
ਲਕਵਾ ਮਾਰੀ!
ਨਾ ਵਿਆਹੀ,
ਨਾ ਕੁਆਰੀ!
ਹੱਥੋਂ ਟੁੰਡੀ!
ਅੱਖੋਂ ਕਾਣੀ!
ਇਸ ਦੀ ਵੀ
ਬਸ ਅਜੀਬ ਕਹਾਣੀ!
ਮਹਿਲਾਂ ਵਾਲਿਆਂ
ਪਿੰਜਰੇ ਤਾੜੀ!
ਨੋਟਾਂ ਉਪਰ
ਕਰੇ ਸਵਾਰੀ!
ਦੇਸ਼ ਭਗਤਾਂ ਨੂੰ
ਦੰਦ ਚਿੜਾਉਂਦੀ!
ਦੇਸ਼ ਧ੍ਰੋਹੀਆਂ ਦੇ
ਸੋਹਲੇ ਗਾਉਂਦੀ!
ਸੜਕਾਂ ਨਿਗਲੇ ,
ਰੇਤਾ ਖਾਵੇ,
ਖਜਾਨੇ ਨੂੰ ਖੁਦ
ਲੁੱਟੀ ਜਾਵੇ।
ਕੀ ਕੀ ਨਿਗਲੇ,
ਕੀ ਕੁਝ ਛੱਡੇ ?
ਲੁੱਟਣ ਵਾਲੇ
ਚੁੱਕੇ ਫੱਟੇ!
ਕਿਥੇ ਰਹਿੰਦੀ,
ਨਜ਼ਰ ਨਾ ਆਵੇ।
ਥਹੁ-ਪਤਾ ਨਾ,
ਕਿਤੇ ਥਿਆਵੇ!
ਕੇਹੀ ਅਜਾਦੀ ਆਈ?
ਕੇਹੀ ਅਜਾਦੀ ਆਈ!
ਲੀਡਰਾਂ ਦੇ ਨਾਲ
ਗਈ ਵਿਆਹੀ!
ਧਨਾਢਾਂ ਦੀ
ਬਣ ਗਈ ਭਰਜਾਈ!
ਵਾਅਦਿਆਂ ਦੀ ਪੰਡ
ਲੈ ਕੇ ਆਈ!
15 ਅਗਸਤ ਨੂੰ
ਪਾਵੇ ਦੁਹਾਈ!
ਕੇਹੀ ਅਜਾਦੀ ਆਈ!
ਕੇਹੀ ਅਜਾਦੀ ਆਈ!!
-ਸੁਖਦੇਵ ਸਲੇਮਪੁਰੀ
15 ਅਗਸਤ, 2021.

ਚੇਤੇ ਆਉਂਦੇ ਨੇ ਮਾਪੇ ✍️. ਰਮੇਸ਼ ਕੁਮਾਰ ਜਾਨੂੰ

ਮਾਂ ਪਿਓ ਦੇ ਪਿਆਰ ਜਿਹੀ
    ਕਿਤੇ ਛਾਂ ਨਹੀਂ ਲੱਭਣੀ
ਤੇ ਮਾਂ ਪਿਓ ਦੀ ਗੋਦ ਜਿਹੀ
    ਕੋਈ ਥਾਂ ਨਹੀਂ ਲੱਭਣੀ।
ਸਿਰ ਤੇ ਟੁੱਟੇ ਪਹਾੜ ਤਾਂ ਚੇਤੇ ਆਉਂਦੇ ਨੇ ਮਾਪੇ
ਬੱਚਿਆਂ ਲਈ ਤਾਂ ਨਿੱਤ ਹੀ ਖ਼ੁਸ਼ੀਆਂ ਚਾਹੁੰਦੇ ਨੇ ਮਾਪੇ।

ਨਸ਼ਿਆਂ ਦੇ ਵਿੱਚ ਪੈ ਕੇ
    ਦਿੱਤਾ ਰੋਲ ਜਵਾਨੀ ਨੂੰ
ਕੌਡੀਆਂ ਦੇ ਭਾਅ ਦਿੱਤਾ ਏ
    ਤੂੰ ਤੋਲ ਜਵਾਨੀ ਨੂੰ
ਵਿੱਚ ਜਵਾਨੀ ਤੁਰ ਜਾਏ ਪੁੱਤ ਤਾਂ ਰੋਂਦੇ ਨੇ ਮਾਪੇ
ਬੱਚਿਆਂ ਲਈ ਤਾਂ ਨਿੱਤ ਹੀ ਖ਼ੁਸ਼ੀਆਂ ਚਾਹੁੰਦੇ ਨੇ ਮਾਪੇ।

ਘਰ ਵਿੱਚ ਬੈਠੀ ਧੀ ਦੀ ਚਿੰਤਾ
    ਖਾਈ ਜਾਂਦੀ ਏ
ਲਾਡਾਂ ਦੇ ਨਾਲ ਪਾਲੀ ਕਦੋਂ
    ਵਿਆਹੀ ਜਾਂਦੀ ਏ
ਸੋਚਾਂ ਸੋਚਦੇ ਰਹਿੰਦੇ ਕਿੱਥੇ ਸੋਂਦੇ ਨੇ ਮਾਪੇ
ਬੱਚਿਆਂ ਲਈ ਤਾਂ ਨਿੱਤ ਹੀ ਖ਼ੁਸ਼ੀਆਂ ਚਾਹੁੰਦੇ ਨੇ ਮਾਪੇ।

'ਰਮੇਸ਼' ਵੇ ਮਾਪੇ ਹੋਣ ਤਾਂ ਨਇਓਂ
    ਲੋੜ ਹਜ਼ਾਰਾਂ ਦੀ
'ਜਾਨੂੰ' ਤੂੰ ਵੀ ਕੁਝ ਤਾਂ ਕਰ ਲੈ
    ਕਦਰ ਪਿਆਰਾਂ ਦੀ
ਤੁਰ ਜਾਵਣ ਇੱਕ ਵਾਰ ਤਾਂ ਮੁੜ ਨਾ ਆਉਂਦੇ ਨੇ ਮਾਪੇ
ਬੱਚਿਆਂ ਲਈ ਤਾਂ ਨਿੱਤ ਹੀ ਖ਼ੁਸ਼ੀਆਂ ਚਾਹੁੰਦੇ ਨੇ ਮਾਪੇ।
                               
                          ਲੇਖਕ- ਰਮੇਸ਼ ਕੁਮਾਰ ਜਾਨੂੰ
                          ਫੋਨ ਨੰ:-98153-20080

ਖ਼ਾਰਾਂ ✍️. ਸ਼ਿਵਨਾਥ ਦਰਦੀ

ਖ਼ਾਰਾਂ

 ਹੱਕਾਂ ਦੇ ਲਈ ਲੜਨ ਵਾਲੇ ,

ਮੈਂ ਵਿਕਦੇ ਵੇਖੇ ਵਿਚ ਬਜ਼ਾਰਾਂ ,

ਕੁਝ ਵਿਕ ਜਾਂਦੇ , ਕੁਝ ਦਬ ਜਾਂਦੇ 

ਹੇਠ , ਸਮੇਂ ਦੀਆਂ ਸਰਕਾਰਾਂ ।

ਫੋਕੀ ਟੋਹਰ ਜੋਗਾ ਬੰਦਾ ਰਹਿ ਗਿਆ ,

ਲੋਨ ਤੇ ਲੈਂਦਾ ਕੋਠੀਆਂ ਕਾਰਾਂ ।

ਕੁਦਰਤ ਦਾ , ਅੱਜ ਬਣਕੇ ਵੈਰੀ ,

ਮਾਰੇ , ਚਿੜੀਆਂ , ਘੁੱਗੀਆਂ , ਗਟਾਰਾਂ ।

ਗੰਗਾ ਦੇ ਵਿਚ ਸੁੱਟ ਕੇ ਗੰਦ ,

ਪਾਣੀ ਭਾਲਦਾ , ਠੰਡਾ ਮਿੱਠਾ ਠਾਰਾਂ ।

ਕਾਰਖਾਨੇ ਲਾ , ਹਵਾ ਜ਼ਹਿਰੀਲੀ ਕੀਤੀ 

ਪ੍ਰਦੂਸ਼ਣ ਪਾਇਆ , ਆਪਣੇ ਤੇ ਭਾਰਾ ।

ਰੱਬ ਦਾ ਕੋਈ , ਦੋਸ਼ ਨਾ 'ਦਰਦੀ' 

ਬੰਦਾ ਬੰਦੇ ਨਾਲ ਕੱਢਦਾ ਖ਼ਾਰਾਂ ।

           ਸ਼ਿਵਨਾਥ ਦਰਦੀ 

    ਸੰਪਰਕ:- 9855155392

ਬਾਬਾ ਫ਼ਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ ਫ਼ਰੀਦਕੋਟ 

ਨਵੀਂ ਪੀੜੀ ਦਾ ਅੰਤ ✍️. ਡਾ ਮਿੱਠੂ ਮੁਹੰਮਦ ਮਹਿਲ ਕਲਾਂ 

ਨਵੀਂ ਪੀੜੀ ਦਾ ਅੰਤ

ਵਾਟਰ ਕੂਲਰਾਂ ਨਾਲ ਬੰਨੇ ਗਿਲਾਸ,
ਬੈਕਾਂ ਚ ਧਾਗਿਆ ਨਾਲ ਨੂੜੇ ਪੈਨ
ਸਾਡੀ ਇਮਾਨਦਾਰੀ ਦੇ ਮੂੰਹ ਤੇ ਚਪੇੜ ਮਾਰਦੇ ਨੇ

ਮੰਦਰਾਂ ਗੁਰਦੁਆਰਿਆ ਦੇ ਵਿੱਚ ਲੱਗੇ ਸੀਸੀ ਟੀਵੀ ਕੈਮਰੇ ਸਾਡੀ ਸ਼ਰਧਾ ਦਾ ਜਲੂਸ ਕੱਢਦੇ ਨੇ
ਹਰਮਨ ਚੀਮੇ,ਮੁੱਖ ਮੰਤਰੀ ਹੁਰਾਂ ਦੇ ਗੀਤ ਮਾਰਕਿਟ ਵਿੱਚ ਆ ਜਾਣੇ ਤੇ ਚੜ ਜਾਣੇ
ਇਹ ਸਭ ਸਾਡੇ ਚੰਗੇ ਸਰੋਤੇ ਹੋਣ ਦਾ ਭਰਮ ਤੋੜਦੇ ਨੇ
ਪੁਲਾੜਾਂ ਵਿੱਚ ਸੈਟਲਾਇਟ ਭੇਜੇ ਜਾਣ ਤੋ ਪਹਿਲਾਂ ਕੀਤੇ ਹਵਨ,ਭੰਨੇ ਨਾਰੀਅਲ ਸਾਡੇ 21ਵੀਂ ਸਦੀ ਵਿੱਚ ਹੋਣ ਤੇ ਥੁੱਕਦੇ ਨੇ
 

ਤੇ ਬਿਨਾ ਪੇਪਰਾਂ ਤੋਂ ਪਾਸ ਹੁੰਦੇ ਬੱਚੇ
ਸਾਡੀ ਪੀੜੀ ਦਾ ਅੰਤ ਹੈ ਦੋਸਤੋ....

 
ਲੇਖਕ-ਡਾ ਮਿੱਠੂ ਮੁਹੰਮਦ ਮਹਿਲ ਕਲਾਂ 

ਪਜਾਮੀ ਬਨਾਮ ਸਲਵਾਰ! ✍️. ਸਲੇਮਪੁਰੀ ਦੀ ਚੂੰਢੀ

ਪਜਾਮੀ ਬਨਾਮ ਸਲਵਾਰ!
ਬਾਪੂ ਕਹੇ ਪਜਾਮੀ ਚੰਗੀ ,
ਪੁੱਤ ਕਹੇ ਸਲਵਾਰਾਂ!
ਚਾਚਾ ਆਖੇ ਰੁੱਤ ਬਦਲ ਗਈ,
ਨਵੀਂਆਂ ਸਭ ਬਹਾਰਾਂ!
ਕਹੇ ਭਤੀਜਾ ਆਪਾ ਬਦਲੀਏ ,
ਬਦਲ ਗਈਆਂ ਸਰਕਾਰਾਂ!
ਨੁਹਾਰ ਬਦਲਜੂ ਪੋਤਾ ਆਖੇ ,
ਪੜ੍ਹਿਆ ਵਿਚ ਅਖਬਾਰਾਂ !
ਦਾਦਾ ਆਖੇ ਕੁਝ ਨ੍ਹੀਂ ਬਦਲਿਆ,
ਸਾਰੀ ਉਮਰ ਲੰਘਾ ਲਈ ਯਾਰਾਂ!
-ਸੁਖਦੇਵ ਸਲੇਮਪੁਰੀ
09780620233
22 ਜੁਲਾਈ, 2021

 

ਸਾਉਣ ਮਹੀਨਾਂ  ✍️. ਜਸਪ੍ਰੀਤ ਕੌਰ ਭੁੱਲਰ ਜ਼ਿਲ੍ਹਾ : ਬਠਿੰਡਾ

ਸਾਉਣ ਮਹੀਨਾਂ  

ਸਾਉਣ ਮਹੀਨਾਂ ਸਭ ਤੋਂ ਲੱਗਦਾ ਖਾਸ,
ਜਿਸ ਵਿੱਚ ਕਰਦਾ ਹੈ  ਗਿੱਧਾ ਵਾਸ।
ਕਿਧਰੋਂ ਹੀ ਮੀਂਹ ਤੇ ਨ੍ਹੇਰੀ ਆ ਜਾਵੇ,
ਆਉਣ ਤੇ ਮੀਂਹ,  ਮੋਰ ਵੀ ਪੈਲਾਂ ਪਾਵੇ।
ਰੋਟੀ ਨਾਲ ਦਾਲ-ਸਬਜ਼ੀ ਦਾ ਮੇਲ ਜਿੱਦਾਂ,
ਪੰਜਾਬ ਦੇ ਸਭਿਆਚਾਰ ਵਿੱਚ ਉਸ ਤਰ੍ਹਾਂ ਹੈ ਗਿੱਧਾ।
ਪਿੱਪਲਾਂ ਥੱਲੇ ਰੌਣਕਾਂ ਲੱਗਦੀਆਂ,
ਗਿੱਧੇ ਦੇ ਵਿੱਚ ਆਉਣ ਲਈ ਮੁਟਿਆਰਾਂ ਬੜਾ ਹੀ ਸੱਜਦੀਆਂ।
ਸਹੁਰੇ ਘਰ ਤੋਂ ਆਉਣ ਵਿਆਹੀਆਂ ਕੁੜੀਆਂ,
ਕਿੰਨੇ ਸਮੇਂ ਬਾਅਦ ਪੁਰਾਣੀਆਂ ਸਹੇਲੀਆਂ ਨਾਲ ਜੁੜੀਆਂ।
ਸਾਉਣ ਮਹੀਨਿਆਂ! ਤੂੰ ਤਾਂ ਲੱਗੇਂ ਹਰ ਪੰਜਾਬਣ ਨੂੰ ਖਾਸ,
ਜਿਸ ਵਿੱਚ ਰੂਹ ਦੀ ਖੁਰਾਕ  ਕਰਦਾ ਗਿੱਧਾ ਵਾਸ।

 ਜਸਪ੍ਰੀਤ ਕੌਰ ਭੁੱਲਰ ਜ਼ਿਲ੍ਹਾ : ਬਠਿੰਡਾ

*ਨਜ਼ਮ*  ਲੋਕ ✍️. ਕਰਮਜੀਤ ਕੌਰ ਸ.ਸ. ਮਿਸਟਰੈੱਸ

  ਲੋਕ

ਹਰ ਅਵਸਥਾ ਵਿੱਚ ਵਿਚਰਦੇ ਨੇ ਲੋਕ।
ਕਿਤੇ ਦੁੱਖੋਂ ਕਿਤੇ ਸੁੱਖੋਂ,

ਠੋਕਰਾਂ ਖਾ ਕੇ ਸੰਭਲ ਜਾਂਦੇ ਨੇ ਲੋਕ।
  ਪਰ,
ਝੂਠ ਤੋਂ ਸੱਚ, ਸੱਚ ਤੋਂ ਝੂਠ,
ਖੜੇ ਖੜੇ ਬਣਾ ਜਾਂਦੇ ਨੇ ਲੋਕ‌।
ਮੌਸਮ ਬਦਲਣ ਤੇ ਵੀ ਸਮਾਂ ਲੱਗਦੈ;
ਪਰ, 
ਮੌਸਮ ਤੋਂ ਵੀ ਪਹਿਲਾਂ ਬਦਲ ਜਾਂਦੇ ਨੇ ਲੋਕ‌।
ਇੱਥੇ
ਦੂਜਿਆਂ ਸਿਰ ਤੁਹਮਤਾਂ ਦਾ ਛਤਰ ਝੁਲਾ ਕੇ,
ਸੱਚ ਨੂੰ ਬੇਖੋ਼ਫ ਨਿਗਲ਼ ਜਾਂਦੇ ਨੇ ਲੋਕ‌।

      ਕਰਮਜੀਤ ਕੌਰ
      ਸ.ਸ. ਮਿਸਟਰੈੱਸ
    ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ          
      ਸਕੂਲ ਬਰਨਾਲਾ।

ਸਾਉਣ ਮਹੀਨਾ ✍️. ਰਮੇਸ਼ ਕੁਮਾਰ ਜਾਨੂੰ

ਸਾਉਣ ਮਹੀਨਾ

ਪਿਆਰ ਤੇਰੇ ਦੀਆਂ ਮਹਿਕਾਂ ਲੈ ਕੇ 
    ਰੁੱਤ ਸਾਉਣ ਦੀ ਆਈ ਵੇ ਸੱਜਣਾ 
ਮੈਨੂੰ ਤਾਂ ਅੱਜ ਲੱਗਦੀ ਪਈ ਏ
    ਧਰਤ ਵੀ ਸੱਜ-ਵਿਆਹੀ ਵੇ ਸੱਜਣਾ।।

ਫੁੱਲਾਂ ਨਾਲ ਸ਼ਿੰਗਾਰੀ ਵੇਖੋ 
    ਲੱਗਦੀ ਬੜੀ ਪਿਆਰੀ ਵੇਖੋ 
ਕਾਲੀ ਰਾਤ ਦਾ ਟਿੱਕਾ ਲਾ ਕੇ 
    ਨਜ਼ਰੋਂ ਜਰਾ ਬਚਾਈਂ ਵੇ ਸੱਜਣਾ।। 
ਮੈਨੂੰ ਤਾਂ ਅੱਜ ਲੱਗਦੀ ਪਈ ਏ
    ਧਰਤ ਵੀ ਸੱਜ-ਵਿਆਹੀ ਵੇ ਸੱਜਣਾ

ਖੁਸ਼ੀ 'ਚ' ਬੱਦਲ ਗੱਜਦੇ ਪਏ ਨੇ 
    ਜਿਵੇਂ ਢੋਲ ਨਗਾਰੇ ਵੱਜਦੇ ਪਏ ਨੇ 
ਬਿਜਲੀ ਚਮਕੇ ਚਾਨਣ ਹੋਵੇ 
    ਹਰ ਪਾਸੇ ਰੋਣਕ ਛਾਈ ਵੇ ਸੱਜਣਾ।।
ਮੈਨੂੰ ਤਾਂ ਅੱਜ ਲੱਗਦੀ ਪਈ ਏ
    ਧਰਤ ਵੀ ਸੱਜ-ਵਿਆਹੀ ਵੇ ਸੱਜਣਾ

ਹਵਾਵਾਂ ਨੇ ਅੱਜ ਝੱਲੀਆਂ ਪੱਖੀਆਂ 
    ਅਜ਼ਬ ਨਜ਼ਾਰਾ ਵੇਖਿਆ ਅੱਖੀਆਂ 
ਕਿਣ-ਮਿਣ ਹੋਈ ਧਰਤ ਦੀ ਹਿੱਕ ਤੇ 
    ਹੋਰ ਸਗੋਂ ਅੱਗ ਲਾਈ ਵੇ ਸੱਜਣਾ।। 
ਮੈਨੂੰ ਤਾਂ ਅੱਜ ਲੱਗਦੀ ਪਈ ਏ
    ਧਰਤ ਵੀ ਸੱਜ-ਵਿਆਹੀ ਵੇ ਸੱਜਣਾ

ਰਮੇਸ਼ ਵੇ ਆਜਾ ਬੂਟੇ ਲਾਈਏ
    ਜਾਨੂੰ ਏਦਾਂ ਸਾਉਣ ਮਨਾਈਏ 
ਸਰਕਾਰ ਨੇ ਆਪੇ ਰੁੱਖ ਉਹ ਵੱਡੇ 
    ਜਿੱਥੇ ਪਹਿਲਾਂ ਪੀਂਘ ਮੈਂ ਪਾਈ ਵੇ ਸੱਜਣਾ।।
ਮੈਨੂੰ ਤਾਂ ਅੱਜ ਲੱਗਦੀ ਪਈ ਏ
    ਧਰਤ ਵੀ ਸੱਜ-ਵਿਆਹੀ ਵੇ ਸੱਜਣਾ
ਪਿਆਰ ਤੇਰੇ ਦੀਆਂ ਮਹਿਕਾਂ ਲੈ ਕੇ 
    ਰੁੱਤ ਸਾਉਣ ਦੀ ਆਈ ਵੇ ਸੱਜਣਾ ।।

                      ਲੇਖਕ-ਰਮੇਸ਼ ਕੁਮਾਰ ਜਾਨੂੰ 
                    ਫੋਨ ਨੰ:-98153-20080

ਈਦ ਮੁਬਾਰਕ ਆਖਾਂ ਕਿੰਝ ਸੱਜਣਾ

ਈਦ ਮੁਬਾਰਕ ਆਖਾਂ ਕਿੰਝ ਸੱਜਣਾ
-ਈਦ ਮੁਬਾਰਕ ਆਖਾਂ ਤੈਨੂੰ
 ਕਿੰਝ ਸੱਜਣਾ! 
 ਝੂਠੇ ਲਾਰਿਆਂ ਦਿੱਤੀ 
ਜਿੰਦਗੀ ਪਿੰਜ ਸੱਜਣਾ! 
ਭੁੱਖਮਰੀ ਤੇ ਬੇਰੁਜ਼ਗਾਰੀ
 ਕਹਿਰਾਂ ਦੀ! 
ਫੋਕੀ ਸ਼ੋਹਰਤ ਲੱਗਦੀ, 
ਤੇਰੇ ਸ਼ਹਿਰਾਂ ਦੀ! 
 ਥਾਲੀ ਵਿਚੋਂ ਚੁੱਕ ਲਈ 
ਬੁਰਕੀ ਲੋਕਾਂ ਨੇ! 
 ਰੱਤ ਨਿਚੋੜਨ ਲਈ ਬੈਠੀਆਂ, 
ਤੇਰੀਆਂ ਜੋਕਾਂ ਨੇ! 
 ਕੁਰਸੀ ਪਿਆਰੀ ਹੋ ਗਈ, 
ਸਾਡੇ ਨਾਲੋਂ ਵੇ! 
ਧਰਤੀ ਛੱਡ ਕੇ ਗੱਲਾਂ , 
 ਕਰੇਂ ਪਤਾਲੋੰ ਵੇ! 
ਸਾਡੇ ਹੱਕਾਂ ਉੱਤੇ, 
ਪੈਂਦੇ ਡਾਕੇ ਵੇ! 
 ਫਿਰਨ ਕੁਚਲਦੇ ਮੈਨੂੰ 
ਤੇਰੇ ਰਾਖੇ ਵੇ! 
 ਦਾਲ ਕਣਕ ਦੇ ਪਿਛੇ, 
ਬਣੀ ਭਿਖਾਰੀ ਵੇ! 
 ਮਿੱਠੀਆਂ ਮਿੱਠੀਆਂ ਗੱਲਾਂ ਨੇ
 ਮੱਤਮਾਰੀ ਵੇ! 
 ਆਪਣਾ ਰੋਅਬ ਜੰਮਾਵੇੰ, 
ਮੱਲੋਜੋਰੀ ਵੇ।
ਸਮਝੀੰ ਨਾ ਚੁੱਪ ਮੇਰੀ ਨੂੰ 
ਕੰਮਜੋਰੀ ਵੇ! 
ਤੂੰ ਵੀੰ ਜੁੱਗ ਜੁੱਗ ਜੀ ਤੇ 
ਮੈਨੂੰ ਜੀਣ ਦਿਓ! 
 ਰੱਤ ਚੂਸਦਾ ਫਿਰਦੈੰ 
  ਪਾਣੀ ਪੀਣ ਦਿਓ! 
ਈਦ ਮੁਬਾਰਕ ਆਖਾਂ ਤੈਨੂੰ
 ਕਿੰਝ ਸੱਜਣਾ! 
ਤੇਰੇ ਝੂਠੇ ਲਾਰਿਆਂ ਦਿੱਤਾ 
 ਰਿੰਨ੍ਹ ਸੱਜਣਾ! 

-ਸੁਖਦੇਵ ਸਲੇਮਪੁਰੀ 
09780620233

ਮਾਲਕ ਹੀ ਕੁਦਰਤ ✍️. ਰਮੇਸ਼ ਕੁਮਾਰ ਜਾਨੂੰ

ਕੁਦਰਤ,,, ਕੁਦਰਤ  ਹੁੰਦੀ ਏ  
    ਕੁਦਰਤ ਨਾਲ ਹੁੰਦੀਆਂ ਅੜੀਆਂ ਨਾ
ਮੈਂ ਤੱਕਿਆ ਯਾਰ ਦੀ ਕੁਦਰਤ ਨੂੰ
    ਅੱਖਾਂ ਯਾਰ ਦੇ ਨਾਲ ਹੀ ਲੜੀਆਂ ਨਾ
ਹਵਾ ਤੇ ਦਿਸ਼ਾ ਦੇਣੀ ਮਾਲਕ ਨੇ
    ਤੇਰੇ ਚਾੜਿਆਂ ਗੁੱਡੀਆਂ ਚੜ੍ਹੀਆਂ ਨਾ
ਮੱਥੇ ਟੇਕਿਆਂ ਗੱਲ ਨਾ ਬਣਦੀ ਏ
    ਜੇ ਗਿਆਨ ਕਿਤਾਬਾਂ ਪੜ੍ਹੀਆਂ ਨਾ
ਜੋ ਰੂਹਾਂ ਟੱਪ ਦਹਿਲੀਜ਼ ਗਈਆਂ
    ਮੁੜ ਜਿਸਮ ਦੇ ਵਿਹੜੇ ਵੜੀਆਂ ਨਾ
ਜੇ ਪੈਸਾ ਹਰ ਮਸਲੇ ਦਾ ਹੱਲ ਹੁੰਦਾ
    ਫਿਰ ਕਿਤੇ ਵੀ ਹੁੰਦੀਆਂ ਮੜ੍ਹੀਆਂ ਨਾ
ਮੰਗਦਾ ਸਬਰ 'ਰਮੇਸ਼'ਵੇ ਮਾਲਕ ਤੋਂ
    'ਜਾਨੂੰ'ਆਉਂਦੀਆਂ ਔਖੀਆਂ ਘੜੀਆਂ ਨਾ
                          ਲੇਖਕ-ਰਮੇਸ਼ ਕੁਮਾਰ ਜਾਨੂੰ
                        ਫੋਨ ਨੰ:-9815320080

ਤੂੰ ਸੋਹਣਾ ਤੇ ਸੱਚਾ ਦਿਲ ਦਾ ਏਂ ✍️. ਰਮੇਸ਼ ਕੁਮਾਰ ਜਾਨੂੰ

ਤੂੰ ਸੋਹਣਾ ਤੇ ਸੱਚਾ ਦਿਲ ਦਾ ਏਂ
    ਤੇਰੇ ਵਰਗਾ ਹੋਣਾ ਨਹੀਂ ਆਉਂਦਾ
ਕਾਹਨੂੰ ਰੁੱਸ-ਰੁੱਸ ਯਾਰਾ ਬਹਿਨਾ ਏ
    ਸਾਨੂੰ ਰੁੱਸਿਆ ਮਨਾਉਣਾ ਨਹੀਂ ਆਉਂਦਾ ।।
ਸਾਨੂੰ ਪਿਆਰਾ ਸਾਰੇ ਜੱਗ ਤੋਂ ਏਂ
    ਸਾਨੂੰ ਪਿਆਰਾ ਸੱਚੇ ਰੱਬ ਤੋਂ ਏਂ
ਅਸੀਂ ਬੇ-ਅਕਲੇ,ਬੇ-ਸਮਝੇ ਹਾਂ
    ਸਾਨੂੰ ਪਿਆਰ ਜਿਤਾਉਣਾ ਨਹੀਂ ਆਉਂਦਾ
                    ਕਾਹਨੂੰ ਰੁੱਸ-ਰੁੱਸ,,,,,,,,,,।।
ਤੇਰੇ ਬਾਝੋਂ ਨੈਣ ਉਦਾਸੇ ਵੇ
    ਮੈਨੂੰ ਚੰਗੇ ਨਾ ਲੱਗਦੇ ਹਾਸੇ ਵੇ
ਬੈਠੇ ਚੁੱਪ-ਚੁੱਪ ਪੱਥਰ ਹੋ ਗਏ ਹਾਂ
    ਅੱਖੀਆਂ ਨੂੰ ਰੋਣਾ ਨਹੀਂ ਆਉਂਦਾ
                    ਕਾਹਨੂੰ ਰੁੱਸ-ਰੁੱਸ,,,,,,,,,,।।
ਜਿੰਦ ਰਾਹਾਂ ਤੱਕਦੀ ਹਾਰ ਗਈ
    ਤੇਰੀ ਬੇ-ਪ੍ਰਵਾਹੀ ਮਾਰ ਗਈ
ਤੂੰ ਕੀ ਜਾਣੇ ਉਸ ਦਿਨ ਦਾ ਵੇ
    ਅੱਖੀਆਂ ਨੂੰ ਸੌਣਾ ਨਹੀਂ ਆਉਂਦਾ
                    ਕਾਹਨੂੰ ਰੁੱਸ-ਰੁੱਸ,,,,,,,,,,।।
'ਰਮੇਸ਼' ਤੋਂ ਤੇਰੀ ਦੂਰੀ ਵੇ
    'ਜਾਨੂੰ' ਮਰਜੀ ਜਾਂ ਮਜਬੂਰੀ ਏ
ਜਿੱਦ ਕਰਦਾ ਪੁੱਛਦਾ ਨਿੱਤ ਚੰਦਰਾ
    ਸਾਨੂੰ ਦਿਲ ਸਮਝਾਉਣਾ ਨਹੀਂ ਆਉਂਦਾ
                    ਕਾਹਨੂੰ ਰੁੱਸ-ਰੁੱਸ,,,,,,,,,,।।

                     ਲੇਖਕ- ਰਮੇਸ਼ ਕੁਮਾਰ ਜਾਨੂੰ
                   ਫੋਨ ਨੰ:-9815320080

ਸਾਵਣ ਆਇਆ ✍️. ਗਗਨਦੀਪ ਧਾਲੀਵਾਲ ਝਲੂਰ (ਬਰਨਾਲਾ)

 

ਸਾਵਣ ਆਇਆ
ਸਾਵਣ ਆਇਆ, ਸਾਵਣ ਆਇਆ
ਕਾਲੀ ਘਟਾ ਨਾਲ ਲਿਆਇਆ ।
ਸਭ ਨੇ ਆਪਣਾ ਦਿਲ ਪਰਚਾਇਆ,
ਸਾਵਣ ਆਇਆ, ਸਾਵਣ ਆਇਆ ।

ਪੀਂਘਾਂ ਝੂਟਣ ਕੁੜੀਆਂ ਮੁਟਿਆਰਾਂ,
ਹੱਸਣ -ਕੁੱਦਣ ਖਿੜਨ ਗੁਲਜ਼ਾਰਾਂ ।
ਜਦ ਵੀਰ ਸੰਧਾਰਾਂ ਲਿਆਇਆ,
ਸਾਵਣ ਆਇਆ, ਸਾਵਣ ਆਇਆ ।

ਚੁੱਲ੍ਹੇ ‘ਤੇ ਪੱਕਦੇ ਪੂੜੇ ਰਿੱਝੇ ਖੀਰ ,
ਘਰ ਆਜਾ ਪ੍ਰਦੇਸ਼ੀ ਨੂੰ ਉਡੀਕੇ ਹੀਰ।
ਲਾਲ ਸੂਹਾ ਹੱਥ ਮਹਿੰਦੀ ਨਾਲ ਸਜਾਇਆ,
ਸਾਵਣ ਆਇਆ, ਸਾਵਣ ਆਇਆ ।

ਬੱਚੇ ਮੀਂਹ ਵਿੱਚ ਨਹਾਵਣ,
ਡੱਡੂ,ਗੰਡੋਏ ਰੋਲਾ ਪਾਵਣ।
ਗਗਨ ਮਾਰ ਟਪੂਸੀ ਪਾਣੀ ‘ਚ ਨਜ਼ਾਰਾ ਆਇਆ,
ਸਾਵਣ ਆਇਆ ,ਸਾਵਣ ਆਇਆ ।

ਗਗਨਦੀਪ ਧਾਲੀਵਾਲ ਝਲੂਰ ਬਰਨਾਲਾ ।

ਗ਼ਜ਼ਲ

ਓਹ    ਘਰ   ਯਾਰੋ   ਉਜੜ   ਜਾਂਦੇ ,

ਜਿਥੇ  ਪੈਸੇ  ਦੀ ,  ਬਸ   ਗੱਲ   ਹੋਵੇ ,

ਚੁਗਲਖੋਰ, ਜਿਥੇ ਵੜ ਜਾਵਣ ਯਾਰਾਂ  ,

ਉਸ  ਅਖਾੜੇ   ਚ   ਨਾ  ਮੱਲ   ਹੋਵੇ ।

ਏਥੇ ਜ਼ੁਬਾਨ ਇਨਸਾਨਾ  ਦੀ ਹੁੰਦੀ ਹੈ ,

ਨਾ ਪੱਥਰਾਂ ਨਾਲ  ਕੋਈ  ਗੱਲ  ਹੋਵੇ ।

ਗੁਰੂ ਤੱਤੀ ਤਵੀ ਤੇ ਬਹਿ  ਡੋਲੇ  ਨਹੀਂ ,

ਤੈਥੋਂ ਜੇਠ ਦੀ ਦੁਪਹਿਰ ਨਾ ਝੱਲ ਹੋਵੇ।

ਜੋ ਲੋਕ ਹਿੱਤਾਂਂ  ਤੇ  ਨਿੱਤ  ਮਾਰੇ  ਡਾਕੇ ,

ਓਹ  ਸਰਕਾਰ ਅੱਜ ਨਾ  ਕੱਲ੍ਹ  ਹੋਵੇ ।

ਜਿਸ ਕੌਮ ਦੀ ਖੂਨ ਚ  ਗ਼ੈਰਤ  ਨਹੀਂ ,

ਓਹ ਬਿੰਦ ਹੋਵੇ ਨਾ  ਓਹ ਪਲ  ਹੋਵੇ ।

ਦਰਦੀ, ਲੜਦੇ  ਜਿਹੜੇ  ਹੱਕਾਂ  ਲਈ ,

ਨਾਲ  ਓਨਾਂ  ਦੇ  ਹਮੇਸ਼ਾ  ਛੱਲ  ਹੋਵੇ ।

 

 

ਸ਼ਿਵਨਾਥ ਦਰਦੀ

ਸੰਪਰਕ :-9855155392

ਬਾਬਾ ਫ਼ਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ ਫ਼ਰੀਦਕੋਟ

ਮਨ ਕੀ ਬਾਤ ✍️. ਸ਼ਿਵਨਾਥ ਦਰਦੀ

ਮਨ ਕੀ ਬਾਤ

ਤੂੰ ਬਾਹਰ ਕੀ ਲੱਭਦਾ ਫਿਰਦਾ ਏ ,

ਕਦੇ ਅੰਦਰ ਮਾਰ ਤੂੰ ਝਾਤ ,

ਫਿਰ ਉਚੇ ਨੀਵੇਂ ਦੀ ਸਮਝੇਗਾ ,

ਸੱਜਣਾ ਮਨ ਕੀ ਤੂੰ ਬਾਤ ।

ਹੀਰੇ ਸੁੱਟ ਕੇ , ਕੱਚ ਨੂੰ ਚੁੱਕਦਾ ,

 ਵਿਚ ਚੁਰਾਹੇ ਜਾ ਕੇ ਤੂੰ ਰੁੱਕਦਾ ,

ਓਹ ਤੇਰੀ ਮੰਜ਼ਿਲ ਨਹੀਂ ਸੱਜਣਾ ,

ਜਿਥੇ ਕੱਟਦਾ  ਜਾ  ਕੇ  ਰਾਤ ।

ਤੂੰ ਬਾਹਰ ......................

ਪਸ਼ੂਆਂ ਦੇ ਕੰਮ ਆਉਂਦੇ ਹੱਡ ,

ਹਵਸ , ਨਸ਼ਾ ਹੈ , ਮੌਤ ਦੀ ਖੱਡ ,

ਤੇਰੇ ਕੰਮਾਂ  ਨੂੰ  ਯਾਦ  ਕਰਨਗੇ ,

ਨਾ ਪੁੱਛਣੀ , ਕਿਸੇ ਨੇ ਤੇਰੀ ਜਾਤ ।

ਤੂੰ ਬਾਹਰ .......................

ਇਹ ਰਸਤਾ ਹੈ , ਛੋਟਾ ਸੱਜਣਾ ,

ਜਿਉਂ ਨੌਂਹ ਦਾ ਹੋਵੇ , ਪੋਟਾ ਸੱਜਣਾ ,

ਜਿਸ ਦੇਹ ਦਾ ਤੂੰ , ਮਾਣ ਕਰੇਂਦਾ ,

ਓਹ ਮੁੱਠੀ  ਬਣ  ਜਾਣਾ  ਮਾਸ ।

ਤੂੰ ਬਾਹਰ .....................

ਝੂਠ ਦੀ ਲਾਹਦੇ , ਹੁਣ ਤੂੰ ਵਰਦੀ ,

ਸੱਚ ਸੰਗ ਮੈਂ , ਰਹਿੰਦੀ  'ਦਰਦੀ',

ਚੰਗੇ ਕੰਮ ਕਰਨ ਲਈ ਦੋ ਦੋ ਦਿੱਤੇ ,

ਦੋ  ਪੈਰ  ਤੇ  ਦੋ  ਸੋਹਣੇ  ਹਾਥ ।

ਤੂੰ ਬਾਹਰ .........................

                      ਸ਼ਿਵਨਾਥ ਦਰਦੀ

               ਸੰਪਰਕ :-  98551/55392

ਬਾਬਾ ਫ਼ਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ ਫ਼ਰੀਦਕੋਟ 

ਮੇਰੀ ਤਲਵਾਰ ਨੂੰ ਮਿਆਨ ਵਿੱਚ ਰਹਿਣ ਦੇ ✍️. ਰਮੇਸ਼ ਕੁਮਾਰ ਜਾਨੂੰ

ਮੇਰੀ ਤਲਵਾਰ ਨੂੰ ਮਿਆਨ ਵਿੱਚ ਰਹਿਣ ਦੇ 
-------------------------
ਜੇ ਤੂੰ ਸਭ ਜਾਣਦਾ ਏਂ, ਮੈਨੂੰ ਚੁੱਪ ਬਹਿਣ ਦੇ 
      ਮੇਰੀ ਤਲਵਾਰ ਨੂੰ ਮਿਆਨ ਵਿੱਚ ਰਹਿਣ ਦੇ ।।
ਜੁਲਮਾਂ ਦੀ ਹੱਦ ਕਰ,ਭਾਂਵੇਂ ਰੱਜ-ਰੱਜ ਕੇ 
     ਖੋਤੀ ਆਉਣੀ ਬੌਹੜ ਥੱਲੇ,ਜਾਉ ਕਿੱਥੇ ਭੱਜ ਕੇ ।
ਆਉਂਦੇ ਨੇ ਤਰੀਕੇ ਬੜੇ ਸਾਨੂੰ ਹੱਕ ਲੈਣ ਦੇ
     ਮੇਰੀ ਤਲਵਾਰ ਨੂੰ ਮਿਆਨ ਵਿੱਚ ਰਹਿਣ ਦੇ ।।
ਆਪਣੇ ਹੀ ਨੰਹੂ ਅੱਜ,ਤਨ ਜਾਣ ਛਿੱਲਦੇ 
     ਬਿਨਾਂ ਕੁਰਬਾਨੀਆਂ ਤੋਂ,ਹੱਕ ਕਿਉਂ ਨਾ ਮਿਲਦੇ ।
ਸਾਡੇ ਵਿੱਚ ਜਜ਼ਬੇ ਨੇ ਵਾਰ ਤੇਰਾ ਸਹਿਣ ਦੇ 
     ਮੇਰੀ ਤਲਵਾਰ ਨੂੰ ਮਿਆਨ ਵਿੱਚ ਰਹਿਣ ਦੇ ।।
ਬਹਿ ਗਿਆ ਏਂ ਕਾਹਨੂੰ ਬੂਹੇ,ਅਕਲਾਂ ਦੇ ਭੇੜ ਕੇ 
     ਆਇਆ ਜੇ ਸੈਲਾਬ ਲੈਜੂ,ਸਭ ਕੁਝ ਰੇੜ ਕੇ ।
ਠੰਢੀਆਂ ਹਵਾਵਾਂ 'ਚੋਂ' ਤੂਫਾਨ ਉੱਠ ਲੈਣ ਦੇ
      ਮੇਰੀ ਤਲਵਾਰ ਨੂੰ ਮਿਆਨ ਵਿੱਚ ਰਹਿਣ ਦੇ ।।
ਫੇਰ ਕੋਈ ਬਣ ਕੇ,ਭਗਤ ਸਿੰਘ ਉੱਠ ਜੇ
     ਜਾਕੇ ਅਸੈਂਬਲੀ 'ਚ' ਬੰਬ ਹੀ ਨਾ ਸੁੱਟ ਦੇ ।
ਧਿਆਨ ਲਾਕੇ ਬੈਠੇ ਹਾਂ ਧਿਆਨ ਵਿੱਚ ਰਹਿਣ ਦੇ 
     ਮੇਰੀ ਤਲਵਾਰ ਨੂੰ ਮਿਆਨ ਵਿੱਚ ਰਹਿਣ ਦੇ ।।
ਚੜ੍ਹਦੀ ਕਲਾ ਦੇ ਵਿੱਚ,ਰਹਿਣ ਸਦਾ ਹੱਸਦੇ 
     ਗੁਰੂਆਂ ਦੇ ਬੇਟੇ ਨਾ,ਮੈਦਾਨ ਵਿੱਚੋਂ ਭੱਜਦੇ ।
ਆਖਦਾ ਏ ਬਾਗੀ ਜਿਹੜਾ ਬਾਗੀ ਉਹਨੂੰ ਕਹਿਣ ਦੇ
     ਮੇਰੀ ਤਲਵਾਰ ਨੂੰ ਮਿਆਨ ਵਿੱਚ ਰਹਿਣ ਦੇ ।।
ਅਸੀਂ ਸਾਰੇ ਇੱਕ ਜਰਾ,ਗੌਰ ਨਾਲ ਤੱਕ ਓਏ 
     'ਰਮੇਸ਼' ਅਤੇ 'ਜਾਨੂੰ' ਕਦੇ,ਹੋਣੇ ਨਇਓਂ ਵੱਖ ਓਏ ।
ਉੱਚੀਆਂ ਨਾ ਕਰ ਕੰਧਾਂ ਵੈਰਾਂ ਦੀਆਂ ਢਹਿਣ ਦੇ 
     ਮੇਰੀ ਤਲਵਾਰ ਨੂੰ ਮਿਆਨ ਵਿੱਚ ਰਹਿਣ ਦੇ ।।
                             ਲੇਖਕ-ਰਮੇਸ਼ ਕੁਮਾਰ ਜਾਨੂੰ 
                           ਫੋਨ ਨੰ:-98153-20080

ਚੰਨ ਬਣ ਗਿਆ ✍️. ਸ਼ਿਵਨਾਥ ਦਰਦੀ

ਚੰਨ ਬਣ ਗਿਆ

ਕੀਹਦੀ ਯਾਦ ਚ ਰੋਵੇਂ ਅੜੀਏ ,
ਕੀਹਦੇ ਖ਼ਤ ਫਰੋਲ ਰਹੀ ,
ਓਹ ਤਾਂ , ਅੜੀਏ ਚੰਨ ਬਣ ਗਿਆ ,
ਕਿਓਂ ਤੂੰ , ਜ਼ਿੰਦਗੀ ਰੋਲ ਰਹੀ ।
ਓਹ ਤਾਂ , ਬੁੱਤ ਹੈ , ਲੀਰਾਂ ਦਾ ,
ਜਿਨੂੰ ਮਾਲਕ ਸਮਝੇ , ਤਕਦੀਰਾਂ ਦਾ ,
ਆਪਣੇ ਆਪ ਨੂੰ ਸਾਂਭ ,
ਕਿਓਂ ਬਿਰਹੋਂ ਦੀ ਤੱਕੜੀ ਤੋਲ ਰਹੀ ।
ਓਹ ਤਾਂ ,ਅੜੀਏ ..................
ਏਥੇ ਪਲ ਭਰ ਵਿਚ ਤੋੜ ਦਿੰਦੇ ,
ਏਥੇ ਅੱਧ ਰਾਹਾਂ ਵਿਚ ਛੋੜ ਦਿੰਦੇ ,
ਸਭ ਝੂਠੇ ਵਾਅਦੇ ਕਸਮਾਂ ਨੇ ,
ਤੂੰ ਪਾਕ ਪਵਿੱਤਰ ਬੋਲ ਰਹੀ ।
ਓਹ ਤਾਂ ਅੜੀਏ ........................
ਸੌਦੇ ਹੁੰਦੇ , ਏਥੇ ਰਾਤਾਂ ਨੂੰ ,
ਸਭ ਭੁੱਲ ਜਾਂਦੇ ਪ੍ਰਭਾਤਾ ਨੂੰ ,
ਰੋਜ ਮੰਡੀ ਲੱਗਦੀ ਜਿਸਮਾਂ ਦੀ ,
'ਦਰਦੀ' ਕੋਲ ਭੇਦ ਖੋਲ ਰਹੀ ।
ਓਹ ਤਾਂ ਅੜੀਏ .......................
 

 

ਡੂੰਘੇ ਜਜ਼ਬਾਤ ✍️. ਇੰਦਰ ਸਰਾਂ (ਫ਼ਰੀਦਕੋਟ)

ਡੂੰਘੇ ਜਜ਼ਬਾਤ
 
ਦਿਲ ਦੇ ਡੂੰਘੇ ਜਜ਼ਬਾਤ ਜੋ ਮੈਂ
ਇਨ੍ਹਾਂ ਕਾਗਜ਼ਾਂ ਉੱਤੇ ਉਕੇਰੇ ਨੇ
ਜੋ ਸ਼ਬਦ ਬਣ ਬਣ ਉੱਭਰੇ ਨੇ
ਕੁਝ ਤੇਰੇ ਨੇ ਤੇ ਕੁਝ ਮੇਰੇ ਨੇ

ਤੂੰ ਤਾਂ ਸ਼ਾਇਦ ਭੁੱਲ ਗਿਆ ਏਂ
ਪਰ ਦਿਲ 'ਚ ਤੇਰੇ ਹੀ ਡੇਰੇ ਨੇ
ਤੈਨੂੰ ਰਤਾ ਹੁਣ ਫ਼ਰਕ ਨਾ ਪੈਣਾ
ਮੈਨੂੰ ਤੇਰੇ ਹੀ ਖ਼ਿਆਲ ਚੁਫ਼ੇਰੇ ਨੇ

ਕਦੇ ਪੁੱਛ ਦੇਖੀਂ ਤਨਹਾਈਆਂ ਨੂੰ
ਤੰਗ ਕਰਦੇ ਜੋ ਫ਼ਿਕਰ ਬਥੇਰੇ ਨੇ
ਤੇਰੀ ਖੁਸ਼ੀ ਖ਼ਾਤਿਰ ਬਰਬਾਦ ਹੋਏ
ਦੇਖ ਸਾਡੇ ਵੀ ਤਾਂ ਕਿੱਡੇ ਜ਼ੇਰੇ ਨੇ

ਦਿਲ ਤੈਨੂੰ ਕਰਦਾ ਰਹਿਣਾ ਯਾਦ
ਸੁਪਨਿਆਂ 'ਚ ਵੀ ਤੇਰੇ ਚਿਹਰੇ ਨੇ
ਇਹ ਨਾ ਸੋਚੀਂ ਕਦੇ ਫ਼ੇਰ ਮਿਲਾਂਗੇ
'ਇੰਦਰ' ਜ਼ਿੰਦਗੀ ਦੇ ਪੰਧ ਲਮੇਰੇ ਨੇ

ਨਗਮੇ ✍️. ਤਰਵਿੰਦਰ ਕੌਰ ਝੰਡੋਕ

ਪਿਆਰ ਦੇ ਪੈਗਾਮ ਲਿਖ,

ਕਿਹਨੂੰ ਪੜ੍ਹਾਵਾਂ ਮੈਂ,

ਦਿਲ ਦੀ ਧੜਕਣ ਰੋਕ,

ਲਫ਼ਜ਼ ਕਿਹਨੂੰ ਸੁਣਾਵਾਂ ਮੈਂ, 

ਬਾਰ ਬਾਰ ਚੇਤੇ ਆਉਂਦੇ,

ਸੁਪਨੇ ਗਿਣਾਂਵਾ ਮੈਂ 

ਦਿਲ ਦੀ ਗੱਲ ਤਰਵਿੰਦਰ ,

ਕਿਹਨੂੰ ਸਮਝਾਵਾਂ ਮੈਂ,

ਪਿਆਰ ਦੇ ਨਗਮਿਆਂ ਨੂੰ ,

ਕਿਹਦੇ ਹੱਥ ਫੜਾਂਵਾ ਮੈਂ

ਪੰਜਾਬ ਦੇ ਯੋਧੇ ✍️. ਰਮੇਸ਼ ਕੁਮਾਰ ਜਾਨੂੰ

ਪੰਜਾਬ ਦੇ ਯੋਧੇ

ਹਾਰ ਨਾਲੋਂ ਮੌਤ ਚੰਗੀ,ਸਿਰ ਨਾ ਝੁਕਾ ਦਿਓ 
    ਪੰਜਾਬ ਦਿਓ ਯੋਧਿਓ,ਫਤਿਹ ਹੀ ਬੁਲਾ ਦਿਓ ।।
ਇੱਕ ਪਾਸੇ ਹਾਕਮ ਤੇ ਦੂਜੇ ਪਾਸੇ ਹੱਕ ਏ
    ਦੇਸ਼ ਨੇ ਟਕਾਈ ਅੱਜ ਦਿੱਲੀ ਉੱਤੇ ਅੱਖ ਏ 
ਜਿੱਤ ਦੀ ਕਹਾਣੀ ਜਰਾ ਫੇਰ ਦੁਹਰਾ ਦਿਓ 
    ਪੰਜਾਬ ਦਿਓ ਯੋਧਿਓ,ਫਤਿਹ ਹੀ ਬੁਲਾ ਦਿਓ ।।
ਲੱਭਣਾ ਏ ਹੱਲ ਹਰ ਉਲਝੀ ਪਹੇਲੀ ਦਾ 
    ਕਰਨਾ ਹਿਸਾਬ ਨਾਲੇ ਅੱਜ ਗੰਗੂ ਤੇਲੀ ਦਾ 
ਗੱਲਾਂ ਵਿੱਚ ਆਕੇ ਸਮਾਂ ਹੱਥੋਂ ਨਾ ਗਵਾ ਦਿਓ
    ਪੰਜਾਬ ਦਿਓ ਯੋਧਿਓ,ਫਤਿਹ ਹੀ ਬੁਲਾ ਦਿਓ ।।
ਸ਼ਾਨ ਉੱਚੀ ਰੱਖ ਲਇਓ ਸਿਰ ਵਾਲੀ ਪੱਗ ਦੀ 
    ਅੱਖਾਂ ਵਿੱਚੋਂ ਲਾਟ ਲੱਭੇ ਸੀਨੇ ਵਾਲੀ ਅੱਗ ਦੀ 
ਅੱਣਖਾਂ ਦਾ ਡੰਕਾ ਜਰਾ ਜੋਰ ਦੀ ਵੱਜਾ ਦਿਓ 
    ਪੰਜਾਬ ਦਿਓ ਯੋਧਿਓ,ਫਤਿਹ ਹੀ ਬੁਲਾ ਦਿਓ ।।
ਤਲਵਾਰ ਨੂੰ ਵੀ ਲੋੜ ਨਇਓਂ ਕਿਸੇ ਵੀ ਮਿਆਨ ਦੀ 
    ਦੇਸ਼ ਨੂੰ ਵੀ ਲੋੜ ਨਇਓਂ ਹਾਕਮ ਸ਼ੈਤਾਨ ਦੀ 
ਨਵਾਂ ਇੱਕ ਹੋਰ ਇਤਿਹਾਸ ਹੀ ਬਣਾ ਦਿਓ 
    ਪੰਜਾਬ ਦਿਓ ਯੋਧਿਓ,ਫਤਿਹ ਹੀ ਬੁਲਾ ਦਿਓ ।।
ਰੱਖ ਲਿਓ ਲਾਜ਼ ਤੁਸੀਂ ਖੰਡੇ ਵਾਲੀ ਧਾਰ ਦੀ 
    ਪੜ੍ਹੋ ਅੱਜ ਲੋੜ ਹੈ ਜੀ ਚੰਡੀ ਵਾਲੀ ਵਾਰ ਦੀ 
ਪੁਰਖਾਂ ਦੇ ਮੱਥੇ ਉੱਤੇ ਕਾਲਖ ਨਾ ਲਾ ਦਿਓ 
    ਪੰਜਾਬ ਦਿਓ ਯੋਧਿਓ,ਫਤਿਹ ਹੀ ਬੁਲਾ ਦਿਓ ।।
ਫਾਂਸੀਆਂ ਦਾ ਦੌਰ ਕਿਤੇ ਫੇਰ ਆਇਆ ਘੁੰਮ ਕੇ 
    ਪਾਊਗਾ 'ਰਮੇਸ਼ ਜਾਨੂੰ' ਗਲ ਰੱਸਾ ਚੁੰਮ ਕੇ 
ਨਾਮ ਦਾਨ ਮੈਨੂੰ ਵੀ ਸ਼ਹੀਦਾਂ ਦਾ ਦਵਾ ਦਿਓ 
    ਪੰਜਾਬ ਦਿਓ ਯੋਧਿਓ,ਫਤਿਹ ਹੀ ਬੁਲਾ ਦਿਓ ।।