ਸਾਹਿਤ

ਕੁੜੀਆਂ

ਤੱਕਿਆ ਹੋ ਨੇੜ ਤੇਰੇ ਦੁੱਖ ਹਜ਼ਾਰਾਂ ਨੇ,

ਹਰ ਪਾਸੇ ਤੋਂ ਪਈਆਂ ਤੈਨੂੰ ਤੇ ਮਾਰਾਂ ਨੇ। 

 

ਜਦੋਂ ਜੰਮੀ ਤਾਂ ਕਹਿ ਕੇ ਪੱਥਰ ਬੁਲਾਇਆ,

ਰੋਂਦੀ ਨੂੰ ਚੁੱਕ, ਕਿਸੇ ਸੀਨੇ ਨਾਂ ਲਾਇਆ। 

 

ਨਾਂ ਪੜ੍ਹਨੋਂ ਹਟਾਈ ਗ਼ਰੀਬੀ ਦੇ ਕਰਕੇ,

ਰੰਗੋਂ ਸੁਨੱਖੀ ਇਸੇ ਗੱਲੋਂ ਡਰਕੇ।

 

ਫੁੱਲ ਜਦ ਆਪਣੀ ਮਹਿਕ ਨਾਲ ਮਹਿਕੇ,

ਪਾਪੀ ਭੌਰਾ ਆ ਫਿਰ ਟਹਿਕੇ।

 

ਸਭ ਭੁੱਲੀ ਤੂੰ ਖੇਡਾਂ, ਗੁੱਡੀਆਂ-ਪਟੋਲੇ,

ਸਾਹਮਣੇ ਹੱਸੀ, ਰੋਈ ਹੋ ਓਹਲੇ।

 

ਮਨਚੱਲੇਆਂ ਦਾ ਰੋਜ਼ ਹੀ ਰਾਹਾਂ 'ਚ ਆਉਣਾ,

ਮਾਰ ਕੇ ਸੀਟੀ ਤੈਨੂੰ ਬੁਲਾਉਣਾ। 

 

ਕੀਤੀ ਜੇ ਨਾਂਹ ਤੇਜ਼ਾਬਾਂ ਦੇ ਹਮਲੇ,

ਹਾਂ ਦਾ ਹੁੰਗਾਰਾ ਤਾਂ ਰੋਲਤੇ ਸ਼ਮਲੇ। 

 

ਤੂੰ ਕੱਲੀ ਨੀ ਦੁੱਖੀ, ਦੁੱਖੀ ਸਭ ਨਾਰਾਂ ਨੇ,

ਘੇਰੀ ਆ ਹਿਰਨੀ ਸ਼ੇਰਾਂ ਹਜ਼ਾਰਾਂ ਨੇ। 

 

ਹਿੰਮਤ ਨਾ ਹਾਰੀਂ ਤੂੰ ਦੁਰਗਾ, ਤੂੰ ਕਾਲੀ ਏ,

ਫੁੱਲ ਰੂਪੀ ਸੰਸਾਰ ਦੀ ਤੂੰ ਹੀ ਤੇ ਮਾਲੀ ਏ। 

 

ਇਹ ਕੁੜੀਆਂ ਨੇ ਕੁੜੀਆਂ,

ਨਾ ਚਿੜੀਆਂ ਦੀਆਂ ਡਾਰਾਂ ਨੇ। 

 

ਤੱਕਿਆ ਹੋ ਨੇੜ ਤੇਰੇ ਦੁੱਖ ਹਜ਼ਾਰਾਂ ਨੇ,

ਹਰ ਪਾਸੇ ਤੋਂ ਪਈਆਂ ਤੈਨੂੰ ਤੇ ਮਾਰਾਂ ਨੇ। 

 

ਹਰਪ੍ਰੀਤ ਸਿੰਘ ਅਖਾੜਾ

ਮੋ. 85286-64887

ਅਧਿਆਪਕ ਦਿਵਸ ਨੂੰ ਸਮਰਪਿਤ 

ਉਹ ਮੇਰਾ ਅਧਿਆਪਕ ਹੋਵੇ 

ਇਕੱਲੇ ਰੱਬ ਫਰਿਸ਼ਤਾ ਕੋਈ ਜਿਸਦੀ ਵਧੀਆ ਆਦਤ ਹੋਵੇ ਉਹ ਮੇਰਾ ਅਧਿਆਪਕ ਹੋਵੇ ਦੇਖਣ ਵਿੱਚ ਭਾਵੇਂ ਦੇਸੀ ਹੋਵੇ ਮੇਰੇ ਹਰ ਇੱਕ ਗ਼ਲਤੀ ਫੜ ਲਏ ਜਿਵੇਂ ਉਹ ਮੇਰਾ ਭੇਤੀ ਹੋਵੇ ਸੱਚੇ ਸ਼ਬਦ ਪੜ੍ਹਾਈ ਵਾਲੇ ਸੁੱਚੇ ਮੋਤੀ ਵਾਂਗ ਹੋਵੇ

ਉਹ ਮੇਰਾ ਅਧਿਆਪਕ ਹੋਵੇ

ਜਮਾਤ ਦਾ ਪੂਰਾ ਵਾਲੀ ਹੋਵੇ , ਜਿਵੇਂ ਬਾਗ ਦਾ ਮਾਲੀ ਹੋਵੇ ਵਿੱਦਿਆ ਦੀ ਉਹ ਭੇਦ ਚੜ੍ਹਾਵੇ ਸਭ ਦੇ ਮੂੰਹ ਤੇ ਲਾਲੀ ਹੋਵੇ ਉਸ ਦਾ ਹੱਸਦਾ ਚਿਹਰਾ ਤੱਕ ਕੇ ਹਰ ਬੱਚਾ ਉਹਦੇ ਪਿਆਰ ਚ ਹੋਵੇ 

ਉਹ ਮੇਰਾ ਅਧਿਆਪਕ ਹੋਵੇ

ਰੱਖੇ ਖ਼ੁਸ਼ ਖ਼ੁਸ਼ ਰਹਿੰਦਾ ਹੋਵੇ ਕਦੇ ਨਾ ਭੱਜ ਕੇ ਪੈਂਦਾ ਹੋਵੇ ਤੁਹਾਡੀ ਮੈਂ ਤਕਦੀਰ ਬਦਲ ਦੂ ਸੱਚੇ ਮਨ ਨਾਲ ਕਹਿੰਦਾ ਹੋਵੇ ਮੇਰੇ ਮਨ ਦੀ ਮੈਲ ਭੋਲਾ ਦੇ ਜਿਉਂ ਧੋਬੀ ਕੱਪੜੇ ਨੂੰ ਧੋਵੇ

 ਉਹ ਮੇਰਾ ਅਧਿਆਪਕ ਹੋਵੇ

 

ਪ੍ਰਿੰਸੀਪਲ ਸੁੱਚਾ ਸਿੰਘ ਤਲਵਾੜਾ

ਬਾਪੂ ✍️ਰਜਨੀਸ਼ ਗਰਗ

ਤੂੰ ਬਹੁਤ ਕੁਝ ਸਮਝਾਇਆ ਬਾਪੂ 

ਗੱਲ ਇੱਕ ਹੋਰ ਮੈਨੂੰ ਸਮਝਾ ਦੇ

ਚੁੱਪ ਚਪੀਤੇ ਦੁੱਖ ਸੁੱਖ ਸਹਿ ਕੇ

ਕਿੱਦਾ ਸਾਂਭ ਲੈਣਾ ਤੂੰ ਘਰ 

ਉਹ ਵੀ ਅੱਜ ਸਿਖਾ ਦੇ

 

ਮੰਗਦਾ ਹਾਂ ਜੋ ਵੀ ਕੁਝ 

ਝੱਟ ਹਾਜ਼ਿਰ ਕਰ ਦਿੰਨਾ

ਜਿਹੜੀ ਕੋਲ ਤੇਰੇ ਰੱਖੀ

ਅੱਜ ਛੜੀ ਜਾਦੂ ਵਾਲੀ ਦਵਾ ਦੇ

ਕਿੱਦਾ ਸਾਂਭ ਲੈਣਾ ਏਹ ਸਭ

ਉਹ ਵੀ ਅੱਜ ਸਿਖਾ ਦੇ

 

ਬਿਨ ਸਿਹਤ ਦਾ ਖਿਆਲ ਰੱਖੇ

ਤੂੰ ਖਿਆਲ ਰੱਖਦਾ ਸਾਡਾ ਸਭ ਦਾ

ਕਿਵੇ ਕਰ ਲੈਣਾ ਏਹ Manage

ਉਹ ਵੀ ਮੈਨੂੰ ਦਿਖਾ ਦੇ

ਕਿੱਦਾ ਸਾਂਭ ਲੈਣਾ ਏਹ ਸਭ

ਉਹ ਵੀ ਅੱਜ ਸਿਖਾ ਦੇ

 

ਥੱਕਿਆ ਹੋਵੇ ਜਿੰਨਾ ਮਰਜੀ

ਕਰਦਾ ਕੋਈ ਪਰਵਾਹ ਨਹੀ

ਸੁਬਹ ਤੂੰ ਕਿਵੇ ਚਲਾ ਜਾਣਾ ਕੰਮ ਤੇ

ਏਹ ਚੰਗੀ ਆਦਤ ਮੈਨੂੰ ਵੀ ਪਾ ਦੇ

ਕਿੱਦਾ ਸਾਂਭ ਲੈਣਾ ਤੂੰ ਸਭ ਏਹ

ਉਹ ਵੀ ਮੈਨੂੰ ਅੱਜ ਸਿਖਾ ਦੇ

 

ਕਦੇ ਰੋਇਆ ਨੀ ਸਾਹਮਣੇ ਸਾਡੇ

ਕਿਵੇ ਏਢਾ ਤੇਰਾ ਜੇਰਾ ਉਹ ਵੀ ਅੱਜ ਦਿਖਾ ਦੇ

ਕਿੱਦਾ ਸਾਂਭ ਲੈਣਾ ਏਹ ਸਭ

ਉਹ ਵੀ ਮੈਨੂੰ ਸਿਖਾ ਦੇ

ਬਹੁਤ ਕੁਝ ਸਮਝਾਇਆ

ਗੱਲ ਏਹ ਵੀ ਅੱਜ ਸਮਝਾ ਦੇ

 

  ਲਿਖਤ✍️ਰਜਨੀਸ਼ ਗਰਗ(90412-50087)

       ਫ਼ਾਇਨਾਂਸ ਕੈਸ਼ੀਅਰ

ਬਚਪਨ ✍️ਰਜਨੀਸ਼ ਗਰਗ

ਬਚਪਨ

ਹੁੰਦਾ ਸੀ ਅਮੀਰ ਮੈ

ਭਾਂਵੇ ਜੇਬ ਮੇਰੀ ਖਾਲੀ ਸੀ

ਗੱਲ ਕਰਦਾ ਉਦੋ ਦੀ 

ਜਦ ਮੱਤ ਜਵਾਕਾ ਵਾਲੀ ਸੀ

 

ਫਿਕਰ ਨਾ ਕੋਈ ਚਿੰਤਾ ਸੀ

ਬੇਫਿਕਰੀ ਜਿੰਦਗੀ ਜਿਉਦਾ ਸੀ

ਮਿਹਨਤ ਕਮਾਈ ਤੋ ਕੋਹਾਂ ਦੂਰ

ਸਾਰਾ ਦਿਨ ਢੋਲੇ ਦੀਆਂ ਲਾਉਦਾ ਸੀ

 

ਉਧਾਰ ਨਕਦ ਦਾ ਕੁਝ ਪਤਾ ਨਹੀ ਸੀ

ਮਿਲ ਜਾਂਦਾ ਜੋ ਚਾਹੁੰਦਾ ਸੀ

ਝੱਟ-ਪੱਟ ਹਾਜ਼ਰ ਹੋ ਜਾਦਾ

ਜਦ ਝੂਠਾ ਮੂਠਾ ਰੌਦਾਂ ਸੀ

 

ਖਾਣਾ-ਪੀਣਾ, ਖੇਡਣਾ , ਸੌਣਾ

ਫਿਲਮੀ ਜਾ ਕੋਈ ਸੀਨ ਸੀ 

ਪੈਸਿਆ ਦੀ ਕੋਈ ਚਿੰਤਾ ਨਹੀ ਸੀ 

ਮੇਰਾ ਡੈਡੀ ਹੀ ਏਟੀਐਮ ਮਸ਼ੀਨ ਸੀ 

 

ਰੁੱਸ ਜਾਦਾ ਸੀ ਜਦ ਕਿਤੇ ਮੈਂ

ਮਾਂ ਝੱਟ ਮਨਾ ਲੈਦੀ ਸੀ 

ਜਾਦੂ ਸੀ ਉਹਦੇ ਬੋਲਾ ਵਿੱਚ

ਜਦ ਮੈਨੂੰ ਮੇਰਾ ਕਾਕੂ ਕਹਿੰਦੀ ਸੀ 

 

ਵੱਡਾ ਹੋਇਆ ਵੱਧਣ ਦੁੱਖ-ਦਰਦ ਲੱਗੇ

ਜਿੰਦਗੀ ਮੇਰੇ ਕਈ ਵਹਿਮ ਕੱਢ ਗਈ

ਲੋੜ ਸੀ ਜਦ ਮੈਨੂੰ ਤੇਰੀ ਜਿਆਦਾ 

ਉਦੋ ਮਾਂਏ ਤੂੰ ਵੀ ਹੱਥ ਛੱਡ ਗਈ

 

ਲਿਖਤ✍️ਰਜਨੀਸ਼ ਗਰਗ(90412-50087)

     ਐਸ.ਐਮ.ਫ਼ਾਇਨਾਂਸ ਕੈਸੀਅਰ

ਨੰਦੋ ਬਾਜ਼ੀਗਰਨੀ ✍️  ਗੁਰਭਜਨ ਗਿੱਲ

ਨੰਦੋ ਬਾਜ਼ੀਗਰਨੀ

ਸੂਈਆਂ , ਕੰਧੂਈਆਂ, 

ਚਰਮਖ਼ਾਂ ਦਾ ਹੋਕਾ ਦਿੰਦੀ 

ਬਾਜ਼ੀਗਰਨੀ ਨੰਦੋ

ਹੁਣ ਸਾਡੇ ਪਿੰਡ ਦੀਆਂ ਗਲੀਆਂ ‘ ਚ 

ਕਦੇ ਨਹੀਂ ਆਉਂਦੀ। 

ਸ਼ਾਇਦ ਮਰ ਖਪ ਗਈ ਹੈ। 

ਨਿੱਕੀਆਂ ਕੁੜੀਆਂ ਦੇ ਨੱਕ ਕੰਨ ਵਿੰਨ੍ਹਦੀ

ਵਿੱਚ ਬਹੁਕਰ ਦੀ ਸੁੱਚੀ ਤੀਲ੍ਹ ਪਰੋ ਦਿੰਦੀ। 

ਆਖਦੀ, 

ਸਰ੍ਹੋਂ ਦੇ ਤੇਲ ਵਿੱਚ ਹਲਦੀ ਮਿਲਾ ਕੇ 

ਲਾਈ ਜਾਇਉ। 

ਅਗਲੀ ਵਾਰ ਆਉਂਦੀ ਤਾਂ 

ਪਿੱਤਲ ਦੇ ਕੋਕੇ, ਮੁਰਕੀਆਂ 

ਕੰਨੀਂ ਪਾ ਆਖਦੀ

ਚਲੋ ਬਈ, 

ਧੀ ਮੁਟਿਆਰ ਹੋ ਗਈ। 

 

ਨੰਦੋ ਔਰਤਾਂ ਦੀ ਅੱਧੀ ਵੈਦ ਸੀ। 

ਪੇਟ ਦੁਖਦੇ ਤੋਂ ਚੂਰਨ

ਅੱਖ ਆਈ ਤੇ ਸੁਰਮਚੂ ਫੇਰਦੀ। 

ਖਰਲ ਚ ਸੁਰਮਾ ਪੀਸਦੀ

ਸਭ ਦੇ ਸਾਹਮਣੇ 

ਡਲੀ ਨੂੰ ਰੜਕਣ ਜੋਗਾ ਨਾ ਛੱਡਦੀ। 

ਧਰਨ ਪਈ ਤੇ ਢਿੱਡ ਮਲਦਿਆਂ ਆਖਦੀ

ਕੌਡੀ ਹਿੱਲ ਗਈ ਆ

ਬੀਬੀ ਭਾਰ ਨਾ ਚੁੱਕੀਂ

ਪੱਬਾਂ ਭਾਰ ਬਹਿ ਕੇ ਧਾਰ ਨਾ ਕੱਢੀਂ। 

ਬਹੁਤ ਕੁਝ ਜਾਣਦੀ ਸੀ ਨੰਦੋ

ਅੱਧ ਪਚੱਧੀ ਧਨੰਤਰ ਵੈਦ ਸੀ। 

 

ਨੰਦੋ ਚਲੰਤ ਰੇਡੀਉ ਸੀ ਬਿਨ ਬੈਟਰੀ

ਤੁਰਦੀ ਫਿਰਦੀ ਅਖ਼ਬਾਰ ਸੀ

ਬਿਨ ਅੱਖਰੋਂ ਸਥਾਨਕ ਖ਼ਬਰਾਂ ਵਾਲੀ। 

ਵੀਹ ਤੀਹ ਪਿੰਡਾਂ ਦੀ ਸਾਂਝੀ ਬੁੱਕਲ ਸੀ ਨੰਦੋ। 

ਦੁਖ ਸੁਖ ਪੁੱਛਦੀ, ਕਦੇ ਆਪਣਾ ਨਾ ਦੱਸਦੀ। 

ਦੀਵੇ ਵਾਂਗ ਬਲ਼ਦੀ ਅੱਖ ਵਾਲੀ ਨੰਦੋ

ਬੁਰੇ ਭਲੇ ਦਾ ਨਿਖੇੜ ਕਰਦੀ

ਪੂਰੇ ਪਿੰਡ ਨੂੰ ਦੱਸਦੀ

ਨੀਤੋਂ ਬਦਨੀਤਾਂ ਤੇ ਸ਼ੁਭਨੀਤਾਂ ਬਾਰੇ। 

 

ਨੰਦੋ ਨਾ ਹੁੰਦੀ ਤਾਂ  

ਕਿੰਨੀਆਂ ਧੀਆਂ ਭੈਣਾਂ ਨੂੰ,

ਦਸੂਤੀ ਚਾਦਰ ਤੇ ਮੋਰ ਘੁੱਗੀਆਂ 

ਦੀ ਪੈੜ ਪਾਉਣੀ ਨਹੀਂ ਸੀ ਆਉਣੀ। 

ਉਹ ਅੱਟੀਆਂ ਲਿਆਉਂਦੀ ਧਿਆਨਪੁਰੋਂ

ਮਜ਼ਬੂਤ , ਪੱਕੇ ਰੰਗ ਦੀਆਂ। 

 

ਮੇਰੀ ਮਾਂ ਕੋਲੋਂ 

ਲੱਸੀ ਦਾ ਗਿਲਾਸ ਫੜਦਿਆਂ

ਰਾਤ ਦੀ ਬਚੀ ਬੇਹੀ ਰੋਟੀ ਮੰਗਦੀ

ਸੱਜਰੀ ਪੱਕਦੀ ਰੋਟੀ ਕਦੇ ਨਾ ਖਾਂਦੀ

ਅਖੇ! ਆਦਤ ਵਿਗੜ ਜਾਂਦੀ ਐ

ਭੈਣ ਤੇਜ ਕੁਰੇ!

ਸਾਰੇ ਪਿੰਡਾਂ ਚ ਤੇ ਨਹੀਂ ਨਾ ਤੇਰੇ ਵਰਗੀਆਂ। 

ਚੌਂਕੇ ਚ ਮਾਂ ਮੁੱਢ ਬੈਠੇ 

ਨਿਆਣਿਆਂ ਦਾ ਮੱਥਾ 

ਦੂਰੋਂ ਤਾੜਦੀ ਤੇ ਕਹਿੰਦੀ

ਸਕੂਲ ਨਹੀਂ ਗਿਆ? ਬੁਖ਼ਾਰ ਈ। 

ਚਰਖ਼ੇ ਦੀ ਚਰਮਖ਼ ਤੋਂ ਕਾਲਖ ਉਤਾਰਦੀ

ਤੇ ਮੇਰੇ ਵਰਗਿਆਂ ਦੇ 

ਕੰਨ ਪਿੱਛੇ ਲਾ ਕੇ ਕਹਿੰਦੀ

ਬੁਖ਼ਾਰ ਦੀ ਐਸੀ ਕੀ ਤੈਸੀ

ਰਾਹ ਭੁੱਲ ਜੂ ਪੁੱਤ ਤਾਪ! 

ਸਵੇਰ ਨੂੰ ਸਰੀਰ ਹੌਲਾ ਫੁੱਲ ਹੋ

ਮੈਂ ਸਕੂਲੇ ਤੁਰ ਪੈਂਦਾ ਬਸਤਾ ਚੁੱਕੀ। 

 

ਨੰਦੋ ਦੀ ਮੋਟੇ ਤਰੋਪਿਆਂ ਨਾਲ 

ਨਿਗੰਦੀ ਬਗਲੀ ‘ਚ ਪੂਰਾ ਸੰਸਾਰ ਸੀ। 

ਹਰ ਕਿਸੇ ਲਈ ਕੁਝ ਨਾ ਕੁਝ ਵੱਖਰਾ। 

ਪਿੱਤਲ ਦੇ ਛਾਪਾਂ ਛੱਲੇ ਮੁਹੱਬਤੀਆਂ ਲਈ

ਨਿੱਕੇ ਨਿਆਣਿਆਂ ਲਈ 

ਕਾਨਿਆਂ ਦੇ ਛਣਕਣੇ ,ਪੀਪਨੀਆਂ, ਵਾਜੇ। 

 

ਨੰਦੋ ਕੰਨ ਤੇ ਹੱਥ ਧਰ ਲੰਮੀ ਹੇਕ ਲਾ 

ਪੁੱਤਾਂ ਦੀਆਂ ਘੋੜੀਆਂ ਗਾਉਂਦੀ 

ਤਾਂ ਲੱਗਦਾ ਪੌਣਾਂ ਸਾਹ ਰੋਕ ਸੁਣਦੀਆਂ। 

ਸੁਹਾਗ ਗਾਉਂਦੀ ਤਾਂ 

ਮਾਵਾਂ ਦੇ ਹੰਝੂਆਂ ਨਾਲ 

ਕੰਧਾਂ ਸਿੱਲ੍ਹੀਆਂ ਹੁੰਦੀਆਂ। 

ਧਰੇਕਾਂ ਡੋਲਦੀਆਂ ਪੱਤਿਆਂ ਸਣੇ। 

ਘਰ ਦੀਆਂ ਚਾਰੇ ਕੰਧਾ ਹਿੱਲਦੀਆਂ। 

ਲੱਗਦਾ ਜੀਕੂੰ ਡੋਲੀ ਤੁਰ ਰਹੀ ਹੈ। 

ਸਿਰ ਤੋਂ ਪੈਰਾਂ ਤੀਕ 

ਵਿਯੋਗ ‘ਚ ਮਨ  ਝੁਣਝੁਣੀ ਚ ਕੰਬਦਾ। 

ਕੰਧਾਂ ਦੇ ਪਰਛਾਵੇਂ ਲਮਕਦੇ ਤਾਂ 

ਬਗਲੀ ਸਿਰ ਧਰ 

ਆਪਣੇ ਡੇਰੇ ਨੂੰ ਵਾਹੋਦਾਹੀ ਦੌੜ ਜਾਂਦੀ।

ਨੰਦੋ ਖ਼ਾਨਗਾਹ ਵਾਲੇ ਤਲਾਅ ਚੋਂ

ਕੰਮੀਆਂ  ਲਿਆਉਂਦੀ

ਡੰਡੀਆਂ ਦੀਆਂ ਗੰਦਲਾਂ ਦੇ ਹਾਰ ਪਰੋਂਦੀ

ਸਾਡੇ ਜਹੇ ਨਿੱਕੇ ਨਿਆਣਿਆਂ ਦੇ 

ਸਿਰ ਪਲੋਸ ਕੇ ਗਲੀਂ ਪਾਉਂਦੀ। 

ਖਿੜ ਉੱਠਦਾ ਮਨ ਦਾ ਬਾਗ। 

ਮਾਵਾਂ ਤੋਂ ਆਟੇ ਦੀ ਕੌਲੀ ਲੈ

ਅਸੀਂ ਨੰਦੋ ਦੀ ਬਗਲੀ ਭਰ ਦਿੰਦੇ। 

ਕਿੰਨਾ ਸਵੱਲਾ ਸੀ ਖ਼ੁਸ਼ੀਆਂ ਦਾ ਬਗੀਚਾ। 

ਵੱਡੇ ਹੋਇਆਂ 

ਸ਼ਹਿਰ ਆ ਕੇ ਜਾਣਿਆਂ

ਇਨ੍ਹਾਂ ਕੰਮੀਆਂ ਨੂੰ ਹੀ 

ਕੰਵਲ ਫੁੱਲ ਆਖਦੇ ਨੇ। 

ਚਿੱਕੜ ਚ ਉੱਗੀਆਂ ਕੰਮੀਆਂ

ਤੇ ਕੰਮ ਕਰਦੇ ਕਾਮੇ ਕੰਮੀਆਂ ਲਈ

ਕਦਰਦਾਨ ਨੇਤਰ ਕਦੋਂ ਖੁੱਲਣਗੇ? 

ਨੰਦੋ ਨੇ ਨਹੀਂ, 

ਕਿਤਾਬਾ ਦੇ ਖੋਲ੍ਹੇ ਤੀਜੇ ਨੇਤਰ ਨੇ 

ਹੁਣ ਮੈਨੂੰ ਬਹੁਤ ਵਾਰ ਪੁੱਛਿਆ ਹੈ। 

ਸ਼ੁਕਰ ਹੈ! 

ਅਨਪੜ੍ਹ ਨੰਦੋ ਨੇ ਸਾਨੂੰ 

ਕਦੇ ਨਹੀਂ ਸੀ ਪੁੱਛਿਆ।

 

ਦੀਨ ਸ਼ਾਹ ਦੀ ਕੁੱਲੀ ਵਾਲੇ ਬਾਗ ‘ਚੋਂ

ਲਿਆਂਦੇ ਸੁੱਚੇ ਮੋਤੀਏ ਦੇ ਹਾਰ। 

ਮੇਰੀ ਮਾਂ ਨੂੰ ਦਿੰਦੀ ਤੇ ਕਹਿੰਦੀ

ਮਹਿਕਦਾ ਰਹੇ ਤੇਰਾ ਪਰਿਵਾਰ ਗੁਲਜ਼ਾਰ

ਅਸੀਸਾਂ ਵੰਡਦੀ ਬੇ ਦਾਮ। 

ਆਟੇ ਦੀ ਲੱਪ ਲੱਪ ਨਾਲ 

ਆਪਣੀ ਬਗਲੀ ਭਰਦੀ, 

ਵੰਡਦੀ ਕਿੰਨਾ ਕੁਝ। 

ਘਾਹ ਦੀਆਂ ਤਿੜਾਂ ਤੋਂ 

ਅੰਗੂਠੀ ਬੁਣਨੀ

ਉਸ ਨੇ ਹੀ ਮੈਨੂੰ ਸਿਖਾਈ ਸੀ। 

ਕਿਤਾਬਾਂ ਨੇ ਉਹ ਜਾਚਾਂ ਤਾਂ ਭੁਲਾ ਦਿੱਤੀਆਂ

ਪਰ ਹੁਣ ਮੈਂ ਸ਼ਬਦ ਬੁਣਦਾ ਹਾਂ। 

ਅੱਖਰ ਅੱਖਰ ਘਾਹ ਦੀਆਂ ਤਿੜਾਂ ਜਹੇ।

ਨੰਦੋ ਦਾ ਕੋਈ ਪਿੰਡ ਨਹੀਂ ਸੀ

ਬੇ ਨਾਮ ਟੱਪਰੀਆਂ ਸਨ। 

ਸਿਰਨਾਵਾਂ ਨਹੀਂ ਸੀ ਕੋਈ, 

ਪਰ ਨੰਦੋ ਬਾਜ਼ੀਗਰਨੀ

ਘਰ ਘਰ ਦੀ ਕਹਾਣੀ ਸੀ।

ਸਾਡੇ ਸਕੂਲ ਦੇ ਨੇੜ ਹੀ ਸਨ

ਨੰਦੋ ਕੀਆਂ ਟੱਪਰੀਆਂ

ਪਰ ਇੱਕ ਵੀ ਬਾਲ ਸਕੂਲੇ ਨਾ ਆਉਂਦਾ। 

ਸਦਾ ਆਖਦੀ, 

ਇਹ ਸਾਡੀਆਂ ਕੁੱਲੀਆਂ ਢਾਹ ਕੇ ਬਣਿਐ

ਸਾਡੀ ਨਿਸ਼ਾਨੀ ਬੋਹੜ ਹੀ ਹੈ ਇਕੱਲਾ

ਬਾਕੀ ਸਾਰਾ ਕੁਝ ਪੈਸੇ ਵਾਲਿਆਂ ਦਾ। 

ਗਿਆਨ ਦੇ ਨਾਂ ਤੇ ਹੱਟੀਆਂ 

ਗਰੀਬਾਂ ਲਈ ਖੁਆਰੀਆਂ ਤੇ ਚੱਟੀਆਂ। 

ਸਾਡੇ ਜੀਅ ਤਾਂ 

ਇਹਦੇ ਨਲਕਿਉਂ ਪਾਣੀ ਵੀ ਨਹੀਂ ਭਰਦੇ। 

ਛੱਪੜੀ ਦਾ ਪਾਣੀ ਮਨਜ਼ੂਰ ,

ਇਹ ਜ਼ਹਿਰ ਜਿਹਾ ਲੱਗਦੈ ਸਾਨੂੰ। 

ਸਾਡੀ ਆਪਣੀ ਜ਼ਬਾਨ ਹੈ ਵੇ ਲੋਕਾ

ਇਹ ਸਕੂਲ ਸਾਡੀ ਬੋਲੀ ਵਿਗਾੜ ਦੇਵੇਗਾ। 

ਨਿਆਣਿਆਂ ਨੂੰ ਬਾਜ਼ੀ ਪਾਉਣੀ ਭੁਲਾਵੇਗਾ। 

ਕੋਹੜੀ ਕਰੇਗਾ ਸੁਡੌਲ ਜਿਸਮ ਤੇ ਸੁਪਨੇ। 

ਟਾਂਗੇ ਵਾਲਾ ਘੋੜਾ ਬਣਾਵੇਗਾ। 

ਚੁਫ਼ੇਰੇ ਵੇਖਣ ਤੋਂ ਵਰਜੇਗਾ। 

 

ਨੰਦੋ ਦੇ ਮੱਥੇ ਤੇ ਚੰਦ ਸੀ

ਜੋ ਸਾਰੀ ਉਮਰ ਚੌਧਵੀਂ  ਰਾਤ ਤੀਕ

ਪੂਰਾ ਨਾ ਚਮਕ ਸਕਿਆ। 

ਮਰੀਅਲ ਫਾਂਕ ਜਿਹਾ ਏਕਮ ਦਾ ਚੰਦ

ਠੋਡੀ ਤੇ ਖੁਣਿਆ ਪੰਜ ਦਾਣਾ

ਬੜੇ ਜਨੌਰਾਂ ਨੇ ਚੁਗਣਾ ਚਾਹਿਆ

ਪਰ ਨੰਦੋ .... ਪੂਰੀ ਮਰਦ ਬੱਚੀ

ਚਿੜੀ ਨਾ ਫਟਕਣ ਦਿੰਦੀ। 

ਉਸ ਦੀਆਂ ਬਾਹਾਂ ‘ਚ ਘਸੇ ਹੋਏ

ਚਾਂਦੀ ਦੇ ਗੋਖੜੂ ਵੀ ਫੱਬ ਫੱਬ ਪੈਂਦੇ। 

ਕੰਨੀਂ ਕੋਕਲੇ ਚਾਂਦਨੀ ਰੰਗੇ।

ਨੰਦੋ ਕੋਲ ਵੱਡੀ ਸਾਰੀ ਡਾਂਗ ਹੁੰਦੀ

ਕਿਸੇ ਪੁੱਛਣਾ ਨੰਦੋ! 

ਡਾਂਗ ਚੁੱਕੀ ਫਿਰਦੀ ਹੈਂ, 

ਸਾਡੇ ਪਿੰਡ ਦੇ ਕੁੱਤੇ ਤਾਂ ਤੈਨੂੰ ਪਛਾਣਦੇ ਨੇ

ਤੇਰੇ ਪਿੱਛੇ ਭੌਂਕਦੇ ਤਾਂ ਕਦੇ ਨਹੀਂ ਵੇਖੇ? 

ਆਖਦੀ! ਵੇ ਸਰਦਾਰੋ !

ਸਾਰੇ ਕੁੱਤੇ ਹੀ ਚਹੁੰ ਲੱਤਾਂ ਵਾਲੇ ਨਹੀਂ ਹੁੰਦੇ। 

ਇਹ ਸੋਟਾ ਦੋ ਲੱਤਾਂ ਵਾਲਿਆਂ ਵਾਸਤੇ। 

 

ਨੰਦੋ ਦੱਸਦੀ 

ਬਈ ਸਾਡੀ ਬਾਜ਼ੀਗਰਾਂ ਦੀ 

ਆਪਣੀ ਪੰਚਾਇਤ ਹੈ ਸਰਦਾਰੋ। 

ਅਸੀਂ ਤੁਹਾਡੀਆਂ ਕਚਹਿਰੀਆਂ ਚ 

ਨਹੀਂ ਵੜਦੇ, ਚੜ੍ਹਦੇ। 

ਸਾਡੇ ਵਡੇਰੇ ਇਨਸਾਫ਼ ਕਰਦੇ ਨੇ, 

ਫ਼ੈਸਲੇ ਨਹੀਂ। 

ਤੁਹਾਡੀਆਂ ਅਦਾਲਤਾਂ ਚ 

ਇਨਸਾਫ਼ ਨਹੀਂ,ਫ਼ੈਸਲੇ ਹੁੰਦੇ ਨੇ।

 

ਸੂਰਜ ਗਵਾਹ ਹੈ

ਹਨ੍ਹੇਰਾ ਉੱਤਰਨੋਂ ਪਹਿਲਾਂ 

ਸਾਡਾ ਟੱਪਰੀਆਂ ਚ ਪਹੁੰਚਣਾ 

ਲਾਜ਼ਮੀ ਹੁੰਦਾ ਹੈ। 

ਰਾਤ ਪਈ ਤੇ ਗੱਲ ਗਈ, 

ਅਕਸਰ ਏਨਾ ਕੁ ਕਹਿ

ਉਹ ਬਹੁਤ ਕੁਝ ਸਮਝਾਉਂਦੀ। 

ਪਰ ਸਾਨੂੰ 

ਬਿਲਕੁਲ ਸਮਝ ਨਾ ਆਉਂਦੀ। 

ਸਾਡੀਆਂ ਧੀਆਂ ਮੰਗਣ ਨਹੀਂ ਚੜ੍ਹਦੀਆਂ

ਤੇ ਨੂੰਹਾਂ ਵਿਹਲੀਆਂ ਨਹੀਂ ਖਾਂਦੀਆਂ। 

 

ਨੰਦੋ  ਜਦ ਵੀ ਜਵਾਨ ਉਮਰੇ 

ਬਾਜ਼ੀ ਪਾਉਂਦੇ ਮੋਏ ਪੁੱਤ ਦੀ ਗੱਲ ਕਰਦੀ

ਤਾਂ ਹਾਉਕੇ ਵੀ ਸਾਹ ਰੋਕ ਸੁਣਦੇ। 

ਪਿੱਪਲ ਪੱਤਿਆਂ ਦੀ ਅੱਖੋਂ ਨੀਰ ਕਿਰਦਾ

ਬੋਹੜ ਜੜ੍ਹੋਂ ਡੋਲ ਜਾਂਦਾ ਪੂਰੇ ਵਜੂਦ ਸਣੇ। 

ਕਹਿੰਦੀ ਤਰੇੜ੍ਹੀ ਛਾਲ ਲਾਉਂਦਿਆਂ

ਧੌਣ ਦਾ ਮਣਕਾ ਟੁੱਟ ਗਿਆ

ਮੁੜ ਨਹੀਂ ਉੱਠਿਆ ਸਿਵਿਆਂ ਤੀਕ। 

ਮੋਈ ਮਿੱਟੀ ਮੈਨੂੰ ਵੀ ਨਾਲ ਲੈ ਜਾਂਦਾ

ਕੋਈ ਹੱਜ ਨਹੀਂ ਭੈਣੇ

ਤੁਹਾਡੇ ਆਸਰੇ ਤੁਰੀ ਫਿਰਦੀ ਆਂ। 

ਸਾਹ ਵਰੋਲਦੀ , ਜਿੰਦ ਘਸੀਟਦੀ। 

ਨੰਦੋ ਹੁਬਕੀਂ ਰੋਂਦੀ 

ਧਰਤੀ ਅੰਬਰ ਨੂੰ ਲੇਰ ਸੁਣਦੀ

ਸੁੱਕੇ ਨੇਤਰੀਂ ਮੁੱਕੇ ਅੱਥਰੂ, 

ਖੂਹ ‘ਚੋਂ ਟਿੰਡਾਂ ਖਾਲੀ ਆਉਂਦੀਆਂ। 

ਪਰਨਾਲੇ ਚ ਦਰਦ ਵਹਿੰਦੇ, 

ਮੈਂ ਵੱਡਾ ਹੋਇਆ ਤਾਂ ਜਦ ਕਦੇ

ਮਾਲ੍ਹੇ ਵਾਲੇ ਖੂਹ ਤੇ ਔਲੂ ‘ਚ  

ਟੁੱਟੀਆਂ ਠੀਕਰੀਆਂ ਵੇਖਦਾ 

ਤਾਂ ਮੈਨੂੰ ਲੱਗਦਾ, 

ਨੰਦੋ ਦੇ ਤਿੜਕੇ ਸੁਪਨੇ ਨੇ

ਕੰਕਰ ਕੰਕਰ, ਠੀਕਰ ਠੀਕਰ।

 

ਨੰਦੋ ਕੀਆਂ ਟੱਪਰੀਆਂ, ਝੁੱਗੀਆਂ ਦਾ 

ਹੁਣ ਸਰਕਾਰ ਨੇ ਪੰਚਾਇਤੀ ਨਾਮ 

ਲਾਲਪੁਰਾ ਰੱਖਿਆ ਦੱਸਦੇ ਨੇ। 

ਪਰ ਬਾਜ਼ੀਗਰ ਅਜੇ ਵੀ 

ਬਾਜ਼ੀਗਰ ਬਸਤੀ ਕਹਿ ਕੇ ਬੁਲਾਉਂਦੇ ਨੇ। 

ਨੰਦੋ ਚਿਰੋਕਣੀ ਗੁਜ਼ਰ ਗਈ ਹੈ, 

ਪਰ ਬਾਕੀ ਧੀਆਂ ਪੁੱਤਰ ਤਾਂ ਜੀਉਂਦੇ ਨੇ।

ਅੰਤਰ ਰਾਸ਼ਟਰੀ ਯੋਗਾ ਦਿਵਸ  ✍️ ਗਗਨਦੀਪ ਕੌਰ 

ਅੰਤਰ ਰਾਸ਼ਟਰੀ ਯੋਗਾ ਦਿਵਸ ਹਰ ਸਾਲ 21 ਜੂਨ ਨੂੰ ਮਨਾਇਆ ਜਾਂਦਾ ਹੈ ਕਿਉਂਕਿ ਇਹ ਉੱਤਰੀ ਗੋਲਿਸਫਾਇਰ ਵਿੱਚ ਸਾਲ ਦਾ ਸਭ ਤੋਂ ਲੰਬਾ ਦਿਨ ਹੁੰਦਾ ਹੈ ਅਤੇ ਵਿਸ਼ਵ ਦੇ ਬਹੁਤ ਸਾਰੇ ਹਿੱਸਿਆਂ ਵਿੱਚ ਇਸ ਦਾ ਵਿਸ਼ੇਸ਼ ਮਹੱਤਵ ਹੈ। 

ਪਹਿਲੀ ਵਾਰ ਇਹ ਦਿਵਸ 21 ਜੂਨ 2015 ਨੂੰ ਮਨਾਇਆ ਗਿਆ ਸੀ ।ਯੋਗ ਵੀ ਮਨੁੱਖ ਨੂੰ ਲੰਬਾ ਜੀਵਨ ਪ੍ਰਦਾਨ ਕਰਦਾ ਹੈ। ਯੋਗ ਭਾਰਤ ਦੀ ਪ੍ਰਾਚੀਨ ਪਰੰਪਰਾ ਦਾ ਇੱਕ ਅਨਮੋਲ ਉਪਹਾਰ ਹੈ । ਇਹ ਦਿਮਾਗ ਅਤੇ ਸਰੀਰ ਦੀ ਏਕਤਾ ਦਾ ਪ੍ਰਤੀਕ ਹੈ। ਅੱਜ ਆਧੁਨਿਕਤਾ ਦੇ ਯੁੱਗ ਵਿੱਚ ਅਸੀਂ ਯੋਗਾ ਆਮਲਾ ਦੇ ਮਾਧਿਅਮ ਨਾਲ ਸਰੀਰਕ ਅਤੇ ਮਾਨਸਿਕ ਬਿਮਾਰੀਆਂ ਤੋਂ ਛੁਟਕਾਰਾ ਆਸਾਨੀ ਨਾਲ ਪਾ ਸਕਦੇ ਹਾਂ। ਇਸ ਲਈ ਸਾਨੂੰ ਯੋਗ ਕਰਨਾ ਚਾਹੀਦਾ ਹੈ। ਯੋਗ ਕਰਨ ਦੇ ਬਹੁਤ ਸਾਰੇ ਲਾਭ ਹਨ । ਇਹ ਸਾਨੂੰ ਤਰ੍ਹਾਂ ਤਰ੍ਹਾਂ ਦੀਆਂ ਸਰੀਰਕ ਅਤੇ ਮਾਨਸਿਕ ਪ੍ਰੇਸ਼ਾਨੀਆਂ ਤੋਂ ਮੁਕਤੀ ਪ੍ਰਦਾਨ ਕਰਦਾ ਹੈ। ਸਰੀਰ ਨੂੰ ਊਰਜਾ ਪ੍ਰਦਾਨ ਕਰਦਾ ਹੈ ਅਤੇ ਤੰਦਰੁਸਤ ਮਾਨਸਿਕਤਾ ਪੈਦਾ ਕਰਦਾ ਹੈ। ਜੇਕਰ ਸਰੀਰ ਅਤੇ ਮਨ ਤੰਦਰੁਸਤ ਨਹੀਂ ਹੈ ਤਾਂ ਅਸੀਂ ਆਪਣੀ ਮੰਜ਼ਿਲ ਤੱਕ ਪਹੁੰਚਣਾ ਅਸੰਭਵ ਹੈ। ਯੋਗ ਕਰਨ ਨਾਲ ਮਨ ਅਤੇ ਸਰੀਰ ਦੋਨੋਂ ਤੰਦਰੁਸਤ ਰਹਿੰਦੇ ਹਨ। 

ਦਾ ਗਰੀਨ ਪੰਜਾਬ ਮਿਸ਼ਨ ਟੀਮ 

ਗਗਨਦੀਪ ਕੌਰ 

ਬੇਸਿਕ ਸਕੂਲ ਜਗਰਾਉਂ

ਸਲੇਮਪੁਰੀ ਦਾ ਮੌਸਮ-ਨਾਮਾ

ਲੂ, ਹੁੰਮਸ, ਮੀਂਹ ਕਦੋਂ?

ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਆਉਣ ਵਾਲੇ 3-4 ਦਿਨ ਪੰਜਾਬ ਦੇ ਅਨੇਕਾਂ ਹਿੱਸਿਆਂ 'ਚ ਬਹੁਤਾ ਸਮਾਂ ਲੂ ਅਤੇ ਹੁੰਮਸ ਵਾਲੀ ਗਰਮੀ ਤੰਗ ਕਰੇਗੀ, ਦਿਨ ਦਾ ਪਾਰਾ 40 °C ਤੋਂ ਪਾਰ ਤੇ ਵਧੀ ਹੁੰਮਸ ਨਾਲ ਹੀਟ ਇੰਡੈਕਸ (ਅਸਲ ਮਹਿਸੂਸ) 50 °C ਤੋਂ ਪਾਰ ਹੋਵੇਗਾ ਤੇ ਸਵੇਰ ਸਮੇਂ ਵੀ ਮੌਸਮ ਅਸਹਿਜ਼ ਬਣ ਜਾਵੇਗਾ। ਖਿੱਤੇ ਪੰਜਾਬ ਦੇ ਦੱਖਣ-ਪੱਛਮੀ ਇਲਾਕਿਆਂ ਸਮੇਤ ਗੰਗਾਨਗਰ-ਸਿਰਸਾ-ਹਨੂੰਮਾਨਗੜ੍ਹ ' ਚ 1-2 ਵਾਰੀ ਦਿਨ ਦਾ ਪਾਰਾ 45 ℃ ਲਾਗੇ ਜਾਂ ਇਸਤੋਂ ਪਾਰ ਪੁੱਜ ਸਕਦਾ ਹੈ। ਇਸ ਦੌਰਾਨ ਪੂਰਵੀ ਪੰਜਾਬ ਅਤੇ ਨਾਲ ਲਗਦੇ ਹਰਿਆਣਾ' ਚ ਸਵੇਰ ਦੌਰਾਨ ਚੱਲਣ ਵਾਲੇ ਪੁਰੇ ਦੀ ਨਮੀਂ ਕਾਰਨ ਥੋੜ੍ਹੀ ਥਾਂ ਹਲਚਲ ਤੋਂ ਇਨਕਾਰ ਨਹੀੰ, ਪਰ ਵੱਡੇ ਪੱਧਰ ਤੇ ਹਲਚਲ 18/19 ਜੂਨ ਤੋਂ ਵੇਖੀ ਜਾਵੇਗੀ।

*ਰਾਹਤ-

 17-18 ਤੋਂ 21 ਜੂਨ ਦੌਰਾਨ ਪ੍ਰੀਮਾਨਸੂਨੀ ਪੁਰੇ ਦੀ ਹਵਾ ਜ਼ੋਰ ਫੜੇਗੀ ਫ਼ਲਸਰੂਪ ਵੱਡੇ ਪੱਧਰ ਤੇ ਪ੍ਰੀਮਾਨਸੂਨੀ ਬਰਸਾਤੀ ਕਾਰਵਾਈ ਵਾਪਸੀ ਕਰੇਗੀ। ਇਸ ਸਪੈਲ ਦੌਰਾਨ ਖਿੱਤੇ ਪੰਜਾਬ  'ਚ ਦਰਮਿਆਨੀ ਤੋਂ ਭਾਰੀ ਬਾਰਿਸ਼ ਦੀ ਉਮੀਦ ਹੈ। 

ਮਾਨਸੂਨ-

 ਮਾਨਸੂਨ ਕੇਂਦਰੀ ਤੇ ਪੂਰਵੀ ਭਾਰਤ (ਐੰਮ. ਪੀ. , ਬਿਹਾਰ, ਝਾਰਖੰਡ) ਪੁੱਜ ਚੁੱਕੀ ਹੈ। ਜੂਨ ਅੰਤ ਤੱਕ ਮਾਨਸੂਨ ਪੰਜਾਬ ਪੁੱਜਣ ਦੇ ਆਸਾਰ ਬਣ ਰਹੇ ਹਨ।

ਧੰਨਵਾਦ ਸਹਿਤ। 

ਪੇਸ਼ਕਸ਼ - 

-ਸੁਖਦੇਵ ਸਲੇਮਪੁਰੀ 

09780620233 

6:30ਸ਼ਾਮ 14ਜੂਨ, 2020

ਗਿਆਨ ਦਾ ਪਟਾਰਾ  ✍️ ਹਰਨਰਾਇਣ ਸਿੰਘ ਮੱਲੇਆਣਾ 

ਗਿਆਨ ਦਾ ਪਟਾਰਾ 

ਵਿਸ਼ਵ ਚੌਗਿਰਦਾ ਦਿਵਸ ਪੰਜ ਜੂਨ ਨੂੰ 

◆) ਵਿਸ਼ਵ ਚੌਗਿਰਦਾ ਦਿਵਸ ਪੰਜ ਜੂਨ ਨੂੰ ਮਨਾਇਆ ਜਾਂਦਾ ਹੈ 

◆) ਪਹਿਲਾ ਵਿਸ਼ਵ  ਚੁਗਿਰਦਾ ਸੰਮੇਲਨ 5 ਜੂਨ 1972 ਨੂੰ ਸਟਾਕਹੋਮ ਵਿੱਚ ਆਯੋਜਿਤ ਕੀਤਾ ਗਿਆ ਸੀ 

◆) ਕੌਮੀ ਚੌਗਿਰਦਾ ਖੋਜ ਕੇਂਦਰ ਨਾਗਪੁਰ ਵਿੱਚ ਸਥਿਤ ਹੈ 

◆) ਯੂਕੇਲਿਪਟਸ (ਸਫੈਦਾ) ਦਰੱਖਤ ਨੂੰ ਚੌਗਿਰਦੇ ਦਾ ਦੁਸ਼ਮਣ ਨਾਂ ਨਾਲ ਜਾਣਿਆ ਜਾਂਦਾ ਹੈ ।

◆) ਕੌਮੀ ਚੌਗਿਰਦਾ ਖੋਜ ਸੰਸਥਾਨ ਦੀ ਰਿਪੋਰਟ ਅਨੁਸਾਰ ਭਾਰਤ ਵਿੱਚ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਦਿੱਲੀ ਹੈ 

◆) ਭਾਰਤ ਸਰਕਾਰ ਦੁਆਰਾ ਕੇਂਦਰ ਵਿੱਚ ਚੌਗਿਰਦਾ ਵਿਭਾਗ ਦੀ ਸਥਾਪਨਾ ਸਾਲ 1980 ਵਿੱਚ ਕੀਤੀ ਗਈ ਸੀ 

◆)ਸੰਯੁਕਤ ਰਾਸ਼ਟਰ ਚੌਗਿਰਦਾ ਪ੍ਰੋਗਰਾਮ ਦਾ ਮੁੱਖ ਦਫਤਰ ਨੈਰੋਬੀ (ਕੀਨੀਆ ) ਵਿੱਚ ਹੈ ਅਤੇ ਇਸ ਦਾ 

ਮੁੱਖ ਟੀਚਾ ਮੈਂਬਰ ਦੇਸ਼ਾਂ ਨੂੰ ਉਨ੍ਹਾਂ ਦੇ ਕੁਦਰਤੀ 

ਵਾਤਾਵਰਨ ਦੀ ਸੁਰੱਖਿਆ ਕਰਨ ਵਾਧੂ ਪ੍ਰਦੂਸ਼ਣ 

ਭੂਮੀ ਦੀ ਕੁਆਲਿਟੀ ਚ ਗਿਰਾਵਟ ਅਤੇ ਮਾਰੂਥਲੀ ਖੇਤਰ

 ਦੇ ਪ੍ਰਸਾਰ ਨੂੰ ਰੋਕਣ ਵਿੱਚ ਸਹਾਇਤਾ ਪ੍ਰਦਾਨ ਕਰਨਾ ਹੈ 

◆) ਭਾਰਤ ਚ ਚੌਗਿਰਦਾ ਮਹੀਨਾ 19 ਨਵੰਬਰ ਤੋਂ 19 ਦਸੰਬਰ ਤੱਕ ਮਨਾਇਆ ਜਾਂਦਾ ਹੈ 

◆) ਚੌਗਿਰਦਾ ਪ੍ਰਦੂਸ਼ਣ ਕੰਟਰੋਲ ਐਕਟ 19 ਨਵੰਬਰ  1986 ਨੂੰ ਪਾਸ ਹੋਇਆ 

◆) ਉੱਤਰ ਭਾਰਤ ਦੇ ਦਮਦਾਰ ਵਾਤਾਵਰਨ ਮੁਹਿੰਮ ਚਿਪਕੋ ਅੰਦੋਲਨ ਦੇ ਬਾਨੀ ਸੁੰਦਰ ਲਾਲ  ਬਹੁਗੁਣਾ ਅਤੇ ਚੰਡੀ ਪ੍ਰਸਾਦ ਭੱਟ ਹਨ 

◆) ਚਿਪਕੋ ਅੰਦੋਲਨ ਦਾ ਮੁੱਖ ਟੀਚਾ ਜੰਗਲਾਂ ਦੀ ਰੱਖਿਆ ਕਰਨਾ ਸੀ 

◆) ਦੱਖਣ ਭਾਰਤ ਦੀ ਚੌਗਿਰਦਾ ਮੁਹਿੰਮ ਚਿਪਕੋ ਅੰਦੋਲਨ ਦੀ ਅਗਵਾਈ ਕਰਨ ਵਾਲੇ ਪਾਂਡੂਰੰਗਾਂ  ਹੇਗੜੇ ਸਨ 

◆) ਚੌਗਿਰਦਾ ਰੱਖਿਆ ਲਈ ਕੇਂਦਰ ਅਤੇ ਸੂਬਾ ਸਰਕਾਰਾਂ ਨੇ ਲਗਪਗ 30 ਕਾਨੂੰਨ ਬਣਾਏ ਹਨ 

◆) ਚੌਗਿਰਦਾ ਸੁਰੱਖਿਆ ਨਾਲ ਸੰਬੰਧਤ ਧਰਤੀ ਸੰਮੇਲਨ ਸਾਲ 1992 ਵਿੱਚ ਰਿਓ ਡੀ ਜਨੇਰੋ ਬ੍ਰਾਜ਼ੀਲ ਵਿੱਚ ਹੋਇਆ ਸੀ

 

ਮੈਂ ਕਮੀਆਂ ਦੀ ਜਾਈ ✍️ ਵੀਰਪਾਲ ਕੌਰ’ਕਮਲ’

ਕਵਿਤਾ 

ਮੈਂ ਕਮੀਆਂ ਦੀ ਜਾਈ

ਮੈਂ ਕੰਮੀਆਂ ਦੀ ਜਾਈ ਵੇ ਲੋਕਾ, ਮੈਂ ……. 

ਗਰਮੀ ੱਿਵੱਚ ਨਾ ਪੱਖਾ ਜੁੜਦਾ ਸਿਆਲੀਂ ਨਾ ਲੇਫ-ਤਲਾਈ ਵੇ ਲੋਕਾ ਮੈਂ ਕੰਮੀਆਂ ਦੀ ਜਾਈ …… 

ਖੇਤੀਂ ਜਾਵਾਂ ਕੱਖ-ਪੱਠੇ ਨੂੰ ਸਰਦਾਰ ਨੇ ਨਿਗਾ ਟਿਕਾਈ ਵੇ ਲੋਕਾ ਮੈਂ ਕੰਮੀਆਂ ਦੀ ਜਾਈ……

ਪਾਟੀ ਕੁੜਤੀ ਢਾਕਾਂ ਨੰਗੀਆਂ ਬਾਬੇ ਬੁੱਲੀਂ ਜੀਭ ਘੁੰਮਾਈ ਵੇ ਲੋਕਾ ਮੈਂ ਕੰਮੀਆਂ ਦੀ ਜਾਈ ……

ਗੋਹਾ- ਕੂੜਾ ਕਰਦੀ ਸ਼ਾਹਣੀ ਦਾ ਮੈਂ ਜਾਤ-ਕਜਾਤ ਪਰਖਾਈ ਵੇ ਲੋਕਾ ਮੈਂ ਕੰਮੀਆਂ ਦੀ ਜਾਈ …… 

ਪੱਕੀ ਚਾਹ ਵਾਲੀ ਵਾਟੀ ਮੇਰੀ ਮੂਧੀ ਕੌਲੇ ਨਾਲ ਟਿਕਾਈ ਵੇ ਲੋਕਾ ਮੈਂ ਕੰਮੀਆਂ ਦੀ ਜਾਈ …… 

ਜੋਬਨ ਰੁਤੇ .. ਮੌਲਣ ਰੁੱਤੇ .. ਝਾਟੇ ਚਿੱਟਿਆਂ ਨੇ ਛੈਂਬਰ ਲਾਈ ਵੇ ਲੋਕਾ ਮੈਂ ਕੰਮੀਆਂ ਦੀ ਜਾਈ ……

ਬਾਬਲ ਦੱਸ ਕਿੰਝ ਕਾਜ ਰਚਾਏ ਜਿੰਦ ਡਾਹਡਿਆਂ ਲੇਖੇ ਲਾਈ ਵੇ ਲੋਕਾ ਮੈਂ ਕੰਮੀਆਂ ਦੀ ਜਾਈ …… 

ਬਚਪਣ ਰੁਲਿਆ ਭੁੱਖਣ –ਭਾਣਾਂ ‘ਨਾਂ ਹੀ ਕਦੇ ਜਾਵਾਨੀ ਆਈ ਵੇ ਲੋਕਾ ਮੈਂ ਕੰਮੀਆਂ ਦੀ ਜਾਈ ……

ਵੱਟੀਂ ਰੁਲ ਗਏ ਚਾਅ ਵਿਗੁੱਚੇ ਨਾ ਹੀ ਰੱਜ ਕੇ ਜੂਨ ਹੰਢਾਈ ਵੇ ਲੋਕਾ ਮੈਂ ਕੰਮੀਆਂ ਦੀ ਜਾਈ ……

ਮਾਂ ਮੇਰੀ ਨੇ ਵਿੱਚ ਚਿੰਤਾਵਾਂ ਆਪਣੀ ਜਾਨ ਗਵਾਈ ਵੇ ਲੋਕਾ ਮੈਂ ਕੰਮੀਆਂ ਦੀ ਜਾਈ …… 

ਊਚ ਨੀਚ ਜੇ ਤਿਆਗ ਈ ਦੇਵਂੋ ਬਣ ਜਾਈਏ ਭਾਈ –ਭਾਈ ਵੇ ਲੋਕਾ ਮੈਂ ਕੰਮੀਆਂ ਦੀ ਜਾਈ ……

ਵੀਰਪਾਲ ਕੌਰ’ਕਮਲ’ 8569001590

ਪਾਜ਼ੀਟਿਵ ਬਨਾਮ ਨੈਗੇਟਿਵ! ✍️ ਸਲੇਮਪੁਰੀ ਦੀ ਚੂੰਢੀ 

ਪਾਜ਼ੀਟਿਵ ਬਨਾਮ ਨੈਗੇਟਿਵ!

ਦੋਸਤੋ-

ਅਕਸਰ ਸੁਣਦੇ ਆਂ

ਕਿ-

ਜਿੰਦਗੀ ਵਿਚ ਹਮੇਸ਼ਾ

'ਪਾਜ਼ੀਟਿਵ'

ਖਿਆਲਾਂ ਨੂੰ

ਪੱਲੇ ਬੰਨਕੇ

ਚੱਲਣਾ ਹੀ

ਚੰਗੇ ਬੰਦਿਆਂ 

ਦੀ ਪਛਾਣ ਹੁੰਦੀ ਐ!

'ਨੈਗੇਟਿਵ'

ਸੋਚ ਤਾਂ

ਬੇਈਮਾਨ ਹੁੰਦੀ ਐ!

ਪਰ-

ਸਵੇਰੇ ਉਠ ਕੇ

ਜਦੋਂ ਅਖਬਾਰ

ਵੇਖਦਾਂ

ਤਾਂ

' ਪਾਜ਼ੀਟਿਵ'

ਸ਼ਬਦ ਪੜਕੇ

ਰੂਹ ਪ੍ਰੇਸ਼ਾਨ ਹੁੰਦੀ ਐ!

ਸੁਫਨੇ ਵਿਚ ਵੀ 

ਸੋਚਿਆ ਨਹੀਂ ਸੀ

ਕਿ-

ਦੋਸਤੋ-

ਜਿੰਦਗੀ ਵਿੱਚ

' ਪਾਜ਼ੀਟਿਵ'

ਸ਼ਬਦ ਵੀ

'ਨੈਗੇਟਿਵ '

ਬਣਕੇ ਰੂਹ ਨੂੰ

ਝੰਜੋੜ ਕੇ

ਰੱਖ ਦੇਵੇਗਾ!

ਖੈਰ -

ਸੱਚ ਤਾਂ ਇਹ ਵੀ ਆ

ਕਿ-

ਸੂਰਜ ਚੜ੍ਹਨ ਨਾਲ

ਹੀ ' ਸਵੇਰਾ'

ਨਹੀਂ ਹੁੰਦਾ

ਦਿਲ 'ਚ ਉੱਠੇ

ਚੰਗੇ ਖਿਆਲਾਤ ਵੀ 

 ਜਿੰਦਗੀ ਵਿਚ

' ਚਾਨਣ'

ਬਿਖੇਰ ਦੇ ਨੇ!

ਦੋਸਤੋ! 

ਆਓ-

' ਪਾਜ਼ੀਟਿਵ '

' ਨੈਗੇਟਿਵ '

ਜਾਣੀ ਕਿ-

' ਸੁੱਖ'

' ਦੁੱਖ '

ਨੂੰ ਕੱਪੜੇ ਮੰਨਕੇ

ਪਹਿਨ ਲਈਏ

ਤਾਂ ਜੁ

' ਜਿੰਦਗੀ'

ਚੱਲਦੀ ਰਹੇ!

ਨਿਰੰਤਰ ਚੱਲਦੀ ਰਹੇ!!

-ਸੁਖਦੇਵ ਸਲੇਮਪੁਰੀ

09780620233

31ਮਈ,2020

ਧੁਰਾ ਬਣਿਆ ਬੁਰਾ! ✍️ ਸਲੇਮਪੁਰੀ ਦੀ ਚੂੰਢੀ 

ਧੁਰਾ ਬਣਿਆ ਬੁਰਾ!

ਦੇਸ਼ ਦੇ ਵਿਕਾਸ ਦਾ

ਧੁਰਾ ਹਾਂ!

ਫਿਰ ਵੀ ਕਿਉਂ

ਬੁਰਾ ਹਾਂ?

ਹਾਂ! ਕਿਉਂਕਿ

ਮੈਂ ਮਜਦੂਰ ਹਾਂ।

ਇਸੇ ਲਈ 

ਦੋ ਡੰਗ ਦੀ ਰੋਟੀ

ਲਈ ਮਜਬੂਰ ਹਾਂ।

ਸਰੀਰਕ ਪੱਖੋਂ

ਮਜਬੂਤ ਹਾਂ!

ਸਿਸਟਮ ਅੱਗੇ

ਲਾਚਾਰ ਹਾਂ,

ਇਸੇ ਲਈ

ਤਾਂ ਚਕਨਾਚੂਰ ਹਾਂ! 

-ਸੁਖਦੇਵ ਸਲੇਮਪੁਰੀ

09780620233

30 ਮਈ, 2020

 ਭੁੱਖ! ✍️ਸਲੇਮਪੁਰੀ ਦੀ ਚੂੰਢੀ 

      ਭੁੱਖ!

 ਬਾਗਾਂ ਵਿੱਚ

ਕੂਕਦੀ ਕੋਇਲ

ਦੇ ਬੋਲ

ਨਾ ਮਿੱਠੇ

 ਲੱਗਦੇ ਨੇ! 

ਤੇ

ਨਾ  ਪੈਲਾਂ ਪਾਉਂਦੇ

ਮੋਰ ਦੇ ਅੰਦਾਜ

ਹੁਣ ਮਨ ਨੂੰ

ਟੁੰਬਦੇ ਨੇ!

' ਖੜਕਾਓ ਥਾਲੀਆਂ' 

'ਠੋਕੋ ਤਾਲੀਆਂ' 

ਦੇ ਬੋਲ ਤਾਂ

 ਹੁਣ ਪੇਟ ਵਿਚ

 ਛੁਰਾ ਬਣਕੇ

 ਲੰਘਦੇ ਨੇ!

ਸੁਣਿਆ ਸੀ - 

ਭੁੱਖੇ ਪੇਟ

 ਭਗਤੀ ਕਰਨ

ਨਾਲ

ਦੇਵੀ, ਦੇਵਤੇ

ਬਾਂਹ ਫੜਦੇ ਨੇ!

ਸਿਰ  'ਤੇ

ਹੱਥ ਰੱਖਦੇ ਨੇ!

ਪਰਦੇ ਕੱਜ ਦੇ ਨੇ! 

ਪਰ -

ਭੁੱਖ ਨਾਲ

ਤਾਂ ਆਂਦਰਾਂ

ਕੁਰਲਾਉਂਦੀਆਂ ਨੇ! 

ਦੁਹਾਈ ਪਾਉੰਦੀਆਂ ਨੇ!

ਤੇ-

ਚੈਨਲਾਂ 'ਤੇ

ਵਿਕਾਸ ਨੂੰ ਲੈ ਕੇ

ਚੱਲਦੇ ਚਰਚੇ

ਵਿਹੁ ਵਾਂਗੂੰ

ਲੱਗਦੇ ਨੇ!

ਡਰਾਉਣੀਆਂ ਨੇ

ਰਾਤਾਂ,

ਨਾ ਸੂਰਜ

ਮੱਘਦੇ ਨੇ! 

ਦਿਲ ਤਾਂ ਕਰਦਾ

ਕਿ -

'ਖੁਦਕੁਸ਼ੀ'

ਕਰ ਲਵਾਂ!

 ਪਰ-

ਨਹੀਂ ਕਰਾਂਗਾ!

ਨਹੀਂ ਮਰਾਂਗਾ!

ਮੈਂ ਬੁਜਦਿਲ ਨਹੀਂ! 

ਭੁੱਖ ਅੱਗੇ

 ਗੋਡੇ ਨਹੀਂ ਟੇਕਾਂਗਾ !

ਭਾਵੇਂ ਮਜਬੂਰ ਹਾਂ!

ਪਰ ਮਜਦੂਰ ਹਾਂ! 

ਮੈਂ ਲੜਾਂਗਾ!

ਹਾਂ ਲੜਾਂਗਾ!

ਮੈਂ ਸਦੀਆਂ ਤੋਂ

ਲੜਦਾ ਆ ਰਿਹਾ ਹਾਂ!

ਸਿਸਟਮ ਦੇ ਵਿਰੁੱਧ!

ਲੜਦਾ ਰਹਾਂਗਾ!

ਲੜਦਾ ਰਹਾਂਗਾ!

ਲੜਦਾ ਰਹਾਂਗਾ!

-ਸੁਖਦੇਵ ਸਲੇਮਪੁਰੀ

09780620233

29 ਮਈ, 2020

ਆਤਮ-ਨਿਰਭਰਤਾ!  ✍️ ਸਲੇਮਪੁਰੀ ਦੀ ਚੂੰਢੀ 

ਆਤਮ-ਨਿਰਭਰਤਾ! 

ਇਸ ਵੇਲੇ ਭਾਰਤ ਬਹੁਤ ਤੇਜ ਰਫਤਾਰ ਨਾਲ ਆਤਮ-ਨਿਰਭਰਤਾ ਵਲ ਵਧ ਰਿਹਾ ਹੈ, ਕਿਉਂਕਿ ਦੇਸ਼ ਵਿਚ ਹੁਣ ਰੋਜ਼ਾਨਾ 2 ਲੱਖ ਪੀ. ਪੀ. ਈ. ਕਿੱਟਾਂ ਅਤੇ 2 ਲੱਖ ਐਨ-95 ਮਾਸਕ ਬਣਕੇ ਤਿਆਰ ਹੋਣ ਲੱਗ ਪਏ ਹਨ। ਸੱਚ-ਮੁੱਚ  ਵੱਡੀ ਮਾਤਰਾ ਵਿਚ ਪੀ ਪੀ ਈ ਕਿੱਟਾਂ ਅਤੇ ਮਾਸਕ ਤਿਆਰ ਹੋਣ ਨਾਲ ਜਿੱਥੇ ਭਾਰਤ ਆਤਮ ਨਿਰਭਰ ਬਣ ਰਿਹਾ ਹੈ ਉਥੇ ਦੇਸ਼ ਦੇ ਲੋਕ ਵੀ ਆਤਮ-ਨਿਰਭਰਤਾ ਲਈ ਇਰਾਦੇ ਦੀ ਦ੍ਰਿੜਤਾ ਨਾਲ ਡਿੱਗਦੇ - ਢਹਿੰਦੇ ਆਪਣੀ ਮੰਜ਼ਿਲ ਛੂਹਣ ਵਲ ਵਧਦੇ ਜਾ ਰਹੇ ਹਨ।  ਉੰਝ ਪਿਛਲੇ 73 ਸਾਲਾਂ ਤੋਂ ਆਤਮ-ਨਿਰਭਰ  ਬਣਨ ਲਈ ਦੇਸ਼ ਦੇ ਜੰਮਦੇ ਬੱਚਿਆਂ ਤੋਂ ਲੈ ਕੇ ਬਜੁਰਗਾਂ ਜਿੰਨਾਂ ਦੇ ਕੰਮ ਕਰਦਿਆਂ ਕਰਦਿਆਂ ਬਾਹਾਂ ਅਤੇ ਲੱਤਾਂ ਦੀਆਂ ਨਾੜੀਆਂ ਫੁੱਲਣ ਲੱਗ ਪਈਆਂ ਹਨ,ਨੂੰ ਕਿਤੇ ਹੁਣ ਜਾ ਕੇ ਮੰਜਿਲ ਦੀ ਪ੍ਰਾਪਤੀ ਹੋਣ ਲੱਗੀ ਹੈ। ਬੱਚੇ, ਬੁੱਢੇ, ਜਵਾਨ ਮਰਦ, ਔਰਤਾਂ, ਬਿਮਾਰ ਅਤੇ ਗਰਭਵਤੀ ਮਾਵਾਂ ਸਮੇਤ ਵੱਡੀ ਗਿਣਤੀ ਵਿਚ ਲੋਕ ਆਤਮ ਨਿਰਭਰ ਹੋ ਕੇ ਭੁੱਖ ਨਾਲ ਲੜਦਿਆਂ ਨੰਗੇ ਪੈਰੀਂ ਆਪਣੀ ਮੰਜਿਲ ਤੱਕ ਪਹੁੰਚਣ ਲਈ ਜਹਿਦੋ-ਜਹਿਦ ਕਰ ਰਹੇ ਹਨ।

ਵਾਹ! ਆਤਮ-ਨਿਰਭਰਤਾ ਲਈ ਤੁਰਦਿਆਂ ਤੁਰਦਿਆਂ  ਮਜਦੂਰਾਂ ਅਤੇ ਆਮ ਲੋਕਾਂ ਦੇ ਪੈਰਾਂ ਹੇਠੋਂ ਚਮੜੀ ਉਧੜ ਗਈ ਹੈ, ਟਾਕੀਆਂ ਲੱਥਣ ਨਾਲ  ਡੂੰਘੇ ਜਖਮ ਹੋਣ ਕਰਕੇ ਖੂਨ ਚੋਣ ਲੱਗ ਪਿਆ ਹੈ! 

-ਸੁਖਦੇਵ ਸਲੇਮਪੁਰੀ

09780620233

19 ਮਈ, 2020

   ਜਿੰਦਗੀ!। ✍️ ਸੁਖਦੇਵ ਸਲੇਮਪੁਰੀ

ਸਲੇਮਪੁਰੀ ਦੀ ਚੂੰਢੀ -

   ਜਿੰਦਗੀ!।

ਜਿੰਦਗੀ ਵਿੱਚ
ਉਤਰਾਅ - ਚੜ੍ਹਾਅ ਆਉਣਾ 
ਜਿੰਦਗੀ ਦਾ ਦਸਤੂਰ ਆ!
 ਜਿੰਦਗੀ ਵਿੱਚ ਸਦੀਵੀ
ਠਹਿਰਾਅ ਨਹੀਂ ਹੁੰਦਾ!
ਝੱਖੜ, ਹਨੇਰੀਆਂ, ਤੁਫਾਨਾਂ
ਦਾ ਸਿਲਸਿਲਾ ਚੱਲਦਾ ਰਹਿੰਦਾ ਏ! 
ਰੁੱਖ ਲਿਫ ਜਾਂਦੇ ਹਨ! 
ਫਿਰ ਖੜ੍ਹੇ ਹੋ ਜਾਂਦੇ ਹਨ! 
ਕਈ ਟੁੱਟ ਜਾਂਦੇ ਨੇ 
ਫਿਰ ਪੁੰਗਰ ਆਉਂਦੇ ਨੇ 
ਕਈਆਂ 'ਤੇ ਪੱਥਰ
ਡਿੱਗ ਪੈਂਦੇ ਨੇ
ਉਹ ਪੱਥਰਾਂ ਨੂੰ ਪਾੜ ਕੇ
 ਨਿਕਲ ਆਉਂਦੇ ਨੇ!
ਆਓ!
ਜਿੰਦਗੀ ਦਾ ਹਰ ਸੇਕ
ਖਿੜੇ ਮੱਥੇ ਝੱਲੀਏ!
ਕਿਉਂਕਿ -
ਧੁੱਪ ਦਾ ਸੇਕ ਜਿਨ੍ਹਾਂ ਮਰਜੀ ਹੋਵੇ
 ਸਮੁੰਦਰ ਕਦੀ ਸੁੱਕਦੇ ਨਹੀਂ! 
-ਸੁਖਦੇਵ ਸਲੇਮਪੁਰੀ
09780620233

ਜਿੱਤਣੀ ਜੰਗ ਕੋਰਨਾਂ ਤੋ ✍️ ਡਾਂ. ਪਰਮਿੰਦਰ ਕੁਮਾਰ,ਪਿੰਡ ਬੱਡੂਵਾਲ (ਮੋਗਾ)

ਜਿੱਤਣੀ ਜੰਗ ਕੋਰਨਾਂ ਤੋ

ਚੱਕੇ ਜਾਮ ਹੈ ਕਰਤੇ ਜਿਸਨੇ ਸਾਰੀ ਦੁਨੀਆਂ ਦੇ,

ਡਰ ਮਨਾਂ ਵਿਚ ਭਰਤੇ ਜਿਸਨੇ ਸਾਰੀ ਦੁਨੀਆਂ ਦੇ,

ਕੰਮ-ਕਾਰ ਭਾਵੇ ਹੋਗੇ ਡਰਦੇ ਬੰਦ 'ਕੋਰਨਾਂ ਤੋ ।

ਨਾਲ ਹੌਸਲੇ ਜਿੱਤਣੀ ਆਪਾਂ ਜੰਗ ਕੋਰਨਾਂ ਤੋ ।

ਨਾਲ ਹੌਸਲੇ ਜਿੱਤਣੀ..................... ।

ਜੋ ਸਰਕਾਰਾਂ ਦੱਸੀਆਂ ਨੇ ਅਪਣਾਈਏ ਨਿਯਮਾਂ ਨੂੰ,

ਲੋਕਡਾਊਨ ਦੇ ਪੂਰੇ ਸਫਲ ਬਣਾਣੀਏ ਨਿਯਮਾਂ ਨੂੰ,

ਨਾਂ ਗਰੋ ਬਾਹਰ ਤੁਸੀ ਜਾਕੇ ਖਾਇੳ ਡੰਗ ਕੋਰਨਾਂ ਤੋ,

ਨਾਲ ਹੌਸਲੇ ਜਿੱਤਣੀ............................ ।

ਸਿਹਤ ਮਹਿਕਮਾ ਅਤੇ ਪੁਲਿਸ ਦੀ ਹੈ ਕੁਰਬਾਨੀ ਵਡੀ,

ਲੋਕਾਂ ਖਾਤਰ ਜਿਨਾਂ ਆਪਣੀ ਜਿੰਦਗੀ ਹੈ ਲਾ ਛਡੀ,

ਜੋ ਪੈਰ ਪਿੱਛੇ ਨਹੀ ਪੁਟਣੇ ਹੋਕੇ ਤੰਗ ਕੋਰਨਾਂ ਤੋ,

ਨਾਲ ਹੌਸਲੇ ਜਿੱਤਣੀ........................... ।

ਬੱਡੂਵਾਲੀਆਂ" ਵਿਚ ਦੇ ਘਰਾਂ ਦੇ ਰਹਿਕੇ ਫਰਜ ਨਿਭਾਈਏ,

ਏਸ ਲੜਾਈ ਵਿਚ 'ਪਰਮਿੰਦਰ' ਯੋਗਦਾਨ ਪੂਰਾ ਪਾਈਏ,

ਕਿਸੇ ਦਾ ਨਾਂ ਹੌਸਲੇ ਟੁੱਟੇ ਹੋਕੇ ਭੰਗ ਕੋਰਨਾਂ ਤੋ।

ਨਾਲ ਹੋਸਲੇ ਜਿਤਣੀ ਆਪਾਂ ਜੰਗ ਕੋਰਨਾ ਤੋ।

ਨਾਲ ਹੌਸਲੇ ਜਿੱਤਣੀ.....................।

ਲੇਖਕ

ਡਾਂ. ਪਰਮਿੰਦਰ ਕੁਮਾਰ,ਪਿੰਡ ਬੱਡੂਵਾਲ (ਮੋਗਾ)

(ਮੋਬਇਲ ਨੰ.) 99144-08665

ਮੈਂ ਹਾਂ ਮਾਂ ਦੇ ਕਰਕੇ ✍️ ਕੁਲਦੀਪ ਸਿੰਘ ਦਾਉਧਰ

ਮੈਂ ਹਾਂ ਮਾਂ ਦੇ ਕਰਕੇ, ਮਾਂ ਮੇਰੇ ਕਰਕੇ ਹੀ ਮਾਂ ਹੋਈ, 
ਉਹ ਸਦਾ ਰਹੇਗੀ ਮੇਰੇ ਦਿਲ ਲਈ ਸਤਿਕਾਰਿਤ, 
ਘੁੱਪ ਹਨੇਰ ਅਤੇ ਵਗਦੀਆਂ ਲੋਆਂ ਵਿੱਚ ਠੰਡੀ ਛਾਂ ਹੋਈ। 
ਮੈਂ ਹਾਂ ਮਾਂ ਦੇ ਕਰਕੇ,,,,, 
 
ਕੌਣ ਮਾਫ ਕਰ ਸਕਦਾ ਹੈ ਕੋਈ ਗੁਨਾਹ ਸਾਰੇ ਦੇ ਸਾਰੇ, 
 ਹਰ ਵਾਰ ਜੋ ਦੇਵੇ ਮੌਕੇ ਜਿੱਤਣ ਦੇ, ਬੇਸ਼ੱਕ ਰਹੇ ਹਾਰੇ ਦੇ ਹਾਰੇ
 ਮੈਂ ਮਾਂ ਲਈ ਚਿੰਤਿਤ ਰਿਹਾ ਸਦਾ, ਇਹ ਜਾਣ ਬਚੀ ਤਾਂ ਹੋਈ। 
ਮੈਂ ਹਾਂ ਮਾਂ ਦੇ ਕਰਕੇ,,,,, 

ਪਤਾ ਲੱਗਦਾ ਸਭ ਨੂੰ ਮਗਰਲੇ ਪੱਖ ਇਹ, ਮਾਂ - ਬਾਪ ਸਹੀ ਸੀ, 
ਫਿਰ ਲੱਗਦੀ ਹਰ ਗੱਲ ਸੱਚੀ , ਜੋ ਬਚਪਨ ਵਿੱਚ ਕਹੀ ਸੀ,
ਹੋ ਜਾਂਦਾ ਹੈ ਮਨ ਮੁਤਾਬਕ ਹੀ ਇੱਥੇ, ਕੇ ਭੁੱਲ ਅਚਾਨਕ ਜਾਂ ਹੋਈ। 
ਮੈਂ ਹਾਂ ਮਾਂ ਦੇ ਕਰਕੇ,,,,, 

ਸਾਰੇ ਗੁਨਾਹ ਛੋਟੇ ਹੋ ਸਕਦੇ ਨੇ, ਮਾਂ ਦਾ ਦਿਲ ਦੁਖਾਉਣ ਤੋਂ ਬਿਨਾਂ
ਸਭ ਸ਼ੁੱਭ ਕਰਮ ਵਿਅਰਥ ਹਨ, ਰੁੱਸੀ ਮਾਂ ਨੂੰ ਮਨਾਉਣ ਤੋਂ ਬਿਨਾਂ, 
ਖਾਲਸਾ ਫਿਰ ਹੀ ਖਾਲਸਾ ਹੈ, ਜੇ ਮਾਂ ਵੱਲੋਂ ਮਾਫੀ ਦੀ ਹਾਂ ਹੋਈ।
ਮੈਂ ਹਾਂ ਮਾਂ ਦੇ ਕਰਕੇ,,,,,
ਕੁਲਦੀਪ ਸਿੰਘ ਦਾਉਧਰ

 ਜੀਣ ਦੀ ਮੋਹਲਤ! ✍️ਸੁਖਦੇਵ ਸਲੇਮਪੁਰੀ

 ਜੀਣ ਦੀ ਮੋਹਲਤ!

 

 ਕੁਦਰਤ ਨੇ ਨਿਵਾਜਿਆ,    

  ਜਿੰਦਗੀ ਦੇ ਕੇ,

ਅਸੀਂ ਸ਼ੋਹਰਤ ਮੰਗਦੇ ਰਹਿ ਗਏ!

 ਕਾਰਾਂ, ਕੋਠੀਆਂ, ਕਰੋੜ ਇਕੱਠੇ ਕਰਦਿਆਂ,

   ਮਾਸੂਮਾਂ ਨੂੰ ਸੱਪਾਂ ਵਾਂਗੂੰ

ਡੰਗ ਦੇ ਰਹਿ ਗਏ।

ਕੁਦਰਤ ਨੇ ਪਲਾਂ ਵਿਚ

ਟੰਗ ਕੇ ਰੱਖ ਦਿੱਤਾ,

ਅਸੀਂ ਕੁਦਰਤ ਨੂੰ ਟੰਗ ਦੇ ਰਹਿ ਗਏ!

ਜਿੰਦਗੀ ਗੁਜਾਰ ਦਿੱਤੀ  

  ਝੂਠੀਆਂ ਸ਼ੋਹਰਤਾਂ ਪਿਛੇ,

ਫਿਰ ਜੀਣ ਦੀ ਮੋਹਲਤ ਮੰਗਦੇ ਰਹਿ ਗਏ!

-ਸੁਖਦੇਵ ਸਲੇਮਪੁਰੀ

09780620233

ਕੋਰੋਨਾ ਵਾਇਰਸ ਮਹਾਮਾਰੀ ਦੁਰਾਨ ਕੁਸ਼ ਕਰਨ ਅਤੇ ਸੋਚਣ ਦੀ ਲੋੜ-ਪੰਡਿਤ ਰਮੇਸ਼ ਕੁਮਾਰ ਭਟਾਰਾ

ਅੱਜ ਸਵੇਰੇ ਮੈਂ ਇੱਕ ਲੇਖ ਪੜ੍ਹਿਆ ਹੈ ਕੋਰੋਨਾ ਵਾਰਿਸ  ਦਾ ਜਿਕਰ ਹੈ ਜਿਸ ਵਿੱਚ, ਉਸਦੇ ਸੰਧਰਭ ਵਿੱਚ ਮੈਂ ਇਹ ਸੰਸਾਰ ਨੂੰ ਲਿਖ ਰਿਹਾ ਹਾਂ, ਮੈਨੂੰ ਇਸ ਲੇਖ ਨੂੰ ਪੜਕੇ ਚੰਗਾ ਲਗਿਆ ਹੈ, ਜੇ ਦਸੰਬਰ 1822 ਵਿੱਚ ਜਨਮੇ ਲੂਈ ਪਾਸਚਰ ਫਰਾਂਸੀਸੀ ਵਿਗਿਆਨਕ, ਜਾਨਵਰਾਂ ਅਤੇ ਇਨਸਾਨਾ ਨੂੰ ਨਾਮੁਰਾਦ ਬਿਮਾਰੀਆ ਤੋ ਬਚਾਉਣ ਲਈ ਕੋਈ ਖੋਜ ਕਰ ਸਕਦਾ ਹੈ ਤਾਂ ਕਿਸੇ ਡੇਰੇ ਦਾ ਸਾਧੂ ਕਿਉਂ ਨਹੀਂ ਕਰ ਸਦਕਾ, ਮੈਂ ਸੰਸਾਰ  ਦੇ ਬਹੁਤ ਸਾਧੂ ਸੰਤਾ ਮਹੰਤਾ ਨੂੰ ਜਾਣਦਾ ਹਾਂ ਜਿਨ੍ਹਾਂ ਦੇ ਕੋਲ ਬਹੁਤ ਨੁਖਸੇ ਫਾਰਮੂਲੇ ਹਨ, ਜਾਨਵਰਾਂ ਅਤੇ ਇੰਸਾਨਾ ਦੇ ਨਾਲ ਨਾਲ ਵਨਸਪਤੀ ਨੂੰ ਬਚਾਉਣ ਵਾਸਤੇ ਵੀ, ਇਸਦੇ ਨਾਲ ਨਾਲ ਇੰਸਾਨ ਨੂੰ ਉਸ ਦੇ ਖੁਦ ਦੀ ਅੰਦਰੋ ਦੀ ਚਾਤ ਮਾਰਨ ਅਤੇ ਰੱਬ ਜੀ ਦੇ ਦਰਸ਼ਨ ਕਰਵਾਉਂਦੇ ਹਨ, ਇੰਸਾਨ ਦੇ ਨਾਲ ਜਾਨਵਰਾਂ ਵਨਸਪਤੀ ਪਹਾੜ ਆਕਾਸ਼ ਧਰਤੀ ਸਮੁਦਰ ਪਤਾਲ ਤੋਂ ਇਲਾਵਾ ਜਿਸਨੂੰ ਅਸੀਂ ਸੱਚਖੰਡ ਬ੍ਰਹਿਮੰਡ ਕਹਿੰਦੇ ਹਾਂ ਉਸਦੇ ਵੀ ਦਰਸ਼ਨ ਕਰਵਾ ਦਿੰਦੇ ਹਨ, ਇਸ ਲਈ ਸਾਨੂੰ ਸਾਧੂ ਸੰਤਾਂ ਮਹੰਤਾਂ ਦਾ ਅਪਮਾਨ ਨਹੀਂ ਕਰਨਾ ਚਾਹੀਦਾ, ਇਹ ਮੇਰਾ, ਮੇਰੀ ਜਿੰਦਗੀ ਦੇ 60 ਸਾਲਾ ਦਹਾਕਿਆਂ ਦਾ ਤਜਰਬਾ ਹੈ, ਮੇਰੇ ਆਜੀਜ ਬਰਖੁਰਦਾਰ ਸੁਰਿੰਦਰ ਦੱਤ ਜੀ, ਹੁਣ ਮੈਂ ਆਪਣੀ ਗੱਲ ਕਰਦਾ ਹਾਂ, ਮੈਂ ਹੁਣ ਦੇ ਹਾਲਾਤ ਤੋ ਬਚਨ ਲਈ ਲਿਖਦਾ ਆ ਰਿਹਾ ਹਾਂ, ਕਿ, ਵਰਤਮਾਨ ਹਾਲਾਤ ਵਿੱਚ ਸਾਡੀ ਮਦਦ ਨੀਮ ਦਾ ਦਖਤ ਕਰ ਸਕਦਾ ਹੈ, ਸਾਨੂੰ ਨਿਮ ਦੇ ਪੱਤੇ, ਨੀਮ ਦੀ ਦਾਤੁਨ, ਸੱਕ, ਅਤੇ ਨੋਮਲੀਆ ਦਾ ਸੇਵਨ ਕਰਨਾ ਚਾਹੀਦਾ ਹੈ, ਨੀਮ ਦੇ 2,4 ਪੱਤਿਆਂ ਨੂੰ ਆਪਣੇ ਸ਼ਰੀਰ ਦੀ ਛਾਤੀ ਕੋਲ ਕਮੀਜ ਦੀ ਉਪਰਲੀ ਜੇਬ ਵਿੱਚ ਹਮੇਸ਼ਾ ਰਖਣਾ ਚਾਹੀਦਾ ਹੈ, ਇੱਕ ਹਫਤੇ 10 ਦਿਨਾ ਬਾਅਦ ਨਿਮਦੇ ਪੱਤਿਆਂ ਨੂੰ ਬਦਲਕੇ ਤਾਜੇ ਨਵੇਂ ਪੱਤਿਆਂ ਨੂੰ ਲੈਕੇ ਰੱਖ ਲੈਣਾ ਚਾਹੀਦਾ ਹੈ, ਅਤੇ ਘਰ ਵਿੱਚ ਨਿਮ ਦੇ ਪੱਤਿਆਂ ਦੀ ਧੁੱਨੀ ਦੇਣੀ ਚਾਹੀਦੀ ਹੈ, ਜਿਸ ਨੂੰ ਮੈਂ ਹੱਵਣ ਯੱਗ ਕਿਂਹਦਾ ਹਾਂ, ਇਹ ਮੇਰਾ ਖੁਦ ਦਾ ਮੱਤ ਹੈ ਅਤੇ ਮੇਰੀ ਇਹ ਦੁਨੀਆਂ ਦੇ ਬੁੱਧੀਜੀਵੀ ਇੰਨਸਾਨਾ ਨੂੰ ਔਰਤਾਂ ਮਰਦਾ ਨੂੰ ਮੇਰੇ ਬਚਿਆ ਨੂੰ ਬਜੁਰਗਾਂ ਨੂੰ ਰਾਏ ਸਲਾਹ ਸੁਜੇਸ਼ਣ ਹੈ, ਕਿ, ਜੱਦ ਤੱਕ ਇਸ ਨਾਮੁਰਾਦ ਕੋਰੋਨਾ ਵਾਰਿਸ ਤੋਂ ਬਚਨ ਲਈ ਕੋਈ ਦਵਾਈ ਇਸ ਵਰਤਮਾਨ ਸੰਸਾਰ ਦੇ ਵਿਗਿਆਨਕ ਬਣਾ ਨਹੀਂ ਲੈਂਦੇ ਤੱਦ ਤੱਕ ਸਾਨੂੰ ਇਸ ਦਰੱਖਤ ਨਿਮ ਨੀਮ ਤੋ ਕੰਮ ਲੈ ਲੇਣਾ ਚਾਹੀਦਾ ਹੈ, ਮੇਰਾ ਇਹ ਮਨਣਾ ਹੈ, ਕਿ,  ਬਚਾਉ ਵਿੱਚ ਹੀ ਬਚਾਉ ਹੈ,ਚੰਗਾ ਭਾਈ ਜਿਉਂਦੇ ਵੱਸਦੇ ਰਹੋ, ਬਹੁਤ ਸਾਰੇ ਲੋਕ ਮੇਰੇ ਲਿਖੇ ਹੋਏ ਨੂੰ ਹਿੰਦੀ ਅੰਗਰੇਜ਼ੀ ਵਿੱਚ ਲਿਖਿਆ ਹੋਇਆ ਮੰਗਦੇ ਹਨ, ਮੈਂ, ਮੇਰੇ ਉਹਨਾਂ ਚੋਹਿਣ ਵਾਲਿਆਂ ਨੂੰ ਕੋਸ਼ਿਸ਼ ਕਰਕੇ ਲਿਖ ਭੇਜ ਦਿੰਦਾ ਹਾਂ,

 ਦਾਸ-- ਪੰਡਿਤ ਰਮੇਸ਼ ਕੁਮਾਰ ਭਟਾਰਾ ਬਰਨਾਲਾ ਪੰਜਾਬ ਇੰਡੀਆ,9815318924*

ਧਰਤੀ ਦਿਵਸ ਤੇ ਵਿਸ਼ੇਸ਼ ✍️ਗਗਨਦੀਪ ਕੌਰ

ਧਰਤੀ ਨੂੰ ਨੁਕਸਾਨ ਪਹੁੰਚਾਉਣ ਵਾਲੇ ਵੱਖ ਵੱਖ ਮੁੱਦਿਆਂ ਅਤੇ ਵਾਤਾਵਰਨ ਦੀ ਸੰਭਾਲ ਦੇ ਯਤਨਾਂ ਨੂੰ ਸਥਿਰ ਕਰਨ ਲਈ ਜਾਗਰੂਕਤਾ ਪੈਦਾ ਕਰਨ ਲਈ ਹਰ ਸਾਲ 22 ਅਪ੍ਰੈਲ ਨੂੰ ਧਰਤੀ ਦਿਵਸ ਮਨਾਇਆ ਜਾਂਦਾ ਹੈ। ਮਿੱਟੀ, ਹਵਾ ਅਤੇ ਪਾਣੀ ਦੇ ਪ੍ਰਦੂਸ਼ਣ ਬਾਰੇ ਵੱਧ ਰਹੀ ਚਿੰਤਾ ਨੂੰ ਉਜਾਗਰ ਕਰਨ ਲਈ ਪਹਿਲਾ ਧਰਤੀ ਦਿਵਸ ਸਾਲ 1970 ਵਿੱਚ ਮਨਾਇਆ ਗਿਆ। 

ਧਰਤੀ ਦੀ ਤਪਸ਼ ਦਿਨੋ ਦਿਨ ਵਧ ਰਹੀ ਹੈ। ਮੌਸਮ ਬਦਲ ਰਹੇ ਹਨ। ਬਹੁਤ ਹਵਾ ਦੀਆਂ ਬੀਮਾਰੀਆਂ ਵਧ ਰਹੀਆਂ ਹਨ। ਧਰਤੀ ਉੱਤੇ ਜੀਵਨ ਦੁਰਲੱਭ ਹੁੰਦਾ ਜਾ ਰਿਹਾ ਹੈ। ਅਸੀਂ ਆਪਣੇ ਵਾਤਾਵਰਨ ਨੂੰ ਬਹੁਤ ਆਸਾਨ ਢੰਗ ਨਾਲ ਧਰਤੀ ਤੇ ਹਰ ਵਿਅਕਤੀ ਦੁਆਰਾ ਚੁੱਕੇ ਗਏ ਕਦਮਾਂ ਨਾਲ ਬਚਾ ਸਕਦੇ ਹਾਂ। ਸਾਨੂੰ ਕੂੜੇ ਦੀ ਮਾਤਰਾ ਨੂੰ ਘਟਾਉਣਾ ਚਾਹੀਦਾ ਹੈ, ਕੂੜੇ ਨੂੰ ਸਹੀ ਜਗ੍ਹਾ ਤੇ ਸੁੱਟਣਾ ਚਾਹੀਦਾ ਹੈ। ਪੌਲੀ ਬੈਗ ਦੀ ਵਰਤੋਂ ਬੰਦ ਕਰਨੀ ਚਾਹੀਦੀ ਹੈ। ਪਾਣੀ ਦੀ ਬਰਬਾਦੀ, ਊਰਜਾ ਦੀ ਸੰਭਾਲ,  ਬਿਜਲੀ ਦੀ ਘੱਟ ਵਰਤੋਂ ਕਰਨੀ ਚਾਹੀਦੀ ਹੈ।

ਅੱਜ ਕਰੋਨਾ ਇਨਸਾਨ ਨੂੰ ਇਹੀ ਸਿੱਖਿਆ ਦੇ ਰਿਹਾ ਹੈ "ਕਿ ਐ ਇਨਸਾਨ ਜੇ ਤੂੰ  ਆਪਣੀ ਹੋਂਦ ਨੂੰ ਕਾਇਮ ਰੱਖਣਾ ਹੈ ਤਾਂ ਕੁਦਰਤ ਨਾਲ ਖਿਲਵਾੜ ਨਾ ਕਰ" ਆਓ ਧਰਤੀ ਦੀ ਹੋਂਦ ਨੂੰ ਬਚਾਉਣ ਲਈ ਰੁੱਖ ਕੱਟਣ ਦੀ ਬਜਾਏ ਵੱਧ ਤੋਂ ਵੱਧ ਰੁੱਖ ਲਗਾਏ। ਕੁਦਰਤ ਨਾਲ ਇਕਮਿਕ ਹੋਈਏ। ਧਰਤੀ ਦਿਵਸ ਮਨਾਉਣ ਲਈ ਯਤਨ ਕਰੀਏ।

ਅਧਿਆਪਕਾ ਗਗਨਦੀਪ ਕੌਰ