You are here

ਪੰਜਾਬ

ਸੀਨੀਅਰ ਸਿਟੀਜ਼ਨ ਕਲੱਬ ਵਿਖੇ ਧੂਮਧਾਮ ਨਾਲ ਮਨਾਇਆ ਗਣਤੰਤਰ ਦਿਵਸ

ਕਪੂਰਥਲਾ, ਜਨਵਰੀ 2020-(ਹਰਜੀਤ ਸਿੰਘ ਵਿਰਕ)-

ਸਥਾਨਕ ਸੀਨੀਅਰ ਸਿਟੀਜ਼ਨ ਕਲੱਬ ਵਿਖੇ ਭਾਰਤ ਦਾ 71ਵਾਂ ਗਣਤੰਤਰ ਦਿਵਸ ਕਲੱਬ ਦੇ ਪ੍ਰਧਾਨ ਸੋਹਣ ਲਾਲ ਕਾਲੀਆ ਦੀ ਅਗਵਾਈ ਹੇਠ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਕੌਮੀ ਝੰਡਾ ਲਹਿਰਾਇਆ ਗਿਆ ਅਤੇ ਦੇਸ਼ ਲਈ ਆਪਾ ਵਾਰਨ ਵਾਲੇ ਦੇਸ਼ ਭਗਤਾਂ ਨੂੰ ਯਾਦ ਕਰਦਿਆਂ ਮੁਲਕ ਦੀ ਤਰੱਕੀ ਅਤੇ ਲੋਕਤੰਤਰ ਦੀ ਮਜ਼ਬੂਤੀ ਵਿਚ ਯੋਗਦਾਨ ਪਾਉਣ ਦਾ ਸੰਕਲਪ ਲਿਆ ਗਿਆ। ਇਸ ਮੌਕੇ ਕਲੱਬ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਵੱਲੋਂ ਦੇਸ਼ ਭਗਤੀ ਦੇ ਗੀਤ ਅਤੇ ਕਵਿਤਾਵਾਂ ਪੇਸ਼ ਕੀਤੀਆਂ ਗਈਆਂ। ਇਸ ਮੌਕੇ ਜਨਰਲ ਸਕੱਤਰ ਵਿਜੇ ਕੁਮਾਰ ਸਾਗਰ, ਵਿੱਤ ਸਕੱਤਰ ਸੁਰਿੰਦਰ ਸੂਦ, ਜਾਇੰਟ ਸਕੱਤਰ ਨਰੇਸ਼ ਕਪੂਰ, ਪੈਟਰਨ ਸੱਤਪਾਲ ਗੁਪਤਾ, ਡਾ. ਰਣਬੀਰ ਕੌਸ਼ਲ, ਧਰਮ ਪਾਲ ਗਰੋਵਰ ਤੇ ਚਰਨਜੀਤ ਸਿੰਘ, ਐਸ. ਪੀ ਵਾਲੀਆ, ਜਸਵੰਤ ਸੂਦ, ਪਵਨ ਸ਼ਰਮਾ, ਅਰੁਣ ਗੁਪਤਾ, ਬਾਬਾ ਹਰੀਬੁੱਧ ਸਿੰਘ, ਪ੍ਰਮੋਦ ਆਨੰਦ, ਵਿਜੇ ਕੁਮਾਰ ਸੂਦ, ਕੇ. ਐਲ ਭਗਤ, ਪਵਨ ਸੂਦ, ਜੋਤੀ ਸ਼ਰਮਾ, ਰਮੇਸ਼ ਗਾਂਧੀ, ਐਸ. ਐਸ ਚੀਮਾ, ਪ੍ਰਮੋਦ ਗਰਗ, ਮੋਹਨ ਲਾਲ, ਸ਼ਾਮ ਸੁੰਦਰ ਸ਼ਰਮਾ, ਇੰਦਰਜੀਤ, ਨਰਿੰਦਰ, ਹਰਜੀਤ ਸਿੰਘ ਬਾਵਾ, ਦਰਸ਼ਨ ਸਿੰਘ ਰੇਨੂ, ਵਿਨੇ ਗੁਲਾਨੀ, ਰੋਸ਼ਨ ਲਾਲ ਸੱਭਰਵਾਲ, ਵਿਨੋਦ ਸੂਦ ਅਤੇ ਹੋਰ ਸ਼ਖਸੀਅਤਾਂ ਹਾਜ਼ਰ ਸਨ। 

ਕੈਪਸ਼ਨ :

-ਸੀਨੀਅਰ ਸਿਟੀਜ਼ਨ ਕਲੱਬ ਵਿਖੇ ਕੌਮੀ ਝੰਡਾ ਲਹਿਰਾਉਂਦੇ ਹੋਏ ਕਲੱਬ ਦੇ ਪ੍ਰਧਾਨ ਸ੍ਰੀ ਸੋਹਣ ਲਾਲ ਕਾਲੀਆ। ਨਾਲ ਹਨ ਕਲੱਬ ਦੇ ਹੋਰ ਅਹੁਦੇਦਾਰ ਅਤੇ ਮੈਂਬਰ।

ਡਿਪਟੀ ਕਮਿਸ਼ਨਰ ਨੇ ਵੱਖ-ਵੱਖ ਕੇਸਾਂ ਦੀ ਕੀਤੀ ਸਮੀਖਿਆ

ਜ਼ਿਲੇ ’ਚ ਅਮਨ-ਕਾਨੂੰਨ ਦੀ ਸਥਿਤੀ ਦਾ ਵੀ ਲਿਆ ਜਾਇਜ਼ਾ

‘ਸੁਰੱਖਿਅਤ ਸਕੂਲ ਵਾਹਨ ਸਕੀਮ’ ਨੂੰ ਸਖ਼ਤੀ ਨਾਲ ਲਾਗੂ ਕਰਨ ਦੀ ਕੀਤੀ ਹਦਾਇਤ

ਕਪੂਰਥਲਾ, ਜਨਵਰੀ 2020-(ਹਰਜੀਤ ਸਿੰਘ ਵਿਰਕ)-

  ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਨੇ ਅੱਜ ਅਧਿਕਾਰੀਆਂ ਨਾਲ ਕੀਤੀਆਂ ਮੀਟਿੰਗਾਂ ਦੌਰਾਨ ਵੱਖ-ਵੱਖ ਕੇਸਾਂ ਦੀ ਸਮੀਖਿਆ ਕੀਤੀ, ਜਿਨਾਂ ਵਿਚ ਅਨੁਸੂਚਿਤ ਜਾਤੀਆਂ ਉੱਤੇ ਅੱਤਿਆਚਾਰ ਰੋਕਥਾਮ ਐਕਟ, ਸਿਵਲ, ਫ਼ੌਜਦਾਰੀ, ਪੈਰੋਲ ਅਤੇ ਹਿਰਾਸਤੀ ਮੌਤਾਂ ਸਬੰਧੀ ਕੇਸ ਸ਼ਾਮਿਲ ਸਨ। ਇਸ ਦੌਰਾਨ ਸ੍ਰੀਮਤੀ ਉੱਪਲ ਨੇ ਇਨਾਂ ਕੇਸਾਂ ਸਬੰਧੀ ਲੰਬਿਤ ਜਾਂਚ ਰਿਪੋਰਟਾਂ ਦਾ ਜਲਦ ਤੋਂ ਜਲਦ ਨਿਪਟਾਰਾ ਕਰਨ ਦੇ ਆਦੇਸ਼ ਦਿੱਤੇ। ਇਸ ਤੋਂ ਇਲਾਵਾ ਉਨਾਂ ਸਰਵਿਸ ਮਾਮਲਿਆਂ ਸਬੰਧੀ ਬਕਾਇਆ ਪਏ ਕੇਸਾਂ ਦੀ ਵੀ ਮਹਿਕਮੇ ਵਾਈਜ਼ ਰਿਪੋਰਟ ਪ੍ਰਾਪਤ ਕੀਤੀ ਅਤੇ ਇਨਾਂ ਦਾ ਫੌਰਨ ਨਿਪਟਾਰਾ ਕਰਨ ਲਈ ਕਿਹਾ। ਇਸੇ ਤਰਾਂ ਉਨਾਂ ਜ਼ਿਲੇ ਵਿਚ ਅਮਨ ਤੇ ਕਾਨੂੰਨ ਦੀ ਸਥਿਤੀ ਦਾ ਜਾਇਜ਼ਾ ਲੈਂਦਿਆਂ ਪੁਲਿਸ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਧਾਰਾ 144 ਅਧੀਨ ਜਾਰੀ ਹੁੰਦੇ ਹੁਕਮਾਂ ਦੀ ਇੰਨ-ਬਿੰਨ ਪਾਲਣਾ ਨੂੰ ਯਕੀਨੀ ਬਣਾਇਆ ਜਾਵੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲੇ ਵਿਚ ਕਿਸੇ ਵੀ ਫ਼ਰਜ਼ੀ ਟ੍ਰੈਵਲ ਏਜੰਸੀ ਨੂੰ ਕੰਮ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਉਨਾਂ ਉੱਪ ਮੰਡਲ ਮੈਜਿਸਟ੍ਰੇਟਾਂ ਨੂੰ ਟ੍ਰੈਵਲ ਏਜੰਸੀਆਂ ਦੀ ਲਗਾਤਾਰ ਚੈਕਿੰਗ ਕਰਨ ਦੀ ਹਦਾਇਤ ਕੀਤੀ ਅਤੇ ਉਨਾਂ ਵੱਲੋਂ ਇਸ ਸਬੰਧੀ ਹੁਣ ਤੱਕ ਕੀਤੇ ਕੰਮਾਂ ਦੀ ਸਮੀਖਿਆ ਕੀਤੀ। 

ਇਸੇ ਤਰਾਂ ਸੜਕ ਸੁਰੱਖਿਆ ਕਮੇਟੀ ਦੀ ਮੀਟਿੰਗ ਦੌਰਾਨ ਉਨਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ‘ਸੁਰੱਖਿਅਤ ਸਕੂਲ ਵਾਹਨ ਸਕੀਮ’ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਵੇ। ਇਸ ਤੋਂ ਇਲਾਵਾ ਉਨਾਂ ਅਵਾਰਾ ਪਸ਼ੂਆਂ ਕਾਰਨ ਆਵਾਜਾਈ ਵਿਚ ਪੈਂਦੇ ਵਿਘਨ ਅਤੇ ਹੋਣ ਵਾਲੇ ਹਾਦਸਿਆਂ ਨੂੰ ਰੋਕਣ ਲਈ ਕਮੇਟੀ ਮੈਂਬਰਾਂ ਦੇ ਸੁਝਾਅ ਲਏ। ਇਸ ਤੋਂ ਇਲਾਵਾ ਸੜਕਾਂ ’ਤੇ ਨਾਜਾਇਜ਼ ਕਬਜ਼ੇ ਹਟਾਉਣ ਅਤੇ ਟੁੱਟੀਆਂ ਸੜਕਾਂ ਦੀ ਮੁਰੰਮਤ ਲਈ ਨਗਰ ਨਿਗਮ ਅਧਿਕਾਰੀਆਂ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਦਿੱਤੇ ਗਏ। ਉਨਾਂ ਟ੍ਰੈਫਿਕ ਪੁਲਿਸ ਦੇ ਅਧਿਕਾਰੀਆਂ ਨੂੰ ਕਿਹਾ ਕਿ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਸਬੰਧੀ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ ਅਤੇ ਇਸ ਸਬੰਧੀ ਸਕੂਲਾਂ-ਕਾਲਜਾਂ ਵਿਚ ਵੱਧ ਤੋਂ ਵੱਧ ਜਾਗਰੂਕਤਾ ਕੈਂਪ ਲਗਾਏ ਜਾਣ। ਉਨਾਂ ਇਹ ਵੀ ਕਿਹਾ ਕਿ ਬਾਜ਼ਾਰਾਂ ਵਿਚ ਕੀਤੀ ਜਾਣ ਵਾਲੀ ਗ਼ਲਤ ਪਾਰਕਿੰਗ ਨੂੰ ਕੰਟਰੋਲ ਕਰਨ ਲਈ ਢੁਕਵੇਂ ਕਦਮ ਚੁੱਕੇ ਜਾਣ। 

  ਇਸ ਮੌਕੇ ਸਹਾਇਕ ਕਮਿਸ਼ਨਰ ਡਾ. ਸ਼ਿਖਾ ਭਗਤ, ਐਸ. ਡੀ. ਐਮ ਕਪੂਰਥਲਾ ਸ੍ਰੀ ਵਰਿੰਦਰ ਪਾਲ ਸਿੰਘ ਬਾਜਵਾ, ਐਸ. ਡੀ. ਐਮ ਭੁਲੱਥ ਸ. ਰਣਦੀਪ ਸਿੰਘ ਹੀਰ, ਡੀ. ਐਸ. ਪੀ ਡਾ. ਮੁਕੇਸ਼, ਉੱਪ ਜ਼ਿਲਾ ਅਟਾਰਨੀ ਸ੍ਰੀ ਅਨਿਲ ਕੁਮਾਰ, ਸਹਾਇਕ ਜ਼ਿਲਾ ਅਟਾਰਨੀ ਸ੍ਰੀ ਅਰਵਿੰਦ ਸਹਾਏ, ਤਹਿਸੀਲਦਾਰ ਫਗਵਾੜਾ ਸ੍ਰੀ ਨਵਦੀਪ ਸਿੰਘ, ਜ਼ਿਲਾ ਭਲਾਈ ਅਫ਼ਸਰ ਸ. ਜਸਦੇਵ ਸਿੰਘ ਪੁਰੇਵਾਲ, ਜ਼ਿਲਾ ਸਿਹਤ ਅਫ਼ਸਰ ਡਾ. ਕੁਲਜੀਤ ਸਿੰਘ, ਜ਼ਿਲਾ ਗਾਈਡੈਂਸ ਕਾੳੂਂਸਲਰ ਸ. ਪਰਮਜੀਤ ਸਿੰਘ, ਐਸ. ਡੀ. ਓ ਸ੍ਰੀ ਜਤਿੰਦਰ ਕੁਮਾਰ ਤੇ ਸ. ਹਰਭਜਨ ਸਿੰਘ, ਐਸ. ਆਈ ਟ੍ਰੈਫਿਕ ਸ. ਦਰਸ਼ਨ ਸਿੰਘ, ਐਡਵੋਕੇਟ ਚੰਦਨ ਪੁਰੀ, ਸ੍ਰੀ ਰਮਨਦੀਪ ਸਿੰਘ, ਸੁਪਰਡੈਂਟ ਸ੍ਰੀ ਬੀ. ਪੀ ਡਾਵਰ, ਰੀਡਰ ਸ੍ਰੀ ਨਰਿੰਦਰ ਸਿੰਘ ਚੀਮਾ, ਐਮ. ਏ ਸ੍ਰੀ ਰਾਜੇਸ਼ ਕੁਮਾਰ, ਮੈਡਮ ਅੰਜੂ ਬਾਲਾ ਤੇ ਹੋਰ ਅਧਿਕਾਰੀ ਹਾਜ਼ਰ ਸਨ। 

ਕੈਪਸ਼ਨ :

-ਅਧਿਕਾਰੀਆਂ ਨਾਲ ਮੀਟਿੰਗ ਕਰਦੇ ਹੋਏ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ। ਨਾਲ ਹਨ ਸਹਾਇਕ ਕਮਿਸ਼ਨਰ ਡਾ. ਸ਼ਿਖਾ ਭਗਤ, ਐਸ. ਡੀ. ਐਮ ਕਪੂਰਥਲਾ ਸ੍ਰੀ ਵਰਿੰਦਰ ਪਾਲ ਸਿੰਘ ਬਾਜਵਾ, ਐਸ. ਡੀ. ਐਮ ਭੁਲੱਥ ਸ. ਰਣਦੀਪ ਸਿੰਘ ਹੀਰ ਤੇ ਹੋਰ।

ਲਿਖਤ✍️ਰਜਨੀਸ਼ ਗਰਗ-ਧੀ ਤੇ ਪੁੱਤ 

ਧੀ ਤੇ ਪੁੱਤ 

 ਪੁੱਤ ਮੋਹ ਦੇ ਵਿੱਚ ਧੀ ਨੂੰ ਅਣਗੋਲਿਆ ਕਰਦਾ ਏ,

ਰੋਜ ਰੋਜ ਹੀ ਅੱਖਾ ਉਹਦੀਆ ਚ ਹੰਝੂ ਭਰਦਾ ਏ,

ਧੀ ਆਪਣੀ ਦਾ ਕਦੇ ਵੀ ਮਨ ਖਿਆਲ ਨਾ ਆਉਦਾ,

ਪੁੱਤ ਆਪਣੇ ਲਈ ਰੋਜ ਦੁਆਵਾ ਕਰਦਾ ਏ,

ਦੋ ਬੱਚਿਆ ਵਿਚਕਾਰ ਖਿੱਚੀ ਨਹੀ ਜਾ ਲਕੀਰ ਸਕਦੀ ,

ਆਪਣੇ ਬੱਚਿਆ ਵਿੱਚ ਹੀ ਫਰਕ ਰੱਖ ਕੇ 

ਕਿੱਦਾ ਦੁਨੀਆ ਜੀਅ ਸਕਦੀ ।

ਪੁੱਤ ਐਸ਼ ਦੇ ਲਈ ਕਦੇ ਪੈਸੇ ਵਲੋ ਘਬਰਾਇਆ ਨਾ,

ਧੀ ਅਪਣੀ ਦੇ ਹੱਥ ਚ ਕਦੇ ਪੈਸਾ ਫੜਾਇਆ ਨਾ,

ਪੁੱਤ ਆਪਣੇ ਨਾਲ ਰੋਜ ਹੀ ਪਿਆਰੀਆ ਗੱਲਾ ਕਰਦਾ ਏ,

ਪਰ ਧੀ ਅਪਣੀ ਨੂੰ ਕਦੇ ਵੀ ਗਲ੍ਹ ਨਾਲ ਲਾਇਆ ਨਾ,

ਏਸ ਜਮਾਨੇ ਵਿੱਚ ਵੀ ਦਸੋ ਧੀ ਕਰ ਨੀ, ਕੀ ਸਕਦੀ,

ਆਪਣੇ ਬੱਚਿਆ ਵਿੱਚ ਹੀ ਫਰਕ ਰੱਖ ਕੇ

ਕਿੱਦਾ ਦੁਨੀਆ ਜੀਅ ਸਕਦੀ ।

ਪੁੱਤ ਵਿਆਹ ਕਰਵਾ ਕੇ ਭਾਵੇ ਅੱਡ ਹੋਇਆ ਏ,

ਪਰ ਬਾਪ ਦੇ ਦਿਲ ਚੋ ਨਾ ਪੁੱਤ ਕੱਢ ਹੋਇਆ ਏ,

ਧੀ ਕੋਲ ਰਹਿ ਕੇ ਰੋਜ ਹੀ ਸੇਵਾ ਕਰਦੀ ਏ,

ਪਰ ਪੁੱਤ ਧੀ ਵਿੱਚੋ ਫਰਕ ਨਾ ਕੱਢ ਹੋਇਆ ਏ,

ਰਜਨੀਸ਼ ਪਤਾ ਸ਼ਭ ਨੂੰ ਧੀ ਦੁੱਖ ਘਰ ਦੇ ਸਾਰੇ ਪੀ ਸਕਦੀ,

ਪਰ ਆਪਣੇ ਬੱਚਿਆ ਵਿੱਚ ਹੀ ਫਰਕ ਰੱਖ ਕੇ

ਏਹ ਕਿੱਦਾ ਦੁਨੀਆ ਜੀਅ ਸਕਦੀ ।

ਸਮਝ ਨਹੀ ਆਉਦੀ ਦੁਨੀਆ ਦੀ 

ਇਹ ਕਰ ਕੁਝ ਕੀ ਸਕਦੀ 

ਲਿਖਤ✍️ਰਜਨੀਸ਼ ਗਰਗ

ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਜਿਸ ਵੀ ਪਾਰਟੀ 'ਚ ਜਾਣਗੇ, ਸਾਲ 2022 'ਚ ਉਸੇ ਦੀ ਸਰਕਾਰ ਬਣੇਗੀ

ਜਲੰਧਰ,ਜਨਵਰੀ 2020-( ਇਕਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ )-  ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਕੋਰ ਕਮੇਟੀ ਦੇ ਮੈਂਬਰਾਂ ਦੀ ਸੂਬੇ ਦੇ ਮੌਜੂਦਾ ਹਾਲਾਤ ਲੈ ਕੇ ਜਲੰਧਰ ਦੇ ਸਰਕਿਟ ਹਾਊਸ 'ਚ ਬੈਠਕ ਖ਼ਤਮ ਹੋਣ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਕਿਹਾ ਕਿ ਸਿੱਧੂ ਜਿਸ ਵੀ ਪਾਰਟੀ 'ਚ ਜਾਣਗੇ, ਸਾਲ 2022 'ਚ ਉਸੇ ਦੀ ਸਰਕਾਰ ਬਣੇਗੀ।  ਉਨ੍ਹਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਇਸ ਸਮੇਂ ਪੰਜਾਬ 'ਚ ਸਭ ਤੋਂ ਵੱਧ ਮਸ਼ਹੂਰ ਹਨ । 

ਕੈਪਟਨ ਸਰਕਾਰ ਵੱਲੋਂ ‘ਪੰਜਾਬ ਖੇਤੀ ਉਤਪਾਦ ਮਾਰਕੀਟਿੰਗ ਐਕਟ’ ਦੇ ਨਿਯਮਾਂ ’ਚ ਸੋਧ

ਪੰਜਾਬ ਦੇ ਕਿਸਾਨਾਂ ਨੂੰ ਜਿਣਸਾਂ ਦੀ ਹੋਵੇਗੀ ਸਿੱਧੀ ਅਦਾਇਗੀ

ਆੜ੍ਹਤੀਆਂ ਨੂੰ ਮਿਲਣ ਵਾਲੇ ਕਮਿਸ਼ਨ ’ਤੇ ਨਹੀਂ ਪਏਗਾ ਕੋਈ ਅਸਰ’

ਚੰਡੀਗੜ੍ਹ, ਜਨਵਰੀ 2020-( ਇਕਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ )- ਪੰਜਾਬ ਸਰਕਾਰ ਨੇ ਅੱਜ ਇਕ ਵੱਡਾ ਫੈਸਲਾ ਲੈਂਦਿਆਂ ‘ਪੰਜਾਬ ਖੇਤੀ ਉਤਪਾਦ ਮਾਰਕੀਟ ਐਕਟ’ (ਏਪੀਐੱਮਸੀ ਐਕਟ) ਦੇ ਨਿਯਮਾਂ ਵਿੱਚ ਸੋਧ ਕਰ ਦਿੱਤੀ ਹੈ। ਇਸ ਸੋਧ ਨਾਲ ਹੁਣ ਕਿਸਾਨਾਂ ਨੂੰ ਜਿਣਸਾਂ ਦੀ ਸਿੱਧੀ ਅਦਾਇਗੀ ਹੋਵੇਗੀ। ਸਰਕਾਰ ਵੱਲੋਂ ਅਗਾਮੀ ਕਣਕ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਸਿੱਧੀ ਅਦਾਇਗੀ ਕੀਤੇ ਜਾਣ ਦੇ ਆਸਾਰ ਹਨ। ਮੁੱਖ ਮੰਤਰੀ ਦਫ਼ਤਰ ਦੇ ਇੱਕ ਸੀਨੀਅਰ ਅਧਿਕਾਰੀ ਨੇ ਇਸ ਫੈਸਲੇ ਦੀ ਪੁਸ਼ਟੀ ਕੀਤੀ ਹੈ। ਉਧਰ ਆੜ੍ਹਤੀਆਂ ਨੂੰ ਖ਼ਦਸ਼ਾ ਹੈ ਕਿ ਇਸ ਨਵੀਂ ਸੋਧ ਨਾਲ ਕਿਸਾਨਾਂ ਨੂੰ ਦਿੱਤਾ ਕਰਜ਼ਾ ਡੁੱਬ ਜਾਵੇਗਾ। ਆੜ੍ਹਤੀਆਂ ਦੇ ਵਿਰੋਧ ਦੇ ਬਾਵਜੂਦ ਕੇਂਦਰ ਸਰਕਾਰ ਦੇ ਦਬਾਅ ਕਾਰਨ ਕੈਪਟਨ ਸਰਕਾਰ ਨੂੰ ਇਹ ਕੌੜਾ ਘੁੱਟ ਭਰਨਾ ਪਿਆ। ਕੇਂਦਰ ਵੱਲੋਂ ਸੂਬਾ ਸਰਕਾਰ ’ਤੇ ਲਗਾਤਾਰ ਦਬਾਅ ਪਾਇਆ ਜਾ ਰਿਹਾ ਸੀ ਕਿ ਕਿਸਾਨਾਂ ਦੀਆਂ ਫ਼ਸਲਾਂ ਦੀ ਵਿਕਰੀ ਸਮੇਂ ਵਿਚੋਲਿਆਂ (ਆੜ੍ਹਤੀਆਂ) ਦਾ ਖਾਤਮਾ ਕਰਕੇ ਕਿਸਾਨਾਂ ਨੂੰ ਸਿੱਧੀ ਅਦਾਇਗੀ ਕੀਤੀ ਜਾਵੇ।
ਸੀਐੱਮਓ ਦੇ ਅਧਿਕਾਰੀ ਮੁਤਾਬਕ ਕਿਸਾਨਾਂ ਨੂੰ ਜਿਣਸ ਦੀ ਵਿਕਰੀ ਤੋਂ ਬਾਅਦ ਦਿੱਤੇ ਜਾਣ ਵਾਲੇ ‘ਜੇ’ ਫਾਰਮ ਵਿੱਚ ਲੋੜੀਂਦੀਆਂ ਸੋਧਾਂ ਕੀਤੀਆਂ ਜਾਣਗੀਆਂ ਅਤੇ ਕਿਸਾਨਾਂ ਦੇ ਬੈਂਕ ਖਾਤਿਆਂ ਦੀ ਜਾਣਕਾਰੀ ਫਾਰਮ ਦੇ ਜ਼ਰੀਏ ਹੀ ਹਾਸਲ ਕੀਤੀ ਜਾਵੇਗੀ। ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਦਾ ਦੱਸਣਾ ਹੈ ਕਿ ਏਪੀਐੱਮਸੀ ਐਕਟ ਵਿੱਚ ਤਾਂ ਕਿਸਾਨਾਂ ਨੂੰ ਸਿੱਧੀ ਜਾਂ ਆੜ੍ਹਤੀਆਂ ਰਾਹੀਂ ਦੋਵਾਂ ਤਰੀਕਿਆਂ ਨਾਲ ਜਿਣਸਾਂ ਦੀ ਅਦਾਇਗੀ ਕਰਨ ਦੀ ਵਿਵਸਥਾ ਪਹਿਲਾਂ ਹੀ ਸੀ। ਇਸ ਅਧਿਕਾਰੀ ਦਾ ਕਹਿਣਾ ਹੈ ਕਿ ਜਿਣਸਾਂ ਦੀ ਖ਼ਰੀਦ ਨਾਲ ਸਬੰਧਤ ਫਾਰਮਾਂ ਵਿੱਚ ਇਸ ਦੀ ਵਿਵਸਥਾ ਕਰਨ ਲਈ ਨਿਯਮਾਂ ’ਚ ਸੋਧ ਕੀਤੀ ਜਾਣੀ ਲਾਜ਼ਮੀ ਸੀ ਤੇ ਇਸ ਸੋਧ ਦਾ ਨੋਟੀਫਿਕੇਸ਼ਨ 16 ਜਨਵਰੀ ਨੂੰ ਜਾਰੀ ਕਰ ਦਿੱਤਾ ਗਿਆ ਹੈ। ਖੁਰਾਕ ਤੇ ਸਿਵਲ ਸਪਲਾਈ ਵਿਭਾਗ ਮੁਤਾਬਕ ਪੰਜਾਬ ਵਿੱਚ 22 ਹਜ਼ਾਰ ਦੇ ਕਰੀਬ ਆੜ੍ਹਤੀਏ ਹਨ ਤੇ 12 ਤੋਂ 13 ਲੱਖ ਦੇ ਕਰੀਬ ਅਜਿਹੇ ਕਿਸਾਨ ਹਨ, ਜੋ ਹਰ ਸਾਲ ਆਪਣੀਆਂ ਜਿਣਸਾਂ ਇਨ੍ਹਾਂ ਆੜ੍ਹਤੀਆਂ ਰਾਹੀਂ ਵੇਚਦੇ ਹਨ। ਪੰਜਾਬ ਮੰਡੀ ਬੋਰਡ ਕੋਲ 4.95 ਲੱਖ ਕਿਸਾਨਾਂ ਦੀ ਰਜਿਸਟਰੇਸ਼ਨ ਹੋਈ ਹੈ। ਆੜ੍ਹਤੀਆਂ ਨੂੰ ਜਿਣਸਾਂ ’ਤੇ ਢਾਈ ਫੀਸਦੀ ਕਮਿਸ਼ਨ ਮਿਲਦਾ ਹੈ। ਝੋਨੇ ਦੀ ਖ਼ਰੀਦ ਦੇ ਹਾਲੀਆ ਸੀਜ਼ਨ ਦੌਰਾਨ ਹੀ ਰਾਜ ਸਰਕਾਰ ਤੋਂ ਆੜ੍ਹਤੀਆਂ ਨੂੰ 750 ਕਰੋੜ ਰੁਪਏ ਦਾ ਕਮਿਸ਼ਨ ਮਿਲਿਆ ਹੈ। ਵਿਭਾਗ ਮੁਤਾਬਕ ਜਿਨ੍ਹਾਂ ਫ਼ਸਲਾਂ ’ਤੇ ਭਾਰਤ ਸਰਕਾਰ ਵੱਲੋਂ ਘੱਟੋ-ਘੱਟ ਸਮਰਥਨ ਮੁੱਲ ਐਲਾਨਿਆ ਗਿਆ ਹੈ, ਉਨ੍ਹਾਂ ਫਸਲਾਂ ਦੀ ਵਿਕਰੀ ਹੋਣ ਨਾਲ ਕਿਸਾਨਾਂ ਨੂੰ 70 ਹਜ਼ਾਰ ਕਰੋੜ ਰੁਪਏ ਦੀ ਅਦਾਇਗੀ ਕੀਤੀ ਜਾਂਦੀ ਹੈ। ਇਹ ਸਾਰੀ ਅਦਾਇਗੀ ਕਿਸਾਨਾਂ ਨੂੰ ਆੜ੍ਹਤੀਆਂ ਰਾਹੀਂ ਹੀ ਹੁੰਦੀ ਹੈ। ਭਾਰਤ ਸਰਕਾਰ ਦਾ ਕਹਿਣਾ ਹੈ ਕਿ ਜਿਣਸਾਂ ਦੀ ਅਦਾਇਗੀ ਕਿਸਾਨ ਦੇ ਖਾਤੇ ਵਿੱਚ ਸਿੱਧੀ ਕੀਤੀ ਜਾਵੇ ਤੇ ਆੜ੍ਹਤੀਆਂ ਨੂੰ ਬਣਦਾ ਕਮਿਸ਼ਨ ਵੱਖਰੇ ਤੌਰ ’ਤੇ ਦਿੱਤਾ ਜਾਵੇ। ਪੰਜਾਬ ਸਰਕਾਰ ਵੱਲੋਂ ਆੜ੍ਹਤੀਆਂ ਨੂੰ ਕਿਸਾਨਾਂ ਦੇ ਬੈਂਕ ਖਾਤੇ ਅਤੇ ਆਧਾਰ ਕਾਰਡ ਦੇਣ ਲਈ ਕਿਹਾ ਸੀ। ਇਸ ਮਾਮਲੇ ਵਿੱਚ ਰਾਜ ਸਰਕਾਰ ਦੀਆਂ ਹਦਾਇਤਾਂ ਦੀ 11 ਹਜ਼ਾਰ ਆੜ੍ਹਤੀਆਂ ਨੇ ਪਾਲਣਾ ਕੀਤੀ ਹੈ

ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਰਕਾਰ ਦੇ ਇਸ ਫੈਸਲੇ ਨਾਲ ਆੜ੍ਹਤੀਆਂ ਨੂੰ ਮਿਲਣ ਵਾਲੇ ਕਮਿਸ਼ਨ ’ਤੇ ਕੋਈ ਅਸਰ ਨਹੀਂ ਪਵੇਗਾ। ਅਧਿਕਾਰੀ ਮੁਤਾਬਕ ਖੇਤੀਬਾੜੀ ਵਿਭਾਗ ਵੱਲੋਂ ਕੀਤੀ ਜਾਣ ਵਾਲੀ ਸੋਧ ਲਾਜ਼ਮੀ ਸੀ ਕਿਉਂਕਿ ਕੇਂਦਰ ਨੇ ਸੂਬਾ ਸਰਕਾਰ ਨੂੰ ਚੇਤਾਵਨੀ ਦਿੱਤੀ ਸੀ ਕਿ ਕਣਕ ਦੀ ਖਰੀਦ ਤੋਂ ਪਹਿਲਾਂ ਸਿੱਧੀ ਅਦਾਇਗੀ ਦੀ ਵਿਵਸਥਾ ਹਰ ਹਾਲ ਵਿੱਚ ਕੀਤੀ ਜਾਵੇ। ਇਸ ਸੋਧ ਨਾਲ ਕਿਸਾਨਾਂ ਨੂੰ ਆੜ੍ਹਤੀਆਂ ਦੇ ਚੁੰਗਲ ’ਚੋਂ ਬਾਹਰ ਆਉਣ ’ਚ ਮਦਦ ਮਿਲੇਗੀ।

ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਰਕਾਰ ਦੇ ਇਸ ਫੈਸਲੇ ਨਾਲ ਆੜ੍ਹਤੀਆਂ ਨੂੰ ਮਿਲਣ ਵਾਲੇ ਕਮਿਸ਼ਨ ’ਤੇ ਕੋਈ ਅਸਰ ਨਹੀਂ ਪਵੇਗਾ। ਅਧਿਕਾਰੀ ਮੁਤਾਬਕ ਖੇਤੀਬਾੜੀ ਵਿਭਾਗ ਵੱਲੋਂ ਕੀਤੀ ਜਾਣ ਵਾਲੀ ਸੋਧ ਲਾਜ਼ਮੀ ਸੀ ਕਿਉਂਕਿ ਕੇਂਦਰ ਨੇ ਸੂਬਾ ਸਰਕਾਰ ਨੂੰ ਚੇਤਾਵਨੀ ਦਿੱਤੀ ਸੀ ਕਿ ਕਣਕ ਦੀ ਖਰੀਦ ਤੋਂ ਪਹਿਲਾਂ ਸਿੱਧੀ ਅਦਾਇਗੀ ਦੀ ਵਿਵਸਥਾ ਹਰ ਹਾਲ ਵਿੱਚ ਕੀਤੀ ਜਾਵੇ। ਇਸ ਸੋਧ ਨਾਲ ਕਿਸਾਨਾਂ ਨੂੰ ਆੜ੍ਹਤੀਆਂ ਦੇ ਚੁੰਗਲ ’ਚੋਂ ਬਾਹਰ ਆਉਣ ’ਚ ਮਦਦ ਮਿਲੇਗੀ।

ਦੋ ਦਿਨਾਂ ਤੋ ਪੈ ਰਹੀ ਬੂੰਦਾਬਾਂਦੀ ਤੇ ਹਲਕੀ ਬਾਰਿਸ ਨੇ ਮੁੜ ਕੀਤੀ ਠੰਡ ਸੁਰੂ।

ਪੱਕ ਚੱੁਕੀ ਆਲੂਆਂ ਦੀ ਫਸਲ ਲਈ ਬਾਰਿਸ ਨੁਕਸਾਨਦੇਹ

ਕਾਉਕੇ ਕਲਾਂ, 28 ਜਨਵਰੀ (ਜਸਵੰਤ ਸਿੰਘ ਸਹੋਤਾ)-ਬੱਦਲਵਾਈ ਤੇ ਦੋ ਦਿਨਾ ਤੋ ਪੈ ਰਹੀ ਬੰੂਦਾਬਾਂਦੀ ਤੇ ਹਲਕੀ ਬਾਰਿਸ ਨੇ ਮੁੜ ਠੰਡ ਸੁਰੂ ਕਰ ਦਿੱਤੀ ਜਿਸ ਨਾਲ ਪਹਿਲਾ ਹੀ ਹੱਦੋ ਵੱਧ ਪਈ ਠੰਡ ਤੋ ਹੱਥ ਖੜੇ ਕਰ ਚੱੁਕੇ ਲੋਕਾ ਦੇ ਚਿਹਰੇ ਤੇ ਮੁੜ ਨਿਰਾਸਾ ਰਹੀ ਤੇ ਵਧੀ ਠੰਡ ਕਾਰਨ ਮਨੱੁਖੀ ਜੀਵਨ ਪ੍ਰਭਾਵਿਤ ਹੋ ਕੇ ਰਹਿ ਗਿਆਂ।ਬੱਦਲਵਾਈ ਤੇ ਬਾਰਿਸ ਕਾਰਨ ਤਾਪਮਾਨ ਵਿੱਚ ਆਈ ਗਿਰਾਵਟ ਨੇ ਮੁੜ ਠੰਡ ਸੁਰੂ ਕਰ ਦਿੱਤੀ ਤੇ ਪੇਡੂ ਖੇਤਰਾਂ ਵਿੱਚ ਬਾਰਿਸ ਦਾ ਅਸਰ ਵੇਖਣ ਨੂੰ ਮਿਿਲਆਂ।ਘਰਾਂ ਦੀਆਂ ਗਲੀਆਂ ਨਾਲੀਆਂ ਤੇ ਸੜਕਾਂ ਤੇ ਪਏ ਮੀਹ ਕਾਰਨ ਪਾਣੀ ਭਰ ਗਿਆਂ ਜਿਸ ਨਾਲ ਰਾਹਗੀਰਾਂ ਨੂੰ ਭਾਰੀ ਮੁਸਕਿਲਾਂ ਦਾ ਸਾਹਮਣਾ ਕਰਨਾ ਪਿਆਂ।ਪੈ ਰਹੀ ਬਾਰਿਸ ਕਾਰਨ ਮੁੜ ਲੋਕ ਘਰਾਂ ਵਿੱਚ ਹੀ ਰਹਿਣ ਨੂੰ ਮਜਬੂਰ ਰਹੇ ਜਦਕਿ ਦੁਕਾਨਦਾਰਾਂ ਦਾ ਕੰਮ ਬਾਰਿਸ ਕਾਰਨ ਪੂਰਾ ਦਿਨ ਮੰਦੀ ਵਿੱਚ ਰਿਹਾ।ਬਾਰਿਸ ਕਾਰਨ ਰੋਜਮਰਾ ਜਿੰਦਗੀ ਨੂੰ ਵੀ ਬਰੇਕ ਲੱਗ ਗਈ ਹੈ ਜਿਸ ਕਾਰਨ ਬਹੁਤੇ ਪੇਂਡੂ ਮਜਦੂਰ ਕਾਮੇ ਨਿੱਤ ਦਿਨ ਕੰਮ ਧੰਦਾ ਕਰਕੇ ਦੋ ਡੰਗ ਦੀ ਰੋਟੀ ਦਾ ਵਸੀਲਾ ਬਨਾਉਣ ਤੋ ਵੀ ਮੁਥਾਜ ਹੋ ਕੇ ਰਹਿ ਗਏ ਹਨ।ਬੰੂਦਾਂਬਾਦੀ ਕਾਰਨ ਕੰਮਕਾਜ ਠੱਪ ਹੋ ਗਏ ਹਨ ਜਿਸ ਕਾਰਨ ਦਿਹਾੜੀਦਾਰ ਕਾਮੇ ਘਰਾਂ ਵਿੱਚ ਰਹਿਣ ਲਈ ਹੀ ਮਜਬੂਰ ਹਨ।ਪੈ ਰਹੀ ਬਾਰਿਸ ਕਾਰਨ ਕਿਸਾਨ ਵਰਗ ਵੀ ਨਿਰਾਸ ਹਨ ਜਿਸ ਦਾ ਕਾਰਨ ਆਲੂਆਂ ਦੀ ਫਸਲ ਦੀ ਪੁਟਾਈ ਹੋਣ ਦੇ ਨੇੜੇ ਹੈ ਤੇ ਬਾਰਿਸ ਕਾਰਨ ਅਲੂਆਂ ਦੀ ਫਸਲ ਖਰਾਬ ਹੋਣ ਦਾ ਡਰ ਹੈ।

ਸੰਤ ਘੁੰਨਸ ਦੀ ਅਗਵਾਈ ਵਿੱਚ ਸੰਗਰੂਰ ਰੈਲੀ ਲਈ ਹੋਵੇਗਾ ਹਜਾਰਾਂ ਵਰਕਰਾਂ ਦਾ ਕਾਫਲਾ ਰਵਾਨਾ- ਛੀਨੀਵਾਲ, ਗਾਗੇਵਾਲ

ਮਹਿਲ ਕਲਾਂ/ਬਰਨਾਲਾ,ਜਨਵਰੀ 2020- ( ਗੁਰਸੇਵਕ ਸੋਹੀ )- 

 ਸੰਗਰੂਰ ਦੀ 2 ਫਰਵਰ ਦੀ ਰੈਲੀ ਚ ਹੋਣ ਵਾਲਾ ਇਕੱਠ ਜਿੱਥੇ ਗੁਟਕੇ ਸਾਹਿਬ ਦ ਝੂਠੀ ਸੋਹ ਖਾ ਕੇ ਪੰਜਾਬ ਦੀ ਸੱਤਾ ਤੇ ਕਾਬਜ ਹੋਈ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੂੰ ਲੋਕ ਕਚਹਿਰੀ ਚ ਬੇਨਕਾਬ ਕਰੇਗੀ ,ਉਥੇ ਸ਼੍ਰੋਮਣੀ ਅਕਾਲੀ ਦਲ ਦੀਆਂ ਸਰਕਾਰਾਂ ਚ

 ਉੱਚ ਅਹੁਦਿਆਂ ਦਾ ਆਨੰਦ ਮਾਣ ਤੇ ਨਿੱਜੀ ਫਾਇਦੇ ਲੈ ਕੇ ਪਾਰਟੀ ਨਾਲ ਗੱਦਾਰੀ ਕਰਨ ਵਾਲੇ ਮੌਕਾ ਪ੍ਰਸਤ ਆਗੂਆਂ ਨੂੰ ਵੀ ਕਰਾਰਾ ਜਵਾਬ ਦੇਵੇਗੀ । ਇਸ ਰੈਲੀ ਚ ਸਾਬਕਾ ਸੰਸਦੀ ਸੱਕਤਰ ਤੇ ਹਲਕਾ ਮਹਿਲ ਕਲਾਂ ਦੇ ਇੰਚਾਰਜ ਸੰਤ ਬਲਬੀਰ ਸਿੰਘ ਘੁੰਨਸ ਦੀ ਅਗਵਾਈ ਵਿੱਚ ਹਜਾਰਾਂ ਵਰਕਰਾਂ ਦਾ ਕਾਫਲਾ ਰਵਾਨਾ ਹੋਵੇਗਾ।  ਇਹ ਵਿਚਾਰ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਪੰਜਾਬ ਡੈਲੀਗੇਟ ੯ਭਾਈ ਪ੍ਰਿਤਪਾਲ ਸਿੰਘ ਛੀਨੀਵਾਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਥੂਥ ਵਿੰਗ ਮਾਲਵਾ ਜ਼ੋਨ 2 ਦੇ ਸੀਨੀਅਰ ਮੀਤ ਪ੍ਰਧਾਨ ਗੁਰਸੇਵਕ ਸਿੰਘ ਗਾਗੇਵਾਲ ਨੇ ਮਹਿਲ ਕਲਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸਾਂਝੇ ਕੀਤੇ । ਉਨ੍ਹਾਂ ਕਿਹਾ ਕਿ ਤਿੰਨ ਸਾਲਾਂ ਦੇ  ਰਾਜ ਭਾਗ ਚ ਕਾਂਗਰਸ ਸਰਕਾਰ ਨੇ ਆਪਣੇ ਵਾਅਦੇ ਅਨੁਸਾਰ  ਲੋਕਾਂ ਨੂੰ ਕੋਈ ਸਹੂਲਤ ਤਾਂ ਕੀ ਦੇਣੀ ਸੀ ਸਗੋਂ ਬਾਦਲ ਸਰਕਾਰ ਵਲੋਂ ਦਿੱਤੀਆਂ ਸਹੂਲਤਾਂ ਨੂੰ ਵੀ ਲੋਕਾਂ ਤੋਂ ਖੋਹ ਰਹੀ ਹੈ ਅਤੇ ਹਰ ਰੋਜ ਬੰਦ ਕਰ ਰਹੀ ਹੈ । ਜਿਸ ਨਾਲ ਪੰਜਾਬ ਦਾ ਹਰ ਵਰਗ ਕੈਪਟਨ ਸਰਕਾਰ ਤੋਂ ਦੁਖੀ ਹੈ। ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਵੱਲੋਂ ਪਾਰਟੀ ਨਾਲ ਕੀਤੀ ਬਗਾਵਤ ਸਬੰਧੀ ਬੋਲਦੇ ਉਨ੍ਹਾਂ ਕਿਹਾ ਕਿ ਪਾਰਟੀ ਤੋਂ ਵੱਖ ਹੋ ਕੇ ਚੱਲਣ ਵਾਲਿਆਂ ਦਾ ਕੁਝ ਨਹੀਂ ਬਣਦਾ ਅਤੇ ਜੋ ਲੋਕ ਆਪਣੀ ਮਾਂ ਪਾਰਟੀ ਨਾਲ ਦਗਾ ਕਮਾਉਂਦੇ ਹਨ ਲੋਕਾਂ ਨੂੰ ਕਦੇ ਮੁਆਫ ਨਹੀਂ ਕਰਦੇ ਅਤੇ ਉਨ੍ਹਾਂ ਆਗੂਆਂ ਦਾ ਹਸਰ ਬਹੁਤ ਭੈੜਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਲੀਡਰ ਵੱਡਾ ਨਹੀਂ ਹੁੰਦਾ ਸੋ ਜਨਤਾ ਵੱਡੀ ਹੁੰਦੀ ਹੈ ਜੋ ਕਿਸੇ ਵਿਅਕਤੀ ਨੂੰ ਤਾਕਤ ਬਖਸਕੇ ਆਪਣਾ ਆਪਣਾ ਪ੍ਰਤੀਨਿਧ ਬਨਣ ਦਾ ਮੌਕਾ ਦਿੰਦੀ ਹੈ ।  ਢੀਂਡਸਾ ਪਰਿਵਾਰ ਦੇ ਪਾਰਟੀ ਚੋ ਚਲੇ ਜਾਣ ਸਬੰਧੀ ਭਾਈ ਛੀਨੀਵਾਲ ਤੇ ਗਾਗੇਵਾਲ ਨੇ ਕਿ ਰੱਬ ਦੀ ਕ੍ਰਿਪਾ ਨਾਲ ਅਜਿਹੇ ਆਗੂਆਂ ਤੋਂ ਖਹਿੜਾ ਛੁੱਟਿਆ ਵਧੀਆ, ਜਿਨ੍ਹਾਂ ਨੇ ਪਾਰਟੀ ਦੀ ਪਿੱਠ ਚ ਛੁਰਾ ਮਾਰਨ ਵਾਲਿਆਂ ਦੀ ਪੁਸ਼ਤ ਪਨਾਹੀ ਕੀਤੀ ਹੈ ,ਇਹਨਾਂ ਹੀ ਗਲਤੀਆਂ ਕਾਰਨ ਪਾਰਟੀ  ਸੰਗਰੂਰ ਤੇ ਬਰਨਾਲਾ ਜ਼ਿਲ੍ਹੇ ਚ ਬੁਰੀ ਤਰ੍ਹਾਂ ਪਛੜ ਚੁੱਕੀ ਹੈ ।ਅਖੀਰ ਵਿੱਚ ਉਨ੍ਹਾਂ ਲੋਕਾਂ ਨੂੰ ਵੱਡੀ ਗਿਣਤੀ ਚ 2 ਫਰਵਰੀ ਸੰਗਰੂਰ ਦੀ ਰੈਲੀ ਵਿੱਚ ਵਹੀਰਾਂ ਘੱਤ ਕੇ ਪੁੱਜਣ ਦੀ ਅਪੀਲ ਕੀਤੀ ।

ਸਹਾਇਕ ਕਮਿਸ਼ਨਰ ਅਤੇ ਹੋਰਨਾਂ ਸ਼ਖਸੀਅਤਾਂ ਨੇ ਸਮੂਹਿਕ ਵਿਆਹ ਸਮਾਰੋਹ ਮੌਕੇ 6 ਜੋੜੀਆਂ ਨੂੰ ਦਿੱਤਾ ਆਸ਼ੀਰਵਾਦ

ਕਪੂਰਥਲਾ, ਜਨਵਰੀ 2020-(ਹਰਜੀਤ ਸਿੰਘ ਵਿਰਕ)-

ਪਿੰਡ ਮੰਡੇਰ ਬੇਟ ਵਿਖੇ ਗ੍ਰਾਮ ਪੰਚਾਇਤ ਅਤੇ ਸਮੂਹ ਪਿੰਡ ਵਾਸੀਆਂ ਵੱਲੋਂ ਸ਼ਹਿਨਸ਼ਾਹ ਆਲਮ ਦਰਗਾਹ ਪੀਰ ਕਾਦਰ ਸ਼ਾਹ ਜੀ (ਸ਼ੇਰ ਮੁਹੰਮਦ ਖਾਂ ਨਵਾਬ ਮਲੇਰਕੋਟਲਾ) ਦੀ ਯਾਦ ਵਿਚ 40ਵਾਂ ਸਾਲਾਨਾ ਸਮਾਗਮ ਕਰਵਾਇਆ ਗਿਆ। ਇਸ ਮੌਕੇ ਲੋੜਵੰਦ ਪਰਿਵਾਰਾਂ ਦੇ 260 ਸਮੂਹਿਕ ਵਿਆਹਾਂ ਦੀ ਲੜੀ ਨੂੰ ਅੱਗੇ ਤੋਰਦਿਆਂ 6 ਹੋਰ ਲੋੜਵੰਦ ਜੋੜਿਆਂ ਦੇ ਸਮੂਹਿਕ ਵਿਆਹ ਕਰਵਾਏ ਗਏ। ਬਾਬਾ ਅਸ਼ੋਕ ਸਿੰਘ ਰਾਜਦੇਵ ਅਤੇ ਬੀਬੀ ਹਰਜੀਤ ਕੌਰ ਰਾਜਦੇਵ ਦੀ ਅਗਵਾਈ ਹੇਠ ਕਰਵਾਏ ਗਏ ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਅਨੰਦ ਕਾਰਜ ਹੋਏ ਅਤੇ ਰਾਗੀ ਸਿੰਘਾ ਵੱਲੋਂ ਕੀਰਤਨ ਕੀਤਾ ਗਿਆ। ਸਹਾਇਕ ਕਮਿਸ਼ਨਰ ਕਪੂਰਥਲਾ ਡਾ. ਸ਼ਿਖਾ ਭਗਤ ਅਤੇ ਹੋਰਨਾਂ ਸ਼ਖਸੀਅਤਾਂ ਵੱਲੋਂ ਇਸ ਮੌਕੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਗਈ ਅਤੇ ਉਨਾਂ ਨਵ ਵਿਆਹੇ ਜੋੜਿਆਂ ਨੂੰ ਆਸ਼ੀਰਵਾਦ ਦਿੱਤਾ। ਉਨਾਂ ਕਿਹਾ ਕਿ ਇਹ ਇਕ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ ਅਤੇ ਇਹ ਹੀ ਅਸਲ ਸਮਾਜ ਸੇਵਾ ਹੈ। ਇਸ ਮੌਕੇ ਸਿਵਲ ਸਰਜਨ ਡਾ. ਜਸਮੀਤ ਬਾਵਾ, ਜ਼ਿਲਾ ਪ੍ਰੀਸ਼ਦ ਮੈਂਬਰ ਸ੍ਰੀ ਮਣੀ ਔਜਲਾ, ਐਸ. ਐਮ. ਓ ਡਾ. ਕਸ਼ਮੀਰੀ ਲਾਲ, ਡਾ. ਡਰੱਗ ਇੰਸਪੈਕਟਰ ਡਾ. ਅਨੁਪਮ ਕਾਲੀਆ, ਸਰਪੰਚ ਸ. ਹਰਜੀਤ ਸਿੰਘ  ਤੇ ਹੋਰ ਸ਼ਖਸੀਅਤਾਂ ਹਾਜ਼ਰ ਸਨ। 

ਕੈਪਸ਼ਨ :-ਸਮੂਹਿਕ ਵਿਆਹਾਂ ਮੌਕੇ ਨਵ ਵਿਆਹੇ ਜੋੜਿਆਂ ਨੂੰ ਆਸ਼ੀਰਵਾਦ ਦਿੰਦੇ ਹੋਏ ਸਹਾਇਕ ਕਮਿਸ਼ਨਰ ਡਾ. ਸ਼ਿਖਾ ਭਗਤ, ਸਿਵਲ ਸਰਜਨ ਡਾ. ਜਸਮੀਤ ਬਾਵਾ, ਸ੍ਰੀ ਮਣੀ ਔਜਲਾ, ਬਾਬਾ ਅਸ਼ੋਕ ਸਿੰਘ ਰਾਜਦੇਵ, ਬੀਬੀ ਹਰਜੀਤ ਕੌਰ ਰਾਜਦੇਵ ਅਤੇ ਹੋਰ ਸ਼ਖਸੀਅਤਾਂ।

ਸੂਬੇ ਦੀਆਂ ਜੇਲਾਂ ਨੂੰ ਅਸਲ ਸੁਧਾਰ ਘਰ ਬਣਾਉਣਾ ਪੰਜਾਬ ਸਰਕਾਰ ਦਾ ਮੁੱਖ ਮਕਸਦ-ਸੁਖਜਿੰਦਰ ਸਿੰਘ ਰੰਧਾਵਾ

ਸਹਿਕਾਰਤਾ ਤੇ ਜੇਲਾਂ ਮੰਤਰੀ ਨੇ ਕੇਂਦਰੀ ਜੇਲ ਕਪੂਰਥਲਾ ਵਿਖੇ ਗਣਤੰਤਰ ਦਿਵਸ ਮੌਕੇ ਕਰਵਾਏ ਵਿਸ਼ੇਸ਼ ਸਮਾਗਮ ’ਚ ਕੀਤੀ ਸ਼ਿਰਕਤ 

ਜੇਲ ਵਿਚ ਨਵ-ਨਿਰਮਤ ਆਲੀਸ਼ਾਨ ਉਡੀਕ ਘਰ ਅਤੇ ਡਿਸਪੈਂਸਰੀ ਕੀਤੀ ਲੋਕ ਅਰਪਣ

ਸੂਬੇ ਦੀਆਂ ਜੇਲਾਂ ਦੇ ਬਿਹਤਰੀਨ ਕਾਰਗੁਜ਼ਾਰੀ ਵਾਲੇ ਅਧਿਕਾਰੀਆਂ ਨੂੰ ਕੀਤਾ ਸਨਮਾਨਿਤ

ਏ. ਡੀ. ਜੀ. ਪੀ ਜੇਲਾਂ, ਆਈ. ਜੀ. ਜੇਲਾਂ ਅਤੇ ਡੀ. ਆਈ. ਜੀ ਜੇਲਾਂ ਵੀ ਹੋਏ ਸ਼ਾਮਿਲ

ਕਪੂਰਥਲਾ, ਜਨਵਰੀ 2020-(ਹਰਜੀਤ ਸਿੰਘ ਵਿਰਕ)-

ਕੇਂਦਰੀ ਜੇਲ ਕਪੂਰਥਲਾ ਵਿਖੇ ਗਣਤੰਤਰ ਦਿਵਸ ਮੌਕੇ ਜੇਲ ਸੁਪਰਡੈਂਟ ਸ੍ਰੀ ਬੀ. ਐਸ. ਘੁੰਮਣ ਦੀ ਅਗਵਾਈ ਹੇਠ ਇਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ, ਜਿਸ ਵਿਚ ਸਹਿਕਾਰਤਾ ਅਤੇ ਜੇਲਾਂ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ, ਏ. ਡੀ. ਜੀ. ਪੀ ਜੇਲਾਂ ਸ੍ਰੀ ਪੀ. ਕੇ ਸਿਨਹਾ, ਇੰਸਪੈਕਟਰ ਜਨਰਲ ਜੇਲਾਂ ਸ੍ਰੀ ਆਰ. ਕੇ ਅਰੋੜਾ ਅਤੇ ਡਿਪਟੀ ਇੰਸਪੈਕਟਰ ਜਨਰਲ ਜੇਲਾਂ ਸ. ਸੁਰਿੰਦਰ ਸਿੰਘ ਸੈਣੀ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ।  ਇਸ ਮੌਕੇ ਸ. ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਕੌਮੀ ਝੰਡਾ ਲਹਿਰਾਇਆ ਅਤੇ ਜੇਲ ਅੰਦਰ ਜਨਾਨਾ ਵਾਰਡ ਅਤੇ ਓਪਨ ਏਅਰ ਥਿਏਟਰ ਵਿਚ ਬੰਦੀਆਂ ਵੱਲੋਂ ਤਿਆਰ ਕੀਤੇ ਗਏ ਸ਼ਾਨਦਾਰ ਸੱਭਿਆਚਾਰਕ ਪ੍ਰੋਗਰਾਮ ਦਾ ਆਨੰਦ ਮਾਣਿਆ, ਜਿਸ ਵਿਚ ਔਰਤ ਬੰਦੀਆਂ ਵੱਲੋਂ ਗਿੱਧਾ ਅਤੇ ਮਰਦ ਬੰਦੀਆਂ ਵੱਲੋਂ ਭੰਗੜੇ ਅਤੇ ਗੀਤ-ਸੰਗੀਤ ਦੀਆਂ ਪੇਸ਼ਕਾਰੀਆਂ ਦਿੱਤੀਆਂ ਗਈਆਂ। 

  ਜੇਲ ਮੰਤਰੀ ਨੇ ਇਸ ਮੌਕੇ ਸਭਨਾਂ ਨੂੰ ਗਣਤੰਤਰ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਸੂਬੇ ਦੀਆਂ ਜੇਲਾਂ ਨੂੰ ਅਸਲ ਸੁਧਾਰ ਘਰ ਬਣਾਉਣਾ ਪੰਜਾਬ ਸਰਕਾਰ ਦਾ ਮੁੱਖ ਮਕਸਦ ਹੈ ਅਤੇ ਇਸ ਮਕਸਦ ਨੂੰ ਹਰ ਹਾਲਤ ਵਿਚ ਪੂਰਾ ਕੀਤਾ ਜਾਵੇਗਾ।  ਉਨਾਂ ਕਿਹਾ ਕਿ ਜੇਲਾਂ ਵਿਚ ਬੰਦੀਆਂ ਦੀ ਭਲਾਈ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ ਅਤੇ ਇਸ ਲਈ ਜਿੰਨੇ ਵੀ ਫੰਡ ਲੋੜੀਂਦੇ ਹਨ, ਉਹ ਮੁਹੱਈਆ ਕਰਵਾਏ ਜਾਣਗੇ। ਉਨਾਂ ਕਿਹਾ ਕਿ ਅੰਡਰ ਟਰਾਇਲ ਕੈਦੀਆਂ ਨੂੰ ਵਾਰ-ਵਾਰ ਪੇਸ਼ੀਆਂ ਤੋਂ ਮੁਕਤੀ ਦਿਵਾਉਣ ਅਤੇ ਉਨਾਂ ਦੇ ਕੇਸਾਂ ਦੇ ਪਹਿਲ ਦੇ ਆਧਾਰ ’ਤੇ ਨਿਪਟਾਰੇ ਲਈ ਉਨਾਂ ਦੇ ਕੇਸ ਜੇਲ ਵਿਚ ਹੀ ਸੁਣੇ ਜਾਣ ਲਈ ਹਾਈ ਕੋਰਟ ਨੂੰ ਲਿਖਿਆ ਗਿਆ ਹੈ। ਉਨਾਂ ਬੰਦੀਆਂ ਨੂੰ ਨਸ਼ਿਆਂ ਅਤੇ ਅਪਰਾਧ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਦਿਆਂ ਉਨਾਂ ਨੂੰ ਹੁਨਰਮੰਦ ਹੋਣ ਦਾ ਸੱਦਾ ਦਿੱਤਾ। ਉਨਾਂ ਕਿਹਾ ਕਿ ਚੰਗੇ ਵਿਹਾਰ ਅਤੇ ਵਧੀਆ ਕੰਮ ਕਰਨ ਵਾਲੇ ਬੰਦੀਆਂ ਨੂੰ ਸਹੂਲਤਾਂ ਦਿੱਤੀਆਂ ਜਾਣਗੀਆਂ ਅਤੇ ਉਨਾਂ ਦੀ ਜਲਦ ਰਿਹਾਈ ਦੇ ਪ੍ਰਬੰਧ ਕੀਤੇ ਜਾਣਗੇ। 

ਏ. ਡੀ. ਜੀ. ਪੀ ਜੇਲਾਂ ਸ੍ਰੀ ਪੀ. ਕੇ ਸਿਨਹਾ ਨੇ ਇਸ ਮੌਕੇ ਕਿਹਾ ਕਿ ਜੇਲਾਂ ਅਪਰਾਧਿਕ ਨਿਆਂ ਪ੍ਰਣਾਲੀ ਦਾ ਸਭ ਤੋਂ ਅਹਿਮ ਅੰਗ ਹਨ ਅਤੇ ਅਪਰਾਧੀਆਂ ਨੂੰ ਸਮਾਜ ਦੀ ਮੁੱਖ ਧਾਰਾ ਵਿਚ ਲਿਆਉਣ ਵਿਚ ਜੇਲ ਪ੍ਰਸ਼ਾਸਨ ਦੀ ਭੂਮਿਕਾ ਬੇਹੱਦ ਅਹਿਮ ਹੈ। ਉਨਾਂ ਕਿਹਾ ਕਿ ਜੇਲ ਪ੍ਰਸ਼ਾਸਨ ਵਿਚ ਹੋਰ ਸੁਧਾਰ ਲਿਆਉਣ ਲਈ ਪ੍ਰਕਿਰਿਆ ਜਾਰੀ ਹੈ ਅਤੇ ਜਲਦ ਹੀ ਇਸ ਦੇ ਉਸਾਰੂ ਸਿੱਟੇ ਸਾਹਮਣੇ ਆਉਣਗੇ। 

  ਇਸ ਦੌਰਾਨ ਜੇਲ ਮੰਤਰੀ ਸ. ਰੰਧਾਵਾ ਵੱਲੋਂ ਜੇਲ ਵਿਚ ਮੁਲਾਕਾਤੀਆਂ ਲਈ ਨਵੇਂ ਉਸਾਰੇ ਗਏ ਆਲੀਸ਼ਾਨ ਉਡੀਕ ਘਰ ਸੂਬੇ ਦੇ ਲੋਕਾਂ ਨੂੰ ਸਮਰਪਿਤ ਕੀਤਾ। ਇਸ ਤੋਂ ਇਲਾਵਾ ਉਨਾਂ ਜੇਲ ਕਰਮਚਾਰੀਆਂ ਲਈ ਨਵੀਂ ਬਣਾਈ ਗਈ ਡਿਸਪੈਂਸਰੀ ਦਾ ਵੀ ਉਦਘਾਟਨ ਕੀਤਾ। ਇਸੇ ਤਰਾਂ ਉਨਾਂ ਆਪਣੇ ਅਖਤਿਆਰੀ ਫੰਡ ਵਿਚੋਂ ਰੋਟੀ ਤਿਆਰ ਕਰਨ ਵਾਲੀ ਆਟੋਮੈਟਿਕ ਮਸ਼ੀਨ ਵੀ ਜੇਲ ਪ੍ਰਸ਼ਾਸਨ ਨੂੰ ਭੇਟ ਕੀਤੀ। ਇਸ ਤੋਂ ਬਾਅਦ ਉਨਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਜੇਲ ਵਿਚ ਤਿਆਰ ਕੀਤੀ ਗਈ ਨਾਨਕ ਬਗੀਚੀ ਦਾ ਨਿਰੀਖਣ ਵੀ ਕੀਤਾ ਅਤੇ ਉਥੇ ਪੌਦਾ ਲਗਾਇਆ। ਇਸ ਦੌਰਾਨ ਉਨਾਂ ਕੈਦੀਆਂ ਵੱਲੋਂ ਤਿਆਰ ਕੀਤੇ ਗਏ ਸਾਮਾਨ ਦੀ ਪ੍ਰਦਰਸ਼ਨੀ ਦਾ ਨਿਰੀਖਣ ਵੀ ਕੀਤਾ ਅਤੇ ਇਸ ਦੀ ਸ਼ਲਾਘਾ ਕੀਤੀ। 

  ਇਸ ਦੌਰਾਨ ਉਨਾਂ ਸੂਬੇ ਦੀਆਂ ਜੇਲਾਂ ਦੇ ਬਿਹਤਰੀਨ ਕਾਰਗੁਜ਼ਾਰੀ ਵਿਖਾਉਣ ਵਾਲੇ ਜੇਲ ਸੁਪਰਡੈਂਟਾਂ ਅਤੇ ਹੋਰਨਾਂ ਜੇਲ ਅਧਿਕਾਰੀਆਂ ਨੂੰ ਡੀ. ਜੀ. ਪੀ ਕਮੈਂਡੇਸ਼ਨ ਡਿਸਕ ਅਤੇ ਸਨਮਾਨ ਚਿੰਨਾਂ ਨਾਲ ਸਨਮਾਨਿਤ ਵੀ ਕੀਤਾ। ਇਸ ਮੌਕੇ ਡਿਪਟੀ ਕਮਿਸ਼ਨਰ ਕਪੂਰਥਲਾ ਸ੍ਰੀਮਤੀ ਦੀਪਤੀ ਉੱਪਲ, ਐਸ. ਐਸ. ਪੀ ਕਪੂਰਥਲਾ ਸ੍ਰੀ ਸਤਿੰਦਰ ਸਿੰਘ, ਨਗਰ ਨਿਗਮ ਜਲੰਧਰ ਦੇ ਮੇਅਰ ਸ੍ਰੀ ਜਗਦੀਸ਼ ਰਾਜਾ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਐਸ. ਪੀ ਆਂਗਰਾ, ਐਸ. ਡੀ. ਐਮ ਕਪੂਰਥਲਾ ਸ੍ਰੀ ਵਰਿੰਦਰ ਪਾਲ ਸਿੰਘ ਬਾਜਵਾ, ਡੀ. ਐਸ. ਪੀ ਸ੍ਰੀ ਹਰਿੰਦਰ ਸਿੰਘ ਗਿੱਲ, ਸਿਵਲ ਸਰਜਨ ਡਾ. ਜਸਮੀਤ ਬਾਵਾ, ਜ਼ਿਲਾ ਸਿੱਖਿਆ ਅਫ਼ਸਰ ਸ. ਮੱਸਾ ਸਿੰਘ ਸਿੱਧੂ, ਸਹਾਇਕ ਲੋਕ ਸੰਪਰਕ ਅਫ਼ਸਰ ਸ. ਹਰਦੇਵ ਸਿੰਘ ਆਸੀ, ਡਾ. ਰਮੇਸ਼ ਬੰਗਾ, ਡਾ. ਸਾਰਿਕਾ ਦੁੱਗਲ, ਡਾ. ਅਭਿਸ਼ੇਕ, ਮੈਡਮ ਅੰਜੂ ਬਾਲਾ ਤੋਂ ਇਲਾਵਾ ਜੇਲ ਅਧਿਕਾਰੀਆਂ ਵਿਚ ਸੁਪਰਡੈਂਟ (ਮ) ਸ੍ਰੀ ਨਰਪਿੰਦਰ ਸਿੰਘ, ਡਿਪਟੀ ਸੁਪਰਡੈਂਟ (ਫੈਕਟਰੀ) ਸ੍ਰੀ ਅਮਰ ਸਿੰਘ, ਡਿਪਟੀ ਸੁਪਰਡੈਂਟ (ਸਕਿਉਰਿਟੀ) ਸ੍ਰੀ ਇੰਦਰਪਾਲ ਸਿੰਘ ਤੇ ਸ੍ਰੀ ਰਜਿੰਦਰ ਕੁਮਾਰ ਹਾਜ਼ਰ ਸਨ। 

ਕੈਪਸ਼ਨਾਂ :-ਕੇਂਦਰੀ ਜੇਲ ਕਪੂਰਥਲਾ ਵਿਖੇ ਨਵ-ਨਿਰਮਤ ਉਡੀਕ ਘਰ ਸੂਬੇ ਦੇ ਲੋਕਾਂ ਨੂੰ ਸਮਰਪਿਤ ਕਰਦੇ ਹੋਏ ਸਹਿਕਾਰਤਾ ਤੇ ਜੇਲਾਂ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ। ਨਾਲ ਹਨ ਏ. ਡੀ. ਜੀ. ਪੀ ਜੇਲਾਂ ਸ੍ਰੀ ਪੀ. ਕੇ ਸਿਨਹਾ, ਇੰਸਪੈਕਟਰ ਜਨਰਲ ਜੇਲਾਂ ਸ੍ਰੀ ਆਰ. ਕੇ ਅਰੋੜਾ, ਐਸ. ਐਸ. ਪੀ ਕਪੂਰਥਲਾ ਸ੍ਰੀ ਸਤਿੰਦਰ ਸਿੰਘ ਤੇ ਹੋਰ। 

-ਸਹਿਕਾਰਤਾ ਤੇ ਜੇਲਾਂ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੂੰ ਸਨਮਾਨਿਤ ਕਰਦੇ ਹੋਏ ਏ. ਡੀ. ਜੀ. ਪੀ ਜੇਲਾਂ ਸ੍ਰੀ ਪੀ. ਕੇ ਸਿਨਹਾ। ਨਾਲ ਹਨ ਇੰਸਪੈਕਟਰ ਜਨਰਲ ਜੇਲਾਂ ਸ੍ਰੀ ਆਰ. ਕੇ ਅਰੋੜਾ, ਡਿਪਟੀ ਇੰਸਪੈਕਟਰ ਜਨਰਲ ਜੇਲਾਂ ਸ. ਸੁਰਿੰਦਰ ਸਿੰਘ ਸੈਣੀ, ਐਸ. ਐਸ. ਪੀ ਕਪੂਰਥਲਾ ਸ੍ਰੀ ਸਤਿੰਦਰ ਸਿੰਘ ਅਤੇ ਜੇਲ ਸੁਪਰਡੈਂਟ ਸ. ਬੀ. ਐਸ ਘੁੰਮਣ। 

 

ਭਵਿੱਖ ਦੀ ਰਣਨੀਤੀ ਤਿਆਰ ਕਰਨ ਲਈ 'ਪੰਥਕ ਅਕਾਲੀ ਲਹਿਰ' ਨੇ ਕੀਤੀ ਮੀਟਿੰਗ

 

 

ਜੋਧਾਂ ਮਨਸੂਰਾਂ/ ਅਸਥਾਨ ਬਾਬਾ ਬੇਦੀ ਜੀ/ਪੰਜਾਬ-ਜਨਵਰੀ 2020-(ਜਨ ਸ਼ਕਤੀ ਨਿਊਜ)-

 

ਪੰਥਕ ਅਕਾਲੀ ਲਹਿਰ ਦੇ ਸਰਪ੍ਰਸਤ ਬਾਬਾ ਸਰਬਜੋਤ ਸਿੰਘ ਬੇਦੀ ਜੀ ਦੀ ਅਗਵਾਈ ਵਿੱਚ 'ਪੰਥਕ ਅਕਾਲੀ ਲਹਿਰ' ਦੀ ਅਹਿਮ ਮੀਟਿੰਗ ਹੋਈ। ਇਸ ਮੀਟਿੰਗ ਸਿੰਘ ਪੰਥਕ ਅਕਾਲੀ ਲਹਿਰ ਦੇ ਪ੍ਰਧਾਨ ਜਥੇਦਾਰ ਭਾਈ ਰਣਜੀਤ ਸਿੰਘ, ਸਕੱਤਰ ਸ੍ਰ. ਅੰਮ੍ਰਿਤ ਸਿੰਘ ਰਤਨਗੜ੍ਹ, ਭਾਈ ਗੁਰਪ੍ਰੀਤ ਸਿੰਘ ਰੰਧਾਵਾ (ਮੈਂਬਰ SGPC), ਭਾਈ ਤਰਲੋਚਨ ਸਿੰਘ ਕਾਲੜਾ (NRI ਕੈਨੇਡਾ) ਸ਼ਾਮਿਲ ਹੋਏ।

ਮੀਟਿੰਗ ਵਿੱਚ ਸਿੱਖ ਪੰਥ ਦੇ ਮੌਜੂਦਾ ਹਾਲਾਤਾਂ ਬਾਰੇ ਚਰਚਾ ਕੀਤੀ ਗਈ ਅਤੇ ਆਉਣ ਵਾਲੇ ਸਮੇਂ ਵਿੱਚ 'ਪੰਥ' ਦੀ ਚੜ੍ਹਦੀਕਲਾ ਲਈ ਹੋਰ ਤੇਜ਼ੀ ਨਾਲ ਕੰਮ ਕਰਨ ਵਾਸਤੇ ਏਜੰਡਾ ਉਲੀਕਿਆ ਗਿਆ।

ਬਰਨਾਲਾ ਦੇ ਸਕੂਲ ਵਿੱਚ ਗਣਤੰਤਰ ਦਿਵਸ ਮਨਾਇਆ

ਬਰਨਾਲਾ,ਜਨਵਰੀ 2020- ( ਗੁਰਸੇਵਕ ਸੋਹੀ )-

ਅੱਜ 26 ਜਨਵਰੀ ਗਣਤੰਤਰ ਦਿਵਸ ਮੌਕੇ ਬਰਨਾਲਾ ਵਿਖੇ kids to king  ਛੋਟੇ ਬੱਚਿਆਂ ਵਾਲੇ  ਸਕੂਲ ਵਿੱਚ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ।  ਇਸ ਮੌਕੇ ਮੁੱਖ ਮਹਿਮਾਨ ਸ੍ਰ ਦਰਸ਼ਨ ਸਿੰਘ ਨੈਣੇਵਾਲ ਜੀ ਨੇ ਤਿਰੰਗਾ ਲਹਿਰਾਉਣ ਦੀ ਰਸਮ ਅਦਾ ਕੀਤੀ ।   ਇਸ ਮੌਕੇ ਉਨ੍ਹਾਂ ਨੇ ਆਜ਼ਾਦੀ ਸੰਗਰਾਮੀਆ ਦੀ ਤਰ੍ਹਾਂ ਤਿਆਰ ਹੋਏ ਬੱਚਿਆਂ ਦਾ ਸਨਮਾਨ ਵੀ ਕੀਤਾ ।  ਇਸ ਮੌਕੇ  ਸਕੂਲ ਮੈਨੇਜਮੈਂਟ ਮੁਖੀ ਸ੍ਰੀ ਦਲਵੀਰ ਚੌਹਾਨ , ਪ੍ਰਿੰਸੀਪਲ ਮੈਡਮ ਭਾਵਨਾ ,  ਭਾਜਪਾ ਦੇ ਆਗੂ ਹੈਪੀ ਠੀਕਰੀਵਾਲਾ,ਪ੍ਰਦੀਪ ਬਰਨਾਲਾ ,  ਤਰਸੇਮ ਧਾਲੀਵਾਲ ਤੇ ਹੋਰ ਅਧਿਆਪਕ ਵੀ ਹਾਜ਼ਰ ਸਨ।

ਧਨੌਲਾ ਦੇ ਇਕ ਸਕੂਲ ਵਿਚ ਬੱਚਿਆਂ ਤੋਂ ਸੀ ਏ ਏ(CAA) ਦੇ ਹੱਕ ਵਿਚ ਦਸਤਖ਼ਤ ਕਰਵਾਏ ਜਾਣ ਦਾ ਮਾਮਲਾ ਸਾਹਮਣੇ

ਧਨੌਲਾ,ਜਨਵਰੀ 2020- ( ਗੁਰਸੇਵਕ ਸੋਹੀ )- ਧਨੌਲਾ ਦੇ ਇਕ ਸਕੂਲ ਵਿਚ ਬੱਚਿਆਂ ਤੋਂ ਨਾਗਰਿਕਤਾ ਸੋਧ ਕਾਨੂੰਨ (ਸੀਏਏ) ਦੇ ਹੱਕ ਵਿਚ ਦਸਤਖ਼ਤ ਕਰਵਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਬੇਸ਼ੱਕ ਪੁਲੀਸ ਨੇ ਮੁਸਤੈਦੀ ਵਰਤਦਿਆਂ ਮਾਮਲਾ ਸ਼ਾਂਤ ਕਰ ਲਿਆ ਪਰ ਇਕ ਵਾਰ ਮਾਹੌਲ ਤਲਖ਼ ਹੋ ਗਿਆ ਸੀ।
ਜਾਣਕਾਰੀ ਅਨੁਸਾਰ ਧਨੌਲਾ ਦੇ ਲਾਲਾ ਜਗਨ ਨਾਥ ਸਰਬਹਿੱਤਕਾਰੀ ਵਿੱਦਿਆ ਮੰਦਰ ਸਕੂਲ ਵਿਚ ਬੱਚਿਆਂ ਤੋਂ ਇਕ ਕੱਪੜੇ ’ਤੇ ਨਾਗਰਿਕਤਾ ਸੋਧ ਕਾਨੂੰਨ ਦੇ ਹੱਕ ਵਿਚ ਦਸਤਖ਼ਤ ਕਰਵਾ ਲਏ ਗਏ ਅਤੇ ਇਸ ਨਾਲ ਇਕ ਫਾਰਮ ਵੀ ਭਰਵਾਇਆ ਗਿਆ। ਬੱਚਿਆਂ ਵੱਲੋਂ ਆਪਣੇ ਮਾਪਿਆਂ ਨੂੰ ਇਹ ਗੱਲ ਦੱਸੇ ਜਾਣ ਤੋਂ ਬਾਅਦ ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦੇ ਸਕੂਲ ਪੁੱਜ ਗਏ। ਕਾਮਰੇਡ ਡਾ. ਲਾਲ ਸਿੰਘ, ਮਹਿੰਦਰਪਾਲ ਸਿੰਘ ਦਾਨਗੜ੍ਹ, ਮਹਿੰਦਰ ਸਿੰਘ ਬੰਗਹੇਰਪੱਤੀ, ਮਿੱਠੂ ਖਾਂ ਸਾਬਕਾ ਕੌਂਸਲਰ, ਬਹਾਦਰ ਸਿੰਘ, ਹਰਜਿੰਦਰ ਸਿੰਘ, ਬਿੱਲੂ ਖਾਂ, ਮੁਹੰਮਦ ਸ਼ਰੀਫ਼, ਜਗਜੀਤ ਸਿੰਘ ਅਤੇ ਅਮਰੀਕ ਸਿੰਘ ਆਦਿ ਨੇ ਪ੍ਰਿੰਸੀਪਲ ਤੇ ਪ੍ਰਬੰਧਕਾਂ ਨਾਲ ਮੀਟਿੰਗ ਕਰਕੇ ਇਸ ਗੱਲ ’ਤੇ ਸਖ਼ਤ ਇਤਰਾਜ਼ ਜਤਾਇਆ। ਬੇਸ਼ੱਕ ਪ੍ਰਿੰਸੀਪਲ ਨੇ ਹਲੀਮੀ ਬਰਕਰਾਰ ਰੱਖੀ ਪਰ ਮਾਹੌਲ ਇਕ ਵਾਰ ਤਲਖ਼ ਹੋ ਗਿਆ। ਨੁਮਾਇੰਦਿਆਂ ਨੇ ਆਖਿਆ ਕਿ ਸਕੂਲ ਵਿਚ ਸਾਰੇ ਧਰਮਾਂ ਦੇ ਬੱਚੇ ਪੜ੍ਹਦੇ ਹਨ, ਜਿਸ ਕਾਰਨ ਨਾਗਰਿਕਤਾ ਸੋਧ ਕਾਨੂੰਨ ਦੇ ਹੱਕ ਵਿਚ ਹਸਤਾਖ਼ਰ ਕਦੇ ਵੀ ਨਹੀਂ ਕਰਵਾਉਣ ਦਿੱਤੇ ਜਾਣਗੇ। ਸਕੂਲ ਦੇ ਪ੍ਰਧਾਨ ਪ੍ਰਮੋਦ ਕੁਮਾਰ, ਡਾ. ਰੋਹਿਤ ਕੁਮਾਰ ਬਾਂਸਲ, ਡਾ. ਚਿਮਨ ਲਾਲ ਬਾਂਸਲ, ਬਾਬੂ ਬ੍ਰਿਜ ਲਾਲ, ਜੀਵਨ ਕੁਮਾਰ ਤੇ ਕਾਰਜਕਾਰੀ ਮੈਂਬਰ ਰਜਨੀਸ਼ ਕੁਮਾਰ ਬਾਂਸਲ ਨੇ ਦੱਸਿਆ ਕਿ ਬੱਚਿਆਂ ਦੇ ਦਸਤਖ਼ਤਾਂ ਵਾਲੇ ਦਸਤਾਵੇਜ਼ ਅੱਗੇ ਨਹੀਂ ਭੇਜੇ ਹਨ। ਇਸ ਤੋਂ ਬਾਅਦ ਸਕੂਲ ਪ੍ਰਬੰਧਕਾਂ ਨੇ ਫਾਰਮ ਤੇ ਦਸਤਖ਼ਤਾਂ ਵਾਲਾ ਕੱਪੜਾ ਹਾਜ਼ਰ ਨੁਮਾਇੰਦਿਆਂ ਹਵਾਲੇ ਕਰ ਦਿੱਤਾ। ਕੁਝ ਲੋਕਾਂ ਨੇ ਇਸ ਕੱਪੜੇ ਨੂੰ ਅੱਗ ਲਾਉਣ ਦੀ ਗੱਲ ਕੀਤੀ ਤਾਂ ਥਾਣਾ ਮੁਖੀ ਹਾਕਮ ਸਿੰਘ ਨੇ ਇਸ ਕੱਪੜੇ ਨੂੰ ਕਬਜ਼ੇ ਵਿਚ ਲੈ ਕੇ ਮਾਮਲਾ ਸ਼ਾਂਤ ਕੀਤਾ। ਲੋਕਾਂ ਨੇ ਨਾਲ ਹੀ ਮੰਗ ਕੀਤੀ ਕਿ ਸਕੂਲ ਦਾ ਨਾਂ ਸਿਰਫ ਲਾਲਾ ਜਗਨ ਨਾਥ ਰੱਖਿਆ ਜਾਵੇ।

ਪੰਜਾਬ ਨੈਸ਼ਨਲ ਬੈਂਕ ਵੱਲੋਂ ਸੀ. ਐਸ. ਆਰ ਗਤੀਵਿਧੀਆਂ ਤਹਿਤ ਵਿਦਿਆਰਥਣਾਂ ਨੂੰ ਸਕੂਲ ਬੈਗ ਤੇ ਲਿਖਣ ਸਮੱਗਰੀ ਭੇਟ

ਕਪੂਰਥਲਾ, ਜਨਵਰੀ 2020-(ਹਰਜੀਤ ਸਿੰਘ ਵਿਰਕ)-

ਪੰਜਾਬ ਨੈਸ਼ਨਲ ਬੈਂਕ ਦੇ ਮੰਡਲ ਦਫ਼ਤਰ ਕਪੂਰਥਲਾ ਵੱਲੋਂ ਸੀ. ਐਸ. ਆਰ ਗਤੀਵਿਧੀਆਂ ਤਹਿਤ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਕਪੂਰਥਲਾ ਵਿਖੇ ਵਿਦਿਆਰਥਣਾਂ ਨੂੰ ਸਕੂਲ ਬੈਗ ਅਤੇ ਲਿਖਣ ਸਮੱਗਰੀ ਭੇਟ ਕੀਤੀ ਗਈ। ਇਸ ਮੌਕੇ ਕਰਵਾਏ ਇਕ ਸਾਦੇ ਸਮਾਗਮ ਦੌਰਾਨ ਆਪਣੇ ਸੰਬੋਧਨ ਵਿਚ ਪੀ. ਐਨ. ਬੀ ਦੇ ਸਰਕਲ ਹੈੱਡ ਸ. ਐਸ. ਪੀ ਸਿੰਘ ਨੇ ਵਿਦਿਆਰਥਣਾਂ ਨੂੰ ਆਪਣੀ ਰੋਜ਼ਾਨਾ ਦੀ ਪੜਾਈ ਅਤੇ ਪਾਠਕ੍ਰਮ ਤੋਂ ਇਲਾਵਾ ਹੋਰਨਾਂ ਪ੍ਰਮੁੱਖ ਭਾਸ਼ਾਵਾਂ ਦੀ ਵਧੀਆ ਜਾਣਕਾਰੀ ਪ੍ਰਾਪਤ ਕਰਨ ਅਤੇ ਆਮ ਗਿਆਨ ਵਿਚ ਵਾਧਾ ਕਰਨ ਲਈ ਕਿਹਾ। ਇਸੇ ਤਰਾਂ ਉਨਾਂ ਵਿਦਿਆਰਥਣਾਂ ਨੂੰ ਸਵੱਛ ਭਾਰਤ ਸਿਰਜਣ ਵਿਚ ਆਪਣਾ ਯੋਗਦਾਨ ਦੇਣ, ਅਨੁਸ਼ਾਸਿਤ ਜੀਵਨ ਬਤੀਤ ਕਰਨ ਅਤੇ ਅਧਿਆਪਕਾਂ ਅਤੇ ਮਾਪਿਆਂ ਪ੍ਰਤੀ ਸਨੇਹ ਤੇ ਆਦਰ ਰੱਖਣ ਦੀ ਪ੍ਰੇਰਣਾ ਵੀ ਦਿੱਤੀ। ਸਕੂਲ ਦੇ ਪਿ੍ਰੰਸੀਪਲ ਸ. ਨਵਚੇਤਨ ਸਿੰਘ ਨੇ ਸਮੂਹ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਉਨਾਂ ਨੂੰ ਵਿੱਦਿਅਕ ਅਤੇ ਹੋਰਨਾਂ ਗਤੀਵਿਧੀਆਂ ਵਿਚ ਸਕੂਲ ਦੀਆਂ ਪ੍ਰਾਪਤੀਆਂ ਤੋਂ ਜਾਣੂ ਕਰਵਾਇਆ, ਜਿਸ ਦੀ ਭਰਪੂਰ ਸ਼ਲਾਘਾ ਹੋਈ। ਇਸ ਮੌਕੇ ਪੰਜਾਬ ਨੈਸ਼ਨਲ ਬੈਂਕ ਦੇ ਡਿਪਟੀ ਸਰਕਲ ਹੈੱਡ ਸ੍ਰੀ ਦੇਬਾਸ਼ੀਸ਼ ਚੱਕਰਬਰਤੀ, ਮੁੱਖ ਪ੍ਰਬੰਧਕ ਸ੍ਰੀ ਆਰ. ਸੀ ਗੋਸਾਂਈਂ, ਸ੍ਰੀ ਪੀ. ਕੇ ਜੈਨ, ਸ੍ਰੀ ਯਸ਼ਪਾਲ ਮਦਾਨ, ਸ੍ਰੀ ਪੀ. ਐਸ ਅਰੋੜਾ, ਸ੍ਰੀ ਸੁਖਵਿੰਦਰ ਸਿੰਘ, ਸ੍ਰੀਮਤੀ ਪੂਨਮ ਸ਼ਰਮਾ, ਸ੍ਰੀਮਤੀ ਮੀਨਾ ਮਦਾਨ ਅਤੇ ਸ੍ਰੀਮਤੀ ਸਰੋਜ ਬਾਲਾ ਤੋਂ ਇਲਾਵਾ ਸਕੂਲ ਸਟਾਫ ਹਾਜ਼ਰ ਸੀ। 

ਕੈਪਸ਼ਨ :

-ਵਿਦਿਆਰਥਣਾਂ ਨੂੰ ਸਕੂਲ ਬੈਗ ਅਤੇ ਲਿਖਣ ਸਮੱਗਰੀ ਭੇਟ ਕਰਦੇ ਹੋਏ ਪੰਜਾਬ ਨੈਸ਼ਨਲ ਬੈਂਕ ਦੇ ਸਰਕਲ ਹੈੱਡ ਸ. ਐਸ. ਪੀ ਸਿੰਘ ਤੇ ਹੋਰ ਅਧਿਕਾਰੀ। 

-ਸਮਾਗਮ ਦੌਰਾਨ ਪੰਜਾਬ ਨੈਸ਼ਨਲ ਬੈਂਕ ਦੇ ਸਰਕਲ ਹੈੱਡ ਸ. ਐਸ. ਪੀ ਸਿੰਘ, ਡਿਪਟੀ ਸਰਕਲ ਹੈੱਡ ਸ੍ਰੀ ਦੇਬਾਸ਼ੀਸ਼ ਚੱਕਰਬਰਤੀ ਤੇ ਹੋਰ ਅਧਿਕਾਰੀ।

ਲੋਕਤੰਤਰ ਦੀ ਸਫਲਤਾ ਲਈ ਵੋਟ ਦੇ ਅਧਿਕਾਰ ਦੀ ਵਰਤੋਂ ਜ਼ਰੂਰੀ-ਦੀਪਤੀ ਉੱਪਲ

10ਵੇਂ ਰਾਸ਼ਟਰੀ ਵੋਟਰ ਦਿਵਸ ਮੌਕੇ ਹੋਇਆ ਜ਼ਿਲਾ ਪੱਧਰੀ ਸਮਾਗਮ

ਕਪੂਰਥਲਾ, ਜਨਵਰੀ 2020-(ਹਰਜੀਤ ਸਿੰਘ ਵਿਰਕ)-

10ਵੇਂ ਰਾਸ਼ਟਰੀ ਵੋਟਰ ਦਿਵਸ ਮੌਕੇ ਜ਼ਿਲਾ ਪੱਧਰੀ  ਸਮਾਗਮ ਅੱਜ ਸਥਾਨਕ ਨਵਾਬ ਜੱਸਾ ਸਿੰਘ ਆਹਲੂਵਾਲੀਆ ਸਰਕਾਰੀ ਕਾਲਜ ਵਿਖੇ ਕਰਵਾਇਆ ਗਿਆ। ਕਾਲਜ ਦੇ ਜੁਬਲੀ ਹਾਲ ਵਿਖੇ ਕਰਵਾਏ ਗਏ ਇਸ ਸਮਾਗਮ ਦੀ ਪ੍ਰਧਾਨਗੀ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਨੇ ਕੀਤੀ। ਇਸ ਮੌਕੇ ਵੋਟਰ ਦਿਵਸ ਦੇ ਸਬੰਧ ਵਿਚ ਕਰਵਾਏ ਗਏ ਮੁਕਾਬਲਿਆਂ ਦੇ ਜੇਤੂ ਬੱਚਿਆਂ ਨੂੰ ਇਨਾਮ ਵੰਡੇ ਗਏ ਅਤੇ ਨਵੇਂ ਵੋਟਰਾਂ ਨੂੰ ਬੈਜ ਅਤੇ ਫੋਟੋ ਵੋਟਰ ਕਾਰਡ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਵੋਟਰਾਂ ਨੂੰ ਬਿਨਾਂ ਕਿਸੇ ਡਰ-ਭੈਅ, ਜਾਤ, ਮਜ਼ਹਬ ਤੋਂ ਉਪਰ ਉੱਠ ਕੇ ਵੋਟ ਦੇ ਹੱਕ ਦਾ ਇਸਤੇਮਾਲ ਕਰਨ ਦੀ ਸਹੁੰ ਵੀ ਚੁਕਾਈ ਗਈ। ਇਸ ਮੌਕੇ ਭਾਰਤ ਦੇ ਮੁੱਖ ਚੋਣ ਕਮਿਸ਼ਨਰ ਸ੍ਰੀ ਸੁਨੀਲ ਅਰੋੜਾ ਦਾ ਸੰਦੇਸ਼ ਵੀ ਪ੍ਰਾਜੈਕਟਰ ’ਤੇ ਵਿਖਾਇਆ ਗਿਆ ਅਤੇ ਈ. ਵੀ. ਐਮਜ਼ ਅਤੇ ਵੀ. ਵੀ. ਪੈਟਜ਼ ਬਾਰੇ ਜਾਣੂ ਕਰਵਾਇਆ ਗਿਆ। ਇਸ ਮੌਕੇ ਬਣਾਇਆ ਗਿਆ ਡੰਮੀ ਪੋਲਿੰਗ ਕੇਂਦਰ ਵਿਸ਼ੇਸ਼ ਖਿੱਚ ਦਾ ਕੇਂਦਰ ਰਿਹਾ, ਜਿਸ ਰਾਹੀਂ ਵਿਦਿਆਰਥੀਆਂ ਨੂੰ ਵੋਟ ਪਾਉਣ ਦੀ ਪ੍ਰਕਿਰਿਆ ਸਬੰਧੀ ਜਾਣਕਾਰੀ ਦਿੱਤੀ ਗਈ।  

  ਸਮਾਗਮ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਨੇ ਕਿਹਾ ਕਿ ਲੋਕਤੰਤਰ ਦੀ ਸਫਲਤਾ ਲਈ ਸਾਨੂੰ ਸਾਰਿਆਂ ਨੂੰ ਅਤੇ ਖਾਸ ਕਰਕੇ ਨੌਜਵਾਨ ਵਰਗ ਨੂੰ ਵੋਟ ਦੇ ਅਧਿਕਾਰ ਦਾ ਸਹੀ ਇਸਤੇਮਾਲ ਕਰਨਾ ਚਾਹੀਦਾ ਹੈ। ਉਨਾਂ ਕਿਹਾ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਹੈ ਜਿਥੇ ਲੋਕਾਂ ਵਲੋਂ ਚੋਣਾਂ ਦੌਰਾਨ ਆਪਣੇ ਮਤ ਦੇ ਪ੍ਰਯੋਗ ਰਾਹੀਂ ਆਪਣੀ ਮਰਜ਼ੀ ਦੀਆਂ ਸਰਕਾਰਾਂ ਚੁਣੀਆਂ ਜਾਂਦੀਆਂ ਹਨ। ਉਨਾਂ ਕਿਹਾ ਕਿ ਇਕ-ਇਕ ਵੋਟ ਵੱਡਾ ਮਹੱਤਵ ਰੱਖਦੀ ਹੈ ਅਤੇ ਸਾਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਸਾਡੀ ਇਕ ਵੋਟ ਨਾਲ ਕੀ ਫਰਕ ਪੈਣਾ ਹੈ। ਉਨਾਂ ਕਿਹਾ ਕਿ ਮੁਲਕ ਦਾ ਭਵਿੱਖ ਨੌਜਵਾਨਾਂ ਦੇ ਹੱਥ ਹੈ ਕਿਉਂਕਿ ਇਥੇ ਬਹੁਗਿਣਤੀ ਨੌਜਵਾਨ ਵੋਟਰਾਂ ਦੀ ਹੈ, ਜਿਹੜੇ ਨਵੀਂ ਅਤੇ ਨਰੋਈ ਸੋਚ ਰੱਖਦੇ ਹਨ। 

  ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਰਾਹੁਲ ਚਾਬਾ ਨੇ ਇਸ ਦਿਨ ਦੀ ਮਹੱਤਤਾ ਤੋਂ ਜਾਣੂ ਕਰਵਾਉਂਦਿਆਂ ਕਿਹਾ ਕਿ ਅੱਜ ਦਾ ਦਿਨ ਸਾਨੂੰ ਅਹਿਸਾਸ ਕਰਵਾਉਂਦਾ ਹੈ ਕਿ ਵੋਟਰ ਚੋਣਾਂ ਵਾਲੇ ਦਿਨ ਆਪਣੇ ਮਤ ਦਾ ਵੱਧ ਤੋਂ ਵੱਧ ਪ੍ਰਯੋਗ ਕਰਨ ਅਤੇ ਨੌਜਵਾਨ ਵੋਟਰ ਵੋਟ ਦੀ ਰਜਿਸਟਰੇਸ਼ਨ ਜ਼ਰੂਰ ਕਰਵਾਉਣ। ਉਨਾਂ ਦੱਸਿਆ ਕਿ ਅੱਜ ਦੇ ਦਿਨ ਜ਼ਿਲੇ ਵਿਚ ਸਬ-ਡਵੀਜ਼ਨ ਅਤੇ ਬੂਥ ਪੱਧਰ ’ਤੇ ਵੀ ਰਾਸ਼ਟਰੀ ਵੋਟਰ ਦਿਵਸ ਸਬੰਧੀ ਸਮਾਗਮ ਆਯੋਜਿਤ ਕਰਕੇ ਵੋਟਰਾਂ ਨੂੰ ਵੋਟ ਦੀ ਮਹੱਤਤਾ ਸਬੰਧੀ ਜਾਣੂ ਕਰਵਾਇਆ ਜਾ ਰਿਹਾ ਹੈ। 

ਇਸ ਦੌਰਾਨ ਵਿਦਿਆਰਥੀਆਂ ਵੱਲੋਂ ਗੀਤਾਂ, ਕਵਿਤਾਵਾਂ, ਨਾਟਕਾਂ ਅਤੇ ਗਿੱਧੇ ਰਾਹੀਂ ਵੋਟ ਦੇ ਹੱਕ ਪ੍ਰਤੀ ਜਾਗਰੂਕ ਕੀਤਾ ਗਿਆ। ਇਸ ਮੌਕੇ ਐਸ. ਡੀ. ਐਮ ਕਪੂਰਥਲਾ ਸ੍ਰੀ ਵਰਿੰਦਰ ਪਾਲ ਸਿੰਘ ਬਾਜਵਾ ਨੂੰ ਸਰਬੋਤਮ ਈ. ਆਰ. ਓ, ਪ੍ਰੋ. ਸਰਬਜੀਤ ਸਿੰਘ ਧੀਰ, ਪ੍ਰੋ.  ਬੀ. ਐਸ ਵਿਰਕ ਅਤੇ ਜ਼ਿਲਾ ਗਾਈਡੈਂਸ ਕਾੳੂਂਸਲਰ ਸ. ਪਰਮਜੀਤ ਸਿੰਘ ਨੂੰ ਸਰਬੋਤਮ ਨੋਡਲ ਅਫ਼ਸਰ ਅਤੇ ਸ੍ਰੀ ਆਨੰਦ ਪ੍ਰਕਾਸ਼ ਨੂੰ ਸਰਬੋਤਮ ਬੀ. ਐਲ. ਓ ਦਾ ਸਨਮਾਨ ਮਿਲਿਆ। ਜ਼ਿਲਾ ਸਮਾਜਿਕ ਸੁਰੱਖਿਆ ਅਫ਼ਸਰ ਸ੍ਰੀ ਗੁਲਬਰਗ ਲਾਲ, ਐਡਵੋਕੇਟ ਨਿਤਿਨ ਅਤੇ ਦਮਨਪ੍ਰੀਤ ਕੌਰ ਨੂੰ ਪੀ. ਡਬਲਿੳੂ ਡੀ ਵੋਟਰਾਂ ਲਈ ਦਿੱਤੀਆਂ ਸੇਵਾਵਾਂ ਲਈ ਸਨਮਾਨਿਤ ਕੀਤਾ ਗਿਆ। ਇਸੇ ਤਰਾਂ ਪੇਂਟਿੰਗ ਮੁਕਾਬਲੇ ਵਿਚ ਅੱਵਲ ਰਹਿਣ ਵਾਲੇ ਰਜਤ ਸਿੰਘ, ਜਸਕਰਨ ਸਿੰਘ ਅਤੇ ਰੋਸ਼ਨੀ ਦਾ ਵੀ ਸਨਮਾਨ ਹੋਇਆ। 

ਇਸ ਮੌਕੇ ਐਸ. ਡੀ. ਐਮ ਕਪੂਰਥਲਾ ਸ੍ਰੀ ਵਰਿੰਦਰ ਪਾਲ ਸਿੰਘ ਬਾਜਵਾ, ਸਹਾਹਿਕ ਕਮਿਸ਼ਨਰ ਡਾ. ਸ਼ਿਖਾ ਭਗਤ, ਤਹਿਸੀਲਦਾਰ ਚੋਣਾਂ ਸ੍ਰੀਮਤੀ ਮਨਜੀਤ ਕੌਰ, ਤਹਿਸੀਲਦਾਰ ਕਪੂਰਥਲਾ ਸ. ਮਨਵੀਰ ਸਿੰਘ ਢਿੱਲੋਂ, ਪਿ੍ਰੰਸੀਪਲ ਜਤਿੰਦਰ ਕੌਰ ਧੀਰ, ਨਾਇਬ ਤਹਿਸੀਲਦਾਰ ਸ੍ਰੀ ਪਵਨ ਕੁਮਾਰ, ਜ਼ਿਲਾ ਸਮਾਜਿਕ ਸੁਰੱਖਿਆ ਅਫ਼ਸਰ ਸ੍ਰੀ ਗੁਲਬਰਗ ਲਾਲ, ਜ਼ਿਲਾ ਪ੍ਰੋਗਰਾਮ ਅਫ਼ਸਰ ਸ੍ਰੀਮਤੀ ਸਨੇਹ ਲਤਾ, ਸਕੱਤਰ ਰੈੱਡ ਕਰਾਸ ਸ੍ਰੀ ਆਰ. ਸੀ ਬਿਰਹਾ, ਐਸ. ਡੀ. ਓ ਸ੍ਰੀ ਕਮਲਜੀਤ ਲਾਲ, ਪ੍ਰੋ. ਸਰਬਜੀਤ ਸਿੰਘ ਧੀਰ, ਪ੍ਰੋ. ਬਿਕਰਮ ਸਿੰਘ ਵਿਰਕ, ਪ੍ਰੋ. ਵਰਿੰਦਰ ਕੁਮਾਰ, ਪ੍ਰੋ. ਜੇ. ਪੀ ਸਿੰਘ, ਸ੍ਰੀ ਰਾਕੇਸ਼ ਕੁਮਾਰ, ਮੈਡਮ ਪੂਜਾ, ਸ. ਦਵਿੰਦਰ ਪਾਲ ਸਿੰਘ ਆਹੂਜਾ, ਸ੍ਰੀ ਸਤੀਸ਼ ਕੁਮਾਰ, ਮੈਡਮ ਵਰਿੰਦਰ ਕੌਰ, ਮੈਡਮ ਸੁਮਨ, ਮੈਡਮ ਮੰਜੂ ਬਾਲਾ, ਸ੍ਰੀ ਜਗਜੀਤ ਸਿੰਘ, ਮੈਡਮ ਜਸਪ੍ਰੀਤ, ਮੈਡਮ ਮੋਨਿਕਾ, ਮੈਡਮ ਅਨੀਤਾ ਸਾਗਰ ਤੇ ਸ. ਮੁਖਤਾਰ ਸਿੰਘ ਤੋਂ ਇਲਾਵਾ ਕਾਲਜ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ। 

ਕੈਪਸ਼ਨਾਂ :-ਰਾਸ਼ਟਰੀ ਵੋਟਰ ਦਿਵਸ ਮੌਕੇ ਵੋਟਰ ਪ੍ਰਣ ਦਿਵਾਉਂਦੇ ਹੋਏ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ। ਨਾਲ ਹਨ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਰਾਹੁਲ ਚਾਬਾ, ਐਸ. ਡੀ. ਐਮ ਸ੍ਰੀ ਵਰਿੰਦਰ ਪਾਲ ਸਿੰਘ ਬਾਜਵਾ, ਸਹਾਇਕ ਕਮਿਸ਼ਨਰ ਡਾ. ਸ਼ਿਖਾ ਭਗਤ, ਪਿ੍ਰੰਸੀਪਲ ਜਤਿੰਦਰ ਕੌਰ ਧੀਰ ਤੇ ਹੋਰ

-ਸਰਬੋਤਮ ਕਾਰਗੁਜ਼ਾਰੀ ਵਾਲੀਆਂ ਸ਼ਖਸੀਅਤਾਂ ਨੂੰ ਸਨਮਾਨਿਤ ਕਰਦੇ ਹੋਏ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ। ਨਾਲ ਹਨ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਰਾਹੁਲ ਚਾਬਾ, ਐਸ. ਡੀ. ਐਮ ਸ੍ਰੀ ਵਰਿੰਦਰ ਪਾਲ ਸਿੰਘ ਬਾਜਵਾ, ਸਹਾਇਕ ਕਮਿਸ਼ਨਰ ਡਾ. ਸ਼ਿਖਾ ਭਗਤ, ਪਿ੍ਰੰਸੀਪਲ ਜਤਿੰਦਰ ਕੌਰ ਧੀਰ ਤੇ ਹੋਰ

  -ਨਵੇਂ ਵੋਟਰਾਂ ਨੂੰ ਫੋਟੋ ਵੋਟਰ ਕਾਰਡ ਤਕਸੀਮ ਕਰਦੇ ਹੋਏ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ। ਨਾਲ ਹਨ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਰਾਹੁਲ ਚਾਬਾ, ਐਸ. ਡੀ. ਐਮ ਸ੍ਰੀ ਵਰਿੰਦਰ ਪਾਲ ਸਿੰਘ ਬਾਜਵਾ, ਸਹਾਇਕ ਕਮਿਸ਼ਨਰ ਡਾ. ਸ਼ਿਖਾ ਭਗਤ, ਪਿ੍ਰੰਸੀਪਲ ਜਤਿੰਦਰ ਕੌਰ ਧੀਰ ਤੇ ਹੋਰ

 -ਸਮਾਗਮ ਦੌਰਾਨ ਪੇਸ਼ਕਾਰੀ ਦੇਣ ਵਾਲੀਆਂ ਟੀਮਾਂ ਨੂੰ ਸਨਮਾਨਿਤ ਕਰਦੇ ਹੋਏ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ। ਨਾਲ ਹਨ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਰਾਹੁਲ ਚਾਬਾ, ਐਸ. ਡੀ. ਐਮ ਸ੍ਰੀ ਵਰਿੰਦਰ ਪਾਲ ਸਿੰਘ ਬਾਜਵਾ, ਸਹਾਇਕ ਕਮਿਸ਼ਨਰ ਡਾ. ਸ਼ਿਖਾ ਭਗਤ, ਪਿ੍ਰੰਸੀਪਲ ਜਤਿੰਦਰ ਕੌਰ ਧੀਰ ਤੇ ਹੋਰ।

  

-ਸਮਾਗਮ ਦੌਰਾਨ ਗਿੱਧੇ ਅਤੇ ਨਾਟਕਾਂ ਦੀ ਪੇਸ਼ਕਾਰੀ ਦੇ ਦਿ੍ਰਸ਼

 

ਗਣਤੰਤਰ ਦਿਵਸ ਮੌਕੇ ਡਿਪਟੀ ਕਮਿਸ਼ਨਰ ਦੀਪਤੀ ਉੱਪਲ ਨੇ ਲਹਿਰਾਇਆ ਕੌਮੀ ਝੰਡਾ

ਦੇਸ਼ ਦੀ ਏਕਤਾ ਤੇ ਅਖੰਡਤਾ ਲਈ ਵਚਨਬੱਧ ਹੋਣ ਦਾ ਦਿੱਤਾ ਸੱਦਾ

ਸ਼ਾਨਦਾਰ ਮਾਰਚ ਪਾਸਟ, ਪੀ. ਟੀ ਸ਼ੋਅ ਅਤੇ ਸੱਭਿਆਚਾਰਕ ਵੰਨਗੀਆਂ ਦੀ ਹੋਈ ਪੇਸ਼ਕਾਰੀ

ਵੱਖ-ਵੱਖ ਵਿਭਾਗਾਂ ਨੇ ਵਿਕਾਸ ਨੂੰ ਦਰਸਾਉਂਦੀਆਂ ਕੱਢੀਆਂ ਦਿਲਕਸ਼ ਝਾਕੀਆਂ

ਆਜ਼ਾਦੀ ਘੁਲਾਟੀਆਂ ਅਤੇ ਸ਼ਾਨਦਾਰ ਕਾਰਗੁਜ਼ਾਰੀ ਦਿਖਾਉਣ ਵਾਲਿਆਂ ਦਾ ਹੋਇਆ ਸਨਮਾਨ

ਕਪੂਰਥਲਾ, ਜਨਵਰੀ 2020-(ਹਰਜੀਤ ਸਿੰਘ ਵਿਰਕ)-

71ਵੇਂ ਗਣਤੰਤਰ ਦਿਵਸ ਦਾ ਜ਼ਿਲਾ ਪੱਧਰੀ ਸਮਾਗਮ ਸਥਾਨਕ ਗੁਰੂ ਨਾਨਕ ਸਟੇਡੀਅਮ ਵਿਖੇ ਹੋਇਆ ਜਿਸ ਦੌਰਾਨ ਡਿਪਟੀ ਕਮਿਸ਼ਨਰ ਕਪੂਰਥਲਾ ਸ੍ਰੀਮਤੀ ਦੀਪਤੀ ਉੱਪਲ ਨੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਅਤੇ ਪਰੇਡ ਦਾ ਨਿਰੀਖਣ ਕੀਤਾ। ਇਸ ਮੌਕੇ ਜ਼ਿਲਾ ਪੁਲਿਸ ਮੁਖੀ ਸ੍ਰੀ ਸਤਿੰਦਰ ਸਿੰਘ ਵੀ ਉਨਾਂ ਦੇ ਨਾਲ ਸਨ। ਜ਼ਿਲਾ ਤੇ ਸੈਸ਼ਨ ਜੱਜ ਸ੍ਰੀ ਕਿਸ਼ੋਰ ਕੁਮਾਰ ਅਤੇ ਵਿਧਾਇਕ ਰਾਣਾ ਗੁਰਜੀਤ ਸਿੰਘ ਵੱਲੋਂ ਸਮਾਗਮ ਵਿਚ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਗਈ। 

ਇਸ ਦੌਰਾਨ ਪਰੇਡ ਕਮਾਂਡਰ ਡੀ. ਐਸ. ਪੀ ਸ. ਵਿਸ਼ਾਲਜੀਤ ਸਿੰਘ ਦੀ ਅਗਵਾਈ ਵਿਚ ਪੰਜਾਬ ਪੁਲਿਸ, ਪੰਜਾਬ ਹੋਮ ਗਾਰਡਜ਼, ਜੀ. ਓ. ਜੀ, ਐਨ. ਸੀ. ਸੀ ਅਤੇ ਐਨ. ਐਸ. ਐਸ ਦੀਆਂ ਟੁਕੜੀਆਂ ਤੋਂ ਇਲਾਵਾ ਪੁਲਿਸ ਅਤੇ ਸਕੂਲੀ ਬੈਂਡ ਨੇ ਪਰੇਡ ਵਿਚ ਹਿੱਸਾ ਲਿਆ ਅਤੇ ਸ਼ਾਨਦਾਰ ਮਾਰਚ ਪਾਸਟ ਕਰਕੇ ਕੌਮੀ ਝੰਡੇ ਨੂੰ ਸਲਾਮੀ ਦਿੱਤੀ। ਇਸ ਤੋਂ ਇਲਾਵਾ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਸ਼ਾਨਦਾਰ ਮਾਸ ਪੀ. ਟੀ ਸ਼ੋਅ ਅਤੇ ਦੇਸ਼ ਭਗਤੀ ’ਤੇ ਆਧਾਰਿਤ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ ਅਤੇ ਗਿੱਧੇ ਅਤੇ ਭੰਗੜੇ ਦੀਆਂ ਧਮਾਲਾਂ ਪਈਆਂ। ਵਿਦਿਆਰਥੀਆਂ ਵਲੋਂ ਪੇਸ਼ ਕੀਤੀਆਂ ਗਈਆਂ ਸੱਭਿਆਚਾਰਕ ਵੰਨਗੀਆਂ ਦੌਰਾਨ ਦੇਸ਼ ਭਗਤੀ ਦਾ ਜਜ਼ਬਾ ਉਮੜ ਰਿਹਾ ਸੀ, ਜਿਸ ਦੀ ਭਰਪੂਰ ਸ਼ਲਾਘਾ ਕੀਤੀ ਗਈ। ਸੁਖਜੀਤ ਆਸ਼ਰਮ ਅਦੇ ਆਰੀਆ ਵਾਤਸਲਿਆ ਸਮਾਜ ਦੇ ਬੱਚਿਆਂ ਵੱਲੋਂ ਦਿੱਤੀਆਂ ਵਿਸ਼ੇਸ਼ ਪੇਸ਼ਕਾਰੀਆਂ ਨੇ ਖ਼ੂਬ ਵਾਹ-ਵਾਹ ਲੁੱਟੀ। ਇਸੇ ਤਰਾਂ ਵੱਖ-ਵੱਖ ਵਿਭਾਗਾਂ ਵੱਲੋਂ ਵਿਕਾਸ ਨੂੰ ਦਰਸਾਉਂਦੀਆਂ ਦਿਲਕਸ਼ ਝਾਕੀਆਂ ਕੱਢੀਆਂ ਗਈਆਂ। 

ਇਸ ਮੌਕੇ ਗਣਤੰਤਰ ਦਿਵਸ ਦੀ ਵਧਾਈ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਨੇ ਆਪਣੇ ਸੰਬੋਧਨ ਵਿਚ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਬਹਾਲ ਰੱਖਣ ਦਾ ਸੱਦਾ ਦਿੰਦਿਆਂ ਕਿਹਾ ਕਿ ਦੇਸ਼ ਭਗਤਾਂ ਦੀਆਂ ਅਨੇਕਾਂ ਕੁਰਬਾਨੀਆਂ ਸਦਕਾ ਮੁਲਕ ਨੂੰ ਆਜ਼ਾਦੀ ਮਿਲੀ ਅਤੇ ਡਾ. ਭੀਮ ਰਾਓ ਅੰਬੇਦਕਰ ਤੇ ਹੋਰਨਾਂ ਸ਼ਖਸੀਅਤਾਂ ਦੀ ਸਖ਼ਤ ਘਾਲਣਾ ਸਦਕਾ ਮੁਲਕ ਅੰਦਰ ਲੋਕਤੰਤਰੀ ਵਿਵਸਥਾ ਸਥਾਪਿਤ ਹੋਈ। ਉਨਾਂ ਕਿਹਾ ਕਿ ਆਜ਼ਾਦੀ ਤੋਂ ਬਾਅਦ 26 ਜਨਵਰੀ 1950 ਨੂੰ ਭਾਰਤੀ ਸੰਵਿਧਾਨ ਲਾਗੂ ਹੋ ਜਾਣ ਨਾਲ ਹੀ ਸਹੀ ਮਾਅਨਿਆਂ ਵਿਚ ਗਣਰਾਜ ਦੀ ਸਥਾਪਨਾ ਹੋਈ ਅਤੇ ਭਾਰਤੀਆਂ ਦੇ ਸੁਪਨੇ ਸਾਕਾਰ ਹੋਏ। ਉਨਾਂ ਕਿਹਾ ਕਿ ਭਾਰਤ ਨੂੰ ਦੁਨੀਆ ਵਿਚ ਸਭ ਤੋਂ ਵੱਡੀ ਜ਼ਮਹੂਰੀਅਤ ਹੋਣ ਦਾ ਮਾਣ ਹਾਸਲ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਬੰਧੀ ਉਨਾਂ ਕਿਹਾ ਕਿ ਅਸੀਂ ਸਾਰੇ ਭਾਗਾਂ ਵਾਲੇ ਹਾਂ ਕਿ ਇਸ ਉਤਸਵਾਂ ਭਰੇ ਸਮੇਂ ਵਿਚੋਂ ਗੁਜ਼ਰ ਰਹੇ ਹਾਂ। ਉਨਾਂ ਕਿਹਾ ਕਿ ਸੁਲਤਾਨਪੁਰ ਲੋਧੀ ਨੂੰ ਵਿਰਾਸਤੀ ਅਤੇ ਸਮਾਰਟ ਸ਼ਹਿਰ ਵਜੋਂ ਵਿਕਸਤ ਕਰਨ ਲਈ 271 ਕਰੋੜ ਰੁਪਏ ਦਾ ਪ੍ਰਾਜੈਕਟ ਉਲੀਕਿਆ ਗਿਆ ਹੈ। ਉਨਾਂ ‘ਸਰਬੱਤ ਦਾ ਭਲਾ ਐਕਸਪ੍ਰੈੱਸ’ ਰੇਲ ਗੱਡੀ, ਸ੍ਰੀ ਗੁਰੂ ਨਾਨਕ ਦੇਵ ਬਾਇਓ ਡਾਇਵਰਸਿਟੀ ਪਾਰਕ ਬੀੜ ਸ਼ਿਕਾਰਗਾਹ ਅਤੇ ਬੇਬੇ ਨਾਨਕ ਯੂਨੀਵਰਸਿਟੀ ਕਾਲਜ ਫੱਤੂਢੀਂਗਾ ਦਾ ਵਿਸ਼ੇਸ਼ ਤੌਰ ’ਤੇ ਜ਼ਿਕਰ ਕੀਤਾ। 

ਜ਼ਿਲੇ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਸ੍ਰੀਮਤੀ ਦੀਪਤੀ ਉੱਪਲ ਨੇ ਕਿਹਾ ਕਿ ਕਪੂਰਥਲਾ ਨੂੰ ਹਰੇਕ ਖੇਤਰ ਵਿਚ ਮੋਹਰੀ ਜ਼ਿਲਾ ਬਣਾਉਣ ਲਈ ਪ੍ਰਸ਼ਾਸਨ ਵੱਲੋਂ ਜੀਅ-ਤੋੜ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਸੇ ਤਹਿਤ ਕਿਸੇ ਸਮੇਂ ਕਪੂਰਥਲਾ ਦੀ ਸ਼ਾਨ ਰਹੀ ਕਾਂਜਲੀ ਵੈੱਟਲੈਂਡ ਦੀ ਮੁੜ ਸੁਰਜੀਤੀ ਅਤੇ ਸ਼ਹਿਰ ਦੀਆਂ ਵਿਰਾਸਤੀ ਤੇ ਇਤਿਹਾਸਕ ਇਮਾਰਤਾਂ ਦੀ ਮੁੜ ਪਹਿਲੇ ਵਾਲੀ ਦਿੱਖ ਬਹਾਲ ਕਰਨ ਦਾ ਬੀੜਾ ਚੁੱਕਿਆ ਗਿਆ ਹੈ। ਉਨਾਂ ਕਿਹਾ ਕਿ ਜ਼ਿਲੇ ਵਿਚ ਸਿਹਤ ਸੇਵਾਵਾਂ ਨੂੰ ਵੱਡਾ ਹੁਲਾਰਾ ਦੇਣ ਦੇ ਮਕਸਦ ਨਾਲ ਕਪੂਰਥਲਾ ਵਿਖੇ ਮੈਡੀਕਲ ਕਾਲਜ ਦੀ ਸਥਾਪਨਾ ਕੀਤੀ ਜਾ ਰਹੀ ਹੈ। ਉਨਾਂ ਕਿਹਾ ਕਿ ਨਸ਼ਿਆਂ ਖਿਲਾਫ਼ ਵਿੱਢੀ ਮੁਹਿੰਮ ਵਿਚ ਵੀ ਜ਼ਿਲਾ ਮੋਹਰੀ ਭੂਮਿਕਾ ਅਦਾ ਕਰ ਰਿਹਾ ਹੈ। ਇਸੇ ਤਰਾਂ ਉਨਾਂ ਬੇਟੀ ਬਚਾਓ ਬੇਟੀ ਪੜਾਓ, ਪੜੋ ਪੰਜਾਬ ਪੜਾਓ ਪੰਜਾਬ, ਆਯੁਸ਼ਮਾਨ ਸਰਬੱਤ ਸਿਹਤ ਬੀਮਾ ਯੋਜਨਾ, ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ, ਫ਼ਸਲੀ ਵਿਭਿੰਨਤਾ, ਸਮਾਰਟ ਸਕੂਲ, ਸਮਾਰਟ ਵਿਲੇਜ ਅਤੇ ਕਰਜ਼ਾ ਰਾਹਤ ਸਕੀਮ ਆਦਿ ਤਹਿਤ ਕੀਤੇ ਗਏ ਸ਼ਲਾਘਾਯੋਗ ਕਾਰਜਾਂ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ।  ਉਨਾ ਕਿਹਾ ਜ਼ਿਲੇ ਦੇ ਪਿੰਡਾਂ ਅਤੇ ਸ਼ਹਿਰਾਂ ਦੇ ਵਿਕਾਸ ਲਈ ਪ੍ਰਸ਼ਾਸਨ ਵੱਲੋਂ ਜੀਅ-ਤੋੜ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। 

  ਇਸ ਮੌਕੇ ਮੁੱਖ ਮਹਿਮਾਨ ਵੱਲੋਂ ਆਜ਼ਾਦੀ ਘੁਲਾਟੀਆਂ ਦੇ ਪਰਿਵਾਰਕ ਮੈਂਬਰਾਂ, ਵੱਖ-ਵੱਖ ਖੇਤਰਾਂ ’ਚ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੀਆਂ ਸਖ਼ਸੀਅਤਾਂ, ਪਰੇਡ ਵਿਚ ਭਾਗ ਲੈਣ ਵਾਲੀਆਂ ਟੁਕੜੀਆਂ, ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਨ ਵਾਲੇ ਬੱਚਿਆਂ, ਬੱਡੀਜ਼ ਅਤੇ ਨਸ਼ਿਆਂ ਖਿਲਾਫ਼ ਮੁਹਿੰਮ ਵਿਚ ਵਧੀਆ ਕਾਰਗੁਜ਼ਾਰੀ ਵਿਖਾਉਣ ਵਾਲਿਆਂ ਦਾ ਸਨਮਾਨ ਕੀਤਾ ਗਿਆ। ਇਸ ਤੋਂ ਇਲਾਵਾ ਲੋੜਵੰਦਾਂ ਨੂੰ ਸਿਲਾਈ ਮਸ਼ੀਨਾਂ, ਵੀਲ ਚੇਅਰ ਅਤੇ ਟਰਾਈ ਸਾਈਕਲ ਪ੍ਰਦਾਨ ਕੀਤੇ ਗਏ। 

  ਇਸ ਮੌਕੇ ਸੀ. ਜੇ. ਐਮ ਸ੍ਰੀ ਅਜੀਤ ਪਾਲ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਰਾਹੁਲ ਚਾਬਾ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਐਸ. ਪੀ. ਆਂਗਰਾ, ਐਸ. ਡੀ. ਐਮ ਕਪੂਰਥਲਾ ਸ੍ਰੀ ਵਰਿੰਦਰ ਪਾਲ ਸਿੰਘ ਬਾਜਵਾ, ਸਹਾਇਕ ਕਮਿਸ਼ਨਰ ਡਾ. ਸ਼ਿਖਾ ਭਗਤ, ਡੀ. ਐਸ. ਪੀ ਡਾ. ਮੁਕੇਸ਼, ਸਿਵਲ ਸਰਜਨ ਡਾ. ਜਸਮੀਤ ਬਾਵਾ, ਜ਼ਿਲਾ ਵਿਕਾਸ ਤੇ ਪੰਚਾਇਤ ਅਫ਼ਸਰ ਸ. ਹਰਜਿੰਦਰ ਸਿੰਘ ਸੰਧੂ, ਸਕੱਤਰ ਜ਼ਿਲਾ ਪ੍ਰੀਸ਼ਦ ਸ੍ਰੀ ਗੁਰਦਰਸ਼ਨ ਕੁੰਡਲ, ਸਕੱਤਰ ਰੈੱਡ ਕਰਾਸ ਸ੍ਰੀ ਆਰ. ਸੀ ਬਿਰਹਾ, ਜ਼ਿਲਾ ਸਿੱਖਿਆ ਅਫ਼ਸਰ (ਸ) ਸ. ਮੱਸਾ ਸਿੰਘ ਸਿੱਧੂ, ਜ਼ਿਲਾ ਸਿੱਖਿਆ ਅਫ਼ਸਰ (ਅ) ਸ. ਗੁਰਭਜਨ ਸਿੰਘ ਲਾਸਾਨੀ, ਉੱਪ ਜ਼ਿਲਾ ਸਿੱਖਿਆ ਅਫ਼ਸਰ (ਸ) ਸ. ਬਿਕਰਮਜੀਤ ਸਿੰਘ, ਬੀ. ਡੀ. ਪੀ. ਓ ਕਪੂਰਥਲਾ ਸ. ਅਮਰਜੀਤ ਸਿੰਘ, ਸਹਾਇਕ ਸਿੱਖਿਆ ਅਫ਼ਸਰ (ਖੇਡਾਂ) ਸ੍ਰੀ ਸੁਖਵਿੰਦਰ ਸਿੰਘ ਖੱਸਣ, ਜ਼ਿਲਾ ਸਮਾਜਿਕ ਸੁਰੱਖਿਆ ਅਫ਼ਸਰ ਸ੍ਰੀ ਗੁਲਬਰਗ ਲਾਲ, ਜ਼ਿਲਾ ਪ੍ਰੋਗਰਾਮ ਅਫ਼ਸਰ ਸ੍ਰੀਮਤੀ ਸਨੇਹ ਲਤਾ, ਸ੍ਰੀ ਸੁਰਜੀਤ ਸਿੰਘ, ਸ੍ਰੀ ਸ਼ਰਵਣ ਕੁਮਾਰ, ਸ੍ਰੀਮਤੀ ਗੁਰਜੀਤ ਕੌਰ, ਸ੍ਰੀਮਤੀ ਇੰਦਰਜੀਤ ਕੌਰ, ਸ੍ਰੀਮਤੀ ਬਲਵਿੰਦਰ ਕੌਰ, ਮੈਡਮ ਅੰਜੂ ਬਾਲਾ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਕਪੂਰਥਲਾ ਵਾਸੀ ਵੱਡੀ ਗਿਣਤੀ ਵਿਚ ਹਾਜ਼ਰ ਸਨ। ਮੰਚ ਸੰਚਾਲਨ ਸਹਾਇਕ ਲੋਕ ਸੰਪਰਕ ਅਫ਼ਸਰ ਸ. ਹਰਦੇਵ ਸਿੰਘ ਆਸੀ ਅਤੇ ਸ. ਇੰਦਰਜੀਤ ਸਿੰਘ ਪੱਡਾ ਵੱਲੋਂ ਕੀਤਾ ਗਿਆ। 

ਕੈਪਸ਼ਨ :-ਗੁਰੂ ਨਾਨਕ ਸਟੇਡੀਅਮ ਵਿਖੇ ਜ਼ਿਲਾ ਪੱਧਰੀ ਗਣਤੰਤਰ ਦਿਵਸ ਸਮਾਗਮ ਦੇ ਵੱਖ-ਵੱਖ ਦਿ੍ਰਸ਼

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਾਦਲਾਂ ਦੇ ਚੁੰਗਲ ’ਚੋਂ ਮੁਕਤ ਕਰਾਵਾਂਗੇ- ਢੀਂਡਸਾ

ਸੁਖਬੀਰ ਬਾਦਲ ਨੂੰ ਕੁਰਬਾਨੀਆਂ ਦੀ ਕੋਈ ਕਦਰ ਨਹੀਂ-ਰਾਮੂਵਾਲੀਆ

ਪੰਥਕ ਰਵਾਇਤਾਂ ਦਾ ਜੋ ਘਾਣ ਬਾਦਲ ਪਰਿਵਾਰ ਨੇ ਕੀਤਾ ਹੈ ਉਹ ਅੱਜ ਤੱਕ ਮੁਗਲਾਂ ਨੇ ਵੀ ਨਹੀਂ ਕੀਤਾ-ਸੇਖਵਾਂ

ਲੁਧਿਆਣਾ, ਜਨਵਰੀ 2020-( ਇਕਬਾਲ ਸਿੰਘ ਰਸੂਲਪੁਰ/ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-
ਸਾਬਕਾ ਕੇਂਦਰੀ ਮੰਤਰੀ ਅਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਹੈ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੋਂ ਨਾਰਾਜ਼ ਅਤੇ ਨਿਰਾਸ਼ ਆਗੂਆਂ ਵਲੋਂ ਇਕਜੁਟ ਹੋ ਕੇ ਸਭ ਤੋਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਾਦਲਾਂ ਦੇ ਚੁੰਗਲ ਵਿੱਚੋਂ ਮੁਕਤ ਕਰਵਾ ਕੇ ਭ੍ਰਿਸ਼ਟਾਚਾਰ ਖ਼ਤਮ ਕੀਤਾ ਜਾਵੇਗਾ। ਅੱਜ ਇੱਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਸ੍ਰੀ ਢੀਂਡਸਾ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੀਆਂ ਰਵਾਇਤਾਂ, ਸਿਧਾਂਤਾਂ ਅਤੇ ਪ੍ਰੰਪਰਾਵਾਂ ਨੂੰ ਮੁੜ ਉਸਾਰੂ ਲੀਹਾਂ ’ਤੇ ਲਿਆਉਣ ਲਈ ਹਰ ਪੰਥ ਦਰਦੀ ਨੂੰ ਨਾਲ ਲਿਆ ਜਾਵੇਗਾ।
ਉਨ੍ਹਾਂ ਦੱਸਿਆ ਕਿ ਇਸ ਸਬੰਧੀ ਅੱਜ ਤੋਂ ਪੰਜਾਬ ਭਰ ਵਿੱਚ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕੀਤਾ ਗਿਆ ਹੈ, ਜਿਸ ਤਹਿਤ ਲੋਕਾਂ ਦੀ ਕਚਿਹਰੀ ਵਿੱਚ ਬਾਦਲ ਪਰਿਵਾਰ ਦੀਆਂ ਪੰਥ ਵਿਰੋਧੀ ਕਾਰਵਾਈਆਂ ਦਾ ਕੱਚਾ ਚਿੱਠਾ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਦਾਅਵਾ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਅੰਦਰ ਬੈਠੇ ਪੰਥ ਦਰਦੀ ਉਨ੍ਹਾਂ ਦੀਆਂ ਮੀਟਿੰਗਾਂ ਨੂੰ ਭਰਵਾਂ ਹੁੰਗਾਰਾ ਦੇਣ ਲਈ ਸੰਪਰਕ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਭਲਕੇ ਮੋਗਾ ਵਿਚ ਮੀਟਿੰਗ ਰੱਖੀ ਗਈ ਹੈ। 2 ਫਰਵਰੀ ਨੂੰ ਸੰਗਰੂਰ ਵਿੱਚ ਬਾਦਲ ਦਲ ਦੀ ਰੈਲੀ ਬਾਰੇ ਉਨ੍ਹਾਂ ਕਿਹਾ ਕਿ ਰੈਲੀਆਂ ਕਰਨਾ ਰਾਜਸੀ ਪਾਰਟੀਆਂ ਦਾ ਕੰਮ ਹੁੰਦਾ ਹੈ ਪਰ ਸੁਖਬੀਰ ਨੂੰ ਚਾਹੀਦਾ ਹੈ ਕਿ ਉਹ ਸ਼ਰਾਬ, ਨਸ਼ੇ ਅਤੇ ਪੈਸੇ ਵੰਡ ਕੇ ਬਾਹਰੋਂ ਬੰਦੇ ਲਿਆਉਣ ਦੀ ਥਾਂ ਨਿਰੋਲ ਸੰਗਰੂਰ ਹਲਕੇ ਦੇ ਲੋਕਾਂ ਦਾ ਇਕੱਠ ਕਰਕੇ ਦਿਖਾਏ। ਉਨ੍ਹਾਂ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਅਕਾਲੀ ਦਲ ਪ੍ਰਤੀ ਕੀਤੀ ਕੁਰਬਾਨੀ ਸਬੰਧੀ ਉਨ੍ਹਾਂ ਨੂੰ ਸੁਖਬੀਰ ਦੇ ਸਰਟੀਫਿਕੇਟ ਦੀ ਕੋਈ ਲੋੜ ਨਹੀਂ। ਉਨ੍ਹਾਂ ਕਿਹਾ ਕਿ ਜਿੰਨੀ ਕੁਰਬਾਨੀ ਪ੍ਰਕਾਸ਼ ਸਿੰਘ ਬਾਦਲ ਨੇ ਕੀਤੀ ਹੈ, ਉਨ੍ਹਾਂ ਦੀ ਵੀ ਅਕਾਲੀ ਦਲ ਨੂੰ ਦੇਣ ਉਸ ਤੋਂ ਕੋਈ ਘੱਟ ਨਹੀਂ ਹੈ। ਅਕਾਲੀ ਦਲ ਨੇ ਉਨ੍ਹਾਂ ਨੂੰ ਜੋ ਮਾਣ-ਸਨਮਾਨ ਦਿੱਤਾ ਹੈ, ਉਹ ਉਨ੍ਹਾਂ ਦੀ ਪੰਥ ਪ੍ਰਤੀ ਘਾਲਣਾ ਨੂੰ ਦੇਖ ਕੇ ਦਿੱਤਾ ਹੈ। ਉਨ੍ਹਾਂ ਸਵਾਲ ਕੀਤਾ ਕਿ ਸੁਖਬੀਰ ਬਾਦਲ ਦੱਸੇ ਕਿ ਉਸ ਨੇ ਸ਼੍ਰੋਮਣੀ ਅਕਾਲੀ ਦਲ ਜਾਂ ਪੰਜਾਬ ਲਈ ਕੀ ਕੀਤਾ ਹੈ। ਉਨ੍ਹਾਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਬਰਗਾੜੀ ਮਾਮਲੇ ਲਈ ਲੋਕ ਸੁਖਬੀਰ ਬਾਦਲ ਨੂੰ ਜ਼ਿੰਮੇਵਾਰ ਠਹਿਰਾ ਰਹੇ ਹਨ ਕਿਉਂਕਿ ਉਸ ਨੇ ਸਮਾਂ ਰਹਿੰਦਿਆਂ ਕੋਈ ਕਾਰਵਾਈ ਨਹੀਂ ਕੀਤੀ। ਉਨ੍ਹਾਂ ਡੇਰਾ ਸਿਰਸਾ ਮੁਖੀ ਨੂੰ ਮੁਆਫ਼ੀ ਦੇਣ ਅਤੇ ਬਾਅਦ ਵਿੱਚ ਮੁਆਫ਼ੀ ਵਾਪਸ ਲੈਣ ਦੇ ਫ਼ੈਸਲੇ ਲਈ ਵੀ ਸੁਖਬੀਰ ਬਾਦਲ ਨੂੰ ਜ਼ਿੰਮੇਵਾਰ ਠਹਿਰਾਇਆ।

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਕਾਰਗੁਜ਼ਾਰੀ ਤੋਂ ਨਾਰਾਜ਼ ਅਕਾਲੀ ਆਗੂਆਂ ਅਤੇ ਵਰਕਰਾਂ ਨੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਹੇਠ ਇਕਜੁਟ ਹੋ ਕੇ ਸ਼੍ਰੋਮਣੀ ਅਕਾਲੀ ਦਲ ਦੀਆਂ ਪੁਰਾਤਨ ਰਵਾਇਤਾਂ, ਸਿਧਾਂਤਾਂ ਅਤੇ ਪ੍ਰੰਪਰਾਵਾਂ ਨੂੰ ਬਹਾਲ ਕਰਨ ਲਈ ਜ਼ੋਰਦਾਰ ਮੁਹਿੰਮ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਇਸ ਸਬੰਧੀ ਅੱਜ ਇੱਥੇ ਮਾਡਲ ਟਾਊਨ ਸਥਿਤ ਜੰਜ ਘਰ ਵਿਚ ਇੰਟਰਨੈਸ਼ਨਲ ਸਿੱਖ ਆਰਗੇਨਾਈਜੇਸ਼ਨ ਦੇ ਪ੍ਰਧਾਨ ਪਰਮਜੀਤ ਸਿੰਘ ਖਾਲਸਾ ਦੀ ਅਗਵਾਈ ਹੇਠ ਹੋਈ। ਮੀਟਿੰਗ ਦੌਰਾਨ ਮੈਂਬਰ ਰਾਜ ਸਭਾ ਸੁਖਦੇਵ ਸਿੰਘ ਢੀਂਡਸਾ, ਦਿੱਲੀ ਗੁਰਦੁਆਰਾ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ, ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ, ਸਾਬਕਾ ਮੰਤਰੀ ਸੇਵਾ ਸਿੰਘ ਸੇਖਵਾਂ ਅਤੇ ਹਰਸੁਖਿੰਦਰ ਸਿੰਘ ਬੱਬੀ ਬਾਦਲ ਨੇ ਸ੍ਰੀ ਅਕਾਲ ਤਖ਼ਤ, ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਢਾਹ ਲਗਾਉਣ ਲਈ ਸੁਖਬੀਰ ਸਿੰਘ ਬਾਦਲ ਨੂੰ ਪੂਰੀ ਤਰ੍ਹਾਂ ਜ਼ਿੰਮੇਵਾਰ ਠਹਿਰਾਇਆ। ਇਸ ਮੌਕੇ ਸ੍ਰੀ ਢੀਂਡਸਾ ਨੇ ਕਿਹਾ ਕਿ ਸੁਖਬੀਰ ਬਾਦਲ ਵੱਲੋਂ ਉਨ੍ਹਾਂ ਉੱਪਰ ਕਾਂਗਰਸ ਨਾਲ ਹੋਣ ਦੇ ਦੋਸ਼ ਲਗਾ ਕੇ ਪੰਜਾਬੀਆਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿਸ ਪਾਰਟੀ ਨੇ ਸਿੱਖਾਂ ਦੇ ਸਰਵਉੱਚ ਅਸਥਾਨ ਨੂੰ ਢਹਿ ਢੇਰੀ ਕਰਕੇ ਦਿੱਲੀ ਸਮੇਤ ਦੇਸ਼ ਦੇ ਕਈ ਹਿੱਸਿਆਂ ਵਿੱਚ ਨਿਰਦੋਸ਼ ਸਿੱਖਾਂ ਦਾ ਕਤਲੇਆਮ ਕੀਤਾ ਹੋਵੇ, ਉਹ ਉਸ ਪਾਰਟੀ ਨਾਲ ਰਲਣ ਬਾਰੇ ਸੁਪਨੇ ਵਿੱਚ ਵੀ ਨਹੀਂ ਸੋਚ ਸਕਦੇ। ਸ੍ਰੀ ਰਾਮੂਵਾਲੀਆ ਨੇ ਕਿਹਾ ਕਿ ਸੁਖਬੀਰ ਬਾਦਲ ਨੂੰ ਕੁਰਬਾਨੀਆਂ ਦੀ ਕੋਈ ਕਦਰ ਨਹੀਂ ਤੇ ਉਸ ਨੇ ਨਾ ਹੀ ਪੰਜਾਬ ਅਤੇ ਨਾ ਪੰਜਾਬੀਆਂ ਲਈ ਕੁਝ ਕੀਤਾ ਹੈ। ਸਾਬਕਾ ਮੰਤਰੀ ਸੇਵਾ ਸਿੰਘ ਸੇਖਵਾਂ ਨੇ ਕਿਹਾ ਕਿ ਪੰਥਕ ਰਵਾਇਤਾਂ ਦਾ ਜੋ ਘਾਣ ਬਾਦਲ ਪਰਿਵਾਰ ਨੇ ਕੀਤਾ ਹੈ ਉਹ ਅੱਜ ਤੱਕ ਮੁਗਲਾਂ ਨੇ ਵੀ ਨਹੀਂ ਕੀਤਾ।

ਪਾਣੀਆਂ ਦੇ ਮਸਲੇ ’ਤੇ ਪੰਜਾਬੀਆਂ ਨੂੰ ਗੁੰਮਰਾਹ ਕਰ ਰਹੇ ਨੇ ਕੈਪਟਨ ਅਮਰਿੰਦਰ ਸਿੰਘ- ਬੈਂਸ

ਲੁਧਿਆਣਾ, ਜਨਵਰੀ 2020-(ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-
ਲੋਕ ਇਨਸਾਫ਼ ਪਾਰਟੀ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪਾਣੀਆਂ ਸਬੰਧੀ ਆਲ ਪਾਰਟੀ ਮੀਟਿੰਗ ਵਿਚ ਟ੍ਰਿਬਿਊਨਲ ਲਈ ਪਾਸ ਕੀਤੇ ਗਏ ਪ੍ਰਸਤਾਵ ਨੂੰ ਰੱਦ ਕਰ ਦਿੱਤਾ ਹੈ। ਇਸ ਸਬੰਧੀ ਅੱਜ ਲੁਧਿਆਣਾ ਦੇ ਸਰਕਟ ਹਾਊਸ ਵਿੱਚ ਲੋਕ ਇਨਸਾਫ਼ ਪਾਰਟੀ ਦੇ ਜ਼ਿਲ੍ਹਾ ਪ੍ਰਧਾਨਾਂ ਅਤੇ ਕੋਰ ਕਮੇਟੀ ਦੇ ਮੈਂਬਰਾਂ ਨਾਲ ਵਿਸ਼ੇਸ਼ ਮੀਟਿੰਗ ਕਰਦੇ ਹੋਏ ਪਾਰਟੀ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਦੀ ਅਗਵਾਈ ਵਿੱਚ ਉਕਤ ਮਤਾ ਰੱਦ ਕੀਤਾ ਗਿਆ।
ਵਿਧਾਇਕ ਬੈਂਸ ਨੇ ਕਿਹਾ ਕਿ ਲੋਕ ਇਨਸਾਫ਼ ਪਾਰਟੀ ਇਸ ਨੂੰ ਮੂਲੋਂ ਹੀ ਰੱਦ ਕਰਦੀ ਹੋਈ ਨਿੰਦਾ ਕਰਦੀ ਹੈ। ਉਨ੍ਹਾਂ ਦੱਸਿਆ ਕਿ ਕੈਪਟਨ ਨੇ ਪੰਜਾਬ ਦੇ ਪਾਣੀਆਂ ਦੀ ਵੰਡ ਲਈ ਟ੍ਰਿਬਿਊਨਲ ਦੀ ਮੰਗ ਕੀਤੀ ਹੈ ਜਦੋਂ ਕਿ ਭਾਰਤੀ ਸੰਵਿਧਾਨ ਦੇ 7ਵੇਂ ਸ਼ਡਿਊਲ ਦੇ 56ਵੀਂ ਧਾਰਾ ਵਿੱਚ ਦਰਜ ਹੈ ਕਿ ਕੇਂਦਰ ਉਸ ਮੌਕੇ ’ਤੇ ਦਖਲਅੰਦਾਜ਼ੀ ਕਰ ਸਕਦਾ ਹੈ ਜਦੋਂ ਦਰਿਆ ਅੰਤਰਰਾਜੀ ਹੋਣ ਜਾਂ ਦੋ ਜਾਂ ਦੋ ਤੋਂ ਵੱਧ ਰਾਜਾਂ ਵਿੱਚ ਵਗਦੇ ਦਰਿਆਵਾਂ ਦਾ ਝਗੜਾ ਹੋਵੇ, ਜਦੋਂਕਿ ਸਤਲੁਜ, ਬਿਆਸ ਅਤੇ ਰਾਵੀ ਦਾ ਦਿੱਲੀ, ਹਰਿਆਣਾ ਅਤੇ ਰਾਜਸਥਾਨ ਨਾਲ ਦੂਰ ਦਾ ਵੀ ਕੋਈ ਵਾਹ ਵਾਸਤਾ ਨਹੀਂ ਹੈ। ਉਨ੍ਹਾਂ ਕਿਹਾ ਕਿ ਕੈਪਟਨ ਕੇਂਦਰ ਦੀ ਭਾਜਪਾ ਸਰਕਾਰ ਦਾ ਸਹਾਰਾ ਲੈ ਕੇ ਪੰਜਾਬ ਵਾਸੀਆਂ ਨੂੰ ਗੁਮਰਾਹ ਕਰ ਰਹੇ ਹਨ।
ਉਨ੍ਹਾਂ ਦੱਸਿਆ ਕਿ ਸੈਂਟਰਲ ਗਰਾਊਂਡ ਵਾਟਰ ਬੋਰਡ ਦੀ ਰਿਪੋਰਟ ਨੇ ਚਿਤਾਵਨੀ ਦਿੱਤੀ ਹੈ ਕਿ ਜੇ ਇਸੇ ਤਰ੍ਹਾਂ ਪਾਣੀ ਦਾ ਪੱਧਰ ਡਿਗਦਾ ਗਿਆ ਤਾਂ ਆਉਣ ਵਾਲੇ 10 ਸਾਲਾਂ ਵਿੱਚ ਪੰਜਾਬ ਰੇਗਿਸਤਾਨ ਬਣ ਜਾਵੇਗਾ। ਇਸ ਤੋਂ ਬਾਅਦ ਵੀ ਪੰਜਾਬ ਨੂੰ ਅਟੱਲ ਜਲ ਯੋਜਨਾ ’ਚੋਂ ਬਾਹਰ ਕਰ ਦਿੱਤਾ ਗਿਆ ਹੈ। ਇਸ ਫੈਸਲੇ ਖਿਲਾਫ਼ ਪਾਰਟੀ ਜਲ ਅਤੇ ਸਰੋਤ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਦੇ ਘਰ ਦਾ 18 ਫਰਵਰੀ ਨੂੰ ਦਿੱਲੀ ਵਿੱਚ ਘਿਰਾਓ ਕਰੇਗੀ।

ਨਿੱਜੀ ਅਤੇ ਸਰਕਾਰੀ ਗੱਡੀਆਂ 'ਤੇ ਪ੍ਰੈਸ, ਡੀ.ਸੀ., ਵਿਧਾਇਕ, ਚੇਅਰਮੈਨ, ਕੋਈ ਨਾਂਅ, ਗੋਤ ਜਾਂ ਕਿਸੇ ਸੰਸਥਾ ਦਾ ਨਾਂਅ ਲਿਖਵਾਉਣ 'ਤੇ ਪੂਰੀ ਤਰ੍ਹਾਂ ਪਾਬੰਧੀ -ਹਾਈਕੋਰਟ

ਨਿੱਜੀ ਅਤੇ ਸਰਕਾਰੀ ਗੱਡੀਆਂ 'ਤੇ ਪ੍ਰੈਸ, ਡੀ.ਸੀ., ਵਿਧਾਇਕ, ਚੇਅਰਮੈਨ, ਕੋਈ ਨਾਂਅ, ਗੋਤ ਜਾਂ ਕਿਸੇ ਸੰਸਥਾ ਦਾ ਨਾਂਅ ਲਿਖਵਾਉਣ 'ਤੇ ਪੂਰੀ ਤਰ੍ਹਾਂ ਪਾਬੰਧੀ -ਹਾਈਕੋਰਟ

ਚੰਡੀਗੜ੍ਹ, ਜਨਵਰੀ 2020-( ਇਕਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ )-

ਹਾਈਕੋਰਟ ਨੇ ਨਿੱਜੀ ਅਤੇ ਸਰਕਾਰੀ ਗੱਡੀਆਂ 'ਤੇ ਪ੍ਰੈਸ, ਡੀ.ਸੀ., ਵਿਧਾਇਕ, ਚੇਅਰਮੈਨ, ਕੋਈ ਨਾਂਅ, ਗੋਤ ਜਾਂ ਕਿਸੇ ਸੰਸਥਾ ਦਾ ਨਾਂਅ ਲਿਖਵਾਉਣ 'ਤੇ ਪੂਰੀ ਤਰ੍ਹਾਂ ਪਾਬੰਧੀ ਲਾ ਦਿੱਤੀ ਹੈ । ਇਸ ਤੋਂ ਬਿਨਾਂ ਹਾਈ ਕੋਰਟ ਨੇ ਇਹ ਵੀ ਹੁਕਮ ਜਾਰੀ ਕੀਤੇ ਹਨ ਕਿ ਇਨ੍ਹਾਂ ਹੁਕਮਾਂ ਨੂੰ 72 ਘੰਟਿਆਂ 'ਚ ਲਾਗੂ ਕੀਤਾ ਜਾਵੇ ਅਤੇ ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰਨ ਵਾਲੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਹਾਈ ਕੋਰਟ ਨੇ ਸਿਰਫ ਐਬੂਲੈਂਸ, ਪੁਲਿਸ ਅਤੇ ਐਮਰਜੈਂਸੀ ਸੇਵਾ ਨਾਲ ਜੁੜੇ ਵਾਹਨਾਂ ਨੂੰ ਹੀ ਛੋਟ ਦਿੱਤੀ ਹੈ ।

ਇਸ ਤੋਂ ਬਿਨਾਂ ਹਾਈਕੋਰਟ ਨੇ ਕਿਹਾ ਹੈ ਕਿ ਗੱਡੀਆਂ ਦੀਆਂ ਨੰਬਰ ਪਲੇਟਾਂ 'ਤੇ ਨੰਬਰ ਤੋਂ ਬਿਨਾਂ ਕੁੱਝ ਵੀ ਹੋਰ ਲਿਖਵਾਉਣਾ ਗੈਰ-ਕਾਨੂੰਨੀ ਹੈ। ਜਦੋਂ ਜਸਟਿਸ ਰਾਜੀਵ ਸ਼ਰਮਾ ਦੀ ਬੈਂਚ ਨੇ ਇਹ ਹੁਕਮ ਜਾਰੀ ਕੀਤੇ ਤਾਂ ਉਸ ਤੋਂ ਬਾਅਦ ਉਨ੍ਹਾਂ ਨੇ ਖੁਦ ਆਪਣੀ ਗੱਡੀ ਤੋਂ ਹਾਈਕੋਰਟ ਲਿਖਿਆ ਸ਼ਬਦ ਹਟਵਾ ਲਿਆ । ਇਹ ਹੁਕਮ ਪੰਜਾਬ, ਚੰਡੀਗੜ੍ਹ ਅਤੇ ਹਰਿਆਣਾ 'ਚ ਲਾਗੂ ਰੋਣਗੇ । ਇਸ ਤੋਂ ਬਿਨਾਂ ਹਾਈਕੋਰਟ ਨੇ ਇਹ ਹੁਕਮ ਵੀ ਜਾਰੀ ਕੀਤੇ ਹਨ ਕਿ ਐੱਮ.ਐੱਲ.ਏ. ਵੀ ਆਪਣੀ ਗੱਡੀ 'ਤੇ ਸਿਰਫ ਪਾਰਕਿੰਗ ਦਾ ਸਟਿੱਕਰ ਲਾ ਸਕਦੇ ਹਨ ਐੱਮ.ਐੱਲ.ਏ. ਦੀ ਪਲੇਟ ਨਹੀਂ ।

ਇਸ ਦੌਰਾਨ ਹਾਈਕੋਰਟ ਨੇ ਗੱਡੀਆਂ ਦੀ ਪਾਰਕਿੰਗ ਦੇ ਮਾਮਲੇ 'ਚ ਵੀ ਫੈਸਲਾ ਸੁਣਾਇਆ ਅਤੇ ਕਿਹਾ ਕਿ ਕੋਈ ਸੜਕਾਂ ਅਤੇ ਘਰਾਂ ਦ ਬਾਹਰ ਗੱਡੀ ਪਾਰਕ ਨਹੀਂ ਕਰ ਸਕਦਾ ।

ਗੋਬਿੰਦਰ ਸਿੰਘ ‘ਬਰੜ੍ਹਵਾਲ’-ਸਾਹਿਤਕਾਰ

ਸਾਹਿਤਕਾਰ

 

ਮੈਂ ਪਹਿਲਾਂ ਕਦੇ

ਇਸ ਤਰ੍ਹਾਂ

ਕਵਿਤਾ ਪੇਸ਼ ਨਹੀਂ ਕੀਤੀ

ਤੇ ਨਾਂਹੀ ਮੈਨੂੰ

ਕਰਨੀ ਆਉਂਦੀ ਹੈ

ਮਾਇਕ ਤੇ ਖਲ੍ਹੋ

ਇਕੱਠ ਨੂੰ ਵੇਖਦਿਆਂ

 

ਖਵਰੇ

ਕਦੋਂ ਸੁਰਤ ਸੰਭਲੀ

ਤੇ ਅੱਖਰਾਂ ਨੂੰ ਜੋੜ

ਸ਼ਬਦ ਬਣੇ

ਤੇ ਸ਼ਬਦਾਂ ਨੂੰ ਜੋੜ

ਲਾਇਨਾਂ ਬਣਾ ਲਈਆਂ

ਮਨੋ-ਭਾਵਾਂ ਨੂੰ

ਸਮੇਟਦੀਆਂ

 

ਇਸ਼ਕ ਦੇ

ਊੜੇ ਐੜੇ ਤੋਂ

ਸ਼ੁਰੂ ਹੋਈ

ਙੰਙਾ

ਖਾਲੀ ਤੇ

ਆ ਰੁੱਕੀ

ਮੇਰੀ

ਟੁੱਟੀ ਭੱਜੀ

ਮੇਰੇ ਵਰਗੀ

ਕਵਿਤਾ

 

ਕੋਈ ਫਾਇਦਾ ਨਹੀਂ

ਵਰਕੇ

ਕਾਲੇ ਕਰਿਆਂ ਦਾ

ਜੇ ਲਕੀਰਾਂ

ਤੇ ਜ਼ਮੀਰਾਂ ਚ

ਮੇਲ ਨਾ ਹੋਵੇ

 

ਧੌਲ ਦਾੜੀਆਂ

ਬੁੱਧੀਜੀਵੀਆਂ

ਕਲਮੀ ਸ਼ੇਰਾਂ ਨੂੰ

ਜਾ ਕਹੋ

ਇਕੱਲਿਆਂ

ਸਭਾਵਾਂ ਕਰਕੇ

ਲਿਖ ਕੇ

ਛਪ ਕੇ

ਡੰਗ ਹੀ ਟੱਪੇਗਾ

ਅਮਲ ਤੋਂ ਸੱਖਣਾ

ਯਥਾਰਥ

ਬਦਲਣ ਵਾਲਾ ਨਹੀਂ

 

ਪੈੱਨ ਦੀ ਨਿੱਬ ਚੋਂ

ਨਿਕਲੇ ਅੱਖਰਾਂ ਨੂੰ

ਲੀੜੇ

ਆਪ ਪਾਉਣੇ

ਲਿਖਤ ਨਾਲ

ਇਨਸਾਫ਼ ਹੈ

ਕਾਪੀਆਂ

ਕਾਲੀਆਂ ਕਰਨ ਨਾਲੋਂ।

ਗੋਬਿੰਦਰ ਸਿੰਘ ‘ਬਰੜ੍ਹਵਾਲ’-

 

ਬੀਕੇਯੂ (ਰਾਜੇਵਾਲ) ਵੱਲੋਂ 26 ਜਨਵਰੀ ਨੂੰ ਕਾਲੇ ਦਿਨ ਵਜੋ ਮਨਾਇਆ

ਕਾਲੀਆਂ ਝੰਡੀਆਂ ਲੈ ਕੇ ਕੀਤਾ ਰੋਸ ਪ੍ਰਦਰਸ਼ਨ 

ਮਹਿਲ ਕਲਾਂ/ਬਰਨਾਲਾ,ਜਨਵਰੀ 2020- ( ਗੁਰਸੇਵਕ ਸੋਹੀ )- 

 ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਵੱਲੋਂ ਪਿੰਡ ਛੀਨੀਵਾਲ ਕਲਾਂ ਵਿਖੇ 26"ਜਨਵਰੀ ਨੂੰ ਕਾਲੇ ਦਿਨ ਵਜੋ ਮਨਾ ਕੇ ਕਾਲੀਆਂ ਝੰਡੀਆਂ ਲੈ ਕੇ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਬੋਲਦਿਆਂ ਜ਼ਿਲਾ ਪ੍ਰਧਾਨ ਨਿਰਭੈ ਸਿੰਘ ਅਤੇ ਅਜਮੇਰ ਸਿੰਘ ਜਨਰਲ ਸਕੱਤਰ, ਮੀਤ ਪ੍ਰਧਾਨ ਹਾਕਮ ਸਿੰਘ ਨੇ ਕਿਹਾ ਕਿ ਇਹ ਆਜ਼ਾਦੀ ਦਿਨ ਨਹੀਂ ਹੈ,  ਇਹ ਕਿਸਾਨਾਂ ਮਜ਼ਦੂਰਾਂ ਅਤੇ ਨੌਜਵਾਨਾਂ ਦਾ ਬਰਬਾਦੀ ਦਿਨ ਹੈ। ਸਰਕਾਰ ਵੱਲੋਂ ਲਾਲ ਕਿਲੇ ਤੇ ਆਜ਼ਾਦੀ ਦਿਵਸ ਦੇ ਝੰਡੇ ਲਹਿਰਾਏ ਜਾ ਰਹੇ ਨੇ ਦੂਸਰੇ ਪਾਸੇ ਕਿਸਾਨ ਖੁਦਕੁਸ਼ੀਆਂ ਕਰ ਰਹੇ ਨੇ। ਇਸ ਦੇ ਰੋਸ ਵਜੋਂ ਕਾਲੀਆਂ ਝੰਡੀਆਂ ਲੈ ਕੇ ਪਿੰਡ ਪਿੰਡ ਰੋਸ ਪ੍ਰਦਰਸ਼ਨ ਕੀਤਾ ਜਾ ਗਿਆ ਹੈ। ਪ੍ਰਧਾਨ ਜਗਤਾਰ ਸਿੰਘ ਨੇ ਕਿਹਾ ਕਿ ਕਿਸਾਨ ਯੂਨੀਅਨ ਰਾਜੇਵਾਲ ਵੱਲੋਂ 26 ਜਨਵਰੀ ਨੂੰ ਕਾਲੇ ਦਿਨ  ਵਜੋ ਮਨਾ ਕੇ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਮੀਤ ਪ੍ਰਧਾਨ ਹਰਦੇਵ ਸਿੰਘ ਕਾਕਾ, ਜਸਮੇਲ ਸਿੰਘ ਪ੍ਰਧਾਨ ਚੰਨਣਵਾਲ, ਸੁਖਵਿੰਦਰ ਸਿੰਘ, ਸਾਧੂ ਸਿੰਘ, ਮੰਦਰ ਸਿੰਘ, ਲਾਲ ਸਿੰਘ, ਬਾਰੂ ਸਿੰਘ ਨੰਬਰਦਾਰ, ਨਿਰਭੈ ਸਿੰਘ, ਕਿਰਪਾਲ ਸਿੰਘ, ਜਰਨੈਲ ਸਿੰਘ ਮਾਨ, ਲਾਲ ਸਿੰਘ,  ਤਰਸੇਮ ਸਿੰਘ ਆਦਿ ਆਗੂ ਹਾਜ਼ਰ ਸਨ