You are here

ਲੁਧਿਆਣਾ

ਪੰਜਾਬ ਦੇ ਹਿੰਦੂ ਸਿੱਖ ਦੋਨੋਂ ਇੱਕੋ ਮਾਂ ਦੇ ਪੁੱਤ , ਇਨ੍ਹਾਂ ਵਿੱਚ ਪਾੜਾ ਪਾਉਣ ਵਾਲਿਆਂ ਦਾ ਹੋਵੇਗਾ ਵਿਰੋਧ - ਇਨਕਲਾਬੀ ਕੇਂਦਰ ਪੰਜਾਬ ਦੇ ਆਗੂ ਨਰਾਇਣ ਦੱਤ ਅਤੇ ਕਮਲਜੀਤ ਖੰਨਾ  

ਜਗਰਾਉਂ, 29  ਅਪ੍ਰੈਲ  (ਮਨਜਿੰਦਰ ਗਿੱਲ  ) ਪੰਜਾਬ ਦੀ ਅਮਨ ਸ਼ਾਂਤੀ ਤੇ ਭਾਈਚਾਰਕ ਏਕਤਾ ਨੂੰ ਲਾਂਬੂ ਲਾਉਣ ਦੇ ਕੋਝੇ ਅਤੇ ਲੋਕ ਵਿਰੋਧੀ ਕਦਮਾਂ ਦਾ ਪੰਜਾਬ ਦੇ ਦੇਸ਼ਭਗਤ, ਅਮਨਪਸੰਦ, ਅਗਾਂਹ ਵਧੂ ਲੋਕ ਪਹਿਲਾਂ ਵਾਂਗ ਹੀ ਡਟ ਕੇ ਵਿਰੋਧ ਕਰਨਗੇ। ਇਸ ਗੱਲ ਦਾ ਪ੍ਰਗਟਾਵਾ ਅਜ ਇਥੇ ਇਨਕਲਾਬੀ ਕੇਂਦਰ ਪੰਜਾਬ ਦੇ ਪ੍ਰਧਾਨ ਨਰਾਇਣ ਦੱਤ, ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਕੀਤਾ।ਪਟਿਆਲਾ ਚ ਦੋ ਧਿਰਾਂ ਚ ਹੋਏ ਟਕਰਾਅ ਤੇ ਚਿੰਤਾ ਪ੍ਰਗਟ ਕਰਦਿਆਂ ਉਨਾਂ ਕਿਹਾ ਕਿ ਪੰਜਾਬ ਚ ਜਮਾਤੀ ਤਬਕਾਤੀ ਸੰਘਰਸ਼ਾਂ ਨੂੰ ਲੀਹੋਂ ਲਾਹੁਣ,। ਸਾਮਰਾਜੀ ਸਰਮਾਏਦਾਰਾਨਾ ਨੀਤੀਆਂ ਖਿਲਾਫ ਲੋਕਾਂ ਦੇ ਦਿਲਾਂ ਚ ਮੱਚ ਰਹੇ ਲਾਵੇ ਨੂੰ ਔਝੜੇ ਪਾਉਣ‌ ਦੀਆਂ ਨਾਗਪੁਰੀ ਫਾਸ਼ੀਵਾਦੀਆਂ ਦੀਆਂ ਨੀਤੀਆਂ ਨੂੰ ਪੰਜਾਬ ਦੇ ਲੋਕ ਕਦਾਚਿੱਤ ਸਫਲ ਨਹੀਂ ਹੋਣ ਦੇਣਗੇ। ਪੰਜਾਬ ਚ ਹਿੰਦੂ ਸਿੱਖ ਇਕੋ ਮਾਂ ਦੇ ਪੁੱਤ ਹਨ। ਇਸ ਸਾਂਝ ਨੂੰ ਪਹਿਲਾਂ ਵੀ ਅੱਗ ਲਾਉਣ ਦੀਆਂ‌ ਕੋਸ਼ਿਸਾ ਹੋਈਆਂ ਪਰ ਸਦੀਆਂ ਦੀ ਸਭਿਆਚਾਰਕ ਸਾਂਝ ਨੂੰ ਕੋਈ ਨਹੀਂ ਤੋੜ ਸਕਿਆ। ਮੋਦੀ ਹਕੂਮਤ ਇਕ ਪਾਸੇ ਸਿੱਖ ਭਾਈਚਾਰੇ ਨੂੰ ਵਖ ਵਖ ਤਰੀਕਿਆਂ ਨਾਲ ਲਲਚਾਉਣ‌ ਤੇ ਭਰਮਾਉਣ ਦੀ ਕੋਸ਼ਿਸ਼ ਕਰ ਰਹੀ ਹੈ ਤੇ ਦੂਜੇ ਪਾਸੇ ਅਜਿਹੇ ਫਿਰਕੂ ਫਸਾਦਾਂ ਰਾਂਹੀ ਅਪਣੇ ਸੋੜੇ ਸਿਆਸੀ ਮੰਤਵਾਂ‌ ਦੀ ਪੂਰਤੀ ਕਰਨ ਲਈ ਖਾਲਸਤਾਨ ਮੁਰਦਾਬਾਦ ਨਾਂ ਦੇ ਮੂਜਾਹਰੇ ਕਢਣ ਦੀ  ਭਾਜਪਾ ਦੀ ਦੋ ਨੰਬਰ ਆਪ ਸਰਕਾਰ ਇਜਾਜ਼ਤ ਦੇ ਰਹੀ ਹੈ। ਉਨਾਂ ਕਿਹਾ ਕਿ ਜਦੋਂ ੍ਰਤਾ ਸੀ ਕਿ ਹਾਲਾਤ ਵਿਗੜਨ ਸਕਦੇ ਹਨ ਤਾਂ ਪਟਿਆਲਾ ਪੁਲਸ ਨੂੰ ਪਹਿਲਾਂ ਹੀ ਯੋਗ ਪ੍ਰਬੰਧ ਕਰਨੇ ਚਾਹੀਦੇ ਸਨ। ਉਨਾਂ ਜਿਥੇ ਸਿਵ ਸੈਨਾ ਦੇ ਪ੍ਰਧਾਨ ਹਰੀਸ਼ ਸਿੰਗਲਾ ਨੂੰ ਤੁਰੰਤ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਉਥੇ ਸਿੱਖ ਭਾਈਚਾਰੇ ਨੂੰ ਅਤਿਅੰਤ ਸੰਜਮ ਤੋਂ ਕੰਮ ਲੈਣ‌ ਦੀ ਅਪੀਲ ਕੀਤੀ ਹੈ। ਉਨਾਂ ਪੰਜਾਬ ਦੇ ਲੋਕਾਂ ਨੂੰ ਅਜਿਹੀਆਂ ਪੀੜਾਦਾਇਕ ਘਟਨਾਵਾਂ ਦਾ ਸੁਚੇਤ ਤੋਰ ਤੇ ਵਿਰੋਧ ਕਰਨ ਦਾ ਸੱਦਾ ਦਿੱਤਾ ਹੈ।

ਸ਼ਹਿਰ ਦੇ ਬਰਸਾਤੀ ਪਾਣੀ ਦਾ ਮਸਲਾ ਹੱਲ ਹੋਣ ਦੀ ਆਸ ਬੱਝੀ

ਵਿਧਾਇਕਾ ਮਾਣੂੰਕੇ ਦੀ ਪ੍ਰਧਾਨਗੀ ਹੇਠ ਡਿਪਟੀ ਕਮਿਸ਼ਨਰ ਨੇ ਕੀਤੀ ਅਧਿਕਾਰੀਆਂ ਨਾਲ ਮੀਟਿੰਗ
ਜਗਰਾਉਂ, 29  ਅਪ੍ਰੈਲ (ਮਨਜਿੰਦਰ ਗਿੱਲ ) ਹਲਕੇ ਦੀਆਂ ਸਮੱਸਿਆਵਾਂ ਸਬੰਧੀ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਵੱਲੋਂ 5 ਅਪ੍ਰੈਲ ਨੂੰ ਮੀਟਿੰਗ ਕੀਤੀ ਗਈ ਸੀ, ਪਰੰਤੂ ਅਧਿਕਾਰੀਆਂ ਦੀ ਢਿੱਲੀ ਕਾਰਗੁਜ਼ਾਰੀ ਦੇ ਚੱਲਦੇ 'ਪੰਚਾਂ ਦਾ ਕਿਹਾ ਸਿਰ ਮੱਥੇ, ਪਰਨਾਲਾ ਉਥੇ ਦਾ ਉਥੇ' ਹੋਣ ਕਾਰਨ ਸਮੱਸਿਆਵਾਂ ਜਿਉਂ ਦੀਆਂ ਤਿਊਂ ਹੀ ਸਨ। ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਵੱਲੋਂ ਇਹ ਮਾਮਲਾ ਮੁੱਖ ਮੰਤਰੀ ਪੰਜਾਬ ਦੇ ਧਿਆਨ ਵਿੱਚ ਲਿਆਂਦਾ ਅਤੇ ਮੁੱਖ ਮੰਤਰੀ ਵੱਲੋਂ ਡਿਪਟੀ ਕਮਿਸ਼ਨਰ ਲੁਧਿਆਣਾ ਸ਼ੁਰਭੀ ਮਲਿਕ ਨੂੰ ਮੀਟਿੰਗ ਕਰਨ ਲਈ ਕਿਹਾ ਗਿਆ ਅਤੇ ਅੱਜ ਡਿਪਟੀ ਕਮਿਸ਼ਨਰ ਲੁਧਿਆਣਾ ਵੱਲੋਂ ਹਲਕੇ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਦੀ ਮੰਗ ਅਨੁਸਾਰ ਸ਼ਹਿਰ ਦੇ ਕਮਲ ਚੌਂਕ ਅਤੇ ਪੁਰਾਣੀ ਦਾਣਾ ਮੰਡੀ ਵਿੱਚ ਖੜਦੇ ਬਰਸਾਤੀ ਪਾਣੀ ਦੀ ਨਿਕਾਸੀ ਲਈ ਨਾਲੇ ਅਤੇ ਡਰੇਨ ਦੀ ਸਫਾਈ ਕਰਵਾਉਣ ਅਤੇ ਨਵਾਂ ਪ੍ਰੋਜੈਕਟ ਤਿਆਰ ਕਰਨ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ। ਜਿਸ ਕਾਰਨ ਜਗਰਾਉਂ ਵਾਸੀਆਂ ਦੀ ਵੱਡੀ ਸਮੱਸਿਆ ਦੇ ਹੱਲ ਦੀ ਆਸ ਬੱਝ ਗਈ ਹੈ। ਸ਼ਹੀਦ ਭਗਤ ਸਿੰਘ ਕੰਮਿਊਨਟੀ ਹਾਲ ਦੀ ਮੁਰੰਮਤ ਕਰਨ, ਡਾ:ਬੀ.ਆਰ.ਅੰਬੇਡਕਰ ਦਾ ਚੌਂਕ ਬਣਾਕੇ ਬੁੱਤ ਲਗਾਉਣ, ਲਾਲਾ ਲਾਜਪਤ ਰਾਏ ਕੰਮਿਊਨਟੀ ਹਾਲ ਦੀ ਉਸਾਰੀ ਜ਼ਲਦੀ ਸ਼ੁਰੂ ਕਰਨ, ਮਾਤਾ ਸਵਿੱਤਰੀ ਬਾਈ ਫੂਲੇ ਯਾਦਕਾਰੀ ਲਾਇਬ੍ਰੇਰੀ ਬਨਾਉਣ, ਸ਼ਹਿਰ ਵਾਸੀਆਂ ਨੂੰ ਸਾਫ਼ ਪਾਣੀ ਦੇਣ, ਸਾਰੇ ਸਰਕਾਰੀ ਦਫਤਰਾਂ ਦੀ ਸਫਾਈ ਕਰਨ, ਬਿਮਾਰੀਆਂ ਦੇ ਫੈਲਾਅ ਤੋਂ ਰੋਕਣ ਅਤੇ ਮੱਛਰ ਮਾਰ ਦਵਾਈਆਂ ਦਾ ਛਿੜਕਾ ਕਰਨ, ਸ਼ਹਿਰ ਦੇ ਟ੍ਰੈਫਿਕ ਦੀ ਸਮੱਸਿਆ ਦਾ ਹੱਲ ਕਰਨ, ਸ਼ਹਿਰ ਦੀ ਸਫ਼ਾਈ ਅਤੇਂ ਕੂੜੇ ਦੇ ਡੰਪ ਖਤਮ ਕਰਨ, ਗਲੀਆਂ ਪੱਕੀਆਂ ਕਰਨ ਅਤੇ ਰਾਏਕੋਟ ਰੋਡ ਦੀ ਹਾਲਤ ਸੁਧਾਰਨ, ਅਖਾੜਾ ਨਹਿਰ ਤੇ ਨਵੇਂ ਬਣਨ ਵਾਲੇ ਪੁਲ ਦੀ ਉਸਾਰੀ ਸ਼ੁਰੂ ਕਰਨ ਆਦਿ ਮੰਗਾਂ ਤੇ ਵਿਚਾਰ-ਚਰਚਾ ਕੀਤੀ ਗਈ ਅਤੇ ਇੱਕ ਹਫ਼ਤੇ ਅੰਦਰ ਕੰਮ ਸ਼ੁਰੂ ਕਰਕੇ ਰਿਪੋਰਟ ਕਰਨ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ। ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੇ ਆਖਿਆ ਕਿ ਲੋਕਾਂ ਦੀ ਜਾਣਬੁੱਝ ਕੇ ਖੱਜਲ-ਖੁਆਰੀ ਕਰਨ ਅਤੇ ਕੰਮਾਂ ਨੂੰ ਲਮਕਾਉਣ ਵਾਲੇ ਕਿਸੇ ਵੀ ਅਧਿਕਾਰੀ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਏ.ਡੀ.ਸੀ.ਡਾ:ਨਯਨ ਜੱਸਲ, ਐਸ.ਡੀ.ਐਮ. ਵਿਕਾਸ ਹੀਰਾ, ਐਸ.ਐਸ.ਪੀ.ਦੀਪਕ ਹਿਲੋਰੀ, ਐਸ.ਪੀ.ਪ੍ਰਿਥੀਪਾਲ ਸਿੰਘ, ਡੀ.ਐਸ.ਪੀ. ਦਲਜੀਤ ਸਿੰਘ ਵਿਰਕ, ਤਹਿਸੀਲਦਾਰ ਮਨਮੋਹਣ ਕੌਸ਼ਿਕ, ਨਾਇਬ ਤਹਿਸੀਲਦਾਰ ਗੁਰਦੀਪ ਸਿੰਘ, ਈ.ਓ.ਅਸ਼ੋਕ ਕੁਮਾਰ, ਬੀ.ਡੀ.ਪੀ.ਓ.ਜਗਰਾਉਂ ਸਤਵਿੰਦਰ ਸਿੰਘ, ਇੰਜ:ਪ੍ਰਭਜੋਤ ਸਿੰਘ ਉਬਰਾਏ, ਪਰਮਜੀਤ ਸਿੰਘ ਚੀਮਾਂ, ਪ੍ਰੀਤਮ ਸਿੰਘ ਅਖਾੜਾ, ਅਮਰਦੀਪ ਸਿੰਘ ਟੂਰੇ, ਗੋਪੀ ਸ਼ਰਮਾਂ, ਸਾਜਨ ਮਲਹੋਤਰਾ, ਸੁਖਦੇਵ ਸਿੰਘ ਸ਼ੇਰਪੁਰੀ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਹਲਕੇ ਦੇ ਅਧਿਕਾਰੀ ਹਾਜ਼ਰ ਸਨ।

ਵਿਧਾਇਕਾ ਮਾਣੂੰਕੇ ਨੇ ਚੀਮਿਆਂ 'ਚ ਪ੍ਰੀਮਿਕਸ ਪਾਉਣ ਦਾ ਕੰਮ ਸ਼ੁਰੂ ਕਰਵਾਇਆ

ਕਮਾਲਪੁਰਾ ਤੋਂ ਦੇਹੜਕੇ ਤੱਕ 18 ਫੁੱਟੀ ਸੜਕ ਨਾਲ ਮਿਲੇਗੀ ਲੋਕਾਂ ਰਾਹਤ

ਜਗਰਾਉਂ, 29 ਅਪ੍ਰੈਲ ( ਕੌਸ਼ਲ ਮੱਲਾ  )ਹਲਕਾ ਜਗਰਾਉਂ ਦੇ ਵਿਧਾਇਕ ਬੀਬੀ ਸਰਵਜੀਤ ਕੌਰ ਮਾਣੂੰਕੇ ਵੱਲੋਂ ਕਮਾਲਪੁਰਾ ਤੋਂ ਦੇਹੜਕਾ ਵਾਇਆ ਚੀਮਾਂ, ਭੰਮੀਪੁਰਾ 18 ਫੁੱਟ ਚੌੜੀ ਸੜਕ ਉਪਰ ਪ੍ਰੀਮਿਕਸ ਪਾਉਣ ਦਾ ਕੰਮ ਪਿੰਡ ਚੀਮਾਂ ਵਿਖੇ ਪਹੁੰਚਕੇ ਸ਼ੁਰੂ ਕਰਵਾ ਦਿੱਤਾ ਗਿਆ ਹੈ। ਜਿਸਦਾ ਉਦਘਾਟਨ ਵਿਧਾਇਕ ਸਰਵਜੀਤ ਕੌਰ ਮਾਣੂੰਕੇ ਵੱਲੋਂ ਦੂਰ-ਅੰਦੇਸ਼ੀ ਨਾਲ ਪਿੰਡ ਚੀਮਾਂ ਦੇ ਬਜ਼ੁਰਗ ਸਾਬਕਾ ਸਰਪੰਚ ਸੇਵਾ ਸਿੰਘ ਅਤੇ ਬੱਚਿਆਂ ਤੋਂ ਰੀਬਨ ਕਟਵਾਕੇ ਕਰਵਾਇਆ ਗਿਆ। ਇਸ ਮੌਕੇ ਇਕੱਠੇ ਹੋਏ ਪਿੰਡ ਵਾਸੀਆਂ ਨੂੰ ਸੰਬੋਧਨ ਕਰਦੇ ਹੋਏ ਵਿਧਾਇਕਾ ਮਾਣੂੰਕੇ ਨੇ ਆਖਿਆ ਕਿ ਲੋਕ ਪਹਿਲਾਂ ਚੈਕ ਕਰਕੇ ਇਹ ਯਕੀਨੀ ਬਨਾਉਣ ਕਿ ਸੜਕ ਦੇ ਨਿਰਮਾਣ ਕਾਰਜ ਵਿੱਚ ਕਿਸੇ ਪ੍ਰਕਾਰ ਦੀ ਕੋਈ ਮਿਲਾਵਟ ਤਾਂ ਨਹੀਂ ਹੋ ਰਹੀ ਅਤੇ ਸੜਕ ਬਨਾਉਣ ਲਈ ਪਾਏ ਗਏ ਪੱਥਰ ਅਤੇ ਬਜ਼ਰੀ ਆਦਿ ਦਾ ਮਿਆਰ ਠੀਕ ਹੈ। ਜਿਸ ਤੇ ਲੋਕਾਂ ਵੱਲੋਂ ਹੱਥ ਖੜੇ ਕਰਕੇ ਸੜਕ ਦਾ ਨਿਰਮਾਣ ਤਸੱਲੀਬਖ਼ਸ਼ ਹੋਣ ਦਾ ਇਜ਼ਹਾਰ ਕੀਤਾ ਗਿਆ, ਤਦ ਹੀ ਵਿਧਾਇਕਾ ਮਾਣੂੰਕੇ ਵੱਲੋਂ ਸੜਕ ਤੇ ਪ੍ਰੀਮਿਕਸ ਪਾਉਣ ਦਾ ਕੰਮ ਸ਼ੁਰੂ ਕਰਵਾਇਆ ਗਿਆ। ਵਿਧਾਇਕਾ ਮਾਣੂੰਕੇ ਨੇ ਆਖਿਆ ਕਿ ਪਹਿਲਾਂ ਅਕਾਲੀਆਂ ਤੇ ਕਾਂਗਰਸੀਆਂ ਨੇ ਘੱਟ ਮਿਆਰ ਵਾਲੀਆਂ ਸੜਕਾਂ ਬਣਾਕੇ ਪੰਜਾਬ ਦੇ ਖਜ਼ਾਨੇ ਉਪਰ ਵੱਡੇ ਡਾਕੇ ਮਾਰੇ ਹਨ। ਜਿਸ ਕਾਰਨ ਸੜਕਾਂ ਬਣਨ ਤੇ ਕੁੱਝ ਕੁ ਮਹੀਨੇ ਬਾਅਦ ਹੀ ਟੁੱਟ ਜਾਂਦੀਆਂ ਸਨ। ਉਹਨਾਂ ਆਖਿਆ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਖਜ਼ਾਨੇ ਦਾ ਇੱਕ-ਇੱਕ ਪੈਸਾ ਲੋਕਾਂ ਦੀ ਬਿਹਤਰੀ ਲਈ ਲਗਾਏਗੀ ਅਤੇ ਲੋਕਾਂ ਵਧੀਆ ਰਾਜ-ਪ੍ਰਬੰਧ ਦਿੱਤਾ ਜਾਵੇਗਾ। ਉਹਨਾ ਆਖਿਆ ਕਿ ਹਲਕੇ ਦੇ ਵਿਕਾਸ ਲਈ ਵੱਧ ਤੋਂ ਵੱਧ ਗਰਾਂਟਾਂ ਲਿਆਂਦੀਆਂ ਜਾਣਗੀਆਂ ਅਤੇ ਨੌਜੁਆਨਾਂ ਲਈ ਵਧੀਆ ਖੇਡ-ਗਰਾਊਂਡ ਤੇ ਓਪਨ ਜਿੰਮ ਖੋਲੇ ਜਾਣਗੇ ਤਾਂ ਜੋ ਸਾਡੇ ਦੇਸ਼ ਦਾ ਭਵਿੱਖ ਨੌਜੁਆਨ ਨਸ਼ਿਆਂ ਵਾਲੇ ਪਾਸੇ ਤੋਂ ਹਟਕੇ ਚੰਗੀ ਤੇ ਨਰੋਈ ਸਿਹਤ ਬਣਾ ਸਕਣ ਅਤੇ ਪਿੰਡਾਂ ਵਿੱਚ ਚੰਗੇ ਮਿਆਰ ਦੀਆਂ ਪਾਰਕਾਂ ਵੀ ਬਣਾਈਆਂ ਜਾਣਗੀਆਂ। ਇਸ ਮੌਕੇ ਪ੍ਰੋਫੈਸਰ ਸੁਖਵਿੰਦਰ ਸਿੰਘ, ਪ੍ਰੀਤਮ ਸਿੰਘ ਅਖਾੜਾ, ਐਸ.ਡੀ.ਓ.ਜਤਿਨ ਸਿੰਗਲਾ, ਪਰਮਿੰਦਰ ਸਿੰਘ ਜੇਈ, ਐਡਵੋਕੇਟ ਕਰਮ ਸਿੰਘ ਸਿੱਧੂ, ਗੁਰਪ੍ਰੀਤ ਸਿੰਘ ਨੋਨੀ, ਅਮਰਦੀਪ ਸਿੰਘ ਟੂਰੇ, ਸਨੀ ਬੱਤਰਾ, ਜਰਨੈਲ ਸਿੰਘ ਲੰਮੇ, ਨਿਰਭੈ ਸਿੰਘ ਸਿੱਧੂ, ਸਵਰਨਜੀਤ ਸਿੰਘ ਸਿੱਧੂ, ਪਰਮਜੀਤ ਸਿੰਘ 'ਪੰਮੀ ਚੀਮਾਂ', ਬਖਤੌਰ ਸਿੰਘ ਦੇਹੜ, ਸਾਬਕਾ ਪੰਚ ਜਸਵਿੰਦਰ ਸਿੰਘ ਮੀਤਕੇ, ਮੱਘਰ ਸਿੰਘ ਕਰੜੇ, ਸੁਦਾਗਰ ਸਿੰਘ ਕਰੜੇ, ਜਸਵੰਤ ਸਿੰਘ, ਸੁਖਦੇਵ ਸਿੰਘ ਰੰਧਾਵਾ, ਇਕਬਾਲ ਸਿੰਘ ਕਾਲਾ, ਨੰਬਰਦਾਰ ਹਰਦੀਪ ਸਿੰਘ ਸਿੱਧੂ, ਮਿਸਤਰੀ ਜੀਤ ਸਿੰਘ, ਜਗਰੂਪ ਸਿੰਘ ਫੌਜੀ, ਮੱਖਣ ਸਿੰਘ ਫੌਜੀ, ਮਿਸਤਰੀ ਜੈਪਾਲ ਸਿੰਘ, ਜਗਰੂਪ ਸਿੰਘ ਧਾਲੀਵਾਲ, ਪਵਨਦੀਪ ਸਿੰਘ, ਹਨੀ ਹੰਸਰਾ ਆਦਿ ਵੀ ਹਾਜ਼ਰ ਸਨ।
ਫੋਟੋ ਕੈਪਸ਼ਨ : ਪਿੰਡ ਚੀਮਾਂ ਵਿਖੇ ਬੱਚਿਆਂ ਅਤੇ ਬਜੁਰਗ ਸੇਵਾ ਸਿੰਘ ਕੋਲੋਂ ਰੀਬਨ ਕਰਵਾ ਕੇ ਪ੍ਰੀਮਿਕਸ ਦਾ ਕੰਮ ਸ਼ੁਰੂ ਕਰਵਾਉਂਦੇ ਹੋਏ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ, ਨਾਲ ਖੜੇ ਹਨ ਪ੍ਰੋਫੈਸਰ ਸੁਖਵਿੰਦਰ ਸਿੰਘ, ਕਰਮ ਸਿੰਘ ਸਿੱਧੂ ਅਤੇ ਹੋਰ

ਉੱਘੇ ਖੇਡ ਪ੍ਰਮੋਟਰ ਦਲਜਿੰਦਰ ਸਿੰਘ ਸਮਰਾ ਯੂ ਕੇ ਮਾਂ ਖੇਡ ਕਬੱਡੀ ਨੂੰ ਸਦਾ ਰਹੇ ਹਨ ਸਮਰਪਿਤ  - ਨੰਬਰਦਾਰ ਬਿੱਲੂ  

ਜਗਰਾਉਂ, 28 ਅਪ੍ਰੈਲ (ਮਨਜਿੰਦਰ ਗਿੱਲ ) ਨਸ਼ਿਆਂ ਵਿੱਚ ਗਲਤਾਨ ਹੋਈ ਪੰਜਾਬ ਦੇ ਨੌਜੁਆਨਾਂ ਨੂੰ ਵੇਖਦੇ ਹੋਏ ਜਿੱਥੇ ਬੌਲੀਵੁੱਡ ਅਤੇ ਹੌਲੀਵੁੱਡ ਵਰਗੀਆਂ ਫਿਲਮ ਇੰਡਸਟਰੀ ਨੇ ਪੰਜਾਬ ਦੇ ਹਾਲਾਤਾਂ ਤੇ  ਫ਼ਿਲਮਾਂਕਣ ਕਰਦੇ ਹੋਏ ਉੱਡਦਾ ਪੰਜਾਬ ਵਰਗੀਆਂ ਫਿਲਮਾਂ ਰਿਲੀਜ਼ ਕਰ ਕੇ ਪੰਜਾਬ ਦੀ ਖਿੱਲੀ ਉਡਾਈ ਹੈ ਉੱਥੇ ਹੀ ਪੰਜਾਬ ਦੀ ਨੌਜਵਾਨੀ ਨੂੰ ਬਚਾਉਣ ਲਈ ਪੰਜਾਬ ਦੀ ਧਰਤੀ ਤੋਂ ਹਜ਼ਾਰਾਂ ਕਿਲੋਮੀਟਰ ਦੂਰ ਬੈਠੇ ਦਲਜਿੰਦਰ ਸਿੰਘ ਸਮਰਾ ਯੂ ਕੇ ਵਰਗੇ ਉੱਘੇ ਸਮਾਜ ਸੇਵੀ ਅਤੇ ਖੇਡ  ਪ੍ਰਮੋਟਰ ਪੰਜਾਬ ਦੀ ਜਵਾਨੀ ਨੂੰ ਇਨ੍ਹਾਂ ਨਸ਼ਿਆਂ ਦੀ ਭੈਡ਼ੀ ਦਲਦਲ ਤੋਂ ਬਚਾਉਣ ਲਈ ਕਰੋੜਾਂ ਰੁਪਏ ਖ਼ਰਚ ਕਰਦੇ ਮਾਂ ਖੇਡ ਕਬੱਡੀ ਨੂੰ ਪਿਆਰ ਕਰਨ ਵਾਲੇ ਖਿਡਾਰੀਆਂ ਨੂੰ ਦੇਸੀ ਘੀ ਦੇ ਟੀਨ ਬੁਲੇਟ ਮੋਟਰਸਾਈਕਲਾਂ ਤੇ ਪੌਂਡਾਂ ਦੇ ਗੱਫੇ ਤਕਸੀਮ ਕਰਕੇ ਦੇਸ਼ ਦਾ ਭਵਿੱਖ ਸਾਡੇ ਨੌਜਵਾਨ ਨੂੰ ਬਚਾ ਰਹੇ ਹਨ  । ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਨੰਬਰਦਾਰ ਬਲਰਾਜ ਸਿੰਘ ਬਿੱਲੂ ਗੋਰਸੀਆਂ ਮੱਖਣ ਨੇ ਸਾਡੇ ਪ੍ਰਤੀਨਿਧ ਨਾਲ ਗੱਲਬਾਤ ਕਰਦੇ ਕੀਤਾ ਅਤੇ ਦੱਸਿਆ ਕਿ ਦਲਜਿੰਦਰ ਸਿੰਘ ਸਮਰਾ ਵਰਗੇ ਖੇਡ ਪ੍ਰਮੋਟਰਾਂ ਅਤੇ ਪੰਜਾਬ ਵਿਦੇਸ਼ੀ ਵੀਰਾਂ ਕਰਕੇ ਹੀ ਪੰਜਾਬ ਖੁਸ਼ਹਾਲ ਹੈ ਕਿਉਂਕਿ ਪੰਜਾਬ ਦੀ  ਖੁਸ਼ਹਾਲੀ ਲਈ ਪ੍ਰਮਾਤਮਾ ਨੇ ਖੁਦ ਭੇਜਿਆ ਹੈ ਅਜਿਹੀਆਂ ਨੇਕ ਰੂਹ ਤਜਿੰਦਰ ਸਿੰਘ ਸਮਰਾ ਵਰਗੇ ਸਮਾਜ ਸੇਵੀ ਜਦ ਤਕ ਜਿਊਂਦੇ ਹਨ ਤਦ ਤਕ ਮਾਂ ਖੇਡ ਕਬੱਡੀ ਦਾ ਨਾਮ ਉੱਚਾ ਕਰਨ ਵਾਲੇ ਖਿਡਾਰੀਆਂ ਦਾ ਸਨਮਾਨ ਇਸੇ ਤਰ੍ਹਾਂ ਹੁੰਦਾ ਰਹੇਗਾ । 

ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 'ਮੇਰੀ ਕਲਮ - ਮੇਰੀ ਤਾਕਤ' ਪਹਿਲਕਦਮੀ ਤਹਿਤ ਲੋੜਵੰਦ ਬੱਚਿਆਂ ਨੂੰ ਵੰਡੀਆਂ 1 ਲੱਖ ਪੈਨਸਿਲਾਂ

 ਡਿਪਟੀ ਕਮਿਸ਼ਨਰ ਸੁਰਭੀ ਮਲਿਕ ਵੱਲੋਂ ਰੈੱਡ ਕਰਾਸ ਬਾਲ ਭਵਨ ਤੋਂ ਕੀਤਾ ਆਗਾਜ਼
ਲੁਧਿਆਣਾ, 28 ਅਪ੍ਰੈਲ (ਰਣਜੀਤ ਸਿੱਧਵਾਂ) - ਜ਼ਿਲ੍ਹਾ ਪ੍ਰਸਾਸ਼ਨ ਲੁਧਿਆਣਾ ਵੱਲੋਂ 'ਮੇਰੀ ਕਲਮ - ਮੇਰੀ ਤਾਕਤ' ਪਹਿਲਕਦਮੀ ਤਹਿਤ ਵੱਖ-ਵੱਖ ਅਨਾਥ ਆਸ਼ਰਮਾਂ, ਝੁੱਗੀਆਂ ਆਦਿ ਵਿੱਚ ਰਹਿੰਦੇ ਲੋੜਵੰਦ ਬੱਚਿਆਂ ਨੂੰ ਲਗਭਗ 1 ਲੱਖ ਪੈਨਸਿਲਾਂ ਵੰਡੀਆਂ ਗਈਆਂ। ਡਿਪਟੀ ਕਮਿਸ਼ਨਰ ਸ੍ਰੀਮਤੀ ਸੁਰਭੀ ਮਲਿਕ ਵੱਲੋਂ ਰੈੱਡ ਕਰਾਸ ਬਾਲ ਭਵਨ, ਸਰਾਭਾ ਨਗਰ, ਲੁਧਿਆਣਾ ਤੋਂ ਇਸ ਪ੍ਰੋਜੈਕਟ ਦੀ ਸ਼ੁਰੂਆਤ ਕਰਨ ਉਪਰੰਤ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਵੱਖ-ਵੱਖ ਅਨਾਥ ਆਸ਼ਰਮਾਂ ਅਤੇ ਝੁੱਗੀਆਂ-ਝੌਂਪੜੀਆਂ ਦਾ ਦੌਰਾ ਕੀਤਾ, ਜਿੱਥੇ ਵਸਦੇ ਲੋੜਵੰਦ ਬੱਚਿਆਂ ਨੂੰ ਇਹ ਪੈਨਸਿਲਾਂ ਵੰਡੀਆਂ ਗਈਆਂ। ਸ੍ਰੀਮਤੀ ਸੁਰਭੀ ਮਲਿਕ ਵੱਲੋਂ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਸ੍ਰੀ ਅਮਿਤ ਕੁਮਾਰ ਪੰਚਾਲ ਅਤੇ ਸਹਾਇਕ ਕਮਿਸ਼ਨਰ (ਅੰਡਰ ਟਰੇਨਿੰਗ) ਡਾ. ਹਰਜਿੰਦਰ ਸਿੰਘ ਬੇਦੀ ਦੇ ਇਸ ਅਹਿਮ ਵਿਚਾਰ ਲਈ ਵੀ ਸ਼ਲਾਘਾ ਕੀਤੀ। ਉਨ੍ਹਾਂ ਇਸ ਨੇਕ ਕਾਰਜ ਲਈ ਦਾਨ ਦੇਣ ਲਈ ਉੱਘੇ ਪੰਜਾਬੀ ਕਵੀ ਪ੍ਰੋ. ਗੁਰਭਜਨ ਗਿੱਲ, ਜਗਦੀਸ਼ ਪਾਲ ਸਿੰਘ ਗਰੇਵਾਲ, ਸਰਪੰਚ ਪਿੰਡ ਦਾਦ ਅਤੇ ਹੋਰ ਦਾਨੀ ਸੱਜਣਾਂ ਦੀ ਵੀ ਸ਼ਲਾਘਾ ਕੀਤੀ। ਇਸ ਮੌਕੇ ਉਨ੍ਹਾਂ ਇਸ ਸੰਸਥਾ ਦੇ ਵਿਦਿਆਰਥੀਆਂ ਨਾਲ ਗੱਲਬਾਤ ਵੀ ਕੀਤੀ ਅਤੇ ਉਨ੍ਹਾਂ ਨੂੰ ਜ਼ਿੰਦਗੀ ਵਿੱਚ ਨਵੀਆਂ ਉਚਾਈਆਂ ਹਾਸਲ ਕਰਨ ਲਈ ਸਖ਼ਤ ਮਿਹਨਤ ਕਰਨ ਦੀ ਅਪੀਲ ਕੀਤੀ। ਉਨ੍ਹਾਂ ਬੱਚਿਆਂ ਨੂੰ ਮੁਸ਼ਕਿਲ ਹਾਲਾਤਾਂ ਵਿੱਚ ਵੀ ਸਕਾਰਾਤਮਕ ਰਹਿਣ ਲਈ ਪ੍ਰੇਰਿਤ ਕੀਤਾ। ਡਾ. ਹਰਜਿੰਦਰ ਸਿੰਘ ਬੇਦੀ ਨੇ ਕਿਹਾ ਕਿ ਜਲਦ ਹੀ ਜ਼ਿਲ੍ਹਾ ਪ੍ਰਸ਼ਾਸਨ ਲੁਧਿਆਣਾ ਵੱਲੋਂ ਅਜਿਹੇ ਹੋਰ ਉਪਰਾਲੇ ਸ਼ੁਰੂ ਕੀਤੇ ਜਾਣਗੇ। ਉਨ੍ਹਾਂ ਸਮੂਹ ਲੁਧਿਆਣਾ ਨਿਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਅਜਿਹੇ ਸਮਾਜ ਸੇਵੀ ਕੰਮਾਂ ਲਈ ਤਹਿਦਿਲੋਂ ਸਹਿਯੋਗ ਕਰਨ। ਜ਼ਿਕਰਯੋਗ ਹੈ ਕਿ 26 ਅਪ੍ਰੈਲ, 2022 ਨੂੰ 'ਵੇਸਟ ਵੈਲਥ - ਗਿਵ ਐਂਡ ਟੇਕ' ਸਲੋਗਨ ਹੇਠ ਜ਼ਿਲ੍ਹਾ ਪ੍ਰਸ਼ਾਸਨ ਲੁਧਿਆਣਾ ਵੱਲੋਂ ਇੱਕ ਨਿਵੇਕਲੀ ਪਹਿਲਕਦਮੀ ਸ਼ੁਰੂ ਕੀਤੀ ਗਈ ਸੀ, ਜਿਸਦੇ ਤਹਿਤ ਸਥਾਨਕ ਦਫ਼ਤਰ ਡਿਪਟੀ ਕਮਿਸ਼ਨਰ ਦੇ ਦਰਵਾਜ਼ੇ ਦੇ ਬਾਹਰ ਇੱਕ 'ਡੋਨੇਸ਼ਨ ਕਾਰਨਰ' ਸਥਾਪਤ ਕੀਤਾ ਗਿਆ ਸੀ। ਇਸ ਡੋਨੇਸ਼ਨ ਕਾਰਨਰ ਵਿੱਚ, ਨਿਵਾਸੀ ਲੋੜਵੰਦ ਬੱਚਿਆਂ ਲਈ ਸਟੇਸ਼ਨਰੀ ਸਮਾਨ ਅਤੇ ਖਿਡੌਣੇ ਦਾਨ ਕਰ ਸਕਦੇ ਹਨ, ਜੋ ਅੱਗੇ ਜਰੂਰਤਮੰਦ ਬੱਚਿਆਂ ਨੂੰ ਵੰਡੇ ਜਾਣਗੇ। ਇਸ 'ਡੋਨੇਸ਼ਨ ਕਾਰਨਰ' ਵਿੱਚ 'ਸਟੇਸ਼ਨਰੀ ਏ.ਟੀ.ਐਮ. ਅਤੇ 'ਖਿਡੋਣਿਆਂ ਵਾਲਾ ਬੈਂਕ' ਸ਼ਾਮਲ ਹਨ। 'ਸਟੇਸ਼ਨਰੀ ਏ.ਟੀ.ਐਮ. ਝੁੱਗੀ-ਝੌਂਪੜੀ ਵਿੱਚ ਰਹਿੰਦੇ ਬੱਚਿਆਂ, ਅਨਾਥ ਆਸ਼ਰਮਾਂ ਵਿੱਚ ਰਹਿਣ ਵਾਲੇ ਅਤੇ ਲੋੜਵੰਦ ਬੱਚਿਆਂ ਦੀਆਂ ਲੋੜਾਂ ਨੂੰ ਪੂਰਾ ਕਰੇਗਾ। ਨਿਵਾਸੀ ਨਵੀਂ/ਪੁਰਾਣੀ ਸਟੇਸ਼ਨਰੀ ਵਸਤੂਆਂ ਜਿਵੇਂ ਕਿ ਪੈਨਸਿਲ, ਸ਼ਾਰਪਨਰ, ਇਰੇਜ਼ਰ, ਪੈਨ, ਰੰਗ, ਨੋਟਬੁੱਕ, ਰਜਿਸਟਰ, ਖਾਲੀ ਕਾਗਜ਼, ਬੱਚਿਆਂ ਦੀਆਂ ਕਿਤਾਬਾਂ ਆਦਿ ਦਾਨ ਕਰ ਸਕਦੇ ਹਨ। 'ਸਟੇਸ਼ਨਰੀ ਏ.ਟੀ.ਐਮ. ਜ਼ਿਲ੍ਹਾ ਪ੍ਰਸ਼ਾਸਨ ਨੂੰ ਘਰਾਂ ਅਤੇ ਦਫ਼ਤਰਾਂ ਵਿੱਚ ਵਰਤੀਆਂ ਜਾਣ ਵਾਲੀਆਂ ਵਸਤੂਆਂ ਨੂੰ ਲੋੜਵੰਦਾਂ ਤੱਕ ਪਹੁੰਚਾਉਣ ਵਿੱਚ ਸਹਾਈ ਸਿੱਧ ਹੋਵੇਗਾ। ਹੁਨਰ ਹੱਟ ਲੁਧਿਆਣਾ ਵੱਲੋਂ ਇਹ ਸਾਰੀਆਂ ਵਸਤਾਂ ਇਕੱਠੀਆਂ ਅਤੇ ਸਾਫ਼ ਕੀਤੀਆਂ ਜਾਣਗੀਆਂ ਅਤੇ ਅੱਗੇ ਝੁੱਗੀ-ਝੌਂਪੜੀ ਵਿੱਚ ਰਹਿੰਦੇ ਬੱਚਿਆਂ, ਅਨਾਥ ਆਸ਼ਰਮਾਂ, ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਗਰੀਬ ਬੱਚਿਆਂ ਆਦਿ ਨੂੰ ਦਾਨ ਕੀਤੀਆਂ ਜਾਣਗੀਆਂ। 'ਖਿਡੌਣੇ ਵਾਲਾ ਬੈਂਕ' ਨਿਵਾਸੀਆਂ ਨੂੰ ਆਪਣੇ ਬੱਚਿਆਂ ਜਾਂ ਪੋਤੇ-ਪੋਤੀਆਂ ਦੇ ਖਿਡੌਣੇ ਦਾਨ ਕਰਨ ਦੀ ਸਹੂਲਤ ਪ੍ਰਦਾਨ ਕਰੇਗਾ ਜੋ ਹੁਨਰ ਹੱਟ ਦੁਆਰਾ ਮੁਰੰਮਤ ਕਰਨ ਤੋਂ ਬਾਅਦ ਅੱਗੇ ਆਂਗਨਵਾੜੀ, ਝੁੱਗੀ-ਝੌਂਪੜੀ ਵਿੱਚ ਰਹਿੰਦੇ ਬੱਚਿਆਂ, ਅਨਾਥ ਆਸ਼ਰਮਾਂ ਦੇ ਬੱਚਿਆਂ ਅਤੇ ਹੋਰ ਲੋੜਵੰਦ ਬੱਚਿਆਂ ਨੂੰ ਦਾਨ ਕੀਤੇ ਜਾਣਗੇ। ਲੋੜਵੰਦ ਮਾਪੇ, ਦੇਖਭਾਲ ਕਰਨ ਵਾਲੇ ਆਦਿ ਵੀ ਇਹ ਖਿਡੌਣੇ ਲੋੜ ਪੈਣ 'ਤੇ ਲੈ ਸਕਦੇ ਹਨ ਪਰ ਮਾਪਿਆਂ ਨੂੰ ਆਪਣੇ ਬੱਚਿਆਂ ਦੇ ਨਾਲ ਆਉਣਾ ਲਾਜ਼ਮੀ ਹੋਵੇਗਾ। ਇਸ ਮੌਕੇ ਸਕੱਤਰ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਬਲਬੀਰ ਐਰੀ ਵੀ ਹਾਜ਼ਰ ਸਨ।

ਜ਼ਿਲ੍ਹੇ ਦੇ ਸਮੂਹ 13 ਬਲਾਕਾਂ 'ਚ ਪਿੰਡ-ਪਿੰਡ ਜਾ ਕੇ ਬਣਾਏ ਜਾ ਰਹੇ ਹਨ ਮਗਨਰੇਗਾ ਜਾਬ ਕਾਰਡ - ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ)

- 22 ਅਪ੍ਰੈਲ ਤੋਂ ਚੱਲ ਰਹੇ ਕੈਂਪਾਂ ਦਾ ਭਲਕੇ ਅਖੀਰਲਾ ਦਿਨ, ਲਾਭਪਾਤਰੀਆਂ ਨੂੰ ਮੁਹਿੰਮ ਦਾ ਵੱਧ ਤੋਂ ਵੱਧ ਲਾਹਾ ਲੈਣ ਦਾ ਸੱਦਾ

- ਆਉਣ ਵਾਲੇ ਸਮੇਂ 'ਚ ਅਜਿਹੇ ਹੋਰ ਕੈਂਪ ਲਗਾਏ ਜਾਣਗੇ - ਨੋਡਲ ਅਫ਼ਸਰ ਸੋਨੀਆ ਸ਼ਰਮਾ

ਲੁਧਿਆਣਾ, 28 ਅਪ੍ਰੈਲ (ਰਣਜੀਤ ਸਿੱਧਵਾਂ) - ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਸ਼੍ਰੀ ਅਮਿਤ ਕੁਮਾਰ ਪੰਚਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹੇ ਦੇ ਸਮੂਹ 13 ਬਲਾਕਾਂ ਦੇ ਹਰ ਇੱਕ ਪਿੰਡ ਵਿੱਚ ਮਿਤੀ 22-04-2022 ਤੋਂ 29-04-2022 ਤੱਕ ਵਸਨੀਕਾਂ ਦੇ ਨਵੇਂ ਮਗਨਰੇਗਾ ਜਾਬ ਕਾਰਡ ਬਣਾਉਣ ਸਬੰਧੀ ਮੁਹਿੰਮ ਚਲਾਈ ਜਾ ਰਹੀ ਹੈ ਜਿਸਦੇ ਤਹਿਤ ਪਿੰਡ ਦੀ ਇਕ ਸਾਂਝੀ ਜਗ੍ਹਾ 'ਤੇ ਯੋਗ ਲਾਭਪਾਤਰੀਆਂ ਦੇ ਜਾਬ ਕਾਰਡ ਬਣਾਏ ਜਾ ਰਹੇ ਹਨ। ਵਧੀਕ ਡਿਪਟੀ ਕਮਿਸ਼ਨਰ ਸ੍ਰੀ ਪੰਚਾਲ ਨੇ ਅੱਗੇ ਦੱਸਿਆ ਕਿ ਪਿੰਡ ਦੇ ਲੋਕਾਂ ਨੂੰ ਇਸ ਸਬੰਧੀ ਜਾਣਕਾਰੀ ਦੇਣ ਲਈ ਅਨਾਊਸਮੈਂਟ ਕਰਵਾਈ ਜਾ ਰਹੀ ਹੈ ਅਤੇ ਕਾਰਡ ਬਣਾਉਣ ਲਈ ਲੋੜ੍ਹੀਂਦੇ ਦਸਤਾਵੇਜਾਂ ਦੀ ਜਾਣਕਾਰੀ ਵੀ ਦਿੱਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਮਿੱਥੀ ਗਈ ਤਰੀਕ ਨੂੰ ਉਸ ਸਾਂਝੀ ਜਗ੍ਹਾ ਤੇ ਮਗਨਰੇਗਾ ਦੇ ਮੁਲਾਜ਼ਮ, ਪਿੰਡ ਦੇ ਮੁਖੀ ਅਤੇ ਸਰਪੰਚ ਆਦਿ ਵੀ ਹਾਜ਼ਰ ਹੁੰਦੇ ਹਨ ਤਾਂ ਜੋ ਮੌਕੇ 'ਤੇ ਹੀ ਦਸਤਾਵੇਜਾਂ ਦੀ ਤਸਦੀਕ ਕੀਤੀ ਜਾ ਸਕੇ, ਉਪਰੰਤ ਬੀ.ਡੀ.ਪੀ.ਓ. ਵੱਲ਼ੋਂ ਵੈਰੀਫਾਈ ਕਰਕੇ ਦਰਖਾਸਤ ਕਰਤਾ ਦਾ ਜਾਬ ਕਾਰਡ ਜਾਰੀ ਕੀਤਾ ਜਾਂਦਾ ਹੈ।
ਜ਼ਿਕਰਯੋਗ ਹੈ ਕਿ ਮਗਨਰੇਗਾ ਸਕੀਮ ਦਿਹਾਤੀ ਵਿਕਾਸ ਦੀ ਇੱਕ ਅਹਿਮ ਸਕੀਮ ਹੈ। ਜਿਸ ਵਿੱਚ ਪਿੰਡਾਂ ਦੇ ਅਕੁਸ਼ਲ ਲੋਕਾਂ ਨੂੰ ਮਗਨਰੇਗਾ ਅਧੀਨ ਰੋਜ਼ਗਾਰ ਮੁਹੱਇਆ ਕਰਵਾਇਆ ਜਾਂਦਾ ਹੈ ਅਤੇ ਉਨ੍ਹਾਂ ਤੋਂ ਮਗਨਰੇਗਾ ਅਧੀਨ ਕਰਵਾਏ ਜਾਣ ਵਾਲੇ ਪਿੰਡਾਂ ਦੇ ਵਿਕਾਸ ਸਬੰਧੀ ਕਾਰਜ ਅਧੀਨ ਲੇਬਰ ਦਾ ਕੰਮ ਕਰਵਾਇਆ ਜਾਂਦਾ ਹੈ। ਇਸ ਲਈ ਪਿੰਡਾਂ ਦੇ ਲੋਕਾਂ ਨੂੰ ਮਗਨਰੇਗਾ ਅਧੀਨ ਇਕ ਕਾਰਡ ਜਾਰੀ ਕੀਤਾ ਜਾਂਦਾ ਹੈ ਜਿਸ ਨਾਲ ਉਸ ਦੇ ਪੂਰੇ ਪਰਿਵਾਰ ਨੂੰ ਪੂਰੇ ਵਿੱਤੀ ਸਾਲ ਦੋਰਾਨ 100 ਦਿਨ ਦਾ ਰੋਜ਼ਗਾਰ ਮੁਹੱਈਆ ਕਰਵਾਇਆ ਜਾਂਦਾ ਹੈ ਜਿਸ ਨੂੰ ਜਾਬ ਕਾਰਡ ਕਿਹਾ ਜਾਂਦਾ ਹੈ।
ਇਸ ਮੁਹਿੰਮ ਸਬੰਧੀ ਹੋਰ ਜਾਣਕਾਰੀ ਸਾਂਝਾ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਸ਼੍ਰੀ ਅਮਿਤ ਕੁਮਾਰ ਪੰਚਾਲ ਨੇ ਦਸਿਆ ਕਿ ਇਸ ਵਿੱਤੀ ਸਾਲ ਅਪ੍ਰੈਲ 2022 ਤੋਂ ਮਗਨਰੇਗਾ ਲਾਭਪਾਤਰੀਆਂ ਦੀ ਦਿਹਾੜੀ 269 ਰੁਪਏ ਤੋਂ ਵੱਧ ਕੇ 282 ਰੁਪਏ ਪ੍ਰਤੀ ਦਿਨ ਹੋ ਗਈ ਹੈ ਜਿਸ ਨਾਲ ਪਿੰਡ ਦੇ ਲੋਕਾਂ ਨੂੰ ਵੱਧ ਲਾਭ ਮਿਲੇਗਾ। ਇਸ ਦੇ ਨਾਲ ਹੀ ਉਨ੍ਹਾਂ ਵੱਲੋਂ ਦੱਸਿਆ ਗਿਆ ਕਿ ਪ੍ਰਸ਼ਾਸ਼ਨ ਵੱਲੋਂ ਵੱਖ-ਵੱਖ ਪੇਂਡੂ ਖੇਤਰਾਂ ਨਾਲ ਸਬੰਧਤ ਵਿਧਾਇਕ ਸਾਹਿਬਾਨਾਂ ਅਤੇ ਹੋਰ ਸਿਆਸੀ ਆਗੂਆਂ ਨੂੰ ਵੀ ਅਪੀਲ ਕਰਦਿਆਂ ਕਿਹਾ ਗਿਆ ਕਿ ਇਸ ਮੁਹਿੰਮ ਦਾ ਵੱਧ ਤੋਂ ਵੱਧ ਪ੍ਰਚਾਰ ਕੀਤਾ ਜਾਵੇ ਤਾਂ ਜੋ ਲੋੜਵੰਦ ਲੋਕਾਂ ਇਸ ਦਾ ਲਾਹਾ ਲੈ ਸਕਣ। ਜ਼ਿਲ੍ਹਾ ਨੋਡਲ ਅਫਸਰ ਸ੍ਰੀਮਤੀ ਸੋਨੀਆ ਸ਼ਰਮਾ ਵੱਲੋਂ ਦਸਿਆ ਗਿਆ ਕਿ ਇਹ ਕਾਰਡ ਬਲਾਕ ਵਿਕਾਸ ਅਤੇ ਪੰਚਾਇਤ ਦਫ਼ਤਰ ਵਿਖੇ ਬਣਾਏ ਜਾਂਦੇ ਹਨ ਪਰੰਤੂ ਹੁਣ ਮਿਨੀਸਟਰੀ ਆਫ ਰੁਰਲ ਡਵੈਲਪਮੈਂਟ ਭਾਰਤ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਜ਼ਿਲ੍ਹਾ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਸ਼੍ਰੀ ਅਮਿਤ ਕੁਮਾਰ ਪੰਚਾਲ ਦੀ ਅਗੁਵਾਈ ਵਿੱਚ ਜ਼ਿਲ੍ਹੇ ਦੇ ਸਮੂਹ 13 ਬਲਾਕਾਂ ਦੇ ਹਰ ਇੱਕ ਪਿੰਡ ਵਿੱਚ ਬਣਾਏ ਜਾ ਰਹੇ ਹਨ। ਸ੍ਰੀਮਤੀ ਸੋਨੀਆ ਸ਼ਰਮਾ ਨੇ ਦੱਸਿਆ ਕਿ ਇਹ ਮੁਹਿੰਮ ਜ਼ਿਲ੍ਹਾ ਲੁਧਿਆਣਾ ਵੱਲੋਂ ਭਵਿੱਖ ਵਿੱਚ ਵੀ ਚਲਾਈ ਜਾਵੇਗੀ ਤਾਂ ਜੋ ਸਮੇਂ ਸਿਰ ਨਵੇਂ ਲੋਕਾਂ ਨੂੰ ਮਗਨਰੇਗਾ ਸਕੀਮ ਬਾਰੇ ਜਾਗਰੂਕ ਕੀਤਾ ਜਾ ਸਕੇ ਅਤੇ ਉਨ੍ਹਾਂ ਨੂੰ ਰੋਜ਼ਗਾਰ ਮੁਹੱਇਆ ਕਰਵਾਇਆ ਜਾ ਸਕੇ। ਇਨ੍ਹਾਂ ਕੈਂਪਾਂ ਵਿੱਚ ਪਿੰਡਾਂ ਦੇ ਲੋਕਾਂ ਵੱਲੋਂ ਵੱਧ ਚੜ ਕੇ ਹਿੱਸਾ ਵੀ ਲਿਆ ਜਾ ਰਿਹਾ ਹੈ।

ਡਿਪਟੀ ਕਮਿਸ਼ਨਰ ਲੁਧਿਆਣਾ ਵੱਲੋਂ ਜਗਰਾਉਂ ਵਿਖੇ ਵਿਕਾਸ ਕਾਰਜਾਂ ਤੇ ਸਮੱਸਿਆਵਾਂ ਸੰਬੰਧੀ ਮੀਟਿੰਗ

ਜਗਰਾਉਂ  (ਰਣਜੀਤ ਸਿੱਧਵਾਂ)   :   ਸ੍ਰੀਮਤੀ ਸੁਰਭੀ ਮਲਿਕ ਆਈਏਐੱਸ ਡਿਪਟੀ ਕਮਿਸ਼ਨਰ ਲੁਧਿਆਣਾ ਨੇ ਉਪ ਮੰਡਲ ਮੈਜਿਸਟ੍ਰੇਟ ਦਫ਼ਤਰ ਜਗਰਾਉਂ ਵਿਖੇ ਵਿਕਾਸ ਕਾਰਜਾਂ ਅਤੇ ਸਮੱਸਿਆਵਾਂ ਬਾਰੇ ਮੀਟਿੰਗ ਕੀਤੀ। ਇਸ ਮੌਕੇ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ, ਐੱਸਐੱਸਪੀ ਦੀਪਕ ਹਿਲੋਰੀ, ਡਾ. ਨਯਨ ਜੱਸਲ   ਵਧੀਕ ਡਿਪਟੀ ਕਮਿਸ਼ਨਰ ਜਗਰਾਉਂ, ਐੱਸਡੀਐੱਮ ਵਿਕਾਸ ਹੀਰਾ, ਡੀਐੱਸਪੀ ਦਲਜੀਤ ਸਿੰਘ, ਤਹਿਸੀਲਦਾਰ ਮਨਮੋਹਣ ਕੁਮਾਰ, ਨਾਇਬ ਤਹਿਸੀਲਦਾਰ ਗੁਰਦੀਪ ਸਿੰਘ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ । ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਸੁਰਭੀ ਮਲਿਕ ਆਈਏਐਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਰਾਣੇ ਸਿਵਲ ਹਸਪਤਾਲ ਵਿੱਚ ਲਾਲਾ ਲਾਜਪਤ ਰਾਏ ਕਮਿਊਨਿਟੀ ਸੈਂਟਰ ਬਣਾਇਆ ਜਾ ਰਿਹਾ ਹੈ ਜਿਸ ਲਈ 1 ਕਰੋੜ 58 ਲੱਖ ਰੁਪਏ ਦੀ ਗਰਾਂਟ ਜਾਰੀ ਹੋ ਚੁੱਕੀ ਹੈ ਅਤੇ ਜਲਦੀ ਹੀ ਕਮਿਊਨਿਟੀ ਸੈਂਟਰ ਦਾ ਕੰਮ ਸ਼ੁਰੂ ਹੋ ਜਾਵੇਗਾ। ਉਨ੍ਹਾਂ ਦੱਸਿਆ ਕਿ ਕਮਿਊਨਿਟੀ ਸੈਂਟਰ ਦਾ ਕੰਮ ਪੀ.ਡਬਲਯੂ.ਡੀ ਮਹਿਕਮੇ ਨੂੰ ਦਿੱਤਾ ਗਿਆ ਹੈ ਅਤੇ ਉਨ੍ਹਾਂ ਨੇ ਮਹਿਕਮੇ ਦੇ ਅਧਿਕਾਰੀਆਂ ਨੂੰ ਕੰਮ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ । ਇਸ ਮੌਕੇ ਡਿਪਟੀ ਕਮਿਸ਼ਨਰ ਲੁਧਿਆਣਾ ਨੇ ਲੁਧਿਆਣਾ ਤੋਂ ਤਲਵੰਡੀ ਭਾਈ ਤੱਕ ਬਣੇ ਮੁੱਖ ਮਾਰਗ ਤੇ ਜਗਰਾਉਂ ਵਿੱਚ ਸਰਵਿਸ ਰੋਡ ਤੇ ਖੜ੍ਹਦੇ ਪਾਣੀ ਦੀ ਸਮੱਸਿਆ ਸਬੰਧੀ ਨੈਸ਼ਨਲ ਹਾਈਵੇ ਅਥਾਰਿਟੀ ਦੇ ਅਧਿਕਾਰੀਆਂ ਨੂੰ ਜਲਦੀ ਸਮੱਸਿਆ ਦਾ ਹੱਲ ਕਰਨ ਦੇ ਨਿਰਦੇਸ਼ ਦਿੱਤੇ। ਇਸ ਤੋਂ ਇਲਾਵਾ ਦਾਣਾ ਮੰਡੀ ਜਗਰਾਉਂ, ਕਮਲ ਚੌਕ ਜਗਰਾਉਂ ਅਤੇ ਸ਼ਹਿਰ ਦੇ ਹੋਰ ਨੀਵੀਆਂ ਥਾਵਾਂ ਤੇ ਬਾਰਿਸ਼ ਦੇ ਖੜ੍ਹਦੇ ਪਾਣੀ ਦੀ ਸਮੱਸਿਆ ਦਾ ਕਾਰਜ ਸਾਧਕ ਅਫ਼ਸਰ ਜਗਰਾਉਂ ਨੂੰ ਤੁਰੰਤ ਹੱਲ ਕਰਨ ਦੇ ਨਿਰਦੇਸ਼ ਦਿੱਤੇ । ਇਸ ਮੌਕੇ ਉਨ੍ਹਾਂ ਨੇ ਡਰੇਨਜ਼ ਵਿਭਾਗ ਦੇ ਅਧਿਕਾਰੀਆਂ ਨੂੰ ਨਾਨਕਸਰ ਡਰੇਨ ਦੀ ਸਫਾਈ ਕਰਨ ਦੀ ਹਦਾਇਤ ਕੀਤੀ ਤਾਂ ਜੋ ਜਗਰਾਉਂ ਸ਼ਹਿਰ ਵਿੱਚ ਬਾਰਸਾਂ ਦੇ ਖੜ੍ਹਦੇ ਪਾਣੀ ਦੀ ਸਮੱਸਿਆ ਦਾ ਹੱਲ ਹੋ ਸਕੇ। ਡਿਪਟੀ ਕਮਿਸ਼ਨਰ ਸੁਰਭੀ ਮਲਿਕ ਨੇ ਜਗਰਾਉਂ ਵਿੱਚ ਹਾਇਰ ਐਜੂਕੇਸ਼ਨ ਲਾਇਬਰੇਰੀ ਬਣਾਉਣ, ਡਾ. ਬੀ.ਆਰ ਅੰਬੇਦਕਰ ਚੌਂਕ ਬਣਾਉਣ, ਸ਼ਹੀਦ ਭਗਤ ਸਿੰਘ ਕਮਿਊਨਿਟੀ ਸੈਂਟਰ ਵਿੱਚ ਬੈਡਮਿੰਟਨ ਟਰੈਕ ਬਣਾਉਣ ਸਬੰਧੀ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਅਤੇ ਕਿਹਾ ਕਿ ਜੇਕਰ ਕਿਸੇ ਤਰ੍ਹਾਂ ਦੀ ਸਮੱਸਿਆ ਆਉਂਦੀ ਹੈ ਤਾਂ ਉਸ ਸਬੰਧੀ ਉਨ੍ਹਾਂ ਨੂੰ ਜਾਣੂੰ ਕਰਵਾਇਆ ਜਾਵੇ ਤਾਂ ਜੋ ਉਕਤ ਕੰਮ ਸਮੇਂ ਸਿਰ ਨੇਪਰੇ ਚਾੜ੍ਹੇ ਜਾ ਸਕਣ । ਇਸ ਮੌਕੇ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੇ ਡਿਪਟੀ ਕਮਿਸ਼ਨਰ ਸੁਰਭੀ ਮਲਿਕ ਦਾ ਜਗਰਾਉਂ ਆਉਣ ਤੇ ਧੰਨਵਾਦ ਕੀਤਾ ਅਤੇ ਜਗਰਾਉਂ ਦੀਆਂ ਸਮੱਸਿਆਵਾਂ ਸਬੰਧੀ ਜਾਣੂੰ ਕਰਵਾਇਆ। ਉਨ੍ਹਾਂ ਨੇ ਦੱਸਿਆ ਕਿ ਪਹਿਲੇ ਮਹੀਨੇ ਉਨ੍ਹਾਂ ਨੇ ਜਗਰਾਉਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰ ਕੇ ਲੋਕਾਂ ਨੂੰ ਆ ਰਹੀਆਂ ਪ੍ਰੇਸ਼ਾਨੀਆਂ ਬਾਰੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਜਾਣੂੰ ਕਰਵਾਇਆ ਸੀ। ਉਨ੍ਹਾਂ ਨੇ ਡਿਪਟੀ ਕਮਿਸ਼ਨਰ ਨੂੰ ਜੀਵਨ ਵਾਸਤੀ ਅਤੇ ਰਾਮਪੁਰਾ ਮੁਹੱਲਾ ਵਿਚ ਖਡ਼੍ਹਦੇ ਗੰਦੇ ਪਾਣੀ ਬਾਰੇ ਵੀ ਜਾਣੂੰ ਕਰਵਾਇਆ, ਜਿਸ ਤੇ ਡੀ.ਸੀ ਸਾਹਿਬ ਨੇ ਤੁਰੰਤ ਸਬੰਧਿਤ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕਰਕੇ ਗੰਦੇ ਪਾਣੀ ਦੀ ਸਮੱਸਿਆ ਦਾ ਤੁਰੰਤ ਹੱਲ ਕਰਨ ਲਈ ਕਿਹਾ ਅਤੇ ਕਾਰਜ ਸਾਧਕ ਅਫ਼ਸਰ ਨੂੰ ਮਲੇਰੀਏ ਦੀ ਰੋਕਥਾਮ ਲਈ ਸਪਰੇਅ ਕਰਵਾਉਣ ਦੇ ਨਿਰਦੇਸ਼ ਦਿੱਤੇ । ਇਸ ਮੌਕੇ ਵਿਧਾਇਕਾ ਬੀਬੀ ਮਾਣੂੰਕੇ ਨੇ ਅਬੋਹਰ ਬਰਾਂਚ ਤੇ ਅਖਾੜਾ ਪੁਲ ਅਤੇ ਡੱਲਾ ਪੁਲ ਦੀ ਸਥਿਤੀ ਬਾਰੇ ਜਾਣੂ ਕਰਵਾਉਂਦਿਆਂ ਕਿਹਾ ਕਿ ਇਨ੍ਹਾਂ ਪੁਲਾਂ ਦੀ ਹਾਲਤ ਬਹੁਤ ਖਸਤਾ ਹੈ ਅਤੇ ਕਿਸੇ ਸਮੇਂ ਵੀ ਕੋਈ ਅਣਸੁਖਾਵੀਂ ਘਟਨਾ ਵਾਪਰ ਸਕਦੀ ਹੈ ਜਿਸ ਤੇ ਡੀ ਸੀ ਸਾਹਿਬ ਨੇ ਪੀ.ਡਬਲਯੂ.ਡੀ ਮਹਿਕਮੇ ਦੇ ਅਧਿਕਾਰੀਆਂ ਨੂੰ ਪੁਲਾਂ ਦਾ ਐਸਟੀਮੇਟ ਬਣਾ ਕੇ ਭੇਜਣ ਲਈ ਕਿਹਾ ਅਤੇ ਗਰਾਂਟ ਆਉਣ ਤੇ ਜਲਦੀ ਇਹ ਕੰਮ ਨੇਪਰੇ ਚਾੜ੍ਹਿਆ ਜਾਵੇ ਅਖੀਰ ਵਿੱਚ ਡਾ. ਨਯਨ ਜੱਸਲ ਵਧੀਕ ਡਿਪਟੀ ਕਮਿਸ਼ਨਰ ਜਗਰਾਉਂ ਨੇ ਡਿਪਟੀ ਕਮਿਸ਼ਨਰ ਲੁਧਿਆਣਾ ਅਤੇ ਹੋਰ ਅਧਿਕਾਰੀਆਂ ਦਾ ਧੰਨਵਾਦ ਕੀਤਾ   ।

ਐਲ.ਆਰ.ਡੀ.ਏ.ਵੀ ਕਾਲਜ, ਜਗਰਾਉਂ ਵਿਖੇ ਹੋਈ ਅਲੂਮਨੀ ਮੀਟ

ਜਗਰਾਉ 28 ਅਪ੍ਰੈਲ (ਅਮਿਤਖੰਨਾ) ਡੀ.ਏ.ਵੀ. ਕਾਲਜ, ਜਗਰਾਉਂ ਵਿਖੇ ਪ੍ਰਿੰਸੀਪਲ (ਡਾ.) ਅਨੁਜ ਕੁਮਾਰ ਸ਼ਰਮਾ ਦੀ ਸਰਪ੍ਰਸਤੀ ਅਤੇ ਯੋਗ ਅਗਵਾਈ ਹੇਠ, ਲਾਜਪਤ ਰਾਏ ਅਲੂਮਨੀ ਮੀਟ ਦਾ ਆਯੋਜਨ ਕੀਤਾ ਗਿਆ।ਪ੍ਰਿੰਸੀਪਲ ਡਾ. ਅਨੁਜ ਕੁਮਾਰ ਸ਼ਰਮਾ ਨੇ ਸਾਬਕਾ ਵਿਦਿਆਰਥੀਆਂ ਦਾ ਨਿੱਘਾ ਸੁਆਗਤ ਕੀਤਾ ਅਤੇ ਸੰਸਥਾ ਦੇ ਗੌਰਵਮਈ ਇਤਿਹਾਸ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਸੰਸਥਾ ਆਪਣੇ ਸਫਲ ਸਾਬਕਾ ਵਿਦਿਆਰਥੀਆਂ ਨੂੰ ਦੇਖ ਕੇ ਮਾਣ ਮਹਿਸੂਸ ਕਰਦੀ ਹੈ। ਆਪਣੀ ਮੁਲਾਕਾਤ ਦੌਰਾਨ, ਸਾਬਕਾ ਵਿਦਿਆਰਥੀ ਭਾਈਚਾਰੇ ਨੇ ਬਾਹਰੀ ਦੁਨੀਆ ਦੇ ਆਪਣੇ ਤਜ਼ਰਬੇ ਵੀ ਸਾਂਝੇ ਕੀਤੇ, ਜਿਸਦਾ ਉਹਨਾਂ ਨੇ ਸੰਸਥਾ ਤੋਂ ਬਾਹਰ ਆਉਣ ਤੋਂ ਬਾਅਦ ਸਾਹਮਣਾ ਕੀਤਾ। ਮੀਟਿੰਗ ਨੇ ਅਲਮਾ ਮੈਟਰ ਨਾਲ ਇੱਕ ਮਜ਼ਬੂਤ ਬੰਧਨ ਬਣਾਉਣ ਲਈ ਇੱਕ ਪਲੇਟਫਾਰਮ ਵੀ ਬਣਾਇਆ। ਇਸ ਕਾਲਜ ਦੇ ਲਗਭਗ 50 ਸਾਬਕਾ ਵਿਦਿਆਰਥੀਆਂ ਨੇ ਮੀਟਿੰਗ ਵਿੱਚ ਭਾਗ ਲਿਆ, ਅਤੇ ਆਪਣੇ ਕਾਲਜ ਦੇ ਤਜ਼ਰਬੇ ਪ੍ਰਗਟ ਕੀਤੇ। ਇਹ ਦੱਸਦਿਆਂ ਖੁਸ਼ੀ ਦੀ ਭਾਵਨਾ ਪੈਦਾ ਕਰਦਾ ਹੈ ਕਿ ਸਾਡੇ ਕੁਝ ਵਿਦਿਆਰਥੀਆਂ ਨੇ ਰਾਜ, ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਜੀਵਨ ਦੇ ਵਿਭਿੰਨ ਖੇਤਰਾਂ ਵਿੱਚ ਆਪਣੀ ਪਛਾਣ ਬਣਾਈ ਹੈ। ਸਾਡੇ ਵਿਦਿਆਰਥੀਆਂ ਦੀ ਵੱਡੀ ਗਿਣਤੀ ਪ੍ਰਸ਼ਾਸਨਿਕ ਸੇਵਾਵਾਂ ਅਤੇ ਵਿਦਿਅਕ ਖੇਤਰਾਂ ਵਿੱਚ ਮਾਣਮੱਤੇ ਅਹੁਦਿਆਂ 'ਤੇ ਬਿਰਾਜਮਾਨ ਹੈ |ਐਲੂਮਨੀ ਐਸੋਸੀਏਸ਼ਨ ਦੀ ਕਾਰਜਕਾਰਨੀ ਦਾ ਗਠਨ ਯੋਗ ਸਾਬਕਾ ਵਿਦਿਆਰਥੀਆਂ ਦੁਆਰਾ ਕੀਤਾ ਗਿਆ ਸੀ, ਮੁੱਖ ਸਰਪ੍ਰਸਤ-ਪ੍ਰੋ. ਮੋਹਨ ਲਾਲ ਗੋਇਲ ਅਤੇ ਸਰਪ੍ਰਸਤ- ਪ੍ਰਿੰਸੀਪਲ, ਡਾ. ਅਨੁਜ ਕੁਮਾਰ ਸ਼ਰਮਾ, ਪ੍ਰਧਾਨ-ਡਾ. ਸਵਿਤਾ ਸ਼ਰਮਾ, ਉਪ-ਪ੍ਰਧਾਨ-ਕਰਨਲ ਡਾ. ਇੰਦਰਪਾਲ ਸਿੰਘ ਧਾਲੀਵਾਲ ਜਨਰਲ ਸਕੱਤਰ, ਕੈਪਟਨ ਨਰੇਸ਼ ਵਰਮਾ, ਜੁਆਇੰਟ ਸਕੱਤਰ ਸ.ਹਰਪਾਲ ਸਿੰਘ ਖੁਰਾਣਾ, ਪੀ.ਆਰ.ਓ. ਹਰਪ੍ਰੀਤ ਸਿੰਘ, ਮੀਡੀਆ ਸਲਾਹਕਾਰ ਸ. ਅਰਸ਼ਦੀਪ ਸਿੰਘ, ਕਾਰਜਕਾਰੀ ਮੈਂਬਰ-ਸ੍ਰੀ. ਰਣਜੀਤ ਸਿੰਘ ਹਠੂਰ, ਸੀ.ਏ., ਸ਼੍ਰੀ ਅਭਿਸ਼ੇਕ ਗੁਪਤਾ, ਸ਼੍ਰੀਮਤੀ ਸੰਦੀਪਮਾਲਾ, ਸ਼੍ਰੀਮਤੀ ਗੁਰਪ੍ਰੀਤ ਕੌਰ, ਸ਼੍ਰੀਮਤੀ ਲਵਪ੍ਰੀਤ ਵਰਮਾ ਅਤੇ ਸ਼੍ਰੀਮਤੀ ਸੁਪ੍ਰਿਆ।ਕਾਲਜ ਦੇ ਸਾਰੇ ਸਾਬਕਾ ਵਿਦਿਆਰਥੀ ਭਾਵੁਕ ਸਨ ਅਤੇ ਕਾਲਜ ਦੀਆਂ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕੀਤਾ-ਮੌਜੂਦ ਸਾਬਕਾ ਵਿਦਿਆਰਥੀਆਂ ਵਿੱਚ ਸਾਬਕਾ ਪ੍ਰਧਾਨ, ਸ. ਅਪਾਰ ਸਿੰਘ, ਪ੍ਰੋ: ਮੋਹਨ ਲਾਲ ਗੋਇਲ, ਖੇਤਰੀ ਡਾਇਰੈਕਟਰ, ਰਾਜਸਥਾਨ ਜ਼ੋਨ-1) ਜੈਪੁਰ, ਕੈਪਟਨ ਨਰੇਸ਼ ਵਰਮਾ ਸਨ। , ਐਲ.ਏ.ਸੀ. ਦੇ ਚੇਅਰਮੈਨ ਸ਼. ਰਾਜ ਕੁਮਾਰ ਭੱਲਾ, ਕਰਨਲ ਇੰਦਰਜੀਤ ਸਿੰਘ ਧਾਲੀਵਾਲ, ਸ. ਭੂਸ਼ਨ ਗੋਇਲ, ਡਾ: ਸਵਿਤਾ ਸ਼ਰਮਾ, ਸ਼੍ਰੀ ਲਵਪ੍ਰੀਤ ਵਰਮਾ, ਸ਼. ਰਣਜੀਤ ਸਿੰਘ ਹਠੂਰ, ਸ਼੍ਰੀਮਤੀ ਦੀਪਕਾ ਵਰਮਾ, ਪ੍ਰੋ: ਕਰਮ ਸਿੰਘ ਸੰਧੂ, ਸ਼੍ਰੀਮਤੀ ਸੁਧਾ ਰਾਣੀ, ਪ੍ਰੋ: ਵਰੁਣ ਗੋਇਲ, ਡਾ: ਰਮਨਦੀਪ ਸਿੰਘ, ਪ੍ਰੋ: ਬਲਵੀਰ ਕੁਮਾਰ, ਪ੍ਰੋ: ਰੋਹਿਤ ਕੁਮਾਰ, ਸ਼੍ਰੀ ਅਰਸ਼ਦੀਪ ਸਿੰਘ, ਸ਼੍ਰੀ ਤੇਜਿੰਦਰ ਸਿੰਘ, ਸ. ਤਰਨਦੀਪ ਸਿੰਘ, ਸ: ਹਰਪਾਲ ਸਿੰਘ ਖੁਰਾਣਾ, ਸ਼੍ਰੀਮਤੀ ਪੂਨਮ ਜੈਨ, ਸ਼੍ਰੀਮਤੀ ਗੁਰਕੀਰਤ ਕੌਰ, ਸ਼੍ਰੀਮਤੀ ਸੰਦੀਪ ਮਾਲਾ, ਐਡ. ਜੈਨ ਸੀਮਾ ਜੈਨ, ਦਫ਼ਤਰ ਦੇ ਐਸ.ਪੀ. ਸੁਸ਼ਮਾ ਕੁਮਾਰੀ, ਸੀ.ਏ., ਅਭਿਸ਼ੇਕ ਗੁਪਤਾ।ਡਾ: ਸਵਿਤਾ ਸ਼ਰਮਾ ਦੇ ਧੰਨਵਾਦੀ ਮਤੇ ਨਾਲ ਮੀਟਿੰਗ ਦੀ ਸਮਾਪਤੀ ਹੋਈ |ਇਸ ਮੌਕੇ 'ਤੇ- ਡਾ: ਬਿੰਦੂ ਸ਼ਰਮਾ, ਸ੍ਰੀ ਵਿਕਾਸ ਮੈਂਦੀਰੱਤਾ, ਡਾ: ਕੁਨਾਲ ਮਹਿਤਾ, ਸ੍ਰੀਮਤੀ ਰੇਣੂ ਸਿੰਗਲਾ, ਡਾ: ਮੀਨਾਕਸ਼ੀ, ਸ੍ਰੀਮਤੀ ਮਲਕੀਤ ਕੌਰ, ਸ੍ਰੀਮਤੀ ਰਜਨੀ ਸ਼ਰਮਾ ਅਤੇ ਸ੍ਰੀ ਗੁਲਸ਼ਨ ਦੇ ਧੰਨਵਾਦ ਦੇ ਮਤੇ ਨਾਲ ਕੀਤੀ ਗਈ | ਕੁਮਾਰ-ਕਾਲਜ ਦੇ ਸਟਾਫ਼ ਮੈਂਬਰਾਂ ਨੇ ਇਸ ਮੌਕੇ ਆਪਣੀ ਹਾਜ਼ਰੀ ਭਰੀ।

ਜੀ. ਅੈੱਚ. ਜੀ. ਅਕੈਡਮੀ, ਵਿਖੇ  'ਪਾਣੀ ਬਚਾਓ' ਖੇਡਿਆ ਗਿਆ ਨਾਟਕ  

ਜਗਰਾਉ 28 ਅਪ੍ਰੈਲ (ਅਮਿਤਖੰਨਾ) ਜੀ.ਐੱਚ. ਜੀ ਅਕੈਡਮੀ ਜਗਰਾਓਂ ਵਿਖੇ ਵਿਦਿਆਰਥੀਆਂ ਵਿੱਚ ਪਾਣੀ ਦੀ ਸੰਭਾਲ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਜੁਝਾਰ ਹਾਊਸ ਦੀਆਂ ਨੌਵੀਂ ਅਤੇ ਦਸਵੀਂ ਜਮਾਤ ਦੀਆਂ ਵਿਦਿਆਰਥਣਾਂ ਵੱਲੋਂ ਸਵੇਰ ਦੀ ਸਭਾ ਵਿੱਚ  ਰੰਗਮੰਚ ਤੇ  ਬਹੁਤ ਹੀ ਸੁਚੱਜੇ ਢੰਗ ਨਾਲ  ਇਕ ਨਾਟਕ ਪੇਸ਼ ਕੀਤਾ ਗਿਆ ।ਜਿਸ ਵਿਚ ਵਿਦਿਆਰਥੀਆਂ ਨੇ ਪਹਿਲਾਂ ਪਾਣੀ ਦੀ ਕੀਤੀ ਜਾਂਦੀ ਦੁਰਵਰਤੋਂ ਦੇ ਦ੍ਰਿਸ਼ ਪੇਸ਼ ਕੀਤੇ।ਦੁਰਵਰਤੋਂ ਕਰਨ ਵਾਲੇ ਵਿਦਿਆਰਥੀਆਂ ਨੂੰ ਇੱਕ ਮੰਡਲੀ ਦੁਆਰਾ ਜਾਗਰੂਕ ਕੀਤਾ ਗਿਆ ।ਨਾਟਕ ਰਾਹੀਂ ਉਨ੍ਹਾਂ ਨੇ ਦੱਸਿਆ ਕਿ ਪਾਣੀ ਇੱਕ ਕੁਦਰਤ ਦੀ ਅਣਮੁੱਲੀ ਦੇਣ ਹੈ।ਇਸ ਦੇ ਬਿਨਾਂ ਜੀਵਨ ਅਸੰਭਵ ਹੈ ।ਉਨ੍ਹਾਂ ਨੇ ਕੁਝ ਦ੍ਰਿਸ਼ਾਂ ਰਾਹੀਂ ਪੇਸ਼ ਕੀਤਾ ਕਿ ਕਿਸ ਤਰ੍ਹਾਂ ਅਸੀਂ ਪਾਣੀ ਦੀ ਬੂੰਦ ਬੂੰਦ ਬਚਾ ਸਕਦੇ ਹਾਂ ।ਅਖੀਰ ਵਿੱਚ ਜੀ. ਐੱਚ. ਜੀ. ਅਕੈਡਮੀ ਦੇ ਪ੍ਰਿੰਸੀਪਲ ਸ੍ਰੀਮਤੀ ਰਮਨਜੋਤ ਕੌਰ ਗਰੇਵਾਲ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੇਕਰ ਅੱਜ ਇਸ ਦੀ ਸੰਭਾਲ ਨਾ ਕੀਤੀ ਗਈ ਤਾਂ ਭਵਿੱਖ ਦੇ ਵਿਚ ਸਾਨੂੰ ਬਹੁਤ ਵੱਡੇ ਸੰਕਟ ਦਾ ਸਾਹਮਣਾ ਕਰਨਾ ਪਵੇਗਾ।ਉਨ੍ਹਾਂ ਨੇ ਵਿਦਿਆਰਥੀਆਂ ਨੂੰ ਪਾਣੀ ਦੀ ਸਹੀ  ਵਰਤੋਂ ਕਰਨ ਲਈ ਪ੍ਰੇਰਿਤ ਕੀਤਾ।

ਭੁੱਖ ਹੜਤਾਲ 30ਵੇਂ ਦਿਨ ਅਤੇ ਧਰਨਾ 37ਵੇਂ ਦਿਨ ਵੀ ਰਿਹਾ ਜਾਰੀ

ਬਿਰਧ ਮਾਤਾ ਵਲੋਂ ਖੂਨ ਨਾਲ ਲਿਖਿਆ "ਖਤ' ਪੜ੍ਹ ਕੇ 'ਭਗਵੰਤ ਮਾਨ' ਨੂੰ ਨਹੀਂ ਆਇਆ ਤਰਸ ?

ਜਗਰਾਉਂ 29 ਅਪ੍ਰੈਲ (ਮਨਜਿੰਦਰ ਗਿੱਲ/ ਗੁਰਕੀਰਤ ਜਗਰਾਉਂ ) ਗਰੀਬ ਪਰਿਵਾਰ ਨੂੰ ਨਜ਼ਾਇਜ ਹਿਰਾਸਤ 'ਚ ਰੱਖਣ, ਕੁੱਟਮਾਰ ਕਰਨ ਤੇ ਝੂਠੇ ਕਤਲ਼ ਕੇਸ ਵਿਚ ਫਸਾਉਣ ਸਬੰਧੀ ਮੁਕੱਦਮੇ ਦੇ ਦੋਸ਼ੀਅਾਂ ਦੀ ਤੁਰੰਤ ਗ੍ਰਿਫਤਾਰੀ ਲਈ ਸਥਾਨਕ ਥਾਣਾ ਸਿਟੀ ਅੱਗੇ ਚੱਲ਼ ਰਹੇ ਅਣਮਿਥੇ ਸਮੇਂ ਦੇ ਧਰਨੇ ਨੂੰ ਸੰਬੋਧਨ ਕਰਦਿਆਂ ਪੇਂਡੂ ਮਜ਼ਦੂਰ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਅਵਤਾਰ ਤਾਰੀ ਤੇ ਜਿਲ੍ਹਾ ਸਕੱਤਰ ਸੁਖਦੇਵ ਸਿੰਘ ਮਾਣੂੰਕੇ ਨੇ ਅੱਜ ਮੁੱੜ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਬਜ਼ਰ ਗੁਨਾਹਾਂ ਦੇ ਦੋਸ਼ੀਆਂ ਨੂੰ ਤੁਰੰਤ ਸੀਖਾਂ ਪਿੱਛੇ ਬੰਦ ਕੀਤਾ ਜਾਵੇ। ਤਾਰੀ ਨੇ ਦੋਸ਼ ਲਗਾਇਆ ਕਿ ਪੁਲਿਸ ਅਤੇ ਸਿਵਲ਼ ਅਧਿਕਾਰੀ ਨਾਂ ਸਿਰਫ਼ ਕਾਨੂੰਨ ਨੂੰ ਛਿੱਕੇ ਟੰਗ ਰਹੇ ਹਨ ਸਗੋਂ ਗੈਰ-ਜਿੰਮੇਵਾਰੀ ਦਾ ਸਪੱਸ਼ਟ ਪ੍ਰਗਟਾਵਾ ਵੀ ਕਰ ਰਹੇ ਹਨ। ਉਨਾਂ ਕਿਹਾ ਇਹ ਕੈਸਾ ਬਦਲਾਅ ਹੈ ਕਿ ਇੱਕ 75 ਸਾਲਾ ਪੀੜ੍ਹਤ ਮਾਤਾ ਬਿਰਧ ਅਵਸਥਾ ਵਿੱਚ ਭੁੱਖ ਹੜਤਾਲ 'ਤੇ ਬੈਠਣ ਲਈ ਮਜ਼ਬੂਰ ਹੈ। ਜ਼ਿਕਰਯੋਗ ਹੈ ਕਿ ਇਨਸਾਫ਼ ਪਸੰਦ ਕਿਸਾਨਾਂ- ਮਜ਼ਦੂਰਾਂ ਨੇ ਅੱਜ 36ਵੇਂ ਦਿਨ ਜਾਰੀ ਹੈ ਅਤੇ ਪੀੜ੍ਹਤ ਮਾਤਾ ਨੇ ਅੱਜ 29ਵੇਂ ਦਿਨ ਭੁੱਖ ਹੜਤਾਲ 'ਤੇ ਵੀ ਬੈਠੀ ਰਹੀ। ਅੱਜ ਦੇ ਧਰਨੇ ਵਿੱਚ ਤਰਲੋਚਨ ਸਿੰਘ ਝੋਰੜਾਂ, ਮਨਪ੍ਰੀਤ ਕੌਰ ਧਾਲੀਵਾਲ, ਨਿਰਮਲ ਸਿੰਘ ਧਾਲੀਵਾਲ, ਲੋਕ ਗਾਇਕ ਸੁਰੈਣ ਸਿੰਘ ਧੂਰਕੋਟ, ਬਾਬਾ ਗੁਰਚਰਨ ਸਿੰਘ ਬਾਬੇ ਕੇ, ਜਲੌਰ ਸਿੰਘ ਝੋਰੜਾਂ, ਜੱਥੇਦਾਰ ਬੰਤਾ ਸਿੰਘ  ਡੱਲਾ, ਬਾਬਾ ਹਰੀ ਸਿੰਘ ਚਚਰਾੜੀ, ਮਨਜੀਤ ਕੌਰ ਕਮਲਜੀਤ ਕੌਰ ਮਾਤਾ ਮੁਖਤਿਆਰ ਕੌਰ ਆਦਿ ਨੇ ਹਾਜ਼ਰੀ ਲਗਵਾਈ। ਇਸ ਸਮੇਂ  ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਬਿਰਧ ਮਾਤਾ ਵਲੋਂ ਆਪਣੇ ਖੂਨ ਨਾਲ ਲਿਖਿਆ "ਖਤ' ਪੜ੍ਹ ਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਤਰਸ ਨਹੀਂ ਆਇਆ ? ਉਨਾਂ ਸਵਾਲ ਕੀਤਾ ਕਿ "ਕੀ ਇਹ ਕਹਿਣੀ ਤੇ ਕਰਨੀ ਦੇ ਦੋਗਲ਼ੇ ਹੋਣ ਦਾ ਪ੍ਰਤੱਖ ਸਬੂਤ ਨਹੀਂ? ਉਨ੍ਹਾਂ ਦੋਸ਼ ਲਗਾਇਆ ਕਿ ਨਿਆਂ ਦੇਣ ਦੇ ਮਾਮਲੇ ਵਿੱਚ "ਆਮ ਆਦਮੀ" ਸਰਕਾਰ ਵੀ "ਕਾਂਗਰਸ ਤੇ ਅਕਾਲ਼ੀ" ਸਰਕਾਰਾਂ ਵਾਂਗ ਹੀ ਲੋਕਾਂ ਦੇ ਅੱਖੀਂ ਘੱਟਾ ਪਾ ਰਹੀ ਹੈ। ਉਨ੍ਹਾਂ ਅਨੁਸਾਰ ਹਰ ਰੋਜ਼ ਧਰਨਾਕਾਰੀਆਂ ਵਲੋਂ ਮੁੱਖ ਮੰਤਰੀ ਦਫ਼ਤਰ ਅਤੇ ਡਿਪਟੀ ਕਮਿਸ਼ਨਰ ਦਫ਼ਤਰ ਨੂੰ ਧਰਨੇ ਦੀਆਂ ਖਬਰਾਂ ਭੇਜੀਆਂ ਜਾਂਦੀਆਂ ਹਨ ਬਾਵਜੂਦ ਇਸ ਜਿਲ੍ਹੇ ਦੀ ਡਿਪਟੀ ਕਮਿਸ਼ਨਰ, ਜੋਕਿ ਇੱਕ ਮਹਿਲਾ ਅਧਿਕਾਰੀ ਹੈ, ਨੂੰ ਵੀ ਨਾਂ ਤਾਂ ਥਾਣੇ ਮੂਹਰੇ ਬੈਠੇ ਧਰਨਾਕਾਰੀ ਦਿਸੇ ਅਤੇ ਨਾਂ ਭੁੱਖ ਹੜਤਾਲੀ ਮਾਤਾ ਦਿਸੀ। ਜਦਕਿ ਮਹਿਲਾ ਡਿਪਟੀ ਕਮਿਸ਼ਨਰ ਨੇ ਜਗਰਾਉਂ ਅੈਸ.ਡੀ.ਅੈਮ. ਦਫ਼ਤਰ ਵਿੱਚ ਘੰਟਿਆਂ ਬੱਧੀ ਮੀਟਿੰਗ ਵੀ ਕੀਤੀ ਗਈ। ਉਨ੍ਹਾਂ ਕਿਹਾ ਕਿ ਇੰਜ਼ ਮੁੱਖ ਮੰਤਰੀ ਭਗਵੰਤ ਮਾਨ ਦੇ ਬਦਲਾਅ ਦੇ ਦ‍ਾਅਵੇ ਸਿਰਫ਼ ਛਲਾਵਾ ਸਿੱਧ ਹੋ ਰਹੇ ਹਨ। ਕਾਬਲੇਗੌਰ ਹੈ ਕਿ ਤੱਤਕਾਲੀ ਥਾਣਾਮੁਖੀ ਗੁਰਿੰਦਰ ਬੱਲ ਤੇ ਏਅੈਸਆਈ ਰਾਜਵੀਰ ਨੇ ਮੌਕੇ ਦੇ ਅੈਸ.ਅੈਸ.ਪੀ. ਰਾਜੀਵ ਆਹੀਰ ਤੇ ਡੀਅੈਸਪੀ ਗੁਰਜੀਤ ਰੋਮਾਣਾ ਦੀ ਨਿਰਦੇਸ਼ਾਂ ਅਨੁਸਾਰ ਨੇੜਲੇ ਪਿੰਡ ਰਸੂਲਪੁਰ ਤੋਂ ਗਰੀਬ ਪਰਿਵਾਰ ਦੀ ਬਿਰਧ ਮਾਂ-ਧੀ ਨੂੰ ਅੱਧੀ ਰਾਤ ਨੂੰ ਘਰੋਂ ਜ਼ਬਰਦਸਤੀ ਚੁੱਕ ਕੇ ਥਾਣੇ ਵਿੱਚ ਕਰੰਟ ਲਗਾਇਆ ਸੀ ਅਤੇ ਨਕਾਰਾ ਹੋਈ ਧੀ ਚਾਰ ਮਹੀਨੇ ਪਹਿਲਾਂ ਰੱਬ ਨੂੰ ਪਿਆਰੀ ਹੋ ਗਈ ਸੀ ਅਤੇ ਮੌਕੇ ਦੇ ਅੈਸ.ਅੈਸ.ਪੀ. ਰਾਜਬਚਨ ਸਿੰਘ ਸੰਧੂ ਨੇ ਤੁਰੰਤ ਦੋਸ਼ੀ ਡੀਅੈਸਪੀ ਗੁਰਿੰਦਰ ਬੱਲ, ਅੈਸਆਈ ਰਾਜਵੀਰ ਹਰਜੀਤ ਸਰਪੰਚ ਤੇ ਪੰਚ ਧਿਆਨ ਸਿੰਘ ਤੇ ਅਪਰਾਧਕ ਮੁਕੱਦਮਾ ਦਰਜ ਕਰ ਦਿੱਤਾ ਸੀ ਪਰ ਦੋਸ਼ੀਆਂ ਦੀ ਗ੍ਰਿਫਤਾਰੀ ਅਜੇ ਤੱਕ ਨਹੀਂ ਕੀਤੀ। ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਨਾਂ ਸਿਰਫ਼ ਲੋਕਾਂ ਨੇ ਧਰਨਾ ਲਗਾਇਆ ਹੋੲਿਆ ਹੈ ਸਗੋਂ ਬਿਰਧ ਮਾਤਾ ਭੁੱਖ ਹੜਤਾਲ ਤੇ ਵੀ ਬੈਠੀ ਹੋਈ ਹੈ ਪਰ ਦੁੱਖ ਦੀ ਗੱਲ਼ ਹੈ ਕਿ ਨਵੀਂ ਸਰਕਾਰ ਦੇ ਕੰਨ ਤੇ ਵੀ ਜੂੰਅ ਨਹੀਂ ਸਰਕ ਰਹੀ।ਜਦਕਿ ਹਲਕਾ ਵਿਧਾਇਕ ਸਰਬਜੀਤ ਕੌਰ ਮਾਣੂੰਕੇ ਨੇ ਭੁੱਖ ਹੜਤਾਲੀ ਮਾਤਾ ਤੋਂ ਖੂਨ ਨਾਲ ਲਿਖਿਆ ਖਤ ਲੈ ਕੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੂੰ ਸੌਂਪ ਦਿੱਤਾ ਹੈ ਪਰ ਭਗਵੰਤ ਮਾਨ ਨੇ ਖਤ ਪੜ੍ਹ ਕੇ ਸ਼ਾਇਦ ਇਸ ਕਰਕੇ ਪਾਸੇ ਸੁੱਟ ਦਿੱਤਾ ਕਿ ਇਹ ਇਕ ਗਰੀਬ ਦਲਿਤ ਪਰਿਵਾਰ ਦਾ ਮਸਲ਼ਾ ਹੈ ਨਾਂ ਕਿ ਕਿਸੇ ਉੱਚ ਜਾਤੀ ਵਾਲੇ ਦਾ? ਬਾਵਜੂਦ ਇਸ ਦੇ ਪੀੜ੍ਹਤ ਪਰਿਵਾਰ ਨੇ ਨਵੀਂ ਸਰਕਾਰ ਤੋਂ ਇਨਸਾਫ਼ ਦੀ ਆਸ ਲਗਾਈ ਹੋਈ ਹੈ।