You are here

ਲੁਧਿਆਣਾ

ਵੀ.ਕੇ.ਭਾਵਰਾ ਨੂੰ ਮਿਲ਼ੇਗਾ 11 ਮੈਂਬਰੀ ਵਫਦ- ਝੋਰੜਾਂ

ਭੁੱਖ ਹੜਤਾਲ 58ਵੇਂ ਦਿਨ ਵੀ ਰਹੀ ਜਾਰੀ, 65ਵੇਂ ਦਿਨ ਵੀ ਧਰਨਾ ਰਿਹਾ ਜਾਰੀ !
ਜਗਰਾਉਂ 25 ਮਈ (  ਮਨਜਿੰਦਰ ਗਿੱਲ ) ਮੁਕੱਦਮੇ 'ਚ ਨਾਮਜ਼ਦ ਡੀ.ਅੈਸ.ਪੀ., ਅੈਸ.ਆਈ. ਤੇ ਸਰਪੰਚ ਦੀ ਗ੍ਰਿਫਤਾਰੀ ਲਈ ਸੰਘਰਸ਼ ਕਰ ਰਹੀਆਂ ਜੱਥੇਬੰਦੀਆਂ ਨੇ ਇੱਕ ਮੀਟਿੰਗ ਕਰਕੇ ਪੰਜਾਬ ਦੇ ਡੀ.ਜੀ.ਪੀ. ਵੀ.ਕੇ. ਭਾਵਰਾ ਨੂੰ ਮਿਲਣ ਦਾ ਫੈਸਲਾ ਕੀਤਾ ਹੈ। ਮੀਟਿੰਗ ਵਿੱਚ ਇਨਕਲਾਬੀ ਕੇਂਦਰ ਪੰਜਾਬ ਦੇ ਆਗੂ ਖੰਨਾ, ਪੇਂਡੂ ਮਜ਼ਦੂਰ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਅਵਤਾਰ ਸਿੰਘ ਰਸੂਲਪੁਰ ਤੇ ਜਿਲ੍ਹਾ ਸਕੱਤਰ ਸੁਖਦੇਵ ਸਿੰਘ ਮਾਣੂੰਕੇ, ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਦੇ ਸਕੱਤਰ ਮਾਸਟਰ ਜਸਦੇਵ ਸਿੰਘ ਲਲਤੋਂ ਸਰਵਿੰਦਰ ਸਿੰਘ ਸੁਧਾਰ, ਕੇਕੇਯੂ ਯੂਥ ਵਿੰਗ ਮਨੋਹਰ ਸਿੰਘ ਝੋਰੜਾਂ, ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਜਗਤ ਸਿੰਘ ਲੀਲ੍ਹਾਂ ਤੇ ਰਾਮਸ਼ਰਨ ਸਿੰਘ ਰਸੂਲਪੁਰ ਢਾਹਾ, ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਦਾ) ਇੰਦਰਜੀਤ ਸਿੰਘ ਧਾਲੀਵਾਲ, ਪੰਜਾਬ ਨਿਰਮਾਣ ਸਭਾ ਗੁਰਦੀਪ ਸਿੰਘ ਰਾਏਕੋਟ, ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ) ਬਲਦੇਵ ਸਿੰਘ ਫੌਜੀ, ਪੰਜਾਬ ਕਿਸਾਨ ਯੂਨੀਅਨ ਦੇ ਡਾਕਟਰ ਗੁਰਚਰਨ ਸਿੰਘ ਰਾਏਕੋਟ, ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਪ੍ਰਧਾਨ ਜਸਪ੍ਰੀਤ ਸਿੰਘ ਢੋਲ਼ਣ, ਕੁੱਲ ਹਿੰਦ ਕਿਸਾਨ ਸਭਾ ਦੇ ਨਿਰਮਲ ਸਿੰਘ ਧਾਲੀਵਾਲ ਨੇ ਅੱਜ ਪਹਿਲਾਂ ਥਾਣੇ ਮੂਹਰੇ ਰੈਲ਼ੀ ਕੀਤੀ ਅਤੇ ਫਿਰ ਸਰਬਸੰਮਤੀ ਮਤਾ ਪਾਸ ਕੀਤਾ ਗਿਆ ਕਿ ਸੰਘਰਸ਼ ਕਰ ਰਹੀਆਂ ਜੱਥੇਬੰਦੀਆਂ ਦਾ ਇਕ 11 ਮੈਂਬਰੀ ਸਾਂਝਾ ਵਫਦ ਪਹਿਲੀ ਜੂਨ ਪਹਿਲਾਂ ਡੀ.ਜੀ.ਪੀ. ਪੰਜਾਬ ਨੂੰ ਮਿਲਗੇ ਅਤੇ ਧਾਰਾ 304, 342, 34 ਤੇ ਅੈਸ.ਸੀ./ਅੈਸ.ਟੀ. ਅੈਕਟ 1989 ਅਧੀਨ ਦਰਜ ਮੁਕੱਦਮੇ 'ਚ ਨਾਮਜ਼ਦ ਡੀ.ਅੈਸ.ਪੀ. ਗੁਰਿੰਦਰ ਬੱਲ, ਅੈਸ.ਆਈ. ਰਾਜਵੀਰ ਤੇ ਹਰਜੀਤ ਸਰਪੰਚ ਦੀ ਗ੍ਰਿਫਤਾਰੀ ਦੀ ਮੰਗ ਕਰੇਗਾ। ਆਗੂਆਂ ਨੇ ਕਿਹਾ ਕਿ ਪੀੜ੍ਹਤ ਪਰਿਵਾਰ ਅਤੇ ਸੰਘਰਸ਼ੀ ਲੋਕ ਇਨਸਾਫ਼ ਦੀ ਲੜ੍ਹਾਈ ਵਿੱਚ ਪਿਛਲੇ 65 ਦਿਨਾਂ ਤੋਂ ਥਾਣੇ ਮੂਹਰੇ ਪੱਕਾ ਮੋਰਚਾ ਲਗਾਈ ਬੈਠੇ ਹਨ ਅਤੇ ਪੀੜ੍ਹਤ ਮਾਤਾ ਸੁਰਿੰਦਰ ਕੌਰ 48 ਦਿਨਾਂ ਤੋਂ ਭੁੱਖ ਹੜਤਾਲ ਤੇ ਬੈਠੀ ਹੈ ਪਰ ਪੁਲਿਸ ਅਧਿਕਾਰੀ ਜਾਣਬੁੱਝ ਕੇ ਦੋਸ਼ੀਆਂ ਨੂੰ ਬਚਾਉਣ ਦੀ ਮਨਸ਼ਾ ਨਾਲ ਕੰਮ ਕਰ ਰਹੇ ਹਨ। ਪ੍ਰੈਸ ਨੂੰ ਜਾਰੀ ਇੱਕ ਬਿਆਨ 'ਚ ਤਰਲੋਚਨ ਸਿੰਘ ਝੋਰੜਾਂ, ਅਵਤਾਰ ਸਿੰਘ ਰਸੂਲਪੁਰ ਤੇ ਮਾਸਟਰ ਜਸਦੇਵ ਸਿੰਘ ਲਲਤੋੰ ਨੇ ਕਿਹਾ ਕਿ ਫੈਸਲੇ ਮੁਤਾਬਕ ਅਗਲ਼ਾ ਅੈਕਸ਼ਨ ਉਲੀਕਣ ਤੋਂ ਪਹਿਲਾਂ ਪੁਲਿਸ ਅਧਿਕਾਰੀਆਂ ਨੂੰ ਮਿਲਕੇ ਇੱਕ ਵਾਰ ਫਿਰ ਅਸੀਂ ਮਸਲ਼ੇ ਦੇ ਹੱਲ਼ ਲਈ ਯਤਨ ਕਰ ਰਹੇ ਹਾਂ। ਭੁੱਖ ਹੜਤਾਲ ਤੇ ਬੈਠੀ ਪੀੜ੍ਹਤ ਮਾਤਾ ਸੁਰਿੰਦਰ ਕੌਰ, ਮਹਿਲਾ ਆਗੂ ਮਨਪ੍ਰੀਤ ਕੌਰ ਧਾਲੀਵਾਲ ਤੇ ਦਰਸ਼ਨ ਸਿੰਘ ਧਾਲੀਵਾਲ ਨੇ ਜਿੱਥੇ ਪੰਜਾਬ ਸਰਕਾਰ ਵਲੋਂ ਮਾਮਲੇ ਵਿੱਚ ਦਖਲ-ਅੰਦਾਜ਼ੀ ਨਾਂ ਕਰਨ ਅਤੇ ਕਿਰਤੀ ਲੋਕਾਂ ਨੂੰ ਸ਼ੜਕਾਂ 'ਤੇ ਰੋਲਣ ਦੀ ਸਖਤ ਨਿਖੇਧੀ ਕੀਤੀ ਉਥੇ ਹਲਕਾ ਵਿਧਾਇਕ ਸਰਬਜੀਤ ਕੌਰ ਦੇ ਲੋਕ ਵਿਰੋਧੀ ਵਤੀਰੇ ਦੇ ਨਿੰਦਾ ਕੀਤੀ। ਇਸ ਸਮੇਂ ਬਾਬਾ ਬੰਤਾ ਸਿੰਘ ਡੱਲਾ, ਬੀਕੇਯੂ ਡਕੌਂਦਾ ਦੇ ਕੁੰਡਾ ਸਿੰਘ ਕਾਉਂਕੇ, ਰਾਮਤੀਰਥ ਲੀਲਾ, ਗੁਰਚਰਨ ਬਾਬੇਕਾ, ਜਲ਼ੌਰ ਸਿੰਘ, ਮਹਿੰਦਰ ਸਿੰਘ ਬੀਏ, ਗੁਰਚਰਨ ਸਿੰਘ ਬਾਬੇਕਾ, ਬਖਤਾਵਰ ਸਿੰਘ, ਡਾਕਟਰ ਗੁਰਚਰਨ ਸਿੰਘ ਆਦਿ ਹਾਜ਼ਰ ਸਨ।

ਪੰਜ ਜੂਨ ਨੂੰ ਹਲਕਾ ਵਿਧਾਇਕ ਦੇ ਦਫ਼ਤਰ ਦਾ ਹੋਵੇਗਾ ਘਿਰਾਓ : ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ  

  ਜਗਰਾਉਂ , 27 ਮਈ (ਮਨਜਿੰਦਰ ਗਿੱਲ   )ਜਗਰਾਓਂ ਬਲਾਕ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਮੀਟਿੰਗ ਵਿੱਚ ਕਿਸਾਨ ਅੰਦੋਲਨ ਦੋਰਾਨ ਇਸ ਹਲਕੇ ਚ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਗੁਰਪ੍ਰੀਤ ਸਿੰਘ ਜਗਰਾਓਂ ਦੇ ਵਾਰਸਾਂ ਨੂੰ ਮੁਆਵਜ਼ਾ ਅਤੇ ਸਰਕਾਰੀ ਨੋਕਰੀ ਅਜੇ ਤੱਕ ਨਾ ਦੇਣ, ਬਲਕਰਨ ਸਿੰਘ ਲੋਧੀਵਾਲਾ ਅਤੇ ਸੁਖਵਿੰਦਰ ਸਿੰਘ ਕਾਉਂਕੇ ਦੇ ਪਰਿਵਾਰ ਨੂੰ ਅਜੇ ਤਕ ਸਰਕਾਰੀ ਨੋਕਰੀ ਨਾ ਦੇਣ ਦੇ ਮਸਲੇ ਨੂੰ ਗੰਭੀਰਤਾ ਨਾਲ ਵਿਚਾਰਿਆ ਗਿਆ। ਬਲਾਕ ਪ੍ਰੈੱਸ ਸਕੱਤਰ ਦੇਵਿੰਦਰ ਸਿੰਘ ਕਾਉਂਕੇ ਨੇ ਦੱਸਿਆ ਕਿ ਇਸ ਸਬੰਧੀ ਪੰਜਾਬ ਸਰਕਾਰ, ਡੀ ਸੀ ਲੁਧਿਆਣਾ, ਐਸ ਡੀ ਐਮ‌ ਜਗਰਾਂਓ, ਹਲਕਾ ਵਿਧਾਇਕ ਨੂੰ ਅਨੇਕਾਂ ਵਾਰ ਮਿਲਣ‌ਦੇ ਬਾਵਜੂਦ ਨੋਕਰ ਸ਼ਾਹੀ ਦੀ ਅਣਗਹਿਲੀ ਕਾਰਣ ਅਜੇ ਤੱਕ ਕੋਈ ਹੱਲ ਨਹੀਂ ਹੋਇਆ। ਤਿਲੰਗਾਨਾ ਸਰਕਾਰ ਵਲੋਂ ਭੇਜੇ ਤਿੰਨ ਲੱਖ ਦੇ ਸਹਾਇਤਾ ਚੈੱਕ ਵੀ ਸੁਖਵਿੰਦਰ ਸਿੰਘ ਕਾਉਂਕੇ ਅਤੇ ਗੁਰਪ੍ਰੀਤ ਸਿੰਘ ਜਗਰਾਓਂ ਦੇ ਪਰਿਵਾਰ ਨੂੰ ਨਹੀਂ ਮਿਲੇ। ਉਨਾਂ ਦੱਸਿਆ ਕਿ ਇਸ ਮੰਗ ਨੂੰ ਪੂਰਾ ਕਰਵਾਉਣ ਲਈ ਪੰਜ ਜੂਨ ਦਿਨ ਐਤਵਾਰ ਨੂੰ ਬਲਾਕ ਜਗਰਾਓਂ ਅਤੇ ਸਿੱਧਵਾਂ ਬੇਟ ਦੇ ਕਿਸਾਨ ਸਵੇਰੇ ਦਸ ਵਜੇ ਬਸ ਸਟੈਂਡ ਜਗਰਾਓਂ ਵਿਖੇ ਇਕਠੇ ਹੋ ਕੇ ਹਲਕਾ ਵਿਧਾਇਕ ਦੇ ਹੀਰਾ ਬਾਗ ਸਿਥਤ ਦਫ਼ਤਰ ਦਾ ਘਿਰਾਓ ਕਰਨਗੇ। ਉਨਾਂ ਸਮੂਹ ਕਿਸਾਨ ਮਜ਼ਦੂਰ ਜਥੇਬੰਦੀਆਂ ਨੂੰ ਸ਼ਹੀਦ ਪਰਿਵਾਰਾਂ ਦੀ ਮਦਦ ਲਈ ਇਸ ਘਿਰਾਓ ਵਿਚ ਸ਼ਾਮਿਲ ਹੋਣ ਦੀ ਅਪੀਲ ਕੀਤੀ ਹੈ।

ਭਾਰਤੀ ਕਿਸਾਨ ਯੂਨੀਅਨ ਦੀ ਬਲਾਕ ਪੱਧਰੀ ਮੀਟਿੰਗ ਚ ਖੇਤੀ ਸੰਕਟ ਦੇ ਮਸਲੇ ਤੇ ਹੋਈਆਂ ਵਿਚਾਰਾਂ

ਜਗਰਾਉਂ, 27  ਮਈ (ਮਨਜਿੰਦਰ ਗਿੱਲ ) ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਬਲਾਕ ਜਗਰਾਓਂ ਦੀ ਮੀਟਿੰਗ ਭੰਮੀਪੁਰਾ ਭਿਆਣਾ ਸਾਹਿਬ  ਗੁਰਦੁਆਰਾ ਸਾਹਿਬ ਵਿਖੇ ਬਲਾਕ ਪ੍ਰਧਾਨ ਜਗਤਾਰ ਸਿੰਘ ਦੇਹੜਕਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਚ ਬਲਾਕ ਦੇ ਦੋ ਦਰਜਨ ਪਿੰਡਾਂ ਦੇ ਪ੍ਰਧਾਨ ਅਤੇ ਅਹੁਦੇਦਾਰਾਂ ਨੇ ਹਾਜ਼ਰੀ ਭਰੀ। ਮੀਟਿੰਗ ਵਿਚ ਦਿਨੋਂ ਦਿਨ ਤਿੱਖੇ ਹੋ ਰਹੇ ਖੇਤੀ ਸੰਕਟ,ਵਾਤਾਵਰਣ ਅਤੇ ਪਾਣੀ ਦੇ ਮੱਹਤਵਪੂਰਨ ਮੁੱਦਿਆਂ ਬਾਰੇ ਖੁੱਲ੍ਹ ਕੇ ਵਿਚਾਰ ਚਰਚਾ ਹੋਈ। ਡੂੰਘੀ ਵਿਚਾਰ ਚਰਚਾ ਉਪਰੰਤ ਮੀਟਿੰਗ ਵਿੱਚ ਪੰਜਾਬ ਤੇ ਕੇਂਦਰ ਸਰਕਾਰ ਤੋਂ ਜ਼ੋਰਦਾਰ ਮੰਗ ਕੀਤੀ ਗਈ ਕਿ ਫ਼ਸਲੀ ਚੱਕਰ ਬਦਲਣ ਲਈ ਬਾਕਾਇਦਾ ਕਿਸਾਨ ਜਥੇਬੰਦੀਆਂ ਦੀ ਸਾਂਝੀ ਮੀਟਿੰਗ ਸੱਦ ਕੇ  ਠੋਸ ਖੇਤੀ ਤੇ ਪਾਣੀ ਨੀਤੀ ਬਣਾਈ ਜਾਵੇ। ਮੀਟਿੰਗ ਵਿੱਚ ਸਰਵਸੰਮਤੀ ਨਾਲ ਪਾਸ ਕੀਤਾ ਗਿਆ ਕਿ ਕਿਸਾਨ ਝੋਨੇ ਦੀ ਥਾਂ ਬਾਸਮਤੀ, ਮੱਕੀ,ਮੂੰਗੀ ਤੇ ਸਬਜ਼ੀਆਂ ਬੀਜਣ ਲਈ ਤਿਆਰ ਹਨ ਬਸ਼ਰਤੇ ਕਿ ਸਰਕਾਰ ਘੱਟੋ ਘੱਟ ਸਮਰਥਨ ਮੁੱਲ ਅਤੇ ਸਰਕਾਰੀ ਖਰੀਦ ਦੀ ਗਰੰਟੀ ਕਰੇ। ਮੀਟਿੰਗ ਚ ਸੰਬੋਧਨ ਕਰਦਿਆਂ ਜਿਲਾ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ ਅਤੇ ਲੋਕ ਆਗੂ ਕੰਵਲਜੀਤ ਖੰਨਾ ਨੇ ਕਿਹਾ ਕਿ ਬਾਰਸ਼ ਦੇ  ਅਣਵਰਤੇ ਪਾਣੀ ਅਤੇ ਦਰਿਆਵਾਂ ਦੇ ਸਮੁੰਦਰ ਚ ਰੁੜ ਰਹੇ ਪਾਣੀ ਅਤੇ ਕਾਰਖਾਨਿਆਂ ਚ ਤੇ ਘਰਾਂ ਚ ਅਜਾਈਂ ਗਵਾਏ ਜਾ ਰਹੇ ਪਾਣੀ ਦੇ ਬਚਾਅ ਲਈ ਵੀ ਕੋਈ ਠੋਸ ਸਰਕਾਰੀ ਨੀਤੀ ਬਣਾਈ ਜਾਵੇ। ਮੀਟਿੰਗ ਵਿੱਚ ਕਿਸਾਨਾਂ ਨੇ ਫੈਸਲਾ ਕੀਤਾ ਕਿ ਹਰ ਸੰਭਵ ਯਤਨ ਨਾਲ ਪਾਣੀ ਬਚਾਉਣ ਲਈ  ਹਰ ਕਿਸਾਨ ਯਤਨਸ਼ੀਲ ਰਹੇ ਗਾ। ਹਰ ਕਿਸਾਨ ਆਪਣੇ ਖੇਤ ਵਿੱਚ ਪੰਜ ਬੂਟੇ ਲਗਾਵੇਗਾ। ਉਨਾਂ ਕਿਹਾ ਕਿ ਕੁੱਝ ਹਲਕਿਆਂ ਵੱਲੋਂ ਪਾਣੀ ਦੇ ਮਸਲੇ ਕਿਸਾਨੀ ਖਿਲਾਫ ਪਾਣੀ ਦੀ ਵਰਤੋਂ ਨੂੰ ਲੈਕੇ ਕੀਤਾ ਜਾ ਰਿਹਾ ਪ੍ਰਚਾਰ ਫਜ਼ੂਲ ਹੈ ਜਦੋਂਕਿ ਕਿ ਝੋਨੇ ਲਈ ਕੁੱਲ ਪਾਣੀ ਦਾ ਸਿਰਫ ਅਠ ਪ੍ਰਤੀਸ਼ਤ ਪਾਣੀ ਹੀ ਝੋਨੇ ਲਈ ਵਰਤਿਆ ਜਾ ਰਿਹਾ ਹੈ। ਇਸ ਸਮੇਂ ਕਿਸਾਨਾਂ ਨੇ ਬਿਜਲੀ ਬੋਰਡ ਦੇ ਨਿਜੀਕਰਨ ਖਿਲਾਫ ਰੋਸ ਪ੍ਰਗਟ ਕਰਦਿਆਂ ਬਿਜਲੀ ਸਸਤੀ ਕਰਨ, ਬਿਜਲੀ ਪ੍ਰਬੰਧ ਚ ਸੁਧਾਰ ਕਰਨ, ਆਵਾਰਾ ਪਸ਼ੂਆਂ ਨੂੰ ਨੱਥ ਪਾਉਣ,ਸਹਿਕਾਰੀ ਸੁਸਾਇਟੀਆਂ ਚ ਤੇਲ ਅਤੇ ਪੂਰੀ ਮਾਤਰਾ ਵਿੱਚ ਖਾਦ ਦੀ ਉਪਲਬਧਤਾ ਅਤੇ ਫਸਲਾਂ ਵਿਸ਼ੇਸ਼ ਕਰ੍ਰ ਆਲੂਆਂ ਅਤੇ ਕਣਕ ਦੇ ਝਾੜ ਘਟਣ ਨਾਲ ਹੋਏ ਨੁਕਸਾਨ ਦਾ ਮੁਆਵਜ਼ਾ ਜਲਦ ਜਾਰੀ ਕਰਨ ਦੀ ਮੰਗ ਕੀਤੀ ਗਈ। ਇਸ ਸਮੇਂ ਸਾਰੇ ਪਿੰਡਾਂ ਵਿਚ ਵੱਡੀ ਪੱਧਰ ਤੇ ਜਥੇਬੰਦੀ ਦੀ ਹਫਤਾ ਭਰ ਮੈਂਬਰਸ਼ਿਪ ਮੁਹਿੰਮ ਤੇ ਫੰਡ ਇਕਤਰਨ ਮੁਹਿੰਮ ਚਲਾਉਣ ਦਾ ਵੀ ਫੈਸਲਾ ਕੀਤਾ ਗਿਆ। ਅੱਜ ਦੀ ਮੀਟਿੰਗ ਵਿੱਚ ਤਰਸੇਮ ਸਿੰਘ ਬੱਸੂਵਾਲ, ਦੇਵਿੰਦਰ ਸਿੰਘ ਕਾਉਂਕੇ, ਮਨਦੀਪ ਸਿੰਘ ਭੰਮੀਪੁਰਾ ਧਰਮ ਸਿੰਘ ਸੂਜਾਪੁਰ ਸਮੇਤ ਸਾਰੀਆਂ ਹੀ ਇਕਾਈਆਂ ਦੇ ਪ੍ਰਧਾਨ, ਸਕੱਤਰ ਹਾਜ਼ਰ ਸਨ।      

ਵਿਧਾਇਕਾ ਮਾਣੂੰਕੇ ਨੇ ਟੀ.ਆਰ.ਵਾਈ ਉਪ ਮੰਡਲ ਮੁੜ ਚਾਲੂ ਕਰਵਾਇਆ

ਸੜੇ ਹੋਏ ਟ੍ਰਾਸਫ਼ਾਰਮਰ ਬਦਲਣ ਲਈ ਲੋਕਾਂ ਨੂੰ  ਮਿਲੇਗੀ ਵੱਡੀ ਸਹੂਲਤ
ਜਗਰਾਉਂ, 26 ਮਈ (ਰਣਜੀਤ ਸਿੱਧਵਾਂ /ਮੋਹਿਤ ਗੋਇਲ)  ਹਲਕਾ ਜਗਰਾਉਂ ਦੇ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਵੱਲੋਂ ਲੋਕਾਂ ਨੂੰ  ਇੱਕ ਵੱਡਾ ਤੋਹਫ਼ਾ ਦਿੰਦਿਆਂ ਬਿਜਲੀ ਮਹਿਕਮੇਂ ਦੇ ਬੰਦ ਪਏ ਟੀ.ਆਰ.ਵਾਈ.ਉਪ ਮੰਡਲ ਜਗਰਾਉਂ ਚਾਲੂ ਕਰਵਾ ਦਿੱਤਾ ਗਿਆ ਹੈ, ਜਿਸ ਦਾ ਉਦਘਾਟਨ ਅੱਜ ਮਹਿਕਮੇ ਦੇ ਅਧਿਕਾਰੀਆਂ ਵੱਲੋਂ ਵਿਧਾਇਕ ਸਰਵਜੀਤ ਕੌਰ ਮਾਣੂੰਕੇ ਅਤੇ ਪ੍ਰੋ: ਸੁਖਵਿੰਦਰ ਸਿੰਘ ਕੋਲੋਂ ਕਰਵਾਇਆ ਗਿਆ । ਦੱਸਣਯੋਗ ਹੈ ਕਿ ਬਿਜਲੀ ਦੇ ਟ੍ਰਾਂਸਫਾਰਮਰ ਜੋ ਸੜ ਜਾਂਦੇ ਸਨ, ਉਹ ਟੀ.ਆਰ.ਵਾਈ ਉਪ ਮੰਡਲ ਵਿਖੇ ਜਮ੍ਹਾਂ ਹੁੰਦੇ ਸਨ । ਪ੍ਰੰਤੂ ਇਸ ਉਪ ਮੰਡਲ ਲੰਮੇ ਸਮੇਂ ਤੋਂ ਬੰਦ ਚੱਲਿਆ ਆ ਰਿਹਾ ਸੀ ਅਤੇ ਲੋਕਾਂ ਨੂੰ  ਆਪਣੇ ਸੜੇ ਹੋਏ ਟ੍ਰਾਂਸਫਾਰਮਰ ਬਦਲੀ ਕਰਨ ਲਈ ਦੋਰਾਹਾ ਵਿਖੇ ਜਾਣਾ ਪੈਦਾ ਸੀ । ਟ੍ਰਾਂਸਫ਼ਾਰਮਰਾਂ ਦੀ ਢੋਆ-ਢੁਆਈ ਨਾਲ ਜਿੱਥੇ ਲੋਕਾਂ ਦਾ ਪੈਸਾ ਬਰਬਾਦ ਹੁੰਦਾ ਸੀ, ਉਥੇ ਹੀ ਸਮੇਂ ਦੀ ਵੀ ਵੱਡੀ ਖਰਾਬੀ ਹੁੰਦੀ ਸੀ । ਜਦੋਂ ਇਸ ਮਾਮਲੇ ਦਾ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੂੰ  ਪਤਾ ਚੱਲਿਆ ਤਾਂ ਉਨ੍ਹਾਂ ਤੁਰੰਤ ਕਾਰਵਾਈ ਕਰਦੇ ਹੋਏ ਬਿਜਲੀ ਵਿਭਾਗ ਦੇ ਡਿਪਟੀ ਚੀਫ਼ ਇੰਜਨੀਅਰ ਦਿਹਾਤੀ ਲੁਧਿਆਣਾ ਇੰਜ: ਅਨਿਲ ਕੁਮਾਰ ਅਤੇ ਮੁੱਖ ਇੰਜਨੀਅਰ ਲੁਧਿਆਣਾ ਇੰਜ: ਹਰਜੀਤ ਸਿੰਘ ਗਿੱਲ ਨਾਲ ਰਾਬਤਾ ਕਾਇਮ ਕੀਤਾ ਅਤੇ ਮਹਿਕਮੇ ਦੀ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਨਾਲ ਮਾਮਲਾ ਵਿਚਾਰਕੇ ਲੋਕਾਂ ਦੀ ਵੱਡੀ ਸਮੱਸਿਆ ਹੱਲ ਕਰਨ ਲਈ ਟੀ.ਆਰ.ਵਾਈ ਉਪ ਮੰਡਲ ਜਗਰਾਉਂ ਮੁੜ ਚਾਲੂ ਕਰਵਾ ਦਿੱਤਾ । ਇਸ ਨਾਲ ਜਿੱਥੇ ਲੋਕਾਂ ਨੂੰ  ਵੱਡੀ ਰਾਹਤ ਮਿਲੇਗੀ, ਉਥੇ ਹੀ ਬਿਜਲੀ ਵਿਭਾਗ ਵੱਲੋਂ ਲੋਕਾਂ ਦੇ ਸੜੇ ਹੋਏ ਟ੍ਰਾਂਸਫਾਰਮਰ ਬਦਲੀ ਕਰਨ ਵਿੱਚ ਵੀ ਘੱਟ ਸਮਾਂ ਲੱਗੇਗਾ । ਟੀ.ਆਰ.ਵਾਈ ਉਪ ਮੰਡਲ ਦਾ ਉਦਘਾਟਨ ਕਰਨ ਮੌਕੇ ਖਪਤਕਾਰਾਂ ਅਤੇ ਬਿਜਲੀ ਮੁਲਾਜ਼ਮਾਂ ਨੂੰ  ਸੰਬੋਧਨ ਕਰਦੇ ਹੋਏ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੇ ਆਖਿਆ ਕਿ ਗਰਮੀ ਅਤੇ ਪੈਡੀ ਦੇ ਸੀਜਨ ਨੂੰ  ਵੇਖਦੇ ਹੋਏ ਲੋਕਾਂ ਨੂੰ  ਰਾਹਤ ਦੇਣ ਲਈ ਬੰਦ ਹੋ ਚੁੱਕੇ ਉਪ ਮੰਡਲ ਨੂੰ  ਚਾਲੂ ਕਰਵਾਇਆ ਗਿਆ ਹੈ । ਉਨ੍ਹਾਂ ਡਿਪਟੀ ਚੀਫ਼ ਇੰਜਨੀਅਰ ਦਿਹਾਤੀ ਲੁਧਿਆਣਾ ਅਤੇ ਮੁੱਖ ਇੰਜਨੀਅਰ ਲੁਧਿਆਣਾ ਦੇ ਯਤਨਾਂ ਦੀ ਸ਼ਲਾਘਾ ਕਰਦੇ ਹੋਏ ਆਖਿਆ ਕਿ ਚੰਗੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਉਹ ਹਮੇਸ਼ਾਂ ਕਦਰ ਕਰਦੇ ਹਨ ਅਤੇ ਇਨ੍ਹਾਂ ਦੇ ਸਹਿਯੋਗ ਨਾਲ ਹੀ ਜਗਰਾਉਂ ਹਲਕੇ ਅੰਦਰ ਮਹਿਕਮੇ ਦੀ ਕੰਮ ਨੂੰ  ਇਕ ਨੰਬਰ 'ਤੇ ਲਿਆਂਦਾ ਜਾਵੇਗਾ । ਉਨ੍ਹਾਂ ਕਿਹਾ ਕਿ ਲੋਕ ਸੇਵਾ ਕਰਨਾਂ ਉਨ੍ਹਾਂ ਦਾ ਮਿਸ਼ਨ ਹੈ ਅਤੇ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਨ ਲਈ ਉਹ ਹਮੇਸ਼ਾਂ ਯਤਨਸ਼ੀਲ ਰਹਿਣਗੇ । ਇਸ ਮੌਕੇ ਡਿਪਟੀ ਚੀਫ਼ ਇੰਜਨੀਅਰ ਦਿਹਾਤੀ ਲੁਧਿਆਣਾ ਇੰਜ: ਅਨਿਲ ਕੁਮਾਰ, ਐਕਸੀਅਨ ਸਟੋਰ ਲੁਧਿਆਣਾ ਇੰਜ: ਰਵੀ ਚੋਪੜਾ, ਐਕਸੀਅਨ ਜਗਰਾਉਂ ਇੰਜ: ਗੁਰਕਿ੍ਪਾਲ ਸਿੰਘ ਰੰਧਾਵਾ, ਪ੍ਰੀਤਮ ਸਿੰਘ ਅਖਾੜਾ ਆਦਿ ਨੇ ਵੀ ਸੰਬੋਧਨ ਕੀਤਾ । ਸਟੇਜ਼ ਦਾ ਸੰਚਾਲਨ ਪਰਮਜੀਤ ਸਿੰਘ ਚੀਮਾਂ ਨੇ ਬਾਖੂਬੀ ਨਿਭਾਇਆ | ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰੋਫੈਸਰ ਸੁਖਵਿੰਦਰ ਸਿੰਘ, ਐਡਵੋਕੇਟ ਕਰਮ ਸਿੰਘ ਸਿੱਧੂ, ਅਮਰਦੀਪ ਸਿੰਘ ਟੂਰੇ, ਇੰਜ: ਅਰਸ਼ਦੀਪ ਸਿੰਘ ਐਕਸੀਅਨ, ਇੰਜ: ਗੁਰਪ੍ਰੀਤ ਸਿੰਘ ਕੰਗ, ਇੰਜ: ਜਗਦੇਵ ਸਿੰਘ ਘਾਰੂ, ਇੰਜ: ਪ੍ਰਭਜੋਤ ਸਿੰਘ ਉਬਰਾਏ, ਇੰਜ: ਦਰਸ਼ਨ ਸਿੰਘ (ਸਾਰੇ ਐਸ.ਡੀ.ਓ.), ਸੰਜੀਵ ਕੁਮਾਰ ਆਰ.ਏ., ਇੰਜ: ਜਗਰੂਪ ਸਿੰਘ, ਸਾਜਨ ਮਲਹੋਤਰਾ, ਸੰਜੇ ਕੁਮਾਰ ਬੱਬਾ, ਭੁਪਿੰਦਰਪਾਲ ਸਿੰਘ ਬਰਾੜ, ਨਛੱਤਰ ਸਿੰਘ, ਜਸਵੰਤ ਸਿੰਘ ਫੋਰਮੈਨ, ਦਲਜੀਤ ਸਿੰਘ ਏਜੇਈ, ਮੁਨੀਸ਼ ਕੁਮਾਰ ਤੇ ਸੁਖਦੇਵ ਗਰਗ ਆਦਿ ਵੀ ਹਾਜ਼ਰ ਸਨ ।

ਸ੍ਰੀ ਸਿੱਧ ਮਾਤਾ ਭੱਦਰਕਾਲੀ ਜੀ ਦਾ ਸਲਾਨਾ ਮੇਲਾ ਅਤੇ ਭੰਡਾਰਾ ਕਰਵਾਇਆ ਗਿਆ

ਜਗਰਾਉਂ , 26 ਮਈ (ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ) ਜਗਰਾਉਂ ਦੇ ਪ੍ਰਾਚੀਨ ਸ੍ਰੀ ਸਿੱਧ ਮਾਤਾ ਭੱਦਰਕਾਲੀ ਜੀ ਦੇ ਮਦਿੰਰ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਲਾਨਾ ਮੇਲਾ ਅਤੇ ਵਿਸ਼ਾਲ ਭੰਡਾਰਾ ਅੱਜ 26 ਮਈ2022 ਨੂੰ  ਕਰਵਾਇਆ ਗਿਆ ਜਿਸ ਵਿੱਚ ਮਹਾਂਮਾਈ ਜੀ ਦਾ ਗੁਨਗਾਨ ਕੀਤਾ ਗਿਆ, ਸ਼ਹਿਰ ਦੇ ਪਤਵੰਤੇ ਸੱਜਣ ਵੀ ਇਸ ਮੌਕੇ ਤੇ ਮਹਾਂਮਾਈ ਦਾ ਅਸ਼ੀਰਵਾਦ ਲੈਣ ਲਈ ਇਸ ਦਰਬਾਰ ਤੇ ਪਹੁੰਚੇ, ਪ੍ਰਬੰਧ ਕਮੇਟੀ ਵੱਲੋਂ ਇਸ ਮੇਲੇ ਤੇ ਭੰਡਾਰੇ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ।ਇਸ ਮੌਕੇ ਤੇ ਪ੍ਰਬੰਧ ਕਮੇਟੀ ਦੇ ਚੇਅਰਮੈਨ ਪਰਾਸ਼ਰ ਦੇਵ, ਪ੍ਰਧਾਨ ਰਮੇਸ਼ ਵਰਮਾ,ਵਾਇਸ ਪ੍ਰਧਾਨ ਅਨਿਲ ਕੁਮਾਰ ਸ਼ਰਮਾ, ਕੈਸ਼ੀਅਰ ਪ੍ਰਵੀਨ ਕੁਮਾਰ ਰਾਣਾ ਨੇ ਸ਼ਹਿਰ ਵਾਸੀਆਂ ਦੇ ਇਸ ਸਮਾਗਮ ਵਿੱਚ ਸ਼ਾਮਲ ਹੋਣ ਤੇ ਸਭ ਨੂੰ ਜੀ ਆਇਆਂ ਕਿਹਾ, ਇਸ ਮੌਕੇ ਤੇ ਨਗਰ ਕੌਂਸਲ ਜਗਰਾਉਂ ਦੇ ਪ੍ਰਧਾਨ  ਜਤਿੰਦਰ ਪਾਲ ਰਾਣਾ ਕੋਸਲਰ ਰਵਿੰਦਰ ਪਾਲ ਰਾਜੂ ਅਤੇ ਉਨ੍ਹਾਂ ਦੇ ਨਾਲ ਸ਼ਹਿਰ ਦੇ ਪਤਵੰਤੇ ਹਾਜਰ ਸਨ। ਇਹ ਮੇਲਾ ਹਰ ਸਾਲ ਮਾਤਾ ਭੱਦਰਕਾਲੀ ਜੀ ਦੀ ਯਾਦ ਵਿੱਚ ਕਰਵਾਇਆ ਜਾਂਦਾ ਹੈ, ਇਸ ਲਈ ਮੰਦਿਰ ਕਮੇਟੀ ਵੱਲੋਂ ਜਗਰਾਉਂ ਸ਼ਹਿਰ ਦੇ ਪਤਵੰਤੇ ਸੱਜਣਾ ਦਾ ਇਥੇ ਪਹੁੰਚਣ ਤੇ ਧੰਨਵਾਦ ਕੀਤਾ ਗਿਆ।

ਝੋਨੇ ਦੀ ਸਿੱਧੀ ਬਿਜਾਈ ਨੂੰ ਕਾਮਯਾਬ ਬਣਾਉਣ ਲਈ ਵੱਖ-ਵੱਖ ਵਿਭਾਗ ਹੋਣ ਮੁਸਤੈਦ :  ਡਿਪਟੀ ਕਮਿਸ਼ਨਰ ਲੁਧਿਆਣਾ

ਲੁਧਿਆਣਾ, 26 ਮਈ (ਰਣਜੀਤ ਸਿੱਧਵਾਂ)  :  ਮੁੱਖ ਮੰਤਰੀ ਪੰਜਾਬ ਸ. ਭਗਵੰਤ ਮਾਨ ਵੱਲੋਂ ਲਗਾਤਾਰ ਡਿੱਗ ਰਹੇ ਪਾਣੀ ਦੇ ਪੱਧਰ ਨੂੰ ਰੋਕਣ ਲਈ ਪੰਜਾਬ ਵਿੱਚ ਕੁੱਲ ਝੋਨੇ ਹੇਠ ਰਕਬੇ ਦੇ ਤਕਰੀਬਨ 40 ਫੀਸਦੀ ਹਿੱਸੇ ਨੂੰ ਸਿੱਧੀ ਬਿਜਾਈ ਹੇਠ ਲਿਆਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਇਸ ਤਕਨੀਕ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਵੱਲੋਂ 1500/- ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਕਿਸਾਨਾਂ ਨੂੰ ਵਿੱਤੀ ਸਹਾਇਤਾ ਵੀ ਦਿੱਤੀ ਜਾਵੇਗੀ। ਇਸੇ ਲੜੀ ਤਹਿਤ ਜ਼ਿਲ੍ਹਾ ਲੁਧਿਆਣਾ ਨੂੰ 36,240 ਹੈਕਟੇਅਰ ਰਕਬਾ ਸਿੱਧੀ ਬਿਜਾਈ ਹੇਠ ਲਿਆਉਣ ਦਾ ਟੀਚਾ ਮਿਲਿਆ ਹੈ। ਜਿਸ ਦੇ ਮੱਦੇਨਜ਼ਰ ਅੱਜ ਮਿਤੀ ਡਿਪਟੀ ਕਮਿਸ਼ਨਰ ਲੁਧਿਆਣਾ ਸ਼੍ਰੀਮਤੀ ਸੁਰਭੀ ਮਲਿਕ ਵੱਲੋਂ ਝੋਨੇ ਦੀ ਸਿੱਧੀ ਬਿਜਾਈ ਨੂੰ ਵੱਧ ਤੋਂ ਵੱਧ ਪ੍ਰਚਲਿਤ ਕਰਨ ਅਤੇ ਸਫਲ ਕਰਨ ਲਈ ਵੱਖ-ਵੱਖ ਵਿਭਾਗਾਂ ਨਾਲ ਬੱਚਤ ਭਵਨ ਵਿਖੇ ਮੀਟਿੰਗ ਕੀਤੀ ਗਈ।
ਇਸ ਮੀਟਿੰਗ ਵਿੱਚ ਉਨ੍ਹਾਂ ਵੱਲੋਂ ਮੁੱਖ ਖੇਤੀਬਾੜੀ ਅਫਸਰ ਲੁਧਿਆਣਾ ਡਾ. ਨਰਿੰਦਰ ਸਿੰਘ ਬੈਨੀਪਾਲ ਨੂੰ ਇਸ ਤਕਨੀਕ ਦਾ ਕਿਸਾਨ ਸਿਖਲਾਈ ਕੈਂਪਾਂ ਅਤੇ ਫੀਲਡ ਡਿਮਾਂਸਟ੍ਰੇਸ਼ਨਾਂ ਰਾਹੀਂ ਵੱਧ ਤੋਂ ਵੱਧ ਪ੍ਰਚਾਰ ਕਰਨ ਅਤੇ ਇਸ ਨੂੰ ਕਾਮਯਾਬ ਕਰਨ ਲਈ ਤਕਨੀਕੀ ਨੁਕਤੇ ਕਿਸਾਨਾਂ ਤੱਕ ਪਹੁੰਚਾਉਣ ਦੇ ਨਿਰਦੇਸ਼ ਦਿੱਤੇ। ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੀਆਂ ਮਸ਼ੀਨਾਂ ਦੀ ਗਿਣਤੀ ਘੱਟ ਹੋਣ ਕਾਰਨ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ੍ਰੀ ਰਾਹੁਲ ਚਾਬਾ ਵੱਲੋਂ ਡਿਪਟੀ ਰਜਿਸਟ੍ਰਾਰ ਸਹਿਕਾਰੀ ਸਭਾਵਾਂ, ਸ਼੍ਰੀ ਸੰਗਰਾਮ ਸਿੰਘ ਨੂੰ ਸੋਸਾਇਟੀਆਂ ਪਾਸ ਪਹਿਲਾਂ ਤੋਂ ਮੌਜੂਦ ਵੱਖ-ਵੱਖ ਮਸ਼ੀਨਾਂ ਜਿਵੇਂ ਕਿ ਜ਼ੀਰੋ ਟਿੱਲ ਡਰਿੱਲ, ਹੈਪੀ ਸੀਡਰ ਅਤੇ ਸੁਪਰ ਸੀਡਰ ਮਸ਼ੀਨਾਂ ਵਿੱਚ ਲੋੜੀਂਦੀਆਂ ਤਬਦੀਲੀਆਂ ਕਰਕੇ ਵਰਤੋਂ ਵਿੱਚ ਲਿਆਉਣ ਦੇ ਨਿਰਦੇਸ਼ ਦਿੱਤੇ ਗਏ। ਉਹਨਾਂ ਇਹ ਵੀ ਹਦਾਇਤ ਕੀਤੀ ਕਿ ਸਭਾਵਾਂ ਪਿੰਡ ਦੇ ਹਰੇਕ ਚਾਹਵਾਨ ਕਿਸਾਨ ਨੂੰ ਮਸ਼ੀਨ ਮੁਹੱਈਆ ਕਰਵਾਉਣ ਭਾਵੇਂ ਉਹ ਸਭਾ ਦਾ ਮੈਂਬਰ ਨਾ ਵੀ ਹੋਵੇ।ਪੁਰਾਣੀਆਂ ਮਸ਼ੀਨਾਂ ਵਿੱਚ ਲੋੜੀਂਦੀ ਤਬਦੀਲੀ ਕਰਨ ਸਬੰਧੀ ਖੇਤੀਬਾੜੀ ਵਿਭਾਗ, ਲੁਧਿਆਣਾ ਤੋਂ ਇੰਜ. ਅਮਨਪ੍ਰੀਤ ਸਿੰਘ, ਡਾ. ਰੁਪਿੰਦਰ ਕੌਰ ਅਤੇ ਡਾ. ਗੁਰਿੰਦਰਪਾਲ ਕੌਰ ਵੱਲੋਂ ਮਿਤੀ 19-05-2022 ਨੂੰ ਸਹਿਕਾਰੀ ਸਭਾਵਾਂ ਦੇ ਸਕੱਤਰਾਂ ਨੂੰ ਆਨਲਾਈਨ ਟ੍ਰੇਨਿੰਗ ਵੀ ਦਿੱਤੀ ਗਈ ਹੈ। ਡਿਪਟੀ ਕਮਿਸ਼ਨਰ, ਲੁਧਿਆਣਾ ਵੱਲੋਂ ਪੰਚਾਇਤੀ ਰਾਜ ਵਿਭਾਗ ਨੂੰ ਹਿਦਾਇਤ ਕੀਤੀ ਕਿ ਖੇਤੀਬਾੜੀ ਵਿਭਾਗ ਵੱਲੋਂ ਲਗਾਏ ਜਾ ਰਹੇ ਕਿਸਾਨ ਸਿਖਲਾਈ ਕੈਂਪਾਂ ਵਿੱਚ ਸਬੰਧਿਤ ਬੀ.ਡੀ.ਪੀ.ਓ/ਸਰਪੰਚਾਂ/ਪੰਚਾਇਤ ਸਕੱਤਰਾਂ ਵੱਲੋਂ ਪਹੁੰਚਣਾ ਯਕੀਨੀ ਬਣਾਇਆ ਜਾਵੇ ਅਤੇ ਠੇਕੇ 'ਤੇ ਦਿੱਤੀ ਜਾਣ ਵਾਲੀ ਸਰਕਾਰੀ ਜ਼ਮੀਨ ਉਪੱਰ ਹੋਣ ਵਾਲੇ ਝੋਨੇੇ/ਬਾਸਮਤੀ ਦੀ ਕਾਸ਼ਤ ਡੀ.ਐਸ.ਆਰ. ਵਿਧੀ ਨਾਲ ਕਰਵਾਈ ਜਾਵੇ। ਉਹਨਾਂ ਵੱਲੋਂ ਜ਼ਿਲ੍ਹਾ ਮਾਲ ਅਫ਼ਸਰ ਨੂੰ ਹਦਾਇਤ ਕੀਤੀ ਗਈ ਕਿ ਪਟਵਾਰੀਆਂ/ਕਾਨੂੰਗੂੋ ਨੂੰ ਇਸ ਮੁਹਿੰਮ ਵਿੱਚ ਪੂਰਨ ਸਹਿਯੋਗ ਦੇਣ, ਕਿਸਾਨਾਂ ਨੂੰ ਜਾਗਰੁਕ ਕਰਨ ਅਤੇ ਸਹੀ ਰਕਬੇ ਦਾ ਰਿਕਾਰਡ ਮੇਨਟੇਨ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਜਾਣ। ਇਸ ਮੁਹਿੰਮ ਨੂੰ ਕਾਮਯਾਬ ਕਰਨ ਲਈ ਵੱਖ-ਵੱਖ ਅਲਾਈਡ ਵਿਭਾਗ ਜਿਵੇਂ ਕਿ ਭੂਮੀ ਅਤੇ ਜਲ ਸੰਭਾਲ ਵਿਭਾਗ, ਬਾਗਬਾਨੀ ਵਿਭਾਗ, ਮੰਡੀ ਬੋਰਡ ਆਦਿ ਨੂੰ ਦਿੱਤੀਆਂ ਗਈਆਂ ਜਿੰਮੇਵਾਰੀਆਂ ਅਤੇ ਬਿਜਾਈ ਉਪਰੰਤ ਕੀਤੀ ਜਾਣ ਵਾਲੀ ਵੈਰੀਫਿਕੇਸ਼ਨ ਨੂੰ ਪੂਰੀ ਤਨਦੇਹੀ ਨਾਲ ਨਿਭਾਉਣ ਦੀ ਹਦਾਇਤ ਕੀਤੀ। ਇਸ ਮੀਟਿੰਗ ਵਿੱਚ ਸਮੂਹ ਬਲਾਕ ਖੇਤੀਬਾੜੀ ਅਫਸਰ, ਜ਼ਿਲ੍ਹਾ ਲੁਧਿਆਣਾ ਵੱਲੋਂ ਵੀ ਭਾਗ ਲਿਆ ਗਿਆ।

ਵਿਧਾਇਕਾ ਸ੍ਰੀਮਤੀ ਰਜਿੰਦਰਪਾਲ ਕੌਰ ਛੀਨਾ ਵੱਲੋਂ ਰਾਸ਼ਟਰੀ ਮਹਿਲਾ ਵਿਧਾਇਕ ਸੰਮੇਲਨ ਕੇਰਲ - 2022 ਮੌਕੇ ਆਪਣੀ ਹਾਜ਼ਰੀ ਲਗਵਾਈ

ਕੇਰਲ ਸੂਬੇ ਦੇ ਤਿਰੂਵੰਤਪੁਰਮ ਵਿਖੇ ਚੱਲ ਰਿਹਾ ਹੈ ਸੰਮੇਲਨ ਦਾ ਆਯੋਜਨ
ਲੁਧਿਆਣਾ, ਚੰਡੀਗੜ੍ਹ 26 ਮਈ (ਰਣਜੀਤ ਸਿੱਧਵਾਂ)  :  ਵਿਧਾਨ ਸਭਾ ਹਲਕਾ ਲੁਧਿਆਣਾ (ਦੱਖਣੀ) ਤੋਂ ਵਿਧਾਇਕਾ ਸ੍ਰੀਮਤੀ ਰਜਿੰਦਰਪਾਲ ਕੌਰ ਛੀਨਾ ਵੱਲੋਂ ਰਾਸ਼ਟਰੀ ਮਹਿਲਾ ਵਿਧਾਇਕ ਸੰਮੇਲਨ ਕੇਰਲ - 2022 ਮੌਕੇ ਆਪਣੀ ਹਾਜ਼ਰੀ ਲਗਵਾਈ ਗਈ। ਕੇਰਲ ਸੂਬੇ ਦੇ ਤਿਰੂਵੰਤਪੁਰਮ ਵਿਖੇ ਰਾਸ਼ਟਰੀ ਮਹਿਲਾ ਵਿਧਾਇਕ ਸੰਮੇਲਨ ਕੇਰਲ-2022 ਦਾ ਆਯੋਜਨ ਕੀਤਾ ਜਾ ਰਿਹਾ ਹੈ । ਜਿੱਥੇ ਪੂਰੇ ਭਾਰਤ ਭਰ ਵਿੱਚੋਂ ਮਹਿਲਾ ਵਿਧਾਇਕਾਂ ਵੱਲੋਂ ਸ਼ਮੂਲੀਅਤ ਕੀਤੀ ਜਾ ਰਹੀ ਹੈ ਅਤੇ ਇਸ ਦੇ ਪਹਿਲੇ ਦਿਨ ਹਲਕਾ ਲੁਧਿਆਣਾ (ਦੱਖਣੀ) ਤੋਂ ਵਿਧਾਇਕਾ ਸ੍ਰੀਮਤੀ ਰਜਿੰਦਰਪਾਲ ਕੌਰ ਛੀਨਾ ਵੱਲੋਂ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕੀਤੀ ਗਈ। ਇਸ ਮੌਕੇ ਉਨ੍ਹਾਂ ਦੇ ਨਾਲ ਵਿਧਾਇਕਾ ਅਨਮੋਲ ਗਗਨ ਮਾਨ ਅਤੇ ਇੰਦਰਜੀਤ ਕੌਰ ਮਾਨ ਤੋਂ ਇਲਾਵਾ ਦੇਸ਼ ਭਰ ਵਿੱਚੋਂ ਵੱਖ-ਵੱਖ ਸੂਬਿਆਂ ਦੀਆਂ ਮਹਿਲਾ ਵਿਧਾਇਕਾਂ ਵੀ ਮੌਜੂਦ ਸਨ।

ਸੂਬਾ ਸਰਕਾਰ ਵੱਲੋਂ ਪਿੰਡ ਤਲਵੰਡੀ ਨੌਆਬਾਦ, ਵਲੀਪੁਰ ਖੁਰਦ ਤੇ ਵਲੀਪੁਰ ਕਲਾਂ ਦੀ 195 ਏਕੜ ਜ਼ਮੀਨ ਕਰਵਾਈ ਕਬਜ਼ਾ ਮੁਕਤ

 ਸਰਕਾਰੀ ਜ਼ਮੀਨਾਂ ਨੂੰ ਕਬਜ਼ਾਧਾਰੀਆਂ ਪਾਸੋਂ ਹਰ ਹੀਲੇ ਕਬਜ਼ਾਮੁਕਤ ਕਰਵਾਇਆ ਜਾਵੇਗਾ - ਕੁਲਦੀਪ ਸਿੰਘ ਧਾਲੀਵਾਲ
ਲੁਧਿਆਣਾ, 26 ਮਈ (ਰਣਜੀਤ ਸਿੱਧਵਾਂ) ਪੰਜਾਬ ਸਰਕਾਰ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ ਵੱਲੋਂ ਅੱਜ ਸਰਕਾਰੀ ਜ਼ਮੀਨਾਂ ਨੂੰ ਨਾਜਾਇਜ਼ ਕਬਜ਼ਿਆਂ ਤੋਂ ਮੁਕਤ ਕਰਵਾਉਣ ਲਈ ਆਪਣੀ ਸਰਕਾਰ ਦੀ ਦ੍ਰਿੜ ਵਚਨਬੱਧਤਾ ਨੂੰ ਦੁਹਰਾਇਆ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਨਾਜਾਇਜ਼ ਕਬਜ਼ਾਧਾਰੀ ਨੂੰ ਬਖ਼ਸਿਆ ਨਹੀਂ ਜਾਵੇਗਾ ਭਾਵੇਂਂ ਉਹ ਕਿੰਨਾ ਵੀ ਪ੍ਰਭਾਵਸ਼ਾਲੀ ਕਿਉਂ ਨਾ ਹੋਵੇ। ਕੈਬਨਿਟ ਮੰਤਰੀ ਨੇ ਇਹ ਗੱਲ ਜ਼ਿਲ੍ਹਾ ਲੁਧਿਆਣਾ ਦੇ ਸਿੱਧਵਾਂ ਬੇਟ ਇਲਾਕੇ ਵਿੱਚ ਪੈਂਦੇ ਪਿੰਡਾਂ ਤਲਵੰਡੀ ਨੌਆਬਾਦ, ਵਲੀਪੁਰ ਖੁਰਦ ਅਤੇ ਵਲੀਪੁਰ ਕਲਾਂ ਦੀ 195 ਏਕੜ 7 ਕਨਾਲ 3 ਮਰਲੇ ਜ਼ਮੀਨ ਤੋਂ ਨਾਜਾਇਜ਼ ਕਬਜ਼ਿਆਂ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੀ। ਇਸ ਮੌਕੇ ਉਨ੍ਹਾਂ ਨਾਲ ਵਿਧਾਇਕਾ ਸ੍ਰੀਮਤੀ ਸਰਵਜੀਤ ਕੌਰ ਮਾਣੂੰਕੇ ਅਤੇ ਸ. ਹਰਦੀਪ ਸਿੰਘ ਮੁੰਡੀਆਂ, ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸ. ਅਮਨਦੀਪ ਸਿੰਘ ਮੋਹੀ, ਡਾ. ਕੇ.ਐਨ.ਐਸ. ਕੰਗ, ਡਾਇਰੈਕਟਰ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਪੰਜਾਬ ਸ. ਗੁਰਪ੍ਰੀਤ ਸਿੰਘ ਖਹਿਰਾ, ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਸ੍ਰੀ ਅਮਿਤ ਕੁਮਾਰ ਪੰਚਾਲ, ਜ਼ਿਲ੍ਹਾ ਵਿਕਾਸ ਪੰਚਾਇਤ ਅਫ਼ਸਰ ਸ੍ਰੀ ਸੰਜੀਵ ਕੁਮਾਰ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਲੁਧਿਆਣਾ ਦੇ ਯਤਨਾਂ ਦੀ ਵੀ ਸ਼ਲਾਘਾ ਕੀਤੀ, ਜਿੱਥੇ ਹੁਣ ਤੱਕ ਕੁੱਲ 424 ਏਕੜ (ਅੱਜ ਦੀ 195 ਏਕੜ 7 ਕਨਾਲ 3 ਮਰਲੇ ਸਮੇਤ) ਸਰਕਾਰੀ ਜ਼ਮੀਨ ਨੂੰ ਨਾਜਾਇਜ਼ ਕਬਜ਼ਿਆਂ ਤੋਂ ਮੁਕਤ ਕਰਵਾਇਆ ਗਿਆ ਹੈ। ਕੈਬਨਿਟ ਮੰਤਰੀ ਨੇ ਇਹ ਵੀ ਖੁਲਾਸਾ ਕੀਤਾ ਕਿ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵੱਲੋਂ ਸੂਬੇ ਭਰ ਵਿੱਚ ਹੁਣ ਤੱਕ ਕਰੀਬ 2750 ਏਕੜ ਜ਼ਮੀਨ ਨੂੰ ਖਾਲੀ ਕਰਵਾ ਲਿਆ ਗਿਆ ਹੈ ਅਤੇ ਇਸ ਮਹੀਨੇ ਦੇ ਅਖ਼ੀਰ ਤੱਕ ਕਰੀਬ 3000 ਏਕੜ ਜ਼ਮੀਨ ਨੂੰ ਨਾਜਾਇਜ਼ ਕਬਜ਼ਿਆਂ ਤੋਂ ਮੁਕਤ ਕਰਵਾ ਲਿਆ ਜਾਵੇਗਾ ਅਤੇ ਜੂਨ ਮਹੀਨੇ ਵਿੱਚ ਕਰੀਬ 5000 ਏਕੜ ਜ਼ਮੀਨ ਕਬਜ਼ਾਮੁਕਤ ਕਰਵਾ ਲਈ ਜਾਵੇਗੀ।ਉਨ੍ਹਾਂ ਕਿਹਾ ਕਿ ਅੱਜ ਜੋ ਜ਼ਮੀਨਾਂ ਕਬਜ਼ੇ ਵਿੱਚ ਲਈਆਂ ਗਈਆਂ ਹਨ ਉਨ੍ਹਾਂ ਵਿੱਚ ਪਿੰਡ ਤਲਵੰਡੀ ਨੌਆਬਾਦ ਵਿਖੇ 86 ਏਕੜ 7 ਕਨਾਲ 15 ਮਰਲੇ ਜ਼ਮੀਨ, ਵਲੀਪੁਰ ਖੁਰਦ ਵਿਖੇ 65 ਏਕੜ 5 ਕਨਾਲ 5 ਮਰਲੇ ਜ਼ਮੀਨ ਅਤੇ ਵਲੀਪੁਰ ਕਲਾਂ ਵਿਖੇ 43 ਏਕੜ 2 ਕਨਾਲ 3 ਮਰਲੇ ਜ਼ਮੀਨ ਸ਼ਾਮਲ ਹੈ। ਪਿਛਲੀਆਂ ਦੋਵੇਂ ਸਰਕਾਰਾਂ, ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਵੱਲੋਂ ਅਜਿਹੀਆਂ ਗੈਰ-ਕਾਨੂੰਨੀ ਗਤੀਵਿਧੀਆਂ ਵਿਰੁੱਧ ਕੋਈ ਠੋਸ ਕਦਮ ਨਾ ਚੁੱਕੇ ਜਾਣ 'ਤੇ ਵਰ੍ਹਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਵਾਲੇ ਦਿਨਾਂ ਵਿੱਚ ਕਬਜ਼ਿਆਂ ਵਿਰੁੱਧ ਚੱਲ ਰਹੀ ਮੁਹਿੰਮ ਨੂੰ ਹੋਰ ਵੀ ਤੇਜ਼ ਕਰੇਗੀ। ਉਨ੍ਹਾਂ ਕਿਹਾ ਕਿ ਇਹ ਕੇਵਲ ਇੱਕ ਮਜ਼ਬੂਤ 'ਰਾਜਨੀਤਿਕ ਇੱਛਾ ਸ਼ਕਤੀ' ਦੁਆਰਾ ਯਕੀਨੀ ਬਣਾਇਆ ਜਾ ਸਕਦਾ ਹੈ ਜਿਸ ਨੂੰ ਆਮ ਆਦਮੀ ਪਾਰਟੀ ਪਹਿਲਾਂ ਹੀ ਲਾਗੂ ਕਰ ਚੁੱਕੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੀ ਸਵੈ-ਇੱਛਾ ਨਾਲ ਸਰਕਾਰੀ ਜ਼ਮੀਨਾਂ ਦੇ ਕਬਜ਼ੇ ਛੱਡ ਦਿਓ, ਨਹੀਂ ਤਾਂ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
 

ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ 'ਮੈਗਾ ਰੋਜ਼ਗਾਰ ਮੇਲਾ-2022 ਭਲਕੇ -

ਨੌਜਵਾਨ ਰੋਜ਼ਗਾਰ ਮੇਲੇ 'ਚ ਸ਼ਮੂਲੀਅਤ ਕਰਦਿਆਂ ਵੱਧ ਤੋਂ ਵੱਧ ਲੈਣ ਲਾਹਾ  :  ਡਿਪਟੀ ਕਮਿਸ਼ਨਰ ਸੁਰਭੀ ਮਲਿਕ

ਲੁਧਿਆਣਾ, 26 ਮਈ (ਰਣਜੀਤ ਸਿੱਧਵਾਂ)   :  ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀਮਤੀ ਸੁਰਭੀ ਮਲਿਕ ਨੇ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਭਲਕੇ 27 ਮਈ 2022 ਨੂੰ ਕਰਵਾਏ ਜਾ ਰਹੇ 'ਮੈਗਾ ਰੋਜ਼ਗਾਰ ਮੇਲਾ - 2022' ਵਿੱਚ ਸ਼ਾਮਲ ਹੋ ਕੇ ਰੋਜ਼ਗਾਰ ਮੇਲੇ ਦਾ ਵੱਧ ਤੋਂ ਵੱਧ ਲਾਭ ਲਿਆ ਜਾਵੇ।ਉਨ੍ਹਾਂ ਦੱਸਿਆ ਕਿ ਕੱਲ ਸਵੇਰੇ 09 ਵਜੇ ਤੋਂ ਸ਼ਾਮ 04 ਵਜੇ ਤੱਕ ਸਥਾਨਕ ਫੋਕਲ ਪੁਆਇੰਟ ਵਿਖੇ ਚੈਂਬਰ ਆਫ਼ ਇੰਡਸਟਰੀਅਲ ਐਂਡ ਕਮਰਸ਼ੀਅਲ ਅੰਡਰਟੇਕਿੰਗਜ਼ (ਸੀਸੂ) ਕੰਪਲੈਕਸ ਵਿੱਚ 'ਮੈਗਾ ਰੋਜ਼ਗਾਰ ਮੇਲਾ 2022' ਦਾ ਆਯੋਜਨ ਕੀਤਾ ਜਾ ਰਿਹਾ ਜਿਸ ਵਿੱਚ 100 ਦੇ ਕਰੀਬ ਨਾਮੀ ਕੰਪਨੀਆਂ ਵੱਲੋਂ ਸ਼ਿਰਕਤ ਕੀਤੀ ਜਾਵੇਗੀ ਅਤੇ ਨੌਜਵਾਨਾਂ ਨੂੰ ਵੱਖ-ਵੱਖ ਨੌਕਰੀਆਂ ਪ੍ਰਦਾਨ ਕੀਤੀਆਂ ਜਾਣਗੀਆਂ। ਉਨ੍ਹਾਂ ਅੱਗੇ ਦੱਸਿਆ ਕਿ ਵੱਖ-ਵੱਖ ਕੰਪਨੀਆਂ ਵੱਲੋਂ ਵੈਲਡਰ, ਫਿਟਰ, ਹੈਲਪਰ, ਟਰਨਰ, ਮਸ਼ੀਨਿਸਟ, ਸੀ.ਐਨ.ਸੀ/ਵੀ.ਐਮ.ਸੀ. ਆਪਰੇਟਰ, ਇਲੈਕਟ੍ਰੀਸ਼ੀਅਨ ਆਪਰੇਟਰ, ਐਮ.ਐਮ.ਵੀ. ਅਤੇ ਡੀਜ਼ਲ ਮਕੈਨਿਕ, ਕੰਪਿਊਟਰ ਆਪਰੇਟਰ, ਡਿਜੀਟਲ ਮਾਰਕੀਟਿੰਗ ਐਗਜ਼ੀਕਿਊਟਿਵ, ਐਚ.ਆਰ. ਮੈਨੇਜਰ, ਅਸਿਸਟੈਂਟ ਮੈਨੇਜਰ, ਡਿਪਲੋਮਾ ਇੰਜਨੀਅਰ, ਸੰਗਠਨਾਤਮਕ ਕਾਰਜਕਾਰੀ ਆਦਿ ਦੀ ਭਰਤੀ ਕੀਤੀ ਜਾਣੀ ਹੈ।ਉਨ੍ਹਾਂ ਦੱਸਿਆ ਕਿ ਇਸ ਮੈਗਾ ਰੋਜ਼ਗਾਰ ਮੇਲੇ ਵਿੱਚ 10ਵੀਂ, 12ਵੀਂ, ਬੀ.ਏ. ਅਤੇ ਬੀ.ਕਾਮ ਪਾਸਆਊਟ ਵਿੱਦਿਅਕ ਯੋਗਤਾਵਾਂ ਵਾਲਾ ਕੋਈ ਵੀ ਉਮੀਦਵਾਰ ਭਾਗ ਲੈ ਸਕਦਾ ਹੈ।

ਜੀ.ਅੈੱਚ.ਜੀ. ਅਕੈਡਮੀ,ਵਿਖੇ ਜਾਦੂਗਰ ਨੇ ਬੰਨ੍ਹਿਆ ਰੰਗ

ਜਗਰਾਉ 26 ਮਈ (ਅਮਿਤਖੰਨਾ)ਜੀ.ਅੈੱਚ.ਜੀ. ਅਕੈਡਮੀ,ਜਗਰਾਉਂ ਵਿਖੇ  ਵਿਦਿਆਰਥੀਆਂ ਦੇ ਮਈ  ਪ੍ਰੀਖਿਆ ਖਤਮ ਹੋਣ ਤੇ ਵਿਦਿਆਰਥੀਆਂ ਨੂੰ ਮਾਨਸਿਕ ਤੌਰ ਤੇ ਤਰੋਤਾਜਾ ਕਰਨ ਲਈ ਇੱਕ ਵਿਸ਼ੇਸ਼ ਉਪਰਾਲਾ ਕੀਤਾ ਗਿਆ। ਜਿਸ ਵਿੱਚ ਨਰਸਰੀ ਤੋਂ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਬਹੁਤ ਹੀ ਦਿਲਚਸਪ ਜਾਦੂਗਰ ਦਾ ਜਾਦੂ ਦਿਖਾਇਆ ਗਿਆ। ਇਸ ਵਿੱਚ ਦੁਨੀਆਂ ਦੀ ਪ੍ਰਸਿੱਧ  ਜਾਦੂਗਰਨੀ ਕੈਜ਼ਾ ਕੁਈਨ  ਨੇ ਆਪਣੇ ਹੱਥ ਦੀ ਸਫਾਈ ਨਾਲ ਸਿੱਖਿਆ ਨਾਲ ਸੰਬੰਧਿਤ ਜਦੂ ਕਰਕੇ ਦਿਖਾਏ ।ਉਸਨੇ ਮਿਹਨਤ ਦੀ ਮਹੱਤਤਾ, ਜਲ ਹੀ ਜੀਵਨ ,ਭਰੂਣ ਹੱਤਿਆ,ਲਾਲਚ ਬੁਰੀ ਬਲਾ ਹੈ ਆਦਿ ਵਿਸ਼ਿਆਂ ਨੂੰ ਖੇਡਾਂ ਰਾਹੀਂ ਬਹੁਤ ਰੌਚਕ ਢੰਗ ਨਾਾਲ  ਪੇਸ਼ ਕੀਤਾ। ਬੱਚਿਆਂ ਨੇ ਇਸ ਦਾ ਬਹੁਤ ਹੀ ਅਨੰਦ ਮਾਣਿਆਂ।ਅਖੀਰ ਵਿੱਚ ਜੀ.ਅੈੱਚ.ਜੀ. ਅਕੈਡਮੀ ਦੇ ਪ੍ਰਿੰਸੀਪਲ ਸ੍ਰੀਮਤੀ ਰਮਨਜੋਤ ਕੌਰ ਗਰੇਵਾਲ ਨੇ ਵਿਦਿਆਰਥੀਆਂ ਨੂੰ ਕਿਹਾ ਕਿ  ਰੋਜ਼ਾਨਾ ਦੀ ਜ਼ਿੰਦਗੀ ਦਾ ਅਕੇਵਾਂ ਅਤੇ ਥਕੇਵਾਂ ਦੂਰ ਕਰਨ ਲਈ ਮਨੋਰੰਜਨ ਦਾ ਹੋਣਾ ਵੀ ਬਹੁਤ ਜਰੂਰੀ ਹੈ।ਇਸ ਦੇ ਨਾਲ ਹੀ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਹਮੇਸ਼ਾ ਅਨੁਸ਼ਾਸ਼ਨ ਬਣਾਈ ਰੱਖਣ  ਅਤੇ ਪੜ੍ਹਾਈ ਵਿੱਚੋਂ ਚੰਗੇ ਅੰਕ ਪ੍ਰਾਪਤ ਕਰਨ ਲਈ ਵੀ ਪ੍ਰੇਰਿਤ ਕੀਤਾ।