You are here

ਪੰਜਾਬ

ਕਿਸਾਨ ਅੰਦੋਲਨ ਦਾ 298 ਵਾਂ ਦਿਨ ਟੋਲ ਪਲਾਜਾ ਮਹਿਲਕਲਾਂ

ਬਾਲ ਜਰਨੈਲ ਕਪਤਾਨ ਸਿੰਘ ਨੇ ਸਿੰਘੂ ਬਾਰਡਰ ਤੇ ਪਹੁੰਚ ਕੇ ਮਹਿਲਕਲਾਂ ਦਾ ਨਾਂ ਰੋਸ਼ਨ ਕੀਤਾ

ਮਹਿਲਕਲਾਂ /ਬਰਨਾਲਾ - 26 ਜੁਲਾਈ- (ਗੁਰਸੇਵਕ ਸਿੰਘ ਸੋਹੀ)- ਤਿੰਨ ਖੇਤੀ ਕਾਨੂੰਨ ਰੱਦ ਕਰਾਉਣ ,ਐਮਐਸਪੀ ਦੀ ਗਰੰਟੀ ਵਾਲਾ ਨਵਾਂ ਕਾਨੂੰਨ ਬਨਾਉੁਣ ਲਈ ਟੋਲ ਪਲਾਜਾ ਮਹਿਲਕਲਾਂ ਵਿਖੇ ਚੱਲ ਰਿਹਾ ਪੱਕਾ ਮੋਰਚਾ 298 ਵੇਂ ਦਿਨ ਪੂਰੇ ਇਨਕਲਾਬੀ ਜੋਸ਼-ਓ-ਖਰੋਸ਼ ਨਾਲ ਜਾਰੀ ਹੈ। ਅੱਜ ਬੁਲਾਰੇ ਆਗੂਆਂ ਸੋਹਣ ਸਿੰਘ ਮਹਿਲਕਲਾਂ, ਮਾ.ਸੁਖਵਿੰਦਰ ਸਿੰਘ, ਨਾਨਕ ਸਿੰਘ ਅਮਲਾ ਸਿੰਘ ਵਾਲਾ, ਪਰਮਜੀਤ ਸਿੰਘ ਮਹਿਲਕਲਾਂ, ਬਲਜੀਤ ਸਿੰਘ ਮਹਿਲਕਲਾਂ, ਜਸਵਿੰਦਰ ਕੌਰ, ਕਿਰਨਜੀਤ ਕੌਰ ਵਜੀਦਕੇ, ਜਸਵੰਤ ਕੌਰ ਮਹਿਲਕਲਾਂ ਨੇ ਸਮੇਂ ਸਮੇਂ ਤੇ ਰਾਜ ਕਰਦੀਆਂ ਸਰਕਾਰਾਂ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ 74 ਸਾਲ ਦੇ ਇਨ੍ਹਾਂ ਦੇ ਰਾਜ ਨੇ ਹੱਥੀਂ ਕਿਰਤ ਕਰਨ ਵਾਲੇ ਲੋਕਾਂ ਨੂੰ ਭੁੱਖ, ਨੰਗ, ਕੰਗਾਲੀ, ਭਰਿਸ਼ਾਟਾਰੀ, ਬੇਰੁਜਗਾਰੀ, ਗਰੀਬੀ, ਔਰਤਾਂ ਤੇ ਜਬਰ, ਕਾਲਾਬਜਾਰੀ, ਜਖੀਰੇਬਾਜੀ ਦੇ ਨਾਲਨਾਲ ਨੌਜਵਾਨਾਂ ਨੂੰ ਗੈਂਗਸਟਰਵਾਦ ਅਤੇ ਨਸ਼ੇੜੀਆਂ ਦੀ ਦਲਦਲ ਵਿੱਚ ਧੱਕ ਦਿੱਤਾ ਹੈ। ਜਦ ਕਿ ਅੱਧ ਮਹੀਨਿਆਂ ਤੋਂ ਦਿੱਲੀ ਦੇ ਬਾਰਡਰਾਂ ਉੱਪਰ ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ਹੇਠ ਚੱਲ ਰਹੇ ਸੰਘਰਸ਼ ਨੇ ਨਵੀਂ ਕਰਵਟ ਲਈ ਹੈ। ਨੌਜਵਾਨਾਂ ਨੂੰ ਜਿੰਦਗੀ ਦੇ ਅਸਲ ਅਰਥ ਸਮਝਣ ਦੇ ਸਮਰੱਥ ਬਣਾਇਆ ਹੈ। ਹੁਣ ਕਿਸਾਨ ਜਥੇਬੰਦੀਆਂ ਦੇ ਝੰਡੇ ਹੇਠ ਜਮੀਨਾਂ ਦੀ ਰਾਖੀ ਲਈ ਜਥੇਬੰਦ ਹੋਏ ਨੌਜਵਾਨਾਂ ਦੀ ਰੋਹਲੀ ਗਰਜ ਪਾਰਲੀਮੈਂਟ ਦੇ ਬਿਲਕੁਲ ਨੇੜਿਉਂ ਸੁਣਾਈ ਦੇਣ ਲੱਗੀ ਹੈ।ਇਸ ਰੋਹਲੀ ਗਰਜ ਨੇ ਹਾਕਮਾਂ ਦੀ ਨੀਂਦ ਹਰਾਮ ਕੀਤੀ ਹੋਈ ਹੈ। ਆਗੂਆਂ ਕਿਹਾ ਕਿ ਸਾਡੇ ਇਲਾਕੇ ਲਈ ਮਾਣ ਵਾਲੀ ਗੱਲ ਇਹ ਹੈ ਕਿ ਚਾਰ ਸਾਲਾ ਬਾਲ ਜਰਨੈਲ ਕਪਤਾਨ ਸਿੰਘ ਨੇ ਅੱਜ ਸਿੰਘੂ ਬਾਰਡਰ ਮੋਰਚੇ ਦੀ ਸਟੇਜ ਤੋਂ ਹਾਕਮਾਂ ਨੂੰ ਲਲਕਾਰਦਾ ਸੁਣਾਈ ਦਿੰਦਾ ਹੈ। ਇਹ ਅਸਲ ਮਾਅਨਿਆਂ ਵਿੱਚ ਅਹਿਮ ਪ੍ਰਾਪਤੀ ਵਜੋਂ ਵੇਖਿਆ ਜਾਣ ਵਾਲਾ ਵਰਤਾਰਾ ਹੈ ਜੋ ਸਦੀਵੀ ਯਾਦ ਬਣ ਰਿਹਾ ਹੈ। ਇਹ ਬਦਲ ਹਾਕਮਾਂ ਨੂੰ ਭੁਤ ਬਣ ਡਰਾ ਰਿਹਾ ਹੈ। ਇਸੇ ਕਰਕੇ ਮੋਦੀ ਹਕੂਮਤ ਦਾ ਇੱਕ ਤੋਂ ਬਾਅਦ ਦੂਜਾ ਮੰਤਰੀ ਅੱਭੜਵਾਹ ਬੇਸਿਰ ਪੈਰ ਜਬਲੀਆਂ ਮਾਰ ਰਿਹਾ ਹੈ। ਆਂਗੂਆਂ ਕਿਹਾ ਕਿ ਖੇਤੀ ਵਿਰੋਧੀ ਇਨ੍ਹਾਂ ਕਾਨੂੰਨਾਂ ਨੂੰ ਕਿਸੇ ਵੀ ਸੂਰਤ ਵਿੱਚ ਲਾਗੂ ਹੋਣ ਨਹੀਂ ਦਿੱਤਾ ਜਾਵੇਗਾ। ਆਗੂਆਂ ਕਿਹਾ ਕਿ ਮੋਦੀ ਹਕੂਮਤ ਦਾ ਹੰਕਾਰ ਤੋੜਨ ਲਈ ਕਿਸਾਨ ਅੰਦੋਲਨ ਖੇਤੀ ਵਿਰੋਧੀ ਕਾਨੂੰਨ ਰੱਦ ਕਰਵਾਉਣ ਅਤੇ ਨਵਾਂ ਐਮਐਸਪੀ ਗਰੰਟੀ ਵਾਲਾ ਕਾਨੂੰਨ ਬਨਾਉਣ ਤੱਕ ਹੋਰ ਵਧੇਰੇ ਠਰੰਮੇ, ਸਿਦਕ, ਦਲੇਰੀ, ਜੋਸ਼ ,ਸੰਜਮ ਅਤੇ ਦ੍ਰਿੜਤਾ ਨਾਲ ਜਾਰੀ ਰਹੇਗਾ। ਢਾਡੀ ਜਥਾ ਕਰਨੈਲ ਸਿੰਘ ਛਾਪਾ ਨੇ ਵੀਰ ਰਸ ਵਾਰਾਂ ਪੇਸ਼ ਕਰਕੇ ਪੰਡਾਲ ਵਿੱਚ ਨਵਾਂ ਜੋਸ਼ ਭਰਿਆ।

ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੀ ਹੋਈ ਜ਼ਿਲਾ ਬਾਡੀ  ਦੀ ਮੀਟਿੰਗ

ਮਹਿਲ ਕਲਾਂ/ਬਰਨਾਲਾ- 26 ਜੁਲਾਈ- (ਗੁਰਸੇਵਕ ਸੋਹੀ)ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ (ਰਜਿ:295) ਦੇ ਜ਼ਿਲ੍ਹਾ ਨਵਾਂਸ਼ਹਿਰ ਦੀ ਜ਼ਿਲਾ ਬਾਡੀ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਡਾ ਬਲਕਾਰ ਕਟਾਰੀਆ ਦੀ ਪ੍ਰਧਾਨਗੀ ਹੇਠ ਹੋਈ ।ਜਿਸ ਵਿਚ ਡਾ ਬਖਸ਼ੀਸ਼ ਸਿੰਘ ਕਰਨ ਹਸਪਤਾਲ ਬੰਗਾ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ  । ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ ਅਤੇ ਸੂਬਾ ਵਾਈਸ ਕੈਸ਼ੀਅਰ ਡਾ ਸੁਰਿੰਦਰਪਾਲ ਸਿੰਘ ਜੈਨਪੁਰ ਨੇ ਕਿਹਾ ਕਿ ਪੰਜਾਬ ਸਰਕਾਰ ਪਿੰਡਾਂ ਤੇ ਸ਼ਹਿਰਾਂ ਦੇ ਗਰੀਬ ਲੋਕਾਂ ਨੂੰ ਮੁੱਢਲੀਆਂ ਸਿਹਤ ਸਹੂਲਤਾਂ ਦੇਣ ਵਿੱਚ ਨਾਕਾਮ ਰਹੀ ਹੈ। ਡਾ ਬਖਸ਼ੀਸ਼ ਸਿੰਘ ਸਰਜੀਕਲ ਸਪੈਸ਼ਲਿਸਟ ਨੇ ਕੋਰੋਨਾ ਦੀ ਤੀਜੀ ਲਹਿਰ ਪ੍ਰਤੀ ਜਾਣਕਾਰੀ ਦਿੱਤੀ ਅਤੇ ਇਸ ਤੋਂ ਬਚਣ ਲਈ ਅਤੇ ਆਪਣੇ ਲੋਕਾਂ ਨੂੰ ਬਚਾਉਣ ਲਈ ਕਿਹਾ।  
ਜ਼ਿਲ੍ਹਾ ਪ੍ਰਧਾਨ ਡਾ ਬਲਕਾਰ ਕਟਾਰੀਆ ਨੇ ਕਿਹਾ ਕਿ ਇਹ ਸਮੱਸਿਆ ਲੋਕਾਂ ਦੀ ਜਿੰਦ ਜਾਨ ਨਾਲ ਜੁੜੀ ਹੋਈ ਹੈ। ਅਗਰ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਬੰਦ ਕੀਤਾ ਜਾਂਦਾ ਹੈ ਤਾਂ ਸਾਡੇ ਲੋਕ ਮੌਜੂਦਾ ਸਰਕਾਰ ਅਤੇ ਸਰਕਾਰੀ ਤੰਤਰ ਵਿਰੁੱਧ ਸੰਘਰਸ਼ ਕਰਨਗੇ । 
ਇਸ ਤੋਂ ਇਲਾਵਾ ਡਾ ਜਸਬੀਰ ਸਿੰਘ ਗੜ੍ਹੀ ਪ੍ਰਧਾਨ ਸੜੋਆ, ਡਾ ਪ੍ਰੇਮ ਸਲੋਹ ਜ਼ਿਲ੍ਹਾ ਸਕੱਤਰ, ਡਾ ਕਸ਼ਮੀਰ ਸਿੰਘ ਜ਼ਿਲ੍ਹਾ ਖ਼ਜ਼ਾਨਚੀ, ਡਾ ਬਲਵਿੰਦਰ  ਸਿੰਘ ਗਰਚਾ ਸੂਬਾ ਆਗੂ ,ਡਾ ਅਨੂਪਿੰਦਰ ਜ਼ਿਲਾ ਆਰਗੇਨਾਈਜ਼ਰ, ਡਾ ਸਤਨਾਮ ਬਜੀਦਪੁਰ ,ਡਾ ਸਰਬਜੀਤ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਜ਼ਿਲ੍ਹੇ ਦੇ ਡਾਕਟਰ ਸਾਹਿਬਾਨ ਹਾਜ਼ਰ ਸਨ ।

ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ (ਰਜਿ:295) ਪੰਜਾਬ ਵੱਲੋਂ ਵੱਡੇ ਪੱਧਰ ਤੇ ਕਾਂਗਰਸੀ ਆਗੂਆਂ ਦੀਆਂ ਕੋਠੀਆਂ ਦਾ ਘਿਰਾਉ ਅੱਜ

 ਮਹਿਲਕਲਾਂ/ ਫਰੀਦਕੋਟ- 26 ਜੁਲਾਈ- (ਗੁਰਸੇਵਕ ਸਿੰਘ ਸੋਹੀ)- ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਜਿਲਾ ਫਰੀਦਕੋਟ ਵੱਲੋਂ ਪਿਛਲੇ ਦਿਨੀਂ ਇਕ ਐਮਰਜੈਂਸੀ ਮੀਟਿੰਗ ਕੀਤੀ ਗਈ ਸੀ। ਜਿਸ ਵਿੱਚ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੇ ਉਚ ਪੱਧਰੀ ਕਮੇਟੀ ਦੇ ਆਗੂ ਜਿਲ੍ਹਾ ਕਮੇਟੀ ਸਮੂਹ ਬਲਾਕ ਪ੍ਰਧਾਨ ਅਤੇ ਜਿਲ੍ਹਾ ਡੈਲੀਗੇਟ ਨੇ ਫੈਸਲਾ ਕੀਤਾ ਗਿਆ ।ਅੱਜ ਮਿਤੀ 26-7-2021 ਨੂੰ ਕਾਂਗਰਸ ਦੇ ਮੌਜੂਦਾ ਐਮ ਐਲ ਏ ਸਰਦਾਰ ਕੁਸ਼ਲਦੀਪ ਸਿੰਘ ਢਿੱਲੋਂ ਅਤੇ OSD ਸੰਨੀ ਬਰਾੜ ਮੁੱਖ ਮੰਤਰੀ ਪੰਜਾਬ ਦੀਆਂ ਕੋਠੀਆਂ ਦਾ ਘਿਰਾਉ ਵੱਡੇ ਪੱਧਰ ਤੇ ਕਰਾਗੇ ਅਤੇ ਇਨ੍ਹਾਂ ਨੂੰ 2017 ਦੀਆ ਵਿਧਾਨ ਸਭਾ ਚੋਣਾਂ ਸਮੇਂ ਸਾਡੇ ਨਾਲ ਕੀਤੇ ਵਾਅਦੇ ਯਾਦ ਕਰਵਾਗੇ ਅਤੇ ਇਹ ਵੀ ਚੇਤਾਵਨੀ ਦਿੰਦੇ ਹਾ ਕਿ ਜੇਕਰ ਰਹਿੰਦੇ ਸਮੇਂ ਵਿੱਚ ਸਾਡੀਆਂ ਮੰਗਾਂ ਨਾ ਮੰਨੀਆਂ ਤਾਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ 2022 ਵਿੱਚ ਪਿੰਡਾਂ ਦੇ ਲੋਕਾਂ ਨੂੰ ਨਾਲ ਲੈ ਕੇ ਪੂਰਨ ਤੌਰ ਵਿਰੋਧ ਕਰਾਂਗੇ। ਜਾਣਕਾਰੀ ਦਿੰਦੇ ਹੋਏ ਜਿਲ੍ਹਾ ਫਰੀਦਕੋਟ ਦੇ ਪ੍ਰਧਾਨ ਡਾ ਰਸ਼ਪਾਲ ਸਿੰਘ ਸੰਧੂ ਅਤੇ ਜਿਲ੍ਹਾ ਜਰਨਲ ਸਕੱਤਰ ਡਾਕਟਰ ਗੁਰਤੇਜ ਮਚਾਕੀ ਨੇ ਸਾਂਝੇ ਬਿਆਨ ਰਾਹੀਂ ਦੱਸਿਆ ਅਤੇ ਉਹਨਾਂ ਸਮੂਹ ਬਲਾਕ ਪ੍ਰਧਾਨਾਂ ਨੂੰ ਕਿਹਾ ਕਿ ਸਾਰੇ ਬਲਾਕਾਂ ਦੇ ਪ੍ਰਧਾਨਾਂ ਨੂੰ ਬੇਨਤੀ ਹੈ ਕਿ ਆਪਣੇ ਆਪਣੇ ਬਲਾਕਾਂ ਦੇ ਸਾਰੇ ਮੈਂਬਰਾਂ ਦਾ ਹਾਜਰ ਹੋਣਾ ਬਹੁਤ ਜਰੂਰੀ ਹੈ ਤਾਂ ਇਹ   ਲੜਾਈ ਸਾਡੀ ਸਾਰਿਆਂ ਦੀ ਹੈ ।ਹਰੇਕ ਮੈਂਬਰ ਨੇ ਪੂਰੇ ਅਨੁਸ਼ਾਸ਼ਨ ਵਿੱਚ ਰਹਿਕੇ ਰੋਸ ਪ੍ਰਦਰਸ਼ਨ ਕਰਨਗੇ  । ਇਸ ਪ੍ਦਸ਼ਨ ਗੁਰਦੁਆਰਾ ਮਾਈ ਗੋਦੜੀ ਸਾਹਿਬ ਕੋਟਕਪੂਰਾ ਰੋਡ ਫਰੀਦਕੋਟ ਤੋਂ ਸਵੇਰੇ ਠੀਕ 9;00 ਵਜੇ ਸੁਰੂ ਹੋਵੇਗਾ।

ਪੰਜਾਬ ਸਰਕਾਰ ਮਨਰੇਗਾ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਪੂਰਾ ਕਰੇ

ਮਨਰੇਗਾ ਮਜ਼ਦੂਰਾਂ ਨੂੰ ਮਿਲੇ ਰੋਜ਼ਗਾਰ-ਬਲਵੰਤ ਸਿੰਘ ਚੁਹਾਣਕੇ

ਮਹਿਲ ਕਲਾਂ/ਬਰਨਾਲਾ- 25 ਜੁਲਾਈ (ਗੁਰਸੇਵਕ ਸਿੰਘ ਸੋਹੀ)- ਪੰਜਾਬ ਸਰਕਾਰ ਨੂੰ ਪਿਛਲੇ ਦਿਨਾਂ ਤੋਂ ਆਪਣੀਆਂ ਮੰਗਾਂ ਨੂੰ ਲੈ ਕਿ ਹੜਤਾਲ ਤੇ ਬੈਠੇ ਮਨਰੇਗਾ ਮੁਲਾਜ਼ਮਾਂ ਦੀਆਂ ਮੰਗਾਂ ਮੰਨਦਿਆਂ ਮਨਰੇਗਾ ਮਜ਼ਦੂਰਾਂ ਤੇ ਪੰਚਾਇਤਾਂ ਨੂੰ ਦਰਪੇਸ਼ ਮੁਸ਼ਕਲਾਂ ਦਾ ਜਲਦੀ ਨਿਪਟਾਰਾ ਕਰਨਾ ਚਾਹੀਦਾ ਹੈ।ਜੋ ਮਨਰੇਗਾ ਮਜ਼ਦੂਰਾਂ ਨੂੰ ਕੰਮ ਮਿਲ ਸਕੇ।ਜੋ ਮਨਰੇਗਾ ਮਜ਼ਦੂਰਾਂ ਤੇ ਮੁਲਾਜ਼ਮਾਂ ਨੂੰ ਉਹਨਾਂ ਦੇ ਬਣਦੇ ਹੱਕ ਮਿਲਣ। ਇਹ ਗੱਲਾਂ ਸੰਸਥਾ ਡਾਕਟਰ ਅੰਬੇਡਕਰ ਜਾਗ੍ਰਿਤੀ ਸਭਾ ਰਜਿ: ਪੰਜਾਬ ਦੇ ਬਲਾਕ ਮਹਿਲ ਕਲਾਂ ਦੇ ਪ੍ਰਧਾਨ ਬਲਵੰਤ ਸਿੰਘ ਚੁਹਾਣਕੇ ਨੇ ਕਿਹਾ, ਉਹਨਾਂ ਇਹ ਵੀ ਕਿਹਾ ਮਨਰੇਗਾ ਦਾ ਕੰਮ ਰੋਕਣ ਕਾਰਨ ਪਿੰਡਾਂ ਦੇ ਵਿਕਾਸ ਕਾਰਜਾਂ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੇ ਹਨ। ਸਰਕਾਰ ਨੂੰ ਚਾਹੀਦਾ ਹੈ ਕਿ ਮਨਰੇਗਾ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਜਲਦੀ ਤੋਂ ਜਲਦੀ ਵਿਚਾਰਿਆ ਜਾਵੇ ਤਾਂ ਜੋ ਪਿੰਡਾਂ ਤੇ ਪੰਚਾਇਤਾਂ ਦੇ ਵਿਕਾਸ ਕਾਰਜਾਂ ਨਿਰਵਿਘਨ ਚੱਲ ਸਕਣ।

ਜਨਮ ਦਿਨ ਮੁਬਾਰਕ

ਜਨਮ ਦਿਨ ਮੁਬਾਰਕ
ਜਸਵੀਰ ਸਿੰਘ ਤੇ ਫੱਤੇਵੀਰ ਸਿੰਘ ਧਾਲੀਵਾਲ ਪਿਤਾ ਸੁਖਜਿੰਦਰ ਸਿੰਘ ਮਾਤਾ ਕੁਲਵਿੰਦਰ ਕੌਰ ਪਿੰਡ ਮੱਲੇਆਣਾ ਜ਼ਿਲਾ (ਮੋਗਾ)

ਬਸਪਾ ਅਤੇ ਅਕਾਲੀ ਦਲ ਦੇ ਆਗੂਆਂ ਨੇ ਮੀਟਿੰਗ ਕਰਕੇ ਕੀਤੀਆਂ ਵਿਚਾਰਾਂ 

ਮਹਿਲ ਕਲਾਂ/ਬਰਨਾਲਾ- 25 ਜੁਲਾਈ (ਗੁਰਸੇਵਕ ਸਿੰਘ ਸੋਹੀ)- ਸ੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਵੱਲੋਂ ਹੋਏ ਗਠਜੋੜ ਤੋ ਬਾਅਦ ਦੋਵੇਂ ਪਾਰਟੀਆਂ ਦੇ ਆਗੂਆਂ ਅਤੇ ਵਰਕਰਾਂ ਦੇ ਆਪਸੀ ਤਾਲਮੇੇਲ ਨੁੰ ਲੈ ਕੇ ਭਰਵੀ ਮੀਟਿੰਗ ਮਹਿਲ ਕਲਾਂ ਵਿਖੇ ਕੀਤੀ ਗਈ। ਇਸ ਮੀਟਿੰਗ ’ਚ ਸਾਬਕਾ ਸੰਸਦੀ ਤੇ ਹਲਕਾ ਇੰਚਾਰਜ ਸੰਤ ਬਲਵੀਰ ਸਿੰਘ ਘੁੰਨਸ, ਬਸਪਾ ਦੇ ਸੂਬਾ ਜਨਰਲ ਸਕੱਤਰ ਚਮਕੌਰ ਸਿੰਘ ਵੀਰ, ਜਿਲ੍ਹਾ ਪ੍ਰਧਾਨ ਸਰਬਜੀਤ ਸਿੰਘ ਖੇੜੀ,ਹਲਕਾ ਪ੍ਰਧਾਨ ਸੋਮਾ ਸਿੰਘ ਗੰਡੇਵਾਲ,ਲੀਗਲ ਸੈਲ ਦੇ ਜਿਲ੍ਹਾ ਪ੍ਰਧਾਨ ਐਡਵੋਕੇਟ ਬਲਦੇਵ ਸਿੰਘ ਬੀਹਲਾ, ਜਿਲ੍ਹਾ ਸੰਗਰੂਰ ਦੇ ਪ੍ਰਧਾਨ ਅਮਰੀਕ ਸਿੰਘ ਅਤੇ ਲੋਕ ਸਭਾ ਹਲਕਾ ਸੰਗਰੂਰ ਦੇ ਇੰਚਾਰਜ ਰਣਧੀਰ ਸਿੰਘ ਨਾਗਰਾ ਨੇ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ। ਇਸ ਮੌਕੇ ਸੰਤ ਬਲਵੀਰ ਸਿੰਘ ਘੁੰਨਸ,ਚਮਕੌਰ ਸਿੰਘ ਵੀਰ,ਐਡਵੋਕੇਟ ਬਲਦੇਵ ਸਿੰਘ ਬੀਹਲਾ,ਡਾ ਸੋਮਾ ਸਿੰਘ ਗੰਡੇਵਾਲ,ਸਰਬਜੀਤ ਸਿੰਘ ਖੇੜੀ,ਸ੍ਰੋਅਦ ਦੇ ਮੀਤ ਪ੍ਰਧਾਨ ਜਥੇਦਾਰ ਪ੍ਰਿਤਪਾਲ ਸਿੰਘ ਛੀਨੀਵਾਲ, ਸਰਕਲ ਪ੍ਰਧਾਨ ਸੁਖਵਿੰਦਰ ਸਿੰਘ ਸੁੱਖਾ,ਸਾਬਕਾ ਚੇਅਰਮੈਨ ਗੁਰਸੇਵਕ ਸਿੰਘ ਗਾਗੇਵਾਲ,ਗੁਰਦੀਪ ਸਿੰਘ ਛਾਪਾ,ਬਚਿੱਤਰ ਸਿੰਘ ਰਾਏਸਰ,ਰਿੰਕਾ ਕੁਤਬਾ ਬਾਹਮਣੀਆ ਨੇ ਕਿਹਾ ਕਿ ਅੱਜ ਦੀ ਮੀਟਿੰਗ ਦਾ ਮੁੱਖ ਮੰਤਵ ਸ੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਦੇ ਆਗੂਆਂ ਤੇ ਵਰਕਰਾਂ ’ਚ ਆਪਸੀ ਤਾਲਮੇਲ ਪੈਂਦਾ ਕਰਨਾ ਹੈ। ਗੱਠਜੋੜ ਤੋਂ ਬਾਅਦ ਦੋਵੇਂ ਪਾਰਟੀਆਂ ਦੇ ਆਗੂ ਤੇ ਵਰਕਰਾਂ ’ਚ ਖੁਸੀ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ। ਉਹਨਾ ਕਿਹਾ ਕਿ ਪੰਜਾਬ ਚ ਅਗਲੀ ਸਰਕਾਰ ਗਠਜੋੜ ਦੀ ਬਣੇਗੀ। ਆਗੂਆਂ ਨੇ ਕਿਹਾ ਕਿ ਪਾਰਟੀ ਹਾਈਕਮਾਨ ਦੇ ਦਿਸ਼ਾਂ-ਨਿਰਦੇਸ਼ਾਂ ਅਨੁਸਾਰ ਸ੍ਰੋਅਦ-ਬਸਪਾ ਗੱਠਜੋੜ ਵੱਲੋਂ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਕਾਨੂੰਨਾਂ ਖਿਲਾਫ਼ 27 ਜੁਲਾਈ ਨੂੰ ਸੂਬੇ ਭਰ ’ਚ ਜਿਲ੍ਹਾ ਦਫ਼ਤਰਾਂ ਅੱਗੇ ਰੋਸ਼ ਪ੍ਰਦਰਸ਼ਨ ਕੀਤੇ ਜਾਣਗੇ। ਗੱਠਜੋੜ ਵੱਲੋਂ 27 ਜੁਲਾਈ ਨੂੰ ਅਨਾਜ ਮੰਡੀ ਮਹਿਲ ਕਲਾਂ ਵਿਖੇ ਇਕੱਠੇ ਹੋਣ ਉਪਰੰਤ ਮਹਿਲ ਕਲਾਂ ’ਚ ਰੋਸ਼ ਮਾਰਚ ਕੀਤਾ ਜਾਵੇਗਾ। ਇਸ ਪ੍ਰੋਗਰਾਮ ਦੀਆਂ ਤਿਆਰੀਆਂ ਸਬੰਧੀ ਪਿੰਡਾਂ ’ਚ ਲਗਾਤਾਰ ਮੀਟਿੰਗਾਂ ਕੀਤੀਆਂ ਜਾਣਗੀਆ। ਉਨ੍ਹਾਂ ਸ਼ਮੂਹ ਆਗੂਆਂ ਤੇ ਵਰਕਰਾਂ ਨੂੰ 27 ਜੁਲਾਈ ਨੂੰ ਅਨਾਜ ਮੰਡੀ ਮਹਿਲ ਕਲਾਂ ਪੁੱਜਣ ਦੀ ਅਪੀਲ ਕੀਤੀ। ਇਸ ਮੌਕੇ ਯੂਥ ਆਗੂ ਬਲਦੇਵ ਸਿੰਘ ਗਾਗੇਵਾਲ,ਬਲਵੰਤ ਸਿੰਘ,ਅਜੀਤ ਸਿੰਘ ਸੋਹੀ,ਗੁਰਤੇਜ ਸਿੰਘ ਸੋਹੀ, ਛੀਨੀਵਾਲ,ਜਥੇਦਾਰ ਗੁਰਮੇਲ ਸਿੰਘ ਛੀਨੀਵਾਲ, ਨਾਥ ਸਿੰਘ ਹਮੀਦੀ,,ਮਹਿਲਾ ਆਗੂ ਬੇਅੰਤ ਕੌਰ ਬੀਹਲਾ,ਗੁਰਮੇਲ ਸਿੰਘ ਨਿਹਾਲੂਵਾਲ,ਗੁਰਮੇਲ ਸਿੰਘ ਦੀਵਾਨਾ,ਗੁਰਦੀਪ ਸਿੰਘ ਟਿਵਾਣਾ,ਮਾਤਾ ਗੁਰਮੇਲ ਕੌਰ,ਬਲਵਿੰਦਰ ਸਿੰਘ,ਦਵਿੰਦਰ ਸਿੰਘ ਵਜੀਦਕੇ,ਬਲਜੀਤ ਸਿੰਘ ਗੁੰਮਟੀ,ਗੁਰਤੇਜ ਸਿੰਘ ਕਲੇਰ,ਕੁਲਵਿਰਸ ਸਿੰਘ ਚੁਹਾਣਕੇ,ਜਰਨੈਲ ਸਿੰਘ ਕੁਰੜ ਅਤੇ ਜੀਵਨ ਸਿੰਘ ਕੁਰੜ ਹਾਜਰ ਸਨ।

ਕੁਲਵੰਤ ਸਿੰਘ ਟਿੱਬਾ ਨੇ ਨਰਾਇਣਗੜ ਸੋਹੀਆਂ 'ਚ ਲੋਕਾਂ  ਦੀਆਂ ਮੁਸ਼ਕਿਲਾਂ ਸੁਣੀਆਂ

ਮਹਿਲ ਕਲਾਂ /ਬਰਨਾਲਾ - 25 ਜੁਲਾਈ- (ਗੁਰਸੇਵਕ ਸਿੰਘ ਸੋਹੀ)-  ਇਲਾਕਾ ਮਹਿਲ ਕਲਾਂ ਅੰਦਰ ਲੋਕਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਦੇ ਹੱਲ ਲਈ ਵੱਡੇ ਪੱਧਰ ਤੇ ਯਤਨ ਕਰਨ ਵਾਲੀ ਸਮਾਜਿਕ ਸੰਸਥਾ "ਹੋਪ ਫਾਰ ਮਹਿਲ ਕਲਾਂ" ਵੱਲੋਂ ਜਨ ਸੰਪਰਕ ਮੁਹਿੰਮ ਤਹਿਤ ਪਿੰਡ ਨਰਾਇਣਗੜ ਸੋਹੀਆਂ ਵਿਖੇ ਨੌਜਵਾਨ ਆਗੂ ਅਤੇ ਸੰਸਥਾ ਦੇ ਇੰਚਾਰਜ ਕੁਲਵੰਤ ਸਿੰਘ ਟਿੱਬਾ ਨੇ ਮਜ਼ਦੂਰ ਪਰਿਵਾਰਾਂ ਦੀਆਂ ਮੁਸ਼ਕਲਾਂ ਸੁਣੀਆਂ।ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੁਲਵੰਤ ਸਿੰਘ ਟਿੱਬਾ ਨੇ ਕਿਹਾ ਕਿ ਸਾਡੀ ਟੀਮ ਕੋਲ "ਸਾਨੂੰ ਦੱਸੋ, ਅਸੀਂ ਸੁਣਾਂਗੇ, ਅਸੀਂ ਕਰਾਂਗੇ" ਮੁਹਿੰਮ ਤਹਿਤ ਸਮੱਸਿਆਵਾਂ ਦੇ ਹੱਲ ਲਈ ਆਮ ਲੋਕ ਸੰਪਰਕ ਕਰ ਰਹੇ ਹਨ ਅਤੇ ਹੋਪ ਫਾਰ ਮਹਿਲ ਕਲਾਂ ਦੀ ਟੀਮ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਨਾਲ ਤਾਲਮੇਲ ਕਰਕੇ ਇਨ੍ਹਾਂ ਸਮੱਸਿਆਵਾਂ ਦਾ ਹੱਲ ਕੀਤਾ ਜਾ ਰਿਹਾ ਹੈ। ਕੁਲਵੰਤ ਸਿੰਘ ਟਿੱਬਾ ਨੇ ਕਿਹਾ ਕਿ ਅਸੀਂ ਇਹ ਤਹੱਈਆ ਕੀਤਾ ਹੈ ਕਿ ਆਪਣੇ ਕੰਮਾਂ ਧੰਦਿਆਂ ਲਈ ਸਰਕਾਰੀ ਦਫ਼ਤਰਾਂ ਵਿੱਚ ਧੱਕੇ ਖਾ ਖਾ ਕੇ ਅੱਕ ਚੁੱਕੇ ਲੋਕਾਂ ਲਈ ਇਕ ਆਸ ਦੀ ਕਿਰਨ ਬਣ ਸਕੀਏ।ਉਨ੍ਹਾਂ ਨੌਜਵਾਨ ਵਰਗ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਹੋਪ ਫਾਰ ਮਹਿਲ ਕਲਾਂ ਦੀ ਟੀਮ ਦਾ ਹਿੱਸਾ ਬਣਨ ਤਾਂ ਕਿ ਆਮ ਲੋਕਾਂ ਨੂੰ ਇਨਸਾਫ ਦਿਵਾਇਆ ਜਾ ਸਕੇ।ਉਨ੍ਹਾਂ ਕਿਹਾ ਕਿ ਹੋਪ ਫਾਰ ਮਹਿਲ ਕਲਾਂ ਦੀ ਟੀਮ ਵੱਲੋਂ ਇਲਾਕਾ ਮਹਿਲ ਕਲਾਂ ਦੇ ਪਿੰਡਾਂ ਵਿੱਚ ਆਮ ਲੋਕਾਂ ਨੂੰ ਸਰਕਾਰੀ ਸਕੀਮਾਂ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਡੀ ਟੀਮ ਨੇ ਇਹ ਤਹੱਈਆ ਕੀਤਾ ਹੈ ਕਿ ਹਰ ਸਰਕਾਰੀ ਸਕੀਮ ਦਾ ਲਾਭ  ਆਮ ਲੋਕਾਂ ਨੂੰ ਮਿਲੇ। ਇਸ ਮੌਕੇ ਡਾ. ਸ਼ਿੰਗਾਰਾ ਸਿੰਘ ਸੋਹੀਆਂ, ਨਾਹਰ ਸਿੰਘ, ਰਾਜ ਸਿੰਘ, ਦਰਸ਼ਨ ਸਿੰਘ, ਜੱਗਾ ਸਿੰਘ, ਰਣਜੀਤ ਸਿੰਘ, ਗੁਰਮੀਤ ਸਿੰਘ ਆਦਿ ਹਾਜ਼ਰ ਸਨ।

ਟਰਾਂਸਪੋਰਟਰਾਂ ਨੂੰ ਆ ਰਹੀਆਂ ਮੁਸ਼ਕਿਲਾਂ ਸਬੰਧੀ ਪੰਜਾਬ ਟਰੱਕ ਏਕਤਾ ਗਰੁੱਪ ਦੀ ਅਹਿਮ ਮੀਟਿੰਗ ਬਰਨਾਲਾ ਵਿਖੇ ਹੋਈ

ਮਹਿਲ ਕਲਾਂ/ ਬਰਨਾਲਾ - 25 ਜੁਲਾਈ- (ਗੁਰਸੇਵਕ ਸਿੰਘ ਸੋਹੀ)- ਪੰਜਾਬ ਟਰੱਕ ਯੂਨੀਅਨ ਦੀ ਮੀਟਿੰਗ ਵਿੱਚ ਪੰਜਾਬ ਭਰ ਤੋਂ ਟਰੱਕ ਮਾਲਕਾਂ ਤੇ ਮੈਂਬਰਾਂ ਨੇ ਹਿੱਸਾ ਲਿਆ। ਟਰੱਕ ਅਪਰੇਟਰਾਂ ਵੱਲੋਂ ਡੀਜ਼ਲ ਅਤੇ ਪੈਟਰੋਲ ਦੀਆਂ ਅਸਮਾਨ ਛੂੰਹਦੀਆਂ ਕੀਮਤਾਂ ਕਰਕੇ ਅਤੇ ਘੱਟ ਰੇਟਾਂ ਸਬੰਧੀ ਆ ਰਹੀਆਂ ਦਿੱਕਤਾਂ ਬਾਰੇ ਗੱਲਬਾਤ ਕੀਤੀ ।ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮਨਜੀਤ ਸਿੰਘ ਵਿੱਕੀ ਢਿੱਲੋਂ ਨੇ ਕਿਹਾ ਕਿ ਸਰਕਾਰਾਂ ਨੇ ਯੂਨੀਅਨ ਬੰਦ ਕਰਕੇ ਵਪਾਰੀ ਨੂੰ ਹੈਵੀ ਬਣਾ ਦਿੱਤਾ ਹੈ ਤੇ ਟਰੱਕਾਂ ਵਾਲਿਆਂ ਨੂੰ ਕਿਸੇ ਦਾ ਵੀ ਆਸਰਾ ਨਹੀਂ ਰਿਹਾ। ਮੀਟਿੰਗ ਵਿੱਚ ਸਮੂਹ ਮੈਂਬਰਾਂ ਵੱਲੋਂ ਘੱਟ ਭਾੜੇ ਵਸੂਲਣ ਵਾਲਿਆਂ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਅਤੇ ਓਵਰਲੋਡ ਗੱਡੀਆਂ ਕਰਨ ਵਾਲਿਆਂ ਨੂੰ ਵੀ ਸੁਚੇਤ ਕੀਤਾ ਗਿਆ। ਪੰਜਾਬ ਟਰੱਕ ਏਕਤਾ ਦੀਆਂ ਪੰਜਾਬ ਭਰ ਵਿੱਚ ਮੀਟਿੰਗਾਂ ਚੱਲ ਰਹੀਆਂ ਹਨ ਤੇ ਭਰਵਾਂ ਹੁੰਗਾਰਾ ਮਿਲਿਆ ਹੈ ।ਮੀਟਿੰਗ ਵਿੱਚ ਜ਼ਿਲ੍ਹਾ ਪ੍ਰਧਾਨਾਂ ਉੱਪਰ ਕੀਤੇ ਗਏ ਪਰਚਿਆਂ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ ਗਈ ।ਇਸ ਮੌਕੇ ਪ੍ਰਭਜੋਤ ਸਿੰਘ ਮਾਨ, ਕੁਲਦੀਪ ਸਿੰਘ, ਗੁਰਜਿੰਦਰਪਾਲ ਸਿੰਘ, ਮਨਜੀਤ ਸਿੰਘ ਵਿੱਕੀ, ਜੱਗਾ ਤੂਰ, ਜੋੋਤੀ, ਪ‍ਾਲਾ, ਹਰਮਿੰਦਰ ਸਿੰਘ, ਹਰਮਨ ਸਿੰਘ, ਸੰਜੂ ਅਪਰੇਟਰ ਆਦਿ ਹਾਜ਼ਰ ਸਨ ।

Video Link ਪੰਜਾਬੀ ਵਿਰਸਾ ਪ੍ਰੋਗਰਾਮ ਵਿੱਚ ਅੱਜ ਵਿਸ਼ੇਸ਼ ਗੱਲਬਾਤ

ਪੰਜਾਬੀ ਵਿਰਸਾ ਪ੍ਰੋਗਰਾਮ ਵਿੱਚ ਅੱਜ ਵਿਸ਼ੇਸ਼; 

ਰੁੱਖਾਂ ਦੀ ਸਾਡੇ ਜੀਵਨ ਵਿੱਚ ਕਿੰਨੀ ਮਹੱਤਤਾ ?

ਸਾਡਾ ਸਮਾਜਿਕ ਜੀਵਨ ਵਿਰਸਾ ਅਤੇ ਧਰਮ ਰੁੱਖਾਂ ਦੇ ਨਾਲ ਕਿਸ ਤਰ੍ਹਾਂ ਜੁੜਿਆ ਹੋਇਆ ?

ਸਕੂਲ ਅਧਿਆਪਕਾਂ ਨੂੰ ਰੁੱਖਾਂ ਪ੍ਰਤੀ ਬੱਚਿਆਂ ਨੂੰ ਸੁਚੇਤ ਕਰਨ ਲਈ ਕੀ ਕਰਨਾ ਚਾਹੀਦਾ ?

ਇਨ੍ਹਾਂ ਸਵਾਲਾਂ ਦੇ ਜਵਾਬ ਲਈ ਅੱਜ ਦੀ ਵਿਸ਼ੇਸ਼ ਗੱਲਬਾਤ ਵਿਚ ਹਿੱਸਾ ਲਿਆ  

ਪ੍ਰਿੰਸੀਪਲ ਦਲਜੀਤ ਕੌਰ ਹਠੂਰ  

ਪ੍ਰੋ ਕਰਮ ਸਿੰਘ ਸੰਧੂ  

ਵਾਤਾਵਰਨ ਪ੍ਰੇਮੀ ਹਰਨਰਾਇਣ ਸਿੰਘ ਮੱਲੇਆਣਾ  

ਤੁਸੀਂ ਇਸ ਸਾਰੀ ਗੱਲਬਾਤ ਨੂੰ ਹੇਠ ਲਿਖੇ ਲਿੰਕ ਉਪਰ ਜਾ ਕੇ ਦੇਖ ਸਕਦੇ ਹੋ  

Facebook

https://fb.watch/6YUoIbAnfM/

ਪੰਜਾਬੀ ਅਖ਼ਬਾਰਾਂ ਦੀਆਂ ਅਹਿਮ ਸੁਰਖੀਆਂ ਉੱਪਰ ਗੱਲਬਾਤ  

ਪੰਜਾਬੀ ਅਖ਼ਬਾਰਾਂ ਦੀਆਂ ਅਹਿਮ ਸੁਰਖੀਆਂ ਉੱਪਰ ਗੱਲਬਾਤ  

ਅਖ਼ਬਾਰ ਦੀ ਖ਼ਬਰ ਤੇ ਬੁੱਧੀਜੀਵੀ ਡਾ ਬਲਦੇਵ ਸਿੰਘ ਦਾ ਪ੍ਰਤੀਕਰਮ  

ਕਿਹੜੀ ਖ਼ਬਰ ਬਾਰੇ ਜਾਣਨਾ ਸਾਡੇ ਲਈ ਬਹੁਤ ਜ਼ਰੂਰੀ ਹੈ- ਜਰਨਲਿਸਟ ਇਕਬਾਲ ਸਿੰਘ ਰਸੂਲਪੁਰ  

ਇਹ ਸਭ ਦੇਖਣ ਅਤੇ ਸੁਣਨ ਲਈ ਤੁਸੀਂ ਹੇਠ ਦਿੱਤੇ ਲਿੰਕਾਂ ਉੱਪਰ ਜਾਓ  

Facebook
https://fb.watch/6YSKMKNrdp/

ਨਵੀਂ ਪੀੜੀ ਦਾ ਅੰਤ ✍️. ਡਾ ਮਿੱਠੂ ਮੁਹੰਮਦ ਮਹਿਲ ਕਲਾਂ 

ਨਵੀਂ ਪੀੜੀ ਦਾ ਅੰਤ

ਵਾਟਰ ਕੂਲਰਾਂ ਨਾਲ ਬੰਨੇ ਗਿਲਾਸ,
ਬੈਕਾਂ ਚ ਧਾਗਿਆ ਨਾਲ ਨੂੜੇ ਪੈਨ
ਸਾਡੀ ਇਮਾਨਦਾਰੀ ਦੇ ਮੂੰਹ ਤੇ ਚਪੇੜ ਮਾਰਦੇ ਨੇ

ਮੰਦਰਾਂ ਗੁਰਦੁਆਰਿਆ ਦੇ ਵਿੱਚ ਲੱਗੇ ਸੀਸੀ ਟੀਵੀ ਕੈਮਰੇ ਸਾਡੀ ਸ਼ਰਧਾ ਦਾ ਜਲੂਸ ਕੱਢਦੇ ਨੇ
ਹਰਮਨ ਚੀਮੇ,ਮੁੱਖ ਮੰਤਰੀ ਹੁਰਾਂ ਦੇ ਗੀਤ ਮਾਰਕਿਟ ਵਿੱਚ ਆ ਜਾਣੇ ਤੇ ਚੜ ਜਾਣੇ
ਇਹ ਸਭ ਸਾਡੇ ਚੰਗੇ ਸਰੋਤੇ ਹੋਣ ਦਾ ਭਰਮ ਤੋੜਦੇ ਨੇ
ਪੁਲਾੜਾਂ ਵਿੱਚ ਸੈਟਲਾਇਟ ਭੇਜੇ ਜਾਣ ਤੋ ਪਹਿਲਾਂ ਕੀਤੇ ਹਵਨ,ਭੰਨੇ ਨਾਰੀਅਲ ਸਾਡੇ 21ਵੀਂ ਸਦੀ ਵਿੱਚ ਹੋਣ ਤੇ ਥੁੱਕਦੇ ਨੇ
 

ਤੇ ਬਿਨਾ ਪੇਪਰਾਂ ਤੋਂ ਪਾਸ ਹੁੰਦੇ ਬੱਚੇ
ਸਾਡੀ ਪੀੜੀ ਦਾ ਅੰਤ ਹੈ ਦੋਸਤੋ....

 
ਲੇਖਕ-ਡਾ ਮਿੱਠੂ ਮੁਹੰਮਦ ਮਹਿਲ ਕਲਾਂ 

ਕੁਲਵੰਤ ਸਿੰਘ ਟਿੱਬਾ ਦੇ ਯਤਨਾਂ ਨਾਲ ਰੁਕੀਆਂ ਪੈਨਸ਼ਨਾਂ ਹੋਈਆਂ ਬਹਾਲ 

ਪਿੰਡ ਵਜੀਦਕੇ ਕਲਾਂ ਤੇ ਕੁਰੜ ਦੇ ਬਜ਼ੁਰਗਾਂ ਨੇ ਕੀਤਾ ਧੰਨਵਾਦ  

ਮਹਿਲ ਕਲਾਂ/ ਬਰਨਾਲਾ- 24 ਜੁਲਾਈ- (ਗੁਰਸੇਵਕ ਸਿੰਘ ਸੋਹੀ)- ਪਿੰਡ ਵਜੀਦਕੇ ਕਲਾਂ ਅਤੇ ਕੁਰੜ ਵਿਖੇ ਪਿਛਲੇ ਲੰਮੇ ਸਮੇਂ ਤੋਂ ਬੰਦ ਪਈਆਂ ਦਰਜਨਾਂ ਬਜ਼ੁਰਗਾਂ ਦੀਆਂ ਬੁਢਾਪਾ, ਅੰਗਹੀਣ, ਆਸ਼ਰਿਤ ਪੈਨਸ਼ਨਾਂ ਵਿਧਾਨ ਸਭਾ ਹਲਕਾ ਮਹਿਲ ਕਲਾਂ ਵਿੱਚ ਲੋਕ ਹਿੱਤਾਂ ਲਈ ਸਰਗਰਮੀ ਨਾਲ ਕੰਮ ਕਰਨ ਵਾਲੀ ਸਮਾਜਿਕ ਸੰਸਥਾ "ਹੋਪ ਫਾਰ ਮਹਿਲ ਕਲਾਂ" ਦੇ ਇੰਚਾਰਜ ਕੁਲਵੰਤ ਸਿੰਘ ਟਿੱਬਾ ਦੇ ਯਤਨਾਂ ਸਦਕਾ ਮੁੜ ਚਾਲੂ ਹੋ ਗਈਆਂ ਹਨ। ਜਿਸ ਕਰ ਕੇ ਬਜ਼ੁਰਗਾਂ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਅਤੇ ਉਨ੍ਹਾਂ  ਨੇ ਕੁਲਵੰਤ ਸਿੰਘ ਟਿੱਬਾ ਦਾ ਧੰਨਵਾਦ ਕੀਤਾ ਹੈ।ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੁਲਵੰਤ ਸਿੰਘ ਟਿੱਬਾ ਨੇ ਕਿਹਾ ਕਿ ਸਾਡੀ ਸੰਸਥਾ ਹੋਪ ਫਾਰ ਮਹਿਲ ਕਲਾਂ ਦਾ ਇਹ ਉਦੇਸ਼ ਹੈ ਕਿ ਆਮ ਲੋਕਾਂ ਦੀ ਸਰਕਾਰੀ ਦਫਤਰਾਂ ਵਿਚ ਹੋ ਰਹੀ ਖੱਜਲ ਖੁਆਰੀ ਨੂੰ ਬੰਦ ਕੀਤਾ ਜਾਵੇ।ਉਨ੍ਹਾਂ ਕਿਹਾ ਕਿ ਆਮ ਲੋਕਾਂ ਵਿਚ ਸੰਵਿਧਾਨਕ ਜਾਣਕਾਰੀ ਦੀ ਘਾਟ ਹੋਣ ਕਾਰਨ ਮਹੀਨਿਆਂ ਬੱਧੀ ਆਪਣੇ ਜਾਇਜ਼ ਕੰਮਾਂ ਧੰਦਿਆਂ ਲਈ ਵੀ ਸਰਕਾਰੀ ਦਫ਼ਤਰਾਂ ਵਿੱਚ ਧੱਕੇ ਖਾਣੇ ਪੈਂਦੇ ਹਨ।ਕੁਲਵੰਤ ਸਿੰਘ ਟਿੱਬਾ ਨੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਸ਼ੁਰੂ ਕੀਤੀ ਮੁਹਿੰਮ "ਸਾਨੂੰ ਦੱਸੋ, ਅਸੀਂ ਸੁਣਾਂਗੇ, ਅਸੀਂ ਕਰਾਂਗੇ" ਨੂੰ ਆਮ ਲੋਕਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਤੇ ਵੱਡੀ ਗਿਣਤੀ ਵਿੱਚ ਪੀੜਤ ਲੋਕ ਆਪਣੇ ਮਸਲਿਆਂ ਦੇ ਹੱਲ ਲਈ ਉਨ੍ਹਾਂ ਦੀ ਟੀਮ ਨਾਲ ਸੰਪਰਕ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਹਲਕਾ ਮਹਿਲ ਕਲਾਂ ਵਿੱਚ ਆਮ ਲੋਕਾਂ ਨੂੰ ਵੱਡੀ ਪੱਧਰ ਤੇ ਮੁਸ਼ਕਲਾਂ ਪੇਸ਼ ਆ ਰਹੀਆਂ ਹਨ ਅਤੇ ਕੋਈ ਵੀ ਸਿਆਸੀ ਆਗੂ ਆਮ ਲੋਕਾਂ ਦੀ ਬਾਂਹ ਫੜਦਾ ਦਿਖਾਈ ਨਹੀਂ ਦੇ ਰਿਹਾ, ਜੋ ਦੋ ਇੱਕ ਮੰਦਭਾਗਾ ਰੁਝਾਨ ਹੈ।ਉਨ੍ਹਾਂ ਨੌਜਵਾਨ ਵਰਗ ਨੂੰ ਅਪੀਲ ਕੀਤੀ ਕਿ ਬੇਉਮੀਦ ਹੋ ਚੁੱਕੇ ਲੋਕਾਂ ਦੀ ਇੱਕ ਉਮੀਦ ਬਣਨ ਦੇ ਉਦੇਸ਼ ਨਾਲ ਨੌਜਵਾਨ ਸਾਡੀ ਸੰਸਥਾ ਨਾਲ ਜੁੜਨ ਤਾਂ ਕਿ ਆਮ ਲੋਕਾਂ ਦੀਆਂ ਮੁਸ਼ਕਿਲਾਂ ਦੇ ਹੱਲ ਲਈ ਯਤਨ ਤੇਜ ਕੀਤੇ ਜਾ ਸਕਣ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸੰਸਥਾ ਦੇ ਡਾਇਰੈਕਟਰ ਡਾ. ਮਿੱਠੂ ਮੁਹੰਮਦ, ਡਾ. ਗੁਰਪ੍ਰੀਤ ਸਿੰਘ ਨਾਹਰ, ਡੋਗਰ ਸਿੰਘ ਵਜੀਦਕੇ, ਚਾਨਣ ਸਿੰਘ, ਸੁਖਵਿੰਦਰ ਸਿੰਘ ਕਾਕਾ, ਮਨਜੀਤ ਸਿੰਘ ਸ਼ੋਮੀ, ਕਮਲਜੀਤ ਕੌਰ ਕਮਲ, ਅਜੀਤ ਸਿੰਘ ਦੁੱਗਲ,ਬਲਵੀਰ ਸਿੰਘ ਕੁਰੜ ਆਦਿ ਵੀ ਹਾਜ਼ਰ ਸਨ।

ਰੁੱਤ ਮੰਗ ਪੱਤਰਾਂ ਦੀ ਆਈ

ਮੰਤਰੀਆਂ ਤੇ ਐਮ.ਐਲ.ਏਜ਼ ਦਾ ਘਿਰਾਓ ਲਗਾਤਾਰ ਜਾਰੀ
 
ਮਹਿਲ ਕਲਾਂ/ਬਰਨਾਲਾ-ਜੁਲਾਈ- (ਗੁਰਸੇਵਕ ਸਿੰਘ ਸੋਹੀ)- ਪ੍ਰੈਕਟੀਸ਼ਨਰ ਐਸੋਸੀਏਸ਼ਨ ਰਜਿ 295) ਪੰਜਾਬ ਦੇ ਸੂਬਾ ਪ੍ਰਧਾਨ ਡਾਕਟਰ ਰਮੇਸ਼ ਕੁਮਾਰ ਜੀ ਬਾਲੀ ਪ੍ਰਧਾਨ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਦੇ ਦਿਸਾ ਨਿਰਦੇਸ਼ਾਂ ਅਨੁਸਾਰ ਸੂਬਾ ਜਰਨਲ ਸਕੱਤਰ ਡਾਕਟਰ ਜਸਵਿੰਦਰ ਕਾਲਖ ਦੀ ਕਮਾਂਡ ਹੇਠ ਚਲ ਰਹੇ ਮੰਤਰੀਆਂ ਤੇ ਐਮ ਐਲ ਏਜ ਦੀ ਘਿਰਾਓ ਵਿੱਚ ਲੋਕ ਸਭਾ ਮੈਂਬਰ ਡਾਕਟਰ ਅਮਰ ਸਿੰਘ ਅਤੇ ਦਿਹਾਤੀ ਹਲਕਿਆਂ ਦੇ ਐਮ ਐਲ ਏਜ ਲਖਵੀਰ ਸਿੰਘ ਲੱਖਾ ਹਲਕਾ ਪਾਇਲ, ਗੁਰਕੀਰਤ ਸਿੰਘ ਕੋਟਲੀ ਹਲਕਾ ਖੰਨਾ, ਅਮਰੀਕ ਸਿੰਘ ਜੀ ਢਿੱਲੋਂ ਹਲਕਾ ਸਮਰਾਲਾ ,ਐਮ ਐਲ ਏ ਹਲਕਾ ਗਿੱਲ ਸਰਦਾਰ ਕੁਲਦੀਪ ਸਿੰਘ ਜੀ ਵੈਦ ਦੀਆਂ ਕੋਠੀਆਂ ਦੇ ਘਿਰਾਓ ਕਰਨ ਤੇ ਮੰਗ ਪੱਤਰ ਦੇਣ ਦੌਰਾਨ ਫੂਡ ਸਪਲਾਈ ਮੰਤਰੀ ਦੀ ਕੋਠੀ ਦਾ ਘਿਰਾਓ ਕੀਤਾ ਗਿਆ ।
ਉਸ ਲੜੀ ਤਹਿਤ ਹਲਕਾ ਦਾਖਾ ਦੇ ਐਮ ਐਲ ਏ ਸਰਦਾਰ ਮਨਪ੍ਰੀਤ ਸਿੰਘ ਜੀ ਇਆਲੀ ਅਕਾਲੀ ਦਲ ਬਾਦਲ ਨੂੰ ਮੰਗ ਪੱਤਰ ਦਿੱਤਾ ਗਿਆ ।
ਉਸ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਓ ਐਸ ਡੀ ਕੈਪਟਨ ਸੰਦੀਪ ਸਿੰਘ ਸੰਧੂ ਹਲਕਾ ਦਾਖਾ ਦੇ ਮੁੱਲਾਂਪੁਰ ਸਥਿਤ ਦਫਤਰ ਦਾ ਘਿਰਾਓ ਕੀਤਾ ਗਿਆ। ਸਰਕਾਰ ਦੇ ਖਿਲਾਫ਼ ਨਾਅਰੇਬਾਜ਼ੀ ਕਰਕੇ ਮੌਜੂਦ ਪੁਲਿਸ ਦੇ ਉਚ ਅਧਿਕਾਰੀ ਨੂੰ ਵੀ ਮੰਗ ਪੱਤਰ ਦਿੱਤੇ  ਗਏ ।
  ਉਸ ਤੋਂ  ਬਾਅਦ ਕਾਫਲਾ ਆਮ ਆਦਮੀ ਪਾਰਟੀ ਦੇ ਵਿਰੋਧੀ ਧਿਰ ਦੀ ਉਪ ਨੇਤਾ ਸਰਬਜੀਤ ਕੌਰ ਜੀ ਮਾਣੂੰਕੇ ਹਲਕਾ ਜਗਰਾਉਂ ਪਾਸ ਪਹੁਚਿਆ ।ਜਿਥੇ ਉਹਨਾਂ ਨੂੰ ਮੰਗ ਪੱਤਰ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਬੀਬੀ ਸਰਬਜੀਤ ਕੌਰ ਜੀ ਇਕੋ ਇਕ ਉਹ ਵਿਧਾਇਕ ਹਨ, ਜਿਹਨਾਂ ਨੇ ਸਭ ਤੋਂ  ਪਹਿਲਾਂ ਪਿੰਡਾਂ ਵਿੱਚ ਕੰਮ ਕਰਦੇ ਆਰਐਮਪੀ ਡਾਕਟਰਾਂ ਸਲਾਹਿਆ ਕਿ ਇਹੀ ਲੋਕਾਂ ਦੇ ਸੱਚੇ ਤੇ ਸੁੱਚੇ ਸੇਵਾਦਾਰ ਹਨ। ਜਿੰਨ੍ਹਾਂ ਨੇ ਕਰੋਨਾ ਕਾਲ ਦੌਰਾਨ ਆਪਣੀਆਂ ਜਾਨਾਂ ਦੀ ਪ੍ਰਵਾਹ ਕੀਤੇ ਬਿਨਾਂ ,ਲੋਕਾਂ ਦੀਆਂ ਕੀਮਤੀ ਜਾਨਾਂ ਬਚਾਈਆਂ ਹਨ। 
    ਇਸੇ ਤਰ੍ਹਾਂ ਹੀ ਆਮ ਆਦਮੀ ਪਾਰਟੀ ਦੇ ਸਰਦਾਰ ਜਗਤਾਰ ਸਿੰਘ ਜੀ ਜੱਗਾ ਹਿੱਸੋਵਾਲ ਐਮ ਐਲ ਏ ਹਲਕਾ ਰਾਏਕੋਟ ਨੂੰ ਵੀ ਮੰਗ ਪੱਤਰ ਸੌਂਪਿਆ। ਉਹਨਾਂ ਵਲੋਂ ਵੀ ਮੈਡੀਕਲ ਪ੍ਰੈਕਟੀਸ਼ਨਰਾਂ ਦੇ ਮਸਲੇ ਨੂੰ ਪਾਰਟੀ ਪੱਧਰ ਤੇ ਉਠਾਉਣ ਦੀ ਗਲ ਕੀਤੀ।
  ਅਜ ਦੇ ਇਹਨਾਂ ਧਰਨਿਆਂ ਤੇ ਮੰਗ ਪੱਤਰ ਦੇਣ ਦੀ ਅਗਵਾਈ ਡਾਕਟਰ ਜਸਵਿੰਦਰ ਕਾਲਖ ਜਰਨਲ ਸਕੱਤਰ ਮੈਡੀਕਲ ਪ੍ਰੈਕਟੀਸ਼ਨਰ ਪੰਜਾਬ, ਡਾਕਟਰ ਅਵਤਾਰ ਸਿੰਘ ਜੀ ਲਸਾੜਾ ਜਿਲ੍ਹਾ ਪ੍ਰਧਾਨ ਲੁਧਿਆਣਾ, ਡਾ ਭਗਵੰਤ ਬੜੂੰਦੀ ਵਾਇਸ ਚੇਅਰਮੈਨ ਲੁਧਿਆਣਾ, ਡਾ ਸੁਖਵਿੰਦਰ ਸਿੰਘ ਜੀ ਜਿਲ੍ਹਾ ਕੈਸ਼ੀਅਰ ਲੁਧਿਆਣਾ ਨੇ ਸਾਂਝੇ ਤੌਰ ਤੇ ਕੀਤੀ ।
 ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ ਸੁਖਵਿੰਦਰ ਸਿੰਘ ਜੀ ਰੌਣੀ ਬਲਾਕ ਪ੍ਰਧਾਨ ਮਲੌਦ,ਡਾ ਬਚਿੱਤਰ ਸਿੰਘ, ਡਾ ਰਾਮ ਦਿਆਲ ਗੋਸਲ ਰਾੜਾ ਸਾਹਿਬ , ਡਾ ਕੁਲਵੰਤ ਸਿੰਘ ਲਸੋਈ, ਡਾ ਮੇਵਾ ਸਿੰਘ ਕੁਲਾਹੜ, ਡਾ ਮੇਵਾ ਸਿੰਘ ਤੁੰਗਾਹੇੜੀ, ਡਾ ਹਰਬੰਸ ਸਿੰਘ ਬਸਰਾਓ, ਡਾ ਜਸਮੇਲ ਸਿੰਘ ਲਲਤੋਂ ਕਲਾਂ ਸੀਨੀਅਰ ਮੀਤ ਪ੍ਰਧਾਨ, ਡਾ ਜਸਵਿੰਦਰ ਰਤਨ ,ਡਾ ਸੰਤੋਖ ਮਨਸੂਰਾਂ ,ਡਾ ਬਲਦੀਪ ਕੁਮਾਰ ਜੋਧਾਂ, ਸੀਨੀਅਰ ਆਗੂ ਡਾ ਧਰਮਿੰਦਰ ਪੱਬੀਆਂ, ਡਾ ਪੁਸਪਿੰਦਰ ਬੋਪਾਰਾਏ, ਡਾ ਵਨੀ ਵਰਮਾ ਭੁਰਥਲਾ ਮੰਡੇਰ ਆਦਿ ਸਾਮਲ ਸਨ।
ਆਗੂਆਂ ਨੇ ਕਿਹਾ ਕਿ ਜਥੇਬੰਦੀ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ  ਪੰਜਾਬ ਨੇ  ਹਰ ਤਰ੍ਹਾਂ ਦੀਆਂ ਕੁਦਰਤੀ ਆਫਤਾਂ ਦੌਰਾਨ ਆਪਣੀਆਂ ਜਾਨਾਂ ਦੀ ਪ੍ਰਵਾਹ ਕੀਤੇ ਬਿਨਾਂ ਆਮ ਲੋਕਾਂ ਦੀ ਸੇਵਾ ਕੀਤੀ । ਉਹਨਾਂ  ਕਿਹਾ ਕਿ ਮੌਜੂਦਾ ਸਰਕਾਰ ਨੇ ਆਪਣੇ ਚੋਣ ਮੈਨੀਫੈਸਟੋ ਵਿਚ 16 ਨੰਬਰ ਪਦ ਤੇ ਲਿਖਤ ਕਰਕੇ  ਸਾਡਾ ਨਾਲ ਵਾਅਦਾ ਖਿਲਾਫ਼ੀ ਕੀਤੀ ਹੈ। ਜਿਸ ਕਰਕੇ ਇਕ ਜੁਲਾਈ ਡਾਕਟਰ-ਦਿਵਸ ਤੋਂ ਸਰਕਾਰ ਦੇ ਮੰਤਰੀਆਂ ਤੇ ਐਮ ਐਲ ਏ ਦੇ ਘਿਰਾਓ ਲਗਾਤਾਰ ਜਾਰੀ ਹਨ।

ਕਿਸਾਨ ਅੰਦੋਲਨ ਦਾ 296 ਵਾਂ ਦਿਨ ਟੋਲ ਪਲਾਜਾ ਮਹਿਲਕਲਾਂ

ਕੇਂਦਰੀ ਮੰਤਰੀ ਮੀਨਾਕਸ਼ੀ ਲੇਖੀ ਵੱਲੋਂ ਕਿਸਾਨਾਂ ਖਿਲਾਫ ਕੁੱਫਰ ਤੋਲਣ ਦੀ ਸਖਤ ਨਿਖੇਧੀ

ਮਹਿਲਕਲਾਂ /ਬਰਨਾਲਾ- 24 ਜੁਲਾਈ-  (ਗੁਰਸੇਵਕ ਸਿੰਘ ਸੋਹੀ)- ਤਿੰਨ ਖੇਤੀ ਕਾਨੂੰਨ ਰੱਦ ਕਰਾਉਣ ,ਐਮਐਸਪੀ ਦੀ ਗਰੰਟੀ ਵਾਲਾ ਨਵਾਂ ਕਾਨੂੰਨ ਬਨਾਉੁਣ ਲਈ ਟੋਲ ਪਲਾਜਾ ਮਹਿਲਕਲਾਂ ਵਿਖੇ ਚੱਲ ਰਿਹਾ ਪੱਕਾ ਮੋਰਚਾ 296 ਵੇਂ ਦਿਨ ਪੂਰੇ ਇਨਕਲਾਬੀ ਜੋਸ਼-ਓ-ਖਰੋਸ਼ ਨਾਲ ਜਾਰੀ ਹੈ। ਅੱਜ ਬੁਲਾਰੇ ਆਗੂਆਂ ਜਗਰਾਜ ਸਿੰਘ ਹਰਦਾਸਪੁਰਾ, ਮਲਕੀਤ ਸਿੰਘ ਈਨਾ, ਸੋਹਣ ਸਿੰਘ ਮਹਿਲਕਲਾਂ, ਮਾ.ਸੁਖਵਿੰਦਰ ਸਿੰਘ, ਲਖਵਿੰਦਰ ਸਿੰਘ ਲੱਖਾ, ਪਰਮਜੀਤ ਸਿੰਘ ਮਹਿਲਕਲਾਂ, ਬਲਜੀਤ ਸਿੰਘ ਮਹਿਲਕਲਾਂ, ਮਨਜੀਤ ਕੌਰ,ਜਸਵੰਤ ਕੌਰ ਨੇ ਕੱਲ੍ਹ ਪਾਰਲੀਮੈਂਟ ਵਿਚੱ ਕਿਸਾਨਾਂ ਨੂੰ ਮਵੱਲੀ ਭਾਵ ਗੁੰਡੇ ਕਹਿਣ ਨੂੰ ਆੜੀ ਹੱਥੀਂ ਲੈਂਦਿਆਂ ਕਿਹਾ ਕਿ ਮੋਦੀ ਸਰਕਾਰ ਦੇ ਮੰਤਰੀਆਂ ਵੱਲੋਂ 8 ਮਹੀਨਿਆਂ ਤੋੋਂ ਖੇਤੀ ਕਾਨੂੰਨਾਂ ਵਿਰੁੱਧ ਸੰਘਰਸ਼ ਕਰ ਰਹੇ ਕਿਸਾਨਾਂ ਪ੍ਰਤੀ ਅਜਿਹੀ ਘਟੀਆਂ ਸ਼ਬਦਾਵਲੀ ਪਹਿਲੀ ਵਾਰ ਨਹੀ ਵਰਤੀ ਗਈ। ਇਸ ਤੋਂ ਪਹਿਲਾਂ ਵੀ ਕਦੇ ਖਾਲਿਸਤਾਨੀ, ਕਦੇ ਅੱਤਵਾਦੀ, ਕਦੇ ਨਕਸਲੀ, ਕਦੇ ਮਾਓਵਾਦੀ ਆਦਿ ਗਰਦਾਨ ਚੁੱਕੇ ਹਨ। ਪਰ ਖੇਤਾਂ ਦੇ ਪੁੱਤਾਂ ਨੇ ਮੋਦੀ ਹਕੂਮਤ ਦੀ ਹਰ ਸਾਜਿਸ਼ ਦਾ ਜਥੇਬੰਦਕ ਲੋਕ ਤਾਕਤ ਦੇ ਆਸਰੇ ਪਰਦਾਫਾਸ਼ ਕੀਤਾ ਹੈ। ਸੰਘਰਸ਼ ਦੀ ਧਾਰ ਨੂੰ ਆਪਣੇ ਅਸਲ ਮਕਸਦ ਤੋਂ ਲਾਂਭੇ ਨਹੀਂ ਹੋਣ ਦਿੱਤਾ। ਹੁਣ ਵੀ ਅਜਿਹੀ ਭੜਕਾਹਟ ਭਰੀ ਬੂਖਲਾਹਟ ਵਿੱਚੋਂ ਨਿੱਕਲੀ ਕਾਰਵਾਈ ਕਾਰਵਾਈ ਨੂੰ ਸਫਲ ਨਹੀਂ ਦਿੱਤਾ ਜਾਵੇਗਾ। ਬੁਲਾਰਿਆਂ ਕਿਹਾ ਕਿ ਅੱੱਜ 23 ਜੁਲਾਈ ਪਾਰਲੀਮੈਂਟ ਵੱਲ ਜਾਣ ਵਾਲੇ ਦੂਜੇ ਕਾਫਲੇ ਨੂੰ ਜੰਤਰ-ਮੰਤਰ ਤੱਕ ਖੁਦ ਹੀ ਦਿੱਲੀ ਪੁਲਿਸ ਦੇ ਉੱਚ ਅਧਿਕਾਰੀਆਂ ਵੱਲੋਂ ਮਨਜੂਰੀ ਦੇਣ ਦੇ ਬਾਵਜੂਦ ਰਸਤੇ ਵਿੱਚ ਨਾਲ ਜਾ ਰਹੀ ਪੱਤਰਕਾਰਾਂ ਦੀ ਟੀਮ ਨੂੰ ਖੱਜਲ ਖੁਆਰ ਕਰਨ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ। ਪਰ ਜੁਝਾਰੂ ਕਿਸਾਨ ਕਾਫਲਿਆਂ ਦੇ ਰੋਹ ਅੱਗੇ ਦਿੱਲੀ ਪੁਲਿਸ ਨੂੰ ਝੁਕਣਾ ਪਿਆ। ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਬਕਾਇਦਾ “ਕਿਸਾਨ ਸਾਂਸਦ ”ਹੋਈ। ਦੁਨੀਆਂ ਦੇ ਇਤਿਹਾਸ ਵਿੱਚ ਪਹਿਲੀ ਵਾਰ ਵਾਪਰਿਆ ਹੈ ਕਿ ਮੁਲਕ ਦੇ ਚੁਣੇ ਹੋਈ ਸਾਂਸਦ ਦੇ ਮੁਕਾਬਲੇ ਕਿਸਾਨਾਂ ਦੇ ਖੁਦ ਚੁਣੇ ਹੋਏ ਨੁਮਾਇੰਦਿਆਂ ਨੇ ਆਪਣੇ ਵਿੱਚੋਂ ਹੀ ਸਪੀਕਰ ਅਤੇ ਡਿਪਟੀ ਸਪੀਕਰ ਦੀ ਚੋਣ ਕਰਕੇ ਕਿਸਾਨੀ ਅੰਦੋਲਨ ਬਾਰੇ ਛੇ ਘੰਟੇ ਨਿੱਠਕੇ ਬਹਿਸ ਕੀਤੀ।ਤਿੰਨੇ ਖੇਤੀ ਵਿਰੋਧੀ ਕਾਨੂੰਨਾਂ ਦੇ ਵਿਸ਼ਾਲ ਲੋਕਾਈ ਉੱਪਰ ਪੈਣ ਵਾਲੇ ਮਾਰੂ ਅਸਰਾਂ ਬਾਰੇ ਵੀ ਨਿੱਠਕੇ ਵਿਚਾਰਾਂ ਕੀਤੀਆਂ।ਕਿਸਾਨ ਸੰਸਦ ਵੱਲੋਂ ਚਲਾਈ ਗਈ ਬਹਿਸ ਵਿੱਚ ਭਾਗ ਲੈਂਦਿਆਂ ਕਿਸਾਨ ਆਗੂਆਂ ਦੱਸਿਆ ਕਿ ਕਿਵੇਂ ਮੋਦੀ ਹਕੂਮਤ ਆਪਣੇ ਸੁਧਾਰਵਾਦੀ ਏਜੰਡੇ ਤਹਿਤ ਖੇਤੀ ਖੇਤਰ ਨੂੰ ਉੱਚ ਅਮੀਰ ਘਰਾਣਿਆਂ (ਅਡਾਨੀਆਂ,ਅੰਬਾਨੀਆਂ ਸਮੇਤ ਹੋਰਨਾਂ) ਨੂੰ ਸੌਪਣਾ ਚਾਹੁੰਦੀ ਹੈ। ਜਿਸ ਦਾ ਸਿੱਟਾ ਮੁਲਕ 60 % ਖੇਤੀ ਉਪਰ ਨਿਰਭਰ ਵਸੋਂ ਦੇ ਉਜਾੜੇ ਦੇ ਰੂਪ ਵਿੱਚ ਨਿੱਕਲੇਗਾ। ਆਂਗੂਆਂ ਕਿਹਾ ਕਿ ਖੇਤੀ ਵਿਰੋਧੀ ਇਨ੍ਹਾਂ ਕਾਨੂੰਨਾਂ ਨੂੰ ਕਿਸੇ ਵੀ ਸੂਰਤ ਵਿੱਚ ਲਾਗੂ ਹੋਣ ਨਹੀਂ ਦਿੱਤਾ ਜਾਵੇਗਾਆਗੂਆਂ ਕਿਹਾ ਕਿ ਮੋਦੀ ਹਕੂਮਤ ਦਾ ਹੰਕਾਰ ਤੋੜਨ ਲਈ ਕਿਸਾਨ ਅੰਦੋਲਨ ਖੇਤੀ ਵਿਰੋਧੀ ਕਾਨੂੰਨ ਰੱਦ ਕਰਵਾਉਣ ਅਤੇ ਨਵਾਂ ਐਮਐਸਪੀ ਗਰੰਟੀ ਵਾਲਾ ਕਾਨੂੰਨ ਬਨਾਉਣ ਤੱਕ ਹੋਰ ਵਧੇਰੇ ਜੋਸ਼ ਅਤੇ ਦ੍ਰਿੜਤਾ ਨਾਲ ਜਾਰੀ ਰਹੇਗਾ।

ਗੰਧਲੇ ਹੋ ਚੁੱਕੇ ਵਾਤਾਵਰਣ ਨੂੰ ਸ਼ੁੱਧ ਬਣਾਉਣ ਲਈ ਰੁੱਖ ਹੀ ਕਰ ਸਕਦੇ ਹਨ ਸਭ ਤੋਂ ਵੱਡੀ ਮਦਦ -ਮਨਦੀਪ ਸਹੋਤਾ  

ਮਹਿਲ ਕਲਾਂ/ਬਰਨਾਲਾ -24 ਜੁਲਾਈ (ਗੁਰਸੇਵਕ ਸੋਹੀ)-  
ਹਰ ਦਿਨ ਪ੍ਰਦੂਸ਼ਤ ਹੋ ਰਹੇ   ਵਾਤਾਵਰਨ ਨੂੰ ਸ਼ੁੱਧ ਕਰਨ ਦੇ ਲਈ ਸਾਨੂੰ ਵੱਡੀ ਗਿਣਤੀ ਵਿੱਚ ਬੂਟੇ ਲਗਾਉਣੇ ਚਾਹੀਦੇ ਹਨ ਤਾਂ ਜੋ ਅਸੀਂ ਭੈਡ਼ੀਆਂ ਬੀਮਾਰੀਆਂ ਤੋਂ ਬਚ ਸਕੀਏ ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਗੁਰਦੁਆਰਾ ਪਾਤਸ਼ਾਹੀ ਛੇਵੀਂ ਮਹਿਲ ਕਲਾਂ ਤੋਂ ਮਨਦੀਪ ਸਿੰਘ ਸਹੋਤਾ ਲੋਕ ਭਲਾਈ ਫਾਉਂਡੇਸ਼ਨ ਦੇ ਮੁੱਖ ਸੇਵਾਦਾਰ  ਮਨਦੀਪ ਸਿੰਘ ਨੇ ਹਲਕਾ ਮਹਿਲ ਕਲਾਂ ਚ ਬੂਟੇ ਲਾਉਣ ਦੀ ਸ਼ੁਰੂਆਤ ਕਰਨ ਸਮੇਂ ਪੱਤਰਕਾਰਾਂ ਨਾਲ ਸਾਂਝੇ ਕੀਤੇ ।ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਪੂਰੀ ਦੁਨੀਆ ਨੂੰ ਆਪਣੀ ਲਪੇਟ ਚ ਲੈ ਚੁੱਕੀ ਕੋਰੋਨਾ ਨਾਂ ਦੀ ਭਿਆਨਕ ਬਿਮਾਰੀ ਨਾਲ ਘਰਾਂ ਦੇ ਘਰ ਬਰਬਾਦ ਹੋ ਗਏ ਹਨ ।ਅਤੇ ਅਸੀਂ ਆਕਸੀਜਨ ਮੁੱਲ ਖ਼ਰੀਦਣ ਲਈ ਮਜਬੂਰ ਹੋ ਗਏ ਸਾਂ ।ਇਸ ਦਾ ਸਭ ਤੋਂ ਵੱਡਾ ਕਾਰਨ ਇਹ ਸੀ ਕਿ ਅਸੀਂ ਦਰੱਖਤਾਂ ਨੂੰ ਹਰ ਰੋਜ਼ ਵੱਡੀ ਗਿਣਤੀ ਵਿੱਚ ਕੱਟ ਰਹੇ ਹਾਂ। ਇਸ ਭਿਆਨਕ ਬੀਮਾਰੀ ਤੋਂ ਬਚਣ ਲਈ ਸਭ ਤੋਂ ਵੱਡਾ ਤੇ ਸੌਖਾ ਤਰੀਕਾ ਇਹੀ ਹੈ ਕਿ ਹਰ ਇੱਕ ਮਨੁੱਖ ਘੱਟੋ ਘੱਟ ਦੋ ਰੁੱਖ ਲਗਾਵੇ ਅਤੇ ਉਨ੍ਹਾਂ ਦੇ ਪਾਲਣ ਪੋਸ਼ਣ ਦੀ ਜ਼ਿੰਮੇਵਾਰੀ ਵੀ ਲਵੇ ।ਇਸ ਲਈ ਸਾਡੀ ਫਾਊਂਡੇਸ਼ਨ ਦੀ ਟੀਮ ਵੱਲੋਂ ਉਕਤ ਉਪਰਾਲਾ ਕੀਤਾ ਗਿਆ ਹੈ  ।ਜਿਸ ਤਹਿਤ ਅਸੀਂ ਵੱਖ- ਵੱਖ ਗੁਰੂਘਰਾਂ ਸਕੂਲਾਂ ਸ਼ਮਸ਼ਾਨ ਘਾਟਾਂ ਅਤੇ ਹੋਰ ਸਾਂਝੀਆਂ ਥਾਵਾਂ ਤੇ ਬੂਟੇ ਲਗਾ ਰਹੇ ਹਾਂ। ਉਨ੍ਹਾਂ ਕਿਹਾ ਕਿ ਸਾਡੀ ਸੰਸਥਾ ਵੱਲੋਂ ਬੂਟੇ ਲਾਉਣ ਤੋਂ ਇਲਾਵਾ ਗ਼ਰੀਬ ਲੋੜਵੰਦ ਲੜਕੀਆਂ ਦੇ ਵਿਆਹਾਂ ਵਿੱਚ ਮੱਦਦ ,ਮਰੀਜ਼ਾਂ ਨੂੰ ਦਵਾਈਆਂ ਸਮੇਤ ਹੋਰ ਵੱਖ ਵੱਖ ਸਮਾਜ ਸੇਵੀ ਕੰਮ ਕੀਤੇ ਜਾ ਰਹੇ ਹਨ  । ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਾਬਾ ਸ਼ੇਰ ਸਿੰਘ ਖ਼ਾਲਸਾ ਨੇ ਉਕਤ ਨੌਜਵਾਨਾਂ ਦੀ ਟੀਮ ਦਾ ਧੰਨਵਾਦ ਕਰਦਿਆਂ ਕਿਹਾ ਕਿ  ਸਾਨੂੰ ਇਹੋ ਜਿਹੇ ਉਪਰਾਲੇ ਵੱਡੀ ਪੱਧਰ ਤੇ ਕਰਨੇ ਚਾਹੀਦੇ ਹਨ ਤਾਂ ਜੋ ਗੰਧਲੇ ਹੋ ਚੁੱਕੇ ਵਾਤਾਵਰਣ ਨੂੰ ਸ਼ੁੱਧ ਬਣਾ ਸਕੀਏ ।ਇਸ ਮੌਕੇ ਸੁਖਪਾਲ ਸਿੰਘ ਹੇਡ਼ੀਕੇ, ਰਾਮਦਾਸ ਸਿੰਘ ਹੇਡ਼ੀਕੇ ,ਬੇਅੰਤ ਸਿੰਘ, ਬੇਅੰਤ ਸਿੰਘ ਗੁਰਮਾ, ਬਲਬੀਰ ਸਿੰਘ ਸਹੋਤਾ ,ਮੇਜਰ ਸਿੰਘ ਕਲੇਰ ,ਗੁਰਮੀਤ ਸਿੰਘ ਆਦਿ ਹਾਜ਼ਰ ਸਨ  ।

ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੇ ਬਲਾਕ ਢਕੋਲੀ ਦਾ ਇਜਲਾਸ

ਮਹਿਲ ਕਲਾਂ /ਬਰਨਾਲਾ- 24 ਜੁਲਾਈ- (ਗੁਰਸੇਵਕ ਸਿੰਘ ਸੋਹੀ)- ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ (ਰਜਿ 295) ਪੰਜਾਬ ਦੇ  ਜਿਲਾ ਮੋਹਾਲੀ ਦੇ ਨਵੇਂ ਬਲਾਕ ਢਕੋਲੀ ਦਾ ਪਹਿਲਾ ਇਜਲਾਸ ਹੋਇਆ। ਜਿਸ ਵਿੱਚ ਮੁੱਖ ਮਹਿਮਾਨ ਸਟੇਟ ਚੇਅਰਮੈਨ ਡਾਕਟਰ ਠਾਕੁਰਜੀਤ ਸਿੰਘ ਅਤੇ ਜ਼ਿਲ੍ਹਾ ਪ੍ਰਧਾਨ ਬਲਵੀਰ ਸਿੰਘ ਵਿਸ਼ੇਸ਼ ਤੌਰ ਤੇ ਪਹੁੰਚੇ । ਉਨ੍ਹਾਂ ਦਾ ਢਕੋਲੀ ਬਲਾਕ ਦੇ ਡਾਕਟਰ ਵੀਰਾਂ ਨੇ ਇੱਥੇ ਪਹੁੰਚਣ ਤੇ ਧੰਨਵਾਦ ਕੀਤਾ। ਡਾਕਟਰ ਸੁਖਦੇਵ ਸਿੰਘ ਜੁਆਇੰਟ ਸੈਕਟਰੀ ਨੇ ਸਟੇਜ ਸੈਕਟਰੀ ਦਾ ਕੰਮ ਬਾਖੂਬੀ ਨਿਵਾਇਆ। ਪ੍ਧਾਨ ਡਾਕਟਰ ਬਲਜਿੰਦਰ ਸਿੰਘ ਕਾਹਲੋਂ ਨੇ ਆਪਣੇ ਵਿਚਾਰ ਪੇਸ਼ ਕਰਦੇ ਹੋਏ ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਹੁਣ ਤੱਕ ਦੀਆਂ ਹੋਈਆਂ ਜਥੇਬੰਦੀ ਦੀਆਂ ਗਤੀਵਿਧੀਆਂ ਅਤੇ ਪ੍ਰਾਪਤੀਆਂ ਦਾ ਵਿਸ਼ੇਸ਼ ਰੂਪ ਵਿੱਚ ਵਰਣਨ ਕੀਤਾ।
  ਸਰਬਸੰਮਤੀ ਨਾਲ ਅਹੁਦੇਦਾਰਾਂ ਦੀ ਚੋਣ ਕੀਤੀ। ਜਿਸ ਵਿੱਚ ਡਾਕਟਰ ਪ੍ਰਮੋਦ ਕੁਮਾਰ ਭਬਾਤ ਨੂੰ ਬਲਾਕ ਪ੍ਧਾਨ, ਡਾਕਟਰ ਗੁਰਵਿੰਦਰ ਸਿੰਘ ਨੂੰ ਜਨਰਲ ਸਕੱਤਰ, ਡਾਕਟਰ ਰਾਮ ਆਸਰਾ ਜੀ ਨੂੰ ਬਲਾਕ ਕੈਸੀਅਰ ਚੁਣਿਆ ਗਿਆ। 
  ਜਿਲਾ ਪ੍ਧਾਨ ਡਾਕਟਰ ਬਲਵੀਰ ਸਿੰਘ ਤੇ ਸਟੇਟ ਚੇਅਰਮੈਨ ਡਾਕਟਰ ਠਾਕੁਰਜੀਤ ਸਿੰਘ ਨੇ ਸਰਬਸੰਮਤੀ ਨਾਲ ਚੁਣੀ ਗਈ ਬਲਾਕ ਕਮੇਟੀ ਨੂੰ ਮੁਬਾਰਕਾਂ ਦਿੱਤੀਆਂ ।ਉਨ੍ਹਾਂ ਅੱਗੇ ਦੱਸਿਆ ਕਿ ਸਰਕਾਰ ਨੇ ਸੱਤਾ ਸੰਭਾਲਣ ਤੋਂ ਪਹਿਲਾਂ ਆਪਣੇ ਚੋਣ ਮੈਨੀਫੈਸਟੋ ਵਿਚ 16 ਨੰਬਰ ਪਦ ਤੇ ਪੇਂਡੂ ਡਾਕਟਰਾਂ ਦੀਆਂ ਮੰਗਾਂ ਮੰਨਣ ਲਈ  ਲਿਖਤੀ ਵਾਅਦਾ ਕੀਤਾ ਸੀ।  ਪਰ ਸਾਢੇ ਚਾਰ ਸਾਲ ਬੀਤ ਜਾਣ ਤੇ ਵੀ ਸਰਕਾਰ ਸਾਡੀਆਂ ਮੰਗਾਂ ਨੂੰ ਮੰਨਣ ਤੋਂ ਟਾਲ ਮਟੋਲ ਕਰ ਰਹੀ ਹੈ। ਉਨ੍ਹਾਂ ਚਿਤਾਵਨੀ ਲਹਿਜ਼ੇ ਵਿੱਚ ਕਿਹਾ ਕਿ ਜਾਂ ਤਾਂ ਸਰਕਾਰ ਸਾਡੀਆਂ ਮੰਗਾਂ ਮੰਨ ਲਵੇ ਨਹੀਂ ਤਾਂ ਆਉਣ ਵਾਲੇ ਸਮੇਂ ਵਿੱਚ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਜਿਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ ।
     ਇਸ ਸਮੇਂ ਹੋਰਨਾਂ ਤੋਂ ਇਲਾਵਾ ਡਾ ਸਵਪਨ ਬਿਸਵਾਸ ਬਲਟਾਨਾ, ਰੰਜਨ ਕੁਮਾਰ ਢਕੋਲੀ, ਰਾਕੇਸ਼ ਕੁਮਾਰ ਢਕੋਲੀ, ਪ੍ਰਮੋਦ ਕੁਮਾਰ ਭਬਾਤ, ਅਮਰਜੀਤ ਭਬਾਤ, ਹਰੀਦਾਸ ਅਧਿਕਾਰੀ ਬਲਦਾਂ, ਡਾਕਟਰ ਗੁਰਵਿੰਦਰ ਸਿੰਘ ਪੀਰ ਮੁੱਲਾਂ, ਡਾਕਟਰ ਮਿਸਰਾ ਢਕੋਲੀ,ਡਾਕਟਰ ਮੁਨੀਸ਼ ਕੁਮਾਰ ਤੇਵਾੜੀ ਕੁੜਾਂਵਾਲਾ,ਡਾਕਟਰ ਰਾਮ ਆਸਰਾ ਢਕੋਲੀ, ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਮੈਡੀਕਲ ਪ੍ਰੈਕਟੀਸ਼ਨਰ ਹਾਜ਼ਰ ਸਨ ।

ਬੇਈਮਾਨ ਬਨਾਮ ਇਮਾਨਦਾਰ ✍️. ਸਲੇਮਪੁਰੀ ਦੀ ਚੂੰਢੀ

ਬੇਈਮਾਨ ਬਨਾਮ ਇਮਾਨਦਾਰ
ਜਿਹੜਾ ਬੰਦਾ ਹਰ ਵੇਲੇ ਆਪਣੀ ਇਮਾਨਦਾਰੀ ਅਤੇ ਸਿਆਣਪ ਦੀਆਂ ਗੱਲਾਂ ਕਰਦਾ ਹੈ, ਉਹ ਖੁਦ ਅਕਸਰ ਬੇਈਮਾਨ ਅਤੇ ਕਮੀਨਾ ਹੁੰਦਾ ਹੈ, ਪਰ ਉਹ ਅਸਿੱਧੇ ਢੰਗ ਨਾਲ ਦੂਜਿਆਂ ਨੂੰ ਬੇਈਮਾਨ ਸਿੱਧ ਕਰ ਰਿਹਾ ਹੁੰਦਾ ਹੈ।

- ਸੁਖਦੇਵ ਸਲੇਮਪੁਰੀ
09780620233
23 ਜੁਲਾਈ 2021

ਰਾਸ਼ਟਰੀ ਮਹਿਲਾ ਕਾਵਿ ਮੰਚ ਪੰਜਾਬ ਇਕਾਈ ਅੰਮ੍ਰਿਤਸਰ ਦੇ ਆਨਲਾਈਨ ਕਵੀ ਦਰਬਾਰ ਵਿੱਚ ਤੀਆਂ ਦੇ ਤਿਉਹਾਰ ਦਾ ਸ੍ਰੀ ਮਤੀ ਜਸਵਿੰਦਰ ਕੌਰ ਦੀ ਪ੍ਰਧਾਨਗੀ ਹੇਠ ਸਫ਼ਲ ਆਯੋਜਨ

ਅੱਜ ਮਿਤੀ 22.07.21 (ਵੀਰਵਾਰ)ਨੂੰ ਰਾਸ਼ਟਰੀ ਮਹਿਲਾ ਕਾਵਿ ਮੰਚ ਪੰਜਾਬ ਦੀ ਅੰਮ੍ਰਿਤਸਰ ਇਕਾਈ ਦਾ ਜੁਲਾਈ ਮਹੀਨੇ ਦਾ ਕਵੀ ਦਰਬਾਰ ਸ੍ਰੀ ਮਤੀ ਜਸਵਿੰਦਰ ਕੌਰ  (ਪ੍ਰਧਾਨ ਮਹਿਲਾ ਕਾਵਿ ਮੰਚ,ਅੰਮ੍ਰਿਤਸਰ  ਇਕਾਈ) ਜੀ ਦੀ ਰਹਿਨੁਮਾਈ ਹੇਠ ਮੀਡੀਆ ਪਰਵਾਜ ਦੇ ਸਹਿਯੋਗ ਨਾਲ ਅੰਮ੍ਰਿਤਸਰ ਦੀ ਪੂਰੀ ਟੀਮ ਵੱਲੋਂ ਜ਼ੂਮ ਐਪ ਰਾਹੀਂ ਆਯੋਜਨ ਕੀਤਾ ਗਿਆ। ਡਾ: ਕੁਲਦੀਪ ਸਿੰਘ ਦੀਪ ਜੀ ਦਾ ਵਿਸ਼ੇਸ਼ ਯੋਗਦਾਨ ਰਿਹਾ । ਇਸ ਕਵੀ ਦਰਬਾਰ ਵਿੱਚ ਧੂਮਧਾਮ ਨਾਲ ਤੀਆਂ ਦਾ ਤਿਉਹਾਰ ਮਨਾਇਆ ਗਿਆ।

ਜ਼ਿਲ੍ਹਾ ਪ੍ਰਧਾਨ ਜਸਵਿੰਦਰ ਕੌਰ ਅਤੇ ਪੰਜਾਬ ਜਨਰਲ ਸਕੱਤਰ ਗਗਨਦੀਪ ਧਾਲੀਵਾਲ ਨੇ ਵਿਸ਼ੇਸ਼ ਭੂਮਿਕਾ ਨਿਭਾਈ।ਸਟੇਟ ਐਵਾਰਡੀ ਲੈਕਚਰਾਰ ਸ੍ਰੀ ਮਤੀ ਸਤਿੰਦਰ ਕਾਹਲੋਂ ਜੀ ਨੇ ਮੁੱਖ ਮਹਿਮਾਨ ਵਜੋਂ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ। 

ਪ੍ਰੋਗਰਾਮ ਦੀ ਸ਼ੁਰੂਆਤ ਮੰਚ ਪ੍ਰਧਾਨ ਜਸਵਿੰਦਰ ਕੌਰ ਵੱਲੋਂ  ਮੁੱਖ ਮਹਿਮਾਨਾਂ ਦਾ ਸੁਆਗਤੀ ਸ਼ਬਦਾਂ ਨਾਲ ਨਿੱਘਾ ਸਵਾਗਤ   ਕਰਕੇ ਕੀਤੀ ਗਈ। ਸ੍ਰੀਮਤੀ ਸਤਿੰਦਰ ਕੌਰ ਕਾਹਲੋਂ ਜੀ ਨੇ ਆਪਣੀ ਖੂਬਸੂਰਤ ਰਚਨਾ ਸਰੋਤਿਆਂ ਨਾਲ ਸਾਂਝੀ ਕੀਤੀ ।

ਇਸ ਪਿੱਛੋਂ ਮੰਚ ਸੰਚਾਲਨ ਦੀ ਭੂਮਿਕਾ ਮਨਦੀਪ ਕੌਰ ਰਤਨ ਜੀ ਵੱਲੋਂ ਬਾਖੂਬੀ ਨਿਭਾਈ ਗਈ। ਇਸ ਪ੍ਰੋਗਰਾਮ ਵਿੱਚ ਜਤਿੰਦਰ ਕੌਰ,ਜਸਵਿੰਦਰ ਕੌਰ,ਰਣਜੀਤ  ਕੌਰ,ਕੈਲਾਸ਼ ਠਾਕੁਰ,ਰੰਜਨਾ ਸ਼ਰਮਾ,ਮਨਦੀਪ ਕੌਰ ਰਤਨ,ਗੁਰਪ੍ਰੀਤ ਕੌਰ,ਇੰਦਰ ਸਰਾਂ ਫ਼ਰੀਦਕੋਟ,ਰਣਜੀਤ ਕੌਰ ਬਾਜਵਾ, ਅਰਵਿੰਦ ਸੋਹੀ,ਹਰਜਿੰਦਰਜੀਤ ਧਾਰੀਵਾਲ,ਸੁਖ ਸੁਖਵਿੰਦਰ ਕੌਰ,ਅਮਰਦੀਪ ਕੌਰ ਲੱਕੀ,ਰਿਤੂ ਗਗਨ   ਨੇ ਆਪਣੀਆਂ ਕਵਿਤਾਵਾਂ ਤੇ ਬੋਲੀਆਂ ਰਾਹੀਂ ਸਰੋਤਿਆਂ ਦੇ ਮਨ ਨੂੰ ਮੋਹ ਲਿਆ। ਜਸਵਿੰਦਰ ਕੌਰ ਜੀ ਨੇ ਨੈਤਿਕ ਮੁੱਲਾਂ ਤੇ ਆਧਾਰਤ ਆਪਣੇ ਲਿਖੇ ਹੋਏ ਟੱਪੇ ਪੇਸ਼ ਕੀਤੇ। ਸਭ ਰਚਨਾਵਾਂ ਸਚਮੁੱਚ ਕਾਬਲੇ ਤਾਰੀਫ਼ ਸਨ। ਸਮਾਗਮ ਦੇ ਅੰਤ 'ਚ ਸ੍ਰੀ ਮਤੀ ਜਸਵਿੰਦਰ ਕੌਰ ਨੇ ਮੁੱਖ ਮਹਿਮਾਨ ਸ੍ਰੀਮਤੀ ਸਤਿੰਦਰ ਕੌਰ ਕਾਹਲੋਂ ਜੀ ਦਾ ਪ੍ਰੋਗਰਾਮ ਵਿੱਚ ਸ਼ਿਰਕਤ ਕਰਨ ਲਈ   ਤਹਿ ਦਿਲੋਂ ਧੰਨਵਾਦ ਕੀਤਾ ਅਤੇ ਸਮੁੱਚੀ ਟੀਮ ਨੂੰ ਸ਼ਲਾਘਾਯੋਗ ਪ੍ਰੋਗਰਾਮ ਲਈ ਵਧਾਈ ਦਿੱਤੀ ਤੇ ਭਵਿੱਖ 'ਚ ਅਜਿਹੇ ਹੋਰ ਸਮਾਗਮ ਕਰਾਉਣ ਲਈ ਸਹਿਯੋਗ ਬਣਾਈ ਰੱਖਣ ਲਈ ਕਿਹਾ।

ਧੰਨਵਾਦ 

ਜਸਵਿੰਦਰ ਕੌਰ ਅੰਮ੍ਰਿਤਸਰ (9781534437)

‘ਨਜ਼ਫਟਾ’ ਨੇ ਪੰਜਾਬੀ ਸਿਨੇਮਾ ਸਬੰਧੀ ਪੁਸਤਕ ਕੀਤੀ ਲੋਕ ਅਰਪਣ

ਬਾਬੂ ਸਿੰਘ ਮਾਨ ਅਤੇ ਗੁੱਗੂ ਗਿੱਲ ਵੱਲੋਂ ‘ਨਜਫਟਾ’ ਦੇ ਕੰਮਾਂ ਦੀ ਸ਼ਲਾਘਾ

ਮੋਹਾਲੀ, 22 ਜੁਲਾਈ (ਹਰਜਿੰਦਰ ਸਿੰਘ ਜਵੰਦਾ) ਕਲਾਕਾਰਾਂ ਦੀ ਸੰਸਥਾ ‘ਨਜਫਟਾ’ ਨੇ ਦਲਜੀਤ ਅਰੋਡ਼ਾ ਦੀ ਲਿਖੀ ਅਤੇ ਮਲਕੀਤ ਰੌਣੀ ਦੀ ਸੰਪਾਦਿਤ ਕੀਤੀ ਸਿਨੇਮਾ ਸਬੰਧੀ ਪੁਸਤਕ ‘ਪੰਜਾਬੀ ਸਕਰੀਨ ਦੇ ਸਿਨੇਮਾ ਸੰਪਾਦਕੀ ਲੇਖ’ ਅੱਜ ਇੱਥੇ ਸੈਕਟਰ 70 ਮੋਹਾਲੀ ਵਿਖੇ ਡਾ. ਸਤੀਸ਼ ਕੁਮਾਰ ਵਰਮਾ ਅਤੇ ਬਾਬੂ ਸਿੰਘ ਮਾਨ ਵੱਲੋਂ ਲੋਕ ਅਰਪਣ ਕੀਤੀ ਗਈ।

ਇਸ ਮੌਕੇ ਗੱਲਬਾਤ ਕਰਦਿਆਂ ਅਦਾਕਾਰ ਗੁੱਗੂ ਗਿੱਲ ਨੇ ਕਿਹਾ ਕਿ ‘ਸਿਨੇਮਾ ਸਾਡੀ ਜਾਨ ਹੈ, ਆਖਰੀ ਸਾਹਾਂ ਤੱਕ ਅਸੀਂ ਆਪਣੀ ਮਾਂ ਬੋਲੀ ਦੇ ਸਿਨੇਮਾ ਲਈ ਕੰਮ ਕਰਦੇ ਰਹਾਂਗੇ।’ ਡਾ. ਸਤੀਸ਼ ਵਰਮਾ ਨੇ ਕਿਹਾ ਕਿ ਸਿਨੇਮਾ ਸਬੰਧੀ ਸਾਡੀ ਪੰਜਾਬੀ ਜ਼ੁਬਾਨ ਵਿੱਚ ਬਹੁਤ ਘੱਟ ਸਾਹਿਤ ਸਾਹਿਤ ਲਿਖਿਆ ਗਿਆ ਹੈ। ਇਸ ਲਈ ਦਲਜੀਤ ਅਰੋਡ਼ਾ ਅਤੇ ਮਲਕੀਤ ਰੌਣੀ ਦੇ ਇਸ ਪੁਸਤਕ ਲਈ ਕੀਤੇ ਯਤਨਾਂ ਦੀ ਸ਼ਲਾਘਾ ਕਰਨੀ ਬਣਦੀ ਹੈ। ਦੋ ਸਦੀਆਂ ਦੇ ਗੀਤਕਾਰ ਬਾਬੂ ਸਿੰਘ ਮਾਨ ਨੇ ਕਿਹਾ ਕਿ ਸਿਨੇਮਾ ਬਾਰੇ ਖੋਜ ਕਰਨ ਵਾਲੀਆਂ ਪੀਡ਼੍ਹੀਆ ਲਈ ਅਜਿਹੀਆਂ ਪੁਸਤਕਾਂ ਕਾਰਗਰ ਸਿੱਧ ਹੋਣਗੀਆਂ। ‘ਨਜਫਟਾ’ ਦੇ ਇਹ ਸਿਨੇਮਾ ਪ੍ਰਤੀ ਸ਼ਲਾਘਾਯੋਗ ਕੰਮ ਹਨ। 

ਹੋਰਨਾਂ ਤੋਂ ਇਲਾਵਾ ਇਸ ਸਮੇਂ ਕਰਮਜੀਤ ਅਨਮੋਲ, ਬਲਕਾਰ ਸਿੱਧੂ, ਸਵੈਰਾਜ ਸੰਧੂ, ਮੁਨੀਸ਼ ਸਾਹਨੀ, ਸ਼ਵਿੰਦਰ ਮਾਹਲ, ਨਾਟਕਕਾਰ ਜਗਦੀਸ਼ ਸਚਦੇਵਾ ਅਤੇ ਸਰਦਾਰ ਸੋਹੀ ਨੇ ਵੀ ਸੰਬੋਧਨ ਕਰਦਿਆਂ ਪੁਸਤਕ ਦੀ ਖੂਬ ਪ੍ਰਸ਼ੰਸਾ ਕਰਦਿਆਂ ਦਲਜੀਤ ਅਰੋਡ਼ਾ ਤੇ ਮਲਕੀਤ ਰੌਣੀ ਨੂੰ ਵਧਾਈ ਵੀ ਦਿੱਤੀ।

ਨਜਫਟਾ ਦੇ ਪ੍ਰਧਾਨ ਗੁਰਪ੍ਰੀਤ ਘੁੱਗੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਸਾਡੇ ਕੋਲ ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਅਤੇ ਪਸਾਰ ਦਾ ਸਭ ਤੋਂ ਵੱਡਾ ਸਾਧਨ ਸਿਨੇਮਾ ਅਤੇ ਟੈਲੀਵਿਜ਼ਨ ਹੈ। ਪੰਜਾਬੀ ਫ਼ਿਲਮਾਂ 100 ਤੋਂ ਵੱਧ ਮੁਲਕਾਂ ਵਿੱਚ ਰਿਲੀਜ਼ ਹੁੰਦੀਆਂ ਹਨ। ਇਸ ਲਈ ਇਹ ਸਿਨੇਮਾ ਹੀ ਹੈ ਜਿਸ ਨੇ ਮਾਂ ਬੋਲੀ ਨੂੰ ਫੈਲਾਉਣ ਵਿੱਚ ਯੋਗਦਾਨ ਪਾਇਆ ਹੈ ਅਤੇ ਭਵਿੱਖ ਵਿੱਚ ਵੀ ਇਹੋ ਸੰਭਾਵਨਾਵਾਂ ਰਹਿਣਗੀਆਂ। ਸੰਸਥਾ ‘ਨਜਫਟਾ’ ਇਨ੍ਹਾਂ ਸੰਭਾਵਨਾਵਾਂ ਨੂੰ ਪੂਰਾ ਕਰਨ ਵਿੱਚ ਯੋਗਦਾਨ ਪਾਉਂਦੀ ਰਹੇਗੀ। ਸ੍ਰੀ ਘੁੱਗੀ ਨੇ ਜਿੱਥੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਉਥੇ ਹੀ ਉਨ੍ਹਾਂ ਕਿਹਾ ਕਿ ਨਜਫਟਾ ਅਜਿਹੇ ਕਾਰਜਾਂ ਦੇ ਨਾਲ-ਨਾਲ ਸਮਾਜਿਕ ਕੰਮਾਂ ਲਈ ਵੀ ਅੱਗੇ ਆਵੇਗੀ ਅਤੇ ਸਿਨੇਮਾ ਦੀ ਬਿਹਤਰੀ ਲਈ ਯਤਨਸ਼ੀਲ ਰਹੇਗੀ। ਪ੍ਰੋਗਰਾਮ ਦੌਰਾਨ ਮੰਚ ਸੰਚਾਲਕ ਦੀ ਭੂਮਿਕਾ ਸੰਸਥਾ ਦੇ ਸਕੱਤਰ ਮਲਕੀਤ ਰੌਣੀ ਵੱਲੋਂ ਬਾਖੂਬੀ ਨਿਭਾਈ ਗਈ।

ਇਸ ਮੌਕੇ ਆਏ ਹੋਏ ਮਹਿਮਾਨਾਂ ਦਾ ਪੌਦਿਆਂ ਨਾਲ ਸਨਮਾਨ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਰਤਨ ਔਲਖ, ਅਸ਼ੀਸ਼ ਦੁੱਗਲ, ਗੁਰਪ੍ਰੀਤ ਕੌਰ ਭੰਗੂ, ਰੁਪਿੰਦਰ ਰੂਪੀ, ਪ੍ਰਕਾਸ਼ ਗਾਧੂ, ਸ਼ਿਤਜ ਚੌਧਰੀ, ਮਨਭਾਵਨ ਸਿੰਘ, ਮਨਦੀਪ ਸਿੰਘ, ਦੇਵੀ ਸ਼ਰਮਾ, ਸਾਹਿਲ ਕੋਹਲੀ, ਨਿਰਮਾਤਾ, ਦੀਪਕ ਗੁਪਤਾ, ਮਨਮੋਹਨ ਸਿੰਘ, ਮੁਨੀਸ਼ ਸਾਹਨੀ ਸਮੇਤ ਹੋਰਨਾਂ ਕਲਾਕਾਰਾਂ ਵਿੱਚ ਤਰਸੇਮ ਪੌਲ, ਪਰਮਜੀਤ ਭੰਗੂ, ਡਾ. ਰਣਜੀਤ ਸ਼ਰਮਾ, ਕੰਵਲਜੀਤ ਪ੍ਰਿੰਸ, ਸੁਰਿੰਦਰ ਫਰਿਸ਼ਤਾ (ਘੁੱਲੇ ਸ਼ਾਹ), ਰਾਜ ਧਾਲੀਵਾਲ, ਭੁਪਿੰਦਰ ਬਰਨਾਲਾ, ਮਨੋਜ ਚੌਹਾਨੀ, ਗੁਰਬਿੰਦਰ ਮਾਨ, ਇਕੱਤਰ ਸਿੰਘ, ਹਰਵਿੰਦਰ ਔਜਲਾ, ਪਰਮਵੀਰ, ਗੁਰਪ੍ਰੀਤ ਸਿੰਘ ਨੀਟੂ, ਲਾਲੀ ਗਿੱਲ, ਸੁੱਖੀ ਚਾਹਲ, ਅਮਨ ਜੌਹਲ, ਜੱਸ ਸੈਂਪਲਾ, ਮਨਜੋਤ ਅਰੋਡ਼ਾ, ਸੰਜੂ ਸੋਲੰਕੀ, ਬੂਵਨ ਅਜ਼ਾਦ, ਮਨਪ੍ਰੀਤ ਕੌਰ ਆਦਿ ਵੀ ਹਾਜ਼ਰ ਸਨ।

ਨਿਰਾਸ਼ਾ ਨਕਾਰਤਮਕ ਸੋਚ ਨੂੰ ਵਧਾਉਂਦੀ ਹੈ ✍️. ਗਗਨਦੀਪ ਧਾਲੀਵਾਲ ਝਲੂਰ (ਬਰਨਾਲਾ)

ਨਿਰਾਸ਼ਾ ਨਕਾਰਤਮਕ ਸੋਚ ਨੂੰ ਵਧਾਉਂਦੀ ਹੈ

ਦੋਸਤੋਂ ਅਕਸਰ ਦੇਖਿਆਂ ਜਾਂਦਾ ਹੈ ਕਿ ਕਈ ਲੋਕ ਆਪਣੀ ਨਕਾਰਤਮਕ ਸੋਚ ਕਾਰਨ ਆਪਣੇ ਜੀਵਨ ਨੂੰ ਮੁਸ਼ਕਿਲਾਂ ਭਰਿਆ ਬਣਾ ਲੈਂਦੇ ਹਨ।ਜ਼ਿੰਦਗੀ ਨੂੰ ਨਿਰਾਸ਼ਾ ਭਰਪੂਰ ਬਣਾ ਲੈਂਦੇ ਹਨ।ਕਈ ਲੋਕ ਬਚਪਨ ਤੋ ਹੀ ਖਿਝੂ ਅੜੀਅਲ ਸੁਭਾਅ ਦੇ ਹੁੰਦੇ ਹਨ ।ਕਈ ਨਕਾਰਤਮਕ ਵਿਚਾਰਾਂ ਨਾਲ ਭਰੇ ਹੁੰਦੇ ਹਨ।ਜਿਓ-ਜਿਓ ਜ਼ਿੰਦਗੀ ਵਿੱਚ ਅੱਗੇ ਵੱਧਦੇ ਜਾਂਦੇ ਹਨ ਨਿਰਾਸ਼ਾਵਾਦੀ ਹੁੰਦੇ ਜਾਂਦੇ ਹਨ,ਆਖਿਰ ਨੂੰ ਉਹ ਟੈਨਸ਼ਨ ਦਾ ਸ਼ਿਕਾਰ ਹੋ ਜਾਂਦੇ ਹਨ।ਕੀ ਅਜਿਹੇ ਲੋਕ ਜ਼ਿੰਦਗੀ ਵਿੱਚ ਕਾਮਯਾਬ ਹੋ ਜਾਂਦੇ ਹਨ।ਨਕਾਰਤਮਕ ਸੋਚ ਵਾਲਾ ਵਿਅਕਤੀ ਜਲਦ ਹੀ ਹੌਸਲਾ ਹਾਰ ਜਾਂਦਾ ਹੈ ਉਹ ਹਮੇਸ਼ਾ ਹੀ ਆਪਣੇ ਆਪ ਨੂੰ ਦੋਸ਼ੀ ਮੰਨਣ ਲੱਗ ਜਾਂਦਾ ਹੈ। ਕਈ ਵਾਰ ਆਪਣੇ ਆਪ ਨੂੰ ਖਤਮ ਕਰਨ ਦੀ ਕੋਸ਼ਿਸ਼ ਵੀ ਕਰਦਾ ਹੈ।ਉਹ ਦੂਜੇ ਲੋਕਾਂ ਨੂੰ ਵੀ ਨਕਾਰਤਮਕ ਨਜ਼ਰੀਏ ਨਾਲ ਦੇਖਦਾ ਹੈ।ਹਮੇਸ਼ਾ ਉਹਨਾਂ ਵਿੱਚ ਕਮੀਆਂ ਹੀ ਦੇਖਦਾ ਹੈ।ਉਸ ਨੂੰ ਇੰਝ ਹੀ ਲੱਗਦਾ ਰਹਿੰਦਾ ਹੈ ਜਿਵੇਂ ਸਾਰੇ ਲੋਕ ਉਸਦਾ ਹੀ ਬੁਰਾ ਕਰਦੇ ਹਨ ।ਉਹ ਉਸ ਨਾਲ ਗਲਤ ਕਰ ਰਹੇ ਹਨ ।ਦੋਸਤੋਂ ਜੇਕਰ ਆਪਾਂ ਇੰਝ ਹੀ ਨਕਾਰਤਮਕ ਰਵੱਈਏ ਦਾ ਸ਼ਿਕਾਰ ਰਹਾਂਗੇ ਤਾਂ ਖੁਸ਼ੀਆਂ ਤੁਹਾਡੇ ਦਰ ਤੇ ਆਕੇ ਵਾਪਿਸ ਮੁੜਦੀਆਂ ਰਹਿਣਗੀਆਂ।ਅਸੀਂ ਚੰਗੇ ਮੌਕੇ ਹੱਥੋਂ ਗਵਾਉਂਦੇ ਰਹਾਂਗੇ ।ਕਿਉਂਕਿ ਖੁਸ਼ੀਆਂ ਹੀ ਜ਼ਿੰਦਗੀ ਨੂੰ ਰੰਗੀਨ ਬਣਾਉਂਦੀਆਂ ਹਨ ।ਪਰ ਅਸੀਂ ਆਪਣੀ ਨਕਾਰਤਮਕ ਸੋਚ ਕਾਰਨ ਆਪਣੇ ਆਪ ਨੂੰ ਬੇਵੱਸ ਲਾਚਾਰ ਮਹਿਸੂਸ ਕਰਨ ਲੱਗਦੇ ਹਾਂ।ਜ਼ਿੰਦਗੀ ਦੁੱਖਾਂ ਵਿੱਚ ਪਾ ਲੈਂਦੇ ਹਾਂ।ਜ਼ਿੰਦਗੀ ਵਿੱਚ ਆਈਆਂ ਮੁਸ਼ਕਿਲਾਂ ਤੋਂ ਜਲਦੀ ਹੀ ਹਾਰ ਮੰਨ ਲੈਂਦੇ ਹਾਂ,ਤੇ ਢੇਰੀ ਢਾਹ ਕੇ ਬੈਠ ਜਾਂਦੇ ਹਾਂ।ਮਾੜੇ ਸਮੇਂ ਵਿੱਚ ਮਾੜਾ ਸੋਚਣ ਦੀ ਬਜਾਇ ਚੰਗਾ ਸੋਚਣਾ ਚਾਹੀਦਾ ਹੈ।ਕਈ ਵਾਰ ਅਸੀਂ ਦੁੱਖ ਵਿੱਚ ਆਪਣੇ ਆਪ ਨੂੰ ਇਕੱਲਾ ਮਹਿਸੂਸ ਕਰਦੇ ਹਾਂ ਤੇ ਸਾਨੂੰ ਸਭ ਕੁੱਝ ਖਾਲ਼ੀ ਹੀ ਜਾਪਦਾ ਹੈ ।ਸਾਨੂੰ ਹਮੇਸ਼ਾ ਅਜਿਹੇ ਸਮੇਂ ਉੱਪਰ ਆਪਣੇ ਅੰਦਰਲੇ ਦਿਲ ਦੀ ਭਾਵ ਦੁੱਖ ਦੀ ਗੱਲ ਦੋਸਤਾਂ ਰਿਸ਼ਤੇਦਾਰਾਂ ਨਾਲ ਸਾਂਝੀ ਕਰਨੀ ਚਾਹੀਦੀ ਹੈ ਤਾਂ ਜੋ ਨਕਾਰਤਮਕ ਸੋਚ ਤੋਂ ਬਚਿਆ ਜਾ ਸਕੇ।ਨਕਾਰਤਮਕ ਸੋਚ ਨਾਲ ਅਸੀਂ ਕਈ ਰਿਸਤਿਆਂ ਵਿੱਚ ਦੂਰੀ ਬਣਾ ਲੈਂਦੇ ਹਾਂ।ਸਾਨੂੰ ਕਦੇ ਵੀ ਹੌਸਲਾ ਨਹੀਂ ਹਾਰਨਾ ਚਾਹੀਦਾ ਹਮੇਸ਼ਾ ਸਕਾਰਤਮਕ ਸੋਚ ਲੈਕੇ ਚੱਲਣਾ ਚਾਹੀਦਾ ਹੈ ਕਿਉਂਕਿ ਜ਼ਿੰਦਗੀ ਮੌਕਾ ਜ਼ਰੂਰ ਦਿੰਦੀ ਹੈ ।ਇਨਸਾਨ ਗਲਤੀਆਂ ਕਰਕੇ ਹੀ ਸਿੱਖਦਾ ਹੈ ਕਹਿੰਦੇ ਹਨ ਕਿ ਬੱਚਾ ਡਿੱਗ-ਡਿੱਗ ਕੇ ਹੀ ਸਵਾਰ ਹੁੰਦਾ ਹੈ।ਦੋਸਤੋਂ ਜ਼ਿੰਦਗੀ ਵਿੱਚ ਆਈਆਂ ਮੁਸ਼ਕਿਲਾਂ ਤੇ ਠੋਕਰਾਂ ਹੀ ਜ਼ਿੰਦਗੀ ਜਿਊਣਾ ਸਿਖਾਉਂਦੀਆਂ ਹਨ।ਦੋਸਤੋ ਕਦੇ ਵੀ ਭੀੜ ਦਾ ਹਿੱਸਾ ਨਾ ਬਣੋ ਸਗੋਂ ਆਪਣੇ ਆਪ ਵਿੱਚ ਸਵੈ ਵਿਸ਼ਵਾਸ ਪੈਦਾ ਕਰਕੇ ਭੀੜ ਵਿੱਚੋਂ ਅਲੱਗ ਪਹਿਚਾਣ ਬਣਾਓ।ਜ਼ਿੰਦਗੀ ਨੇ ਜੋ ਸਮਾਂ ਸਾਨੂੰ ਦਿੱਤਾ ਹੈ ਲੋੜ ਹੈ ਉਸਨੂੰ ਸਕਾਰਤਮਕ ਸੋਚ ਨਾਲ ਬਿਤਉਣ  ਦੀ ਨਾ ਕਿ ਨਕਾਰਤਮਕ ਸੋਚ ਵਿੱਚ ਸਮਾਂ ਬਰਬਾਦ ਕਰਨ ਦੀ।ਨਿਰਾਸ਼ਾ ਜ਼ਿੰਦਗੀ ਨੂੰ ਨਕਾਰਤਮਕ ਸੋਚ ਵੱਲ ਲੈਕੇ ਜਾਂਦੀ ਹੈ।ਦੋਸਤੋ ਹਾਰ ਜਾਣ ਦਾ ਡਰ ਮਨ ਵਿੱਚੋਂ ਕੱਢ ਦੇਵੋ ਅਕਸਰ ਓਹੀ ਲੋਕ ਹੀ ਹੌਸਲਾ ਹਾਰਦੇ ਹਨ ਜਿੰਨ੍ਹਾਂ ਅੰਦਰ ਕੁੱਝ ਕਰਨ ਦਾ ਜਜ਼ਬਾ ਨਹੀਂ ਹੁੰਦਾ ਹੈ ਤੇ ਇੱਕ ਦਿਨ ਓਹੀ ਲੋਕ ਬਹੁਤ ਵੱਡੀ ਜਿੱਤ ਹਾਸਿਲ ਕਰਦੇ ਹਨ ਜਿੰਨਾਂ ਅੰਦਰ ਕੁੱਝ ਕਰਨ ਦਾ ਜਜ਼ਬਾ ਹੁੰਦਾ ਹੈ।ਜੋ ਮੁਸੀਬਤਾਂ ਵਿੱਚੋਂ ਹੀ ਮੰਜ਼ਿਲਾਂ ਦੇ ਰਾਹ ਲੱਭ ਲੈਂਦੇ ਹਨ।ਕੰਡਿਆਂ ਉੱਪਰ ਵੀ ਨੰਗੇ ਪੈਰੀਂ ਤੁਰ ਪੈਂਦੇ ਹਨ।ਜੋ ਹਾਰਾਂ ਤੋਂ ਵੀ ਜਿੱਤ ਦਾ ਰਾਹ ਲੱਭ ਲੈਂਦੇ ਹਨ।ਉਹੀ ਲੋਕ ਅਜਿਹਾ ਕਰਦੇ ਹਨ ਜੋ ਸਕਾਰਤਮਕ ਸੋਚ ਦੇ ਮਾਲਿਕ ਹੁੰਦੇ ਹਨ।

ਗਗਨਦੀਪ  ਧਾਲੀਵਾਲ ਝਲੂਰ ਬਰਨਾਲਾ ।
ਜਨਰਲ ਸਕੱਤਰ ਮਹਿਲਾ ਕਾਵਿ ਮੰਚ ਪੰਜਾਬ।