You are here

ਪੰਜਾਬ

ਕਿਸਾਨਾਂ ਨੂੰ 1 ਜੂਨ ਤੋ ਝੋਨਾ ਲਾਉਣ ਦੀ ਆਗਿਆ ਦੇਵੇ ਕੈਪਟਨ ਸਰਕਾਰ –ਆਗੂ

ਕਾਉਂਕੇ ਕਲਾਂ, 20 ਮਈ ( ਜਸਵੰਤ ਸਿੰਘ ਸਹੋਤਾ)-ਯੂਥ ਅਕਾਲੀ ਦਲ ਬਾਦਲ ਦੇ ਸੀਨੀਅਰ ਵਰਕਰ ਗੁਰਪ੍ਰੀਤ ਸਿੰਘ ਗੋਪੀ ਨੇ ਪੰਜਾਬ ਸਰਕਾਰ ਤੋ ਕਿਸਾਨਾਂ ਨੂੰ 10 ਜੂਨ ਦੀ ਥਾਂ 1 ਜੂਨ ਤੋ ਝੋਨਾ ਲਾਉਣ ਦੀ ਆਗਿਆ ਦੇਣ ਦੀ ਮੰਗ ਕਰਦਿਆ ਕਿਹਾ ਕਿ ਦੇਸ ਭਰ ਵਿਚ ਲੱਗੇ ਲਾਕਡਾਉਨ ਕਾਰਨ ਪਹਿਲਾ ਹੀ ਕਿਸਾਨ ਵਰਗ ਤੰਂਗੀਆ ਤੁਰਸੀਆ ਤੇ ਕਿਸਾਨੀ ਸਮੱਸਿਆ ਨਾਲ ਜੂਝ ਰਿਹਾ ਹੈ ਜਿੰਨਾ ਲਈ 1 ਜੂਨ ਤੋ ਝੋਨਾ ਲਾਉਣ ਦੀ ਆਗਿਆ ਦੇ ਕੇ ਸਰਕਾਰ ਕਿਸਾਨਾ ਨੂੰ ਰਾਹਤ ਦੇਵੇ।ਉਨਾ ਕਿਹਾ ਕਿ ਇਸ ਸਮੇ ਕਿਸਾਨਾਂ ਨੂੰ ਲਾਕਡਾਉਨ ਕਾਰਨ ਆਪਣੇ ਸੂਬਿਆ ਵਿੱਚ ਜਾ ਚੁਕੇ ਮਜਦੂਰਾਂ ਦੀ ਘਾਟ ਕਾਰਨ ਵੀ ਭਾਰੀ ਕਿੱਲਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਉਨਾ ਕਿਹਾ ਕਿ 1 ਜੂਨ ਤੋ ਝੋਨੇ ਦੀ ਬਿਜਾਈ ਸੁਰੂ ਹੋਣ ਨਾਲ ਕਿਸਾਨਾਂ ਨੂੰ ਵੱਡੀ ਰਾਹਤ ਮਿਲੇਗੀ ਤੇ ਮਜਦੂਰਾਂ ਦੀ ਘਾਟ ਦਾ ਵੀ ਬਿਜਾਈ ਦੌਰਾਨ ਲੰਭਾ ਸਮਾ ਹੋਣ ਕਾਰਨ ਕਿਸਾਨਾਂ ਵੱਲੋ ਆਪਣੇ ਪੱਧਰ ਤੇ ਹੱਲ ਕਰ ਲਿਆ ਜਾਵੇਗਾ।ਉਨਾ ਕਿਹਾ ਕਿ ਸਰਕਾਰ ਦੂਜੇ ਰਾਜਾਂ ਤੋ ਝੋਨੇ ਦੀ ਬਿਜਾਈ ਲਈ ਮਜਦੂਰਾਂ ਨੂੰ ਪੰਜਾਬ ਆਉਣ ਦੀ ਬਿਨਾ ਕਿਸੇ ਸਰਤ ਆਗਿਆ ਦੇਵੇ

ਗੰਨੇ ਦਾ ਜੂਸ ਪੀਣ ਵੇਲੇ ਸਾਨੂੰ ਬਹੁਤ ਸਾਵਧਾਨੀਆਂ ਵਰਤਨ ਦੀ ਜ਼ਰੂਰਤ ਹੈ- ਡਾਂ ਗੁਰਮੇਲ ਸਿੰਘ ਢਿੱਲੋਂ  

ਮਹਿਲ ਕਲਾਂ/ਬਰਨਾਲਾ,ਮਈ 2020-(ਗੁਰਸੇਵਕ ਸਿੰਘ ਸੋਹੀ)-

- ਕਰੋਨਾ ਵਾਇਰਸ ਦੀ ਭਿਆਨਕ ਮਹਾਂਮਾਰੀ ਦੇ ਚੱਲਦਿਆਂ ਸਾਨੂੰ ਅਨੇਕਾਂ ਹੀ ਸਾਵਧਾਨੀ ਵਰਤਣ ਦੀ ਜ਼ਰੂਰਤ ਹੈ। ਜਿਵੇ ਕਿ ਵਾਰ-ਵਾਰ ਹੱਥਾ ਦੀ ਸਫਾਈ ਰੱਖਣਾ ਅਤੇ ਮਾਸਕ ਦਾ ਇਸਤੇਮਾਲ ਕਰਨਾ।ਗਰਮੀ ਦਾ ਮੌਸਮ ਵੀ ਆਪਣਾ ਰੰਗ ਦਿਖਾਉਣ ਲੱਗ ਪਿਆ ਹੈ। ਦੇਖਿਆ ਜਾਂਦਾ ਹੈ ਕਿ ਗੰਨੇ ਦੇ ਜੂਸ ਵਾਲੀਆਂ ਰੇਹੜੀਆਂ ਤੇ ਅਕਸਰ ਹੀ ਭੀੜ ਲੱਗੀ ਰਹਿੰਦੀ ਹੈ। ਜਿੱਥੇ ਸਾਨੂੰ ਵੱਖ-ਵੱਖ ਤਰ੍ਹਾਂ ਦੇ ਲੋਕ ਮਿਲਦੇ ਹਨ। ਉੱਥੇ ਅਸੀਂ ਇਹ ਨਹੀਂ ਦੇਖਦੇ ਕਿ ਜੂਸ ਪੀਣ ਵਾਲੇ ਗਿਲਾਸ ਸਰਫ ਜਾਂ ਸਾਬਣ ਨਾਲ ਧੋਤੇ ਹਨ ਜਾ ਨਹੀ,ਉੱਥੇ ਹੀ ਜੂਸ ਪੀਣ ਵੇਲੇ ਦੇਖਿਆ ਜਾਂਦਾ ਹੈ ਕਿ ਇੱਕ ਦੋ ਬਾਲਟੀਆਂ ਵਿੱਚ ਹੀ ਜੂਠੇ ਗਲਾਸ ਧੋਤੇ ਜਾਂਦੇ ਨੇ ਨਾ ਕਿ ਸਾਬਣ ਸਰਫ ਦੀ ਵਰਤੋਂ ਕੀਤੀ ਜਾਂਦੀ ਹੈ।ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਡਾਂ ਗੁਰਮੇਲ ਸਿੰਘ ਢਿੱਲੋਂ ਹੈਲਥ ਇੰਸਪੈਕਟਰ ਨੇ ਕਿਹਾ ਕਿ ਕਿਸੇ ਆਦਮੀ ਨੂੰ ਬੁਖਾਰ,ਖੰਗ,ਸਾਹ,ਟੀ ਵੀ ਅਤੇ ਕਈ ਤਰ੍ਹਾਂ-ਤਰ੍ਹਾਂ ਦੀਆਂ ਭਿਆਨਕ ਬੀਮਾਰੀਆਂ ਲੱਗੀਆਂ ਹੁੰਦੀਆਂ ਹਨ। ਜੂਸ ਪੀਣ ਵੇਲੇ ਹਰ ਕਿਸੇ ਨੂੰ ਸੁਚੇਤ ਰਹਿਣਾ ਚਾਹੀਦਾ ਹੈ ਅਤੇ ਉਹਨਾਂ ਸਲਾਹ ਦਿੱਤੀ ਕੇ ਆਪਣਾ ਨਿੱਜੀ ਗਲਾਸ ਕੋਲ ਰੱਖਿਆ ਜਾਵੇ ਤਾਂ ਬਿਹਤਰ ਹੈ ਅਤੇ ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਦੀਆਂ ਦਿੱਤੀਆਂ ਹਦਾਇਤਾਂ ਨੂੰ ਬਰਕਰਾਰ ਰੱਖਿਆ ਜਾਵੇ ਤਾਂ ਕਿ ਇਨ੍ਹਾਂ ਭਿਆਨਕ ਬਿਮਾਰੀਆਂ ਤੋਂ ਬਚਿਆ ਜਾ ਸਕੇ।

ਬਰਨਾਲਾ ਪੁਲਿਸ ਪ੍ਰਸ਼ਾਸਨ ਸਿਹਤ ਵਿਭਾਗ ਅਤੇ ਸਫ਼ਾਈ ਕਰਮਚਾਰੀਆ ਦੀ ਸਮਾਜ ਸੇਵੀ ਦਰਸ਼ਨ ਸਿੰਘ ਨੈਣੇਵਾਲ ਨੇ ਕੀਤੀ ਸ਼ਲਾਘਾ 

ਮਹਿਲ ਕਲਾਂ/ਬਰਨਾਲਾ,ਮਈ 2020 -(ਗੁਰਸੇਵਕ ਸਿੰਘ ਸੋਹੀ) -ਦੁਨੀਆਂ ਦੇ ਨਾਮੀ ਦੇਸ਼ ਜੋ ਸਿਹਤ ਸਹੂਲਤਾਂ ਚ ਮੋਹਰੀ ਸਨ। ਕਰੋਨਾ ਵਾਇਰਸ ਨੇ ਉਨ੍ਹਾਂ ਦੇ ਹੱਥ ਖੜ੍ਹੇ ਕਰਵਾ ਦਿੱਤੇ ਅਸੀਂ ਤਾਂ ਉਨ੍ਹਾਂ ਨਾਲੋਂ ਸਿਹਤ ਸਹੂਲਤਾਂ ਲਈ ਬਹੁਤ ਪਿੱਛੇ ਸੀ।ਉਨ੍ਹਾਂ ਕਿਹਾ ਅਸੀਂ ਪੰਜਾਬ ਦੇ ਸਿਹਤ ਵਿਭਾਗ,ਮੀਡੀਆ,ਪੁਲਿਸ ਪ੍ਰਸਾਸਨ ਦੀ ਪ੍ਰਸ਼ੰਸਾ ਕਰਦੇ ਹਾਂ,ਜਿੰਨਾ ਨੇ ਇਸ ਕਰੋਨਾ ਵਾਇਰਸ ਨਾਂ ਦੀ ਭਿਆਨਕ ਬਿਮਾਰੀ ਨੂੰ ਬੜੀ ਗੰਭੀਰਤਾ ਨਾਲ ਲਿਆ ਅਤੇ ਵਧੀਆ ਪ੍ਰਬੰਧ ਕੀਤੇ।ਇਤਿਹਾਸ ਗਵਾਹ ਹੈ ਪੰਜਾਬ ਸਾਡੇ ਗੁਰੂਆਂ ਪੀਰਾਂ ਦੀ ਧਰਤੀ ਤੇ ਜਦੋਂ ਵੀ ਕੋਈ ਮੁਸੀਬਤ ਪੈਂਦੀ ਹੈ ਤਾਂ ਇੱਕ ਦੂਜੇ ਦੇ ਮੋਢੇ ਨਾਲ ਮੋਢਾ ਲਾ ਕੇ ਉਸ ਮੁਸੀਬਤ ਨੂੰ ਦੂਰ ਕੀਤਾ ਜਾਂਦਾ ਹੈ।ਉਨ੍ਹਾਂ ਨੇ ਬਰਨਾਲਾ ਜਿਲੇ ਦੇ ਐੱਸ ਐੱਸ ਪੀ ਸੰਦੀਪ ਗੋਇਲ ਅਤੇ ਵੱਖ-ਵੱਖ ਰਾਜਨੀਤਕ ਪਾਰਟੀਆਂ ਅਤੇ ਸਰਕਾਰੀ ਅਦਾਰਿਆ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਜ਼ਿਆਦਾ ਤੋਂ ਜ਼ਿਆਦਾ ਇੱਕ ਦੂਜੇ ਦਾ ਸਾਥ ਦੇ ਕੇ ਕਰੋਨਾ ਵਾਇਰਸ ਦੀ ਭਿਆਨਕ ਬੀਮਾਰੀ ਤੋਂ ਕੀਮਤੀ ਜਾਨਾਂ ਬਚਾਈਆਂ।ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦਰਸ਼ਨ ਸਿੰਘ ਨੈਣੇਵਾਲ ਨੇ ਕਿਹਾ ਕਿ ਸਾਡੇ ਬਰਨਾਲਾ ਜ਼ਿਲ੍ਹੇ ਦੇ ਐੱਸ ਐੱਸ ਪੀ ਸੰਦੀਪ ਗੋਇਲ ਜੀ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਔਖੀ ਘੜੀ ਦੇ ਵਿੱਚ ਲੋੜਵੰਦਾਂ ਤੱਕ ਰਾਸ਼ਨ ਪਹੁੰਚਾਇਆ। ਉਨ੍ਹਾਂ ਕਿਹਾ ਕਿ ਸਾਡੀਆਂ ਸਰਕਾਰਾਂ ਸਿਹਤ ਵਿਭਾਗ ਅਤੇ ਪੁਲਿਸ ਪ੍ਰਸ਼ਾਸਨ ਅੱਜ ਵੀ ਜੋ ਨਿਰਦੇਸ਼ ਜਾਰੀ ਕਰਦੇ ਨੇ ਉਨ੍ਹਾਂ ਦੀ ਪਾਲਣਾ ਕਰਨੀ ਜੋ ਸਾਡੀ ਸੁਰੱਖਿਅਤ ਦੇ ਲਈ ਜ਼ਰੂਰੀ ਹੈ। ਜਨਤਕ ਕਰਫਿਊ ਲਾਇਆ ਗਿਆ ਸੀ। ਉਸ ਵਿੱਚ ਬਰਨਾਲੇ ਜ਼ਿਲ੍ਹੇ ਦੇ ਵਾਸੀਆਂ ਨੇ ਵੱਧ ਚੜ੍ਹ ਕੇ ਹਿੱਸਾ ਪਾਇਆ ਇਹ ਹੀ ਸਭ ਤੋ ਵੱਡਾ ਕਰੋਨਾ ਵਾਇਰਸ ਨੂੰ ਖਤਮ ਕਰਨ ਦਾ ਇਲਾਜ ਸੀ।ਉਨ੍ਹਾਂ ਪੰਜਾਬ ਦੇ ਦਾਨੀ ਸੱਜਣਾ ਦਾ ਧੰਨਵਾਦ ਕੀਤਾ ਜਿਨ੍ਹਾਂ ਨੂੰ ਪ੍ਰਮਾਤਮਾ ਨੇ ਦਾਨ ਕਰਨ ਦੀ ਹਿੰਮਤ ਦਿੱਤੀ ਇਸ ਭਿਆਨਕ ਮਹਾਂਮਾਰੀ ਦੇ ਚਲਦਿਆ ਲੋੜਵੰਦਾਂ ਦੇ ਲਈ ਲੰਗਰ ਲਾਏ ਅਤੇ ਘਰ-ਘਰ ਰਾਸ਼ਨ ਪਹੁੰਚਾਇਆ।ਅਖੀਰ ਵਿੱਚ ਉਨ੍ਹਾਂ ਨੇ ਕਿਹਾ ਕਿ ਆਓ ਅਸੀਂ ਆਪ ਵੀ ਅਮਲ ਕਰੀਏ ਅਤੇ ਦੂਜਿਆਂ ਨੂੰ ਵੀ ਅਮਲ ਕਰਨ ਦੇ ਲਈ ਪ੍ਰੇਰਿਤ ਕਰੀਏ।ਇਸ ਸਮੇਂ ਉਨ੍ਹਾਂ ਨਾਲ ਗੁਰਮੀਤ ਸਿੰਘ ਢਿੱਲੋਂ,ਸੱਜਣ ਸਿੰਘ ਠੀਕਰੀਵਾਲ,ਮਹਿੰਦਰ ਸਿੰਘ ਸੰਘੇੜਾ,ਗੁਰਪ੍ਰੀਤ ਸਿੰਘ ਆਦਿ ਹਾਜ਼ਰ ਸਨ।

ਪਿੰਡ ਠੁੱਲੀਵਾਲ ਵਿਖੇ ਮਗਨਰੇਗਾ ਮਜਦੂਰਾਂ ਵੱਲੋਂ ਕੀਤੀ ਗਈ ਰੈਲੀ

 ਮਹਿਲ ਕਲਾਂ/ਬਰਨਾਲਾ,ਮਈ 2020- (ਗੁਰਸੇਵਕ ਸਿੰਘ ਸੋਹੀ)- ਨੇੜਲੇ ਪਿੰਡ ਠੁੱਲੀਵਾਲ ਵਿਖੇ ਮਜਦੂਰਾਂ,ਬੇਜਮੀਨੇ ਕਿਸਾਨਾਂ ਦੇ ਹਰਮਨ ਪਿਆਰੇ ਆਗੂ ਪੀ ਸੁੰਦਰਈਆ ਦੀ ਯਾਦ ਨੂੰ ਸਮਰਪਿਤ ਮਗਨਰੇਗਾ ਮਜਦੂਰਾਂ ਦੀ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ।ਮਜਦੂਰ ਆਗੂ ਚਰਨਜੀਤ ਕੌਰ,ਲਾਭ ਕੌਰ,ਜਰਨੈਲ ਸਿੰਘ ਦੀ ਅਗਵਾਈ ਹੇਠ ਕੀਤੀ ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੈਂਟਰ ਆਫ ਇੰਡੀਅਨ ਟਰੇਡ ਯੂਨੀਅਨਜ (ਸੀਟੂ) ਦੇ ਸੂਬਾ ਸਕੱਤਰ ਸ਼ੇਰ ਸਿੰਘ ਫਰਵਾਹੀ,ਮਗਨਰੇਗਾ ਮਜਦੂਰ ਯੂਨੀਅਨ ਦੇ ਜਿਲ੍ਹਾ ਮੀਤ ਪ੍ਰਧਾਨ ਹਰਬੰਸ ਸਿੰਘ ਕੱਟੂ ਅਤੇ ਮਨਰੇਗਾ ਮਜਦੂਰ ਯੂਨੀਅਨ ਦੀ ਜਿਲ੍ਹਾ ਕਮੇਟੀ ਮੈਂਬਰ ਬਲਜਿੰਦਰ ਕੌਰ ਠੁੱਲੀਵਾਲ ਨੇ ਕਿਹਾ ਕਿ ਲਾਕਡਾਉਨ/ਕਰਫਿਊ ਕਾਰਨ ਕੰਮਕਾਰ ਪੂਰੀ ਤਰ੍ਹਾਂ ਠੱਪ ਹੋਣ ਕਾਰਨ ਸਭ ਤੋਂ ਵੱਡੀ ਮਾਰ ਮਜਦੂਰਾਂ 'ਤੇ ਪਈ ਹੈ ਜਿਸਦੇ ਸਿੱਟੇ ਵਜ਼ੋਂ ਲੱਖਾਂ ਮਜਦੂਰ ਸ਼ੜਕਾਂ 'ਤੇ ਆ ਗਏ ਹਨ।ਉਨ੍ਹਾਂ ਕਿਹਾ ਕਿ ਮਜਦੂਰਾਂ ਲਈ ਤਾਂ ਪਹਿਲਾਂ ਵੀ ਦੋ ਡੰਗ ਦੀ ਰੋਟੀ ਪਕਾਉਣੀ ਔਖੀ ਸੀ ਤੇ ਹੁਣ ਤਾਂ ਮਜਦੂਰਾਂ ਦੀ ਹਾਲਤ ਭੁੱਖਮਰੀ ਵਾਲੀ ਬਣ ਗਈ ਹੈ।ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਮਜਦੂਰਾਂ ਨੂੰ ਸਰਕਾਰੀ ਡੀਪੂ ਰਾਹੀਂ ਸਨਮਾਨਜਨਕ ਰਾਸ਼ਨ ਤੇ ਬੈਂਕਾਂ ਰਾਹੀਂ ਆਰਥਿਕ ਸਹਾਇਤਾ ਫੌਰੀ ਮੁਹੱਈਆ ਕੀਤਾ ਜਾਵੇ। ਝਸਪਾਲ ਕੌਰ,ਮਹਿੰਦਰ ਕੌਰ,ਰਣਜੀਤ ਕੌਰ,ਕਿਰਨਾ ਕੌਰ ਅਤੇ ਹਰਬੰਸ ਕੌਰ ਅਤੇ ਮਨਦੀਪ ਕੌਰ ਨੇ ਕਿਹਾ ਕਿ ਮਜਦੂਰਾਂ ਦੇ ਖਾਤਿਆਂ ਵਿੱਚ ਘੱਟੋ ਘੱਟ 7500-7500 ਰੁਪਏ ਪ੍ਰਤੀ ਮਹੀਨਾ ਰਾਸ਼ੀ ਪਾਈ ਜਾਵੇ।ਇਸ ਮੌਕੇ ਮਜਦੂਰ ਆਗੂਆਂ ਨੇ ਕਿਹਾ ਕਿ ਮਈ ਨੂੰ ਕੌਮੀ ਪੱਧਰ ਦੀਆ ਟਰੇਡ ਯੂਨੀਅਨਾਂ ਵੱਲੋਂ ਦਿੱਤੇ ਰੋਸ ਮਾਰਚ ਦੇ ਸੱਦੇ ਨੂੰ ਬਲਾਕ ਮਹਿਲ ਕਲਾਂ 'ਚ ਵੀ ਬੜੀ ਤਨਦੇਹੀ ਨਾਲ ਲਾਗੂ ਕੀਤਾ ਜਾਵੇਗਾ। ਇਸ ਮੌਕੇ ਮਜਦੂਰਾਂ ਨੇ ਕੇਂਦਰ ਸਰਕਾਰ ਵੱਲੋਂ ਮਜਦੂਰਾਂ ਦੀ ਦਿਹਾੜੀ ਅੱਠ ਘੰਟੇ ਤੋਂ ਵਧਾ ਕੇ 12 ਘੰਟੇ ਕਰਨ ਦੀ ਨੀਤੀ ਦਾ ਵੀ ਵਿਰੋਧ ਦਰਜ ਕੀਤਾ ਅਤੇ ਕਿਹਾ ਕਿ ਅੱਠ ਘੰਟੇ ਦਿਹਾੜੀ ਦੀ ਮੰਗ ਮਜਦੂਰਾਂ ਨੇ ਕੁਰਬਾਨੀਆਂ ਦਿੰਦਿਆ ਖੂਨ ਡੋਲ ਕੇ ਪ੍ਰਾਪਤ ਕੀਤੀ ਸੀ ਅਤੇ ਇਸਨੂੰ ਕਿਸੇ ਵੀ ਹਾਲਤ ਵਿੱਚ ਖਤਮ ਨਹੀਂ ਹੋਣ ਦਿੱਤਾ ਜਾਵੇਗਾ।

ਦਿਹਾਤੀ ਮਜ਼ਦੂਰ ਸਭਾ ਇਕਾਈ ਜਥੇਬੰਦੀ ਵੱਲੋਂ ਬਲਾਕ ਸੁਪਰਡੈਂਟ ਨੂੰ ਮੰਗ ਪੱਤਰ ਭੇਟ ਕੀਤਾ

ਮਹਿਲ ਕਲਾਂ/ਬਰਨਾਲਾ,ਮਈ 2020 -(ਗੁਰਸੇਵਕ ਸਿੰਘ ਸੋਹੀ)- ਦਿਹਾਤੀ ਮਜ਼ਦੂਰ ਸਭਾ ਜ਼ਿਲ੍ਹਾ ਬਰਨਾਲਾ ਇਕਾਈ ਵੱਲੋਂ ਜਥੇਬੰਦੀ ਦੇ ਜ਼ਿਲ੍ਹਾ ਜਨਰਲ ਸਕੱਤਰ ਭੋਲਾ ਸਿੰਘ ਕਲਾਲਮਾਜਰਾ ਦੀ ਅਗਵਾਈ ਹੇਠ ਮਜ਼ਦੂਰ ਜਥੇਬੰਦੀ ਦੇ ਇੱਕ ਵਫ਼ਦ ਨੇ ਕੇਂਦਰ ਦੀ ਮੋਦੀ ਸਰਕਾਰ ਵੱਲੋਂ 3 ਮਹੀਨੇ ਦੀ 15 ਕਿੱਲੋ ਕਣਕ ਅਤੇ 3 ਕਿਲੋ ਦਾਲਾਂ ਨੂੰ ਪਰ ਰਾਸ਼ਨ ਕਾਰਡਾਂ ਤੇ ਦੇਣ ਦੀ ਬਜਾਏ ਆਧਾਰ ਕਾਰਡਾਂ ਉੱਪਰ ਮਜ਼ਦੂਰਾਂ ਬੇਜ਼ਮੀਨੇ ਦੇ ਬੇਸਾਧਨੇ ਅਤੇ ਗਰੀਬ ਮਜ਼ਦੂਰਾਂ ਨੂੰ ਤਿੰਨ ਮਹੀਨੇ ਦਾ ਰਾਸ਼ਨ ਦੇਣ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਂ ਉਪਰ ਬਲਾਕ ਮਹਿਲ ਕਲਾਂ ਦੇ ਬੀਡੀਪੀਓ ਭੂਸ਼ਨ ਕੁਮਾਰ ਬਰਨਾਲਾ ਰਾਹੀਂ ਆਪਣਾ ਇਕ ਮੰਗ ਪੱਤਰ ਬਲਾਕ ਸੁਪਰਡੈਂਟ ਗੁਰਚੇਤ ਸਿੰਘ ਨੂੰ ਭੇਟ ਕੀਤਾ ਇਸ ਮੌਕੇ ਬਲਾਕ ਸੁਪਰਡੈਂਟ ਵੱਲੋਂ ਮਜ਼ਦੂਰ ਜਥੇਬੰਦੀ ਦੇ ਆਗੂਆਂ ਨੂੰ ਵਿਸ਼ਵਾਸ ਦਵਾਇਆ ਕਿ ਉਨ੍ਹਾਂ ਦਾ ਮੰਗ ਪੱਤਰ ਪੰਜਾਬ ਸਰਕਾਰ ਤੱਕ ਪਹੁੰਚਾਇਆ ਜਾਵੇਗਾ ਇਸ ਮੌਕੇ ਵਿਦਿਆਰਥੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਜਨਰਲ ਸਕੱਤਰ ਭੋਲਾ ਸਿੰਘ ਕਲਾਲ ਮਾਜਰਾ ਜ਼ਿਲ੍ਹਾ ਮੀਤ ਪ੍ਰਧਾਨ ਸਾਧੂ ਸਿੰਘ ਛੀਨੀਵਾਲ ਬਹੁਜਨ ਸਮਾਜ ਪਾਰਟੀ ਦੇ ਹਲਕਾ ਜਰਨਲ ਸਕੱਤਰ ਏਕਮ ਸਿੰਘ ਛੀਨੀਵਾਲ ਦਿੰਦਿਆਂ ਕਿਹਾ ਕਿ ਸੰਸਾਰ ਭਾਰਤ ਵਿੱਚ ਕਰੋਨਾ ਬੈਂਸ ਮਹਾਂਮਾਰੀ ਬਿਮਾਰੀ ਦੇ ਚੱਲ ਰਹੇ ਕੁਦਰਤੀ ਕਰੋਪ ਦੇ ਮੱਦੇਨਜ਼ਰ ਕੇਂਦਰ ਤੇ ਰਾਜ ਸਰਕਾਰਾਂ ਵੱਲੋਂ ਲੋਕਡਾਉਣ ਦੇ ਜਾਰੀ ਕੀਤੇ ਹੁਕਮਾਂ ਤੋਂ ਬਾਅਦ ਮਜ਼ਦੂਰਾਂ ਦੇ ਕਾਰੋਬਾਰ ਪੂਰੀ ਤਰ੍ਹਾਂ ਠੱਪ ਹੋਣ ਕਾਰਨ ਪੈਸਾ ਵਗੈਰਾ ਉਨ੍ਹਾਂ ਕੋਲ ਨਾ ਹੋਣ ਕਰਕੇ ਉਨ੍ਹਾਂ ਨੂੰ ਆਪਣੇ ਚੁੱਲ੍ਹੇ ਚਲਾਉਣੇ ਅਤੇ ਆਪਣੇ ਘਰਾਂ ਦੇ ਗੁਜ਼ਾਰੇ ਕਰਨੇ ਮੁਸ਼ਕਲ ਹੋਏ ਪਏ ਹਨ ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਕਿਰਤ ਕਾਨੂੰਨਾਂ ਨੂੰ ਤੋੜ ਕੇ ਆਪਣੇ ਨਵੇਂ ਕਾਨੂੰਨ ਬਣਾ ਕੇ ਸੰਵਿਧਾਨ ਨਾਲ ਛੇੜ ਛਾੜ੍ ਕਰਕੇ  ਕਿਰਤ ਕਾਨੂੰਨਾਂ ਨੂੰ ਤੋੜਿਆ ਜਾ ਰਿਹਾ ਹੈ ਉਨ੍ਹਾਂ ਕਿਹਾ ਕਿ ਮਜ਼ਦੂਰਾਂ ਦੀਆਂ ਭਖਦੀਆਂ ਮੰਗਾਂ ਦੀ ਪ੍ਰਾਪਤੀ ਲਈ ਸਮੁੱਚੇ ਦੇਸ਼ ਅੰਦਰ ਭੀੜ ਯੂਨੀਅਨ ਦੇ ਸੱਦੇ ਉੱਪਰ 22 ਮਈ ਨੂੰ ਜ਼ਿਲ੍ਹਾ ਹੈੱਡਕੁਆਰਟਰਾਂ ਤੇ ਰੋਸ ਪ੍ਰਦਰਸ਼ਨ ਕਰਕੇ ਡਿਪਟੀ ਕਮਿਸ਼ਨਰ ਬਰਨਾਲਾ ਨੂੰ ਮੰਗ ਪੱਤਰ ਦਿੱਤੇ ਜਾਣਗੇ ਉਨ੍ਹਾਂ ਸਰਕਾਰ ਤੋਂ ਮੰਗ ਕਿ ਮਜ਼ਦੂਰਾਂ ਬੇਜ਼ਮੀਨੇ  ਬੇਸਾਧਨੇ ਅਤੇ ਬੇਰੁਜ਼ਗਾਰਾਂ ਨੂੰ ਰਾਸ਼ਨ ਕਾਰਡਾਂ ਦੀ ਬਜਾਏ ਆਧਾਰ ਕਾਰਡ ਉਪਰ ਤਿੰਨ ਮਹੀਨਿਆਂ ਦੀ 15 ਕਿਲੋ ਕਣਕ 3 ਕਿਲੇ ਦਾਲਾਂ ਡੀਪੂਆਂ ਮੁਹਾਈਆ ਕਰਵਾਈਆਂ ਜਾਣ  ਮਜ਼ਦੂਰਾਂ ਦੇ ਖਾਤਿਆਂ ਵਿੱਚ ਦਸ ਦਸ ਹਜ਼ਾਰ ਰੁਪਏ ਦੀ ਆਰਥਕ ਮਦਦ ਪਾਈ ਜਾਵੇ ਅਤੇ 12 ਘੰਟਿਆਂ ਦੀ ਬਜਾਏ 8 ਅੱਠ ਘੰਟੇ ਮਜ਼ਦੂਰਾਂ ਤੋਂ ਕੰਮ ਲਿਆ ਜਾਵੇ ਇਸ ਮੌਕੇ ਗੁਰਪ੍ਰੀਤ ਸਨ ਸੱਦੋਵਾਲ ਬਲਵਿੰਦਰ ਸਿੰਘ ਗੋਰਾ ਰਾਣੋ ਕੌਰ ਗੰਗੋਹਰ ਗੁਰਦੇਵ ਸਿੰਘ ਸਹੌਰ ਆਦਿ ਵੀ ਹਾਜ਼ਰ ਸਨ

ਅੰਤਰਰਾਸ਼ਟਰੀ ਕਬੱਡੀ ਖਿਡਾਰੀ ਅਰਵਿੰਦਰ ਸਿੰਘ ਦੇ ਕਾਤਲ ਨੂੰ ਸਖ਼ਤ ਸਜ਼ਾ ਦਿੱਤੀ ਜਾਵੇ

ਪੀੜਤ ਪਰਿਵਾਰ ਨੂੰ ਮੁਆਵਜਾ ਤੇ ਸਰਕਾਰੀ ਨੌਕਰੀ ਦਵੇ ਸਰਕਾਰ-ਜੌਹਲ ,ਸਮਰਾ

ਕਪੂਰਥਲਾ , ਮਈ 2020  (ਕੌੜਾ) ਪਿਛਲੇ ਦਿਨੀਂ ਕਬੱਡੀ ਦੇ ਅੰਤਰਰਾਸ਼ਟਰੀ ਖਿਡਾਰੀ ਅਰਵਿੰਦਰ  ਸਿੰਘ ਪੱਡਾ ਦਾ ਇਕ ਪੁਲਿਸ ਅਫਸਰ ਵਲੋਂ ਗੋਲੀ ਮਾਰ ਕੇ ਕੀਤੇ ਕਤਲ ਦੇ ਵਿਰੋਧ 'ਚ ਵਿਦੇਸ਼ੀ ਪੰਜਾਬੀਆਂ ਨੇ ਸਖਤ ਸਟੈਂਡ ਲਿਆ ਹੈ। ਇਸ ਕਤਲ ਦੀ ਜਿੱਥੇ ਯੂਰਪ ਦੀਆਂ ਵੱਖ-ਵੱਖ ਕਬੱਡੀ ਫੈਡਰੇਸ਼ਨਾਂ ਵਲੋਂ ਸਖ਼ਤ ਨਿੰਦਾ ਕੀਤੀ ਗਈ ਹੈ, ਉੱਥੇ ਹੀ ਪੰਜਾਬ ਦੀ ਸੱਤਾਧਾਰੀ ਪਾਰਟੀ ਨਾਲ ਸਬੰਧਿਤ ਆਗੂਆਂ ਵਲੋਂ ਵੀ ਪਹਿਲਵਾਨ ਲਈ ਹਾਅ ਦਾ ਨਾਅਰਾ ਮਾਰਿਆ ਗਿਆ ਹੈ। ਬਰਤਾਨੀਅਾ ਦੇ ਉਘੇ ਕਬੱਡੀ ਤੇ ਸਭਿਅਾਚਾਰਕ ਪਰਮੋਟਰ ਜਸਕਰਨ ਜੋਹਲ ਤੇ ਰਾਜਵੀਰ ਸਮਰਾ ਨੇ ਪ੍ਰੈਸ ਦੇ ਨਾਮ ਜਾਰੀ ਬਿਆਨ 'ਚ ਇਸ ਕਤਲ ਦੀ ਸਖ਼ਤ ਨਿੰਦਾ ਕਰਦਿਆਂ ਮੁਲਜ਼ਮ ਪੁਲਿਸ ਅਫ਼ਸਰ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੀ ਮੰਗ ਕੀਤੀ ਹੈ। ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੁੂੰ  ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਪੁਲਿਸ ਅਫਸਰ ਵਿਰੁੱਧ ਠੋਸ ਕੇਸ ਦਰਜ ਕਰਨ ਦੀ ਮੰਗ ਕੀਤੀ ਤਾਂ ਜੋ ਭਵਿੱਖ ਵਿਚ ਕੋਈ ਵੀ ਇਸ ਤਰ੍ਹਾਂ ਦਾ ਅਪਰਾਧ ਕਰਨ ਦੀ ਹਿੰਮਤ ਨਾ ਕਰੇ। ਉਹਨਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਕਿ ਜਿਵੇਂ ਪਟਿਆਲਾ ਵਿਖੇ ਪੁਲਿਸ ਕਰਮਚਾਰੀ ਹਰਜੀਤ ਸਿੰਘ ਦੇ ਹੱਥ ਫੱਡਣ ਵਾਲੇ ਦੋਸ਼ੀਆਂ ਨੂੰ ਪੁਲਿਸ ਨੇ ਕੁਝ ਹੀ ਸਮੇਂ ਵਿੱਚ ਫੜ ਕੇ ਪੰਜਾਬ ਦੀ ਵਧੀਆ ਪੁਲਿਸ ਹੋਣ ਦਾ ਪ੍ਰਮਾਣ ਦਿੱਤਾ ।ਉਸੇ ਤਰ੍ਹਾਂ ਹੀ ਕਬੱਡੀ ਖਿਡਾਰੀ ਅਰਵਿੰਦਰ ਸਿੰਘ ਭਲਵਾਨ ਦੇ ਕਾਤਿਲਾਂ ਨੂੰ ਸਖਤ ਸਜਾ ਦਿੱਤੀ ਜਾਵੇ ਅਤੇ ਪੀੜਤ ਪਰਿਵਾਰ ਲਈ ਕੋਈ ਆਮਦਨ ਦਾ ਜਰੀਆ ਨਾ ਹੋਣ ਕਰਕੇ 10 ਲੱਖ ਦਾ ਮੁਆਵਜਾ ਤੇ ਪਰਿਵਾਰ ਦੇ ਇੱਕ ਜੀਅ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ।

47 ਦਿਨਾਂ ਵਿਚੋਂ ਅੱਜ ਪੰਜਾਬ 'ਚ ਆਏ ਸਭ ਤੋਂ ਘੱਟ 5 ਕੇਸ, 95 ਹੋਏ ਸਿਹਤਯਾਬ, ਕੁੱਲ ਗਿਣਤੀ 2080 ਹੋਈ

ਚੰਡੀਗੜ੍ਹ, ਮਈ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-

ਪੰਜਾਬ ਵਿਚ ਅੱਜ  47 ਦਿਨ ਬਾਅਦ ਸਭ ਤੋਂ ਘੱਟ 5 ਕੋਰੋਨਾ ਪਾਜ਼ੇਟਿਵ ਮਾਮਲੇ ਸਾਹਮਣੇ ਆਏ। ਇਸ ਤੋਂ ਪਹਿਲਾਂ ਦੋ ਅਪ੍ਰੈਲ ਨੂੰ ਏਨੇ ਘੱਟ ਮਾਮਲੇ ਰਿਪੋਰਟ ਹੋਏ ਸਨ। ਮੰਗਲਵਾਰ ਨੂੰ ਅੰਮ੍ਰਿਤਸਰ ਵਿਚ ਤਿੰਨ ਅਤੇ ਗੁਰਦਾਸਪੁਰ ਅਤੇ ਲੁਧਿਆਣਾ ਵਿੱਚ ਇਕ-ਇਕ ਰਿਪੋਰਟ ਪਾਜ਼ੇਟਿਵ ਆਈ ਹੈ। ਕੁਲ ਇਨਫੈਕਟਿਡਾਂ ਦੀ ਗਿਣਤੀ 2080 ਹੋ ਗਈ ਹੈ। ਸੂਬੇ ਵਿਚ ਮੰਗਲਵਾਰ ਨੂੰ 95 ਮਰੀਜ਼ਾਂ ਨੂੰ ਡਿਸਚਾਰਜ ਕੀਤਾ ਗਿਆ। ਹੁਣ ਤਕ ਕੁੱਲ 1642 ਯਾਨੀ 79 ਫ਼ੀਸਦੀ ਮਰੀਜ਼ ਸਿਹਤਯਾਬ ਹੋ ਕੇ ਘਰ ਪਰਤ ਚੁੱਕੇ ਹਨ। ਇਨ੍ਹਾਂ ਵਿਚ 1182 ਹਜ਼ੂਰ ਸਾਹਿਬ ਤੋਂ ਪਰਤੇ ਸ਼ਰਧਾਲੂ ਹਨ। ਸੂਬੇ ਦੇ ਵੱਖ-ਵੱਖ ਹਸਪਤਾਲਾਂ ਵਿਚ ਹੁਣ ਸਿਰਫ਼ 396 ਇਨਫੈਕਟਿਡ ਮਰੀਜ਼ ਹੀ ਭਰਤੀ ਹਨ। ਹਾਲ ਵੀ ਵਿਚ ਡਿਸਚਾਰਜ ਹੋਏ ਮਰੀਜ਼ਾਂ ਨੂੰ 7 ਦਿਨ ਲਈ ਹੋਮ ਆਈਸੋਲੇਟ ਕੀਤਾ ਗਿਆ ਹੈ। 

ਪੰਜਾਬ ਦੇ ਪਿੰਡਾਂ 'ਚ ਹਰੇਕ ਘਰ ਨੂੰ ਮਿਲੇਗਾ ਪੀਣ ਵਾਲੇ ਪਾਣੀ ਦਾ ਕੁਨੈਕਸ਼ਨ-ਮੁੱਖ ਮੰਤਰੀ ਪੰਜਾਬ

ਚੰਡੀਗੜ੍ਹ ,ਮਈ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਆਖਿਆ ਕਿ ਸਾਲ 2022 ਤੱਕ ਪੰਜਾਬ ਸਾਰੇ ਪੇਂਡੂ ਘਰਾਂ ਨੂੰ ਪਾਈਪਾਂ ਰਾਹੀਂ 100 ਫੀਸਦੀ ਪੀਣ ਵਾਲੇ ਸਾਫ ਪਾਣੀ ਦੇ ਕੁਨੈਕਸ਼ਨ ਮੁਹੱਈਆ ਕਰਵਾਉਣ ਲਈ ਤਿਆਰ ਹੈ ਅਤੇ ਇਨ੍ਹਾਂ ਵਿੱਚ 50 ਫੀਸਦੀ ਘਰਾਂ ਵਿੱਚ ਪਹਿਲਾਂ ਹੀ ਵਿਅਕਤੀਗਤ ਘਰੇਲੂ ਕੁਨੈਕਸ਼ਨ ਸ਼ਾਮਲ ਹਨ।

ਕੇਂਦਰੀ ਜਲ ਸ਼ਕਤੀ ਗਜੇਂਦਰ ਸਿੰਘ ਸ਼ੇਖਾਵਤ ਨਾਲ ਵੀਡੀਓ ਕਾਨਫਰੰਸ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਇਕ ਅਪ੍ਰੈਲ, 2020 ਤੱਕ 1634 ਢਾਣੀਆਂ ਜਿੱਥੇ ਧਰਤੀ ਹੇਠਲਾ ਪਾਣੀ ਪ੍ਰਭਾਵਿਤ ਪਾਇਆ ਗਿਆ, ਵਿੱਚੋਂ 477 ਵਿੱਚ ਪੀਣ ਵਾਲਾ ਸਾਫ ਪਾਣੀ ਮੁਹੱਈਆ ਕਰਵਾਇਆ ਜਾ ਚੁੱਕਾ ਹੈ। ਪੰਜਾਬ ਸਰਕਾਰ ਦੇ ਟੀਚੇ ਦੀ ਲੀਹ 'ਤੇ ਮਾਰਚ, 2022 ਤੱਕ ਪੇਂਡੂ ਖੇਤਰ ਦੇ ਹਰੇਕ ਘਰ ਨੂੰ ਪਾਈਪ ਰਾਹੀਂ ਜਲ ਕੁਨੈਕਸ਼ਨ ਮੁਹੱਈਆ ਕਰਵਾਇਆ ਜਾ ਰਿਹਾ ਹੈ ਜੋ ਕੇਂਦਰ ਸਰਕਾਰ ਵੱਲੋਂ ਕਿਆਸੇ ਜਲ ਜੀਵਨ ਮਿਸ਼ਨ ਤੋਂ ਵੀ ਪਹਿਲਾਂ ਹੋਵੇਗਾ।

ਇਸ ਦਿਸ਼ਾ ਵਿੱਚ ਸੂਬੇ ਦੇ ਯਤਨਾਂ ਨੂੰ ਹੋਰ ਅੱਗੇ ਵਧਾਉਣ ਲਈ ਮੁੱਖ ਮੰਤਰੀ ਨੇ ਟਰੀਟਮੈਂਟ ਪਲਾਂਟਾਂ ਦੇ ਨਾਲ-ਨਾਲ ਸ਼ੁੱਧੀਕਰਨ ਸਾਧਨਾਂ 'ਤੇ ਜੀ.ਐਸ.ਟੀ. 18 ਫੀਸਦੀ ਤੋਂ ਘਟਾ ਕੇ 5 ਫੀਸਦੀ ਕਰਨ ਦੀ ਮੰਗ ਕੀਤੀ ਤਾਂ ਕਿ ਜਲ ਜੀਵਨ ਮਿਸ਼ਨ ਦੀਆਂ ਸਕੀਮਾਂ ਨੂੰ ਲੰਮੇ ਸਮੇਂ ਤੱਕ ਟਿਕਾਊ ਬਣਾਇਆ ਜਾ ਸਕੇ। ਉਨ੍ਹਾਂ ਦੱਸਿਆ ਕਿ ਟਰੀਟਮੈਂਟ ਪਲਾਂਟਾਂ ਨੂੰ ਹਰੇਕ 2-3 ਸਾਲਾਂ ਵਿੱਚ ਬਦਲਣ ਦੀ ਲੋੜ ਹੋਵੇਗੀ।

ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਮੰਤਰੀ ਨੂੰ ਕੰਢੀ ਖੇਤਰ ਦੇ 1449 ਪਿੰਡਾਂ ਨੂੰ 'ਪਹਾੜੀ ਖੇਤਰ' ਵਜੋਂ ਮਾਨਤਾ ਦਿੱਤੀ ਜਾਵੇ ਜਿਸ ਨਾਲ ਜਲ ਜੀਵਨ ਮਿਸ਼ਨ ਤਹਿਤ ਨਿਰਮਾਣ ਲਈ ਲਾਭਪਾਤਰੀ ਦਾ ਹਿੱਸਾ 10 ਫੀਸਦੀ ਤੋਂ ਘਟ ਕੇ 5 ਫੀਸਦੀ ਰਹਿ ਜਾਵੇਗਾ।

ਮੁੱਖ ਮੰਤਰੀ ਨੇ ਕਿਹਾ ਕਿ ਇਹ ਵੀ ਬਹੁਤ ਜ਼ਰੂਰੀ ਹੈ ਕਿ ਜਲ ਜੀਵਨ ਮਿਸ਼ਨ ਤਹਿਤ ਸੂਬੇ ਵੱਲੋਂ ਆਪਣੇ ਹਿੱਸੇ ਦੇ ਤੌਰ 'ਤੇ ਪਾਏ ਜਾਣ ਵਾਲੇ ਯੋਗਦਾਨ ਲਈ ਕੇਂਦਰ ਸਰਕਾਰ ਨਾਬਾਰਡ ਅਤੇ ਹੋਰ ਬਹੁ-ਪੱਖੀ ਏਜੰਸੀਆਂ ਪਾਸੋਂ ਪੈਸਾ ਦਿਵਾਉਣ ਵਿੱਚ ਸੂਬੇ ਦੀ ਮਦਦ ਕਰੇ। ਉਨ੍ਹਾਂ ਨੇ ਕੇਂਦਰੀ ਮੰਤਰਾਲੇ ਨੂੰ ਦੇਸ਼ ਦੀਆਂ ਨਿਸ਼ਚਤ ਖਰੀਦ ਪ੍ਰਕ੍ਰਿਆਵਾਂ (ਕੀਮਤ ਦੇ ਕਾਂਟਰੈਕਟ ਵਰਗੀਆਂ) ਦੀ ਇਜਾਜ਼ਤ ਦੇਣ ਲਈ ਪਾਣੀ ਅਤੇ ਸਫਾਈ ਦੇ ਸੈਕਟਰ ਵਿੱਚ ਪੂੰਜੀ ਮੁਹੱਈਆ ਕਰਵਾਉਣ ਵਾਲੀਆਂ ਬਹੁ-ਧਿਰੀ ਏਜੰਸੀਆਂ ਦਾ ਮਾਮਲਾ ਆਰਥਿਕ ਮਾਮਲਿਆਂ ਬਾਰੇ ਵਿਭਾਗ ਕੋਲ ਉਠਾਉਣ ਲਈ ਆਖਿਆ ਤਾਂ ਕਿ ਉਨ੍ਹਾਂ ਦੀਆਂ ਆਪਣੀਆਂ ਖਰੀਦ ਪ੍ਰਕ੍ਰਿਆਵਾਂ ਦੀ ਬਜਾਏ ਖਰੀਦ ਵਿੱਚ ਤੇਜ਼ੀ ਲਿਆਂਦੀ ਜਾ ਸਕੇ।

ਕੰਢੀ ਪੱਟੀ ਦੇ ਪਿੰਡਾਂ ਦੇ ਮੁੱਦੇ 'ਤੇ, ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਿਛਲੇ ਦੋ ਸਾਲਾਂ ਤੋਂ ਇਹ ਮੁੱਦਾ ਵਾਰ-ਵਾਰ ਕੇਂਦਰ ਸਰਕਾਰ ਕੋਲ ਉਠਾਇਆ ਜਾਂਦਾ ਰਿਹਾ ਹੈ, ਪਰ ਹਾਲੇ ਤੱਕ ਇਸ 'ਤੇ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਕਿਹਾ ਕਿ ਇਹ ਪਿੰਡ ਹਿਮਾਚਲ ਪ੍ਰਦੇਸ਼ ਦੇ ਇਨ੍ਹਾਂ ਦੇ ਨੇੜਲੇ ਪਿੰਡਾਂ ਵਰਗੇ ਹੀ ਹਨ, ਜਿੱਥੇ ਰਹਿੰਦੇ ਲਾਭਪਾਤਰੀਆਂ ਨੂੰ ਸਕੀਮ ਦੀ ਲਾਗਤ ਦਾ ਕੇਵਲ 5 ਫੀਸਦ ਹਿੱਸਾ ਪਾਉਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਕੰਢੀ ਖੇਤਰ ਦੇ ਇਨ੍ਹਾਂ ਪਿੰਡਾਂ ਨੂੰ ਵੀ ਸਹੂਲਤਾਂ ਪੱਖੋਂ ਡੀ.ਡੀ.ਪੀ ਅਤੇ ਡੀ.ਪੀ.ਏ.ਪੀ ਖੇਤਰਾਂ ਦੇ ਲਾਭਪਾਤਰੀਆਂ ਦੇ ਬਰਾਬਰ ਸਮਝਣਾ ਚਾਹੀਦਾ ਹੈ ਖਾਸਕਰ ਉਸਾਰੀ ਸਕੀਮਾਂ ਅਤੇ ਟਿਊਬਵੈੱਲ ਬੋਰਾਂ 'ਤੇ ਆਉਂਦੀ ਉੱਚੀ ਲਾਗਤ ਨੂੰ ਧਿਆਨ ਵਿਚ ਰੱਖਦੇ ਹੋਏ।

ਪੰਜਾਬ ਵਿੱਚ ਪਾਈਪਾਂ ਜ਼ਰੀਏ ਪਾਣੀ ਦੀ ਸਪਲਾਈ ਦੀ ਅਵਸਥਾ ਬਾਰੇ ਮੁੱਖ ਮੰਤਰੀ ਨੇ ਕਿਹਾ ਕਿ 1 ਅਪ੍ਰੈਲ, 2020 ਤੱਕ 17.48 ਲੱਖ ਘਰਾਂ ਨੂੰ ਸਕੀਮ ਤਹਿਤ ਕਵਰ ਕੀਤਾ ਜਾ ਚੁੱਕਿਆ ਹੈ। ਬਾਕੀ ਰਹਿੰਦੇ 1759542 ਘਰਾਂ ਵਿਚੋਂ 760000 ਨੂੰ 2020-21 ਵਿੱਚ ਕਵਰ ਕਰਨ ਦਾ ਪ੍ਰਸਤਾਵ ਹੈ ਅਤੇ ਬਾਕੀਆਂ ਨੂੰ 2021-22 ਵਿਚ। ਉਨ੍ਹਾਂ ਕਿਹਾ ਕਿ ਬਾਸ਼ਿੰਦਿਆਂ ਦੇ ਲਿਹਾਜ਼ ਨਾਲ ਸੂਬੇ ਦੇ ਪੇਂਡੂ ਖੇਤਰਾਂ ਵਿੱਚ 92 ਫੀਸਦ ਵਾਸੀਆਂ ਨੂੰ ਪਾਈਪਾਂ ਜ਼ਰੀਏ ਜਲ ਸਪਲਾਈ ਦੇ ਨੈੱਟਵਰਕ ਤਹਿਤ ਕਵਰ ਕੀਤਾ ਜਾ ਚੁੱਕਾ ਹੈ ਅਤੇ 50 ਫੀਸਦ ਪੇਂਡੂ ਘਰਾਂ ਨੂੰ ਵਿਅਕਤੀਗਤ ਪਾਣੀ ਸਪਲਾਈ ਕੁਨੈਕਸ਼ਨ ਦਿੱਤੇ ਜਾ ਚੁੱਕੇ ਹਨ।

ਕੈਪਟਨ ਅਮਰਿੰਦਰ ਸਿੰਘ ਵੱਲੋਂ ਕੇਂਦਰੀ ਮੰਤਰੀ ਨੂੰ ਦੱਸਿਆ ਗਿਆ ਕਿ 2009 ਤੋਂ ਪੰਜਾਬ ਅੰਦਰ ਨਵੀਆਂ ਸਕੀਮਾਂ ਦੇ ਵਿਕਾਸ ਲਈ ਨੀਤੀਗਤ ਤੌਰ 'ਤੇ ਸਮੂਹਿਕ ਭਾਗੀਦਾਰੀ ਨੂੰ ਜ਼ਰੂਰੀ ਅੰਗ ਬਣਾਇਆ ਗਿਆ ਹੈ ਅਤੇ ਪੇਂਡੂ ਪੱਧਰ 'ਤੇ ਗਠਿਤ ਗ੍ਰਾਮ ਪੰਚਾਇਤ ਜਲ ਸਪਲਾਈ ਅਤੇ ਸੈਨੀਟੇਸ਼ਨ ਕਮੇਟੀਆਂ ਵੱਲੋਂ ਇਨ੍ਹਾਂ ਸਾਰੀਆਂ ਸਕੀਮਾਂ ਦੀ ਯੋਜਨਾ ਤੇ ਅਮਲ ਵਿੱਚ ਸ਼ਮੂਲੀਅਤ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਸਾਧਨ ਪੈਦਾ ਕਰਨ ਵਿਚ ਮਾਲਕੀ ਦੀ ਭਾਵਨਾ ਉਜਾਗਰ ਕਰਨ ਲਈ ਘਰਾਂ ਤੋਂ ਵਿਅਕਤੀਗਤ ਹਿੱਸੇਦਾਰੀ ਇਕੱਠੀ ਕੀਤੀ ਜਾਂਦੀ ਹੈ।

ਸੂਬੇ ਅੰਦਰ ਜਲ ਸਪਲਾਈ ਸੇਵਾਵਾਂ ਦੇ ਮਾਪਦੰਡਾਂ ਨੂੰ ਉਸਾਰੂ ਰੱਖਣ ਲਈ ਲਗਾਤਾਰ ਕੀਤੇ ਜਾਂਦੇ ਯਤਨਾਂ ਬਾਰੇ ਮੁੱਖ ਮੰਤਰੀ ਨੇ ਕਿਹਾ ਕਿ ਪ੍ਰਤੀ ਵਿਅਕਤੀ ਪ੍ਰਤੀ ਦਿਨ 70 ਲੀਟਰ ਪਾਣੀ ਅਤੇ ਰੋਜ਼ਾਨਾ 10 ਘੰਟੇ ਸਪਲਾਈ ਨੂੰ ਨਿਰਧਾਰਿਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕਈ ਪਿੰਡ ਅਜਿਹੇ ਵੀ ਹਨ ਜਿੱਥੇ ਹਫਤੇ ਦੇ ਸੱਤੋਂ ਦਿਨ 24 ਘੰਟੇ ਸਪਲਾਈ ਦਾ ਟੀਚਾ ਪੂਰਾ ਕੀਤਾ ਗਿਆ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਕੁੱਲ 8240 ਸਕੀਮਾਂ ਵਿਚੋਂ 4351 ਜਲ ਸਪਲਾਈ ਸਕੀਮਾਂ ਦਾ ਪ੍ਰਬੰਧ ਗ੍ਰਾਮ ਪੰਚਾਇਤ ਜਲ ਸਪਲਾਈ ਤੇ ਸੈਨੀਟੇਸ਼ਨ ਕਮੇਟੀਆਂ ਵੱਲੋਂ ਵੇਖਿਆ ਜਾ ਰਿਹਾ ਹੈ ਅਤੇ 2770 ਸਕੀਮਾਂ ਚਲਾਉਣ ਲਈ ਵਿੱਤੀ ਵਸੀਲੇ ਇਨ੍ਹਾਂ ਵੱਲੋਂ ਖੁਦ ਜੁਟਾਏ ਜਾਂਦੇ ਹਨ।

ਪੇਂਡੂ ਖੇਤਰਾਂ ਵਿੱਚ ਪਾਈਪਾਂ ਜ਼ਰੀਏ ਜਲ ਸਪਲਾਈ ਸਕੀਮਾਂ ਚਲਾਉਣ ਤੇ ਰੱਖ-ਰਖਾਵ ਲਈ ਵਿੱਤੀ ਵਸੀਲੇ ਜੁਟਾਉਣ ਨੂੰ ਯਕੀਨੀ ਬਣਾਉਣ ਲਈ ਡੀ.ਡਬਲਿਊ ਐਸ.ਐਸ. ਦੁਆਰਾ ਚਲਾਈਆਂ ਜਾ ਰਹੀਆਂ ਜਲ ਸਪਲਾਈ ਸਕੀਮਾ ਲਈ ਪ੍ਰਤੀ ਘਰ ਪ੍ਰਤੀ ਮਹੀਨਾ 135 ਰੁਪਏ ਭੁਗਤਾਨ ਵਸੂਲ ਕੀਤਾ ਜਾਂਦਾ ਹੈ। ਸਾਲ 2019-20 ਦੌਰਾਨ ਵਰਤੋਂ ਚਾਰਜਾਂ ਦੇ 'ਤੌਰ ਤੇ ਕੁੱਲ 92 ਕਰੋੜ ਰੁਪਏ ਇਕੱਤਰ ਕੀਤੇ ਗਏ ਸਨ ਜਿਨ੍ਹਾਂ ਦੀ ਵਰਤੋਂ ਬਿਜਲੀ ਦੇ ਬਿੱਲਾਂ ਦੀ ਅਦਾਇਗੀ ਅਤੇ ਜਲ ਸਪਲਾਈ ਸਕੀਮਾਂ ਦੇ ਰੱਖ ਰਖਾਅ 'ਤੇ 75:25 ਦੀ ਦਰ ਨਾਲ ਕੀਤੀ ਗਈ। ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿ ਪੇਂਡੂ ਖੇਤਰਾਂ ਵਿੱਚ ਗ੍ਰਾਮ ਪੰਚਾਇਤ ਜਲ ਸਪਲਾਈ ਸਕੀਮਾਂ ਦੇ ਪ੍ਰਬੰਧਾਂ ਲਈ ਪੇਂਡੂ ਜਲ ਸਪਲਾਈ ਤੇ ਸੈਨੀਟੇਸ਼ਨ ਕਮੇਟੀਆਂ ਵੱਲੋਂ ਆਪਣੀ ਪੱਧਰ 'ਤੇ ਭੁਗਤਾਨ ਇਕੱਤਰ ਕੀਤਾ ਜਾਂਦਾ ਹੈ।

ਮੁੱਖ ਮੰਤਰੀ ਨੇ ਮੰਤਰਾਲੇ ਵੱਲੋਂ ਹਾਲ ਹੀ ਵਿਚ ਜਾਰੀ ਹਦਾਇਤਾਂ ਦੀ ਸਰਾਹਨਾ ਕੀਤੀ ਜਿਨ੍ਹਾਂ ਅਨੁਸਾਰ 15ਵੇਂ ਵਿੱਤ ਕਮਿਸ਼ਨਦੀਆਂ ਪੇਂਡੂ ਖੇਤਰਾਂ ਦੇ ਸਥਾਨਕ ਵਿਭਾਗਾਂ ਨੂੰ ਜਾਰੀ ਗ੍ਰਾਂਟਾਂ ਦਾ 50 ਫੀਸਦ ਜਲ ਸਪਲਾਈ ਤੇ ਸੈਨੀਟੇਸ਼ਨ ਦੇ ਕੰਮਾਂ ਨਾਲ ਜੋੜਨ ਲਈ ਨਿਰਦੇਸ਼ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਹੁਣ ਪੰਚਾਇਤਾਂ ਕੋਲ ਬਿਜਲੀ ਬਿਲਾਂ ਦੇ ਭੁਗਤਾਨ, ਪਾਣੀ ਨੂੰ ਸੁਧ ਰੱਖਣ ਲਈ ਸੋਡੀਅਮ ਹਾਈਪੋਕਲੋਰਾਈਟ ਦੀ ਖ੍ਰੀਦ ਅਤੇ ਮਸ਼ੀਨਾਂ ਦੀ ਮੁਰੰਮਤ ਆਦਿ ਲਈ ਫੰਡ ਉਪਲੱਬਧ ਹੋ ਸਕਣਗੇ।

ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਮੰਤਰੀ ਨੂੰ ਭਰੋਸਾ ਦਿਵਾਇਆ ਕਿ ਪੰਜਾਬ ਜੇ.ਐਮ.ਐਮ ਲਈ ਆਪਣਾ ਹਿੱਸਾ ਮੁਹੱਈਆ ਕਰਵਾਉਣ ਲਈ ਇਛੁੱਕ ਹੈ ਅਤੇ ਇਸ ਵੱਲੋਂ ਰਾਸ਼ਟਰੀ ਪੇਂਡੂ ਜਲ ਪ੍ਰੋਗਰਾਮਅਤੇ ਨੈਸ਼ਨਲ ਜਲ ਗੁਣਵੱਤਾ ਉਪ ਮਿਸ਼ਨ ਪ੍ਰਾਜੈਕਟਾਂ ਲਈ ਲਗਾਤਾਰ ਆਪਣਾ ਹਿੱਸਾ ਦਿੱਤਾ ਜਾ ਰਿਹਾ ਹੈ।

ਪੰਜਾਬ 'ਚ ਇਕ ਦਿਨ 'ਚ ਤਿੰਨ ਦੀ ਮੌਤ, 32 ਪਾਜ਼ੇਟਿਵ ਤੇ 181 ਸਿਹਤਮੰਦ 

ਚੰਡੀਗੜ੍ਹ, ਮਈ2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-

ਪੰਜਾਬ ਵਿਚ ਕੋਰੋਨਾ ਦੇ ਕਾਰਨ ਤਿੰਨ ਹੋਰ ਲੋਕਾਂ ਦੀ ਮੌਤ ਹੋ ਗਈ ਹੈ। ਜਲੰਧਰ ਸਿਵਲ ਹਸਪਤਾਲ ਵਿਚ ਭਰਤੀ ਹੁਸ਼ਿਆਰਪੁਰ ਅਤੇ ਕਪੂਰਥਲਾ ਦੇ ਦੋ ਲੋਕਾਂ ਦੀ ਰਿਪੋਰਟ ਮੌਤ ਤੋਂ ਬਾਅਦ ਪਾਜ਼ੇਟਿਵ ਆਈ। ਹੁਸ਼ਿਆਰਪੁਰ ਦੇ ਟਾਂਡਾ ਦਾ 35 ਸਾਲਾ ਨੌਜਵਾਨ ਕਿਡਨੀ ਰੋਗ ਤੋਂ ਪੀੜਤ ਸੀ। ਉਸਨੂੰ 16 ਮਈ ਨੂੰ ਜਲੰਧਰ ਦੇ ਸਿਵਲ ਹਸਪਤਾਲ ਵਿਚ ਭਰਤੀ ਕੀਤਾ ਗਿਆ ਸੀ, ਜਦਕਿ ਕਪੂਰਥਲਾ ਵਿਚ 50 ਸਾਲਾ ਵਿਅਕਤੀ ਨੇ ਦਮ ਤੋੜ ਦਿੱਤਾ। ਉੱਧਰ, ਪਠਾਨਕੋਟ ਦੇ 35 ਸਾਲਾ ਨੌਜਵਾਨ ਦੀ ਵੀ ਕੋਰੋਨਾ ਦੇ ਕਾਰਨ ਅੰਮਿ੍ਤਸਰ ਵਿਚ ਮੌਤ ਹੋ ਗਈ। ਉਹ ਕਾਫੀ ਦਿਨਾਂ ਤੋਂ ਅੰਮਿ੍ਤਸਰ ਦੇ ਹਸਪਤਾਲ ਵਿਚ ਇਲਾਜ ਅਧੀਨ ਸੀ। ਇਸਦੇ ਨਾਲ ਹੀ ਪੰਜਾਬ ਵਿਚ ਹੁਣ ਕੋਰੋਨਾ ਨਾਲ ਮਰਨ ਵਾਲਿਆਂ ਦਾਂ ਅੰਕੜਾ 39 ਪਹੁੰਚ ਗਿਆ ਹੈ। ਰਾਹਤ ਵਾਲੀ ਗੱਲ ਇਹ ਰਹੀ ਕਿ ਸੋਮਵਾਰ ਨੂੰ ਪੰਜਾਬ ਦੇ ਵੱਖ-ਵੱਖ ਜ਼ਿਲਿ੍ਹਆਂ ਤੋਂ 181 ਮਰੀਜ਼ਾਂ ਨੂੰ ਡਿਸਚਾਰਜ ਕੀਤਾ ਗਿਆ। ਪ੍ਰਦੇਸ਼ ਵਿਚ ਹੁਣ ਤਕ 1547 ਮਰੀਜ਼ ਠੀਕ ਹੋ ਚੁੱਕੇ ਹਨ। ਦੂਜੇ ਪਾਸੇ, ਐਤਵਾਰ ਨੂੰ ਸੂਬੇ ਵਿਚ 32 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਕੁੱਲ ਇਨਫੈਕਟਿਡਾਂ ਦੀ ਗਿਣਤੀ 2073 ਹੋ ਗਈ। ਸੋਮਵਾਰ ਨੂੰ ਹੁਸ਼ਿਆਰਪੁਰ ਵਿਚ ਤਿੰਨ, ਫਰੀਦਕੋਟ ਤੇ ਪਟਿਆਲਾ ਵਿਚ ਦੋ-ਦੋ, ਕਪੂਰਥਲਾ, ਅੰਮਿ੍ਤਸਰ ਅਤੇ ਤਰਨਤਾਰਨ ਵਿਚ ਇਕ-ਇਕ ਕੇਸ ਸਾਹਮਣੇ ਆਇਆ।

ਬੀਬੀ ਢੀਡਸਾਂ ਨੇ ਸਿਹਤ ਕੇਂਦਰ  ਦਾ ਦੌਰਾ ਕੀਤਾ

ਵੱਖ ਵੱਖ ਵਿਭਾਗਾਂ ਦੇ ਕਰਮਚਾਰੀਆਂ ਨੂੰ ਸੈਨੀਟਾਈਜਰ,ਮਾਸਕ ਅਤੇ ਵਿਟਾਮਿਨ ਸੀ ਦੀਆਂ ਕਿੱਟਾਂ ਭੇਟ ਕੀਤੀਆਂ 

ਮਹਿਲ ਕਲਾਂ /ਬਰਨਾਲਾ-ਮਈ 2020 -(ਗੁਰਸੇਵਕ ਸਿੰਘ ਸੋਹੀ)- ਪੰਜਾਬ ਦੇ ਸਾਬਕਾ ਖਜਾਨਾ ਮੰਤਰੀ ਪਰਮਿੰਦਰ ਸਿੰਘ ਢੀਡਸਾਂ ਦੀ ਪਤਨੀ ਬੀਬੀ ਗਗਨਦੀਪ ਕੌਰ ਢੀਡਸਾਂ ਨੇ ਅੱਜ ਮੁੱਢਲੇ ਸਿਹਤ ਕੇਂਦਰ ਮਹਿਲ ਕਲਾਂ ਦਾ ਦੌਰਾ ਕਰਕੇ ਸਿਹਤ ਸੇਵਾਵਾਂ ਦਾ ਜਾਇਜ਼ਾ ਲਿਆ ਅਤੇ ਸਿਹਤ ਕਰਮਚਾਰੀਆਂ ਨਾਲ ਮੀਟਿੰਗ ਕਰਕੇ ਜਾਣਕਾਰੀ ਹਾਸਲ ਕਰਨ ਉਪਰੰਤ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਸੈਨਾਟਾਈਜਰ ਵਿਟਾਮਿਨ ਸੀ ਅਤੇ ਮਾਸਕ ਦੀਆਂ ਕਿੱਟਾਂ ਭੇਟ ਕੀਤੀਆਂ । ਇਸ ਮੌਕੇ ਬੀਬੀ ਗਗਨਦੀਪ ਕੌਰ ਢੀਡਸਾਂ ਨੇ ਕਿਹਾ ਕਿ ਮੈਂਬਰ ਰਾਜ ਸਭਾ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਹੇਠ ਅਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਦੇ ਉਪਰਾਲੇ ਸਦਕਾ ਮਨੁੱਖਤਾ ਦੀ ਭਲਾਈ ਲਈ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਜ਼ਿਲ੍ਹਾ ਬਰਨਾਲਾ ਤੇ ਸੰਗਰੂਰ ਅੰਦਰ ਜਿੱਥੇ ਲੋੜਵੰਦ ਲੋਕਾਂ ਨੂੰ ਰਾਸ਼ਨ ਸਮੱਗਰੀ ਵੰਡੀ ਜਾ ਰਹੀ ਹੈ । ਉੱਥੇ ਫਰੰਟ ਲਾਇਨ ਤੇ ਕੰਮ ਕਰ ਰਹੀਆਂ ਸਿਹਤ ਵਿਭਾਗ ,ਪੁਲਸ ਵਿਭਾਗ ਅਤੇ ਹੋਰ ਵੱਖ ਵੱਖ ਵਿਭਾਗ ਦੀਆਂ ਟੀਮਾਂ ਨੂੰ ਸਨਮਾਨ ਦੇਣ ਦੇ ਨਾਲ ਨਾਲ ਸੈਨੀਟਾਈਜਰ,ਵਿਟਾਮਨ ਸੀ ਅਤੇ ਮਾਸਕ ਕਿੱਟਾਂ ਵੰਡੀਆਂ ਜਾ ਰਹੀਆਂ ਹਨ।ਉਨ੍ਹਾਂ ਕਿਹਾ ਕਿ ਮਾਨਵਤਾ ਦੀ ਭਲਾਈ ਲਈ ਅਜੋਕੇ ਸਮੇਂ ਵਿਚ ਲੋਕਾਂ ਦੀ ਬਾਂਹ ਫੜਣਾ ਹੀ ਸਾਡਾ ਮੁੱਢਲਾ ਫਰਜ ਹੈ।ਜਿਸ ਨੂੰ ਢੀਡਸਾਂ ਪਰਿਵਾਰ ਅਪਣੀ ਪੁਰਾਣੀ ਰਵਾਇਤ ਅਨੁਸਾਰ ਵਧੀਆ ਤਰੀਕੇ ਨਾਲ ਨਿਭਾ ਰਿਹਾ ਹੈ।ਉਨ੍ਹਾਂ ਇਹ ਵੀ ਕਿਹਾ ਕਿ "ਅਮਾਨਤ ਫਾਊਡੇਸਨ" ਉਨ੍ਹਾਂ ਅਪਣੀ ਧੀ ਦੇ ਨਾਂਅ ’ਤੇ ਰੱਖਿਆ ਹੈ ਪਰ ਪਿਛਲੇ 3/4 ਵਰ੍ਹਿਆਂ ਵਿਚ ਉਕਤ ਫਾਉਡੇਸ਼ਨ ਨੂੰ ਜਿਆਦਾ ਐਕਟਿਵ ਕੀਤਾ ਹੈ । ਇਸ ਮੌਕੇ ਐਸ ਐਚ ਓ ਹਰਬੰਸ ਸਿੰਘ, ਸਾਬਕਾ ਚੇਅਰਮੈਨ ਅਜੀਤ ਸਿੰਘ ਸੰਧੂ ਕੁਤਬਾ,ਰੂਬਲ ਗਿੱਲ ਕਨੇਡਾ, ਸੁਰਿੰਦਰ ਸਿੰਘ ਆਹਲੂਵਾਲੀਆਂ,ਸਰਪੰਚ ਬਲਦੀਪ ਸਿੰਘ ਮਹਿਲ ਖ਼ੁਰਦ,ਜਗਸੀਰ ਸਿੰਘ ਭੋਲਾ,ਨਾਇਬ ਤਹਿਸੀਲਦਾਰ ਨਵਜੋਤ  ਤਿਵਾੜੀ,ਕੁਲਬੀਰ ਸਿੰਘ ਖੇੜੀ,ਬੰਤ ਸਿੰਘ ਕੁਤਬਾ,ਕਰਨੈਲ ਸਿੰਘ ਠੁੱਲੀਵਾਲ,ਨੰਬਰਦਾਰ ਗੁਰਪ੍ਰੀਤ ਸਿੰਘ ਚੀਨਾ,ਪ੍ਰੀਤਮ ਸਿੰਘ ਹੈਡ ਗਰੰਥੀ ਛੀਨੀਵਾਲ,ਗੁਰਜੀਤ ਸਿੰਘ ਖੰਨਾ, ਹਰੀ ਸਿੰਘ ਚੀਮਾ ਤੋਂ ਇਲਾਵਾ ਹੋਰ ਆਗੂ ਵੀ ਹਾਜ਼ਰ ਸਨ।

ਸ਼੍ਰੋਮਣੀ ਕਮੇਟੀ ਵੱਲੋਂ ਵਿੱਤੀ ਸੰਕਟ ਦੀ ਸਮੀਖਿਆ ਕਮੇਟੀ ਬਣਾਈ

ਸ਼੍ਰੋਮਣੀ ਕਮੇਟੀ ਮੈਂਬਰਾਂ ਦੇ ਅਖ਼ਤਿਆਰੀ ਫੰਡ ’ਤੇ ਸਾਲ ਲਈ ਰੋਕ

ਅੰਮ੍ਰਿਤਸਰ, ਮਈ  2020 (ਇਕਬਾਲ ਸਿੰਘ ਰਸੂਲਪੁਰ/ਸੱਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ)  
ਕਰੋਨਾ ਮਹਾਮਾਰੀ ਕਾਰਨ ਪੈਦਾ ਹੋਏ ਵਿੱਤੀ ਸੰਕਟ ਵਿਚੋਂ ਨਿਕਲਣ ਲਈ ਸ਼੍ਰੋਮਣੀ ਕਮੇਟੀ ਨੇ ਇਕ ਉੱਚ ਪੱਧਰੀ ਕਮੇਟੀ ਬਣਾਈ ਹੈ, ਜੋ ਸਮੁੱਚੇ ਵਿੱਤੀ ਮਾਮਲਿਆਂ ਦੀ ਸਮੀਖਿਆ ਕਰੇਗੀ। ਸੰਕਟ ਦੇ ਚਲਦਿਆਂ ਸ਼੍ਰੋਮਣੀ ਕਮੇਟੀ ਨੇ ਸਮੂਹ ਮੈਂਬਰਾਂ ਦੇ ਅਖਤਿਆਰੀ ਕੋਟੇ ’ਤੇ ਇਕ ਸਾਲ ਲਈ ਅਤੇ ਤਿੰਨ ਮਹੀਨੇ ਵਾਸਤੇ ਕਿਸੇ ਵੀ ਤਰ੍ਹਾਂ ਦੀ ਸਹਾਇਤਾ ਦੇਣ ’ਤੇ ਰੋਕ ਲਾ ਦਿੱਤੀ ਹੈ। ਇਹ ਫੈਸਲਾ ਅੱਜ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਦੌਰਾਨ ਕੀਤਾ ਗਿਆ ਹੈ। ਇਹ ਇਕੱਤਰਤਾ ਵੱਲਾ ਨੇੜੇ ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਆਫ ਹੈਲਥ ਸਾਇੰਸਿਜ਼ ਵਿਚ ਕੀਤੀ ਗਈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਦੱਸਿਆ ਕਿ ਉਚ ਪੱਧਰੀ ਸਮੀਖਿਆ ਕਮੇਟੀ ਵਿਚ ਸੀਨੀਅਰ ਮੀਤ ਪ੍ਰਧਾਨ ਭਾਈ ਰਾਜਿੰਦਰ ਸਿੰਘ ਮਹਿਤਾ, ਜੂਨੀਅਰ ਮੀਤ ਪ੍ਰਧਾਨ ਗੁਰਬਖ਼ਸ਼ ਸਿੰਘ, ਜਨਰਲ ਸਕੱਤਰ ਹਰਜਿੰਦਰ ਸਿੰਘ ਧਾਮੀ, ਮੁਖ ਸਕੱਤਰ ਡਾ. ਰੂਪ ਸਿੰਘ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਕਮੇਟੀ ਵਲੋਂ ਸ਼੍ਰੋਮਣੀ ਕਮੇਟੀ, ਧਰਮ ਪ੍ਰਚਾਰ ਕਮੇਟੀ, ਸਮੂਹ ਗੁਰਦੁਆਰੇ ਅਤੇ ਵਿਦਿਅਕ ਅਦਾਰਿਆਂ ਨਾਲ ਸਬੰਧਤ ਵਿੱਤੀ ਮਾਮਲਿਆਂ ਦੀ ਸਮੀਖਿਆ ਕੀਤੀ ਜਾਵੇਗੀ। ਮੀਟਿੰਗ ਦੌਰਾਨ ਸ਼੍ਰੋਮਣੀ ਕਮੇਟੀ ਨੇ ਦਿੱਲੀ-ਅੰਮ੍ਰਿਤਸਰ-ਕੱਟੜਾ ਐਕਸਪ੍ਰੈੱਸ ਮਾਰਗ ਸਬੰਧੀ ਕੇਂਦਰ ਸਰਕਾਰ ਕੋਲ ਪਹੁੰਚ ਕਰਨ ਦਾ ਫ਼ੈਸਲਾ ਕੀਤਾ ਹੈ। ਕੋਟ ਖਾਲਸਾ ਇਲਾਕੇ ਅਤੇ ਹਰਿਆਣਾ ਦੇ ਪਿਹੋਵਾ ਵਿਖੇ ਬੇਅਦਬੀ ਸਬੰਧੀ ਨਿਖੇਧੀ ਮਤਾ ਪਾਸ ਕਰਦਿਆਂ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦੇਣ ਦੀ ਮੰਗ ਕੀਤੀ ਗਈ। 

ਮਾਰਕਫੈੱਡ ਨੇ ਲਾਕਡਾਊਨ  ਦੌਰਾਨ ਜ਼ਿਲੇ ’ਚ 2 ਕਰੋੜ ਰੁਪਏ ਦੀਆਂ ਜ਼ਰੂਰੀ ਵਸਤਾਂ ਦੀ ਕੀਤੀ ਸਪਲਾਈ

ਫੋਟੋ :-ਸ੍ਰੀਮਤੀ ਸਰਬਜੀਤ ਕੌਰ, ਡਿਪਟੀ ਰਜਿਸਟਰਾਰ, ਸਹਿਕਾਰੀ ਸਭਾਵਾਂ ਕਪੂਰਥਲਾ

ਕਪੂਰਥਲਾ ,ਮਈ 2020 - (ਹਰਜੀਤ ਸਿੰਘ ਵਿਰਕ)-

ਜ਼ਿਲਾ ਮੈਨੇਜਰ ਮਾਰਕਫੈੱਡ ਕਪੂਰਥਲਾ ਸ. ਕੁਲਵਿੰਦਰ ਸਿੰਘ ਨੇ ਦੱਸਿਆ ਕਿ ਲਾਕਡਾੳੂਨ ਦੌਰਾਨ ਜ਼ਿਲਾ ਕਪੂਰਥਲਾ ਵਿਚ ਮਾਰਕੀਟਿੰਗ ਸਹਿਕਾਰੀ ਸਭਾਵਾਂ ਕਪੂਰਥਲਾ, ਭੁਲੱਥ, ਸੁਲਤਾਨਪੁਰ ਲੋਧੀ ਅਤੇ ਫਗਵਾੜ ਰਾਹੀਂ ਜ਼ਿਲੇ ਦੀਆਂ ਸਮੂਹ ਖੇਤੀਬਾੜੀ ਸਹਿਕਾਰੀ ਸਭਾਵਾਂ ਦੇ ਸਹਿਯੋਗ ਨਾਲ ਘਰ-ਘਰ ਜਾ ਕੇ 2 ਕਰੋੜ ਰੁਪਏ ਦੀਆਂ ਜ਼ਰੂਰੀ ਵਸਤਾਂ ਦੀ ਸਪਲਾਈ ਕੀਤੀ ਗਈ। ਉਨਾਂ ਦੱਸਿਆ ਕਿ ਇਨਾਂ ਵਸਤਾਂ ਵਿਚ ਆਟਾ, ਖੰਡ, ਤੇਲ, ਘਿਓ, ਚਾਹ ਪੱਤੀ, ਮਸਾਲੇ, ਕੈਟਲ ਫੀਡ ਆਦਿ ਸ਼ਾਮਿਲ ਹਨ। ਉਨਾਂ ਦੱਸਿਆ ਕਿ ਇਨਾਂ ਵਸਤਾਂ ਉਪਰ ਸਰਕਾਰੀ ਹਦਾਇਤਾਂ ਅਨੁਸਾਰ 5 ਫੀਸਦੀ ਵਿਸ਼ੇਸ਼ ਛੋਟ ਵੀ ਦਿੱਤੀ ਗਈ। ਲੋਕਾਂ ਵੱਲੋਂ ਮਾਰਕਫੈੱਡ ਦੇ ਉਤਪਾਦਾਂ ਦੇ ਉੱਚ ਮਿਆਰੀ ਹੋਣ ’ਤੇ ਸ਼ਲਾਘਾ ਵੀ ਕੀਤੀ ਗਈ। ਉਨਾਂ ਦੱਸਿਆ ਕਿ ਮਾਰਕਫੈੱਡ ਦੀ ਇਸ ਕਾਰਗੁਜ਼ਾਰੀ ਦੀ ਜ਼ਿਲੇ ਦੇ ਡਿਪਟੀ ਰਜਿਸਟਰਾਰ ਸ੍ਰੀਮਤੀ ਸਰਬਜੀਤ ਕੌਰ ਬਾਜਵਾ ਨੇ ਸ਼ਲਾਘਾ ਕਰਦਿਆਂ ਸਮੂਹ ਸਹਾਇਕ ਰਜਿਸਟਰਾਰਾਂ ਨੂੰ ਇਨਾਂ ਵਸਤਾਂ ਦੀ ਨਿਰਵਿਘਨ ਸਪਲਾਈ ਜਾਰੀ ਰੱਖਣ ਲਈ ਵਿਚ ਸਹਿਯੋਗ ਕਰਨ ਲਈ ਕਿਹਾ। ਇਸ ਦੇ ਨਾਲ ਹੀ ਉਨਾਂ ਸਮੂਹ ਖੇਤੀਬਾੜੀ ਸਹਿਕਾਰੀ ਸਭਾਵਾਂ ਦੇ ਸਕੱਤਰਾਂ ਵੱਲੋਂ ਇਸ ਔਖੇ ਸਮੇਂ ਡੋਰ-ਟੂ-ਡੋਰ ਸਪਲਾਈ ਕਰਨ ਦੇ ਕਾਰਜ ਦੀ ਪ੍ਰਸੰਸਾ ਵੀ ਕੀਤੀ। ਉਨਾਂ ਇਸ ਮੌਕੇ ਮਾਰਕਫੈੱਡ ਅਤੇ ਸਹਿਕਾਰੀ ਸਭਾਵਾਂ ਦੇ ਸਕੱਤਰਾਂ ਨੂੰ ਹਦਾਇਤ ਕੀਤੀ ਕਿ ਆਉਣ ਵਾਲੇ ਝੋਨੇ ਦੇ ਸੀਜ਼ਨ ਲਈ ਕਿਸਾਨਾਂ ਨੂੰ ਖਾਦ, ਕੀਟ ਨਾਸ਼ਕ, ਨਦੀਨ ਨਾਸ਼ਕ ਦਵਾਈਆਂ ਅਤੇ ਬੀਜ ਸਬੰਧੀ ਕੋਈ ਵੀ ਮੁਸ਼ਕਲ ਨਾ ਆਉਣ ਦਿੱਤੀ ਜਾਵੇ। ਉਨਾਂ ਸਭਾਵਾਂ ਅੰਦਰ ਸਰਕਾਰ ਦੀਆਂ ਹਦਾਇਤਾਂ ਦੀਆਂ ਪਾਲਣਾ ਕਰਦਿਆਂ ਸੋਸ਼ਲ ਡਿਸਟੈਂਸ ਅਤੇ ਹੋਰਨਾਂ ਸਾਵਧਾਨੀਆਂ ਤੇ ਸਿਹਤ ਸੁਰੱਖਿਆ ਉਪਾਵਾਂ ਦਾ ਧਿਆਨ ਰੱਖਦਿਆਂ ਖਾਦ ਆਦਿ ਦੀ ਸਪਲਾਈ ਕਰਵਾਉਣ ਦੇ ਦਿਸ਼ਾ-ਨਿਰਦੇਸ਼ ਦਿੱਤੇ। 

ਬਲੱਡ ਪ੍ਰੈਸ਼ਰ ਦਾ ਵਧਣਾ ਜਾਂ ਘਟਣਾ ਦੋਵੇਂ ਖ਼ਤਰਨਾਕ

ਫੋਟੋ :-ਡਾ. ਜਸਮੀਤ ਬਾਵਾ, ਸਿਵਲ ਸਰਜਨ ਕਪੂਰਥਲਾ।

-ਡਾ. ਜਸਵਿੰਦਰ ਕੁਮਾਰੀ, ਸੀਨੀਅਰ ਮੈਡੀਕਲ ਅਫ਼ਸਰ ਢਿਲਵਾਂ।

ਕਪੂਰਥਲਾ , ਮਈ 2020 - (ਹਰਜੀਤ ਸਿੰਘ ਵਿਰਕ)

ਸਿਵਲ ਸਰਜਨ ਡਾ. ਜਸਮੀਤ ਬਾਵਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸੀਨੀਅਰ ਮੈਡੀਕਲ ਅਫ਼ਸਰ ਮੁੱਢਲਾ ਸਿਹਤ ਕੇਂਦਰ ਢਿਲਵਾਂ ਡਾ. ਜਸਵਿੰਦਰ ਕੁਮਾਰੀ ਵੱਲੋਂ ਅੱਜ ਵਿਸ਼ਵ ਉੱਚ ਖ਼ੂਨ ਦਬਾਅ ਦਿਵਸ ਮੌਕੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਖ਼ੂਨ ਦੇ ਦਬਾਅ ਦਾ ਵਧਣਾ ਜਾਂ ਘਟਣਾ ਦੋਵੇਂ ਖ਼ਤਰਨਾਕ ਹੋ ਸਕਦੇ ਹਨ। ਉਨਾਂ ਕਿਹਾ ਕਿ ਜੇਕਰ ਖ਼ੂਨ ਦਾ ਦਬਾਅ ਦਾ ਸਮੇਂ ਸਿਰ ਇਲਾਜ ਨਾ ਕਰਵਾਇਆ ਜਾਵੇ ਤਾਂ ਇਹ ਦਿਲ ਦੇ ਦੌਰੇ, ਅਧਰੰਗ, ਅੰਨਾਪਣ, ਗੁਰਦਿਆਂ ਦੀਆਂ ਬਿਮਾਰੀਆਂ, ਗੁਪਤ ਰੋਗਾਂ, ਮਾਨਸਿਕ ਤਣਾਅ ਆਦਿ ਦਾ ਕਾਰਨ ਬਣ ਸਕਦਾ ਹੈ। ਉਨਾਂ ਕਿਹਾ ਕਿ ਉੱਚ ਖ਼ੂਨ ਦੇ ਦਬਾਅ ਤੋਂ ਪੀੜਤ ਹੋਣਾ ਕਈ ਕਾਰਨਾਂ ’ਤੇ ਨਿਰਭਰ ਕਰਦਾ ਹੈ, ਜਿਵੇਂ ਪਰਿਵਾਰ ਵਿਚ ਪੀੜੀ-ਦਰ-ਪੀੜੀ ਉੱਚ ਖ਼ੂਨ ਦੇ ਦਬਾਅ ਬਿਮਾਰੀ ਦਾ ਹੋਣਾ, ਮੋਟਾਪਾ, ਸ਼ਰਾਬ ਦੀ ਜ਼ਿਆਦਾ ਵਰਤੋਂ, ਨਮਕ ਦੀ ਜ਼ਿਆਦਾ ਵਰਤੋਂ ਅਤੇ ਗੁਰਦੇ ਦੀਆਂ ਬਿਮਾਰੀਆਂ ਆਦਿ। ਉਨਾਂ ਕਿਹਾ ਕਿ ਇਸ ਤੋਂ ਬਚਾਅ ਲਈ ਖਾਣੇ ਵਿਚ ਚਰਬੀ ਦੀ ਮਾਤਰਾ ਨੂੰ ਘੱਟ ਕੀਤਾ ਜਾਵੇ, ਸਬਜ਼ੀਆਂ ਅਤੇ ਫ਼ਲਾਂ ਆਦਿ ਦਾ ਸੇਵਨ ਜ਼ਿਆਦਾ ਕੀਤਾ ਜਾਵੇ, ਵਜ਼ਨ ਨੂੰ ਕੰਟਰੋਲ ਕੀਤਾ ਜਾਵੇ, ਤੰਬਾਕੂ ਅਤੇ ਸਿਰਟ ਦੀ ਵਰਤੋਂ ਬੰਦ ਕੀਤੀ ਜਾਵੇ, ਸ਼ਰਾਬ ਦੀ ਮਾਤਰਾ ਘੱਟ ਕੀਤੀ ਜਾਵੇ, ਹਫ਼ਤੇ ਵਿਚ ਘੱਟੋ-ਘੱਟ ਪੰਜ ਦਿਨ ਕਸਰਤ ਲਈ ਸਮਾਂ ਦਿੱਤਾ ਜਾਵੇ ਅਤੇ ਆਪਣੇ ਰੋਜ਼ਾਨਾ ਦੀ ਜ਼ਿੰਦਗੀ ਵਿਚ ਕੁਝ ਬਦਲਾਅ ਕੀਤੇ ਜਾਣ। ਉਨਾਂ ਅਪੀਲ ਕੀਤੀ ਕਿ ਆਪਣੇ ਖ਼ੂਨ ਦੇ ਦਬਾਅ ਦਾ ਪੱਧਰ ਘੱਟ ਤੋਂ ਘੱਟ ਸਾਲ ਵਿਚ ਇਕ ਵਾਰ ਜ਼ਰੂਰ ਜਾਣ ਲੈਣਾ ਚਾਹੀਦਾ ਹੈ। ਉਨਾਂ ਕਿਹਾ ਕਿ ਇਸ ਸਮੇਂ ਜਦੋਂ ਸਾਰਾ ਸੰਸਾਰ ਕੋਵਿਡ-19 ਵਾਇਰਸ ਨਾਲ ਪ੍ਰਭਾਵਿਤ ਹੈ ਅਤੇ ਜਿਸ ਕਾਰਨ ਆਮ ਲੋਕਾਂ ਵਿਚ ਡਰ ਦਾ ਮਾਹੌਲ ਹੈ। ਇਸ ਸਮੇਂ ਘਰ ਵਿਚ ਪਰਿਵਾਰਕ ਮਾਹੌਲ ਬਣਾਉਂਦੇ ਹੋਏ ਸਮਾਂ ਬਿਤਾਉਣ ਨਾਲ ਮਾਨਸਿਕ ਪ੍ਰੇਸ਼ਾਨੀ ਤੋਂ ਬਚਾਅ ਹੋ ਸਕਦਾ ਹੈ, ਜਿਸ ਨਾਲ ਖ਼ੂਨ ਦੇ ਦਬਾਅ ਵਰਗੀਆਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਉਨਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਈ-ਸੰਜੀਵਨੀ ਓ. ਪੀ. ਡੀ ਦੀ ਸ਼ੁਰੂਆਤ ਵੀ ਕੀਤੀ ਹੋਈ ਹੈ, ਜਿਸ ਰਾਹੀਂ ਘਰ ਬੈਠੇ ਹੀ ਮਾਹਿਰ ਡਾਕਟਰਾਂ ਦੀ ਸਲਾਹ ਲਈ ਜਾ ਸਕਦੀ ਹੈ। ਉਨਾਂ ਨੇ ਕੋਵਾ ਪੰਜਾਬ ਐਪ ਸਭ ਨੂੰ ਆਪਣੇ ਮੋਬਾਈਲਾਂ ਵਿਚ ਡਾੳੂਨਲੋਡ ਕਰਨ ਦੀ ਸਲਾਹ ਦਿੱਤੀ, ਜਿਸ ਵਿਚ ਈ-ਸੰਜੀਵਨੀ ਦਾ ਲਿੰਕ ਦਿੱਤਾ ਗਿਆ ਹੈ। ਉਨਾਂ ਕਿਹਾ ਕਿ ਚੰਗੀ ਸਿਹਤ ਲਈ ਸੰਤੁਲਿਤ ਸਾਦਾ ਭੋਜਨ, ਚੁਸਤ ਸਰੀਰ ਲਈ ਸਰੀਰਕ ਵਰਜਿਸ਼ ਅਤ।ੇ ਤੰਦਰੁਸਤ ਦਿਮਾਗ ਲਈ ਖੁਸ਼ਗਵਾਰ ਮਾਹੌਲ ਬਣਾਈ ਰੱਖਣਾ ਬੇਹੱਦ ਜ਼ਰੂਰੀ ਹੈ। ਉਨਾਂ ਕਿਹਾ ਕਿ ਕੋਰੋਨਾ ਮਹਾਂਮਾਰੀ ਤੋਂ ਬਚਾਅ ਲਈ ਘਰ ਤੋਂ ਬਾਹਰ ਜਾਣ ਸਮੇਂ ਜਾਂ ਕਿਸੇ ਹੋਰ ਨਾਲ ਸੰਪਰਕ ਸਮੇਂ ਆਪਣੇ ਮੂੰਹ ’ਤੇ ਮਾਸਕ ਜ਼ਰੂਰ ਪਾਉਣਾ ਚਾਹੀਦਾ ਹੈ। ਇਸ ਤੋਂ ਇਲਾਵਾ ਆਪਣੇ ਹੱਥਾਂ ਨੂੰ ਸਾਫ਼ ਕਰਨ ਤੋਂ ਬਿਨਾਂ ਆਪਣੇ ਮੂੰਹ ਵੱਲ ਨਹੀਂ ਲਿਜਾਣਾ ਚਾਹੀਦਾ ਅਤੇ ਇਕ-ਦੂਜੇ ਤੋ ਲੋੜੀਂਦੀ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ।  

 

ਈ-ਸੰਜੀਵਨੀ ਓ. ਪੀ. ਡੀ ਰਾਹੀਂ ਘਰ ਬੈਠੇ ਦਿੱਤਾ ਜਾ ਰਿਹੈ ਸਿਹਤ ਸਹੂਲਤਾਂ ਦਾ ਲਾਭ

ਫੋਟੋ :-ਈ-ਸੰਜੀਵਨੀ ਓ. ਪੀ. ਡੀ ਵਿਚ ਮਰੀਜ਼ਾਂ ਦੀਆਂ ਸਮੱਸਿਆਵਾਂ ਸੁਣਦੇ ਹੋਏ ਡਾਕਟਰ।

ਕਪੂਰਥਲਾ , ਮਈ 2020 -(ਹਰਜੀਤ ਸਿੰਘ ਵਿਰਕ)-

ਲਾਕਡਾੳੂਨ ਦੇ ਮੱਦੇਨਜ਼ਰ ਹੁਣ ਲੋਕਾਂ ਨੂੰ ਘਰ ਬੈਠੇ ਵੀ ਡਾਕਟਰੀ ਸਲਾਹ ਦਿੱਤੀ ਜਾ ਰਹੀ ਹੈ। ਇਹ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਜਸਮੀਤ ਬਾਵਾ ਨੇ ਦੱਸਿਆ ਕਿ ਕੋਰੋਨਾ ਵਾਇਰਸ ਦੇ ਚੱਲਦਿਆਂ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਘਰ ਬੈਠੇ ਨਿਰਵਿਘਨ ਸਿਹਤ ਸੇਵਾਵਾਂ ਯਕੀਨੀ ਬਣਾਉਣ ਲਈ ਸਰਕਾਰੀ ਸਿਹਤ ਕੇਂਦਰਾਂ ਦੇ ਮਾਹਿਰ ਡਾਕਟਰਾਂ ਵੱਲੋਂ ਈ-ਕੰਸਲਟੇਸ਼ਨ ਦੀ ਸਹੂਲਤ ਮੁਹੱਈਆ ਕਰਵਾਈ ਜਾ ਰਹੀ ਹੈ। ਉਨਾਂ ਦੱਸਿਆ ਕਿ ਈ-ਸੰਜੀਵਨੀ ਓ. ਪੀ. ਡੀ ਰਾਹੀਂ ਘਰ ਬੈਠੇ ਹੀ ਮਾਹਿਰ ਡਾਕਟਰ ਦੀ ਸਲਾਹ ਲਈ ਜਾ ਸਕਦੀ ਹੈ। ਉਨਾਂ ਦੱਸਿਆ ਕਿ ਕੋਵਾ ਐਪ ਵਿਚ ਵੀ ਇਹ ਫੀਚਰ ਉਪਲਬੱਧ ਹੈ ਅਤੇ ਲੋਕ ਆਨਲਾਈਨ ਵੀ ਇਸ ਨਾਲ ਜੁੜ ਸਕਦੇ ਹਨ। ਉਨਾਂ ਇਹ ਵੀ ਦੱਸਿਆ ਕਿ ਡਾਕਟਰਾਂ ਦੀ ਟੀਮ ਸੋਮਵਾਰ ਤੋਂ ਸਨਿੱਚਰਵਾਰ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਇਸ ਐਪ ਰਾਹੀਂ ਆਪਣੀਆਂ ਸੇਵਾਵਾਂ ਮੁਹੱਈਆ ਕਰਵਾ ਰਹੀ ਹੈ। ਉਨਾਂ ਲੋਕਾਂ ਨੂੰ ਇਸ ਐਪ ਦਾ ਵੱਧ ਤੋਂ ਵੱਧ ਫਾਇਦਾ ਲੈਣ ਦੀ ਅਪੀਲ ਕੀਤੀ ਹੈ। 

ਕੋਵਾ ਐਪ ਪੰਜਾਬ ਉੱਤੇ ਵੀ ਲਿਆ ਜਾ ਸਕਦਾ ਹੈ ਇਸ ਸੇਵਾ ਦਾ ਲਾਭ-ਡਾ. ਸਾਰਿਕਾ ਦੁੱਗਲ :

ਟੈਲੀ ਮੈਡੀਸਨ ਦੇ ਇੰਚਾਰਜ ਡਿਪਟੀ ਮੈਡੀਕਲ ਕਮਿਸ਼ਨਰ ਡਾ. ਸਾਰਿਕਾ ਦੁੱਗਲ ਨੇ ਦੱਸਿਆ ਕਿ ਈ-ਸੰਜੀਵਨੀ ਓ. ਪੀ. ਡੀ ਸੇਵਾ ਪੂਰੇ ਪੰਜਾਬ ਵਿਚ ਚੱਲ ਰਹੀ ਹੈ। ਉਨਾਂ ਦੱਸਿਆ ਕਿ ਇਸ ਸੇਵਾ ਦਾ ਲਾਭ ਕੋਵਾ ਪੰਜਾਬ ਮੋਬਾਈਲ ਐਪਲੀਕੇਸ਼ਨ ’ਤੇ ਵੀ ਲਿਆ ਜਾ ਸਕਦਾ ਹੈ। ਉਨਾਂ ਦੱਸਿਆ ਕਿ ਮਰੀਜ਼ਾਂ ਨੂੰ ਘਰ ਬੈਠੇ ਈ-ਸੰਜੀਵਨੀ ਓ. ਪੀ. ਡੀ ’ਤੇ ਲਾਗਇਨ ਕਰਨਾ ਹੋਵੇਗਾ। ਉਸ ਤੋਂ ਬਾਅਦ ਮੰਗੀ ਗਈ ਜਾਣਕਾਰੀ, ਜਿਵੇਂ ਨਾਮ, ਉਮਰ, ਬਿਮਾਰੀ, ਫੋਨ ਨੰਬਰ ਆਦਿ ਜਾਣਕਾਰੀ ਨਾਲ ਸਬੰਧਤ ਇਕ ਫਾਰਮੈਟ ਭਰਨਾ ਹੋਵੇਗਾ। ਫਾਰਮੈਟ ਸਬਮਿਟ ਕਰਨ ਤੋਂ ਬਾਅਦ ਮਰੀਜ਼ ਦੀ ਰਜਿਸਟ੍ਰੇਸ਼ਨ ਹੋਵੇਗੀ ਅਤੇ ਟੋਕਨ ਜਰਨੇਟ ਹੋਵੇਗਾ। ਨੋਟੀਫਿਕੇਸ਼ਨ ਪ੍ਰਾਪਤ ਹੋਣ ’ਤੇ ਲਾਗਇਨ ਕਰਨ ਤੋਂ ਬਾਅਦ ਨੰਬਰ ਆਉਣ ’ਤੇ ਡਾਕਟਰ ਨਾਲ ਲਾਈਵ ਜੁੜ ਕੇ ਮਰੀਜ਼ ਆਪਣੀ ਸਮੱਸਿਆ ਦੱਸ ਸਕਦਾ ਹੈ। ਉਸ ਤੋਂ ਬਾਅਦ ਮਰੀਜ਼ ਡਾਕਟਰੀ ਸਲਾਹ ਦੀ ਈ-ਪ੍ਰੀਸਿਪਸ਼ਨ ਡਾੳੂਨਲੋਡ ਕਰ ਕੇ ਮਰੀਜ਼ ਬਾਹਰੋਂ ਦਵਾਈ ਲੈ ਸਕਦਾ ਹੈ। ਈ-ਸੰਜੀਵਨੀ ਓ. ਪੀ. ਡੀ ਦੇ ਨੋਡਲ ਅਫ਼ਸਰ ਡਾ. ਗੁਰਦੇਵ ਭੱਟੀ ਨੇ ਦੱਸਿਆ ਕਿ ਇਸ ਸੇਵਾ ਦਾ ਲਾਭ ਲੈਣ ਲਈ ਮਰੀਜ਼ ਕੋਲ ਕੰਪਿੳੂਟਰ, ਲੈਪਟਾਪ ਨਾਲ ਮਾਈਕ, ਸਪੀਕਰ, ਇਨਬਿਲਟ ਵੈੱਬ ਕੈਮ ਦੀ ਸਹੂਲਤ ਹੋਣੀ ਲੋੜੀਂਦੀ ਹੈ। ਇਸ ਤੋਂ ਇਲਾਵਾ ਸਮਾਰਟ ਫੋਨ ਰਾਹੀਂ ਵੀ ਇਸ ਸੇਵਾ ਦਾ ਲਾਭ ਲਿਆ ਜਾ ਸਕਦਾ ਹੈ।

ਜ਼ਿਲੇ ’ਚ 21 ਕੋਰੋਨਾ ਮਰੀਜ਼ ਸਿਹਤਯਾਬ ਹੋਣ ਉਪਰੰਤ ਘਰਾਂ ਨੂੰ ਪਰਤੇ

ਕੈਪਸ਼ਨ : ਵੀਡੀਓ ਕਾਨਫਰੰਸ ਰਾਹੀਂ ਵਿਧਾਇਕ ਰਾਣਾ ਗੁਰਜੀਤ ਸਿੰਘ ਅਤੇ ਸਿਹਤਯਾਬ ਹੋਏ ਮਰੀਜ਼ਾਂ ਨਾਲ ਗੱਲਬਾਤ ਕਰਦੇ ਹੋਏ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ। 

ਸਿਹਤਯਾਬ ਹੋਏ ਮਰੀਜ਼ਾਂ ਨਾਲ ਖਾਣਾ ਖਾਂਦੇ ਹੋਏ ਵਿਧਾਇਕ ਰਾਣਾ ਗੁਰਜੀਤ ਸਿੰਘ। 

ਕੋਰੋਨਾ ’ਤੇ ਫਤਹਿ ਹਾਸਲ ਕਰਨ ਵਾਲਿਆਂ ਨੂੰ ਘਰਾਂ ਲਈ ਰਵਾਨਾ ਕਰਦੇ ਹੋਏ ਵਿਧਾਇਕ ਰਾਣਾ ਗੁਰਜੀਤ ਸਿੰਘ। 

ਰਵਾਨਗੀ ਮੌਕੇ ਦੇ ਵੱਖ-ਵੱਖ ਦਿ੍ਰਸ਼।

ਮੁੱਖ ਮੰਤਰੀ ਨੇ ਵੀਡੀਓ ਕਾਨਫਰੰਸ ਰਾਹੀਂ ਵਿਧਾਇਕ ਰਾਣਾ ਗੁਰਜੀਤ ਸਿੰਘ ਅਤੇ ਠੀਕ ਹੋਏ ਵਿਅਕਤੀਆਂ ਨਾਲ ਕੀਤੀ ਗੱਲਬਾਤ

ਆਈਸੋਲੇਸ਼ਨ ਸੈਂਟਰ ਕਪੂਰਥਲਾ ਤੋਂ 12, ਪੀ. ਟੀ. ਯੂ ਤੋਂ 4 ਅਤੇ ਫਗਵਾੜਾ ਤੋਂ 5 ਮਰੀਜ਼ਾਂ ਨੂੰ ਮਿਲੀ ਛੁੱਟੀ

ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਮਰੀਜ਼ਾਂ ਨਾਲ ਖਾਧਾ ਖਾਣਾ ਅਤੇ ਦਿੱਤੀਆਂ ਸ਼ੁੱਭ ਕਾਮਨਾਵਾਂ

ਰਾਣਾ ਗੁਰਜੀਤ ਸਿੰਘ ਵੱਲੋਂ ਖਾਣਾ ਵਰਤਾਉਣ ਵਾਲੀ ਸਵੈ-ਚਾਲਤ ਵਿਸ਼ੇਸ਼ ਟਰਾਲੀ ਕੋਵਿਡ ਸੈਂਟਰ ਨੂੰ ਭੇਟ

ਡਰੋਨ ਰਾਹੀਂ ਫੁੱਲਾਂ ਦੀ ਵਰਖਾ ਕਰਕੇ ਦਿੱਤੀ ਗਈ ਸ਼ਾਨਦਾਰ ਵਿਦਾਇਗੀ

ਕਪੂਰਥਲਾ ,ਮਈ 2020 - (ਹਰਜੀਤ ਸਿੰਘ ਵਿਰਕ)-

ਅੱਜ ਕਪੂਰਥਲਾ ਜ਼ਿਲੇ ਲਈ ਇਕ ਵੱਡੀ ਰਾਹਤ ਅਤੇ ਖੁਸ਼ੀ ਭਰੀ ਖ਼ਬਰ ਆਈ, ਜਦੋਂ ਇਥੋਂ 21 ਕੋਰੋਨਾ ਮਰੀਜ਼ ਸਿਹਤਯਾਬ ਹੋਣ ਉਪਰੰਤ ਆਪਣੇ ਘਰਾਂ ਨੂੰ ਪਰਤੇ। ਕੋਰੋਨਾ ’ਤੇ ਫਤਹਿ ਹਾਸਲ ਕਰਨ ਵਾਲੇ ਇਨਾਂ ਵਿਅਕਤੀਆਂ ਵਿਚੋਂ 12 ਨੂੰ ਆਈਸੋਲੇਸ਼ਨ ਸੈਂਟਰ ਕਪੂਰਥਲਾ, 4 ਨੂੰ ਪੀ. ਟੀ. ਯੂ ਅਤੇ 5 ਨੂੰ ਫਗਵਾੜਾ ਤੋਂ ਛੁੱਟੀ ਦਿੱਤੀ ਗਈ।  ਵਿਧਾਇਕ ਰਾਣਾ ਗੁਰਜੀਤ ਸਿੰਘ ਦੀ ਪਹਿਲਕਦਮੀ ਸਦਕਾ ਆਈਸੋਲੇਸ਼ਨ ਵਾਰਡ ਕਪੂਰਥਲਾ ਤੋਂ ਛੁੱਟੀ ਦਿੱਤੇ ਜਾਣ ਵਾਲੇ ਵਿਅਕਤੀਆਂ ਨਾਲ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਵੀਡੀਓ ਕਾਨਫਰੰਸ ਰਾਹੀਂ ਗੱਲਬਾਤ ਕੀਤੀ ਗਈ। ਇਸ ਦੌਰਾਨ ਮੁੱਖ ਮੰਤਰੀ ਨੇ ਕੋਰੋਨਾ ’ਤੇ ਫਤਹਿ ਪਾਉਣ ਵਾਲੇ ਵਿਅਕਤੀਆਂ ਨੂੰ ਮੁਬਾਰਕਬਾਦ ਦਿੱਤੀ ਅਤੇ ਵਿਧਾਇਕ ਰਾਣਾ ਗੁਰਜੀਤ ਸਿੰਘ, ਜ਼ਿਲਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਵੱਲੋਂ ਕੋਰੋਨਾ ਨਾਲ ਜੰਗ ਦੀ ਇਸ ਔਖੀ ਘੜੀ ਵਿਚ ਨਿਭਾਈ ਜਾ ਰਹੀ ਸ਼ਾਨਦਾਰ ਭੂਮਿਕਾ ਦੀ ਸ਼ਲਾਘਾ ਕੀਤੀ। ਉਨਾਂ ਕਿਹਾ ਕਿ ਜਲਦ ਹੀ ਅਸੀਂ ਇਸ ਜੰਗ ਵਿਚ ਫਤਹਿ ਹਾਸਲ ਕਰਾਂਗੇ। ਇਸ ਮੌਕੇ ਰਾਣਾ ਗੁਰਜੀਤ ਸਿੰਘ ਨੇ ਮੁੱਖ ਮੰਤਰੀ ਨੂੰ ਜ਼ਿਲੇ ਵਿਚ ਕੋਰੋਨਾ ਖਿਲਾਫ਼ ਲੜੀ ਜਾ ਰਹੀ ਜੰਗ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨਾਂ ਸ਼ੁਰੂ ਕੀਤੀ ਗਈ ਸੈਨੀਟਾਈਜ਼ੇਸ਼ਨ ਮੁਹਿੰਮ, ਸਿਵਲ ਹਸਪਤਾਲ ’ਚ ਮੈਡੀਕਲ ਸਟਾਫ ਦੀ ਸਹਾਇਤਾ ਲਈ ਤਾਇਨਾਤ ਕੀਤੀ ਗਈ ਵਲੰਟੀਅਰਾਂ ਦੀ ਟੀਮ ਅਤੇ ਹੋਰਨਾਂ ਕਾਰਜਾਂ ਬਾਰੇ ਮੁੱਖ ਮੰਤਰੀ ਨੂੰ ਜਾਣੂ ਕਰਵਾਇਆ। ਸਿਹਤਯਾਬ ਹੋਏ ਮਰੀਜ਼ਾਂ ਵੱਲੋਂ ਉਨਾਂ ਦੇ ਵਧੀਆ ਇਲਾਜ, ਖਾਣ-ਪੀਣ ਅਤੇ ਹਰ ਤਰਾਂ ਦੀਆਂ ਸਹੂਲਤਾਂ ਮੁਹੱਈਆ ਕਰਵਾਉਣ ਲਈ ਮੁੱਖ ਮੰਤਰੀ ਦਾ ਧੰਨਵਾਦ ਕੀਤਾ ਗਿਆ ਅਤੇ ਉਨਾਂ ਨੂੰ ਚੜਦੀ ਕਲਾ ਵਿਚ ਰੱਖਣ ਲਈ ਵਿਧਾਇਕ ਰਾਣਾ ਗੁਰਜੀਤ ਸਿੰਘ ਵੱਲੋਂ ਕੀਤੇ ਅਣਥੱਕ ਯਤਨਾਂ ਬਾਰੇ ਦੱਸਿਆ। 

ਸਿਹਤਯਾਬ ਹੋਏ ਵਿਅਕਤੀਆਂ ਨੂੰ ਘਰਾਂ ਲਈ ਰਵਾਨਾ ਕਰਨ ਤੋਂ ਪਹਿਲਾਂ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਉਨਾਂ ਨਾਲ ਦੁਪਹਿਰ ਦਾ ਖਾਣਾ ਖਾਧਾ। ਉਨਾਂ ਕਿਹਾ ਕਿ ਸਾਨੂੰ ਕੋਰੋਨਾ ਬਿਮਾਰੀ ਨਾਲ ਨਫਰਤ ਕਰਨੀ ਚਾਹੀਦੀ ਹੈ, ਨਾ ਕਿ ਕੋਰੋਨਾ ਮਰੀਜ਼ਾਂ ਨਾਲ। ਉਨਾਂ ਕਿਹਾ ਕਿ ਇਸ ਸਬੰਧੀ ਸਾਰੇ ਸਮਾਜ ਨੂੰ ਜਾਗਰੂਕ ਹੋਣ ਦੀ ਲੋੜ ਹੈ। 

ਇਸ ਦੌਰਾਨ ਉਨਾਂ ਕੋਵਿਡ ਸੈਂਟਰ ਲਈ ਸਵੈ-ਚਾਲਿਤ ਖਾਣਾ ਵਰਤਾਉਣ ਵਾਲੀ ਇਕ ਵਿਸ਼ੇਸ਼ ਟਰਾਲੀ ‘ਫੂਡ ਆਨ ਵੀਲ’ ਭੇਟ ਕੀਤੀ। ਰਿਮੋਟ ਨਾਲ ਚੱਲਣ ਵਾਲੀ ਇਸ ਟਰਾਲੀ ਜ਼ਰੀਏ ਮਰੀਜ਼ਾਂ ਨਾਲ ਸੰਪਰਕ ਵਿਚ ਆਏ ਬਗੈਰ ਉਨਾਂ ਨੂੰ ਆਸਾਨੀ ਨਾਲ ਖਾਣਾ ਵਰਤਾਇਆ ਜਾ ਸਕਦਾ ਹੈ। ਰਾਣਾ ਗੁਰਜੀਤ ਸਿੰਘ ਨੇ ਇਸ ਮੌਕੇ ਦੱਸਿਆ ਕਿ ਇਹ ਵਿਸ਼ੇਸ਼ ਟਰਾਲੀ ਸ. ਦਵਿੰਦਰ ਪਾਲ ਸਿੰਘ ਰੰਗਾ ਵੱਲੋਂ ਤਿਆਰ ਕੀਤੀ ਗਈ ਹੈ ਅਤੇ ਅਜਿਹੀਆਂ ਹੋਰ ਟਰਾਲੀਆਂ ਵੀ ਲਾਂਚ ਕੀਤੀਆਂ ਜਾਣਗੀਆਂ। 

ਕੋਰੋਨਾ ’ਤੇ ਫਤਹਿ ਹਾਸਲ ਕਰਨ ਵਾਲਿਆਂ ਵੱਲੋਂ ਰਵਾਨਗੀ ਮੌਕੇ ਜੈਕਾਰੇ ਗੂੰਜਾਏ ਗਏ। ਖੁਸ਼ਮਈ ਮਾਹੌਲ ਵਿਚ ਉਨਾਂ ਨੂੰ ਗੁਲਦਸਤੇ ਭੇਟ ਕਰਕੇ ਸ਼ਾਨਦਾਰ ਵਿਦਾਇਗੀ ਦਿੱਤੀ ਗਈ ਅਤੇ ਇਸ ਦੌਰਾਨ ਡਰੋਨ ਰਾਹੀਂ ਕੀਤੀ ਗਈ ਫੁੱਲਾਂ ਦੀ ਵਰਖਾ ਦਾ ਨਜ਼ਾਰਾ ਵੇਖਣਯੋਗ ਸੀ। ਵਿਧਾਇਕ ਰਾਣਾ ਗੁਰਜੀਤ ਸਿੰਘ, ਸਿਵਲ ਸਰਜਨ ਡਾ. ਜਸਮੀਤ ਬਾਵਾ, ਮੈਡੀਕਲ ਸਟਾਫ ਅਤੇ ਹੋਰਨਾਂ ਸ਼ਖਸੀਅਤਾਂ ਵੱਲੋਂ ਉਨਾਂ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ ਗਈਆਂ ਅਤੇ ਉਨਾਂ ਦੇ ਰੋਸ਼ਨ ਭਵਿੱਖ ਦੀ ਕਾਮਨਾ ਕੀਤੀ ਗਈ। ਰਾਣਾ ਗੁਰਜੀਤ ਸਿੰਘ ਨੇ ਇਸ ਔਖੀ ਘੜੀ ਵਿਚ ਜ਼ਿਲਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਵੱਲੋਂ ਕੀਤੀ ਜਾ ਰਹੀ ਦਿਨ-ਰਾਤ ਮਿਹਨਤ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਆਈਸੋਲੇਸ਼ਨ ਵਾਰਡ ਵਿਚ ਤਾਇਨਾਤ ਮੈਡੀਕਲ ਅਤੇ ਪੈਰਾ ਮੈਡੀਕਲ ਟੀਮ ਨੂੰ ਵਿਸ਼ੇਸ਼ ਤੌਰ ’ਤੇ ਵਧਾਈ ਦਿੱਤੀ।

ਇਸ ਮੌਕੇ ਡਾ. ਸੰਦੀਪ ਧਵਨ, ਡਾ. ਸੰਦੀਪ ਭੋਲਾ, ਡਾ. ਰਾਜੀਵ ਭਗਤ, ਸ. ਅਮਰਜੀਤ ਸਿੰਘ ਸੈਦੋਵਾਲ, ਸ੍ਰੀ ਵਿਸ਼ਾਲ ਸੋਨੀ, ਸ. ਦਵਿੰਦਰ ਪਾਲ ਸਿੰਘ ਰੰਗਾ, ਸ੍ਰੀ ਨਰਿੰਦਰ ਸਿੰਘ ਮੰਨਸੂ, ਸ. ਮਨਪ੍ਰੀਤ ਸਿੰਘ ਮਾਂਗਟ, ਸ੍ਰੀ ਕਰਨ ਮਹਾਜਨ, ਸ੍ਰੀ ਕੁਲਦੀਪ ਸ਼ਰਮਾ, ਸ੍ਰੀ ਰਾਜੀਵ ਗੁਪਤਾ, ਸ੍ਰੀ ਸ਼ੈਰੀ ਤੋਂ ਇਲਾਵਾ ਮੈਡੀਕਲ ਤੇ ਪੈਰਾ ਮੈਡੀਕਲ ਸਟਾਫ ਹਾਜ਼ਰ ਸੀ। 

ਸੁਮੇਧ ਸੈਣੀ ਤੋਂ ਸਵਾ ਘੰਟੇ ਪੁੱਛ-ਪੜਤਾਲ

ਮੁਹਾਲੀ,  ਮਈ 2020 -(ਇਕਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-

ਪੰਜਾਬ ਪੁਲੀਸ ਦੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਸਿਟਕੋ ਦੇ ਜੇਈ ਬਲਵੰਤ ਸਿੰਘ ਮੁਲਤਾਨੀ (29) ਅਗਵਾ ਮਾਮਲੇ ਵਿੱਚ ਐਤਵਾਰ ਨੂੰ ਇੱਥੋਂ ਦੇ ਸੈਕਟਰ-76 ਸਥਿਤ ਐੱਸਐੱਸਪੀ ਦਫ਼ਤਰ ਵਿੱਚ ਪਹੁੰਚੇ ਅਤੇ ਬਿਆਨ ਦਰਜ ਕਰਵਾਏ। ਸੂਤਰਾਂ ਮੁਤਾਬਕ ਸੈਣੀ ਐੱਸਐੱਸਪੀ ਦਫ਼ਤਰ ’ਚ ਕਰੀਬ ਸਵਾ ਘੰਟੇ ਤੱਕ ਰਹੇ। ਉਨ੍ਹਾਂ ਕਿਹਾ ਕਿ ਉਸ ਤੋਂ ਮੁਲਤਾਨੀ ਅਗਵਾ ਕੇਸ ਬਾਰੇ ਜਾਂਚ ਟੀਮ ਨੇ ਕਈ ਸਵਾਲ ਕੀਤੇ ਜਿਨ੍ਹਾਂ ਦਾ ਸੈਣੀ ਨੇ ਬੜੀ ਹੁਸ਼ਿਆਰੀ ਨਾਲ ਜਵਾਬ ਦਿੱਤਾ ਪ੍ਰੰਤੂ ਕਿਸੇ ਅਧਿਕਾਰੀ ਨੇ ਕਰਾਸ ਪੁੱਛ-ਗਿੱਛ ਦੌਰਾਨ ਬਹੁਤਾ ਜ਼ੋਰ ਜਾਂ ਦਬਾਅ ਪਾਉਣ ਦੀ ਹਿੰਮਤ ਨਹੀਂ ਦਿਖਾਈ। ਉਂਜ ਕਾਨੂੰਨ ਮੁਤਾਬਕ ਕਿਸੇ ਵੀ ਅਪਰਾਧਿਕ ਮਾਮਲੇ ਵਿੱਚ ਮੁਲਜ਼ਮ, ਭਾਵੇਂ ਕੋਈ ਵੀ ਹੋਵੇ, ਨੂੰ ਜਾਂਚ ਵਿੱਚ ਸ਼ਾਮਲ ਹੋਣ ਲਈ ਸਬੰਧਤ ਥਾਣੇ ਵਿੱਚ ਪੇਸ਼ ਹੋਣਾ ਬਣਦਾ ਹੈ। ਇਸ ਤੋਂ ਪਹਿਲਾਂ 13 ਮਈ ਨੂੰ ਸੈਣੀ ਨੇ ਥਾਣੇ ਪਹੁੰਚ ਕੇ ਆਪਣਾ ਪਾਸਪੋਰਟ ਜਮ੍ਹਾਂ ਕਰਵਾਇਆ ਸੀ ਅਤੇ 50 ਹਜ਼ਾਰ ਦਾ ਨਿੱਜੀ ਮੁਚੱਲਕਾ ਭਰਿਆ ਸੀ। ਅਦਾਲਤ ਨੇ 11 ਮਈ ਨੂੰ ਸੈਣੀ ਨੂੰ ਪੇਸ਼ਗੀ ਜ਼ਮਾਨਤ ਦੇਣ ਸਮੇਂ ਹਫ਼ਤੇ ਦੇ ਅੰਦਰ ਅੰਦਰ ਜਾਂਚ ਅਧਿਕਾਰੀ/ਐੱਸਐੱਚਓ ਕੋਲ ਜਾਂਚ ਵਿੱਚ ਸ਼ਾਮਲ ਹੋਣ ਅਤੇ ਜ਼ਮਾਨਤੀ ਬਾਂਡ ਭਰਨ ਲਈ ਆਖਿਆ ਸੀ।
ਇਸ ਦੌਰਾਨ ਟਰਾਈਸਿਟੀ ਦਾ ਸਾਰਾ ਪ੍ਰਿੰਟ ਅਤੇ ਇਲੈਕਟ੍ਰਾਨਿਕ ਮੀਡੀਆ ਸਵੇਰੇ 10 ਵਜੇ ਤੋਂ ਹੀ ਮੁਹਾਲੀ ਦੇ ਮਟੌਰ ਥਾਣੇ ਦੇ ਬਾਹਰ ਧੁੱਪ ਵਿੱਚ ਖੜ੍ਹਾ ਸੀ। ਪਹਿਲਾਂ ਸਵੇਰੇ 10 ਵਜੇ, ਫਿਰ ਦੁਪਹਿਰ 1 ਵਜੇ ਅਤੇ ਬਾਅਦ ਵਿੱਚ ਤਿੰਨ ਵਜੇ ਸੈਣੀ ਦੇ ਥਾਣੇ ਪੇਸ਼ ਹੋਣ ਬਾਰੇ ਕਿਹਾ ਗਿਆ। ਕਰੀਬ ਸਾਢੇ ਤਿੰਨ ਵਜੇ ਹੀ ਐੱਸਪੀ (ਡੀ) ਹਰਮਨਦੀਪ ਸਿੰਘ ਹਾਂਸ ਅਤੇ ਸਿਟ ਦੇ ਬਾਕੀ ਮੈਂਬਰ ਸਰਕਾਰੀ ਗੱਡੀਆਂ ਵਿੱਚ ਅਚਾਨਕ ਮਟੌਰ ਥਾਣੇ ’ਚੋਂ ਬਾਹਰ ਨਿਕਲੇ ਅਤੇ ਜ਼ਿਲ੍ਹਾ ਪੁਲੀਸ ਹੈੱਡਕੁਆਰਟਰ ਪਹੁੰਚ ਗਏ।
ਮੀਡੀਆ ਕਰਮੀ ਵੀ ਜਾਂਚ ਟੀਮ ਦੇ ਪਿੱਛੇ ਪਿੱਛੇ ਗਏ ਪ੍ਰੰਤੂ ਪੁਲੀਸ ਨੇ ਪਹਿਲਾਂ ਤੋਂ ਹੀ ਡੀਸੀ ਕੰਪਲੈਕਸ ਅਤੇ ਐੱਸਐਸਪੀ ਦਫ਼ਤਰ ਨੂੰ ਜਾਣ ਵਾਲੇ ਸਾਰੇ ਰਸਤਿਆਂ ’ਤੇ ਬੈਰੀਕੇਡ ਲਗਾ ਕੇ ਪੂਰਾ ਇਲਾਕਾ ਸੀਲ ਕਰ ਦਿੱਤਾ ਅਤੇ ਮੀਡੀਆ ਨੂੰ ਅੱਗੇ ਨਹੀਂ ਜਾਣ ਦਿੱਤਾ।
ਕਰੀਬ 4 ਵਜ ਕੇ 20 ਮਿੰਟ ’ਤੇ ਸੁਮੇਧ ਸੈਣੀ ਵੀ ਐੱਸਐੱਸਪੀ ਦਫ਼ਤਰ ਪਹੁੰਚੇ ਜਿੱਥੇ ਉਨ੍ਹਾਂ ਨੂੰ ਵੀਆਈਪੀ ਟਰੀਟਮੈਂਟ ਦਿੱਤਾ ਗਿਆ। ਸੈਣੀ ਤੋਂ ਕੀਤੀ ਗਈ ਪੁੱਛ-ਗਿੱਛ ਦੇ ਵੇਰਵੇ ਨਹੀਂ ਮਿਲੇ ਹਨ। ਸਿਟ ਦੇ ਚੇਅਰਮੈਨ ਅਤੇ ਐੱਸਪੀ (ਡੀ) ਹਰਮਨਦੀਪ ਸਿੰਘ ਹਾਂਸ ਨੇ ਸਿਰਫ਼ ਏਨਾ ਹੀ ਕਿਹਾ ਕਿ ਪੁਲੀਸ ਮਾਮਲੇ ਦੀ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕਰ ਰਹੀ ਹੈ। ਸੈਣੀ ਦੇ ਮਾਮਲੇ ਵਿੱਚ ਪੁਲੀਸ ਵੱਖਰੇ ਢੰਗ ਨਾਲ ਕੰਮ ਕਰ ਰਹੀ ਹੈ। ਚੇਤੇ ਰਹੇ ਕਿ ਘਰੇਲੂ ਹਿੰਸਾ ਦਾ ਸਾਹਮਣੇ ਕਰ ਰਹੇ ਪੰਜਾਬ ਪੁਲੀਸ ਦੇ ਡੀਐੱਸਪੀ ਨੂੰ ਜ਼ਮਾਨਤ ਦੇਣ ਸਮੇਂ ਮੁਹਾਲੀ ਅਦਾਲਤ ਨੇ ਸ਼ਿਕਾਇਤਕਰਤਾ ਨੂੰ ਜਾਂਚ ਵਿੱਚ ਸ਼ਾਮਲ ਹੋਣ ਦੇ ਆਦੇਸ਼ ਦਿੱਤੇ ਸੀ। ਸ਼ਿਕਾਇਤਕਰਤਾ ਨੇ ਤੁਰੰਤ ਜੁਡੀਸ਼ਲ ਕੰਪਲੈਕਸ ਵਿੱਚ ਜਾਂਚ ਅਧਿਕਾਰੀ ਅੱਗੇ ਪੇਸ਼ ਹੋ ਕੇ ਬਿਆਨ ਦਰਜ ਕਰਵਾਏ ਸਨ ਪ੍ਰੰਤੂ ਜਾਂਚ ਅਧਿਕਾਰੀ ਨੇ ਅਦਾਲਤ ਨੂੰ ਕਿਹਾ ਸੀ ਕਿ ਉਹ ਥਾਣੇ ਜਾ ਕੇ ਹੀ ਬਿਆਨ ਦਰਜ ਕਰ ਸਕਦੇ ਹਨ। ਹੁਣ ਸੈਣੀ ਦੇ ਮਾਮਲੇ ’ਚ ਅਜਿਹਾ ਨਹੀਂ ਹੋਇਆ।

ਪਰਗਟ ਸਿੰਘ ਐਮ ਐਲ ਏ ਨੇ ਕੈਪਟਨ ਸਰਕਾਰ ਨੂੰ ਕਟਹਿਰੇ ਵਿੱਚ ਖੜ੍ਹਾ ਕੀਤਾ

ਜਲੰਧਰ, ਮਈ   2020-(ਹਰਜੀਤ ਸਿੰਘ ਵਿਰਕ)-  
ਜਲੰਧਰ ਛਾਉਣੀ ਤੋਂ ਕਾਂਗਰਸੀ ਵਿਧਾਇਕ ਅਤੇ ਸਾਬਕਾ ਉਲੰਪੀਅਨ ਪਰਗਟ ਸਿੰਘ ਇੱਕ ਵਾਰ ਫਿਰ ਸਿਆਸੀ ‘ਹਾਕੀ’ ਚੁੱਕਦਿਆਂ ਮੈਦਾਨ ਵਿੱਚ ਆ ਗਏ ਹਨ। ਉਨ੍ਹਾਂ ਆਪਣੀ ਹੀ ਸਰਕਾਰ ਨੂੰ ਕਟਹਿਰੇ ਵਿੱਚ ਖੜ੍ਹਾ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕੀਤੀ ਹੈ ਕਿ ਉਹ ਕਾਂਗਰਸੀ ਵਿਧਾਇਕਾਂ ਦੀ ਤੁਰੰਤ ਮੀਟਿੰਗ ਸੱਦਣ। ਇੱਥੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਰਗਟ ਸਿੰਘ ਨੇ ਕਿਹਾ ਕਿ ਵਿਧਾਇਕਾਂ ਦੀ ਮੀਟਿੰਗ ਵਿੱਚ ਸਰਕਾਰ ਦੇ ਤਿੰਨ ਸਾਲਾਂ ਦੀ ਕਾਰਗੁਜ਼ਾਰੀ ਬਾਰੇ ਸਵੈ-ਪੜਚੋਲ ਕੀਤੀ ਜਾਵੇ।
ਪਰਗਟ ਸਿੰਘ ਨੇ ਕਿਹਾ ਕਿ ਕੋਵਿਡ-19 ਦੀ ਆੜ ਹੇਠ ਉਹ ਮੁੱਦੇ ਨਹੀਂ ਦੱਬੇ ਜਾ ਸਕਦੇ ਜਿਨ੍ਹਾਂ ਨੂੰ ਉਭਾਰ ਕੇ ਕਾਂਗਰਸ ਸੱਤਾ ਵਿੱਚ ਆਈ ਸੀ। ਉਨ੍ਹਾਂ ਕਿਹਾ,‘‘ਬੇਅਦਬੀ ਦਾ ਬੜਾ ਅਹਿਮ ਮੁੱਦਾ ਹੈ। ਰੇਤਾ ਤੇ ਨਸ਼ਿਆਂ ਦੇ ਅਜਿਹੇ ਮੁੱਦੇ ਹਨ ਜਿਸ ’ਤੇ ਲੋਕਾਂ ਨੇ ਸਾਡੇ ਕੋਲੋਂ ਜਵਾਬ ਮੰਗਣੇ ਹਨ। ਲੋਕ ਇਹ ਵੀ ਪੁੱਛਦੇ ਹਨ ਕਿ 31000 ਕਰੋੜ ਰੁਪਏ ਦੇ ਅਨਾਜ ਅਤੇ ਸਿੰਜਾਈ ਘੁਟਾਲੇ ਦੇ ਕੇਸਾਂ ਦਾ ਕੀ ਹੋਇਆ?’’ ਉਨ੍ਹਾਂ ਪਾਰਟੀ ਦੇ ਵਿਧਾਇਕਾਂ ਅਤੇ ਮੰਤਰੀਆਂ ਨੂੰ ਅਪੀਲ ਕੀਤੀ ਕਿ ਉਹ ਆਪਸ ਵਿੱਚ ਲੜਨ ਦੀ ਥਾਂ ’ਤੇ ਇਕਜੁੱਟ ਹੋ ਕੇ ਸੂਬੇ ਦੇ ਹਿੱਤਾਂ ਲਈ ਲੜਨ। ‘ਇੱਕਲੇ ਮੁੱਖ ਮੰਤਰੀ ਜਾਂ ਮੰਤਰੀ ਹੀ ਸਰਕਾਰ ਪ੍ਰਤੀ ਜਵਾਬਦੇਹ ਨਹੀਂ ਹੁੰਦੇ ਸਗੋਂ ਲੋਕਾਂ ਨੇ ਵਿਧਾਇਕਾਂ ਨੂੰ ਵੀ ਸਵਾਲ ਕਰਨੇ ਹਨ।’ ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਦਾ ਨਾਂ ਲਏ ਬਿਨ੍ਹਾਂ ਕਿਹਾ ਕਿ ਵਿਧਾਇਕਾਂ ਨੂੰ ਇਕੱਠੇ ਹੋ ਕੇ ਪੁੱਛਣਾ ਚਾਹੀਦਾ ਹੈ

 ਆਖਰ ਸੂਬੇ ਵਿੱਚ ਹੋ ਕੀ ਹੋ ਰਿਹਾ?
ਵਿਧਾਇਕ ਨੇ ਕਿਹਾ ਕਿ ਪੰਜਾਬ ਸਰਕਾਰ ’ਤੇ ਢਾਈ ਲੱਖ ਕਰੋੜ ਦਾ ਕਰਜ਼ਾ ਹੈ ਪਰ ਕੇਂਦਰ ਸਰਕਾਰ ਨੇ ਸੂਬੇ ਨੂੰ ਕੁਝ ਨਹੀਂ ਦੇਣਾ ਅਤੇ ਆਪਣੇ ਸਾਧਨ ਖੁਦ ਹੀ ਜੁਟਾਉਣੇ ਪੈਣਗੇ। ਉਨ੍ਹਾਂ ਸੁਝਾਅ ਦਿੱਤਾ, ‘‘ਸ਼ਰਾਬ ਅਤੇ ਮਾਈਨਿੰਗ ਨਾਲ ਸੂਬੇ ਦੀ ਆਮਦਨ ਵੱਧ ਸਕਦੀ ਹੈ। ਤਾਮਿਲਨਾਡੂ ਦੀ ਤਰਜ਼ ’ਤੇ ਸੂਬੇ ਵਿੱਚ ਸ਼ਰਾਬ ਦੀ ਵਿਕਰੀ ਲਈ ਕਾਰਪੋਰੇਸ਼ਨ ਬਣਾਈ ਜਾਵੇ ਅਤੇ ਇਹ ਮੁੱਦਾ ਮੰਤਰੀ ਰਹਿੰਦਿਆਂ ਨਵਜੋਤ ਸਿੰਘ ਸਿੱਧੂ ਨੇ ਵੀ ਉਠਾਇਆ ਸੀ।’’ ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਦੇ ਹੋਂਦ ਵਿੱਚ ਆਉਣ ਸਮੇਂ ਇਹ ਕਹਿ ਕੇ ਕਾਰਪੋਰੇਸ਼ਨ ਨਹੀਂ ਬਣਾਈ ਗਈ ਸੀ ਕਿ ਸਮਾਂ ਬੜਾ ਘੱਟ ਹੈ ਅਤੇ ਅਗਲੇ ਸਾਲ ਬਣਾਵਾਂਗੇ ਪਰ ਹੁਣ ਤਿੰਨ ਸਾਲ ਬੀਤ ਗਏ ਹਨ। ਪਰਗਟ ਸਿੰਘ ਨੇ ਸਵਾਲ ਖੜ੍ਹਾ ਕੀਤਾ ਕਿ ਕਾਰਪੋਰੇਸ਼ਨ ਨਾ ਬਣਾਉਣ ਪਿੱਛੇ ਕਿਹੜੇ ਤੱਤ ਹਨ। ਉਨ੍ਹਾਂ ਕਿਹਾ ਕਿ ਜੇ ਕਾਰਪੋਰੇਸ਼ਨ ਬਣ ਜਾਂਦੀ ਤਾਂ ਪੰਜਾਬ ਨੂੰ ਹਰ ਸਾਲ 10 ਹਜ਼ਾਰ ਕਰੋੜ ਰੁਪਏ ਦਾ ਲਾਭ ਹੋਣਾ ਸੀ। ਉਨ੍ਹਾਂ ਕਿਹਾ ਕਿ ਸਮਾਂ ਕਿਸੇ ਦਾ ਇੰਤਜ਼ਾਰ ਨਹੀਂ ਕਰਦਾ। ਇੱਥੇ ਤਾਂ ਔਰੰਗਜ਼ੇਬ ਵੀ ਨਹੀਂ ਰਿਹਾ। ਪਰਗਟ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਨੇ ਸੁਖਬੀਰ ਬਾਦਲ ਨੂੰ ਹਿਟਲਰ ਦੀ ਸਵੈ-ਜੀਵਨੀ ਭੇਜੀ ਸੀ ਅਤੇ ਹੁਣ ਦੇਸ਼ ਹਿਟਲਰਸ਼ਾਹੀ ਵੱਲ ਹੀ ਵੱਧ ਰਿਹਾ ਹੈ।  

‘ਸੁਖਬੀਰ ਤਾਕਤਾਂ ਦੇ ਕੇਂਦਰੀਕਰਨ ’ਤੇ ਖਾਮੋਸ਼ ਕਿਉਂ’
ਮੋਦੀ ਸਰਕਾਰ ਵੱਲੋਂ ਤਾਕਤਾਂ ਦਾ ਕੇਂਦਰੀਕਰਨ ਕੀਤੇ ਜਾਣ ’ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਖਾਮੋਸ਼ੀ ’ਤੇ ਹੈਰਾਨੀ ਪ੍ਰਗਟਾਉਂਦਿਆਂ ਪਰਗਟ ਸਿੰਘ ਨੇ ਕਿਹਾ ਕਿ ਕਦੇ ਅਕਾਲੀ ਦਲ ਫੈਡਰਲ ਢਾਂਚੇ ਦੀ ਹਮਾਇਤ ਕਰਦਾ ਸੀ। ਉਨ੍ਹਾਂ ਕਿਹਾ ਕਿ ਹੁਣ ਤਾਂ ਅਕਾਲੀ ਦਲ ਦੀ ਕੋਈ ਪ੍ਰਤੀਕ੍ਰਿਆ ਨਹੀਂ ਆਈ ਅਤੇ ਸੁਖਬੀਰ ਬਾਦਲ ਚੁੱਪ ਕਰ ਕੇ ਬੈਠ ਗਏ ਹਨ। ਭਾਜਪਾ ਤੋਂ ਤਾਂ ਪੰਜਾਬ ਦੇ ਹਿੱਤ ਵਿੱਚ ਬੋਲਣ ਦੀ ਉਮੀਦ ਨਹੀਂ ਕੀਤੀ ਜਾ ਸਕਦੀ ਹੈ। 

ਸ਼ਹੀਦੀ ਪੁਰਬ ਮੌਕੇ ਸ਼ਰਧਾਲੂ ਪਾਕਿਸਤਾਨ ਨਹੀਂ ਜਾ ਸਕਣਗੇ 

ਅੰਮ੍ਰਿਤਸਰ, ਮਈ 2020 (ਇਕਬਾਲ ਸਿੰਘ ਰਸੂਲਪੁਰ/ਸੱਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ)ਕਰੋਨਾ ਮਹਾਮਾਰੀ ਕਾਰਨ ਪਹਿਲਾਂ ਵਿਸਾਖੀ ਮੌਕੇ ਸਿੱਖ ਸ਼ਰਧਾਲੂਆਂ ਦਾ ਜਥਾ ਪਾਕਿਸਤਾਨ ਸਥਿਤ ਗੁਰਧਾਮਾਂ ਦੀ ਯਾਤਰਾ ਲਈ ਨਹੀਂ ਜਾ ਸਕਿਆ ਅਤੇ ਹੁਣ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਤੇ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਵੀ ਸਿੱਖ ਸ਼ਰਧਾਲੂਆਂ ਦੇ ਦੋ ਜਥੇ ਪਾਕਿਸਤਾਨ ਨਹੀਂ ਜਾ ਸਕਣਗੇ।
ਕਰੋਨਾ ਮਹਾਮਾਰੀ ਕਾਰਨ ਦੇਸ਼ ਵਿੱਚ ਤਾਲਾਬੰਦੀ ਚਲ ਰਹੀ ਹੈ ਅਤੇ ਪੰਜਾਬ ’ਚ ਕਰਫਿਊ ਚੱਲ ਰਿਹਾ ਸੀ, ਜਿਸ ਕਾਰਨ ਸਰਹੱਦਾਂ ਵੀ ਸੀਲ ਕਰ ਦਿੱਤੀਆਂ ਗਈਆਂ ਸਨ। ਇਸੇ ਤਹਿਤ ਵਿਸਾਖੀ ਮੌਕੇ ਪਾਕਿਸਤਾਨ ਸਥਿਤ ਗੁਰਧਾਮਾਂ ਦੀ ਯਾਤਰਾ ਲਈ ਸਿੱਖ ਸ਼ਰਧਾਲੂਆਂ ਦਾ ਜਥਾ ਨਹੀਂ ਜਾ ਸਕਿਆ ਸੀ। ਹੁਣ ਵੀ ਅਜਿਹੇ ਹੀ ਹਾਲਾਤ ਬਰਕਰਾਰ ਹਨ। ਇਸੇ ਕਾਰਨ ਪੰਜਵੀਂ ਪਾਤਸ਼ਾਹੀ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਮੌਕੇ 27 ਮਈ ਨੂੰ ਅਤੇ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ 28 ਜੂਨ ਨੂੰ ਵੀ ਸਿੱਖ ਸ਼ਰਧਾਲੂਆਂ ਦੇ ਜਥੇ ਪਾਕਿਸਤਾਨ ਨਹੀਂ ਜਾ ਸਕਣਗੇ।
ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਆਖਿਆ ਕਿ ਕਰੋਨਾ ਮਹਾਮਾਰੀ ਕਾਰਨ ਦੇਸ਼ ਹੀ ਨਹੀਂ ਸਗੋਂ ਵਿਸ਼ਵ ਵਿਚ ਹਾਲਾਤ ਨਾਜ਼ੁਕ ਬਣੇ ਹੋਏ ਹਨ। ਇਸੇ ਕਾਰਨ ਸਿੱਖ ਸ਼ਰਧਾਲੂਆਂ ਦੇ ਤਿੰਨ ਜਥੇ ਇਸ ਵਾਰ ਪਾਕਿਸਤਾਨ ਨਹੀਂ ਜਾ ਸਕਣਗੇ। ਉਨ੍ਹਾਂ ਆਖਿਆ ਕਿ ਮੌਜੂਦਾ ਸਥਿਤੀ ਵਿੱਚ ਇਹ ਪ੍ਰਤੀਤ ਹੋ ਰਿਹਾ ਹੈ ਕਿ ਹਾਲਾਤ ਠੀਕ ਹੋਣ ਮਗਰੋਂ ਨਵੰਬਰ ਮਹੀਨੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਹੀ ਸਿੱਖ ਸ਼ਰਧਾਲੂਆਂ ਦੇ ਜਥੇ ਪਾਕਿਸਤਾਨ ਜਾ ਸਕਦੇ ਹਨ।  

ਪੰਜਾਬ 'ਚ 19 ਹੋਰ ਪਾਜ਼ੇਟਿਵ, 95 ਠੀਕ ਹੋ ਕੇ ਘਰ ਪਰਤੇ, ਕੁੱਲ ਗਿਣਤੀ 1985 ਹੋਈ

ਚੰਡੀਗੜ੍ਹ, ਮਈ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-

ਪੰਜਾਬ ਵਿਚ ਨਵੇਂ ਪਾਜ਼ੇਟਿਵ ਮਾਮਲਿਆਂ ਦੀ ਗਿਣਤੀ ਬੀਤੇ ਕੁਝ ਦਿਨਾਂ ਤੋਂ ਕੰਟਰੋਲ ਵਿਚ ਆ ਗਈ ਹੈ ਤੇ ਠੀਕ ਹੋਣ ਵਾਲੇ ਕੇਸ ਵਧ ਰਹੇ ਹਨ। ਵੀਰਵਾਰ ਨੂੰ 19 ਨਵੇਂ ਪਾਜ਼ੇਟਿਵ ਕੇਸ ਆਏ ਜਦਕਿ 95 ਲੋਕ ਠੀਕ ਹੋ ਕੇ ਘਰਾਂ ਨੂੰ ਪਰਤੇ। ਵੀਰਵਾਰ ਨੂੰ ਜਲੰਧਰ ਵਿਚ ਨੌਂ, ਲੁਧਿਆਣੇ 'ਚ ਤਿੰਨ ਤੇ ਪਟਿਆਲਾ ਤੇ ਰੂਪਨਗਰ ਵਿਚ ਇਕ-ਇਕ ਕੇਸ ਆਇਆ। ਅੰਮਿ੍ਤਸਰ ਵਿਚ ਸਭ ਤੋਂ ਜ਼ਿਆਦਾ 45 ਲੋਕ ਠੀਕ ਹੋਏ। ਇਸ ਤੋਂ ਇਲਾਵਾ ਫਾਜ਼ਿਲਕਾ ਵਿੱਚ ਤਿੰਨ ਮਾਮਲੇ ਸਾਹਮਣੇ ਆਏ, ਜਦੋਂਕਿ ਚਾਰ ਮਰੀਜ਼ ਠੀਕ ਹੋ ਕੇ ਘਰਾਂ ਨੂੰ ਪਰਤ ਗਏ ਹਨ। ਪੰਜਾਬ ਵਿਚ ਹੁਣ ਕੋਰੋਨਾ ਪੀੜਤਾਂ ਦੀ ਕੁਲ ਗਿਣਤੀ 1980 ਹੋ ਗਈ ਹੈ। ਇਨ੍ਹਾਂ ਵਿਚੋਂ 1168 ਹਜ਼ੂਰ ਸਾਹਿਬ ਤੋਂ ਪਰਤੇ ਸ਼ਰਧਾਲੂ ਹਨ।

ਸਾਬਕਾ ਮੰਤਰੀ ਸ ਗੁਰਦਾਸ ਸਿੰਘ ਬਾਦਲ ਦਾ ਦੇਹਾਂਤ”

ਮੋਹਾਲੀ,ਮਈ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-

ਪੰਜਾਬ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਦੇ ਪਿਤਾ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਭਰਾ ਗੁਰਦਾਸ ਸਿੰਘ ਬਾਦਲ ਅੱਜ ਅਕਾਲ ਚਲਾਣਾ ਕਰ ਗਏ।ਉਹਨਾਂ ਦਾ ਜਨਮ 6 ਅਗਸਤ,1931 ਨੂੰ ਹੋਇਆ ਸੀ। ਉਹ ਕਾਫੀ ਸਮੇਂ ਤੋਂ ਬਿਮਾਰ ਸਨ ਅਤੇ ਫੋਰਟਿਸ ਹਸਪਤਾਲ ਮੁਹਾਲੀ ਵਿਚ ਵੈਂਟੀਲੇਟਰ ਤੇ ਸਨ । ਅਜੇ ਥੌੜਾ ਸਮਾਂ ਪਹਿਲੇ ਹੀ ਉਨਾਂ ਦੀ ਧਰਮ ਪਤਨੀ ਦਾ ਦੇਹਾਂਤ ਹੋਇਆ ਸੀ ਬਾਦਲ ਪਰਿਵਾਰ ਉਸ ਸਦਮੇ ਵਿੱਚੋਂ ਅਜੇ ਬਾਹਰ ਨਹੀਂ ਆਇਆ ਸੀ ਕਿ ਗੁਰਦਾਸ ਸਿੰਘ ਬਾਦਲ ਦਾ ਅਕਾਲ ਚਲਾਣਾ ਬਾਦਲ ਪਰਿਵਾਰ ਤੇ ਕਹਿਰ ਬਣ ਕੇ ਟੁੱਟਿਆ । ਕਦੇ ਸਮਾਂ ਸੀ ਇਨਾਂ ਦੋਹਾਂ ਭਰਾਵਾਂ ਦੀ ਜੋੜੀ ਪੰਜਾਬ ਦੇ ਦਿਲਾਂ ਤੇ ਰਾਜ ਕਰਦੀ ਸੀ । ਇਸ ਦੁੱਖ ਦੀ ਘੜੀ ਵਿੱਚ ਦੁਨੀਆ ਹਰ ਕੋਨੇ ਵਿਚ ਵਸਦੀਆਂ ਪੰਜਾਬੀ ਵੱਲੋਂ ਬਾਦਲ ਪਰਿਵਾਰ ਨਾਲ ਦਿਲੀ ਅਫ਼ਸੋਸ ਹੈ ਤੇ ਪਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਹੈ ਬਿੱਛੜੀ ਆਤਮਾ ਨੂੰ ਅਪਣੇ ਚਰਨਾਂ ਵਿੱਚ ਨਿਵਾਸ ਬੱਖਸ਼ਣ ਤੇ ਪਰਿਵਾਰ ਨੂੰ ਭਾਣਾ ਮੰਨਣ ਦੀ ਹਿੰਮਤ ਦੇਂਣ ਜੀ ।