You are here

ਲੁਧਿਆਣਾ

ਮਾਸਟਰ ਰਜਿੰਦਰ ਸਿੰਘ ਦਾ ਕੀਤਾ ਵਿਸ਼ੇਸ਼ ਸਨਮਾਨ

ਚੌਕੀਮਾਨ/ ਭੂੰਦੜੀ 14 ਮਾਰਚ (ਨਸੀਬ ਸਿੰਘ ਵਿਰਕ ) ਸਰਦਾਰੀਆਂ ਟ੍ਰੱਸਟ ਪੰਜਾਬ ਦੇ ਸੇਵਾਦਾਰ  ਹਰਪ੍ਰੀਤ ਸਿੰਘ ਸਿੱਧਵਾਂ ਅਤੇ ਨੋਜਵਾਨ ਸਭਾਂ ਦੇ ਮੈਂਬਰ ਜਗਦੀਪ ਸਿੰਘ ਬਾਵਾ ਨੇ  ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆਂ ਪਿਛਲੇ ਦਿਨੀ ਹੋਈਆਂ ਆਲ ਇੰਡੀਆ ਮਾਸਟਰ ਸਪੋਰਟਸ ਫੈਡਰੇਸ਼ਨ ਗੇਮਜ 2019 ਉਤਰਾਂਖੰਡ ਜਿਸ ਵਿੱਚ ਪੂਰੇ ਭਾਰਤ ਵਿੱਚੋ ਅਧਿਆਪਕਾਂ ਨੇ ਭਾਗ ਲਿਆ ਉਥੇ ਹੀ ਸਿੱਧਵਾਂ ਬੇਟ ਦੇ ਵਸਨੀਕ ਮਾਸਟਰ ਸ:ਰਜਿੰਦਰ ਸਿੰਘ ਨੇ ਵੀ ਹਿੱਸਾ ਲਿਆ ਜਿੱਥੇ ਮਾਸਟਰ ਜੀ  ਬਤੌਰ ਅਧਿਆਪਕ ਦੀ ਡਿਊਟੀ ਕਰ ਰਹੇ ਹਨ ਉਥੇ ਸਮਾਜ ਸੇਵਾ ਕੰਮਾਂ ਚ ਵੀ ਸਮੇ ਸਮੇ ਤੇ ਹਿੱਸਾ ਪਾਉਂਦੇ ਆ ਰਹੇ ਹਨ ਉਸ ਦੇ ਨਾਲ ਹੀ ਖੇਡਾਂ ਵਿੱਚੋ ਕਈ ਸਥਾਨ ਹਾਸਿਲ ਕਰ ਚੁੱਕੇ ਹਨ । ਪਿਛਲੇ ਸਮੇ ਦੌਰਾਨ ਆਲ ਇੰਡੀਆ ਮਾਸਟਰ ਸਪੋਰਟਸ ਫੈਡਰੇਸ਼ਨ ਗੇਮਜ 2019 ਵਿੱਚ ਹੈਮਰ ਥ੍ਰੋ ਵਿੱਚੋ ਪਹਿਲਾਂ ਸਥਾਨ ਪ੍ਰਾਪਤ ਕਰਕੇ ਆਪਣਾ ਅਤੇ ਆਪਣੇ ਨਗਰ ਸਿੱਧਵਾਂ ਬੇਟ ਅਤੇ ਇਲਾਕੇ ਦਾ ਨਾਮ ਰੋਸ਼ਨ ਕੀਤਾ। ਜਿੱਥੇ ਪਿੰਡ ਵਾਸੀਆਂ ਨੂੰ ਇਸ ਗੱਲ ਦਾ ਮਾਣ ਹੈ ਉਥੇ ਹੀ ਨਗਰ ਨਿਵਾਸੀਆਂ ਵੱਲੋਂ ਮਾਸਟਰ ਰਜਿੰਦਰ ਸਿੰਘ ਨੂੰ ਵਧਾਈਆਂ ਦਿੱਤੀਆਂ ਗਈਆਂ ਅਤੇ ਸਿੱਧਵਾਂ ਬੇਟ ਵਿੱਚ ਬਣੇ ਸਥਾਨਿਕ ਗੁਰਦੁਆਰਾ ਸਾਹਿਬ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ, ਸਰਦਾਰੀਆਂ ਟ੍ਰੱਸਟ ਪੰਜਾਬ,ਨਗਰ ਵਿਕਾਸ ਨੋਜਵਾਨ ਸਭਾਂ ਸਿੱਧਵਾਂ ਬੇਟ ਅਤੇ ਸਮੁੱਚੇ ਨਗਰ ਨਿਵਾਸੀਆਂ ਵੱਲੋ ਮਾਸਟਰ ਰਜਿੰਦਰ ਸਿੰਘ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਉਹਨਾ ਨੇ ਇੱਥੇ ਇਹ ਵੀ ਕਿਹਾ ਮਾਸਟਰ ਜੀ ਨੇ ਇਹ ਪਹਿਲਾ ਸਥਾਨ ਪ੍ਰਾਪਤ ਕਰਕੇ ਸਿੱਧਵਾਂ ਬੇਟ ਇਲਾਕੇ ਦਾ ਨਾਮ ਅਤੇ ਲੁਧਿਆਣਾ ਜਿਲ੍ਹੇ ਦਾ ਨਾਮ ਭਾਰਤ ਦੇ ਨਕਸ਼ੇ ਤੇ ਰੋਸ਼ਨ ਕੀਤਾ ਹੈ ਸਾਨੂੰ ਮਾਣ ਹੈ ਮਾਸਟਰ ਜੀ ਸਿੱਧਵਾਂ ਬੇਟ ਦੇ ਵਸਨੀਕ ਹਨ । ਉਹਨਾ ਨੇ ਇਹ ਵੀ ਕਿਹਾ ਕੀ ਇੱਥੇ ਜਿਕਰਯੋਗ ਹੈ ਕੀ ਨਗਰ ਵਿੱਚ ਨਗਰ ਵਿਕਾਸ ਨੌਜਵਾਨ ਸਭਾਂ ਸਿੱਧਵਾਂ ਬੇਟ ਵੱਲੋ ਕੀਤੇ ਗਏ ਸਮਾਜ ਸੇਵਾ ਦੇ ਕੰਮ ਪਿੰਡ ਵਿੱਚ ਮੀਲ ਪੱਥਰ ਸਿੱਧ ਹੋਏ ਹਨ ਅਤੇ ਸਮਾਜ ਸੇਵਾ ਦੇ ਕੰਮ ਪਹਿਲਾ ਦੀ ਤਰਾ ਜਾਰੀ ਰਹਿਣਗੇ।ਇਸ ਮੌਕੇ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਕੈਪਟਨ ਜਸਵੰਤ ਸਿੰਘ,ਸਰਪੰਚ ਪਰਮਜੀਤ ਸਿੰਘ,ਸੁਖਦੇਵ ਸਿੰਘ ਬੋਪਾਰਾਏ,ਲਾਡੀ ਸਿੱਧੂ,ਹਰਵਿੰਦਰ ਸਿੰਘ ਸਿੱਧੂ,ਬਾਰਾਂ ਸਿੰਘ ਸਿੱਧੂ,ਗੁਲਜ਼ਾਰ ਸਿੰਘ ਸੰਧੂ,ਹਰਬੰਸ ਸਿੰਘ ਸਿੱਧੂ,ਹਰਪ੍ਰੀਤ ਸਿੰਘ,ਦਮਨਪ੍ਰੀਤ ਸਿੰਘ ਅਤੇ ਮੁਕੇਸ਼ ਕੁਮਾਰ ਆਦਿ ਮੌਜੂਦ ਸਨ

ਮੋਬਾਈਲ ਰਿਚਾਰਜ ਕਰਾਉਣ ਗਈ ਲੜਕੀ ਨਾਲ ਦੁਕਾਨਦਾਰ ਵਲੋਂ ਜਬਰ-ਜਨਾਹ

ਲੁਧਿਆਣਾ,  ਮਾਰਚ ਗਿਆਸਪੁਰਾ ਦੀ ਸਮਰਾਟ ਕਲੋਨੀ ਦੀ ਇੱਕ ਦੁਕਾਨ ’ਤੇ ਮੋਬਾਈਲ ਰਿਚਾਰਜ ਕਰਵਾਉਣ ਗਈ ਨਾਬਾਲਗ ਨਾਲ ਦੁਕਾਨਦਾਰ ਨੇ ਦੁਕਾਨ ’ਚ ਹੀ ਜਬਰ ਜਨਾਹ ਕਰ ਦਿੱਤਾ। ਮੁਲਜ਼ਮ ਨੇ ਨਾਬਾਲਿਗ ਨੂੰ ਦੁਕਾਨ ’ਚ ਹੀ ਵਾੜ ਲਿਆ। ਜਦੋਂ ਨਾਬਾਲਗ ਦੀ ਮਾਂ ਉਸ ਨੂੰ ਲੱਭਦੀ ਹੋਈ ਦੁਕਾਨ ’ਤੇ ਪੁੱਜੀ ਤਾਂ ਲੋਕਾਂ ਨੇ ਦੱਸਿਆ ਕਿ ਦੁਕਾਨਦਾਰ ਉਸ ਨੂੰ ਅੰਦਰ ਲੈ ਕੇ ਗਿਆ ਹੈ। ਜਦੋਂ ਉਹ ਦੁਕਾਨ ਅੰਦਰ ਗਈ ਤਾਂ ਲੜਕੀ ਨੇ ਸਾਰੀ ਗ਼ੱਲ ਉਸ ਨੂੰ ਦੱਸੀ ਜਿਸ ਤੋਂ ਬਾਅਦ ਇਸ ਦੀ ਜਾਣਕਾਰੀ ਪੁਲੀਸ ਨੂੰ ਦਿੱਤੀ ਗਈ। ਸੂਚਨਾ ਮਿਲਣ ਤੋਂ ਬਾਅਦ ਥਾਣਾ ਸਾਹਨੇਵਾਲ ਦੀ ਪੁਲੀਸ ਮੌਕੇ ’ਤੇ ਪੁੱਜ ਗਈ। ਪੁਲੀਸ ਨੇ ਪੀੜਤ ਦੀ ਮਾਂ ਦੀ ਸ਼ਿਕਾਇਤ ’ਤੇ ਸਮਰਾਟ ਕਲੋਨੀ ਦੇ ਚੰਦਰ ਕੁਮਾਰ ਖਿਲਾਫ਼ ਜਬਰ ਜਨਾਹ ਦਾ ਕੇਸ ਦਰਜ ਕਰ ਲਿਆ ਹੈ। ਪੁਲੀਸ ਮੁਲਜ਼ਮ ਦੀ ਭਾਲ ’ਚ ਲੱਗੀ ਹੋਈ ਹੈ। ਲੜਕੀ ਦੀ ਮਾਂ ਵੱਲੋਂ ਦਿੱਤੀ ਸ਼ਿਕਾਇਤ ਅਨੁਸਾਰ ਉਸ ਦੀ ਲੜਕੀ ਇਲਾਕੇ ਦੇ ਹੀ ਇੱਕ ਸਕੂਲ ’ਚ ਪੜ੍ਹਾਈ ਕਰਦੀ ਹੈ। ਸੋਮਵਾਰ ਨੂੰ ਉਸ ਨੇ ਆਪਣੀ ਲੜਕੀ ਨੂੰ ਸ਼ਿਵ ਸ਼ਕਤੀ ਟੈਲੀਕਾਮ ’ਤੇ ਮੋਬਾਈਲ ਰਿਚਾਰਜ ਕਰਵਾਉਣ ਲਈ ਭੇਜਿਆ ਸੀ। ਦੁਕਾਨ ਮਾਲਕ ਨੇ ਉਸ ਦੀ ਲੜਕੀ ਨੂੰ ਦੁਕਾਨ ਦੇ ਅੰਦਰ ਹੀ ਬੁਲਾ ਲਿਆ ਤੇ ਜਬਰ ਜਨਾਹ ਕਰ ਦਿੱਤਾ। ਜਾਂਚ ਅਧਿਕਾਰੀ ਏਐਸਆਈ ਹਰਪਾਲ ਸਿੰਘ ਨੇ ਦੱਸਿਆ ਕਿ ਮੁਲਜ਼ਮ ਹਾਲੇ ਫ਼ਰਾਰ ਹੈ। ਉਸ ਦੀ ਭਾਲ ਕੀਤੀ ਜਾ ਰਹੀ ਹੈ। ਪੀੜਤਾ ਦੀ ਮੈਡੀਕਲ ਜਾਂਚ ਕਰਵਾ ਦਿੱਤੀ ਗਈ ਹੈ ਤੇ ਸੈਂਪਲ ਜਾਂਚ ਲਈ ਭੇਜ ਦਿੱਤੇ ਗਏ ਹਨ।

ਲੁਧਿਆਣਾ ’ਚ ਪੰਜ ਸਾਲਾ ਬੱਚੀ ਨਾਲ ਜਬਰ-ਜਨਾਹ ਮਗਰੋਂ ਹੱਤਿਆ

ਲੁਧਿਆਣਾ, ਮਾਰਚ ਇਥੇ ਫੋਕਲ ਪੁਆਇੰਟ ਇਲਾਕੇ ਦੇ ਈਸ਼ਵਰ ਨਗਰ ਵਿੱਚ ਇਕੋ ਵਿਹੜੇ ਵਿੱਚ ਰਹਿੰਦੇ ਫੈਕਟਰੀ ਕਾਮੇ ਨੇ ਪੰਜ ਸਾਲਾ ਨਾਬਾਲਗ ਬੱਚੀ ਨਾਲ ਜਬਰ-ਜਨਾਹ ਮਗਰੋਂ ਗਲਾ ਘੁੱਟ ਕੇ ਉਹਦੀ ਹੱਤਿਆ ਕਰ ਦਿੱਤੀ। ਪੁਲੀਸ ਨੇ ਅਰਵਿੰਦ ਨਾਂ ਦੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜੋ ਪੀੜਤ ਬੱਚੀ ਦੇ ਗੁਆਂਢ ਵਿੱਚ ਹੀ ਰਹਿੰਦਾ ਸੀ। ਪੁਲੀਸ ਨੇ ਬੱਚੀ ਦੇ ਪਿਤਾ ਦੇ ਬਿਆਨਾਂ ’ਤੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰਨ ਮਗਰੋਂ ਲਾਸ਼ ਪੋਸਟ ਮਾਰਟਮ ਲਈ ਸਥਾਨਕ ਸਿਵਲ ਹਸਪਤਾਲ ਭੇਜ ਦਿੱਤੀ ਹੈ। ਜਾਣਕਾਰੀ ਅਨੁਸਾਰ ਮੁਲਜ਼ਮ ਅਰਵਿੰਦ ਫੋਕਲ ਪੁਆਇੰਟ ਵਿੱਚ ਵੀ ਕਿਸੇ ਫੈਕਟਰੀ ਵਿੱਚ ਕੰਮ ਕਰਦਾ ਹੈ। ਸ਼ਾਮ ਸੱਤ ਵਜੇ ਦੇ ਕਰੀਬ ਉਹ ਕੰਮ ਤੋਂ ਵਾਪਸ ਆਇਆ ਤਾਂ ਬੱਚੀ ਆਪਣੇ ਘਰ ਦੇ ਨੇੜੇ ਖੇਡ ਰਹੀ ਸੀ। ਮੁਲਜ਼ਮ ਬੱਚੀ ਨੂੰ ਕਿਸੇ ਬਹਾਨੇ ਪਹਿਲੀ ਮੰਜ਼ਿਲ ਸਥਿਤ ਆਪਣੇ ਕਮਰੇ ਵਿੱਚ ਲੈ ਗਿਆ। ਇਥੇ ਜਬਰਜਨਾਹ ਦੌਰਾਨ ਬੱਚੀ ਨੇ ਜਦੋਂ ਰੌਲਾ ਪਾਇਆ ਤਾਂ ਮੁਲਜ਼ਮ ਡਰ ਗਿਆ ਤੇ ਉਸ ਨੇ ਬੱਚੀ ਨੂੰ ਚੁੱਪ ਕਰਾਉਣ ਦੇ ਇਰਾਦੇ ਨਾਲ ਉਹਦਾ ਗਲਾ ਘੁੱਟ ਦਿੱਤਾ। ਕਤਲ ਮਗਰੋਂ ਮੁਲਜ਼ਮ ਨੇ ਫਰਾਰ ਹੋਣ ਦਾ ਯਤਨ ਕੀਤਾ, ਪਰ ਬੱਚੀ ਦਾ ਰੌਲਾ ਸੁਣ ਕੇ ਸਾਂਝੇ ਵਿਹੜੇ ਵਿੱਚ ਇਕੱਠੇ ਹੋਏ ਲੋਕਾਂ ਨੇ ਮੁਲਜ਼ਮ ਨੂੰ ਕਾਬੂ ਕਰ ਲਿਆ। ਜਾਣਕਾਰੀ ਅਨੁਸਾਰ ਨਾਬਾਲਗ ਬੱਚੀ ਘਰ ਵਿੱਚ ਇਕੱਲੀ ਸੀ ਤੇ ਉਹਦੇ ਮਾਪੇ ਕੰਮ ’ਤੇ ਗਏ ਹੋਏ ਸਨ।

ਪਿੰਡ ਗਾਲਿਬ ਰਣ ਸਿੰਘ 'ਚ ਪੋਸ਼ਣ ਦਿਵਸ ਮਨਾਇਆ ਗਿਆ

ਸਿੱਧਵਾਂ ਬੇਟ(ਜਸਮੇਲ ਗਾਲਿਬ)ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਵਲੋ ਬਲਾਕ ਸਿੱਧਵਾਂ ਬੇਟ ਡੀ.ਪੀ.ੳ ਕੁਲਵਿੰਦਰ ਕੌਰ ਤੇ ਸ਼ੁਪਰਵਾਈਜ਼ਰ ਪਰਮਜੀਤ ਕੌਰ ਦੀ ਅਗਵਾਈ ਵਿੱਚ ਪੋਸ਼ਣ ਦਿਵਸ ਅਭਿਆਨ ਪੰਦਰਵਾੜਾ ਪਰੋਗ੍ਰਾਮ 8 ਮਾਰਚ ਤੋ 22 ਮਾਰਚ ਤੱਕ ਮਨਾਇਆ ਜਾ ਰਿਹਾ ਹੈ।ਇਸ ਪੰਦਰਵਾੜਾ ਤਹਿਤ ਅੱਜ ਪਿੰਡ ਗਾਲਿਬ ਰਣ ਸਿੰਘ ਵਿੱਚ ਪੋਸ਼ਣ ਦਿਵਸ ਮਨਾਇਆ ਗਿਆ।ਇਸ ਮੌਕੇ ਸ਼ੁਪਰਵਾਈਜਰ ਪਰਮਜੀਤ ਕੌਰ ਨੇ ਗਰਭਵਤੀ ਔਰਤਾਂ ਨੂੰ ਆਪਣੀ ਸਿਹਤ ਦੀ ਸਾਂਭ-ਸੰਭਾਲ ਤੇ ਸੰਤੁਲਿਤ ਖੁਰਾਕ ਦੀ ਮਹੱਤਤਾ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਗਰਭਵਤੀ ਔਰਤਾਂ ਲਈ ਸੰਤੁਲਿਤ ਖੁਰਾਕ ਖਾਣਾ ਬਹੁਤ ਜਰੂਰੀ ਹੈ ਜਿਸ ਮਾਂ ਅਤੇ ਬੱਚੇ ਦੋਵਾਂ ਦੀ ਸਿਹਤ ਠੀਕ ਰਹਿੰਦੀ ਹੈ।ਗਰਭਪਤੀ ਔਰਤਾਂ ਨੂੰ ਪੀ.ਐਮ.ਵਾਈ ਸਕੀਮ ਬਾਰੇ ਵੀ ਦਸਿਆ ਗਿਆ।ਇਸ ਸਮੇ ਸਰਪੰਚ ਪਰਮਜੀਤ,ਰਾਜਵੀਰ ਕੌਰ ਪੰਚ,ਸੁਰਿੰਦਰ ਕੌਰ ਪੰਚ,ਬਲਜੀਤ ਕੌਰ ਪੰਚ,ਨਿਰਮਲ ਸਿੰਘ ਪੰਚ,ਜਸਮੇਲ ਸਿੰਘ ਪੰਚ,ਹਰਮਿੰਦਰ ਸਿੰਘ ਪੰਚ,ਆਂਗਣਵਾੜੀ ਵਰਕਰ ਸਤਿਜੀਤ ਕੌਰ,ਆਸ਼ਾ ਵਰਕਰ ਕਾਂਤਾ ਰਾਣੀ ਆਦਿ ਹਾਜ਼ਰ ਸਨ

ਸਿੱਧਵਾ ਕਲਾਂ ਚ ਪੋਸ਼ਣ ਦਿਵਸ਼ ਮਨਾਇਆ

ਚੌਕੀਮਾਨ  ਮਾਰਚ (ਨਸੀਬ ਸਿੰਘ ਵਿਰਕ) ਇੱਥੇ ਨੇੜਲੇ ਪਿੰਡ ਸਿੱਧਵਾਂ ਕਲਾਂ ਦੇ ਆਂਗਣਵਾੜੀ ਸੈਂਟਰ ਵਿੱਚ ਸੀ ਡੀ ਪੀ ਉ ਬਲਾਕ ਸਿੱਧਵਾਂ ਬੇਟ (ਵਾਧੂ ਚਾਰਜ) ਕੁਲਵਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾ ਹੇਠ ਪੋਸ਼ਣ ਅਭਿਆਨ ਪੰਦਰਵਾੜਾ ਮਨਾਇਆ ਗਿਆ । ਜਿਸ ਵਿੱਚ ਏ ਐਨ ਐਮ ਹਰਮਨ ਕੌਰ ਨੇ ਪੂਰਵਕ ਅਹਾਰ ਵਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ । ਇਸ ਸਮੇਂ ਸਰਪੰਚ ਸੁਖਵਿੰਦਰ ਕੌਰ , ਆਂਗਣਵਾੜੀ ਵਰਕਰ ਕਮਲਜੀਤ ਕੌਰ , ਜਸਪ੍ਰੀਤ ਕੌਰ ਆਦਿ ਹਾਜਰ ਸਨ ।
 

ਠਾਠ ਨਾਨਕਸਰ ਵਿਰਕ ਵਿਖੇ ਮਹਾਨ ਨਗਰ ਕੀਰਤਨ ਅਤੇ ਸਲਾਨਾ ਸਮਾਗਮ 19 ਮਾਰਚ ਨੂੰ

ਚੌਕੀਮਾਨ  ਮਾਰਚ (ਨਸੀਬ ਸਿੰਘ ਵਿਰਕ) ਧੰਨ-ਧੰਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਜੀ ਦੇ 106 ਸਾਲਾਂ ਸਮਰਪਿਤ 25ਵਾਂ ਸਲਾਨਾ ਸਮਾਗਮ ਅਤੇ ਮਹਾਨ ਨਗਰ ਕੀਰਤਨ ਠਾਠ ਨਾਨਕਸਰ ਵਿਰਕ ਵਿਖੇ 19 ਮਾਰਚ 2019 ਦਿਨ ਮੰਗਲਵਾਰ ਨੂੰ ਸਜਾਏ ਜਾਣਗੇ । ਇਸ ਸਮਾਗਮ ਸਬੰਧੀ ਜਾਣਕਾਰੀ ਦਿੰਦੇ ਹੋਏ ਸ੍ਰੀਮਾਨ ਸੰਤ ਬਾਬਾ ਬਲਵੀਰ ਸਿੰਘ ਜੀ ਵਿਰਕਾਂ ਵਾਲਿਆ ਨੇ ਦੱਸਿਆਂ ਕਿ ਹਰ ਸਾਲ ਦੀ ਤਰ੍ਹਾ ਇਸ ਸਾਲ ਵੀ ਬਾਬਾ ਜੀ ਦੀ ਦਰਸਾਈ ਮਰਿਯਾਦਾ ਅਨੁਸਾਰ ਸ੍ਰੀ ਗੁਰੂ ਗ੍ਰੰਥ ਜੀ ਦੀ ਛਤਰ ਛਾਇਆਂ ਹੇਠ ਤੁਕ-ਤੁਕ ਵਾਲੇ ਮਹਾਂ ਸਪੰਟ ਅਖੰਡ ਪਾਠ ਸਰਬੱਤ ਸੰਗਤਾ ਦੇ ਭਲੇ ਅਤੇ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਮੁੱਖ ਰੱਖਦੇ ਹੋਏ 23 ਫਰਵਰੀ 2019 ਦਿਨ ਸ਼ਨੀਵਾਰ ਨੂੰ ਪ੍ਰਾਆਰੰਭ ਕੀਤੇ ਗਏ ਸਨ । ਇੰਨਾ ਸਪੰਟ ਪਾਠਾਂ ਦੇ ਭੋਗ 19 ਮਾਰਚ ਦਿਨ ਮੰਗਲਵਾਰ ਨੂੰ ਪਾਉਣ ਉਪਰੰਤ ਰੈਣ ਸਬਾਈ ਕੀਰਤਨ ਵੀ ਸਜਾਏ ਜਾਣਗੇ ਪਰ ਇੰਨਾ ਦੇ ਭੋਗ ਤੋਂ ਪਹਿਲਾ ਵਿਸ਼ਾਲ ਨਗਰ ਕੀਰਤਨ ਸਜਾਇਆਂ ਜਾਵੇਗਾ ਜਿਸ ਦੀ ਆਰੰਭਤਾ ਸਵੇਰੇ 8 ਵਜੇ ਠਾਠ ਨਾਨਕਸਰ ਵਿਰਕ ਤੋਂ ਕੀਤੀ ਜਾਵੇਗੀ । ਇਹ ਵਿਸ਼ਾਲ ਨਗਰ ਕੀਤਰਨ ਵਿਰਕ,ਬਰਸਾਲ ,ਸੰਗਤਪੁਰਾ, ਗੋਰਸੀਆ , ਧੋਥੜ, ਸਵੱਦੀ ਕਲਾਂ , ਤਲਵੰਡੀ ਕਲਾਂ ਤਲਵੰਡੀ ਧਾਮ ਤੋਂ ਪਰੀਕਰਮਾ ਕਰਦਾ ਹੋਇਆ ਸ਼ਾਮ 7 ਵਜੇ ਠਾਠ ਨਾਨਕਸਰ ਵਿਰਕ ਪਰਤੇਗਾ । ਇਸ ਨਗਰ ਕੀਰਤਨ ਵਿੱਚ ਜਹਾਜ ਰਾਂਹੀ ਫੁੱਲ ਵਰਸਾਏ ਜਾਣਗੇ , ਗੱਤਕਾ ਪਾਰਟੀਆਂ , ਕਵੀਸਰੇ , ਢਾਡੀ ਜੱਥੇ , ਬਾਬਾ ਜੀ ਦੇ ਜੀਵਨ ਬਾਰੇ ਸੰਗਤਾ ਨੂੰ ਦੱਸਕੇ ਨਿਹਾਲ ਕਰਨਗੇ । ਸੰਤ ਬਾਬਾ ਬਲਵੀਰ ਸਿੰਘ ਜੀ ਨੇ ਇਲਾਕੇ ਭਰ ਦੀ ਸਮੂਹ ਸਾਧ ਸੰਗਤ ਨੂੰ ਵਿਸ਼ਾਲ ਨਗਰ ਕੀਰਤਨ ਅਤੇ ਸੰਤ ਸਮਗਾਮ ਚ ਹਾਜਰੀ ਭਰਦੇ ਹੋਏ ਆਪਣਾ ਜੀਵਨ ਸਫਲਾ ਕਰਨ ਦੀ ਅਪੀਲ ਕੀਤੀ । ਇਸ ਸਮੇਂ ਮੁੱਖ ਸੇਵਾਦਾਰ ਕਰਮਜੀਤ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਠਾਠ ਨਾਨਕਸਰ ਵਿਰਕ ਵਿਖੇ ਪੂਰਨਮਾਸ਼ੀ ਦਾ ਦਿਹਾੜਾ ਧੂਮ ਧਾਮ ਨਾਲ ਮਨਾਇਆ ਜਾਦਾ ਹੈ ਜਿਸ ਵਿੱਚ ਸੰਗਤ ਸਰਧਾ ਭਾਵਨਾ ਨਾਲ ਹਾਜਰੀ ਭਰਦੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਨਤਮਸਤਕ ਹੁੰਦੀ ਹੈ ।

ਸੱਚਖੰਡ ਵਾਸੀ ਬਾਬਾ ਨਰੈਣ ਸਿੰਘ ਨਾਨਕਸਰ ਵਾਲਿਆਂ ਦੀ ਸਲਾਨਾ ਸਮਾਗਮ ਤੇ ਚੌਥੀ ਲੜੀ ਦੇ ਭੋਗ ਪਾਏ,ਝੋਰੜਾਂ ਵਿਖੇ ਸਮਾਗਮ 24 ਤੋ 26 ਮਾਰਚ ਤੱਕ ਹੋਣਗੇ

ਸਿੱਧਵਾਂ ਬੇਟ(ਜਸਮੇਲ ਗਾਲਿਬ)ਵਿਸ਼ਵ ਪ੍ਰਸਿੱਧ ਧਾਰਮਿਕ ਸੰਪਰਦਾਇ ਕਲੇਰਾਂ ਨਾਨਕਸਰ ਕਲੇਰਾਂ ਦੇ ਬਾਨੀ ਮਹਾਪੁਰਸ਼ ਧੰਨ-ਧੰਨ ਬਾਬਾ ਨੰਦ ਸਿੰਘ ਨਾਨਕਸਰ ਕਲੇਰਾਂ ਵਾਲਿਆਂ ਤੋਂ ਵਰੋਸਾਏ ਸੱਚਖੰਡ ਵਾਸੀ ਸੰਤ ਬਾਬਾ ਨਰੈਣ ਸਿੰਘ ਨਾਨਕਸਰ ਕਲੇਰਾਂ ਵਾਲਿਆਂ ਦੀ ਸਲਾਨਾ ਬਰਸੀ ਸਬੰਧੀ 13 ਮੰਜਲੀ ਠਾਠ ਗੁਰਦੁਆਰਾ ਨਾਨਕਸਰ ਝੋਰੜਾਂ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਅਤੇ ਜਪੁਜੀ ਸਾਹਿਬ ਦੀ ਚੋਥੀ ਲੜੀ ਦੇ ਪਾਠਾਂ ਦੇ ਭੋਗ ਪਾਏ ਗਏ,ਉਪਰੰਤ ਪਾਠਾਂ ਦੀ ਪੰਜਵੀਂ ਲੜੀ ਦੀ ਆਰੰਭਤਾ ਦੀ ਅਰਦਾਸ ਭਾਈ ਗੁਰਮੀਤ ਸਿੰਘ ਵਲੋਂ ਕੀਤੀ ਗਈ।ਸਲਾਨਾ ਸਮਾਗਮ ਸਬੰਧੀ ਜਾਣਕਾਰੀ ਦਿੰਦਿਆਂ ਸੈਕਟਰੀ ਹਰਬੰਸ ਸਿੰਘ ਨੇ ਦਸਿਆ ਕਿ ਸੰਤ ਬਾਬਾ ਨਰੈਣ ਸਿੰਘ ਸਲਾਨਾ ਬਰਸੀ ਜੋ ਸੰਤ ਬਾਬਾ ਘਾਲਾ ਸਿੰਘ ਨਾਨਕਸਰ ਕਲੇਰਾਂ ਵਾਲਿਆਂ ਦੀ ਦੇਖ ਰੇਖ ਹੇਠ ਬੀਤੇ ਦਿਨੀ ਆਰੰਭ ਹੋਈ ਹੈ,ਜਿਨ੍ਹਾਂ ਦੀ ਸੰਪੂਰਨਤਾ ਦੀ ਅਰਦਾਸ 26 ਮਾਰਚ ਨੂੰ ਹੋਵੇਗੀ।ਉਨ੍ਹਾਂ ਅੱਗੇ ਦਸਿਆ ਕਿ ਸੰਤ ਬਾਬਾ ਈਸ਼ਰ ਸਿੰਘ ਜੀ ਨਾਨਕਸਰ ਕਲੇਰਾਂ ਵਾਲਿਆਂ ਦੇ ਜਨਮ ਦਿਹਾੜੇ ਨੂੰ ਸਮਰਪਿਤ ਤੁਕ-ਤੁਕ ਵਾਲੇ 5 ਸੰਪਟ ਅਖੰਡ ਪਾਠ ਜੋ ਬੀਤੇ ਦਿਨੀ ਅਰੰਭ ਹੋਏ ਸਨ,ਜਿਨ੍ਹਾਂ ਦੇ ਭੋਗ 25 ਮਾਰਚ ਦੀ ਰਾਤ ਨੂੰ ਪੈਣਗੇ।ਉਨ੍ਹਾਂ ਦੱਸਿਆ ਕਿ 26 ਮਾਰਚ ਨੂੰ ਲੜੀਆਂ ਦੀ ਸੰਪੂਰਨਤਾ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਵੇਗਾ।ਭਾਈ ਸੈਕਟਰੀ ਨੇ ਦੱਸਿਆ ਕਿ 24,25 ਅਤੇ 26 ਮਾਰਚ ਨੂੰ ਮਹਾਨ ਜਪ ਤਪ ਸਮਾਗਮ ਹੋਵੇਗਾ।ਇਸ ਮੌਕੇ ਭਾਈ ਕਰਨੈਲ ਸਿੰਘ ,ਭਾਈ ਮੇਹਰ ਸਿੰਘ,ਬਾਬਾ ਅਰਵਿੰਦਰ ਸਿੰਘ ਨਾਨਕਸਰ ਕਲੇਰਾਂ ,ਭਾਈ ਬੱਗਾ ਸਿੰਘ,ਭਾਈ ਅੰਮ੍ਰਿਤਪਾਲ ਸਿੰਘ ਲੁਧਿਆਣਾ,ਗੁਰਦਿਆਲ ਸਿੰਘ ਕਲਕੱਤਾ,ਸਾਬਕਾ ਸਰਪੰਚ ਸਾਧੂ ਸਿੰਘ,ਸਰਪੰਚ ਦਲਜੀਤ ਸਿੰਘ,ਸੱਤਪਾਲ ਸਿੰਘ,ਗੁਰਜੀਤ ਸਿੰਘ ਕੈਲਪੁਰ,ਦਲੇਰ ਸਿੰਘ ਲੁਧਿਆਣਾ,ਭਾਈ ਜਸਵਿੰਦਰ ਸਿੰਘ ਬਿੰਦੀ,ਭਾਈ ਗੌਰਾ ਸਿੰਘ,ਭਾਈ ਗੇਜਾ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ 'ਚ ਸੰਗਤਾਂ ਹਾਜ਼ਰ ਸਨ।

ਪਿੰਡ ਜਨੇਤਪੁਰਾ 'ਚ ਸ਼ਹੀਦ ਹਰਪਾਲ ਸਿੰਘ ਜੌਹਲ ਦੀ ਯਾਦਗਾਰ ਕੋਲ ਸ਼ਰਾਬ ਦਾ ਠੇਕਾ ਚੁਕਵਾਉਣ ਲਈ ਗ੍ਰਾਮ ਪੰਚਾਇਤ ਤੇ ਪਿੰਡ ਵਾਸੀਆਂ ਨੇ ਰੋਸ ਪ੍ਰਦਰਸ਼ਨ ਕੀਤਾ

ਸਿੱਧਵਾਂ ਬੇਟ(ਜਸਮੇਲ ਗਾਲਿਬ)ਪਿੰਡ ਜਨੇਤਪੁਰਾ ਵਿਖੇ ਸ਼ਹੀਦ ਹਰਪਾਲ ਸਿੰਘ ਜੌਹਲ ਦੀ ਯਾਦਗਾਰ ਕੋਲ ਬਣੇ ਸ਼ਰਾਬ ਦੇ ਠੇਕੇ ਨੂੰ ਲੈ ਕੇ ਪਿੰਡ ਵਾਸੀਆਂ ਵਲੋਂ ਵਿਰੋਧ ਸ਼ੁਰੂ ਹੋ ਗਿਆ ਹੈ ਅਤੇ ਇਸ ਨੂੰ ਚੁਕਵਾਉਣ ਲਈ ਗ੍ਰਾਮ ਪੰਚਾਇਤ ਤੇ ਸਫਾਈ ਗਰੁੱਪ ਦੀ ਅਗਵਾਈ ਵਿਚ ਪਿੰਡ ਵਾਸੀਆਂ ਇੱਕਠੇ ਹੋ ਕੇ ਰੋਸ ਪ੍ਰਦਰਸ਼ਨ ਕੀਤਾ।ਸ਼ਹੀਦ ਦੀ ਯਾਦਗਾਰ 'ਤੇ ਇੱਕਠੇ ਹੋਏ ਲੋਕਾਂ ਨੇ ਪ੍ਰਸ਼ਾਸ਼ਨ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸ਼ਰਾਬ ਦਾ ਠੇਕਾ ਇੱਥੋਂ ਨਾ ਚੁੱਕਿਆ ਗਿਆ ਤਾਂ ਉਹ ਧਰਨਾ ਦੇਣ ਦੇ ਇਲਾਵਾ ਤਿੱਖ ਸੰਘਰਸ਼ ਵਿੱਢਣ ਲਈ ਮਜ਼ਬੂਰ ਹੋਣਗੇ।ਪਿੰਡ ਵਾਸੀਆਂ ਦਾ ਤਰਕ ਸੀ ਕਿ ਉਹ ਹਰ ਸਾਲ ਸ਼ਹੀਦ ਹਰਪਾਲ ਸਿੰਘ ਜੌਹਲ ਦੀ ਯਾਦਗਰ ਤੇ ਆਜ਼ਾਦੀ ਦਿਵਸ ਅਤੇ ਗਣਤੰਤਰ ਦਿਵਸ ਮੌਕੇ ਇੱਕਠੇ ਹੋ ਕੇ ਤਿਰੰਗਾਂ ਝੰਡਾ ਲਹਿਰਾਉਂਦੇ ਹਨ ਅਤੇ ਹੋਰ ਅਨੇਕਾਂ ਮੌਕਿਆਂ ਤੇ ਸ਼ਹੀਦ ਦੇ ਸਨਮਾਨ ਲਈ ਸਮਾਗਮ ਕਰਦੇ ਰਹਿੰਦੇ ਹਨ।ਸਫਾਈ ਗਰੁੱਪ ਦੇ ਅਹੁਦੇਦਾਰਾਂ ਨੇ ਇਸ ਸਮੇਂ ਕਿਹਾ ਕਿ ਆਮ ਤੋਰ 'ਤੇ ਲੋਕ ਠੇਕੇ ਤੋਂ ਸ਼ਰਾਬ ਲੈ ਕੇ ਸ਼ਹੀਦ ਦੀ ਯਾਦਗਰ ਕੋਲ ਬੈਠ ਕੇ ਪੀਣ ਲੱਗ ਜਾਂਦੇ ਹਨ ਤੇ ਗੰਦ ਪਾਉਂਦੇ ਹਨ,ਜਿਸ ਨਾਲ ਸ਼ਹੀਦ ਦਾ ਅਪਮਾਨ ਹੁੰਦਾ ਹੈ।ਇਸ ਸਮੇਂ ਇੱਕਠੇ ਹੋਏ ਲੋਕਾਂ ਨੇ ਪਲਿਸ ਚੌਕੀ ਗਾਲਿਬ ਕਲਾਂ ਵਿਖੇ ਠੇਕਾ ਚੁਕਵਾਉਣ ਦੀ ਦਰਖਾਸਤ ਦਿੱਤੀ,ਜਿਸ 'ਤੇ ਠੇਕੇਦਾਰਾਂ ਨੇ ਭਰੋਸਾ ਵਿਾਇਆ ਕਿ 31 ਮਾਰਚ ਤੱਕ ਉਕਤ ਜਗ੍ਹਾ ਤੋਂ ਠੇਕਾ ਚੁੱਕ ਲਿਆ ਜਾਵੇਗਾ ਤੇ ਦੁਬਾਰਾ ਇਸ ਥਾਂ 'ਤੇ ਠੇਕਾ ਨਹੀਂ ਖੋਲਿਆ ਜਾਵੇਗਾ।

ਪਿੰਡ ਡੱਲਾ ਦੇ ਲਾਪਤਾ ਨੌਜਵਾਨ ਦੀ ਲਾਸ਼ ਨਹਿਰ ਵਿਚੋ ਮਿਲੀ

ਜਗਰਾਓ,11,ਮਾਰਚ-(ਰਛਪਾਲ ਸਿੰਘ ਸੇਰਪੁਰੀ)-ਬੀਤੇ ਪੰਜ ਦਿਨ ਪਹਿਲਾ ਪਿੰਡ ਡੱਲਾ ਦਾ ਇੱਕ ਨੌਜਵਾਨ ਰਾਤ ਸਮੇਂ ਆਪਣੇ ਘਰੋ ਲਾਪਤਾ ਹੋ ਗਿਆ ਸੀ ਜਿਸ ਦੀ ਅੱਜ ਲਾਸ਼ ਪਿੰਡ ਡੱਲਾ ਦੀ ਨਹਿਰ ਵਿਚੋ ਦੋਧਰ ਪੁਲ ਦੇ ਨਜਦੀਕ ਤੈਰਦੀ ਮਿਲੀ।ਇਸ ਸਬੰਧੀ ਗੱਲਬਾਤ ਕਰਦਿਆ ਮ੍ਰਿਤਕ ਨੌਜਵਾਨ ਗੁਰਮੀਤ ਸਿੰਘ ਦੇ ਛੋਟੇ ਭਰਾ ਅਵਤਾਰ ਸਿੰਘ ਪੁੱਤਰ ਬਚਿੱਤਰ ਸਿੰਘ ਨੇ ਦੱਸਿਆ ਕਿ ਗੁਰਮੀਤ ਸਿੰਘ ਪੰਜ ਮਾਰਚ ਦੀ ਰਾਤ ਨੂੰ ਘਰੋ ਲਾਪਤਾ ਹੋ ਗਿਆ ਸੀ ਅਤੇ ਜਿਸ ਦਾ ਨਹਿਰ ਦੇ ਕਿਨਾਰੇ ਮੋਬਾਇਲ ਫੋਨ,ਚੱਪਲਾ ਅਤੇ ਕੱਪੜੇ ਮਿਲ ਗਏ ਸਨ ਉਸੇ ਦਿਨ ਤੋ ਹੀ ਅਸੀ ਨਹਿਰ ਵਿਚੋ ਉਸ ਦੀ ਭਾਲ ਕਰ ਰਹੇ ਸੀ ਅੱਜ ਸਵੇਰੇ ਸਾਨੂੰ ਦੋਧਰ ਪੁਲ ਦੇ ਨਜਦੀਕ ਗੁਰਮੀਤ ਸਿੰਘ ਦੀ ਲਾਸ ਤੈਰਦੀ ਮਿਲੀ ਜਿਸ ਦੀ ਸੂਚਨਾ ਅਸੀ ਸਬੰਧਤ ਥਾਣਾ ਹਠੂਰ ਨੂੰ ਦੇ ਦਿੱਤੀ ਅਤੇ ਹਠੂਰ ਪੁਲਿਸ ਦੀ ਹਾਜਰੀ ਵਿਚ ਗੁਰਮੀਤ ਸਿੰਘ ਦੀ ਲਾਸ ਨਹਿਰ ਵਿਚੋ ਕੱਢੀ ਗਈ।ਉਨ੍ਹਾ ਦੱਸਿਆ ਕਿ ਮ੍ਰਿਤਕ ਗੁਰਮੀਤ ਸਿੰਘ ਪਿਛਲੇ ਲੰਮੇ ਸਮੇਂ ਤੋ ਘਰ ਦੀ ਮਾਲੀ ਹਾਲਤ ਠੀਕ ਨਾ ਹੋਣ ਕਰਕੇ ਦਿਮਾਗੀ ਤੌਰ ਤੇ ਪ੍ਰੇਸਾਨ ਰਹਿੰਦਾ ਸੀ ਅਤੇ ਕੁਝ ਸਾਲ ਪਹਿਲਾ ਗੁਰਮੀਤ ਸਿੰਘ ਦੀ ਮਾਂ ਨੇ ਵੀ ਆਤਮ ਹੱਤਿਆ ਕਰ ਲਈ ਸੀ ਅਤੇ ਦੋ ਸਾਲਾ ਤੋ ਗੁਰਮੀਤ ਸਿੰਘ ਦੀ ਪਤਨੀ ਵੀ ਪੇਕੇ ਘਰ ਬੈਠੀ ਹੈ।ਉਨ੍ਹਾ ਦੱਸਿਆ ਕਿ ਘਰ ਵਿਚ ਗਰੀਬੀ ਜਿਆਦਾ ਹੋਣ ਕਰਕੇ ਬਿਜਲੀ ਦਾ ਬਿੱਲ ਨਾ ਭਰਨ ਕਰਕੇ ਬਿਜਲੀ ਦਾ ਮੀਟਰ ਵੀ ਪਾਵਰਕਾਮ ਨੇ ਕੱਟ ਲਿਆ ਹੈ।ਘਰ ਦੀ ਆਰਥਿਕ ਹਾਲਤ ਤੋ ਤੰਗ ਆ ਕੇ ਗੁਰਮੀਤ ਸਿੰਘ ਨੇ ਮੌਤ ਦਾ ਰਸਤਾ ਅਖਤਿਆਰ ਕਰ ਲਿਆ।ਇਸ ਸਬੰਧੀ ਜਦੋ ਥਾਣਾ ਹਠੂਰ ਦੇ ਐਸ ਆਈ ਮਨਜੀਤ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾ ਕਿਹਾ ਕਿ ਮ੍ਰਿਤਕ ਗੁਰਮੀਤ ਸਿੰਘ ਦੇ ਪਿਤਾ ਬਚਿੱਤਰ ਸਿੰਘ ਦੇ ਬਿਆਨਾ ਦੇ ਅਧਾਰ ਤੇ 174 ਦੀ ਕਾਰਵਾਈ ਕੀਤੀ ਗਈ ਹੈ ਅਤੇ ਲਾਸ਼ ਦਾ ਪੋਸਟਮਾਰਟਮ ਕਰਕੇ ਵਾਰਸਾ ਹਵਾਲੇ ਕਰ ਦਿੱਤੀ ਹੈ।ਪਿੰਡ ਡੱਲਾ ਦੀ ਗ੍ਰਾਮ ਪੰਚਾਇਤ ਨੇ ਪੰਜਾਬ ਸਰਕਾਰ ਤੋ ਮੰਗ ਕੀਤੀ ਹੈ ਕਿ ਮ੍ਰਿਤਕ ਗੁਰਮੀਤ ਸਿੰਘ ਦੇ ਪਰਿਵਾਰ ਨੂੰ ਯੋਗ ਮੁਆਵਜਾ ਦਿੱਤਾ ਜਾਵੇ।

ਮਹਿਫ਼ਲ-ਏ-ਅਦੀਬ ਸੰਸਥਾ ਦੀ ਮਹੀਨਾਵਾਰ ਇਕੱਤਰਤਾ ਹੋਈ

ਜਗਰਾਉਂ, 10 ਮਾਰਚ (ਚਰਨਜੀਤ ਸਿੰਘ ਸਰਨਾ/ਰਜਨੀਸ਼ ਬਾਂਸਲ)-ਮਹਿਫ਼ਲ-ਏ- ਅਦੀਬ ਸੰਸਥਾ ਦੀ ਮਹੀਨਾਵਾਰ ਮੀਟਿੰਗ ਦ ਲੀਜ਼ੈਂਡ ਇੰਗਲਿੰਸ ਵਿਲਜ਼ ਜਗਰਾਉਂ ਵਿਖੇ ਸੰਸਥਾ ਦੇ ਪ੍ਰਧਾਨ ਮਾ: ਰਜਿੰਦਰਪਾਲ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ। ਇਹ ਮੀਟਿੰਗ ਇਸ ਵਾਰ ਮਹਿਫ਼ਲ ਦੇ ਵਿੱਛੜ ਚੁੱਕੇ ਅਦੀਬ ਮਰਹੂਮ ਕਰਨਲ ਗੁਰਦੀਪ ਜਗਰਾਉਂ ਨੂੰ ਸਮਰਪਿਤ ਸੀ। ਮੀਟਿੰਗ ਵਿਚ ਸੰਸਥਾ ਦੇ ਪ੍ਰਧਾਨ ਮਾ: ਰਜਿੰਦਰਪਾਲ ਸ਼ਰਮਾ ਤੋਂ ਇਲਾਵਾ ਮੇਜਰ ਸਿੰਘ ਛੀਨਾ, ਪ੍ਰਿੰ: ਨਛੱਤਰ ਸਿੰਘ, ਇੰਸਪੈਕਟਰ ਨਗਿੰਦਰ ਸਿੰਘ ਮੰਡਿਆਣੀ, ਡਾ: ਬਲਦੇਵ ਸਿੰਘ ਡੀ. ਈ.ਓ., ਮਾ: ਅਵਤਾਰ ਸਿੰਘ, ਮਾ: ਮਹਿੰਦਰ ਸਿੰਘ ਸਿੱਧੂ, ਜਸਵੰਤ ਭਾਰਤੀ, ਮਾ: ਰਣਜੀਤ ਸਿੰਘ ਕਮਾਲਪੁਰੀ, ਸਤਪਾਲ ਸਿੰਘ ਦੇਹੜਕਾ, ਕੈਪਟਨ ਪੂਰਨ ਸਿੰਘ ਗਗੜਾ, ਗੀਤਕਾਰ ਰਾਜ ਜਗਰਾਉਂ, ਬਚਿੱਤਰ ਕਲਿਆਣ, ਅਜੀਤ ਪਿਆਸਾ ਤੇ ਜਸਵਿੰਦਰ ਸਿੰਘ ਛਿੰਦਾ ਆਦਿ ਅਦੀਬ ਸ਼ਾਮਲ ਹੋਏ।ਜਿਨਾਂ੍ਹ ਨੇ ਦਿਲ ਦੀਆਂ ਗਹਿਰਾਈਆਂ 'ਚੋਂ ਇਕ ਮਿੰਟ ਦਾ ਮੋਨਧਾਰ ਕੇ ਕਰਨਲ ਗੁਰਦੀਪ ਜਗਰਾਉਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਮਹਿਫ਼ਲ ਦੀ ਸ਼ੁਰੂਆਤ ਕਰਦਿਆਂ ਜਨਰਲ ਸਕੱਤਰ ਜਸਵਿੰਦਰ ਸਿੰਘ ਛਿੰਦਾ ਨੇ ਸਭ ਤੋਂ ਪਹਿਲਾਂ ਬਚਿੱਤਰ ਕਲਿਆਣ ਨੂੰ ਆਪਣੀ ਰਚਨਾ ਦੀ ਪੇਸ਼ਕਾਰੀ ਲਈ ਸੱਦਾ ਦਿੱਤਾ। ਸਤਪਾਲ ਸਿੰਘ ਦੇਹੜਕਾ ਨੇ ਕਰਨਲ ਗੁਰਦੀਪ ਜਗਰਾਉਂ ਨੂੰ ਸਮਪਰਤਿ 'ਅੱਜ ਤੇਰੀ ਜੇ ਵਾਰੀ ਤਾਂ ਕੱਲ ਮੇਰੀ ਵਾਰੀ ਹੈ' ਰਾਹੀਂ ਜ਼ਿੰਦਗੀ 'ਚ ਮੌਤ ਦੇ ਸੁਨੇਹੇ ਦਾ ਵਰਨਣ ਕੀਤਾ। ਮਾ: ਮਹਿੰਦਰ ਸਿੰਘ ਸਿੱਧੂ ਨੇ 'ਸਭ ਦੀ ਜਨਮਦਾਤੀ ਹੈ ਨਾਰੀ' ਗੀਤ 'ਚ ਔਰਤਾਂ ਨੂੰ ਸਨਮਾਨ ਦੇਣ ਦਾ ਸੁਨੇਹਾ ਦਿੱਤਾ। ਸ਼ਾਇਰ ਜਸਵੰਤ ਭਾਰਤੀ ਨੇ ਗਜ਼ਲ 'ਤੇਰਾ ਅਹਿਸਾਸ ਮੇਰੀ ਰੂਹ ਨੂੰ ਨਿਰਮਲ ਬਣਾ ਦਿੰਦਾ' ਵਿਚ ਪਿਆਰ ਦੇ ਭਾਵ ਨੂੰ ਪ੍ਰਗਟ ਕੀਤਾ। ਜਸਵਿੰਦਰ ਸਿੰਘ ਛਿੰਦਾ ਨੇ ਆਪਣੀ ਮਿੰਨੀ ਕਹਾਣੀ ਰਾਹੀਂ ਭਾਰਤ-ਪਾਕਿ ਦੇ ਰਿਸ਼ਤਿਆਂ 'ਚ ਪਈ ਤਰੇੜ ਦਾ ਜ਼ਿਕਰ ਕੀਤਾ। ਮਾ: ਰਣਜੀਤ ਸਿੰਘ ਕਮਾਲਪੁਰੀ ਨੇ ਸ਼ਿਵ ਕੁਮਾਰ ਬਟਾਲਵੀ ਦੀ ਰਚਨਾ 'ਭੱਠੀ ਵਾਲੀਏ ਚੰਬੇ ਦੀ ਡਾਲੀਏ' ਨੂੰ ਤਰੰਨਮੁ 'ਚ ਪੇਸ਼ ਕਰਕੇ ਸਦਾ- ਬਹਾਰ ਸ਼ਾਇਰ ਦੀ ਯਾਦ ਤਾਜ਼ਾ ਕਰਵਾਈ। ਗੀਤਕਾਰ ਰਾਜ ਜਗਰਾਉਂ ਨੇ ਆਪਣੇ ਗੀਤ 'ਥੋਡੇ ਜਿਹਾ ਕੌਣ ਜੱਗ 'ਤੇ ਦੇਸ਼ ਭਗਤ ਪੁੱਤਾਂ ਦਾ ਦਾਨੀ' ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਮਹਾਨ ਕੁਰਬਾਨੀ ਦੀ ਉਸਤਤ ਕੀਤੀ। ਸ਼ਾਇਰ ਅਜੀਤ ਪਿਆਸਾ ਨੇ ਬਿਰਹੋਂ ਦੇ ਦਰਦ ਨੂੰ ਬਿਆਨ ਕਰਦਿਆਂ 'ਸੁਪਨਾ ਬਣ ਕੇ ਹੀ ਆ' ਆਪਣੀ ਰਚਨਾ ਪੇਸ਼ ਕੀਤੀ। ਡਾ: ਬਲਦੇਵ ਸਿੰਘ ਡੀ. ਈ. ਓ. ਨੇ 'ਸਮਾਜਿਕ ਰਸਮਾਂ ਤੇ ਵਪਾਰੀਕਰਨ' ਵਿਸ਼ੇ ਰਾਹੀਂ ਅਜੋਕੇ ਜ਼ਮਾਨੇ 'ਚ ਜ਼ਜਬਾਤਾਂ ਦੇ ਖਤਮ ਹੋ ਰਹੇ ਭਾਵ ਪ੍ਰਤੀ ਚਿੰਤ੍ਹਾ ਪ੍ਰਗਟ ਕਰਦਿਆਂ ਸੁਚੇਤ ਕੀਤਾ। ਪ੍ਰਧਾਨ ਮਾ: ਰਜਿੰਦਰਪਾਲ ਸ਼ਰਮਾ ਨੇ 'ਬਾਰੀਕ ਅਕਲ ਦੇ ਨੁਕਸਾਨ' ਵਿਅੰਗ ਰਾਹੀਂ ਸਮਾਜ ਦੇ ਇਕ ਪਹਿਲੂ 'ਤੇ ਕਟਾਸ ਕੀਤਾ। ਇੰਸਪੈਕਟਰ ਨਗਿੰਦਰ ਸਿੰਘ ਮੰਡਿਆਣੀ ਨੇ ਅੱਜ ਦੀ ਰਾਜਨੀਤੀ 'ਤੇ ਵਿਅੰਗਮਈ ਲਹਿਜ਼ੇ ਰਾਹੀਂ ਵਿਚਾਰ ਪ੍ਰਗਟ ਕੀਤੇ। ਮਾ: ਅਵਤਾਰ ਸਿੰਘ ਨੇ 'ਹੁਣ ਤਾਂ ਤੇਰੇ ਚਿਹਰੇ ਉੱਤੇ ਰੌਣਕ ਹੈ' ਰਾਹੀਂ ਭਰਪੂਰ ਹਾਜ਼ਰੀ ਲਵਾਈ। ਮੇਜਰ ਸਿੰਘ ਛੀਨਾ ਨੇ ਆਪਣੀ ਕਵਿਤਾ 'ਬਾਬੇ ਨਾਨਕ ਨੇ ਆਪ ਪੁਆਈ ਜੱਫੀ' ਰਾਹੀਂ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਸਬੰਧੀ ਭਾਵ ਪ੍ਰਗਟ ਕੀਤੇ। ਕੈਪਟਨ ਪੂਰਨ ਸਿੰਘ ਗਗੜਾ ਨੇ ਕਰਨਲ ਗੁਰਦੀਪ ਜਗਰਾਉਂ ਨੂੰ nਸਮਰਪਿਤ ਆਪਣੀ ਕਵਿਤਾ 'ਵੰਡ ਕੇ ਰੌਸ਼ਨੀ ਸੈਰ-ਸਮਾਧੀ ਬੁੱਝ ਗਿਆ ਹੈ ਇਕ ਦੀਪ' ਸੁਣਾ ਕੇ ਸ਼ਰਧਾ ਦਾ ਪ੍ਰਗਟਾਵਾ ਕੀਤਾ। ਆਖਿਰ 'ਚ ਪ੍ਰਿੰ: ਨਛੱਤਰ ਸਿੰਘ ਨੇ ਵੀ ਕਰਨਲ ਗੁਰਦੀਪ ਜਗਰਾਉਂ ਦੀ ਨਿੱਘੀ ਯਾਦ 'ਚ ਆਪਣੀ ਕਲਮ ਦੇ ਸ਼ਬਦਾਂ ਨੂੰ ਗਜ਼ਲ ਦਾ ਰੂਪ ਦਿੰਦਿਆਂ 'ਮਾਂ ਬੋਲੀ ਦਾ ਸੱਚਾ ਆਸ਼ਕ, ਦੇਸ਼ ਦਾ ਪਹਿਰੇਦਾਰ nਤੁਰ ਗਿਆ' ਰਾਹੀਂ ਭਾਵ ਭਿੰਨੀ ਸ਼ਰਧਾਂਜ਼ਲੀ ਭੇਟ ਕੀਤੀ। ਸੰਸਥਾ ਦੇ ਜਨਰਲ ਸਕੱਤਰ ਜਸਵਿੰਦਰ ਸਿੰਘ ਛਿੰਦਾ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕੇ ਮਹਿਫ਼ਲ-ਏ-ਅਦੀਬ ਸੰਸਥਾ ਵਲੋਂ ਮਰਹੂਮ ਕਰਨਲ ਗੁਰਦੀਪ ਜਗਰਾਉਂ ਦੀ ਯਾਦ ਨੂੰ ਸਮਰਪਿਤ ਹਰ ਸਾਲ ਸਲਾਨਾ ਸਾਹਿਤਕ ਸਮਾਗਮ ਕਰਵਾਇਆ ਜਾਇਆ ਕਰੇਗਾ, ਜਿਸ ਵਿਚ ਕਰਨਲ ਗੁਰਦੀਪ ਜਗਰਾਉਂ ਯਾਦਗਾਰੀ ਐਵਾਰਡ ਨਾਲ ਇਕ ਚੰਗੇ ਸਾਹਿਤਕਾਰ ਨੂੰ ਨਿਵਾਜਿਆ ਜਾਇਆ ਕਰੇਗਾ ਅਤੇ ਸੰਸਥਾ ਵਲੋਂ ਇਸੇ ਸਾਲ ਪ੍ਰਕਾਸ਼ਿਤ ਕਰਵਾਈ ਜਾ ਰਹੀ ਸਾਹਿਤਕ ਕਿਤਾਬ ਵੀ ਉਨ੍ਹਾਂ ਨੂੰ ਸਮਰਪਿਤ ਕੀਤੀ ਜਾਵੇਗੀ।