ਸਾਹਿਤ

ਲਿਖਤ✍️ਰਜਨੀਸ਼ ਗਰਗ-ਧੀ ਤੇ ਪੁੱਤ 

ਧੀ ਤੇ ਪੁੱਤ 

 ਪੁੱਤ ਮੋਹ ਦੇ ਵਿੱਚ ਧੀ ਨੂੰ ਅਣਗੋਲਿਆ ਕਰਦਾ ਏ,

ਰੋਜ ਰੋਜ ਹੀ ਅੱਖਾ ਉਹਦੀਆ ਚ ਹੰਝੂ ਭਰਦਾ ਏ,

ਧੀ ਆਪਣੀ ਦਾ ਕਦੇ ਵੀ ਮਨ ਖਿਆਲ ਨਾ ਆਉਦਾ,

ਪੁੱਤ ਆਪਣੇ ਲਈ ਰੋਜ ਦੁਆਵਾ ਕਰਦਾ ਏ,

ਦੋ ਬੱਚਿਆ ਵਿਚਕਾਰ ਖਿੱਚੀ ਨਹੀ ਜਾ ਲਕੀਰ ਸਕਦੀ ,

ਆਪਣੇ ਬੱਚਿਆ ਵਿੱਚ ਹੀ ਫਰਕ ਰੱਖ ਕੇ 

ਕਿੱਦਾ ਦੁਨੀਆ ਜੀਅ ਸਕਦੀ ।

ਪੁੱਤ ਐਸ਼ ਦੇ ਲਈ ਕਦੇ ਪੈਸੇ ਵਲੋ ਘਬਰਾਇਆ ਨਾ,

ਧੀ ਅਪਣੀ ਦੇ ਹੱਥ ਚ ਕਦੇ ਪੈਸਾ ਫੜਾਇਆ ਨਾ,

ਪੁੱਤ ਆਪਣੇ ਨਾਲ ਰੋਜ ਹੀ ਪਿਆਰੀਆ ਗੱਲਾ ਕਰਦਾ ਏ,

ਪਰ ਧੀ ਅਪਣੀ ਨੂੰ ਕਦੇ ਵੀ ਗਲ੍ਹ ਨਾਲ ਲਾਇਆ ਨਾ,

ਏਸ ਜਮਾਨੇ ਵਿੱਚ ਵੀ ਦਸੋ ਧੀ ਕਰ ਨੀ, ਕੀ ਸਕਦੀ,

ਆਪਣੇ ਬੱਚਿਆ ਵਿੱਚ ਹੀ ਫਰਕ ਰੱਖ ਕੇ

ਕਿੱਦਾ ਦੁਨੀਆ ਜੀਅ ਸਕਦੀ ।

ਪੁੱਤ ਵਿਆਹ ਕਰਵਾ ਕੇ ਭਾਵੇ ਅੱਡ ਹੋਇਆ ਏ,

ਪਰ ਬਾਪ ਦੇ ਦਿਲ ਚੋ ਨਾ ਪੁੱਤ ਕੱਢ ਹੋਇਆ ਏ,

ਧੀ ਕੋਲ ਰਹਿ ਕੇ ਰੋਜ ਹੀ ਸੇਵਾ ਕਰਦੀ ਏ,

ਪਰ ਪੁੱਤ ਧੀ ਵਿੱਚੋ ਫਰਕ ਨਾ ਕੱਢ ਹੋਇਆ ਏ,

ਰਜਨੀਸ਼ ਪਤਾ ਸ਼ਭ ਨੂੰ ਧੀ ਦੁੱਖ ਘਰ ਦੇ ਸਾਰੇ ਪੀ ਸਕਦੀ,

ਪਰ ਆਪਣੇ ਬੱਚਿਆ ਵਿੱਚ ਹੀ ਫਰਕ ਰੱਖ ਕੇ

ਏਹ ਕਿੱਦਾ ਦੁਨੀਆ ਜੀਅ ਸਕਦੀ ।

ਸਮਝ ਨਹੀ ਆਉਦੀ ਦੁਨੀਆ ਦੀ 

ਇਹ ਕਰ ਕੁਝ ਕੀ ਸਕਦੀ 

ਲਿਖਤ✍️ਰਜਨੀਸ਼ ਗਰਗ

ਸਲੇਮਪੁਰੀ ਦੀ ਚੂੰਢੀ -ਸਿਆਸੀ ਬੋਲੀਆਂ!

ਸਿਆਸੀ ਬੋਲੀਆਂ!

 

ਅਕਾਲੀ ਦਲ 'ਚ ਫਸਾਦ ਜਿਹਾ ਪੈ ਗਿਆ ,

ਭਾਜਪਾ ਨੇ ਮੁੱਖ ਮੋੜਿਆ!

 

ਪੰਜਾਂ ਪਾਣੀਆਂ 'ਤੇ ਪੈਰ ਨਹੀਓੰ ਲੱਗਦੇ

ਸਿੱਧੂ ਨੇ ਦਿੱਲੀ ਦਰ ਮੱਲਿਆ।

 

ਸਾਨੂੰ ਲੋੜ ਨਹੀਂ ਕਿਸੇ ਦੇ ਸੱਦੇ ਸੁੱਦੇ ਦੀ

ਭੁੰਜੇ ਬਹਿ ਕੇ ਜੰਗ ਲੜਾਂਗੇ।

 (ਬੈਂਸ ਭਰਾ) 

 

ਸਾਰੀ ਯੂਪੀ ਨੂੰ ਕੁਚਲ ਕੇ ਰੱਖਦੂੰ,

ਨਾਂ ਯੋਗੀਨਾਥ ਰੱਖਿਆ।

 

' ਟੈੰ' ਨਾ ਪੰਜਾਬ ਵਾਲੇ ਮੰਨਦੇ,

ਕਾਨੂੰਨ ਠੁਕਰਾ ਮਾਰਿਆ।

 

ਸਾਰੀਆਂ ਸਕੀਮਾਂ ਫੇਲ੍ਹ ਹੋ ਗਈਆਂ

ਖਹਿਰਾ ਅਰਾਮ ਨਾਲ ਬਹਿ ਗਿਆ।

 

ਬਾਬਾ 'ਬਾਦਲ' ਖਿਡਾਰੀ ਭਾਵੇਂ ਹੰਢਿਆ,

' ਆਪਣਿਆਂ' ਨੇ ਘੇਰ ਲਿਆ।

 

ਖਜ਼ਾਨਾ ਮੰਤਰੀ ਸਕੀਮਾਂ ਰਿਹਾ ਘੜਦਾ,

ਖਜ਼ਾਨਾ ਨਾ ਗਿਆ ਭਰਿਆ।

- ਸੁਖਦੇਵ ਸਲੇਮਪੁਰੀ

 

ਗੋਬਿੰਦਰ ਸਿੰਘ ‘ਬਰੜ੍ਹਵਾਲ’-ਸਾਹਿਤਕਾਰ

ਸਾਹਿਤਕਾਰ

 

ਮੈਂ ਪਹਿਲਾਂ ਕਦੇ

ਇਸ ਤਰ੍ਹਾਂ

ਕਵਿਤਾ ਪੇਸ਼ ਨਹੀਂ ਕੀਤੀ

ਤੇ ਨਾਂਹੀ ਮੈਨੂੰ

ਕਰਨੀ ਆਉਂਦੀ ਹੈ

ਮਾਇਕ ਤੇ ਖਲ੍ਹੋ

ਇਕੱਠ ਨੂੰ ਵੇਖਦਿਆਂ

 

ਖਵਰੇ

ਕਦੋਂ ਸੁਰਤ ਸੰਭਲੀ

ਤੇ ਅੱਖਰਾਂ ਨੂੰ ਜੋੜ

ਸ਼ਬਦ ਬਣੇ

ਤੇ ਸ਼ਬਦਾਂ ਨੂੰ ਜੋੜ

ਲਾਇਨਾਂ ਬਣਾ ਲਈਆਂ

ਮਨੋ-ਭਾਵਾਂ ਨੂੰ

ਸਮੇਟਦੀਆਂ

 

ਇਸ਼ਕ ਦੇ

ਊੜੇ ਐੜੇ ਤੋਂ

ਸ਼ੁਰੂ ਹੋਈ

ਙੰਙਾ

ਖਾਲੀ ਤੇ

ਆ ਰੁੱਕੀ

ਮੇਰੀ

ਟੁੱਟੀ ਭੱਜੀ

ਮੇਰੇ ਵਰਗੀ

ਕਵਿਤਾ

 

ਕੋਈ ਫਾਇਦਾ ਨਹੀਂ

ਵਰਕੇ

ਕਾਲੇ ਕਰਿਆਂ ਦਾ

ਜੇ ਲਕੀਰਾਂ

ਤੇ ਜ਼ਮੀਰਾਂ ਚ

ਮੇਲ ਨਾ ਹੋਵੇ

 

ਧੌਲ ਦਾੜੀਆਂ

ਬੁੱਧੀਜੀਵੀਆਂ

ਕਲਮੀ ਸ਼ੇਰਾਂ ਨੂੰ

ਜਾ ਕਹੋ

ਇਕੱਲਿਆਂ

ਸਭਾਵਾਂ ਕਰਕੇ

ਲਿਖ ਕੇ

ਛਪ ਕੇ

ਡੰਗ ਹੀ ਟੱਪੇਗਾ

ਅਮਲ ਤੋਂ ਸੱਖਣਾ

ਯਥਾਰਥ

ਬਦਲਣ ਵਾਲਾ ਨਹੀਂ

 

ਪੈੱਨ ਦੀ ਨਿੱਬ ਚੋਂ

ਨਿਕਲੇ ਅੱਖਰਾਂ ਨੂੰ

ਲੀੜੇ

ਆਪ ਪਾਉਣੇ

ਲਿਖਤ ਨਾਲ

ਇਨਸਾਫ਼ ਹੈ

ਕਾਪੀਆਂ

ਕਾਲੀਆਂ ਕਰਨ ਨਾਲੋਂ।

ਗੋਬਿੰਦਰ ਸਿੰਘ ‘ਬਰੜ੍ਹਵਾਲ’-

 

ਸਲੇਮਪੁਰੀ ਦੀ ਚੂੰਢੀ -ਆਰਤੀ !

ਸਲੇਮਪੁਰੀ ਦੀ ਚੂੰਢੀ -

ਆਰਤੀ !

ਸੰਵਿਧਾਨ ਮੇਰਾ ਧਰਮ ਹੈ।

ਸੰਵਿਧਾਨ ਮੇਰਾ ਕਰਮ ਹੈ।

ਸੰਵਿਧਾਨ ਮੇਰੀ ਸ਼ਾਨ ਹੈ।

ਸੰਵਿਧਾਨ ਮੇਰੀ ਜਾਨ ਹੈ।

ਸੰਵਿਧਾਨ ਮੇਰਾ ਤਨ ਹੈ।

ਸੰਵਿਧਾਨ ਮੇਰਾ ਮਨ ਹੈ।

ਸੰਵਿਧਾਨ ਮੇਰਾ ਸੁੱਚਾ ਹੈ।

ਸੰਵਿਧਾਨ ਮੇਰਾ ਉੱਚਾ ਹੈ।

ਸੰਵਿਧਾਨ ਮੇਰਾ ਰੱਬ ਹੈ।

ਸੰਵਿਧਾਨ ਮੇਰਾ ਜਗ ਹੈ।

ਸੰਵਿਧਾਨ ਮੇਰਾ ਧਨ ਹੈ।

ਸੰਵਿਧਾਨ ਮੇਰਾ ਅੰਨ ਹੈ।

ਸੰਵਿਧਾਨ ਮੇਰਾ ਸਾਹ ਹੈ।

ਸੰਵਿਧਾਨ ਮੇਰਾ ਰਾਹ ਹੈ।

ਸੰਵਿਧਾਨ ਮੇਰਾ ਰਖਵਾਲਾ ਹੈ

ਸੰਵਿਧਾਨ ਇੱਕ ਉਜਾਲਾ ਹੈ।

ਸੰਵਿਧਾਨ ਮੇਰੀ ਜਿੰਦਗੀ ਹੈ। 

ਸੰਵਿਧਾਨ ਮੇਰੀ ਬੰਦਗੀ ਹੈ।

ਸੰਵਿਧਾਨ ਭਾਈਚਾਰਾ ਹੈ।

ਸੰਵਿਧਾਨ ਮੇਰਾ ਸਹਾਰਾ ਹੈ।

ਸੰਵਿਧਾਨ ਪਵਿੱਤਰ ਕਿਤਾਬ ਹੈ।

ਸੰਵਿਧਾਨ ਸਿਰ ਦਾ ਤਾਜ ਹੈ। 

ਸੰਵਿਧਾਨ ਨੂੰ ਬਚਾਉਣਾ ਹੈ।

ਭਾਰਤ ਨੂੰ ਬਚਾਉਣਾ ਹੈ।

-ਸੁਖਦੇਵ ਸਲੇਮਪੁਰੀ

 

ਸਲੇਮਪੁਰੀ ਦੀ ਚੂੰਢੀ -ਸਾਡੀ ਜੁੱਤੀ! 

ਸਲੇਮਪੁਰੀ ਦੀ ਚੂੰਢੀ -ਸਾਡੀ ਜੁੱਤੀ! 

ਤੂੰ ਤਾਕਤ ਨਾਲ

ਸਾਨੂੰ ਨਾ ਡਰਾ।

ਅਸੀਂ ਬਖਸ਼ੀ ਹੈ ਤਾਕਤ

ਸਾਨੂੰ ਨਾ ਸਤਾ।

ਤੈਨੂੰ ਭਰਮ ਹੈ,

ਕਿ ਡਰ ਜਾਵਾਂਗੇ।

ਅਸੀਂ ਡਰਾਂਗੇ ਨਹੀਂ,

ਸਾਹਵੇਂ ਖੜ ਜਾਵਾਂਗੇ।

ਅਸੀਂ ਬੰਜਰ ਵਿਚ 

ਉੱਗੇ ਅੱਕ ਹੀ ਸਹੀ। 

ਤੇਰੇ ਲਈ ਗਲੀਆਂ 

ਦੇ ਕੱਖ ਹੀ ਸਹੀ।

ਤੇਰੇ ਬੋਲ, ਕੁਬੋਲ,

ਬੇ-ਅਸਰ ਹੋ ਜਾਣਗੇ।

ਜਿੰਨ੍ਹੇ ਕਰਾਂਗੇ ਕਤਲ,

ਸੱਭ ਅਮਰ ਹੋ ਜਾਣਗੇ।

ਸਾਡੇ ਨਾਲ ਰੋਜ ,

ਪਾਵੇਂ ਅਨੋਖੀਆਂ ਬੁਝਾਰਤਾਂ।

ਤੂੰ ਬਣਕੇ ਚਲਾਕ,

ਕਰੀ ਜਾਨਾ ਏ ਸ਼ਰਾਰਤਾਂ।

ਤੇਰੇ ਮਿਟਾਉਣ ਤੇ,

ਹੋਂਦ ਨਹੀਂ ਮਿਟੇਗੀ। 

ਸਾਡੀ ਟੁੱਟੀ ਜੁੱਤੀ,

ਤੇਰੇ ਸਿਰ 'ਤੇ ਟਿਕੇਗੀ।

 

ਗੋਬਿੰਦਰ ਸਿੰਘ ਬਰੜ੍ਹਵਾਲ-ਸਿਆਸਤ

ਗੋਬਿੰਦਰ ਸਿੰਘ ਬਰੜ੍ਹਵਾਲ-ਸਿਆਸਤ

 

ਸਿਆਸਤ

ਜ਼ਰੂਰੀ ਨਹੀਂ

ਲੀਡਰ ਹੀ ਕਰਨ

ਅੱਜ ਕੱਲ੍ਹ

ਆਪਣੇ ਵੀ ਕਰਦੇ ਨੇ

ਮੌਕਾ ਤਾੜ ਕੇ

 

ਦੋਸਤਾਂ ਦੀ ਫਹਿਰਿਸਤ

ਜਿੰਨੀ ਲੰਬੀ ਹੋਵੇ

ਜ਼ਰੂਰੀ ਨਹੀਂ

ਨਾਲ ਖੜ੍ਹਣ ਗਏ

ਔਖੇ ਵੇਲ੍ਹੇ

ਜਾਂ

ਇੱਧਰ ਉੱਧਰ

ਖਿਸਕ ਜਾਣ ਗਏ

ਅੱਖ ਬਚਾ ਕੇ

 

ਜੇ ਚੱਲਿਆ ਏਂ

ਮੱਥੇ ਤੇ

ਪੱਥਰ ਖਾਵੀਂ

ਝੂਠ ਦੇ ਬਾਜ਼ਾਰ ਚ

ਸੱਚ ਨੂੰ

ਕੌਣ ਪੁੱਛਦਾ

ਕੋਈ ਨਹੀਂ

ਸਗਾ

ਸੱਚ ਦਾ

 

ਵਫ਼ਾਦਾਰੀ ਦਾ ਮੁੱਲ

ਹਮੇਸ਼ਾਂ

ਸੁੱਖਦ ਹੋਵੇ

ਜ਼ਰੂਰੀ ਨਹੀਂ

ਕਈ ਵਾਰ

ਦੂਸ਼ਣ

ਹਿੱਸੇ ਆਂਵਦੇ

ਪਾਕ

ਹੁੰਦਿਆ ਵੀ

 

ਸਿਆਸਤ ਦੇ

ਦੌਰ ਚ

ਖ਼ਰ੍ਹਾ ਨਹੀਂ ਹੁੰਦਾ

ਬੰਦਾ

ਚਾਹੇ ਵਕਤ।

 

 

ਸਲੇਮਪੁਰੀ ਦੀ ਚੂੰਢੀ - ਯੁੱਧ! 

ਸਲੇਮਪੁਰੀ ਦੀ ਚੂੰਢੀ -

 

            ਯੁੱਧ! 

 

ਯੁੱਧ ਦਿੱਲੀ ਤੇ ਪੰਜਾਬ ਦਾ

 ਸ਼ੁਰੂ ਹੋਇਆ, 

ਲੁਧਿਆਣਾ ਸ਼ਹਿਰ ਤੋਂ

 ਬਿਗਲ ਵਜਾ ਦਿੱਤਾ। 

ਧੱਕਾ ਅਸੀਂ ਨਾ ਕਦੇ

 ਸਹਿਣ ਕਰਦੇ, 

ਹਿੱਕ ਥਾਪੜ ਕੇ ਦੇਸ਼ ਨੂੰ 

ਸਮਝਾ ਦਿੱਤਾ। 

ਸਾਨੂੰ ਥਾਪੜਾ

 ਗੁਰੂ ਗੋਬਿੰਦ ਸਿੰਘ ਦਾ ,

ਜਾਨ ਤਲੀ 'ਤੇ

 ਰੱਖਣਾ ਜਾਣਦੇ ਹਾਂ। 

ਅਸੀਂ 'ਟੈਂ' ਨਾ ਮੰਨਦੇ 

ਸੁਣੀ ਲੋਕਾ, 

ਤਲਵਾਰ ਦੀ ਧਾਰ 'ਤੇ,

 ਜ਼ਿੰਦਗੀ ਮਾਣਦੇ ਹਾਂ। 

ਅਸੀਂ ਮਜ਼ਲੂਮਾਂ 'ਤੇ

 ਕਦੇ ਨਾ ਵਾਰ ਕਰੀਏ,

ਦੇਸ਼ ਕੌਮ ਲਈ

 ਮਰਨਾ ਜਾਣਦੇ ਹਾਂ। 

ਨਾਗਰਿਕਤਾ ਬਿੱਲ ਨਹੀਂ     

ਮਨਜੂਰ ਸਾਨੂੰ, 

ਠੁੱਡਾ ਮਾਰਕੇ ਤਾਹੀਂ 

ਠੁਕਰਾ ਦਿੱਤਾ। 

ਅਸਾਂ 'ਸੰਵਿਧਾਨ 'ਨੂੰ 

ਆਂਚ ਨ੍ਹੀਂ ਆਉਣ ਦੇਣੀ, 

ਖਿੱਚ ਬਗਾਵਤ ਦਾ ਤੀਰ 

ਚਲਾ ਦਿੱਤਾ।

ਯੁੱਧ ਦਿੱਲੀ ਤੇ ਪੰਜਾਬ ਦਾ

 ਸ਼ੁਰੂ ਹੋਇਆ, 

ਲੁਧਿਆਣਾ ਸ਼ਹਿਰ ਤੋਂ

 ਬਿਗਲ ਵਜਾ ਦਿੱਤਾ। 

 

-ਸੁਖਦੇਵ ਸਲੇਮਪੁਰੀ 

09780620233

ਸਲੇਮਪੁਰੀ ਦੀ ਚੂੰਢੀ - ਬੋਲੀਆਂ 

ਬੋਲੀਆਂ 

 

ਅਕਾਲੀ ਦਲ ਦਾ ਸਿੰਘਾਸਨ ਹਿੱਲਿਆ, 

'ਬਾਬਾ 'ਬੈਠਾ ਚੁੱਪ ਵੱਟ ਕੇ!  

 

ਚੁੱਕ ਫੀਤਾ ਸ਼ੁਰੂ ਕੀਤੀ ਮਿਣਤੀ, 

'ਢੀਂਡਸੇ ' ਨੇ ਕੰਧ ਕੱਢਣੀ। 

 

ਮੇਰੇ 'ਪੁੱਤ' ਦੀ ਚੱਲੂ ਸਰਦਾਰੀ,    

ਮੈਨੂੰ ਕਹਿੰਦੇ 'ਬਾਬਾ ਬੋਹੜ 'ਨੇ।

 

ਮੰਜੀ ਚੁੱਕ ਕੇ ' ਮਝੈਲ' ਹੋਏ ਵੱਖਰੇ, 

ਆਪੇ ਕਹਿੰਦੇ 'ਛੰਨ' ਪਾ ਲਾਂਗੇ।

 

ਸਾਲਾ ' ਪੁੱਤ ' ਦਾ ਕਰੂ ਥਾਣੇਦਾਰੀ, 

ਲੰਘੂ ਕਿਹੜਾ ਧੌਣ ਚੁੱਕ ਕੇ। 

 

ਸਾਰੀ ਉਮਰ ਲੰਘਾਲੀ ਮੌਜਾਂ ਮਾਣ ਕੇ, 

ਬੁਢਾਪੇ 'ਚ ਜਮੀਰ ਜਾਗ ਪਈ। 

 

' ਭਤੀਜਾ 'ਛੱਡ ਕੇ ਕਾਂਗਰਸੀ ਬਣਿਆ, 

ਤਾਇਆ ਜੀ ਨੂੰ ਫਿਰੇ ਕੋਸਦਾ।

' ਬਾਬਾ ' ਮਾਰਦਾ ਪੱਟਾਂ 'ਤੇ ਥਾਪੀਆਂ, 

ਪਿੱਠ ' ਦਿੱਲੀ 'ਨਾਲ ਲੱਗਦੀ!

ਤਿੱਖੀ ਠੰਢ ਨੇ ਪੰਜਾਬ ਸਾਰਾ ਠਾਰਿਆ, 

ਭੱਠੀ ਵਾਂਗੂੰ  ਅਕਾਲੀ  ਮੱਘਦੇ !

 

 

ਸਲੇਮਪੁਰੀ ਦੀ ਚੂੰਢੀ - ਨਵਾਂ ਸਾਲ ਮੁਬਾਰਕ ਆਖਾਂ ਕਿੰਝ ਸੱਜਣਾ ! 

ਨਵਾਂ ਸਾਲ ਮੁਬਾਰਕ ਆਖਾਂ ਕਿੰਝ ਸੱਜਣਾ! 

ਦੇਸ਼ ਮੇਰੇ ਦੀ ਹਾਲਤ 

ਡਾਹਡੀ ਮਾੜੀ ਆ। 

ਮਜ਼ਲੂਮਾਂ 'ਤੇ ਚੱਲਦੀ ਕਹਿਰ,

ਕੁਹਾੜੀ ਆ। 

ਦੇਸ਼ ਮੇਰੇਵਿੱਚਫਿਰਦਾ'ਭਗਵਾਂ'        

ਜਿੰਨ ਸੱਜਣਾ। 

ਨਵਾਂ ਸਾਲ ਮੁਬਾਰਕ ਆਖਾਂ ਕਿੰਝ ਸੱਜਣਾ। 

ਗੰਢੇ ਹੋ ਗਏ ਮਹਿੰਗੇ, 

ਰੋਟੀ ਲੱਭਦੀ ਨਾ। 

ਭੁੱਖ ਮਰੀ ਤੇ ਬੇਰੁਜ਼ਗਾਰੀ 

ਛੱਡਦੀ ਨਾ। 

ਜੀ ਐਸ ਟੀ ਨੇ ਦਿੱਤਾ ਸਾਨੂੰ   

 ਰਿੰਨ੍ਹ ਸੱਜਣਾ। 

ਨਵਾਂ ਸਾਲ ਮੁਬਾਰਕ ਆਖਾਂ ਕਿੰਝ ਸੱਜਣਾ। 

ਹੱਕਾਂ ਖਾਤਰ ਲੱਗਦੇ ਥਾਂ ਥਾਂ, 

ਧਰਨੇ ਨੇ। 

ਨਿੱਜੀਕਰਨ ਨੇ ਪਾ ਤੇ ਲੋਕੀਂ

ਪੜਨੇ ਨੇ। 

ਸ਼ਾਹੂਕਾਰਾਂ ਨੇ ਦੇਸ਼ ਨੂੰ ਦਿੱਤਾ   

 ਪਿੰਜ ਸੱਜਣਾ।

ਨਵਾਂ ਸਾਲ ਮੁਬਾਰਕ ਆਖਾਂ ਕਿੰਝ ਸੱਜਣਾ। 

ਝੂਠੇ ਪੁਲਿਸ ਮੁਕਾਬਲੇ,

ਇਥੇ ਹੁੰਦੇ ਨੇ। 

ਹੁਕਮਰਾਨਾਂ ਦੀ ਸ਼ਹਿ 'ਤੇ, 

ਘੁੰਮਦੇ ਗੁੰਡੇ ਨੇ। 

ਝੂਠਾ ਪਰਚਾ ਪੈਣ ਨੂੰ,ਲੱਗਦਾ   

 ਬਿੰਦ ਸੱਜਣਾ। 

ਨਵਾਂ ਸਾਲ ਮੁਬਾਰਕ ਆਖਾਂ ਕਿੰਝ ਸੱਜਣਾ। 

 ਰਿਸ਼ਵਤਖੋਰੀ ਚੱਲਦੀ ਪੂਰੇ 

ਜੋਰਾਂ 'ਤੇ। 

ਬੈਂਕਾਂ ਸੱਭ ਹਵਾਲੇ  ਵੱਡੇ 

 ਚੋਰਾਂ ਦੇ। 

'ਸਵਿਸ' ਤੋਂ ਆਉਣੇ ਪੈਸੇ ਕਿਹੜੇ

ਦਿਨ ਸੱਜਣਾ? 

ਨਵਾਂ ਸਾਲ ਮੁਬਾਰਕ ਆਖਾਂ ਕਿੰਝ ਸੱਜਣਾ।

ਏਅਰ ਇੰਡੀਆ ਡੁੱਬਗੀ ਇੰਡੀਆ 

ਡੁੱਬ ਚੱਲਿਆ। 

ਦੇਸ਼ ਮੇਰੇ ਚੋਂ ਸ਼ਬਦ 'ਤਰੱਕੀ '

ਮੁੱਕ ਚੱਲਿਆ। 

ਸੱਭ ਸਰਕਾਰੀ ਮਹਿਕਮੇ ਬਣਗੇ 

ਨਿੱਜ ਸੱਜਣਾ। 

ਨਵਾਂ ਸਾਲ ਮੁਬਾਰਕ ਆਖਾਂ ਕਿੰਝ ਸੱਜਣਾ। 

ਨਵੇਂ ਕਾਨੂੰਨ ਨੂੰ ਲੈ ਕੇ 

 ਭਾਂਬੜ ਬਲਦੇ ਨੇ । 

ਅਸਮ, ਕਸ਼ਮੀਰ ਤੇ ਯੂਪੀ

 ਕਿੱਦਾਂ ਜਲਦੇ ਨੇ?

ਖੂਹ ਚੋਂ ਮੁੱਕਿਆ ਪਾਣੀ ਖਾਲੀ 

  ਟਿੰਡ ਸੱਜਣਾ। 

ਨਵਾਂ ਸਾਲ ਮੁਬਾਰਕ ਆਖਾਂ ਕਿੰਝ ਸੱਜਣਾ। 

ਸੱਭ ਮਹਿਕਮੇ ਵਿਕਗੇ, 

ਕੂੰਡਾ  ਹੋ ਚੱਲਿਆ। 

ਨਿੱਜੀਕਰਨ ਨੇ ਦੇਸ਼ ਨੂੰ 

 ਘੇਰਾ ਪਾ ਘੱਤਿਆ। 

ਠੇਕੇਦਾਰੀ ਸਿਸਟਮ 

ਬਣਿਆ ਜਿੰਨ ਸੱਜਣਾ। 

ਨਵਾਂ ਸਾਲ ਮੁਬਾਰਕ ਆਖਾਂ ਕਿੰਝ ਸੱਜਣਾ!

-ਸੁਖਦੇਵ ਸਲੇਮਪੁਰੀ  09780620233

ਸਲੇਮਪੁਰੀ ਦੀ ਚੂੰਢੀ - ਉਪਮਾ ! 

ਸਲੇਮਪੁਰੀ ਦੀ ਚੂੰਢੀ -

ਉਪਮਾ ! 

ਹੇ ਗੁਰੂ ਗੋਬਿੰਦ ਸਿੰਘ ! 

ਤੇਰੀਆਂ ਲਾਸਾਨੀ ਕੁਰਬਾਨੀਆਂ 

ਦੀ ਉਪਮਾ ਲਈ 

ਸ਼ਬਦ ਕਿੱਥੋਂ ਲੱਭ ਲਿਆਵਾਂ? 

ਸਿਆਹੀ ਕਿਹੜੇ ਦੇਸ਼ੋਂ ਮੰਗਵਾਵਾਂ? 

ਕਿਥੋਂ ਕਾਗਜ ਢੂੰਡ ਲਿਆਵਾਂ? 

ਮਜ਼ਲੂਮਾਂ ਲਈ 

ਤੂੰ ਪਿਤਾ ਵਾਰਿਆ! 

ਪੁੱਤ ਵਾਰੇ! 

ਤੂੰ ਪਰਿਵਾਰ ਵਾਰਿਆ! 

ਤੂੰ ਸਰਬੰਸ ਵਾਰਿਆ!

 ਸੱਭ ਕੁੱਝ ਵਾਰਿਆ! 

ਤੂੰ ਸੱਭ ਕੁੱਝ ਲੁਟਾਇਆ !

ਸੱਭ ਕੁੱਝ ਗੁਆਇਆ! 

ਤੂੰ ਗਿੱਦੜਾਂ ਤੋਂ ਸ਼ੇਰ ਮਰਵਾਏ! 

ਤੂੰ ਚਿੜੀਆਂ ਤੋਂ ਬਾਜ ਬਣਾਏ! 

ਤੂੰ  ਕਦੀ 'ਸੀ' ਨਾ ਕੀਤੀ, 

ਤੂੰ ਆਪਾ ਵਾਰਿਆ!

ਤੂੰ ਜੰਗਲਾਂ 'ਚ

'ਕੱਲਾ ਘੁੰਮਿਆ , 

ਤੂੰ ਫਿਰ ਵੀ ਨਾ ਹਾਰਿਆ! 

ਹੇ! ਦਸਮ ਪਿਤਾ 

ਤੇਰੀਆਂ ਕੁਰਬਾਨੀਆਂ 

ਦੀ ਉਪਮਾ ਕਿਵੇਂ ਕਰਾਂ? 

ਕਾਗਜ਼ ਕਿਥੋਂ ਢੂੰਡ ਲਿਆਵਾਂ?    

ਸਿਆਹੀ ਕਿਥੋਂ ਦੱਸ ਮੰਗਵਾਵਾਂ? 

ਸ਼ਬਦ ਕਿੱਥੋਂ ਲੱਭ ਲਿਆਵਾਂ? 

ਸਾਰੀ ਧਰਤੀ ਕਾਗਜ ਬਣਾਵਾਂ, 

ਸੰਸਾਰ ਚੋਂ 

ਸਿਆਹੀ ਮੰਗ ਲਿਆਵਾਂ, 

 ਲਾਇਬ੍ਰੇਰੀਆਂ 'ਚੋਂ ਸ਼ਬਦ ਲਿਆਵਾਂ ,

ਤਾਂ ਵੀ ਉਪਮਾ 

ਕਰ ਨਾ ਪਾਵਾਂ! 

ਵਾਹ ਤੂੰ! 

ਵਾਹ ਤੇਰੀਆਂ ਕੁਰਬਾਨੀਆਂ!! 

ਤੇਰੇ ਜਿਹਾ 

ਕੋਈ ਹੋਰ ਨਾ ਡਿੱਠਾ!

ਤੂੰ ਹਰ ਭਾਣੇ ਨੂੰ, 

ਮੰਨਿਆ ਮਿੱਠਾ!!

ਤੇਰੇ ਜਿਹਾ, 

ਕੋਈ ਹੋਰ ਨਾ ਡਿੱਠਾ!!!

- ਸੁਖਦੇਵ ਸਲੇਮਪੁਰੀ    

ਕਵਿਤਾ- ਨਹੁੰ ਪਾਲਿਸ਼-ਗੋਬਿੰਦਰ ਸਿੰਘ ‘ਬਰੜ੍ਹਵਾਲ’

ਕਵਿਤਾ- ਨਹੁੰ ਪਾਲਿਸ਼

 

ਜ਼ਿੰਦਗੀ ਦੇ ਪਾਂਧੇ ਤੇ

ਰਾਹੀ ਬਣੇ ਨੂੰ

ਹਜ਼ਾਰਾਂ

ਰੋਜ਼ਾਨਾਂ ਹੀ

ਮਿਲਦੇ ਚਿਹਰਿਆਂ ਵਿੱਚ

ਇੱਕ ਚਿਹਰਾ

ਅਜਿਹਾ ਮਿਲਿਆ

ਓ ਜਦ ਵੀ ਮਿਲਦਾ

ਹੱਸਦਾ ਮਿਲਦਾ

ਜਿਵੇਂ

ਉਸ ਨੂੰ ਕੋਈ

ਦੁੱਖ ਨਾ ਹੋਵੇ

ਕਿਸੇ ਨਾਲ

ਕੋਈ ਸ਼ਿਕਾਇਤ ਨਾ ਹੋਵੇ

ਤੇ ਜੱਗ ਦੀ

ਕੋਈ ਸਾਰ ਨਾ ਹੋਵੇ

ਤੇ ਬੋਲਣ ਵਾਲੇ

ਛੇੜਣ ਵਾਲੇ

ਖੂਹ ਢੱਠੇ ਪੈਣ

 

ਕਸੂਰ ਬਿਨ੍ਹਾਂ

ਕੈਦ ਕੱਟ ਰਹੀ

ਸਾਹਾਂ ਦੀ ਪੂੰਜੀ

ਘਾਟੇ ਦੇ

ਜਿਸਮ ਚ

ਨਹੁੰਆਂ ਤੇ ਲੱਗੀ

ਨਹੁੰ ਪਾਲਿਸ਼

ਮਜ਼ਬੂਤ ਹੱਥਾਂ ਨੂੰ

ਵਿਲੱਖਣਤਾ ਦਿੰਦੀ

 

ਬੰਦਾ

ਬੰਦਾ ਨਾ ਬਣ ਸਕਿਆ

ਔਰਤ ਤੋਂ

ਔਰਤ ਨਾ ਬਣ ਹੋਇਆ

ਤੇ ਉਹ

ਤਾੜੀ ਮਾਰ

ਜ਼ਿੰਦਗੀ ਜੀਅ ਗਈ

ਸੂਲੀ ਲਟਕੇ ਪਲਾਂ ਨੂੰ

ਆਪਣੇ

ਹਾਸਿਆਂ ਚ ਢਾਲ।

-ਗੋਬਿੰਦਰ ਸਿੰਘ ‘ਬਰੜ੍ਹਵਾਲ’

ਸਾਡਾ ਕੁੱਝ ਤਾਂ ਮੁੰਡਾ ਕਰਦਾ ਏਸਾਡਾ ਕੁੱਝ ਤਾਂ ਮੁੰਡਾ ਕਰਦਾ ਏ- ਪ੍ਰੋਫੈਸਰ ਅਮਨਦੀਪ ਸਿੰਘ

ਸਾਡਾ ਕੁੱਝ ਤਾਂ ਮੁੰਡਾ ਕਰਦਾ ਏਸਾਡਾ ਕੁੱਝ ਤਾਂ ਮੁੰਡਾ ਕਰਦਾ ਏ

ਮਾਂ ਦਾ ਲਾਡਲਾ ਏ

ਬਾਪੂ ਦਾ ਪੁੱਤ ਜਰਵਾਨਾ ਏ

ਯਾਹਮੇ ਉੱਤੇ ਚੜਦਾ ਏ।

ਸਾਡਾ ਕੁੱਝ ਤਾਂ ਮੁੰਡਾ ਕਰਦਾ ਏ ।

ਸਾਡਾ ਕੁੱਝ ਤਾਂ ਮੁੰਡਾ ਕਰਦਾ ਏ ।

 

ਡਿਗਰੀ ਵਾਲੇ ਕਾਲਜ ਜਾਏ

ਜੋ ਜੀਅ ਕਰਦਾ ਲਾਏ ਪਾਏ

ਫਿਰ ਵੀ ਪੜਨ ਲਈ ਬਹਾਨੇ ਬਣਾਏ

ਇਹ ਤਾਂ ਉੱਡਦਿਆਂ ਦੇ ਖੰਭ ਫੜਦਾ ਏ

ਸਾਡਾ ਕੁੱਝ ਤਾਂ ਮੁੰਡਾ ਕਰਦਾ ਏ ।

ਸਾਡਾ ਕੁੱਝ ਤਾਂ ਮੁੰਡਾ ਕਰਦਾ ਏ ।

 

ਲੱਗੀ ਹੈ ਡਿਗਰੀ ਪੂਰੀ ਹੋਣ

ਸੱਪਲਿਆਂ ਨੇ ਵੀ ਨੱਪ ਰੱਖੀ ਹੈ ਧੌਣ

ਕਿੰਨੀਆਂ ਵਿੱਚੋ ਆ ਫੇਲ ਏ

ਇਹ ਗੱਲ ਕਦੀ ਨਾ ਕਰਦਾ ਏ

ਸਾਡਾ ਕੁੱਝ ਤਾਂ ਮੁੰਡਾ ਕਰਦਾ ਏ ।

ਸਾਡਾ ਕੁੱਝ ਤਾਂ ਮੁੰਡਾ ਕਰਦਾ ਏ ।

 

ਬਾਪੂ ਨੂੰ ਸੁਪਨੇ ਵਿਖਾਉਂਦਾ ਏ

ਮਾਂ ਨੂੰ ਮਿੱਠੀਆਂ ਨਾਲ ਭਰਮਾਉਂਦਾ ਏ

ਇੱਕ ਦਿਨ ਐਸਾ ਆਉਣਾ ਏ

ਅਮਰੀਕਾ ਦਾ ਵਾਸੀ ਹੋਣਾ ਏ

ਕਇਆਂ ਕੋਲੋਂ ਸੁਣਿਆਂ ਯਾਰਾਂ

ਆਈਲੈਟਸ ਦੀ ਤਿਆਰੀ ਕਰਦਾ ਏ

ਸਾਡਾ ਕੁੱਝ ਤਾਂ ਮੁੰਡਾ ਕਰਦਾ ਏ ।

ਸਾਡਾ ਕੁੱਝ ਤਾਂ ਮੁੰਡਾ ਕਰਦਾ ਏ ।

 

ਇੱਕ ਦਿਨ ਐਸਾ ਆਉਣਾ ਏ

 ਮਾਂ ਬਾਪ ਦਾ ਨਾਮ ਚਮਕਾਉਣਾ ਏ

ਰਹਿੰਦੀ ਉਮਰ ਤੱਕ ਤੂੰ ਯਾਰਾਂ

 ਹੱਥ ਨਾ ਨਸ਼ੇ ਨੂੰ ਲਾਉਣਾ ਏ

ਉਹਦੇ ਭਾਣੇ ਵਿੱਚ ਸਮਾਂ ਲੰਘ ਜਾਏ

ਪੱਲ਼ਾਂ ਮਾਲਕ ਦਾ ਫੜਦਾ ਏ

ਸਾਡਾ ਕੁੱਝ ਤਾਂ ਮੁੰਡਾ ਕਰਦਾ ਏ ।

ਸਾਡਾ ਕੁੱਝ ਤਾਂ ਮੁੰਡਾ ਕਰਦਾ ਏ ।

 

ਅਮਨਦੀਪ ਸਿੰਘ

(ਸਹਾਇਕ ਪ੍ਰੋਫੈਸਰ)

ਆਈ.ਐਸ.ਐਫ.ਕਾਲਜ ਮੋਗਾ ।

ਮੋਬਾ: 94654-23413

ਨਾਨਕ- ਕਵਿਤਾ ਗੋਬਿੰਦਰ ਸਿੰਘ ‘ਬਰੜ੍ਹਵਾਲ’

ਨਾਨਕ

ਨਾਨਕ ਤੇਰਾ ਸ਼ਹਿਰ ਐਥੇ

ਤੇਰੇ ਬਾਝੋਂ ਬਿਖਰ ਗਿਆ

ਕਾਗਜਾਂ ਤਾਈਂ ਸਮੇਟ ਦਿੱਤਾ

ਅਮਲਾਂ ਨਾਲੋਂ ਥਿੜਕ ਗਿਆ

 

ਦਿਲਾਂ ਤੇ ਤੇਰੀ ਛਾਪ ਰਹਿ ਗਈ

ਸੋਭਾ ਸਿੰਘ ਦੇ ਚਿੱਤਰਾਂ ਦੀ

ਰਤਾ ਪਰਵਾਹ ਨਾ ਕੀਤੀ ਕਿਸੇ ਨੇ

ਤੇਰੇ ਸ਼ਬਦ ਤੇ ਫਿਕਰਾਂ ਦੀ

 

ਥਾਂ ਥਾਂ ਤੇ ਹੁਣ ਖੁੱਲ੍ਹ ਗਈ ਹੱਟੀ

ਮੌਜ ਮਲਿਕ ਭਾਗੋਆਂ ਲੱਗੀ

ਨਾਂ ਤੇਰੇ ਦਾ ਦੇ ਕੇ ਹੋਕਾ

ਦਿਨ ਦਿਹਾੜੇ ਮਾਰਨ ਠੱਗੀ

 

ਵਿਚਾਰਾਂ ਚੋਂ ਤਰਕ ਨੇ ਕਿੱਧਰੇ

ਮਾਰੀ ਲੰਬੀ ਦੂਰ ਉਡਾਰੀ

ਸਿਰ ਪਾਟਣ ਨੂੰ ਕਾਹਲੇ ਰਹਿੰਦੇ

ਤੇਰੇ ਰਾਹ ਦੇ ਕਬਜ਼ਾਧਾਰੀ

 

ਪਾ ਰੂਹ ਤੇਰੀ ਦਾ ਅਖੌਤੀ ਬਾਣਾ

ਬੜੇ ਭੰਬਲਭੂਸੇ ਛਿੜਕ ਰਹੇ

ਸੱਚ ਤੋਂ ਤੈਨੂੰ ਦੂਰ ਖੜਾ ਕੇ

ਕੂੜ ਹੀ ਕੂੜ ਰਿੜਕ ਰਹੇ

 

ਸੱਚਾ ਨਾਨਕ ਸੂਰਜ ਨੂੰ ਸ਼ੀਸ਼ਾ

ਕਿਸੇ ਵਿਰਲੇ ਨੇ ਹੀ ਪਾਇਆ

ਤੇਗ ਤੋਂ ਹੋਈ ਤਿੱਖੀ ਕਸੌਟੀ

ਜੀਹਨੇ ਵੀ ਗਲ ਲਾਇਆ

 

ਨਾਨਕ ਨਾਮ ਦੂਰ ਦਾ ਪੈਂਡਾ

ਕਿਰਤੋਂ ਵੀ ਏ ਬਿਸਰ ਗਿਆ

ਨਾਨਕ ਤੇਰਾ ਸ਼ਹਿਰ ਐਥੇ

ਤੇਰੇ ਬਾਝੋਂ ਬਿਖਰ ਗਿਆ

- ਗੋਬਿੰਦਰ ਸਿੰਘ ‘ਬਰੜ੍ਹਵਾਲ’

ਸੋਧ ਲੈ ਜਵਾਨੀ- ਪ੍ਰੋਫੈਸਰ ਅਮਨਦੀਪ ਸਿੰਘ

ਸੋਧ ਲੈ ਜਵਾਨੀ

ਤੇਰੀ ਚੰਗੀ ਨਹੀਂਓ ਰਹਿਣੀ ਬਹਿਣੀ

ਇਹੀ ਹੈ  ਬਾਪੂ ਦੀ ਕਹਿਣੀ

ਮਾੜਿਆਂ ਕੰਮਾਂ ਵਿੱਚ ਹੱਥ ਅਜਮਾਉਂਦਾ ਹੈ

ਮਾ-ਬਾਪ ਦੀ ਸਲਾਹ ਬਿਨਾਂ ਸਾਇਆਂ ਕਈ ਤੂੰ ਲਾਉਂਦਾ ਹੈ

ਮਿੱਥ ਅਸੂਲ ਜਿੰਦਗੀ ਦੇ ਜੇ ਬਾਪੂ ਦੀ ਸ਼ਾਨ ਬਣਾਉਣੀ ਏ।

ਸਰਦਾਰੀ ਵਾਲੇ ਕੰਮ ਕਰ ਨਾ ਕੇ ਪੱਗ ਪੈਰਾਂ ਚ ਰਖਵਾਉਣੀ ਹੈ

ਕਿੰਝ ਮਿਲੀ ਹੈ ਸਰਦਾਰੀ ਤੈਨੂੰ ਜੇ ਇਤਿਹਾਸ ਤੋਂ ਜਾਣੂ ਹੋਣਾ ਹੈ

ਕਰ ਤੌਬਾ ਮਾੜੇ ਕੰਮਾਂ ਨੂੰ ਤੂੰ ਇਹੀ ਵਿਸ਼ਵਾਸ਼ ਦਿਖਾਉਣਾ ਏਂ

ਕਈ ਕਰਕੇ ਡਿਗਰਿਆਂ, ਕਈਂ ਖੇਤਰਾਂ ਚ ਮੱਲਾਂ ਮਾਰੀ ਜਾਂਦੇ ਨੇ

ਕਈਂ ਅਮਨ ਸਿਆਂ ਤੇਰੇ ਵਰਗੇ ਜੂਏ ਚ ਹੱਥ ਅਜਮਾਈ ਜਾਂਦੇ ਨੇ

ਬਹੁਤਾਂ ਦੇਰ ਨਹੀਂ ਚਲਣਾ ਮਿੱਤਰੋਂ ਇਹ ਕੰਮ ਪਾਪ ਪੰਖਡਾਂ ਦਾ

ਜਿਹੜਿਆਂ ਕੌਮਾਂ ਮੂਲ ਨੂੰ ਭੁਲ ਜਾਣ

ਉਹ ਹਾਸਾਂ ਬਣਾਉਣ ਭੰਡਾਂ ਦਾ

ਉਹ ਹਾਸਾਂ ਬਣਾਉਣ ਭੰਡਾਂ ਦਾ  

  

ਅਮਨਦੀਪ ਸਿੰਘ (ਸਹਾਇਕ ਪ੍ਰੋਫੈਸਰ) ਆਈ.ਐਸ.ਐਫ.ਕਾਲਜ ਮੋਗਾ ।

ਮੋਬਾ: 94654-23413

ਸੁਪਨੇ -ਪ੍ਰੋ ਅਮਨਦੀਪ ਸਿੰਘ

ਭਾਵੇ ਚਾਵਾਂ ਨੂੰ ਹੈ ਜੰਗ ਲੱਗਾ

ਪਰ ਸੁਪਨਿਆਂ ਵਿੱਚ ਵੀ ਫਿਕਰਾਂ ਨੇ

ਕਈਆਂ ਲਈ ਆਪਾਂ ਚੰਗੇ ਮੱਖੂ ਵਾਲਿਆਂ

ਕਇਆਂ ਲਈਆਂ ਤਾਂ ਕਿੱਕਰਾਂ ਨੇ

ਫਿਕਰ ਨਾ ਕਰ ਬਾਪੂ

ਇੱਕ ਦਿਨ ਮਿਸਾਲ ਬਣੋਨੀ ਮਿੱਤਰਾਂ ਨੇ

ਮਿਸਾਲ ਬਣੋਨੀ ਮਿੱਤਰਾਂ ਨੇ

ਕਰ ਕੇ ਸੋਚ ਨੂੰ ਵੱਡਾ, ਨਿੱਤ ਮੈਂ ਸੁਪਨੇ ਬੁਣਦਾ ਹਾਂ

ਪੰਛਿਆਂ ਦੇ ਆਲਣਾ ਬਣਾਉਣ ਵਾਂਗ ਤਿੱਲਾਂ ਤਿੱਲਾਂ ਤੁਣਦਾਂ ਹਾਂ

ਹਟਦਾ ਨਹੀਂ ਜੋ ਪਿੱਛੇ ਉਹ ਦੇਨ ਤੋਂ ਮਾਲਕ

ਅੱਲਹਾ ਰੱਬ ਅਖਵਾਉਂਦਾ ਹੈ

ਕਈ ਵਾਰ ਤਾਂ ਕਹਿਣ ਸਿਆਣੇ ਬਿਨ ਸਾਹਾਂ ਦੇ

ਸਰੀਰ ਚਲਾਉਂਦਾ ਹੈ

ਬਿਨ ਸਾਹਾਂ ਦੇ ਸਰੀਰ ਚਲਾਉਂਦਾ ਹੈ

 

ਪ੍ਰੋ ਅਮਨਦੀਪ ਸਿੰਘ(ਸਹਾਇਕ ਪ੍ਰੋਫੈਸਰ)ਆਈ.ਐਸ.ਐਫ.ਕਾਲਜ ਮੋਗਾ । ਮੋਬਾ: 94654-23413    

 

ਸੋਚਣ ਦੀ ਲੋੜ-ਹਰਨਰਾਇਣ ਸਿੰਘ ਮੱਲੇਆਣਾ

ਕੁਦਰਤ ਦੀ ਆਰਤੀ ਸਿਰਜਣ ਵਾਲਾ ਬਾਬਾ ਨਾਨਕ ਜੇ ਅੱਜ ਹੁੰਦੇ ਤਾਂ ,ਚੱਲਦੇ ਬਾਰੂਦੀ ਪਟਾਕੇ ਵੇਖ ਕੇ ਕੁਦਰਤ ਤੋਂ ਕਿੰਨੇ ਪਰੇਸ਼ਾਨ ਹੁੰਦੇ।ਪਵਨ ਪਿਤਾ ਨੂੰ ਦਿੱਤਾ ਜਾਂਦਾ ਜਹਿਰ ਵੇਖ ਕੇ ਤੜਪ ਰਹੇ ਹੁੰਦੇ। ਡਰੇ ਹੋਏ ਜਾਨਵਰਾਂ ਨੂੰ ਆਪਣੇ ਕਲਾਵੇ ਵਿੱਚ  ਲੈ ਕੇ ਰਾਤ ਮੁੱਕ ਜਾਣ ਦੀ ਉਡੀਕ ਕਰ ਰਹੇ ਹੁੰਦੇ। ਧਮਾਕਿਆਂ ਦੇ ਸ਼ੋਰ ਤੋਂ ਸਹਿਮ ਕੇ ਆਪਣੇ ਆਲ੍ਹਣਿਆਂ ਅੰਦਰ ਦੁਬਕੇ ਬੈਠੇ ਪੰਛੀਆਂ ਲਈ ਹੰਝੂ ਵਹਾ ਰਹੇ ਹੁੰਦੇ। ਸੜਦੀ ਹਰਿਆਲੀ ਵੇਖ ਕੇ ਖੁਦ ਵੀ ਸੰਤਾਪ ਵਿੱਚ ਹੁੰਦੇ। 

ਕੋਰਟ ਨੇ 2 ਘੰਟੇ ਪਟਾਕੇ ਚਲਾਉਣ ਦੀ ਇਜਾਜਤ ਦਿੱਤੀ ਹੈ ਪਰ ਧੰਨਵਾਦ ਸਹਿਤ ਕੋਰਟ ਨੂੰ ਇਹ ਵੀ ਵਾਪਿਸ ਮੋੜ ਦਿਓ ਤੇ ਲੋਕਾਈ ਨੂੰ ਦੱਸ ਦਿਓ, 

ਸਿੱਖ ਜਦੋਂ ਆਪਣੀ ਅਰਦਾਸ ਵਿੱਚ ਸਰਬਤ ਦਾ ਭਲਾ ਮੰਗਦੇ ਹਨ ਤਾਂ 'ਸਰਬਤ' ਵਿੱਚ ਕੁਦਰਤ ਵੀ ਸ਼ਾਮਿਲ ਹੁੰਦੀ ਹੈ।

ਰੋਸ਼ਨੀਆਂ ਕਰੋ... ਘਰਾਂ ਨੂੰ ਸਜਾਓ... ਸੱਜਣਾਂ-ਮਿੱਤਰਾਂ ਨੂੰ ਮਿਲੋ...   ਪਰ ਪਟਾਕੇ ਨਾ ਚਲਾਓ. ਦੂਜਿਆਂ ਨੂੰ ਵੀ ਨਾ ਚਲਾਉਣ ਲਈ ਪ੍ਰੇਰਨਾ ਦਿਓ।ਪਟਾਕਿਆਂ ਤੋਂ ਜੋ ਪੈਸੇ ਬਚਣ, ਉਸ ਨਾਲ ਕਿਸੇ ਗਰੀਬ ਬੱਚੇ ਦੀ ਸਕੂਲ-ਫੀਸ ਭਰ ਦਿਓ. ਕਿਸੇ ਨੂੰ ਕਿਤਾਬਾਂ ਖਰੀਦ ਦਿਓ।ਸੋਚਣ ਦੀ ਲੋੜ ਹੈ ਅੱਜ ਕੁਦਰਤ ਅਤੇ ਵਾਤਾਵਰਣ ਨੂੰ ਬਚਾਉਣ ਲਈ ਸਾਡੇ ਵਲੋਂ ਕੀਤਾ ਇਹ ਇਕ ਚੰਗਾ ਅਤੇ ਵਧੀਆ ਫੈਸਲਾ ਹੋ ਸਕਦਾ ਹੈ। 

ਹਰਨਰਾਇਣ ਸਿੰਘ ਮੱਲੇਆਣਾ

ਜੂਠੀ-ਕਵਿਤਾ,ਗੋਬਿੰਦਰ ਸਿੰਘ ‘ਬਰੜ੍ਹਵਾਲ’

ਕਵਿਤਾ - ਜੂਠੀ

 

ਮੈਂ

ਤੇ ਵੱਸ ਮੈਂ

ਉਹਦੇ ਲਈ

ਮੈਨੂੰ ਨੀ ਲੱਗਦਾ

ਕੁਝ ਹੋਰ ਹੋਊ

ਮੇਰੇ ਤੋਂ ਸਿਵਾਏ

 

ਇੱਕ ਇੱਕ ਦਿਨ

ਵਰ੍ਹਾ ਹੋ ਨਿਬੜਦਾ

ਜਦ ਕਿਧਰੇ

ਗੱਲ ਨਾ ਹੁੰਦੀ

ਦੋ ਜਿਸਮ

ਇੱਕ ਜਾਨ

ਬਣ ਜੋ ਚੁੱਕੇ

 

ਦੂਰ ਹੋਣ ਦੀ

ਗੱਲ ਤਾਂ

ਦੂਰ ਤੱਕ

ਕਦੇ ਛਿੜੀ ਨਹੀਂ

 

ਮੇਰੀ

ਝਾਂਜਰ ਦੇ ਬੋਲ

ਸਾਹ ਸੂਤ ਛੱਡਦੇ

ਪੀਂਘ

ਚੜੀ ਜੋ ਹੋਈ

ਇਸ਼ਕੇ ਦੀ ਲੱਜ ਨਾਲ

 

ਮੈਨੂੰ

ਹੀਰ ਆਖਣ ਵਾਲਾ

ਰਾਂਝੇ ਨੂੰ

ਝੂਠਾ ਪਾ ਗਿਆ

ਤੇ ਉਹਦਾ

ਲਹਿਜ਼ਾ ਬਦਲ ਗਿਆ

ਮੈਨੂੰ

ਜੂਠੀ ਕਰਦਿਆਂ।

 

ਕਵੀ - ਗੋਬਿੰਦਰ ਸਿੰਘ ‘ਬਰੜ੍ਹਵਾਲ’

ਦੀਵਾਲੀ ਤੇ ਵਾਤਾਵਰਣ -ਹਰਨਰਾਇਣ ਸਿੰਘ ਮੱਲੇਆਣਾ

ਭਾਰਤ ਇਕ ਅਜਿਹਾ ਦੇਸ਼ ਹੈ ਜਿਸ ਦੀ ਅਬਾਦੀ ਚੀਨ ਨੂੰ ਛੱਡ ਕੇ ਬਾਕੀ ਦੇਸ਼ਾ ਨਾਲੋਂ ਜ਼ਿਆਦਾ ਹੈ। ਭਾਰਤ ਵਿੱਚ ਵੱਖ-ਵੱਖ ਧਰਮਾ ਨੂੰ ਮੰਨਣ ਵਾਲੇ ਲੋਕ ਰਹਿੰਦੇ ਹਨ। ਤਿਉਹਾਰ ਸਭ ਤੋਂ ਵਧ ਭਾਰਤ ਵਿੱਚ ਮਨਾਏ ਜਾਦੇ ਹਨ। ਭਾਰਤ ਵਿੱਚ ਦੀਵਾਲੀ ਦੀ ਰਾਤ ਨੂੰ ਜਿੰਨਾ ਵਾਤਾਵਰਨ ਪਲੀਤ ਹੁੰਦਾ ਹੈ। ਓਨਾ ਸਾਇਦ ਸਾਰੇ ਸਾਲ ਵਿੱਚ ਮਨੁੱਖੀ ਗਤੀਵਿਧੀਆ ਨਾਲ ਨਹੀ ਹੁੰਦਾ। ਮੋਮਬੱਤੀਆ ਦਾ ਮੋਮ, ਘਿਉ ਅਤੇ ਤੇਲ ਆਦਿ ਸਭ ਕਾਰਬਨਿਕ ਯੋਗਿਕਾ ਹਨ।ਜਿਨ੍ਹਾਂ ਦੀ ਜਲਣ ਕਿਿਰਆ ਬਹੁਤ ਤੇਜ ਹੁੰਦੀ ਹੈ। ਤੇਜ ਕਿਿਰਆ ਕਾਰਨ ਜਦੋ ਆਕਸੀਜਨ ਦੀ ਘਾਟ ਹੋਵੇ ਤਾਂ ਕਾਰਬਨ ਮੋਨੋਆਕਸਾਈਡ ਅਤੇ ਹੋਰ ਘਾਤਕ ਯੋਗਿਕ ਵਾਤਾਵਰਨ ਵਿੱਚ ਪ੍ਰਵੇਸ਼ ਕਰਦੇ ਹਨ। ਪਟਾਕਿਆ ਦੇ ਚੱਲਣ ਨਾਲ ਘਾਤਕ ਅਕਾਰਬਨਿਕ ਯੋਗਿਕ ਜਨਮ ਲੈਦੇ ਹਨ। ਮਨੱੁਖੀ ਸਰੀਰ ਲਈ ਘਾਤਕ ਗੈਸਾ ਪੈਦਾ ਹੁੰਦੀਆ ਹਨ।ਇਸ ਦਾ ਅਸਰ ਸਾਹ ਲੈਣ ਦੀ ਕਿਿਰਆ ਉਤੇ ਪੈਦਾ ਹੈ ਸਾਹ ਦੀਆ ਬਿਮਾਰੀਆ ਪੈਦਾ ਹੁੰਦੀਆ ।ਦਿਲ ਦੇ ਰੋਗੀਆ ਲਈ ਦੁਖਦਾਈ ਸਮਾਂ ਹੁੰਦਾ ਹੈ। ਆਰਥਿਕ ਨੁਕਸਾਨ ਤੋਂ ਇਲਾਵਾ ਸਰੀਰਕ ਨੁਕਸਾਨ ਵੀ ਹੁੰਦਾ ਹੈ। ਸੋਰ ਪ੍ਰਦੂਸ਼ਣ ਕਾਰਨ ਅੱਖਾ ਦੇ ਰੋਗ, ਮਾਨਸਿਕ ਰੋਗ, ਤੇ ਕੰਨਾ ਦੇ ਰੋਗ ਹੋ ਸਕਦੇ ਹਨ।ਪ੍ਰਮਾਤਮਾ ਦੀ ਖੁਸ਼ੀਆਂ ਪ੍ਰਾਪਤ ਕਰਨ ਲਈ ਕੁਦਰਤ ਦੀਆਂ ਦਾਤਾ ਨੂੰ ਸੰਭਾਲਣ ਦੀ ਲੋੜ ਹੈ। ਰੱਬ ਦੀ ਅਸਲੀ ਪੂਜਾ ਰੱਬ ਦੀਆ ਦਾਤਾਂ ਮਿੱਟੀ, ਪਾਣੀ ਅਤੇ ਹਵਾ ਦੀ ਸਾਂਭ-ਸੰਭਾਲ ਜ਼ਰੂਰੀ ਹੈ। ਹਰ ਇਕ ਇਨਸਾਨ ਨੂੰ ਇਹ ਵਿਚਾਰ ਧਾਰਾ ਮਨ ਵਿੱਚ ਵਸਾ ਲੈਣੀ ਚਾਹੀਦੀ ਹੈ ਕਿ ਜਿੰਨੀ ਦੇਰ ਅਸੀ ਕੁਦਰਤ ਦੀਆ ਦਾਤਾਂ ਨਾਲ ਸ਼ੋਸ਼ਣ ਕਰਨਾ ਨਹੀ ਛੱਡ ਦੇ ਤੱਦ ਤੱਕ ਮਾਨਵਤਾ ਦਾ ਅੰਤ ਨਿਸ਼ਚਿਤ ਹੈ।ਮਨੁੱਖ-ਮਨੁੱਖ ਨਾਲ ਗਲਤੀ ਕਰਕੇ ਮਨੁੱਖ ਦੀ ਸਜਾ ਤੋਂ ਬਚ ਸਕਦਾ ਹੈ ਪਰ ਕੁਦਰਤ ਨਾਲ ਛੇੜਛਾੜ ਕਰਕੇ ਪ੍ਰਮਾਤਮਾ ਦੀ ਸਜਾ ਤੋਂ ਨਹੀ ਬਚ ਸਕਦਾ ਸੋ ਅੱਜ ਦੇ ਸਮੇਂ ਦੀ ਲੋੜ ਹੈ ਪਟਾਕੇ ਚਲਾਉਣ ਤੋਂ ਗੁਰੇਜ ਕਰੀਏ।ਸਮਾਜ ਭਲਾਈ ਦੇ ਕੰਮ ਕਰਕੇ ਲੋਕਾ ਵਿੱਚ ਵਾਤਾਵਰਣ ਸਬੰਧੀ ਚੇਤਨਾ ਪੈਦਾ ਕਰੀਏ ਤੇ ਆਪਣੀ ਊਰਜਾ ਨੂੰ ਸਹੀ ਸੇਧ ਦੇ ਕੇ ਤੰਦਰੁਸਤ ਸਮਾਜ ਸਿਰਜੀਏ।

ਤੁਹਾਡੇ ਵਿਚਾਰਾ ਦੇ ਕਦਰਦਾਨ ।

ਹਰਨਰਾਇਣ ਸਿੰਘ ਮੱਲੇਆਣਾ
 

ਝੂਠ - ਕਵਿਤਾ, ਗੋਬਿੰਦਰ ਸਿੰਘ ‘ਬਰੜ੍ਹਵਾਲ’

ਝੂਠ!

ਤੂੰ ਬੜਾ

ਕਲਾ ਕੌਸ਼ਲ

ਕਲਾਕਾਰ ਏਂ

ਖਰੇ ਨੂੰ ਖੋਟਾ

ਖੋਟੇ ਨੂੰ ਖਰਾ ਕਰਨ

ਸੱਚ ਨੂੰ ਤੂੰ

ਪੜ੍ਹਨੇ ਪਾਉਣ ਲਈ

ਬਿੰਦ ਲਾਉਣਾ

ਤੇਰੇ ਅੱਗੇ

ਕਟਹਿਰਿਆਂ ਚ ਖੜੇ

ਹਾਰ ਜਾਂਦੇ ਨੇ

ਕਹਿੰਦੇ ਕਹਾਉਂਦਿਆਂ ਨੂੰ

ਪਾਣੀ ਭਰਨ

ਲਾ ਦੇਨਾਂ ਤੂੰ

 

ਤੂੰ ਡਾਢਾ ਨੇੜੇ

ਨਿੱਘਾ ਸੁਭਾਅ

ਸੁਖਾਲਿਆਂ ਹੀ

ਹੱਥ ਵਧਾਇਆਂ

ਹੱਥ ਫੜ੍ਹਦੈਂ

ਤੇ ਪਤਾ ਨਹੀਂ ਚੱਲਦਾ

ਬਦੋ ਬਦੀ

ਤੂੰ ਤੇ ਤੇਰੀ

ਨਿੱਕ ਸੁੱਕ

ਗਲ ਪੈਂਦੀ

ਤੂੰ ਚਿੰਬੜ ਜਾਣਾ

ਤੇਰੇ ਇੱਕ ਦੀ ਖ਼ਾਤਰ

ਹੋਰ ਕਿੰਨੇ

ਤੇਰੇ ਪੂਰਨੇ

ਪੂਰਨੇ ਪੈਂਦੇ

 

 

ਸੱਚ ਤਾਂ ਚੰਦਰਾ

ਡਾਢਾ ਅੱਕੀ

ਕੁੜੱਤਣ ਭਰਿਆ

ਤੂੰ ਮਿੱਠਾ ਏ

ਉਸ ਠੱਗ ਵਰਗਾ

ਜੋ ਲੁੱਟਦਾ ਏ,

ਕੁੱਟਦਾ ਏ

ਰੱਤੀ ਨੀ ਛੱਡਦਾ ਪੱਲੇ

ਪਲੇਚੇ ਚ ਆਇਆਂ

 

ਸ਼ੱਕ ਨਹੀਂ,

ਤੂੰ ਅੜੇ ਗੱਡੇ ਨੂੰ

ਕੱਢ ਦੇਨਾਂ

ਪਰ

ਖੰਜਰ ਖੋਭ ਦੇਨਾਂ

ਅੰਦਰ ਘੁਮਾ ਦੇਨਾਂ

ਤੇ ਨਾੜਾਂ ਵੱਢ ਸੁੱਟਦੈਂ

ਆਤਮਾ ਦੀਆਂ

ਜੇ ਕਿਧਰੇ ਓ

ਜਾਗਦੀ ਰਹਿ ਜੇ

 

ਤੇਰੇ ਤੇ

ਸੱਚ ਚ ਪਾੜਾ

ਮਸਾਂ ਕੁ ਵੈਰੀ

ਦੋ ਇੰਚ ਦਾ

ਜਿੰਨਾ ਕੁ ਹੁੰਦਾ

ਅੱਖ ਤੇ ਕੰਨ ਚ।

 

ਗੋਬਿੰਦਰ ਸਿੰਘ ‘ਬਰੜ੍ਹਵਾਲ’

ਪਿੰਡ – ਬਰੜ੍ਹਵਾਲ (ਧੂਰੀ)

ਈਮੇਲ - bardwal@gmail.com

 

ਸੱਚੇ ਬੋਲ -ਹਰਨਰਾਇਣ ਸਿੰਘ ਮੱਲੇਆਣਾ

ਸੱਚੇ ਬੋਲ - ਹਰਨਰਾਇਣ ਸਿੰਘ ਮੱਲੇਆਣਾ - ਫੋਨ: 0091- 98142-50483

1, ਪੜ੍ਹਾਈ ਰਾਸ਼ਟਰ ਦਾ ਸਭ ਤੋਂ ਵੱਡਾ ਧੰਨ ਹੁੰਦਾ ਹੈ।

2,  ਗਲਤੀ ਹੋ ਜਾਣੀ ਇਨਸਾਨੀਅਤ ਹੈ,ਪਰ ਇਸ ਨੂੰ ਨਾ ਮੰਨਣਾ ਸਤਾਨੀਅਤ ਹੈ।

3, ਵਾਸਨਾ ਮਨੁੱਖ ਨੂੰ ਬਰਬਾਦ ਕਰਦੀ ਹੈ

4, ਪੱਕੇ ਗਿਆਨ ਦੀ ਇੱਕ ਮਾਤਰ ਪਹਿਚਾਣ ਹੈ  ਸਿਖਾਉਣ ਦੀ ਸ਼ਕਤੀ।

5, ਜੋ ਈਸ਼ਵਰ ਦੀ ਸ਼ਕਤੀ ਬਾਰੇ ਸਕ ਕਰਦਾ ਹੈ ਨਾਸ਼ ਹੋ ਜਾਂਦਾ ਹੈ।

6, ਆਲਸ ਜਿਉਂਦੇ ਵਿਅਕਤੀ ਦੀ ਮੌਤ ਹੈ ।

7, ਵਿਦਿਆ ਬਿਨਾ ਮਨੁੱਖ ਮਿੱਟੀ ਦੀ ਕੰਧ ਹੈ।

8, ਚੋਰੀ ਦੇ ਪੁੱਤ ਕਦੇ ਗੱਭਰੂ ਨਹੀਂ ਹੁੰਦੇ।

9, ਇਹ ਦੁਨੀਆ ਖੇਡ ਤਮਾਸਿਆ ਦੀ ਸਟੇਜ ਹੈ ਜਿਸ ਵਿੱਚ ਹਰ ਇਕ  ਆਪਣਾ ਰੋਲ ਕਰਕੇ ਚਲਾ ਜਾਂਦਾ ਹੈ।