You are here

ਪੰਜਾਬ

ਲਿਖਤ✍️ਰਜਨੀਸ਼ ਗਰਗ-ਮਾਨਵਤਾ ਦੀ ਸੇਵਾ 

ਮਾਨਵਤਾ ਦੀ ਸੇਵਾ 

ਰੋਜ ਮੰਦਿਰਾ ਗੁਰੂਦੁਆਰਿਆ ਚ ਚੜ੍ਹਦਾ ਚੜਾਵਾ ਕਿੰਨਾ ਹੀ

ਸਾਇਦ ਅੰਨੇ ਭਗਤਾ ਨੂੰ ਅਕਲ ਕਿਤੋ ਆ ਜਾਵੇ

ਮਾਨਵਤਾ ਦੀ ਸੇਵਾ ਲਈ ਜੇ ਲਾਵੇ ਏਹ ਪੈਸਾ

ਖੁਸ਼ਹਾਲੀ ਪੰਜਾਬ ਚ ਸਭ ਪਾਸੇ ਛਾ ਜਾਵੇ

 

ਧਰਮਾਂ ਦੇ ਨਾਂ ਤੇ ਲੋਕ ਬਹੁਤ ਕਮਾਈਆਂ ਕਰਦੇ ਨੇ

ਧਰਮਾਂ ਚ ਉਲਝੇ ਲੋਕਾ ਨੂੰ ਕੋਈ ਸੁਲਝਾ ਜਾਵੇ

ਪੱਥਰਾ ਦੀਆਂ ਮੂਰਤਾ ਨੂੰ ਪਿਆਉਣ ਦੁੱਧ ਸਾਰੇ ਹੀ 

ਪੱਥਰਾ ਤੇ ਇਨਸਾਨਾ ਵਿੱਚ ਫਰਕ ਕੋਈ ਸਮਝਾ ਜਾਵੇ 

 

ਧੀਆਂ ਦੀ ਇੱਜਤ ਬਚਾਉਣ ਲਈ ਨਾ ਕੋਈ ਮੂਹਰੇ ਆਂਉਦਾ

ਮੰਦਰਾ ਮਸਜਿਦਾ ਲਈ ਲਈ ਚਾਹੇ ਏਨ੍ਹਾ ਦੀ ਜਾਨ ਜਾਵੇ 

ਰਜਨੀਸ਼ ਲਿਖਣ ਤੇ ਸਮਝਾਉਣ ਦਾ ਤਾਂ ਫਾਇਦਾ 

ਜੇ ਧਰਮ ਦੇ ਠੇਕੇਦਾਰਾ ਨੂੰ ਪਾਈ ਲਗਾਮ ਜਾਵੇ 

 

ਅੱਤਿਆਚਾਰ ਰੋਕਥਾਮ ਐਕਟ ਦੀ ਉਲੰਘਣਾ ਖਿਲਾਫ਼ ਕਾਰਵਾਈ ਯਕੀਨੀ ਬਣਾਈ ਜਾਵੇ-ਡੀ. ਸੀ

ਕਪੂਰਥਲਾ, ਫਰਵਰੀ 2020- (ਹਰਜੀਤ ਸਿੰਘ ਵਿਰਕ)-

ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਵੱਲੋਂ ਅੱਜ ਅਨੁਸੂਚਿਤ ਜਾਤੀਆਂ ਅਤੇ ਅਨੁਸੂਚਿਤ ਕਬੀਲਿਆਂ ’ਤੇ ਅੱਤਿਆਚਾਰ ਰੋਕਥਾਮ ਐਕਟ ਸਬੰਧੀ ਕੇਸਾਂ ਦੀ ਸਮੀਖਿਆ ਕੀਤੀ। ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਇਸ ਸਬੰਧੀ ਜ਼ਿਲਾ ਵਿਜੀਲੈਂਸ ਤੇ ਮੋਨੀਟਰਿੰਗ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਉਨਾਂ ਅਧਿਕਾਰੀਆਂ ਨੂੰ ਜ਼ਿਲੇ ਵਿਚ ਅੱਤਿਆਚਾਰ ਰੋਕਥਾਮ ਐਕਟ 1989 ਨੂੰ ਪੂਰੀ ਤਰਾਂ ਨਾਲ ਲਾਗੂ ਕਰਨ ਦੇ ਆਦੇਸ਼ ਦਿੰਦਿਆਂ ਕਿਹਾ ਕਿ ਇਸ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਕਾਰਵਾਈ ਯਕੀਨੀ ਬਣਾਈ ਜਾਵੇ। ਉਨਾਂ ਕਿਹਾ ਕਿ ਜ਼ਿਲੇ ਦੇ ਸਮੂਹ ਅਧਿਕਾਰੀ ਅਤੇ ਜ਼ਿਲਾ ਵਿਜੀਲੈਂਸ ਤੇ ਮੋਨੀਟਰਿੰਗ ਕਮੇਟੀ ਦੇ ਮੈਂਬਰ ਅਨੁਸੂਚਿਤ ਜਾਤੀਆਂ ਨਾਲ ਸਬੰਧਤ ਗ਼ਰੀਬ ਵਰਗ ਦੇ ਲੋਕਾਂ ਨਾਲ ਪੂਰੀ ਤਰਾਂ ਸੰਵੇਦਨਸ਼ੀਲਤਾ ਭਰਿਆ ਵਤੀਰਾ ਅਪਣਾਉਣ। ਉਨਾਂ ਕਿਹਾ ਕਿ ਜਦੋਂ ਵੀ ਗ਼ਰੀਬ ਵਰਗ ਨਾਲ ਵਧੀਕੀ ਦਾ ਕੋਈ ਵੀ ਮਾਮਲਾ ਧਿਆਨ ਵਿਚ ਆਵੇ ਤਾਂ ਤੁਰੰਤ ਪੁਲਿਸ ਕੇਸ ਦਰਜ ਕਰਕੇ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇ। 

ਇਸ ਮੌਕੇ ਉਨਾਂ ਅੱਤਿਆਚਾਰ ਰੋਕਥਾਮ ਐਕਟ ਤਹਿਤ ਦਰਜ ਕੇਸਾਂ ਦੀ ਤਾਜ਼ਾ ਸਥਿਤੀ ਦਾ ਜਾਇਜ਼ਾ ਲਿਆ ਅਤੇ ਪੀੜਤਾਂ ਨੂੰ ਮੁਆਵਜ਼ਾ ਦੇਣ ਦੀ ਸਕੀਮ ਤਹਿਤ ਦਿੱਤੇ ਗਏ ਮੁਆਵਜ਼ੇ ਬਾਰੇ ਵੀ ਜਾਣਕਾਰੀ ਹਾਸਲ ਕੀਤੀ। 

ਇਸ ਦੌਰਾਨ ਉਨਾਂ ਇਸ ਕਾਨੂੰਨ ਤਹਿਤ ਜ਼ੇਰੇ ਤਫਤੀਸ਼ ਮੁਕੱਦਮੇ, ਅਦਾਲਤਾਂ ਵਿਚ ਚੱਲਦੇ ਮੁਕੱਦਮੇ, ਵੱਖ-ਵੱਖ ਥਾਣਿਆਂ ਵਿਚ ਬਕਾਇਆ ਦਰਖ਼ਾਸਤਾਂ ਅਤੇ ਜ਼ਿਲਾ ਅਟਾਰਨੀ ਵੱਲੋਂ ਭੇਜੇ ਗਏ ਵੱਖ-ਵੱਖ ਅਦਾਲਤਾਂ ਵਿਚ ਚੱਲ ਰਹੇ ਕੇਸਾਂ ਦੀ ਸਮੀਖਿਆ ਕੀਤੀ। ਉਨਾਂ ਆਦੇਸ਼ ਦਿੱਤੇ ਕਿ ਪੁਰਾਣੇ ਕੇਸਾਂ ਅਤੇ ਲੰਬਿਤ ਜਾਂਚ ਰਿਪੋਰਟਾਂ ਦਾ ਨਿਬੇੜਾ ਜਲਦ ਤੋਂ ਜਲਦ ਕੀਤਾ ਜਾਵੇ। ਉਨਾਂ ਪੁਲਿਸ ਵਿਭਾਗ ਨੂੰ ਹਦਾਇਤ ਕੀਤੀ ਕਿ ਸਾਰੇ ਕੇਸਾਂ ਲਈ ਇਕ ਹੀ ਨੋਡਲ ਅਫ਼ਸਰ ਤਾਇਨਾਤ ਕਰਨਾ ਯਕੀਨੀ ਬਣਾਇਆ ਜਾਵੇ। 

  ਇਸ ਮੌਕੇ ਡੀ. ਐਸ. ਪੀ ਸ. ਸੰਦੀਪ ਸਿੰਘ ਮੰਡ, ਉੱਪ ਜ਼ਿਲਾ ਅਟਾਰਨੀ ਸ੍ਰੀ ਅਨਿਲ ਕੁਮਾਰ, ਸਕੱਤਰ ਜ਼ਿਲਾ ਪ੍ਰੀਸ਼ਦ ਸ੍ਰੀ ਗੁਰਦਰਸ਼ਨ ਕੁੰਡਲ, ਜ਼ਿਲਾ ਭਲਾਈ ਅਫ਼ਸਰ ਸ. ਜਸਦੇਵ ਸਿੰਘ ਪੁਰੇਵਾਲ, ਜ਼ਿਲਾ ਰੋਜ਼ਗਾਰ ਜਨਰੇਸ਼ਨ ਅਫ਼ਸਰ ਸ੍ਰੀਮਤੀ ਨੀਲਮ ਮਹੇ, ਸ੍ਰੀ ਨੀਰਜ ਕੁਮਾਰ, ਸ. ਦਵਿੰਦਰ ਪਾਲ ਸਿੰਘ ਆਹੂਜਾ, ਸ. ਸੁਖਰਾਜ ਸਿੰਘ, ਸ੍ਰੀ ਪਵਨ ਕੁਮਾਰ ਸੂਦ, ਸ੍ਰੀ ਵਿਨੋਦ ਕੁਮਾਰ ਸੂਦ ਤੇ ਸਰਪੰਚ ਗੁਰਪ੍ਰੀਤ ਸਿੰਘ ਤੋਂ ਇਲਾਵਾ ਜ਼ਿਲਾ ਵਿਜੀਲੈਂਸ ਤੇ ਮੋਨੀਟਰਿੰਗ ਕਮੇਟੀ ਦੇ ਮੈਂਬਰ ਤੇ ਹੋਰ ਅਧਿਕਾਰੀ ਹਾਜ਼ਰ ਸਨ। 

ਕੈਪਸ਼ਨ :-ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ। ਨਾਲ ਹਨ ਡੀ. ਐਸ. ਪੀ ਸ. ਸੰਦੀਪ ਸਿੰਘ ਮੰਡ, ਉੱਪ ਜ਼ਿਲਾ ਅਟਾਰਨੀ ਸ੍ਰੀ ਅਨਿਲ ਕੁਮਾਰ, ਜ਼ਿਲਾ ਭਲਾਈ ਅਫ਼ਸਰ ਸ. ਜਸਦੇਵ ਸਿੰਘ ਪੁਰੇਵਾਲ ਤੇ ਹੋਰ।

ਪੇਇੰਗ ਗੈਸਟ ਮਾਲਕਾਂ ਨੂੰ ਸੀ. ਸੀ. ਟੀ. ਵੀ ਕੈਮਰੇ ਲਗਾਉਣ ਦੇ ਹੁਕਮ

ਆਪਣਾ ਅਤੇ ਪੇਇੰਗ ਗੈਸਟਾਂ ਦਾ ਪੂਰਾ ਵੇਰਵਾ ਥਾਣੇ ਵਿਚ ਦਰਜ ਕਰਵਾਉਣਾ ਲਾਜ਼ਮੀ

ਕਪੂਰਥਲਾ  ਫਰਵਰੀ 2020- (ਹਰਜੀਤ ਸਿੰਘ ਵਿਰਕ)-

ਜ਼ਿਲਾ ਮੈਜਿਸਟ੍ਰੇਟ ਕਪੂਰਥਲਾ ਸ੍ਰੀਮਤੀ ਦੀਪਤੀ ਉੱਪਲ ਨੇ ਫ਼ੌਜਦਾਰੀ ਜ਼ਾਬਤਾ ਸੰਘਤਾ, 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਇਹ ਹੁਕਮ ਜਾਰੀ ਕੀਤੇ ਹਨ ਕਿ ਜ਼ਿਲਾ ਕਪੂਰਥਲਾ ਵਿਚ ਹਰੇਕ ਪੇਇੰਗ ਗੈਸਟ ਦਾ ਮਾਲਕ ਆਪਣੇ ਪੀ. ਜੀ ਅਕੋਮੋਡੇਸ਼ਨ ਵਿਚ ਸੀ. ਸੀ. ਟੀ. ਵੀ ਕੈਮਰੇ ਲਗਾਉਣ ਅਤੇ ਚਾਲੂ ਹਾਲਤ ਵਿਚ ਰੱਖਣ ਦਾ ਪਾਬੰਦ ਹੋਵੇਗਾ ਅਤੇ ਕੈਮਰਿਆਂ ਦੀ ਰਿਕਾਰਡਿੰਗ ਦਾ ਘੱਟੋ-ਘੱਟ ਇਕ ਮਹੀਨੇ ਦਾ ਬੈਕਅੱਪ ਰੱਖੇਗਾ। ਇਸ ਤੋਂ ਇਲਾਵਾ ਪੇਇੰਗ ਗੈਸਟ ਚਲਾਉਣ ਵਾਲਾ ਇਕ ਨਿਰਧਾਰਤ ਪ੍ਰੋਫਾਰਮੇ ਵਿਚ ਉਸ ਦੇ ਪੀ. ਜੀ ਅਕੋਮੋਡੇਸ਼ਨ ਵਿਚ ਰਹਿ ਰਹੇ ਪੇਇੰਗ ਗੈਸਟ ਦਾ ਵੇਰਵਾ ਭਰ ਕੇ ਆਪਣੇ ਨਜ਼ਦੀਕੀ ਪੁਲਿਸ ਥਾਣੇ/ਚੌਕੀ ਵਿਚ ਤੁਰੰਤ ਦਰਜ ਕਰਾਉਣ ਦਾ ਪਾਬੰਦ ਹੋਵੇਗਾ, ਜਿਸ ਵਿਚ ਪੇਇੰਗ ਗੈਸਟ ਚਲਾਉਣ ਵਾਲੇ ਮਾਲਕ ਦਾ ਨਾਮ, ਪਤਾ, ਮੋਬਾਈਲ ਨੰਬਰ, ਆਧਾਰ ਕਾਰਡ ਜਾਂ ਕੋਈ ਹੋਰ ਫੋਟੋ ਪਹਿਚਾਣ ਪੱਤਰ ਦਾ ਫੋਟੋ ਕਾਪੀ ਸਮੇਤ ਵੇਰਵਾ ਦੇਣਾ ਲਾਜ਼ਮੀ ਹੋਵੇਗਾ। ਇਸੇ ਤਰਾਂ ਇਸ ਪ੍ਰੋਫਾਰਮੇ ਵਿਚ ਪੇਇੰਗ ਗੈਸਟ ਦਾ ਨਾਮ, ਮੋਬਾਈਲ ਨੰਬਰ, ਪੜਾਈ ਜਾਂ ਕੰਮ ਵਾਲੀ ਸੰਸਥਾ ਦਾ ਨਾਮ, ਪਤਾ ਅਤੇ ਉਥੇ ਪੜਨ/ਕੰਮ ਕਰਨ ਦਾ ਸਬੂਤ, ਕਿਸ ਮਿਤੀ ਤੋਂ ਪੀ. ਜੀ ਵਿਚ ਰਹਿ ਰਿਹਾ ਹੈ, ਪੱਕਾ ਰਿਹਾਇਸ਼ੀ ਪਤਾ ਅਤੇ ਉਸ ਦਾ ਆਧਾਰ ਕਾਰਡ ਜਾਂ ਕੋਈ ਹੋਰ ਫੋਟੋ ਪਹਿਚਾਣ ਪੱਤਰ ਦਾ ਫੋਟੋ ਕਾਪੀ ਸਮੇਤ ਵੇਰਵਾ, ਜਿਸ ’ਤੇ ਰਿਹਾਇਸ਼ੀ ਪਤਾ ਹੋਵੇ, ਦੇਣਾ ਹੋਵੇਗਾ। ਇਹ ਹੁਕਮ 29 ਮਾਰਚ 2020 ਤੱਕ ਲਾਗੂ ਰਹਿਣਗੇ। 

ਫੋਟੋ :-ਸ੍ਰੀਮਤੀ ਦੀਪਤੀ ਉੱਪਲ, ਜ਼ਿਲਾ ਮੈਜਿਸਟ੍ਰੇਟ ਕਪੂਰਥਲਾ।

ਸਰਕਾਰੀ ਵਿਕਾਸ ਕਾਰਜਾਂ ਲਈ ਇੱਟਾਂ ਦੇ ਭਾਅ ਨਿਰਧਾਰਤ

ਕਪੂਰਥਲਾ, ਫਰਵਰੀ 2020 -(ਹਰਜੀਤ ਸਿੰਘ ਵਿਰਕ)-

ਜ਼ਿਲਾ ਕਪੂਰਥਲਾ ਵਿਚ ਸਰਕਾਰੀ ਵਿਕਾਸ ਕਾਰਜਾਂ ਲਈ ਇੱਟਾਂ ਦੇ ਭਾਅ ਨਿਰਧਾਰਤ ਕਰਨ ਲਈ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ, ਜਿਸ ਵਿਚ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਤੋਂ ਇਲਾਵਾ ਭੱਠਾ ਮਾਲਕ ਐਸੋਸੀਏਸ਼ਨ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਵੀ ਭਾਗ ਲਿਆ। ਇਸ ਦੌਰਾਨ ਭੱਠਾ ਮਾਲਕ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਮੈਂਬਰਾਂ ਨੇ ਅਧਿਕਾਰੀਆਂ ਦੇ ਧਿਆਨ ਵਿਚ ਲਿਆਂਦਾ ਕਿ ਕਪੂਰਥਲਾ ਜ਼ਿਲੇ ਵਿਚ 2014 ਵਿਚ ਸਰਕਾਰੀ ਕੰਮਾਂ ਲਈ ਇੱਟਾਂ ਦੇ ਰੇਟ 4500 ਰੁਪਏ (ਪ੍ਰਤੀ 1000) ਨਿਰਧਾਰਤ ਕੀਤੇ ਗਏ ਸਨ। ਉਨਾਂ ਕਿਹਾ ਕਿ ਉਦੋਂ ਤੋਂ ਹੁਣ ਤੱਕ ਮਿੱਟੀ, ਮਜ਼ਦੂਰੀ ਅਤੇ ਕੋਲੇ ਦੀਆਂ ਕੀਮਤਾਂ ਵਿਚ ਵਾਧਾ ਹੋਣ ਕਾਰਨ ਇੱਟਾਂ ਦੀ ਉਤਪਾਦਨ ਲਾਗਤ ਵਿਚ ਵਾਧਾ ਹੋਇਆ ਹੈ, ਇਸ ਕਰਕੇ ਸਰਕਾਰੀ ਕੰਮਾਂ ਲਈ ਵਰਤੀਆਂ ਜਾਣ ਵਾਲੀਆਂ ਇੱਟਾਂ ਦੀਆਂ ਕੀਮਤਾਂ ਰੀਵਾਈਜ਼ ਕਰਨੀਆਂ ਬੇਹੱਦ ਜ਼ਰੂਰੀ ਹਨ। ਡਿਪਟੀ ਕਮਿਸ਼ਨਰ ਵੱਲੋਂ ਭੱਠਾ ਐਸੋਸੀਏਸ਼ਨ ਤੇ ਹਾਜ਼ਰ ਅਧਿਕਾਰੀਆਂ ਨਾਲ ਵਿਸਥਾਰ ’ਚ ਵਿਚਾਰ-ਵਟਾਂਦਰਾ ਕਰਨ ਤੋਂ ਬਾਅਦ ਸਰਕਾਰੀ ਵਿਕਾਸ ਕੰਮਾਂ ਲਈ ਪਹਿਲੇ ਦਰਜੇ ਦੀਆਂ ਇੱਟਾਂ ਦੀ ਕੀਮਤ 5350 ਰੁਪਏ ਨਿਰਧਾਰਤ ਕਰਨ ਦਾ ਫ਼ੈਸਲਾ ਕੀਤਾ ਗਿਆ। ਡਿਪਟੀ ਕਮਿਸ਼ਨਰ ਨੇ ਮੀਟਿੰਗ ’ਚ ਹਾਜ਼ਰ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇੱਟਾਂ ਦੀ ਖ਼ਰੀਦ ਲੋਕਲ ਪੱਧਰ ਉੱਤੇ ਅਤੇ ਕੰਮ ਵਾਲੇ ਸਥਾਨ ਤੋਂ ਨਜ਼ਦੀਕ ਪੈਂਦੇ ਭੱਠਿਆਂ ਤੋਂ ਹੀ ਕਰਨ ਨੂੰ ਤਰਜੀਹ ਦਿੱਤੀ ਜਾਵੇ। ਉਨਾਂ ਭੱਠਾ ਐਸੋਸੀਏਸ਼ਨ ਨੂੰ ਵੀ ਹਦਾਇਤ ਕੀਤੀ ਕਿ ਸਰਕਾਰੀ ਵਿਭਾਗਾਂ ਦੇ ਵਿਕਾਸ ਕੰਮਾਂ ਲਈ ਪਹਿਲੇ ਦਰਜੇ ਦੀਆਂ ਵਧੀਆ ਇੱਟਾਂ ਦੀ ਸਪਲਾਈ ਯਕੀਨੀ ਬਣਾਈ ਜਾਵੇ। ਉਨਾਂ ਭੱਠਾ ਮਾਲਕਾਂ ਨੂੰ ਆਪਣੀ ਬਣਦੀ ਰਾਇਲਟੀ ਜਮਾਂ ਕਰਵਾਉਣ ਦੀ ਵੀ ਹਦਾਇਤ ਕੀਤੀ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਰਾਹੁਲ ਚਾਬਾ, ਡੀ. ਐਫ. ਐਸ. ਸੀ ਸ. ਸਰਤਾਜ ਸਿੰਘ ਚੀਮਾ, ਡੀ. ਡੀ. ਪੀ. ਓ ਸ. ਹਰਜਿੰਦਰ ਸਿੰਘ ਸੰਧੂ, ਐਕਸੀਅਨ ਪੀ. ਡਬਲਿੳੂ. ਡੀ ਸ੍ਰੀ ਸਰਬਰਾਜ ਕੁਮਾਰ, ਐਕਸੀਅਨ ਪੰਚਾਇਤੀ ਰਾਜ ਸ੍ਰੀ ਸੰਦੀਪ ਸ੍ਰੀਧਰ, ਐਕਸੀਅਨ ਡਰੇਨੇਜ ਸ. ਅਜੀਤ ਸਿੰਘ, ਐਸ. ਡੀ. ਡੀ ਸ. ਬਲਬੀਰ ਸਿੰਘ ਤੋਂ ਇਲਾਵਾ ਭੱਠਾ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਵਿਸ਼ਾਲ ਸੋਨੀ ਅਤੇ ਹੋਰ ਅਹੁਦੇਦਾਰ ਤੇ ਮੈਂਬਰ ਹਾਜ਼ਰ ਸਨ। 

ਕੈਪਸ਼ਨ :-ਇੱਟਾਂ ਦੇ ਭਾਅ ਨਿਰਧਾਰਤ ਕਰਨ ਸਬੰਧੀ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ। ਨਾਲ ਹਨ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਰਾਹੁਲ ਚਾਬਾ, ਡੀ. ਐਫ. ਐਸ. ਸੀ ਸ. ਸਰਤਾਜ ਸਿੰਘ ਚੀਮਾ ਤੇ ਹੋਰ

ਮੁਫ਼ਤ ਡੇਅਰੀ ਕਿੱਤਾ ਸਿਖਲਾਈ ਲਈ ਅਨੁਸੂਚਿਤ ਜਾਤੀਆਂ ਦੇ ਲਾਭਪਾਤਰੀਆਂ ਦੀ ਇੰਟਰਵਿਊ 4 ਨੂੰ

ਕਪੂਰਥਲਾ, ਫਰਵਰੀ 2020- (ਹਰਜੀਤ ਸਿੰਘ ਵਿਰਕ)-

ਪੰਜਾਬ ਸਰਕਾਰ ਵੱਲੋਂ ਸੂਬੇ ਵਿਚ ਖੇਤੀ ਵਿਭਿੰਨਤਾ ਲਿਆਉਣ ਅਤੇ ਅਨੁਸੂਚਿਤ ਜਾਤੀਆਂ ਦੇ ਲਾਭਪਾਤਰੀਆਂ ਨੂੰ ਖੇਤੀਬਾੜੀ ਦੇ ਨਾਲ ਹੋਰ ਸਹਾਇਕ ਧੰਦਿਆਂ ਵੱਲ ਆਕਰਸ਼ਿਤ ਕਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਸਵੈ-ਰੁਜ਼ਗਾਰ ਲਈ ਕੀਤੇ ਜਾ ਰਹੇ ਉਪਰਾਲਿਆਂ ਤਹਿਤ ‘ਸਕੀਮ ਫਾਰ ਪ੍ਰਮੋਸ਼ਨ ਆਫ ਡੇਅਰੀ ਫਾਰਮਿੰਗ ਐਜ਼ ਲਿਵਲੀਹੁੱਡ ਫਾਰ ਐਸ. ਸੀ ਬੈਨੀਫਿਸ਼ਰੀਜ਼’ ਨੂੰ ਪੂਰੇ ਪੰਜਾਬ ਵਿਚ ਲਾਗੂ ਕੀਤਾ ਗਿਆ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਨੇ ਦੱਸਿਆ ਕਿ ਇਸ ਸਕੀਮ ਅਧੀਨ ਅਨੁਸੂਚਿਤ ਜਾਤੀਆਂ ਦੇ ਲਾਭਪਾਤਰੀਆਂ ਨੂੰ ਦੋ ਹਫ਼ਤੇ ਦੀ ਮੁਫ਼ਤ ਡੇਅਰੀ ਸਿਖਲਾਈ ਵੱਖ-ਵੱਖ ਡੇਅਰੀ ਸਿਖਲਾਈ ਸੈਂਟਰਾਂ ਤੋਂ ਕਰਵਾ ਕੇ ਡੇਅਰੀ ਯੂਨਿਟ ਸਥਾਪਿਤ ਕਰਨ ਦੀ ਯੋਜਨਾ ਹੈ। ਉਨਾਂ ਕਿਹਾ ਕਿ ਇਸ ਸਕੀਮ ਅਧੀਨ ਅਨੁਸੂਚਿਤ ਜਾਤੀਆਂ ਦੇ ਲਾਭਪਾਤਰੀਆਂ ਨੂੰ ਮੁਫ਼ਤ ਡੇਅਰੀ ਸਿਖਲਾਈ ਦੇਣ ਦੇ ਨਾਲ-ਨਾਲ ਵਜ਼ੀਫ਼ਾ ਵੀ ਦਿੱਤਾ ਜਾਵੇਗਾ। ਉਨਾਂ ਦੱਸਿਆ ਕਿ ਜ਼ਿਲਾ ਕਪੂਰਥਲਾ ਨਾਲ ਸਬੰਧਤ ਲਾਭਪਾਤਰੀਆਂ ਦੀ ਇੰਟਰਵਿੳੂ 4 ਫਰਵਰੀ 2020 ਨੂੰ ਦਫ਼ਤਰ ਡਿਪਟੀ ਡਾਇਰੈਕਟਰ ਡੇਅਰੀ ਕਪੂਰਥਲਾ ਵਿਖੇ ਕੀਤੀ ਜਾਵੇਗੀ।   

  ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਡਾਇਰੈਕਟਰ ਡੇਅਰੀ ਸ੍ਰੀ ਬਲਵਿੰਦਰ ਜੀਤ ਨੇ ਕਿਹਾ ਕਿ ਅਨੁਸੂਚਿਤ ਜਾਤੀ ਨਾਲ ਸਬੰਧਤ ਸਿਖਿਆਰਥੀ ਘੱਟੋ-ਘੱਟ ਪੰਜਵੀਂ ਪਾਸ ਅਤੇ ਪੇਂਡੂ ਪਿਛੋਕੜ ਦਾ ਹੋਣਾ ਚਾਹੀਦਾ ਹੈ ਅਤੇ ਉਸ ਦੀ ਉਮਰ 18 ਤੋਂ 50 ਸਾਲ ਹੋਣੀ ਚਾਹੀਦੀ ਹੈ। ਉਨਾਂ ਕਿਹਾ ਕਿ ਚਾਹਵਾਨ ਉਮੀਦਵਾਰ ਆਪਣਾ ਅਨੁਸੂਚਿਤ ਜਾਤੀ ਨਾਲ ਸਬੰਧਤ ਸਰਟੀਫਿਕੇਟ, ਆਧਾਰ ਕਾਰਡ, ਪਾਸਪੋਰਟ ਸਾਈਜ਼ ਫੋਟੋ ਅਤੇ ਪੜਾਈ ਸਬੰਧੀ ਸਰਟੀਫਿਕੇਟ ਨਾਲ ਲੈ ਕੇ 4 ਫਰਵਰੀ ਨੂੰ ਸਵੇਰੇ 10 ਵਜੇ ਦਫ਼ਤਰ ਡਿਪਟੀ ਡਾਇਰੈਕਟਰ ਡੇਅਰੀ, ਵੈਟਰਨਰੀ ਪੋਲੀਕਲੀਨਿਕ ਕੰਪਲੈਕਸ, ਨਜ਼ਦੀਕ ਚਾਰ ਬੱਤੀ ਚੌਕ, ਰੇਲਵੇ ਰੋਡ, ਕਪੂਰਥਲਾ ਵਿਖੇ ਹਾਜ਼ਰ ਹੋਣ। ਉਨਾਂ ਕਿਹਾ ਕਿ ਡੇਅਰੀ ਯੂਨਿਟ ਸਥਾਪਿਤ ਕਰਨ ਉਪਰੰਤ ਲਾਭਪਾਤਰੀ ਨੂੰ 33 ਫੀਸਦੀ ਸਬਸਿਡੀ ਦਿੱਤੀ ਜਾਵੇਗੀ। ਉਨਾਂ ਕਿਹਾ ਕਿ ਇਸ ਸਬੰਧੀ ਕਿਸੇ ਵੀ ਤਰਾਂ ਦੀ ਜਾਣਕਾਰੀ ਲਈ ਦਫ਼ਤਰ ਦੇ ਫੋਨ ਨੰਬਰ 01822-230255 ਜਾਂ ਮੋਬਾਈਲ ਨੰਬਰ 98141-71300 ਉੱਤੇ ਸੰਪਰਕ ਕੀਤਾ ਜਾ ਸਕਦਾ ਹੈ। 

ਫੋਟੋ :-ਸ੍ਰੀਮਤੀ ਦੀਪਤੀ ਉੱਪਲ, ਡਿਪਟੀ ਕਮਿਸ਼ਨਰ ਕਪੂਰਥਲਾ।

ਜਲੂਸ ਕੱਢਣ ਅਤੇ ਜਨਤਕ ਥਾਵਾਂ ’ਤੇ ਹਥਿਆਰ ਚੁੱਕਣ ’ਤੇ ਰੋਕ

ਪ੍ਰਵਾਨਗੀ ਲੈ ਕੇ ਨਿਰਧਾਰਤ ਸਥਾਨਾਂ ’ਤੇ ਹੀ ਲਗਾਏ ਜਾ ਸਕਦੇ ਹਨ ਧਰਨੇ 

ਕਪੂਰਥਲਾ, ਫਰਵਰੀ 2020-(ਹਰਜੀਤ ਸਿੰਘ ਵਿਰਕ)-

ਜ਼ਿਲਾ ਮੈਜਿਸਟ੍ਰੇਟ ਕਪੂਰਥਲਾ ਸ੍ਰੀਮਤੀ ਦੀਪਤੀ ਉੱਪਲ ਨੇ ਫ਼ੌਜਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲਾ ਕਪੂਰਥਲਾ ਵਿਚ ਕਿਸੇ ਕਿਸਮ ਦੇ ਜਲੂਸ ਕੱਢਣ, ਪੰਜ ਜਾਂ ਪੰਜ ਤੋਂ ਵੱਧ ਵਿਅਕਤੀਆਂ ਦੀ ਇਕੱਤਰਤਾ, ਨਾਅਰੇਬਾਜ਼ੀ ਕਰਨ, ਲਾਠੀਆਂ, ਗੰਡਾਸੇ, ਤੇਜ਼ਧਾਰ ਟਕੂਏ, ਕੁਹਾੜੀ, ਬੰਦੂਕ, ਪਿਸਤੌਲ ਅਤੇ ਕਿਸੇ ਵੀ ਕਿਸਮ ਦੇ ਵਿਸਫੋਟਕ ਹਥਿਆਰ ਆਦਿ ਜਨਤਕ ਥਾਵਾਂ ’ਤੇ ਚੁੱਕਣ ’ਤੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ। ਜਾਰੀ ਹੁਕਮਾਂ ਵਿਚ ਕਿਹਾ ਗਿਆ ਹੈ ਕਿ ਜੇਕਰ ਕਿਸੇ ਵੀ ਅਦਾਰੇ/ਸੰਸਥਾ ਨੇ ਜ਼ਿਲਾ ਕਪੂਰਥਲਾ ਵਿਚ ਜਲੂਸ/ਧਰਨਾ ਦੇਣਾ ਹੋਵੇ ਤਾਂ ਉਸ ਲਈ ਉੱਪ ਮੰਡਲ ਪੱਧਰ ’ਤੇ ਸਥਾਨ ਨਿਸ਼ਚਿਤ ਕੀਤੇ ਗਏ ਹਨ। ਇਸ ਸਬੰਧੀ ਸਬੰਧਤ ਅਦਾਰਾ/ਸੰਸਥਾ ਧਰਨੇ ਦੀ ਅਗੇਤਰੀ ਸੂਚਨਾ/ਪ੍ਰਵਾਨਗੀ ਸਬੰਧਤ ਉੱਪ ਮੰਡਲ ਮੈਜਿਸਟ੍ਰੇਟ ਪਾਸੋਂ ਪ੍ਰਾਪਤ ਕਰੇਗਾ।

ਜਾਰੀ ਹੁਕਮਾਂ ਅਨੁਸਾਰ ਉੱਪ ਮੰਡਲ ਕਪੂਰਥਲਾ ਲਈ ਸ਼ਾਲੀਮਾਰ ਬਾਗ਼, ਅੰਮਿ੍ਰਤਸਰ ਰੋਡ, ਕਪੂਰਥਲਾ, ਉੱਪ ਮੰਡਲ ਫਗਵਾੜਾ ਲਈ ਨਗਰ ਸੁਧਾਰ ਟਰੱਸਟ ਫਗਵਾੜਾ ਦੇ ਸਾਹਮਣੇ ਸਥਿਤ ਹਰਗੋਬਿੰਦ ਨਗਰ, ਉੱਪ ਮੰਡਲ ਸੁਲਤਾਨਪੁਰ ਲੋਧੀ ਲਈ ਬੱਸ ਅੱਡਾ ਸੁਲਤਾਨਪੁਰ ਲੋਧੀ ਵਿਖੇ ਗੁਰਦੁਆਰਾ ਅੰਤਰਯਾਮਤਾ ਵਾਲੇ ਪਾਸੇ ਅਤੇ ਉੱਪ ਮੰਡਲ ਭੁਲੱਥ ਲਈ ਦਾਣਾ ਮੰਡੀ ਨੰਬਰ 1 ਭੁਲੱਥ ਅਤੇ ਦਾਣਾ ਮੰਡੀ ਫੋਕਲ ਪੁਆਇੰਟ ਪਿੰਡ ਰਾਮਗੜ (ਫ਼ਸਲਾਂ ਦੇ ਖ਼ਰੀਦ ਸੀਜ਼ਨ  ਦੌਰਾਨ ਬੱਸ ਸਟੈਂਡ ਭੁਲੱਥ) ਜਲੂਸ/ਧਰਨੇ ਲਈ ਸਥਾਨ ਨਿਰਧਾਰਤ ਕੀਤੇ ਗਏ ਹਨ। ਇਹ ਹੁਕਮ 28 ਮਾਰਚ 2020 ਤੱਕ ਲਾਗੂ ਰਹਿਣਗੇ। 

ਜਾਰੀ ਹੁਕਮਾਂ ਵਿਚ ਕਿਹਾ ਗਿਆ ਹੈ ਕਿ ਜ਼ਿਲਾ ਕਪੂਰਥਲਾ ਵਿਚ ਪਿਛਲੇ ਸਮੇਂ ਤੋਂ ਵੱਖ-ਵੱਖ ਜਥੇਬੰਦੀਆਂ ਵੱਲੋਂ ਵੱਖ-ਵੱਖ ਥਾਵਾਂ ’ਤੇ ਧਰਨੇ/ਰੋਸ ਮੁਜ਼ਾਹਰੇ ਕੀਤੇ ਜਾ ਰਹੇ ਹਨ, ਜਿਸ ਨਾਲ ਆਮ ਆਵਾਜਾਈ ਵਿਚ ਕਾਫੀ ਵਿਘਨ ਪੈਂਦਾ ਹੈ ਅਤੇ ਆਮ ਪਬਲਿਕ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਅਮਨ ਤੇ ਕਾਨੂੰਨ ਦੀ ਸਥਿਤੀ ਕਾਇਮ ਨਹੀਂ ਰਹਿੰਦੀ ਹੈ। ਇਸ ਲਈ ਆਮ ਪਬਲਿਕ ਦੀਆਂ ਪ੍ਰੇਸ਼ਾਨੀਆਂ, ਆਵਾਜਾਈ ਅਤੇ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਮੁੱਖ ਰੱਖਦਿਆਂ ਜ਼ਿਲਾ ਕਪੂਰਥਲਾ ਦੀਆਂ ਸੀਮਾਵਾਂ ਅੰਦਰ ਦਫ਼ਾ 144 ਸੀ. ਆਰ. ਪੀ. ਸੀ ਦੇ ਤਹਿਤ ਹੁਕਮ ਫੌਰੀ ਤੌਰ ’ਤੇ ਜਾਰੀ ਕੀਤੇ ਜਾਣ ਦੀ ਲੋੜ ਹੈ। 

ਫੋਟੋ :-ਸ੍ਰੀਮਤੀ ਦੀਪਤੀ ਉੱਪਲ, ਜ਼ਿਲਾ ਮੈਜਿਸਟ੍ਰੇਟ ਕਪੂਰਥਲਾ।

ਪੰਜਾਬ ਪੁਲਿਸ ਕੱਟ ਰਹੀ ਏ ਨਜ਼ਾਇਜ ਚਲਾਣ-Video

ਪੰਜਾਬ ਪੁਲਿਸ ਕੱਟ ਰਹੀ ਏ ਨਜ਼ਾਇਜ ਚਲਾਣ

ਜਗਰਾਓਂ/ਲੁਧਿਆਣਾ, ਫਰਵਰੀ 2020- ਜਰਨਲਿਸਟ ਇਕਬਾਲ ਸਿੰਘ ਰਸੂਲਪੁਰ

ਅਤੇ ਡਾ ਬਲਦੇਵ ਸਿੰਘ ਚਲੰਤ ਮਾਮਲਿਆਂ ਦੇ ਮਾਹਰ ਸਾਬਕਾ ਡਾਰਿਕਟਰ ਸਿਖਿਆ ਵਿਭਾਗ ਪੰਜਾਬ ਸਰਕਾਰ ਹਾਜਰ ਹਨ

ਗੱਡੀਆਂ ਤੋਂ ਸਟਿੱਕਰ ਉਤਾਰਨ ਵਾਲੇ ਹਾਈਕੋਰਟ ਦੇ ਹੁਕਮ ਸਾਰੇ ਪੰਜਾਬ 'ਚ ਨਹੀਂ ਹਨ ਲਾਗੂ

ਆਓ ਸੁਣੀਏ ਗੱਲਬਾਤ ਕਰੋ ਲਿੰਕ ਤੇ ਕਲਿੱਕ....

 

2 ਫਰਵਰੀ 2020- - ਐਤਵਾਰ ਦੇ ਅਖਬਾਰਾਂ ਦੀਆਂ ਸੁਰਖੀਆਂ- Video

ਜਗਰਾਓਂ/ਲੁਧਿਆਣਾ, 2 ਫਰਵਰੀ 2020- 

ਅੱਜ ਦੇ ਅਖ਼ਬਾਰਾਂ ਦੀਆਂ ਸੁਰਖੀਆਂ ਪ੍ਰੋਗਰਾਮ ਲੈਕੇ ਜਰਨਲਿਸਟ ਇਕਬਾਲ ਸਿੰਘ ਰਸੂਲਪੁਰ

ਅਤੇ ਡਾ ਬਲਦੇਵ ਸਿੰਘ ਚਲੰਤ ਮਾਮਲਿਆਂ ਦੇ ਮਾਹਰ ਸਾਬਕਾ ਡਾਰਿਕਟਰ ਸਿਖਿਆ ਵਿਭਾਗ ਪੰਜਾਬ ਸਰਕਾਰ ਹਾਜਰ ਹਨ

ਆਓ ਸੁਣੀਏ ਗੱਲਬਾਤ ਕਰੋ ਲਿੰਕ ਤੇ ਕਲਿੱਕ....

ਐਤਵਾਰ ਦੇ ਅਖਬਾਰਾਂ ਦੀਆਂ ਸੁਰਖੀਆਂ

ਡੀ ਟੀ ਐਫ ਨੇ ਕਰਵਾਈ  ਵਜ਼ੀਫਾ ਪ੍ਰੀਖਿਆ

ਮਹਿਲ ਕਲਾਂ/ਬਰਨਾਲਾ,ਫ਼ਰਵਰੀ 2020- ( ਗੁਰਸੇਵਕ ਸੋਹੀ )-

ਡੈਮੋਕ੍ਰੇਟਿਕ ਟੀਚਰਜ ਫਰੰਟ ਪੰਜਾਬ ਵੱਲੋਂ ਸ਼ਹੀਦ ਬੀਬੀ ਕਿਰਨਜੀਤ ਕੌਰ ਯਾਦਗਾਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿਲ ਕਲਾਂ ਵਿਖੇ ਵਿਦਿਆਰਥੀਆਂ ਵਿੱਚ ਉਸਾਰੂ ਸਾਹਿਤ ਪੜ੍ਹਨ ਅਤੇ ਨਕਲ ਦੀ ਭਾਵਨਾ ਖਤਮ ਕਰਨ ਲਈ  ਨੌਵੀਂ ਵਜ਼ੀਫਾ ਪ੍ਰੀਖਿਆ ਕਰਵਾਈ । ਕੇਂਦਰ ਸੰਚਾਲਨ ਬਲਜਿੰਦਰ ਪ੍ਰਭੂ ਅਤੇ ਬਲਾਕ ਪ੍ਰਧਾਨ ਮਾਲਵਿੰਦਰ ਬਰਨਾਲਾ ਦੀ ਅਗਵਾਈ ਵਿੱਚ ਗਦਰ ਪਾਰਟੀ ਦੇ ਬਾਨੀ ਆਗੂ ਬਾਬਾ ਸੋਹਣ ਸਿੰਘ ਭਕਨਾ ਨੂੰ ਸਮਰਪਿਤ ਇਸ ਪ੍ਰੀਖਿਆ ਵਿੱਚ ਪੰਜਵੀਂ ਜਮਾਤ ਦੇ 85 ਅੱਠਵੀਂ ਜਮਾਤ ਦੇ 79 ਅਤੇ ਦਸਵੀਂ ਜਮਾਤ ਦੇ 45 ਵਿਦਿਆਰਥੀਆਂ ਕੁੱਲ 209 ਵਿਦਿਆਰਥੀਆਂ ਨੇ ਭਾਗ ਲਿਆ। ਪ੍ਰੀਖਿਆ ਦਾ ਨਤੀਜਾ 31 ਮਾਰਚ ਤੋਂ ਪਹਿਲਾਂ ਘੋਸ਼ਿਤ ਕਰਕੇ ਜਿਲ੍ਹਾ ਪੱਧਰੀ ਸਮਾਗਮ ਵਿੱਚ ਹਰ ਪੱਧਰ ਤੇ ਹਰ ਕੈਟਾਗਿਰੀ ਵਿੱਚ ਪਹਿਲੀਆਂ ਤਿੰਨ ਪੁਜ਼ੀਸ਼ਨਾਂ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੂੰ ਨਕਦ ਰਾਸ਼ੀ, ਸਨਮਾਨ ਚਿੰਨ੍ਹ, ਸਰਟੀਫਿਕੇਟ ਅਤੇ ਪਡ਼ਣ ਸਮੱਗਰੀ ਨਾਲ ਸਨਮਾਨਿਤ ਕੀਤਾ ਜਾਵੇਗਾ। ਹਰ ਕੈਟਾਗਿਰੀ ਦੇ ਅਗਲੇ ਦਸ ਵਿਦਿਆਰਥੀਆਂ ਨੂੰ ਸਨਮਾਨ ਚਿੰਨ੍ਹ ਅਤੇ ਹੌਂਸਲਾ ਵਧਾਊ ਇਨਾਮ ਦਿੱਤੇ ਜਾਣਗੇ। ਕੇਂਦਰ ਮਹਿਲ ਕਲਾਂ ਵਿਖੇ ਸਤਵੰਤ ਸਿੰਘ ਅਤੇ ਵਰਿੰਦਰ ਕੁਮਾਰ ਨੇ ਅਬਜਰਵਰ ,  ਰਜਿੰਦਰ ਸਿੰਗਲਾ ਨੇ ਸੁਪਰਡੈਂਟ ਅਤੇ ਹਰਮਨਜੀਤ ਸਿੰਘ ਕੁਤਬਾ ਨੇ  ਡਿਪਟੀ ਸੁਪਰਡੈਂਟ ਦੀ ਡਿਊਟੀ ਨਿਭਾਈ। ਅਮਰੀਕ ਪਾਠਕ ਅਤੇ ਭੁਪਿੰਦਰ ਸਿੰਘ ਨੇ ਬੱਚਿਆਂ ਨਾਲ ਆਏ ਮਾਪਿਆਂ ਨਾਲ ਲੱਚਰ ਗਾਇਕੀ ਅਤੇ ਫੁਕਰੇ ਸਭਿਆਚਾਰ ਪ੍ਰਤੀ ਵਿਚਾਰ ਚਰਚਾ ਕੀਤੀ ਗਈ। ਚੇਤ ਕਾਲਸਾਂ, ਲਖਵੰਤ ਸਿੰਘ, ਵਰੁਨ, ਹਰਪਾਲ ਸਿੰਘ, ਸੁਖਪਾਲ ਹਾਂਸ, ਵਰਿੰਦਰਪਾਲ ਸਿੰਘ ਵਿੱਕੀ, ਬਿਕਰਮਜੀਤ ਸਿੰਘ, ਬੇਅੰਤ ਗਹਿਲ ਅਤੇ ਕੁਲਵਿੰਦਰ ਸਿੰਘ ਦਾ ਵਿਸ਼ੇਸ ਯੋਗਦਾਨ ਰਿਹਾ।

ਭਾਈ ਘੱਨ੍ਹਈਆਂ ਜੀ ਮਿਸ਼ਨ ਸੇਵਾ ਸੁਸਾਇਟੀ (ਰਜ਼ਿ) ਵੱਲੋਂ ਮਹਿਲ ਕਲਾਂ ਵਿਖੇ ਖੂਨਦਾਨ ਕੈਂਪ ਲਾਇਆ

ਮਹਿਲ ਕਲਾਂ /ਬਰਨਾਲਾ,ਫ਼ਰਵਰੀ 2020- ( ਗੁਰਸੇਵਕ ਸੋਹੀ )-

ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਦੀਵਾਨ ਤੇ ਗੁਰੂ ਮਾਨਿਓ ਗ੍ਰੰਥ ਚੇਤਨਾ ਸਮਾਗਮ ਨੂੰ ਸਮਰਪਿਤ ਭਾਈ ਘੱਨ੍ਹਈਆਂ ਜੀ ਮਿਸ਼ਨ ਸੇਵਾ ਸੁਸਾਇਟੀ (ਰਜ਼ਿ) ਦੇ ਮੁੱਖ ਸੇਵਾਦਾਰ ਜਥੇ: ਤਰਨਜੀਤ ਸਿੰਘ ਨਿਮਾਣਾ ਦੀ ਅਗਵਾਈ ਹੇਠ 356ਵਾਂ ਮਹਾਨ ਖੂਨਦਾਨ ਕੈਂਪ  ਗੁਰਦੁਆਰਾ ਪ੍ਰਬੰਧਕ ਕਮੇਟੀ, ਅਤੇ ਸਮੂਹ ਇਲਾਕਾ ਨਿਵਾਸੀਆਂ ਮਹਿਲ ਕਲਾਂ ਦੇ ਸਹਿਯੋਗ ਨਾਲ ਦਾਣਾ ਮੰਡੀ ਮਹਿਲ ਕਲਾਂ ਵਿਖੇ ਲਗਾਇਆ ਗਿਆ। ਜਿਜ ਵਿੱਚ ਖੂਨਦਾਨੀਆਂ ਵੱਲੋਂ 66ਯੂਨਿਟ ਖੂਨਦਾਨ ਕੀਤਾ ਗਿਆ।  ਇਸ ਮੌਕੇਂ ਤੇ ਜਥੇ: ਤਰਨਜੀਤ ਸਿੰਘ ਨਿਮਾਣਾ ਨੇ ਖ਼ੂਨਦਾਨ ਕਰਨ ਵਾਲੀਆਂ ਸੰਗਤਾਂ ਨੂੰ ਸਰਟੀਫਿਕੇਟ ਤੇ ਸਨਮਾਨ  ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਅਤੇ ਕਿਹਾ ਕਿ ਖੂਨਦਾਨ ਕੈਂਪਾਂ ਰਾਂਹੀ ਬੱਲਡ ਇਕਠਾ ਕਰਕੇ ਲੋੜਵੰਦਾਂ ਨਿਸ਼ਕਾਮ ਰੂਪ ਵਿਚ ਲੈ ਕੇ ਦਿਤਾ ਜਾਵੇਗਾ। ਕੈਂਪ ਦੌਰਾਨ ਗਰਗ ਹਸਪਤਾਲ ਬੱਲਡ ਬੈਂਕ ਮੋਗਾ ਦੀ ਟੀਮ ਦੇ  ਸਹਿਯੋਗ ਨਾਲ ਇਕੱਤਰ ਕੀਤਾ। ਇਸ ਮੌਕੇ ਜਗਰਾਜ ਸਿੰਘ ਮਹਿਲ ਖੁਰਦ, ਗੁਰਜੰਟ ਸਿੰਘ ਕਾਲਾ ਮਿਸਤਰੀ, ਹਰਪ੍ਰੀਤ ਸਿੰਘ ਮਠਾੜੂ, ਜਗਰਾਜ ਸਿੰਘ ਮਹਿਲ ਕਲਾਂ, ਅਮ੍ਰਿਤਪਾਲ ਸਿੰਘ, ਬਲਵਿੰਦਰ ਸਿੰਘ, ਜਗਦੇਵ ਸਿੰਘ ਮਾਨ, ਜਗਜੀਤ ਸਿੰਘ ਮਾਹਲ, ਸਾਬਕਾ ਸਰਪੰਚ ਨਾਥ ਸਿੰਘ ਹਮੀਦੀ, ਬਹਾਲ ਸਿੰਘ, ਜੀਵਨ ਸਿੰਘ, ਪ੍ਰਦੀਪ ਸਿੰਘ, ਹਰਮੇਸ਼ ਸਿੰਘ ਮਹਿਲ ਖੁਰਦ, ਗੁਰਦੀਪ ਸਿੰਘ ਖਾਲਸਾ, ਰਘਬੀਰ ਸਿੰਘ,ਦਸ਼ਮੇਸ਼ ਕਲੱਬ ਅਤੇ ਪ੍ਰਮੇਸ਼ਰ ਦੁਆਰ ਗੁਰਮਤਿ ਪ੍ਰਚਾਰ ਮਿਸ਼ਨ ਸੇਵਾ ਦਲ ਮਹਿਲ ਕਲਾਂ ਦੇ ਸਮੂਹ ਮੈਂਬਰ ਹਾਜ਼ਰ ਸਨ।

ਕੇਂਦਰੀ ਬਜਟ 2020-21

ਟੈਕਸ ਸਲੈਬ ਵਿੱਚ ਫੇਰਬਦਲ ਨਾਲ ਕਰਦਾਤਿਆਂ ਨੂੰ ਰਾਹਤ ਦੇਣ ਦਾ ਯਤਨ

ਖੇਤੀ ਤੇ ਬੁਨਿਆਦੀ ਢਾਂਚਾ ਸੈਕਟਰ ਵਿੱਚ ਰਿਕਾਰਡ ਪੈਸਾ ਖਰਚਣ ਦਾ ਐਲਾਨ

ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਲਈ 16 ਸੂਤਰੀ ਕਾਰਜ ਯੋਜਨਾ

ਬਜਟ-2020 ਦੂਰਦਰਸ਼ੀ ਅਤੇ ਅਸਰਦਾਰ -ਮੋਦੀ

ਨਵੀਂ ਦਿੱਲੀ,ਫ਼ਰਵਰੀ 2020-( ਇਕਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ )- 

ਅਰਥਚਾਰੇ ਵਿੱਚ ਮੰਦੀ ਤੇ ਜੀਡੀਪੀ ਦੇ ਪਿਛਲੇ ਇਕ ਦਹਾਕੇ ਵਿੱਚ ਸਭ ਤੋਂ ਹੇਠਲੇ ਪੱਧਰ ’ਤੇ ਪੁੱਜਣ ਕਰਕੇ ਵਿਰੋਧੀ ਪਾਰਟੀਆਂ ਦੇ ਨਿਸ਼ਾਨੇ ’ਤੇ ਆਈ ਮੋਦੀ ਸਰਕਾਰ ਵੱਲੋਂ ਆਪਣਾ ਦੂਜਾ ਕੇਂਦਰੀ ਬਜਟ ਪੇਸ਼ ਕਰਦਿਆਂ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਟੈਕਸ ਸਲੈਬ ਵਿੱਚ ਵੱਡਾ ਫੇਰਬਦਲ ਕਰਦਿਆਂ ਆਮਦਨ ਕਰਦਾਤਿਆਂ ਤੇ ਕਾਰਪੋਰੇਟਾਂ ਨੂੰ ਰਾਹਤ ਦੇਣ ਦੇ ਨਾਲ ਹੋਰ ਕਈ ਵੱਡੇ ਐਲਾਨ ਕੀਤੇ ਹਨ। ਪਹਿਲੀ ਵਾਰ ਹੈ ਜਦੋਂ ਸਰਕਾਰ ਨੇ ਖੇਤੀ ਤੇ ਬੁਨਿਆਦੀ ਢਾਂਚਾ ਸੈਕਟਰ ਨੂੰ ਰਿਕਾਰਡ ਪੈਸਾ ਅਲਾਟ ਕੀਤਾ ਹੈ। ਇਸ ਦੇ ਨਾਲ ਹੀ ਸਰਕਾਰ ਨੇ ਬੈਂਕਾਂ ਦੇ ਨਾਕਾਮ ਹੋਣ ਦੀ ਸਥਿਤੀ ਵਿੱਚ ਖਾਤੇ ਵਿੱਚ ਜਮ੍ਹਾਂ ਰਾਸ਼ੀ ’ਤੇ ਇੰਸ਼ੋਰੈਂਸ ਵਜੋਂ ਮਿਲਦੇ ਇਕ ਲੱਖ ਰੁਪਏ ਦੀ ਸੀਮਾ ਨੂੰ ਵਧਾ ਕੇ ਪੰਜ ਲੱਖ ਕਰ ਦਿੱਤਾ ਹੈ। ਵਿੱਤ ਮੰਤਰੀ ਨੇ ਆਈਪੀਓ ਜ਼ਰੀਏ ਐੱਲਆਈਸੀ ਦੇ ਅਪਨਿਵੇਸ਼ ਦਾ ਵੀ ਐਲਾਨ ਕੀਤਾ। ਸਰਕਾਰ ਨੇ ਬਜਟ ਵਿੱਚ ਵਿੱਤੀ ਘਾਟਾ 3.8 ਫੀਸਦ ਤੇ ਜੀਡੀਪੀ 10 ਫੀਸਦ ਰਹਿਣ ਦਾ ਅਨੁਮਾਨ ਲਾਇਆ ਹੈ। ਉਂਜ ਬਜਟ ਪੇਸ਼ ਕਰਨ ਤੋਂ ਪਹਿਲਾਂ ਸੀਤਾਰਾਮਨ ਨੇ ਸਾਬਕਾ ਵਿੱਤ ਮੰਤਰੀ ਤੇ ਮਰਹੂਮ ਭਾਜਪਾ ਆਗੂ ਅਰੁਣ ਜੇਤਲੀ ਨੂੰ ‘ਜੀਐੱਸਟੀ ਦਾ ਨਿਰਮਾਤਾ’ ਦੱਸ ਕੇ ਸ਼ਰਧਾਂਜਲੀ ਦਿੱਤੀ। ਸੀਤਾਰਾਮਨ ਨੇ ਰਿਕਾਰਡ 2 ਘੰਟੇ 43 ਮਿੰਟ ਤਕ ਬਜਟ ਦੀ ਰਿਪੋਰਟ ਪੜ੍ਹੀ।

 

1. ਜੇਤਲੀ ਨੂੰ ‘ਜੀਐੱਸਟੀ ਦਾ ਨਿਰਮਾਤਾ’ ਦੱਸ ਕੇ ਸ਼ਰਧਾਂਜਲੀ ਦਿੱਤੀ
2.ਪੌਸ਼ਟਿਕ ਖੁਰਾਕ ਪ੍ਰੋਗਰਾਮ ਲਈ 35600 ਕਰੋੜ ਦੀ ਤਜਵੀਜ਼
3. ਐੱਸਸੀ/ਬੀਸੀ ਲਈ 85000 ਕਰੋੜ ਤੇ ਐੱਸਟੀ ਲਈ 53700 ਕਰੋੜ
4. ਜੰਮੂ ਤੇ ਕਸ਼ਮੀਰ ਲਈ 30757 ਕਰੋੜ ਤੇ ਲੱਦਾਖ ਲਈ 5958 ਕਰੋੜ
5. ਆਮਦਨ ਨੂੰ ਹੁਲਾਰਾ ਤੇ ਖਰੀਦ ਸ਼ਕਤੀ ਵਧਾਉਣ ਨੂੰ ਮੁੱਖ ਟੀਚਾ ਦੱਸਿਆ
6.ਡਿਵੀਡੈਂਡ ਵੰਡ ਟੈਕਸ ਖ਼ਤਮ ਕੀਤਾ
7. ਆਮਦਨ ਕਰ ਸਲੈਬ ਵਿੱਚ ਵੱਡਾ ਬਦਲਾਅ, ਪੰਜ ਲੱਖ ਰੁਪਏ ਤਕ ਨਹੀਂ ਲੱਗੇਗਾ ਟੈਕਸ
8. ਬੈਂਕਾਂ ਵਿੱਚ ਜਮ੍ਹਾਂ ਪੰਜ ਲੱਖ ਰੁਪਏ ਦੀ ਰਾਸ਼ੀ ਸੁਰੱਖਿਅਤ
9. ਐੱਲਆਈਸੀ ਵਿੱਚ ਆਈਪੀਓ ਜ਼ਰੀਏ ਅੱਪਨਿਵੇਸ਼ ਦੀ ਖੁੱਲ੍ਹ
10. ਵਿੱਤੀ ਘਾਟਾ 3.8 ਫੀਸਦ ਤੇ ਜੀਡੀਪੀ 10 ਫੀਸਦ ਰਹਿਣ ਦਾ ਅਨੁਮਾਨ
11. ਕੰਪਨੀਜ਼ ਐਕਟ ਵਿੱਚ ਸੋਧ ਦਾ ਐਲਾਨ
12. ਕਿਸਾਨਾਂ ਲਈ ਕ੍ਰਿਸ਼ੀ ‘ਉਡਾਨ’, ‘ਕਿਸਾਨ ਰੇਲ ਸੇਵਾ’ ਤੇ ਕਿਸਾਨ ਕਰੈਡਿਟ ਸਕੀਮ
13.ਪੇਂਡੂ ਔਰਤਾਂ ਲਈ ਧਨ ਲਕਸ਼ਮੀ ਸਕੀਮ
14. 20 ਲੱਖ ਕਿਸਾਨਾਂ ਲਈ ਸੋਲਰ ਪੰਪ
15. ਸਾਲ 2025 ਤਕ ਟੀਬੀ ਦਾ ਖਾਤਮਾ
16. 2026 ਤਕ 150 ਯੂਨੀਵਰਸਿਟੀਆਂ ਵਿੱਚ ਨਵੇਂ ਕੋਰਸਾਂ ਦੀ ਸ਼ੁਰੂਆਤ
17. ਕੌਮੀ ਪੁਲੀਸ ਯੂਨੀਵਰਸਿਟੀ ਦੀ ਸਥਾਪਨਾ
18. ਵੱਡੇ ਹਸਪਤਾਲਾਂ ਨੂੰ ਪੀਜੀ ਕੋਰਸ ਸ਼ੁਰੂ ਕਰਨ ਲਈ ਹੱਲਾਸ਼ੇਰੀ
19.ਕੇਂਦਰ ਤੇ ਰਾਜਾਂ ਵਿੱਚ ਨਿਵੇਸ਼ ਕਲੀਅਰੈਂਸ ਸੈੱਲ ਦੀ ਸਥਾਪਨਾ
20. ਪੰਜ ਨਵੇਂ ਸਮਾਰਟ ਸ਼ਹਿਰ ਹੋਣਗੇ ਵਿਕਸਤ
21. ਇੰਡਸਟਰੀ ਤੇ ਵਣਜ ਦੀ ਪ੍ਰਮੋਸ਼ਨ ਲਈ 27300 ਕਰੋੜ

 

ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਅੱਜ ਲਗਾਤਾਰ ਦੂਜੀ ਵਾਰ ਸੰਸਦ ਵਿੱਚ ਕੇਂਦਰੀ ਬਜਟ ਪੇਸ਼ ਕੀਤਾ। ਉਨ੍ਹਾਂ ਵਿੱਤੀ ਸਾਲ 2020-21 ਦੇ ਬਜਟ ਨੂੰ ਮੁੱਖ ਤੌਰ ’ਤੇ ਤਿੰਨ ਹਿੱਸਿਆਂ- ‘ਇੱਛਾ ਤੇ ਖਾਹਿਸ਼ਾਂ ਰੱਖਣ ਵਾਲਾ ਭਾਰਤ, ਸਾਰਿਆਂ ਦਾ ਆਰਥਿਕ ਵਿਕਾਸ ਅਤੇ ਜ਼ਿੰਮੇਵਾਰ ਸਮਾਜ ਦੀ ਉਸਾਰੀ’ ਵਿੱਚ ਵੰਡਿਆ। ਉਨ੍ਹਾਂ ਕਿਹਾ ਕਿ ਬਜਟ ਦਾ ਮੁੱਖ ਨਿਸ਼ਾਨਾ ਆਮਦਨ ਨੂੰ ਹੁਲਾਰਾ ਤੇ ਖਰੀਦ ਸ਼ਕਤੀ ਨੂੰ ਵਧਾਉਣਾ ਹੈ। ਉਨ੍ਹਾਂ ਕਿਹਾ ਕਿ ਅਰਥਚਾਰੇ ਦੇ ਮੂਲ ਤੱਤ ਕਾਫ਼ੀ ਮਜ਼ਬੂਤ ਹਨ ਤੇ ਮਹਿੰਗਾਈ ਕਾਬੂ ਹੇਠ ਹੈ। ਖੇਤੀ ਤੇ ਖੇਤੀ ਖੇਤਰ ਦੀ ਗੱਲ ਕਰਦਿਆਂ ਵਿੱਤ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਇਸ ਖੇਤਰ ਲਈ 2.83 ਲੱਖ ਕਰੋੜ ਰੁਪਏ ਰੱਖੇ ਹਨ ਤੇ ਇਸ ਰਾਸ਼ੀ ਵਿੱਚੋਂ ਕਿਸਾਨਾਂ ਨੂੰ ਕਰਜ਼ੇ ਦੇ ਰੂਪ ਵਿੱਚ 15 ਲੱਖ ਕਰੋੜ ਰੁਪਏ ਦੇਣ ਦਾ ਟੀਚਾ ਮਿੱਥਿਆ ਗਿਆ ਹੈ। ਉਨ੍ਹਾਂ ਕਿਸਾਨਾਂ ਲਈ ‘ਕ੍ਰਿਸ਼ੀ ਉਡਾਨ’, ਕਿਸਾਨ ਰੇਲ ਸੇਵਾ ਤੇ ਕਿਸਾਨ ਕਰੈਡਿਟ ਕਾਰਡ ਜਿਹੀਆਂ ਸਕੀਮਾਂ ਦਾ ਐਲਾਨ ਕੀਤਾ। ਊਰਜਾ ਸੈਕਟਰ ਲਈ 40,740 ਕਰੋੜ ਰੁਪਏ ਦਾ ਪ੍ਰਬੰਧ ਕੀਤਾ ਗਿਆ ਹੈ।
ਆਮਦਨ ਕਰਦਾਤਿਆਂ ਨੂੰ ਟੈਕਸ ਵਿੱਚ ਰਾਹਤ ਦਿੰਦਿਆਂ ਵਿੱਤ ਮੰਤਰੀ ਨੇ ਟੈਕਸ ਸਲੈਬ ਵਿੱਚ ਮੌਜੂਦਾ 10 ਫੀਸਦ, 20 ਫੀਸਦ ਤੇ 30 ਫੀਸਦ ਦੀ ਥਾਂ ਦੋ ਨਵੀਂ ਟੈਕਸ ਸਲੈਬਾਂ 15 ਫੀਸਦ ਤੇ 25 ਫੀਸਦ ਨੂੰ ਸ਼ਾਮਲ ਕਰਨ ਦਾ ਐਲਾਨ ਕੀਤਾ। ਇਹ ਨਵੀਂ ਸਲੈਬਾਂ ਵਿਅਕਤੀ ਵਿਸ਼ੇਸ਼ ਲਈ ਹਨ, ਜੋ ਵਿਸ਼ੇਸ ਕਟੌਤੀਆਂ ਜਾਂ ਛੋਟਾਂ ਦਾ ਲਾਭ ਨਹੀਂ ਲੈਂਦੇ। ਨਵੀਂ ਟੈਕਸ ਦਰਾਂ ਤਹਿਤ 2.5 ਲੱਖ ਦੀ ਸਾਲਾਨਾ ਆਮਦਨ ਵਾਲੇ ਵਿਅਕਤੀ ਨੂੰ ਕੋਈ ਟੈਕਸ ਨਹੀਂ ਲੱਗੇਗਾ। ਢਾਈ ਲੱਖ ਤੋਂ ਪੰਜ ਲੱਖ ਤਕ ਪੰਜ ਫੀਸਦ ਜਦੋਂਕਿ 5 ਲੱਖ ਤੋਂ ਸਾਢੇ ਸੱਤ ਲੱਖ ਤਕ 10 ਫੀਸਦ ਟੈਕਸ ਤਾਰਨਾ ਹੋਵੇਗਾ। ਦਸ ਲੱਖ, ਸਾਢੇ ਬਾਰਾਂ ਲੱਖ ਤੇ 15 ਲੱਖ ਤਕ ਦੀ ਸਾਲਾਨਾ ਆਮਦਨ ਵਾਲੇ ਵਿਅਕਤੀ ਨੂੰ ਕ੍ਰਮਵਾਰ 15, 20 ਤੇ 25 ਫੀਸਦ ਟੈਕਸ ਲੱਗੇਗਾ। 15 ਲੱਖ ਤੋਂ ਵੱਧ ਦੀ ਆਮਦਨ ਵਾਲੇ ਨੂੰ 30 ਫੀਸਦ ਟੈਕਸ ਅਦਾ ਕਰਨਾ ਹੋਵੇਗਾ। ਬਜਟ ਮੁਤਾਬਕ ਤਜਵੀਜ਼ਤ ਨਵੇਂ ਆਮਦਨ ਕਰ ਢਾਂਚੇ ਦੀ ਚੋਣ ਕਰਨ ਵਾਲੇ ਕਰਦਾਤੇ ਨੂੰ ਆਮਦਨ ਕਰ ਕਾਨੂੰਨ ਦੀ ਧਾਰਾ 80ਸੀ ਤੇ 80ਡੀ, ਯਾਤਰਾ ਭੱਤਾ, ਮਕਾਨ ਦੇ ਕਿਰਾਏ ਭੱਤੇ, ਖੁ਼ਦ ਦੇ ਮਕਾਨ ਲਈ ਕਰਜ਼ੇ ਦੇ ਵਿਆਜ ’ਤੇ ਮਿਲਣ ਵਾਲੇ ਲਾਭ ਤੇ ਕਟੌਤੀ ਉਪਲੱਬਧ ਨਹੀਂ ਹੋਵੇਗੀ। ਵਿੱਤ ਮੰਤਰੀ ਨੇ ਕਿਹਾ ਕਿ ਆਮਦਨ ਕਰ ਦੀਆਂ ਨਵੀਆਂ ਦਰਾਂ ਵਿਕਲਪਕ ਹਨ। ਕਿਸੇ ਵੀ ਵਿਅਕਤੀ ਨੂੰ ਨਵੀਂ ਜਾਂ ਪੁਰਾਣੀ ਵਿਵਸਥਾ ਮੁਤਾਬਕ ਟੈਕਸ ਅਦਾ ਕਰਨ ਦੀ ਖੁੱਲ੍ਹ ਹੈ।
ਨਿਵੇਸ਼ ਨੂੰ ਹੁਲਾਰਾ ਦਿੰਦਿਆਂ ਵਿੱਤ ਮੰਤਰੀ ਨੇ ਸਟਾਰਟ-ਅੱਪਜ਼ ਲਈ ਟਰਨਓਵਰ ਦੀ ਲਿਮਟ ਵਧਾਉਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਈਐੱਸਪੀਓ’ਜ਼ (ਇੰਪਲਾਈ ਸਟਾਕ ਓਨਰਸ਼ਿਪ) ਨੂੰ ਲੱਗਣ ਵਾਲੇ ਟੈਕਸ ਨੂੰ ਪੰਜ ਸਾਲਾਂ ਲਈ ਮੁਲਤਵੀ ਕਰ ਦਿੱਤਾ। ਵਿੱਤ ਮੰਤਰੀ ਨੇ ਇੰਡਸਟਰੀ ਦੀ ਡਿਵੀਡੈਂਡ ਡਿਸਟ੍ਰੀਬਿਊਸ਼ਨ ਟੈਕਸ ਖ਼ਤਮ ਕਰਨ ਦੀ ਮੰਗ ਨੂੰ ਵੀ ਮੰਨ ਲਿਆ। ਉਨ੍ਹਾਂ ਕਿਹਾ ਕਿ ਇਸ ਫੈਸਲੇ ਨਾਲ ਇਕੁਇਟੀ ਨਿਵੇਸ਼ ਵਧੇਰੇ ਖਿੱਚਵਾਂ ਹੋ ਜਾਵੇਗਾ, ਹਾਲਾਂਕਿ ਸਰਕਾਰੀ ਖ਼ਜ਼ਾਨੇ ਨੂੰ 25000 ਕਰੋੜ ਦਾ ਨੁਕਸਾਨ ਝੱਲਣਾ ਪਏਗਾ। ਉਨ੍ਹਾਂ ਕੇਂਦਰ ਤੇ ਰਾਜਾਂ ਵਿੱਚ ਨਿਵੇਸ਼ ਕਲੀਅਰੈਂਸ ਸੈੱਲ ਦੀ ਸਥਾਪਤ ਕਰਨ ਦੀ ਵੀ ਤਜਵੀਜ਼ ਰੱਖੀ। ਉਨ੍ਹਾਂ ਕੰਪਨੀਜ਼ ਐਕਟ ਵਿੱਚ ਸੋਧ ਵੱਲ ਵੀ ਇਸ਼ਾਰਾ ਕੀਤਾ। ਉਨ੍ਹਾਂ ਕਿਹਾ ਕਿ ਨਾਨ ਗਜ਼ਟਿਡ ਅਹੁਦਿਆਂ ਲਈ ਕੌਮੀ ਰਿਕਰੂਟਮੈਂਟ ਏਜੰਸੀ ਗਠਿਤ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇੱਕ ਲੱਖ ਪੰਚਾਇਤਾਂ ਨੂੰ ‘ਭਾਰਤ ਨੈੱਟ’ ਨਾਲ ਜੋੜਿਆ ਜਾਵੇਗਾ। ਬਜਟ ਵਿੱਚ ਸਿੱਖਿਆ ਖੇਤਰ ਲਈ 99300 ਕਰੋੜ, ਸਿਹਤ ਲਈ 69000 ਕਰੋੜ, ਬੁਨਿਆਦੀ ਢਾਂਚੇ ਲਈ 100 ਲੱਖ ਕਰੋੜ, ਪਾਵਰ ਤੇ ਊਰਜਾ ਲਈ 22000 ਕਰੋੜ ਰੁਪਏ ਰੱਖੇ ਗਏ ਹਨ।

 

ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਲਈ 16 ਸੂਤਰੀ ਕਾਰਜ ਯੋਜਨਾ

 ਵਿੱਤ ਮੰਤਰੀ ਨੇ ਕਿਹਾ ਕਿ ਸਰਕਾਰ ਵਲੋਂ ਖੇਤੀ ਵਿਕਾਸ ਯੋਜਨਾ ਲਾਗੂ ਕੀਤੀ ਗਈ ਹੈ | ਉਨ੍ਹਾਂ ਕਿਹਾ ਕਿ ਪ੍ਰਧਾਨ 'ਮੰਤਰੀ ਫ਼ਸਲ ਬੀਮਾ ਯੋਜਨਾ' ਤਹਿਤ ਕਰੋੜਾਂ ਕਿਸਾਨਾਂ ਨੂੰ ਪਹਿਲਾਂ ਹੀ ਲਾਭ ਪਹੁੰਚਾਇਆ ਜਾ ਰਿਹਾ ਹੈ | ਸੰਸਦ 'ਚ ਜਾਣਕਾਰੀ ਦਿੰਦਿਆਂ ਵਿੱਤ ਮੰਤਰੀ ਨੇ ਦੱਸਿਆ ਕਿ 6 ਕਰੋੜ 11 ਲੱਖ ਕਿਸਾਨਾਂ ਨੂੰ ਪ੍ਰਧਾਨ ਮੰਤਰੀ ਬੀਮਾ ਸਕੀਮ ਨਾਲ ਜੋੜਿਆ ਗਿਆ ਹੈ | ਉਨ੍ਹਾਂ ਕਿਹਾ ਕਿ ਸਰਕਾਰ ਦਾ ਟੀਚਾ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਹੈ | ਇਸ ਲਈ ਕਿਸਾਨਾਂ ਲਈ ਵਿਸ਼ੇਸ਼ ਮਾਰਕੀਟ ਖੋਲ੍ਹੀ ਜਾਵੇਗੀ, ਜਿਸ ਨਾਲ ਉਨ੍ਹਾਂ ਦੀ ਆਮਦਨ ਨੂੰ ਵਧਾਇਆ ਜਾਵੇਗਾ | ਕਿਸਾਨਾਂ ਲਈ ਵੱਡਾ ਐਲਾਨ ਕਰਦਿਆਂ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਸਾਡੀ ਸਰਕਾਰ ਨੇ ਕਿਸਾਨਾਂ ਲਈ 16 ਸੂਤਰੀ ਫ਼ਾਰਮੂਲੇ ਦਾ ਐਲਾਨ ਕੀਤਾ ਹੈ ਜਿਸ ਨਾਲ ਕਿਸਾਨਾਂ ਨੂੰ ਲਾਭ ਪਹੁੰਚਾਇਆ
ਜਾਵੇਗਾ | ਉਨ੍ਹਾਂ ਕਿਹਾ ਕਿ ਅਗਲੇ 5 ਸਾਲਾ 'ਚ ਕਿਸਾਨਾਂ ਦੇ ਵਿਕਾਸ ਲਈ ਹੇਠ ਲਿਖੇ ਮੁੱਖ ਕੰਮ ਕੀਤੇ ਜਾਣਗੇ |

1- ਪਾਣੀ ਦੀ ਸਮੱਸਿਆ ਨਾਲ ਨਜਿੱਠਣ ਲਈ 100 ਜ਼ਿਲਿ੍ਹਆਂ 'ਚ ਪਾਣੀ ਦਾ ਪ੍ਰਬੰਧ ਕਰਨ ਲਈ ਵੱਡੀ ਯੋਜਨਾ ਚਲਾਈ ਜਾਵੇਗੀ ਤਾਂ ਜੋ ਕਿਸਾਨਾਂ ਨੂੰ ਪਾਣੀ ਦੀ ਕੋਈ ਸਮੱਸਿਆ ਪੇਸ਼ ਨਾ ਆ ਸਕੇ |

2- ਸੂਬਾ ਸਰਕਾਰਾਂ ਨੂੰ ਮਾਡਰਨ ਐਗਰੀਕਲਚਰਲ ਲੈਂਡ ਐਕਟ ਲਾਗੂ ਕਰਨ ਲਈ ਉਤਸ਼ਾਹਿਤ ਕੀਤਾ ਜਾਵੇਗਾ |

3- ਅੰਨਦਾਤਾ ਊਰਜਾ ਦਾਤਾ ਵੀ ਹੈ | ਪ੍ਰਧਾਨ ਮੰਤਰੀ 'ਕੁਸਮ ਸਕੀਮ' ਦਾ ਲਾਭ ਹੋਇਆ ਹੈ | ਹੁਣ ਅਸੀਂ 20 ਲੱਖ ਕਿਸਾਨਾਂ ਨੂੰ ਸੋਲਰ ਪੰਪ ਦੇਵਾਂਗੇ ਅਤੇ 15 ਲੱਖ ਕਿਸਾਨਾਂ ਦੇ ਗਰਿੱਡ ਪੰਪਾਂ ਨੂੰ ਸੌਰ ਊਰਜਾ ਨਾਲ ਜੋੜਿਆ ਜਾਵੇਗਾ |

4- ਖਾਦਾਂ ਦੀ ਸੰਤੁਲਿਤ ਵਰਤੋਂ 'ਤੇ ਜ਼ੋਰ ਦਿੱਤਾ ਜਾਵੇਗਾ | ਵੱਧ ਕੈਮੀਕਲ ਅਤੇ ਕੀੜੇਮਾਰ ਦਵਾਈਆਂ ਦੀ ਘੱਟ ਵਰਤੋਂ ਕਰਨ ਲਈ ਕਿਸਾਨਾਂ ਨੂੰ ਸਿਖਲਾਈ ਦਿੱਤੀ ਜਾਵੇਗੀ |

5- 162 ਮਿਲੀਅਨ ਟਨ ਭੰਡਾਰ ਕਰਨ ਦੀ ਸਮਰੱਥਾ ਹੈ | ਦੇਸ਼ 'ਚ ਮੌਜੂਦ ਗੋਦਾਮ, ਕੋਲਡ ਸਟੋਰੇਜ ਨੂੰ ਨਬਾਰਡ ਆਪਣੇ ਅੰਡਰ ਲਵੇਗਾ ਅਤੇ ਨਵੇਂ ਤਰੀਕਿਆਂ ਨਾਲ ਵਿਕਸਿਤ ਕੀਤਾ ਜਾਵੇਗਾ | ਦੇਸ਼ 'ਚ ਹੋਰ ਵੀ ਗੋਦਾਮ, ਕੋਲਡ ਸਟੋਰੇਜ ਬਣਾਏ ਜਾਣਗੇ | ਇਸ ਲਈ ਪੀ.ਪੀ.ਪੀ. ਮਾਡਲ ਅਪਣਾਇਆ ਜਾਵੇਗਾ | ਇਨ੍ਹਾਂ ਨੂੰ ਬਣਾਉਣ ਲਈ ਰਾਜ ਸਰਕਾਰ ਜ਼ਮੀਨ ਦੇ ਸਕਦੀ ਹੈ | ਐਫ.ਸੀ.ਆਈ. ਵੀ ਆਪਣੀ ਜ਼ਮੀਨ 'ਤੇ ਬਣਾ ਸਕਦੀ ਹੈ |

6- 'ਵਿਲੇਜ਼ ਸਟੋਰੇਜ ਸਕੀਮ: ਸੈਲਫ਼ ਹੈਲਪ ਗਰੁੱਪ ਦੇ ਰਾਹੀਂ ਚਲਾਈ ਜਾਵੇਗੀ |

7- ਦੁੱਧ, ਮੀਟ, ਮੱਛੀ ਸਮੇਤ ਖ਼ਰਾਬ ਹੋਣ ਵਾਲੀਆਂ ਚੀਜ਼ਾਂ ਦੀ ਟਰਾਂਸਪੋਰਟੇਸ਼ਨ ਲਈ ਵਿਸ਼ੇਸ਼ ਰੇਲਾਂ ਚਲਾਈਆਂ ਜਾਣਗੀਆਂ |

8-'ਕ੍ਰਿਸ਼ੀ ਉਡਾਨ ਯੋਜਨਾ' ਆਰੰਭ ਕੀਤੀ ਜਾਵੇਗੀ | ਇਹ ਯੋਜਨਾ ਖੇਤੀਬਾੜੀ ਮੰਤਰਾਲੇ ਵਲੋਂ ਆਰੰਭ ਹੋਵੇਗੀ | ਇਹ ਯੋਜਨਾ ਕੌਮਾਂਤਰੀ, ਰਾਸ਼ਟਰੀ ਮਾਰਗਾਂ 'ਤੇ ਸ਼ੁਰੂ ਕੀਤੀ ਜਾਵੇਗੀ |

9- 'ਹਾਰਟੀਕਲਚਰ' 311 ਮਿਲੀਅਨ ਟਨ ਦੇ ਨਾਲ ਇਹ ਅੰਨ ਉਤਪਾਦਨ ਤੋਂ ਅੱਗੇ ਨਿਕਲ ਚੁੱਕਾ ਹੈ | ਅਸੀਂ ਰਾਜਾਂ ਦੀ ਸਹਾਇਤਾ ਕਰਾਂਗੇ | 'ਇਕ ਉਤਪਾਦ ਇਕ ਜ਼ਿਲ੍ਹਾ' ਯੋਜਨਾ ਬਣਾਈ ਜਾਵੇਗੀ |

10- ਏਕੀਕ੍ਰਿਤ ਖੇਤੀ ਪ੍ਰਣਾਲੀ, ਸਿੰਚਾਈਯੋਗ ਇਲਾਕਿਆਂ 'ਚ ਕੁਦਰਤੀ ਖੇਤੀ ਅਤੇ ਜੈਵਿਕ ਖੇਤੀ ਦੇ ਰਾਹੀਂ ਆਨਲਾਈਨ ਮਾਰਕੀਟ 'ਚ ਵਾਧਾ ਕੀਤਾ ਜਾਵੇਗਾ |

11- ਔਰਤ ਕਿਸਾਨਾਂ ਲਈ ਧੰਨ ਲਕਸ਼ਮੀ ਯੋਜਨਾ ਦਾ ਐਲਾਨ ਕੀਤਾ ਗਿਆ |

12- ਕਿਸਾਨ ਕ੍ਰੈਡਿਟ ਕਾਰਡ ਯੋਜਨਾ 2021 ਤੱਕ ਵਧਾਈ ਜਾਵੇਗੀ | ਨਾਨ-ਬੈਂਕਿੰਗ ਫਾਈਨਾਂਸ ਕੰਪਨੀਆਂ ਨੂੰ ਉਤਸ਼ਾਹਿਤ ਕੀਤਾ ਜਾਵੇਗਾ | 15 ਲੱਖ ਕਰੋੜ ਰੁਪਏ ਦਾ ਕਰਜ਼ਾ ਕਿਸਾਨਾਂ ਨੂੰ ਦੇਣ ਦਾ ਟੀਚਾ ਰੱਖਿਆ ਗਿਆ ਹੈ |

13- ਮੂੰਹ ਖੋਰ ਦੀ ਬਿਮਾਰੀ, ਪੀ.ਪੀ.ਆਰ. ਦੀ ਬਿਮਾਰੀ 2025 ਤੱਕ ਖ਼ਤਮ ਹੋ ਜਾਵੇਗੀ | ਸਰਕਾਰ ਦੁੱਧ ਦੇ ਉਤਪਾਦਨ ਨੂੰ ਦੁਗਣਾ ਕਰਨ ਲਈ ਇਕ ਯੋਜਨਾ ਚਲਾਏਗੀ |

14- ਮਨਰੇਗਾ ਅੰਦਰ ਚਾਰਾਗਾਹ ਨੂੰ ਜੋੜਿਆ ਜਾਵੇਗਾ |

15- ਸਮੁੰਦਰੀ ਇਲਾਕਿਆਂ ਦੇ ਕਿਸਾਨਾਂ ਲਈ ਮੱਛੀ ਉਤਪਾਦਨ ਦਾ ਟੀਚਾ 208 ਮਿਲੀਅਨ ਟਨ, 3077 ਸਾਗਰ ਮਿੱਤਰ ਬਣਾਏ ਜਾਣਗੇ | ਤੱਟਵਰਤੀ ਇਲਾਕਿਆਂ ਦੇ ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ | ਮੱਛੀ ਪ੍ਰੋਸੈਸਿੰਗ ਨੂੰ ਉਤਸ਼ਾਹਤ ਕੀਤਾ ਜਾਵੇਗਾ |

16- ਦੀਨ ਦਿਆਲ ਯੋਜਨਾ ਤਹਿਤ ਕਿਸਾਨਾਂ ਨੂੰ ਦਿੱਤੀ ਜਾ ਰਹੀ ਸਹਾਇਤਾ 'ਚ ਵਾਧਾ ਕੀਤਾ ਜਾਵੇਗਾ | ਇਸ ਦੇ 58 ਲੱਖ ਐਸ.ਐਚ.ਜੀ. ਬਣੇ ਹਨ, ਇਨ੍ਹਾਂ ਨੂੰ ਮਜ਼ਬੂਤ ਬਣਾਇਆ ਜਾਵੇਗਾ |

ਵਿੱਤ ਮੰਤਰੀ ਨੇ ਕਿਹਾ ਕਿ ਇਨ੍ਹਾਂ 16 ਯੋਜਨਾਵਾਂ ਲਈ 2.83 ਲੱਖ ਕਰੋੜ ਰੁਪਏ ਦਾ ਫ਼ੰਡ ਰੱਖਿਆ ਗਿਆ ਹੈ ਅਤੇ ਕੁੱਲ ਫ਼ੰਡ 'ਚ ਖੇਤੀਬਾੜੀ, ਸਿੰਚਾਈ ਲਈ 1.2 ਲੱਖ ਕਰੋੜ ਰੁਪਏ ਦੀ ਰਾਸ਼ੀ ਸ਼ਾਮਿਲ ਹੈ |

 

ਬਜਟ-2020 ਦੂਰਦਰਸ਼ੀ ਅਤੇ ਅਸਰਦਾਰ, ਦੇਸ਼ ਦੇ ਹਰ ਨਾਗਰਿਕ ਨੂੰ ਵਿੱਤੀ ਤੌਰ ਉਤੇ ਮਜ਼ਬੂਤ ਕਰੇਗਾ -ਮੋਦੀ

 

ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਵੱਲੋਂ ਦਿੱਤਾ ਬਜਟ ਭਾਸ਼ਣ ਬਹੁਤ ‘ਲੰਮਾ’ ਸੀ -ਮਨਮੋਹਨ ਸਿੰਘ

 

ਬਜਟ ਰਣਨੀਤਕ ਪੱਖੋਂ ਕੋਰਾ, ਕੁਝ ਵੀ ਠੋਸ ਨਹੀਂ ਅਤੇ ਸਰਕਾਰ ਦੀਆਂ ਨੀਤੀਆਂ ਖੋਖ਼ਲੀਆਂ -ਰਾਹੁਲ

 

ਕੁਝ ਵੀ ਠੋਸ ਨਹੀਂ, ਸਿਰਫ਼ ਸ਼ੋਸ਼ੇਬਾਜ਼ੀ ਦੇ ਐਲਾਨ-ਕੈਪਟਨ

 

ਚੰਡੀਗੜ੍ਹ,ਕੇਂਦਰੀ ਬਜਟ ਬਾਰੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਸ 'ਚ ਕੁਝ ਵੀ ਠੋਸ ਨਹੀਂ, ਸਿਰਫ਼ ਸ਼ੋਸ਼ੇਬਾਜ਼ੀ ਦੇ ਐਲਾਨ ਹਨ | ਕੇਂਦਰ ਸਰਕਾਰ ਨੇ ਇਸ ਬਜਟ ਰਾਹੀਂ ਸਾਫ਼ ਕਰ ਦਿੱਤਾ ਕਿ ਆਰਥਿਕਤਾ ਉਨ੍ਹਾਂ ਦੀ ਪਹਿਲ ਨਹੀਂ, ਸਗੋਂ ਉਨ੍ਹਾਂ ਦਾ ਏਜੰਡਾ ਨਕਾਰਾਤਮਿਕਤਾ ਤੇ ਵੰਡ ਪਾਊ ਹੈ |

ਬਜਟ ਨੇ ਹਰੇਕ ਦੀਆਂ ਉਮੀਦਾਂ ਨੂੰ ਢਾਹ ਲਾਈ ਹੈ |

 

ਦਿੱਲੀ ਨਾਲ ਮੁੜ ਮਤਰੇਆਂ ਵਾਲਾ ਸਲੂਕ ਹੋਇਆ, ਲੋਕਾਂ ਦੀਆਂ ਆਸਾਂ ਨੂੰ ਬੂਰ ਨਹੀਂ ਪਿਆ -ਕੇਜਰੀਵਾਲ

 

 

ਬਜਟ ਕਿਸਾਨ ਤੇ ਗ਼ਰੀਬ-ਪੱਖੀ-ਸੁਖਬੀਰ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੇਂਦਰੀ ਬਜਟ ਦੀ ਕਿਸਾਨ-ਪੱਖੀ ਅਤੇ ਗਰੀਬ-ਪੱਖੀ ਬਜਟ ਵਜੋਂ ਸ਼ਲਾਘਾ ਕਰਦਿਆਂ ਕਿਹਾ ਕਿ ਆਮਦਨ ਕਰ ਵਿਚ ਦਿੱਤੀ ਛੋਟ ਨਾਲ ਆਮ ਆਦਮੀ ਨੂੰ ਲਾਭ ਹੋਵੇਗਾ | ਡਿਜੀਟਾਈਜੇਸ਼ਨ, ਬੁਨਿਆਦੀ ਢਾਂਚੇ ਅਤੇ ਇੰਡਸਟਰੀ ਨੂੰ ਹੁਲਾਰਾ ਦੇ ਕੇ ਉੱਚੀ ਜੀ.ਡੀ.ਪੀ. ਹਾਸਿਲ ਕਰਨ ਲਈ ਜ਼ਮੀਨ ਤਿਆਰ ਕਰ ਦਿੱਤੀ ਗਈ ਹੈ | ਖੇਤੀਬਾੜੀ ਸੈਕਟਰ ਲਈ 15 ਲੱਖ ਕਰੋੜ ਰੁਪਏ ਰੱਖੇ ਜਾਣ ਦਾ ਸਵਾਗਤ ਕੀਤਾ |

 

ਪੂਰੇ ਦੇਸ਼ ਨੂੰ ਨਿਰਾਸ਼ ਕਰ ਗਿਆ ਬਜਟ-ਭਗਵੰਤ ਮਾਨ

 

ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕੇਂਦਰ ਸਰਕਾਰ ਵਲੋਂ ਪੇਸ਼ ਬਜਟ ਨੂੰ ਸਿਰੇ ਤੋਂ ਰੱਦ ਕਰਦੇ ਹੋਏ ਕਿਹਾ ਕਿ ਮੋਦੀ ਸਰਕਾਰ ਨੇ ਇਸ ਵਾਰ ਫਿਰ ਨਾ ਕੇਵਲ ਪੰਜਾਬ ਅਤੇ ਦਿੱਲੀ ਨਾਲ ਮਤਰੇਆ ਸਲੂਕ ਕੀਤਾ ਹੈ, ਸਗੋਂ ਦੇਸ਼ ਦੇ ਹਰੇਕ ਵਰਗ ਨੂੰ ਨਿਰਾਸ਼ ਅਤੇ ਬੇ-ਉਮੀਦ ਕੀਤਾ ਹੈ |

 

ਬਰਤਾਨੀਆ 'ਚ ਦੋ ਮਾਮਲੇ ਆਏ ਸਾਹਮਣੇ

ਮਾਨਚੈਸਟਰ,ਫ਼ਰਵਰੀ 2020-(ਗਿਆਨੀ ਅਮਰੀਕ ਸਿੰਘ ਰਾਠੌਰ)- ਚੀਨ ਤੋਂ ਸ਼ੁਰੂ ਹੋਏ ਜਾਨਲੇਵਾ ਕੋਰੋਨਾ ਵਾਇਰਸ ਦੇ ਮਾਮਲੇ ਹੋਰ ਕਈ ਦੇਸ਼ਾਂ ਵਿਚ ਵੀ ਸਾਹਮਣੇ ਆ ਰਹੇ ਹਨ | ਬਰਤਾਨੀਆ ਸਰਕਾਰ ਨੇ ਵੀ ਕੋਰੋਨਾ ਵਾਇਰਸ ਦੇ ਦੋ ਮਾਮਲੇ ਸਾਹਮਣੇ ਆਉਣ ਦੀ ਪੁਸ਼ਟੀ ਕੀਤੀ ਹੈ | ਰਿਪੋਰਟ ਅਨੁਸਾਰ ਦੋਵੇਂ ਮਰੀਜ਼ ਇਕੋ ਪਰਿਵਾਰ ਦੇ ਮੈਂਬਰ ਹਨ, ਜਿਨ੍ਹਾਂ ਦੀ ਖ਼ਾਸ ਦੇਖਭਾਲ ਕੀਤੀ ਜਾ ਰਹੀ ਹੈ | ਸਿਹਤ ਵਿਭਾਗ ਨੇ ਕਿਹਾ ਹੈ ਕਿ ਵਾਇਰਸ ਨਾਲ ਨਜਿੱਠਣ ਲਈ ਐੱਨ. ਐੱਚ. ਐੱਸ. ਪੂਰੀ ਤਰ੍ਹਾਂ ਤਿਆਰ ਹੈ | ਵਿਭਾਗ ਨੇ ਕਿਹਾ ਕਿ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਬਣਦੇ ਯਤਨ ਕੀਤੇ ਜਾ ਰਹੇ ਹਨ | ਅਜੇ ਮਾਮਲਿਆਂ ਦੀ ਪਹਿਚਾਣ ਲਈ ਵੀ ਯਤਨ ਕੀਤੇ ਜਾ ਰਹੇ ਹਨ |

ਅੰਮਿ੍ਤਸਰ ਚ ਇਕ ਹਜ਼ਾਰ ਕਰੋੜ ਦੀ ਹੈਰੋਇਨ ਤੇ ਹੋਰ ਨਸ਼ੀਲੇ ਪਦਾਰਥ ਬਰਾਮਦ 

ਅਫਗਾਨੀ ਨਾਗਰਿਕ ਤੇ ਇਕ ਲੜਕੀ ਸਣੇ 6 ਗਿ੍ਫ਼ਤਾਰ

ਸੁਲਤਾਨਵਿੰਡ ਤੋਂ ਫੜੀ ਗਈ ਹੈਰੋਇਨ ਦੀ ਵੱਡੀ ਖੇਪ ਦੀਆਂ ਤਾਰਾਂ ਵਿਦੇਸ਼ਾਂ ਨਾਲ ਜੁੜੇ ਹੋਣ ਦਾ ਖ਼ੁਲਾਸਾ
ਅੰਮ੍ਰਿਤਸਰ,ਫ਼ਰਵਰੀ 2020-( ਇਕਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ )- 

ਸੂਬਾ ਸਰਕਾਰ ਵਲੋਂ ਨਸ਼ਿਆਂ ਿਖ਼ਲਾਫ਼ ਗਠਿਤ ਕੀਤੀ ਵਿਸ਼ੇਸ਼ ਟਾਸਕ ਫੋਰਸ ਨੂੰ ਉਸ ਵੇਲੇ ਵੱਡੀ ਸਫ਼ਲਤਾ ਮਿਲੀ ਜਦੋਂ ਹੈਰੋਇਨ ਦੀ ਇਕ ਫ਼ੈਕਟਰੀ ਦਾ ਇਥੇ ਪਰਦਾਫਾਸ਼ ਕਰਦਿਆਂ ਉਥੋਂ 188.455 ਕਿਲੋਗਾ੍ਰਮ ਹੈਰੋਇਨ, ਛੇ ਡਰੰਮ ਕੈਮੀਕਲ, 38 ਕਿਲੋਗ੍ਰਾਮ ਤੋਂ ਵਧੇਰੇ ਡੈਕਸਟਰੋਮੈਥੋਫਾਰਮਨ ਪਾਊਡਰ ਤੇ ਸ਼ੱਕੀ ਕੈਮੀਕਲ, ਕੈਫੀਨ ਆਦਿ ਬਰਾਮਦ ਕਰਕੇ ਇਕ ਅਫਗਾਨੀ ਨਾਗਰਿਕ ਸਣੇ 6 ਦੋਸ਼ੀਆਂ ਨੂੰ ਗਿ੍ਫ਼ਤਾਰ ਕਰ ਲਿਆ ਗਿਆ | ਇਨ੍ਹਾਂ 'ਚ ਇਕ ਕੁੜੀ ਵੀ ਸ਼ਾਮਿਲ ਹੈ | ਇਹ ਪ੍ਰਗਟਾਵਾ ਅੱਜ ਇਥੇ ਪੁਲਿਸ ਲਾਈਨ ਵਿਖੇ ਕਰਦਿਆਂ ਐਸ. ਟੀ. ਐਫ. ਦੇ ਮੁਖੀ ਤੇ ਏ. ਡੀ. ਜੀ. ਪੀ. ਹਰਪ੍ਰੀਤ ਸਿੰਘ ਸਿੱਧੂ ਨੇ ਦੱਸਿਆ ਕਿ ਤਸਕਰਾਂ ਵਲੋਂ ਸੁਲਤਾਨਵਿੰਡ ਖੇਤਰ ਦੇ ਇਕ ਘਰ 'ਚ ਉਕਤ ਫ਼ੈਕਟਰੀ ਚਲਾਈ ਜਾ ਰਹੀ ਸੀ, ਜਿਸ ਦੀ ਤਲਾਸ਼ੀ ਦੌਰਾਨ ਉਥੋਂ ਉਕਤ ਹੈਰੋਇਨ ਤੇ ਹੋਰ ਸਮਾਨ ਬਰਾਮਦ ਹੋਇਆ ਹੈ | ਇਸ ਸਬੰਧੀ ਬੀਤੇ 29 ਜਨਵਰੀ ਨੂੰ ਅਜਨਾਲਾ ਰੋਡ ਤੋਂ ਬਰੀਜ਼ਾ ਕਾਰ ਸਵਾਰ ਵਿਅਕਤੀ ਨੂੰ 6 ਕਿਲੋਗਾ੍ਰਮ ਹੈਰੋਇਨ ਸਬੰਧੀ ਗਿ੍ਫ਼ਤਾਰ ਕੀਤਾ ਸੀ, ਜਿਸ ਦੀ ਸ਼ਨਾਖਤ ਸੁਖਬੀਰ ਸਿੰਘ ਹੈਪੀ ਵਾਸੀ ਅਜਨਾਲਾ ਰੋਡ ਵਜੋਂ ਹੋਈ ਸੀ, ਉਸ ਪਾਸੋਂ ਕੀਤੀ ਪੁੱਛਗਿੱਛ ਦੇ ਆਧਾਰ 'ਤੇ ਹੀ ਪੁਲਿਸ ਨੇ ਇਸ ਮਾਮਲੇ ਦੇ ਮੁੱਖ ਕਥਿਤ ਦੋਸ਼ੀ ਸੁਖਬੀਰ ਸਿੰਘ ਅਤੇ ਕੱਪੜਾ ਵਪਾਰੀ ਅੰਕੁਸ਼ ਨੂੰ ਗਿ੍ਫ਼ਤਾਰ ਕੀਤਾ ਗਿਆ, ਜੋ ਕਿ ਕੁਈਨਜ਼ ਰੋਡ 'ਤੇ ਕੱਪੜੇ ਦਾ ਸ਼ੋਅ ਰੂਮ ਚਲਾਉਂਦਾ ਹੈ | ਉਨ੍ਹਾਂ ਦੱਸਿਆ ਕਿ ਗਿ੍ਫ਼ਤਾਰ ਕੀਤੇ ਅਫਗਾਨੀ ਨਾਗਰਿਕ ਦੀ ਸ਼ਨਾਖਤ ਅਰਮਾਨ ਬਸ਼ਾਰਮਲ ਆਚੀਨ ਨਗਰ ਅਫ਼ਗਾਨਿਸਤਾਨ ਵਜੋਂ ਹੋਈ ਹੈ, ਜੋ ਕਿ ਦਿੱਲੀ ਰਾਹੀਂ ਇਥੇ ਅੰਮਿ੍ਤਸਰ 'ਚ ਪੁੱਜਿਆ ਸੀ ਅਤੇ ਹੈਰੋਇਨ ਦੇ ਮਿਕਸਰ, ਗਰਾਈਾਡਰ ਅਤੇ ਰਿਫਾਇਨ ਦੇ ਮਾਹਿਰ ਵਜੋਂ ਕੰਮ ਕਰਦਾ ਸੀ, ਉਹ ਇਥੇ ਅਕਾਸ਼ ਐਵੀਨਿਊ ਸੁਲਤਾਨਵਿੰਡ ਵਿਖੇ ਕਿਰਾਏ ਦੇ ਘਰ 'ਚ ਰਹਿੰਦਾ ਸੀ | ਪੁਲਿਸ ਅਨੁਸਾਰ ਪਿਛਲੇ ਇਕ ਮਹੀਨੇ ਤੋਂ ਇਹ ਘਰ ਹੈਰੋਇਨ ਨੂੰ ਗੋਦਾਮ ਕਰਨ ਤੇ ਉਸਦੇ ਸੋਧੀਕਰਨ ਤੇ ਸਪਲਾਈ ਲਈ ਵਰਤਿਆ ਜਾ ਰਿਹਾ ਸੀ | ਪੁਲਿਸ ਨੇ ਇਸ ਘਰ 'ਚੋਂ ਗੈਸ ਬਰਨਰ, ਵਪਾਰਕ ਸਿਲੰਡਰ, ਵੱਡੀ ਤਾਦਾਦ 'ਚ ਸਟੀਲ ਅਤੇ ਐਲੂਮੀਨੀਅਨ ਦੇ ਭਾਂਡੇ ਵੀ ਬਰਾਮਦ ਹੋਏ ਹਨ ਅਤ ਹੁਣ ਤੱਕ ਕੁੱਲ 194 ਕਿਲੋਗ੍ਰਾਮ ਹੈਰੋਇਨ ਬਰਾਮਦ ਹੋ ਚੁੱਕੀ ਹੈ | ਇਸ ਮਾਮਲੇ 'ਚ ਪੁਲਿਸ ਨੇ ਤਿੰਨ ਹੋਰਾਂ ਨੂੰ ਵੀ ਗਿ੍ਫ਼ਤਾਰ ਕੀਤਾ ਹੈ, ਜਿਨ੍ਹਾਂ ਦੀ ਸ਼ਨਾਖਤ ਸੁਖਵਿੰਦਰ ਸਿੰਘ ਤੇ ਮੇਜ਼ਰ ਸਿੰਘ ਵਾਸੀਆਨ ਪਿੰਡ ਨੌਸ਼ਹਿਰਾ ਖ਼ੁਰਦ ਮਜੀਠਾ ਰੋਡ, ਲੜਕੀ ਤੰਮਨਾ ਵਾਸੀ ਅੰਮਿ੍ਤਸਰ ਸ਼ਹਿਰ ਨੂੰ ਵੀ ਗਿ੍ਫ਼ਤਾਰ ਕੀਤਾ ਹੈ | ਇਨ੍ਹਾਂ 'ਚੋਂ ਸੁਖਵਿੰਦਰ ਸਿੰਘ ਇਥੇ ਮਾਲ ਰੋਡ ਸਥਿਤ ਇਕ ਜਿੰਮ ਦਾ ਟਰੇਨਰ ਹੈ, ਜਿਥੇ ਉਕਤ ਸਾਰੇ ਅਭਿਆਸ ਲਈ ਜਾਂਦੇ ਸਨ | ਇਸ ਤੋਂ ਇਲਾਵਾ ਇਸ ਮਾਮਲੇ 'ਚ ਸਿਮਰਨਜੀਤ ਸਿੰਘ ਸੰਧੂ ਵਾਸੀ ਰਣਜੀਤ ਐਵੀਨਿਊ ਦੀ ਵੀ ਸ਼ਮੂਲੀਅਤ ਪਾਈ ਗਈ ਹੈ, ਜੋ ਕਿ ਗੁਜਰਾਤ ਵਿਖੇ 300 ਕਿਲੋਗ੍ਰਾਮ ਹੈਰੋਇਨ ਦੇ ਮਾਮਲੇ 'ਚ ਪੁਲਿਸ ਨੂੰ ਲੋੜੀਂਦਾ ਸੀ | ਉਨ੍ਹਾਂ ਦੱਸਿਆ ਕਿ ਮੀਡੀਆ ਰਿਪੋਰਟਾਂ ਅਨੁਸਾਰ ਉਸ ਨੂੰ ਇੰਟਰਪੋਲ ਰਾਹੀਂ ਇਟਲੀ ਤੋਂ ਗਿ੍ਫ਼ਤਾਰ ਕਰ ਲਿਆ ਗਿਆ ਹੈ | ਦੂਜੇ ਪਾਸੇ ਇਕ ਅਕਾਲੀ ਦਲ ਦੇ ਆਗੂ ਦੇ ਘਰ ਚੱਲ ਰਹੀ ਇਸ ਫ਼ੈਕਟਰੀ ਬਾਰੇ ਉਨ੍ਹਾਂ ਕਿਹਾ ਕਿ ਇਸ ਦੀ ਜਾਂਚ ਕੀਤੀ ਜਾਵੇਗੀ | ਇਸ ਦੇ ਨਾਲ ਕਿਸੇ ਕਾਂਗਰਸੀ ਕੌਾਸਲਰ ਜਾ ਆਗੂ ਦੀ ਸ਼ਮੂਲੀਅਤ ਦੇ ਰੌਲੇ ਸਬੰਧੀ ਪੁੱਛੇ ਜਾਣ 'ਤੇ ਉਨ੍ਹਾਂ ਕਿਹਾ ਕਿ ਇਸ ਮਾਮਲੇ 'ਚ ਕਿਸੇ ਨੇਤਾ ਨੂੰ ਗਿ੍ਫ਼ਤਾਰ ਨਹੀਂ ਕੀਤਾ ਗਿਆ | ਇਸ ਮਾਮਲੇ 'ਚ ਪੁਲਿਸ ਨੇ ਕਿਸੇ ਕਾਂਗਰਸੀ ਕੌਸਲਰ ਜਾਂ ਨੇਤਾ ਦੀ ਗਿ੍ਫ਼ਤਾਰੀ ਤੋਂ ਵੀ ਇਨਕਾਰ ਕੀਤਾ | ਇਸ ਮੌਕੇ ਆਈ. ਜੀ. ਕੌਸ਼ਤੂਭ ਸ਼ਰਮਾ, ਪੁਲਿਸ ਕਮਿਸ਼ਨਰ ਸੁਖਚੈਨ ਸਿੰਘ ਗਿੱਲ, ਏ. ਆਈ. ਜੀ. ਰਛਪਾਲ ਸਿੰਘ ਆਦਿ ਅਧਿਕਾਰੀ ਹਾਜ਼ਰ ਸਨ |

ਇਥੇ ਸੁਲਤਾਨਵਿੰਡ ਤੋਂ ਫੜੀ ਗਈ ਹੈਰੋਇਨ ਦੀ ਵੱਡੀ ਖੇਪ ਦੀਆਂ ਤਾਰਾਂ ਵਿਦੇਸ਼ਾਂ ਨਾਲ ਜੁੜੇ ਹੋਣ ਦਾ ਖ਼ੁਲਾਸਾ ਹੋਇਆ ਹੈ | ਇਸ ਮਾਮਲੇ 'ਚ ਪੁਲਿਸ ਵਲੋਂ ਗਿ੍ਫਤਾਰ ਕੀਤੇ ਗਏ ਅਫਗਾਨੀ ਨਾਗਰਿਕ ਵਲੋਂ ਹੈਰੋਇਨ ਮਿਕਸ ਕਰਨ ਦੇ ਮਾਹਿਰ ਵਜੋਂ ਇਥੇ ਆ ਕੇ ਕੰਮ ਕਰਨਾ ਇਸ ਦਾ ਪ੍ਰਤੱਖ ਸੰਕੇਤ ਹੈ ਕਿ ਇਹ ਹੈਰੋਇਨ ਸਰੱਹਦ ਪਾਰ ਤੋਂ ਹੀ ਆਈ ਹੈ ਅਤੇ ਇਸ ਨੂੰ ਇਥੇ ਸੋਧ ਕੇ ਅਤੇ ਇਸ 'ਚ ਹੋਰ ਰਸਾਇਣ ਮਿਲਾਵਟ ਕਰ ਕੇ ਅੱਗੇ ਸਪਲਾਈ ਕੀਤੀ ਜਾਣੀ ਸੀ | ਅੱਜ ਪੱਤਰਕਾਰ ਸੰਮੇਲਨ 'ਚ ਐਸ ਟੀ.ਐਫ. ਦੇ ਮੁਖੀ ਤੇ ਏ.ਡੀ.ਜੀ.ਪੀ. ਹਰਪ੍ਰੀਤ ਸਿੰਘ ਸਿੱਧੂ ਨੇ ਦੱਸਿਆ ਕਿ ਇਸ ਦੀਆਂ ਤਾਰਾਂ ਗੁਜਰਾਤ ਦੇ 300 ਕਿਲੋਗ੍ਰਾਮ ਹੈਰੋਇਨ ਦੇ ਮਾਮਲੇ 'ਚ ਲੋੜੀਂਦੇ ਸਿਮਰਜੀਤ ਸਿੰਘ ਸੰਧੂ ਨਾਲ ਜੁੜੀਆਂ ਹੋਈਆਂ ਹਨ ਜਿਸ ਨੂੰ ਮੀਡੀਆ ਰਿਪੋਰਟਾਂ ਮੁਤਾਬਿਕ ਇਟਲੀ ਵਿਖੇ ਗਿ੍ਫਤਾਰ ਕਰ ਲਿਆ ਗਿਆ ਹੈ | ਤਸਕਰ ਸੰਧੂ ਗੁਜਰਾਤ 'ਚ ਹੈਰੋਇਨ ਦੀ ਖੇਪ ਫੜੇ ਜਾਣ ਉਪਰੰਤ ਇਟਲੀ ਭੱਜ ਗਿਆ ਸੀ | ਇਹ ਵੀ ਪਤਾ ਲਗਾ ਹੈ ਕਿ ਇਸ ਮਾਮਲੇ 'ਚ ਗਿ੍ਫਤਾਰ ਕੀਤੀ ਗਈ ਲੜਕੀ ਦੇ ਰੋਲ ਬਾਰੇ ਪੁਲਿਸ ਜਾਂਚ ਕਰ ਰਹੀ ਹੈ, ਜਿਸ ਬਾਰੇ ਕਿਹਾ ਜਾ ਰਿਹਾ ਹੈ ਕਿ ਉਸਦਾ ਹੈਰੋਇਨ ਦੀ ਤਸਕਰੀ ਨਾਲ ਕੋਈ ਲੈਣਾ ਦੇਣਾ ਨਹੀਂ ਸਗੋਂ ਉਹ ਇਕ ਤਸਕਰ ਦੀ ਦੋਸਤ ਹੋਣ ਕਾਰਨ ਫੈਕਟਰੀ 'ਚ ਗਈ ਸੀ ਅਤੇ ਪੁਲਿਸ ਛਾਪੇ ਵੇਲੇ ਕਾਬੂ ਆ ਗਈ | ਸ: ਸਿੱਧੂ ਨੇ ਕਿਹਾ ਕਿ ਲੜਕੀ ਦੇ ਰੋਲ ਦੀ ਜਾਂਚ ਕੀਤੀ ਜਾਵੇਗੀ | ਇਸ ਸਬੰਧੀ ਹੈਰੋਇਨ ਦੇ ਦੋਵੇਂ ਮਾਮਲੇ ਮੁਹਾਲੀ ਵਿਸ਼ੇਸ਼ ਥਾਣੇ ਵਿਖੇ ਦਰਜ ਕੀਤੇ ਗਏ ਹਨ | ਦੂਜੇ ਪਾਸੇ ਜਿਸ ਘਰ 'ਚ ਇਹ ਫੈਕਟਰੀ ਚਲਾਈ ਜਾ ਰਹੀ ਸੀ ਉਹ ਅਕਾਲੀ ਆਗੂ ਦੀ ਦੱਸੀ ਗਈ ਹੈ ਜਿਸ ਨੇ ਕਿਹਾ ਕਿ ਉਸਨੇ ਇਹ ਕੋਠੀ ਵੇਚ ਦਿੱਤੀ ਸੀ ਪੁਲਿਸ ਵਲੋਂ ਅਕਾਲੀ ਆਗੂ ਦੇ ਨਾਂਅ ਸਬੰਧੀ ਵੀ ਜਾਂਚ ਕੀਤੀ ਜਾ ਰਹੀ ਹੈ |

ਪ੍ਰਾਇਮਰੀ ਸਕੂਲ ਦੀਵਾਨਾ ਵਿਖੇ ਵਿਦਿਆਰਥੀਆਂ ਨੂੰ ਵਰਦੀਆਂ ਵੰਡੀਆਂ ਗਈਆਂ

ਮਹਿਲ ਕਲਾਂ/ਬਰਨਾਲਾ,ਜਨਵਰੀ 2020- ( ਗੁਰਸੇਵਕ ਸੋਹੀ )- 

ਸਰਕਾਰੀ ਪ੍ਰਾਇਮਰੀ ਸਕੂਲ ਦੀਵਾਨਾ ਵਿਖੇ ਲੋੜਵੰਦ ਬੱਚਿਆਂ ਨੂੰ ਵਰਦੀਆਂ ਵੰਡੀਆਂ ਗਈਆਂ । ਇਸ ਮੌਕੇ ਸਮਾਜ ਸੇਵੀ ਬਾਬਾ ਜੰਗ ਸਿੰਘ ਦੀਵਾਨਾ, ਕਾਂਗਰਸੀ ਆਗੂ ਗੁਰਦੀਪ ਸਿੰਘ ਦੀਵਾਨਾ, ਸਕੂਲ ਮੁਖੀ ਸੁਖਵਿੰਦਰ ਸਿੰਘ ਨੇ ਵਰਦੀਆਂ ਵੰਡਣ ਦੀ  ਰਸਮ ਅਦਾ ਕੀਤੀ ਗਈ । ਇਸ ਮੌਕੇ ਬਾਬਾ ਜੰਗ ਸਿੰਘ ਦੀਵਾਨਾ ਅਤੇ ਸਕੂਲ ਮੁਖੀ ਰਵਿੰਦਰ ਸਿੰਘ ਨੇ ਕਿਹਾ ਕਿ ਅੱਜ  ਲੋੜਵੰਦ ਪਰਿਵਾਰਾਂ ਦੇ ਬੱਚਿਆਂ ਨੂੰ ਵਰਦੀਆਂ ਵੰਡੀਆਂ ਗਈਆਂ ਹਨ । ਉਨ੍ਹਾਂ ਸਮਾਜ ਸੇਵੀ ਤੇ ਐਨ ਆਰ ਆਈ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਹੋਰਨਾਂ ਸੰਸਥਾਵਾਂ ਨੂੰ ਦਾਨ ਦੇਣ ਦੇ ਨਾਲ- ਨਾਲ ਸਰਕਾਰੀ ਸਕੂਲਾਂ ਨੂੰ ਵੀ ਦਾਨ ਜ਼ਰੂਰ ਦੇਣ ਤਾਂ ਜੋ ਲੋੜਵੰਦ ਪਰਿਵਾਰਾਂ ਦੇ ਬੱਚਿਆਂ ਦੀ ਮਦਦ ਹੋ ਸਕੇ । ਇਸ ਮੌਕੇ ਇਸ ਨੂੰ ਸਕੂਲੀ ਸਟਾਫ ਵੱਲੋਂ ਬਾਬਾ ਜੰਗ ਸਿੰਘ ਦੀਵਾਨਾ ਦਾ ਵਰਦੀਆ ਵਿੱਚ ਜਿਕਰਯੋਗ ਸਹਿਯੋਗ ਕਰਨ ਬਦਲੇ ਸਨਮਾਨ ਕੀਤਾ ਗਿਆ । ਇਸ ਮੌਕੇ ਸਰਪੰਚ ਰਣਜੀਤ ਸਿੰਘ, ਸੁਰਜੀਤ ਸਿੰਘ, ਹਰਪ੍ਰੀਤ ਸਿੰਘ, ਹਾਕਮ ਸਿੰਘ, ਹਰਜਿੰਦਰ ਸਿੰਘ, ਮਨਜੀਤ ਸਿੰਘ ਬਰਾੜ ਕੈਨੇਡੀਅਨ, ਗੁਰਤੇਜ ਸਿੰਘ ,ਸੁੱਖੀ ਆਸਟਰੇਲੀਆ, ਸੁਰਜੀਤ ਸਿੰਘ ਗਹਿਲ  ਅਮਰੀਕਾ ਵਾਲੇ, ਮੈਡਮ ਕਿਰਨਦੀਪ ਕੌਰ ਮੈਡਮ ਨਰਿੰਦਰਪਾਲ ਕੌਰ,ਮੈਡਮ ਹਰਿੰਦਰ ਕੌਰ ,ਸੁਖਜੀਤ ਸਿੰਘ, ਹਰਪ੍ਰੀਤ ਸਿੰਘ ਲੱਖਾ,ਪੰਚ  ਗੋਰਾ ਸਿੰਘ ਸਿੱਧੂ, ਪੰਚ ਸੁਖਦੇਵ ਸਿੰਘ,  ਮਾ  ਅਮਰਜੀਤ  ਸਿੰਘ ਪੱਪੂ ਹਾਜ਼ਰ ਸਨ ।

ਢੀਂਡਸਾ ਸਮਰਥਕਾਂ ਵੱਲੋਂ ਮਹਿਲ ਕਲਾਂ ਵਿਖੇ ਵਿਸ਼ਾਲ ਸ਼ਕਤੀ ਪ੍ਰਦਰਸ਼ਨ-Video

ਅਕਾਲੀ ਦਲ ਨੂੰ ਅਸਲ ਸਿਧਾਂਤਾਂ ਤੇ ਲਿਆਉਣਾ ਸਾਡਾ ਮੁੱਖ ਮਕਸਦ- ਪਰਮਿੰਦਰ ਢੀਂਡਸਾ 

 ਮਹਿਲ ਕਲਾਂ/ਬਰਨਾਲਾ,ਜਨਵਰੀ 2020- ( ਗੁਰਸੇਵਕ ਸੋਹੀ )- 

 ਮਹਿਲ ਕਲਾਂ ਵਿਖੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਦੀ  ਮਹਿਲ ਕਲਾਂ ਫੇਰੀ ਮੌਕੇ  ਜ਼ਿਲ੍ਹਾ ਪ੍ਰਧਾਨ ਰੂਬਲ ਗਿੱਲ ਕੈਨੇਡਾ, ਸਾਬਕਾ ਚੇਅਰਮੈਨ ਅਜੀਤ ਸਿੰਘ ਕੁਤਬਾ ਅਤੇ ਗੁਰਪ੍ਰੀਤ ਸਿੰਘ ਚੀਨਾ ਮਹਿਲ ਕਲਾਂ ਦੀ ਅਗਵਾਈ ਹੇਠ ਜ਼ਬਰਦਸਤ ਸ਼ਕਤੀ ਪ੍ਰਦਰਸ਼ਨ ਕੀਤਾ ਗਿਆ । ਜਿਸ ਵਿੱਚ ਸੈਂਕੜਿਆਂ ਦੀ ਗਿਣਤੀ ਵਿੱਚ ਆਗੂਆਂ ਨੇ ਪੁੱਜ ਕੇ ਢੀਂਡਸਾ ਪਰਿਵਾਰ ਨਾਲ ਡਟਣ ਦਾ ਐਲਾਨ ਕੀਤਾ । ਇਸ ਮੌਕੇ ਬੋਲਦਿਆਂ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਸਾਡੀ ਲੜਾਈ  ਕਿਸੇ ਵਿਅਕਤੀ ਵਿਸੇਸ ਨਾਲ  ਨਿੱਜੀ ਦੁਸਮਣੀ  ਨਹੀਂ ਸਗੋਂ ਲੱਖਾਂ ਕੁਰਬਾਨੀਆਂ ਦੇ ਕੇ ਹੋਂਦ ਵਿੱਚ ਆਏ ਅਕਾਲੀ ਦਲ ਨੂੰ ਮੁੜ ਅਸਲ ਸਿਧਾਤਾਂ ਤੇ ਲਿਆਉਣਾ ਹੈ। 

 ਢੀਂਡਸਾ ਨੇ ਕਿਹਾ ਕਿ ਸਾਡਾ ਨਿਸ਼ਾਨਾ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨਾ ਨਹੀਂ ,ਸਗੋਂ ਅਕਾਲੀ  ਦਲ ਨੂੰ ਮਜ਼ਬੂਤ ਤੇ ਤਕੜੇ ਕਰਨਾ ਹੈ।ਉਨ੍ਹਾਂ ਕਿਹਾ ਕਿ ਅਕਾਲੀ ਦਲ ਪੰਜਾਬੀਆਂ ਦੀ ਪਾਰਟੀ ਹੈ, ਜਿਸ ਦੀ ਪੰਜਾਬ ਨੂੰ ਬਹੁਤ ਵੱਡੀ ਦੇਣ ਹੈ। ਜਿਨ੍ਹਾਂ ਦੇ ਆਗੂਆਂ ਨੇ ਪੰਜਾਬ ਤੇ ਲੋਕਤੰਤਰ ਨੂੰ ਬਹਾਲ ਕਰਨ ਦੇ ਲਈ ਵੱਡੀਆਂ ਕੁਰਬਾਨੀਆਂ ਦਿੱਤੀਆਂ ਹਨ, ਪਰ ਅੱਜ ਜਿਨ੍ਹਾਂ ਹਾਲਾਤਾਂ ਵਿੱਚੋਂ ਅਕਾਲੀ ਦਲ ਲੰਘ ਰਿਹਾ ਹੈ । ਇਹ ਹੀ ਕਾਰਨ ਕਰਕੇ ਸਾਨੂੰ ਇਹ ਫੈਸਲਾ ਲੈਣਾ  ਪਿਆ ਹੈ ,ਕਿਉਂਕਿ ਲੋਕਾਂ ਦਾ ਸ਼੍ਰੋਮਣੀ ਅਕਾਲੀ ਦਲ ਤੋਂ ਵਿਸ਼ਵਾਸ ਖਤਮ ਹੋ ਚੁੱਕਾ ਹੈ, ਕਿਉਂਕਿ ਜੋ ਲੋਕ ਨੂੰ ਪਾਰਟੀ ਦੀ ਅਗਵਾਈ ਕਰ ਰਹੇ ਹਨ ਉਨ੍ਹਾਂ ਦੀਆਂ ਗਲਤ ਨੀਤੀਆਂ ਕਾਰਨ ਹੀ ਅਕਾਲੀ ਦਲ ਪੰਜਾਬ ਚੋਂ ਬੁਰੀ ਤਰ੍ਹਾਂ ਪਛੜਿਆ ਹੈ । ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਹੋਰ ਬਹੁਤ ਸਾਰੇ ਆਗੂ ਸਾਡੀ ਹਮਾਇਤ ਵਿੱਚ ਹਨ, ਪਰ ਉਹ ਕੁਝ ਮਜਬੂਰੀਆਂ ਕਾਰਨ ਖੁੱਲ੍ਹ ਕੇ ਨਹੀਂ ਬੋਲ ਸਕਦੇ । ਜਿਹੜੇ ਲੋਕ 2015  ਤੋਂ ਬਾਅਦ ਪਾਰਟੀ ਤੋਂ ਪਿੱਛੇ ਹੱਟ ਕੇ ਘਰ ਬੈਠ ਗਏ ਸਨ ਉਹ ਹੁਣ ਮੁੜ ਸਾਡੇ ਨਾਲ ਤੁਰ ਪਏ ਹਨ ਤੇ ਪੰਜਾਬ ਦੀ ਚੜਦੀ ਕਲਾ ਦੇ ਲਈ  ਕਰਨ ਲਈ ਦਿਨ ਰਾਤ ਇੱਕ ਕਰ ਰਹੇ ਹਨ । ਢੀਂਡਸਾ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਸਾਡੇ ਲਈ ਜ਼ਰੂਰੀ ਹੈ ਕਿਉਂਕਿ ਜਦ ਤੱਕ ਚੰਗੇ ਲੋਕ ਧਰਮ ਦੀ ਅਗਵਾਈ ਨਹੀਂ ਕਰਦੇ ਉਨ੍ਹਾਂ ਚਿਰ ਕੁਝ ਹੋ ਨਹੀਂ ਸਕਦਾ, ਕਿਉਂਕਿ ਸਾਡੇ ਸਿਧਾਂਤ ਹਨ ਕਿ ਸਿਆਸਤ ਧਰਮ ਦੀ ਅਗਵਾਈ ਕਰਦੀ ਹੈ।  ਇਸ ਲਈ ਸਾਡੀ ਇੱਛਾ ਹੈ ਕਿ ਸਾਰੇ ਪੰਜਾਬ ਚ ਚੰਗੇ ਅਕਸ ਵਾਲੇ ਬੰਦਿਆਂ ਨੂੰ ਲੋਕ ਅੱਗੇ ਲਿਆਉਣ । ਅਖੀਰ ਵਿਚ ਉਨ੍ਹਾਂ ਕਿਹਾ ਕਿ ਆਉਂਦੇ ਦਿਨਾਂ ਚ ਪੰਜਾਬ ਦੇ ਜ਼ਿਲ੍ਹੇ ਅਤੇ ਪਿੰਡਾਂ ਵਿੱਚ ਟਕਸਾਲੀ ਵਰਕਰਾਂ ਨੂੰ ਜੋੜ ਕੇ ਕਾਫਲੇ ਨੂੰ ਹੋਰ ਵੱਡਾ ਕੀਤਾ ਜਾਵੇਗਾ । ਇਸ ਮੌਕੇ ਸੀਨੀਅਰ ਆਗੂ ਰਜਿੰਦਰ ਸਿੰਘ ਕਾਂਝਲਾ, ਸੀਨੀਅਰ ਯੂਥ ਆਗੂ ਰਵਿੰਦਰ ਸਿੰਘ ਰੰਮੀ,ਹਰਦੇਵ ਸਿੰਘ ਜਵੰਧਾ ਕੁਰੜ ,ਸਾਬਕਾ ਸਰਪੰਚ ਜਗਰਾਜ ਸਿੰਘ ਰਾਜਾ ਬੀਹਲਾ ,ਹਰਦੀਪ ਸਿੰਘ ਘੁੰਨਸ, ਜਗਸੀਰ ਸਿੰਘ ਭੋਲਾ ਛੀਨੀਵਾਲ, ਸਰਪੰਚ ਬਲਦੀਪ ਸਿੰਘ ਮਹਿਲ ਖ਼ੁਰਦ ,ਗੁਰਜੀਤ ਸਿੰਘ ਖੰਨਾ ਰਾਏਸਰ, ਸਾਬਕਾ ਸਰਪੰਚ ਨਛੱਤਰ ਸਿੰਘ ਸੱਦੋਵਾਲ, ਸਾਬਕਾ ਸਰਪੰਚ ਭਜਨ ਸਿੰਘ ਕੈਨੇਡੀਅਨ ਮਹਿਲ ਕਲਾਂ, ਪ੍ਰਧਾਨ ਲਾਡੀ ਰਾਏਕੋਟ,ਸਾਬਕਾ ਚੇਅਰਮੈਨ ਕਰਨੈਲ ਸਿੰਘ ਠੁੱਲੀਵਾਲ ,ਤੇਜਿੰਦਰਦੇਵ ਸਿੰਘ ਮਿੰਟੂ ਮਹਿਲ ਕਲਾਂ, ਸਾਬਕਾ ਸਰਪੰਚ ਸੁਰਜੀਤ ਸਿੰਘ ਕੁਰੜ, ਜਰਨੈਲ ਸਿੰਘ ਭੋਲਾ ਮਹਿਲ ਕਲਾ ,ਹਰਗੁਣ ਸਿੰਘ ਗਾਗੇਵਾਲ ,ਮਹਿੰਦਰ ਸਿੰਘ ਨੰਬਰਦਾਰ, ਪਰਮਜੀਤ ਸਿੰਘ ਢਿੱਲੋਂ, ਬੇਅੰਤ ਸਿੰਘ ਮਿੱਠੂ,ਕਰਨੈਲ ਸਿੰਘ  ਢੈਅਪੀ ਵਾਲੇ ,ਸ਼ਹੀਦ ਕਰਤਾਰ ਸਿੰਘ ਸਰਾਭਾ ਕਲੱਬ ਦੇ ਪ੍ਰਧਾਨ ਬੇਅੰਤ ਸਿੰਘ ਮਿੱਠੂ ਅਤੇ ਸਮੂਹ ਅਹੁਦੇਦਾਰ, ਮਾਸਟਰ ਦਰਸ਼ਨ ਸਿੰਘ ਪੰਡੋਰੀ,ਗਾਇਕ ਮੁਨਸ਼ੀ ਖਾਂ ਰੂੜੇਕੇ, ਹਰਪ੍ਰੀਤ ਸਿੰਘ ਹਰਦਾਸਪੁਰਾ, ਪਰਵਿੰਦਰ ਸਿੰਘ ਸਹੌਰ, ਬਲਦੇਵ ਸਿੰਘ ਬੀਹਲਾ, ਗਗਨ ਬਾਜਵਾ ਸਹਿਜੜਾ , ਮਹਿਤਾਬ ਸਿੰਘ ਗੰਡਾ ਸਿੰਘ ਵਾਲਾ ਸਮੇਤ ਵੱਡੀ ਗਿਣਤੀ ਚ ਹਲਕੇ ਦੇ ਪੰਚ - ਸਰਪੰਚ ਤੇ ਅਕਾਲੀ ਆਗੂ ਹਾਜ਼ਰ ਸਨ।

ਸੜਕਾਂ ਕਿਨਾਰੇ ਵੱਡੀ ਗਿਣਤੀ ਵਿਚ ਪਸ਼ੂ ਚਰਾਉਣ ’ਤੇ ਪੂਰਨ ਪਾਬੰਦੀ 

ਕਪੂਰਥਲਾ, ਜਨਵਰੀ 2020-(ਹਰਜੀਤ ਸਿੰਘ ਵਿਰਕ)-

ਜ਼ਿਲਾ ਮੈਜਿਸਟ੍ਰੇਟ ਸ੍ਰੀਮਤੀ ਦੀਪਤੀ ਉੱਪਲ ਨੇ ਫ਼ੌਜਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਕਿਸੇ ਵੀ ਚਰਵਾਹੇ/ਵਿਅਕਤੀ ਵੱਲੋਂ ਭਾਰੀ ਮਾਤਰਾ ਵਿਚ ਗਾਵਾਂ/ਮੱਝਾਂ ਨੂੰ ਜ਼ਿਲਾ ਕਪੂਰਥਲਾ ਦੇ ਸ਼ਹਿਰਾਂ, ਕਸਬਿਆਂ ਅਤੇ ਪਿੰਡਾਂ ਦੀਆਂ ਸੜਕਾਂ ਕਿਨਾਰੇ ਚਰਾਉਣ ’ਤੇ ਪੂਰਨ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ। ਇਹ ਹੁਕਮ 24 ਮਾਰਚ 2020 ਤੱਕ ਲਾਗੂ ਰਹਿਣਗੇ।

ਜਾਰੀ ਹੁਕਮਾਂ ਵਿਚ ਜ਼ਿਲਾ ਮੈਜਿਸਟ੍ਰੇਟ ਨੇ ਕਿਹਾ ਹੈ ਕਿ ਉਨਾਂ ਦੇ ਧਿਆਨ ਵਿਚ ਲਿਆਂਦਾ ਗਿਆ ਹੈ ਕਿ ਚਰਵਾਹੇ ਭਾਰੀ ਮਾਤਰਾ ਵਿਚ ਗਾਵਾਂ/ਮੱਝਾਂ ਆਦਿ ਲੈ ਕੇ ਜ਼ਿਲਾ ਕਪੂਰਥਲਾ ਦੇ ਸ਼ਹਿਰਾਂ, ਕਸਬਿਆਂ ਅਤੇ ਪਿੰਡਾਂ ਵਿਚ ਘੁੰਮਦੇ-ਫਿਰਦੇ ਹਨ, ਜੋ ਕਿ ਲੋਕਾਂ ਦੀਆਂ ਫ਼ਸਲਾਂ ਅਤੇ ਸੜਕ ਕਿਨਾਰੇ ਲਗਾਏ ਗਏ ਬੂਟਿਆਂ ਨੂੰ ਨੁਕਸਾਨ ਪਹੁੰਚਾਉਂਦੇ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਜ਼ਿਲੇ ਦੇ ਹਰੇਕ ਪਿੰਡ ਵਿਚ ਹਰਿਆਵਲ ਮਿਸ਼ਨ ਤਹਿਤ 550 ਬੂਟੇ ਵੀ ਲਗਾਏ ਗਏ ਹਨ। ਹਰਿਆਵਲ ਮਿਸ਼ਨ ਤਹਿਤ ਲਗਾਏ ਗਏ ਬੂਟਿਆਂ ਦੀ ਸਾਂਭ-ਸੰਭਾਲ ਅਤੇ ਜ਼ਿਲਾ ਕਪੂਰਥਲਾ ਦੇ ਵਸਨੀਕਾਂ ਦੀਆਂ ਮੁਸ਼ਕਲਾਂ ਨੂੰ ਮੁੱਖ ਰੱਖਦਿਆਂ ਇਸ ’ਤੇ ਫੌਰੀ ਕਾਰਵਾਈ ਕਰਨ ਦੀ ਲੋੜ ਹੈ। 

ਫੋਟੋ : 

-ਸ੍ਰੀਮਤੀ ਦੀਪਤੀ ਉੱਪਲ, ਜ਼ਿਲਾ ਮੈਜਿਸਟ੍ਰੇਟ ਕਪੂਰਥਲਾ

ਸਮਾਂਬੱਧ ਅਤੇ ਪਾਰਦਰਸ਼ੀ ਢੰਗ ਨਾਲ ਮੁਹੱਈਆ ਕਰਵਾਈਆਂ ਜਾਣ ਸੇਵਾਵਾਂ-ਦੀਪਤੀ ਉੱਪਲ

ਮਾਲ ਅਧਿਕਾਰੀਆਂ ਨੂੰ ਵਸੂਲੀ ਦੇ ਕੰਮ ਵਿਚ ਤੇਜ਼ੀ ਲਿਆਉਣ ਦੇ ਨਿਰਦੇਸ਼

 ਵੱਖ-ਵੱਖ ਵਿਭਾਗਾਂ ਅਤੇ ਸੇਵਾ ਕੇਂਦਰਾਂ ਦੀ ਕਾਰਗੁਜ਼ਾਰੀ ਦਾ ਲਿਆ ਜਾਇਜ਼ਾ

ਕਪੂਰਥਲਾ, ਜਨਵਰੀ 2020-(ਹਰਜੀਤ ਸਿੰਘ ਵਿਰਕ)-

ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਨੇ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਮੀਟਿੰਗਾਂ ਦੌਰਾਨ ਵੱਖ-ਵੱਖ ਵਿਭਾਗਾਂ ਦੀ ਕਾਰਗੁਜ਼ਾਰੀ ਦਾ ਜਾਇਜ਼ਾ ਲੈਂਦਿਆਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਸੇਵਾ ਅਧਿਕਾਰ ਕਾਨੂੰਨ ਤਹਿਤ ਦਿੱਤੀਆਂ ਜਾ ਰਹੀਆਂ ਸੇਵਾਵਾਂ ਲੋਕਾਂ ਨੂੰ ਸਮਾਂਬੱਧ ਅਤੇ ਪਾਰਦਰਸ਼ੀ ਢੰਗ ਨਾਲ ਮੁਹੱਈਆ ਕਰਵਾਈਆਂ ਜਾਣ ਤਾਂ ਜੋ ਕਿਸੇ ਨੂੰ ਵੀ ਖੱਜਲ-ਖੁਆਰ ਨਾ ਹੋਣਾ ਪਵੇ। ਮਾਲ ਵਿਭਾਗ ਦੇ ਕੰਮਕਾਜ਼ ਦਾ ਜਾਇਜ਼ਾ ਲੈਂਦਿਆਂ ਉਨਾਂ ਅਧਿਕਾਰੀਆਂ ਨੂੰ ਫੁੱਟਕਲ ਬਕਾਇਆਂ ਦੀ ਵਸੂਲੀ ਦੇ ਕੰਮ ਵਿਚ ਤੇਜ਼ੀ ਲਿਆਉਣ ਅਤੇ ਬਕਾਇਆ ਪਏ ਕੇਸਾਂ ਦਾ ਜਲਦ ਨਿਪਟਾਰਾ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ। ਇਸ ਮੌਕੇ ਉਨਾਂ ਤਕਸੀਮ ਦੇ ਅਦਾਲਤੀ ਕੇਸਾਂ, ਜ਼ਮੀਨ ਦੇ ਖਾਨਗੀ ਵੰਡ ਦੇ ਕੇਸਾਂ, ਝਗੜੇ ਤੋਂ ਰਹਿਤ ਅਤੇ ਝਗੜੇ ਵਾਲੇ ਇੰਤਕਾਲਾਂ, ਜਮਾਂਬੰਦੀ ਅਤੇ ਵਸੀਕਾ ਦੇ ਨਿਪਟਾਰੇ ਸਬੰਧੀ ਅਫ਼ਸਰ ਵਾਰ ਜਾਣਕਾਰੀ ਲਈ ਅਤੇ ਲੋੜੀਂਦੇ ਦਿਸ਼ਾ-ਨਿਰਦੇਸ਼ ਦਿੱਤੇ। ਇਸੇ ਤਰਾਂ ਉਨਾਂ ਤਹਿਸੀਲ ਵਾਰ ਵਸੂਲੀ ਦੇ ਕੰਮ ਦਾ ਜਾਇਜ਼ਾ ਵੀ ਲਿਆ। 

ਇਸ ਦੌਰਾਨ ਉਨਾਂ ਸੇਵਾ ਕੇਂਦਰਾਂ ਦੇ ਕੰਮਕਾਜ਼ ਦੀ ਸਮੀਖਿਆ ਕਰਦਿਆਂ ਉਨਾਂ ਨੂੰ ਆਪਣਾ ਰਿਕਾਰਡ ਪੂਰੀ ਤਰਾਂ ਨਾਲ ਮੇਨਟੇਨ ਰੱਖਣ ਦੀ ਹਦਾਇਤ ਕੀਤੀ। ਇਸੇ ਤਰਾਂ ਉਨਾਂ ਜ਼ਮੀਨੀ ਰਿਕਾਰਡ ਦੇ ਕੰਪਿੳੂਟਰੀਕਰਨ, ਕਰਜ਼ ਰਾਹਤ ਯੋਜਨਾ ਅਤੇ ਆਰਥਿਕ ਜਨਗਣਨਾ ਦੇ ਕੰਮ ਦਾ ਵੀ ਜਾਇਜ਼ਾ ਲਿਆ ਅਤੇ ਅਧਿਕਾਰੀਆਂ ਨੂੰ ਵੱਖ-ਵੱਖ ਹਦਾਇਤਾਂ ਜਾਰੀ ਕੀਤੀਆਂ। ਇਸ ਮੌਕੇ ਜ਼ਿਲਾ ਮਾਲ ਅਫ਼ਸਰ ਸ੍ਰੀ ਪਰਮਜੀਤ ਸਿੰਘ ਸਹੋਤਾ, ਸਹਾਇਕ ਕਮਿਸ਼ਨਰ ਡਾ. ਸ਼ਿਖਾ ਭਗਤ, ਐਸ. ਡੀ. ਐਮ ਸ੍ਰੀ ਵਰਿੰਦਰ ਪਾਲ ਸਿੰਘ ਬਾਜਵਾ, ਡਾ. ਚਾਰੂਮਿਤਾ, ਸ. ਗੁਰਵਿੰਦਰ ਸਿੰਘ ਜੌਹਲ ਤੇ ਸ. ਰਣਦੀਪ ਸਿੰਘ ਹੀਰ, ਤਹਿਸੀਲਦਾਰ ਸ. ਮਨਬੀਰ ਸਿੰਘ ਢਿੱਲੋਂ, ਸ੍ਰੀਮਤੀ ਸੀਮਾ ਸਿੰਘ, ਸ੍ਰੀ ਨਵਦੀਪ ਸਿੰਘ ਤੇ ਸ੍ਰੀ ਰਾਕੇਸ਼ ਕੁਮਾਰ, ਜ਼ਿਲਾ ਉੱਪ ਅਰਥ ਤੇ ਅੰਕੜਾ ਸਲਾਹਕਾਰ ਮੈਡਮ ਰਾਣੀ, ਜ਼ਿਲਾ ਇਨਫਾਰਮੈਟਿਕ ਅਫ਼ਸਰ ਸ੍ਰੀ ਸੰਜੀਵ ਗਾਬਾ, ਜ਼ਿਲਾ ਸਿੱਖਿਆ ਅਫ਼ਸਰ (ਸ) ਮੱਸਾ ਸਿੰਘ ਸਿੱਧੂ, ਜ਼ਿਲਾ ਸਿੱਖਿਆ ਅਫ਼ਸਰ (ਅ) ਸ. ਗੁਰਭਜਨ ਸਿੰਘ ਲਾਸਾਨੀ, ਖੇਤੀਬਾੜੀ ਅਫ਼ਸਰ ਸ੍ਰੀ ਅਸ਼ਵਨੀ ਕੁਮਾਰ,  ਸ੍ਰੀਮਤੀ ਗਗਨਦੀਪ ਕੌਰ ਤੋਂ ਇਲਾਵਾ ਸਮੂਹ ਨਾਇਬ ਤਹਿਸੀਲਦਾਰ, ਬੀ. ਡੀ. ਪੀ. ਓਜ਼ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

ਕੈਪਸ਼ਨ : 

-ਅਧਿਕਾਰੀਆਂ ਨਾਲ ਮੀਟਿੰਗ ਕਰਦੇ ਹੋਏ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ। ਨਾਲ ਹਨ ਜ਼ਿਲਾ ਮਾਲ ਅਫ਼ਸਰ ਸ੍ਰੀ ਪਰਮਜੀਤ ਸਿੰਘ ਸਹੋਤਾ, ਸਹਾਇਕ ਕਮਿਸ਼ਨਰ ਡਾ. ਸ਼ਿਖਾ ਭਗਤ ਅਤੇ ਹੋਰ ਅਧਿਕਾਰੀ।

ਜ਼ਿਲਾ ਪੱਧਰੀ ਗਣਤੰਤਰ ਦਿਵਸ ਸਮਾਰੋਹ ਮੌਕੇ ਵਧੀਆ ਸੇਵਾਵਾਂ ਲਈ ਸਨਮਾਨਿਤ ਕਰਦੇ ਹੋਏ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ

ਕਪੂਰਥਲਾ, ਜਨਵਰੀ 2020-(ਹਰਜੀਤ ਸਿੰਘ ਵਿਰਕ)-

ਗੁਰੂ ਨਾਨਕ ਸਟੇਡੀਅਮ, ਕਪੂਰਥਲਾ ਵਿਖੇ ਜ਼ਿਲਾ ਪੱਧਰੀ ਗਣਤੰਤਰ ਦਿਵਸ ਸਮਾਰੋਹ ਮੌਕੇ ਜ਼ਿਲਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ ਦੇ ਸੁਪਰਡੈਂਟ ਸ੍ਰੀ ਕੁਲਦੀਪ ਸਿੰਘ ਨੂੰ ਵਧੀਆ ਸੇਵਾਵਾਂ ਲਈ ਸਨਮਾਨਿਤ ਕਰਦੇ ਹੋਏ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ । ਨਾਲ ਹਨ ਐਸ. ਐਸ. ਪੀ ਕਪੂਰਥਲਾ ਸ੍ਰੀ ਸਤਿੰਦਰ ਸਿੰਘ ਤੇ ਹੋਰ।  

ਪੰਜਾਬ ਸਰਕਾਰ ਹਰੇਕ ਵਰਗ ਦੀ ਭਲਾਈ ਲਈ ਵਚਨਬੱਧ-ਵਿਧਾਇਕ ਸੰਜੇ ਤਲਵਾੜ

ਪੰਜਾਬ ਵਾਸੀਆਂ ਨੂੰ ਯੋਜਨਾਵਾਂ ਦਾ ਵੱਧ ਤੋਂ ਵੱਧ ਲਾਭ ਲੈਣ ਦੀ ਅਪੀਲ
ਲੁਧਿਆਣਾ, ਜਨਵਰੀ 2020-( ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਵਿਧਾਨ ਸਭਾ ਹਲਕਾ ਲੁਧਿਆਣਾ (ਪੂਰਬੀ) ਦੇ ਵਿਧਾਇਕ ਸੰਜੇ ਤਲਵਾੜ ਨੇ ਕਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਹਰ ਵਰਗ ਦੇ ਲੋਕਾਂ ਦੀ ਭਲਾਈ ਲਈ ਕਾਰਜ ਕਰਨ ਲਈ ਵਚਨਬੱਧ ਹੈ ਤਾਂ ਹੀ ਤਾਂ ਕਈ ਭਲਾਈ ਯੋਜਨਾਵਾਂ ਸਫ਼ਲਤਾਪੂਰਵਕ ਚਾਲੂ ਕੀਤੀਆਂ ਗਈਆਂ ਹਨ। ਉਨਾਂ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਨਾਂ ਯੋਜਨਾਵਾਂ ਦਾ ਭਰਪੂਰ ਲਾਭ ਲੈਣ ਤਾਂ ਜੋ ਉਹ ਆਪਣੇ ਪੈਰਾਂ 'ਤੇ ਖੁਦ ਖੜੇ ਹੋ ਸਕਣ। ਉਹ ਅੱਜ ਸਥਾਨਕ ਬਚਤ ਭਵਨ ਵਿਖੇ ਪੰਜਾਬ ਬੈਕਵਾਰਡ ਕਲਾਸਿਜ਼ ਲੈਂਡ ਡਿਵੈੱਲਪਮੈਂਟ ਐਂਡ ਫਾਈਨਾਂਸ ਕਾਰਪੋਰੇਸ਼ਨ (ਬੈਕਫਿੰਕੋ) ਵੱਲੋਂ ਲਾਭਪਾਤਰੀਆਂ ਨੂੰ ਕਰਜ਼ਾ ਮਨਜੂਰੀ ਪੱਤਰ ਮੁਹੱਈਆ ਕਰਵਾਉਣ ਉਪਰੰਤ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਦੱਸਣਯੋਗ ਹੈ ਕਿ ਅੱਜ ਮੁਹੰਮਦ ਗੁਲਾਬ, ਵਾਈਸ-ਚੇਅਰਮੈਨ ਬੈਕਫਿੰਕੋ ਵੱਲੋ ਬੱਚਤ ਭਵਨ ਲੁਧਿਆਣਾ ਵਿਖੇ ਪਛੜੀਆਂ ਸ਼੍ਰੇਣੀਆਂ ਨਾਲ ਸਬੰਧਤ ਵਿਅਕਤੀਆਂ ਨੂੰ ਕਾਰਪੋਰੇਸਨ ਵਲੋ ਚਲਾਈਆਂ ਜਾ ਰਹੀਆਂ ਸਵੈ-ਰੋਜਗਾਰ ਸਕੀਮਾਂ ਬਾਰੇ ਜਾਣਕਾਰੀ ਦੇਣ ਲਈ ਅਵੇਅਰਨੈੱਸ ਕੈਂਪ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਸੰਜੇ ਤਲਵਾੜ ਤੋਂ ਇਲਾਵਾ ਕੌਂਸਲਰ ਹਰਕਰਨਦੀਪ ਸਿੰਘ ਵੈਦ, ਸਾਬਕਾ ਡੀ.ਜੀ.ਪੀ. ਡੀ.ਆਰ. ਭੱਟੀ, ਜ਼ਿਲਾ ਭਲਾਈ ਅਫ਼ਸਰ ਸ੍ਰੀ ਰਾਜਿੰਦਰ ਕੁਮਾਰ ਅਤੇ ਹੋਰ ਅਧਿਕਾਰੀ ਮੌਜੂਦ ਸਨ। ਮੁਹੰਮਦ ਗੁਲਾਬ ਵੱਲੋ ਦੱਸਿਆ ਗਿਆ ਕਿ ਬੈਕਫਿੰਕੋ ਵੱਲੋਂ ਸਾਲ 2019-20 ਦੌਰਾਨ ਐਨ.ਬੀ.ਸੀ. ਸਕੀਮ ਅਧੀਨ 584 ਲਾਭਪਾਤਰੀਆਂ ਨੂੰ 741.00 ਲੱਖ ਰੁਪਏ ਕਰਜਾ ਵੰਡਣ ਦਾ ਟੀਚਾ ਨਿਸਚਿਤ ਕੀਤਾ ਗਿਆ ਹੈ। ਇਸ ਟੀਚੇ ਦੇ ਵਿਰੁੱਧ ਮਿਤੀ 24-1-2020 ਤੱਕ 287 ਲਾਭਪਾਤਰੀਆਂ ਨੂੰ 4.76 ਕਰੋੜ ਰੁਪਏ ਦੇ ਕਰਜੇ ਵੰਡੇ ਜਾ ਚੁੱਕੇ ਹਨ, ਜਿਸ ਵਿੱਚ ਜ਼ਿਲ•ਾ ਲੁਧਿਆਣਾ ਵਿਖੇ ਚਾਲੂ ਵਿੱਤੀ ਸਾਲ 2019-20 ਦੌਰਾਨ ਹੁਣ ਤੱਕ ਪਛੜੀਆਂ ਸ੍ਰੇਣੀਆਂ ਦੇ 21 ਲਾਭਪਾਤਰੀਆਂ ਨੂੰ 33.54 ਲੱਖ ਰੁਪਏ ਦੇ ਕਰਜੇ ਵੰਡੇ ਜਾ ਚੁੱਕੇ ਹਨ ਅਤੇ 09 ਬਿਨੈਕਾਰਾਂ ਦੇ 16.10 ਲੱਖ ਰੁਪਏ ਦੇ ਕਰਜੇ ਮਨਜੂਰ ਕੀਤੇ ਜਾ ਚੁੱਕੇ ਹਨ, ਜਿਹਨਾਂ ਦੇ ਮਨਜੂਰੀ ਪੱਤਰ ਅੱਜ ਉਹਨਾਂ ਵੱਲੋ ਬਿਨੈਕਾਰਾਂ ਨੂੰ ਦਿੱਤੇ ਗਏ। ਉਹਨਾਂ ਵੱਲੋ ਇਹ ਵੀ ਦੱਸਿਆ ਗਿਆ ਕਿ ਇਸ ਅਵੇਅਰਨੈਸ ਕੈਪ ਵਿੱਚ ਪਹੁੰਚੇ 16 ਬੇਰੁਜ਼ਗਾਰ ਵਿਅਕਤੀਆਂ ਦੇ 28 ਲੱਖ ਰੁਪਏ ਦੇ ਕਰਜਾ ਫਾਰਮ ਭਰੇ ਗਏ ਹਨ। ਉਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਬੈਕਫਿੰਕੋ ਦੀ ਸਥਾਪਨਾ ਸਾਲ 1976 ਵਿੱਚ ਰਾਜ ਦੀਆਂ ਪੱਛੜੀਆਂ ਸ੍ਰੇਣੀਆਂ ਅਤੇ ਆਰਥਿਕ ਤੌਰ 'ਤੇ ਕਮਜੋਰ ਵਰਗਾਂ ਦਾ ਆਰਥਿਕ ਮਿਆਰ ਉੱਚਾ ਚੁੱਕਣ ਲਈ ਕੀਤੀ ਗਈ ਸੀ। ਭਾਰਤ ਸਰਕਾਰ ਵੱਲੋਂ ਸਾਲ 1992 ਵਿੱਚ ਰਾਸਟਰੀ ਪਛੜੀਆਂ ਸ੍ਰੇਣੀਆਂ ਵਿੱਤ ਤੇ ਵਿਕਾਸ ਕਾਰਪੋਰੇਸ਼ਨ (ਐਨ.ਬੀ.ਸੀ.ਐਫ.ਡੀ.ਸੀ.) ਦੀ ਸਥਾਪਨਾ ਕਰਨ ਉਪਰੰਤ ਬੈਕਫਿੰਕੋ ਨੂੰ ਪੰਜਾਬ ਸਰਕਾਰ ਵਲੋਂ ਰਾਸ਼ਟਰੀ ਕਾਰਪੋਰੇਸਨ ਦੀਆਂ ਸਵੈ-ਰੁਜਗਾਰ ਸਕੀਮਾਂ ਨੂੰ ਰਾਜ ਵਿੱਚ ਲਾਗੂ ਕਰਨ ਲਈ ਨੋਡਲ ਏਜੰਸੀ ਬਣਾਇਆ ਗਿਆ ਹੈ ਅਤੇ ਇਨਾਂ ਸਕੀਮਾਂ ਤਹਿਤ ਕੇਵਲ 6 ਸਲਾਨਾ ਵਿਆਜ ਦਰ ਉਪਰ ਟਾਰਗਟ ਗਰੁੱਪ ਨੂੰ ਕਰਜੇ ਮੁਹੱਈਆ ਕਰਵਾਏ ਜਾਂਦੇ ਹਨ। ਬੈਕਫਿੰਕੋ ਆਰਥਿਕ ਤੌਰ 'ਤੇ ਕਮਜੋਰ ਵਰਗਾਂ ਲਈ ਪੰਜਾਬ ਸਰਕਾਰ ਵੱਲੋ ਦਿੱਤੀ ਜਾਂਦੀ ਪੂੰਜੀ ਰਾਸ਼ੀ ਵਿਚੋ ਸਵੈ-ਰੋਜਗਾਰ ਸਥਾਪਤ ਕਰਨ ਲਈ 6 ਪ੍ਰਤੀਸ਼ਤ ਸਲਾਨਾ ਵਿਆਜ ਦਰ 'ਤੇ ਕਰਜ਼ੇ ਮੁਹੱਈਆ ਕਰ ਰਹੀ ਹੈ। ਟਾਰਗਟ ਗਰੁੱਪ ਲਈ ਉਮਰ ਹੱਦ 18 ਸਾਲ ਤੋਂ 55 ਸਾਲ ਤੱਕ ਹੈ ਅਤੇ ਸਾਲਾਨਾ ਆਮਦਨ ਪੇਂਡੂ ਇਲਾਕਿਆਂ ਅਤੇ ਸ਼ਹਿਰੀ ਇਲਾਕਿਆਂ ਲਈ 3,00,000/- ਤੋਂ ਘੱਟ ਹੋਣੀ ਚਾਹੀਦੀ ਹੈ। (50 ਫੀਸਦੀ ਕਰਜ਼ੇ ਪੱਛੜੀਆਂ ਸ੍ਰੇਣੀਆਂ ਦੇ ਉਨਾਂ ਬਿਨੈਕਾਰਾਂ ਨੂੰ ਦਿੱਤੇ ਜਾਣਗੇ, ਜਿਨਾਂ ਦੀ ਸਾਲਾਨਾ ਪਰਿਵਾਰਕ ਆਮਦਨ 1,50,000/- ਰੁਪਏ ਤੱਕ ਹੋਵੇਗੀ)। ਉਨਾਂ ਦੱਸਿਆ ਕਿ ਨਿਗਮ ਵਲੋ ਪਛੜੀਆਂ ਸ੍ਰੇਣੀਆਂ ਲਈ ਐਜੂਕੇਸ਼ਨ ਲੋਨ ਸਕੀਮ ਤਹਿਤ ਕਰਜੇ ਦਿੱਤੇ ਜਾਂਦੇ ਹਨ। ਇਸ ਸਕੀਮ ਤਹਿਤ ਪੜਾਈ ਕਰਨ ਲਈ 4 ਪ੍ਰਤੀਸ਼ਤ ਵਿਆਜ ਦੀ ਦਰ 'ਤੇ ਦਿੱਤਾ ਜਾਂਦਾ ਹੈ। ਲੜਕੀਆਂ ਲਈ ਵਿਆਜ ਦੀ ਦਰ 3.5 ਪ੍ਰਤੀਸ਼ਤ ਸਾਲਾਨਾ ਹੈ। ਕਰਜ਼ੇ ਦੀ ਵਾਪਸੀ ਕੋਰਸ ਖਤਮ ਹੋਣ ਤੋਂ 6 ਮਹੀਨੇ ਬਾਅਦ ਮਹੀਨਾਵਾਰ ਕਿਸਤਾਂ ਵਿੱਚ 5 ਸਾਲਾਂ ਵਿੱਚ ਕੀਤੀ ਜਾਂਦੀ ਹੈ। ਕਾਰਪੋਰੇਸਨ ਵੱਲੋ ਬੀ.ਸੀ.ਐਫ.ਡੀ.ਸੀ ਸਕੀਮ ਅਧੀਨ ਮਿਤੀ 31-12-2019 ਤੱਕ ਵੱਖ ਵੱਖ ਸਕੀਮਾਂ ਤਹਿਤ 7857 ਲਾਭਪਾਤਰੀਆਂ ਨੂੰ 6442.19 ਲੱਖ ਰੁਪਏ ਦੀ ਰਕਮ ਵੰਡੀ ਗਈ ਹੈ। ਉਨਾਂ ਕਿਹਾ ਕਿ ਸੂਬੇ ਦੇ ਹੋਰ ਜ਼ਿਲਿਆਂ ਵਿੱਚ ਵੀ ਅਜਿਹੇ ਕੈਂਪ ਲਗਾ ਕੇ ਲੋਕਾਂ ਨੂੰ ਯੋਜਨਾਵਾਂ ਦਾ ਲਾਭ ਦਿਵਾਉਣ ਲਈ ਯਤਨ ਕੀਤੇ ਜਾਣਗੇ।

ਵਧੀਕ ਡਿਪਟੀ ਕਮਿਸ਼ਨਰ ਰਾਹੁਲ ਚਾਬਾ ਵੱਲੋਂ ਆਰੀਆ ਸਮਾਜ ਆਸ਼ਰਮ ਦਾ ਦੌਰਾ

ਕਪੂਰਥਲਾ, ਜਨਵਰੀ 2020-(ਹਰਜੀਤ ਸਿੰਘ ਵਿਰਕ)-

ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਰਾਹੁਲ ਚਾਬਾ ਨੇ ਅੱਜ ਸਥਾਨਕ ਰੇਲਵੇ ਸਟੇਸ਼ਨ ਨਜ਼ਦੀਕ ਸਥਿਤ ਆਰੀਆ ਸਮਾਜ ਆਸ਼ਰਮ ਦਾ ਦੌਰਾ ਕੀਤਾ। ਇਸ ਦੌਰਾਨ ਉਨਾਂ ਆਸ਼ਰਮ ਵਿਚ ਚੱਲ ਰਹੇ ਅਨਾਥ ਆਸ਼ਰਮ ਅਤੇ ਹੋਰਨਾਂ ਸਮਾਜਿਕ ਗਤੀਵਿਧੀਆਂ ਦਾ ਜਾਇਜ਼ਾ ਲਿਆ ਅਤੇ ਤਸੱਲੀ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਆਰੀਆ ਸਮਾਜ ਆਸ਼ਰਮ ਦੇ ਪ੍ਰਧਾਨ ਸ੍ਰੀ ਕਪੂਰ ਚੰਦ ਗਰਗ ਵੱਲੋਂ ਸ੍ਰੀ ਚਾਬਾ ਨੂੰ ਆਸ਼ਰਮ ਵਿਚ ਚੱਲ ਰਹੇ ਸਿਲਾਈ ਸੈਂਟਰ, ਅਨਾਥ ਆਸ਼ਰਮ ਅਤੇ ਹੋਰਨਾਂ ਗਤੀਵਿਧੀਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਇਸ ਦੌਰਾਨ ਸ੍ਰੀ ਰਾਹੁਲ ਚਾਬਾ ਨੇ ਪ੍ਰਧਾਨ ਸ੍ਰੀ ਕਪੂਰ ਚੰਦ ਗਰਗ ਨੂੰ ਪ੍ਰਸੰਸਾ ਪੱਤਰ ਭੇਟ ਕੀਤਾ। ਇਸ ਤੋਂ ਇਲਾਵਾ ਉਨਾਂ ਆਸ਼ਰਮ ਵਿਚ ਰਹਿਣ ਵਾਲੇ ਬੱਚਿਆਂ ਨੂੰ ਫਲ ਵੀ ਤਕਸੀਮ ਕੀਤੇ। ਇਸ ਮੌਕੇ ਸਕੱਤਰ ਰੈੱਡ ਕਰਾਸ ਆਰ. ਸੀ ਬਿਰਹਾ, ਸ੍ਰੀ ਉੱਪਲ, ਸੰਜੀਵ ਕੁਮਾਰ ਲੱਕੀ, ਕਮਲੇਸ਼ ਅਰੋੜਾ, ਅਨਮੋਲ ਅਗਰਵਾਲ, ਆਦਰਸ਼ ਪਰਤੀ, ਲੀਨਾ ਛਾਬੜਾ ਤੇ ਹੋਰ ਸ਼ਖਸੀਅਤਾਂ ਹਾਜ਼ਰ ਸਨ। 

ਕੈਪਸ਼ਨ :

-ਆਰੀਆ ਸਮਾਜ ਆਸ਼ਰਮ ਵਿਖੇ ਬੱਚਿਆਂ ਨੂੰ ਫਲ ਭੇਟ ਕਰਦੇ ਹੋਏ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਰਾਹੁਲ ਚਾਬਾ। ਨਾਲ ਹਨ ਪ੍ਰਧਾਨ ਸ੍ਰੀ ਕਪੂਰ ਚੰਦ ਗਰਗ, ਸਕੱਤਰ ਰੈੱਡ ਕਰਾਸ ਸ੍ਰੀ ਆਰ. ਸੀ ਬਿਰਹਾ ਤੇ ਹੋਰ।