You are here

ਲੁਧਿਆਣਾ

ਵਾਤਾਵਰਨ ਦੀ ਸੰਭਾਲ ਲਈ ਸਰਕਾਰ 33% ਧਰਤੀ ਤੇ ਰੁੱਖ ਲਗਾਉਣ ਦਾ ਕਾਨੂੰਨ ਬਣਾਕੇ ਸਖ਼ਤੀ ਨਾਲ ਲਾਗੂ ਕਰੇ

ਰੁੱਖਾਂ ਦਾ ਕਤਲ ਕਰਨ ਵਾਲੇ ਤੇ ਹੋਵੇ ਕਤਲ ਦਾ ਮੁਕੱਦਮਾ ਦਰਜ

 

ਮੀਂਹ ਦਾ ਪਾਣੀ ਧਰਤੀ ਹੇਠ ਰੀਚਾਰਜ ਕਰਨ ਦਾ ਹੋਵੇ ਪ੍ਰਬੰਧ

ਜਗਰਾਉਂ , 15 ਜੂਨ ( ਗੁਰਕੀਰਤ ਜਗਰਾਉਂ ) ਦ ਗਰੀਨ ਪੰਜਾਬ ਮਿਸ਼ਨ ਟੀਮ ਵਲੋਂ  ਦਿਨ ਪ੍ਰਤੀ ਦਿਨ ਪੰਜਾਬ ਦੇ ਖ਼ਰਾਬ ਹੋ ਰਹੇ ਵਾਤਾਵਰਣ  ਤੇ ਡਿੱਗ ਰਹੇ ਪਾਣੀ ਦੇ ਪੱਧਰ ਤੇ ਚਿੰਤਾ ਦਾ ਪ੍ਰਗਟਾਵਾ ਕਰਦੇ ਹੋਏ ਅੱਜ ਹਲਕਾ ਜਗਰਾਓਂ ਤੋਂ ਵਿਧਾਇਕ ਸ੍ਰੀਮਤੀ ਸਰਬਜੀਤ ਕੌਰ ਮਾਣੂੰਕੇ ਨੂੰ ਮੰਗ ਪੱਤਰ ਦੇਣ ਲਈ ਪੁੱਜੇ  ਰੁਝੇਵੇਂ ਕਰਕੇ ਘਰੋਂ ਬਾਹਰ ਹੋਣ ਕਾਰਨ ਇਹ ਮੰਗ ਪੱਤਰ ਉਨ੍ਹਾਂ ਦੇ ਪਤੀ ਪ੍ਰੋ ਸੁਖਵਿੰਦਰ ਸਿੰਘ ਜੀ ਨੇ ਪ੍ਰਾਪਤ ਕੀਤਾ  ਟੀਮ ਨੇ ਮੰਗ ਕੀਤੀ ਕਿ ਹਰ ਪਿੰਡ ਪੰਚਾਇਤੀ ਜ਼ਮੀਨ ਵਿਚ ਘਟੋ ਘੱਟ ਇਕ ਏਕੜ ਵਿਚ ਰੁੱਖਾਂ ਦੇ ਜੰਗਲ ਸਥਾਪਤ ਕਰਨ ਕਿਉਂਕਿ  ਇੱਕ ਵਰਗ ਕਿਲੋਮੀਟਰ ਦਾ ਜੰਗਲ ਆਪਣੀਆਂ ਜੜ੍ਹਾਂ ਵਿੱਚ ਵੀਹ ਤੋਂ ਤੀਹ ਹਜ਼ਾਰ ਕਿਊਬਿਕ ਪਾਣੀ ਬੰਨ੍ਹ ਕੇ ਰੱਖਦਾ ਹੈ ਤੇ ਤੀਹ ਟਨ ਮਿੱਟੀ ਦੀ ਧੂੜ ਕਣ ਸਮੇਟ ਲੈਂਦਾ ਹੈ  ਇਸ ਨਾਲ ਸਾਡਾ ਵਾਤਾਵਰਣ ਸ਼ੁੱਧ ਹੁੰਦਾ ਹੈ  ਰੁੱਖ ਕੱਟਣ ਵਾਲੇ ਵਿਅਕਤੀ ਨੂੰ ਫਾਸਟ ਟਰੈਕ ਅਦਾਲਤਾਂ ਬਣਾ ਕੇ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ  ਮੀਂਹ ਦੇ ਪਾਣੀ ਨੂੰ ਸੰਭਾਲਣ ਲਈ ਵਿਸ਼ੇਸ਼ ਉਪਰਾਲੇ ਕਰਨ ਦੀ ਲੋੜ ਹੈ  ਨਵਾਂ ਮਕਾਨ ਬਨਾਉਣ ਸਮੇਂ ਨਕਸ਼ਾ ਪਾਸ ਕਰਨ ਤੋਂ ਪਹਿਲਾਂ ਵਾਟਰ ਰੀਚਾਰਜਿੰਗ ਸਿਸਟਮ ਲੱਗਿਆ ਹੋਣਾ ਜ਼ਰੂਰੀ ਹੋਵੇ,  ਇਸ ਸਮੇਂ ਸਤਪਾਲ ਸਿੰਘ ਦੇਹਡ਼ਕਾ, ਮਾਸਟਰ ਹਰਨਰਾਇਣ ਸਿੰਘ ,ਮਾਸਟਰ ਪਰਮਿੰਦਰ ਸਿੰਘ, ਸ੍ਰੀ ਕੇਵਲ ਮਲਹੋਤਰਾ ,ਮੈਡਮ ਕੰਚਨ ਗੁਪਤਾ ,ਸ੍ਰੀ ਲਖਵਿੰਦਰ ਧੰਜਲ, ਪ੍ਰਿੰਸੀਪਲ ਸ੍ਰੀ ਵਿਨੋਦ ਕੁਮਾਰ ਜੀ ਅਤੇ ਡਾ ਮਨਦੀਪ ਸਿੰਘ ਸਰਾਂ ਹੋਰ ਬਹੁਤ ਸਾਰੀਆਂ ਸ਼ਖ਼ਸੀਅਤਾਂ ਸ਼ਾਮਲ ਸਨ

ਹਰ ਗਲੀ ਨੁੱਕਰ  ✍️  ਸ਼ਿਵਨਾਥ ਦਰਦੀ

ਹਰ ਗਲੀ ਨੁੱਕਰ ,
ਤੇ ਮੋੜ ਖਤਰਨਾਕ ,
ਮੁੱਕੀ ਦਿਲ ਚੋਂ ਮੁਹੱਬਤ ,
ਨਾ ਕੋਈ ਹੀਰ ਰਾਝਾਂ ਚਾਕ ,
ਹਰ ਗਲੀ...................
ਪੈਸਾ ਖਾ ਗਿਆ ਸਾਰੇ ,
ਚੰਗੇ ਰਿਸ਼ਤੇ ਨਾਤੇ ,
ਅੱਧ ਪਚੰਦੇ ਤੇ ,
ਕੁਝ ਸਾਬਤ ਸਬਾਤੇ ,
ਪਾਪ ਭਰ ਗਿਆ ,ਆਲਮ ਚ'
ਕਿਧਰੇ ਰਿਹਾ ਨਾ ਪਾਕ ।
ਹਰ ਗਲੀ ..............
ਜਿੰਨੀ ਕਿਸ਼ਮਤ ਚ' ਲਿਖੀ ,
ਓਹ ਚੁੱਪ ਚਾਪ ਖਾ ਲੈ ,
ਜਿਹੜਾ ਆਪਣਾ ਬਣੇ ,
ਓਹਨੂੰ ਆਪਣਾ ਬਣਾ ਲੈ ,
ਫੇਰ ਪਛਤਾਉਣਾ ਪੈਣਾ ,
ਜਦੋਂ ਨਿਕਲ ਗਈ ਡਾਕ ।
ਹਰ ਗਲੀ ................
ਖਾਲੀ ਜੇਬ ਤੇ ,
ਖਾਲੀ ਬੰਦਾ ਪਿਆ ਦਿਸਦਾ ,
 ਅਮੀਰ ਜਿੰਨ੍ਹਾਂ ਹੋਵੇ ਪਾਪੀ ,
ਪਰ ਆਪਣਾ ਹੈ ਰਿਸ਼ਤਾ ,
ਤੋਲਿਆ ਅਮੀਰੀ ਗਰੀਬੀ ਚ ,
ਜਾਦਾਂ ਮਹੱਲਾਂ ਦਾ ਹਰ ਸਾਕ ।
ਹਰ ਗਲੀ ...............
ਇਹ ਸੂਰਜ ਤੇ ਚੰਨ ,
ਨਿੱਤ ਚੜ੍ਹਦੇ ਤੇ ਛਿਪਦੇ ,
ਇਹ ਦੇਸ਼ ਨੇ ਪਰਾਏ ,
ਨਾ ਬਣੇ ਕਦੇ ਕਿਸਦੇ ,
ਸਭ ਤੁਰ ਗਏ , ਏਥੋਂ
ਜਿਨ੍ਹਾਂ ਰੱਖੇ ਬਹੁਤੇ ਝਾਕ ‌।
ਹਰ ਗਲੀ  . ‌‌‌................
ਪੜ੍ਹ ਚਾਰ ਕੁ ਅੱਖਰ ,
ਸਭ ਬਣੇ ਨੇ ਸਿਆਣੇ ,
ਕਿਥੇ ਉਲਝੇ ਨੇ 'ਦਰਦੀ'
ਦੱਸ ਤੇਰੇ ਤਾਣੇ ਬਾਣੇ ,
ਜਿਹੜੀ ਦੇਹ ਤੇ ਕਰੇ ਮਾਣ ,
ਓਹ ਤਾਂ ਮੁੱਠੀ ਭਰ ਰਾਖ ।
ਹਰ ਗਲੀ ...............
             ਸ਼ਿਵਨਾਥ ਦਰਦੀ
  ਸੰਪਰਕ 9855155392

ਸਿੱਖ ਕੌਮ ਮੁਸਲਿਮ ਭਾਈਚਾਰੇ ਨਾਲ ਚੱਟਾਨ ਵਾਂਗ ਖਡ਼੍ਹੀ ਹੈ : ਪ੍ਰਧਾਨ ਢੋਲਣ

ਜਗਰਾਉਂ   14 ਜੂਨ (ਰਣਜੀਤ ਸਿੱਧਵਾਂ) : ਪਿਛਲੇ ਦਿਨੀਂ ਜੋ ਇਸਲਾਮ ਧਰਮ ਦੇ ਪੈਗੰਬਰ ਮੁਹੰਮਦ ਸਾਹਿਬ ਜੀ ਦੇ ਬਾਰੇ ਜੋ ਭਾਜਪਾ ਦੀ ਮੁੱਖ ਬੁਲਾਰੇ ਤੌਰ ਤੇ ਨਿਯੁਕਤ ਨੂਪੁਰ ਸ਼ਰਮਾ ਨੇ ਫਿਰਕਾਪ੍ਰਸਤੀ ਦਾ ਬਹੁਤ ਹੀ ਦੁਖਦਾਇਕ ਬਿਆਨ ਦਿੱਤਾ ਉਸਨੇ ਦੇਸ਼ ਵਿਦੇਸ਼ ਵਿੱਚ ਵਸਦੇ ਮੁਸਲਮਾਨ ਭਾਈਚਾਰੇ ਤੇ ਸਰਬ ਧਰਮ ਸਾਂਝੀਵਾਲਤਾ ਦੇ ਧਾਰਨੀ ਸਿੱਖ ਧਰਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਇਹ ਇੱਕ ਬਹੁਤ ਹੀ ਦੁਖਦਾਇਕ ਤੇ ਫਿਰਕਾਪ੍ਰਸਤੀ ਦੀ ਜ਼ਹਿਰ ਨਾਲ ਭਰਿਆ ਬਿਆਨ ਭਾਜਪਾ ਲੀਡਰ ਵਲੋਂ ਦਿੱਤਾ ਗਿਆ ਹੈ। ਜਿਸਦੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਜ਼ਿਲ੍ਹਾ ਲੁਧਿਆਣਾ ਤੇ ਬਰਨਾਲਾ ਸਰਕਲ ਪ੍ਰਧਾਨ ਜਸਪ੍ਰੀਤ ਸਿੰਘ ਢੋਲਣ ਵੱਲੋਂ ਸਖ਼ਤ ਸ਼ਬਦਾਂ 'ਚ ਨਿੰਦਾ ਕੀਤੀ ਗਈ ਹੈ। ਪ੍ਰਧਾਨ ਢੋਲਣ ਨੇ ਇਹੋ ਜਿਹੇ ਫਿਰਕੂ, ਭੜਕਾਊ ਬਿਆਨਾਂ ਨੂੰ ਨਾ ਬਰਦਾਸ਼ਤਯੋਗ ਕਰਾਰ ਦਿੱਤਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਆਜ਼ਾਦੀ ਦੀ ਲੜਾਈ ਵਿੱਚ ਮੂਹਰੇ ਹੋਕੇ ਫਾਂਸੀ ਦਾ ਰੱਸਾ ਗਲ 'ਚ ਪਾਕੇ ਮੁਸਲਮਾਨ ਭਾਈਚਾਰੇ ਵਲੋਂ ਵੀ ਕੁਰਬਾਨੀਆਂ ਦਿੱਤੀਆਂ ਗਈਆਂ ਹਨ, ਜਿਨ੍ਹਾਂ ਵਿੱਚੋਂ ਅਸ਼ਫਾਕਉਲਾ ਖਾਨ ਜੀ ਦਾ ਨਾਮ ਮੁੱਖ ਤੌਰ ਤੇ ਆਉਂਦਾ ਹੈ। ਪ੍ਰਧਾਨ ਢੋਲਣ ਨੇ ਇਹ ਵੀ ਕਿਹਾ ਕਿ ਇਸ ਦੇਸ਼ ਦੀ  ਭਾਜਪਾ ਲੀਡਰਸ਼ਿਪ ਨੇ ਆਪਣੇ ਨਾਮ ਰਜਿਸਟਰੀ ਨਹੀਂ ਕਰਵਾ ਰੱਖੀ, ਮੁਸਲਮਾਨ ਕੌਮ ਦੀ ਇਸ ਦੇਸ਼ ਉਪਰ ਬਰਾਬਰ ਦੀ ਦਾਅਵੇਦਾਰੀ ਹੈ। ਉਨ੍ਹਾਂ ਕਿਹਾ  ਕਿ ਇਹੋ ਜਿਹੇ ਫਿਰਕਾਪ੍ਰਸਤੀ ਨਾਲ ਭਰੇ ਹੋਏ ਭੜਕਾਊ ਬਿਆਨ ਦੇਣ ਲਈ ਮਨ ਵਿੱਚ ਜ਼ਹਿਰ ਭਰੇ ਭਾਜਪਾ ਦੇ ਲੋਕ ਹਮੇਸ਼ਾਂ ਹੀ ਤਿਆਰ ਰਹਿੰਦੇ ਹਨ, ਉਨ੍ਹਾਂ ਉਕਤ ਫਿਰਕਾਪ੍ਰਸਤੀ ਦੇ ਬਿਆਨ ਦੀ ਨਿੰਦਾ ਕਰਦਿਆਂ ਇਸਨੂੰ ਦੇਸ਼ ਦੀ ਏਕਤਾ ਅਖੰਡਤਾ ਲਈ ਖਤਰਾ ਕਰਾਰ ਦਿੱਤਾ ਤੇ ਕਿਹਾ ਕਿ ਉਕਤ ਲੀਡਰ ਨੂਪੁਰ ਸ਼ਰਮਾ ਨੇ ਸਾਂਝੀਵਾਲਤਾ ਨਾਲ ਵਸਦੇ ਲੋਕਾਂ ਨੂੰ ਜ਼ਹਿਰ ਵੰਡਣ ਦੀ ਕੋਸ਼ਿਸ਼ ਕੀਤੀ ਹੈ ਪਰ ਸੁਹਿਰਦ ਅਤੇ ਸੂਝਵਾਨ ਲੋਕ ਇਹੋ ਜਿਹੇ ਬੇਤੁਕੇ ਬਿਆਨਾਂ ਨੂੰ ਕੋਈ ਅਹਿਮੀਅਤ ਨਹੀਂ ਦੇਣਗੇ ਅਤੇ ਨਕਾਰਨਗੇ। ਉਨ੍ਹਾਂ ਇਹ ਵੀ ਕਿਹਾ ਕਿ ਆਰ,ਐੱਸ,ਐੱਸ  ਤੇ ਭਾਜਪਾ ਦੀ ਲੀਡਰਸ਼ਿਪ ਵਲੋਂ ਦੇਸ਼ ਵਿੱਚ ਹੋਰ ਗਿਣਤੀਆਂ ਦੇ ਜਿਊਣ ਤੇ ਧਾਰਮਿਕ ਅਧਿਕਾਰਾਂ ਉੱਪਰ ਕੋਝੇ ਹਮਲੇ ਕੀਤੇ ਜਾ ਰਹੇ ਹਨ ਜੋ ਕਿ ਇੱਕ ਘਟੀਆ ਪੱਧਰ ਦੀ ਮਾਨਸਿਕਤਾ ਹੈ।

ਗੁਣਤਾਜ ਪ੍ਰੈੱਸ ਕਲੱਬ ਮਹਿਲ ਕਲਾਂ ਦੀ ਚੋਣ ਹੋਈ  

ਡਾ ਪਰਮਿੰਦਰ ਪ੍ਰਧਾਨ, ਪਾਸੀ ਚੇਅਰਮੈਨ ਤੇ ਡਾ ਮਿੱਠੂ ਮੁਹੰਮਦ ਬਣੇ ਸਰਪ੍ਰਸਤ  

ਬਰਨਾਲਾ 14 ਜੂਨ (ਡਾਕਟਰ ਸੁਖਵਿੰਦਰ ਸਿੰਘ ਬਾਪਲਾ /ਗੁਰਸੇਵਕ ਸੋਹੀ) ਗੁਣਤਾਜ ਪ੍ਰੈੱਸ ਕਲੱਬ ਮਹਿਲ ਕਲਾਂ ਦੀ ਜ਼ਰੂਰੀ ਮੀਟਿੰਗ ਅੱਜ  ਕਲੱਬ ਦੇ ਪ੍ਰਧਾਨ ਡਾ ਮਿੱਠੂ ਮੁਹੰਮਦ  ਦੀ ਪ੍ਰਧਾਨਗੀ ਹੇਠ "ਫਿੱਟ ਲਾਇਫ ਹਰਬਲ ਦਵਾਖਾਨਾ" ਮਹਿਲ ਕਲਾਂ ਵਿਖੇ ਹੋਈ। ਇਸ ਮੀਟਿੰਗ ਵਿਚ ਸਮੂਹ ਕਲੱਬ ਅਹੁਦੇਦਾਰਾਂ ਨੇ ਸ਼ਮੂਲੀਅਤ ਕੀਤੀ।ਜਿਸ ਵਿੱਚ  ਵੱਖ ਵੱਖ ਵਿਸ਼ਿਆਂ ਉਤੇ ਪੱਤਰਕਾਰੀ ਖੇਤਰ ਵਿਚ ਪੱਤਰਕਾਰਾਂ ਨੂੰ ਆ ਰਹੀਆਂ ਸਮੱਸਿਆਵਾਂ ਬਾਰੇ ਵਿਚਾਰ ਚਰਚਾ ਕੀਤੀ ਗਈ  ।ਇਸ ਉਪਰੰਤ ਕਲੱਬ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ।ਜਿਸ ਵਿੱਚ  ਪ੍ਰੇਮ ਕੁਮਾਰ ਪਾਸੀ ਨੂੰ ਚੇਅਰਮੈਨ ,ਡਾ ਮਿੱਠੂ ਮੁਹੰਮਦ ਸਰਪ੍ਰਸਤ ,ਡਾ ਪਰਮਿੰਦਰ ਸਿੰਘ ਹਮੀਦੀ, ਪ੍ਰਧਾਨ ,ਜਗਜੀਤ ਸਿੰਘ ਕੁਤਬਾ ਨੂੰ ਜਨਰਲ ਸਕੱਤਰ  ,ਗੁਰਸੇਵਕ ਸਿੰਘ ਸਹੋਤਾ ਨੂੰ ਸੀਨੀਅਰ ਮੀਤ ਪ੍ਰਧਾਨ,ਮਨਜੀਤ ਸਿੰਘ ਮਿੱਠੇਵਾਲ ਨੂੰ ਮੀਤ ਪ੍ਰਧਾਨ, ਜਗਜੀਤ ਸਿੰਘ ਮਾਹਲ ਨੂੰ ਖਜਾਨਚੀ ,ਫ਼ਿਰੋਜ਼ ਖ਼ਾਨ ਨੂੰ ਪੀ ਆਰ ਓ ਨਿਰਮਲ ਸਿੰਘ ਪੰਡੋਰੀ ਨੂੰ  ਸਲਾਹਕਾਰ ਅਤੇ  ਭੁਪਿੰਦਰ ਸਿੰਘ ਧਨੇਰ, ਗੁਰਪ੍ਰੀਤ ਸਿੰਘ ਕੁਤਬਾ, ਕੁਲਦੀਪ ਸਿੰਘ ਗੋਹਲ ,ਜਸਵਿੰਦਰ ਸਿੰਘ ਨਿਹਾਲ ਸਿੰਘ ਵਾਲਾ, ਸ਼ੇਰ ਸਿੰਘ ਰਵੀ, ਅਜੇ ਟੱਲੇਵਾਲ, ਨਰਿੰਦਰ ਸਿੰਘ ਢੀਂਡਸਾ, ਡਾ ਸੁਖਵਿੰਦਰ ਸਿੰਘ ਬਾਪਲਾ,ਮਿੰਟੂ ਖੁਰਮੀ ਨੂੰ ਮੈਂਬਰ ਚੁਣਿਆ ਗਿਆ।
ਇਸ ਮੌਕੇ ਸਮੂਹ ਕਲੱਬ ਅਹੁਦੇਦਾਰਾਂ ਨੇ ਡਾ ਪਰਮਿੰਦਰ ਸਿੰਘ ਨੂੰ ਵਧਾਈ ਦਿੱਤੀ।ਇਸ ਮੌਕੇ ਨਵੇਂ ਚੁਣੇ  ਪ੍ਰਧਾਨ ਡਾ ਪਰਮਿੰਦਰ ਸਿੰਘ ਬੰਮਰਾਹ ਨੇ ਕਲੱਬ ਆਗੂਆਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਪਹਿਲਾਂ ਦੀ ਤਰ੍ਹਾਂ ਕਲੱਬ ਦੀਆਂ ਗਤੀਵਿਧੀਆਂ ਨੂੰ ਵੱਡੀ ਪੱਧਰ ਅਤੇ  ਪਰ ਈਮਾਨਦਾਰੀ ਨਾਲ ਚਲਾਉਣਗੇ।

ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਦਾ 114ਵਾਂ ਦਿਨ  

ਜੇਕਰ ਸਿੱਖ ਗੁਰੂਆਂ ਦੇ ਦਰਸਾਏ ਰਸਤਿਆਂ ਤੋਂ ਦੂਰ ਰਹਿਣਗੇ ਤਾਂ ਹੱਕੀ ਮੰਗਾਂ ਕਿੱਦਾਂ ਜਿੱਤਣਗੇ : ਦੇਵ ਸਰਾਭਾ/ਸਰਪੰਚ ਜਗਤਾਰ ਸਰਾਭਾ

ਮੁੱਲਾਂਪੁਰ ਦਾਖਾ, 14 ਜੂਨ  ( ਸਤਵਿੰਦਰ ਸਿੰਘ ਗਿੱਲ) ਗ਼ਦਰ ਪਾਰਟੀ ਦੇ ਨਾਇਕ ਬਾਲਾ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੱਦੀ ਪਿੰਡ ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਪੰਥਕ ਮੋਰਚਾ ਭੁੱਖ ਹਡ਼ਤਾਲ ਦੇ 114ਵਾਂ ਦਿਨ ਪੂਰਾ ਹੋਇਆ। ਰੋਜ਼ਾਨਾ ਪਹਿਰੇਦਾਰ ਦੇ ਮੁੱਖ ਸੰਪਾਦਕ ਸ. ਜਸਪਾਲ ਸਿੰਘ ਹੇਰਾਂ  ਦੀ ਸਰਪ੍ਰਸਤੀ ਹੇਠ ਚੱਲ ਰਹੇ ਮੋਰਚੇ 'ਚ ਅੱਜ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਤੇ ਨਾਨਕੇ ਪਿੰਡ ਮਹੌਲੀ ਔਰਤ ਤੋਂ ਪਰਿਵਾਰਕ ਮੈਂਬਰ ਬਾਬਾ ਬੰਤਾ ਸਿੰਘ ਮਹੋਲੀ ਖੁਰਦ, ਚੜ੍ਹਦੀ ਕਲਾ ਢਾਡੀ ਸੰਗੀਤਕਾਰ ਮੰਚ ਸਲੈਕਸ਼ਨ ਡਾਇਰੈਕਟਰ ਬੀਬੀ ਮਨਜੀਤ ਕੌਰ ਦਾਖਾ,ਪ੍ਰਧਾਨ ਕੇਵਲ ਸਿੰਘ ਮੁੱਲਾਂਪੁਰ,ਰਾਜਬੀਰ ਸਿੰਘ ਲੋਹਟਬੱਦੀ ਆਦਿ ਬਲਦੇਵ ਸਿੰਘ ਦੇਵ ਸਰਾਭਾ ਨਾਲ ਭੁੱਖ ਹਡ਼ਤਾਲ ਤੇ ਬੈਠੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਲਦੇਵ ਸਿੰਘ ਦੇਵ ਸਰਾਭਾ ਨੇ ਆਖਿਆ ਕਿ ਸਾਡਾ ਇਤਿਹਾਸ ਗਵਾਹ ਹੈ ਕਿ ਸਾਡੇ ਗੁਰੂਆਂ ਵੱਲੋਂ ਤੱਤੀਆਂ ਤਵੀਆਂ ਤੇ ਬਹਿ ਕੇ ਨਾਮ ਜਾਪਿਆ ਪਰ ਈਨ ਨਹੀਂ ਮੰਨੀ । ਜੇਕਰ ਅੱਜ ਅਸੀਂ ਤਪਦੀ ਦੁਪਹਿਰ ਅੱਤ ਦੀ ਗਰਮੀ 'ਚ ਆਪਣੇ ਹੱਕਾਂ ਲਈ ਸੰਘਰਸ਼ ਕਰ ਰਹੇ ਹਾਂ ਤਾਂ ਇਹ ਕੋਈ ਵੱਡੀ ਗੱਲ ਨਹੀ । ਕਿਉਂਕਿ ਸਾਨੂੰ ਸਾਡਾ ਗੁਰੂਆਂ ਦਾ ਇਤਿਹਾਸ ਯਾਦ ਹੈ। ਬਾਕੀ ਅਸੀਂ ਉਨ੍ਹਾਂ ਸਿਰਲੱਥ ਸੂਰਮਿਆਂ ਲਈ ਲੜਦੇ ਹਾਂ ਜਿਨ੍ਹਾਂ ਨੇ ਗੁਰਬਾਣੀ ਪੜ੍ਹ ਕੇ ਉਸ ਤੇ ਅਮਲ ਕੀਤਾ ਤੇ ਆਪਣੀ ਕੌਮ ਦੇ ਹੱਕਾਂ ਲਈ ਸੰਘਰਸ਼ ਕਰਦੇ ਰਹੇ । ਜਿਨ੍ਹਾਂ ਨੇ ਸਿੱਖ ਕੌਮ ਦੇ ਦੋਸ਼ੀਆਂ ਨੂੰ ਸੋਧਿਆ । ਅੱਜ ਉਹ ਬੰਦੀ ਸਿੰਘ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਹਨ ਅਤੇ ਉਨ੍ਹਾਂ ਨੂੰ ਜਲਦ ਰਿਹਾਅ ਕਰਵਾਉਣ ਲਈ ਅਸੀਂ ਸੰਘਰਸ਼ ਕਰ ਰਹੇ ਹਾਂ। ਉਦੋਂ ਤਕ ਹੱਕੀ ਲੜਾਈ ਜਾਰੀ ਰੱਖਾਂਗੇ ਜਦੋਂ ਤਕ ਸਾਡੇ ਜੁਝਾਰੂ ਜੇਲ੍ਹਾਂ ਤੋਂ ਬਾਹਰ ਨਹੀਂ ਆ ਜਾਂਦੇ । ਇਸ ਮੌਕੇ ਸਾਬਕਾ ਸਰਪੰਚ ਜਗਤਾਰ ਸਿੰਘ ਸਰਾਭਾ ਨੇ ਆਖਿਆ ਕਿ ਅਸੀਂ ਸਮੂਹ ਸੰਗਤਾਂ ਨੂੰ  ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਅਤੇ ਭਗਤ ਕਬੀਰ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਦਿੰਦੇ ਹਾਂ। ਸਾਨੂੰ ਸਾਡੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮੀਰੀ ਪੀਰੀ ਦੇ ਸਿਧਾਂਤਾਂ ਤੇ ਚੱਲ ਕੇ ਹੱਕ ਸੱਚ ਲਈ ਜੂਝਣਾ ਸਿਖਾਇਆ। ਸਾਡੇ ਗੁਰੂ ਜਿੱਥੇ ਸ਼ਾਂਤੀ ਦੇ ਸੋਮੇ ਸਨ ਉੱਥੇ ਹੀ ਜੇਕਰ ਦੁਸ਼ਮਣ ਮਿੱਤ ਨਾ ਹੋਵੇ ਤਾਂ ਉੱਥੇ ਤਲਵਾਰ ਚੁੱਕਣ ਨੂੰ ਵੀ ਜਾਇਜ਼   ਦੱਸਿਆ।ਇਸੇ ਤਰ੍ਹਾਂ ਹੀ ਭਗਤ ਕਬੀਰ ਮਹਾਰਾਜ ਜੀ ਦੇ ਸਲੋਕ ਅਗਰ ਮਰਦੇ ਵਿਅਕਤੀ ਦੇ ਕੰਨ ਵਿੱਚ ਪੈ ਜਾਣ ਤਾਂ ਉਹ ਵੀ ਉੱਠ ਕੇ ਹੱਕਾਂ ਲਈ ਸੰਘਰਸ਼ ਕਰਨ ਲਈ ਤਿਆਰ ਹੋ ਜਾਵੇ । ਜੇਕਰ ਸਿੱਖ ਗੁਰੂਆਂ ਦੇ ਦਰਸਾਏ ਰਾਸਤਿਆਂ ਤੋਂ ਦੂਰ ਰਹਿਣਗੇ ਤਾਂ ਹੱਕੀ ਮੰਗਾਂ   ਕਿੱਦਾਂ ਜਿੱਤਣਗੇ । ਉਨ੍ਹਾਂ ਆਖ਼ਰ ਵਿੱਚ ਆਖਿਆ ਕਿ ਸਾਨੂੰ ਹਮੇਸ਼ਾਂ ਆਪਣਾ ਗੌਰਵਮਈ ਇਤਿਹਾਸ ਯਾਦ ਰੱਖਣਾ ਚਾਹੀਦਾ ਹੈ । ਤਦ ਹੀ ਸਮੁੱਚੀ ਸਿੱਖ ਕੌਮ ਆਪਣੇ ਹੱਕਾਂ ਲਈ ਸੰਘਰਸ਼ ਕਰ ਸਕਾਂਗੇ ।ਸੋ ਅਸੀਂ ਸਰਾਭਾ ਪੰਥਕ ਮੋਰਚੇ ਤੋਂ ਅਪੀਲ ਕਰਦੇ ਹਾਂ ਕਿ ਇੱਕ ਮੰਚ ਤੇ ਇਕੱਠੇ ਹੋ ਕੇ ਆਪਣੀਆਂ ਕੌਮੀ ਮੰਗਾਂ ਲਈ ਸੰਘਰਸ਼ ਕਰੋ ਤਾਂ ਜੋ ਜਲਦੀ ਫ਼ਤਹਿ ਕਰ ਸਕੀਏ। ਇਸ ਮੌਕੇ ਬਹੁਜਨ ਮੁਕਤੀ ਪਾਰਟੀ ਦੇ ਆਗੂ ਸਿਕੰਦਰ ਸਿੰਘ ਸਿੱਧੂ ਰੱਤੋਵਾਲ,ਰਣਜੀਤ ਸਿੰਘ ਰੱਤੋਵਾਲ,ਰਣਜੀਤ ਸਿੰਘ ਅਬੂਵਾਲ,  ਸੁਮਨਜੀਤ ਸਿੰਘ ਸੋਨੀ ਸਰਾਭਾ ,ਬਲਵਿੰਦਰ ਸਿੰਘ ਟੂਸਾ,  ਅਮਰਜੀਤ ਸਿੰਘ ਕਾਲੀ ਸਰਾਭਾ,ਬੰਟੀ ਸਰਾਭਾ, ਦਵਿੰਦਰ ਸਿੰਘ ਆਦਿ ਹਾਜ਼ਰੀ ਭਰੀ।

ਸੰਤ ਬਾਬਾ ਦਸੌਂਦਾ ਸਿੰਘ ਵਰ੍ਹਿਆ ਵਾਲਿਆ ਦੀ ਬਰਸੀ ਸਮਾਗਮ ਸਮਾਪਤ

ਹਠੂਰ,14,ਜੂਨ-(ਕੌਸ਼ਲ ਮੱਲ੍ਹਾ)-ਧੰਨ-ਧੰਨ ਸੰਤ ਬਾਬਾ ਦਸੌਂਦਾ ਸਿੰਘ ਵਰ੍ਹਿਆ ਵਾਲਿਆ ਦੀ 68 ਵੀਂ ਬਰਸੀ ਨੂੰ ਸਮਰਪਿਤ ਗੁਰਦੁਆਰਾ ਗੁਰਪੁਰੀ ਠਾਠ ਡੱਲਾ ਦੇ ਮੁੱਖ ਸੇਵਾਦਾਰ ਬਾਬਾ ਗੁਰਮੀਤ ਸਿੰਘ ਦੀ ਦੇਖ-ਰੇਖ ਹੇਠ 17 ਰੋਜਾ ਧਾਰਮਿਕ ਸਮਾਗਮ ਕਰਵਾਇਆ ਗਿਆ।ਇਸ ਮੌਕੇ 120 ਸ੍ਰੀ ਆਖੰਡ ਪਾਠ ਸਾਹਿਬ ਦੀ ਲੜੀ ਦੇ ਭੋਗ ਪੈਣ ਉਪਰੰਤ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ।ਇਸ ਮੌਕੇ ਭਾਈ ਅਮਰਜੀਤ ਸਿੰਘ ਗਾਲਿਬ ਵਾਲੇ,ਭਾਈ ਧਨਜਿੰਦਰ ਸਿੰਘ ਖਾਲਸਾ ਹਠੂਰ ਵਾਲਿਆ ਅਤੇ ਭਾਈ ਭਗਵਾਨ ਸਿੰਘ ਟੱਲੇਵਾਲ ਵਾਲੇ ਦੇ ਕੀਰਤਨੀ ਜੱਥਾ ਨੇ ਰਸ-ਭਿੰਨਾ ਕੀਰਤਨ ਕੀਤਾ,ਭਾਈ ਰਛਪਾਲ ਸਿੰਘ ਪੁਮਾਲ ਦੇ ਢਾਡੀ ਜੱਥੇ ਨੇ ਸਿੰਘਾ ਦੀਆ ਵਾਰਾ ਪੇਸ ਕੀਤੀਆ,ਸੰਤ ਬਾਬਾ ਕਮਲਜੀਤ ਸਿੰਘ ਸੁਖਾਨੰਦ ਵਾਲਿਆ ਨੇ ਧਾਰਮਿਕ ਦੀਵਾਨ ਸਜਾਇਆ।ਇਸ ਮੌਕੇ ਮੁੱਖ ਸੇਵਾਦਾਰ ਬਾਬਾ ਗੁਰਮੀਤ ਸਿੰਘ ਅਤੇ ਪ੍ਰਧਾਨ ਨਿਰਮਲ ਸਿੰਘ ਡੱਲਾ ਨੇ ਸਮਾਗਮ ਵਿਚ ਪਹੁੰਚੇ ਸੰਤਾ-ਮਹਾਪੁਰਸਾ ਅਤੇ ਸੇਵਾਦਾਰਾ ਨੂੰ ਸਿਰਪਾਓ ਦੇ ਕੇ ਸਨਮਾਨਿਤ ਕੀਤਾ ਅਤੇ ਵੱਡੀ ਗਿਣਤੀ ਵਿਚ ਪਹੁੰਚੀਆ ਸੰਗਤਾ ਦਾ ਧੰਨਵਾਦ ਕੀਤਾ।ਇਸ ਮੌਕੇ ਬਨਾਨਾ ਸੇਕ,ਮੈਗੋ ਸੇਕ ਅਤੇ ਗੁਰੂ ਕੇ ਲੰਗਰ ਅਟੁੱਤ ਵਰਤਾਏ ਗਏ।ਇਸ ਮੌਕੇ ਉਨ੍ਹਾ ਨਾਲ ਪ੍ਰਧਾਨ ਧੀਰਾ ਸਿੰਘ ਡੱਲਾ, ਪ੍ਰਧਾਨ ਤੇਲੂ ਸਿੰਘ,ਬਾਬਾ ਰਾਮ ਸਿੰਘ ,ਕੁਲਦੀਪ ਸਿੰਘ, ਡਾ:ਰਾਜਾ ਸਿੰਘ, ਭਾਈ ਭਿੰਦਰ ਸਿੰਘ, ਮਨਜੀਤ ਸਿੰਘ, ਬੂਟਾ ਸਿੰਘ, ਪਾਲੀ ਸਿੰਘ, ਐਡਵੋਕੇਟ ਰੁਪਿੰਦਰਪਾਲ ਸਿੰਘ, ਕਮਲਜੀਤ ਸਿੰਘ ਜੀ ਓ ਜੀ, ਯੂਥ ਆਗੂ ਕਰਮਜੀਤ ਸਿੰਘ ਕੰਮੀ,ਇਕਬਾਲ ਸਿੰਘ,ਰਵਿੰਦਰਪਾਲ ਸਿੰਘ,ਜੋਰਾ ਸਿੰਘ, ਗੁਰਚਰਨ ਸਿੰਘ ਸਿੱਧੂ,ਸੂਬੇਦਾਰ ਦੇਵੀ ਚੰਦ ਸ਼ਰਮਾਂ,ਹਰਵਿੰਦਰ ਕੁਮਾਰ ਸ਼ਰਮਾਂ,ਗੁਰਨਾਮ ਸਿੰਘ,ਪ੍ਰਦੀਪ ਸਿੰਘ,ਦਰਸਨ ਸਿੰਘ,ਦੇਵ ਸਿੰਘ,ਸਵਰਨ ਸਿੰਘ,ਦਰਵਾਰਾ ਸਿੰਘ,ਮੇਜਰ ਸਿੰਘ,ਹਰਚੰਦ ਸਿੰਘ ਆਦਿ ਹਾਜ਼ਰ ਸਨ।
 

 ਠੰਡੇ-ਮਿੱਠੇ ਜਲ਼ ਦੀ ਛਬੀਲ ਲਾਈ

ਹਠੂਰ,14,ਜੂਨ-(ਕੌਸ਼ਲ ਮੱਲ੍ਹਾ)-ਇੱਥੋਂ ਨਜਦੀਕੀ ਪਿੰਡ ਜੱਟਪੁਰਾ ਵਿਖੇ ਰਵੀਦਾਸ ਵੈਲਫੇਅਰ ਕਲੱਬ ਵੱਲੋਂ ਸਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਯਾਦ ਵਿੱਚ ਅਤੇ ਭਗਤ ਕਬੀਰ ਜੀ ਦੇ ਜਨਮ ਦਿਨ ਨੂੰ ਸਮਰਪਿਤ ਠੰਡੇ ਮਿੱਠੇ ਜਲ ਦੀ ਛਬੀਲ ਅਤੇ ਛੋਲਿਆਂ ਦੇ ਲੰਗਰ ਲਗਾਏ ਗਏ ।ਕਲੱਬ ਵੱਲੋਂ ਸਾਮ ਤੱਕ ਰਾਹਗੀਰਾਂ ਨੂੰ ਰੋਕ-ਰੋਕ ਕੇ ਠੰਡਾ ਮਿੱਠਾ ਜਲ ਛਕਾਇਆ ਗਿਆ।ਇਸ ਮੌਕੇ ਉਨ੍ਹਾ ਨਾਲ ਅਵਨਿੰਦਰ ਸਿੰਘ ਰੂਬੀ ,ਲਖਵਿੰਦਰ ਸਿੰਘ ਲਾਡੀ ,ਨਿਰਭੈ ਸਿੰਘ,ਸਨੀ ਜੱਟਪੁਰਾ ,ਜਸਪ੍ਰੀਤ ਸਿੰਘ ਬਾਜਾ, ਨਛੱਤਰ ਸਿੰਘ ਫੌਜੀ, ਜਸਵੀਰ ਸਿੰਘ,ਸਤਪਾਲ ਸਿੰਘ ਫੌਜੀ ,ਸਾਹਿਲ ਜੱਟਪੁਰਾ, ਮਨੀ ਜੱਟਪੁਰਾ ਆਦਿ ਹਾਜ਼ਰ ਸਨ ।  

ਫੋਟੋ ਕੈਪਸ਼ਨ- ਛਬੀਲ ਲਾਉਣ ਸਮੇਂ ਨੌਜਵਾਨ ਜਲ ਛਕਾਉਦੇ ਹੋਏ।

ਹੁਸ਼ਿਆਰ ਰਹਿਣਾ ਪੰਜਾਬੀਓ ✍️ ਜਸਵੀਰ ਸ਼ਰਮਾਂ ਦੱਦਾਹੂਰ

ਜ਼ਿਮਨੀ ਚੋਣ ਸੰਗਰੂਰ ਦੀ ਆਈ ਸਿਰ ਤੇ, 

ਰਹਿਣਾ ਹੁਸ਼ਿਆਰ ਪੰਜਾਬੀਓ ਸਾਰਿਆਂ ਨੇ।

ਸਬਜ਼ਬਾਗ ਵਿਖਾਉਣੇ ਆ ਆ ਸੱਭ ਨੇ ,

ਬੇੜਾ ਡੋਬਿਆ ਅੱਗੇ ਹੀ ਲਾਰਿਆਂ ਨੇ।

ਕੀਹਨੇ ਕੀ ਕੀਤਾ ਪਹਿਲਾਂ ਤੇ ਕਿਹੜਾ ਹੈ ਕਰੀ ਜਾਂਦਾ,

ਬਦਲਾਅ ਲਿਆਉਣ ਲਈ ਲਾਇਆ ਜੋਰ ਸਾਰਿਆਂ ਨੇ।

ਲੋਕਾਂ ਨੇ ਆਪਣੇ ਅਨੁਭਵ ਨਾਲ ਬਦਲਿਆ ਹੈ ਢਾਂਚਾ,

ਹਾਮੀ ਭਰੀ ਹੈ ਅਕਾਸ਼ ਦੇ ਚੰਨ ਤੇ ਤਾਰਿਆਂ ਨੇ।

ਨਫ਼ੇ ਨੁਕਸਾਨ ਨੂੰ ਵੀ ਆਪਾਂ ਭਲੀਭਾਂਤ ਸੱਭ ਜਾਣਦੇ ਹਾਂ,

ਹਾਲੋਂ ਬੇਹਾਲ ਕੀਤਾ ਹੈ ਹੰਝੂਆਂ ਖਾਰਿਆਂ ਨੇ।

ਸੋਚਣ ਤੇ ਸਮਝਣ ਦੀ ਦੋਸਤੋ ਹੈ ਲੋੜ ਡਾਢੀ,

ਕੁੱਝ ਕਰਨਾ ਨਹੀਂ ਹੈ ਜ਼ਮੀਰ ਦਿਆਂ ਮਾਰਿਆਂ ਨੇ।

ਜੇ ਪੰਜਾਬ ਪੰਜਾਬੀ ਤੇ ਪੰਜਾਬੀਅਤ ਲਈ ਸੋਚਣਾ ਹੈ,

ਭਲਾ ਕਰਨਾ ਹੈ ਲੋਕਾਂ ਵੱਲੋਂ ਸਤਿਕਾਰਿਆਂ ਨੇ।

ਦੱਦਾਹੂਰੀਆ ਕਹੇ ਹੱਥੋਂ ਸਮਾਂ ਨਾ ਗਵਾ ਲਿਆ ਜੋ,

ਖੁੱਭੀ ਕੱਢਣੀ ਹੈ ਓਹਦੇ ਸਹਾਰਿਆਂ ਨੇ।

ਨਿਰਖ ਪਰਖ ਕੇ ਤਾਕਤ ਹੱਥ ਦਿਓ ਓਹਦੇ,

ਨੁਕਸਾਨ ਕਰਨਾ ਹੈ ਗੁੱਝੇ ਇਸ਼ਾਰਿਆਂ ਨੇ।

ਕੁੱਲੀ ਗੁੱਲੀ ਜੁੱਲੀ ਦੀ ਸੱਭ ਨੂੰ ਹੈ ਜ਼ਰੂਰਤ,

ਸਤਾਇਆ ਬਹੁਤ ਹੈ ਸੜਕ ਕਿਨਾਰਿਆਂ ਨੇ।

 

ਜਸਵੀਰ ਸ਼ਰਮਾਂ ਦੱਦਾਹੂਰ

ਸ੍ਰੀ ਮੁਕਤਸਰ ਸਾਹਿਬ

95691-49556

ਗੀਤਕਾਰ ਅਤੇ ਲੇਖਕ ਸੁਖਚੈਨ ਸਿੰਘ ਕੁਰੜ ਨੂੰ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ ਹੋਣ ਜੀ

ਹਮਸਫ਼ਰ ਜਨਮ ਦਿਨ ਮੁਬਾਰਕ ਹੋਵੇ  ✍️ ਪ੍ਰੋ ਗਗਨਦੀਪ ਧਾਲੀਵਾਲ ਝਲੂਰ 

ਅੱਖਰਾਂ ਵਿੱਚ ਲੱਗੇ ਜਿਸਨੂੰ ਪਰੋਣ
ਬੁੱਝੋ ਤਾਂ ਜਾਣੋ ਉਹ ਕੌਣ ?
ਜੋ ਹਮੇਸ਼ਾ ਸਾਥ ਨਿਭਾਵੇ
ਆਪਣੇ ਪਨ ਦਾ ਅਹਿਸਾਸ ਕਰਾਵੇ
ਗਲਤੀ ਹੋਣ’ ਤੇ ਦੇਵੇ ਝਿੜਕਾਂ
ਜੋ ਹਰ-ਪਲ ਰੱਖੇ ਬਿੜਕਾਂ
ਤਰੱਕੀ ਦੇਖ ਨਾ ਜੋ ਸੜੇ
ਹਰ -ਪਲ ਨਾਲ ਜੋ ਖੜੇ
ਕਦੇ ਮੱਥੇ ਵੱਟ ਨਾ ਪਾਵੇ
ਹਰ ਗਲ਼ ਪਿਆਰ ਨਾਲ ਸਮਝਾਵੇ
ਫੋਕੀ ਨਾ ਉਹ ਕਰੇ ਮਸ਼ਹੂਰੀ
ਚਾਹੇ ਹੋਵੇ ਕਿੰਨੀ ਵੀ ਮਜਬੂਰੀ
ਨਾ ਕਦੇ ਉਹ ਤਾਹਨੇ ਮਾਰੇ
ਹਰ ਇੱਕ ਅਦਾ ਸਤਿਕਾਰੇ
ਜੋ ਉਤਰਾਅ-ਚੜ੍ਹਾਅ ਵਿੱਚ ਨਾਲ ਰਹੇ
ਕਾਮਯਾਬੀ ਵਿੱਚ ਜੋ ਬਣ ਢਾਲ ਰਹੇ
ਜੋ ਕਿਸਮਤ ਦੀ ਲਕੀਰ ਹੋਵੇ
ਜ਼ਿੰਦਗੀ ਦੀ ਤਕਦੀਰ ਹੋਵੇ
ਬਣ ਦੋਸਤ ਜਦੋਂ ਪਿਆਰ ਜਤਾਵੇ
ਨਾ ਫਿਰ ਅੱਖਾਂ ਵਿੱਚੋਂ ਹੰਝੂ ਆਵੇ
ਜਦ ਰੋਵਾਂ ਤਾਂ ਨਾਲ ਉਹ ਰੋਵੇ
ਹਰ ਇੱਕ ਸੁਪਨੇ ਦੀ ਮੰਜ਼ਿਲ ਹੋਵੇ
ਹਮਸਫ਼ਰ ਜਨਮ ਦਿਨ ਮੁਬਾਰਕ ਹੋਵੇ
ਝੋਲੀ ਵਿੱਚ ਖੁਸ਼ੀਆਂ ਦੀ ਬਹਾਰ ਹੋਵੇ
ਚਿਹਰੇ ‘ਤੇ ਹਰ-ਪਲ ਮੁਸਕਰਾਹਟ ਹੋਵੇ
ਹਮਸਫ਼ਰ ਜਨਮ ਦਿਨ ਮੁਬਾਰਕ ਹੋਵੇ ।

ਅਸਿਸਟੈਂਟ ਪ੍ਰੋ.ਗਗਨਦੀਪ ਕੌਰ ਧਾਲੀਵਾਲ

ਪ੍ਰੋ.ਅਜਮੇਰ ਔਲਖ ਨੂੰ ਯਾਦ ਕਰਦਿਆਂ ✍️ ਸ. ਸੁਖਚੈਨ ਸਿੰਘ ਕੁਰੜ

ਜਨਮ ਤੇ ਪਰਿਵਾਰ:-
ਨਾਟਕਕਾਰ ਅਜਮੇਰ ਔਲਖ਼ ਦਾ ਜਨਮ 19 ਅਗਸਤ ਸੰਨ 1942 ਈਸਵੀ ਨੂੰ ਪਿੰਡ ਕੁੰਭੜਵਾਲ, ਜ਼ਿਲ੍ਹਾ ਸੰਗਰੂਰ ਵਿਖੇ ਹੋਇਆ। ਪ੍ਰੋ. ਔਲਖ ਦੇ ਪਿਤਾ ਦਾ ਨਾਂ ਸ. ਕੌਰ ਸਿੰਘ ਤੇ ਮਾਤਾ ਦਾ ਨਾਂ ਸ੍ਰੀਮਤੀ ਹਰਨਾਮ ਕੌਰ ਸੀ। 1944-45 ਦੇ ਆਸ-ਪਾਸ ਸਾਰਾ ਔਲਖ਼ ਪਰਿਵਾਰ ਪਿੰਡ ਕੁੰਭੜਵਾਲ ਛੱਡ ਕੇ ਪਿੰਡ ਕਿਸ਼ਨਗੜ੍ਹ ਫ਼ਰਵਾਹੀ ਵਿਖੇ ਆ ਵਸਿਆ।
ਪ੍ਰੋ. ਅਜਮੇਰ ਔਲਖ ਦਾ ਵਿਆਹ ਮਨਜੀਤ ਕੌਰ ਨਾਲ਼ ਹੋਇਆ। ਜੋ ਕਿ ਕਿੱਤੇ ਪੱਖੋਂ ਅਧਿਆਪਕਾ ਸਨ। ਉਨ੍ਹਾਂ ਦੇ ਘਰ ਸੁਪਨਦੀਪ ਕੌਰ, ਸੁਹਜਪ੍ਰੀਤ ਕੌਰ ਅਤੇ ਅਮਨਜੀਤ ਕੌਰ, ਤਿੰਨ ਲੜਕੀਆਂ ਪੈਦਾ ਹੋਈਆਂ।
ਪੜ੍ਹਾਈ ਤੇ ਨੌਕਰੀ:-  
ਪ੍ਰੋ. ਔਲਖ਼ ਨੇ ਆਪਣੀ ਮੁੱਢਲੀ ਪੜ੍ਹਾਈ ਪਿੰਡ ਕਿਸ਼ਨਗੜ੍ਹ ਫ਼ਰਵਾਹੀ ਦੇ ਪ੍ਰਾਇਮਰੀ ਸਕੂਲ ਤੋਂ ਸੰਨ 1952 ਵਿੱਚ ਕੀਤੀ। ਦਸਵੀਂ ਦੀ ਪੜ੍ਹਾਈ ਪਿੰਡ ਕਿਸ਼ਨਗੜ੍ਹ ਫ਼ਰਵਾਹੀ ਤੋਂ 5-6 ਕਿਲੋਮੀਟਰ ਦੂਰ ਕਸਬਾ ਭੀਖੀ ਤੋਂ ਕਰਨ ਉਪਰੰਤ ਚਿੱਠੀ ਪੱਤਰ ਰਾਹੀਂ ਬੀ.ਏ. ਪੰਜਾਬ ਯੂਨੀਵਰਸਟੀ ਚੰਡੀਗੜ੍ਹ ਤੋਂ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਐੱਮ.ਏ ਦੀ ਪੜ੍ਹਾਈ ਕੀਤੀ।
ਪ੍ਰੋ. ਅਜਮੇਰ ਔਲਖ਼ ਨੇ 28 ਅਗਸਤ 1965 ਤੋਂ ਸੰਨ 2000 ਤੱਕ ਨਹਿਰੂ ਮੈਮੋਰੀਅਲ ਕਾਲਜ ਮਾਨਸਾ ਵਿੱਚ ਪੰਜਾਬੀ ਲੈਕਚਰਾਰ ਦੀ ਨੌਕਰੀ ਕੀਤੀ। ਉਥੇ ਹੀ ਪ੍ਰੋ. ਔਲਖ ਨਾਟਕਕਾਰ, ਪ੍ਰੋਡਿਊਸਰ, ਡਾਇਰੈਕਟਰ ਤੇ ਅਦਾਕਾਰ ਬਣਿਆ ਅਤੇ ਆਪਣੀ ਪਤਨੀ ਮਨਜੀਤ ਕੌਰ ਤੇ ਤਿੰਨੇ ਧੀਆਂ ਨੂੰ ਵੀ ਅਦਾਕਾਰ ਬਣਾਇਆ। ਪ੍ਰੋ. ਔਲਖ ਨੇ ਇੱਥੇ ਰਹਿੰਦਿਆਂ ਹੀ 1976 ਵਿੱਚ ਲੋਕ ਕਲਾ ਮੰਚ ਮਾਨਸਾ ਦੀ ਸਥਾਪਨਾ ਕੀਤੀ।
ਸਾਹਿਤਕ ਸਫ਼ਰ:-
ਪ੍ਰੋ ਔਲਖ ਆਪਣੀ ਸਾਹਿਤਕ ਸਵੈਜੀਵਨੀ ‘ਮੇਰੀ ਨਾਟ-ਯਾਤਰਾ’ ਵਿਚ ਲਿਖਦਾ ਹੈ ਕਿ ਜਦ ਮੈਂ ਬਚਪਨ ਤੋਂ ਲੈ ਕੇ ਆਪਣੇ ਨਾਟਕਕਾਰ ਬਣਨ ਤਕ ਦੇ ਸਾਹਿਤਕ ਸਫ਼ਰ ਉਤੇ ਝਾਤ ਮਾਰਦਾ ਹਾਂ ਤਾਂ ਨਾਟਕ ਲਿਖਣ ਵੱਲ ਰੁਚਿਤ ਹੋਣ ਦਾ ਵਰਤਾਰਾ ਮੈਨੂੰ ‘ਮਹਿਜ਼ ਇਕ ਇਤਫ਼ਾਕ’ ਤੋਂ ਬਿਨਾਂ ਹੋਰ ਕੁਝ ਨਜ਼ਰ ਨਹੀਂ ਆਉਂਦਾ। ਆਪਣੀ ਉਮਰ ਦੇ 27-28 ਵਰ੍ਹਿਆਂ ਤਕ ਮੈਨੂੰ ਆਪਣੇ ਆਪ ਨੂੰ ਵੀ ਨਹੀਂ ਸੀ ਪਤਾ ਕਿ ਮੈਂ ਕਦੇ ਨਾਟਕ ਵੀ ਲਿਖਾਂਗਾ ਤੇ ਪੰਜਾਬੀ ਸਾਹਿਤ-ਜਗਤ ਵਿਚ ਮੇਰੀ ਪਛਾਣ ‘ਇੱਕ ਨਾਟਕਕਾਰ’ ਦੇ ਰੂਪ ਵਿਚ ਹੋਵੇਗੀ। ਮੈਂ ਪਹਿਲਾਂ ਕਵਿਤਾ/ਗੀਤ ਲਿਖਣੇ ਸ਼ੁਰੂ ਕੀਤੇ ਸਨ। ਜਦ ਮੈ ਗੁਰਮੁਖੀ ਅੱਖਰ ਜੋੜਨ ਦੇ ਯੋਗ ਹੋ ਗਿਆ ਤਾਂ ਸ਼ਬਦਾਂ ਨੂੰ ਗੁਣ-ਗੁਣਾਉਂਦਿਆਂ ਕਾਗਜ਼ਾਂ ਉਤੇ ਉਤਾਰਨ ਲੱਗ ਪਿਆ। ਮੈਂ ਆਪਣੀ ਪਹਿਲੀ ਸਾਹਿਤਕ ਰਚਨਾ ਕਦੋਂ ਤੇ ਕਿੰਨੀ ਉਮਰ ਵਿਚ ਕੀਤੀ ਇਸ ਬਾਰੇ ਮੈਨੂੰ ਕੁਝ ਪੱਕਾ ਯਾਦ ਨਹੀਂ। ਜਿਥੋਂ ਤਕ ਮੈਨੂੰ ਯਾਦ ਹੈ, ਮੈਂ ਐਨੀ ਕੁ ਗੱਲ ਪੱਕੇ ਵਿਸ਼ਵਾਸ ਨਾਲ ਕਹਿ ਸਕਦਾ ਹਾਂ ਕਿ ਮੈਂ 8-10 ਸਾਲ ਦੀ ਉਮਰ ਵਿਚ ਕੁਝ ਨਾ ਕੁਝ ਤੁਕਬੰਦੀ ਕਰ ਕੇ ਉਸ ਨੂੰ ਗਾਉਣ ਲੱਗ ਪਿਆ ਸੀ...।
ਜਿਵੇਂ ਅਸੀਂ ਪ੍ਰੋ.ਅਜਮੇਰ ਔਲਖ਼ ਦੇ ਸਵੈ ਕਥਨ ਤੋਂ ਜਾਣਿਆ ਕਿ ਉਹਨਾਂ ਦੇ ਸਾਹਿਤਕ ਸਫ਼ਰ ਦੀ ਸ਼ੁਰੂਆਤ ਕਵਿਤਾ ਤੇ ਗੀਤ ਸਾਹਿਤ ਰੂਪਾਂ ਨਾਲ਼ ਹੋਈ ਸੀ। ਇਸ ਤੋਂ ਇਲਾਵਾ ਉਹਨਾਂ ਦਾ ਦਸਵੀਂ ਦੇ ਇਮਤਿਹਾਨ ਤੋਂ ਬਾਅਦ ਇੱਕ ਨਾਵਲ 'ਜਗੀਰਦਾਰ' ਲਿਖਣ ਦਾ ਵੇਰਵਾ ਵੀ ਮਿਲ਼ਦਾ ਹੈ। ਕਵਿਤਾ,ਗੀਤ,ਨਾਵਲ ਤੋਂ ਬਿਨਾਂ ਕਹਾਣੀ ਸਾਹਿਤ ਰੂਪ ਤੇ ਵੀ ਉਹਨਾਂ ਨੇ ਆਪਣੀ ਕਲਮ ਅਜ਼ਮਾਈ ਸੀ।
ਕਾਲਜ ਵਿੱਚ ਸੱਭਿਆਚਾਰਕ ਸਰਗ਼ਰਮੀਆਂ ਦਾ ਮੁਖੀ ਬਣਾਏ ਜਾਣ ਤੋਂ ਬਾਅਦ ਸੰਨ 1960-70 ਵਿੱਚ ਕਾਲਜ ਦੇ ਵਿਦਿਆਰਥੀਆਂ ਨੂੰ ਨਾਟਕਾਂ ਦੀ ਤਿਆਰੀ ਕਰਵਾਉਂਦਿਆਂ-ਕਰਵਾਉਂਦਿਆਂ ਪ੍ਰੋ. ਔਲਖ ਦਾ ਰੁਝਾਨ ਨਾਟਕ ਲਿਖਣ ’ਤੇ ਕਰਵਾਉਣ ਵੱਲ ਹੀ ਹੋ ਗਿਆ।
ਉਹ ਸਾਰੀ ਜ਼ਿੰਦਗੀ ਆਪਣੇ ਸਾਹਿਤਕ ਸਫ਼ਰ ਵਿੱਚ ਇੱਕ ਵਗਦੇ ਦਰਿਆ ਵਾਂਗ ਵਗਦੇ ਰਹੇ। ਉਹਨਾਂ ਦੇ ਪੂਰੇ ਨਾਟਕਾਂ ਦਾ ਵੇਰਵਾ:- ਸੱਤ ਬਿਗਾਨੇ, ਕਿਹਰ ਸਿੰਘ ਦੀ ਮੌਤ, ਇੱਕ ਸੀ ਦਰਿਆ, ਸਲਵਾਨ, ਝਨਾਂ ਦੇ ਪਾਣੀ, ਨਿੱਕੇ ਸੂਰਜਾਂ ਦੀ ਲੜਾਈ, ਭੱਜੀਆਂ ਬਾਹਾਂ ਤੇ ਨਿਉਂ ਜੜ੍ਹ।
ਇਕਾਂਗੀ ਨਾਟਕਾਂ ਦਾ ਵੇਰਵਾ:- ਬਾਲ ਨਾਥ ਦੇ ਟਿੱਲੇ `ਤੇ, ਮਿਰਜ਼ੇ ਦੀ ਮੌਤ, ਤੂੜੀ ਵਾਲਾ ਕੋਠਾ, ਜਦੋਂ ਬੋਹਲ ਰੋਂਦੇ ਹਨ, ਅੰਨ੍ਹੇ ਨਿਸ਼ਾਨਚੀ, ਸਿੱਧਾ ਰਾਹ ਵਿੰਗਾ ਰਾਹ, ਢਾਂਡਾ, ਐਸੇ ਰਚਿਉ ਖਾਲਸਾ, ਆਪਣਾ-ਆਪਣਾ ਹਿੱਸਾ, ਇਸ਼ਕ ਬਾਝ ਨਮਾਜ਼ ਦਾ ਹੱਜ ਨਾਹੀਂ, ਹਰਿਉ ਬੂਟ, ਅੰਨ੍ਹੇਰ-ਕੋਠੜੀ ਤੇ ਹਾਏ ਨੀ ਮਨਮੀਤ ਕੁਰੇ।
ਲਘੂ ਨਾਟਕਾਂ ਦਾ ਵੇਰਵਾ:- ਅਰਬਦ ਨਰਬਦ ਧੁੰਦੂਕਾਰਾ, ਬਿਗਾਨੇ ਬੋਹੜ ਦੀ ਛਾਂ, ਸੁੱਕੀ ਕੁੱਖ, ਇੱਕ ਰਮਾਇਣ ਹੋਰ, ਭੱਠ ਖੇੜਿਆਂ ਦਾ ਰਹਿਣਾ, ਗਾਨੀ, ਤੇੜਾਂ, ਲੋਹੇ ਦਾ ਪੁੱਤ, ਐਇੰ ਨੀ ਹੁਣ ਸਰਨਾ, ਉਂਈ-ਮੂੰਈਂ ਦਾ ਕੁਸ ਨੀ ਹੁੰਦਾ, ਕਉਲ਼ੇ ਉੱਤੇ ਰੱਖਿਆ ਕੌਲਾ, ਚੱਲ ਵੀਰਨਾ ਵੇ ਉਥੇ ਚੱਲੀਏ, ਬੰਦ ਬੂਹਿਆਂ ਵਾਲੀ ਹਵੇਲੀ ਤੇ ਪੱਪੂ ਦੀ ਪੈਂਟ ਆਦਿ।
ਪ੍ਰੋ. ਔਲਖ ਨੇ ਅਜਿਹੇ ਅਨੇਕਾਂ ਹੀ ਖ਼ੂਬਸੂਰਤ ਪੂਰੇ ਨਾਟਕ/ਇਕਾਂਗੀ ਨਾਟਕ/ਲਘੂ ਨਾਟਕ ਲਿਖੇ ਅਤੇ ਬਹੁਤ ਹੀ ਸਫ਼ਲਤਾ ਨਾਲ ਉਨ੍ਹਾਂ ਦਾ ਮੰਚਨ ਵੀ ਕੀਤਾ। ਇਸ ਤੋਂ ਇਲਾਵਾ ਪ੍ਰੋ. ਔਲਖ ਨੇ ਹੋਰਨਾਂ ਲੇਖਕਾਂ ਦੀਆਂ ਕੁਝ ਕਹਾਣੀਆਂ ਤੇ ਨਾਵਲਾਂ ਨੂੰ ਵੀ ਨਾਟਕੀ ਰੂਪ ਵੀ ਦਿੱਤਾ ਸੀ।
ਆਪਣੇ ਸਾਹਿਤਕ ਸਫ਼ਰ ਵਿੱਚ ਉਹਨਾਂ ਨੇ ਆਪਣੀ ਸਵੈਜੀਵਨੀ ਦਾ ਨਾਂ ‘ਨੰਗਾ ਢਿੱਡ’ ਵੀ ਚਿਤਵਿਆ ਸੀ ਜਿਸ ਦੇ ਕੁਝ ਕੁ ਕਾਂਡ ਲਿਖੇ ਗਏ ਸੀ ਜੋ ਕਿ ਜੀਵਨ ਯਾਦਾਂ ਦੀ ਪੁਸਤਕ ‘ਭੁੰਨੀ ਹੋਈ ਛੱਲੀ’ ਵਿਚ ਛਪੇ ਹਨ।
ਵੱਖ-ਵੱਖ ਵਿਦਵਾਨਾਂ ਦੇ ਪ੍ਰੋ ਔਲਖ ਤੇ ਉਸਦੀ ਨਾਟ ਕਲਾ ਬਾਰੇ ਵਿਚਾਰ:-
ਪ੍ਰੋਫੈਸਰ ਗੁਰਦਿਆਲ ਸਿੰਘ:- ‘ਹੁਣ ਤੱਕ ਔਲਖ ਨੇ ਜਿੰਨੇ ਵੀ ਨਾਟਕ ਲਿਖੇ ਹਨ ਉਨ੍ਹਾਂ ਦੀ ਤਿੱਖੀ ਤੇ ਪ੍ਰਭਾਵਸ਼ਾਲੀ ਹੋਣ ਦਾ ਮੂਲ ਕਾਰਨ ਉਹਦੇ ਜੀਵਨ ਅਨੁਭਵ ਦੀ ਪ੍ਰਪੱਕਤਾ ਹੈ ਤੇ ਉਹਨੇ ਹੌਲੀ-ਹੌਲੀ ਨਾਟਕਕਾਰ ਦੇ ਤੌਰ ਤੇ ਆਪਣੀ ਵੱਖਰੀ ਥਾਂ ਬਣਾ ਲਈ ਹੈ।
ਭਾਅ ਜੀ ਗੁਰਸ਼ਰਨ ਸਿੰਘ:- ‘ਬਿਗਾਨੇ ਬੋਹੜ ਦੀ ਛਾਂ’ ਔਲਖ ਦਾ ਸਾਰਿਆਂ ਨਾਟਕਾਂ ਨਾਲੋਂ ਮਕਬੂਲ ਨਾਟਕ ਹੈ ਪਰ ਮੇਰੀ ਨਜ਼ਰ ਵਿੱਚ ‘ਬਹਿਕਦਾ ਰੋਹ’ ਉਸਦੀ ਸ਼ਾਹਕਾਰ ਰਚਨਾ ਹੈ।
ਰੰਗਕਰਮੀ ਸਾਹਿਬ ਸਿੰਘ:-ਅਜਮੇਰ ਔਲਖ ਸਮਾਜ ਅੰਦਰ ਵਾਪਰ ਰਹੇ ਕਿਸੇ ਅਣਮਨੁੱਖੀ ਵਰਤਾਰੇ ਨੂੰ ਪਹਿਲਾਂ ਆਪਣੇ ਤਜਰਬੇ 'ਚੋਂ ਨਿਕਲੀ ਕਿਸੇ ਘਟਨਾ ਜਾਂ ਪਾਤਰ ਨਾਲ ਜੋੜਦਾ, ਫਿਰ ਇਸ ਨੂੰ ਨਵਿਆਉੰਦਾ ਤੇ ਫੇਰ ਸਮੇਂ ਦਾ ਹਾਣੀ ਬਣਾ ਕੇ ਪੇਸ਼ ਕਰਦਾ। "ਝਨਾਂ ਦੇ ਪਾਣੀ", " ਸੱਤ ਬਿਗਾਨੇ", ਬਿਗਾਨੇ ਬੋਹੜ ਦੀ ਛਾਂ" ਆਦਿ ਨਾਟਕ ਇਸ ਦੀ ਪ੍ਰਤੱਖ ਉਦਾਹਰਨ ਹਨ।
ਲੇਖਕ ਗੁਰਬਚਨ ਸਿੰਘ ਭੁੱਲਰ:- ਅਜਮੇਰ ਸਿੰਘ ਔਲਖ ਸ਼ਬਦ ਦੇ ਸਹੀ ਅਰਥਾਂ ਵਿੱਚ ਸੂਰਮਾ ਸੀ। ਜਿੰਨੀ ਸੂਰਬੀਰਤਾ ਨਾਲ ਉਹ ਪੂੰਜੀਵਾਦੀ ਅਰਥ-ਵਿਵਸਥਾ ਦੇ ਝੰਬੇ ਹੋਏ ਮਜ਼ਦੂਰਾਂ ਤੇ ਕਿਸਾਨਾਂ ਦੀ ਪੀੜ ਹਰਨ ਵਾਸਤੇ ਆਪਣੇ ਨਾਟਕਾਂ ਰਾਹੀਂ ਮੰਚ ਉੱਤੇ ਲੜਿਆ, ਓਨੀ ਹੀ ਸੂਰਬੀਰਤਾ ਨਾਲ ਉਹ ਬੇਹੱਦ ਚੰਦਰੇ ਰੋਗ ਦੇ ਝੰਬੇ ਹੋਏ ਸਰੀਰ ਦੀ ਪੀੜ ਹਰਨ ਵਾਸਤੇ ਆਪਣੇ ਅਡੋਲ ਹੌਸਲੇ ਨਾਲ ਹਸਪਤਾਲੀ ਕਮਰਿਆਂ ਵਿੱਚ ਲੜਿਆ।
ਸ਼ਾਇਰ ਡਾ. ਸੁਰਜੀਤ ਪਾਤਰ:- ਭਾਅ ਜੀ ਗੁਰ਼ਸ਼ਰਨ ਸਿੰਘ ਦੀ ਸੂਹੀ ਲਾਟ ਦੇ ਵਾਰਸ, ਪਿੰਡਾਂ ਦੇ ਲੋਕਾਂ ਦੇ ਦਿਲਾਂ ਦਾ ਦਰਦ ਪਛਾਨਣ ਵਾਲੇ ਅਜਮੇਰ ਸਿੰਘ ਔਲਖ ਹੀ ਸਨ। ਮੈਂ ਕਦੀ ਲਿਖਿਆ ਸੀ ਕਿ-
"ਏਸ ਤਪਦੇ ਥਲ ਵਿੱਚ, ਦੂਸਰਾ ਕਿਹੜਾ ਖਲੋਵੇਗਾ।
ਏਸੇ ਹੀ ਥਲ 'ਚੋਂ ਉੱਗਿਆ ਕੋਈ ਰੁੱਖ ਹੋਵੇਗਾ"।
ਸੋ, ਏਸ ਲਈ ਔਲਖ ਇਸ ਧਰਤੀ 'ਚੋਂ ਉੱਗਿਆ ਰੁੱਖ, ਜਿਸਨੇ ਉਹ ਦੁੱਖ ਦੇਖੇ, ਉਹ ਪੀੜਾਂ ਦੇਖੀਆਂ।
ਪ੍ਰੋ. ਔਲਖ ਆਪਣੇ ਨਾਟਕਾਂ ਬਾਰੇ ਕਹਿੰਦਾ ਹੁੰਦਾ ਸੀ- ਮੇਰੇ ਨਾਟਕਾਂ ਵਿੱਚ ਮੇਰੇ ਆਪਣੇ ਹੀ ਰੰਗਮੰਚ ਉਤੇ ਪੇਸ਼ ਹੁੰਦੇ ਦਿਸਦੇ ਹਨ। ਉਹ ਲੜਦੇ-ਝਗੜਦੇ ਹਨ, ਰੋਂਦੇ-ਕਰਲਾਉਂਦੇ ਹਨ, ਰੁਸਦੇ-ਮੰਨਦੇ ਹਨ ਤੇ ਲੁੱਟੇ-ਖੋਹੇ ਜਾਂਦੇ ਮਰਦੇ-ਖਪਦੇ ਹਨ। ਮੈਂ ਆਪਣੇ ਨਾਟਕਾਂ ਵਿਚ ਆਪਣਿਆਂ ਦਾ ਹੀ ਢਿੱਡ ਨੰਗਾ ਕੀਤਾ ਹੈ।
ਮਾਣ ਸਨਮਾਨ:-
ਪੰਜਾਬੀ ਸਾਹਿਤ ਅਕਾਦਮੀ ਦੁਆਰਾ ‘ਅਰਬਦ ਨਰਬਦ ਧੁੰਦੂਕਾਰਾ’ ਨੂੰ 1981 ਵਿੱਚ ਬਿਹਤਰੀਨ ਇਕਾਂਗੀ ਪੁਰਸਕਾਰ, ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ‘ਅੰਨ੍ਹੇ ਨਿਸ਼ਾਨਚੀ’ ਨੂੰ 1983 ਵਿੱਚ ਈਸ਼ਵਰ ਚੰਦਰ ਪੁਰਸਕਾਰ, ਇੰਟਰਨੈਸ਼ਨਲ ਐਸੋਸੀਏਸ਼ਨ ਆਫ਼ ਪੰਜਾਬੀ ਆਰਟਿਸਟਸ ਵੱਲੋਂ 1991 ਵਿੱਚ ਬਿਹਤਰੀਨ ਸਾਹਿਤਕਾਰ ਦਾ ਸਨਮਾਨ,ਪੰਜਾਬੀ ਸਾਹਿਤ ਅਕਾਦਮੀ ਵੱਲੋਂ 1996 ਕਰਤਾਰ ਸਿੰਘ ਧਾਲੀਵਾਲ ਇਨਾਮ,ਫੁੱਲ ਮੈਮੋਰੀਅਲ ਟਰੱਸਟ ਵੱਲੋਂ 1997 ਵਿੱਚ ਗੁਰਦਿਆਲ ਸਿੰਘ ਫੁੱਲ ਇਨਾਮ,
ਲੋਕ ਸੱਭਿਆਚਾਰਿਕ ਵਿਕਾਸ ਮੰਚ ਜੈਤੋ ਵੱਲੋਂ 1999 ਪੰਜਾਬੀ ਰੰਗਮੰਚ ਸੇਵਾ ਸਨਮਾਨ,ਪੰਜਾਬੀ ਸਾਹਿਤ ਸਭਾ ਰਾਮਪੁਰਾ ਫੂਲ ਵੱਲੋਂ 1999 ਪੰਜਾਬੀ ਬੋਲੀ ਸੇਵਾ ਇਨਾਮ,ਪੰਜਾਬੀ ਕਲਾ ਕੇਂਦਰ ਬੰਬਈ ਚੰਡੀਗੜ੍ਹ ਵੱਲੋਂ 2000 ਬਲਰਾਜ ਸਾਹਨੀ ਯਾਦਗਾਰੀ ਇਨਾਮ,ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ 2000 ਵਿੱਚ ਜੀਵਨ ਗੌਰਵ ਸਨਮਾਨ, ਸੰਨ 2000 ਵਿੱਚ ਭਾਸ਼ਾ ਵਿਭਾਗ ਪੰਜਾਬ ਵੱਲੋਂ ਸ਼੍ਰੋਮਣੀ ਪੰਜਾਬੀ ਨਾਟਕਕਾਰ ਦਾ ਪੁਰਸਕਾਰ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਵੱਲੋਂ ਦਿੱਤਾ ਗਿਆ।
ਸੰਨ 2003 ਵਿੱਚ ਪੰਜਾਬ ਸੰਗੀਤ ਨਾਟਕ ਅਕਾਦਮੀ, ਚੰਡੀਗੜ੍ਹ ਵੱਲੋਂ ਪੰਜਾਬੀ ਨਾਟਕਕਾਰ ਅਵਾਰਡ, ਭਾਰਤੀ ਸਾਹਿਤ ਅਕਾਦਮੀ ਨੇ 2006 ਵਿੱਚ ਇਕਾਂਗੀ ਸੰਗ੍ਰਹਿ 'ਇਸ਼ਕ ਬਾਝ ਨਮਾਜ਼ ਦਾ ਹੱਜ ਨਾਹੀ' ਲਈ ਪੁਰਸਕਾਰ, ਭਾਰਤੀ ਸੰਗੀਤ ਨਾਟਕ ਅਕਾਦਮੀ, ਨਵੀਂ ਦਿੱਲੀ ਵੱਲੋਂ 22 ਮਾਰਚ 2006 ਨੂੰ ਭਾਰਤ ਦੇ ਸਾਬਕਾ ਰਾਸ਼ਟਰਪਤੀ ਡਾ. ਏ.ਪੀ.ਜੇ ਅਬਦੁਲ ਕਲਾਮ ਨੇ ਆਪਣੇ ਕਰ-ਕਮਲਾਂ ਨਾਲ ਵਿਗਿਆਨ ਭਵਨ ਨਵੀਂ ਦਿੱਲੀ ਪੁਰਸਕਾਰ ਦਿੱਤਾ ਗਿਆ। ਇਸ ਤੋਂ ਇਲਾਵਾ ਗੁਰਸ਼ਰਨ ਸਿੰਘ ਲੋਕ ਕਲਾ ਸਨਮਾਨ ਕਾਫ਼ਲਾ ਵੱਲੋਂ 1 ਮਾਰਚ 2015 ਨੂੰ ਪ੍ਰੋ. ਔਲਖ ਨੂੰ ਹਜ਼ਾਰਾਂ ਲੋਕਾਂ ਦੇ ਇੱਕਠ ਵਿੱਚ 'ਭਾਈ ਲਾਲੋ ਕਲਾ ਸਨਮਾਨ' ਦੇ ਕੇ ਵੱਡਾ ਮਾਣ ਬਖ਼ਸ਼ਿਆ।
ਪ੍ਰੋ. ਅਜਮੇਰ ਔਲਖ ਨੂੰ ਉਹਨਾਂ ਦੀ ਨਾਟਕ ਕਲਾ ਤੋਂ ਸਮਝਦਿਆਂ, ਜੋ ਗੱਲ ਸਾਹਮਣੇ ਆਉਂਦੀ ਹੈ ਉਹ ਇਹੀ ਹੈ ਕਿ ਪ੍ਰੋ.ਔਲਖ ਨੇ ਆਪਣੇ ਨਾਟਕਾਂ ਵਿੱਚ ਨਿਮਨ ਕਿਸਾਨੀ ਦੀਆਂ ਸਮੱਸਿਆਵਾਂ ਨੂੰ ਪੇਂਡੂ ਮੁਹਾਵਰੇ ਰਾਹੀਂ ਰੰਗਮੰਚ 'ਤੇ ਲਿਆਂਦਾ ਹੈ। ਨਾਟਕਾਂ ਵਿੱਚ ਪੇਂਡੂ ਮੁਹਾਵਰੇ ਦੀ ਵਰਤੋਂ ਕਰਨ ਦਾ ਹੁਨਰ ਈਸ਼ਵਰ ਚੰਦਰ ਨੰਦਾ ਤੋਂ ਬਾਅਦ ਪ੍ਰੋ ਅਜਮੇਰ ਔਲਖ ਦੇ ਹਿੱਸੇ ਹੀ ਆਇਆ। ਪ੍ਰੋ. ਔਲਖ ਦੇ ਨਾਟਕਾਂ ਦੀ ਬੋਲੀ ਆਮ ਲੋਕਾਂ ਦੀ ਬੋਲੀ ਸੀ, ਬੇਸ਼ੱਕ ਕੁੱਝ ਵਿਦਵਾਨ ਉਹਦੇ ਨਾਟਕਾਂ ਦੀ ਭਾਸ਼ਾ ਤੇ ਇਤਰਾਜ਼ ਵੀ ਜਤਾਉਂਦੇ ਹਨ ਪਰ ਉਹ ਆਪਣੇ ਮਾਲਵੇ ਦੇ ਪਿੰਡਾਂ ਦੀ ਆਵਾਜ਼ ਬਣਕੇ ਹੀ ਆਖਰੀ ਸਾਹ ਤੱਕ ਜਿਉਂਦਾ ਰਿਹਾ। ਉਹਦੇ ਪੇਂਡੂ ਪਾਤਰਾਂ ਦੇ ਬੋਲ ਉਹਦੀ ਮਲਵਈ ਬੋਲੀ ਕਰਕੇ ਸਿੱਧੇ ਦਰਸ਼ਕਾਂ ਦੇ ਦਿਲਾਂ ਤੇ ਆਪਣਾ ਪ੍ਰਭਾਵ ਪਾਉਂਦੇ ਹਨ।
ਉਹਦੇ ਨਾਟਕਾਂ ਨੂੰ ਪੇਂਡੂ ਲੋਕਾਂ ਨੇ ਆਪਣੇ ਹੋਣ ਦਾ ਮਾਣ ਵੀ ਖ਼ੂਬ ਦਿੱਤਾ। ਉਹਨਾਂ ਦੇ ਲਿਖੇ ਹਰੇਕ ਨਾਟਕ ਨੂੰ ਦੇਖਣ ਵਾਲਿਆਂ ਦਾ ਆਪਣਾ ਵਿਸ਼ਾਲ ਦਾਇਰਾ ਰਿਹਾ।
2008 ਤੋਂ ਕੈੰਸਰ ਦੀ ਨਾਮੁਰਾਦ ਬਿਮਾਰੀ ਨਾਲ਼ ਪ੍ਰੋ. ਔਲਖ ਜੂਝਦੇ ਆਪਣੀ ਜ਼ਿੰਦਗੀ ਨੂੰ 2017 ਤੱਕ ਤਾਂ ਲੈ ਆਏ ਪਰ 15 ਜੂਨ 2017 ਦਾ ਦਿਨ ਉਹਨਾਂ ਦੀ ਜ਼ਿੰਦਗੀ ਦਾ ਆਖਰੀ ਦਿਨ ਹੋ ਨਿੱਬੜਿਆ। ਪ੍ਰੋ. ਔਲਖ ਦੀ ਕਲਾ ਨੂੰ ਚਾਹੁਣ ਵਾਲ਼ੇ ਅੱਜ ਵੀ ਉਹਨਾਂ ਨੂੰ ਸੱਤ ਬਿਗਾਨੇ ਵਾਲ਼ਾ ਔਲਖ, ਬਿਗਾਨੇ ਬੋਹੜ ਦੀ ਛਾਂ ਵਾਲ਼ਾ ਔਲਖ, ਭੱਜੀਆਂ ਬਾਹਾਂ ਵਾਲ਼ਾ ਔਲਖ, ਅੰਨ੍ਹੇ ਨਿਸ਼ਾਨਚੀ ਵਾਲ਼ਾ ਔਲਖ,ਲੋਕ ਕਲਾ ਮੰਚ ਵਾਲ਼ਾ ਔਲਖ, ਮਾਨਸੇ ਦਾ ਪ੍ਰੋ. ਔਲਖ ਆਦਿ ਵੱਖੋ-ਵੱਖ ਆਪੋ-ਆਪਣੇ ਵੱਲੋਂ ਦਿੱਤੇ ਮਹੁਬੱਤੀ ਨਾਂਵਾਂ ਨਾਲ਼ ਯਾਦ ਕਰਦੇ ਹਨ‌। ਪ੍ਰੋ. ਅਜਮੇਰ ਔਲਖ ਸੱਚਮੁੱਚ ਭਾਜੀ ਗੁਰਸ਼ਰਨ ਸਿੰਘ ਦੇ ਰੰਗਮੰਚੀ ਥੜੇ ਦਾ ਵਾਰਸ ਹੋ ਨਿੱਬੜਿਆ।

ਸ. ਸੁਖਚੈਨ ਸਿੰਘ ਕੁਰੜ (ਪੰਜਾਬੀ ਅਧਿਆਪਕ ਤੇ ਭਾਸ਼ਾ ਮੰਚ ਸਰਪ੍ਰਸਤ) ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਨਾ ਸਿੰਘ ਵਾਲ਼ਾ (ਫ਼ਿਰੋਜ਼ਪੁਰ)